Granth 08 Likhat 029: Pahili Faggan 2015 Bikarmi Darbar wich Jethuwal

ਪਹਿਲੀ ਫੱਗਣ ੨੦੧੫ ਬਿਕ੍ਰਮੀ ਦਰਬਾਰ ਵਿਚ ਜੇਠੂਵਾਲ

ਹਰਿਜਨ ਹਰਿ ਹਰਿ ਪਾਇਆ, ਸਤਿਗੁਰ ਪੁਰਖ ਅਪਾਰ। ਗੁਰ ਸਤਿਗੁਰ ਮੇਲ ਮਿਲਾਇਆ, ਆਪ ਆਪਣੀ ਕਿਰਪਾ ਧਾਰ। ਸਾਚਾ ਮੰਦਰ ਇਕ ਸੁਹਾਇਆ, ਕਾਇਆ ਕਾਅਬਾ ਕਰ ਵਿਚਾਰ। ਨਿਰਗੁਣ ਜੋਤ ਕਰੇ ਰੁਸ਼ਨਾਇਆ, ਮੇਟ ਮਿਟਾਏ ਅੰਧ ਅੰਧਿਆਰ। ਅੰਮ੍ਰਿਤ ਆਤਮ ਤਾਲ ਸੁਹਾਇਆ, ਦੇਵਣਹਾਰਾ ਠੰਡੀ ਠਾਰ। ਬਜਰ ਕਪਾਟੀ ਕੁੰਡਾ ਲਾਹਿਆ, ਦੂਈ ਦਵੈਤੀ ਦਏ ਉਤਾਰ। ਸ਼ਰਅ ਸ਼ਰੀਅਤ ਇਕ ਵਖਾਇਆ, ਨਾਮ ਨਾਮਾ ਕਰ ਪਿਆਰ। ਅਨਹਦ ਸਾਚਾ ਤਾਲ ਵਜਾਇਆ, ਧੁਨੀ ਤਾਰ ਅਗੰਮ ਅਪਾਰ। ਪੰਚਮ ਸਖੀਆਂ ਮੰਗਲ ਗਾਇਆ, ਆਪ ਸੁਹਾਇਆ ਸੱਚਾ ਘਰ ਬਾਰ। ਤਾਲ ਅਨਾਦੀ ਇਕ ਵਜਾਇਆ, ਦਿਸ ਨਾ ਆਏ ਵਿਚ ਸੰਸਾਰ। ਨੇਤਰ ਲੋਚਣ ਇਕ ਖੁਲ੍ਹਾਇਆ, ਆਪ ਆਪਣਾ ਕਰ ਉਜਿਆਰ। ਜੋਤ ਨਿਰੰਜਣ ਸੇਵ ਕਮਾਇਆ, ਮੇਟ ਮਿਟਾਏ ਅੰਧ ਅੰਧਿਆਰ। ਬੰਕ ਦਵਾਰੇ ਬੰਦ ਰਖਾਇਆ, ਮੇਟ ਮਿਟਾਏ ਪੰਚਮ ਧਾੜ। ਕਾਮ ਕਰੋਧ ਨਾ ਨੇੜੇ ਆਇਆ, ਤ੍ਰਿਸਨਾ  ਤ੍ਰਿਖਾ ਦੇਵੇ ਮਾਰ। ਪਾਰ ਕਰਾਏ ਸੁਖਮਨ ਨਾੜੀ ਡੂੰਘੀ ਗਾਰ। ਤ੍ਰੈ ਤ੍ਰੈ ਆਪਣਾ ਵੇਸ ਵਟਾਇਆ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਵੇਖ ਵਖਾਇਆ। ਹਰਿਜਨ ਹਰਿ ਹਰਿ ਪੁਰਖ ਮੇਲਾ, ਹਰਿ ਸਾਚਾ ਮੇਲ ਮਿਲਾਇੰਦਾ। ਦੋ ਜਹਾਨਾਂ ਸੱਜਣ ਸੁਹੇਲਾ, ਏਕਾ ਰਾਹ ਵਖਾਇੰਦਾ। ਅਬਿਨਾਸ਼ੀ ਕਰਤਾ ਇਕ ਅਕੇਲਾ, ਏਕਉਂਕਾਰਾ ਨਾਉਂ ਰਖਾਇੰਦਾ। ਆਦਿ ਜੁਗਾਦੀ ਜੁਗ ਜੁਗ ਜਾਣੇ ਆਪਣਾ ਵੇਲਾ, ਨਿਤ ਨਵਿਤ ਖੇਲ ਖਿਲਾਇੰਦਾ । ਜਨ ਭਗਤਾਂ ਚਾੜ੍ਹੇ ਸਾਚਾ ਤੇਲਾ, ਸਾਚਾ ਸਗਨ ਮਨਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚੇ ਵੇਖ ਵਖਾਇੰਦਾ। ਹਰਿਜਨ ਹਰਿ ਹਰਿ ਪਾਇਆ, ਮਿਲਿਆ ਪੁਰਖ ਕਰਤਾਰ। ਹਉਮੇ ਰੋਗ ਗਵਾਇਆ, ਟੁੱਟਾ ਗੜ੍ਹ ਹੰਕਾਰ। ਕਾਇਆ ਖੇੜਾ ਕੂੜ ਤਜਾਇਆ, ਸਚ ਸੁੱਚ ਭਰੇ ਭੰਡਾਰ। ਏਕਾ ਮੰਤਰ ਨਾਮ ਵਖਾਇਆ, ਰਸਨਾ ਜੇਹਵਾ ਇਕ ਆਧਾਰ। ਪਵਣ ਸਵਾਸੀ ਆਪ ਵਸਾਇਆ, ਆਪ ਚਲਾਏ ਆਪਣੀ ਧਾਰ। ਰੰਗ ਮਹੱਲ ਆਪ ਉਪਾਇਆ, ਘਰ ਘਰ ਵਿਚ ਕਰ ਉਜਿਆਰ। ਦੀਵਾ ਬਾਤੀ ਇਕ ਟਿਕਾਇਆ, ਆਪੇ ਜਾਣੇ ਆਪਣੀ ਕਾਰ। ਕਮਲਾਪਾਤੀ ਵੇਖ ਵਖਾਇਆ, ਕਮਲ ਨੈਣ ਨੈਣ ਮੰਧਾਰ। ਆਤਮ ਤਾਕੀ ਆਪ ਖੁਲ੍ਹਾਇਆ, ਆਪੇ ਬੰਦ ਕਿਵਾੜ। ਆਪਣੀ ਛਾਤੀ ਆਪੇ ਲਾਇਆ, ਘਰ ਸਾਚੇ ਕਰੇ ਪਿਆਰ। ਹਰਿਜਨ ਅੰਮ੍ਰਿਤ ਬੂੰਦ ਸਵਾਂਤੀ ਆਪ ਪਿਆਇਆ, ਨਿਝਰ ਬਰਖੇ ਠੰਡੀ ਠਾਰ। ਕਾਗੋਂ ਹੰਸ ਬਣਾਇਆ, ਸਚ ਸਰੋਵਰ ਦੇਵੇ ਤਾਰ। ਸੁਰਤੀ ਸ਼ਬਦੀ ਮੇਲ ਮਿਲਾਇਆ, ਆਤਮ ਬ੍ਰਹਮ ਵਿਚਾਰ। ਆਤਮ ਸੇਜਾ ਸਚ ਸੁਹਾਇਆ, ਘਰ ਮੇਲਾ ਮੀਤ ਮੁਰਾਰ। ਇਕ ਅਤੀਤਾ ਨਜ਼ਰੀ ਆਇਆ, ਪਤਤ ਪੁਨੀਤਾ ਆਪ ਕਰਤਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਲਾਏ ਪਾਰ। ਹਰਿਜਨ ਹਰਿ ਹਰਿ ਮੀਤੜਾ, ਪਰਮ ਪੁਰਖ ਸੁਲਤਾਨ। ਕਾਇਆ ਚੋਲੀ ਰੰਗੇ ਚੀਥੜਾ, ਏਕਾ ਦੇਵੇ ਸ਼ਬਦ ਗਿਆਨ। ਇਕ ਵਖਾਏ ਸਾਚਾ ਗੁਰੂਦਵਾਰ ਮੰਦਰ ਮਸੀਤੜਾ, ਘਰ ਮੇਲ ਸ੍ਰੀ ਭਗਵਾਨ। ਜੁਗ ਜੁਗ ਆਪੇ ਜਾਣੇ ਆਪਣੀ ਰੀਤੜਾ, ਵੇਦ ਕਤੇਬ ਭੇਵ ਨਾ ਪਾਣ। ਭਗਤਨ ਮੀਤਾ ਭਗਤੀ ਬੀਠਲਾ, ਮੇਲ ਮਿਲਾਵਾ ਦੋ ਜਹਾਨ। ਆਦਿ ਜੁਗਾਦੀ ਠੰਡਾ ਸੀਤਲਾ, ਸਤਿ ਸਰੂਪ ਸਤਿ ਨਿਸ਼ਾਨ। ਏਕਾ ਰੰਗ ਰੰਗਾਏ ਹਸਤ ਕੀਟਲਾ, ਊਚੋ ਊਚ ਨੀਚਾਂ ਨੀਚ ਆਪ ਮਿਹਰਵਾਨ। ਜਨ ਭਗਤਾਂ ਵਸਿਆ ਚੀਤਲਾ, ਦਿਵਸ ਰੈਣ ਇਕ ਧਿਆਨ। ਆਪੇ ਪਤਿਤ ਆਪ ਪੁਨੀਤੜਾ, ਪਤਿਤ ਪਾਵਨ ਰੂਪ ਮਹਾਨ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਮੇਲਾ ਸਾਚੇ ਘਰ, ਘਰ ਸਾਚਾ ਇਕ ਪਰਧਾਨ। ਹਰਿਜਨ ਹਰਿ ਹਰਿ ਪੇਖਿਆ, ਨੇਤਰ ਨੈਣ ਉਘਾੜ। ਹਰਿ ਲਿਖਣਹਾਰਾ ਲੇਖਿਆ, ਹੋਏ ਸਹਾਈ ਜੰਗਲ ਜੂਹ ਉਜਾੜ ਪਹਾੜ। ਆਪੇ ਫਿਰੇ ਦੇਸ ਪਰਦੇਸਿਆ, ਲੋਆਂ ਪੁਰੀਆਂ ਇਕ ਅਖਾੜ। ਸ਼ਾਹੋ ਭੂਪ ਵਡ ਨਰ ਨਰੇਸ਼ਿਆ, ਧੁਰ ਦਰਗਾਹੀ ਸਾਚਾ ਲਾੜ। ਸੇਵਕ ਸੇਵਾ ਲਾਏ ਬ੍ਰਹਮਾ ਵਿਸ਼ਨ ਮਹੇਸ਼ਿਆ, ਕਰੇ ਕਰਾਏ ਸੱਚੀ ਸਿਕਦਾਰ। ਸ਼ਿਵ ਸ਼ੰਕਰ ਸਚ ਅਦੇਸਿਆ, ਆਪ ਆਪਣੇ ਕਰੇ ਜੈਕਾਰ। ਸਚ ਸਿੰਘਾਸਣ ਆਪੇ ਬੈਠਿਆ, ਥਿਰ ਘਰ ਬੈਠ ਸਚ ਦਰਬਾਰ। ਪਾਰਬ੍ਰਹਮ ਦੋ ਜਹਾਨਾਂ ਖੇਵਟ ਖੇਟਿਆ, ਆਪ ਉਠਾਏ ਸਗਲਾ ਭਾਰ। ਹਰਿਜਨ ਸ਼ਬਦ ਦੋਸ਼ਾਲ ਲਪੇਟਿਆ, ਆਪ ਆਪਣੀ ਕਿਰਪਾ ਧਾਰ। ਮਾਤ ਪਿਤ ਆਪੇ ਹੋਏ ਆਪੇ ਚੁੱਕੇ ਆਪਣੇ ਬੇਟਿਆ, ਆਪੇ ਚਲੇ ਨਾਲ ਨਾਲ। ਵੇਖਣਹਾਰਾ ਕਾਇਆ ਖੇਤਿਆ, ਪੰਜ ਤੱਤ ਰੂਪ ਵਸਾਲ। ਆਪੇ ਹੋਏ ਸਤਿ ਚੇਤਿਆ, ਚੇਤਨ ਰੂਪ ਦੀਨ ਦਿਆਲ। ਆਪੇ ਦਿਸੇ ਨੇਤਨ ਨੇਤਿਆ, ਆਪੇ ਵੇਖੇ ਕਾਲ ਮਹਾਂਕਾਲ। ਗੁਰਮੁਖ ਗੁਰਸਿਖ ਹਰਿਜਨ ਹਰਿ ਸਾਚੇ ਆਪੇ ਵੇਖਿਆ, ਆਪ ਆਪਣੇ ਲਏ ਭਾਲ। ਆਪੇ ਵਸੇ ਸੌਹਰੇ ਪੇਕਿਆ, ਨਾਰੀ ਕੰਤਾ ਰੂਪ ਕਮਾਲ। ਨਾ ਕੋਈ ਜਾਣੇ ਧਾਰੀ ਕੇਸਿਆ, ਮੂੰਡ ਮੁੰਡਾਏ ਲਏ ਸੰਭਾਲ। ਜਿਸ ਜਨ ਹਰਿ ਹਰਿ ਚੇਤਿਆ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਦੇਵੇ ਸਾਚਾ ਵਰ, ਏਕਾ ਨਾਮ ਸੱਚਾ ਧਨ ਮਾਲ। ਸਾਚੀ ਵਸਤ ਹਰਿ ਧਨ ਮਾਲ, ਹਰਿਜਨ ਝੋਲੀ ਪਾਈਆ। ਤੋੜਨਹਾਰਾ ਜਗਤ ਜੰਜਾਲ, ਕੂੜੀ ਕਿਰਿਆ ਮੇਟ ਮਿਟਾਈਆ। ਸੰਤ ਸੁਹੇਲੇ ਆਪੇ ਭਾਲ, ਆਪ ਆਪਣਾ ਦਰਸ ਵਖਾਈਆ। ਜੁਗ ਜੁਗ ਚਲੇ ਅਵੱਲੜੀ ਚਾਲ, ਜਾਗਰਤ ਜੋਤ ਕਰੇ ਰੁਸ਼ਨਾਈਆ। ਸ਼ਬਦ ਗੁਰ ਬਣਾਏ ਸਚ ਦਲਾਲ, ਪੁਰਖ ਅਕਾਲ ਵੇਖ ਵਖਾਈਆ। ਕਾਇਆ ਮੰਦਰ ਅੰਦਰ ਧਰਮ ਸੱਚੀ ਧਰਮਸਾਲ, ਘਰ ਬੈਠਾ ਬੇਪਰਵਾਹੀਆ। ਸਰ ਸਰੋਵਰ ਇਕ ਉਛਾਲ, ਲਾਲ ਅਨਮੁਲੇ ਬਾਹਰ ਕਢਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਮੇਲਾ ਸਾਚੇ ਘਰ, ਹਰਿ ਸੱਜਣ ਮੇਲ ਮਿਲਾਈਆ। ਸੱਜਣ ਹਰਿ ਅਨਡਿਠੜਾ, ਰੂਪ ਰੰਗ ਨਾ ਰੇਖ। ਘਟ ਘਟ ਸੁੱਤਾ ਦੇ ਕਰ ਪੀਠੜਾ, ਨਾ ਸਕੇ ਕੋਈ ਵੇਖ। ਸ਼ਬਦ ਗੁਰ ਗਹਿਰ ਗੰਭੀਰ ਗੁਣੀ ਗਹਿੰਦੜਾ ਬਖ਼ਸ਼ਿੰਦੜਾ, ਆਪੇ ਲਿਖਣਹਾਰਾ ਲੇਖ। ਹਰਿਜਨ ਸਾਚੇ ਮੇਲ ਮਿਲੰਦੜਾ, ਕਿਸੇ ਹੱਥ ਨਾ ਆਏ ਔਲੀਏ ਪੀਰ ਸ਼ੇਖ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚੇ ਮੇਲ ਕਰ, ਆਪੇ ਕਰੇ ਬੁਧ ਬਿਬੇਕ। ਬੁਧ ਬਿਬੇਕ ਆਤਮ ਜਾਤੀ, ਹਰਿ ਹਰਿ ਆਪ ਕਰਾਈਆ। ਦਿਵਸ ਰੈਣ ਪੁੱਛੇ ਵਾਤੀ, ਸੰਝ ਸਵੇਰ ਨਾ ਕੋਇ ਰਖਾਈਆ। ਦਰਸ ਵਖਾਏ ਇਕ ਅਕਾਂਤੀ, ਇਕ ਅਕੱਲਾ ਵਡ ਵਡਿਆਈਆ। ਆਦਿ ਜੁਗਾਦਿ ਜੁਗ ਜੁਗ ਦੇਵਣਹਾਰਾ ਬਾਕੀ, ਆਪ ਆਪਣਾ ਵੇਸ ਵਟਾਈਆ। ਅੰਮ੍ਰਿਤ ਜਾਮ ਪਿਆਏ ਬਣ ਬਣ ਸਾਕੀ, ਸਚ ਪਿਆਲਾ ਹੱਥ ਉਠਾਈਆ। ਗੁਰ ਕਾ ਸ਼ਬਦ ਭਵਿਖਤ ਵਾਕੀ, ਨਾ ਕੋਈ ਮੇਟੇ ਮੇਟ ਮਿਟਾਈਆ। ਸ਼ਬਦ ਘੋੜੇ ਹਰਿਜਨ ਚੜ੍ਹੇ ਮਾਰ ਪਲਾਕੀ, ਲੋਆਂ ਪੁਰੀਆਂ ਪਾਰ ਕਰਾਈਆ। ਭੇਵ ਨਾ ਜਾਣੇ ਬੰਦਾ ਖ਼ਾਕੀ, ਖ਼ਾਕੀ ਖ਼ਾਕ ਰਿਹਾ ਉਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਮੇਲਾ ਸਹਿਜ ਸੁਭਾਈਆ। ਹਰਿਜਨ ਮੇਲਾ ਉਚ ਮਹੱਲ, ਹਰਿ ਸਾਚਾ ਆਪ ਕਰਾਇੰਦਾ। ਸ੍ਰਿਸ਼ਟ ਸਬਾਈ ਭੁਲਾਏ ਕਰ ਕਰ ਵਲ ਛਲ, ਭੇਵ ਕੋਇ ਨਾ ਪਾਇੰਦਾ। ਗੁਰਮੁਖ ਵਿਰਲੇ ਬੂਟੇ ਲਾਏ ਫਲ, ਸਿਮਲ ਰੁਖ ਸਰਬ ਹਲਾਇੰਦਾ। ਖੇਲੇ ਖੇਲ ਜਲ ਥਲ, ਮਈਅਲ ਆਪ ਸਮਾਇੰਦਾ। ਆਪਣੀ ਜੋਤੀ ਆਪੇ ਗਿਆ ਬਲ, ਦੀਪਕ ਗਿਆਨ ਇਕ ਜਗਾਇੰਦਾ। ਆਪਣੇ ਸ਼ਬਦ ਆਪੇ ਗਿਆ ਰਲ, ਗੁਰ ਸ਼ਬਦੀ ਨਾਉਂ ਧਰਾਇੰਦਾ। ਆਪਣੀ ਮੇਟੇ ਆਪੇ ਸਲ, ਆਪਣੀ ਸਿਖਿਆ ਆਪ ਸੁਣਾਇੰਦਾ। ਆਪਣਾ ਚਲਾਏ ਆਪੇ ਹੱਲ, ਆਪਣਾ ਬੀਜ ਆਪ ਬਜਾਇੰਦਾ। ਆਪਣੀ ਵੜਿਆ ਆਪੇ ਝੱਲ, ਆਰ ਪਾਰ ਨਾ ਕੋਇ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਮੇਲਾ ਸਾਚੇ ਘਰ, ਸਾਚਾ ਘਰ ਇਕ ਸੁਹਾਇੰਦਾ। ਸਾਚਾ ਘਰ ਉਚ ਮੁਨਾਰਾ, ਹਰਿ ਸਾਚੇ ਆਪ ਉਪਾਇਆ। ਨਿਰਗੁਣ ਜੋਤੀ ਕਰ ਉਜਿਆਰਾ, ਬੈਠਾ ਆਸਣ ਲਾਇਆ। ਆਦਿ ਨਿਰੰਜਣ ਖੇਲ ਅਪਾਰਾ, ਪਾਰਬ੍ਰਹਮ ਪ੍ਰਭ ਵੇਸ ਵਟਾਇਆ। ਆਦਿ ਸ਼ਕਤ ਕੰਤ ਭਤਾਰਾ, ਸਾਚਾ ਸੰਗ ਰਖਾਇਆ। ਦੀਵਾ ਬਾਤੀ ਇਕ ਉਜਿਆਰਾ, ਕਮਲਾਪਾਤੀ ਆਪ ਕਰਾਇਆ । ਸ਼ਬਦ ਅਗੰਮੀ ਇਕ ਜੈਕਾਰਾ, ਏਕਾ ਰਿਹਾ ਸੁਣਾਇਆ। ਸਚ ਸਿੰਘਾਸਣ ਹਰਿ ਨਿਰੰਕਾਰਾ, ਥਿਰ ਘਰ ਬੈਠਾ ਆਸਣ ਲਾਇਆ। ਲੋਆਂ ਪੁਰੀਆਂ ਮਾਰੇ ਮਾਰਾ, ਚੌਦਾਂ ਲੋਕਾਂ ਵੇਖ ਵਖਾਇਆ। ਤ੍ਰਿਲੋਕੀ ਨੰਦਨ ਆਪੇ ਜਾਣੇ ਆਪਣੀ ਕਾਰਾ, ਜਗਤ ਬੰਧਨ ਤੋੜ ਤੁੜਾਇਆ। ਗੁਰਮੁਖ ਮੇਲਾ ਪਰਮਾਨੰਦਨ, ਪਰਮਾਨੰਦ ਆਪ ਸਮਾਇਆ। ਹਰਿਜਨ ਵੇਖੇ ਚੰਦ ਚੰਦਨ, ਰੈਣ ਅੰਧੇਰਾ ਮੇਟ ਮਿਟਾਇਆ। ਸਰਬ ਜੀਆਂ ਆਪੇ ਬਖ਼ਸ਼ੰਦਨ, ਭਵਸਾਗਰ ਪਾਰ ਕਰਾਇਆ। ਵਡ ਦਾਤਾ ਦਾਨੀ ਗੁਣੀ ਗਹਿੰਦਨ, ਗੁਰ ਸਤਿਗੁਰ ਆਪ ਅਖਵਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਮੇਲਾ ਸਾਚੇ ਘਰ, ਘਰ ਸਾਚਾ ਇਕ ਵਖਾਇਆ। ਸਚ ਘਰ ਦਰ ਦਰਬਾਰਾ, ਇਕ ਅਲਖ ਜਗਾਇੰਦਾ। ਅਲਖ ਅਗੋਚਰ ਅਗੰਮ ਅਪਾਰਾ, ਅਗਾਧ ਬੋਧ ਉਪਾਇੰਦਾ। ਨਾਦ ਅਨਾਦੀ ਧੁਨ ਜੈਕਾਰਾ, ਸ਼ਬਦ ਬ੍ਰਹਿਮਾਦੀ ਆਪ ਅਲਾਇੰਦਾ। ਵਿਸਮਾਦੀ ਵਿਸਮਾਦ ਖੇਲ ਨਿਆਰਾ, ਭੇਵ ਕੋਇ ਨਾ ਪਾਇੰਦਾ। ਮੇਲ ਮਿਲਾਵਾ ਸੰਤਨ ਸਾਧੀ, ਸੰਤ ਸਾਧ ਵੇਖ ਵਖਾਇੰਦਾ। ਜੋ ਜਨ ਰਸਨਾ ਰਹੇ ਅਰਾਧੀ, ਘਰ ਘਰ ਫੇਰੀ ਪਾਇੰਦਾ। ਮੇਲ ਮਿਲਾਵਾ ਮੋਹਣ ਮਾਧਵ ਮਾਧੀ, ਮੁਕੰਦ ਮਨੋਹਰ ਲੱਖਮੀ ਨਰਾਇਣ ਆਪ ਹੋ ਆਇੰਦਾ। ਆਪੇ ਜਾਣ ਬਾਣ ਧੁਰਾਂ ਦੀ, ਧੁਰ ਦਾਤਾ ਭੇਖ ਵਟਾਇੰਦਾ। ਵੇਖਣਹਾਰਾ  , ਆਪ ਆਪਣੀ ਅੱਖ ਖੁਲ੍ਹਾਇੰਦਾ। ਜੁਗ ਜੁਗ ਦੇਵਣਹਾਰਾ ਦਾਦੀ, ਸਾਚੀ ਵਸਤ ਆਪ ਵਰਤਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚੇ ਲਏ ਵਰ, ਕੰਤ ਕੰਤੂਹਲ ਆਪ ਅਖਵਾਇੰਦਾ। ਕੰਤ ਕੰਤੂਹਲ ਨਰ ਨਰਾਇਣ, ਏਕਾ ਏਕਉਂਕਾਰਿਆ। ਹਰਿਜਨ ਚੁਕਾਏ ਲਹਿਣ ਦੇਣ, ਪਾਰ ਕਰਾਏ ਜਗਤ ਕਨਾਰਿਆ। ਦਰਸ ਵਖਾਏ ਏਕਾ ਨੈਣ, ਲੋਚਣ ਨੇਤਰ ਆਪ ਖੁਲ੍ਹਾ ਰਿਹਾ। ਸਖਾ ਸਖਾਈ ਮਾਤ ਪਿਤ ਭਾਈ ਭੈਣ, ਸਾਕ ਸੱਜਣ ਸਗਲਾ ਸੰਗ ਨਿਭਾ ਰਿਹਾ। ਲਾੜੀ ਮੌਤ ਨਾ ਖਾਏ ਡਾਇਨ, ਵੇਲਾ ਅੰਤਮ ਆਪਣੇ ਹੱਥ ਰਖਾ ਰਿਹਾ। ਚਿਤਰ ਗੁਪਤ ਨਾ ਹਿਸਾਬ ਕਿਤਾਬ ਜਨ ਭਗਤਾਂ ਅੰਤਮ ਆਏ ਲੈਣ, ਜਿਉਂ ਬਾਲਕ ਮਾਤਾ ਗੋਦ ਉਠਾ ਰਿਹਾ। ਧਾਮ ਅਵੱਲੇ ਸਾਚੇ ਬਹਿਣ, ਸਚਖੰਡ ਦਵਾਰਾ ਆਪ ਉਪਾ ਲਿਆ। ਜੋਤੀ ਜੋਤ ਸਰਬ ਰਲ ਜਾਣ, ਜੋਤੀ ਉਪਜੇ ਜੋਤੀ ਬਿਨਸੇ ਜੋਤੀ ਵਿਚ ਟਿਕਾ ਲਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚਾ ਮੇਲ ਦਰ, ਦਰ ਘਰ ਸਾਚਾ ਆਪ ਸੁਹਾ ਲਿਆ। ਹਰਿਜਨ ਮਿਲਿਆ ਹਰਿ ਸੱਜਣ ਸ਼ਾਹ, ਏਕਾ ਦੂਜਾ ਭੌ ਨਿਵਾਰਿਆ। ਜੋਤੀ ਜੋਤ ਗਏ ਸਮਾ, ਦਿਸ ਨਾ ਆਏ ਵਿਚ ਸੰਸਾਰਿਆ। ਲੱਖ ਚੁਰਾਸੀ ਗੇੜ ਚੁਕਾ, ਆਪਣੇ ਅੰਗ ਲਗਾ ਲਿਆ। ਦਰਗਹਿ ਸਾਚੀ ਖੁਲ੍ਹਾ ਵੇਹੜਾ ਆਪ ਰਖਾ, ਸੰਤ ਸੁਹੇਲੇ ਫੁਲ ਫੁਲਵਾੜੀ ਆਪ ਲਗਾ ਰਿਹਾ। ਜੁਗ ਜੁਗ ਬੇੜਾ ਰਿਹਾ ਚਲਾ, ਲੋਕਮਾਤ ਫੇਰਾ ਪਾ ਲਿਆ। ਹਰਿਜਨ ਹਰਿ ਸੰਤ ਕਾਇਆ ਖੇੜਾ ਦਏ ਵਸਾ, ਜਿਸ ਜਨ ਆਪਣਾ ਸ਼ਬਦ ਸੁਣਾ ਲਿਆ। ਜਗਤ ਵਿਦਿਆ ਦਏ ਭੁਲਾ, ਆਤਮ ਵਿਦਿਆ ਮੇਲ ਮਿਲਾ ਲਿਆ। ਹੰਗਤਾ ਗੜ੍ਹ ਦਏ ਤੁੜਾ, ਹੰ ਬ੍ਰਹਮ ਇਕ ਅਖਵਾ ਲਿਆ। ਸੋ ਪੁਰਖ ਨਿਰੰਜਣ ਦਇਆ ਕਮਾ, ਸੋਹੰ ਰੂਪ ਆਪ ਵਟਾ ਲਿਆ। ਰਾਮ ਰਾਮਾ ਨਜ਼ਰੀ ਆ, ਕ੍ਰਿਸ਼ਨਾ ਕ੍ਰਿਸ਼ਨ ਵਖਾ ਲਿਆ। ਨੂਰ ਅਲਾਹੀ ਨੂਰ ਰੁਸ਼ਨਾ, ਪੰਜ ਤੱਤ ਨਾ ਕੋਇ ਮਨਾ ਲਿਆ। ਨਾਨਕ ਗੋਬਿੰਦ ਦਰਸ ਵਖਾ, ਨਿਰਗੁਣ ਆਪਣੇ ਵਿਚ ਸਮਾ ਲਿਆ। ਭਗਤ ਭਗਵੰਤ ਲੋਕਮਾਤ ਧਰਾ, ਜੁਗ ਜੁਗ ਆਪਣਾ ਨਾਮ ਦ੍ਰਿੜਾ ਲਿਆ। ਸੰਤ ਸੁਹੇਲੇ ਵੇਖ ਵਖਾ, ਸਾਚਾ ਮਾਰਗ ਇਕ ਰਖਾ ਲਿਆ। ਜੋਤੀ ਜੋਤ ਜੋਤ ਟਿਕਾ, ਗੁਰ ਸਤਿਗੁਰ ਵੇਸ ਵਟਾ ਲਿਆ। ਵਰਨ ਗੋਤ ਨਾ ਕੋਈ ਰਿਹਾ ਰਖਾ, ਨਿਰਗੁਣ ਨਾਉਂ ਨਿਰੰਕਾਰ ਧਰਾ ਲਿਆ। ਸ਼ਬਦ ਸੋਟੀ ਹੱਥ ਫੜਾ, ਗੁਰ ਪੀਰ ਲੋਕਮਾਤ ਆਪ ਫਿਰਾ ਰਿਹਾ। ਚੋਟੀ ਚੜ੍ਹ ਬੈਠਾ ਬੇਪਰਵਾਹ, ਜਨਮ ਮਰਨ ਨਾ ਕੋਇ ਰਖਾ ਲਿਆ। ਕੋਟਨ ਕੋਟੀ ਰਹੇ ਧਿਆ, ਧਿਆਨ ਵਿਚ ਨਾ ਕੋਇ ਲਗਾ ਰਿਹਾ। ਬੋਟੀ ਬੋਟੀ ਰਹੇ ਕਟਾ, ਮਨ ਕਾ ਟੁਕੜਾ ਨਾ ਕੋਇ ਰਖਾ ਰਿਹਾ। ਤਨ ਲੰਗੋਟੀ ਰਹੇ ਬੰਨ੍ਹਾ, ਧੀਰਜ ਜਤ ਨਾ ਕੋਇ ਕਰਾ ਰਿਹਾ। ਵਾਸਨਾ ਖੋਟੀ ਰਹੇ ਕਢਾ, ਵਾਸਦੇਵ ਦਿਸ ਨਾ ਆ ਰਿਹਾ। ਆਦਿ ਸ਼ਕਤ ਰਹੇ ਮਨਾ, ਆਦਿ ਭਵਾਨੀ ਨਾ ਨਾਤਾ ਜੋੜ ਜੁੜਾ ਰਿਹਾ। ਬ੍ਰਹਮਾ ਬ੍ਰਹਮ ਰਹੇ ਸੁਣਾ, ਬ੍ਰਹਮ ਬ੍ਰਹਮ ਭੇਵ ਨਾ ਪਾ ਲਿਆ। ਵਿਸ਼ਨ ਵਿਸ਼ਨ ਰਹੇ ਗਾ, ਸ਼ੇਸ਼ ਨਾਗ ਆਸਣ ਦਿਸ ਨਾ ਆ ਰਿਹਾ। ਸ਼ੰਕਰ ਸ਼ੰਕਰ ਅਲਖ ਜਗਾ, ਮਨ ਕਾ ਸ਼ੰਕਾ ਨਾ ਕੋਇ ਗਵਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਆਪਣਾ ਵੇਸ ਕਰ, ਭਗਤ ਸੁਹੇਲੇ ਲਏ ਵਰ, ਹਰਿਜਨ ਸਾਚੇ ਸੰਗ ਰਖਾ ਲਿਆ। ਹਰਿਜਨ ਤੇਰਾ ਸਗਲਾ ਸਾਥ, ਏਕਾ ਪੁਰਖ ਅਬਿਨਾਸ਼ਿਆ। ਜੁਗ ਜੁਗ ਚਲਾਏ ਆਪਣਾ ਰਾਥ, ਖੇਲੇ ਖੇਲ ਪ੍ਰਿਥਮੀ ਅਕਾਸਿਆ। ਆਪ ਜਣਾਏ ਆਪਣੀ ਗਾਥ, ਸਾਚਾ ਸ਼ਬਦ ਵਿਚ ਭਰਵਾਸਿਆ। ਸਗਲ ਵਸੂਰੇ ਜਾਇਣ ਲਾਥ, ਜਿਸ ਜਨ ਹਿਰਦੇ ਹਰਿ ਹਰਿ ਵਾਸਿਆ। ਆਪ ਚੜ੍ਹਾਏ ਆਪਣੇ ਰਾਥ, ਧੁਰ ਦਾਤਾ ਦੇਵੇ ਧੁਰ ਭਰਵਾਸਿਆ। ਲਹਿਣਾ ਦੇਣਾ ਚੁਕਾਏ ਸੀਆਂ ਸਾਢੇ ਤਿੰਨ ਤਿੰਨ ਹਾਥ, ਲੱਖ ਚੁਰਾਸੀ ਫੰਦ ਕਟਾਸਿਆ। ਲੇਖੇ ਲਾਏ ਪੂਜਾ ਪਾਠ, ਜੋ ਜਨ ਗਾਏ ਰਸਨਾ ਜਿਹਵ ਸਵਾਸਿਆ। ਲਹਿਣਾ ਦੇਣਾ ਚੁੱਕੇ ਅਠ ਸਾਠ, ਜਿਸ ਜਨ ਪਾਇਆ ਸ਼ਾਹੋ ਸ਼ਾਬਾਸਿਆ। ਸਤਿਗੁਰ ਪੂਰਾ ਕਰਨੇਹਾਰਾ ਘਾਟ, ਫ਼ਰਕ ਰਹੇ ਨਾ ਰੱਤੀ ਮਾਸਿਆ। ਲੇਖ ਚੁਕਾਏ ਦਸ ਦਸ ਮਾਸ, ਪਾਰ ਕਰਾਏ ਗਰਭ ਵਾਸਿਆ। ਹਰਿਜਨ ਹਰਿ ਹਰਿ ਪੂਰੀ ਕਰੇ ਆਸ, ਦੇਵਣਹਾਰਾ ਨਾਮ ਦਿਲਾਸਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਸਾਜਣ ਵੇਖੇ ਘਰ ਆਦਿ ਜੁਗਾਦਿ ਨਾ ਕਦੇ ਵਿਨਾਸਿਆ। ਨਾਮ ਵਸਤ ਸਚ ਭੰਡਾਰ, ਸਤਿਗੁਰ ਹੱਥ ਵਡਿਆਈਆ। ਦੇਵਣਹਾਰਾ ਵਿਚ ਸੰਸਾਰ, ਦਾਤਾ ਦਾਨੀ ਆਪ ਅਖਵਾਈਆ। ਗੁਰਮੁਖਾਂ ਦੇਵੇ ਕਰ ਪਿਆਰ, ਆਪ ਆਪਣੀ ਬੁਝ ਬੁਝਾਈਆ। ਜਗਤ ਤ੍ਰਿਸਨਾ ਦੇਵੇ ਮਾਰ, ਜੂਠਾ ਝੂਠਾ ਮੋਹ ਚੁਕਾਈਆ। ਪੰਚਮ ਨਾਤਾ ਤੋੜ ਹੰਕਾਰ, ਪੰਚਮ ਪੰਚ ਕਰੇ ਕੁੜਮਾਈਆ। ਸਾਚੀ ਸਿਖਿਆ ਗੁਰ ਵੀਚਾਰ, ਕਲਜੁਗ ਬੇੜਾ ਪਾਰ ਕਰਾਈਆ। ਲੇਖਾ ਲਿਖਿਆ ਧੁਰ ਦਰਬਾਰ, ਨਾ ਕੋਈ ਮੇਟੇ ਮੇਟ ਮਿਟਾਈਆ। ਏਥੇ ਓਥੇ ਹੋਏ ਸਹਾਰ, ਸਤਿਗੁਰ ਪੂਰਾ ਇਕ ਅਖਵਾਈਆ। ਮਾਨਸ ਨੱਯਾ ਨਾ ਡੁੱਬੇ ਅਧਵਿਚਕਾਰ, ਸ਼ੌਹ ਦਰਯਾ ਨਾ ਕੋਇ ਰੁੜ੍ਹਾਈਆ। ਸਾਚਾ ਸੱਯਾ ਮੀਤ ਮੁਰਾਰ, ਏਕਉਂਕਾਰ ਆਪ ਅਖਵਾਈਆ। ਰਾਏ ਧਰਮ ਨਾ ਕੱਢੇ ਵਹੀਆ, ਨਾ ਕੋਈ ਲੇਖ ਚੁਕਾਈਆ। ਨਾ ਕੋਈ ਦਿਸੇ ਭੈਣਾਂ ਭੱਯਾ, ਮਾਤ ਪਿਤ ਨਾ ਸੰਗ ਰਖਾਈਆ। ਗੁਰ ਕਾ ਸ਼ਬਦ ਸਦਾ ਸੰਗ ਰਹੀਆ, ਸਗਲਾ ਸੰਗ ਰਖਾਈਆ। ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਾਅਰਾ ਇਕ ਲਗਈਆ, ਪੰਜੇ ਸ਼ਬਦ ਰਹੇ ਗਾਈਆ। ਰਾਮ ਕ੍ਰਿਸ਼ਨਾ ਮੇਲ ਮਿਲਈਆ, ਨਾਨਕ ਗੋਬਿੰਦ ਵਿਚ ਸਮਾਈਆ। ਆਦਿ ਨਿਰੰਜਣ ਇਕ ਅਖਵਈਆ, ਅੰਤ ਆਪ ਹੋ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਜਨ ਦੇਵੇ ਨਾਮ ਵਰ, ਲੱਖ ਚੁਰਾਸੀ ਬੇੜਾ ਪਾਰ ਕਰਾਈਆ। ਨਾਮ ਭੰਡਾਰ ਸ਼ਬਦ ਅਖੁਟ, ਹਰਿ ਸਤਿਗੁਰ ਆਪ ਵਰਤਾਇੰਦਾ। ਜਗਤ ਵਿਕਾਰਾ ਦੇਵੇ ਪੁੱਟ, ਜਿਸ ਜਨ ਦਇਆ ਕਮਾਇੰਦਾ। ਅੰਮ੍ਰਿਤ ਆਤਮ ਪਿਆਏ ਘੁੱਟ, ਸੀਤਲ ਧਾਰ ਵਹਾਇੰਦਾ। ਕਾਇਆ ਤਨ ਨਗਾਰੇ ਲਾਏ ਚੋਟ, ਅਨਹਦ ਤਾਲ ਵਜਾਇੰਦਾ। ਹਉਮੇ ਹੰਗਤਾ ਕੱਢੇ ਖੋਟ, ਸਾਚਾ ਸ਼ਬਦ ਸੁਣਾਇੰਦਾ। ਸਚ ਦਰ ਨਾ ਰਹੇ ਕੋਈ ਤੋਟ, ਦੂਜਾ ਦਰ ਨਾ ਮੰਗਣ ਜਾਇੰਦਾ। ਲਹਿਣਾ ਦੇਣਾ ਚੁਕਾਏ ਪੂਰਬ ਜਨਮ ਕੋਟੀ ਕੋਟ, ਅਗਲਾ ਲੇਖਾ ਆਪਣੇ ਹੱਥ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਦੇਵੇ ਸਾਚਾ ਵਰ, ਸੋ ਪੁਰਖ ਨਿਰੰਜਣ ਝੋਲੀ ਪਾਇੰਦਾ। ਸੋ ਪੁਰਖ ਨਿਰੰਜਣ ਹਰਿ ਭਗਵਾਨ, ਏਕਾ ਏਕ ਅਖਵਾਈਆ। ਹੰ ਬ੍ਰਹਮ ਕਰ ਪਰਧਾਨ, ਪੰਜ ਤੱਤ ਵਟਾਈਆ। ਬ੍ਰਹਮ ਪਾਰਬ੍ਰਹਮ ਦਿਸੇ ਨਾ ਕੋਈ ਨਿਸ਼ਾਨ, ਜਗਤ ਨੇਤਰ ਸ੍ਰਿਸ਼ਟ ਸਬਾਈ ਵੇਖ ਵਖਾਈਆ। ਜਿਸ ਜਨ ਦੇਵੇ ਆਤਮ ਗਿਆਨ, ਤਿਸ ਜਨ ਬੂਝ ਬੁਝਾਈਆ । ਸ਼ਬਦ ਜਣਾਈ ਧੁਰ ਫ਼ਰਮਾਨ, ਸਤਿਜੁਗ ਸਾਚਾ ਰਾਹ ਵਖਾਈਆ। ਨਾਨਕ ਨਿਰਗੁਣ ਗਾਇਆ ਜਗਤ ਜ਼ਬਾਨ, ਸੋਹੰ ਢੋਲਾ ਇਕ ਇਲਾਹੀਆ। ਕਲਜੁਗ ਅੰਤਮ ਖੇਲੇ ਖੇਲ ਸ੍ਰੀ ਭਗਵਾਨ, ਚਾਰ ਵਰਨਾਂ ਕਰੇ ਪੜ੍ਹਾਈਆ। ਲੱਖ ਚੁਰਾਸੀ ਝੁਲਣਾ ਇਕ ਨਿਸ਼ਾਨ, ਪ੍ਰਭ ਸਾਚਾ ਆਪ ਝੁਲਾਈਆ। ਉਪਰ ਲੇਖ ਲਿਖਿਆ ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲੋਆਂ ਪੁਰੀਆਂ ਜੈ ਜੈਕਾਰ ਆਪ ਕਰਾਈਆ। ਬ੍ਰਹਮਾ ਵਿਸ਼ਨ ਸ਼ਿਵ ਸਾਰੇ ਗਾਣ, ਤੂੰ ਮੇਰਾ ਮੈਂ ਤੇਰਾ ਤੇਰਾ ਮੇਰਾ ਭੇਵ ਨਾ ਰਾਈਆ। ਰਾਮ ਕ੍ਰਿਸ਼ਨ ਇਕ ਵਿਧਾਨ, ਏਕਾ ਮਾਰਗ ਲਾਈਆ। ਮੁਸਲਮ ਸੁੰਨੀ ਕਰ ਪਰਵਾਨ, ਸਾਚਾ ਨਬੀ ਆਪ ਹੋ ਜਾਈਆ। ਨਾਨਕ ਗੋਬਿੰਦ ਕਰ ਪਛਾਨ, ਜੋਤੀ ਨੂਰ ਕਰੇ ਰੁਸ਼ਨਾਈਆ। ਸਰਬ ਜੀਆਂ ਦਾ ਜਾਣੀ ਜਾਣ, ਇਕ ਅਕੱਲਾ ਬੇਪਰਵਾਹੀਆ। ਜੁਗ ਜੁਗ ਆਪ ਸੁਣਾਏ ਆਪਣਾ ਧੁਰ ਫ਼ਰਮਾਣ, ਸ਼ਬਦ ਸੁਨੇਹੜਾ ਇਕ ਘਲਾਈਆ। ਭੇਵ ਨਾ ਪਾਏ ਕੋਈ ਵਿਦਵਾਨ, ਪੰਡਤ ਪਾਂਧਾ ਨਾ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਿਸ ਜਨ ਦੇਵੇ ਨਾਮ ਵਰ, ਸਚ ਭੰਡਾਰ ਦੇਵੇ ਭਰ, ਸਤਿ ਸਰੂਪ ਸ਼ਾਹੋ ਭੂਪ ਅਨ ਰੰਗ ਰੂਪ ਇਸ਼ਟ ਦ੍ਰਿਸ਼ਟ ਇਕ ਵਖਾਈਆ। ਨਾਮ ਭੰਡਾਰ ਜਗਤ ਵਰਤੰਤ, ਹਰੀ ਹਰਿ ਆਪ ਵਰਤਾਇਆ। ਗ਼ਰੀਬ ਨਿਮਾਣਿਆਂ ਬਣਾਏ ਬਣਤ, ਸ਼ਬਦ ਗੁਰ ਸਗਲਾ ਸੰਗ ਰਖਾਇਆ। ਸਾਚਾ ਮੇਲਾ ਨਾਰੀ ਕੰਤ, ਸੁਰਤ ਸਵਾਣੀ ਵਿਛੜੀ ਕੰਤ ਮਿਲਾਇਆ। ਆਪੇ ਪਾਏ ਮਾਇਆ ਬੇਅੰਤ, ਆਪੇ ਪੜਦਾ ਪਰੇ ਹਟਾਇਆ। ਆਦਿ ਜੁਗਾਦੀ ਮਹਿਮਾ ਅਗਣਤ, ਲੇਖਾ ਲਿਖਤ ਵਿਚ ਨਾ ਆਇਆ। ਹਰਿਜਨ ਹਰਿ ਭਗਤ ਗੁਰਮੁਖ ਗੁਰਸਿਖ ਕਾਇਆ ਚੋਲੀ ਚਾੜ੍ਹੇ ਰੰਗ ਬਸੰਤ, ਨਾਮ ਮਜੀਠੀ ਰੰਗ ਰੰਗਾਇਆ। ਆਪੇ ਵਸੇ ਮਣੀਆ ਮੰਤ, ਮਨ ਮਨਕਾ ਦਏ ਫਿਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਨਾਮ ਵਰ, ਨਾਮ ਖ਼ਜ਼ਾਨਾ ਇਕ ਰਖਾਇਆ।