੧੬ ਹਾੜ ੨੦੧੬ ਬਿਕ੍ਰਮੀ ਜੇਠੂਵਾਲ ਦਰਬਾਰ ਵਿਚ
ਨੌਂ ਨੌ ਚਾਰ ਸਦ, ਅਲੱਖ ਅਭੇਵ ਅਪਾਰ। ਆਦਿ ਜੁਗਾਦਿ ਖੇਲ ਬ੍ਰਹਿਮਦ, ਪਾਰਬ੍ਰਹਮ ਰੂਪ ਕਰਤਾਰ। ਸ਼ਬਦ ਅਨਾਦ ਵਜਾਏ ਨਦ, ਧੁਨ ਅਗੰਮ ਸੱਚੀ ਧੁਨਕਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਖੇਲੇ ਖੇਲ ਖੇਲਣਹਾਰ। ਨੌ ਨੌ ਚਾਰ ਖੇਲ, ਖੇਲ ਹਰਿ ਨਿਰੰਕਾਰਿਆ। ਆਦਿ ਜੁਗਾਦਿ ਜੁਗਾ ਜੁਗੰਤਰ ਇਕ ਅਵਤਾਰ, ਗੁਰਮਤ ਗੁਰ ਇਕ ਅਖਵਾ ਰਿਹਾ। ਜੋਤੀ ਨੂਰ ਨੂਰ ਉਜਿਆਰ, ਸ਼ਬਦ ਸ਼ਬਦੀ ਸ਼ਬਦ ਉਪਜਾ ਰਿਹਾ। ਹਰਿ ਹਰਿ ਹਰਿ ਤਿਆਰ, ਪਾਰਬ੍ਰਹਮ ਵੇਸ ਵਟਾ ਰਿਹਾ। ਬੋਧ ਅਗਾਧੀ ਖੇਲ ਅਪਾਰ, ਲੇਖਾ ਲੇਖ ਨਾ ਕੋਈ ਜਣਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣੀ ਰਚਨ ਰਚਾ ਲਿਆ। ਨੌ ਨੌ ਚਾਰ ਖੇਲ ਅਗੰਮ, ਅਲੱਖ ਨਿਰੰਜਣ ਵਡ ਵਡਿਆਈਆ। ਆਦਿ ਜੁਗਾਦੀ ਜਾਣੇ ਆਪਣੇ ਕੰਮ, ਨਾ ਕੋਈ ਦੂਸਰ ਸੰਗ ਰਖਾਈਆ। ਨਾ ਮਰੇ ਨਾ ਪਏ ਜੰਮ, ਆਵਣ ਜਾਵਣ ਰਚਨ ਰਚਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅਕਲ ਕਲਾ ਆਪ ਅਖਵਾਈਆ। ਨੌ ਨੌ ਚਾਰ ਧਾਰ ਹਰਿ ਨਿਰੰਕਾਰ, ਆਪਣੀ ਆਪ ਚਲਾ। ਖੇਲੇ ਖੇਲ ਖੇਲਣਹਾਰ, ਭੇਵ ਅਭੇਦਾ ਭੇਵ ਛੁਪਾ। ਨਿਰਗੁਣ ਦੀਪਕ ਬਾਤੀ ਕਮਲਾਪਾਤੀ ਆਪ ਕਰ ਉਜਿਆਰ, ਆਪ ਆਪਣਾ ਦਰ ਸੁਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅਕਾਲ ਮੂਰਤ ਅਜੂਨੀ ਰਹਿਤ ਨਿਰਾਕਾਰ ਆਪ ਹੋ ਜਾ। ਨੌ ਨੌ ਚਾਰ ਹੰ, ਪਰਮ ਪੁਰਖ ਅਖਵਾਇਆ। ਥਿਰ ਘਰ ਬੈਠ ਸਚ ਪਲੰਘ, ਪੁਰਖ ਅਬਿਨਾਸ਼ੀ ਆਸਣ ਲਾਇਆ। ਆਪਣਾ ਦਰ ਦਰਵਾਜ਼ਾ ਦਰ ਦਰਵੇਸ਼ ਆਪੇ ਲੰਘ, ਆਪ ਆਪਣੀ ਅਲੱਖ ਜਗਾਇਆ। ਨਿਰਗੁਣ ਨਿਰਗੁਣ ਅੱਗੇ ਰਿਹਾ ਮੰਗ, ਨਿਰਾਕਾਰ ਵੇਸ ਵਟਾਇਆ। ਆਪੇ ਦਾਤਾ ਦਾਨੀ ਸੂਰਾ ਸਰਬੰਗ, ਦੇਵਣਹਾਰ ਆਪ ਅਖਵਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਨਾਮ ਧਰਾਇਆ। ਨੌ ਨੌ ਚਾਰ ਨਾਉਂ, ਨਾਮਾ ਨਾਮ ਵਡਿਆਈਆ। ਸਚਖੰਡ ਵਸੇ ਸਚ ਗਰਾਉਂ, ਘਰ ਮੰਦਰ ਇਕ ਸੁਹਾਈਆ। ਮਹੱਲ ਅਟੱਲ ਉਚ ਮਿਨਾਰ, ਬੇਪਰਵਾਹ ਅਗੰਮ ਅਥਾਹ ਆਪ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੀਪਕ ਜੋਤ ਕਰ ਰੁਸ਼ਨਾਈਆ। ਨੌ ਨੌ ਚਾਰ ਮੀਤ, ਚੌਥੇ ਪਦ ਸਮਾਇਆ। ਪੁਰਖ ਅਬਿਨਾਸ਼ੀ ਏਕਾ ਗੀਤ, ਏਕੰਕਾਰਾ ਮੁਖ ਸਲਾਹਿਆ। ਆਪੇ ਜਾਣੇ ਆਪਣੀ ਰੀਤ, ਲੇਖਾ ਲਿਖਤ ਵਿਚ ਨਾ ਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਖੇਲ ਖਿਲਾਇਆ। ਨੌ ਨੌ ਚਾਰ ਖੇਲ, ਖੇਲਣਹਾਰ ਪੁਰਖ ਸਮਰੱਥਿਆ। ਵਸਣਹਾਰਾ ਰੰਗ ਨਵੇਲ, ਆਪ ਚਲਾਏ ਆਪਣਾ ਰਥਿਆ। ਧੁਰਦਰਗਾਹੀ ਸੱਜਣ ਸੁਹੇਲ, ਆਪੇ ਜਾਣੇ ਆਪਣੀ ਕਥਨ ਕੱਥਿਆ। ਆਪੇ ਗੁਰੂ ਆਪੇ ਬਣੇ ਚੇਲ, ਆਪੇ ਘਟ ਘਟ ਅੰਦਰ ਵਸਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦਿ ਦੋ ਜਹਾਨੀ ਫਿਰੇ ਨੱਸਿਆ। ਨੌ ਨੌ ਚਾਰ ਦੋ ਜਹਾਨ, ਹਰਿ ਹਰਿ ਖੇਲ ਖਲੰਦੜਾ। ਪੁਰਖ ਅਬਿਨਾਸ਼ੀ ਮਿਹਰਵਾਨ, ਸਚ ਦੁਵਾਰਾ ਇਕ ਸੁਹੰਦੜਾ। ਸ਼ਬਦ ਅਗੰਮੀ ਇਕ ਨਿਸ਼ਾਨ, ਧਰਮ ਦੁਵਾਰੇ ਆਪ ਝੁਲੰਦੜਾ। ਥਿਰ ਘਰ ਬੈਠ ਸੱਚੇ ਮਕਾਨ, ਆਪਣਾ ਦੀਪਕ ਆਪ ਜਗੰਦੜਾ। ਦੀਪਕ ਜੋਤੀ ਜਗੇ ਮਹਾਨ, ਪ੍ਰਕਾਸ਼ ਪ੍ਰਕਾਸ਼ ਕਰੰਦੜਾ। ਸਚ ਤਖ਼ਤ ਬੈਠ ਸੁਲਤਾਨ, ਸ਼ਾਹੋ ਭੂਪ ਆਪ ਅਖਵੰਦੜਾ। ਆਪੇ ਦਰ ਦਰਬਾਰੀ ਬਣ ਦਰਬਾਨ, ਦਰ ਦਰਵੇਸ਼ ਸੀਸ ਝੁਕੰਦੜਾ। ਆਪੇ ਦੇਵੇ ਧੁਰ ਫ਼ਰਮਾਣ, ਆਪ ਅਪਣਾ ਹੁਕਮ ਸੁਨੰਦੜਾ। ਆਪੇ ਹੋਏ ਨਿਗਹਬਾਨ, ਵੇਖਣਹਾਰ ਆਪ ਹੋ ਜਾਂਦੜਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣੇ ਖੇਲ ਖਲੰਦੜਾ। ਨੌ ਨੌ ਚਾਰ ਜੁਗ, ਚਾਰ ਚਾਰ ਵਡਿਆਈਆ। ਆਪੇ ਕਰੇ ਆਪਣਾ ਯੁੱਧ, ਆਪੇ ਵੇਖ ਵਖਾਈਆ। ਜਗਤ ਝੇੜਾ ਮਨ ਮਤ ਬੁੱਧ, ਬੁੱਧ ਬਿਬੇਕ ਆਪ ਹੋ ਜਾਈਆ। ਆਪੇ ਮਨੂਆ ਰਿਹਾ ਕੁੱਦ, ਆਪੇ ਹਰਿ ਰੰਗ ਵਖਾਈਆ। ਆਪੇ ਵੇਸ ਵਟਾਏ ਅਠਾਰਾਂ ਸਿਧ ਨੌ ਨਿਧ, ਨੌ ਦਰ ਖੋਜ ਖੁਜਾਈਆ। ਆਪੇ ਤ੍ਰੈਗੁਣ ਕਰੇ ਯੁੱਧ, ਰਜੋ ਤਮੋ ਸਤੋ ਮੇਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣੇ ਹੱਥ ਰੱਖੇ ਵਡਿਆਈਆ। ਨੌ ਨੌ ਚਾਰ ਖਾਣ, ਖਾਣੀ ਖਾਣ ਪਛਾਣਿਆ। ਦੇਵਣਹਾਰਾ ਸਾਚਾ ਦਾਨ, ਦਾਤਾ ਦਾਨੀ ਸ੍ਰੀ ਭਗਵਾਨਿਆ। ਏਕਾ ਵਸੇ ਸਚ ਮਕਾਨ, ਮੰਦਰ ਅੰਦਰ ਸ਼ਾਹ ਸੁਲਤਾਨਿਆ। ਸਾਚਾ ਭੂਪ ਰਾਜ ਰਾਜਾਨ, ਸੀਸ ਤਾਜ ਇਕ ਟਿਕਾਨਿਆ। ਖੇਲੇ ਖੇਲ ਦੋ ਜਹਾਨ, ਲੋਆਂ ਪੁਰੀਆਂ ਵੇਖ ਵਿਖਾਨਿਆ। ਰਵ ਸਸ ਕਰੇ ਪਛਾਣ, ਮੰਡਲ ਮੰਡਪ ਫੇਰਾ ਪਾਨਿਆ। ਵੇਖਣਹਾਰਾ ਜ਼ਿਮੀ ਅਸਮਾਨ, ਗਗਨ ਗਗਨੰਤਰ ਡੇਰਾ ਲਾਨਿਆ। ਏਕਾ ਜੋਤ ਸ੍ਰੀ ਭਗਵਾਨ, ਜੀਅ ਦਾਤਾ ਆਪ ਅਖਵਾਨਿਆ। ਆਪੇ ਹੋਇਆ ਬੇਪਛਾਣ, ਆਪ ਆਪਣਾ ਰੂਪ ਵਟਾਨਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੋਤੀ ਨੂਰ ਡਗਮਗਾਨਿਆ । ਨੌ ਨੌ ਚਾਰ ਜੋਤ ਉਜਾਲਾ, ਸਤਿਗੁਰ ਪੁਰਖ ਅਖਵਾਇਆ। ਪਰਮ ਪੁਰਖ ਪ੍ਰਭ ਦੀਨ ਦਿਆਲਾ, ਭੇਵ ਅਭੇਦਾ ਅਛਲ ਅਛੇਦਾ ਚਾਰੇ ਵੇਦਾਂ ਭੇਵ ਨਾ ਰਾਇਆ। ਚਰਨ ਦੁਵਾਰੇ ਰਖਾਏ ਕਾਲ ਮਹਾਂਕਾਲਾ, ਧਰਮਸਾਲਾ ਇਕ ਸੁਹਾਇਆ। ਆਦਿ ਜੁਗਾਦੀ ਜੁਗਾ ਜੁਗੰਤ ਚਲੇ ਅਵੱਲੜੀ ਚਾਲਾ, ਜੁਗ ਜੁਗ ਚਲਦਾ ਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੋਤੀ ਨੂਰ ਕਰੇ ਰੁਸ਼ਨਾਇਆ। ਨੌ ਨੌ ਚਾਰ ਜੋਤ ਰੁਸ਼ਨਾਈ, ਹਰਿ ਸਚਾ ਵੇਸ ਵਟਾਇੰਦਾ। ਪਾਰਬ੍ਰਹਮ ਬ੍ਰਹਮ ਵੱਜੇ ਵਧਾਈ, ਆਪੇ ਵੇਖ ਵਖਾਇੰਦਾ। ਸ਼ਬਦ ਸ਼ਬਦੀ ਕਰ ਕੁੜਮਾਈ, ਸਾਚਾ ਸਗਨ ਮਨਾਇੰਦਾ। ਲੱਖ ਚੁਰਾਸੀ ਡੇਰਾ ਲਾਈ, ਆਪਣਾ ਮੁਖ ਛੁਪਾਇੰਦਾ। ਵਿਸ਼ਨੂੰ ਵੰਸੀ ਰੂਪ ਵਟਾਈ, ਕਵਲ ਮੁਖ ਖੁਲ੍ਹਾਇੰਦਾ। ਬ੍ਰਹਮਾ ਹਰਿ ਹਰਿ ਇਕ ਸਮਝਾਈ, ਏਕਾ ਰਾਗ ਅਲ੍ਹਾਇੰਦਾ। ਸ਼ੰਕਰ ਲੇਖਾ ਆਪ ਸਮਝਾਈ, ਆਪਣੇ ਮਾਰਗ ਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਾਗਰਤ ਜੋਤ ਇਕ ਜਗਾਇੰਦਾ। ਨੌ ਨੌ ਚਾਰ ਸੱਜਣ, ਹਰੀ ਹਰਿ ਆਪ ਅਖਵਾਇੰਦਾ। ਅਬਿਨਾਸ਼ੀ ਕਰਤਾ ਪਾਰਬ੍ਰਹਮ ਅਗੰਮ ਅਥਾਹ ਬੇਪਰਵਾਹ ਆਪੇ ਹੋਏ ਪਰਦੇ ਕੱਜਣ, ਆਪੇ ਪਰਦਾ ਲਾਹਿੰਦਾ। ਸ਼ਬਦ ਅਗੰਮਾ ਸਚ ਸਲਾਹ, ਇਕ ਜਪਾਏ ਆਪਣਾ ਨਾਂ, ਦੂਸਰ ਮਾਰਗ ਨਾ ਕੋਈ ਵਖਾਇੰਦਾ। ਜਗਤ ਜੁਗਤ ਭਗਤ ਪਕੜੇ ਬਾਂਹ, ਆਪੇ ਪਿਤਾ ਆਪੇ ਮਾਂ, ਬਾਲ ਅੰਞਾਣੇ ਗੋਦ ਉਠਾਇੰਦਾ। ਬ੍ਰਹਮਾ ਵਿਸ਼ਨ ਸ਼ਿਵ ਤੇਰਾ ਕਰੇ ਨਿਆਂ, ਕਲਜੁਗ ਵੇਲਾ ਅੰਤਮ ਆਇੰਦਾ। ਕਰੋੜ ਤੇਤੀਸਾ ਮਾਰੇ ਧਾ, ਰੋ ਰੋ ਨੀਰ ਵਹਾਇੰਦਾ। ਗਣ ਗੰਧਰਬ ਤੱਕਣ ਰਾਹ, ਰਾਹ ਖਹਿੜਾ ਦਿਸ ਨਾ ਆਇੰਦਾ। ਸਤਿਗੁਰ ਪੂਰਾ ਬੇਪਰਵਾਹ, ਕਰਨੀ ਕਰਤਾ ਕਰਨੀ ਆਪਣੀ ਆਪ ਕਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗਾ ਜੁਗੰਤਰ ਜਗਤ ਬੁਝਾਏ ਬਸੰਤਰ, ਆਤਮ ਅੰਤਰ ਵੇਖ ਵਖਾਇੰਦਾ। ਨੌ ਨੌ ਚਾਰ ਆਤਮ ਧਾਰ, ਆਤਮ ਹਰਿ ਹਰਿ ਜਣਾਈਆ। ਜਗਤ ਵਿਦਿਆ ਵਸਿਆ ਬਾਹਿਰ, ਲਿਖਣ ਪੜ੍ਹਣ ਵਿਚ ਨਾ ਆਈਆ। ਗਾ ਗਾ ਥੱਕੇ ਵੇਦ ਚਾਰ, ਪੁਰਾਨ ਅਠਾਰਾਂ ਰਹੇ ਕੁਰਲਾਈਆ। ਸ਼ਾਸਤਰ ਸਿਮਰਤ ਗਏ ਹਾਰ, ਦਿਵਸ ਰੈਣ ਸਿਫ਼ਤ ਸਲਾਹੀਆ। ਗੁਰ ਪੀਰ ਸਾਧ ਸੰਤ ਰਹੇ ਪੁਕਾਰ, ਦਿਵਸ ਰੈਣ ਰਸਨਾ ਜਿਹਵਾ ਹਿਲਾਈਆ। ਗੀਤਾ ਗਿਆਨ ਇਕ ਅਧਾਰ, ਅੱਠ ਦਸ ਰੰਗ ਰੰਗਾਈਆ। ਅੰਜੀਲ ਕੁਰਾਨ ਕਰੇ ਪੁਕਾਰ, ਪਰਵਰਦਿਗਾਰ ਭੇਵ ਨਾ ਰਾਈਆ। ਨਾਨਕ ਨਿਰਗੁਣ ਨਿਰਾਕਾਰ, ਨਿਰੰਕਾਰ ਸੇਵਾ ਲਾਈਆ। ਸ਼ਬਦ ਅਗੰਮੀ ਏਕਾ ਧਾਰ, ਆਦਿ ਅਨਾਦ ਆਪ ਸੁਣਾਈਆ। ਬ੍ਰਹਮ ਬ੍ਰਹਿਮਾਦ ਰਿਹਾ ਵਿਚਾਰ, ਪਾਰਬ੍ਰਹਮ ਵੱਡੀ ਵਡਿਆਈਆ। ਠਾਂਡਾ ਦਰਸ ਦਰ ਸੱਚੇ ਦਰਬਾਰ, ਹਰਿ ਬੈਠਾ ਆਸਣ ਲਾਈਆ। ਸੱਜਣ ਸੁਹੇਲਾ ਮੀਤ ਮੁਰਾਰ, ਇਕ ਅਕੇਲਾ ਰਿਹਾ ਤਰਾਈਆ। ਗੁਰ ਚੇਲਾ ਸੋਹੇ ਇਕ ਘਰ ਬਾਰ, ਘਰ ਮੰਦਰ ਵੱਜੇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਕਰਤਾ ਆਪ ਅਖਵਾਈਆ। ਨੌ ਨੌ ਚਾਰ ਹਰਿ ਕਰਨ ਜੋਗ, ਆਪਣਾ ਕਰਮ ਕਮਾਇੰਦਾ। ਜਗਤ ਆਯੂ ਰਿਹਾ ਭੋਗ, ਜੁਗ ਵੇਖ ਵਖਾਇੰਦਾ। ਵੇਖਣਹਾਰਾ ਤੀਨਾਂ ਲੋਕ, ਚੌਦਾਂ ਹੱਟਾਂ ਫੋਲ ਫੁਲਾਇੰਦਾ। ਚੌਦਾਂ ਤਬਕਾਂ ਇਕ ਸਲੋਕ, ਏਕਾ ਸੋਹਲਾ ਗਾਇੰਦਾ। ਲੱਖ ਚੁਰਾਸੀ ਦੇਵਣਹਾਰਾ ਮੋਖ, ਆਪ ਆਪਣਾ ਵੇਸ ਵਟਾਇੰਦਾ। ਨਾ ਕੋਈ ਹਰਖ਼ ਨਾ ਕੋਈ ਸੋਗ, ਆਲਸ ਨਿੰਦਰਾ ਵਿਚ ਨਾ ਆਇੰਦਾ। ਜਨ ਭਗਤਾਂ ਚੁਗਾਏ ਨਾਮ ਚੋਗ, ਸੋਹੰ ਹੰਸਾ ਮੁਖ ਸਲਾਹਿੰਦਾ। ਕੱਟਣਹਾਰਾ ਹਉਂਮੇ ਰੋਗ, ਅੰਤਰ ਆਤਮ ਮੇਲ ਮਿਲਾਇੰਦਾ। ਭੋਗਣਹਾਰਾ ਸਾਚਾ ਭੋਗ, ਸੁਰਤ ਸੁਵਾਣੀ ਸੰਗ ਰਲਾਇੰਦਾ। ਦੇਵਣਹਾਰਾ ਦਰਸ ਅਮੋਘ, ਜੋਤੀ ਨੂਰ ਡਗਮਗਾਇੰਦਾ। ਹਰਿ ਕਾ ਭਾਣਾ ਨਾ ਸਕੇ ਕੋਈ ਰੋਕ, ਬ੍ਰਹਮਾ ਵਿਸ਼ਨ ਸ਼ਿਵ ਸੀਸ ਝੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਬੰਧਨ ਪਾਇੰਦਾ। ਨੌ ਨੌ ਚਾਰ ਬੰਧਨ ਪਾ, ਡੋਰੀ ਤੰਦ ਬੰਧਾਇਆ। ਨਿਰਗੁਣ ਨਿਰਗੁਣ ਖੇਲ ਖਿਲਾ, ਲੇਖਾ ਨਿਰਗੁਣ ਹੱਥ ਰਖਾਇਆ। ਸਰਗੁਣ ਮੇਲਾ ਬੇਪਰਵਾਹ, ਗੁਰ ਸਤਿਗੁਰ ਰੂਪ ਵਟਾਇਆ। ਪੰਜ ਤੱਤ ਡੇਰਾ ਆਪੇ ਲਾ, ਅਪ ਤੇਜ ਵਾਏ ਪ੍ਰਿਥਮੀ ਅਕਾਸ਼ ਸੁਹਾਇਆ। ਮਨ ਮਤ ਬੁੱਧ ਲਏ ਪਰਨਾ, ਆਪ ਆਪਣਾ ਸੰਗ ਨਿਭਾਇਆ। ਘਰ ਵਿਚ ਘਰ ਲਏ ਉਪਾ, ਨਿਝ ਘਰ ਆਪੇ ਡੇਰਾ ਲਾਇਆ। ਸ਼ਬਦ ਅਨਾਦੀ ਰਾਗ ਅਲਾ, ਅਨਹਦ ਤਾਲ ਵਜਾਇਆ। ਹਰਿ ਲੇਖਾ ਇਕ ਸਮਝਾ, ਏਕਾ ਦਰ ਵਖਾਇਆ। ਦੂਈ ਦਵੈਤੀ ਪਰਦਾ ਲਾਹ, ਆਪਣਾ ਰਾਹ ਵਖਾਇਆ। ਸਾਚੀ ਸੇਜਾ ਡੇਰਾ ਲਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੋਤੀ ਨੂਰ ਕਰ ਰੁਸ਼ਨਾਇਆ। ਨੌ ਨੌ ਚਾਰ ਹਰਿ ਹਰਿ ਜ਼ੋਰ, ਆਪ ਆਪਣਾ ਬਲ ਵਖਾਈਆ। ਵਸਣਹਾਰਾ ਅੰਧ ਘੋਰ, ਘੋਰ ਅੰਧੇਰਾ ਵੇਖ ਵਖਾਈਆ। ਵੇਖਣਹਾਰਾ ਪੰਚ ਚੋਰ, ਪੰਚਾਂ ਕਰੇ ਲੜਾਈਆ। ਪਾਵਣਹਾਰਾ ਝੂਠਾ ਸ਼ੋਰ, ਦਿਵਸ ਰੈਣ ਰਿਹਾ ਕੁਰਲਾਈਆ। ਵਸਣਹਾਰਾ ਮੜੀ ਗੋਰ, ਖ਼ਾਕੀ ਖ਼ਾਕ ਰਿਹਾ ਰੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਆਪਣਾ ਵੇਸ ਵਟਾਈਆ। ਵੇਸ ਅਵੱਲਾ ਇਕ ਇਕੱਲਾ, ਏਕਾ ਰੰਗ ਰੰਗਾਈਆ। ਨੌ ਨੌ ਚਾਰ ਜਲਾ ਥਲਾ, ਸਮੁੰਦ ਸਾਗਰ ਵੇਖ ਵਖਾਈਆ। ਜੰਗਲ ਜੂਹ ਉਜਾੜ ਪਹਾੜ ਡੂੰਘੀ ਡੱਲਾ, ਮੰਦਰ ਅੰਦਰ ਫੇਰਾ ਪਾਈਆ। ਜਨ ਭਗਤਾਂ ਮੇਟੇ ਦੂਈ ਦਵੈਤੀ ਸੱਲਾ, ਏਕਾ ਰੰਗ ਰੰਗਾਈਆ। ਵਸਣਹਾਰਾ ਨੇਹਚਲ ਧਾਮ ਅਟੱਲਾ, ਉਚ ਮਹੱਲ ਅਟੱਲ ਮੁਨਾਰ ਦਰ ਦੁਵਾਰ ਬੈਠਾ ਆਸਣ ਲਾਈਆ। ਆਪਣੇ ਦੀਪਕ ਆਪੇ ਬਲਾ, ਨਿਰਗੁਣ ਨੂਰ ਨੂਰ ਰੁਸ਼ਨਾਈਆ। ਸ਼ਬਦ ਸੁਨੇਹੁੜਾ ਏਕਾ ਘੱਲਾ, ਧੁਰ ਦੀ ਬਾਣ ਰਖਾਈਆ। ਕਰੇ ਕਰਾਏ ਵਲ ਛੱਲਾ, ਅਛਲ ਅਛੱਲ ਆਪ ਰਘੁਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਅੰਤਮ ਵੇਖ ਵਖਾਈਆ। ਨੌ ਨੌ ਚਾਰ ਜੁਗ, ਜੁਗ ਜੁਗ ਵੇਸ ਵਟਾਇਆ। ਸੰਤ ਸੁਹੇਲੇ ਸਾਚੇ ਚੁਗ, ਆਪ ਆਪਣੇ ਚਰਨ ਲਗਾਇਆ। ਸੁਫਲ ਕਰੇ ਮਾਤ ਮੁੱਖ, ਧੰਨ ਧੰਨ ਜਣੇਂਦੀ ਮਾਇਆ। ਸਚਖੰਡ ਦੁਵਾਰੇ ਸਾਚਾ ਸੁੱਖ, ਘਰ ਸਾਚੇ ਮੇਲ ਮਿਲਾਇਆ। ਜਗਤ ਤ੍ਰਿਸ਼ਨਾ ਮੇਟੇ ਭੁੱਖ, ਹਉਮੇ ਹੰਗਤਾ ਰੋਗ ਮਿਟਾਇਆ। ਸੁਫਲ ਕਰਾਏ ਜਨਨੀ ਕੁੱਖ, ਦਸ ਦਸ ਮਾਸ ਲੇਖੇ ਲਾਇਆ। ਉਲਟਾ ਗਰਭ ਨਾ ਹੋਏ ਰੁੱਖ, ਗੁਰ ਸਤਿਗੁਰ ਲਏ ਤਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨੌ ਨੌ ਚਾਰ ਉਤਰੇ ਪਾਰ, ਸਦ ਸਦ ਕਰੇ ਵਿਚਾਰ, ਬ੍ਰਹਿਮਦ ਤੇਰਾ ਬੇੜਾ ਪਾਰ, ਪਾਰ ਕਿਨਾਰਾ ਆਪ ਵਖਾਇਆ। ਪਾਰ ਕਿਨਾਰਾ ਡੂੰਘਾ ਸਾਗਰ, ਗਹਿਰ ਗੰਭੀਰ ਦਇਆ ਕਮਾਈਆ। ਹਰਿਜਨ ਤੇਰੀ ਕਾਇਆ ਗਾਗਰ, ਸਤਿ ਸਰੋਵਰ ਵੇਖ ਵਖਾਈਆ। ਨਿਰਮਲ ਕਰਮ ਕਰੇ ਉਜਾਗਰ, ਕਲਜੁਗ ਅੰਤਮ ਜਨਮ ਦਵਾਈਆ। ਕਰਾਇਆ ਵਣਜ ਸੱਚਾ ਸੌਦਾਗਰ, ਸੋਹੰ ਸ਼ਬਦ ਹੋਈ ਕੁੜਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚਾ ਵੇਖ ਵਖਾਈਆ। ਚੌਥੇ ਜੁਗ ਸਾਚੀ ਕਲ, ਹਰਿ ਸਾਚਾ ਆਪ ਵਰਤਾਇੰਦਾ। ਲੱਖ ਚੁਰਾਸੀ ਭੁਲਾਏ ਕਰ ਕਰ ਵਲ ਛਲ, ਵਲ ਛਲ ਧਾਰੀ ਭੇਵ ਨਾ ਆਇੰਦਾ। ਵਸਣਹਾਰਾ ਜਲ ਥਲ, ਲੋਕਮਾਤ ਜੋਤ ਜਗਾਇੰਦਾ। ਜੋਤੀ ਸ਼ਬਦੀ ਆਪੇ ਰਲ, ਪਵਣੀ ਪਵਣ ਸਮਾਇੰਦਾ। ਸ਼ਬਦ ਸੁਨੇਹੁੜਾ ਏਕਾ ਘੱਲ, ਗੁਰਮੁਖ ਸੋਏ ਮਾਤ ਉਠਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੋਤੀ ਜੋਤ ਜੋਤ ਜਗਾਇੰਦਾ। ਜੋਤੀ ਜੋਤ ਜੋਤ ਜਗਾ, ਜੋਤ ਸਰੂਪੀ ਜਾਮਾ ਪਾਇੰਦਾ। ਵਰਨ ਗੋਤ ਗੋਤ ਵਰਨ ਨਾ ਕੋਈ ਰਖਾ, ਆਪ ਆਪਣਾ ਰੰਗ ਰੰਗਾਇੰਦਾ। ਸ਼ਬਦ ਚੋਟ ਨਗਾਰੇ ਇਕ ਲਗਾ, ਸਚ ਨਗਾਰਾ ਆਪ ਵਜਾਇੰਦਾ। ਨੌ ਸੌ ਚੁਰਾਨਵਾਂ ਚੌਕੜੀ ਪਾਰ ਕਰਾ, ਚੌਥੇ ਜੁਗ ਫੇਰਾ ਪਾਇੰਦਾ। ਸਤਿਜੁਗ ਤਰੇਤਾ ਦੁਵਾਪਰ ਲਾਈ ਢਾਹ, ਕਲਜੁਗ ਅੰਤਮ ਕੰਢਾ ਆਪ ਵਖਾਇੰਦਾ। ਖੇਲੇ ਖੇਲ ਅਗੰਮ ਅਥਾਹ, ਭੇਵ ਕੋਈ ਨਾ ਪਾਇੰਦਾ। ਵੇਦ ਵਿਆਸਾ ਲੇਖਾ ਗਿਆ ਲਿਖਾ, ਚਾਰ ਲੱਖ ਬੱਤੀ ਹਜ਼ਾਰ ਮੁਖ ਸਲਾਹਿੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣੇ ਭਾਣੇ ਆਪ ਰਖਾਇੰਦਾ। ਆਪਣੇ ਭਾਣੇ ਆਪੇ ਰੱਖ, ਜੁਗ ਜੁਗ ਬੰਧਨ ਪਾਇਆ। ਲੱਖ ਚੁਰਾਸੀ ਕਰ ਪ੍ਰਤੱਖ, ਆਦਿ ਜੁਗਾਦੀ ਆਪੇ ਵੇਖਣ ਆਇਆ। ਆਪੇ ਭਾਂਡੇ ਕਰੇ ਸਖ, ਆਪੇ ਦਏ ਭਰਾਇਆ। ਲੱਖ ਚੁਰਾਸੀ ਲੋਆਂ ਪੁਰੀਆਂ ਖੰਡਾਂ ਬ੍ਰਹਿਮੰਡਾਂ ਜੇਰਜ ਅੰਡਾਂ ਆਪੇ ਦੇਵੇ ਮਥ, ਨਾਮ ਮਧਾਣਾ ਏਕਾ ਪਾਇਆ। ਵੇਖਣਹਾਰਾ ਅਠਸਠ ਨੱਠ ਨੱਠ, ਪੂਜਾ ਪਾਠ ਗਾਇਤ੍ਰੀ ਮੰਤਰ ਫੋਲ ਫੁਲਾਇਆ। ਉਲਟੀ ਗੇੜਣਹਾਰਾ ਲੱਠ ਪੁਰਖ ਸਮਰਥ, ਤ੍ਰੈਗੁਣ ਮਾਇਆ ਪਾਏ ਨੱਥ, ਲੱਖ ਚੁਰਾਸੀ ਦੇਵੇ ਮਥ, ਚਾਰੋਂ ਕੁੰਟ ਆਪ ਭੁਵਾਇਆ। ਵਸਣਹਾਰਾ ਘਟ ਘਟ, ਜੋਤੀ ਨੂਰ ਲਟ ਲਟ, ਵੇਖਣਹਾਰਾ ਚੌਦਾਂ ਹੱਟ, ਅਵਣ ਗਵਣ ਪਵਣ ਰਿਹਾ ਸਮਾਇਆ। ਕਲਜੁਗ ਪ੍ਰਗਟ ਹੋਇਆ ਲਟ ਪਟ, ਸ਼ਬਦ ਅਗੰਮੀ ਲਾਏ ਸੱਟ, ਕਿਸੇ ਹੱਥ ਨਾ ਆਏ ਤੀਰਥ ਤੱਟ, ਗੁਰੂਦੁਵਾਰ ਮੰਦਰ ਮਸਜਿਦ ਖਾਲੀ ਰਿਹਾ ਵਖਾਇਆ। ਸਾਢੇ ਤਿੰਨ ਹੱਥ ਤੇਰਾ ਏਕਾ ਤੱਤ, ਪੁਰਖ ਅਬਿਨਾਸ਼ੀ ਰੱਖੀ ਪਤ, ਬੀਜ ਬੀਜਿਆ ਆਪਣੇ ਵਤ, ਗੁਰ ਗੋਬਿੰਦ ਸੇਵਾ ਲਾਇਆ। ਨਾੜ ਬਹੱਤਰ ਨਾ ਉਬਲੀ ਰੱਤ, ਮੇਲ ਮਿਲਾਵਾ ਕਮਲਾਪਤ, ਘਰ ਸਾਚੇ ਬੈਠਾ ਸੱਥਰ ਘੱਤ, ਸੂਲਾਂ ਸੱਥਰ ਹੇਠ ਨਾ ਕੋਈ ਵਿਛਾਇਆ। ਖੇਲੇ ਖੇਲ ਬਾਜ਼ੀਗਰ ਨੱਟ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਚੌਥੇ ਵੇਖ ਵਖਾਇਆ। ਚੌਥੇ ਜੁਗ ਉਠ ਨਿਧਾਨ, ਹਰਿ ਸਾਚਾ ਆਪ ਉਠਾਇੰਦਾ। ਪ੍ਰਗਟ ਹੋਇਆ ਸ੍ਰੀ ਭਗਵਾਨ, ਨਿਹਕਲੰਕਾ ਨਾਉਂ ਰਖਾਇੰਦਾ। ਜੋਧਾ ਸੂਰਬੀਰ ਬਲੀ ਬਲਵਾਨ, ਏਕੰਕਾਰਾ ਆਪ ਅਖਵਾਇੰਦਾ। ਆਦਿ ਨਿਰੰਜਣ ਵਡ ਮਿਹਰਵਾਨ, ਪਾਰਬ੍ਰਹਮ ਵੇਸ ਵਟਾਇੰਦਾ। ਆਦਿ ਸ਼ਕਤ ਜੋਤ ਮਹਾਨ, ਜੋਤੀ ਜੋਤ ਡਗਮਗਾਇੰਦਾ। ਨੂਰ ਇਲਾਹੀ ਬੇਪਹਿਚਾਣ, ਨੇਤਰ ਨੈਣ ਨਾ ਕਿਸੇ ਜਣਾਇੰਦਾ। ਖੇਲੇ ਖੇਲ ਸ਼ਾਹ ਸੁਲਤਾਨ, ਆਪਣਾ ਹੁਕਮ ਸੁਣਾਇੰਦਾ। ਸ਼ਾਹ ਭੂਪ ਰਾਜ ਰਾਜਾਨ, ਸਚ ਸਿੰਘਾਸਣ ਆਸਣ ਲਾਇੰਦਾ। ਦੇਵਣਹਾਰਾ ਧੁਰ ਫ਼ਰਮਾਣ, ਆਪਣੀ ਬਣਤ ਬਣਾਇੰਦਾ। ਜੁਗਾ ਜੁਗੰਤਰ ਵੇਖੇ ਮਾਰ ਧਿਆਨ, ਆਪਣਾ ਲੇਖਾ ਪੂਰ ਕਰਾਇੰਦਾ। ਆਪੇ ਸੀਤਾ ਆਪੇ ਰਾਮ, ਗੋਪੀ ਕਾਹਨ ਆਪ ਨਚਾਇੰਦਾ। ਆਪੇ ਨਾਨਕ ਗੋਬਿੰਦ ਕਰ ਪ੍ਰਨਾਮ, ਆਪਣਾ ਸੀਸ ਝੁਕਾਇੰਦਾ। ਆਪੇ ਦੇਵਣਹਾਰਾ ਦਾਨ, ਆਪੇ ਝੋਲੀ ਡਾਹਿੰਦਾ। ਆਪੇ ਪ੍ਰਗਟ ਹੋਏ ਵਿਚ ਜਹਾਨ, ਦੋ ਜਹਾਨਾਂ ਵਾਲੀ ਆਪ ਅਖਵਾਇੰਦਾ। ਆਪ ਝੁਲਾਏ ਧਰਮ ਨਿਸ਼ਾਨ, ਧਰਮੀ ਆਪਣੇ ਹੱਥ ਉਠਾਇੰਦਾ। ਆਪੇ ਸ਼ਸਤਰ ਤੀਰ ਕਮਾਨ, ਖੜਗ ਖੰਡਾ ਆਪ ਹੋ ਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਾਕਾਰ ਅਕਾਰ ਧਰ, ਬ੍ਰਹਿਮੰਡਾਂ ਖੰਡਾਂ ਵੇਖ ਵਖਾਇੰਦਾ। ਚੌਥੇ ਜੁਗ ਨੇਤਰ ਖੋਲ੍ਹ, ਹਰਿ ਹਰਿ ਆਪ ਖੁਲ੍ਹਾਇੰਦਾ। ਚੌਥੇ ਮੰਦਰ ਰਿਹਾ ਬੋਲ, ਗੁਰਮੁਖ ਸੋਏ ਆਪ ਉਠਾਇੰਦਾ। ਚਾਰ ਚਾਰ ਪਰਦੇ ਦੇਵੇ ਖੋਲ੍ਹ, ਚਾਲ ਨਿਰਾਲੀ ਇਕ ਰਖਾਇੰਦਾ। ਹੌਲੀ ਹੌਲੀ ਆਪੇ ਬੋਲ, ਆਪਣਾ ਰਾਗ ਸੁਣਾਇੰਦਾ। ਸਾਚੇ ਕੰਡੇ ਦੇਵੇ ਤੋਲ, ਨਾਮ ਕੰਡਾ ਹੱਥ ਉਠਾਇੰਦਾ। ਲੱਖ ਚੁਰਾਸੀ ਛਾਛ ਦਏ ਵਿਰੋਲ, ਗੁਰਮੁਖ ਮੱਖਣ ਬਾਹਰ ਕਢਾਇੰਦਾ। ਬੀਸ ਬੀਸਾ ਕਰਿਆ ਘੋਲ, ਆਪ ਆਪਣਾ ਮੇਲ ਮਿਲਾਇੰਦਾ। ਆਪੇ ਬਣਿਆ ਜਗਤ ਵਿਚੋਲ, ਨਾਮ ਵਿਚੋਲਾ ਇਕ ਰਖਾਇੰਦਾ। ਹਰਿ ਕਾ ਭੇਵ ਨਾ ਜਾਣੇ ਪੰਡਤ ਰੌਲ, ਗਿਆਨੀ ਧਿਆਨੀ ਧਿਆਨ ਨਾ ਕੋਈ ਲਗਾਇੰਦਾ। ਗੁਰਮੁਖ ਬਣਾਏ ਕਲਾ ਸੋਲ, ਅਕਲ ਕਲਾ ਆਪ ਅਖਵਾਇੰਦਾ। ਦੇਵੇ ਵਡਿਆਈ ਹਰਿ ਹਰਿ ਧੌਲ, ਧਰਤ ਧਵਲ ਵੇਖ ਵਿਖਾਇੰਦਾ। ਉਲਟਾ ਕਰੇ ਨਾਭ ਕੌਲ, ਕਵਲਾ ਝਿਰਨਾ ਮੁਖ ਝਿਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਨੌ ਪੰਜ ਚਾਰ ਪ੍ਰਗਟ ਹੋ ਵਿਚ ਸੰਸਾਰ, ਸ਼ਬਦ ਅਗੰਮੀ ਫੜ ਕਟਾਰ, ਤਿਖੀ ਰੱਖੇ ਦੋਵਾਂ ਧਾਰ, ਮਾਰੀ ਜਾਵੇ ਵਾਰੋ ਵਾਰ, ਬ੍ਰਹਮਾ ਵਿਸ਼ਨ ਸ਼ਿਵ ਦੇਵਤ ਸੁਰ ਸਰਬ ਕੁਰਲਾਇੰਦਾ। ਵਿਸ਼ਨੂੰ ਪੁਕਾਰ ਏਕਾ ਨਾਅਰ, ਚਤੁਰਭੁਜ ਵਡਿਆਈਆ। ਬ੍ਰਹਮਾ ਹਰਿ ਹਰਿ ਪਿਆਰ, ਪਾਰਬ੍ਰਹਮ ਰਿਹਾ ਧਿਆਈਆ। ਸ਼ੰਕਰ ਨਿਉਂ ਨਿਉਂ ਕਰੇ ਨਿਮਸਕਾਰ, ਹੱਥ ਤ੍ਰਸੂਲ ਉਠਾਈਆ। ਕਲਜੁਗ ਅੰਤਮ ਆਈ ਵਾਰ, ਲੇਖੇ ਮੰਗੇ ਸਾਚਾ ਮਾਹੀਆ। ਮਨ ਮਨਵੰਤਰ ਹੋਏ ਪਾਰ, ਭਸਮੰਤਰ ਨਾ ਕੋਇ ਸਹਾਈਆ। ਬਾਸ਼ਕ ਸੇਜਾ ਖ਼ਬਰਦਾਰ, ਸਹੰਸਰ ਮੁਖ ਗਾਈਆ। ਰਾਗੀ ਨਾਦੀ ਵਸਿਆ ਬਾਹਰ, ਭੇਵ ਕੋਈ ਨਾ ਪਾਈਆ। ਆਦਿ ਜੁਗਾਦੀ ਖੇਲ ਅਪਾਰ, ਕਰਨਹਾਰ ਆਪ ਅਖਵਾਈਆ। ਤ੍ਰੈ ਤ੍ਰੈ ਲਾਏ ਸੇਵਾਦਾਰ, ਤ੍ਰੈ ਆਪਣੇ ਦਰ ਬੁਲਾਈਆ। ਚੌਥੇ ਜੁਗ ਚੌਥੇ ਘਰ ਹੋ ਤਿਆਰ, ਚੌਥਾ ਪਦ ਇਕ ਵਖਾਈਆ। ਪੰਚਮ ਮਾਰ ਕਰ ਖ਼ੁਵਾਰ, ਪੰਚਮ ਵਡ ਵਡਿਆਈਆ। ਛੇ ਦਰ ਮੇਲਾ ਮੀਤ ਮੁਰਾਰ, ਛੱਪਰ ਛੰਨ ਨਾ ਕੋਈ ਛੁਹਾਈਆ। ਸਤਿ ਪੁਰਖ ਨਿਰੰਜਣ ਨਿਰਾਕਾਰ, ਨਿਰਗੁਣ ਆਪਣਾ ਖੇਲ ਖਿਲਾਈਆ। ਸਤਿ ਦੁਵਾਰੇ ਪਾਏ ਸਾਰ, ਸਤਿ ਸਰੂਪ ਆਪ ਹੋ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨੌ ਨੌ ਚਾਰ ਵੇਖੇ ਘਰ, ਘਰ ਸਾਚਾ ਇਕ ਵਖਾਈਆ। ਘਰ ਸਾਚਾ ਹਰਿ ਪਾਇਆ, ਹਰਿ ਮਿਲਿਆ ਬੇਪਰਵਾਹ। ਥਿਰ ਘਰ ਸਾਚਾ ਇਕ ਸੁਹਾਇਆ, ਪੁਰਖ ਅਬਿਨਾਸ਼ੀ ਮੇਲਾ ਸਦ ਮਲਾ। ਕਲਜੁਗ ਅੰਤਮ ਵੇਸ ਵਟਾਇਆ, ਨਿਹਕਲੰਕਾ ਨਾਉਂ ਰਖਾ। ਮਾਤ ਪਿਤ ਨਾ ਕੋਈ ਬਣਾਇਆ, ਨਾ ਕੋਈ ਦਿਸੇ ਭੈਣ ਭਰਾ। ਨਾ ਕਿਸੇ ਮੁਲਾਂ ਪੰਡਤ ਪਾਂਧੇ ਇਲਮ ਪੜ੍ਹਾਇਆ, ਨਾ ਕੋਈ ਅਲਫ਼ੀ ਲਈ ਪਾ। ਮੰਦਰ ਮਸਜਿਦ ਗੁਰੂਦੁਵਾਰ ਨਾ ਕੋਈ ਉਪਾਇਆ, ਘਰ ਸੁਹਾਇਆ ਏਕਾ ਥਾਂ। ਰਾਗ ਤਾਲ ਨਾ ਕੋਈ ਵਜਾਇਆ, ਸ਼ਬਦ ਅਨਾਦੀ ਰਿਹਾ ਗਾ। ਕਲਜੁਗ ਅੰਤਮ ਖੇਲ ਖਿਲਾਇਆ, ਜੋਤੀ ਜਾਮਾ ਭੇਖ ਵਟਾ। ਬ੍ਰਹਮਾ ਲੇਖਾ ਦਏ ਚੁਕਾਇਆ, ਆਤਮ ਜੋਤੀ ਮੇਲ ਮਿਲਾ। ਵਿਸ਼ਨੂੰ ਵਿਸ਼ਵ ਧਾਰੀ ਆਪ ਹੋ ਜਾਇਆ, ਆਪਣਾ ਨਾਅਰਾ ਆਪੇ ਲਾ। ਸ਼ਿਵ ਸ਼ੰਕਰ ਖੇਲ ਖਿਲਾਇਆ, ਆਪਣੀ ਗੋਦੀ ਲਏ ਸੁਆ। ਗੁਰਮੁਖਾਂ ਮਾਣ ਦੁਵਾਇਆ, ਸਾਚੀ ਪੌੜੀਆਂ ਲਏ ਚੜ੍ਹਾ। ਦਰ ਦਰਵਾਜਾ ਇਕ ਖੁਲ੍ਹਾਇਆ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਆਪਣਾ ਮਾਰਗ ਲਾ। ਆਪਣਾ ਮਾਰਗ ਜਾਣੇ ਪੰਥ, ਪੰਥ ਪੰਥੀ ਆਪ ਅਖਵਾਈਆ। ਭੇਵ ਨਾ ਜਾਣੇ ਕੋਈ ਗ੍ਰੰਥ, ਪੜ੍ਹ ਪੜ੍ਹ ਥੱਕੀ ਸਰਬ ਲੋਕਾਈਆ। ਆਦਿ ਜੁਗਾਦੀ ਇਕ ਭਗਵੰਤ, ਦੂਸਰ ਹੋਰ ਨਾ ਕੋਈ ਦਿਸਾਈਆ। ਗੁਰਮੁਖ ਉਠਾਏ ਸਾਚੇ ਸੰਤ, ਹਰਿ ਸੱਜਣ ਮੇਲ ਮਿਲਾਈਆ। ਸਚਖੰਡ ਦੁਵਾਰੇ ਬਣਾਏ ਬਣਤ, ਆਪ ਆਪਣੀ ਮਤ ਸਮਝਾਈਆ। ਆਦਿ ਜੁਗਾਦੀ ਮਹਿਮਾ ਅਗਣਤ, ਲੇਖਾ ਲਿਖਤ ਨਾ ਕੋਈ ਲਿਖਾਈਆ। ਵੇਖਣਹਾਰਾ ਜੀਵ ਜੰਤ, ਜਾਗਰਤ ਜੋਤ ਕਰੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਹਰਿਜਨ ਸਾਚੇ ਲਏ ਉਠਾਈਆ। ਹਰਿਜਨ ਸਾਚਾ ਆਪ ਉਠੌਣਾ, ਆਪ ਆਪਣੀ ਦਇਆ ਕਮਾਈਆ। ਵੀਹ ਸਦ ਸੋਲਾਂ ਮੇਲ ਮਿਲੌਣਾ, ਮੇਲਣਹਾਰਾ ਬੇਪਰਵਾਹੀਆ। ਬੇਆਸ ਕਿਨਾਰਾ ਪਾਰ ਕਰੌਣਾ, ਬੇਆਸਾ ਰਹੇ ਨਾ ਕੋਈਆ। ਜਿਸ ਜਨ ਨੇਤਰ ਦਰਸ਼ਨ ਪੌਣਾ, ਥਿਰ ਘਰ ਬੈਠਾ ਆਸਣ ਲਾਈਆ। ਹਾੜ ਸਤਾਰਾਂ ਦਿਵਸ ਸੁਹੌਣਾ, ਨਵ ਸਤ ਕਰੇ ਰੁਸ਼ਨਾਈਆ। ਸਤਿਗੁਰ ਪੂਰਾ ਨਜ਼ਰੀ ਔਣਾ, ਨੇਤਰ ਨੈਣ ਨੈਣ ਬਿਗਸਾਈਆ। ਹੰਸ ਕਾਗੀ ਕਾਗ ਹੰਸ ਬਣੌਣਾ, ਕਾਗਦ ਕਲਮ ਸ਼ਾਹੀ ਦਏ ਗਵਾਹੀਆ। ਸਾਚਾ ਜੋਗ ਇਕ ਸਮਝੌਣਾ, ਜਗਤ ਜੁਗੀਸ਼ਰ ਭੇਵ ਨਾ ਪਾਈਆ। ਤਪ ਤਪੀਸ਼ਰ ਇਕ ਵਖੌਣਾ, ਤ੍ਰੈਗੁਣ ਅਗਨੀ ਦਏ ਬੁਝਾਈਆ। ਸਮਰਥ ਪੁਰਖ ਕਲ ਖੇਲ ਖਲੌਣਾ, ਆਪ ਆਪਣੀ ਦਇਆ ਕਮਾਈਆ। ਸਤਿਜੁਗ ਸਾਚਾ ਰਥ ਚਲੌਣਾ, ਰਥ ਰਥਵਾਹੀ ਆਪ ਅਖਵਾਈਆ। ਲੋਕਮਾਤ ਬੇੜਾ ਇਕ ਤਰੌਣਾ, ਚਾਰ ਵਰਨਾਂ ਲਏ ਚੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਅੰਤ ਅੰਤ ਆਪ ਹੋ ਜਾਈਆ। ਆਪੇ ਅੰਤ ਆਪੇ ਆਦਿ, ਆਦਿ ਜੁਗਾਦਿ ਆਪ ਅਖਵਾਇਆ। ਆਪੇ ਸੰਤ ਆਪੇ ਸਾਧ, ਆਪੇ ਸਤਿ ਸਤਿ ਵਰਤਾਇਆ। ਆਪੇ ਬ੍ਰਹਮ ਆਪੇ ਬ੍ਰਹਿਮਾਦ, ਪਾਰਬ੍ਰਹਮ ਆਪ ਹੋ ਜਾਇਆ। ਆਪੇ ਸ਼ਬਦ ਧੁਨ ਹੋਏ ਨਾਦੀ ਨਾਦ, ਤਾਲ ਤਲਵਾੜਾ ਆਪ ਵਜਾਇਆ। ਆਪੇ ਅਗੰਮ ਅਗੰਮੜਾ ਬੋਧ ਅਗਾਧ, ਅਲੱਖ ਅਲੱਖਣਾ ਭੇਵ ਨਾ ਰਾਇਆ। ਆਪੇ ਸੁਨਣੇਹਾਰਾ ਫ਼ਰਿਯਾਦ, ਜੁਗ ਜੁਗ ਆਪਣਾ ਨਾਉਂ ਧਰਾਇਆ। ਆਪੇ ਭਗਤਾਂ ਵੇਲਾ ਰੱਖੇ ਯਾਦ, ਗੁਰਮੁਖਾਂ ਵਿਛੜ ਕਦੇ ਨਾ ਜਾਇਆ। ਕਲਜੁਗ ਅੰਤਮ ਦੇਵਣ ਆਇਆ ਦਾਦ, ਪਿਛਲਾ ਲਹਿਣਾ ਦਏ ਚੁਕਾਇਆ। ਜਨਮ ਕਰਮ ਪੂਰਬ ਸਾਥ, ਅਗਲਾ ਲੇਖਾ ਦਏ ਸਮਝਾਇਆ। ਏਕਾ ਵਿਕਣਾ ਸਤਿਗੁਰ ਹਾਟ, ਹਾੜ ਸਤਾਰਾਂ ਦਿਵਸ ਸੁਹਾਇਆ। ਗੁਰਮੁਖਾਂ ਕਿਸੇ ਨਾ ਨੁਹਾਏ ਤੀਰਥ ਤਾਟ, ਸਤਿਗੁਰ ਚਰਨ ਦੁਵਾਰਾ ਮਜਨ ਇਕ ਕਰਾਇਆ। ਸੋਹੰ ਸ਼ਬਦ ਪੂਜਾ ਪਾਠ, ਹਰਿ ਹਰਿ ਪਾਰਬ੍ਰਹਮ ਮਿਲਾਇਆ। ਕਿਸੇ ਨਾ ਵਿਕਣਾ ਦੂਜੇ ਹਾਟ, ਨਿਉਂ ਨਿਉਂ ਸੀਸ ਨਾ ਕਿਸੇ ਝੁਕਾਇਆ। ਏਕੰਕਾਰਾ ਕਰਨਹਾਰਾ ਪੂਰਾ ਘਾਟ, ਸਾਚੇ ਕੰਡੇ ਰਿਹਾ ਤੁਲਾਇਆ। ਅੱਗੇ ਨੇੜੇ ਦਿਸੇ ਵਾਟ, ਪਿਛਲਾ ਪੰਧ ਮੁਕਾਇਆ। ਕਾਇਆ ਚੋਲਾ ਸਭ ਦਾ ਜਾਏ ਪਾਟ, ਬਿਨ ਸਤਿਗੁਰ ਪੂਰੇ ਨਾ ਕੋਈ ਸਵਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਵੀਹ ਸਦ ਸੋਲਾਂ ਵੇਖ ਵਖਾਇਆ। ਵੀਹ ਸਦ ਸੋਲਾਂ ਫੁਲਿਆ ਫੁੱਲ, ਫੁਲ ਫੁਲਵਾੜੀ ਆਪ ਮਹਿਕਾਈਆ। ਹਰਿ ਸੰਗਤ ਤੇਰਾ ਪਾਵਣ ਆਇਆ ਮੁੱਲ, ਕਰਤਾ ਕੀਮਤ ਆਪੇ ਦਏ ਚੁਕਾਈਆ। ਆਪੇ ਵਸਣ ਆਇਆ ਕੋਲ, ਨਗਰ ਖੇੜਾ ਆਪਣਾ ਆਪ ਤਜਾਈਆ। ਆਪ ਵਜਾਵਣ ਆਇਆ ਢੋਲ, ਸੋਹੰ ਆਪਣਾ ਨਾਉਂ ਧਰਾਈਆ। ਆਪੇ ਤੇਰੇ ਪਰਦੇ ਰਿਹਾ ਫੋਲ, ਆਪਣੇ ਪਰਦੇ ਅਗਨੀ ਭੇਟ ਚੜ੍ਹਾਈਆ। ਆਪੇ ਤੇਰੀ ਕਾਇਆ ਰਿਹਾ ਮਵਲ, ਆਪਣੀ ਕਾਇਆ ਨਾ ਕੋਈ ਵਖਾਈਆ। ਆਪੇ ਅੰਮ੍ਰਿਤ ਭਰਿਆ ਤੇਰੇ ਕਵਲ, ਆਪਣਾ ਕਵਲ ਪਹਿਲੇ ਭੰਨਾਈਆ। ਆਪੇ ਤੇਰੇ ਅੰਦਰ ਰਿਹਾ ਬੋਲ, ਆਪਣਾ ਮੰਦਰ ਸਾਢੇ ਤਿੰਨ ਹੱਥ ਪਹਿਲੋਂ ਢਾਹੀਆ। ਆਪੇ ਤੇਰੇੇ ਪਰਦੇ ਰਿਹਾ ਖੋਲ੍ਹ, ਆਪਣਾ ਪਰਦਾ ਮੁਖ ਤੋਂ ਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਦੇਵਣਹਾਰਾ ਸਾਚਾ ਵਰ, ਸੰਮਤ ਸੋਲਾਂ ਲਾਹੇ ਡਰ, ਨਿਹਕਲੰਕ ਕਰੇ ਰੁਸ਼ਨਾਈਆ। ਨਿਹਕਲੰਕ ਗੌਣਾ ਢੋਲਾ, ਹਰਿ ਪ੍ਰਗਟ ਨਰ ਅਵਤਾਰਿਆ। ਸਤਾਰਾਂ ਹਾੜੀ ਬਦਲਿਆ ਚੋਲਾ, ਪ੍ਰਗਟ ਹੋਏ ਵਿਚ ਸੰਸਾਰਿਆ। ਕੋਇ ਨਾ ਰੱਖੇ ਪਰਦਾ ਉਹਲਾ, ਸਿੰਘ ਪੂਰਨ ਵਿਚ ਸਮਾ ਰਿਹਾ। ਗੁਰ ਗੋਬਿੰਦ ਬਣ ਵਿਚੋਲਾ, ਸੰਬਲ ਨਗਰੀ ਡੇਰਾ ਲਾ ਲਿਆ। ਸਾਧਾਂ ਸੰਤਾਂ ਜੀਆਂ ਜੰਤਾਂ ਚਾਰੋਂ ਕੁੰਟ ਪਿਆ ਰੌਲਾ, ਹਰਿ ਕਾ ਭੇਵ ਕੋਈ ਨਾ ਪਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਵੀਹ ਸਦ ਸੋਲਾਂ ਆਪਣਾ ਪਰਦਾ ਆਪੇ ਲਾਹ ਰਿਹਾ। ਝੂਠਾ ਪਰਦਾ ਜਾਣਾ ਲੱਥ, ਹਾੜ ਸਤਾਰਾਂ ਵਡ ਵਡਿਆਈਆ। ਚਾਰੋਂ ਕੁੰਟ ਨਜ਼ਰੀ ਆਏ ਪੁਰਖ ਸਮਰਥ, ਪੂਰਨ ਪੂਰੇ ਵਿਚ ਸਮਾਈਆ। ਇਕ ਖੁਲ੍ਹਾਏ ਸਾਚਾ ਹੱਟ, ਚਾਰ ਵਰਨਾਂ ਵਣਜ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਭਗਵਨ ਜੋਤ ਆਪ ਹੋ ਜਾਈਆ।
