੧ ਫੱਗਣ ੨੦੧੬ ਬਿਕ੍ਰਮੀ ਜੇਠੂਵਾਲ ਦਰਬਾਰ ਵਿਚ
ਸੋ ਪੁਰਖ ਨਿਰੰਜਣ ਨਿਰਗੁਣ ਧਾਰ, ਆਦਿ ਅੰਤ ਨਾ ਕੋਇ ਜਣਾਈਆ। ਹਰਿ ਪੁਰਖ ਨਿਰੰਜਣ ਅਗੰਮ ਅਪਾਰ, ਅਗੰਮ ਅਗਮੜਾ ਭੇਵ ਨਾ ਰਾਈਆ। ਏਕੰਕਾਰਾ ਨਿਰੰਕਾਰ, ਰੂਪ ਰੇਖ ਨਾ ਕੋਇ ਜਣਾਈਆ। ਆਦਿ ਨਿਰੰਜਣ ਜੋਤ ਉਜਿਆਰ, ਨੂਰੋ ਨੂਰ ਡਗਮਗਾਈਆ। ਸ੍ਰੀ ਭਗਵਾਨ ਖੇਲ ਅਪਾਰ, ਲੇਖਾ ਲੇਖ ਨਾ ਕੋਇ ਲਖਾਈਆ। ਅਬਿਨਾਸ਼ੀ ਕਰਤਾ ਸਤਿ ਕਰਤਾਰ, ਸਤਿ ਸਤਿਵਾਦੀ ਸਤਿ ਸਮਾਈਆ। ਪਾਰਬ੍ਰਹਮ ਏਕਾ ਧਾਰ, ਆਪਣੀ ਆਪ ਚਲਾਈਆ। ਵਸਣਹਾਰਾ ਸਚਖੰਡ ਦੁਆਰ, ਘਰ ਸਾਚੇ ਸੋਭਾ ਪਾਈਆ। ਮਹੱਲ ਅਟੱਲ ਉਚ ਮਨਾਰ, ਥਿਰ ਘਰ ਆਪਣਾ ਆਪ ਉਪਾਈਆ। ਦੀਪਕ ਬਾਤੀ ਕਰ ਉਜਿਆਰ, ਨੂਰੋ ਨੂਰ ਆਪ ਧਰਾਈਆ। ਸ਼ਾਹੋ ਭੂਪ ਸੱਚੀ ਸਰਕਾਰ, ਘਰ ਸਾਚੇ ਸੋਭਾ ਪਾਈਆ। ਤਖਤ ਤਾਜ ਇਕ ਸਿਕਦਾਰ, ਰਾਓ ਰੰਕ ਵਡ ਵਡਿਆਈਆ। ਹੁਕਮੀ ਹੁਕਮ ਕਰੇ ਅਪਾਰ, ਆਪ ਆਪਣਾ ਹੁਕਮ ਜਣਾਈਆ। ਸੁਣੇ ਸੁਣਾਵੇ ਸੁਣਨੇਹਾਰ, ਦੂਸਰ ਕੋਇ ਦਿਸ ਨਾ ਆਈਆ। ਆਪਣੇ ਰੰਗ ਰਵੇ ਕਰਤਾਰ, ਕਰਨੀ ਕਰਤਾ ਕਿਰਤ ਕਮਾਈਆ। ਆਪ ਸੁਹਾਏ ਬੰਕ ਦੁਆਰ, ਘਰ ਬੈਠਾ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕ ਏਕੰਕਾਰ ਆਪਣਾ ਨਾਉਂ ਰਖਾਈਆ। ਸੋ ਪੁਰਖ ਨਿਰੰਜਣ ਸਰਬ ਗੁਣਵੰਤ, ਭੇਵ ਕੋਇ ਨਾ ਪਾਇੰਦਾ। ਹਰਿ ਪੁਰਖ ਨਿਰੰਜਣ ਆਦਿ ਅੰਤ, ਆਪ ਆਪਣੀ ਖੇਲ ਖਿਲਾਇੰਦਾ। ਏਕੰਕਾਰਾ ਮਹਿਮਾ ਅਗਣਤ, ਲੇਖਾ ਲੇਖ ਨਾ ਕਿਸੇ ਜਣਾਇੰਦਾ। ਆਦਿ ਨਿਰੰਜਣ ਬਣਾਏ ਬਣਤ, ਜੋਤੀ ਜੋਤ ਨੂਰ ਉਪਜਾਇੰਦਾ। ਸ੍ਰੀ ਭਗਵਾਨ ਸਾਚਾ ਕੰਤ, ਏਕਾ ਪੁਰਖ ਅਖਵਾਇੰਦਾ। ਅਬਿਨਾਸ਼ੀ ਕਰਤਾ ਆਪੇ ਜਾਣੇ ਆਪਣੀ ਅੰਸ, ਆਪ ਆਪਣਾ ਦਰ ਸੁਹਾਇੰਦਾ। ਪਾਰਬ੍ਰਹਮ ਬਣੇ ਮੰਗਤ, ਦਰ ਆਪਣਾ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣੇ ਰੰਗ ਰੰਗਾਇੰਦਾ। ਸੋ ਪੁਰਖ ਨਿਰੰਜਣ ਹਰਿ ਰੰਗ ਰਾਤਾ, ਹਰਿ ਹਰਿ ਵੱਡੀ ਵਡਿਆਈਆ। ਹਰਿ ਪੁਰਖ ਨਿਰੰਜਣ ਆਪੇ ਜਾਣੇ ਆਪਣਾ ਨਾਤਾ, ਆਪ ਆਪਣਾ ਮੇਲ ਮਿਲਾਈਆ। ਏਕੰਕਾਰਾ ਆਪ ਨਿਭਾਏ ਆਪਣਾ ਸਾਥਾ, ਆਪ ਆਪਣਾ ਸੰਗ ਰਖਾਈਆ। ਆਦਿ ਨਿਰੰਜਣ ਦੀਪਕ ਜੋਤ ਪ੍ਰਕਾਸ਼ਾ, ਪ੍ਰਕਾਸ਼ ਪ੍ਰਕਾਸ਼ ਆਪ ਟਿਕਾਈਆ। ਸ੍ਰੀ ਭਗਵਾਨ ਚਲਾਏ ਰਾਥਾ, ਰਥ ਰਥਵਾਹੀ ਦਿਸ ਨਾ ਆਈਆ। ਅਬਿਨਾਸ਼ੀ ਕਰਤਾ ਗਾਏ ਆਪਣੀ ਗਾਥਾ, ਗਾਵਣਹਾਰ ਗੀਤ ਅਲਾਈਆ। ਪਾਰਬ੍ਰਹਮ ਨਿਉਂ ਨਿਉਂ ਨਿਮਸਕਾਰ ਟੇਕੇ ਮਾਥਾ, ਆਪਣੀ ਪਏ ਢਹਿ ਸਰਨਾਈਆ । ਸਚਖੰਡ ਨਿਵਾਸੀ ਘਰ ਸਚ ਨਿਵਾਸਾ, ਥਿਰ ਘਰ ਸਾਚੇ ਸੋਭਾ ਪਾਈਆ। ਸਚ ਸੁਲਤਾਨ ਸ਼ਾਹੋ ਸ਼ਾਬਾਸ਼ਾ, ਨਾ ਮਰੇ ਨਾ ਜਾਈਆ। ਆਪੇ ਦਾਸ ਆਪੇ ਦਾਸਾ, ਦਾਸੀ ਦਾਸ ਸੇਵ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣੀ ਖੇਲ ਖਿਲਾਈਆ। ਸੋ ਪੁਰਖ ਨਿਰੰਜਣ ਹਰਿ ਮਿਹਰਵਾਨਾ, ਭੇਵ ਕੋਇ ਨਾ ਪਾਇੰਦਾ। ਹਰਿ ਪੁਰਖ ਨਿਰੰਜਣ ਸ੍ਰੀ ਭਗਵਾਨਾ, ਦਿਸ ਕਿਸੇ ਨਾ ਆਇੰਦਾ। ਆਦਿ ਨਿਰੰਜਣ ਜੋਤੀ ਨੂਰ ਨੁਰਾਨਾ, ਨੂਰੋ ਨੂਰ ਡਗਮਗਾਇੰਦਾ। ਅਬਿਨਾਸ਼ੀ ਕਰਤਾ ਸਚ ਤਰਾਨਾ, ਆਪਣਾ ਆਪੇ ਗਾਇੰਦਾ। ਸ੍ਰੀ ਭਗਵਾਨ ਮਰਦ ਮਰਦਾਨਾ, ਆਪਣਾ ਨਾਉਂ ਰਖਾਇੰਦਾ। ਪਾਰਬ੍ਰਹਮ ਕਰੇ ਧਿਆਨਾ, ਸਚ ਧਿਆਨ ਇਕ ਜਣਾਇੰਦਾ। ਸਚਖੰਡ ਨਿਵਾਸੀ ਨੌਜਵਾਨਾ, ਰੂਪ ਅਨੂਪ ਆਪ ਦਰਸਾਇੰਦਾ। ਆਪੇ ਹੋਏ ਜਾਣੀ ਜਾਣਾ, ਜਾਨਣਹਾਰ ਖੇਲ ਖਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਦਾਤਾ ਬੇਪਰਵਾਹ, ਆਪ ਆਪਣਾ ਬਣੇ ਮਲਾਹ, ਆਪਣਾ ਬੇੜਾ ਆਪ ਚਲਾਇੰਦਾ। ਨਿਰਗੁਣ ਬੇੜਾ ਕਰ ਤਿਆਰ, ਸੋ ਪੁਰਖ ਨਿਰੰਜਣ ਸੇਵ ਲਗਾਈਆ। ਹਰਿ ਪੁਰਖ ਨਿਰੰਜਣ ਸੇਵਾਦਾਰ, ਆਦਿ ਨਿਰੰਜਣ ਨਾਲ ਰਲਾਈਆ। ਏਕੰਕਾਰਾ ਕਰ ਪਿਆਰ, ਸ੍ਰੀ ਭਗਵਾਨ ਵੇਖ ਵਖਾਈਆ। ਅਬਿਨਾਸ਼ੀ ਕਰਤਾ ਕਰੇ ਧਿਆਨ, ਪਾਰਬ੍ਰਹਮ ਸਚ ਸਲਾਹੀਆ। ਸਚਖੰਡ ਦੁਆਰੇ ਵਸੇ ਇਕ ਮਕਾਨ, ਦੂਸਰ ਦਰ ਨਾ ਕੋਇ ਖੁਲ੍ਹਾਈਆ। ਥਿਰ ਘਰ ਵੇਖੇ ਇਕ ਨਿਸ਼ਾਨ, ਸਚ ਦਵਾਰੇ ਆਪ ਝੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਅਜੂਨੀ ਰਹਿਤ ਵਡ ਵਡਿਆਈਆ। ਅਜੂਨੀ ਰਹਿਤ ਪੁਰਖ ਆਕਾਲਾ, ਏਕਾ ਰੰਗ ਸਮਾਇੰਦਾ। ਵਸਣਹਾਰਾ ਸਚ ਸੱਚੀ ਧਰਮਸਾਲਾ, ਸਚਖੰਡ ਦੁਆਰੇ ਸੋਭਾ ਪਾਇੰਦਾ। ਦੀਨਾ ਬੰਧਪ ਦੀਨ ਦਿਆਲਾ, ਘਰ ਆਪਣੇ ਦਇਆ ਕਮਾਇੰਦਾ। ਆਪੇ ਚਲੇ ਆਪਣੀ ਚਾਲਾ, ਥਿਰ ਘਰ ਬੈਠਾ ਵੇਸ ਵਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਅਨਭਵ ਪ੍ਰਕਾਸ਼ ਆਪ ਕਰਾਇੰਦਾ। ਅਨਭਵ ਪ੍ਰਕਾਸ਼ ਹਰਿ ਨਿਰੰਕਾਰ, ਆਪਣਾ ਆਪ ਕਰਾਈਆ। ਸਚਖੰਡ ਸੁਹਾਏ ਬੰਕ ਦੁਆਰ, ਸੋਭਾਵੰਤ ਵੱਡੀ ਵਡਿਆਈਆ। ਨਿਰਗੁਣ ਬਾਤੀ ਕਰ ਤਿਆਰ, ਕਮਲਾਪਾਤੀ ਆਪ ਜਗਾਈਆ। ਆਦਿ ਜੁਗਾਦਿ ਸਾਚੀ ਕਾਰ, ਕਰਤਾ ਪੁਰਖ ਆਪ ਕਰਾਈਆ। ਸੋ ਪੁਰਖ ਨਿਰੰਜਣ ਸਾਚੀ ਧਾਰ, ਘਰ ਸਾਚੇ ਵੇਖ ਵਖਾਈਆ। ਹਰਿ ਪੁਰਖ ਨਿਰੰਜਣ ਕਰ ਪਸਾਰ, ਆਪ ਆਪਣਾ ਘਰ ਵਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਚਖੰਡ ਬੈਠਾ ਬੇਪਰਵਾਹੀਆ। ਸਚਖੰਡ ਨਿਵਾਸਾ ਪੁਰਖ ਅਬਿਨਾਸਾ, ਏਕਾ ਰੰਗ ਸਮਾਇਆ। ਜੋਤੀ ਨੂਰ ਖੇਲ ਤਮਾਸਾ, ਜਾਗਰਤ ਜੋਤ ਕਰੇ ਰੁਸ਼ਨਾਇਆ। ਆਪੇ ਪਾਵੇ ਸਾਚੀ ਰਾਸਾ, ਆਪ ਆਪਣਾ ਮੰਗਲ ਗਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦਰ ਘਰ ਸਾਚਾ ਇਕ ਸੁਹਾਇਆ। ਦਰ ਘਰ ਸੁਹੰਜਣਾ ਹਰਿ ਸੁਹਾਏ, ਸੋਭਾਵੰਤ ਵੱਡੀ ਵਡਿਆਈਆ। ਸੋ ਪੁਰਖ ਨਿਰੰਜਣ ਦਇਆ ਕਮਾਏ, ਘਰ ਸਾਚੇ ਵੱਜੀ ਵਧਾਈਆ। ਹਰਿ ਪੁਰਖ ਨਿਰੰਜਣ ਵੇਖਣ ਆਏ, ਆਪ ਆਪਣਾ ਵੇਸ ਧਰਾਈਆ। ਆਦਿ ਨਿਰੰਜਣ ਕਰ ਰੁਸ਼ਨਾਏ, ਆਪਣਾ ਨੂਰ ਰਿਹਾ ਵਖਾਈਆ। ਏਕੰਕਾਰਾ ਮੰਗਲ ਗਾਏ, ਆਪ ਆਪਣਾ ਰਾਗ ਅਲਾਈਆ। ਸ੍ਰੀ ਭਗਵਾਨ ਸਗਨ ਮਨਾਏ, ਘਰ ਸਾਚੇ ਸੋਭਾ ਪਾਈਆ। ਅਬਿਨਾਸ਼ੀ ਕਰਤਾ ਰਾਹ ਤਕਾਏ, ਆਪਣਾ ਮਾਰਗ ਵੇਖ ਵਖਾਈਆ। ਪਾਰਬ੍ਰਹਮ ਘਰ ਸਾਚੇ ਆਏ, ਘਰ ਸਾਚਾ ਇਕ ਵਖਾਈਆ। ਸਚਖੰਡ ਦੁਆਰਾ ਰੰਗ ਰੰਗਾਏ, ਰੰਗ ਰੱਤੜਾ ਹਰਿ ਹਰਿ ਮਾਹੀਆ। ਸਚ ਸਿੰਘਾਸਣ ਇਕ ਵਿਛਾਏ, ਪਾਵਾ ਚੂਲ ਨਾ ਕੋਇ ਬਣਾਈਆ। ਆਪਣੀ ਸੇਜਾ ਆਪ ਸੁਹਾਏ, ਨਿਰਗੁਣ ਬੈਠਾ ਆਸਣ ਲਾਈਆ। ਨਿਰਗੁਣ ਨਾਰੀ ਨਿਰਗੁਣ ਕੰਤ ਨਿਰਗੁਣ ਨਿਰਗੁਣ ਲਏ ਪ੍ਰਨਾਏ, ਘਰ ਸਾਚੇ ਮੇਲ ਮਿਲਾਈਆ। ਨਿਰਗੁਣ ਮੇਲਾ ਸਹਿਜ ਸੁਭਾਏ, ਨਿਰਗੁਣ ਸਾਚਾ ਸੰਗ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਘਰ ਸਾਚਾ ਵੇਖ ਵਿਖਾਈਆ। ਘਰ ਸਾਚਾ ਸਚਖੰਡ ਦੁਆਰਾ, ਹਰਿ ਸਾਚਾ ਆਪ ਸੁਹਾਇੰਦਾ। ਨਿਰਗੁਣ ਨਿਰਗੁਣ ਕਰ ਪਸਾਰਾ, ਨਿਰਗੁਣ ਧਾਰਾ ਵਿਚ ਰਖਾਇੰਦਾ। ਨਿਰਗੁਣ ਨਾਰੀ ਕੰਤ ਪਿਆਰਾ, ਨਿਰਗੁਣ ਸਾਚੀ ਸੇਜ ਹੰਢਾਇੰਦਾ। ਨਿਰਗੁਣ ਅੰਦਰ ਨਿਰਗੁਣ ਬਾਹਰਾ, ਨਿਰਗੁਣ ਗੁਪਤ ਜਾਹਰਾ ਰੂਪ ਵਟਾਇੰਦਾ। ਨਿਰਗੁਣ ਜੋਤ ਨੂਰ ਉਜਿਆਰਾ, ਨਿਰਗੁਣ ਰਕਤ ਬੂੰਦ ਅਖਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਘਰ ਸਾਚਾ ਆਪ ਵਸਾਇੰਦਾ । ਸਚਖੰਡ ਦੁਆਰਾ ਹਰਿ ਵਸੰਦੜਾ, ਪਾਰਬ੍ਰਹਮ ਬੇਅੰਤ। ਆਦਿ ਜੁਗਾਦਿ ਭੇਵ ਨਾ ਕੋਇ ਖੁਲੰਦੜਾ, ਮਹਿਮਾ ਗਣਤ ਅਗਣਤ। ਘਰ ਸਾਚੇ ਆਪ ਸੁਹੰਦੜਾ, ਆਪੇ ਹੋਏ ਸੋਭਾਵੰਤ। ਆਪ ਆਪਣਾ ਮੇਲ ਮਲੰਦੜਾ, ਆਪੇ ਨਾਰੀ ਆਪੇ ਕੰਤ। ਆਪ ਆਪਣਾ ਸੁਤ ਉਪਜੰਦੜਾ, ਆਪੇ ਗਾਏ ਸੁਹਾਗੀ ਛੰਤ, ਆਪ ਆਪਣਾ ਨਾਉਂ ਰਖੰਦੜਾ, ਪਾਰਬ੍ਰਹਮ ਸ੍ਰੀ ਭਗਵੰਤ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪੇ ਜਾਣੇ ਆਪਣੀ ਬਣਤ। ਨਿਰਗੁਣ ਨਾਰੀ ਕੰਤ ਪਿਆਰੀ, ਹਰਿ ਪੁਰਖ ਨਿਰੰਜਣ ਆਪ ਪਰਨਾਈਆ। ਨਿਰਗੁਣ ਸੇਜਾ ਰਿਹਾ ਵਿਚਾਰੀ, ਨਿਰਗੁਣ ਬੈਠਾ ਆਸਣ ਲਾਈਆ। ਨਿਰਗੁਣ ਅੰਗੀਕਾਰ ਕਰੇ ਆਪਣੇ ਅੰਗ ਲਗਾਏ ਸਚ ਸਿਕਦਾਰੀ, ਸਰਬ ਸੂਖ ਆਪ ਅਖਵਾਈਆ। ਨਿਰਗੁਣ ਦਾਤਾ ਬਣ ਭੰਡਾਰੀ, ਆਪਣਾ ਭੰਡਾਰਾ ਆਪ ਵਰਤਾਈਆ। ਨਿਰਗੁਣ ਕਰੇ ਨਿਰਗੁਣ ਸ਼ਿੰਗਾਰੀ, ਸਤਿ ਸ਼ਿੰਗਾਰ ਆਪ ਵਖਾਈਆ। ਸਾਚਾ ਰੰਗ ਅਪਰ ਅਪਾਰੀ, ਪੁਰਖ ਨਿਰੰਜਣ ਆਪ ਰੰਗਾਈਆ। ਆਪਣੀ ਜੋਤ ਕਰ ਕੁਆਰੀ, ਆਪੇ ਆਪਣੇ ਨਾਲ ਹੰਢਾਈਆ। ਰੰਗ ਰਲੀਆਂ ਮਾਣੇ ਬੇਐਬ ਪਰਵਰਦਿਗਾਰੀ, ਨੂਰੋ ਨੂਰ ਨੂਰ ਅਖਵਾਈਆ। ਮੁਕਾਮੇ ਹੱਕ ਸੱਚੀ ਯਾਰੀ, ਹੱਕ ਹਕੀਕਤ ਆਪਣੇ ਵਿਚ ਰਖਾਈਆ। ਸਚਖੰਡ ਦੁਆਰੇ ਪੈਜ ਸੁਆਰੀ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣਾ ਭੇਵ ਆਪ ਖੁਲ੍ਹਾਈਆ। ਸਤਿ ਪੁਰਖ ਨਿਰੰਜਣ ਭੇਵ ਖੁਲ੍ਹਾਉਣਾ, ਆਪ ਆਪਣੀ ਕਲ ਵਰਤਾਇੰਦਾ। ਸੋ ਪੁਰਖ ਨਿਰੰਜਣ ਮੇਲ ਮਿਲੌਣਾ, ਹਰਿ ਪੁਰਖ ਨਿਰੰਜਣ ਅੰਗ ਲਗਾਇੰਦਾ। ਆਦਿ ਨਿਰੰਜਣ ਵੇਖ ਵਖਾਉਣਾ, ਏਕੰਕਾਰਾ ਦਰ ਸੁਹਾਇੰਦਾ। ਸ੍ਰੀ ਭਗਵਾਨ ਮੰਗਲ ਗਾਉਣਾ, ਅਬਿਨਾਸ਼ੀ ਕਰਤਾ ਰਾਗ ਅਲਾਇੰਦਾ। ਪਾਰਬ੍ਰਹਮ ਪ੍ਰਭ ਇਕ ਵਖਾਉਣਾ, ਸਚਖੰਡ ਦੁਆਰਾ ਇਕ ਸੁਹਾਇੰਦਾ। ਏਕਾ ਨਾਰੀ ਏਕਾ ਕੰਤ ਮਨਾਉਣਾ, ਦੂਜੀ ਸੇਜ ਨਾ ਕੋਈ ਹੰਢਾਇੰਦਾ। ਸੁਤ ਦੁਲਾਰਾ ਇਕ ਉਪਜਾਉਣਾ, ਹਰਿ ਸ਼ਬਦੀ ਨਾਉਂ ਧਰਾਇੰਦਾ। ਸਾਚਾ ਬਸਤਰ ਇਕ ਰੰਗਾਉਣਾ, ਆਪ ਆਪਣਾ ਰੰਗ ਰੰਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਾਚੀ ਵੰਡਣ ਆਪ ਵੰਡਾਇੰਦਾ। ਸੋ ਪੁਰਖ ਨਿਰੰਜਣ ਲਾਲ ਰੰਗ, ਸੁਤੇ ਪ੍ਰਕਾਸ਼ ਆਪ ਰੰਗਾਈਆ। ਹਰਿ ਪੁਰਖ ਨਿਰੰਜਣ ਸਚ ਪਲੰਘ, ਕੰਚਨ ਰੂਪ ਵਟਾਈਆ। ਆਦਿ ਨਿਰੰਜਣ ਮੰਗੇ ਮੰਗ, ਸੂਹਾ ਵੇਸ ਬੇਪਰਵਾਹੀਆ। ਏਕੰਕਾਰਾ ਸਚ ਦਵਾਰਾ ਲੰਘ, ਚਿੱਟਾ ਰੰਗ ਰੰਗ ਅਲਾਹੀਆ। ਸ੍ਰੀ ਭਗਵਾਨ ਸੂਰਾ ਸਰਬੰਗ, ਪੀਲੀ ਧਾਰ ਧਾਰ ਸਲਾਹੀਆ । ਅਬਿਨਾਸ਼ੀ ਕਰਤਾ ਫੜ ਮਰਦੰਗ, ਆਪ ਆਪਣਾ ਹੁਕਮ ਚਲਾਈਆ। ਨੀਲੀ ਧਾਰ ਏਕਾ ਰੰਗ, ਆਪਣੀ ਇਛਿਆ ਆਪ ਵਹਾਈਆ। ਪਾਰਬ੍ਰਹਮ ਆਪਣਾ ਢਕੇ ਆਪੇ ਨੰਗ, ਕਾਲਾ ਰੰਗਣ ਰੰਗ ਛੁਹਾਈਆ। ਸਚਖੰਡ ਦੁਆਰੇ ਬਣਿਆ ਸੰਗ, ਘਰ ਸਾਚੇ ਵੱਜੀ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕ ਏਕਾ ਖੇਲ ਖਿਲਾਈਆ। ਸੱਤ ਰੰਗ ਨਿਸ਼ਾਨਾ ਸਚਖੰਡ, ਹਰਿ ਸਾਚੇ ਸਚ ਝੁਲਾਇਆ। ਸੋ ਪੁਰਖ ਨਿਰੰਜਣ ਵੰਡੀ ਵੰਡ, ਹਰਿ ਪੁਰਖ ਨਿਰੰਜਣ ਵੇਖ ਵਿਖਾਇਆ। ਆਦਿ ਨਿਰੰਜਣ ਨਿਭਾਏ ਸੰਗ, ਏਕੰਕਾਰਾ ਮੇਲ ਮਿਲਾਇਆ। ਸ੍ਰੀ ਭਗਵਾਨ ਵੇਖੇ ਲੰਘ, ਅਬਿਨਾਸ਼ੀ ਕਰਤਾ ਖੁਸ਼ੀ ਮਨਾਇਆ। ਪਾਰਬ੍ਰਹਮ ਪ੍ਰਭ ਲਾਇਆ ਅੰਗ, ਆਪ ਆਪਣੇ ਅੰਗ ਛੁਹਾਇਆ। ਸਚ ਵਛਾਈ ਸੇਜ ਪਲੰਘ, ਸਚ ਤਖਤ ਸੁਲਤਾਨ ਆਪ ਸੁਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਪੁਰਖ ਅਗੰਮ ਅਗੰਮੜੀ ਧਾਰ ਰਖਾਇਆ। ਅਗੰਮੜੀ ਧਾਰ ਬੇਪਰਵਾਹ, ਸਚਖੰਡ ਦਵਾਰ ਚਲਾਈਆ। ਸੱਤ ਰੰਗਣ ਰੰਗ ਰੰਗਾ, ਨਿਰਗੁਣ ਜੋਤ ਨੂਰ ਇਲਾਹੀਆ। ਆਪਣਾ ਰੂਪ ਆਪ ਵਟਾ, ਆਪੇ ਵੇਖ ਵਖਾਈਆ। ਆਪਣੀ ਰਚਨਾ ਆਪ ਰਚਾ, ਆਪ ਆਪਣੇ ਵਿਚ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਚਖੰਡ ਦਵਾਰੇ ਸਾਚਾ ਭੂਸ਼ਨ ਆਪਣਾ ਆਪ ਬਣਾਈਆ। ਸਾਚਾ ਭੂਸ਼ਨ ਸੱਤ ਰੰਗ ਧਾਰ, ਹਰਿ ਸਾਚਾ ਸਚ ਸਮਾਇੰਦਾ। ਸਚ ਸਿੰਘਾਸਣ ਕਰ ਤਿਆਰ, ਉਪਰ ਆਸਣ ਲਾਇੰਦਾ। ਆਪੇ ਬਣੇ ਹਰਿ ਸਿਕਦਾਰ, ਆਪ ਆਪਣਾ ਹੁਕਮ ਚਲਾਇੰਦਾ। ਆਪੇ ਬਣੇ ਦਰ ਚੋਬਦਾਰ, ਆਪ ਆਪਣਾ ਸੀਸ ਝੁਕਾਇੰਦਾ। ਆਪੇ ਮੰਗੇ ਦਰ ਬਣ ਭਿਖਾਰ, ਆਪੇ ਆਪਣੀ ਝੋਲੀ ਡਾਹਿੰਦਾ। ਆਪੇ ਦੇਵੇ ਸਚ ਭੰਡਾਰ, ਸਾਚੀ ਵਸਤੂ ਆਪ ਵਰਤਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਹੁਕਮ ਸੁਣਾਇੰਦਾ। ਸਾਚਾ ਹੁਕਮ ਧੁਰ ਫ਼ਰਮਾਨਾ, ਹਰਿ ਪੁਰਖ ਨਿਰੰਜਣ ਆਪ ਸੁਣਾਇੰਦਾ। ਸੱਤ ਰੰਗ ਨਿਸ਼ਾਨਾ ਇਕ ਝੁਲਾਣਾ, ਏਕਾ ਮੇਲ ਮਿਲਾਇੰਦਾ। ਏਕਾ ਮੰਦਰ ਇਕ ਮਕਾਨਾ, ਘਰ ਏਕਾ ਸੋਭਾ ਪਾਇੰਦਾ। ਏਕਾ ਰਾਜ ਇਕ ਰਾਜਾਨਾ, ਸ਼ਾਹੋ ਭੂਪ ਇਕ ਅਖਵਾਇੰਦਾ। ਏਕਾ ਦਰ ਇਕ ਦਰਬਾਨਾ, ਏਕਾ ਤਖ਼ਤ ਤਾਜ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਹੁਕਮ ਜਣਾਇੰਦਾ। ਹੁਕਮੀ ਹੁਕਮ ਕਰ ਤਿਆਰ, ਨਿਰਗੁਣ ਨਿਰਗੁਣ ਦਏ ਜਣਾਈਆ। ਨਿਰਗੁਣ ਹੋਏ ਸੱਚਾ ਸਿਕਦਾਰ, ਨਿਰਗੁਣ ਬੈਠਾ ਆਸਣ ਲਾਈਆ। ਨਿਰਗੁਣ ਵਸ ਸਚ ਦਰਬਾਰ, ਦਰ ਦਰਬਾਰਾ ਆਪ ਸੁਹਾਈਆ। ਨਿਰਗੁਣ ਖੇਲ ਅਗੰਮ ਅਪਾਰ, ਅਲੱਖ ਅਗੋਚਰ ਭੇਵ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣੀ ਭਿਛਿਆ ਆਪ ਵਰਤਾਈਆ। ਆਪਣੀ ਭਿਛਿਆ ਦੇਵੇ ਪਾ, ਨਿਰਗੁਣ ਨਿਰਗੁਣ ਸੇਵ ਕਮਾਇਆ। ਸਚ ਸਨੇਹੜਾ ਦਏ ਸੁਣਾ, ਧੁਰ ਫਰਮਾਨਾ ਆਪ ਜਣਾਇਆ। ਆਪਣੀ ਬਣਤ ਆਪ ਬਣਾ, ਆਪੇ ਰਿਹਾ ਸਮਝਾਇਆ। ਆਪਣੀ ਮਹਿਮਾ ਆਪ ਗਣਾ, ਆਪੇ ਵੇਖ ਵਖਾਇਆ। ਆਪਣੀ ਜਨਨੀ ਆਪ ਜਣਾ, ਜਨ ਜਨਨੀ ਆਪ ਹੋ ਜਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਥਿਰ ਘਰ ਸਾਚਾ ਇਕ ਵਸਾਇਆ। ਥਿਰ ਘਰ ਵਸਿਆ ਹਰਿ ਨਿਰੰਕਾਰ, ਸਚਖੰਡ ਦਵਾਰ ਸੋਭਾ ਪਾਈਆ। ਪਾਰਬ੍ਰਹਮ ਪ੍ਰਭ ਭੇਵ ਨਿਆਰ, ਆਪ ਆਪਣਾ ਭੇਵ ਖੁਲਾਈਆ। ਆਪਣੀ ਸੇਵਾ ਕਰੇ ਬਣ ਸੇਵਾਦਾਰ, ਸੇਵਕ ਸਾਚੀ ਸੇਵਾ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਰੰਗ ਰੰਗਾਈਆ। ਰੰਗਿਆ ਰੰਗ ਰੰਗ ਅਨਮੋਲ, ਰੂਪ ਰੰਗ ਨਾ ਕੋਇ ਵਖਾਇੰਦਾ। ਸਤਿ ਪੁਰਖ ਨਿਰੰਜਣ ਆਪਣੇ ਕੰਡੇ ਤੋਲਿਆ ਤੋਲ, ਦੂਸਰ ਤੋਲ ਨਾ ਕੋਇ ਤੁਲਾਇੰਦਾ। ਆਪਣਾ ਅੱਖਰ ਆਪੇ ਬੋਲ, ਆਪਣਾ ਆਪ ਸੁਣਾਇੰਦਾ। ਆਪਣੀ ਵਸਤ ਰੱਖੇ ਕੋਲ, ਆਪਣੇ ਹੱਟ ਵਕਾਇੰਦਾ। ਆਪਣਾ ਦੁਆਰਾ ਆਪੇ ਖੋਲ੍ਹ, ਆਪੇ ਵਣਜ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਵਸਤ ਆਪ ਵੰਡਾਇੰਦਾ। ਸਾਚੀ ਵਸਤ ਹਰਿ ਕਰ ਤਿਆਰ, ਸੋ ਪੁਰਖ ਨਿਰੰਜਣ ਦਏ ਸਮਝਾਈਆ। ਹਰਿ ਪੁਰਖ ਨਿਰੰਜਣ ਇਕ ਪਿਆਰ, ਏਕਾ ਰੰਗ ਰੰਗਾਈਆ। ਆਦਿ ਨਿਰੰਜਣ ਦਰ ਦਰਬਾਰ, ਦਰ ਦਰ ਅਲੱਖ ਜਗਾਈਆ। ਏਕੰਕਾਰਾ ਏਕੰਕਾਰ, ਇਕ ਇਕੱਲਾ ਆਪ ਕਰਾਈਆ। ਸ੍ਰੀ ਭਗਵਾਨ ਕਰ ਪਿਆਰ, ਪੰਚਮ ਮੇਲ ਮਿਲਾਈਆ। ਅਬਿਨਾਸ਼ੀ ਕਰਤਾ ਬਣੇ ਸੱਚਾ ਸੁਨਿਆਰ, ਸਾਚੇ ਕੰਡੇ ਤੋਲ ਤੁਲਾਈਆ। ਪਾਰਬ੍ਰਹਮ ਕੁਠਾਲੀ ਦੇਵੇ ਡਾਰ, ਆਪ ਆਪਣੀ ਦਇਆ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੰਚਮ ਪੰਚਮ ਵੇਖ ਵਖਾਈਆ। ਪੰਚਮ ਮੇਲਾ ਸਚ ਦੁਆਰੇ, ਹਰਿ ਸਾਚਾ ਆਪ ਕਰਾਇੰਦਾ। ਪੰਚਮ ਖੇਲ ਅਗੰਮ ਅਪਾਰੇ, ਪੰਚਮ ਵੇਖ ਵਿਖਾਇੰਦਾ । ਪੰਚਮ ਤਖਤ ਪੰਚਮ ਸਿਕਦਾਰੇ, ਪੰਚਮ ਸੰਗ ਰਲਾਇੰਦਾ। ਪੰਚਮ ਬਹਿ ਬਹਿ ਵਾਜਾਂ ਮਾਰੇ, ਆਪ ਆਪਣਾ ਹੁਕਮ ਅਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਪੰਚਮ ਮੇਲਾ ਏਕਾ ਘਰ, ਆਪੇ ਦੇਵੇ ਆਪਣਾ ਵਰ, ਆਪੇ ਘਾੜਨ ਲਏ ਘੜ, ਆਪੇ ਕੰਡੇ ਤੋਲ ਤੁਲਾਇੰਦਾ। ਆਪੇ ਤੋਲਾ ਤੋਲਣਹਾਰਾ, ਨਿਰਗੁਣ ਤੋਲਣਹਾਰ ਅਖਵਾਇਆ। ਆਪੇ ਬੋਲਾ ਬੋਲਣਹਾਰਾ, ਆਪਣਾ ਬੋਲ ਦਏ ਜਣਾਇਆ। ਆਪੇ ਪੜਦਾ ਖੋਲ੍ਹਣਹਾਰਾ, ਆਪਣਾ ਪਰਦਾ ਦਏ ਉਠਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਚਖੰਡ ਨਿਵਾਸੀ ਪੁਰਖ ਅਬਿਨਾਸ਼ੀ ਘਰ ਸਾਚਾ ਇਕ ਸੁਹਾਇਆ। ਸਚਖੰਡ ਪੰਚਮ ਮੁਖ, ਪੰਚਮ ਵੇਖ ਵਖੰਨਿਆ। ਪੰਚਮ ਰੱਖਿਆ ਕਿਸੇ ਨਾ ਕੁੱਖ, ਜਨਣੀ ਜਨ ਨਾ ਕਿਸੇ ਜਣਿਆ। ਪੰਚਮ ਸੋਗ ਨਾ ਪੰਚਮ ਦੁੱਖ, ਪੰਚਮ ਭੋਗ ਨਾ ਕੋਇ ਭੁਗੰਨਿਆ। ਪੰਚਮ ਹੋਏ ਨਾ ਉਲਟਾ ਰੁਖ, ਪੰਚਮ ਤਤ ਨਾ ਕੋਇ ਬਣੰਨਿਆ। ਪੰਚਮ ਬੈਠਾ ਅੰਦਰ ਲੁਕ, ਘਰ ਸਾਚਾ ਆਪ ਸੁਹੰਨਿਆ। ਪੰਚਮ ਗੋਦੀ ਆਪੇ ਚੁੱਕ, ਪੰਚਮ ਪਾਏ ਸਾਚੇ ਮੰਮਿਆਂ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪੇ ਜਾਣੇ ਗੁਣ ਅਵਗੁਣਿਆਂ। ਪੰਚਮ ਮੇਲਾ ਪੰਚਮ ਦੁਆਰ, ਸਚਖੰਡ ਵੱਜੇ ਵਧਾਈਆ। ਸਤਿ ਪੁਰਖ ਨਿਰੰਜਣ ਖੇਲ ਅਪਾਰ, ਅਗੰਮ ਅਗਮੜਾ ਖੇਲ ਖਿਲਾਈਆ। ਅਲੱਖ ਨਿਰੰਜਣ ਬੋਲ ਜੈਕਾਰ, ਏਕਾ ਏਕ ਸੁਣਾਈਆ। ਸੱਤ ਰੰਗ ਨਿਸ਼ਾਨਾ, ਰੂਪ ਅਪਾਰ, ਘਰ ਸਾਚੇ ਰਿਹਾ ਸੁਹਾਈਆ। ਇਕ ਇਕੱਲਾ ਹਰਿ ਸਿਕਦਾਰ, ਦਰ ਘਰ ਸਾਚੇ ਸੋਭਾ ਪਾਈਆ। ਤਖਤ ਸ਼ਾਹ ਹੋਇਆ ਤਿਆਰ, ਭੂਪ ਆਸਣ ਇਕ ਵਿਛਾਈਆ। ਥਿਰ ਘਰ ਹੋਏ ਮੰਗਲਾਚਾਰ, ਥਿਰ ਘਰ ਵਾਸੀ ਆਪ ਕਰਾਈਆ। ਜੋਤ ਪ੍ਰਕਾਸ਼ ਹੋਈ ਉਜਿਆਰ, ਨੂਰੋ ਨੂਰ ਨੂਰ ਰੁਸ਼ਨਾਈਆ। ਅਬਿਨਾਸ਼ੀ ਕਰਤਾ ਬਣ ਸੁਨਿਆਰ, ਪੰਚਮ ਮੁਖ ਰਿਹਾ ਸੁਹਾਈਆ। ਪਾਰਬ੍ਰਹਮ ਬਣ ਸੇਵਾਦਾਰ, ਸਾਚਾ ਤਾਜ ਹੱਥ ਉਠਾਈਆ। ਆਪਣੀ ਰੁਤੜੀ ਆਪਣਾ ਦਰਸ ਨਿਰਗੁਣ ਨਿਰਗੁਣ ਲਏ ਵਿਚਾਰ, ਥਿਤ ਵਾਰ ਨਾ ਕੋਇ ਜਣਾਈਆ। ਆਪਣੇ ਸੀਸ ਰੱਖੇ ਸੱਚੀ ਸਰਕਾਰ, ਆਦਿ ਪੁਰਖ ਵੱਡੀ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਤਖਤ ਵਡਿਆਈਆ। ਪੰਚਮ ਮੁਖੀ ਸਾਚਾ ਤਾਜ, ਹਰਿ ਸਾਚਾ ਸੀਸ ਝੁਕਾਇੰਦਾ। ਧੁਰਦਰਗਾਹੀ ਸਾਚਾ ਰਾਜ, ਆਪਣੇ ਚਰਨਾ ਹੇਠ ਦਬਾਇੰਦਾ। ਸ਼ਬਦ ਅਗੰਮੀ ਇਕ ਆਵਾਜ਼, ਪੁਰਖ ਆਕਾਲ ਆਪ ਲਗਾਇੰਦਾ। ਆਪਣਾ ਰਚਿਆ ਆਪੇ ਕਾਜ, ਆਪੇ ਵੇਖ ਵਿਖਾਇੰਦਾ। ਸਤ ਰੰਗ ਨਿਸ਼ਾਨਾ ਦਿਤਾ ਦਾਜ, ਘਰ ਸਾਚੇ ਆਪ ਉਡਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਪੁਰਖ ਆਪ ਅਖਵਾਇੰਦਾ। ਆਦਿ ਪੁਰਖ ਹਰਿ ਹਰਿ ਏਕ, ਦੂਸਰ ਅਵਰ ਨਾ ਕੋਇ। ਸੋ ਪੁਰਖ ਨਿਰੰਜਣ ਰੱਖੇ ਟੇਕ, ਹਰਿ ਪੁਰਖ ਨਿਰੰਜਣ ਦੇਵੇ ਢੋਏ। ਆਦਿ ਨਿਰੰਜਣ ਆਪੇ ਪੇਖ, ਏਕੰਕਾਰਾ ਕਦੇ ਨਾ ਸੋਏ। ਸ੍ਰੀ ਭਗਵਾਨ ਲਿਖੇ ਲੇਖ, ਅਬਿਨਾਸ਼ੀ ਕਰਤਾ ਕਰੇ ਸੋਈ ਹੋਏ। ਪਾਰਬ੍ਰਹਮ ਬਣਿਆ ਦਰ ਦਰਵੇਸ਼, ਆਪੇ ਸਿਕਦਾਰ ਦਰ ਦਰਬਾਨ ਆਪ ਖਲੋਏ। ਦਰ ਦਰਬਾਨ ਬਣਿਆ ਰਾਜਾ, ਤਖ਼ਤ ਤਾਜ ਸੁਹਾਈਆ। ਪੁਰਖ ਅਬਿਨਾਸ਼ੀ ਗਰੀਬ ਨਿਵਾਜਾ, ਸਚਖੰਡ ਦੁਆਰਾ ਇਕ ਸੁਹਾਈਆ। ਆਪੇ ਰੱਖੇ ਆਪਣੀ ਲਾਜਾ, ਆਪ ਆਪਣਾ ਵੇਖ ਵਿਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣੀ ਭਿਛਿਆ ਆਪਣੀ ਇਛਿਆ ਆਪੇ ਝੋਲੀ ਪਾਈਆ। ਆਪਣੀ ਭਿਛਿਆ ਭਰ ਭੰਡਾਰ, ਆਪੇ ਵੇਖ ਵਖਾਇੰਦਾ। ਆਪੇ ਤਾਜ ਰੱਖ ਸਿਕਦਾਰ, ਆਪੇ ਹੁਕਮ ਸੁਣਾਇੰਦਾ। ਆਪੇ ਨਿਰਗੁਣ ਰੂਪ ਨਿਰਾਕਾਰ, ਰੇਖ ਰੰਗ ਨਾ ਕੋਇ ਵਿਖਾਇੰਦਾ। ਆਪੇ ਅਬਿਨਾਸ਼ੀ ਕਰਤਾ ਹੋ ਤਿਆਰ, ਆਪ ਆਪਣੀ ਖੇਲ ਖਿਲਾਇੰਦਾ। ਆਪੇ ਪਾਰਬ੍ਰਹਮ ਮੀਤ ਮੁਰਾਰ, ਆਪ ਆਪਣਾ ਰੂਪ ਵਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣੀ ਖੇਲ ਖਿਲਾਇੰਦਾ। ਸੱਤ ਰੰਗ ਨਿਸ਼ਾਨਾ ਪੰਚਮ ਤਾਜ, ਸਚਖੰਡ ਦੁਆਰੇ ਆਪ ਬਣਾਇਆ। ਪੁਰਖ ਅਬਿਨਾਸ਼ੀ ਆਪਣਾ ਸਾਜਨ ਸਾਜ, ਆਪਣੀ ਘਾੜਤ ਘੜਨ ਘੜਾਇਆ। ਆਪਣੀ ਅਹਿਰਨ ਕਰ ਤਿਆਰ, ਆਪਣਾ ਹਥੌੜਾ ਆਪ ਉਠਾਇਆ। ਆਪਣੀ ਕੁਠਾਲੀ ਆਪੇ ਗਾਲ, ਆਪਣੇ ਸਾਂਚੇ ਆਪੇ ਪਾਇਆ। ਆਪਣਾ ਰੰਗ ਚਾੜ੍ਹੇ ਅਪਾਰ, ਉਤਰ ਕਦੇ ਨਾ ਜਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਘਰ ਸਾਚੇ ਆਪ ਟਿਕਾਇਆ। ਸਾਚੀ ਵਸਤ ਕਰ ਤਿਆਰ, ਘਰ ਸਾਚੇ ਆਪ ਟਿਕਾਈਆ। ਆਪਣੀ ਹੱਥੀਂ ਰੱਖ ਨਿਰੰਕਾਰ, ਆਪੇ ਬੰਦ ਕਰਾਈਆ। ਆਪੇ ਵੇਖੇ ਕਰੇ ਵਿਚਾਰ, ਵਡ ਦਾਤਾ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣੀ ਦਏ ਗਵਾਹੀਆ। ਸਾਚੀ ਵਸਤ ਸਚ ਦਰਗਾਹ, ਹਰਿ ਸਾਚਾ ਆਪ ਟਿਕਾਇੰਦਾ। ਨਿਰਗੁਣ ਨਿਰਗੁਣ ਕਰੇ ਸਲਾਹ, ਆਪਣਾ ਮਤਾ ਆਪ ਪਕਾਇੰਦਾ। ਨਿਰਗੁਣ ਨਿਰਗੁਣ ਬਣੇ ਮਲਾਹ, ਨਿਰਗੁਣ ਬੇੜਾ ਆਪ ਤਰਾਇੰਦਾ। ਆਪਣੀ ਰਚਨਾ ਆਪ ਰਚਾ, ਆਪੇ ਖੇਲ ਖਿਲਾਇੰਦਾ। ਆਪਣਾ ਰੂਪ ਆਪ ਵਟਾ, ਨਿਰਾਕਾਰ ਸਾਕਾਰ ਆਪ ਅਖਵਾਇੰਦਾ। ਆਪੇ ਵਿਸ਼ਨੂੰ ਨਾਮ ਧਰਾ, ਆਪੇ ਅੰਮ੍ਰਿਤ ਜਲ ਭਰਾਇੰਦਾ। ਆਪੇ ਨਾਭੀ ਫੁੱਲ ਲਏ ਖਿਲਾ, ਕਵਲ ਕਵਲਾ ਆਪ ਉਪਜਾਇੰਦਾ। ਆਪੇ ਬ੍ਰਹਮਾ ਵੇਤਾ ਨਾਉਂ ਧਰਾ, ਆਪ ਆਪਣਾ ਰੂਪ ਵਟਾਇੰਦਾ। ਆਪੇ ਸੁੰਨ ਅਗੰਮ ਡੇਰਾ ਲਾ, ਧੂੰਆਂਧਾਰ ਆਪ ਰਹਾਇੰਦਾ। ਆਪੇ ਸ਼ੰਕਰ ਲਏ ਬਣਾ, ਆਪ ਆਪਣਾ ਵੇਸ ਕਰਾਇੰਦਾ। ਆਪੇ ਮੇਲਾ ਦਏ ਮਿਲਾ, ਆਪ ਆਪਣੀ ਬੂਝ ਬੁਝਾਇੰਦਾ। ਆਪੇ ਇਸ਼ਟ ਦਏ ਵਖਾ, ਗੁਰਦੇਵ ਆਪ ਮਨਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣੀ ਕਲ ਆਪ ਵਰਤਾਇੰਦਾ। ਬ੍ਰਹਮਾ ਵਿਸ਼ਨ ਸ਼ਿਵ ਕਰ ਤਿਆਰ, ਹਰਿ ਸਾਚਾ ਖੇਲ ਖਿਲਾਇੰਦਾ। ਨਿਰਗੁਣ ਨਿਰਗੁਣ ਬਣ ਭਿਖਾਰ, ਨਿਰਗੁਣ ਨਿਰਗੁਣ ਮੰਗ ਮੰਗਾਇੰਦਾ। ਨਿਰਗੁਣ ਰਾਜ ਜੋਗ ਸਿਕਦਾਰ, ਨਿਰਗੁਣ ਸਾਚਾ ਤਖ਼ਤ ਸੁਹਾਇੰਦਾ। ਨਿਰਗੁਣ ਜਾਣੇ ਆਪਣੀ ਕਾਰ, ਕਰਤਾ ਪੁਰਖ ਵੇਖ ਵਿਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣੀ ਮਹਿਮਾ ਆਪ ਸੁਣਾਇੰਦਾ। ਨਿਰਗੁਣ ਮਹਿਮਾ ਆਦਿ ਅੰਤ, ਲੇਖਾ ਲੇਖ ਨਾ ਕੋਇ ਜਣਾਈਆ। ਨਿਰਗੁਣ ਜਾਣੇ ਆਪਣਾ ਮੰਤ, ਦੂਸਰ ਕਰੇ ਨਾ ਕੋਇ ਪੜ੍ਹਾਈਆ। ਨਿਰਗੁਣ ਉਪਜਾਏ ਜੀਵ ਜੰਤ, ਲੱਖ ਚੁਰਾਸੀ ਰੂਪ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਤ੍ਰੈਗੁਣ ਆਪਣੇ ਰੰਗ ਰੰਗਾਈਆ। ਤ੍ਰੈਗੁਣ ਰੰਗ ਹਰਿ ਭਗਵਾਨ, ਆਪਣਾ ਆਪ ਸਮਝਾਈਆ। ਰਾਜਸ ਤਾਮਸ ਸਾਤਕ ਕਰ ਪ੍ਰਵਾਨ, ਆਪ ਆਪਣੀ ਦਏ ਸਲਾਹੀਆ। ਵਿਸ਼ਨੂੰ ਵਿਸ਼ਵ ਇਕ ਗਿਆਨ, ਏਕਾ ਇਕ ਸਮਝਾਈਆ। ਬ੍ਰਹਮਾ ਬ੍ਰਹਮ ਕਰ ਪ੍ਰਧਾਨ, ਪਾਰਬ੍ਰਹਮ ਰੂਪ ਦਰਸਾਈਆ। ਸ਼ੰਕਰ ਸ਼ੰਕਰ ਇਕ ਕਲਿਆਣ, ਹਰਿ ਸਾਚਾ ਵੇਖ ਵਿਖਾਈਆ। ਤਿੰਨਾਂ ਵਿਚੋਲਾ ਹਰਿ ਮਿਹਰਵਾਨ, ਤ੍ਰੈਗੁਣ ਸਾਚਾ ਸੰਗ ਰਲਾਈਆ। ਆਪੇ ਰੱਖੇ ਆਪਣੀ ਆਣ, ਆਪਣੇ ਭਾਣੇ ਸਦ ਰਹਾਈਆ। ਨਿਰਗੁਣ ਰੂਪ ਨਾ ਸਕੇ ਕੋਈ ਪਛਾਣ, ਖੇਲੇ ਖੇਲ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣੀ ਭਿਛਿਆ ਆਪੇ ਰਿਹਾ ਪਾਈਆ। ਸਾਚੀ ਭਿਛਿਆ ਭਰ ਭੰਡਾਰਾ, ਹਰਿ ਕਰਤਾ ਖੇਲ ਖਿਲਾਇੰਦਾ। ਬ੍ਰਹਮਾ ਵੇਤਾ ਕਰ ਪਿਆਰਾ, ਲਖ ਚੁਰਾਸੀ ਮੇਲ ਮਿਲਾਇੰਦਾ। ਪੰਜ ਤਤ ਦਏ ਆਧਾਰਾ, ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਵੇਖ ਵਿਖਾਇੰਦਾ। ਵਿਸ਼ਨੂੰ ਬਣੇ ਸਚ ਵਰਤਾਰਾ, ਰਾਜਕ ਰਿਜਕ ਆਪ ਹੋ ਜਾਇੰਦਾ। ਸ਼ੰਕਰ ਕਰੇ ਸਚ ਸੰਘਾਰਾ, ਥਿਰ ਕੋਇ ਰਹਿਣ ਨਾ ਪਾਇੰਦਾ। ਆਪੇ ਜ਼ਿਮੀ ਅਸਮਾਨਾ ਬੰਨੇ ਧਾਰਾ, ਲੋਆਂ ਪੁਰੀਆਂ ਰਚਨ ਰਚਾਇੰਦਾ। ਆਪੇ ਬ੍ਰਹਿਮੰਡ ਖੰਡ ਦਏ ਸਹਾਰਾ, ਗਗਨ ਗਗਨੰਤਰ ਵੇਸ ਵਟਾਇੰਦਾ। ਆਪੇ ਰਵ ਸਸ ਬਣੇ ਸਤਾਰਾ, ਮੰਡਲ ਮੰਡਪ ਆਪ ਸੁਹਾਇੰਦਾ। ਆਪੇ ਲਖ ਚੁਰਾਸੀ ਘਟ ਘਟ ਅੰਦਰ ਕਰ ਪਸਾਰਾ, ਆਪ ਆਪਣਾ ਆਸਣ ਲਾਇੰਦਾ। ਆਪੇ ਜਗਤ ਪਿਤ ਬਣ ਵਣਜਾਰਾ, ਸਾਚਾ ਵਣਜ ਆਪ ਕਰਾਇੰਦਾ। ਆਪੇ ਚੌਦਾਂ ਲੋਕ ਖੋਲ੍ਹ ਦੁਆਰਾ, ਚੌਦਾਂ ਹੱਟ ਵੇਖ ਵਿਖਾਇੰਦਾ। ਆਪੇ ਤਿੰਨਾਂ ਲੋਕਾਂ ਰੱਖੇ ਪਾਰ ਕਿਨਾਰਾ, ਤ੍ਰਲੋਕੀ ਚਰਨਾਂ ਹੇਠ ਦਬਾਇੰਦਾ। ਆਪੇ ਬਾਸ਼ਕ ਸੇਜਾ ਕਰ ਸ਼ਿੰਗਾਰਾ, ਸਾਂਗੋ ਪਾਂਗ ਹੰਢਾਇੰਦਾ। ਆਪੇ ਜਲ ਬਿੰਬ ਦਏ ਸਹਾਰਾ, ਧਰਤ ਧਵਲ ਆਪ ਸੁਹਾਇੰਦਾ। ਆਪੇ ਪਵਨ ਸਵਾਸੀ ਦਏ ਹੁਲਾਰਾ, ਰਸਨਾ ਜਿਹਵਾ ਆਪ ਚਲਾਇੰਦਾ। ਆਪੇ ਸ਼ਬਦ ਅਗੰਮੀ ਬੋਲ ਜੈਕਾਰਾ, ਰਾਗ ਅਨਾਦੀ ਆਪ ਸੁਣਾਇੰਦਾ। ਆਪੇ ਖੋਲ੍ਹੇ ਬੰਦ ਕਿਵਾੜਾ, ਤਾਲ ਤਲਵਾੜਾ ਆਪ ਵਜਾਇੰਦਾ। ਆਪੇ ਲਾਏ ਸਾਚਾ ਖਾੜਾ, ਆਪੇ ਗੋਪੀ ਕਾਹਨ ਨਚਾਇੰਦਾ। ਆਪੇ ਬਣੇ ਧੁਰਦਰਗਾਹੀ ਸਾਚਾ ਲਾੜਾ, ਸਿਰ ਆਪਣੇ ਤਾਜ ਟਿਕਾਇੰਦਾ। ਆਪੇ ਲੱਖ ਚੁਰਾਸੀ ਮੰਗਣ ਆਏ ਦੌੜਾ, ਆਪੇ ਘਰ ਘਰ ਅਲਖ ਜਗਾਇੰਦਾ। ਆਪੇ ਕਰੇ ਪ੍ਰਕਾਸ਼ ਬਹੱਤਰ ਨਾੜਾ, ਆਪੇ ਅੰਧ ਅੰਧੇਰ ਸਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਰੂਪ ਵਟਾਇੰਦਾ। ਆਪੇ ਰੂਪ ਅਗੰਮ ਪੁਰਖ ਕਰਤਾਰ, ਕਾਦਰ ਕਰਤਾ ਵਡ ਵਡਿਆਈਆ । ਆਪੇ ਬ੍ਰਹਮਾ ਵਿਸ਼ਨ ਸ਼ਿਵ ਸੇਵਾ ਲਾਏ ਸੇਵਾਦਾਰ, ਸਾਚੀ ਸੇਵਕ ਸੇਵ ਕਮਾਈਆ। ਆਪੇ ਤ੍ਰੈਗੁਣ ਮਾਇਆ ਬਣ ਵਰਤਾਰ, ਆਪੇ ਪੰਚਮ ਮੇਲਾ ਸਹਿਜ ਸਭਾਈਆ। ਆਪੇ ਮਨ ਮਤ ਬੁਧ ਕਰ ਤਿਆਰ, ਘਰ ਸਾਚੇ ਆਪ ਟਿਕਾਈਆ। ਆਪੇ ਨੌਂ ਦੁਆਰੇ ਖੋਲ੍ਹ ਕੁਆੜ, ਜਗਤ ਵਾਸਨਾ ਵਿਚ ਭਰਾਈਆ। ਆਪੇ ਪੰਚਮ ਰੱਖੇ ਧਾੜ, ਆਪੇ ਪੰਚਮ ਸਖੀਆਂ ਬਹਿ ਬਹਿ ਮੰਗਲ ਗਾਈਆ। ਆਪੇ ਦਰ ਘਰ ਸਾਚੇ ਦੇਵੇ ਵਾੜ, ਆਪੇ ਬੈਠਾ ਮੁਖ ਭੁਆਈਆ। ਆਪੇ ਰਾਏ ਧਰਮ ਕਰੇ ਪਿਆਰ, ਆਪੇ ਚਿਤਰ ਗੁਪਤ ਰਿਹਾ ਸਮਝਾਈਆ। ਆਪੇ ਲਾੜੀ ਮੌਤ ਕਰ ਸ਼ਿੰਗਾਰ, ਲੱਖ ਚੁਰਾਸੀ ਦਏ ਪਰਨਾਈਆ। ਆਪੇ ਵਸਿਆ ਸਭ ਤੋਂ ਬਾਹਰ, ਪਾਰਬ੍ਰਹਮ ਵੱਡੀ ਵਡਿਆਈਆ। ਏਕੰਕਾਰਾ ਖੇਲ ਅਪਾਰ, ਭੇਵ ਅਭੇਦਾ ਭੇਵ ਛੁਪਾਈਆ। ਆਪਣੀ ਕਿਰਪਾ ਆਪੇ ਧਾਰ, ਆਪਣੀ ਕਰਨੀ ਕਿਰਤ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਵਸਤ ਆਪਣੇ ਹੱਥ ਰਖਾਈਆ। ਆਪਣੀ ਵਸਤ ਸੱਚਾ ਸ਼ਾਹ, ਆਪਣੇ ਹੱਥ ਰਖਾਇੰਦਾ। ਦੂਸਰ ਹੱਥ ਨਾ ਦਏ ਫੜਾ, ਨੇੜ ਕੋਇ ਨਾ ਜਾਇੰਦਾ। ਨਾ ਕੋਈ ਮੰਗੇ ਕਿਸੇ ਕੋਲੋਂ ਸਲਾਹ, ਸਿਫਤ ਸਲਾਹ ਵਿਚ ਨਾ ਆਇੰਦਾ। ਨਾ ਫੜਾਏ ਕਿਸੇ ਨੂੰ ਆਪਣੀ ਬਾਂਹ, ਹੱਥੋ ਹੱਥ ਨਾ ਕੋਇ ਧਰਾਇੰਦਾ। ਦੋ ਜਹਾਨਾਂ ਕਰਨਹਾਰਾ ਸਚ ਨਿਆਂ, ਪੁਰਖ ਅਬਿਨਾਸ਼ੀ ਆਪ ਅਖਵਾਇੰਦਾ। ਨਾ ਕੋਈ ਪਿਤਾ ਤੇ ਨਾ ਕੋਈ ਮਾਂ, ਬਾਲਕ ਗੋਦ ਨਾ ਕੋਇ ਉਠਾਇੰਦਾ। ਆਪਣੇ ਸਿਰ ਰੱਖੇ ਆਪਣੀ ਛਾਂ, ਸਿਰ ਆਪਣਾ ਤਾਜ ਸੁਹਾਇੰਦਾ। ਸੀਸ ਜਗਦੀਸ ਇਕ ਬਣਾ, ਨਿਰਗੁਣ ਨਿਰਗੁਣ ਮੇਲ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਵੇਸ ਧਰਾਇੰਦਾ। ਵੇਸ ਅਵੱਲਾ ਇਕ ਅਕੱਲਾ, ਹਰਿ ਪੁਰਖ ਨਿਰੰਜਣ ਆਪ ਕਰਾਇੰਦਾ। ਵਸਣਹਾਰਾ ਜਲਾਂ ਥਲਾਂ, ਜੰਗਲ ਜੂਹ ਉਜਾੜ ਪਹਾੜ ਵੇਖ ਵਖਾਇੰਦਾ। ਸ਼ਬਦੀ ਜੋਤੀ ਆਪੇ ਰੱਲਾ, ਰੂਪ ਰੰਗ ਨਾ ਕੋਇ ਵਖਾਇੰਦਾ। ਲੱਖ ਚੁਰਾਸੀ ਆਸਣ ਮੱਲਾ, ਘਰ ਘਰ ਡੇਰਾ ਲਾਇੰਦਾ। ਸਚ ਸਨੇਹੜਾ ਏਕਾ ਘੱਲਾ, ਜੁਗ ਜੁਗ ਸ਼ਬਦ ਸੁਣਾਇੰਦਾ। ਦੀਪਕ ਜੋਤੀ ਏਕਾ ਬੱਲਾ, ਅਗਿਆਨ ਅੰਧੇਰ ਮਿਟਾਇੰਦਾ। ਆਪੇ ਫੁਲਿਆ ਆਪੇ ਫੱਲਾ, ਫੁਲ ਫਲਵਾੜੀ ਆਪ ਮਹਿਕਾਇੰਦਾ। ਆਦਿ ਜੁਗਾਦਿ ਕਦੇ ਨਾ ਹੁੱਲਾ, ਰੁਤ ਬਸੰਤ ਇਕ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਨਾਉਂ ਧਰਾਇੰਦਾ। ਤ੍ਰੈ ਤ੍ਰੈ ਮੇਲਾ ਹਰਿ ਕਰਤਾਰ, ਹਰਿ ਸਾਚੇ ਆਪ ਕਰਾਇਆ। ਏਕਾ ਨਾਮ ਸਚ ਭੰਡਾਰ, ਪਾਰਬ੍ਰਹਮ ਬ੍ਰਹਮ ਮੇਲਾ ਮੇਲ ਮਿਲਾਇਆ। ਸ਼ਬਦੀ ਨਾਦ ਧੁਨ ਜੈਕਾਰ, ਚਾਰੇ ਵੇਦਾਂ ਲਏ ਸੁਣਾਇਆ। ਚਾਰੇ ਜੁਗ ਖੇਲ ਅਪਾਰ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਵੰਡ ਵੰਡਾਇਆ। ਗੁਰ ਪੀਰ ਬਣ ਅਵਤਾਰ, ਸਾਧ ਸੰਤ ਰੂਪ ਵਟਾਇਆ। ਭਗਤ ਭਗਵੰਤ ਸਾਚਾ ਯਾਰ, ਯਾਰ ਯਾਰੀ ਰਿਹਾ ਨਿਭਾਇਆ। ਰਾਮ ਰਾਮ ਰੂਪ ਅਪਾਰ, ਰਾਮ ਰਾਮਾ ਵਿਚ ਸਮਾਇਆ। ਸੀਤਾ ਸੁਰਤੀ ਕਰ ਪਿਆਰ, ਸਚ ਸਵਾਣੀ ਲਏ ਪਰਨਾਇਆ। ਕਾਹਨਾ ਗੋਪੀ ਮੀਤ ਮੁਰਾਰ, ਨਾਮ ਬੰਸਰੀ ਇਕ ਵਜਾਇਆ। ਰਥ ਰਥਵਾਹੀ ਖੇਲ ਅਪਾਰ, ਲਖ ਚੁਰਾਸੀ ਰਥ ਚਲਾਇਆ। ਗੀਤਾ ਗਿਆਨ ਇਕ ਆਧਾਰ, ਦਸ ਅੱਠ ਮੇਲ ਮਿਲਾਇਆ। ਵੇਦ ਵਿਆਸਾ ਕਰਿਆ ਪਾਰ, ਪੁਰਾਨ ਅਠਾਰਾਂ ਲਏ ਪੜ੍ਹਾਇਆ। ਏਕਾ ਚੋਲਾ ਕਰ ਤਿਆਰ, ਸਾਚਾ ਰੰਗ ਆਪ ਰੰਗਾਇਆ। ਕਲਜੁਗ ਸੂਸਾ ਇਕ ਸ਼ੰਗਾਰ, ਤਨ ਬਸਤਰ ਆਪ ਪਹਿਨਾਇਆ। ਈਸਾ ਮੂਸਾ ਹੋ ਤਿਆਰ, ਸੰਗ ਮੁਹੰਮਦ ਚਾਰ ਯਾਰ ਡੌਰੂ ਵਾਇਆ। ਅੰਜੀਲ ਕੁਰਾਨਾਂ ਕਰ ਉਜਿਆਰ, ਤੀਸ ਬਤੀਸਾ ਸੋਹਲਾ ਗਾਇਆ। ਅੱਲਾ ਰਾਣੀ ਕੰਤ ਭਤਾਰ, ਸਚ ਮਹਿਬੂਬ ਇਕ ਪਰਨਾਇਆ। ਹੱਕ ਜਨਾਬ ਖ਼ਬਰਦਾਰ, ਸਚ ਰਬਾਬ ਇਕ ਹਲਾਇਆ। ਆਬ ਹਯਾਤ ਕਰ ਤਿਆਰ, ਸਚ ਮਹਿਰਾਬੇ ਆਪ ਟਿਕਾਇਆ। ਦੋ ਦੋ ਆਬ ਬੰਨੇ ਧਾਰ, ਤ੍ਰੈ ਤ੍ਰੈ ਮੂਲ ਚੁਕਾਇਆ। ਚੌਥੇ ਜੁਗ ਖੇਲ ਅਪਾਰ, ਐਨਲਹਕ ਨਾਅਰਾ ਲਾਇਆ। ਲਾਸ਼ਰੀਕ ਸਾਂਝਾ ਯਾਰ, ਨੂਰੋ ਨੂਰ ਜਲਵਾ ਜਲਾਲ ਇਕ ਉਪਜਾਇਆ। ਸ਼ਰਅ ਸ਼ਰੀਅਤ ਕਰ ਤਿਆਰ, ਸਾਚਾ ਕਲਮਾ ਇਕ ਪੜ੍ਹਾਇਆ। ਸਾਚਾ ਸਜਦਾ ਵਿਚ ਸੰਸਾਰ, ਦਰ ਘਰ ਸਾਚੇ ਆਪ ਕਰਾਇਆ। ਪੰਜੇ ਮੁਖ ਵੇਖੇ ਵਾਰੋਂ ਵਾਰ, ਪੰਚਮ ਸੀਸ ਤਾਜ ਮੁਹੰਮਦ ਦਿਸ ਨਾ ਆਇਆ। ਉਮਤ ਉਮਤੀ ਕਹਿ ਗਿਆ ਲਲਕਾਰ, ਨਿਉਂ ਨਿਉਂ ਖ਼ਾਕੀ ਖ਼ਾਕ ਰਮਾਇਆ। ਸਦੀ ਚੌਂਧਵੀਂ ਪਾਵੇ ਸਾਰ, ਨੂਰ ਇਲਾਹੀ ਨੂਰ ਆਪ ਖ਼ੁਦਾਇਆ। ਚੌਦਾਂ ਤਬਕਾਂ ਖੋਲ੍ਹੇ ਬੰਦ ਕਿਵਾੜ, ਅਗਲਾ ਹੱਟ ਦਏ ਵਖਾਇਆ। ਪਰਗਟ ਹੋਏ ਵਿਚ ਸੰਸਾਰ, ਸਚ ਅਮਾਮ ਨਾਉਂ ਧਰਾਇਆ। ਮੁਖ ਨਕਾਬ ਦਏ ਉਤਾਰ, ਪਰਦਾ ਕੋਇ ਰਹਿਣ ਨਾ ਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਵੇਸ ਵਟਾਇਆ। ਵੇਸ ਅਵੱਲਾ ਇਕ ਅਕੱਲਾ, ਆਦਿ ਜੁਗਾਦੀ ਰੂਪ ਵਟਾਇੰਦਾ। ਵਸਣਹਾਰਾ ਸਚ ਮਹੱਲਾ, ਸਚਖੰਡ ਦੁਆਰਾ ਇਕ ਸੁਹਾਇੰਦਾ। ਨਿਰਗੁਣ ਦੀਵਾ ਨਿਰਗੁਣ ਬਾਤੀ ਨਿਰਗੁਣ ਜੋਤ ਆਪੇ ਬਲਾ, ਨਿਰਗੁਣ ਪ੍ਰਕਾਸ਼ ਪ੍ਰਕਾਸ਼ ਵਖਾਇੰਦਾ। ਨਿਰਗੁਣ ਮੇਟਣਹਾਰਾ ਸੱਲਾ, ਦੂਈ ਦਵੈਤੀ ਮੇਟ ਮਿਟਾਇੰਦਾ। ਨਿਰਗੁਣ ਫੜਾਏ ਸਰਗੁਣ ਪੱਲਾ, ਸਰਗੁਣ ਨਿਰਗੁਣ ਮੇਲ ਮਿਲਾਇੰਦਾ। ਲੇਖਾ ਜਾਣੇ ਰਾਣੀ ਅੱਲਾ, ਇਲਾਹੀ ਨੂਰ ਆਪ ਅਖਵਾਇੰਦਾ। ਆਪੇ ਕਰੇ ਵਲ ਛਲਾ, ਅਛਲ ਅਛੱਲ ਭੇਵ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਆਪਣਾ ਵੇਸ ਵਟਾਇੰਦਾ। ਨਿਰਗੁਣ ਵੇਸ ਵਟਾਇਆ, ਰੱਖਿਆ ਨਾਉਂ ਵਿਚ ਸੰਸਾਰ। ਨਾਨਕ ਏਕਾ ਤਤ ਬੁਝਾਇਆ, ਏਕਾ ਰੂਪ ਅਨੂਪ ਸੱਚੀ ਸਰਕਾਰ। ਏਕਾ ਮੰਦਰ ਸੋਭਾ ਪਾਇਆ, ਏਕਾ ਘਰ ਹੋਇਆ ਜੈਕਾਰ। ਏਕਾ ਸਖੀਆਂ ਮੰਗਲ ਗਾਇਆ, ਏਕਾ ਫੂਲਨ ਬਰਖੇ ਅਪਰ ਅਪਾਰ । ਏਕਾ ਨੇਤਰ ਦਰਸਨ ਪਾਇਆ, ਸਤਿ ਪੁਰਖ ਨਿਰੰਜਣ ਸੱਚੀ ਸਰਕਾਰ। ਲੋਕਮਾਤ ਵੇਖਣ ਆਇਆ, ਮਾਤ ਪਿਤ ਕਰ ਪਿਆਰ। ਪੰਜ ਤਤ ਚੋਲਾ ਆਪ ਹੰਢਾਇਆ, ਅੰਦਰ ਵੜਿਆ ਸਿਰਜਣਹਾਰ। ਔਂਦਾ ਜਾਂਦਾ ਦਿਸ ਨਾ ਆਇਆ, ਪੰਡਤ ਪਾਂਧੇ ਥੱਕੇ ਹਾਰ। ਮੁਲਾਂ ਸ਼ੇਖ ਮਸਾਇਕ ਪੀਰ ਦਸਤਗੀਰ, ਭੇਵ ਕਿਸੇ ਨਾ ਰਾਇਆ। ਗਲ ਤਸਬੀ ਮਾਲਾ ਪਾਏ ਹਾਰ, ਬਿਨ ਸਤਿਗੁਰ ਨਾਨਕ ਏਕ ਏਕ ਨਜ਼ਰ ਕਿਸੇ ਨਾ ਆਇਆ। ਚਾਰੇ ਜੁਗ ਗਏ ਹਾਰ, ਸਤਿ ਪੁਰਖ ਨਿਰੰਜਣ ਘਰ ਸਾਚੇ ਮੇਲ ਮਿਲਾਇਆ। ਸਚਖੰਡ ਸੋਹੇ ਬੰਕ ਦਵਾਰ, ਸਰਗੁਣ ਨਿਰਗੁਣ ਘਰ ਸਦਾਇਆ। ਜੋਤੀ ਸ਼ਬਦੀ ਕਰ ਪਿਆਰ, ਸਰਗੁਣ ਨਿਰਗੁਣ ਸੀਸ ਝੁਕਾਇਆ। ਨਿਰਗੁਣ ਨਿਰਗੁਣ ਦਏ ਆਧਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਾਨਕ ਜੋਤ ਇਕ ਰੁਸ਼ਨਾਇਆ। ਨਾਨਕ ਨਿਰਗੁਣ ਜੋਤ, ਪੁਰਖ ਅਕਾਲ ਆਪ ਜਗਾਈਆ। ਨਾ ਕੋਈ ਵਰਨ ਨਾ ਕੋਈ ਗੋਤ, ਚਾਰ ਵਰਨਾਂ ਕਰੇ ਪੜ੍ਹਾਈਆ। ਮੂਰਖ ਮੁਗਧ ਪਤਤ ਪਾਪੀ ਉਧਾਰੇ ਕੋਟੀ ਕੋਟ, ਕੋਟੀ ਕੋਟ ਗਿਆ ਤਰਾਈਆ। ਤਨ ਨਗਾਰੇ ਲਾਈ ਚੋਟ, ਸਤਿਨਾਮ ਡੰਕਾ ਇਕ ਵਜਾਈਆ। ਹੰਕਾਰੀਆਂ ਕੱfਢਆ ਕਾਇਆ ਖੋਟ, ਆਤਮ ਅੰਤਰ ਬ੍ਰਹਮ ਜਣਾਈਆ। ਚਾਰ ਵਰਨ ਵਖਾਈ ਏਕਾ ਓਟ, ਪੁਰਖ ਅਕਾਲ ਇਕ ਵਡਿਆਈਆ। ਦਰ ਮੰਗਦੇ ਬ੍ਰਹਮਾ ਵਿਸ਼ਨ ਸ਼ਿਵ ਓਤ ਪੋਤ, ਜੁਗਾ ਜੁਗੰਤਰ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਘਰ ਸੁਹਾਈਆ। ਨਾਨਕ ਨਿਰਗੁਣ ਹਰਿ ਹਰਿ ਪਾਇਆ, ਸਚਖੰਡ ਵੱਜੇ ਵਧਾਈਆ। ਪੁਰਖ ਅਬਿਨਾਸ਼ੀ ਰੂਪ ਵਟਾਇਆ, ਆਪ ਆਪਣੀ ਦਇਆ ਕਮਾਈਆ। ਸੱਤ ਰੰਗ ਨਿਸ਼ਾਨ ਚੜ੍ਹਾਇਆ, ਸਚਖੰਡ ਰਿਹਾ ਸੁਹਾਈਆ। ਪੰਚਮ ਮੁਖ ਤਾਜ ਸੀਸ ਟਿਕਾਇਆ, ਨਾਨਕ ਨਿਰਗੁਣ ਪੇਖ ਰਿਹਾ ਬਿਗਸਾਈਆ। ਨਿਉਂ ਨਿਉਂ ਆਪਣਾ ਸੀਸ ਝੁਕਾਇਆ, ਪਾਰਬ੍ਰਹਮ ਤੇਰੀ ਵਡਿਆਈਆ। ਹਉਂ ਸੇਵਕ ਤੂੰ ਦਾਤਾ ਰਘੁਰਾਇਆ, ਸੋ ਪੁਰਖ ਨਿਰੰਜਣ ਤੇਰੀ ਮਹਿਮਾ ਕਹਿਣ ਨਾ ਜਾਇਆ। ਹੰ ਬ੍ਰਹਮ ਵੇਖ ਵਖਾਇਆ, ਸੋਇਮ ਰੂਪ ਸੋਹੰ ਤੇਰੀ ਸ਼ਰਨਾਇਆ। ਕਾਗਦ ਕਲਮ ਲਿਖੇ ਨਾ ਰਾਇਆ, ਚਾਰ ਵੇਦ ਰਹੇ ਕੁਰਲਾਈਆ। ਪੁਰਾਨ ਅਠਾਰਾਂ ਬਹਿ ਬਹਿ ਗਾਇਆ, ਸ਼ਾਸਤਰ ਸਿਮਰਤ ਦੇਣ ਗਵਾਹੀਆ। ਅੰਜੀਲ ਕੁਰਾਨਾਂ ਰਾਹ ਤਕਾਇਆ, ਸੰਗ ਮੁਹੰਮਦ ਚੜ੍ਹ ਚੜ੍ਹ ਥੱਕੇ ਰਾਹੀਆ। ਨਾਨਕ ਨਿਰਗੁਣ ਦਵਾਰੇ ਤੇਰੇ ਆਇਆ, ਮਿਲਿਆ ਮੇਲ ਚਾਈਂ ਚਾਈਆ। ਤੇਰਾ ਦਰਸਨ ਹਰਿ ਜੂ ਤੇਰੇ ਹਰਿ ਮੰਦਰ ਪਾਇਆ, ਦੂਸਰ ਦਰ ਦਿਸੇ ਨਾਹੀਂਆ। ਤੇਰਾ ਸੀਸ ਤਾਜ ਮੋਹੇ ਸਾਚੇ ਭਾਇਆ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਖੇਲ ਖਿਲਾਈਆ। ਸਤਿ ਪੁਰਖ ਨਿਰੰਜਣ ਤੇਰਾ ਤਾਜ, ਘਰ ਸਾਚੇ ਸੋਭਾ ਪਾਇੰਦਾ। ਸਤਿ ਸਵਾਣੀ ਤੇਰਾ ਰਾਜ, ਤੇਰੇ ਘਰ ਸੁਹਾਇੰਦਾ। ਸਤਿ ਸਤਿਵਾਦੀ ਤੇਰੀ ਵਾਜ, ਤੇਰਾ ਸ਼ਬਦ ਸੁਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤੇਰਾ ਦਵਾਰ ਹਰਿ ਨਿਰੰਕਾਰ, ਲੋਕਮਾਤ ਮੋਹੇ ਭਾਇੰਦਾ। ਸਚਖੰਡ ਦਵਾਰਾ ਲੋਕਮਾਤ, ਸਤਿਗੁਰ ਨਾਨਕ ਮੰਗ ਮੰਗਾਈਆ। ਪੁਰਖ ਅਬਿਨਾਸ਼ੀ ਦੇਵੇ ਦਾਤ, ਦੇ ਮਤ ਇਕ ਸਮਝਾਈਆ। ਤੇਰਾ ਚਲੇ ਜਗਤ ਰਾਥ, ਚਾਰ ਵਰਨਾਂ ਲਏ ਚੜ੍ਹਾਈਆ। ਤੇਰੀ ਪੂਜਾ ਤੇਰਾ ਨਾਮ ਪਾਠ, ਤੇਰੀ ਇਛਿਆ ਜਗਤ ਪੜ੍ਹਾਈਆ। ਤੇਰਾ ਰੱਖੇ ਤੇਰਾ ਸਾਥ, ਤੇਰਾ ਤੇਰੇ ਵਿਚ ਸਮਾਈਆ। ਤੇਰਾ ਹੋਏ ਅਨਾਥਾਂ ਨਾਥ, ਨਾਥ ਅਨਾਥਾਂ ਲਏ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਦਏ ਆਪ ਗਵਾਹੀਆ। ਆਪੇ ਬਣਿਆ ਸਚ ਗਵਾਹ, ਆਪੇ ਹੁਕਮ ਸੁਣਾਇੰਦਾ। ਆਪੇ ਸਤਿਗੁਰ ਨਾਨਕ ਲਿਆ ਮਨਾ, ਆਪੇ ਰਾਗ ਅਲਾਇੰਦਾ। ਆਪੇ ਢੋਲਾ ਲਿਆ ਗਾ, ਲੋਕਮਾਤ ਆਪ ਸੁਣਾਇੰਦਾ। ਆਪੇ ਸਤਿਨਾਮ ਲਿਆ ਦ੍ਰਿੜਾ, ਘਰ ਸਾਚਾ ਵੇਖ ਵਖਾਇੰਦਾ। ਆਪੇ ਆਪਣਾ ਭੇਵ ਦਏ ਖੁਲਾ, ਭੇਵ ਅਭੇਦਾ ਆਪ ਹੋ ਜਾਇੰਦਾ। ਸੋਹੰ ਅੱਖਰ ਇਕ ਪੜ੍ਹਾ, ਰੂਪ ਅਨੂਪ ਆਪ ਮਿਲਾਇੰਦਾ। ਸਾਚਾ ਤਾਜ ਦਏ ਵਖਾ, ਲੋਕਮਾਤ ਵੇਸ ਵਟਾਇੰਦਾ। ਸੱਤ ਰੰਗ ਨਿਸ਼ਾਨਾ ਦਏ ਚੜ੍ਹਾ, ਸਤਿਨਾਮ ਆਪ ਵਡਿਆਇੰਦਾ। ਉਪਰ ਸਾਚਾ ਲੇਖ ਲਿਖਾ, ਆਦਿ ਅੰਤ ਮੇਲ ਮਿਲਾਇੰਦਾ। ਪੰਚਮ ਮੁਖ ਤਾਜ ਲਏ ਉਪਾ, ਨਿਰਗੁਣ ਸੇਵ ਨਾ ਕੋਇ ਲਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਲੇਖਾ ਆਪ ਲਿਖਾਇੰਦਾ। ਪੰਚਮ ਤਾਜ ਹਰਿ ਪਰਗਟੌਣਾ, ਨਾਨਕ ਸਤਿਗੁਰ ਹਰਿ ਸਲਾਹੀਆ। ਨਿਰਗੁਣ ਰੂਪ ਰੂਪ ਵਟੌਣਾ, ਰੂਪ ਰੰਗ ਨਾ ਕੋਇ ਵਖਾਈਆ। ਨਿਰਗੁਣ ਉਪਜਾਇਆ ਨਿਰਗੁਣ ਘੜਾਇਆ, ਨਿਰਗੁਣ ਲੋਕਮਾਤ ਉਠ ਲੈ ਧਾਈਆ। ਨਿਰਗੁਣ ਹੁਕਮ ਚਲਾਇਆ ਨਿਰਗੁਣ ਸ਼ਬਦ ਜਣਾਇਆ, ਨਿਰਗੁਣ ਸ਼ਬਦ ਦਏ ਵਡਿਆਈਆ। ਆਪਣਾ ਨਾਉਂ ਲਏ ਪਰਗਟਾਇਆ, ਨਿਹਕਲੰਕ ਨਾਉਂ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦੋ ਜਹਾਨਾਂ ਆਪਣਾ ਛਤਰ ਝੁਲਾਈਆ। ਨਾਨਕ ਸੁਣਿਆ ਧੁਰ ਫ਼ਰਮਾਨਾ, ਰਸਨਾ ਹਰਿ ਗੁਣ ਗਾਇਆ। ਕਲਜੁਗ ਅੰਤਮ ਔਣਾ ਸਾਚਾ ਰਾਣਾ, ਨਿਹਕਲੰਕ ਨਾਉਂ ਧਰਾਇਆ। ਜੋਤ ਸਰੂਪੀ ਪਹਿਰੇ ਬਾਣਾ, ਚਾਰ ਵਰਨਾਂ ਦਿਸ ਨਾ ਆਇਆ। ਆਪੇ ਵਰਤੇ ਆਪਣਾ ਭਾਣਾ, ਭਾਣੇ ਵਿਚ ਨਾ ਕਿਸੇ ਰਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸ੍ਰਿਸ਼ਟ ਸਬਾਈ ਇਹ ਸਮਝਾਇਆ। ਨਿਹਕਲੰਕ ਉਤਰੇ, ਆਵੇ ਵਿਚ ਸੰਸਾਰ। ਤਾਣਾ ਪੇਟਾ ਨਾ ਕੋਈ ਸੂਤਰੇ, ਨਾ ਕੋਈ ਬਣਤ ਬਣਾਏ ਜੀਵ ਗਵਾਰ। ਮਾਤ ਪਿਤ ਭੈਣ ਭਾਈ ਸਾਕ ਸੱਜਣ ਸੈਣ ਪੁਤ ਨਾ ਪੋਤਰੇ, ਨਾ ਕੋਈ ਨਾਰੀ ਕਰੇ ਪਿਆਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਖੇਲੇ ਖੇਲ ਆਪ ਨਿਰੰਕਾਰ। ਨਿਰਗੁਣ ਨਾਨਕ ਮੇਲ ਮਿਲੰਨਿਆ, ਪਾਇਆ ਪਰਮ ਪੁਰਖ ਕਰਤਾਰ। ਘਰ ਸਾਚਾ ਇਕ ਸੁਹੰਨਿਆ, ਵਿਛੜਿਆ ਸੰਸਾਰ। ਸਾਚਾ ਮੀਤ ਕਿਸੇ ਨਾ ਜੰਮਿਆ, ਆਵੇ ਜਾਵੇ ਵਾਰੋ ਵਾਰ। ਨਾ ਘੜਿਆ ਨਾ ਭੰਨਿਆ, ਸ੍ਰਿਸ਼ਟ ਸਬਾਈ ਘੜਨ ਭੰਨਣਹਾਰ। ਤੀਨ ਲੋਕ ਕਿਸੇ ਨਾ ਡੰਨਿਆ, ਚੌਦਾਂ ਹੱਟ ਨਾ ਪਾਇਣ ਸਾਰ। ਜੁਗ ਜੁਗ ਦਿਸੇ ਨਾ ਆਤਮ ਅੰਨ੍ਹਿਆ, ਹਰਿ ਸੰਤਨ ਕਰੇ ਪਿਆਰ। ਜਨ ਭਗਤਾਂ ਪਿਛੇ ਫਿਰੇ ਭੰਨਿਆ, ਲੋਕਮਾਤ ਲੈ ਅਵਤਾਰ। ਜਨਨੀ ਜਨ ਨਾ ਕਿਸੇ ਜਨਿਆ, ਜਟ ਧੰਨਾ ਲਾਏ ਪਾਰ। ਗੁਰਮੁਖ ਵਿਰਲੇ ਸਤਿਗੁਰ ਪੂਰਾ ਮੰਨਿਆ, ਨਾਨਕ ਰਸਨਾ ਕਹੇ ਪੁਕਾਰ। ਲੱਖ ਚੁਰਾਸੀ ਦੇਵਣਹਾਰਾ ਡੰਨਿਆ, ਅੰਤਮ ਕਲਜੁਗ ਪਰਗਟ ਹੋਵੇ ਨਿਹਕਲੰਕ ਨਰਾਇਣ ਨਰ ਅਵਤਾਰ। ਕਦੇ ਵਸੇ ਨਾ ਛੱਪਰ ਛੰਨਿਆ, ਮੰਦਰ ਮਾੜੀ ਨਾ ਕਰੇ ਪਿਆਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰੇ ਖੇਲ ਅਗੰਮ ਅਪਾਰ। ਖੇਲ ਅਪਾਰਾ ਹਰਿ ਨਿਰੰਕਾਰਾ, ਵਿਚ ਸੰਸਾਰਾ ਆਪ ਕਰਾਈਆ। ਏਕੰਕਾਰਾ ਕਰ ਪਸਾਰਾ, ਲੱਖ ਚੁਰਾਸੀ ਵੇਖ ਵਖਾਈਆ। ਸ਼ਬਦ ਅਗੰਮੀ ਇਕ ਜੈਕਾਰਾ ਆਪੇ ਬੋਲੇ ਆਪਣੀ ਵਾਰਾ, ਜੁਗ ਜੁਗ ਦਾਤਾ ਬੇਪਰਵਾਹੀਆ। ਕਲਜੁਗ ਤੇਰਾ ਰੂਪ ਨਿਆਰਾ ਚਾਰੋਂ ਕੁੰਟ ਧੂਆਂ ਧਾਰਾ, ਸਾਚਾ ਚੰਦ ਨਾ ਕੋਇ ਚੜ੍ਹਾਈਆ । ਨਾਨਕ ਬੋਲੇ ਸਤਿ ਜੈਕਾਰਾ, ਵਰਨਾਂ ਬਰਨਾਂ ਕਰੇ ਪਿਆਰਾ, ਸਾਚੀ ਸਰਨਾ ਇਕ ਰਖਾਈਆ। ਏਕਾ ਅੰਗਦ ਅੰਗੀਕਾਰਾ, ਅਮਰਦਾਸ ਅੰਮ੍ਰਿਤ ਧਾਰਾ, ਰਾਮ ਦਾਸ ਮਿਲਾਈਆ। ਅਰਜਨ ਬੋਲ ਸਚ ਜੈਕਾਰਾ, ਬੋਧ ਅਗਾਧ ਸ਼ਬਦ ਜਣਾਈਆ। ਏਕਾ ਗੁਰ ਇਕ ਅਵਤਾਰਾ, ਏਕਾ ਏਕ ਏਕ ਅਖਵਾਈਆ। ਗੁਰੂ ਗ੍ਰੰਥ ਖੇਲ ਅਪਾਰਾ, ਸਾਧ ਸੰਤ ਲਏ ਮਿਲਾਈਆ। ਭਗਤਨ ਦੇਵੇ ਸਚ ਆਧਾਰਾ, ਘਰ ਸਾਚੇ ਵੇਖ ਵਖਾਈਆ। ਹਰਿ ਗੋਬਿੰਦ ਪਾਵੇ ਸਾਰਾ, ਸਾਰੰਗ ਧਰ ਵਡ ਵਡਿਆਈਆ। ਹਰਿਰਾਏ ਹਰਿ ਕਾ ਦਵਾਰਾ, ਹਰਿਜਨ ਸਾਚੇ ਮੇਲ ਮਿਲਾਈਆ। ਹਰਿਕ੍ਰਿਸ਼ਨ ਉਤਾਰੇ ਪਾਰਾ, ਬਾਲ ਅਵਸਥਾ ਵਡ ਵਡਿਆਈਆ। ਤੇਗ ਬਹਾਦਰ ਤਿਖੀ ਧਾਰਾ, ਦੋ ਧਾਰਾ ਧਾਰ ਚਲਾਈਆ। ਗੋਬਿੰਦ ਸੂਰਾ ਸੁਤ ਦੁਲਾਰਾ, ਪੁਰਖ ਅਕਾਲ ਇਕ ਮਨਾਈਆ। ਸਾਚਾ ਸ਼ਬਦ ਬੋਲ ਜੈਕਾਰਾ, ਵਾਹਿਗੁਰੂ ਫ਼ਤਹਿ ਇਕ ਗਜਾਈਆ। ਏਕਾ ਇਸ਼ਟ ਦੇਵ ਏਕਾ ਮੀਤ ਮੁਰਾਰਾ, ਘਰ ਸਾਚੇ ਇਕ ਸੁਹਾਈਆ। ਏਕਾ ਖੜਗ ਖੰਡਾ ਕਟਾਰਾ, ਹੱਥ ਭਗੌਤੀ ਇਕ ਉਠਾਈਆ। ਏਕਾ ਅੰਮ੍ਰਿਤ ਸਚ ਭੰਡਾਰਾ, ਸਾਚਾ ਜਾਮ ਆਪ ਪਿਆਈਆ। ਸਾਚਾ ਸਾਕੀ ਬਣ ਵਰਤਾਰਾ, ਸਾਚੀ ਭਿਛਿਆ ਝੋਲੀ ਪਾਈਆ। ਸਾਚੇ ਮੰਦਰ ਖੋਲ੍ਹ ਕਿਵਾੜਾ, ਸਚਖੰਡ ਦਵਾਰਾ ਬੂਹਾ ਲਾਹੀਆ। ਸਚਖੰਡ ਦਵਾਰਾ ਬੈਠਾ ਹਰਿ ਨਿਰੰਕਾਰਾ, ਨਿਰਗੁਣ ਨੂਰ ਨੂਰ ਰਿਹਾ ਚਮਕਾਈਆ। ਪਾਇਆ ਦਰਸ ਅਗੰਮ ਅਪਾਰਾ, ਨੇਤਰ ਨੈਣ ਖੁਸ਼ੀ ਮਨਾਈਆ। ਲੋਚਨ ਖੋਲ੍ਹੇ ਇਕ ਦਵਾਰਾ, ਦੋ ਜਹਾਨਾਂ ਵੇਖ ਵਖਾਈਆ। ਪੰਚਮ ਤਾਜ ਸੀਸ ਦਸਤਾਰਾ, ਪੰਚਮ ਮੁਖ ਰਿਹਾ ਸਲਾਹੀਆ। ਏਕਾ ਬੋਲੇ ਸਚ ਜੈਕਾਰਾ, ਦੋਏ ਦੋਏ ਮੇਲ ਮਿਲਾਈਆ। ਵਾਹ ਵਾ ਗੁਰ ਗੁਰ ਕਹੇ ਪੁਕਾਰਾ, ਵਾਹਿਗੁਰੂ ਫ਼ਤਿਹ ਗਜਾਈਆ। ਸਚਖੰਡ ਚੋਂ ਆਇਆ ਬਾਹਰਾ, ਪੁਰਖ ਅਕਾਲ ਮਨਾਈਆ। ਕੇਸ ਗੜ੍ਹ ਸੋਹੇ ਦਰਬਾਰਾ, ਘਰ ਸਾਚੇ ਸੋਭਾ ਪਾਈਆ। ਪੰਚਮ ਕਰੇ ਪੰਚ ਪਿਆਰਾ, ਪੰਚਮ ਤਾਜ ਅੱਗੇ ਟਿਕਾਈਆ। ਪੰਚਮ ਰਾਜ ਜੋਗ ਸਿਕਦਾਰਾ, ਪੰਚਮ ਸਚੀ ਸ਼ਹਿਨਸ਼ਾਹੀਆ। ਪੰਚਮ ਮੀਤਾ ਪੰਚਮ ਅਤੀਤਾ ਪੰਚਮ ਠਾਂਡਾ ਪੰਚਮ ਸੀਤਾ, ਪੰਚਮ ਰੀਤਾ ਇਕ ਵਖਾਈਆ। ਪੰਚਮ ਮੰਦਰ ਪੰਚਮ ਮਸੀਤਾ, ਪੰਚਮ ਮਠ ਸ਼ਿਵਦਵਾਲਾ ਪੰਚਮ ਗੁਰੂਦਵਾਰਾ ਦਏ ਸਮਝਾਈਆ। ਪੰਚਮ ਤਪੇ ਨਾ ਤਤ ਅੰਗੀਠਾ, ਪੰਚਮ ਰਤੀ ਰਤ ਰਹੇ ਨਾ ਰਾਈਆ। ਪੰਚਮ ਨਾਮ ਨਿਧਾਨਾ ਪੀਤਾ, ਗੁਰ ਅਰਜਨ ਤੇਰੀ ਖੋਪਰੀ ਸਾਚਾ ਬਾਟਾ ਆਪ ਬਣਾਈਆ। ਪੰਚਮ ਬਾਣੀ ਪਾਠ ਬਹਿ ਬਹਿ ਆਪੇ ਕੀਤਾ, ਸ਼ਬਦ ਸ਼ਬਦੀ ਵਿਚ ਸਮਾਈਆ। ਪਤਤ ਪਾਪੀ ਕਰੇ ਪੁਨੀਤਾ, ਪਤਤ ਪਾਵਨ ਆਪ ਅਖਵਾਈਆ। ਪੰਚਮ ਮਾਰੇ ਪੰਚਮ ਜੀਤਾ, ਪੰਚਮ ਨਾਦ ਧੁਨ ਸੁਣਾਈਆ। ਪੰਚਮ ਹਸਤ ਪੰਚਮ ਕੀਟਾ, ਪੰਚਮ ਦੇਵੇ ਵਡ ਵਡਿਆਈਆ। ਪੰਚਮ ਵਖਾਏ ਧਾਮ ਅਨਡੀਠਾ, ਸੁਰਤੀ ਸ਼ਬਦ ਮੇਲ ਮਿਲਾਈਆ। ਨਾਨਕ ਗੋਬਿੰਦ ਏਕਾ ਕੀਤਾ, ਪੁਰਖ ਅਕਾਲ ਸੱਚੀ ਸਰਨਾਈਆ। ਏਕਾ ਸ਼ਬਦ ਇਕ ਹਦੀਸਾ, ਏਕਾ ਕਰੇ ਪੜ੍ਹਾਈਆ। ਏਕਾ ਜਗਤ ਇਕ ਜਗਦੀਸਾ, ਜਾਗਰਤ ਜੋਤ ਕਰੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਪੰਚਮ ਮੇਲਾ ਸਹਿਜ ਸੁਭਾਈਆ। ਗੁਰ ਗੋਬਿੰਦ ਸਿੰਘ ਸਿੰਘ ਬਲਕਾਰਾ, ਹਰਿ ਹਰਿ ਪੁਰਖ ਮਨਾਇਆ। ਪੰਚ ਪਿਆਰੇ ਦਏ ਆਧਾਰਾ, ਏਕਾ ਮਤ ਸਮਝਾਇਆ। ਸ਼ੱਤਰੀ ਬ੍ਰਹਿਮਣ ਸ਼ੂਦਰ ਵੈਸ਼ ਨਾ ਕੋਇ ਵਿਚਾਰਾ, ਆਪ ਆਪਣੇ ਰੰਗ ਰੰਗਾਇਆ। ਆਪੇ ਅੰਦਰ ਆਪੇ ਬਾਹਰਾ, ਆਪੇ ਗੁਪਤ ਆਪੇ ਜ਼ਾਹਰਾ, ਆਪ ਆਪਣਾ ਵੇਖ ਵਖਾਇਆ। ਆਪੇ ਖੜਗ ਖੰਡਾ ਤੇਜ ਕਟਾਰਾ, ਸੀਸ ਭੇਟ ਆਪ ਚੜ੍ਹਾਇਆ। ਆਪੇ ਕਰੇ ਤਨ ਸ਼ੰਗਾਰਾ, ਬਸਤਰ ਭੂਸ਼ਨ ਆਪ ਸਜਾਇਆ। ਆਪੇ ਤਿਲਕ ਲਲਾਟ ਲਗਾਏ ਲਗਾਵਣਹਾਰਾ, ਸਵਾ ਰਤੀ ਕੇਸਰ ਨਾਲ ਰਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਸੰਗ ਨਿਭਾਇਆ। ਪੰਚ ਪਿਆਰੇ ਕਰ ਪਰਵਾਨ ਪੰਚਮ ਦਏ ਵਡਿਆਈਆ। ਪੰਚਮ ਦੇਵੇ ਧੁਰ ਫ਼ਰਮਾਨ, ਸਾਚਾ ਹੁਕਮ ਸੁਣਾਈਆ। ਪੰਚਮ ਰਾਜ ਪੰਚਮ ਰਾਜਾਨ, ਸ਼ਾਹ ਸੁਲਤਾਨ ਪੰਚ ਬਣਾਈਆ। ਪੰਚਮ ਰੱਖੇ ਸਾਚੀ ਆਣ, ਸ੍ਰਿਸ਼ਟ ਸਬਾਈ ਇਕ ਵਖਾਈਆ। ਪੰਚਮ ਹਥ ਫੜਾਏ ਨਿਸ਼ਾਨ, ਲੋਕਮਾਤ ਦਏ ਝੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਖੇਲ ਆਪ ਖਿਲਾਈਆ। ਪੰਚ ਪਿਆਰੇ ਹਰਿ ਹਰਿ ਸਾਜ, ਗੁਰ ਸੱਜਣ ਮੀਤ ਅਖਵਾਇਆ। ਆਪਣੇ ਸਿਰ ਤੋਂ ਲਾਹ ਕੇ ਤਾਜ, ਗੁਰਸਿਖਾਂ ਚਰਨਾਂ ਸੀਸ ਝੁਕਾਇਆ। ਤੁਹਾਡੀ ਸਿਖੀ ਮੇਰੀ ਲਾਜ, ਲਜ ਪਤ ਤੁਹਾਡੀ ਝੋਲੀ ਪਾਇਆ। ਮੇਰੀ ਸੇਵਾ ਤੁਹਾਡਾ ਕਾਜ, ਮੈਂ ਸੇਵਕ ਸੇਵਾ ਕਰਨੇ ਆਇਆ। ਤੁਹਾਡੀ ਵਸਤ ਸਾਚਾ ਰਾਜ, ਲੋਕਮਾਤ ਵਖਾਵਣ ਆਇਆ। ਚਾਰ ਵਰਨ ਚਲੌਣਾ ਇਕ ਜਹਾਜ, ਊਚ ਨੀਚ ਨਾ ਕੋਇ ਬਣਾਇਆ। ਕਰਤਾ ਰੱਖੇ ਸਿਰ ਤੇਰੇ ਤਾਜ, ਆਪ ਆਪਣੀ ਦਇਆ ਕਮਾਇਆ। ਗੁਰ ਗੋਬਿੰਦ ਸਿੰਘ ਉਠਾਈ ਇਕ ਆਵਾਜ਼, ਵਾਹ ਵਾ ਗੁਰ ਫਤਿਹ ਗਜਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਸੰਗ ਰਖਾਇਆ। ਪੰਚਮ ਪਿਆਰੇ ਪੰਚਮ ਰੰਗ, ਪੰਚਮ ਵੇਖ ਵਖਾਇੰਦਾ। ਦਾਤਾ ਦਾਨੀ ਸੂਰਾ ਸਰਬੰਗ, ਸੂਰਬੀਰ ਭੇਵ ਨਾ ਆਇੰਦਾ। ਆਪ ਹੋਏ ਸ਼ਾਹ ਮਲੰਗ, ਆਪੇ ਤਖ਼ਤ ਤਾਜ ਹੰਢਾਇੰਦਾ। ਆਪੇ ਅਸਵ ਘੋੜੇ ਕਸੇ ਤੰਗ, ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਆਪ ਦੌੜਾਇੰਦਾ। ਆਪੇ ਖੜਗ ਖੰਡਾ ਕਰੇ ਜੰਗ, ਚੰਡ ਪਰਚੰਡ ਆਪ ਚਮਕਾਇੰਦਾ। ਆਪੇ ਸਰਸਾ ਰਿਹਾ ਲੰਘ, ਗੜ੍ਹੀ ਚਮਕੌਰ ਆਪ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਭੇਵ ਰਖਾਇੰਦਾ। ਗੜ੍ਹੀ ਚਮਕੌਰ ਹਰਿ ਕਾ ਧਾਮ, ਸਤਿਜੁਗ ਸਾਚੇ ਆਪ ਸੁਹਾਇਆ। ਤਰੇਤਾ ਆਇਆ ਚਲ ਕੇ ਰਾਮ, ਵਸ਼ਿਸ਼ਟ ਗੁਰ ਇਕ ਮਨਾਇਆ। ਦਵਾਪਰ ਬੰਸਰੀ ਵੱਜੀ ਕਾਹਨ, ਸੁਰਤੀ ਗੋਪੀ ਨਾਚ ਨਚਾਇਆ। ਨਾਨਕ ਵਸਾਇਆ ਨਗਰ ਗਰਾਮ, ਅੰਤ ਕੰਤ ਭਗਵੰਤ ਮਿਲਾਇਆ । ਹਰਿ ਗੋਬਿੰਦ ਪਿਆਇਆ ਸਾਚਾ ਜਾਮ, ਛੇਵਾਂ ਘਰ ਫੋਲ ਫੁਲਾਇਆ। ਗੁਰ ਗੋਬਿੰਦ ਕਰਿਆ ਪੂਰਾ ਕਾਮ, ਕਲਜੁਗ ਲਹਿਣਾ ਰਹੇ ਨਾ ਰਾਇਆ। ਨੀਲੇ ਘੋੜੇ ਦਿਤੀ ਲਗਾਮ, ਸੋਲਾਂ ਕਲੀਆਂ ਆਸਣ ਪਾਇਆ। ਚਾਰ ਜੁਗ ਦਾ ਸੁਹਾਇਆ ਧਾਮ, ਧਰਮੀ ਧਰਮੀ ਧਰਮ ਕਮਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੜ੍ਹੀ ਚਮਕੌਰ ਦਏ ਸਮਝਾਇਆ। ਸਤਿਜੁਗ ਬਾਵਨ ਬਲ ਬਲ ਧਾਰ, ਬਲ ਰਾਜਾ ਏਹ ਸਮਝਾਈਆ। ਬਲਖ ਬੁਖਾਰਿਉਂ ਆਇਆ ਕਰ ਵਿਚਾਰ, ਡੇਰਾ ਡੇਰੇ ਲਏ ਲਗਾਈਆ। ਪੂਜਾ ਪਾਠ ਕਰਿਆ ਸੰਧਿਆ ਵਿਚਾਰ, ਏਕਾ ਇਸ਼ਟ ਇਸ਼ਟ ਮਨਾਈਆ। ਦਰਸ ਦਿਖਾਇਆ ਹਰਿ ਕਰਤਾਰ, ਚਿਟੇ ਅਸਵ ਫੇਰਾ ਪਾਈਆ। ਰੂਪ ਅਗੰਮ ਵੇਖ ਨਿਰੰਕਾਰ, ਬਲ ਬਾਵਨ ਢਹਿ ਢਹਿ ਪਏ ਸਰਨਾਈਆ। ਮੰਗੇ ਮੰਗ ਬਣ ਭਿਖਾਰ, ਆਪਣੀ ਝੋਲੀ ਅਗੇ ਡਾਹੀਆ। ਤੂੰ ਦਾਤਾ ਦਾਤਾਰ ਸਦ ਸੁਣਨੇਹਾਰ, ਹਉਂ ਰਸਨਾ ਜੇਹਵਾ ਗਾਈਆ। ਧਰਨੀ ਧਰਤ ਧਵਲ ਰਹੀ ਪੁਕਾਰ, ਤੇਰਾ ਰਾਹ ਤਕਾਈਆ। ਤੇਰਾ ਚਰਨ ਛੋਹੇ ਵਿਚ ਸੰਸਾਰ, ਗ਼ਰੀਬ ਨਿਮਾਣੇ ਲਏ ਤਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰ ਕਿਰਪਾ ਮੇਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦੇ ਮਤ ਰਿਹਾ ਸਮਝਾਈਆ। ਕਲਜੁਗ ਵੇਲਾ ਅੰਤਮ ਔਣਾ, ਕਲਜੁਗ ਕੂਕੇ ਦਏ ਦੁਹਾਈਆ। ਗੋਬਿੰਦ ਫੇਰਾ ਸਾਚਾ ਪੌਣਾ, ਘਰ ਸਾਚੇ ਵੱਜੇ ਵਧਾਈਆ। ਗ਼ਰੀਬ ਨਿਮਾਣਿਆਂ ਗਲੇ ਲਗੌਣਾ, ਚਾਰ ਵਰਨਾਂ ਲਏ ਉਠਾਈਆ। ਸਾਚੀ ਧਰਨੀ ਆਪ ਸੁਹੌਣਾ, ਚਲ ਕੇ ਆਏ ਸਾਚਾ ਮਾਹੀਆ। ਆਪ ਆਪਣਾ ਭੇਟ ਚੜ੍ਹੌਣਾ, ਬੰਸ ਸਰਬੰਸ ਲੇਖੇ ਲਾਈਆ। ਸਿਰ ਤਾਜ ਇਕ ਵਖੌਣਾ, ਗੁਰਮੁਖ ਆਪ ਉਪਜਾਈਆ। ਚਾਰ ਜੁਗ ਦਾ ਲੇਖਾ ਮੂਲ ਚੁਕੌਣਾ, ਪੂਰਬ ਲਹਿਣਾ ਰਹੇ ਨਾ ਰਾਈਆ। ਆਪਣੀ ਦਸਤਾਰ ਕਰ ਪਿਆਰ ਗੁਰਮੁਖ ਸਾਚੇ ਸੀਸ ਟਿਕੌਣਾ, ਸਿੰਘ ਸੰਗਤ ਹਰਿ ਸੰਗਤ ਰੂਪ ਸਮਾਈਆ। ਕਲਗੀ ਤੋੜਾ ਦੂਸਰ ਕਿਸੇ ਨਾ ਹੱਥ ਫੜੌਨਾ, ਬ੍ਰਹਮਾ ਵਿਸ਼ਨ ਸ਼ਿਵ ਕ੍ਰੋੜ ਤੇਤੀਸਾ ਬੈਠੇ ਰਾਹ ਤਕਾਈਆ। ਸੂਲਾਂ ਸੇਜ ਫੇਰ ਹੰਢੌਣਾ, ਸਾਚਾ ਸੱਥਰ ਆਪ ਵਛਾਈਆ। ਸਾਚਾ ਯਾਰ ਇਕ ਮਨੌਣਾ, ਏਕਾ ਵੱਜੇ ਵਧਾਈਆ। ਬਲ ਤੇਰਾ ਉਲ੍ਹਾਮਾ, ਲੋਕਮਾਤ ਚੌਥੇ ਜੁਗ ਲਾਹੁਣਾ, ਸਤਿਜੁਗ ਤ੍ਰੇਤਾ ਦੁਆਪਰ ਦੇਣ ਨਾਲ ਗਵਾਹੀਆ। ਸਾਚਾ ਸਾਲਸ ਬਣਕੇ ਔਣਾ, ਸਾਖਯਾਤ ਰੂਪ ਵਟਾਈਆ। ਫੜ ਫੜ ਕਾਗੋਂ ਹੰਸ ਬਣੌਣਾ, ਕਾਗ ਹੰਸਾ ਡਾਰ ਰਲਾਈਆ। ਤਖਤ ਤਾਜ ਆਪ ਤਜੌਣਾ, ਗੁਰਮੁਖਾਂ ਬਖਸ਼ੇ ਸਾਚੀ ਸ਼ਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਵੇਸ ਵਟਾਈਆ। ਸੂਲਾਂ ਸੱਥਰ ਹੇਠ ਵਿਛਾਇਆ, ਏਕਾ ਯਾਰ ਧਿਆਇੰਦਾ। ਪਵਣ ਪਵਣੀ ਸੇਵਾ ਲਾਇਆ, ਪਵਣ ਪਵਣਾਂ ਵਿਚ ਟਿਕਾਇੰਦਾ। ਅਵਣ ਗਵਣ ਪਾਰ ਕਰਾਇਆ, ਤ੍ਰੈਭਵਨ ਪੰਧ ਮੁਕਾਇੰਦਾ। ਬਾਵਨ ਬਵਨ ਲੇਖ ਮੁਕਾਇਆ, ਬਲ ਬਲ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣੇ ਰੰਗ ਰੰਗਾਇੰਦਾ। ਸ਼ਬਦ ਸੁਨੇਹੜਾ ਸਾਚੇ ਯਾਰ, ਗੁਰ ਗੋਬਿੰਦ ਆਪ ਘਲਾਇਆ। ਪੁਰਖ ਅਬਿਨਾਸ਼ੀ ਕਰ ਪਿਆਰ, ਆਪ ਆਪਣੀ ਝੋਲੀ ਪਾਇਆ। ਆਪੇ ਪੜ੍ਹੇ ਆਪਣੀ ਵਾਰ, ਆਪਣਾ ਬੰਧ ਆਪ ਖੁਲ੍ਹਾਇਆ। ਏਕਾ ਊੜਾ ਕਰ ਤਿਆਰ, ਤ੍ਰੈਗੁਣ ਮੇਲਾ ਮੇਲ ਮਿਲਾਇਆ। ਤਿੰਨ ਲੋਕ ਤ੍ਰੈਗੁਣ ਬ੍ਰਹਮਾ ਵਿਸ਼ਨ ਸ਼ਿਵ ਬੰਦ ਕਰੇ ਅਧ ਵਿਚਕਾਰ, ਚੌਦਾਂ ਲੋਕ ਚਾਰ ਕੁੰਟ ਬਿਠਾਇਆ। ਨਿਰਗੁਣ ਰੂਪ ਨਿਰਾਕਾਰ ਗੁਰ ਗੋਬਿੰਦ ਮੇਲਾ ਵਿਚ ਸੰਸਾਰ, ਸ਼ਬਦ ਸ਼ਬਦੀ ਡੰਕ ਵਜਾਇਆ। ਤੇਰਾ ਸੋਹੇ ਬੰਕ ਦਵਾਰ, ਦਰ ਦਰਵਾਜਾ ਇਕ ਖੁਲ੍ਹਾਇਆ। ਜਨਕ ਉਲ੍ਹਾਮਾ ਦਏ ਉਤਾਰ, ਹਰਿਜਨ ਸਾਚੇ ਗਲੇ ਲਗਾਇਆ। ਬਿਦਰ ਸੁਦਾਮਾ ਕਰੇ ਪਿਆਰ, ਕਾਹਨਾ ਕ੍ਰਿਸ਼ਨਾ ਵੇਖ ਵਖਾਇਆ। ਭੀਲਨੀ ਬਣੇ ਦਰ ਭਿਖਾਰ, ਮੁਖ ਆਪਣੇ ਭੋਗ ਲਗਾਇਆ। ਸਾਚਾ ਵਰਤੇ ਅੰਮ੍ਰਿਤ ਵਿਚ ਸੰਸਾਰ, ਪੁਰਖ ਅਬਿਨਾਸ਼ੀ ਦਏ ਵਰਤਾਇਆ। ਚਾਰ ਵਰਨਾਂ ਦਏ ਅਧਾਰ, ਮਨ ਮਨੂਆ ਆਪ ਬੰਧਾਇਆ। ਮਤ ਮਤਵਾਲੀ ਨਾ ਹੋਏ ਖਵਾਰ, ਬੁਧ ਬਿਬੇਕ ਜਣਾਇਆ। ਨਾਮ ਖੰਡਾ ਤੇਜ ਕਟਾਰ, ਤਨ ਗਾਤਰੇ ਦਏ ਲਟਕਾਇਆ। ਪੰਜਾ ਦੁਸ਼ਟਾਂ ਕਰੇ ਸੰਘਾਰ, ਪੰਚਮ ਪੰਚਮ ਦਏ ਖਪਾਇਆ। ਅੰਤਮ ਕਲਜੁਗ ਪਰਗਟ ਹੋਏ ਨਿਹਕਲੰਕ ਨਰਾਇਣ ਨਰ ਅਵਤਾਰ, ਨਿਰਗੁਣ ਆਪਣਾ ਨਾਉਂ ਧਰਾਇਆ। ਸੰਬਲ ਨਗਰੀ ਧਾਮ ਨਿਆਰ, ਸਾਢੇ ਤਿੰਨ ਹੱਥ ਬਣਤ ਆਪ ਬਣਾਇਆ। ਜੁਗ ਜੁਗ ਜੋਤ ਜਗੇ ਅਪਾਰ, ਤੇਲ ਬਾਤੀ ਨਾ ਕੋਈ ਰਖਾਇਆ। ਘਰ ਵਿਚ ਘਰ ਕਰ ਤਿਆਰ, ਘਰ ਘਰ ਵਿਚ ਮੇਲ ਮਿਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਏਕਾ ਡੰਕ ਦਏ ਵਜਾਇਆ। ਕਲਜੁਗ ਅੰਤਮ ਖੇਲ ਕਰਾਵਾਣਾ, ਹਰਿ ਹਰਿ ਆਪ ਜਣਾਈਆ। ਸੋ ਪੁਰਖ ਨਿਰੰਜਣ ਵੇਸ ਵਟਾਵਣਾ, ਏਕੰਕਾਰਾ ਨਾਉਂ ਧਰਾਈਆ। ਆਦਿ ਨਿਰੰਜਣ ਜੋਤ ਜਗਾਵਣਾ, ਜੋਤ ਨਿਰੰਜਣ ਕਰੇ ਰੁਸ਼ਨਾਈਆ। ਪੁਰਖ ਅਬਿਨਾਸ਼ੀ ਵੇਸ ਵਟਾਵਣਾ, ਦਿਸ ਕਿਸੇ ਨਾ ਆਈਆ। ਸ੍ਰੀ ਭਗਵਾਨ ਆਪਣਾ ਭੇਵ ਖੁਲ੍ਹਾਵਣਾ, ਆਪ ਆਪਣਾ ਢੋਲਾ ਗਾਈਆ। ਪਾਰਬ੍ਰਹਮ ਇਕ ਸਮਝਾਵਣਾ, ਏਕਾ ਇਸ਼ਟ ਦੇਵ ਵਖਾਈਆ। ਵਿਸ਼ਨੂੰ ਵਿਸ਼ਵ ਨਾਲ ਰਲਾਵਣਾ, ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਫੇਰਾ ਪਾਈਆ। ਬ੍ਰਹਮਾ ਵੇਦ ਚਾਰ ਪੜ੍ਹਾਵਣਾ, ਆਪਣੀ ਵਿਦਿਆ ਆਪ ਸਿਖਾਈਆ। ਸ਼ੰਕਰ ਬਾਸਕ ਤਸ਼ਕ ਗਲ ਸੁਹਾਵਣਾ, ਹੱਥ ਤ੍ਰਿਸ਼ੂਲ ਉਠਾਈਆ। ਕਰੋੜ ਤੇਤੀਸਾ ਦਰ ਬਹਾਵਣਾ, ਸੁਰਪਤ ਰਾਜਾ ਇੰਦ ਮੰਗੇ ਸਰਨਾਈਆ। ਗਣ ਗੰਧਰਬ ਗੀਤ ਏਕਾ ਗਾਵਣਾ, ਕਿੰਨਰ ਯਛਪ ਨਾਚ ਨਚਾਈਆ। ਧਰਮ ਰਾਏ ਸੀਸ ਝੁਕਾਵਣਾ, ਚਿਤਰ ਗੁਪਤ ਨੈਣ ਸ਼ਰਮਾਈਆ। ਲਾੜੀ ਮੌਤ ਸੀਸ ਗੁੰਦਾਵਣਾ, ਲਾਲ ਮਹਿੰਦੀ ਹੱਥ ਰੰਗਾਈਆ। ਕੂੜ ਕੁੜਿਆਰਾ ਕੱਜਲ ਪਾਵਣਾ, ਜੂਠ ਝੂਠ ਨੈਣ ਮਟਕਾਈਆ। ਆਸਾ ਤ੍ਰਿਸਨਾ ਪਿਆਰ ਵਧਾਵਾਣਾ, ਹਉਮੇ ਹੰਗਤਾ ਬਸਤਰ ਭੂਸ਼ਨ ਇਕ ਹੰਢਾਈਆ। ਪੰਚ ਵਿਕਾਰਾ ਬਹਿ ਬਹਿ ਗਾਵਣਾ, ਕਾਮ ਕ੍ਰੋਧ ਲੋਭ ਮੋਹ ਹੰਕਾਰ ਹੋਏ ਹਲਕਾਈਆ। ਚਾਰ ਕੁੰਟ ਜਗਤ ਨਗਾਰਾ ਇਕ ਵਜਾਵਣਾ, ਦਹਿ ਦਿਸ਼ਾ ਦਏ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਜੋਤ ਕਰੇ ਰੁਸ਼ਨਾਈਆ। ਕਲਜੁਗ ਅੰਤਮ ਹੋਏ ਅੰਧੇਰਾ, ਸਾਚਾ ਚੰਦ ਨਾ ਕੋਈ ਵਖਾਈਆ । ਸਾਧਾਂ ਸੰਤਾਂ ਢਏ ਡੇਰਾ, ਘਰ ਵਿਚ ਘਰ ਨਾ ਕੋਈ ਵਿਖਾਈਆ। ਕਾਇਆ ਉਜੜ ਉਜੜ ਵਸੇ ਖੇੜਾ, ਰੁਤ ਬਸੰਤ ਨਾ ਕੋਈ ਮਹਿਕਾਈਆ। ਪੰਚਮ ਨਾ ਲਾਏ ਕੋਈ ਉਖੇੜਾ, ਪੰਚਮ ਸ਼ਬਦ ਨਾ ਕੋਈ ਸੁਣਾਈਆ। ਵੇਲੇ ਅੰਤ ਨਾ ਬੰਨੇ ਕੋਈ ਬੇੜਾ, ਘਰ ਘਰ ਬੈਠੇ ਬਹਿ ਬਹਿ ਰਾਮ ਅਖਵਾਈਆ। ਪੁਰਖ ਅਬਿਨਾਸ਼ੀ ਪਾਏ ਘੇਰਾ, ਨਿਰਗੁਣ ਲਏ ਮਾਤ ਅੰਗੜਾਈਆ। ਚੌਥੇ ਜੁਗ ਕਰੇ ਹੱਕ ਨਿਬੇੜਾ, ਗੁਰਮੁਖ ਮਨਮੁਖ ਵੇਖੇ ਥਾਉਂ ਥਾਂਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਆਪਣਾ ਨਾਉਂ ਰਖਾਈਆ। ਨਿਹਕਲੰਕ ਹਰਿ ਭਗਵਾਨਾ, ਏਕਾ ਏਕ ਏਕੰਕਾਰਿਆ। ਜੋਤ ਸਰੂਪੀ ਨੂਰ ਮਹਾਨਾ, ਨੂਰੋ ਨੂਰ ਉਜਆਰਿਆ। ਸ਼ਬਦ ਸਰੂਪੀ ਸਤਿ ਤਰਾਨਾ, ਗੁਰ ਸ਼ਬਦੀ ਨਾਉਂ ਧਰਾ ਲਿਆ। ਕਲਜੁਗ ਅੰਤਮ ਪਹਿਰਿਆ ਬਾਨਾ, ਆਪ ਆਪਣਾ ਰੂਪ ਵਟਾ ਲਿਆ। ਸੋਹੰ ਸ਼ਬਦ ਤੀਰ ਕਮਾਨਾ, ਸਾਚਾ ਚਿਲਾ ਹੱਥ ਉਠਾ ਲਿਆ। ਨਿਰਗੁਣ ਸਰਗੁਣ ਵੇਖੇ ਦੋ ਜਹਾਨਾ, ਪ੍ਰਿਥਮੀ ਆਕਾਸ਼ ਫੇਰਾ ਪਾ ਲਿਆ। ਏਕਾ ਰਾਗ ਇਕ ਤਰਾਨਾ, ਏਕਾ ਸੋਹਲਾ ਗਾ ਲਿਆ। ਏਕਾ ਮਰਦ ਇਕ ਮਰਦਾਨਾ, ਗੁਰ ਚੇਲਾ ਇਕ ਬਣਾ ਲਿਆ। ਏਕਾ ਪੀਣਾ ਏਕਾ ਖਾਣਾ, ਏਕਾ ਰਸਨਾ ਰਸ ਵਖਾ ਲਿਆ। ਦੰਦ ਬਤੀਸਾ ਏਕਾ ਗਾਨਾ, ਏਕਾ ਗੋਬਿੰਦ ਸਗਨ ਮਨਾ ਲਿਆ। ਏਕਾ ਤੀਰ ਏਕਾ ਖੰਡਾ ਏਕਾ ਤੇਜ ਕ੍ਰਿਪਾਨਾ, ਆਪਣੀ ਕਿਰਪਾ ਧਾਰ ਵਖਾ ਲਿਆ। ਏਕਾ ਮੰਦਰ ਇਕ ਮਕਾਨਾ, ਸੰਬਲ ਨਗਰੀ ਡੇਰਾ ਲਾ ਲਿਆ। ਹਰਿ ਜੂ ਹਰਿ ਮੰਦਰ ਉਡਾਏ ਸਚ ਬਿਬਾਨਾ, ਸ਼ਬਦ ਸ਼ਬਦੀ ਸੇਵ ਕਮਾ ਲਿਆ। ਆਪੇ ਬਣੇ ਸਾਚਾ ਰਾਣਾ, ਸੀਸ ਆਪਣਾ ਤਾਜ ਸੁਹਾ ਲਿਆ। ਆਪ ਚੜ੍ਹਾਏ ਸਤਿ ਨਿਸ਼ਾਨਾ, ਸਤ ਰੰਗਾ ਆਪ ਰੰਗਾ ਲਿਆ। ਕਲਜੁਗ ਅੰਤਮ ਹੋ ਪ੍ਰਧਾਨਾ, ਆਪਣਾ ਡੰਕ ਵਜਾ ਲਿਆ। ਸੰਮਤ ਸੋਲਾਂ ਲੇਖ ਲਿਖਾਨਾ, ਸ਼ਾਹ ਸੁਲਤਾਨਾ ਮੇਟ ਮਿਟਾ ਲਿਆ। ਗੁਰਮੁਖ ਸਾਚੇ ਨੌਜਵਾਨਾ, ਗੁਰ ਗੋਬਿੰਦ ਗੋਦ ਸੁਹਾ ਲਿਆ। ਪਹਿਲੀ ਚੇਤਰ ਪਹਿਨਾਏ ਸਾਚਾ ਬਾਣਾ, ਕਾਇਆ ਚੋਲੀ ਰੰਗ ਰੰਗਾ ਲਿਆ। ਏਕਾ ਇਕੀ ਇਕ ਵਿਖਾਨਾ, ਸਾਚੀ ਸਿਖੀ ਸਿਖ ਸਮਝਾ ਲਿਆ। ਪੰਚਮ ਮੇਲਾ ਦੋ ਜਹਾਨਾ, ਜੋਤ ਲਿਲਾਟੀ ਤਿਲਕ ਵਖਾ ਲਿਆ। ਲੱਖ ਚੁਰਾਸੀ ਸਹਿਣਾ ਭਾਣਾ, ਹਰਿ ਹਰਿ ਹੁਕਮੀ ਹੁਕਮ ਫਿਰਾ ਲਿਆ। ਆਪ ਚੁਕਾਏ ਅੰਨ ਦਾਨਾ, ਪੀਣਾ ਖਾਣਾ ਆਪਣੇ ਹੱਥ ਰਖਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਾਚਾ ਤਾਜ ਧੁਰਦਰਗਾਹੀ, ਏਕਾ ਏਕ ਵਖਾ ਲਿਆ। ਪੰਚਮ ਮੁਖ ਸਾਚਾ ਤਾਜ, ਨੌਂ ਸੌ ਚੁਰਾਨਵੇ ਚੌਕੜੀ ਜੁਗ, ਦਿਸ ਕਿਸੇ ਨਾ ਆਇਆ। ਕਲਜੁਗ ਅੰਤਮ ਨਿਰਗੁਣ ਰਚਿਆ ਆਪਣਾ ਕਾਜ, ਨਿਰਗੁਣ ਵੇਖਣ ਆਇਆ। ਪਰਗਟ ਹੋਇਆ ਦੇਸ ਮਾਝ, ਭੁੱਲ ਰਹੇ ਨਾ ਰਾਇਆ। ਸ੍ਰਿਸ਼ਟ ਸਬਾਈ ਰਾਜਨ ਰਾਜ, ਸ਼ਾਹੋ ਭੂਪ ਆਪ ਅਖਵਾਇਆ। ਵੀਹ ਸੌ ਵੀਹ ਬਿਕ੍ਰਮੀ ਪੂਰਾ ਕਰਨਾ ਆਪਣਾ ਕਾਜ, ਸਾਚੇ ਤਖ਼ਤ ਆਪ ਸੁਹਾਇਆ। ਨੌਂ ਖੰਡ ਪ੍ਰਿਥਮੀ ਸੁਣਾਏ ਇਕ ਆਵਾਜ਼, ਸੱਤਾਂ ਦੀਪਾਂ ਆਪ ਹਲਾਇਆ। ਗੁਰ ਸੰਗਤ ਚੜ੍ਹੀ ਸਚ ਜਹਾਜ਼, ਸਤਿਗੁਰ ਪੂਰਾ ਆਪ ਚੜ੍ਹਾਇਆ। ਲਖ ਚੁਰਾਸੀ ਭਾਂਡਾ ਭੱਜਣਾ ਕਲ ਕਿ ਆਜ, ਕਲ ਕੂਕੇ ਦਏ ਦੁਹਾਇਆ। ਲਾੜੀ ਮੌਤ ਨਚਾਏ ਨਾਚ, ਮੁਖ ਘੁੰਗਟ ਰਹੀ ਉਠਾਇਆ। ਕਾਇਆ ਵੇਖੇ ਸੁਰਾਹੀ ਕਾਚ, ਜਗਤ ਪਿਆਲਾ ਮਧ ਦਏ ਪਿਆਇਆ। ਸਤਿਗੁਰ ਪੂਰਾ ਗੁਰਮੁਖਾਂ ਹਿਰਦੇ ਅੰਦਰ ਜਾਏ ਰਾਚ, ਸਾਢੇ ਤਿੰਨ ਕਰੋੜ ਆਪਣਾ ਅੰਗ ਬਣਾਇਆ। ਨੇੜ ਨਾ ਆਏ ਕਲਜੁਗ ਆਂਚ, ਤਤੀ ਵਾ ਨਾ ਲਗੇ ਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਸਾਚਾ ਦਿਵਸ ਦਏ ਸੁਹਾਇਆ। ਸਾਚਾ ਦਿਵਸ ਹਰਿ ਸੁਹਾਵਨਾ, ਪਹਿਲੀ ਚੇਤਰ ਵੇਖ ਵਿਖਾਇੰਦਾ। ਵੀਹ ਸੌ ਤੇਰਾਂ ਬਿਕ੍ਰਮੀ ਦਿਨ ਯਾਦ ਕਰਾਵਨਾ, ਰਾਜ ਰਾਜਾਨਾਂ ਲੇਖ ਲਿਖਾਇੰਦਾ। ਸਾਚੀ ਦਸਤਾਰ ਹੱਥ ਫੜਾਵਨਾ, ਭੇਵ ਅਭੇਦਾ ਭੇਵ ਛੁਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਚੌਥੇ ਸਾਲ ਚੌਥੇ ਯੁਗ, ਚਾਰ ਕੁੰਟ ਵੇਖ ਵਖਾਇੰਦਾ। ਸੰਮਤ ਵੀਹ ਸਦ ਤੇਰਾਂ ਪਹਿਲੀ ਚੇਤ, ਰਾਜ ਰਾਜਾਨ ਸਾਧ ਸੰਤ ਆਪ ਉਠਾਈਆ। ਸੁੰਜਾਂ ਹੋਣਾ ਕਾਇਆ ਖੇਤ, ਸਾਚੀ ਰੁਤ ਨਾ ਕੋਇ ਵਖਾਈਆ। ਕਲਜੁਗ ਹਾੜੀ ਵੱਢੇ ਅਗੇਤ ਪਛੇਤ, ਤਿੰਨ ਦਿਨ ਆਪਣੇ ਲੇਖੇ ਲਾਈਆ। ਚੌਥੇ ਦਿਵਸ ਸਾਧ ਸੰਤ ਕੋਈ ਨਾ ਦਿਸੇ ਨੇਤਨ ਨੇਤ, ਚੌਥਾ ਚੇਤ ਦਏ ਗਵਾਹੀਆ। ਕਲਜੁਗ ਸੰਤ ਹੋਏ ਪਰੇਤ, ਚਾਰ ਕੁੰਟ ਵਿਸ਼ਟਾ ਮੁਖ ਮੁਖ ਪਾਈਆ। ਪੁਰਖ ਅਬਿਨਾਸ਼ੀ ਤੇਰਾ ਕਿਸੇ ਨਾ ਪਾਇਆ ਭੇਤ, ਬੈਠੇ ਆਪਣੇ ਆਸਣ ਲਾਈਆ। ਅੰਤਮ ਸਿਰ ਵਿਚ ਪੈਣੀ ਬਾਲੂ ਰੇਤ, ਕਲਜੁਗ ਕੜਛਾ ਹੱਥ ਉਠਾਈਆ । ਗੁਰ ਅਰਜਨ ਕਰਨ ਆਇਆ ਹੇਤ, ਸੜਦੇ ਹਿਰਦੇ ਸਾਂਤ ਸਤਿ ਕਰਾਈਆ। ਘਰ ਤਰਖਾਣਾਂ ਪਿਆ ਜੰਮ ਆਪੇ ਲਾਏ ਵੇਂਤ, ਸਿਧਾ ਚੀਰ ਆਪ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਰਾਜ ਰਾਜਾਨਾਂ ਸ਼ਾਹ ਸੁਲਤਾਨਾਂ, ਚਾਰ ਵਰਨਾਂ ਉਚੀ ਕੂਕ ਰਿਹਾ ਸੁਣਾਈਆ। ਚਾਰ ਵਰਨ ਜਾਣਾ ਜਾਗ, ਹਰਿ ਸਾਚਾ ਜੋਤ ਜਗਾਇੰਦਾ। ਮਾਝੇ ਦੇਸ ਲੱਗਾ ਭਾਗ, ਚਾਰੋਂ ਕੁੰਟ ਹਲਾਇੰਦਾ। ਮਨਮੁਖਾਂ ਸਿਰ ਪਾਏ ਖ਼ਾਕ, ਸੰਗ ਮੁਹੰਮਦ ਚਾਰ ਯਾਰ ਕਲਜੁਗ ਨਾਲ ਉਡਾਇੰਦਾ। ਆਪੇ ਚੜ੍ਹਿਆ ਏਕਾ ਰਾਕ, ਸ਼ਬਦ ਘੋੜਾ ਹਰਿ ਦੌੜਾਇੰਦਾ। ਸ਼ਾਹ ਸੁਲਤਾਨਾਂ ਨਕੇਲ ਪਾਏ ਨਾਕ, ਤਖ਼ਤ ਤਾਜ ਸਰਬ ਮਿਟਾਇੰਦਾ। ਗੁਰਮੁਖਾਂ ਬਣੇ ਸੱਜਣ ਸਾਕ, ਸਤਿਜੁਗ ਨਾਤਾ ਜੋੜ ਜੁੜਾਇੰਦਾ। ਜਨਮ ਜਨਮ ਦਾ ਪੂਰਾ ਕਰੇ ਘਾਟ, ਸਾਚਾ ਤੋਲਾ ਆਪਣਾ ਤੋਲ ਤੁਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੰਚ ਪਿਆਰੇ ਇਹ ਸਮਝਾਇੰਦਾ। ਪੰਚ ਪਿਆਰੇ ਨੇਤਰ ਖੋਲ੍ਹ, ਹਰਿ ਸਤਿਗੁਰ ਆਪ ਖੁਲ੍ਹਾਈਆ। ਪੰਜਾਂ ਅੰਦਰ ਜਾਏ ਬੋਲ, ਆਪਣਾ ਮੁਖ । ਪੰਜਾਂ ਅੰਦਰ ਤੋਲੇ ਤੋਲ, ਆਪਣਾ ਕੰਡਾ ਹੱਥ ਉਠਾਈਆ। ਪੰਜਾਂ ਕਰੇ ਸਦਾ ਅਡੋਲ, ਨਾ ਕੋਈ ਡੋਲੇ ਡੋਲ ਡੁਲਾਈਆ। ਪੰਜਾਂ ਉਤੋਂ ਆਪ ਆਪਣਾ ਘੋਲੀ ਘੋਲ, ਘੋਲੀ ਘੋਲ ਸੇਵ ਕਮਾਈਆ। ਅੰਮ੍ਰਿਤ ਆਤਮ ਬਖ਼ਸ਼ੇ ਸਾਚੀ ਪੌਹਲ, ਮਿੱਠਾ ਰਸ ਵਿਚ ਭਰਾਈਆ। ਦੇਵੇ ਵਡਿਆਈ ਉਪਰ ਧਵਲ, ਧਰਨੀ ਨਿਉਂ ਨਿਉਂ ਸੀਸ ਝੁਕਾਈਆ। ਅੰਮ੍ਰਿਤਸਰ ਵਖਾਏ ਅੰਮ੍ਰਿਤ ਕਵਲ, ਮੁਖ ਨਾਭੀ ਨਾਭ ਭਵਾਈਆ। ਜੋਤੀ ਜੋਤ ਸਰਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਸਗਨ ਆਪ ਜਣਾਈਆ। ਪੰਚ ਪਿਆਰੇ ਇਕੀ ਸਿੱਖ, ਏਕਾ ਬੰਧਨ ਪਾਇੰਦਾ। ਹਰਿ ਸੰਗਤ ਤੇਰਾ ਲੇਖਾ ਲਿਖ, ਚਾਰ ਵਰਨ ਸਮਝਾਇੰਦਾ। ਦੀਨ ਮਜ਼੍ਹਬ ਦਰ ਮੇਟੇ ਭੇਖ, ਬੀਸ ਬੀਸਾ ਰਾਹ ਤਕਾਇੰਦਾ। ਸ੍ਰਿਸ਼ਟ ਸਬਾਈ ਆਪੇ ਵੇਖ, ਆਪਣਾ ਮਾਰਗ ਆਪੇ ਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਵਾ ਰਤੀ ਸਾਚਾ ਕੇਸਰ ਸਿੰਘ ਪਰਗਟ ਸੇਵਾ ਲਾਇੰਦਾ। ਪਰਗਟ ਸਿੰਘ ਕੇਸਰ ਸਵਾ ਰਤੀ, ਪਹਿਲੀ ਚੇਤਰ ਭੇਟ ਚੜ੍ਹਾਈਆ। ਹਰਿ ਸੰਗਤ ਵਾ ਨਾ ਲੱਗੇ ਤੱਤੀ, ਆਪਣੀ ਹੱਥੀਂ ਲੇਖਾ ਦਏ ਲਿਖਾਈਆ। ਹਰਿ ਕਾ ਭੇਵ ਨਾ ਪਾਇਣ ਜੁਗ ਛੱਤੀ, ਰਾਗ ਛੱਤੀ ਰਹੇ ਸਲਾਹੀਆ। ਸਾਧ ਸੰਤ ਜੀਵ ਜੰਤ ਗਾ ਗਾ ਥੱਕੇ ਦੰਦ ਬੱਤੀ, ਕਮਲਾਪਤੀ ਭੇਵ ਨਾ ਰਾਈਆ। ਕਲਜੁਗ ਅੰਤਮ ਮਿਲਿਆ ਸੱਚਾ ਸਾਥੀ, ਜਗਤ ਵਿਛੋੜਾ ਫੰਦ ਕਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੀ ਸਿੱਖਾਂ ਏਕਾ ਰੰਗ ਚੜ੍ਹਾਈਆ। ਢਾਈ ਗਜ਼ ਚਿੱਟਾ ਬਸਤਰ, ਕੇਸਰ ਰੰਗ ਰੰਗਾਵਨਾ। ਇਕੀ ਸਿੱਖਾਂ ਨਾਮ ਪਹਿਨਾਏ ਤਨ ਸਾਚਾ ਸ਼ਸਤਰ, ਲੋਕਮਾਤ ਕਿਸੇ ਗਲੋਂ ਨਾ ਲਾਹਵਣਾ। ਤਨ ਪਹਿਨਾਏ ਆਪਣਾ ਨਾਮ ਜ਼ਰ ਬਕਤਰ, ਤੀਰ ਤਲਵਾਰ ਨਾ ਖੰਡਾ ਕਿਸੇ ਘਾਵਣਾ। ਆਤਮ ਬੀਜ ਬੀਜੇ ਆਪਣੇ ਵੱਤਰ, ਫੁਲ ਫੁਲਵਾੜੀ ਆਪ ਮਹਿਕਾਵਣਾ । ਲੇਖਾ ਜਾਣੇ ਅਫ਼ਗ਼ਾਨ ਲੱਖ ਸੱਤਰ, ਭਗਤ ਬਹੱਤਰ ਮੇਲ ਮਿਲਾਵਣਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਨਰ ਨਰਾਇਣ ਖੇਲ ਖਿਲਾਵਨਾ। ਪਹਿਲੀ ਚੇਤਰ ਸਾਢੇ ਦਸ, ਥਿਤ ਵਾਰ ਹਰਿ ਸਮਝਾਈਆ। ਹਰਿ ਸੰਗਤ ਔਣਾ ਨੱਸ ਨੱਸ, ਸਤਿਗੁਰ ਮਿਲੇ ਬੇਪਰਵਾਹੀਆ। ਸਾਚਾ ਮਾਰਗ ਦੇਵੇ ਦੱਸ, ਕੂੜੀ ਕਿਰਿਆ ਦਏ ਮਿਟਾਈਆ। ਸ਼ਬਦ ਤੀਰ ਨਿਰਾਲਾ ਦੇਵੇ ਮਾਰ ਕਸ, ਬਿਰਹੋ ਰੋਗ ਮਿਟਾਈਆ। ਹਿਰਦੇ ਅੰਦਰ ਜਾਏ ਵਸ, ਹਰਿ ਹਰਿ ਕਾ ਰੂਪ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਤਾਜ਼ ਗ਼ਰੀਬ ਨਿਵਾਜ਼, ਗੁਰਮੁਖ ਸਾਚੇ ਹੱਥ ਫੜਾਈਆ। ਹੱਥ ਤਾਜ ਹਰਿ ਫੜੌਣਾ, ਸਤਿਗੁਰ ਪੂਰਾ ਆਪ ਸਮਝਾਇੰਦਾ। ਪੰਜਾਂ ਸਿੱਖਾਂ ਅੱਗੇ ਲੌਣਾ, ਨੰਗੀ ਦੋ ਕਟਾਰ ਚਮਕਾਇੰਦਾ। ਛੇਵੇਂ ਘਰ ਪੰਧ ਮੁਕੌਣਾ, ਛੇ ਦਰ ਫੋਲ ਫੋਲਾਇੰਦਾ। ਸਿੰਘ ਨਰਾਇਣ ਸੇਵ ਕਮੌਣਾ, ਸਾਚੀ ਸੇਵਾ ਆਪ ਕਰਾਇੰਦਾ। ਸੱਜਾ ਹੱਥ ਅੱਗੇ ਵਧੌਣਾ, ਖੱਬਾ ਹੇਠਾਂ ਮੂੰਹ ਧਰਾਇੰਦਾ। ਉਪਰ ਤਾਜ ਆਪ ਟਿਕੌਣਾ, ਆਪ ਆਪਣੇ ਰੰਗ ਰੰਗਾਇੰਦਾ। ਪਿਛਲਾ ਲਹਿਣਾ ਕਰਜ਼ ਮੁਕੌਣਾ, ਆਪਣੀ ਵਸਤ ਦਸਤ ਬਦਸਤ, ਸ਼ਾਹ ਹਸਤ ਕੀਟ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਆਪ ਆਪਣਾ ਵੇਖ ਵਖਾਇੰਦਾ। ਇਕੀ ਸਿੱਖ ਪਹਿਰੇਦਾਰ, ਕੇਸਰ ਰੰਗ ਰੰਗਾਈਆ। ਸੰਗਤ ਗਾਏ ਮੰਗਲਾ ਚਾਰ, ਧੁਨ ਵਜਦੀ ਰਹੇ ਵਧਾਈਆ। ਪੁਰਖ ਅਬਿਨਾਸ਼ੀ ਕਰੇ ਪਿਆਰ, ਨਿਉਂ ਨਿਉਂ ਆਪਣਾ ਸੀਸ ਜਗਦੀਸ ਝੁਕਾਈਆ। ਫੁਲ ਫੁਲਵਾੜੀ ਖਿੜੇ ਗੁਲਜ਼ਾਰ, ਲੋਕਮਾਤ ਆਪ ਮਹਿਕਾਈਆ। ਕਲਜੁਗ ਤੇਰੀ ਅੰਤ ਬਹਾਰ, ਸਤਿਜੁਗ ਬਸੰਤ ਆਪਣੇ ਹੱਥ ਰਖਾਈਆ। ਹੋਏ ਮਿਲਾਵਾ ਨਾਰੀ ਕੰਤ, ਆਤਮ ਸੇਜ ਸੁਹਾਵੀ ਸੁਰਤ ਸ਼ਬਦ ਕਰੇ ਕੁੜਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਹਰੀ ਹਰਿ ਹਰਿ ਹਰਿ ਕਾ ਰੂਪ ਦਰਸਾਈਆ। ਹਰਿ ਕਾ ਰੂਪ ਅਗੰਮ ਅਥਾਹ, ਵੇਦ ਕਤੇਬ ਭੇਵ ਨਾ ਰਾਇਆ। ਚਾਰ ਜੁਗ ਚਾਰ ਵਰਨ ਅਠਾਰਾਂ ਬਰਨ ਸਾਧ ਸੰਤ ਜੀਵ ਜੰਤ ਰਹੇ ਗਾ, ਆਦਿ ਅੰਤ ਨਾ ਕਿਸੇ ਜਣਾਇਆ। ਜੁਗਾ ਜੁਗੰਤਰ ਜਨ ਭਗਤਾਂ ਪਕੜੇ ਆਪ ਬਾਂਹ, ਆਪ ਆਪਣਾ ਭੇਖ ਵਟਾਇਆ। ਗੁਰਸਿੱਖ ਉਠਾਏ ਜਿਉਂ ਬਾਲਕ ਮਾਂ, ਆਪ ਆਪਣੀ ਗੋਦ ਸੁਹਾਇਆ। ਕਾਗੋਂ ਹੰਸ ਦਏ ਬਣਾ, ਮਾਣਕ ਮੋਤੀ ਸੋਹੰ ਹੰਸਾ ਚੋਗ ਚੁਗਾਇਆ। ਨਿਰਗੁਣ ਜੋਤੀ ਦਏ ਜਗਾ, ਕਾਇਆ ਮੰਦਰ ਡਗਮਗਾਇਆ। ਅਨਹਦ ਤਾਲ ਨਗਾਰੇ ਚੋਟ ਦਏ ਲਗਾ, ਤਾਲ ਤਲਵਾੜਾ ਇਕ ਵਜਾਇਆ। ਆਤਮ ਸੇਜਾ ਦਏ ਸੁਹਾ, ਬੰਦ ਕਿਵਾੜੀ ਆਪ ਖੁਲ੍ਹਾਇਆ। ਆਲਸ ਨਿੰਦਰਾ ਦਏ ਮੁਕਾ, ਆਸ ਨਿਰਾਸਾ ਪੂਰ ਕਰਾਇਆ। ਚਰਨ ਭਰਵਾਸਾ ਇਕ ਵਖਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਹਰਿ ਸੰਗਤ ਦੇਵੇ ਸਾਚਾ ਦਾਨ, ਆਤਮ ਅੰਤਰ ਬ੍ਰਹਮ ਗਿਆਨ, ਨਾਮ ਸਤਿ ਹੋਏ ਪਰਧਾਨ, ਜਗਤ ਪਰਧਾਨਗੀ ਆਪ ਕਮਾਇਆ।
