Granth 09 Likhat 028: 1 Poh 2016 Bikarmi Jethuwal Darbar wich Dayea Hoyi

੧ ਪੋਹ ੨੦੧੬ ਬਿਕ੍ਰਮੀ ਜੇਠੂਵਾਲ ਦਰਬਾਰ ਵਿਚ ਦਇਆ ਹੋਈ

ਹਰਿ ਪੁਰਖ ਨਿਰੰਜਨ ਸਾਜਣ ਸਾਜ, ਆਪਣੀ ਖੇਲ ਰਿਹਾ ਖਲਾਈਆ। ਚਾਰੋਂ ਕੁੰਟ ਨਿਰਗੁਣ ਸਰਗੁਣ ਰਿਹਾ ਭਾਜ, ਦਿਸ ਕਿਸੇ ਨਾ ਆਈਆ। ਪੰਜ ਤਤ ਕਰਾਏ ਘਰ ਘਰ ਨਾਚ, ਨਟੂਆ ਨਟ ਸਰਬ ਵਖਾਈਆ। ਬਿਨ ਗੁਰਮੁਖ ਪੱਲੇ ਨਾ ਦਿਸੇ ਕਿਸੇ ਸਾਚ, ਸਾਚਾ ਕਰਮ ਨਾ ਕੋਇ ਕਮਾਈਆ। ਪ੍ਰਭ ਅੰਤਮ ਖੋਲ੍ਹਣ ਆਇਆ ਸਭ ਦੇ ਪਾਜ, ਕਲਜੁਗ ਮੁਲੰਮਾ ਦਏ ਵਖਾਈਆ। ਸਿਰ ਰਹਿਣ ਨਾ ਦੇਵੇ ਕਿਸੇ ਦੇ ਤਾਜ, ਮਾਨ ਅਭਿਮਾਨ ਦਏ ਗਵਾਈਆ। ਨਾ ਕੋਈ ਦੀਸੇ ਰਾਜਨ ਰਾਜ, ਸ਼ਾਹੋ ਭੂਪ ਨਾ ਵਡ ਵਡਿਆਈਆ। ਬਿਨ ਹਰਿ ਭਗਤ ਨਾ ਰੱਖੇ ਕਿਸੇ ਦੀ ਲਾਜ, ਜੋ ਆਵੇ ਦਰ ਦੇਵੇ ਦੁਰਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਘਰ ਘਰ ਬੈਠਾ ਵੇਖ ਵਖਾਈਆ। ਆਪਣੀ ਕਰਨੀ ਆਪੇ ਕਰ, ਆਪਣਾ ਖੇਲ ਖਿਲਾਇੰਦਾ। ਆਪਣੀ ਵਰਨੀ ਆਪੇ ਵਰ, ਆਪੇ ਵੇਖ ਵਖਾਇੰਦਾ। ਆਪਣੀ ਤਰਨੀ ਆਪੇ ਤਰ, ਤਾਰਨਹਾਰਾ ਨਾਉਂ ਰਖਾਇੰਦਾ। ਗੁਰਮੁਖ ਵਿਰਲਾ ਸਰਨੀ ਜਾਏ ਪੜ, ਫੜ ਬਾਂਹੋਂ ਪਾਰ ਕਰਾਇੰਦਾ। ਦੂਸਰ ਹੱਥ ਨਾ ਕੋਇ ਸੀਸ ਧੜ, ਨੇਤਰ ਨੈਣ ਨਾ ਕੋਇ ਵਖਾਇੰਦਾ। ਤੋੜਨਹਾਰਾ ਹੰਕਾਰੀ ਗੜ, ਆਪ ਆਪਣਾ ਵੇਸ ਵਟਾਇੰਦਾ। ਜਗਤ ਵਿਕਾਰੀ ਲਿਆਏ ਫੜ ਫੜ, ਫੜਨਹਾਰਾ ਦਿਸ ਨਾ ਆਇੰਦਾ। ਉਚ ਮਹੱਲੇ ਆਪੇ ਚੜ, ਚਾਰ ਕੁੰਟ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣੀ ਰਚਨ ਰਚਾਇੰਦਾ। ਹਰਿ ਪੁਰਖ ਨਿਰੰਜਨ ਗਹਿਰ ਗੰਭੀਰ, ਭੇਵ ਕੋਇ ਨਾ ਆਇੰਦਾ। ਬਿਨ ਹਰਿ ਭਗਤ ਨਾ ਬਦਲੇ ਕਿਸੇ ਦੀ ਤਕਸੀਰ, ਤਕਦੀਰ ਆਪਣੀ ਤਦਬੀਰ ਨਾ ਕਿਸੇ ਜਣਾਇੰਦਾ । ਗੁਰਮੁਖਾਂ ਕੱਟੇ ਜਗਤ ਜੰਜੀਰ, ਸਾਚੀ ਸਿਖ ਮਤ ਇਕ ਸਮਝਾਇੰਦਾ। ਵਡ ਦਾਤਾ ਹਰਿ ਪੀਰਨ ਪੀਰ, ਸ਼ਾਹ ਸੁਲਤਾਨ ਨਾਉਂ ਧਰਾਇੰਦਾ। ਮਾਇਆ ਮਮਤਾ ਕੱਟ ਜੰਜੀਰ, ਏਕਾ ਪੱਲੂ ਨਾਮ ਫੜਾਇੰਦਾ। ਏਕਾ ਰੂਪ ਵਖਾਏ ਹਸਤ ਕੀਟ, ਊਚ ਨੀਚ ਏਕਾ ਰੰਗ ਰੰਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਘਰ ਸਾਚੇ ਸੋਭਾ ਪਾਇੰਦਾ। ਕਿਸੇ ਹੱਥ ਨਾ ਆਏ ਹਰਿ ਭਗਵਾਨ, ਲਖ ਚੁਰਾਸੀ ਰਹੀ ਕੁਰਲਾਈਆ। ਭਰਮੇ ਭੁਲੇ ਜੀਵ ਨਾਦਾਨ, ਹਰਿ ਮਾਇਆ ਭਰਮ ਭੁਲਾਈਆ। ਜੂਠਾ ਝੂਠਾ ਫੜ ਨਿਸ਼ਾਨ, ਚਾਰੋਂ ਕੁੰਟ ਰਹੇ ਵਖਾਈਆ। ਕਰੇ ਖੇਲ ਹਰਿ ਮਹਾਨ, ਆਪ ਆਪਣਾ ਭੇਵ ਛੁਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਏਕਾ ਆਪਣੀ ਵੰਡ ਵੰਡਾਈਆ। ਇਕ ਅਕੱਲਾ ਏਕਾ ਵੰਡ, ਏਕੰਕਾਰਾ ਆਪ ਵੰਡਾਇੰਦਾ। ਖੇਲੇ ਖੇਲ ਵਿਚ ਬ੍ਰਹਿਮੰਡ, ਪਾਰਬ੍ਰਹਮ ਨਾਉਂ ਧਰਾਇੰਦਾ। ਲੇਖਾ ਜਾਣੇ ਜੇਰਜ ਅੰਡ, ਉਤਭੁਜ ਸੇਹਤਜ ਵੇਖ ਵਖਾਇੰਦਾ। ਲੱਖ ਚੁਰਾਸੀ ਭੇਖ ਪਖੰਡ, ਚਾਰੇ ਕੁੰਟ ਡੌਰੂ ਵਾਹਿੰਦਾ। ਮਨਮਤ ਨਾਰ ਦੁਹਾਗਣ ਰੰਡ, ਜੀਵ ਜੰਤ ਸਰਬ ਹੰਢਾਇੰਦਾ। ਹਰਿ ਹਰਿ ਮੀਤਾ ਇਕ ਅਤੀਤਾ ਸੁੱਤਾ ਦੇ ਕਰ ਕੰਡ, ਆਪਣੀ ਕਰਵਟ ਨਾ ਆਪ ਬਦਲਾਇੰਦਾ। ਹਰਿ ਭਗਤ ਵਖਾਏ ਏਕਾ ਆਪਣੀ ਵੰਡ, ਕਲਜੁਗ ਅੰਤਮ ਆਪ ਵੰਡਾਇੰਦਾ। ਦੂਜੇ ਤੀਜੇ ਦੇਵੇ ਦੰਡ, ਚੌਥੇ ਪੱਲਾ ਨਾ ਕੋਇ ਫੜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣੀ ਰਚਨ ਰਚਾਇੰਦਾ। ਹਰਿ ਦਵਾਰਾ ਏਕੰਕਾਰਾ, ਏਕਾ ਵਸਤ ਟਿਕਾਈਆ। ਗੁਰਮੁਖ ਮੰਗੇ ਬਣ ਭਿਖਾਰਾ, ਸਾਚਾ ਨਾਮ ਝੋਲੀ ਪਾਈਆ। ਜਗਤ ਵਿਕਾਰਾ ਨਾ ਕੋਇ ਪਿਆਰਾ, ਤ੍ਰੈਗੁਣ ਦੇਵੇ ਦਰ ਦੁਰਕਾਈਆ। ਪੰਚਮ ਕਰੇ ਪੰਚ ਖ਼ੁਆਰਾ, ਘਰ ਬੈਠਾ ਸੇਜ ਹੰਢਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣੀ ਵੰਡ ਨਾ ਕੋਇ ਵੰਡਾਈਆ। ਬਿਨ ਹਰਿ ਭਗਤ ਨਾ ਕੋਈ ਮੰਗੇ, ਹਰਿ ਕਾ ਦਵਾਰ ਨਜ਼ਰ ਨਾ ਆਈਆ। ਗੁਰਮੁਖ ਵਿਰਲਾ ਕਾਇਆ ਚੋਲੀ ਰੰਗੇ, ਜੋ ਆਏ ਚਲ ਸਰਨਾਈਆ। ਮਾਇਆ ਮਮਤਾ ਨੇੜ ਨਾ ਲੰਘੇ, ਜਿਸ ਮਿਲਿਆ ਸਤਿਗੁਰ ਪੂਰਾ ਬੇਪਰਵਾਹੀਆ। ਆਪੇ ਪਰਖੇ ਮਾੜੇ ਚੰਗੇ, ਅਭੁਲ ਗੁਰੂ ਵਡ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਖੇਲ ਖਿਲਾਈਆ । ਖੇਲਣਹਾਰਾ ਹਰਿ ਮਿਹਰਵਾਨਾ, ਆਪਣੀ ਕਲ ਵਰਤਾਇੰਦਾ। ਜਨ ਭਗਤਾਂ ਦੇਵੇ ਧੁਰ ਫ਼ਰਮਾਨਾ, ਏਕਾ ਬੂਝ ਬੁਝਾਇੰਦਾ। ਸ਼ਬਦ ਅਗੰਮੀ ਨਾਦ ਤਰਾਨਾ, ਧੁਨ ਆਤਮਕ ਆਪ ਸੁਣਾਇੰਦਾ। ਸ਼ਾਹੋ ਭੂਪ ਵਡ ਰਾਜਾ ਰਾਣਾ, ਏਕਾ ਹੁਕਮ ਚਲਾਇੰਦਾ। ਲਖ ਚੁਰਾਸੀ ਵੇਖੇ ਮਾਰ ਧਿਆਨਾ, ਨਿਰਗੁਣ ਆਪਣਾ ਵੇਸ ਧਰਾਇੰਦਾ। ਸਰਗੁਣ ਕਰੇ ਸਚ ਪਛਾਨਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣੀ ਰਚਨ ਰਚਾਇੰਦਾ। ਜੋਤ ਅਧਾਰਾ ਏਕੰਕਾਰਾ, ਅਕਲ ਕਲਾ ਅਖਵਾਇਆ। ਵੰਡੇ ਵੰਡ ਵਿਚ ਸੰਸਾਰਾ, ਏਕਾ ਦੂਜਾ ਭੌ ਚੁਕਾਇਆ। ਚਾਰ ਵਰਨਾਂ ਕਰੇ ਇਕ ਪਿਆਰਾ, ਦੂਸਰ ਧੜ ਨਾ ਕੋਇ ਬਣਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਜਨ ਦੇਵੇ ਆਪਣਾ ਵਰ, ਆਪਣੀ ਭਿਛਿਆ ਝੋਲੀ ਪਾਇਆ। ਸਾਚੀ ਭਿਛਿਆ ਨਾਮ ਕਰਤਾਰ, ਹਰਿ ਪੁਰਖ ਨਿਰੰਜਨ ਆਪ ਵਰਤਾਇੰਦਾ। ਬਿਨ ਹਰਿ ਕੋਇ ਨਾ ਪਾਵੇ ਸਾਰ, ਗੁਰਮੁਖ ਸਾਚੇ ਆਪ ਜਗਾਇੰਦਾ। ਚਰਨ ਕਵਲ ਕਰਾਏ ਇਕ ਪਿਆਰ, ਚਰਨ ਚਰਨੋਦਕ ਮੁਖ ਚੁਆਇੰਦਾ। ਧਰਨੀ ਧਰਤ ਧਵਲ ਦਏ ਸਹਾਰ, ਆਕਾਸ਼ ਪ੍ਰਕਾਸ਼ ਦਇਆ ਕਮਾਇੰਦਾ। ਨਿਜ ਆਤਮ ਨਿਜ ਘਰ ਨਿਜ ਰੂਪ ਕਰ ਕਰ ਵਾਸ, ਨੇਤਰ ਨੈਣ ਇਕ ਖੁਲਾਇੰਦਾ। ਪ੍ਰਭ ਅਬਨਾਸ਼ੀ ਰਾਹ ਤੱਕਣ ਲੱਖ ਆਕਾਸਾ ਆਕਾਸ, ਕੋਟਨ ਕੋਟ ਚਰਨਾਂ ਹੇਠ ਦਬਾਇੰਦਾ। ਬਿਨ ਭਗਤ ਦੂਸਰ ਕਿਸੇ ਹੋਏ ਨਾ ਵਸ, ਹੱਥੋਂ ਹੱਥ ਨਾ ਕੋਏ ਫੜਾਇੰਦਾ। ਆਪਣੀ ਚਾਲ ਨਿਰਾਲੀ ਆਪੇ ਦੱਸ, ਆਪੇ ਮਾਰਗ ਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦੂਸਰ ਵੰਡ ਨਾ ਕੋਏ ਰਖਾਇੰਦਾ। ਨਾ ਕੋਈ ਵੰਡ ਨਾ ਕੋਈ ਹਿੱਸਾ, ਆਦਿ ਜੁਗਾਦਿ ਨਾ ਹਰਿ ਵੰਡਾਇੰਦਾ। ਬ੍ਰਹਿਮੰਡ ਖੰਡ ਲੋਆਂ ਪੁਰੀਆਂ ਨਵ ਖੰਡ ਜੋਤ ਸਰੂਪੀ ਏਕੋ ਦਿਸਾ, ਦੂਸਰ ਨੂਰ ਨਾ ਕੋਏ ਵਖਾਇੰਦਾ। ਏਕੰਕਾਰਾ ਨਿਰਾਕਾਰਾ ਕਰ ਪਸਾਰਾ ਏਕਾ ਤਾਜ ਰਖਾਏ ਸੀਸਾ, ਜਗਤ ਜਗਦੀਸਾ ਨਾਉਂ ਧਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣੀ ਖੇਲ ਖਿਲਾਇੰਦਾ। ਖੇਲ ਖਿਲਾਰੀ ਹਰਿ ਭਗਵੰਤ, ਆਦਿ ਅੰਤ ਭੇਵ ਨਾ ਰਾਇਆ। ਵੇਸ ਅਵੱਲਾ ਜੁਗਾ ਜੁਗੰਤ, ਜੁਗ ਕਰਤਾ ਆਪ ਕਰਾਇਆ। ਲੇਖਾ ਜਾਣੇ ਸਾਚੇ ਸੰਤ, ਸਤਿਗੁਰ ਆਪਣਾ ਭੇਵ ਮਿਟਾਇਆ। ਜੋ ਜਨ ਆਏ ਦਰ ਸਾਚਾ ਮੰਗਤ, ਏਕਾ ਭਿਛਿਆ ਦੇਵੇ ਝੋਲੀ ਪਾਇਆ। ਕਰ ਕਿਰਪਾ ਰਲਾਏ ਸਾਚੀ ਸੰਗਤ, ਕੋਟਨ ਕੋਟ ਜਨਮ ਰਾਜ ਭੋਗੀ ਭੋਗ ਲੇਖਾ ਲੇਖ ਨਾ ਕਿਸੇ ਮੁਕਾਇਆ। ਹਰਿਜਨ ਮੇਲੇ ਮੇਲ ਮਿਲਾਵਾ ਧੁਰ ਸੰਜੋਗ, ਘਰ ਸਾਚਾ ਇਕ ਸੁਹਾਇਆ। ਪਹਿਲਾਂ ਕੱਟੇ ਹਉਮੇ ਰੋਗ, ਦੂਜਾ ਮੰਤਰ ਨਾਮ ਦ੍ਰਿੜਾਇਆ। ਤੀਜਾ ਚੁੱਕੇ ਹਰਖ ਸੋਗ, ਚੌਥੇ ਘਰ ਵੱਜੇ ਵਧਾਇਆ। ਪੰਚਮ ਦੇਵੇ ਦਰਸ ਅਮੋਘ, ਸਵਛ ਸਰੂਪੀ ਰੂਪ ਵਟਾਇਆ। ਗੁਰਸਿਖ ਤੇਰਾ ਰਾਹ ਤੱਕਣ ਤਿੰਨੇ ਲੋਕ, ਚੌਦਾਂ ਹੱਟ ਰਹੇ ਮੂੰਹ ਉਠਾਇਆ। ਜਗਤ ਵਡਿਆਈ ਨਾ ਦੇਵੇ ਕਿਸੇ ਮੋਖ, ਨਾ ਕੋਈ ਬੇੜਾ ਬੰਨੇ ਲਾਇਆ। ਪਾਰਬ੍ਰਹਮ ਅਬਿਨਾਸ਼ੀ ਕਰਤਾ ਬਿਨ ਸਤਿਗੁਰ ਪੂਰੇ ਜੀਵਾਂ ਜੰਤਾਂ ਧਰਮ ਰਾਏ ਭਠਿਆਲੇ ਦੇਵੇ ਝੋਕ, ਨਾ ਸਕੇ ਕੋਈ ਬਚਾਇਆ। ਬਿਨ ਗੁਰਮੁਖ ਸਚ ਨਾ ਬੋਲੇ ਕੋਈ ਸਲੋਕ, ਸ਼ਾਹ ਸੁਲਤਾਨ ਹੋਏ ਹਲਕਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਖੇਲ ਖਿਲਾਇਆ। ਜੋ ਜਨ ਆਏ ਚਲ ਦਵਾਰ, ਮੰਗੇ ਹਰਿ ਸਚੀ ਸਰਨਾਈਆ। ਦੁਰਮਤ ਮੈਲ ਦਏ ਉਤਾਰ, ਅੰਮ੍ਰਿਤ ਸਾਚਾ ਜਾਮ ਪਿਆਈਆ। ਕਾਗ ਰਲਾਏ ਹੰਸਾ ਡਾਰ, ਕਾਗੀ ਕਾਗ ਨਾ ਵਿਸ਼ਟਾ ਖਾਈਆ। ਮਾਨਸ ਜਨਮ ਦਏ ਸੁਧਾਰ, ਲਖ ਚੁਰਾਸੀ ਫੰਦ ਕਟਾਈਆ। ਝੂਠਾ ਤੋੜ ਗੜ ਹੰਕਾਰ, ਹਰਿ ਸੰਗਤ ਦਏ ਮਿਲਾਈਆ। ਜਗਤ ਨਾ ਦਿਸੇ ਕੋਈ ਉਚ ਦਰਬਾਰ, ਜੋ ਬੇੜਾ ਬੰਨੇ ਲਾਈਆ। ਸੇਵਕ ਸੇਵਾ ਕਰਨੀ ਚਾਹੇ ਵਿਚ ਸੰਸਾਰ, ਗੁਰ ਚਰਨ ਸੇਵ ਵੱਡੀ ਵਡਿਆਈਆ। ਅੰਤਮ ਦਰ ਦਰ ਮੰਗਦੇ ਫਿਰਨ ਭਿਖਾਰ, ਸ਼ਾਹ ਸੁਲਤਾਨ ਘਰ ਘਰ ਫੇਰਾ ਪਾਈਆ। ਗੁਰਮੁਖ ਸਾਚੇ ਚਤਰ ਸੁਜਾਨ, ਦਰ ਘਰ ਸਾਚੇ ਬੈਠੇ ਆਸਣ ਲਾਈਆ। ਜਿਸ ਜਨ ਮਿਲਿਆ ਹਰਿ ਭਗਵਾਨ, ਦੂਸਰ ਰਾਹ ਨਾ ਕੋਏ ਤਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣੇ ਰੰਗ ਸਮਾਈਆ । ਬਿਨ ਹਰਿ ਭਗਤ ਨਾ ਦੇਵੇ ਵਰ, ਕੋਟਨ ਕੋਟ ਰਹੇ ਬਿਲਲਾਈਆ। ਬਿਨ ਗੁਰਸਿਖ ਨਾ ਜਾਏ ਕਿਸੇ ਦੇ ਦਰ, ਦੂਜਾ ਦਰ ਨਾ ਮੰਗਣ ਜਾਈਆ। ਬਿਨ ਹਰਿ ਭਗਤ ਨਾ ਨਹਾਏ ਕਿਸੇ ਸਰ, ਸਰ ਸਰੋਵਰ ਨਾ ਕੋਇ ਜਣਾਈਆ। ਆਦਿ ਜੁਗਾਦੀ ਇਕ ਅਕੱਲਾ ਏਕੰਕਾਰਾ ਆਪ ਨਾ ਰੱਖੇ ਕਿਸੇ ਦਾ ਡਰ, ਸ੍ਰਿਸ਼ਟ ਸਬਾਈ ਭੈ ਵਖਾਈਆ । ਕਾਇਆ ਮਾਟੀ ਪੰਜ ਤਤ ਪਹਿਲੇ ਲਏ ਘੜ, ਜੀਵ ਜਹਾਨਾ ਨਾਮ ਧਰਾਈਆ। ਕਲਜੁਗ ਕਲੰਦਰ ਡੋਰੀ ਬੈਠਾ ਫੜ, ਦਿਵਸ ਰੈਣ ਰਿਹਾ ਖਿਚਾਈਆ। ਇਕ ਦੂਜੇ ਨਾਲ ਰਹੇ ਲੜ, ਗੁਰ ਗੋਬਿੰਦ ਮਿਲਿਆ ਕਿਸੇ ਨਾ ਸੱਚਾ ਮਾਹੀਆ। ਆਪਣੇ ਪੈਰਾਂ ਉਤੇ ਸਕੇ ਕੋਈ ਨਾ ਖੜ, ਧਰਮ ਧੀਰ ਨਾ ਕੋਈ ਵਖਾਈਆ। ਕਲਜੁਗ ਅੰਤਮ ਸਾਰੇ ਜਾਣੇ ਝੜ, ਪ੍ਰਭ ਆਪੇ ਝਾੜ ਵਖਾਈਆ। ਪੁਰਖ ਅਕਾਲ ਦੀਨ ਦਿਆਲ ਗੁਰਮੁਖ ਫੜਾਇਆ ਲੜ, ਨਾ ਸਕੇ ਕੋਈ ਛੁਡਾਈਆ। ਲੋਕਮਾਤ ਹਰਿ ਮਾਰਨ ਨਾ ਦੇਵੇ ਕਿਸੇ ਤੜ, ਆਪਣੀ ਖੇਲ ਆਪ ਖਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਸਾਚੇ ਲਏ ਤਰਾਈਆ। ਗੁਰਮੁਖ ਸਾਚੇ ਚਤਰ ਸੁਜਾਨ, ਹਰਿ ਸਾਚਾ ਸਹਿਜ ਸਭਾਈਆ। ਦੇਵਣਹਾਰਾ ਆਤਮ ਗਿਆਨ, ਆਤਮ ਅੰਤਰ ਇਕ ਬੁਝਾਈਆ। ਕਲਜੁਗ ਲੜਨ ਪੰਜ ਸ਼ੈਤਾਨ, ਦੂਰ ਦੂਰਾਡੇ ਬੈਠੇ ਵੇਖਣ ਲੜਾਈਆ। ਤੇਰੇ ਹੱਥ ਫੜਾਇਆ ਸਚ ਨਿਸ਼ਾਨ, ਪ੍ਰਭ ਸਾਚਾ ਸੰਗ ਨਿਭਾਈਆ। ਪ੍ਰਗਟ ਹੋਇਆ ਵਾਲੀ ਦੋ ਜਹਾਨ, ਨਿਰਗੁਣ ਜੋਤ ਕਰੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਾਚੀ ਸੇਵਾ ਇਕ ਸਮਝਾਈਆ। ਸਾਚੀ ਸੇਵਾ ਹਰਿ ਚਰਨ, ਗੁਰ ਸਤਿਗੁਰ ਮੇਲ ਮਿਲੰਨਿਆ। ਖੋਲ੍ਹਣਹਾਰਾ ਹਰਨ ਫਰਨ, ਦੇਵੇ ਪ੍ਰਕਾਸ਼ ਆਤਮ ਅੰਨ੍ਹਿਆ। ਕਲਜੁਗ ਜੀਵ ਮਰਨੀ ਮਰਨ, ਵੇਲੇ ਅੰਤ ਸਭ ਨੂੰ ਡੰਨਿਆ। ਗੁਰਮੁਖ ਸਾਚੇ ਸਾਚੀ ਤਰਨੀ ਤਰਨ, ਲੋਕਮਾਤ ਚੜ੍ਹੇ ਸਾਚਾ ਚੰਨਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣਾ ਬੇੜਾ ਆਪ ਬੰਨਿਆ। ਬੇੜਾ ਬੰਨ ਹਰਿ ਕਰਤਾਰ, ਲੋਕਮਾਤ ਰਿਹਾ ਚਲਾਈਆ। ਜੋਤ ਸਰੂਪੀ ਜਾਮਾ ਧਾਰ, ਅਕਲ ਕਲ ਆਪ ਵਰਤਾਈਆ। ਕਾਲਖ ਟਿੱਕਾ ਮਸਤਕ ਧਾਰ, ਧੂੜੀ ਚਰਨ ਨਾ ਕਿਸੇ ਵਿਖਾਈਆ। ਮਾਨਸ ਮਨੁਖ ਗਏ ਹਾਰ, ਮਾਇਆ ਮਮਤਾ ਹੋਏ ਹਲਕਾਈਆ। ਸਚ ਨਾ ਦਿਸੇ ਕੋਈ ਦਰਬਾਰ, ਆਪਣੇ ਹਿਸੇ ਵੰਡ ਵੰਡਾਈਆ। ਜਿਸ ਮਿਲਿਆਂ ਹੋਏ ਨਾਨਕ ਗੁਰ ਗੁਰ ਅਵਤਾਰ, ਉਚੀ ਕੂਕ ਨਾ ਦਏ ਸੁਣਾਈਆ। ਪ੍ਰਭ ਫੜ ਫੜ ਮਾਰੇ ਸਭ ਨੂੰ ਮਾਰ, ਜੋ ਭੁੱਲੇ ਪਾਂਧੀ ਰਾਹੀਆ। ਸਿਰ ਬੰਨ ਜਗਤ ਦਸਤਾਰ, ਗੁਰ ਗੋਬਿੰਦ ਦਰਸ ਨਾ ਪਾਈਆ। ਨਾ ਓਹ ਸਿੱਖ ਨਾ ਮਨੁਖ ਨਾ ਓਹ ਨਾਰ, ਹੇਜੜਾ ਰੂਪ ਵਟਾਈਆ। ਕਲਜੁਗ ਅੰਤਮ ਬਾਂਝ ਦਿਸੇ ਪ੍ਰਵਾਰ, ਪੂਤ ਸਪੂਤ ਨਾ ਕੋਈ ਉਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਆਪਣੀ ਖੇਲ ਖਿਲਾਈਆ। ਸੂਰਾ ਸਿੱਖ ਸੋ ਜਾਣੀਏ, ਜਿਸ ਮਿਲਿਆ ਗੋਬਿੰਦ ਸੂਰ। ਸੂਰਾ ਸਿੱਖ ਪਹਿਚਾਨੀਏ, ਜਿਸ ਆਤਮ ਅੰਦਰ ਹਰਿ ਕਾ ਨਾਮ ਭੰਡਾਰਾ ਭਰਪੂਰ। ਸੂਰਾ ਸਿੱਖ ਸੋ ਵਖਾਨੀਏ, ਜਿਸ ਅੱਗੇ ਸਤਿਗੁਰ ਪੂਰਾ ਹਾਜਰ ਹਜੂਰ। ਗੁਰਸਿਖ ਸੋ ਚਤਰ ਸੁਘੜ ਸਿਆਨੀਏ, ਜਿਸ ਜਨ ਪੈਂਡਾਂ ਮੁਕਿਆ ਨੇੜੇ ਦੂਰ। ਤਿਸ ਗੁਰ ਗੁਰਸਿਖ ਕਾ ਦਰਸ ਨਾ ਪਾਨੀਏ, ਜਿਸ ਮਿਲਿਆ ਨਾ ਹਰਿ ਗਫੂਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿ ਬਿਨੰਤੀ ਕਰੇ ਮਨਜ਼ੂਰ। ਹਰਿ ਬਿਨੰਤੀ ਹਰਿਜਨ ਪਾਸ, ਹਰਿ ਹਰਿਜਨ ਆਪ ਸਮਝਾਈਆ। ਸਤਿਗੁਰ ਤੇਰਾ ਦਾਸੀ ਦਾਸ, ਪੁਰਖ ਅਕਾਲ ਤੇਰੀ ਸੇਵ ਕਮਾਈਆ। ਜਗਤ ਤ੍ਰਿਸ਼ਨਾ ਤੇਰੀ ਬੁਝੇ ਪਿਆਸ, ਗੁਰੂ ਦਵਾਰ ਗੁਰਚਰਨ ਸੀਸ ਸਰਨਾਈਆ। ਜੋ ਦੀਸੇ ਸੋ ਹੋਏ ਵਿਨਾਸ਼, ਥਿਰ ਕੋਇ ਰਹਿਣ ਨਾ ਪਾਈਆ। ਮਹੱਲ ਅਟੱਲ ਵਸੇ ਜੰਗਲ ਜੂਹ ਹਰਿ ਪ੍ਰਭਾਸ, ਜਲ ਥਲ ਵਿਚ ਰੂਪ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਦਾਤਾ ਬੇਪ੍ਰਵਾਹੀਆ। ਗੁਰਸਿਖ ਸੰਗ ਗੁਰਸਿਖ ਉਧਰੇ, ਗੁਰਸਿਖ ਸਿੱਖ ਸਮਝਾਇੰਦਾ। ਗੁਰਸਿਖ ਸੰਗ ਮਾਨਸ ਜਨਮ ਸੁਧਰੇ, ਜਨਮ ਮਰਨ ਫੰਦ ਕਟਾਇੰਦਾ। ਗੁਰਸਿਖ ਸੰਗ ਗੁਰਸਿਖ ਕਦੇ ਨਾ ਉਜੜੇ, ਕਾਇਆ ਖੇੜਾ ਆਪ ਵਸਾਇੰਦਾ। ਗੁਰਸਿਖ ਸੰਗ ਗੁਰਸਿਖ ਵਸਲ ਕਰੇ ਏਕਾ ਹੁਜਰੇ, ਸਚ ਮਹਿਰਾਬ ਇਕ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਸੰਗ ਰਖਾਇੰਦਾ। ਸਗਲਾ ਸੰਗੀ ਹਰਿ ਹਰਿ ਮੀਤਾ, ਪਾਰਬ੍ਰਹਮ ਰੂਪ ਕਰਤਾਰਾ। ਆਦਿ ਜੁਗਾਦੀ ਇਕ ਅਤੀਤਾ, ਨਿਰਗੁਣ ਸਰਗੁਣ ਖੇਲ ਅਪਾਰਾ। ਜੁਗਾ ਜੁਗੰਤਰ ਆਪ ਚਲਾਏ ਆਪਣੀ ਰੀਤਾ, ਲੋਕਮਾਤ ਲੈ ਅਵਤਾਰਾ । ਆਪੇ ਠੰਡਾ ਆਪੇ ਸੀਤਾ, ਆਪੇ ਅਗਨੀ ਤਤ ਵਰਤਾਰਾ। ਆਪੇ ਹਸਤ ਆਪੇ ਕੀਟਾ, ਆਪੇ ਊਚ ਨੀਚ ਗਵਾਰਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਵਰਤੇ ਆਪ ਵਰਤਾਰਾ। ਹਰਿ ਵਰਤਾਰਾ ਹਰਿ ਹੀ ਜੇਹਾ, ਦੂਸਰ ਰੰਗ ਨਾ ਕੋਇ ਵਖਾਈਆ। ਗੁਰਮੁਖਾਂ ਲਾਏ ਸਾਚਾ ਨੇਂਹਾ, ਲੱਗਾ ਨੇਹੋਂ ਨਾ ਤੋੜ ਤੁੜਾਈਆ। ਅੰਮ੍ਰਿਤ ਬਰਸੇ ਸਾਚਾ ਮੇਂਹਾ, ਮੇਘਲਾ ਬੈਠਾ ਮੁਖ ਸ਼ਰਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਖੇਲੇ ਖੇਲ ਵਿਚ ਸੰਸਾਰ, ਚਾਲ ਨਿਰਾਲੀ ਇਕ ਰਖਾਈਆ। ਚਾਲ ਨਿਰਾਲੀ ਜੋਤ ਅਕਾਲੀ, ਹਰਿ ਆਪਣੀ ਖੇਲ ਖਿਲਾਇੰਦਾ। ਸ਼ਬਦ ਅਗੰਮੀ ਸਚ ਦਲਾਲੀ, ਜਨ ਭਗਤਾਂ ਸੇਵ ਕਮਾਇੰਦਾ। ਪੁਰਖ ਅਗੰਮਾ ਆਪੇ ਫਿਰੇ ਹੱਥਾਂ ਖਾਲੀ, ਦੋ ਜਹਾਨਾਂ ਫੇਰਾ ਪਾਇੰਦਾ। ਲੱਖ ਚੁਰਾਸੀ ਤੇਰਾ ਮਾਲੀ, ਬੂਟਾ ਬੂਟਾ ਵੇਖ ਵਖਾਇੰਦਾ। ਨਿਰਗੁਣ ਸਰਗੁਣ ਬਣਿਆ ਪਾਲੀ, ਪਾਲਣਹਾਰਾ ਨਾਉਂ ਧਰਾਇੰਦਾ। ਜਨ ਭਗਤਾਂ ਤੋੜੇ ਜਗਤ ਜੰਜਾਲੀ, ਜਾਗਰਤ ਜੋਤ ਇਕ ਵਖਾਇੰਦਾ। ਵੇਖਣਹਾਰਾ ਪੱਤ ਡਾਲੀ, ਫੁਲ ਫੁਲਵਾੜੀ ਫੋਲ ਫੋਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣੇ ਰੰਗ ਸਮਾਇੰਦਾ। ਰੰਗ ਰੰਗੀਲਾ ਹਰਿ ਭਗਵਾਨ, ਪਾਰਬ੍ਰਹਮ ਭੇਵ ਨਾ ਆਇੰਦਾ। ਸੋ ਪੁਰਖ ਨਿਰੰਜਨ ਸਚ ਨਿਸ਼ਾਨ, ਘਰ ਸਾਚੇ ਆਪ ਉਠਾਇੰਦਾ। ਹਰਿ ਪੁਰਖ ਨਿਰੰਜਨ ਖੇਲ ਮਹਾਨ, ਦਰ ਘਰ ਸਾਚੇ ਸੋਭਾ ਪਾਇੰਦਾ। ਏਕੰਕਾਰਾ ਨੌਜਵਾਨ, ਬਿਰਧ ਬਾਲ ਨਾ ਰੂਪ ਵਟਾਇੰਦਾ। ਆਦਿ ਨਿਰੰਜਨ ਜੋਤ ਵਖਾਨ, ਨੂਰੋ ਨੂਰ ਉਪਾਇੰਦਾ। ਸ੍ਰੀ ਭਗਵਾਨ ਸਚ ਮਕਾਨ, ਸਚਖੰਡ ਸਾਚੇ ਸੋਭਾ ਪਾਇੰਦਾ। ਅਬਨਾਸ਼ੀ ਕਰਤਾ ਇਕ ਧਿਆਨ, ਦਰ ਏਕਾ ਵੇਖ ਵਖਾਇੰਦਾ। ਪਾਰਬ੍ਰਹਮ ਪ੍ਰਭ ਹੋ ਪਰਧਾਨ, ਬ੍ਰਹਮ ਆਪਣਾ ਰੂਪ ਵਟਾਇੰਦਾ। ਵਿਸ਼ਨ ਸ਼ਿਵ ਜਗਤ ਨਿਸ਼ਾਨ, ਨਿਰਗੁਣ ਸਰਗੁਣ ਖੇਲ ਖਿਲਾਇੰਦਾ। ਸਤਿ ਸਰੂਪੀ ਧੁਰ ਫ਼ਰਮਾਨ, ਏਕਾ ਸ਼ਬਦ ਸੁਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਲੇਖ ਉਪਾਇੰਦਾ। ਸੋ ਪੁਰਖ ਨਿਰੰਜਨ ਸਾਚਾ ਲੇਖਾ, ਆਪਣਾ ਆਪ ਕਰਾਈਆ। ਹਰਿ ਪੁਰਖ ਨਿਰੰਜਨ ਨਾ ਕੋਈ ਦਾੜੀ ਦਿਸੇ ਕੇਸਾ, ਮੂੰਡ ਮੁੰਡਾਏ ਨਾ ਕੋਇ ਵਖਾਈਆ। ਏਕੰਕਾਰਾ ਨਰ ਨਰੇਸ਼ਾ, ਨਿਰਗੁਣ ਆਪਣਾ ਨਾਉਂ ਉਪਾਈਆ। ਆਦਿ ਨਿਰੰਜਨ ਜੋਤ ਪਰਵੇਸਾ, ਜੋਤੀ ਜੋਤ ਵਿਚ ਟਿਕਾਈਆ। ਸ੍ਰੀ ਭਗਵਾਨ ਆਪਣਾ ਰੂਪ ਆਪੇ ਪੇਖਾ, ਆਪ ਆਪਣਾ ਵੇਸ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਪੰਚਮ ਮੇਲਾ ਸਹਿਜ ਸੁਭਾਈਆ। ਪੰਚਮ ਘਰ ਮੇਲ ਮਿਲਾਇਆ, ਘਰ ਸਾਚਾ ਇਕ ਸੁਹਾਇੰਦਾ। ਨਿਰਗੁਣ ਨਿਰਗੁਣ ਵਿਚ ਟਿਕਾਇਆ, ਨਿਰਗੁਣ ਨਿਰਗੁਣ ਮੇਲ ਮਿਲਾਇੰਦਾ। ਨਿਰਗੁਣ ਨਿਰਗੁਣ ਆਸਣ ਸੇਜਾ ਲਾਇਆ, ਨਿਰਗੁਣ ਨਿਰਗੁਣ ਤਖਤ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਦਰ ਸੁਹਾਇੰਦਾ। ਦਰ ਸੁਹੰਜਣਾ ਨਿਰਗੁਣ ਧਾਰ, ਨਿਰਗੁਣ ਆਪਣੀ ਆਪ ਚਲਾਇੰਦਾ। ਸੋ ਪੁਰਖ ਨਿਰੰਜਣ ਨਿਰਗੁਣ ਧਾਰ, ਹਰਿ ਪੁਰਖ ਨਿਰੰਜਣ ਵੇਖ ਵਖਾਇੰਦਾ। ਏਕੰਕਾਰਾ ਸੁਹਾਏ ਸਚ ਦਵਾਰ, ਆਦਿ ਨਿਰੰਜਨ ਵਡ ਵਡਿਆਇੰਦਾ। ਸ੍ਰੀ ਭਗਵਾਨ ਮੀਤ ਮੁਰਾਰ, ਸਗਲਾ ਸੰਗ ਨਿਭਾਇੰਦਾ। ਸੀਸ ਤਾਜ ਇਕ ਦਸਤਾਰ, ਆਪ ਆਪਣੀ ਆਪ ਟਿਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਪੰਚਮ ਮੁਖ ਆਪ ਉਪਾਇੰਦਾ। ਪੰਚਮ ਮੁਖ ਪੰਚਮ ਤਾਜਾ, ਹਰਿ ਰੂਪ ਰੇਖ ਨਾ ਕੋਇ ਜਣਾਈਆ। ਪੰਚਮ ਨਿਰਗੁਣ ਸਾਜਣ ਸਾਜਾ, ਆਪ ਆਪਣਾ ਵੇਖ ਵਖਾਈਆ। ਪੰਚਮ ਰੱਖੇ ਆਪਣੀ ਲਾਜਾ, ਘਰ ਸਾਚੇ ਵਡ ਵਡਿਆਈਆ। ਪੰਚਮ ਨਾਉਂ ਰੱਖ ਗਰੀਬ ਨਿਵਾਜਾ, ਆਪ ਆਪਣੀ ਦਯਾ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਸਰਗੁਣ ਵੇਸ ਵਟਾਈਆ। ਨਿਰਗੁਣ ਸਰਗੁਣ ਸਾਚੀ ਕਾਰ, ਕਰਨੀ ਕਰਤਾ ਆਪ ਕਰਾਇੰਦਾ। ਜੁਗਾ ਜੁਗੰਤਰ ਲੈ ਅਵਤਾਰ, ਲੋਕਮਾਤ ਵੇਸ ਵਟਾਇੰਦਾ। ਘਟ ਮੰਦਰ ਜੋਤੀ ਕਰ ਉਜਿਆਰ, ਨੂਰੋ ਨੂਰ ਡਗਮਗਾਇੰਦਾ। ਸੰਤ ਸੁਹੇਲੇ ਕਰ ਪਿਆਰ, ਭਗਤ ਭਗਤੀ ਮੇਲ ਮਿਲਾਇੰਦਾ। ਗੁਰ ਚੇਲੇ ਵੇਖੇ ਇਕ ਦਵਾਰ, ਹਰਿ ਮੰਦਰ ਆਪ ਸੁਹਾਇੰਦਾ। ਅੰਦਰ ਮੰਦਰ ਡੂੰਘੀ ਗਾਰ, ਕਾਇਆ ਕੰਦਰ ਫੋਲ ਫੋਲਾਇੰਦਾ। ਤੋੜੇ ਜੰਦਰ ਗੜ੍ਹ ਹੰਕਾਰ, ਸਾਚਾ ਖੰਡਾ ਨਾਮ ਉਠਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਆਪਣਾ ਵੇਸ ਵਟਾਇੰਦਾ। ਜੁਗ ਜੁਗ ਵੇਸ ਹਰਿ ਇਕੱਲਾ, ਏਕੰਕਾਰਾ ਆਪ ਕਰਾਈਆ। ਵਸਣਹਾਰਾ ਜਲਾਂ ਥਲਾਂ, ਜਲ ਥਲ ਮਹੀਅਲ ਡੇਰਾ ਲਾਈਆ। ਲਖ ਚੁਰਾਸੀ ਕਰ ਪਸਾਰਾ, ਘਟ ਘਟ ਅੰਦਰ ਵੇਖ ਵਖਾਈਆ। ਆਦਿ ਜੁਗਾਦੀ ਇਕ ਅਵਤਾਰਾ, ਗੁਰ ਸਤਿਗੁਰ ਨਾਉਂ ਧਰਾਈਆ। ਕਲਜੁਗ ਅੰਤਮ ਹੋ ਉਜਿਆਰਾ, ਨਿਹਕਲੰਕਾ ਨਾਉਂ ਰਖਾਈਆ। ਨਾਮ ਖੰਡਾ ਤੇਜ ਕਟਾਰਾ, ਸ਼ਬਦੀ ਸ਼ਬਦ ਚਮਕਾਈਆ। ਪਰਗਟ ਹੋ ਵਿਚ ਸੰਸਾਰਾ, ਵੀਹ ਸਦ ਸੋਲਾਂ ਬਿਕ੍ਰਮੀ ਦਏ ਵਡਿਆਈਆ। ਉਚੀ ਕੂਕ ਬੋਲ ਜੈਕਾਰਾ, ਏਕਾ ਅੱਖਰ ਦਏ ਪੜ੍ਹਾਈਆ। ਸੋ ਪੁਰਖ ਨਿਰੰਜਣ ਬਣ ਵਰਤਾਰਾ, ਆਪ ਆਪਣੀ ਸੇਵ ਕਮਾਈਆ। ਹੰ ਬ੍ਰਹਮ ਭਰ ਭੰਡਾਰਾ, ਅਤੋਟ ਅਤੁਟ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣਾ ਰਾਜ ਜੋਗ ਆਪ ਵਖਾਈਆ। ਰਾਜ ਜੋਗ ਪੁਰਖ ਸਮਰਥ, ਵੇਦ ਕਤੇਬ ਭੇਵ ਨਾ ਆਇੰਦਾ। ਜੁਗਾਂ ਜੁਗੰਤਰ ਚਲਾਏ ਰਥ, ਰਥ ਰਥਵਾਹੀ ਦਿਸ ਨਾ ਆਇੰਦਾ। ਜਾਣੇ ਜਣਾਏ ਮਹਿਮਾ ਅਕਥ, ਕਥਨੀ ਕਥ ਨਾ ਕੋਇ ਸਲਾਹਿੰਦਾ। ਜਨ ਭਗਤਾਂ ਦੇਵੇ ਸਾਚੀ ਵੱਥ, ਵਸਤ ਅਮੋਲਕ ਕਾਇਆ ਗੋਲਕ ਏਕਾ ਨਾਮ ਟਿਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਆਪ ਆਪਣਾ ਭੇਵ ਖੁਲਾਇੰਦਾ। ਆਪਣਾ ਭੇਵ ਹਰਿ ਖੁਲੌਣਾ, ਸੰਮਤ ਸੰਮਤੀ ਰਾਹ ਤਕਾਈਆ। ਚਾਰ ਕੁੰਟ ਏਕਾ ਡੰਕ ਵਜੌਣਾ, ਸ੍ਰਿਸ਼ਟ ਸਬਾਈ ਆਪ ਸੁਣਾਈਆ। ਸਾਚਾ ਦਿਵਸ ਦਰ ਘਰ ਸੁਹੌਣਾ, ਹਰਿ ਸੰਗਤ ਵੇਖ ਵਖਾਈਆ। ਪੰਚਮ ਮੀਤਾ ਪੰਚਮ ਸਾਲ ਆਪਣਾ ਦੀਪਕ ਦੇਵੇ ਬਾਲ, ਘਰ ਘਰ ਕਰੇ ਰੁਸ਼ਨਾਈਆ। ਹਰਿ ਸੰਗਤ ਵਖਾਏ ਸੱਚੀ ਧਰਮਸਾਲ, ਧੁਰ ਦਰਵਾਜਾ ਆਪ ਖ੍ਹੁਲਾਈਆ। ਜੁਗ ਜੁਗ ਵਿਛੜੇ ਲਏ ਭਾਲ, ਆਪ ਆਪਣਾ ਮੇਲ ਮਿਲਾਈਆ। ਨਿਰਗੁਣ ਸਰਗੁਣ ਬਣ ਦਲਾਲ, ਸਾਚਾ ਸਾਲਸ ਸਾਲਸੀ ਰਿਹਾ ਕਮਾਈਆ। ਨੇੜ ਨਾ ਆਏ ਕਾਲ ਮਹਾਂਕਾਲ, ਸੋ ਖਾਲਸਾ ਖਾਲਸ ਨਾਉਂ ਵਖਾਈਆ। ਜਿਸ ਜਨ ਤੋੜਿਆ ਨਾ ਜਗਤ ਜੰਜਾਲ, ਗੁਰ ਗੋਬਿੰਦ ਨਾ ਦਏ ਗਵਾਹੀਆ। ਝੂਠੀ ਘਾਲਨਾ ਰਹੇ ਘਾਲ, ਸਾਚਾ ਰਾਜ ਜੋਗ ਨਾ ਕੋਇ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਖੇਲ ਖਿਲਾਈਆ। ਸਚ ਖ਼ਾਲਸਾ ਹਰਿ ਕਰਤਾਰ, ਅੰਤਮ ਆਪਣਾ ਲਏ ਪ੍ਰਗਟਾਈਆ। ਚਾਰ ਵਰਨਾਂ ਵਿਚੋਂ ਨਿਤਾਰ, ਨਿਰਗੁਣ ਨਿਰਗੁਣ ਮੇਲ ਮਿਲਾਈਆ। ਸਤਿ ਸੰਤੋਖੀ ਸਤਿ ਦਸਤਾਰ, ਸ਼ਬਦ ਸਰੂਪੀ ਆਪ ਬੰਧਾਈਆ। ਸਾਢੇ ਤਿੰਨ ਹੱਥ ਕਾਇਆ ਮੰਦਰ ਸਾਢੇ ਤਿੰਨ ਹੱਥ ਅੰਦਰ ਪਾਏ ਨਾਮ ਕਟਾਰ, ਲੋਹਾਰ ਤਰਖਾਨ ਨਾ ਕੋਏ ਘੜਾਈਆ। ਅੰਮ੍ਰਿਤ ਬਖਸ਼ ਠੰਡੀ ਠਾਰ, ਸਾਚਾ ਖੰਡਾ ਨਾਮ ਫਿਰਾਈਆ। ਮਿਠਾ ਰਸ ਦੇਵੇ ਡਾਰ, ਗੁਰਸਿਖ ਗੁਰਸਿਖ ਗੁਰਸਿਖ ਤੇਰਾ ਪਿਆਰ ਵਿਚ ਸਮਾਈਆ। ਗੁਰਸਿਖ ਗੁਰਸਿਖ ਗੁਰਸਿਖ ਇਕ ਦੂਜੇ ਨੂੰ ਮਿਲ ਮਿਲ ਗਲ ਵਿਚ ਪਾਇਣ ਹਾਰ, ਗੁਰਸਿਖ ਨਾ ਕਰੇ ਲੜਾਈਆ। ਗੁਰ ਗੋਬਿੰਦ ਸਿੰਘ ਕਰੇ ਪਿਆਰ, ਜਿਸ ਅੰਦਰ ਸਾਚੀ ਵਸਤ ਇਕ ਟਿਕਾਈਆ। ਕੋਟਨ ਕੋਟ ਰਾਜ ਰਾਜਾਨ ਹੋਏ ਖ਼ੁਆਰ, ਵੇਲੇ ਅੰਤ ਨਾ ਕੋਏ ਛਡਾਈਆ। ਨਾਤਾ ਛੱਡਣ ਝੂਠੇ ਯਾਰ, ਬੈਠਣ ਮੁਖ ਭਵਾਈਆ। ਇਕੋ ਮਿਲੇ ਹਰਿ ਨਿਰੰਕਾਰ, ਦੂਜੀ ਓਟ ਨਾ ਕੋਈ ਰਖਾਈਆ। ਗੁਰਸਿਖ ਤੇਰੀ ਵੋਟ ਗੁਰ ਚਰਨ ਪਿਆਰ, ਦੂਜਾ ਰਾਹ ਨਾ ਕੋਇ ਤਕਾਈਆ। ਲਖ ਚੁਰਾਸੀ ਆਹਲਨਿਉਂ ਡਿਗੇ ਬੋਟ, ਨਾ ਸਕੇ ਕੋਈ ਉਠਾਈਆ। ਨਾਨਕ ਸ਼ਬਦ ਨਾ ਲੱਗੀ ਤਨ ਚੋਟ, ਗੁਰ ਅਰਜਨ ਨਜ਼ਰ ਨਾ ਆਈਆ। ਰਾਮਦਾਸ ਤੇਰਾ ਸਰ ਸਰੋਵਰ ਨਿਰਗੁਣ ਜਗਦੀ ਰਹੇ ਜੋਤ, ਮਨਮੁਖ ਜੀਵਾਂ ਦਿਸ ਨਾ ਆਈਆ। ਵੰਡ ਵੰਡਾਈ ਵਰਨ ਗੋਤ, ਪੁਰਖ ਅਕਾਲ ਨਾ ਕੋਇ ਸਰਨਾਈਆ। ਬਾਹਰੋਂ ਦਿਸਦੇ ਹਿਲਦੇ ਹੋਟ, ਅੰਦਰ ਕੂੜੀ ਕਿਰਿਆ ਬੈਠੇ ਦਬਾਈਆ। ਅੰਤਮ ਵੇਖੋ ਮਰਦੇ ਕੇਹੜੀ ਮੌਤ, ਮਾਰਨਹਾਰਾ ਦਏ ਸਜ਼ਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਇਕ ਸਮਝਾਈਆ। ਗੁਰਸਿੱਖ ਲਗੇ ਨਾ ਅਗਨੀ ਅੱਗ, ਪੰਜ ਤਤ ਨਾ ਹੋਇ ਹਲਕਾਇਆ। ਜਿਸ ਮਿਲਿਆ ਸੂਰਾ ਸਰਬੱਗ, ਦੂਸਰ ਸਾਥੀ ਕੋਇ ਨਜ਼ਰ ਨਾ ਆਇਆ। ਨਾਤਾ ਤੁੱਟੇ ਝੂਠੇ ਜੱਗ, ਘਰ ਸਾਚਾ ਏਕਾ ਪਾਇਆ। ਚਰਨ ਪਰਸ ਸਾਚੇ ਪਗ, ਪਾਰਬ੍ਰਹਮ ਇਕ ਸਰਨਾਇਆ। ਸਤਿਗੁਰ ਪੂਰਾ ਕਦੇ ਨਾ ਰੱਖੇ ਵਿਚ ਅੱਧ, ਬੇੜਾ ਬੰਨੇ ਦਏ ਲਗਾਇਆ। ਸੰਤ ਸੁਹੇਲੇ ਆਪੇ ਸੱਦ, ਆਪਣੇ ਬੇੜੇ ਲਏ ਚੜ੍ਹਾਇਆ। ਨੌਂ ਖੰਡ ਪ੍ਰਿਥਮੀ ਵੱਜਣਾ ਨਦ, ਰਾਜ ਰਾਜਾਨ ਸ਼ਾਹ ਸੁਲਤਾਨ ਰਾਹ ਰਹੇ ਤਕਾਇਆ। ਪੁਰਖ ਅਬਿਨਾਸ਼ੀ ਬੰਦ ਨਾ ਹੋਇਆ ਕਿਸੇ ਦੀ ਹੱਦ, ਆਪਣਾ ਘੇਰਾ ਕਿਸੇ ਨਾ ਪਾਇਆ। ਕਲਜੁਗ ਅੰਤਮ ਜੂਠੇ ਝੂਠੇ ਮਾਇਆ ਲੂਠੇ ਹਰਿ ਮੰਦਰ ਵਿਚੋਂ ਦੇਵੇ ਕੱਢ, ਗੁਰਮੁਖ ਸਾਚੇ ਲਏ ਵਸਾਇਆ। ਪੁਰਖ ਅਕਾਲ ਨਾਨਕ ਗੋਬਿੰਦ ਨਾਲੋਂ ਹੋਇਆ ਨਾ ਅੱਡ, ਗੁਰ ਅਰਜਨ ਕੋਲੋਂ ਨਾ ਮੁਖ ਭਵਾਇਆ। ਸੰਮਤ ਸੋਲਾਂ ਆਪਣਾ ਮੁਖ ਵਿਚੋਂ ਬਾਹਰ ਕੱਢੇ ਕਲਜੁਗ ਖੱਡ, ਸੰਮਤ ਸਤਾਰਾਂ ਕਰੇ ਰੁਸ਼ਨਾਇਆ। ਸੀਸ ਧਰ ਸਾਚਾ ਤਾਜ, ਸ੍ਰਿਸ਼ਟ ਸਬਾਈ ਦਏ ਸੁਣਾਇਆ। ਲੋਕਮਾਤ ਆਇਆ ਵੱਡ ਰਾਜਨ ਰਾਜ, ਨਿਹਕਲੰਕੀ ਜਾਮਾ ਪਾਇਆ। ਕਿਸੇ ਦਾ ਪੂਰਾ ਹੋਣ ਨਾ ਦੇਵੇ ਕਾਜ, ਆਪ ਆਪਣਾ ਡੰਕ ਵਜਾਇਆ। ਹਰਿ ਸੰਗਤ ਤੇਰੀ ਰੱਖੇ ਲਾਜ, ਦਿਵਸ ਰੈਣ ਸੇਵ ਕਮਾਇਆ। ਸਾਚੀ ਸਾਜਣ ਆਪੇ ਸਾਜ, ਸਗਲਾ ਸੰਗ ਆਪ ਨਿਭਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣੇ ਮੰਦਰ ਡੇਰਾ ਲਾਇਆ। ਆਪਣੇ ਮੰਦਰ ਆਪੇ ਵੜ, ਹਰਿ ਬੈਠਾ ਬੇਪਰਵਾਹੀਆ। ਨਿਰਗੁਣ ਰੂਪ ਕੋਈ ਨਾ ਸਕੇ ਫੜ, ਹੱਥ ਕਿਸੇ ਨਾ ਆਈਆ। ਨਾ ਕੋਈ ਸੀਸ ਨਾ ਕੋਈ ਧੜ, ਪੰਜ ਤਤ ਨਾ ਕੋਈ ਵਖਾਈਆ। ਸੰਬਲ ਨਗਰੀ ਉਪਰ ਚੜ੍ਹ, ਹਰਿ ਮੰਦਰ ਆਪ ਸੁਹਾਈਆ। ਗੁਰਸਿੱਖ ਤੇਰੇ ਹਿਜਰ ਫ਼ਰਾਕ ਵਿਛੋੜੇ ਅੰਦਰ ਗਿਆ ਸੜ, ਤੇਰਾ ਵਿਛੋੜਾ ਝੱਲ ਨਾ ਸਕੇ ਬੇਪਰਵਾਹੀਆ। ਕਲਗੀ ਤੋੜਾ ਸੀਸ ਧਰ, ਧਰਨੀ ਧਰਤ ਦਏ ਵਡਿਆਈਆ। ਸ਼ਬਦ ਅਗੰਮੀ ਘੋੜੇ ਚੜ੍ਹ, ਨੀਲੀ ਧਾਰੋਂ ਪਾਰ ਵਖਾਈਆ। ਆਪੇ ਮਾਰੇ ਪਹਿਲਾ ਪੌੜ, ਚਾਰੋਂ ਕੁੰਟ ਦਏ ਹਲਾਈਆ। ਲਖ ਚੁਰਾਸੀ ਵੇਖੇ ਪਰਖੇ ਫਲ ਮਿੱਠਾ ਕੌੜ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਘਰ ਸਾਚਾ ਇਕ ਸੁਹਾਈਆ। ਘਰ ਸੱਚਾ ਸੁਲਤਾਨ, ਸਾਚੇ ਤਖ਼ਤ ਬਰਾਜਿਆ। ਘਰ ਦਾਤਾ ਹਰਿ ਭਗਵਾਨ, ਆਦਿ ਜੁਗਾਦਿ ਗਰੀਬ ਨਿਵਾਜ਼ਿਆ। ਘਰ ਸੱਚਾ ਹਰਿ ਮਿਹਰਵਾਨ, ਆਦਿਨ ਅੰਤਾ ਰੱਖੇ ਲਾਜਿਆ। ਗੁਰਮੁਖ ਸਾਚੇ ਕਰ ਪਹਿਚਾਨ, ਪੁਰਖ ਅਬਿਨਾਸ਼ੀ ਰਚਿਆ ਕਾਜਿਆ। ਆਪੇ ਜੋਧਾ ਸੂਰਬੀਰ ਪ੍ਰਗਟ ਹੋਵੇ ਨੌਜਵਾਨ, ਰੂਪ ਵਟਾਏ ਦੇਸ ਮਾਝਿਆ। ਆਪੇ ਖੰਡਾ ਖਿਚ ਤੀਰ ਕਮਾਨ, ਦਹਿ ਦਿਸ਼ਾ ਫਿਰੇ ਭਾਜਿਆ। ਆਪ ਉਠਾਏ ਧਰਮ ਨਿਸ਼ਾਨ, ਗੁਪਤ ਗਾਏ ਅਨਹਦ ਵਾਜਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਏਕਾ ਮਾਰੇ ਸਾਚੀ ਵਾਜਿਆ। ਸੱਚੀ ਆਵਾਜ਼ ਬੋਲ ਜੈਕਾਰਾ, ਆਪ ਆਪਣਾ ਸ਼ਬਦ ਅਲਾਇੰਦਾ। ਗੁਰਮੁਖ ਸਾਜਨ ਸਚ ਦਵਾਰਾ, ਹਰਿ ਨਿਰੰਕਾਰਾ ਆਪ ਵਖਾਇੰਦਾ। ਮਿਲਿਆ ਮੇਲ ਕੰਤ ਭਤਾਰਾ, ਨਰ ਨਰਾਇਣ ਦਰ ਸੁਹਾਇੰਦਾ। ਦੂਸਰ ਕੋਇ ਨਾ ਦਿਸੇ ਸਹਾਰਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਦੇਵਣਹਾਰਾ ਜਗਤ ਵਰ, ਦਰ ਆਏ ਸਵਾਲੀ ਨਾ ਜਾਣ ਖ਼ਾਲੀ, ਖ਼ਾਲੀ ਹੱਥ ਨਾ ਕੋਇ ਵਖਾਇੰਦਾ। ਖ਼ਾਲੀ ਹੱਥ ਇਕ ਨਿਰੰਕਾਰ, ਸ੍ਰਿਸ਼ਟ ਸਬਾਈ ਭੰਡਾਰ ਭਰਾਇੰਦਾ। ਬਣਿਆ ਰਹੇ ਸਦਾ ਵਰਤਾਰ, ਜੁਗ ਜੁਗ ਸੇਵ ਕਮਾਇੰਦਾ। ਲੋਕਮਾਤ ਲਏ ਅਵਤਾਰ, ਗੁਰਮੁਖ ਸਾਚੇ ਮੇਲ ਮਿਲਾਇੰਦਾ। ਜੂਠਾ ਝੂਠਾ ਤੋੜ ਗੜ੍ਹ ਹੰਕਾਰ, ਹਉਮੇ ਹੰਗਤਾ ਬੁਰਜ ਢਾਇੰਦਾ। ਸਤਿ ਅਸਤਿ ਪਾਵੇ ਸਾਰ, ਸਤਿਗੁਰ ਆਪਣਾ ਨਾਉਂ ਰਖਾਇੰਦਾ। ਬ੍ਰਹਮ ਮੱਤ ਕਰ ਵਿਚਾਰ, ਗੁਰਮਤ ਇਕ ਸਮਝਾਇੰਦਾ। ਪੰਜ ਤਤ ਕਰ ਖਵਾਰ, ਸਾਚੇ ਵੱਤ ਬੀਜ ਬੀਜਾਇੰਦਾ। ਨਾਮ ਫੁਲਵਾੜੀ ਅਪਰ ਅਪਾਰ, ਘਰ ਘਰ ਆਪ ਸੁਹਾਇੰਦਾ। ਕਲਜੁਗ ਅੰਤਮ ਖੇਲ ਅਪਾਰ, ਜੋਤੀ ਜਾਮਾ ਭੇਖ ਵਟਾਇੰਦਾ। ਏਕਾ ਸ਼ਬਦ ਬੋਲ ਜੈਕਾਰ, ਗੀਤ ਸੁਹਾਗੀ ਸੋਹੰ ਗਾਇੰਦਾ। ਬ੍ਰਹਮ ਬ੍ਰਹਿਮਾਦੀ ਪਾਵੇ ਸਾਰ, ਪਾਰਬ੍ਰਹਮ ਪ੍ਰਭ ਵੇਸ ਵਟਾਇੰਦਾ। ਜੁਗਾਂ ਜੁਗਾਂ ਦੀ ਹਰਿ ਜੀ ਕਾਰ, ਕਰਨੀ ਕਰਤਾ ਕਾਰ ਕਮਾਇੰਦਾ। ਸੰਤ ਸੁਹੇਲੇ ਜਾਏ ਤਾਰ, ਤ੍ਰੈਗੁਣ ਮਾਇਆ ਅਤੀਤ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕੰਕਾਰਾ ਖੇਲ ਅਪਾਰਾ, ਨਿਰਗੁਣ ਧਾਰਾ ਵਿਚ ਸੰਸਾਰਾ, ਆਪਣੀ ਆਪ ਬੰਧਾਇੰਦਾ। ਸਾਚੀ ਧਾਰ ਪੁਰਖ ਅਕਾਲ, ਲੋਕਮਾਤ ਚਲਾਈਆ। ਏਕਾ ਸ਼ਬਦ ਇਕ ਪਿਆਰ, ਇਕ ਦਵਾਰ ਚਾਰ ਵਰਨ ਵਖਾਈਆ। ਸ਼ੱਤਰੀ ਬ੍ਰਹਿਮਣ ਸ਼ੂਦਰ ਵੈਸ਼ ਇਕ ਦੂਜੇ ਨੂੰ ਨਾ ਕਰਨ ਖ਼ੁਆਰ, ਜ਼ਾਤ ਅਜ਼ਾਤੀ ਮੇਟ ਮਿਟਾਈਆ। ਮੁਸਲਮ ਸਿੱਖ ਹਿੰਦੂ ਈਸਾਈ ਇਕ ਦੂਜੇ ਨੂੰ ਨਾ ਦੇਵਣ ਦੁਰਕਾਰ, ਦਰ ਦਰਵਾਜ਼ਾ ਇਕ ਵਖਾਈਆ। ਸਿੱਖ ਨਾਲ ਸਿੱਖ ਲੜੇ ਹੋਏ ਗਵਾਰ, ਅੰਮ੍ਰਿਤ ਰਸ ਨਾ ਕੋਇ ਚਖਾਈਆ। ਜਗਤ ਦੁਹਾਗਣ ਨਾਰ ਵਿਭਚਾਰ, ਜੋ ਬੈਠੀ ਕੰਤ ਭੁਲਾਈਆ। ਆਤਮ ਸੇਜਾ ਨਾ ਸਕੀ ਸ਼ੰਗਾਰ, ਆਪਣਾ ਘਰ ਨਾ ਆਪ ਸੁਹਾਈਆ। ਆਪਣੀਆਂ ਭੁਜਾਂ ਨਾ ਸਕੀ ਉਭਾਰ, ਚਤਰਭੁਜ ਨਾ ਮੇਲ ਮਿਲਾਈਆ। ਦਰ ਦਰ ਕੂਕੇ ਕਰੇ ਪੁਕਾਰ, ਬਿਨ ਸਤਿਗੁਰ ਪੂਰੇ ਕੋਇ ਨਾ ਸੁਣਨੇ ਪਾਈਆ। ਏਕਾ ਓਟ ਰੱਖੋ ਨਿਰੰਕਾਰ, ਗੁਰ ਨਾਨਕ ਗਿਆ ਸਮਝਾਈਆ। ਕਿਸੇ ਦਰ ਨਾ ਮੰਗੋ ਬਣ ਭਿਖਾਰ, ਆਪਣੇ ਘਰ ਵਿਚ ਘਰ ਆਪਣਾ ਖੋਲ੍ਹ ਖੁਲਾਈਆ। ਜਿਸ ਜਨ ਮਿਲੇ ਆਪ ਨਿਰੰਕਾਰ, ਸ੍ਰਿਸ਼ਟ ਸਬਾਈ ਪਿਛੇ ਫਿਰੇ ਹਲਕਾਈਆ । ਗੁਰਸਿੱਖ ਆਪਣਾ ਸਿਰ ਗੁਰ ਚਰਨਾਂ ਉਤੋਂ ਵਾਰ, ਗੁਰ ਤੇਰੀ ਲੋਕਮਾਤ ਕਰੇ ਰੁਸ਼ਨਾਈਆ । ਸਿੱਖੀ ਸਿਦਕ ਸਿੱਖ ਕਰ ਵਿਚਾਰ, ਸਾਖੀਆਂ ਪੜ੍ਹ ਪੜ੍ਹ ਨਾ ਵਕਤ ਗਵਾਈਆ। ਵਾਲੋਂ ਨਿਕੀ ਧਾਰੋਂ ਤਿਖੀ ਰੱਖੀ ਆਪ ਕਰਤਾਰ, ਗੁਰ ਗੋਬਿੰਦ ਇਹ ਸਮਝਾਈਆ। ਜੋ ਚੜ੍ਹੇ ਬੇੜੇ ਸੋ ਉਤਰੇ ਪਾਰ, ਸਤਿਗੁਰ ਪੂਰਾ ਪਾਰ ਕਰਾਈਆ। ਸੋਹੇ ਸੀਸ ਸੱਚੀ ਦਸਤਾਰ, ਸਮਰਥ ਹੱਥ ਆਪ ਟਿਕਾਈਆ। ਉਚੀ ਪਦਵੀ ਦੇਵੇ ਆਪ ਨਿਰੰਕਾਰ, ਮਾਨਸ ਜ਼ਾਤ ਕੀ ਦਏ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣਾ ਭਾਣਾ ਆਪ ਵਰਤਾਈਆ। ਹਰਿ ਭਾਣਾ ਬਲਵਾਨ, ਭੇਵ ਨਾ ਆਇੰਦਾ। ਭੁੱਲੇ ਜੀਵ ਨਾਦਾਨ, ਲੇਖਾ ਲੇਖ ਨਾ ਕੋਇ ਜਣਾਇੰਦਾ। ਹਰਿ ਸੱਚਾ ਵਾਲੀ ਦੋ ਜਹਾਨ, ਨਿਰਗੁਣ ਸਰਗੁਣ ਖੇਲ ਖਿਲਾਇੰਦਾ। ਜੁਗ ਜੁਗ ਪ੍ਰਗਟ ਹੋਵੇ ਵਿਚ ਜਹਾਨ, ਆਪ ਆਪਣਾ ਨਾਉਂ ਰਖਾਇੰਦਾ। ਗੁਰਮੁਖ ਸਾਚੇ ਕਰ ਪ੍ਰਵਾਨ, ਸਿਰ ਆਪਣਾ ਹੱਥ ਟਿਕਾਇੰਦਾ। ਬਚਿਤਰ ਸਿੰਘ ਬਾਲ ਨਾਦਾਨ, ਗੁਰ ਗੋਬਿੰਦ ਦਇਆ ਕਮਾਇੰਦਾ। ਮਸਤ ਗਜ ਹੋਇਆ ਹੈਰਾਨ, ਭੱਜ ਭੱਜ ਜਾਨ ਬਚਾਇੰਦਾ। ਸਤਿਗੁਰ ਪੂਰਾ ਦੇਵਣਹਾਰਾ ਸਰਬ ਗਿਆਨ, ਕਿਸੇ ਦੀ ਸਿਖਿਆ ਵਿਚ ਨਾ ਆਇੰਦਾ। ਘਟ ਘਟ ਵੇਖੇ ਮਾਰ ਧਿਆਨ, ਕਵਣ ਸਚ ਕਵਣ ਝੂਠ ਕਵਣ ਜੂਠ ਵਣਜ ਵਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣੀ ਦਇਆ ਕਮਾਇੰਦਾ। ਦਇਆਵਾਨ ਹਰਿ ਭਗਵਾਨ, ਦੂਸਰ ਹੋਰ ਨਾ ਕੋਏ ਵਖਾਈਆ। ਭੀਖਮ ਵਖਾਏ ਦੋ ਨਿਸ਼ਾਨ, ਹਿੰਦੂ ਮੁਸਲਮ ਭਾਈ ਭਾਈਆ। ਅੰਤਮ ਕਲਜੁਗ ਖੇਲ ਮਹਾਨ, ਹਰਿ ਕਾ ਭੇਵ ਨਾ ਕੋਇ ਪਾਈਆ। ਸਭ ਦਾ ਮੇਟਨ ਆਇਆ ਨਿਸ਼ਾਨ, ਏਕਾ ਇਕ ਦਏ ਵਖਾਈਆ। ਨਾ ਕੋਈ ਹਿੰਦੂ ਨਾ ਕੋਈ ਮੁਸਲਮਾਨ, ਸਿੱਖ ਈਸਾਈ ਨਾ ਕੋਈ ਜਣਾਈਆ। ਸਰਬ ਜੀਆਂ ਦਾ ਇਕ ਨਿਗਹਬਾਨ, ਆਦਿ ਅੰਤ ਅਖਵਾਈਆ। ਦੇਵਣਹਾਰਾ ਪੀਣ ਖਾਣ, ਵਿਸ਼ਨੂੰ ਵੰਸ ਤੇਰੀ ਵਡਿਆਈਆ। ਬ੍ਰਹਮਾ ਅੰਸ ਵੇਖ ਨਿਸ਼ਾਨ, ਬ੍ਰਹਮ ਬ੍ਰਹਮ ਕਰੇ ਕੁੜਮਾਈਆ। ਸ਼ੰਕਰ ਬਖਸ਼ੇ ਚਰਨ ਧਿਆਨ, ਅੰਤਮ ਲੇਖਾ ਲੇਖ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਰੂਪ ਦਰਸਾਈਆ। ਏਕਾ ਰੂਪ ਹਰਿ ਦਰਸਾਵਨਾ, ਸਤਿਜੁਗ ਸਾਚਾ ਰਾਹ ਚਲਾਇੰਦਾ। ਚਾਰ ਵਰਨਾਂ ਇਕ ਕਰਾਵਨਾ, ਦੀਨ ਮਜ਼੍ਹਬ ਨਾ ਕੋਇ ਰਖਾਇੰਦਾ। ਏਕਾ ਢੋਲਾ ਸਭ ਨੇ ਗਾਵਨਾ, ਨਾਮ ਜੈਕਾਰਾ ਏਕਾ ਲਾਇੰਦਾ। ਪੁਰਖ ਅਕਾਲ ਇਕ ਮੰਨਾਵਣਾ, ਦੂਸਰ ਇਸ਼ਟ ਨਾ ਕੋਏ ਵਖਾਇੰਦਾ। ਨਿਰਗੁਣ ਰੂਪ ਸਰਬ ਧਿਆਵਨਾ, ਸਰਗੁਣ ਪੂਜਾ ਆਪ ਮਿਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਨਿਰਗੁਣ ਦਾਤਾ ਪੁਰਖ ਬਿਧਾਤਾ ਮੇਟਣਹਾਰ ਅੰਧੇਰੀ ਰਾਤਾ, ਸਤਿਜੁਗ ਸਾਚਾ ਚੰਦ ਚੜ੍ਹਾਇੰਦਾ। ਸਤਿਜੁਗ ਸਾਚੀ ਹਰਿ ਹਰਿ ਧਾਰ, ਆਪਣੀ ਆਪ ਚਲਾਈਆ। ਕਲ ਕਲਕੀ ਕਲ ਲੈ ਅਵਤਾਰ, ਕਾਲਖ ਟਿੱਕਾ ਦਏ ਮਿਟਾਈਆ। ਜੂਠੀ ਝੂਠੀ ਮੇਟ ਸਰਕਾਰ, ਵੇਖਣਹਾਰਾ ਸਾਚੀ ਸ਼ਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਹਰਿਜਨ ਸਾਚੇ ਰਿਹਾ ਉਠਾਈਆ। ਹਰਿਜਨ ਉਠਾਇਆ ਦਇਆ ਕਮਾਇਆ, ਸਿਰ ਆਪਣਾ ਹੱਥ ਰਖਾਇੰਦਾ। ਫੜ ਫੜ ਬਾਹੋਂ ਰਾਹੇ ਪਾਇਆ ਮੋਹ ਚੁਕਾਇਆ, ਮਾਇਆ ਮਮਤਾ ਮੇਟ ਮਿਟਾਇੰਦਾ। ਸਾਚੀ ਸੰਗਤਾ ਮੇਲ ਮਿਲਾਇਆ, ਹਉਮੇ ਹੰਗਤਾ ਗੜ੍ਹ ਤੁੜਾਇਆ, ਏਕਾ ਦੂਜਾ ਭੌ ਗਵਾਇੰਦਾ। ਗਰੀਬ ਨਿਮਾਣਾ ਭੁੱਖਾ ਨੰਗਤਾ ਗਲੇ ਲਗਾਇਆ, ਆਪ ਆਪਣੀ ਗੋਦ ਉਠਾਇਆ, ਚਾਰ ਵਰਨਾਂ ਏਕਾ ਰੰਗ ਰੰਗਾਇੰਦਾ । ਸਗਲਾ ਸਾਬੀ ਬਣ ਕੇ ਆਇਆ, ਆਪਣਾ ਤਾਣਾ ਤਣ ਕੇ ਆਇਆ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ ਨਾਉਂ ਰਖਾਇੰਦਾ। ਸਗਲਾ ਸੰਗ ਸੂਰਾ ਸਰਬੰਗ, ਆਪਣਾ ਆਪ ਨਿਭਾਇੰਦਾ। ਨਾਮ ਮਰਦੰਗ ਵਿਚ ਬ੍ਰਹਿਮੰਡ, ਦੋ ਜਹਾਨਾ ਆਪ ਵਜਾਇੰਦਾ। ਮੇਟਣਹਾਰਾ ਭੇਖ ਪਖੰਡ, ਜੂਠ ਝੂਠ ਵੱਢੇ ਕੰਡ, ਏਕਾ ਖੰਡਾ ਹੱਥ ਉਠਾਇੰਦਾ। ਏਕਾ ਨਾਮ ਚੰਡ ਪਰਚੰਡ ਵੰਡੀ ਜਾਏ ਸਾਚੀ ਵੰਡ, ਗੁਰਮੁਖ ਮਨਮੁਖ ਆਪ ਆਪਣੇ ਮਾਰਗ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਪੰਚਮ ਸਾਲ ਸਾਲ ਬਸਾਲਾ, ਖੇਲੇ ਖੇਲ ਪੁਰਖ ਅਕਾਲਾ, ਛੱਬੀ ਪੋਹ ਹੋ ਦਿਆਲਾ, ਗੁਰਮੁਖ ਉਠਾਏ ਸਾਚੇ ਲਾਲਾ, ਰੰਗ ਚੜ੍ਹਾਏ ਇਕ ਗੁਲਾਲਾ, ਉਤਰ ਕਦੇ ਨਾ ਜਾਇੰਦਾ। ਛੱਬੀ ਪੋਹ ਵੀਹ ਸਦ ਸੋਲਾਂ, ਸਾਚਾ ਦਿਵਸ ਸੁਹਾਵਨਾ। ਪੁਰਖ ਅਬਿਨਾਸ਼ੀ ਘਟ ਘਟ ਵਾਸੀ, ਆਪਣਾ ਪੜਦਾ ਓਹਲਾ ਆਪੇ ਲਾਹਵਨਾ। ਆਪਣਾ ਬਦਲੇ ਆਪੇ ਚੋਲਾ, ਹਾੜ੍ਹ ਸਤਾਰਾਂ ਲਿਖਿਆ ਲੇਖ ਪੂਰ ਕਰਾਵਨਾ। ਨੌਂ ਖੰਡ ਪ੍ਰਿਥਮੀ ਸੱਤਾਂ ਦੀਪਾਂ ਲਖ ਚੁਰਾਸੀ ਬਣੇ ਤੋਲਾ, ਨਾਮ ਕੰਡਾ ਹੱਥ ਉਠਾਵਨਾ। ਆਪੇ ਬਣਿਆ ਰਿਹਾ ਭਾਲਾ ਭੋਲਾ, ਆਪੇ ਸ਼ੈਤਾਨ ਸ਼ੈਤਾਨਾ ਰੂਪ ਵਟਾਵਨਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਪੁਰਖ ਅਪਰੰਪਰ ਸਵਾਮੀ, ਕਰੇ ਖੇਲ ਹਰਿ ਨੇਹਕਾਮੀ, ਨੇਹਕਰਮੀ ਨਾਉਂ ਧਰਾਵਨਾ। ਨੇਹਕਰਮੀ ਹਰਿ ਭਗਵੰਤ, ਕਰਮ ਕਾਂਡ ਨਾ ਕੋਇ ਵਖਾਇੰਦਾ। ਗੁਰਮੁਖ ਉਧਾਰੇ ਸਾਚਾ ਸੰਤ, ਸਤਿਗੁਰ ਆਪਣਾ ਨਾਉਂ ਉਪਜਾਇੰਦਾ। ਦਰਗਾਹ ਸਾਚੀ ਮੇਲਾ ਹਰਿ ਸਾਚੇ ਕੰਤ, ਗੁਰਮੁਖ ਨਾਰੀ ਆਪ ਹੰਢਾਇੰਦਾ। ਕਾਇਆ ਚੋਲੀ ਚਾੜ੍ਹੇ ਰੰਗ ਬਸੰਤ, ਉਤਰ ਕਦੇ ਨਾ ਜਾਇੰਦਾ। ਆਪੇ ਆਦਿ ਆਪੇ ਅੰਤ, ਮਧ ਆਪਣਾ ਖੇਲ ਖਿਲਾਇੰਦਾ। ਆਪਣੀ ਮਹਿਮਾ ਜਾਣੇ ਅਗਣਤ, ਕਲਜੁਗ ਅੰਤ ਆਪਣਾ ਭੇਵ ਖੁਲਾਇੰਦਾ। ਲੱਖ ਚੁਰਾਸੀ ਬਣਾਏ ਬਣਤ, ਆਪੇ ਅੰਤਮ ਢਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਨਰ ਨਾਰ ਆਪ ਸਮਝਾਇੰਦਾ।