ਪਹਿਲੀ ਭਾਦਰੋਂ ੨੦੧੬ ਬਿਕ੍ਰਮੀ ਜੇਠੂਵਾਲ ਦਰਬਾਰ ਵਿਚ ਦਇਆ ਹੋਈ
ਆਦਿ ਜੁਗਾਦੀ ਏਕਓਅੰਕਾਰ, ਅਕਲ ਕਲਾ ਕਲ ਧਾਰੀਆ। ਖੇਲੇ ਖੇਲ ਅਗੰਮ ਅਪਾਰ, ਨਿਰਗੁਣ ਜੋਤ ਨੂਰ ਅਪਾਰੀਆ। ਅਲੱਖ ਨਿਰੰਜਣ ਭੇਵ ਨਿਆਰ, ਰੂਪ ਅਨੂਪ ਆਪ ਅਖਵਾ ਰਿਹਾ। ਵਸਣਹਾਰਾ ਧਾਮ ਨਿਆਰ, ਭੇਵ ਅਭੇਦਾ ਭੇਵ ਛੁਪਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਖੇਲ ਖਿਲਾ ਰਿਹਾ। ਖੇਲਣਹਾਰਾ ਹਰਿ ਭਗਵਾਨ, ਏਕਾ ਏਕ ਅਖਵਾਇੰਦਾ। ਆਦਿ ਜੁਗਾਦੀ ਖੇਲ ਮਹਾਨ, ਜੁਗ ਜੁਗ ਵੇਸ ਵਟਾਇੰਦਾ। ਜੋਤੀ ਦੀਪਕ ਜੋਤ ਨੁਰਾਨ, ਨੂਰੋ ਨੂਰ ਡਗਮਗਾਇੰਦਾ। ਏਕਾ ਵਸੇ ਸਚ ਮਕਾਨ, ਘਰ ਸਾਚਾ ਇਕ ਸੁਹਾਇੰਦਾ। ਏਕਾ ਪੁਰਖ ਇਕ ਸੁਲਤਾਨ, ਏਕਾ ਨਾਉਂ ਧਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣੀ ਕਲ ਵਰਤਾਇੰਦਾ। ਆਪਣੀ ਕਲ ਹਰਿ ਵਰਤੰਤਾ, ਏਕਾ ਰੂਪ ਸਮਾਈਆ। ਖੇਲੇ ਖੇਲ ਸ੍ਰੀ ਭਗਵੰਤਾ, ਲੇਖਾ ਲੇਖ ਨਾ ਕੋਇ ਜਣਾਈਆ। ਆਪ ਬਣਾਏ ਆਪਣੀ ਬਣਤਾ, ਆਪਣੇ ਹੱਥ ਰੱਖੇ ਵਡਿਆਈਆ। ਆਪੇ ਪੁਰਖ ਨਾਰੀ ਕੰਤਾ, ਆਪ ਆਪਣਾ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਜੁਗਾਦੀ ਆਪ ਅਖਵਾਈਆ। ਆਦਿ ਜੁਗਾਦੀ ਇਕ ਇਕੱਲਾ, ਏਕਓਅੰਕਾਰ ਸਮਾਇੰਦਾ। ਵਸਣਹਾਰਾ ਸਚ ਮਹੱਲਾ, ਏਕਾ ਘਰ ਵਖਾਇੰਦਾ। ਨੇਹਚਲ ਧਾਮ ਉਚ ਅਟੱਲਾ, ਦਿਸ ਕਿਸੇ ਨਾ ਆਇੰਦਾ। ਨਿਰਗੁਣ ਆਸਣ ਆਪੇ ਮੱਲਾ, ਸਚ ਸਿੰਘਾਸਣ ਆਪ ਸੁਹਾਇੰਦਾ। ਆਪੇ ਫੜਿਆ ਆਪਣਾ ਪੱਲਾ, ਆਪੇ ਮੇਲ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਨੂਰ ਡਗਮਗਾਇੰਦਾ। ਨਿਰਗੁਣ ਜੋਤ ਜੋਤ ਅਕਾਲਾ, ਏਕਾ ਰੰਗ ਸਮਾਇਆ। ਆਦਿ ਜੁਗਾਦੀ ਦੀਨ ਦਿਆਲਾ, ਭੇਵ ਕੋਇ ਨਾ ਪਾਇਆ। ਆਪਣੀ ਕਰੇ ਆਪ ਪ੍ਰਿਤਪਾਲਾ, ਪ੍ਰਿਤਪਾਲਕ ਨਾਉਂ ਰਖਾਇਆ। ਵਸਣਹਾਰਾ ਸਚ ਸੱਚੀ ਧਰਮਸਾਲਾ, ਸਾਚਾ ਮੰਦਰ ਆਪ ਸੁਹਾਇਆ। ਆਦਿ ਸ਼ਕਤੀ ਜੋਤ ਜਵਾਲਾ, ਏਕਾ ਡਗਮਗਾਇਆ। ਨੂਰੋ ਨੂਰ ਖ਼ੁਦਾ ਤੁਆਲਾ, ਬੇਐਬ ਪਰਵਰਦਿਗਾਰ ਆਪ ਅਖਵਾਇਆ। ਆਪੇ ਖੇਲੇ ਖੇਲ ਨਿਰਾਲਾ, ਖੇਲਣਹਾਰ ਦਿਸ ਨਾ ਆਇਆ। ਚਲੇ ਚਲਾਏ ਆਪਣੀ ਚਾਲਾ, ਚਾਲ ਨਿਰਾਲੀ ਆਪ ਰਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਨਿਰੰਜਣ ਨਾਉਂ ਰਖਾਇਆ। ਆਦਿ ਨਿਰੰਜਣ ਨਾਉਂ ਰੱਖ, ਹਰਿ ਕਰਤਾ ਕਰਨੀ ਕਮਾਇੰਦਾ। ਆਪੇ ਨਿਰਗੁਣ ਹੋ ਪਰਤੱਖ, ਆਪੇ ਡਗਮਗਾਇੰਦਾ। ਆਪਣੇ ਆਪਣੇ ਦਰ ਜਗਾਏ ਅਲੱਖ, ਅਲੱਖ ਅਲੱਖਣਾ ਆਪ ਹੋ ਜਾਇੰਦਾ। ਆਪੇ ਜਾਣੇ ਆਪਣਾ ਪੱਖ, ਦੂਜਾ ਦਰ ਨਾ ਕੋਇ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਇਕ ਇਕੱਲਾ ਵੇਸ ਵਟਾਇੰਦਾ। ਇਕ ਇਕੱਲਾ ਪੁਰਖ ਅਬਿਨਾਸ਼ਾ, ਏਕਾ ਰੰਗ ਸਮਾਈਆ। ਆਪੇ ਖੇਲੇ ਖੇਲ ਤਮਾਸ਼ਾ, ਨਾ ਕੋਈ ਦੂਸਰ ਸੰਗ ਜਣਾਈਆ। ਆਪੇ ਮੰਡਲ ਪਾਵੇ ਰਾਸਾ, ਆਪੇ ਰਚਨ ਰਚਾਈਆ। ਆਪੇ ਸ਼ਾਹੋ ਭੂਪ ਸ਼ਾਹ ਸ਼ਾਬਾਸ਼ਾ, ਸਚ ਸੁਲਤਾਨ ਆਪ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੋਤੀ ਨੂਰ ਆਪ ਹੋ ਜਾਈਆ। ਆਪੇ ਜੋਤੀ ਨੂਰ ਉਜਾਲਾ, ਹਰਿ ਹਰਿ ਵੱਡੀ ਵਡਿਆਈਆ। ਆਪੇ ਖੇਲੇ ਖੇਲ ਨਿਰਾਲਾ, ਖੇਲਣਹਾਰ ਬੇਪਰਵਾਹੀਆ। ਆਪ ਵਜਾਏ ਆਪਣਾ ਤਾਲਾ, ਤਾਲ ਤਲਵਾੜਾ ਆਪਣੇ ਹੱਥ ਰਖਾਈਆ। ਆਪਣੀ ਘਾਲੇ ਆਪੇ ਘਾਲਾ, ਆਪੇ ਘੋਲੀ ਘੋਲ ਘੁੰਮਾਈਆ। ਆਪੇ ਜਾਣੇ ਆਪਣੀ ਮਾਲਾ, ਆਪੇ ਫੇਰਾ ਫਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਵੇਸ ਵਟਾਈਆ। ਵੇਸ ਵਟਾਏ ਪਾਰਬ੍ਰਹਮ, ਭੇਵ ਅਭੇਵ ਛੁਪਾਇਆ। ਮਾਤ ਗਰਭ ਨਾ ਪਏ ਜੰਮ, ਪਿਤਾ ਪੂਤ ਨਾ ਕੋਇ ਰਖਾਇਆ। ਨਾ ਕੋਈ ਪਵਣ ਸਵਾਸੀ ਦਮ, ਨੇਤਰ ਨੀਰ ਨਾ ਕੋਇ ਵਹਾਇਆ। ਹੱਡ ਮਾਸ ਨਾ ਨਾੜੀ ਚੰਮ, ਰਕਤ ਬੂੰਦ ਨਾ ਕੋਇ ਧਰਾਇਆ। ਵਸਣਹਾਰਾ ਧਾਮ ਅਗੰਮ, ਅਗੰਮੜੀ ਖੇਲ ਖਲਾਇਆ। ਨਾ ਕੋਈ ਖ਼ੁਸ਼ੀ ਨਾ ਕੋਈ ਗ਼ਮ, ਆਲਸ ਨਿੰਦਰਾ ਵਿਚ ਨਾ ਆਇਆ। ਨਾ ਕੋਈ ਘੜੇ ਨਾ ਦੇਵੇ ਭੰਨ, ਘੜਣ ਭੰਨਣਹਾਰ ਆਪ ਅਖਵਾਇਆ। ਆਦਿ ਜੁਗਾਦੀ ਨਾ ਕੋਈ ਦੇਵੇ ਡੰਨ, ਨਾ ਕੋਈ ਹੁਕਮੀ ਹੁਕਮ ਫਿਰਾਇਆ । ਨਾ ਕਿਸੇ ਵਸੇਰਾ ਛੱਪਰੀ ਛੰਨ, ਚਾਰ ਦੀਵਾਰ ਨਾ ਕੋਇ ਬਣਾਇਆ। ਨਾ ਕੋਈ ਮਾਲ ਦਿਸੇ ਧੰਨ, ਵਣਜ ਵਣਜਾਰਾ ਨਾ ਕੋਇ ਕਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣਾ ਖੇਲ ਆਪ ਖਲਾਇਆ। ਆਪੇ ਖੇਲੇ ਖੇਲ ਪੁਰਖ ਸਮਰਥ, ਹਰਿ ਸਾਚੇ ਵਡ ਵਡਿਆਈਆ। ਆਪ ਚਲਾਏ ਆਪਣਾ ਰਥ, ਰਥ ਰਥਵਾਹੀ ਬੇਪਰਵਾਹੀਆ। ਆਪੇ ਜਾਣੇ ਮਹਿਮਾ ਅਕੱਥ, ਕਥਨੀ ਕਥ ਨਾ ਸਕੇ ਰਾਈਆ। ਆਪੇ ਜਾਣੇ ਆਪਣੀ ਵੱਥ, ਆਪਣੇ ਮੰਦਰ ਆਪ ਟਿਕਾਈਆ। ਆਪੇ ਬੰਨ੍ਹੇ ਆਪਣੀ ਗੱਠ, ਆਪੇ ਭਾਰ ਉੁਠਾਈਆ। ਆਪੇ ਗੇੜੇ ਆਪਣੀ ਲੱਠ, ਗੇੜਾ ਆਪਣੇ ਹੱਥ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਜੁਗਾਦੀ ਇਕ ਅਖਵਾਈਆ। ਆਦਿ ਜੁਗਾਦੀ ਹਰਿ ਸੁਲਤਾਨਾ, ਏਕਾ ਏਕ ਅਖਵਾਇੰਦਾ। ਪਾਰਬ੍ਰਹਮ ਪ੍ਰਭ ਸ੍ਰੀ ਭਗਵਾਨਾ, ਨਿਰਗੁਣ ਨੂਰ ਡਗਮਗਾਇੰਦਾ। ਨਾ ਕੋਈ ਮੰਦਰ ਨਾ ਮਕਾਨਾ, ਨਾ ਕੋਈ ਬਣਤ ਬਣਾਇੰਦਾ। ਖੇਲੇ ਖੇਲ ਦੋ ਜਹਾਨਾ, ਦਿਸ ਕਿਸੇ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣੀ ਜੁਗਤ ਧਰਾਇੰਦਾ। ਆਪਣੀ ਜੁਗਤ ਆਪੇ ਧਰ, ਆਪੇ ਵੇਖ ਵਖਾਈਆ। ਪੁਰਖ ਅਬਿਨਾਸ਼ੀ ਖੇਲ ਕਰ, ਕਰਨੀ ਕਰਤਾ ਕਰਮ ਕਮਾਈਆ। ਆਪਣੇ ਅੰਦਰ ਆਪੇ ਵੜ, ਆਪੇ ਵੇਖ ਵਖਾਈਆ। ਨਾ ਕੋਈ ਸੀਸ ਨਾ ਕੋਈ ਧੜ, ਨਾ ਕੋਈ ਤੱਤਵ ਤੱਤ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਪੁਰਖ ਅਕਾਲਾ ਦੀਨ ਦਿਆਲਾ, ਜੂਨੀ ਰਹਿਤ ਵਡ ਵਡਿਆਈਆ। ਜੂਨੀ ਰਹਿਤ ਹਰਿ ਕਰਤਾਰਾ, ਏਕਾ ਏਕ ਅਖਵਾਇੰਦਾ। ਆਦਿ ਜੁਗਾਦੀ ਖੇਲ ਅਪਾਰਾ, ਹਰਿ ਸਾਚਾ ਆਪ ਕਰਾਇੰਦਾ। ਕਰੇ ਕਰਾਏ ਕਰਨੇਹਾਰਾ, ਕਰਤਾ ਪੁਰਖ ਨਾਉਂ ਧਰਾਇੰਦਾ। ਏਕਾ ਵਸੇ ਸੱਚੇ ਘਰ ਬਾਹਰਾ, ਥਿਰ ਘਰ ਸਾਚੇ ਆਸਣ ਲਾਇੰਦਾ। ਸਚਖੰਡ ਸੋਹੇ ਬੰਕ ਦਵਾਰਾ, ਜੋਤੀ ਜੋਤ ਡਗਮਗਾਇੰਦਾ। ਸਚ ਸਿੰਘਾਸਣ ਅਪਰ ਅਪਾਰਾ, ਨਿਰਗੁਣ ਆਸਣ ਲਾਇੰਦਾ। ਨਾ ਕੋਈ ਦਿਸੇ ਚੋਬਦਾਰਾ, ਨਾ ਕੋਈ ਸੇਵਕ ਸੇਵ ਕਮਾਇੰਦਾ। ਨਾ ਕੋਈ ਸ਼ਾਹ ਸੁਲਤਾਨ ਦਿਸੇ ਸਿਕਦਾਰਾ, ਰਾਜ ਜੋਗ ਨਾ ਕੋਇ ਵਖਾਇੰਦਾ। ਨਾ ਕੋਈ ਰਵ ਸਸ ਸੂਰਜ ਚੰਨ ਸਤਾਰਾ, ਮੰਡਲ ਮੰਡਪ ਨਾ ਕੋਇ ਸੁਹਾਇੰਦਾ। ਨਾ ਕੋਈ ਗੁਰ ਪੀਰ ਅਵਤਾਰਾ, ਸਾਧ ਸੰਤ ਨਾ ਕੋਇ ਅਖਵਾਇੰਦਾ। ਲੱਖ ਚੁਰਾਸੀ ਨਾ ਕੋਈ ਸਹਾਰਾ, ਤ੍ਰੈਗੁਣ ਨਾ ਝੋਲੀ ਪਾਇੰਦਾ। ਪੰਜ ਤੱਤ ਨਾ ਕੋਇ ਭੰਡਾਰਾ, ਤ੍ਰੈ ਤ੍ਰੈ ਨਾ ਮੇਲ ਮਿਲਾਇੰਦਾ। ਦਸ ਪੰਜ ਨਾ ਕੋਇ ਵਿਹਾਰਾ, ਅੱਠ ਤੱਤ ਨਾ ਕੋਇ ਵਖਾਇੰਦਾ। ਨਾ ਕੋਈ ਖੋਲ੍ਹੇ ਨੌ ਦਰ ਕਿਵਾੜਾ, ਨਾ ਕੋਈ ਰੂਪ ਧਰਾਇੰਦਾ। ਨਾ ਕੋਈ ਸ਼ਬਦੀ ਸ਼ਬਦ ਜੈਕਾਰਾ, ਰਸਨਾ ਜੇਹਵਾ ਨਾ ਕੋਇ ਹਿਲਾਇੰਦਾ। ਨਾ ਕੋਈ ਸੱਜਣ ਮੀਤ ਮੁਰਾਰਾ, ਗੁਣ ਅਵਗੁਣ ਨਾ ਕੋਇ ਵਖਾਇੰਦਾ। ਨਾ ਕੋਈ ਨਾਰੀ ਕੰਤ ਭਤਾਰਾ, ਨਾ ਕੋਈ ਸੇਜ ਹੰਢਾਇੰਦਾ। ਨਾ ਕੋਈ ਬ੍ਰਹਮਾ ਵੇਦ ਉਚਾਰਾ, ਨਾ ਕੋਈ ਮੁਖ ਸਲਾਹਿੰਦਾ। ਨਾ ਕੋਈ ਵਿਸ਼ਨੂੰ ਕਵਲਾ ਧਾਰਾ, ਮੁੱਖੀ ਮੁਖ ਧਰਾਇੰਦਾ। ਨਾ ਕੋਈ ਸ਼ੰਕਰ ਕਰੇ ਸ਼ੰਘਾਰਾ, ਨਾ ਕੋਈ ਮੇਟ ਮਿਟਾਇੰਦਾ। ਆਦਿ ਜੁਗਾਦੀ ਏਕਓਅੰਕਾਰਾ, ਏਕਾ ਘਰ ਵਸਾਇੰਦਾ। ਥਿਰ ਘਰ ਬੈਠ ਸੱਚੀ ਸਰਕਾਰਾ, ਘਰ ਸਾਚੇ ਸੋਭਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੋਤੀ ਜੋਤ ਡਗਮਗਾਇੰਦਾ। ਆਪੇ ਜੋਤ ਨੂਰ ਉਜਿਆਰਾ, ਆਪੇ ਅੰਕ ਸਮਾਈਆ। ਆਪੇ ਖੇਲੇ ਖੇਲ ਅਪਾਰਾ, ਖੇਲਣਹਾਰ ਬੇਪਰਵਾਹੀਆ। ਆਪੇ ਅਗੰਮ ਅਲੱਖ ਵਸੇ ਵਸਣਹਾਰਾ, ਸਤਿ ਪੁਰਖ ਵੱਡੀ ਵਡਿਆਈਆ। ਆਪੇ ਸਚਖੰਡ ਖੋਲ੍ਹ ਕਿਵਾੜਾ, ਆਪ ਆਪਣਾ ਦਰ ਸੁਹਾਈਆ। ਆਪੇ ਬੈਠਾ ਸਾਚਾ ਲਾੜਾ, ਆਪੇ ਸੋਭਾ ਪਾਈਆ। ਆਪੇ ਵੇਖੇ ਇਕ ਅਖਾੜਾ, ਆਪੇ ਬਣਤ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਇਕ ਇਕੱਲਾ ਏਕਓਅੰਕਾਰਾ, ਨੂਰੋ ਨੂਰ ਨੂਰ ਉਜਿਆਰਾ, ਏਕਾ ਬੋਲ ਏਕਾ ਪੋਲ ਏਕਾ ਹੋਲ ਵਖਾਈਆ। ਏਕਾ ਸੋਲ ਹਰਿ ਨਿਰੰਕਾਰ, ਏਕਾ ਨੂਰ ਜਗਾਇੰਦਾ। ਏਕਾ ਪੋਲ ਕਰ ਤਿਆਰ, ਬ੍ਰਹਿਮੰਡ ਖੰਡ ਰਚਨ ਰਚਾਇੰਦਾ। ਚਾਰੋਂ ਕੁੰਟ ਦਏ ਹੁਲਾਰ, ਦਹਿ ਦਿਸ਼ਾ ਆਪ ਫਿਰਾਇੰਦਾ। ਆਪਣੀ ਕਰ ਆਪ ਵਿਚਾਰ, ਆਪੇ ਖੇਲ ਖਲਾਇੰਦਾ। ਆਪੇ ਬੰਨ੍ਹੇ ਆਪਣੀ ਧਾਰ, ਆਪੇ ਰਚਨ ਰਚਾਇੰਦਾ। ਆਪੇ ਵੇਖੇ ਵੇਖਣਹਾਰ, ਵੇਖਣਹਾਰਾ ਦਿਸ ਨਾ ਆਇੰਦਾ। ਆਪਣੇ ਅੰਦਰ ਲਾਏ ਪਾੜ, ਏਕਾ ਦਰ ਖੁਲ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਕਰਨੀ ਆਪ ਕਰਾਇੰਦਾ। ਏਕਾ ਸੋਲ ਹਰਿ ਪਰਕਾਸ਼ਾ, ਆਦਿ ਅੰਤ ਵੱਡੀ ਵਡਿਆਈਆ। ਆਪਣੇ ਪੋਲ ਪਾਏ ਰਾਸਾ, ਅਨਭੋਲ ਬੇਪਰਵਾਹੀਆ। ਆਪਣੀ ਹੋਲ ਖੋਲ੍ਹ ਕਰੇ ਰਾਸਾ, ਏਕਾ ਕਿਰਨ ਬਾਹਰ ਕਢਾਈਆ। ਏਕਾ ਕਿਰਨ ਪਾਵੇ ਰਾਸਾ, ਰਾਸ ਮੰਡਲ ਦਏ ਰਚਾਈਆ। ਬ੍ਰਹਿਮੰਡ ਖੰਡ ਪੂਰਨ ਆਸਾ, ਪੂਰੀ ਇਛਿਆ ਦਏ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਏਕ ਏਕ ਏਕ ਆਪ ਅਖਵਾਈਆ। ਏਕਾ ਏਕ ਇਕ ਟਿਕਾਣਾ, ਏਕਾ ਘਰ ਵਸਾਇੰਦਾ। ਏਕਾ ਭੂਪ ਇਕ ਸੁਲਤਾਨਾ, ਏਕਾ ਰਾਜ ਕਮਾਇੰਦਾ। ਏਕਾ ਮੰਦਰ ਇਕ ਮਕਾਨਾ, ਏਕਾ ਦਰ ਸੁਹਾਇੰਦਾ। ਏਕਾ ਰੂਪ ਸ੍ਰੀ ਭਗਵਾਨਾ, ਰੂਪ ਅਨੂਪ ਆਪ ਵਖਾਇੰਦਾ। ਏਕਾ ਰਾਗ ਇਕ ਤਰਾਨਾ, ਏਕਾ ਗੀਤ ਅਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਖੇਲ ਖਲਾਇੰਦਾ। ਖੇਲੇ ਖੇਲ ਹਰਿ ਭਗਵਾਨਾ, ਆਪਣੀ ਬਣਤ ਬਣਾਈਆ। ਆਪਣੀ ਕਿਰਨ ਕਰ ਪਰਵਾਨਾ, ਆਪੇ ਦਏ ਸਲਾਹੀਆ। ਆਪਣਾ ਮਾਰਗ ਆਪ ਵਖਾਣਾ, ਆਪੇ ਦਏ ਸਮਝਾਈਆ। ਆਪੇ ਚਤੁਰ ਸੁਘੜ ਸਿਆਣਾ, ਦਾਨੀ ਦਾਨਾ ਆਪ ਹੋ ਜਾਈਆ। ਆਪ ਹੋਇਆ ਜਾਣੀ ਜਾਣਾ, ਜਾਨਣਹਾਰ ਨਾਮ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਇਕ ਇਕੱਲਾ ਬੇਪਰਵਾਹ, ਆਪੇ ਜਾਣੇ ਸਚ ਸਲਾਹ ਸਿਫ਼ਤ ਸਲਾਹੀਆ। ਸਚ ਸਲਾਹ ਸਾਚੇ ਮੰਦਰ, ਹਰਿ ਆਪਣੀ ਆਪ ਰਖਾਇੰਦਾ। ਨਾ ਕੋਈ ਦੂਜਾ ਵੜੇ ਅੰਦਰ, ਨਾ ਕੋਈ ਸੰਗ ਨਿਭਾਇੰਦਾ। ਨਾ ਕੋਈ ਦੀਸੇ ਹੋਰ ਕੰਦਰ, ਨਾ ਕੋਈ ਰਚਨ ਵਖਾਇੰਦਾ। ਨਾ ਕੋਈ ਲਾਏ ਆਪਣਾ ਜੰਦਰ, ਨਾ ਕੋਈ ਤੋੜ ਤੁੜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੇ ਘਰ ਆਪੇ ਦੇਵੇ ਵਰ, ਨਰ ਨਰਾਇਣ ਆਪ ਹੋ ਆਇੰਦਾ। ਆਪੇ ਹਰਿ ਹਰਿ ਅਵਤਾਰਾ, ਆਪੇ ਰੰਗ ਸਮਾਇਆ। ਆਪੇ ਮੀਤ ਮੀਤ ਮੁਰਾਰਾ, ਆਪੇ ਮੇਲ ਮਿਲਾਇਆ। ਆਪੇ ਬੰਕ ਬੰਕ ਦਵਾਰਾ, ਬੰਕ ਦਵਾਰਾ ਆਪ ਸੁਹਾਇਆ। ਆਪੇ ਦੇਵਣਹਾਰਾ ਸਚ ਸਹਾਰਾ, ਆਪੇ ਸਾਚਾ ਸੰਗ ਨਿਭਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਦਰ ਆਪ ਖੁਲ੍ਹਾਇਆ। ਆਪਣਾ ਦਰ ਹਰਿ ਨਿਰੰਕਾਰ, ਏਕਾ ਏਕ ਖੁਲ੍ਹਾਈਆ। ਆਪਣੀ ਕਿਰਪਾ ਆਪੇ ਧਾਰ, ਆਪਣੀ ਵੰਡ ਵੰਡਾਈਆ। ਏਕਾ ਕਿਰਨ ਕਰ ਤਿਆਰ, ਆਪਣਾ ਅੰਗ ਕਟਾਈਆ। ਇਕ ਇਕ ਇਕ ਕਰ ਵਿਚਾਰ, ਏਕਾ ਰੰਗ ਸਮਾਈਆ। ਏਕਾ ਵਿਸ਼ਨ ਰੂਪ ਕਰਤਾਰ, ਆਪਣਾ ਆਪ ਵਟਾਈਆ। ਏਕਾ ਬ੍ਰਹਮ ਕਰ ਵਿਚਾਰ, ਪਾਰਬ੍ਰਹਮ ਨਾਉਂ ਧਰਾਈਆ। ਏਕਾ ਸ਼ੰਕਰ ਬੰਨ੍ਹੇ ਧਾਰ, ਸਾਖ਼ਯਾਤ ਬੇਪਰਵਾਹੀਆ। ਏਕਾ ਕਿਰਨ ਏਕਾ ਹਿੱਸਾ ਇਕ ਤਨ ਦੇਵੇ ਵਾੜ, ਤ੍ਰੈ ਤ੍ਰੈ ਮੂਲ ਚੁਕਾਈਆ। ਏਕਾ ਸ਼ਬਦ ਰਾਗ ਸੱਚੀ ਧੁਨਕਾਰ, ਸਚ ਸਤਾਰ ਹਿਲਾਈਆ । ਦੇਵਣਹਾਰਾ ਧੁਰ ਫ਼ਰਮਾਣ, ਆਪਣਾ ਹੁਕਮ ਜਣਾਈਆ। ਆਪੇ ਪਾਏ ਆਪਣੀ ਆਣ, ਵਡ ਦਾਤਾ ਆਪ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣਾ ਖੇਲ ਆਪਣਾ ਮੇਲ, ਆਪੇ ਮੇਲ ਮਿਲਾਈਆ। ਮੇਲ ਮਿਲਾਵਾ ਕਰਨੀ ਕਰਤਾ ਕਰ, ਆਪਣੀ ਕਲ ਵਰਤਾਇੰਦਾ। ਆਪਣੀ ਜੋਤ ਆਪੇ ਵਰ, ਆਪੇ ਜੋਤੀ ਨਾਉਂ ਰਖਾਇੰਦਾ। ਆਪ ਚੁਕਾਏ ਆਪਣਾ ਡਰ, ਆਪੇ ਭੈ ਮੁਕਾਇੰਦਾ। ਆਪੇ ਵਿਸ਼ਨੂੰ ਅੰਦਰ ਵੜ, ਆਪਣੀ ਧਾਰ ਬੰਨ੍ਹਾਇੰਦਾ। ਆਪੇ ਬ੍ਰਹਮਾ ਗਿਆ ਖੜ੍ਹ, ਆਪੇ ਵੇਖ ਵਖਾਇੰਦਾ। ਆਪੇ ਸ਼ੰਕਰ ਫੜਾਇਆ ਲੜ, ਆਪਣੇ ਪੌੜੇ ਆਪ ਚੜ੍ਹਾਇੰਦਾ। ਆਪ ਆਦਿ ਸ਼ਕਤ ਭਵਾਨੀ ਲਾਏ ਜੜ੍ਹ, ਘਰ ਸਾਚਾ ਆਪ ਸੁਹਾਇੰਦਾ। ਜੁਗਾ ਜੁਗੰਤਰ ਵੇਸ ਧਰ, ਦਰ ਦਰਵੇਸ਼ਾ ਨਾਉਂ ਧਰਾਇੰਦਾ। ਨਾ ਜਨਮੇ ਨਾ ਜਾਏ ਮਰ, ਜੀਵਤ ਮਰਨ ਨਾ ਕੋਇ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਖੇਲ ਖਲਾਇੰਦਾ। ਖੇਲਣਹਾਰਾ ਖੇਲ ਖਿਲਾੜੀ, ਏਕਾ ਏਕ ਅਖਵਾਈਆ। ਆਦਿ ਜੁਗਾਦਿ ਜੋਤ ਨਿਰੰਕਾਰੀ, ਨਿਰਗੁਣ ਨਾਉਂ ਵਟਾਈਆ। ਸ਼ਾਹੋ ਭੂਪ ਸੁਲਤਾਨ ਵਡ ਸਿਕਦਾਰੀ, ਸਾਚਾ ਸੰਗ ਆਪ ਨਿਭਾਈਆ। ਆਪੇ ਜਾਣੇ ਆਪਣੀ ਕਾਰੀ, ਆਪੇ ਕਿਰਤ ਕਮਾਈਆ। ਆਪੇ ਵਿਸ਼ਨ ਬ੍ਰਹਮਾ ਸ਼ਿਵ ਦਏ ਆਧਾਰੀ, ਆਪੇ ਜੋਤ ਜੋਤ ਸਮਾਈਆ। ਆਪੇ ਵਸੇ ਧਾਮ ਨਿਆਰੀ, ਅਡੋਲ ਅਡੁਲ ਆਪ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਵਰ ਦਾਤਾ ਆਪ ਅਖਵਾਈਆ। ਆਪੇ ਦਾਤਾ ਦਰ ਭੰਡਾਰੀ, ਆਪੇ ਹਰਿ ਵਰਤਾਇੰਦਾ। ਆਪੇ ਖੋਲ੍ਹ ਸਚ ਦਵਾਰੀ, ਸਾਚੀ ਵਸਤ ਆਪ ਵਿਕਾਇੰਦਾ। ਆਪੇ ਸ਼ਬਦ ਨਾਮ ਜੈਕਾਰੀ, ਆਪੇ ਰਾਗ ਅਲਾਇੰਦਾ। ਆਪੇ ਢੋਲਾ ਗਾਵੇ ਵਡ ਸੰਸਾਰੀ, ਆਪੇ ਸਿਫ਼ਤ ਸਲਾਹਿੰਦਾ। ਆਪੇ ਵੇਸ ਅਨੇਕਾ ਕਰੇ ਅਕਲ ਕਲ ਧਾਰੀ, ਕੁਲਵੰਤਾ ਆਪ ਅਖਵਾਇੰਦਾ। ਆਪੇ ਨਿਰਗੁਣ ਜੋਤ ਉਜਿਆਰੀ, ਆਪੇ ਸਰਗੁਣ ਮੇਲ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੋਤੀ ਨੂਰ ਆਪ ਅਖਵਾਇੰਦਾ। ਜੋਤੀ ਨੂਰ ਨਿਰਾਕਾਰ, ਨਿਰਗੁਣ ਵਡ ਵਡਿਆਈਆ। ਆਪਣਾ ਖੇਲ ਆਪੇ ਕਰ, ਤ੍ਰੈ ਤ੍ਰੈ ਮੇਲ ਮਿਲਾਈਆ। ਬ੍ਰਹਮਾ ਵਿਸ਼ਨ ਸ਼ਿਵ ਫੜਾਇਆ ਲੜ, ਆਪ ਆਪਣਾ ਲੜ ਬੰਧਾਈਆ। ਆਪੇ ਅੰਦਰ ਬੈਠਾ ਵੜ, ਗੁਪਤ ਜ਼ਾਹਰ ਆਪ ਹੋ ਜਾਈਆ। ਆਪਣੀ ਵਿਦਿਆ ਆਪੇ ਪੜ੍ਹ, ਆਪੇ ਕਰੇ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕ ਨਾਮ ਸ਼ਬਦ ਨਿਸ਼ਾਨ, ਦੋ ਜਹਾਨ ਆਪਣਾ ਆਪ ਝੁਲਾਈਆ। ਆਪੇ ਨਿਰਗੁਣ ਹਰਿ ਭਗਵਾਨਾ, ਆਪੇ ਜੋਤ ਜਗਾਇੰਦਾ। ਆਪੇ ਜੋਤ ਵਿਸ਼ਨ ਮਹਾਨਾ, ਆਪੇ ਵੇਸ ਧਰਾਇੰਦਾ। ਆਪੇ ਬ੍ਰਹਮਾ ਦੇਵੇ ਮਾਣਾ, ਆਪ ਆਪਣਾ ਰੂਪ ਵਟਾਇੰਦਾ। ਆਪੇ ਸ਼ੰਕਰ ਮੇਲ ਮਿਲਾਣਾ, ਆਪ ਆਪਣੀ ਬਣਤ ਬਣਾਇੰਦਾ। ਆਪੇ ਹੋਏ ਵਡ ਪਰਧਾਨਾ, ਸਚ ਪਰਧਾਨਗੀ ਆਪ ਕਮਾਇੰਦਾ। ਆਪੇ ਦੇਵੇ ਧੁਰ ਫ਼ਰਮਾਣਾ, ਆਪੇ ਹੁਕਮ ਸੁਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਏਕਾ ਸਿਖਿਆ ਪਾਏ ਭਿਛਿਆ, ਸਾਚੀ ਝੋਲੀ ਆਪ ਭਰਾਇੰਦਾ। ਏਕਾ ਬ੍ਰਹਮ ਕਰ ਉਜਿਆਰਾ, ਹਰਿ ਹਰਿ ਬਣਤ ਬਣਾਈਆ। ਦੀਵਾ ਬਾਤੀ ਖੇਲ ਅਪਾਰਾ, ਆਪਣਾ ਆਪ ਜਗਾਈਆ। ਦਿਵਸ ਰੈਣ ਰਹੇ ਉਜਿਆਰਾ, ਸੂਰਜ ਚੰਨ ਨਾ ਕੋਇ ਚੜ੍ਹਾਈਆ। ਖੇਲੇ ਖੇਲ ਅਗੰਮ ਅਪਾਰਾ, ਭੇਵ ਅਭੇਦਾ ਭੇਵ ਛੁਪਾਈਆ। ਆਪਣਾ ਸ਼ਬਦ ਸੱਚੀ ਧੁਨਕਾਰਾ, ਰਾਗ ਅਨਾਦੀ ਇਕ ਸੁਣਾਈਆ। ਏਕਾ ਕਿਰਨ ਸਚ ਬੀਠਲੋ ਅਪਾਰ, ਸਾਰੰਗ ਧਰ ਭਗਵਾਨ ਆਪਣੀ ਆਪ ਉਪਾਈਆ। ਬ੍ਰਹਮਾ ਵੇਖੇ ਮਾਰ ਧਿਆਨ, ਕਵਣ ਦਾਤਾ ਬੇਪਰਵਾਹੀਆ। ਪੁਰਖ ਅਬਿਨਾਸ਼ੀ ਨੌਜਵਾਨ, ਬਿਰਧ ਬਾਲ ਨਾ ਕੋਇ ਵਖਾਈਆ। ਅੱਗੇ ਖੜੇ ਸ੍ਰੀ ਭਗਵਾਨ, ਜੋਤੀ ਨੂਰ ਦਰਸ ਦਿਖਾਈਆ। ਚਰਨ ਕਵਲ ਇਕ ਧਿਆਨ, ਏਕਾ ਮਤ ਸਮਝਾਈਆ। ਪੂਤ ਸਪੂਤੇ ਖੋਲ੍ਹ ਦੁਕਾਨ, ਤੇਰਾ ਹੱਟ ਵਿਕਾਈਆ। ਖੇਲੇ ਖੇਲ ਦੋ ਜਹਾਨ, ਲੋਕਮਾਤ ਦਏ ਵਡਿਆਈਆ। ਤ੍ਰੈਗੁਣ ਮਾਇਆ ਕਰ ਪਰਧਾਨ, ਤੇਰੇ ਪੱਲੇ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਜੁਗਾਦਿ ਸ਼ਬਦ ਬ੍ਰਹਿਮਾਦ, ਅਨਾਦ ਅਨਾਦੀ ਤਾਲ ਵਜਾਈਆ। ਵੱਜੇ ਨਾਦੀ ਤਾਲ, ਹਰਿ ਵਜਾਇੰਦਾ। ਖੇਲੇ ਖੇਲ ਦੀਨ ਦਿਆਲ, ਭੇਵ ਕੋਇ ਨਾ ਪਾਇੰਦਾ। ਆਪੇ ਚਲੇ ਆਪਣੀ ਚਾਲ, ਚਾਲ ਨਿਰਾਲੀ ਇਕ ਰਖਾਇੰਦਾ। ਬ੍ਰਹਮਾ ਵੇਤਾ ਕਰੇ ਕਰਾਏ ਪ੍ਰਿਤਪਾਲ, ਪ੍ਰਿਤਪਾਲਕ ਆਪ ਹੋ ਜਾਇੰਦਾ। ਤੇਰੇ ਫਲ ਲਗਾਏ ਡਾਲ, ਲੱਖ ਚੁਰਾਸੀ ਫਲ ਫੁਲਵਾੜੀ ਆਪ ਲਗਾਇੰਦਾ। ਤੇਰਾ ਰੂਪ ਕਾਇਆ ਮੰਦਰ ਸੱਚੀ ਧਰਮਸਾਲ, ਸਾਚੇ ਮੰਦਰ ਆਪ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਜੁਗਾਦੀ ਖੇਲ ਕਰ, ਕਰਨੀ ਕਰਤਾ ਕਰਮ ਕਮਾਇੰਦਾ। ਬ੍ਰਹਮਾ ਵੇਤਾ ਦਰਸ਼ਨ ਪਾ, ਨਿਉਂ ਨਿਉਂ ਸੀਸ ਝੁਕਾਇੰਦਾ। ਪਾਰਬ੍ਰਹਮ ਪ੍ਰਭ ਬੇਪਰਵਾਹ, ਤੇਰਾ ਭੇਵ ਕੋਇ ਨਾ ਪਾਇੰਦਾ। ਤੇਰੀ ਸਿਫ਼ਤ ਤੇਰੀ ਸਲਾਹ, ਤੇਰਾ ਤੇਰੀ ਗਾਇੰਦਾ। ਤੇਰਾ ਬਣਿਆ ਜਗਤ ਮਲਾਹ, ਤੇਰਾ ਮਾਰਗ ਲਾਇੰਦਾ। ਤੇਰਾ ਨਾਮ ਨਾਮ ਧਰਾ, ਨਾਮ ਨਾਮਾ ਵਣਜ ਵਖਾਇੰਦਾ। ਪੂਰਨ ਇਛਿਆ ਕਾਮ ਕਰਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣੀ ਸੇਵਾ ਆਪੇ ਲਾਇੰਦਾ। ਸੇਵਕ ਸੇਵਾ ਸਾਚੀ ਲਾ, ਹਰਿ ਹਰਿ ਸ਼ਬਦ ਜਣਾਈਆ। ਬ੍ਰਹਮਾ ਵੇਤਾ ਨੈਣ ਰਿਹਾ ਉਠਾ, ਏਕਾ ਅੱਖ ਖੁਲ੍ਹਾਈਆ। ਨਿਰਗੁਣ ਦਾਤਾ ਰਿਹਾ ਸਮਝਾ, ਸਾਚੀ ਸਿਖਿਆ ਇਕ ਸਮਝਾਈਆ। ਤੇਰਾ ਰਥ ਦਿਆਂ ਚਲਾ, ਚਾਰੋਂ ਕੁੰਟ ਆਪ ਫਿਰਾਈਆ। ਤੇਰੀ ਅੰਸ ਉਪਾ, ਸਾਚਾ ਬੰਸ ਸੁਹਾਈਆ। ਲੱਖ ਚੁਰਾਸੀ ਬਣਤ ਬਣਾ, ਬਾਵਨ ਮੁਖ ਛੁਪਾਈਆ। ਰਾਗ ਰਾਗਨੀ ਰਹੇ ਗਾ, ਛੱਤੀ ਰਾਗ ਭੇਵ ਨਾ ਆਈਆ। ਸੋਭਾਵੰਤ ਬੇਪਰਵਾਹ, ਘਰ ਬੈਠਾ ਵੇਖ ਵਖਾਈਆ। ਵੇਖ ਵਖਾਏ ਸਾਚਾ ਥਾਂ, ਸਚਖੰਡ ਦਵਾਰਾ ਇਕ ਸੁਹਾਈਆ। ਲੋਆਂ ਪੁਰੀਆਂ ਰਚਨ ਰਚਾ, ਬ੍ਰਹਿਮੰਡ ਖੰਡ ਬਣਤ ਬਣਾਈਆ। ਮੰਡਲ ਮੰਡਪ ਦਏ ਸੁਹਾ, ਰਵ ਸਸ ਕਰੇ ਰੁਸ਼ਨਾਈਆ। ਗਹਿਰ ਗੰਭੀਰ ਡੇਰਾ ਲਾ, ਅਲੱਖ ਨਿਰੰਜਣ ਅਲੱਖ ਜਗਾਈਆ। ਸੁਨ ਅਗੰਮੀ ਵੇਖ ਵਖਾ, ਸੁਨ ਸਮਾਧ ਆਪ ਹੋ ਜਾਈਆ। ਲੱਖ ਚੁਰਾਸੀ ਵੇਸ ਵਟਾ, ਨੌ ਦਸ ਗਿਆਰਾਂ ਬੀਸ ਤੀਸ ਚਾਰ ਕਰੇ ਕੁੜਮਾਈਆ। ਪੰਜ ਤੱਤ ਮੇਲਾ ਮੇਲ ਮਿਲਾ, ਤ੍ਰੈਗੁਣ ਵੱਜੇ ਵਧਾਈਆ। ਮਨ ਮਤ ਬੁੱਧ ਵਿਚ ਟਿਕਾ, ਆਪੇ ਵੇਖ ਵਖਾਈਆ। ਨੌ ਦਵਾਰੇ ਖੋਲ੍ਹ ਖੁਲ੍ਹਾ, ਖ਼ਾਲਕ ਖ਼ਲਕ ਵੇਖ ਵਖਾਈਆ। ਦਸਵੇ ਡੇਰਾ ਆਪੇ ਲਾ, ਨਿਰਗੁਣ ਜੋਤ ਨੂਰ ਕਰੇ ਰੁਸ਼ਨਾਈਆ। ਬ੍ਰਹਮ ਬ੍ਰਹਮ ਬ੍ਰਹਮ ਸਰਬ ਦਏ ਜਣਾ, ਅਨਭਵ ਪਰਕਾਸ਼ ਕਰਾਈਆ। ਅਕਾਲ ਮੂਰਤ ਵੇਖ ਵਖਾ, ਜਾਗਰਤ ਜੋਤ ਕਰੇ ਰੁਸ਼ਨਾਈਆ। ਸ਼ਬਦ ਅਨਾਦੀ ਇਕ ਵਜਾ, ਅਨਹਦ ਤਾਲ ਵਜਾਈਆ। ਡੂੰਘੀ ਕਵਰੀ ਪਾਰ ਕਰਾ, ਆਪਣੇ ਮਾਰਗ ਲਾਈਆ। ਸਚ ਸੁਨੇਹੜਾ ਦਏ ਸੁਣਾ, ਏਕਾ ਢੋਲਾ ਗਾਈਆ। ਅੰਮ੍ਰਿਤ ਆਤਮ ਜਾਮ ਦਏ ਪਿਆ, ਸਰ ਸਰੋਵਰ ਇਕ ਸੁਹਾਈਆ। ਪੰਚ ਵਿਕਾਰਾ ਦਏ ਮਿਟਾ, ਕਾਮ ਕਰੋਧ ਲੋਭ ਮੋਹ ਹੰਕਾਰ ਨਾ ਹੋਏ ਹਲਕਾਈਆ। ਆਸਾ ਤ੍ਰਿਸ਼ਨਾ ਦਏ ਗਵਾ, ਸਾਂਤਕ ਸਤਿ ਸਤਿ ਵਰਤਾਈਆ। ਆਪਣੀ ਬੂਝ ਦਏ ਬੁਝਾ, ਸਚ ਬੁਝਾਰਤ ਏਕਾ ਪਾਈਆ। ਬ੍ਰਹਮਾ ਵੇਤਾ ਮੇਲ ਮਿਲਾ, ਬ੍ਰਹਮ ਬ੍ਰਹਮ ਵੇਖ ਵਖਾਈਆ। ਬ੍ਰਹਮ ਬ੍ਰਹਮ ਬ੍ਰਹਮ ਚੜ੍ਹਿਆ ਚਾਅ, ਵੇਲੇ ਅੰਤ ਵੱਜੀ ਵਧਾਈਆ। ਮਿਲਿਆ ਦਾਤਾ ਬੇਪਰਵਾਹ, ਘਰ ਸਾਚੇ ਖ਼ੁਸ਼ੀ ਮਨਾਈਆ। ਪਾਰਬ੍ਰਹਮ ਪ੍ਰਭ ਪਕੜੇ ਬਾਂਹ, ਆਪਣੇ ਕੰਧ ਉਠਾਈਆ। ਕਰੇ ਕਰਾਏ ਸਚ ਨਿਆਂ, ਜੁਗ ਜੁਗ ਵੱਡੀ ਵਡਿਆਈਆ। ਸਤਿਜੁਗ ਵੇਖੇ ਸਾਚਾ ਥਾਂ, ਬਾਵਨ ਭੇਖਾਧਾਰੀ ਭੇਖ ਵਟਾਈਆ। ਰਾਮ ਰਮੱਯਾ ਆਪ ਅਖਵਾ, ਤ੍ਰੇਤੇ ਤ੍ਰੈਗੁਣ ਲੇਖੇ ਲਾਈਆ। ਕਾਹਨਾ ਕੰਸਾ ਜੋਤ ਜਗਾ, ਸਹੰਸ ਸਹੰਸਾ ਮੇਟ ਮਿਟਾਈਆ। ਨਾਨਕ ਗੋਬਿੰਦ ਖੇਲ ਖਿਲਾ, ਆਪ ਆਪਣਾ ਹੁਕਮ ਚਲਾਈਆ। ਈਸਾ ਮੂਸਾ ਵੇਖ ਵਖਾ, ਕਾਲਾ ਸੂਸਾ ਤਨ ਛੁਹਾਈਆ । ਸੰਗ ਮੁਹੰਮਦ ਚਾਰ ਯਾਰ ਏਕਾ ਰੰਗ ਰੰਗਾ, ਏਕਾ ਪੱਲੂ ਰਿਹਾ ਫੜਾਈਆ। ਏਕਾ ਮੰਤਰ ਨਾਮ ਦ੍ਰਿੜਾ, ਓਅੰ ਰੂਪ ਆਪ ਹੋ ਜਾਈਆ। ਨਮੋ ਦੇਵ ਆਪ ਅਖਵਾ, ਵਾਸਤਕ ਵੇਸ ਰਿਹਾ ਵਟਾਈਆ। ਆਪੇ ਵਿਸ਼ਨੂੰ ਪੂਜ ਪੁਜਾ, ਚਤੁਰਭੁਜ ਆਪ ਹੋ ਜਾਈਆ। ਆਪੇ ਬ੍ਰਹਮਾ ਬ੍ਰਹਮ ਸਮਾ, ਆਪ ਆਪਣਾ ਰੰਗ ਰੰਗਾਈਆ। ਆਪੇ ਸ਼ੰਕਰ ਲੇਖ ਲਿਖਾ, ਆਪੇ ਦਏ ਮਿਟਾਈਆ। ਆਪੇ ਵੇਦਾਂ ਵੇਦ ਜਣਾ, ਆਪੇ ਚਾਰ ਮੁਖ ਸਲਾਹੀਆ। ਆਪੇ ਸ਼ਾਸਤਰ ਸਿਮਰਤ ਰਿਹਾ ਸਮਾ, ਪੁਰਾਨ ਪੁਰਾਨੀ ਆਪੇ ਗਾਈਆ। ਆਪੇ ਗੀਤਾ ਗਿਆਨ ਰਿਹਾ ਦ੍ਰਿੜਾ, ਆਪਣੀ ਭਿਛਿਆ ਝੋਲੀ ਪਾਈਆ। ਆਪੇ ਅੰਜੀਲ ਕੁਰਾਨਾ ਰਹੇ ਅਲਾ, ਅਲੀ ਅੱਲਾ ਆਪ ਹੋ ਜਾਈਆ। ਆਪੇ ਖਾਣੀ ਬਾਣੀ ਡੇਰਾ ਲਾ, ਨਾਨਕ ਗੋਬਿੰਦ ਜੋਤ ਸਮਾਈਆ। ਪਾਰਬ੍ਰਹਮ ਪ੍ਰਭ ਬੇਪਰਵਾਹ, ਭੇਵ ਕੋਇ ਨਾ ਪਾਈਆ। ਆਦਿ ਜੁਗਾਦੀ ਰਹੇ ਗਾ, ਜੁਗ ਜੁਗ ਰਹੇ ਸਲਾਹੀਆ। ਬ੍ਰਹਮਾ ਵਿਸ਼ਨ ਸ਼ਿਵ ਸੀਸ ਨਵਾ, ਦੋਏ ਜੋੜ ਪੜਨ ਸਰਨਾਈਆ। ਸਤਿਜੁਗ ਤ੍ਰੇਤਾ ਦੁਆਪਰ ਵੇਖ ਵਖਾ, ਨੌ ਪੰਜ ਕਰੇ ਲੜਾਈਆ। ਕਲਜੁਗ ਅੰਤਮ ਵੇਸ ਵਟਾ, ਚੌਦਾਂ ਤਬਕਾਂ ਖੇਲ ਖਲਾਈਆ। ਚੌਦਾਂ ਤਬਕਾਂ ਭੇਵ ਚੁਕਾ, ਭਾਂਡਾ ਭਰਮ ਦਏ ਭੰਨਾਈਆ। ਨੌ ਦਵਾਰੇ ਮੁਹੰਮਦ ਗਿਆ ਗਾ, ਪੰਜ ਤੱਤ ਨਾਲ ਰਲਾਈਆ । ਚੌਦਾਂ ਤਬਕ ਕਾਇਆ ਵਿਚ ਮਿਲਾ, ਕਾਇਆ ਗੜ੍ਹ ਕੋਟ ਸੁਹਾਈਆ। ਦੇਵੇ ਸੁਨੇਹੜਾ ਬੇਪਰਵਾਹ, ਇਜ਼ਰਾਈਲ ਜ਼ਬਰਾਈਲ ਮੇਕਾਈਲ ਅਸਰਾਫ਼ੀਲ ਸੰਗ ਰਲਾਈਆ। ਮੁਲਾਂ ਸ਼ੇਖ਼ ਮੁਸਾਇਕ ਪੀਰ ਭੇਵ ਨਾ ਸਕੇ ਕੋਈ ਪਾ, ਕੁਤਬ ਗੌਂਸ ਨਾ ਕਰੇ ਜਣਾਈਆ। ਅੱਲਾ ਹੂ ਨਾਅਰਾ ਰਹੇ ਲਾ, ਹੂ ਹੂ ਕੂਕੇ ਖ਼ਲਕ ਖ਼ੁਦਾਈਆ। ਬਿਸਮਿਲ ਹੋਏ ਨਾ ਕੋਈ ਗਿਆ ਸਮਾ, ਬਿਸਮਲ ਦਿਸ ਕਿਸੇ ਨਾ ਆਈਆ। ਐਨਲਹੱਕ ਨਾ ਨਾਮ ਲਿਆ ਰਖਾ, ਹੱਕ ਹਕੀਕਤ ਨਾ ਖੋਜ ਖੁਜਾਈਆ। ਮੁਕਾਮੇ ਹੱਕ ਇਕ ਖ਼ੁਦਾ, ਬੈਠਾ ਬੇਪਰਵਾਹੀਆ। ਸੰਗ ਮੁਹੰਮਦ ਚਾਰ ਯਾਰੀ ਰਿਹਾ ਸਮਝਾ, ਚੌਦਾਂ ਚੌਦਾਂ ਵੇਖ ਵਖਾਈਆ। ਚੌਦਾਂ ਦਾਤਾ ਆਪ ਅਖਵਾ, ਕਲਜੁਗ ਅੰਤਮ ਵੇਸ ਵਟਾਈਆ। ਪੰਜ ਤੱਤ ਵਿਕਾਰਾ ਦਏ ਗਵਾ, ਆਪ ਆਪਣੀ ਰਚਨ ਰਚਾਈਆ। ਬਾਲ ਅੰਞਾਣੇ ਅੱਗੇ ਲਾ, ਏਕਾ ਮਤ ਸਮਝਾਈਆ। ਬ੍ਰਹਮ ਮਤ ਹਰਿ ਵੇਖ ਵਿਖਾ, ਗੁਰਮਤ ਕਰੇ ਪੜ੍ਹਾਈਆ। ਸਿੰਘ ਮਨਜੀਤਾ ਦਏ ਸਲਾਹ, ਪੰਜ ਤੱਤ ਰਹਿਣ ਨਾ ਪਾਈਆ। ਪੁਰਖ ਅਬਿਨਾਸ਼ੀ ਖੇਲ ਖਿਲਾ, ਸਾਚੀ ਬਣਤ ਬਣਾਈਆ। ਸਿੰਘ ਜਗਦੀਸ਼ਾ ਸੇਵਾ ਲਾ, ਸਾਚੀ ਖ਼ੁਸ਼ੀ ਮਨਾਈਆ। ਨੌ ਦਵਾਰੇ ਖੋਲ੍ਹ ਖੁਲ੍ਹਾ, ਸਾਚੀ ਵੰਡ ਵੰਡਾਈਆ। ਨੌ ਪੰਜ ਚੌਦਾਂ ਏਕਾ ਧਾਮ ਬਹਾ, ਚੌਦਾਂ ਤਬਕ ਦਏ ਵਖਾਈਆ। ਗੁਰਸਿਖ ਕੋਈ ਭੁੱਲੇ ਨਾ, ਵਡ ਦਾਤਾ ਹਰਿ ਬੇਪਰਵਾਹੀਆ। ਸਚ ਸਿੰਘਾਸਣ ਆਸਣ ਲਾ, ਥਿਰ ਘਰ ਵਾਸਨ ਵੇਸ ਵਟਾਈਆ। ਪੁਰਖ ਅਬਿਨਾਸ਼ੀ ਜੋਤ ਜਗਾ, ਲੱਖ ਚੁਰਾਸੀ ਵੇਖ ਵਖਾਈਆ। ਪ੍ਰਿਥਮੀ ਅਕਾਸ਼ ਫੇਰਾ ਪਾ, ਗਗਨ ਮੰਡਲ ਰਿਹਾ ਫਿਰਾਈਆ। ਬ੍ਰਹਮਾ ਵਿਸ਼ਨ ਰਿਹਾ ਉਠਾ, ਸੋਇਆ ਕੋਇ ਰਹਿਣ ਨਾ ਪਾਈਆ। ਸ਼ੰਕਰ ਤੇਰੀ ਸੇਵਾ ਲਾ, ਸਾਚੀ ਮਤ ਰਿਹਾ ਸਮਝਾਈਆ। ਕਰੋੜ ਤੇਤੀਸਾ ਰਹਿਣਾ ਨਾ, ਸੁਰਪਤ ਰਾਜਾ ਦਏ ਦੁਹਾਈਆ। ਗਣ ਗੰਧਰਬ ਨਾ ਕੋਇ ਰਿਹਾ ਗਾ, ਕਿਨਰ ਯਛਪ ਨਾ ਕੋਇ ਗਾਈਆ । ਨੌ ਖੰਡ ਪ੍ਰਿਥਮੀ ਵੇਸ ਵਟਾ, ਸੱਤਾਂ ਦੀਪਾਂ ਕਰੇ ਰੁਸ਼ਨਾਈਆ। ਏਕਓਅੰਕਾਰਾ ਏਕਾ ਏਕ ਖ਼ੁਦਾ, ਖ਼ਾਲਕ ਖ਼ਲਕ ਆਪ ਹੋ ਜਾਈਆ। ਏਕਾ ਏਕ ਰਾਮ ਰਹੀਮ ਆਪ ਅਖਵਾ, ਏਕਾ ਨੂਰ ਕਰੇ ਰੁਸ਼ਨਾਈਆ। ਏਕਾ ਕਾਹਨਾ ਬੰਸਰੀ ਡੰਕ ਵਜਾ, ਏਕਾ ਗੀਤਾ ਗਿਆਨ ਦ੍ਰਿੜਾਈਆ। ਏਕਾ ਖਾਣੀ ਬਾਣੀ ਭੇਵ ਖੁਲ੍ਹਾ, ਅੰਜੀਲ ਕੁਰਾਨਾ ਏਕਾ ਗਾਈਆ। ਏਕਾ ਗੁਰ ਪੀਰ ਅਵਤਾਰ ਸਾਧ ਸੰਤ ਲਏ ਬਣਾ, ਆਦਿ ਜੁਗਾਦਿ ਵੱਡੀ ਵਡਿਆਈਆ। ਜੁਗਾ ਜੁਗੰਤਰ ਰੱਖੇ ਥਾਉਂ ਥਾਂ, ਥਾਨ ਥਨੰਤਰ ਆਪ ਸੁਹਾਈਆ । ਆਪੇ ਜਾਣੇ ਆਪਣਾ ਮੰਤਰ, ਬ੍ਰਹਮਾ ਮਨਵੰਤਰ ਭੇਵ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਸੋਲ ਏਕਾ ਪੋਲ ਏਕਾ ਹੋਲ ਵਖਾਈਆ। ਏਕਾ ਹੋਲ ਕਿਰਨ ਉਜਾਲਾ, ਹਰਿ ਹਰਿ ਮੁਖ ਖੁਲ੍ਹਾਇੰਦਾ। ਪਾਰਬ੍ਰਹਮ ਪ੍ਰਭ ਭੇਵ ਨਿਰਾਲਾ, ਵੇਦ ਕਤੇਬ ਨਾ ਕੋਇ ਜਣਾਇੰਦਾ। ਇਕ ਇਕੱਲਾ ਨਿਰਾਕਾਰ ਨਿਰਗੁਣ ਧਾਰ, ਨੂਰੋ ਨੂਰ ਨੂਰ ਡਗਮਗਾਇੰਦਾ। ਕਲਜੁਗ ਅੰਤਮ ਲੈ ਅਵਤਾਰ, ਚੌਥੇ ਜੁਗ ਵੇਸ ਵਟਾਇੰਦਾ। ਚੌਥੇ ਜੁਗ ਚੌਥੀ ਧਾਰੀ, ਹਰਿ ਹਰਿ ਚਾਲ ਚਲਾਈਆ। ਕਲਜੁਗ ਕੂੜੀ ਕਿਰਿਆ ਮੇਟੇ ਸੰਸਾਰੀ, ਜੂਠ ਝੂਠ ਰਹਿਣ ਨਾ ਪਾਈਆ। ਨਾ ਕੋਈ ਦੀਸੇ ਜੀਵ ਹੰਕਾਰੀ, ਹਉਮੇ ਹੰਗਤਾ ਗੜ੍ਹ ਤੁੜਾਈਆ। ਮੇਟ ਮਿਟਾਏ ਪੰਚ ਵਿਕਾਰੀ, ਪੰਚਮ ਨਾਤਾ ਤੋੜ ਤੁੜਾਈਆ। ਸ਼ਾਹ ਸੁਲਤਾਨਾਂ ਕਰੇ ਖ਼ੁਵਾਰੀ, ਰਾਜ ਰਾਜਾਨ ਨਾ ਕੋਇ ਅਖਵਾਈਆ। ਨੌ ਸਤ ਜੋਤ ਨਿਰੰਕਾਰੀ, ਏਕਾ ਡੰਕ ਵਜਾਈਆ। ਏਕਾ ਹੁਕਮ ਧੁਰ ਫ਼ਰਮਾਣ ਸੱਚੀ ਸਿਕਦਾਰੀ, ਏਕਾ ਮਾਰਗ ਲਾਈਆ। ਚਾਰ ਵਰਨ ਸੋਹਨ ਇਕ ਦਵਾਰੀ, ਏਕਾ ਬੰਕ ਸੁਹਾਈਆ। ਏਕਾ ਖੰਡਾ ਤੇਜ਼ ਕਟਾਰੀ, ਏਕਾ ਨਾਮ ਹੱਥ ਉਠਾਈਆ। ਵਰਤੇ ਵਰਤਾਵੇ ਆਪਣੀ ਵਾਰੀ, ਜੁਗ ਜੁਗ ਵੇਸ ਅਨੇਕ ਕਰਾਈਆ। ਕਲਜੁਗ ਕੂਕੇ ਰੋਵੇ ਜ਼ਾਰੋ ਜ਼ਾਰੀ, ਚਾਰੋਂ ਕੁੰਟ ਦਏ ਦੁਹਾਈਆ। ਸ੍ਰਿਸ਼ਟ ਸਬਾਈ ਧੂਆਂਧਾਰੀ, ਸਚ ਗਿਆਨ ਨਾ ਕੋਇ ਦ੍ਰਿੜਾਈਆ। ਸਾਧ ਸੰਤ ਸੁਰਤ ਨਾਰ ਹੋਈ ਵਿਭਚਾਰੀ, ਸਾਚਾ ਕੰਤ ਨਾ ਕੋਇ ਹੰਢਾਈਆ। ਆਤਮ ਬ੍ਰਹਮ ਨਾ ਬੰਨ੍ਹੇ ਕੋਈ ਧਾਰੀ, ਬ੍ਰਹਮ ਬ੍ਰਹਮ ਨਾ ਕੋਇ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਰਚਨਾ ਆਪ ਰਚਾਈਆ। ਜੁਗ ਰਚਨਾ ਹਰਿ ਆਪੇ ਰਚ, ਆਪੇ ਵੇਖ ਵਖਾਇੰਦਾ। ਆਪੇ ਬ੍ਰਹਮਾ ਵਿਸ਼ਨ ਸਚ, ਆਪੇ ਸਚ ਸਮਾਇੰਦਾ। ਆਪੇ ਤੋਲਣਹਾਰਾ ਕਚ, ਏਕਾ ਕੰਡਾ ਹੱਥ ਉਠਾਇੰਦਾ। ਆਪੇ ਭੇਖ ਪਖੰਡਾ ਨੌ ਦਵਾਰੇ ਰਿਹਾ ਨੱਚ, ਆਪੇ ਸਚ ਘਰ ਆਸਣ ਲਾਇੰਦਾ। ਆਪੇ ਤ੍ਰੈਗੁਣ ਮਾਇਆ ਅਗਨੀ ਰਿਹਾ ਮੱਚ, ਆਪੇ ਅੰਮ੍ਰਿਤ ਧਾਰ ਵਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਏਕਾ ਬ੍ਰਹਮ ਸਰਬ ਸਮਝਾਇੰਦਾ। ਬ੍ਰਹਮ ਪਸਾਰਾ ਹਰਿ ਅਵਤਾਰਾ, ਬ੍ਰਹਮ ਬ੍ਰਹਮ ਜਣਾਈਆ। ਬ੍ਰਹਮ ਸ਼ਬਦ ਭਰ ਭੰਡਾਰਾ, ਬ੍ਰਹਮ ਝੋਲੀ ਪਾਈਆ। ਬ੍ਰਹਮ ਰੂਪ ਨਿਰਗੁਣ ਧਾਰਾ, ਬ੍ਰਹਮ ਨਿਰਗੁਣ ਵਿਚ ਸਮਾਈਆ। ਨਿਰਗੁਣ ਬ੍ਰਹਮ ਹੋ ਉਜਿਆਰਾ, ਸਰਗੁਣ ਕਰੇ ਕੁੜਮਾਈਆ। ਸਰਗੁਣ ਬ੍ਰਹਮ ਪੰਜ ਤੱਤ ਪਿਆਰਾ, ਕਾਇਆ ਚੋਲਾ ਇਕ ਹੰਢਾਈਆ। ਬੂੰਦ ਰਕਤ ਹੱਡ ਮਾਸ ਨਾੜੀ ਗਾਰਾ, ਲਹੂ ਮਿਝ ਆਪ ਉਪਾਈਆ। ਅੰਦਰ ਵੜ ਕਰੇ ਖੇਲ ਅਪਾਰਾ, ਦਿਸ ਕਿਸੇ ਨਾ ਆਈਆ। ਜੁਗ ਜੁਗ ਹਰਿਜਨ ਮੇਲੇ ਵਿਚ ਸੰਸਾਰਾ, ਜਨ ਭਗਤਾਂ ਦਰਸ ਦਖਾਈਆ। ਹਰਿਜਨ ਉਤਰੇ ਪਾਰ ਕਿਨਾਰਾ, ਮੰਝਧਾਰ ਨਾ ਕੋਇ ਰੁੜ੍ਹਾਈਆ। ਕਲਜੁਗ ਡੂੰਘਾ ਸਾਗਰ ਦਿਸੇ ਗਾਰਾ, ਗਹਿਰ ਗੰਭੀਰ ਇਕ ਅਖਵਾਈਆ। ਅੰਤਮ ਆਇਆ ਅੰਤ ਕਿਨਾਰਾ, ਅੰਤ ਅੰਤ ਭਗਵੰਤ ਵੇਖ ਵਖਾਈਆ। ਏਕਾ ਮੰਤ ਨਾਮ ਜੈਕਾਰਾ, ਏਕਾ ਅੱਖਰ ਕਰੇ ਪੜ੍ਹਾਈਆ। ਸੋ ਪੁਰਖ ਨਿਰੰਜਣ ਬਣ ਵਣਜਾਰਾ, ਸਾਚਾ ਵਣਜ ਕਰਾਈਆ। ਹੰ ਬ੍ਰਹਮ ਇਕ ਉਧਾਰਾ, ਏਕਾ ਦਰ ਸੁਹਾਈਆ। ਸੋਹੰ ਰੂਪ ਆਪ ਕਰਤਾਰਾ, ਬ੍ਰਹਮ ਪਾਰਬ੍ਰਹਮ ਸਮਾਈਆ । ਪਾਰਬ੍ਰਹਮ ਪ੍ਰਭ ਖੇਲ ਅਪਾਰਾ, ਅਟੱਲ ਮਹੱਲ ਬੈਠਾ ਆਸਣ ਲਾਈਆ। ਬ੍ਰਹਮ ਬ੍ਰਹਮ ਬ੍ਰਹਮ ਕਰ ਪਸਾਰਾ, ਆਪ ਉਪਜਾਏ ਆਪੇ ਮੇਟ ਮਿਟਾਏ, ਆਪਣਾ ਗੇੜਾ ਆਪ ਚਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਿਰਗੁਣ ਜੋਤ ਨਾ ਕੋਈ ਵਰਨ ਨਾ ਕੋਈ ਗੋਤ, ਨਾ ਕੋਈ ਬਰਨ ਰਖਾਈਆ। ਵਰਨ ਗੋਤ ਨਾ ਕੋਈ ਪਿਆਰਾ, ਨਾ ਕੋਈ ਵੰਡ ਵੰਡਾਇੰਦਾ। ਚੌਥੇ ਜੁਗ ਕਰੇ ਪਾਰ ਕਿਨਾਰਾ, ਕੂੜੀ ਕਿਰਿਆ ਮੇਟ ਮਿਟਾਇੰਦਾ। ਸਤਿਜੁਗ ਬੰਨ੍ਹੇ ਸਾਚੀ ਧਾਰਾ, ਸਾਚਾ ਮਾਰਗ ਇਕ ਵਖਾਇੰਦਾ। ਏਕਾ ਬ੍ਰਹਮ ਰੂਪ ਅਪਾਰਾ, ਹਰ ਘਟ ਆਪ ਦਰਸਾਇੰਦਾ। ਨਿਰਗੁਣ ਦੀਵਾ ਬਾਤੀ ਕਰ ਉਜਿਆਰਾ, ਅਗਿਆਨ ਅੰਧੇਰ ਮਿਟਾਇੰਦਾ। ਕਾਇਆ ਅੰਦਰ ਡੂੰਘੀ ਗਾਰਾ, ਆਪੇ ਪਾਰ ਕਰਾਇੰਦਾ। ਹੋਏ ਸਹਾਈ ਜੰਗਲ ਜੂਹ ਉਜਾੜ ਪਹਾੜਾ, ਉਚੇ ਟਿੱਲੇ ਪਰਬਤ ਜਲ ਥਲ ਫੋਲ ਫੁਲਾਇੰਦਾ। ਲੋਆਂ ਪੁਰੀਆਂ ਖੰਡਾਂ ਬ੍ਰਹਿਮੰਡਾਂ ਵੇਖੇ ਇਕ ਅਖਾੜਾ, ਜੇਰਜ ਅੰਡਾਂ ਉਤਭੁਜ ਸੇਹਤਜ ਵੇਖ ਵਖਾਇੰਦਾ। ਗੁਰਮੁਖਾਂ ਕਰੇ ਪਰਕਾਸ਼ ਬਹੱਤਰ ਨਾੜਾ, ਆਪ ਆਪਣੀ ਦਇਆ ਕਮਾਇੰਦਾ। ਹਰਿ ਸਾਜਣ ਸਾਚਾ ਲਾੜਾ, ਦਰ ਘਰ ਸਾਚੇ ਆਪ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਚਾਰੇ ਵਰਨ ਦੇਵੇ ਵਰ, ਸ਼ੱਤਰੀ ਬ੍ਰਹਿਮਣ ਸ਼ੂਦਰ ਵੈਸ਼ ਨਾ ਕੋਇ ਜਣਾਇੰਦਾ। ਚਾਰ ਵਰਨ ਏਕਾ ਨਾਤਾ, ਏਕਾ ਜੋੜ ਜੁੜਾਈਆ। ਖੇਲੇ ਖੇਲ ਪੁਰਖ ਬਿਧਾਤਾ, ਪੁਰਖ ਪੁਰਖੋਤਮ ਵਡ ਵਡਿਆਈਆ। ਉਤਮ ਰੱਖੀ ਆਪਣੀ ਜ਼ਾਤਾ, ਜ਼ਾਤ ਪਾਤ ਨਾ ਕੋਇ ਜਣਾਈਆ। ਸੋ ਪੁਰਖ ਨਿਰੰਜਣ ਸਾਚੀ ਗਾਥਾ, ਹੰ ਬ੍ਰਹਮ ਸਮਝਾਈਆ। ਆਪ ਚਲਾਏ ਆਪਣਾ ਰਾਥਾ, ਜੁਗ ਜੁਗ ਬਣ ਰਥਵਾਹੀਆ। ਆਪੇ ਹੋਏ ਤ੍ਰਲੋਕੀ ਨਾਥਾ, ਅਵਣ ਗਵਣ ਤ੍ਰੈਭਵਣ ਆਪ ਸਮਾਈਆ। ਆਪੇ ਰਖੇ ਸਗਲਾ ਸਾਥਾ, ਬ੍ਰਹਮਾ ਵਿਸ਼ਨ ਸ਼ਿਵ ਸੰਗ ਨਿਭਾਈਆ। ਆਪੇ ਪੂਜਾ ਆਪੇ ਪਾਠਾ, ਇਸ਼ਟ ਦੇਵ ਗੁਰ ਆਪ ਹੋ ਜਾਈਆ। ਆਪੇ ਸਰ ਸਰੋਵਰ ਮਾਰੇ ਠਾਠਾ, ਤੀਰਥ ਤੱਟ ਆਪ ਸੁਹਾਈਆ। ਆਪੇ ਜਨ ਭਗਤਾਂ ਪਿਛੇ ਫਿਰੇ ਨਾਠਾ, ਨਿਰਗੁਣ ਸਰਗੁਣ ਰੂਪ ਵਟਾਈਆ। ਕਲਜੁਗ ਅੰਤਮ ਨੇੜੇ ਆਈ ਵਾਟਾ, ਕੂੜਾ ਪੰਧ ਦਏ ਮੁਕਾਈਆ। ਹਰਿਜਨ ਪੂਰਾ ਕਰੇ ਘਾਟਾ, ਮਨਮੁਖਾਂ ਸੰਗ ਤੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਨਾਮ ਮਰਦੰਗ ਵਜਾਈਆ। ਨਾਮ ਮਰਦੰਗਾ ਇਕ ਵਜਾਵਣਾ, ਹਰਿ ਸਾਚਾ ਹੱਥ ਉਠਾਇੰਦਾ। ਬ੍ਰਹਮਾ ਵਿਸ਼ਨ ਸ਼ਿਵ ਆਪ ਉਠਾਵਣਾ, ਆਪਣਾ ਹੁਕਮ ਆਪ ਸੁਣਾਇੰਦਾ। ਲੋਕਮਾਤ ਮਾਰਗ ਲਾਵਣਾ, ਨਵ ਸਤ ਫੇਰਾ ਆਪੇ ਪਾਇੰਦਾ। ਲੱਖ ਚੁਰਾਸੀ ਖੇਲ ਖਲਾਵਣਾ, ਘਟ ਘਟ ਅੰਦਰ ਫੋਲ ਫੁਲਾਇੰਦਾ। ਘਨਕ ਪੁਰ ਵਾਸੀ ਨਾਮ ਧਰਾਵਣਾ। ਜਮ ਕੀ ਫਾਸੀ ਗੁਰਮੁਖਾਂ ਆਪ ਕਟਾਵਣਾ। ਮਦਿਰਾ ਮਾਸੀ ਦਰ ਦੁਰਕਾਵਣਾ। ਸਾਚੀ ਦਰਗਹਿ ਨਾ ਕੋਈ ਜ਼ਾਮਨਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਲਏ ਵਰ, ਆਪ ਫੜਾਏ ਆਪਣਾ ਦਾਮਨਾ। ਗੁਰਸਿਖ ਦਾਮਨ ਸਾਚਾ ਫੜ, ਹਰਿ ਸਾਚਾ ਆਪ ਫੜਾਇੰਦਾ। ਸਾਚੇ ਪੌੜੇ ਜਾਣਾ ਚੜ੍ਹ, ਸਾਚਾ ਮਾਰਗ ਏਕਾ ਲਾਇੰਦਾ। ਆਪਣੇ ਅੰਦਰ ਜਾਣਾ ਵੜ, ਨੌ ਦਵਾਰੇ ਪਾਰ ਕਰਾਇੰਦਾ । ਪੰਚ ਵਿਕਾਰ ਨਾ ਸਕੇ ਅਗੇ ਅੜ, ਏਕਾ ਖੰਡਾ ਨਾਮ ਉਠਾਇੰਦਾ। ਨਾ ਕੋਈ ਸੀਸ ਨਾ ਕੋਈ ਧੜ, ਸਤਿਗੁਰ ਪੂਰਾ ਆਪ ਅਖਵਾਇੰਦਾ। ਆਪਣੀ ਚੋਟੀ ਬੈਠਾ ਚੜ੍ਹ, ਕਲਜੁਗ ਚੋਟੀ ਅੰਤ ਮੂੰਨਾਇੰਦਾ। ਕੋਟਨ ਕੋਟੀ ਰਹੇ ਲੜ, ਹਰਿ ਕਾ ਦਰਸ ਕੋਇ ਨਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪੇ ਚੇਤਨ ਆਪੇ ਜੜ੍ਹ, ਆਪੇ ਭਾਂਡੇ ਲਏ ਘੜ, ਆਪੇ ਅੰਦਰ ਬਹੇ ਵੜ, ਆਪੇ ਬ੍ਰਹਮ ਫੜਾਏ ਲੜ, ਆਪੇ ਪਾਰ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰਾ ਅੰਤਮ ਲੇਖਾ, ਆਪੇ ਜਾਣੇ ਨਰ ਨਰੇਸ਼ਾ, ਜਨ ਭਗਤ ਦੁਵਾਰੇ ਦਰ ਦਰਵੇਸ਼ਾ, ਬ੍ਰਹਮਾ ਵਿਸ਼ਨ ਮਹੇਸ਼ ਗਣੇਸ਼ਾ, ਆਪੇ ਵੇਖ ਵਖਾਇੰਦਾ। ਆਪ ਬ੍ਰਹਮਾ ਵਿਸ਼ਨ ਮਹੇਸ਼, ਗਣਪਤ ਗਣੇਸ਼ ਆਪ ਹੋ ਜਾਈਆ। ਆਪੇ ਹੋਏ ਰਿਖੀ ਕੇਸ਼, ਜਗਤ ਗੋਵਰਧਨ ਆਪ ਉਠਾਈਆ। ਆਪੇ ਰਾਮ ਰਾਮਾ ਨਰ ਨਰੇਸ਼, ਰਾਵਨ ਗੜ੍ਹ ਤੁੜਾਈਆ । ਆਪੇ ਨਾਨਕ ਗੋਬਿੰਦ ਦਸ ਦਸਮੇਸ਼, ਏਕਾ ਰੂਪ ਵਟਾਈਆ। ਆਪੇ ਆਦਿ ਜੁਗਾਦਿ ਰਹੇ ਹਮੇਸ਼, ਨਾ ਮਰੇ ਨਾ ਜਾਈਆ। ਮੁੱਛ ਦਾੜ੍ਹੀ ਨਾ ਦਿਸੇ ਕੇਸ, ਨਾ ਕੋਈ ਮੂੰਡ ਮੁੰਡਾਈਆ। ਪੰਜ ਤੱਤ ਹਰਿ ਕਰ ਕਰ ਵੇਸ, ਨਿਰਗੁਣ ਸਰਗੁਣ ਜੋਤ ਕਰੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਸਣਹਾਰਾ ਸਾਚੇ ਘਰ, ਖੇਲੇ ਖੇਲ ਅਗੰਮ ਅਪਾਰ, ਅਲੱਖ ਅਗੋਚਰ ਭੇਵ ਨਾ ਰਾਈਆ। ਭੇਵ ਨਾ ਰਾਇਆ ਹਰਿ ਰਘੁਰਾਇਆ, ਹਰਿ ਹਰਿ ਵੇਸ ਵਟਾਈਆ। ਕਲਜੁਗ ਵੇਲਾ ਅੰਤਮ ਆਇਆ ਖੇਲ ਖਿਲਾਇਆ, ਖੇਲ ਖਲਾਰੀ ਆਪ ਹੋ ਜਾਈਆ। ਨਿਰਗੁਣ ਸਰਗੁਣ ਜੋੜ ਜੁੜਾਇਆ, ਮਾਤ ਪਿਤ ਨਾ ਕੋਇ ਬਣਾਈਆ। ਸ਼ਬਦ ਵਿਚੋਲਾ ਵਿਚ ਰਖਾਇਆ, ਸਾਲਸ ਸਾਲਸੀ ਕਰਨੇ ਆਈਆ। ਹਰਿਜਨ ਸਾਚੇ ਲਏ ਜਗਾਇਆ, ਸੋਇਆ ਕੋਈ ਰਹਿਣ ਨਾ ਪਾਈਆ। ਏਕਾ ਮੰਤਰ ਨਾਮ ਦ੍ਰਿੜਾਇਆ, ਗਿਆਨ ਗੁਰੂ ਆਪ ਅਖਵਾਇਆ, ਗੁਰ ਨੇਤਰ ਨਾਮ ਧਰਾਈਆ। ਭਗਤ ਭਗਤੀ ਵੇਖ ਵਖਾਇਆ, ਆਦਿ ਸ਼ਕਤੀ ਸੇਵ ਕਮਾਇਆ, ਜਾਗਰਤ ਜੋਤ ਕਰੀ ਰੁਸ਼ਨਾਈਆ। ਅਨਹਦ ਨਾਦ ਇਕ ਵਜਾਇਆ, ਅਨਹਦ ਰਾਗ ਰਿਹਾ ਅਲਾਇਆ, ਬਹੱਤਰ ਤਾਲ ਤਲਵਾੜਾ ਆਪ ਅਖਵਾਈਆ। ਜੀਵ ਜੰਤ ਕਿਸੇ ਭੇਵ ਨਾ ਪਾਇਆ, ਸਾਧ ਸੰਤ ਕਿਸੇ ਦਿਸ ਨਾ ਆਇਆ, ਕਲਜੁਗ ਅੰਤਮ ਵੇਸ ਵਟਾਈਆ। ਬ੍ਰਹਮਾ ਵੇਤਾ ਸੇਵਾ ਲਾਇਆ ਸਾਚਾ ਹੁਕਮ ਇਕ ਸੁਣਾਇਆ, ਹੁਕਮੀ ਹੁਕਮ ਰਿਹਾ ਚਲਾਈਆ। ਅਨਡਿਠੜਾ ਧਾਮ ਆਪ ਸੁਹਾਇਆ, ਪੁਰਖ ਅਬਿਨਾਸ਼ੀ ਡੇਰਾ ਲਾਇਆ, ਨਿਰਗੁਣ ਜੋਤੀ ਜੋਤ ਜਗਾਈਆ। ਗੋਬਿੰਦ ਮੇਲਾ ਸਹਿਜ ਸੁਭਾਇਆ, ਆਦਿ ਜੁਗਾਦਿ ਵਿਛੜ ਨਾ ਜਾਇਆ, ਜੁਗ ਜੁਗ ਵੱਡੀ ਵਡਿਆਈਆ । ਕਲਜੁਗ ਅੰਤਮ ਨਾਉਂ ਧਰਾਇਆ, ਸੰਬਲ ਨਗਰੀ ਦਏ ਸੁਹਾਇਆ, ਸੋਹੰ ਢੋਲਾ ਏਕਾ ਗਾਈਆ। ਗੁਰਮੁਖ ਸਾਚੇ ਲਏ ਤਰਾਇਆ, ਹਰਿ ਸੰਗਤ ਸਾਚੀ ਮੇਲ ਮਿਲਾਇਆ, ਲੱਖ ਚੁਰਾਸੀ ਫੰਦ ਕਟਾਈਆ। ਧਰਮ ਰਾਏ ਨਾ ਦਏ ਸਜ਼ਾਇਆ, ਚਿਤਰ ਗੁਪਤ ਨਾ ਲੇਖ ਵਖਾਇਆ, ਲਾੜੀ ਮੌਤ ਨਾ ਕਰੇ ਕੁੜਮਾਈਆ। ਜਿਸ ਜਨ ਨੇਤਰ ਦਰਸ਼ਨ ਪਾਇਆ, ਪੂਰਬ ਲਹਿਣਾ ਦਏ ਚੁਕਾਇਆ, ਪੂਜਾ ਪਾਠ ਨਾ ਕੋਈ ਕਰਾਈਆ। ਕਰ ਕਿਰਪਾ ਆਪਣੀ ਗੋਦ ਉਠਾਇਆ, ਗੁਰਮੁਖ ਸਾਚੇ ਚਾਰ ਜੁਗ ਸਚ ਜੋਗ ਕਮਾਇਆ, ਕਲਜੁਗ ਅੰਤਮ ਲਹਿਣਾ ਲਹਿਣਾ ਝੋਲੀ ਪਾਈਆ। ਪਹਿਲਾਂ ਹਉਮੇ ਰੋਗ ਗਵਾਇਆ, ਦੂਜਾ ਧੁਰ ਸੰਜੋਗ ਮਿਲਾਇਆ, ਤੀਜੇ ਨੇਤਰ ਦਰਸ ਵਖਾਈਆ। ਚੌਥੇ ਘਰ ਇਕ ਵਖਾਇਆ, ਨੌ ਦਵਾਰੇ ਆਪ ਲੰਘਾਇਆ, ਅੱਗੇ ਬੈਠਾ ਬੇਪਰਵਾਹੀਆ। ਪੰਚਮ ਮੀਤਾ ਦਇਆ ਕਮਾਇਆ, ਪੰਚਮ ਸੀਸ ਤਾਜ ਪਹਿਨਾਇਆ, ਜਗਤ ਜਗਦੀਸ਼ ਵੱਡੀ ਵਡਿਆਈਆ। ਛੱਪਰ ਛੰਨ ਨਾ ਕੋਇ ਛੁਹਾਇਆ, ਗੁਰੂਦੁਵਾਰ ਮੰਦਰ ਮਸਜਿਦ ਨਾ ਕੋਇ ਬਣਾਇਆ, ਸ਼ਿਵ ਦਵਾਲਾ ਮੱਠ ਨਾ ਕੋਇ ਵਖਾਇਆ, ਗੁਰਸਿਖ ਤੇਰੀ ਕਾਇਆ ਅੰਦਰ ਬੈਠਾ ਡੇਰਾ ਲਾਈਆ। ਸਤਵਾਂ ਸਤਿ ਪੁਰਖ ਨਿਰੰਜਣ ਵੇਸ ਵਟਾਇਆ, ਦੀਵਾ ਬਾਤੀ ਆਪ ਜਗਾਇਆ, ਗੁਰਸਿਖ ਤੇਰਾ ਚਰਨ ਪਿਆਰ ਏਕਾ ਘਿਰਤ ਵਿਚ ਰਖਾਈਆ। ਅੱਠਾਂ ਤੱਤਾਂ ਪੰਧ ਮੁਕਾਇਆ, ਅਪ ਤੇਜ ਵਾਏ ਪ੍ਰਿਥਮੀ ਅਕਾਸ਼ ਨਾਤਾ ਤੋੜ ਤੁੜਾਇਆ, ਮਨ ਮਤ ਬੁੱਧ ਰਹਿਣ ਨਾ ਪਾਈਆ। ਨੌ ਦਵਾਰੇ ਖੋਜ ਖੁਜਾਇਆ, ਕਾਮ ਕਰੋਧ ਵੇਖ ਹਲਕਾਇਆ, ਗੁਰਮੁਖ ਸਾਚੇ ਲਏ ਉਠਾਇਆ, ਆਪ ਆਪਣਾ ਦਰਸ ਦਖਾਇਆ, ਸਚਖੰਡ ਦਵਾਰਾ ਇਕ ਸੁਹਾਇਆ। ਸਚ ਸਿੰਘਾਸਣ ਪੁਰਖ ਅਬਿਨਾਸ਼ਣ ਲੋਕਮਾਤ ਮਾਰ ਝਾਤ, ਵਡ ਦਾਤਾ ਬੇਪਰਵਾਹ ਸ਼ਬਦ ਸਰੂਪੀ ਬਣ ਮਲਾਹ, ਇਕ ਜਪਾਏ ਆਪਣਾ ਨਾਂ, ਏਕਾ ਨਈਆ ਰਿਹਾ ਚੜ੍ਹਾਇਆ। ਨੌ ਦੁਵਾਰੇ ਪਾਰ ਕਿਨਾਰਾ, ਗੁਰਮੁਖਾਂ ਪੰਧ ਮੁਕਾਇੰਦਾ। ਆਪੇ ਖਿਚ ਲਿਆਏ ਚਰਨ ਦਵਾਰਾ, ਆਤਮ ਬ੍ਰਹਮ ਆਪ ਸਮਝਾਇੰਦਾ। ਆਪੇ ਵਣਜ ਕਰੇ ਵਣਜਾਰਾ, ਆਪੇ ਵਸਤ ਹੱਟ ਵਿਕਾਇੰਦਾ। ਆਪੇ ਭਰੇ ਨਾਮ ਭੰਡਾਰਾ, ਆਪੇ ਝੋਲੀ ਪਾਇੰਦਾ। ਗੁਰਮੁਖ ਸਾਜਣ ਮੀਤ ਮੁਰਾਰਾ, ਘਰ ਸਾਚੇ ਆਪ ਸੁਹਾਇੰਦਾ। ਆਪੇ ਗੁਪਤ ਆਪੇ ਜ਼ਾਹਰਾ, ਆਪੇ ਅੰਦਰ ਆਪੇ ਬਾਹਰਾ, ਆਪਣੇ ਸਿੰਘਾਸਣ ਆਸਣ ਲਾਇੰਦਾ। ਦਸਮ ਦੁਵਾਰੀ ਖੇਲ ਅਪਾਰਾ, ਸਾਢੇ ਤਿੰਨ ਹੱਥ ਸੇਜ ਹੰਢਾਇੰਦਾ। ਗੁਰਮੁਖਾਂ ਦੇਵੇ ਇਕ ਅਧਾਰਾ, ਏਕਾ ਮਾਰਗ ਲਾਇੰਦਾ। ਜੋ ਜਨ ਰਸਨਾ ਬੋਲੇ ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਜੈਕਾਰਾ, ਆਵਣ ਜਾਵਣ ਪੰਧ ਮੁਕਾਇੰਦਾ। ਗੁਰਮੁਖ ਨਿਉਂ ਨਿਉਂ ਤੇਰੇ ਚਰਨ ਕਰਨ ਨਿਮਸਕਾਰਾ, ਬ੍ਰਹਮਾ ਵਿਸ਼ਨ ਸ਼ਿਵ ਤੇਰਾ ਰਾਹ ਤਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪੇ ਆਦਿ ਆਪੇ ਅੰਤ, ਆਪੇ ਜੋਤ ਸ੍ਰੀ ਭਗਵੰਤ, ਆਪੇ ਨਾਰੀ ਆਪੇ ਕੰਤ, ਆਪੇ ਸਾਧ ਆਪੇ ਸੰਤ, ਆਪ ਬਣਾਏ ਆਪਣੀ ਬਣਤ, ਆਪੇ ਜਾਣੇ ਮਹਿਮਾ ਅਗਣਤ, ਖੇਲੇ ਖੇਲ ਜੁਗਾ ਜੁਗੰਤ, ਜੁਗ ਜੁਗ ਵੱਡੀ ਵਡਿਆਈਆ। ਹਰਿ ਸੰਗਤ ਤੇਰਾ ਰੂਪ, ਤੇਰੇ ਅੰਤ ਆਪ ਹੋ ਜਾਈਆ। ਜੋਤੀ ਜਾਮਾ ਭੇਖ ਭਗਵੰਤ, ਭਗਤ ਭਗਤੀ ਨਾਮ ਗਿਆਨ ਇਕ ਦ੍ਰਿੜਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਪਾਵੇ ਸਾਰ ਜੀਵ ਜੰਤ, ਉਤਭੁਜ ਸੇਹਤਜ ਜੇਰਜ ਅੰਡ ਵੇਖ ਵਖਾਈਆ। ਹਰਿ ਸੰਗਤ ਹਰਿ ਹੋ ਮਿਹਰਵਾਨ, ਆਪਣੀ ਦਇਆ ਕਮਾਇੰਦਾ। ਏਕਾ ਦੇਵੇ ਜੀਆ ਦਾਨ, ਏਕਾ ਝੋਲੀ ਪਾਇੰਦਾ। ਚਰਨ ਧੂੜ ਸਚ ਅਸ਼ਨਾਨ, ਅਠਸਠ ਮਾਣ ਗਵਾਇੰਦਾ। ਅੰਮ੍ਰਿਤ ਆਤਮ ਪੀਣ ਖਾਣ, ਸੋਹੰ ਜਾਮ ਪਿਆਇੰਦਾ। ਨੇਤਰ ਲੋਚਣ ਨੈਣ ਦਰਸ ਮਹਾਨ, ਕਮਲਾਪਾਤੀ ਆਪ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿ ਸੰਗਤ ਵੇਖ ਵਖਾਇੰਦਾ। ਹਰਿ ਸੰਗਤ ਹਰਿ ਮੇਲਣਹਾਰਾ, ਵਡ ਵੱਡੀ ਵਡਿਆਈਆ। ਏਕਾ ਬਖ਼ਸ਼ੇ ਚਰਨ ਪਿਆਰਾ, ਸਾਚੀ ਸਿਖਿਆ ਸਿਖ ਸਮਝਾਈਆ। ਗੁਰਮੁਖ ਬੰਨ੍ਹੇ ਗੁਰਮਤ ਧਾਰਾ, ਗੁਰ ਗੁਰ ਬੂਝ ਬੁਝਾਈਆ। ਏਕਾ ਖੋਲ੍ਹ ਸਚ ਕਿਵਾੜਾ, ਏਕਾ ਹੱਟ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਸੰਗਤ ਲਏ ਤਰਾਈਆ। ਹਰਿ ਸੰਗਤ ਸਾਚਾ ਲੇਖ ਲਿਖੌਣਾ, ਲਿਖਣਹਾਰਾ ਆਪ ਲਿਖਾਇੰਦਾ। ਰੋਗ ਸੋਗ ਜਗਤ ਮਿਟੌਣਾ, ਦਰਦ ਦੁੱਖ ਵੰਡ ਵੰਡਾਇੰਦਾ। ਪਵਣ ਮਸਾਣ ਨੇੜ ਨਾ ਔਣਾ, ਜਿਨ ਭੂਤ ਪ੍ਰੇਤ ਖ਼ਬੀਸ ਨਾ ਕੋਇ ਸਤਾਇੰਦਾ। ਸ਼ਹੀਦ ਦੀਦ ਨਾ ਕੋਇ ਮਨੌਣਾ, ਚਿਰਾਗ਼ ਆਗ ਨਾ ਕੋਇ ਬਲਾਇੰਦਾ। ਜੋਤ ਜੋਤ ਨਾ ਕੋਇ ਜਗੌਣਾ, ਦੇਵੀ ਦੇਵ ਆਪ ਸਮਝਾਇੰਦਾ। ਏਕਾ ਸ਼ਬਦ ਡੰਡਾ ਹੱਥ ਉਠੌਣਾ, ਕੂੜੀ ਕਿਰਿਆ ਵੇਖ ਵਖਾਇੰਦਾ। ਸ਼ਬਦ ਸੁਹਾਗੀ ਛੰਦਾ ਏਕਾ ਗੌਣਾ, ਏਕਾ ਰਾਗ ਅਲਾਇੰਦਾ। ਸਿਰ ਬਾਂਹ ਸਰਹਾਣੇ ਦੇ ਦੇ ਸੌਣਾ, ਭੈ ਭਿਆਨਕ ਨਾ ਕੋਇ ਜਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਸੰਗਤ ਤੇਰਾ ਦੁੱਖ, ਆਪਣੀ ਝੋਲੀ ਆਪੇ ਪਾਇੰਦਾ। ਹਰਿ ਸੰਗਤ ਤੇਰਾ ਜਗਤ ਵਿਸੂਰਾ, ਸਤਿਗੁਰ ਪੂਰਾ ਦਏ ਮਿਟਾਈਆ। ਦਰਸ ਦਖਾਏ ਹਾਜ਼ਰ ਹਜ਼ੂਰਾ, ਨਿਰਗੁਣ ਜੋਤ ਕਰੇ ਰੁਸ਼ਨਾਈਆ। ਆਸਾ ਮਨਸਾ ਸਭ ਦੀ ਕਰੇ ਪੂਰਾ, ਜੋ ਜਨ ਸਾਚੀ ਮੰਗ ਮੰਗਾਈਆ। ਜੋ ਜਨ ਮੰਗੇ ਚਰਨ ਧੂੜਾ, ਮਸਤਕ ਟਿੱਕਾ ਜੋਤ ਲਲਾਟੀ ਦਏ ਜਗਾਈਆ। ਜੋ ਜਨ ਮੰਗੇ ਸ਼ਬਦ ਤੂਰਾ, ਸ਼ਬਦ ਸ਼ਬਦੀ ਦਏ ਜਣਾਈਆ। ਜੋ ਜਨ ਮਾਇਆ ਮੰਮਤਾ ਮੰਗੇ ਨਾਤਾ ਕੂੜਾ, ਦੇ ਮਤ ਦਏ ਸਮਝਾਈਆ। ਗੁਰਮੁਖਾਂ ਬਖ਼ਸ਼ੇ ਜੋਤੀ ਨੂਰਾ, ਘਰ ਮੰਦਰ ਵੱਜੇ ਵਧਾਈਆ। ਗੁਰਸਿਖ ਸੱਜਣ ਵਡ ਸੂਰਨ ਸੂਰਾ, ਜੋ ਆਇਆ ਚਲ ਸਰਨਾਈਆ। ਜਗਤ ਵਿਕਾਰਾ ਨਾਤਾ ਤੁੱਟਾ ਕੂੜਾ, ਕੂੜਾ ਨਾਤਾ ਮਾਤ ਪਿਤ ਭੈਣ ਭਾਈਆ। ਵਸਣਹਾਰਾ ਨੇੜ ਦੂਰਾ, ਨੇਰਨ ਨੇਰ ਦਰਸ ਦਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਸੰਗਤ ਦੇਵੇ ਸਾਚਾ ਵਰ, ਜਗਤ ਤ੍ਰਿਸ਼ਨਾ ਭੁੱਖ ਮਿਟਾਈਆ। ਜਗਤ ਵਿਸੂਰੇ ਜਾਇਣ ਲੱਥ, ਸਤਿਗੁਰ ਪੂਰਾ ਦਇਆ ਕਮਾਇੰਦਾ। ਜੋ ਜਨ ਸਰਨਾਈ ਗਏ ਢੱਠ, ਢਹਿ ਢਹਿ ਢੇਰੀ ਆਪ ਹੋ ਜਾਇੰਦਾ। ਆਪ ਸੁਣਾਏ ਆਪਣੀ ਗਾਥ, ਆਪੇ ਹਰਿ ਹਰਿ ਗਾਇੰਦਾ। ਲਹਿਣਾ ਦੇਣ ਚੁਕਾਏ ਮਸਤਕ ਮਾਥ, ਪੂਰਬ ਝੋਲੀ ਪਾਇੰਦਾ। ਲੇਖ ਚੁੱਕੇ ਸੀਆਂ ਸਾਢੇ ਤਿੰਨ ਤਿੰਨ ਹਾਥ, ਰਵਦਾਸ ਚੁਮਾਰਾ ਸੰਗ ਰਲਾਇੰਦਾ। ਗੁਰਸਿਖ ਵਿਕਿਆ ਏਕਾ ਹਾਟ, ਹਰਿ ਕਰਤਾ ਕੀਮਤ ਪਾਇੰਦਾ। ਖੇਲੇ ਖੇਲ ਬਾਜ਼ੀਗਰ ਨਾਟ, ਨਟ ਨਟੂਆ ਸਵਾਂਗ ਵਰਤਾਇੰਦਾ। ਸਚ ਸਰੋਵਰ ਤੀਰਥ ਤਾਟ, ਹਰਿ ਸੰਗਤ ਸਾਚਾ ਸੰਗਮ ਇਕ ਨੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤ੍ਰਬੈਣੀ ਨੈਣੀ ਵੇਖੇ ਘਾਟ, ਆਪ ਆਪਣਾ ਦਰ ਸੁਹਾਇੰਦਾ। ਹਰਿ ਸੰਗਤ ਤੇਰਾ ਲੇਖਾ ਜਾਏ ਚੁੱਕ, ਸਤਿਗੁਰ ਪੂਰਾ ਆਪ ਚੁਕਾਈਆ। ਕਾਇਆ ਮੇਟੇ ਲੱਗਾ ਦੁੱਖ, ਦੀਨਾਂ ਅਨਾਥਾਂ ਦਰਦ ਵੰਡਾਈਆ। ਧਰਤ ਧਵਲ ਜੁਗ ਜੁਗ ਸੁਖਣਾ ਰਹੀ ਸੁੱਖ, ਗੁਰਮੁਖਾਂ ਰਾਹ ਤਕਾਈਆ। ਗੁਰਮੁਖ ਉਜਲ ਕਰਨ ਮੁੱਖ, ਭਗਤ ਭਗਵੰਤ ਰਸਨਾ ਹਰਿ ਹਰਿ ਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਸੰਗਤ ਰੱਖੇ ਆਪਣੀ ਕੁੱਖ, ਆਪੇ ਪਿਤਾ ਆਪੇ ਮਾਈਆ। ਨਾ ਮਾਣਸ ਨਾ ਮਨੁੱਖ, ਨਿਰਗੁਣ ਜੋਤ ਬੇਪਰਵਾਹੀਆ। ਹਰ ਘਟ ਅੰਦਰ ਬੈਠਾ ਲੁਕ, ਦਿਸ ਕਿਸੇ ਨਾ ਆਈਆ। ਗੁਰਮੁਖਾਂ ਅੱਗੇ ਜਾਏ ਝੁੱਕ, ਜੁਗ ਜੁਗ ਵੱਡੀ ਵਡਿਆਈਆ। ਮਨਮੁਖਾਂ ਮੁਖ ਪਾਏ ਥੁੱਕ, ਵੇਲੇ ਅੰਤ ਦਏ ਸਜ਼ਾਈਆ। ਹਰਿ ਕਾ ਭਾਣਾ ਨਾ ਜਾਏ ਰੁਕ, ਗੁਰ ਪੀਰ ਸਾਧ ਸੰਤ ਵੇਦ ਸ਼ਾਸਤਰ ਖਾਣੀ ਬਾਣੀ ਦਏ ਗਵਾਹੀਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਨਿਹਕਲੰਕ ਨਰਾਇਣ ਨਰ ਅਵਤਾਰ, ਗੁਰਮੁਖਾਂ ਕਰੇ ਇਕ ਪਿਆਰ, ਹਰਿ ਸੰਗਤ ਮੇਲਾ ਧੁਰ ਦਰਬਾਰ, ਦਰ ਦਰਵਾਜ਼ਾ ਗ਼ਰੀਬ ਨਿਵਾਜ਼ਾ ਏਕਾ ਏਕ ਖੁਲ੍ਹਾਈਆ। ਦਰ ਦਰਵਾਜ਼ਾ ਗਿਆ ਖੁਲ੍ਹ, ਹਰਿ ਸਾਚੇ ਆਪ ਖੁਲ੍ਹਾਇਆ। ਕਲਜੁਗ ਅੰਤਮ ਕੋਈ ਨਾ ਲਾਏ ਮੁੱਲ, ਚਰਨ ਪ੍ਰੀਤੀ ਇਕ ਸਿਖਾਇਆ। ਤਾਰਨਹਾਰਾ ਸਾਚੀ ਕੁਲ, ਇਕੀ ਕੁਲਾ ਪਾਰ ਕਰਾਇਆ। ਜੋ ਜਨ ਦਰ ਦਵਾਰੇ ਹਰਿ ਸੰਗਤ ਵਿਚ ਆਇਆ ਭੁੱਲ, ਵੇਲੇ ਅੰਤ ਪਾਰ ਕਰਾਇਆ। ਗੁਰਮੁਖ ਫੁਲਵਾੜੀ ਖਿੜਿਆ ਸਾਚਾ ਫੁੱਲ, ਸਤਿਗੁਰ ਪੂਰੇ ਹਾਰ ਬਣਾਇਆ। ਬ੍ਰਹਮਾ ਵਿਸ਼ਨ ਸ਼ਿਵ ਤਿੰਨੇ ਦਰ ਪਾਵਣ ਆਵਣ ਮੁਲ, ਕਰਤਾ ਕੀਮਤ ਨਾ ਕੋਇ ਚੁਕਾਇਆ। ਜੋ ਜਨ ਚਰਨ ਪ੍ਰੀਤੀ ਘੋਲੀ ਗਿਆ ਘੁਲ, ਲਾਲ ਅਮੋਲਕ ਹੀਰਾ ਰਤਨ ਜਵਾਹਰ ਮਾਣਕ ਮੋਤੀ ਆਪਣੇ ਕੰਠ ਲਗਾਇਆ। ਸਾਚੇ ਕੰਡੇ ਪੂਰੇ ਤੋਲ ਗਿਆ ਤੁਲ, ਤੋਲਣਹਾਰਾ ਏਕਾ ਆਇਆ। ਕਲਜੁਗ ਜੀਵ ਮਾਇਆ ਮਮਤਾ ਹਉਮੇ ਹੰਗਤਾ ਗਏ ਰੁਲ, ਸਾਚਾ ਲੜ ਨਾ ਕੋਇ ਫੜਾਇਆ। ਜੂਠਾ ਝੂਠਾ ਬੂਟਾ ਗਿਆ ਹੁਲ, ਸਿੰਮਲ ਰੁਖ ਫਲ ਨਾ ਕੋਇ ਵਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਸਾਜਣ ਲਏ ਵਰ, ਹਰਿ ਸੰਗਤ ਮੇਲ ਆਪੇ ਕਰ, ਮੇਲ ਮਿਲਾਵਾ ਆਪਣੇ ਹੱਥ ਰਖਾਇਆ। ਆ ਮਿਲ ਸਖੀ ਪਿਆਰੀ ਲੱਗ ਅੰਕ, ਅੰਕ ਅੰਕੜੀ ਰਿਹਾ ਪਾਈਆ। ਨਾਰ ਭਤਾਰੀ ਸੋਹੇ ਬੰਕ, ਬੰਕ ਦਵਾਰੀ ਵੇਖ ਵਖਾਈਆ। ਲੇਖਾ ਜਾਣੇ ਵਾਸੀ ਪੁਰ ਘਨਕ, ਘਨਕ ਪੁਰ ਵਾਸੀ ਵੇਸ ਵਟਾਈਆ। ਖੇਲੇ ਖੇਲ ਬਾਰ ਅਨਕ, ਅਨਕ ਕਲ ਆਪ ਹੋ ਜਾਈਆ। ਗੁਰਮੁਖ ਤਰਾਏ ਜਿਉਂ ਜਨ ਜਨਕ, ਧਰੂ ਪ੍ਰਹਿਲਾਦ ਸੰਗ ਰਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਹਰਿ ਸੰਗਤ ਦਰ ਆਈ ਮੰਗਤ, ਕਾਇਆ ਚੋਲੀ ਚੜ੍ਹੇ ਰੰਗਤ, ਨਾਮ ਬਸਤਰ ਭੂਸ਼ਨ ਸਚ ਦੁਸ਼ਾਲਾ ਪੰਜ ਤੱਤ ਕਾਇਆ ਕੱਪੜ ਤ੍ਰੈਗੁਣ ਸੰਗ ਹੰਢਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਏਕਾ ਗੁਰ ਏਕਾ ਅਵਤਾਰ, ਏਕਾ ਸ਼ਬਦ ਇਕ ਜੈਕਾਰ, ਏਕਾ ਕੰਤ ਇਕ ਭਤਾਰ, ਗੁਰਮੁਖ ਨਾਰੀ ਸ਼ਬਦ ਸੁਹਾਗਣ ਨਾਮ ਵੈਰਾਗਣ ਕਲਜੁਗ ਅੰਤਮ ਅੰਤ ਲਏ ਪਰਨਾਈਆ। ਨਿਰਗੁਣ ਨੂਰ ਆਦਿ ਨਿਰੰਜਣ ਪੁਰਖ ਅਬਿਨਾਸ਼ੀ ਮੂਰਤ ਅਕਾਲ ਪਾਰਬ੍ਰਹਮ ਪਰਵਰਦਿਗਾਰ ਰਾਮ ਰਹਿਮਾਨ ਨੂਰ ਅਲਾ ਬੇਪਰਵਾਹ, ਏਕਓਅੰਕਾਰ ਨਿਰਾਕਾਰ ਨਿਰਾਧਾਰ ਨਿਰਵੈਰ ਏਕਾ ਰੰਗ ਏਕਾ ਰੂਪ ਏਕਾ ਰੇਖ ਏਕਾ ਭੇਖ ਏਕਾ ਆਦਿ ਏਕਾ ਜੁਗਾਦਿ ਏਕਾ ਵੇਸ, ਏਕਾ ਦਰਵੇਸ ਏਕਾ ਨਰੇਸ਼ ਏਕਾ ਅਗੰਮ ਏਕਾ ਨਾਮ ਏਕਾ ਸਤਿ ਏਕਾ ਜੋਤ ਏਕਾ ਸੋ ਏਕਾ ਨੌ ਏਕਾ ਲਾਟ, ਹਰਿ ਹਰਿ ਆਪ ਆਪ ਅਖਵਾਈਆ।
