੨੬ ਪੋਹ ੨੦੧੬ ਬਿਕ੍ਰਮੀ ਜੇਠੂਵਾਲ ਦਰਬਾਰ ਵਿਚ ਦਇਆ ਹੋਈ
ਹਰਿ ਪੁਰਖ ਸ਼ਾਹ ਸੁਲਤਾਨ, ਇਕ ਅਕੱਲਾ ਭੇਵ ਨਾ ਆਇੰਦਾ। ਸੋ ਪੁਰਖ ਨਿਰੰਜਨ ਵਡ ਮਿਹਰਵਾਨ, ਆਪ ਆਪਣੀ ਖੇਲ ਖਿਲਾਇੰਦਾ। ਏਕੰਕਾਰਾ ਖੇਲ ਮਹਾਨ, ਨਿਰਗੁਣ ਆਪਣਾ ਨਾਉਂ ਧਰਾਇੰਦਾ। ਆਦਿ ਨਿਰੰਜਨ ਇਕ ਨਿਸ਼ਾਨ, ਨੂਰੋ ਨੂਰ ਡਗਮਗਾਇੰਦਾ। ਅਬਿਨਾਸ਼ੀ ਕਰਤਾ ਨੌਜਵਾਨ, ਬਾਲ ਬਿਰਧ ਨਾ ਰੂਪ ਵਟਾਇੰਦਾ। ਸ੍ਰੀ ਭਗਵਾਨ ਇਕ ਗਿਆਨ, ਆਪਣਾ ਆਪ ਦ੍ਰਿੜਾਇੰਦਾ। ਪਾਰਬ੍ਰਹਮ ਪ੍ਰਭ ਹੋ ਮਿਹਰਵਾਨ, ਆਪਣੀ ਕਲ ਵਰਤਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਇਕ ਅਕੱਲਾ ਖੇਲ ਅਪਾਰ, ਕਰੇ ਕਰਾਏ ਕਰਨੇਹਾਰ, ਰੂਪ ਰੇਖ ਨਾ ਕੋਈ ਜਣਾਇੰਦਾ। ਰੂਪ ਰੇਖ ਨਾ ਹਰਿ ਹਰਿ ਰੰਗ, ਦਿਸ ਕਿਸੇ ਨਾ ਆਇੰਦਾ। ਪੁਰਖ ਅਬਿਨਾਸ਼ੀ ਸੂਰਾ ਸਰਬੰਗ, ਆਪ ਆਪਣੀ ਰਚਨ ਰਚਾਇੰਦਾ। ਆਪ ਵਜਾਏ ਆਪਣਾ ਮਰਦੰਗ, ਆਪਣਾ ਨਾਅਰਾ ਆਪ ਅਲਾਇੰਦਾ। ਆਪੇ ਰੱਖੇ ਆਪਣਾ ਸੰਗ, ਸਗਲਾ ਸੰਗ ਆਪ ਨਿਭਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਇਕ ਅਕੱਲਾ ਵਸਣਹਾਰਾ ਸਚ ਮਹੱਲਾ, ਘਰ ਸਾਚਾ ਆਪ ਸੁਹਾਇੰਦਾ। ਸਚ ਮਹੱਲਾ ਹਰਿ ਨਿਰੰਕਾਰ, ਆਪਣਾ ਆਪ ਉਪਾਈਆ। ਨਾ ਕੋਈ ਬਾਢੀ ਕਰੇ ਤਿਆਰ, ਨਾ ਕੋਈ ਵੇਖ ਵਖਾਈਆ। ਖੇਲੇ ਖੇਲ ਅਗੰਮ ਅਪਾਰ, ਅਲਖ ਅਗੋਚਰ ਵਡ ਵਡਿਆਈਆ। ਸਤਿ ਪੁਰਖ ਨਿਰੰਜਨ ਸਾਚੀ ਧਾਰ, ਘਰ ਸਾਚੇ ਆਪ ਚਲਾਈਆ। ਨਾ ਕੋਈ ਦਿਸੇ ਚਾਰ ਦੀਵਾਰ, ਛੱਪਰ ਛੰਨ ਨਾ ਕੋਇ ਛੁਹਾਈਆ। ਸਚਖੰਡ ਨਿਵਾਸੀ ਖੇਲ ਕਰਤਾਰ, ਆਪਣੀ ਕਰਨੀ ਆਪ ਕਮਾਈਆ। ਆਪਣਾ ਮੰਦਰ ਕਰ ਕਰ ਤਿਆਰ, ਥਿਰ ਘਰ ਬੈਠਾ ਆਸਣ ਲਾਈਆ। ਜੋਤ ਨੂਰ ਨੂਰ ਉਜਿਆਰ, ਨੂਰ ਨੁਰਾਨਾ ਆਪ ਅਖਵਾਈਆ। ਆਪਣਾ ਕਰ ਬੰਦ ਕਿਵਾੜ, ਆਪੇ ਬੰਕ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕੰਕਾਰਾ ਖੇਲ ਨਿਰਾਲਾ, ਖੇਲੇ ਖੇਲ ਪੁਰਖ ਅਕਾਲਾ, ਦੀਨ ਦਿਆਲਾ ਵਡ ਵਡਿਆਈਆ। ਸਾਚਾ ਮੰਦਰ ਕਰ ਤਿਆਰ, ਹਰਿ ਸਾਚੀ ਰਚਨ ਰਚਾਇੰਦਾ। ਚਾਰੋਂ ਕੁੰਟ ਇਕ ਵਿਹਾਰ, ਏਕਾ ਰੂਪ ਚੜ੍ਹਾਇੰਦਾ। ਏਕਾ ਸ਼ਾਹੋ ਭੂਪ ਬਣ ਸਿਕਦਾਰ, ਸਾਚਾ ਤਖਤ ਹੰਢਾਇੰਦਾ। ਏਕਾ ਹੁਕਮ ਧੁਰ ਫ਼ੁਰਮਾਨ, ਏਕਾ ਅਦਲ ਕਮਾਇੰਦਾ। ਇਕ ਝੁਲਾਏ ਸਚ ਨਿਸ਼ਾਨ, ਏਕਾ ਘਰ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਪੁਰਖ ਅਬਿਨਾਸ਼ਾ ਖੇਲ ਤਮਾਸ਼ਾ, ਸਾਚੇ ਘਰ ਏਕਾ ਆਪਣਾ ਆਪ ਆਪੇ ਵੇਖ ਵਖਾਇੰਦਾ। ਸਾਚਾ ਮੰਦਰ ਖੇਲ ਅਵੱਲਾ, ਹਰਿ ਸਾਚਾ ਆਪ ਕਰਾਇੰਦਾ। ਸੋ ਪੁਰਖ ਨਿਰੰਜਨ ਇਕ ਅਕੱਲਾ, ਨਿਰਗੁਣ ਆਪਣਾ ਡੇਰਾ ਲਾਇੰਦਾ। ਹਰਿ ਪੁਰਖ ਨਿਰੰਜਣ ਵਸਾਇਆ ਸਚ ਮਹੱਲਾ, ਦਰ ਘਰ ਸਾਚੇ ਸੋਭਾ ਪਾਇੰਦਾ। ਏਕੰਕਾਰ ਸਚ ਸਿੰਘਾਸਣ ਏਕਾ ਮੱਲਾ, ਦੂਸਰ ਕੋਇ ਨਾ ਸੰਗ ਵਖਾਇੰਦਾ। ਆਦਿ ਨਿਰੰਜਣ ਆਪਣੇ ਦੀਪਕ ਆਪੇ ਬਲਾ, ਆਪ ਆਪਣੀ ਜੋਤ ਜਗਾਇੰਦਾ। ਪੁਰਖ ਅਬਿਨਾਸ਼ੀ ਆਪੇ ਜਾਣੇ ਆਪਣਾ ਵੇਲਾ, ਵਾਰ ਥਿਤ ਨਾ ਕੋਇ ਵਖਾਇੰਦਾ। ਅਬਿਨਾਸ਼ੀ ਕਰਤਾ ਬਣੇ ਸੱਜਣ ਸੁਹੇਲਾ, ਸਾਚਾ ਸੰਗ ਨਿਭਾਇੰਦਾ। ਪਾਰਬ੍ਰਹਮ ਬਣੇ ਚੇਲਾ, ਹਰਿ ਗੁਰ ਗੁਰ ਰੂਪ ਵਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਦਰ ਸੁਹਾਇੰਦਾ। ਦਰ ਸੁਹੰਜਣਾ ਪੁਰਖ ਅਗੰਮ, ਏਕਾ ਏਕ ਸੁਹਾਈਆ। ਨਿਰਗੁਣ ਨੂਰ ਆਦਿ ਜੁਗਾਦੀ ਆਪੇ ਜਾਣੇ ਆਪਣਾ ਕੰਮ, ਕਰਤਾ ਕਰਨੀ ਆਪ ਕਮਾਈਆ। ਸਤਿ ਸਤਿਵਾਦੀ ਬੇੜਾ ਬੰਨ੍ਹ, ਸਤਿ ਪੁਰਖ ਨਿਰੰਜਣ ਆਪ ਚਲਾਈਆ। ਆਪੇ ਘੜੇ ਆਪੇ ਲਏ ਭੰਨ, ਸਮਰਥ ਪੁਰਖ ਨਾਉਂ ਧਰਾਈਆ। ਆਪੇ ਜਨਨੀ ਜਨ ਸਾਚਾ ਜਨ, ਹਰਿ ਸ਼ਬਦ ਸ਼ਬਦ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਆਦਿ ਆਪਣਾ ਲੇਖਾ ਆਪ ਲਿਖਾਈਆ। ਆਪੇ ਆਦਿ ਹਰਿ ਹਰਿ, ਆਪਣੀ ਕਰਨੀ ਆਪ ਕਰਾਇੰਦਾ। ਆਪੇ ਵਸਿਆ ਆਪਣੇ ਘਰ ਘਰ, ਦਰ ਘਰ ਸਾਚਾ ਇਕ ਸੁਹਾਇੰਦਾ। ਆਪੇ ਪੁਰਖ ਨਾਰੀ ਨਰ, ਨਰ ਨਰ ਨਰਾਇਣ ਵੇਸ ਵਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿ ਸੱਚਾ ਸ਼ਾਹ ਸੁਲਤਾਨ, ਖੇਲੇ ਖੇਲ ਸ੍ਰੀ ਭਗਵਾਨ, ਰੂਪ ਰੰਗ ਨਾ ਕੋਈ ਨਿਸ਼ਾਨ, ਜੋਤੀ ਨੂਰ ਨੂਰ ਮਹਾਨ, ਰੂਪ ਅਨੂਪ ਆਪ ਦਰਸਾਇੰਦਾ। ਸਤਿ ਪੁਰਖ ਨਿਰੰਂਜਣ ਸਾਚੀ ਧਾਰ, ਹਰਿ ਸਾਚੇ ਆਪ ਚਲਾਈਆ। ਅਗੰਮ ਅਗੰਮੜਾ ਕਰੇ ਕਾਰ, ਭੇਵ ਅਭੇਦ ਰਖਾਈਆ। ਅਲੱਖ ਅਲੱਖਣਾ ਇਕ ਜੈਕਾਰ, ਏਕਾ ਨਾਅਰਾ ਲਾਈਆ। ਸਚਖੰਡ ਸੁਹਾਏ ਬੰਕ ਦਵਾਰ, ਥਿਰ ਘਰ ਬੈਠਾ ਆਸਣ ਲਾਈਆ। ਪਾਰਬ੍ਰਹਮ ਰੂਪ ਅਪਾਰ, ਨਿਰਗੁਣ ਆਪਣਾ ਵੇਖ ਵਖਾਈਆ। ਨਾਰੀ ਕੰਤ ਸਚ ਪਿਆਰ, ਕੰਤ ਭਤਾਰ ਵੱਡੀ ਵਡਿਆਈਆ। ਮੇਲਾ ਮੇਲੇ ਧੁਰ ਦਰਬਾਰ, ਦਰਗਾਹ ਸਾਚੀ ਵੱਜੇ ਵਧਾਈਆ। ਸਤਿ ਸਿੰਘਾਸਣ ਕਰ ਤਿਆਰ, ਸੋਭਾਵੰਤੀ ਨਾਰ ਸੁਹਾਈਆ। ਕੰਤ ਕੰਤੂਹਲਾ ਕਰੇ ਪਿਆਰ, ਚਤਰਭੁਜ ਵਡ ਵਡਿਆਈਆ। ਆਦਿ ਨਿਰੰਜਣ ਜੋਤ ਉਜਿਆਰ, ਘਰ ਬੈਠਾ ਦੀਪ ਜਗਾਈਆ। ਪੁਰਖ ਅਬਿਨਾਸ਼ੀ ਕਰੇ ਵਿਚਾਰ, ਸਾਚਾ ਮੰਗਲ ਏਕਾ ਗਾਈਆ। ਸੋ ਪੁਰਖ ਨਿਰੰਜਣ ਹੋ ਤਿਆਰ, ਆਪਣੀ ਆਪ ਲਏ ਅੰਗੜਾਈਆ। ਹਰਿ ਪੁਰਖ ਨਿਰੰਜਣ ਠਾਂਡਾ ਠਾਰ, ਥਿਰ ਘਰ ਬੈਠਾ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰ ਘਰ ਸਾਚਾ ਇਕ ਸੁਹਾਈਆ। ਸਤਿ ਪੁਰਖ ਨਿਰੰਜਣ ਸੋਭਾਵੰਤ, ਹਰਿ ਸਦਾ ਸਦਾ ਸਾਲਾਹਿਆ। ਅਲੱਖ ਅਗੋਚਰ ਏਕਾ ਕੰਤ, ਪਰਮ ਪੁਰਖ ਵਡਿਆਇਆ। ਸਚਖੰਡ ਬਣਾਈ ਸਾਚੀ ਬਣਤ, ਥਿਰ ਘਰ ਸਾਚਾ ਦਏ ਖੁਲ੍ਹਾਇਆ। ਆਪੇ ਨਾਰੀ ਆਪੇ ਕੰਤ, ਅੰਗੀਕਾਰ ਆਪ ਹੋ ਜਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਨਿਰਗੁਣ ਮੇਲ ਮਿਲਾਇਆ। ਨਿਰਗੁਣ ਨਾਰੀ ਨਿਰਗੁਣ ਕੰਤ, ਨਿਰਗੁਣ ਨਿਰਗੁਣ ਘਰ ਵਸਾਇੰਦਾ। ਨਿਰਗੁਣ ਰੂਪ ਪੂਰਨ ਭਗਵੰਤ, ਨਿਰਗੁਣ ਨਿਰਗੁਣ ਜੋਤ ਜਗਾਇੰਦਾ। ਨਿਰਗੁਣ ਦਾਤਾ ਆਦਿ ਅੰਤ, ਨਿਰਗੁਣ ਜੁਗ ਜੁਗ ਵੇਸ ਵਟਾਇੰਦਾ। ਨਿਰਗੁਣ ਸ਼ਬਦ ਨਿਰਗੁਣ ਮੰਤ, ਨਿਰਗੁਣ ਨਾਮ ਦ੍ਰਿੜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦਰ ਘਰ ਸਾਚਾ ਆਪ ਸੁਹਾਇੰਦਾ। ਨਿਰਗੁਣ ਨਾਰੀ ਕਰ ਸ਼ੰਗਾਰ, ਘਰ ਸਾਚੇ ਸੋਭਾ ਪਾਈਆ। ਏਕਾ ਨੈਣ ਕੱਜਲ ਧਾਰ, ਏਕਾ ਨੂਰ ਨੂਰ ਚਮਕਾਈਆ। ਏਕਾ ਕਰੇ ਸਚ ਪਿਆਰ, ਏਕਾ ਰਾਹ ਤਕਾਈਆ। ਏਕਾ ਰੂਪ ਪੁਰਖ ਕਰਤਾਰ, ਨਿਰਗੁਣ ਆਪਣਾ ਆਪ ਵਟਾਈਆ। ਛੈਲ ਛਬੀਲਾ ਨੌਜਵਾਨ ਹੋ ਤਿਆਰ, ਘਰ ਸਾਚੇ ਆਏ ਚਾਈਂ ਚਾਈਆ। ਸਤਿ ਪੁਰਖ ਨਿਰੰਜਣ ਖੇਲ ਅਪਾਰ, ਖੇਲੇ ਖੇਲ ਅਗੰਮ ਅਥਾਹੀਆ। ਸਚਖੰਡ ਦਵਾਰਾ ਖੋਲ੍ਹ ਕਿਵਾੜ, ਆਪਣਾ ਕੁੰਡਾ ਆਪੇ ਲਾਹੀਆ। ਥਿਰ ਘਰ ਸਾਚੇ ਪਾਵੇ ਸਾਰ, ਘਰ ਘਰ ਵਿਚ ਵੇਖ ਵਖਾਈਆ। ਆਦਿ ਨਿਰੰਜਨ ਨਿਰਗੁਣ ਜੋਤ ਸੁੱਤੀ ਨਾਰ ਮੁਟਿਆਰ, ਆਪਣਾ ਜੋਬਨ ਰਹੀ ਹੰਢਾਈਆ। ਕੰਤ ਕੰਤੂਹਲਾ ਏਕੰਕਾਰ, ਆਪ ਆਪਣੀ ਖੇਲ ਖਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਚਖੰਡ ਨਿਵਾਸੀ ਪੁਰਖ ਅਬਿਨਾਸ਼ੀ ਆਪ ਆਪਣਾ ਮੇਲ ਮਿਲਾਈਆ। ਨਾਰੀ ਕੰਤ ਸਚ ਪਿਆਰਾ, ਸੋ ਪੁਰਖ ਨਿਰੰਜਣ ਮੇਲ ਮਿਲਾਇਆ। ਹਰਿ ਪੁਰਖ ਨਿਰੰਜਣ ਪਾ ਏਕਾ ਵਾਰਾ, ਵਿਛੜ ਕਦੇ ਨਾ ਜਾਇਆ ਏਕੰਕਾਰਾ ਸੁਹਾਏ ਬੰਕ ਦਵਾਰਾ, ਦੂਸਰ ਦਰ ਨਾ ਕੋਇ ਖੁਲਾਇਆ। ਜੋਤ ਨਿਰੰਜਣ ਕਰ ਉਜਿਆਰਾ, ਏਕਾ ਨੂਰ ਕਰੇ ਰੁਸ਼ਨਾਇਆ। ਸ੍ਰੀ ਭਗਵਾਨ ਕਰ ਪਿਆਰਾ, ਆਪ ਆਪਣੀ ਗੋਦ ਬਹਾਇਆ। ਪੁਰਖ ਅਬਿਨਾਸ਼ੀ ਮੀਤ ਮੁਰਾਰਾ, ਸਾਚੀ ਧਾਰਾ ਰਿਹਾ ਚਲਾਇਆ। ਪਾਰਬ੍ਰਹਮ ਪ੍ਰਭ ਖੇਲ ਨਿਆਰਾ, ਦਰ ਘਰ ਸਾਚੇ ਆਪ ਕਰਾਇਆ। ਸਤਿ ਪੁਰਖ ਨਿਰੰਜਣ ਏਕੰਕਾਰਾ, ਕਲ ਆਪਣੀ ਆਪ ਵਰਤਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਚਖੰਡ ਵੇਖੇ ਸਚ ਦਵਾਰ, ਦਰ ਘਰ ਸਾਚਾ ਇਕ ਸੁਹਾਇਆ। ਸਚਖੰਡ ਦਵਾਰਾ ਆਪੇ ਖੋਲ੍ਹ, ਸੋ ਪੁਰਖ ਨਿਰੰਜਨ ਬਣਤ ਬਣਾਈਆ। ਥਿਰ ਘਰ ਵਾਸੀ ਵਸਿਆ ਕੋਲ, ਆਪ ਆਪਣਾ ਮੇਲ ਮਿਲਾਈਆ। ਨਿਰਗੁਣ ਨਾਰੀ ਕਰੇ ਚੋਲ੍ਹ, ਨਿਰਗੁਣ ਕੰਤ ਹੰਢਾਈਆ। ਨਿਰਗੁਣ ਅੰਦਰ ਨਿਰਗੁਣ ਜਾਏ ਮੌਲ, ਰਕਤ ਬੂੰਦ ਨਾ ਕੋਇ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਸਾਚੇ ਸੋਭਾ ਪਾਈਆ। ਨਾਰੀ ਕੰਤ ਹੋਇਆ ਮੇਲਾ, ਸਚਖੰਡ ਵੱਜੀ ਵਧਾਈਆ। ਸੋ ਪੁਰਖ ਨਿਰੰਜਨ ਜਾਣੇ ਵਕਤ ਵੇਲਾ, ਥਿਤ ਵਾਰ ਨਾ ਕੋਇ ਰਖਾਈਆ। ਹਰਿ ਪੁਰਖ ਨਿਰੰਜਣ ਸੱਜਣ ਸੁਹੇਲਾ, ਘਰ ਸਾਚੇ ਸੋਭਾ ਪਾਈਆ। ਏਕੰਕਾਰਾ ਚਾੜ੍ਹੇ ਤੇਲਾ, ਏਕਾ ਸਗਨ ਮਨਾਈਆ। ਅਚਰਜ ਖੇਲ ਪੁਰਖ ਅਬਿਨਾਸ਼ੀ ਆਪਣਾ ਖੇਲਾ, ਪਾਰਬ੍ਰਹਮ ਵੱਡੀ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਚਖੰਡ ਦਵਾਰਾ ਇਕ ਸੁਹਾਈਆ। ਸਚਖੰਡ ਦਵਾਰਾ ਸਚ ਦਰਵਾਜ਼ਾ, ਹਰਿ ਸਾਚੇ ਸਚ ਉਪਾਇਆ। ਥਿਰ ਘਰ ਰਚਿਆ ਆਪਣਾ ਕਾਜਾ, ਆਪ ਆਪਣਾ ਮੇਲ ਮਿਲਾਇਆ। ਕਰੇ ਖੇਲ ਵਡ ਰਾਜਨ ਰਾਜਾ, ਸ਼ਾਹੋ ਭੂਪ ਨਾਮ ਧਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣਾ ਭੇਵ ਆਪ ਖੁਲਾਇਆ। ਸਚਖੰਡ ਅੰਦਰ ਸਚ ਨਿਵਾਸ, ਹਰਿ ਸਾਚਾ ਸਚ ਰਖਾਇੰਦਾ। ਪੁਰਖ ਅਬਿਨਾਸ਼ੀ ਖੇਲ ਤਮਾਸ਼, ਰੰਗ ਰਲੀਆਂ ਆਪ ਮਨਾਇੰਦਾ। ਆਪੇ ਕਰੇ ਹਾਸ ਬਲਾਸ, ਆਪਣੀ ਤ੍ਰਿਸ਼ਨਾ ਪਿਆਸ ਆਪ ਬੁਝਾਇੰਦਾ। ਆਪਣੇ ਅੰਦਰ ਕਰ ਕਰ ਆਪਣਾ ਵਾਸ, ਆਪਣਾ ਬੀਜ ਆਪ ਬੀਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦਵਾਰ ਥਿਰ ਘਰ ਮੰਦਰ ਕਰ ਤਿਆਰ, ਘਰ ਘਰ ਵਿਚ ਆਪ ਸੁਹਾਇੰਦਾ। ਸਚਖੰਡ ਅੰਦਰ ਥਿਰ ਘਰ ਵਾਸਾ, ਹਰਿ ਸਾਚਾ ਸਚ ਕਰਾਇੰਦਾ। ਅੰਦਰ ਵੜ ਪੁਰਖ ਅਬਿਨਾਸ਼ਾ, ਆਪ ਆਪਣਾ ਖੇਲ ਖਿਲਾਇੰਦਾ। ਨਾ ਕੋਈ ਮੰਡਲ ਨਾ ਕੋਈ ਰਾਸਾ, ਰਵ ਸਸ ਨਾ ਕੋਈ ਚਮਕਾਇੰਦਾ। ਨਾ ਕੋਈ ਪ੍ਰਿਥਮੀ ਨਾ ਆਕਾਸਾ, ਗਗਨ ਗਗਨੰਤਰ ਨਾ ਕੋਇ ਵਖਾਇੰਦਾ। ਪੰਜ ਤਤ ਤ੍ਰੈਗੁਣ ਨਾ ਕੋਇ ਵਾਸਾ, ਲੱਖ ਚੁਰਾਸੀ ਨਾ ਬਣਤ ਬਣਾਇੰਦਾ। ਸਾਧ ਸੰਤ ਗੁਰ ਪੀਰ ਅਵਤਾਰ ਨਾ ਕੋਇ ਭਰਵਾਸਾ, ਇਸ਼ਟ ਦੇਵ ਨਾ ਕੋਇ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਚਖੰਡ ਨਿਵਾਸੀ ਸੋਭਾਵੰਤ, ਖੇਲੇ ਖੇਲ ਨਾਰੀ ਕੰਤ, ਨਿਰਗੁਣ ਆਪਣਾ ਖੇਲ ਖਿਲਾਇੰਦਾ। ਨਿਰਗੁਣ ਨਾਰੀ ਨਰ ਹਰਿ ਘਰ ਪਾਇਆ, ਥਿਰ ਘਰ ਸਾਚੇ ਵੱਜੀ ਵਧਾਈਆ। ਸੋ ਪੁਰਖ ਨਿਰੰਜਣ ਉਠ ਉਠ ਵੇਖਣ ਆਇਆ, ਆਪ ਆਪਣਾ ਫੇਰਾ ਪਾਈਆ। ਹਰਿ ਪੁਰਖ ਨਿਰੰਜਣ ਰਾਹ ਤਕਾਇਆ, ਸਚ ਦਵਾਰਾ ਇਕ ਸੁਹਾਈਆ। ਏਕੰਕਾਰਾ ਫੁੱਲ ਫਲਵਾੜੀ ਰਿਹਾ ਬਰਸਾਇਆ, ਸੋਭਾਵੰਤ ਵੱਜੇ ਵਧਾਈਆ। ਆਦਿ ਨਿਰੰਜਣ ਕਰ ਰੁਸ਼ਨਾਇਆ, ਆਪਣੀ ਸੇਵ ਰਿਹਾ ਕਮਾਈਆ। ਪੁਰਖ ਅਬਿਨਾਸ਼ੀ ਮੰਗਲ ਗਾਇਆ, ਗੁਣ ਗਹਿਰ ਗੰਭੀਰ ਸੁਣਾਈਆ। ਸ੍ਰੀ ਭਗਵਾਨ ਮੁਖ ਤੋਂ ਪੱਲਾ ਲਾਹਿਆ, ਆਪਣੇ ਨੈਣ ਆਪ ਮਟਕਾਈਆ। ਪਾਰਬ੍ਰਹਮ ਘਰ ਇਕ ਸੁਹਾਇਆ, ਘਰ ਸਾਚੇ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਆਦਿ ਆਦਿ ਆਪ ਅਖਵਾਈਆ। ਆਦਿ ਆਦੀ ਇਕ ਅਕੱਲਾ, ਏਕਾ ਘਰ ਸੁਹਾਇੰਦਾ। ਸਚਖੰਡ ਨਿਵਾਸੀ ਸਚ ਘਰ ਏਕਾ ਮੱਲਾ, ਥਿਰ ਘਰ ਸਾਚੇ ਸੋਭਾ ਪਾਇੰਦਾ। ਨੇਹਚਲ ਧਾਮ ਉਚ ਅਟੱਲਾ, ਦਿਸ ਕਿਸੇ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਆਪਣੀ ਸੇਜ ਹੰਢਾਇੰਦਾ। ਘਰ ਸੇਜਾ ਕੰਤ ਭਤਾਰ, ਸਚਖੰਡ ਹਰਿ ਸੁਹਾਇੰਦਾ। ਘਰ ਮੇਲਾ ਪਹਿਲੀ ਵਾਰ, ਪੁਰਖ ਅਬਿਨਾਸ਼ੀ ਆਪ ਕਰਾਇੰਦਾ। ਘਰ ਮੇਲਾ ਜਾਣੇ ਬੇਐਬ ਪਰਵਰਦਿਗਾਰ, ਨੂਰੋ ਨੂਰ ਨੂਰ ਡਗਮਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣਾ ਭੇਵ ਆਪ ਛੁਪਾਇੰਦਾ। ਸਤਿ ਪੁਰਖ ਨਿਰੰਜਣ ਥਿਰ ਘਰ ਅੰਦਰ ਵੜ, ਸਚ ਮਹੱਲ ਸੁਹਾਈਆ। ਨਿਰਗੁਣ ਨਿਰਗੁਣ ਅੰਦਰ ਖੜ, ਆਪ ਆਪਣਾ ਰੂਪ ਦਰਸਾਈਆ। ਸੋ ਪੁਰਖ ਨਿਰੰਜਣ ਸਾਚਾ ਘਾੜਨ ਘੜ, ਹਰਿ ਪੁਰਖ ਨਿਰੰਜਣ ਸੇਵਾ ਲਾਈਆ। ਏਕੰਕਾਰਾ ਲਾਏ ਜੜ, ਆਦਿ ਨਿਰੰਜਣ ਦਏ ਸਲਾਹੀਆ। ਸ੍ਰੀ ਭਗਵਾਨ ਆਪੇ ਫੜ, ਅਬਿਨਾਸ਼ੀ ਕਰਤਾ ਬੂਟਾ ਦਏ ਲਗਾਈਆ। ਪਾਰਬ੍ਰਹਮ ਪ੍ਰਭ ਬੰਨ੍ਹੇ ਲੜ, ਆਪਣਾ ਪੱਲੂ ਇਕ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਥਿਰ ਘਰ ਬੈਠਾ ਖੇਲ ਖਿਲਾਈਆ। ਥਿਰ ਕਰ ਖੇਲ ਹਰਿ ਕਰਤਾਰਾ, ਆਪਣਾ ਆਪ ਕਰਾਇੰਦਾ। ਨਿਰਗੁਣ ਨਿਰਗੁਣ ਕਰ ਪਿਆਰਾ, ਨਿਰਗੁਣ ਨਿਰਗੁਣ ਵਿਚ ਟਿਕਾਇੰਦਾ। ਨਿਰਗੁਣ ਜਨਨੀ ਜਣੇ ਸੁਤ ਦੁਲਾਰਾ, ਨਿਰਗੁਣ ਗੋਦ ਉਠਾਇੰਦਾ। ਨਿਰਗੁਣ ਬਖਸ਼ੇ ਸੀਰ ਠੰਡੀ ਠਾਰਾ, ਨਿਰਗੁਣ ਨਿਰਗੁਣ ਆਪ ਪਿਆਇੰਦਾ। ਨਿਰਗੁਣ ਰੂਪ ਏਕੰਕਾਰਾ, ਓਅੰਕਾਰ ਆਪਣਾ ਆਪ ਉਪਜਾਇੰਦਾ। ਸਚਖੰਡ ਨਿਵਾਸੀ ਕਰ ਪਸਾਰਾ, ਆਪ ਆਪਣਾ ਰੂਪ ਵਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਖੇਲ ਖਿਲਾਇੰਦਾ। ਪੁਰਖ ਅਬਿਨਾਸ਼ੀ ਜੰਮਿਆ ਸੁੱਤ, ਹਰਿ ਸ਼ਬਦੀ ਨਾਉਂ ਉਪਜਾਇਆ। ਖੇਲੇ ਖੇਲ ਅਬਿਨਾਸ਼ੀ ਅਚੁਤ, ਆਪ ਆਪਣੀ ਕਲ ਵਰਤਾਇਆ। ਸਚਖੰਡ ਸੁਹਾਈ ਸੱਚੀ ਰੁੱਤ, ਥਿਰ ਘਰ ਸਾਚਾ ਮੰਗਲ ਗਾਇਆ। ਨਾ ਕੋਈ ਕਾਇਆ ਪੰਜ ਤਤ ਦਿਸੇ ਬੁੱਤ, ਮਾਤ ਪਿਤ ਨਾ ਕੋਇ ਵਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਰੰਗ ਰੰਗਾਇਆ। ਉਪਜਿਆ ਸੁਤ ਹਰਿ ਭਗਵਾਨ, ਹਰਿ ਸਾਚਾ ਖੇਲ ਖਲੰਨਿਆ। ਸ਼ਬਦ ਸਰੂਪੀ ਨੌਜਵਾਨ, ਏਕਾ ਰੰਗ ਵਖੰਨਿਆ। ਏਕਾ ਵਸੇ ਸਚ ਮਕਾਨ, ਥਿਰ ਘਰ ਸਾਚੇ ਬਹਿ ਬਹਿ ਮੰਨਿਆ। ਇਕ ਉਠਾਏ ਸਚ ਨਿਸ਼ਾਨ, ਆਪਣਾ ਬੇੜਾ ਆਪ ਬੰਨ੍ਹਿਆ। ਏਕਾ ਬਖ਼ਸ਼ੇ ਆਪਣਾ ਮਾਣ, ਚਰਨ ਧਿਆਨ ਇਕ ਰਖੰਨਿਆ। ਏਕਾ ਮੰਦਰ ਇਕ ਮਕਾਨ, ਇਕ ਵਖਾਏ ਛੱਪਰ ਛੰਨਿਆ। ਏਕਾ ਪੁਰਖ ਏਕ ਸੁਲਤਾਨ, ਏਕਾ ਰੂਪ ਸ੍ਰੀ ਭਗਵੰਨਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਚਖੰਡ ਅਵਤਾਰਾ ਨਿਰਗੁਣ ਧਾਰਾ ਸੁਤ ਦੁਲਾਰਾ ਇਕ ਵਖੰਨਿਆ। ਸੁਤ ਦੁਲਾਰਾ ਉਠਿਆ ਨੌਜਵਾਨ, ਸਚਖੰਡ ਹੋਏ ਰੁਸ਼ਨਾਈਆ । ਸੋ ਪੁਰਖ ਨਿਰੰਜਣ ਦੇਵੇ ਇਕ ਗਿਆਨ, ਹਰਿ ਪੁਰਖ ਨਿਰੰਜਣ ਕਰੇ ਸਚ ਪੜ੍ਹਾਈਆ। ਏਕੰਕਾਰਾ ਬਖ਼ਸ਼ੇ ਮਾਣ, ਏਕਾ ਸਿਰ ਸਮਰਥ ਹੱਥ ਟਿਕਾਈਆ। ਆਦਿ ਨਿਰੰਜਣ ਬਖ਼ਸ਼ੇ ਜੋਤ ਮਹਾਨ, ਜੋਤੀ ਨੂਰ ਕਰ ਰੁਸ਼ਨਾਈਆ। ਸ੍ਰੀ ਭਗਵਾਨ ਦੇਵੇ ਦਾਨ, ਆਪਣੀ ਇਛਿਆ ਭਿਛਿਆ ਝੋਲੀ ਪਾਈਆ। ਅਬਿਨਾਸ਼ੀ ਕਰਤਾ ਏਕਾ ਰਾਗ ਸੁਣਾਏ ਕਾਨ, ਧੁਨੀ ਧੁਨ ਵਿਚ ਉਪਜਾਈਆ। ਪਾਰਬ੍ਰਹਮ ਕਰ ਪਛਾਨ, ਆਪ ਆਪਣਾ ਦਏ ਦਰਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਚਖੰਡ ਅੰਦਰ ਵੜ, ਨਾ ਕੋਈ ਸੀਸ ਨਾ ਕੋਈ ਧੜ, ਚੋਟੀ ਜੜ ਨਾ ਕੋਈ ਰਖਾਈਆ। ਸਚਖੰਡ ਖੇਲ ਅਗੰਮ, ਹਰਿ ਸਾਚੇ ਆਪ ਕਰਾਇਆ। ਸੁਤ ਅਗੰਮੀ ਪਿਆ ਜੰਮ, ਹਰਿ ਸ਼ਬਦੀ ਨਾਉਂ ਧਰਾਇਆ। ਸਤਿ ਪੁਰਖ ਨਿਰੰਜਣ ਆਪੇ ਮੰਨ, ਆਪਣੀ ਮਨਸਾ ਪੂਰ ਕਰਾਇਆ। ਆਪੇ ਦੇਵੇ ਸਾਚਾ ਮਾਲ ਧਨ, ਆਪਣਾ ਨਾਮ ਖ਼ਜ਼ਾਨਾ ਇਕ ਵਖਾਇਆ। ਆਪਣਾ ਰਾਗ ਸੁਣਾਏ ਕੰਨ, ਦਰ ਘਰ ਸਾਚੇ ਆਪੇ ਗਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਪੁਰਖ ਆਪਣੀ ਮਹਿਮਾ ਆਪੇ ਦਏ ਲਿਖਾਇਆ। ਸਚਖੰਡ ਨਿਵਾਸੀ ਭੇਵ ਅਭੇਦਾ, ਹਰਿ ਪੁਰਖ ਨਿਰੰਜਣ ਭੇਵ ਖੁਲਾਈਆ। ਸੋ ਪੁਰਖ ਨਿਰੰਜਨ ਅਛੱਲ ਅਛੇਦਾ, ਅਛਲ ਅਛੱਲ ਆਪ ਕਰਾਈਆ। ਆਪੇ ਜਾਣੇ ਆਪਣਾ ਲੇਖਾ, ਅਲੱਖਨਾ ਅਲੱਖ ਨਾ ਲਖਿਆ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦਰ ਘਰ ਸਾਚਾ ਇਕ ਵਡਿਆਈਆ। ਦਰ ਘਰ ਸਾਚਾ ਹਰਿ ਸੁਹੰਜਣਾ, ਸੋ ਪੁਰਖ ਨਿਰੰਜਣ ਆਪ ਸੁਹਾਇੰਦਾ। ਜੋਤ ਜਗਾਏ ਆਦਿ ਨਿਰੰਜਨਾ, ਦੀਵਾ ਬਾਤੀ ਨਾ ਕੋਇ ਰਖਾਇੰਦਾ। ਦਾਤਾ ਦਾਨੀ ਦਰਦ ਦੁੱਖ ਭੈ ਭੰਜਨਾ, ਭੈ ਭੰਜਨ ਆਪਣਾ ਨਾਉਂ ਉਪਜਾਇੰਦਾ। ਆਪਣੇ ਨੇਤਰ ਆਪੇ ਪਾਏ ਅੰਜਨਾ, ਗਿਆਨ ਨੇਤਰ ਇਕ ਰਖਾਇੰਦਾ। ਆਪੇ ਦੋ ਜਹਾਨੀ ਸਾਕ ਸੈਣ ਸੱਜਣਾ, ਆਪ ਆਪਣਾ ਮੇਲ ਮਿਲਾਇੰਦਾ। ਆਪਣਾ ਮੰਦਰ ਆਪਣਾ ਅੰਦਰ ਹਰਿ ਪੁਰਖ ਨਿਰੰਜਣ ਆਪੇ ਤਜਣਾ, ਸੋ ਪੁਰਖ ਨਿਰੰਜਣ ਵੇਸ ਵਟਾਇੰਦਾ। ਨਾ ਘੜਿਆ ਨਾ ਭੱਜਣਾ, ਨਾ ਕੋਈ ਤੋੜੇ ਤੋੜ ਤੁੜਾਇੰਦਾ। ਆਪਣੇ ਨਗਾਰੇ ਆਪੇ ਵੱਜਣਾ, ਆਪ ਆਪਣਾ ਤਾਲ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦਵਾਰੇ ਸੋਭਾ ਪਾਇੰਦਾ। ਸਚਖੰਡ ਦਵਾਰੇ ਲਏ ਅੰਗੜਾਈ, ਹਰਿ ਸਾਚਾ ਤਖ਼ਤ ਸੁਹਾਇੰਦਾ। ਸ਼ਾਹ ਸੁਲਤਾਨ ਵੱਡੀ ਵਡਿਆਈ, ਰਾਜ ਰਾਜਾਨ ਵੇਖ ਵਖਾਇੰਦਾ। ਨੌਜਵਾਨ ਨਾ ਮਰੇ ਨਾ ਜਾਈ, ਏਕਾ ਰੰਗ ਸਮਾਇੰਦਾ। ਅਲੱਖ ਅਗੋਚਰ ਭੇਵ ਨਾ ਰਾਈ, ਭੇਵ ਆਪਣਾ ਆਪ ਖੁਲ੍ਹਾਇੰਦਾ। ਸਾਚਾ ਸੁਤ ਇਕ ਉਪਜਾਈ, ਹਰਿ ਸ਼ਬਦ ਵਡ ਵਡਿਆਇੰਦਾ। ਏਕਾ ਵਸਤ ਝੋਲੀ ਪਾਈ, ਧੁਰ ਫ਼ਰਮਾਨਾ ਹੁਕਮ ਸੁਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣੇ ਭਾਣੇ ਆਪ ਰਹਾਇੰਦਾ। ਸੁਤ ਦੁਲਾਰਾ ਦੋਏ ਜੋੜ, ਹਰਿ ਚਰਨੀ ਸੀਸ ਨਿਵਾਇੰਦਾ। ਤੇਰੀ ਪ੍ਰੀਤੀ ਨਿਭੇ ਤੋੜ, ਨਾ ਕੋਈ ਤੋੜੇ ਤੋੜ ਤੁੜਾਇੰਦਾ। ਆਦਿ ਜੁਗਾਦਿ ਤੇਰੀ ਲੋੜ, ਤੇਰਾ ਤੇਰੇ ਵਿਚ ਸਮਾਇੰਦਾ। ਤੇਰਾ ਮਿੱਠਾ ਫਲ ਨਾ ਹੋਏ ਕੌੜ, ਤੇਰਾ ਰਸ ਰਸ ਵਖਾਇੰਦਾ। ਤੇਰੇ ਦਰਸ ਰਹੇ ਔੜ, ਤੇਰਾ ਰਾਹ ਤਕਾਇੰਦਾ। ਅੰਤ ਆਦਿ ਜਾਣਾ ਬੌਹੜ, ਹਉਂ ਸੇਵਕ ਸੇਵ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇ ਮਤ ਆਪ ਸਮਝਾਇੰਦਾ। ਸ਼ਬਦ ਸੁਤ ਬਾਲ ਨਧਾਨ, ਹਰਿ ਪੁਰਖ ਨਿਰੰਜਣ ਦਏ ਸਲਾਹੀਆ। ਤੇਰਾ ਮਾਤ ਪਿਤ ਸ੍ਰੀ ਭਗਵਾਨ, ਨਾ ਮਰੇ ਨਾ ਜਾਈਆ। ਸਚਖੰਡ ਨਵਾਸੀ ਪੁਰਖ ਅਬਿਨਾਸ਼ੀ ਇਕ ਫੜਾਏ ਸਚ ਨਿਸ਼ਾਨ, ਦਰ ਘਰ ਸਾਚੇ ਆਪ ਝੁਲਾਈਆ। ਤੇਰੀ ਮੇਰੀ ਇਕੋ ਆਣ, ਤੇਰਾ ਹੁਕਮ ਮੇਰੀ ਵਡਿਆਈਆ। ਮੇਰੋ ਨਾਮ ਤੇਰੋ ਦਾਨ, ਅਤੋਟ ਅਤੁਟ ਵਖਾਈਆ। ਮੇਰੀ ਦਰਗਾਹ ਤੇਰਾ ਮਾਣ, ਥਿਰ ਘਰ ਸਾਚੇ ਵੱਜੇ ਵਧਾਈਆ। ਸਚਖੰਡ ਨਿਵਾਸੀ ਕਰੇ ਪਰਵਾਨ, ਸੁਤ ਦੁਲਾਰੇ ਦਏ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਘਰ ਸਾਚਾ ਇਕ ਸੁਹਾਈਆ। ਬਾਲ ਅਵਸਥਾ ਸ਼ਬਦ ਬਾਲ, ਦਰ ਘਰ ਸਾਚਾ ਵੇਖ ਵਖਾਇੰਦਾ। ਤੂੰ ਸਮਰਥ ਪੁਰਖ ਕਰੇਂ ਸਦਾ ਪ੍ਰਿਤਪਾਲ, ਤੇਰੀ ਓਟ ਇਕ ਤਕਾਇੰਦਾ। ਹਉਂ ਬਾਲਕ ਉਪਜਿਆ ਤੇਰੀ ਡਾਲ, ਫੁਲ ਫਲਵਾੜੀ ਤੂੰ ਮਹਿਕਾਇੰਦਾ। ਸਦਾ ਸੁਹੇਲਾ ਵਸੀਂ ਨਾਲ, ਤੇਰਾ ਸੰਗ ਮੋਹੇ ਭਾਇੰਦਾ। ਤੇਰਾ ਨਾਮ ਮੇਰਾ ਤਾਲ, ਤਾਲ ਤਲਵਾੜਾ ਇਕ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਵਸਤ ਝੋਲੀ ਪਾਇੰਦਾ। ਸਾਚੇ ਸੁਤ ਉਠ ਬਲ ਧਾਰ, ਸੋ ਪੁਰਖ ਨਿਰੰਜਨ ਦਏ ਵਡਿਆਈਆ। ਤੇਰਾ ਭਰੇ ਸਚ ਭੰਡਾਰ, ਤੇਰਾ ਤੇਰੇ ਨਾਲ ਸਮਾਈਆ। ਤੇਰਾ ਰੰਗ ਰੰਗੇ ਕਰਤਾਰ, ਉਤਰ ਕਦੇ ਨਾ ਜਾਈਆ। ਤੇਰਾ ਮਰਦੰਗ ਵਜਾਏ ਵਜਾਵਣਹਾਰ, ਸਚ ਸਤਾਰ ਇਕ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਸ਼ਬਦ ਦਏ ਜਣਾਈਆ। ਸ਼ਬਦ ਨਿਮਾਣਾ ਚਰਨ ਦਵਾਰਾ, ਰੋ ਰੋ ਨੇਤਰ ਨੀਰ ਵਹਾਇੰਦਾ। ਸਤਿ ਪੁਰਖ ਨਿਰੰਜਨ ਕਿਰਪਾ ਧਾਰ, ਤੇਰਾ ਤੇਰੇ ਅੱਗੇ ਆਪਣਾ ਆਪ ਭੇਟ ਚੜ੍ਹਾਇੰਦਾ। ਤੂੰ ਨਿਰਗੁਣ ਨਿਰਾਕਾਰ, ਸਚਖੰਡ ਸਾਚੇ ਸੋਭਾ ਪਾਇੰਦਾ। ਹਉਂ ਵਣਜ ਕਰਾਂ ਵਪਾਰ, ਦਰ ਤੇਰਾ ਮੰਗ ਮੰਗਾਇੰਦਾ। ਤੂੰ ਭਗਵੰਤ ਭਰ ਭੰਡਾਰ, ਭਿਖਕ ਅੱਗੇ ਝੋਲੀ ਡਾਹਿੰਦਾ। ਦੂਸਰ ਹੋਰ ਨਾ ਕੋਈ ਮੀਤ ਮੁਰਾਰ, ਨਾ ਕੋਈ ਪੱਲਾ ਗੰਢ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਭਿਛਿਆ ਝੋਲੀ ਪਾਇੰਦਾ। ਸਾਚੀ ਭਿਛਿਆ ਹਰਿ ਹਰਿ ਵੰਡ, ਸ਼ਬਦੀ ਸ਼ਬਦ ਸ਼ਬਦ ਭਰਾਇਆ। ਮੇਰਾ ਰੂਪ ਰਚਨ ਬ੍ਰਹਿਮੰਡ, ਤੇਰੀ ਸੇਵਾ ਸੇਵ ਲਗਾਇਆ। ਮੇਰੀ ਧਾਰ ਗਗਨ ਪਾਤਾਲ ਨਵ ਖੰਡ, ਤੇਰੇ ਡਾਲੀ ਪਤ ਲਗਾਇਆ। ਤੇਰੇ ਸੇਵਾਦਾਰ ਬਣੇ ਰਵ ਸਸ ਚੰਦ, ਸੂਰਯ ਸੂਰਯਾ ਮੁਖ ਸਲਾਹਿਆ। ਤੇਰਾ ਲੇਖਾ ਦੂਰ ਦੁਰਾਡਾ ਮੇਰਾ ਪੰਧ, ਕਿਸੇ ਦਿਸ ਨਾ ਆਇਆ। ਮੇਰਾ ਨਾਉਂ ਤੇਰਾ ਛੰਦ, ਗੀਤ ਸੁਹਾਗੀ ਇਕ ਸੁਣਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਸਿਖਿਆ ਸਿੱਖ ਸਮਝਾਇਆ। ਸਾਚੀ ਸਿਖਿਆ ਸੁਣ ਸੁਤ ਦੁਲਾਰ, ਹਰਿ ਸਾਚਾ ਆਪ ਸਮਝਾਇੰਦਾ। ਲੋਆਂ ਪੁਰੀਆਂ ਬ੍ਰਹਿਮੰਡ ਖੰਡ ਗਗਨ ਪਾਤਾਲ ਮਹੱਲ ਉਸਾਰ, ਤੇਰਾ ਤੇਰੀ ਸੇਵਾ ਲਾਇੰਦਾ। ਆਕਾਸ਼ ਪ੍ਰਕਾਸ਼ ਦਏ ਆਧਾਰ, ਰਵ ਸਸ ਮੇਲ ਮਿਲਾਇੰਦਾ। ਸੂਰਜ ਚੰਨ ਸੰਗ ਸਤਾਰ, ਆਪ ਆਪਣੀ ਸੋਭਾ ਪਾਇੰਦਾ। ਪਵਣ ਪਵਣੀ ਭਰ ਭੰਡਾਰ, ਸਚ ਹੁਲਾਰਾ ਇਕ ਲਗਾਇੰਦਾ। ਤੇਰਾ ਰੂਪ ਅਨੂਪ ਕਰਤਾਰ, ਆਪਣਾ ਆਪ ਆਪ ਪ੍ਰਗਟਾਇੰਦਾ। ਨਿਰਗੁਣ ਨਿਰਗੁਣ ਕਰ ਪਿਆਰ, ਨਿਰਾਕਾਰ ਸਾਕਾਰ ਹੋ ਜਾਇੰਦਾ। ਵਿਸ਼ਵ ਵਿਸ਼ਵ ਕਰ ਤਿਆਰ, ਨੈਣ ਨੈਨਣ ਨੈਣ ਮਟਕਾਇੰਦਾ। ਚਤਰਭੁਜ ਖੇਲ ਅਪਾਰ, ਸੁਤੇ ਪ੍ਰਕਾਸ਼ ਸੁਤ ਸੁਤ ਸੁਤ ਆਪ ਅਖਵਾਇੰਦਾ। ਕਰਨੀ ਕਰੇ ਕਰਨੇਹਾਰ, ਕਰਤਾ ਆਪਣੀ ਕਲ ਵਰਤਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਨਾਉਂ ਧਰਾਇੰਦਾ। ਆਪੇ ਵਿਸ਼ਨ ਨਾਉਂ ਰੱਖ, ਹਰਿ ਆਪਣਾ ਨਾਉਂ ਵਡਿਆਈਆ। ਆਪੇ ਨਿਰਗੁਣ ਆਪੇ ਪਰਤਖ, ਆਪ ਆਪਣੀ ਕਲ ਵਰਤਾਈਆ। ਆਪੇ ਖੇਲੇ ਖੇਲ ਅਲਖਣਾ ਅਲੱਖ, ਲੇਖਾ ਲਿਖ ਨਾ ਸਕੇ ਕੋਈ ਰਾਈਆ। ਆਪੇ ਆਪਣਾ ਆਪ ਨਾਲੋਂ ਕੀਤਾ ਵੱਖ, ਆਪੇ ਆਪਣਾ ਮੇਲ ਮਿਲਾਈਆ। ਆਪਣਾ ਮਾਰਗ ਆਪੇ ਦੱਸ, ਆਪੇ ਰਿਹਾ ਚਲਾਈਆ। ਆਪੇ ਜਾਣੇ ਆਪਣਾ ਪੱਖ, ਕਿਸ਼ਨਾ ਸੁਕਲਾ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੂਨੀ ਰਹਿਤ ਵਡ ਵਡਿਆਈਆ। ਜੂਨੀ ਰਹਿਤ ਪੁਰਖ ਅਕਾਲ, ਏਕਾ ਰੰਗ ਸਮਾਇਆ। ਸਤਿ ਪੁਰਖ ਨਿਰੰਜਣ ਦੀਨ ਦਿਆਲ, ਹਰਿ ਪੁਰਖ ਨਿਰੰਜਣ ਆਪਣਾ ਨਾਉਂ ਰਖਾਇਆ। ਸੋ ਪੁਰਖ ਨਿਰੰਜਣ ਕਰ ਪ੍ਰਿਤਪਾਲ, ਏਕੰਕਾਰਾ ਵਡ ਵਡਿਆਇਆ। ਆਦਿ ਨਿਰੰਜਣ ਦੀਪਕ ਬਾਲ, ਸਚਖੰਡ ਸਾਚੇ ਸੋਭਾ ਪਾਇਆ। ਥਿਰ ਘਰ ਵਸੇ ਸੱਚੀ ਧਰਮਸਾਲ, ਦਰ ਦਰਵਾਜਾ ਆਪ ਖੁਲ੍ਹਾਇਆ। ਅਬਿਨਾਸ਼ੀ ਕਰਤਾ ਚਲੇ ਅਵਲੜੀ ਚਾਲ, ਚਾਲ ਨਿਰਾਲੀ ਇਕ ਚਲਾਇਆ। ਸ੍ਰੀ ਭਗਵਾਨ ਬਣ ਦਲਾਲ, ਸ਼ਬਦ ਵਿਚੋਲਾ ਵੇਖ ਵਖਾਇਆ। ਪਾਰਬ੍ਰਹਮ ਪ੍ਰਭ ਦੇਵਣਹਾਰ ਸੱਚਾ ਧਨ ਮਾਲ, ਨਾਮ ਖ਼ਜ਼ੀਨਾ ਇਕ ਲੁਟਾਇਆ। ਵਿਸ਼ਨੂੰ ਕਰੇ ਆਪ ਪ੍ਰਿਤਪਾਲ, ਪ੍ਰਿਤਪਾਲਕ ਹਰਿ ਸਲਾਹਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣਾ ਪੜਦਾ ਆਪੇ ਲਾਹਿਆ। ਆਪਣਾ ਪੜਦਾ ਆਪੇ ਚੁੱਕ, ਹਰਿ ਸਾਚੇ ਰੂਪ ਦਰਸਾਇਆ। ਸਤਿ ਪੁਰਖ ਨਿਰੰਜਣ ਸਚਖੰਡ ਦਵਾਰੇ ਬੈਠਾ ਲੁਕ, ਆਪ ਆਪਣਾ ਮੁਖ ਛੁਪਾਇਆ। ਜਨਨੀ ਜਣੇ ਨਾ ਕੋਈ ਕੁੱਖ, ਪਿਤਾ ਗੋਦ ਨਾ ਕੋਈ ਬਹਾਇਆ। ਆਦਿ ਜੁਗਾਦਿ ਨਾ ਹੋਏ ਉਲਟਾ ਰੁਖ, ਪੁਰਖ ਅਬਿਨਾਸ਼ੀ ਵਡ ਵਡਿਆਇਆ। ਜੋਤੀ ਜੋਤ ਸਰੂਪ ਹਰਿ, ਆਪਣੀ ਕਿਰਪਾ ਕਰ, ਆਪਣਾ ਨਾਉਂ ਆਪ ਧਰਾਇਆ। ਆਪਣਾ ਨਾਉਂ ਵਿਸ਼ਵ ਧਰ, ਹਰਿ ਸਾਚਾ ਆਪ ਰਖਾਇੰਦਾ। ਆਪਣਾ ਕਰ ਆਪ ਆਕਾਰ, ਆਪੇ ਵੇਖ ਵਖਾਇੰਦਾ। ਆਪਣੇ ਅੰਦਰ ਕਰ ਪਿਆਰ, ਆਪ ਆਪਣਾ ਦਰ ਸੁਹਾਇੰਦਾ। ਆਪਣਾ ਅੰਮ੍ਰਿਤ ਕਰ ਤਿਆਰ, ਆਪੇ ਵੇਖ ਵਖਾਇੰਦਾ। ਆਪੇ ਵਿਸ਼ਵ ਦਏ ਆਧਾਰ, ਜਲ ਧਾਰਾ ਰੂਪ ਸੁਹਾਇੰਦਾ। ਆਪੇ ਕਵਲੀ ਕਵਲ ਉਜਿਆਰ, ਆਪੇ ਨਾਭੀ ਫੁਲ ਖਲਾਇੰਦਾ। ਆਪੇ ਬ੍ਰਹਮਾ ਬ੍ਰਹਮ ਪਸਾਰ, ਪਾਰਬ੍ਰਹਮ ਰੂਪ ਵਟਾਇੰਦਾ। ਆਪੇ ਚਾਰ ਮੁਖ ਕਰ ਉਜਿਆਰ, ਚਾਰੇ ਦਿਸ਼ਾ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਦਾਤਾ ਬੇਪਰਵਾਹ, ਸ਼ਬਦ ਸਰੂਪੀ ਬਣ ਮਲਾਹ, ਆਪਣਾ ਬੇੜਾ ਆਪ ਚਲਾਇੰਦਾ। ਆਪੇ ਬ੍ਰਹਮਾ ਕਰ ਉਤਪਤ, ਆਪ ਆਪਣੀ ਰਚਨ ਰਚਾਈਆ। ਆਪੇ ਬਣਿਆ ਕਮਲਾਪਤ, ਆਪ ਆਪਣਾ ਮੇਲ ਮਿਲਾਈਆ। ਆਪ ਉਪਜਾਈ ਆਪਣੀ ਰੱਤ, ਰਤੀ ਰੱਤ ਰੱਤ ਵਖਾਈਆ। ਆਪਣਾ ਬੀਜ ਆਪੇ ਘਤ, ਕਵਲ ਫੁਲ ਆਪ ਮਹਿਕਾਈਆ। ਖੇਲੇ ਖੇਲ ਪੁਰਖ ਸਮਰਥ, ਸਾਰ ਸ਼ਬਦ ਸੰਗ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪੇ ਬੀਜੇ ਆਪਣੇ ਵਤ, ਆਪੇ ਵੇਖ ਵਖਾਈਆ। ਬ੍ਰਹਮਾ ਉਪਜਿਆ ਬ੍ਰਹਮ ਧਾਰ, ਪਾਰਬ੍ਰਹਮ ਉਪਜਾਇਆ। ਸ਼ਬਦ ਸਰੂਪੀ ਸ਼ਬਦ ਜੈਕਾਰ, ਹਰਿ ਸਾਚਾ ਸਚ ਸੁਣਾਇਆ। ਦਰ ਘਰ ਸਾਚੇ ਦੇਵੇ ਇਕ ਦੀਦਾਰ, ਦਰਸ ਦਰਸੀ ਦਰਸ ਜਣਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣੇ ਅੰਗ ਲਗਾਇਆ। ਬ੍ਰਹਮੇ ਹਰਿ ਹਰਿ ਲਾਇਆ ਅੰਗ, ਅੰਗੀਕਾਰ ਆਪ ਅਖਵਾਇੰਦਾ। ਦੇਵੇ ਮੱਤ ਸੂਰਾ ਸਰਬੰਗ, ਸਾਚੀ ਸਿਖਿਆ ਇਕ ਸਮਝਾਇੰਦਾ। ਹਰਿ ਕਾ ਸ਼ਬਦ ਤੇਰਾ ਮਰਦੰਗ, ਚਾਰ ਕੁੰਟ ਸੁਣਾਇੰਦਾ। ਨਿਵ ਨਿਵ ਮੰਗੇ ਏਕਾ ਮੰਗ, ਸੀਸ ਜਗਦੀਸ ਭੇਟ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣੀ ਬੂਝ ਬੁਝਾਇੰਦਾ। ਬ੍ਰਹਮੇ ਉਪਜਿਆ ਸ਼ਬਦ ਗਿਆਨ, ਹਰਿ ਸਾਚੇ ਬੂਝ ਬੁਝਾਈਆ। ਏਕਾ ਰਾਗ ਏਕ ਧੁਨਕਾਨ, ਏਕਾ ਨਾਦ ਵਜਾਈਆ। ਸੁਨ ਅਗੰਮ ਨਾ ਕੋਇ ਪਹਿਚਾਨ, ਹਰਿ ਸਾਚਾ ਖੇਲ ਖਿਲਾਈਆ। ਦਾਤਾ ਦੇਵੇ ਏਕਾ ਦਾਨ, ਏਕਾ ਭਿਛਿਆ ਝੋਲੀ ਪਾਈਆ। ਏਕਾ ਅੰਦਰ ਵੇਖ ਮਕਾਨ, ਸਾਚੀ ਵਸਤ ਵਸਤ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਚਰਨ ਧਿਆਨ ਇਕ ਵਖਾਈਆ। ਬ੍ਰਹਮੇ ਮਿਲਿਆ ਹਰਿ ਭਗਵੰਤ, ਵਿਸ਼ਵ ਵੇਸ ਵਟਾਇੰਦਾ। ਆਪ ਬਣਾਏ ਆਪਣਾ ਬੰਸ, ਆਪ ਆਪਣੀ ਅੰਸ ਸੁਹਾਇੰਦਾ। ਆਪੇ ਰੂਪ ਕਰੇ ਸਹੰਸ, ਆਪ ਆਪਣਾ ਭੇਵ ਛੁਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਸਣਹਾਰਾ ਸੁੰਨ ਅਗੰਮੀ ਧੁਆਂਧਾਰ, ਸਚਖੰਡ ਨਿਵਾਸੀ ਆਏ ਬਾਹਰ, ਆਪਣੀ ਕਰੇ ਆਪੇ ਕਾਰ, ਆਪ ਆਪਣਾ ਖੇਲ ਖਿਲਾਇੰਦਾ। ਆਪਣੀ ਕਾਰ ਆਪੇ ਕਰ, ਆਪਣਾ ਰੰਗ ਰੰਗਾਇਆ। ਭੋਲੇ ਨਾਥ ਦੇਵੇ ਵਰ, ਸ਼ੰਕਰ ਸ਼ੰਕਰ ਮੇਲ ਮਿਲਾਇਆ। ਬਾਸ਼ਕ ਤਸ਼ਕਾ ਸੋਹੇ ਗੱਲ, ਹੱਥ ਤ੍ਰਿਸ਼ੂਲ ਫੜਾਇਆ । ਆਪਣਾ ਘਾੜਨ ਆਪੇ ਘੜ, ਆਪਣੇ ਚੱਕ ਆਪ ਚੜ੍ਹਾਇਆ। ਆਪਣੀ ਕੀਮਤ ਕਰਤਾ ਪਾਏ ਆਪਣੇ ਘਰ, ਆਪ ਆਪਣਾ ਮੁਲ ਚੁਕਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਿਸ਼ਨ ਬ੍ਰਹਮਾ ਬੰਨਾਏ ਲੜ, ਸ਼ੰਕਰ ਮੇਲਾ ਸਹਿਜ ਸੁਭਾਇਆ। ਸ਼ੰਕਰ ਮੇਲਾ ਸ਼ਬਦ ਡੋਰ, ਬ੍ਰਹਮਾ ਵਿਸ਼ਨ ਸੰਗ ਰਲਾਈਆ। ਪੁਰਖ ਅਬਿਨਾਸ਼ੀ ਕਰੇ ਖੇਲ ਦੂਸਰ ਅਵਰ ਨਾ ਕੋਈ ਹੋਰ, ਹਰਿ ਆਪਣੀ ਰਚਨ ਰਚਾਈਆ। ਤਿੰਨਾਂ ਚਲੇ ਨਾ ਕੋਈ ਜ਼ੋਰ, ਹਰਿ ਆਪਣਾ ਬਲ ਧਰਾਈਆ। ਤਿੰਨਾਂ ਚਲੇ ਨਾ ਕੋਈ ਜ਼ੋਰ, ਹਰਿ ਸ਼ਬਦੀ ਡੋਰ ਬੰਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਖੇਲੇ ਖੇਲ ਬੇਪ੍ਰਵਾਹੀਆ। ਵਿਸ਼ਨ ਬ੍ਰਹਮਾ ਸ਼ਿਵ ਬੰਨ, ਹਰਿ ਸਾਚਾ ਹੁਕਮ ਸੁਣਾਇੰਦਾ। ਰਵ ਸਸ ਉਪਜਾ ਸੂਰਜ ਚੰਨ, ਮੰਡਲ ਮੰਡਪ ਡਗਮਗਾਇੰਦਾ। ਏਕਾ ਸ਼ਬਦ ਸੁਣਾਏ ਕੰਨ, ਏਕਾ ਮਤ ਰਖਾਇੰਦਾ। ਏਕਾ ਦੇਵਣਹਾਰਾ ਦਾਨ, ਏਕਾ ਝੋਲੀ ਪਾਇੰਦਾ। ਏਕਾ ਸ਼ਬਦ ਇਕ ਨਿਸ਼ਾਨ, ਏਕਾ ਹੱਥ ਝੁਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਤਿੰਨਾਂ ਏਕਾ ਰੰਗ ਰੰਗਾਇੰਦਾ। ਤਿੰਨਾਂ ਮੇਲਾ ਏਕਾ ਘਰ, ਹਰਿ ਸਾਚੇ ਆਪ ਮਿਲਾਇਆ। ਤਿੰਨੇ ਮੰਗਣ ਏਕਾ ਵਰ, ਆਪਣੀ ਝੋਲੀ ਅੱਗੇ ਡਾਹੀਆ। ਤਿੰਨਾਂ ਦਿਸੇ ਏਕਾ ਡਰ, ਨਿਰਭੈ ਰੂਪ ਨਜ਼ਰੀ ਆਇਆ। ਤਿੰਨਾਂ ਨੁਹਾਏ ਏਕਾ ਸਰ, ਚਰਨ ਚਰਨੋਦਕ ਇਕ ਰਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਚਖੰਡ ਨਿਵਾਸਾ ਖੇਲ ਤਮਾਸ਼ਾ ਆਪਣਾ ਆਪ ਰਚਾਇਆ। ਤ੍ਰੈ ਤ੍ਰੈ ਮੇਲਾ ਹਰਿ ਨਿਰੰਕਾਰ, ਆਪਣਾ ਆਪ ਕਰਾਇੰਦਾ। ਪਾਰਬ੍ਰਹਮ ਕਰ ਪਿਆਰ, ਬ੍ਰਹਮ ਸਾਚਾ ਵੇਖ ਵਖਾਇੰਦਾ। ਸਾਚੀ ਵਸਤ ਏਕੰਕਾਰ, ਆਪਣੇ ਹੱਥ ਰਖਾਇੰਦਾ। ਵਿਸ਼ਨੂੰ ਨਿਉਂ ਨਿਉਂ ਕਰੇ ਨਿਮਸਕਾਰ, ਚਰਨ ਧੂੜੀ ਮਸਤਕ ਟਿੱਕਾ ਲਾਇੰਦਾ। ਬ੍ਰਹਮਾ ਰੋਵੇ ਜ਼ਾਰੋ ਜ਼ਾਰ, ਨੇਤਰ ਨੀਰ ਵਹਾਇੰਦਾ। ਸ਼ੰਕਰ ਕਰੇ ਦਰ ਪੁਕਾਰ, ਜਟਾ ਜੂਟ ਗਲ ਵਿਚ ਪੱਲਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣੀ ਕਲ ਵਰਤਾਇੰਦਾ। ਵਿਸ਼ਨੂੰ ਦੇਵੇ ਏਕਾ ਏਕਾ ਵਸਤ, ਹਰਿ ਸਾਚੇ ਵਡ ਵਡਿਆਈਆ। ਸਤੋ ਗੁਣ ਸਾਚਾ ਤਤ, ਸਾਚੀ ਝੋਲੀ ਪਾਈਆ। ਬ੍ਰਹਮਾ ਉਪਜਾਇਆ ਵਿਸ਼ਨੂੰ ਰਤ, ਰਜੋ ਗੁਣ ਦਏ ਸਲਾਹੀਆ। ਸ਼ੰਕਰ ਧੂੰਆਂਧਾਰ ਪ੍ਰਗਟ, ਤਮੋ ਰੂਪ ਰਖਾਈਆ। ਤ੍ਰੈਗੁਣ ਮੇਲਾ ਘਟ ਘਟ, ਘਰ ਘਰ ਵਿਚ ਦਏ ਵਸਾਈਆ। ਤਿੰਨਾਂ ਪਹਿਨਾਏ ਏਕਾ ਪਟ, ਸ਼ਬਦ ਦੋਸ਼ਾਲਾ ਇਕ ਵਖਾਈਆ। ਤਿੰਨਾਂ ਨਗਾਰੇ ਲਾਏ ਸੱਟ, ਆਪਣਾ ਸ਼ਬਦ ਨਾਦ ਵਜਾਈਆ। ਤਿੰਨਾਂ ਅੰਦਰ ਜੋਤ ਲਟ ਲਟ, ਨਿਰਗੁਣ ਜੋਤ ਕਰੇ ਰੁਸ਼ਨਾਈਆ। ਤਿੰਨਾ ਅੰਦਰ ਅੰਮ੍ਰਿਤ ਝੱਟ, ਸਾਚੀ ਧਾਰ ਆਪ ਚੁਆਈਆ। ਤਿੰਨਾ ਅੰਦਰ ਵਿਛਾਈ ਖਾਟ, ਬੈਠਾ ਆਸਣ ਲਾਈਆ। ਤਿੰਨਾਂ ਬੁਝਾਈ ਆਪਣੀ ਵਾਤ, ਆਪਣਾ ਲੇਖਾ ਰਿਹਾ ਸਮਝਾਈਆ। ਤਿੰਨਾਂ ਜਣਾਏ ਖੇਲ ਬਾਜੀਗਰ ਨਾਟ, ਸਵਾਂਗੀ ਸਾਂਗ ਰਚਾਈਆ। ਤਿੰਨਾਂ ਆਪਣਾ ਅੰਗ ਆਪੇ ਕਾਟ, ਆਪਣੀ ਵੰਡ ਵੰਡਾਈਆ। ਤਿੰਨਾਂ ਵਖਾਏ ਏਕਾ ਹਾਟ, ਵਣਜ ਵਪਾਰ ਇਕ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦ ਭੰਡਾਰਾ ਹਰਿ ਬ੍ਰਹਿਮੰਡ, ਆਪਣਾ ਆਪ ਵਰਤਾਈਆ। ਵਿਸ਼ਨੂੰ ਸੁਣ ਕਰ ਧਿਆਨ, ਹਰਿ ਸਾਚੇ ਸਚ ਸਮਝਾਇੰਦਾ। ਮੇਰਾ ਨਾਉਂ ਤੇਰਾ ਨਿਸ਼ਾਨ, ਲੋਕ ਪਰਲੋਕ ਵਖਾਇੰਦਾ। ਬ੍ਰਹਮੇ ਬ੍ਰਹਮ ਤੇਰਾ ਗਿਆਨ, ਸਚ ਧਿਆਨ ਇਕ ਕਰਾਇੰਦਾ। ਸ਼ੰਕਰ ਰੱਖੇ ਏਕਾ ਆਣ, ਏਕਾ ਹੁਕਮ ਸੁਣਾਇੰਦਾ। ਤਿੰਨਾਂ ਦਰ ਸ਼ਬਦ ਪਰਵਾਨ, ਸ਼ਬਦੀ ਮੇਲ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣਾ ਭਾਣਾ ਆਪ ਚਲਾਇੰਦਾ। ਵਿਸ਼ਨੂੰ ਉਠ ਕਰ ਤਿਆਰੀ, ਹਰਿ ਸਾਚਾ ਆਪ ਜਗਾਇੰਦਾ। ਬ੍ਰਹਮੇ ਤੇਰੀ ਆਈ ਵਾਰੀ, ਪਾਰਬ੍ਰਹਮ ਆਪ ਪਰਗਟਾਇੰਦਾ। ਸ਼ੰਕਰ ਕਰ ਉਠ ਸਵਾਰੀ, ਹਰੀ ਹਰਿ ਆਪ ਚੜ੍ਹਾਇੰਦਾ। ਤਿੰਨਾਂ ਮੇਲਾ ਜੋਤ ਨਿਰੰਕਾਰੀ, ਨਿਰਗੁਣ ਆਪਣਾ ਵੇਸ ਵਟਾਇੰਦਾ। ਤਿੰਨਾਂ ਦੇਵੇ ਸਚ ਭੰਡਾਰੀ, ਸਤਿ ਭੰਡਾਰ ਇਕ ਵਰਤਾਇੰਦਾ। ਤ੍ਰੈਗੁਣ ਮਾਇਆ ਕਰ ਪਿਆਰੀ, ਏਕਾ ਝੋਲੀ ਪਾਇੰਦਾ। ਆਪਣੇ ਆਪ ਤੋਂ ਰੱਖੀ ਨਿਆਰੀ, ਨਿਰਗੁਣ ਆਪਣਾ ਅੰਗ ਨਾ ਅੰਗ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦੇਵਣਹਾਰਾ ਸਚਾ ਵਰ, ਸਾਚੀ ਸਿਖਿਆ ਇਕ ਸਮਝਾਇੰਦਾ। ਤ੍ਰੈਗੁਣ ਮਾਇਆ ਹਰਿ ਭੰਡਾਰਾ, ਵਿਸ਼ਨ ਬ੍ਰਹਮੇ ਸ਼ਿਵ ਆਪ ਵਰਤਾਈਆ। ਲੱਖ ਚੁਰਾਸੀ ਕਰ ਪਸਾਰਾ, ਤ੍ਰੈਗੁਣ ਤੇਰੀ ਰਚਨ ਰਚਾਈਆ। ਵਿਸ਼ਨੂੰ ਦੇਵੇ ਸਚ ਭੰਡਾਰਾ, ਰਾਜ਼ਕ ਰਿਜ਼ਕ ਸਬਾਈਆ। ਬ੍ਰਹਮਾ ਮੰਨਿਆ ਇਕ ਆਧਾਰਾ, ਆਪਣਾ ਬੂਟਾ ਆਪੇ ਲਾਈਆ। ਸ਼ੰਕਰ ਲੇਖਾ ਜਾਣੇ ਅੰਤਮ ਵਾਰਾ, ਆਪਣਾ ਲੇਖਾ ਦਏ ਮੁਕਾਈਆ। ਸਤਿ ਪੁਰਖ ਨਿਰੰਜਣ ਖੇਲ ਨਿਆਰਾ, ਪੁਰਖ ਕਰਤਾਰਾ ਆਪ ਕਰਾਈਆ। ਦੇਵਣਹਾਰਾ ਸਚ ਹੁਲਾਰਾ, ਸਾਚਾ ਝੂਲਾ ਰਿਹਾ ਝੁਲਾਈਆ। ਏਕੰਕਾਰਾ ਨਿਰਾਕਾਰਾ, ਓਅੰਕਾਰ ਰੂਪ ਵਟਾਈਆ। ਆਪੇ ਬੰਨ੍ਹੇ ਆਪਣੀ ਧਾਰਾ, ਸੋ ਪੁਰਖ ਨਿਰੰਜਣ ਵਡ ਵਡਿਆਈਆ। ਹੰ ਹੰ ਹਰਿ ਕਰ ਪਸਾਰਾ, ਸੋਹੰ ਰੂਪ ਆਪ ਹੋ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਤ੍ਰੈਗੁਣ ਮਾਇਆ ਏਕਾ ਵਰ, ਬ੍ਰਹਮਾ ਵਿਸ਼ਨ ਸ਼ਿਵ ਅੱਗੇ ਧਰ, ਤ੍ਰੈਗੁਣ ਮੇਲਾ ਮੇਲ ਮਿਲਾਈਆ। ਤ੍ਰੈਗੁਣ ਮੇਲਾ ਏਕਾ ਘਰ, ਹਰਿ ਸਾਚਾ ਸਚ ਸਮਝਾਇੰਦਾ। ਏਕਾ ਰੂਪ ਏਕਾ ਰੁੱਤ, ਏਕਾ ਵਤ ਬੀਜ ਬਿਜਾਇੰਦਾ। ਏਕਾ ਖੇਲ ਪੁਰਖ ਸਮਰਥ, ਸਾਰ ਸ਼ਬਦ ਵੇਖ ਵਖਾਇੰਦਾ। ਆਪਣੀ ਮਹਿਮਾ ਜਾਣੇ ਅਕਥ, ਵਿਸ਼ਨ ਬ੍ਰਹਮੇ ਆਪ ਸਮਝਾਇੰਦਾ। ਆਪਣਾ ਸ਼ਬਦ ਆਪੇ ਦੱਸ, ਆਪਣਾ ਨਾਮ ਆਪ ਪੜ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਬ੍ਰਹਮੇ ਅੰਦਰ ਸ਼ਬਦ ਧਰ, ਸਚ ਗਿਆਨ ਹਰਿ ਭਗਵਾਨ ਆਪਣਾ ਆਪ ਦ੍ਰਿੜਾਇੰਦਾ। ਸਚ ਗਿਆਨਾ ਹਰਿ ਭਗਵਾਨਾ, ਹਰਿ ਬ੍ਰਹਮਾ ਬ੍ਰਹਮ ਸਮਝਾਈਆ। ਧੁਰ ਦਰਗਾਹੀ ਸਚ ਨਿਸ਼ਾਨਾ, ਏਕੰਕਾਰਾ ਦਏ ਵਖਾਈਆ। ਵਿਸ਼ਨੂੰ ਵਿਸ਼ਨ ਕਰ ਪਰਵਾਨਾ, ਵਿਸ਼ਵ ਆਪਣਾ ਰੂਪ ਦਰਸਾਈਆ। ਸ਼ੰਕਰ ਮੇਲਾ ਵਿਚ ਜਹਾਨਾ, ਹਰਿ ਸਾਚਾ ਆਪ ਕਰਾਈਆ। ਸਾਂਗੋ ਪਾਂਗ ਖੇਲ ਮਹਾਨਾ, ਬਾਸ਼ਕ ਤਸ਼ਕਾ ਆਪ ਹੰਢਾਈਆ। ਮੁਖ ਸਹੰਸਰ ਏਕਾ ਗਾਣਾ, ਦੋਏ ਸਹੰਸਰ ਜੇਹਵਾ ਰਿਹਾ ਹਲਾਈਆ। ਸਚ ਤਖਤ ਬੈਠ ਹਰਿ ਸੁਲਤਾਨਾ, ਸਾਚੀ ਸਿਖਿਆ ਰਿਹਾ ਸਮਝਾਈਆ। ਤਿੰਨਾਂ ਬੱਧਾ ਏਕਾ ਗਾਨਾਂ, ਏਕਾ ਸਗਨ ਮਨਾਈਆ। ਧੁਰਦਰਗਾਹੀ ਧੁਰ ਫ਼ਰਮਾਨਾ, ਸਤਿ ਪੁਰਖ ਨਿਰੰਜਣ ਆਪ ਸੁਣਾਈਆ। ਲੋਕਮਾਤ ਲੱਖ ਚੁਰਾਸੀ ਜੀਵ ਜੰਤ ਕਰ ਪਰਧਾਨਾ, ਘੜ ਭਾਂਡੇ ਆਪ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਤਤ ਆਪ ਸਮਝਾਈਆ। ਆਪਣਾ ਤਤ ਹਰਿ ਨਿਰੰਕਾਰ, ਆਪੇ ਆਪ ਬੁਝਾਇੰਦਾ। ਅਪ ਤੇਜ ਵਾਏ ਪ੍ਰਿਥਮੀ ਆਕਾਸ ਕਰ ਤਿਆਰ, ਤ੍ਰੈਗੁਣ ਮੇਲ ਮਿਲਾਇੰਦਾ। ਭਾਂਡੇ ਘੜੇ ਘੜਨਹਾਰ ਘੁਮਿਆਰ, ਚੱਕੀ ਚੱਕ ਆਪ ਫਿਰਾਇੰਦਾ। ਆਪੇ ਗੇੜਾ ਦੇਵੇ ਅਗੰਮ ਅਪਾਰ, ਦਿਸ ਕਿਸੇ ਨਾ ਆਇੰਦਾ। ਆਪੇ ਅਗਨੀ ਦੇਵੇ ਡਾਰ, ਜੋਤੀ ਲੰਬੂ ਆਪੇ ਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਸੇਵਾ ਸੇਵ ਕਮਾਇੰਦਾ। ਬ੍ਰਹਮਾ ਵਿਸ਼ਨ ਸ਼ਿਵ ਵਰ ਹਰਿ ਪਾ, ਢਹਿ ਢਹਿ ਪਏ ਸਰਨਾਈਆ। ਤੇਰੀ ਸੇਵਾ ਸੇਵਕ ਬਣ ਬਣ ਰਹੇ ਕਮਾ, ਬਖਸ਼ੀ ਸਚ ਸਰਨਾਈਆ। ਕਵਣ ਸੋ ਵੇਲਾ ਕਵਣ ਵਕਤ ਤਿੰਨਾਂ ਦਈਂ ਸਮਝਾ, ਅਸੀਂ ਭੁੱਲੇ ਪਾਂਧੀ ਰਾਹੀਆ। ਤੇਰਾ ਵਿਛੋੜਾ ਰਹੇ ਨਾ ਰਾ, ਤੇਰਾ ਦਰਸ ਨੈਣ ਬਿਗਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਆਪ ਖੁਲਾਈਆ। ਵਿਸ਼ਨ ਬ੍ਰਹਮੇ ਸ਼ਿਵ ਸੁਣ ਸੁਣ ਕਾਨ, ਹਰਿ ਸਾਚਾ ਸਚ ਸੁਣਾਇੰਦਾ। ਲੱਖ ਚੁਰਾਸੀ ਜਗਤ ਮਕਾਨ, ਪੰਜ ਤਤ ਆਪ ਬਣਾਇੰਦਾ। ਤ੍ਰੈਗੁਣ ਮਾਇਆ ਕਰ ਪਰਧਾਨ, ਸਾਚਾ ਖੇਲ ਖਿਲਾਇੰਦਾ। ਨੌਂ ਦਰ ਖੋਲ੍ਹ ਜਗਤ ਦੁਕਾਨ, ਸ੍ਰਿਸ਼ਟ ਸਬਾਈ ਵੇਖ ਵਖਾਇੰਦਾ। ਮਨ ਮਤ ਬੁਧ ਵਿਚ ਨਿਸ਼ਾਨ, ਪੰਜ ਅੱਠ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣਾ ਭੇਵ ਆਪ ਖੁਲਾਇੰਦਾ। ਪੰਜ ਤਤ ਕਾਇਆ ਘਰ ਸੁਹੌਣਾ, ਬੰਕੀ ਬੰਕ ਦਵਾਰਿਆ। ਘਰ ਵਿਚ ਘਰ ਆਪ ਬਨੌਣਾ, ਉਚ ਮਹੱਲ ਅਟਾਰਿਆ। ਟੇਢੀ ਬੰਕ ਰਾਹ ਰਖੌਣਾ, ਉਚਾ ਡੰਡਾ ਨੌ ਦਵਾਰਿਆ। ਤਿੰਨਾਂ ਮੇਲਾ ਏਕਾ ਘਰ ਬਨੌਣਾ, ਘਰ ਘਰ ਵਿਚ ਵੇਖ ਵਖਾ ਰਿਹਾ। ਡੂੰਘੀ ਕਵਰੀ ਫੇਰਾ ਪੌਣਾ, ਗਹਿਰ ਗਵਰੀ ਜੋਤ ਜਗਾ ਰਿਹਾ। ਜੋਤ ਨਿਰੰਜਣ ਡਗਮਗੌਣਾ, ਨੂਰੋ ਨੂਰ ਇਕ ਵਖਾ ਰਿਹਾ। ਸਚ ਵਸਤ ਹਰਿ ਝੋਲੀ ਪੌਣਾ, ਦੇ ਮਤ ਆਪ ਸਮਝਾ ਰਿਹਾ। ਅਨਹਦ ਸ਼ਬਦ ਆਪ ਵਜੌਣਾ, ਅਨਹਤ ਆਪਣਾ ਰੂਪ ਵਟਾ ਰਿਹਾ। ਅੰਮ੍ਰਿਤ ਸਰੋਵਰ ਸਚ ਭਰੌਣਾ, ਨਿਝਰ ਝਿਰਨਾ ਇਕ ਵਖਾ ਲਿਆ। ਬਜਰ ਕਪਾਟੀ ਪੜਦਾ ਪੌਣਾ, ਕੋਏ ਨਾ ਪਰੇ ਹਟਾ ਲਿਆ। ਅੰਦਰ ਵੜ ਆਸਣ ਲੌਣਾ, ਆਤਮ ਸੇਜਾ ਨਾਉਂ ਉਪਾ ਲਿਆ। ਘਰ ਵਿਚ ਸਾਚਾ ਘਰ ਸੁਹੌਣਾ, ਘਰ ਮੰਦਰ ਇਕ ਵਖਾ ਲਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਿਸ਼ਨ ਬ੍ਰਹਮਾ ਸ਼ਿਵ ਏਕਾ ਦਰ, ਤ੍ਰੈਗੁਣ ਮੇਲਾ ਪੰਜ ਤਤ ਏਕਾ ਕਰ, ਲੱਖ ਚੁਰਾਸੀ ਸੰਗ ਨਿਭਾ ਲਿਆ। ਬ੍ਰਹਮੇ ਵਿਸ਼ਨ ਸ਼ਿਵ ਹਰਿ ਸਮਝਾਏ, ਗੁਰ ਗੁਰ ਪੁਰਖ ਵੱਡੀ ਵਡਿਆਈਆ। ਨੌ ਸੌ ਚੁਰਾਨਵੇ ਜੁਗ ਚੌਕੜੀ ਸੇਵਾ ਲਾਏ, ਲੋਕਮਾਤ ਵੇਖ ਵਖਾਈਆ। ਲੱਖ ਚੁਰਾਸੀ ਰਚਨ ਰਚਾਏ, ਚਾਰੇ ਖਾਣੀ ਵੰਡ ਵੰਡਾਈਆ। ਚਾਰੇ ਬਾਣੀ ਵਿਚ ਟਿਕਾਏ, ਦਿਸ ਕਿਸੇ ਨਾ ਆਈਆ। ਸ਼ਬਦ ਹਾਣੀ ਮੇਲ ਮਿਲਾਏ, ਘਰ ਵਜਦੀ ਰਹੇ ਵਧਾਈਆ। ਬ੍ਰਹਮਾ ਵੇਤਾ ਇਕ ਸਮਝਾਏ, ਵੇਦ ਵਿਦਿਆ ਕਰੇ ਪੜ੍ਹਾਈਆ। ਚਾਰੇ ਜੁਗ ਲੇਖਾ ਦਏ ਲਿਖਾਏ, ਭੁੱਲ ਰਹੇ ਨਾ ਰਾਈਆ। ਸਤਿਜੁਗ ਸਾਚਾ ਸੰਗ ਨਿਭਾਏ, ਮਹਾਂਸਾਰਥੀ ਵਡ ਵਡਿਆਈਆ। ਵਲ ਛਲ ਧਾਰੀ ਖੇਲ ਖਲਾਏ, ਬਲ ਬਾਵਨ ਦਏ ਸਲਾਹੀਆ। ਤ੍ਰੇਤਾ ਤੇਰਾ ਤੀਰ ਚਲਾਏ, ਤਤਵ ਤਤ ਇਕ ਸਮਝਾਈਆ । ਗੜ੍ਹ ਹੰਕਾਰੀ ਮੇਟ ਮਿਟਾਏ, ਗਰੀਬ ਨਿਮਾਣੇ ਗਲੇ ਲਗਾਈਆ। ਦਵਾਪਰ ਤੇਰੀ ਧਾਰ ਬੰਧਾਏ, ਮੁਕੰਦ ਮਨੋਹਰ ਲਖਮੀ ਨਰਾਇਣ ਆਪਣਾ ਵੇਸ ਵਟਾਈਆ। ਨਾਮ ਬੰਸਰੀ ਇਕ ਵਜਾਏ, ਸਾਚੀ ਸਖੀਆਂ ਮੰਗਲ ਗਾਈਆ। ਪੰਚਮ ਲੇਖਾ ਦਏ ਚੁਕਾਏ, ਪੰਚਮ ਮਾਣ ਵਡਿਆਈਆ। ਏਕਾ ਦੂਜਾ ਰਹਿਣ ਨਾ ਪਾਏ, ਤੀਜੇ ਨੈਣ ਇਕ ਰਘੁਰਾਈਆ। ਚੌਥੇ ਘਰ ਡੇਰਾ ਲਾਏ, ਚੌਥੇਂ ਪਦ ਮੇਲ ਮਿਲਾਈਆ। ਬ੍ਰਹਮ ਨਦ ਇਕ ਵਜਾਏ, ਸੁਣਾਏ ਸਰਬ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਕਰਤਾ ਆਪ ਅਖਵਾਈਆ। ਜੁਗ ਕਰਤਾ ਹਰਿ ਕਰਨੇ ਜੋਗ, ਬੇਅੰਤ ਬੇਐਬ ਪਰਵਰਦਿਗਾਰਿਆ। ਆਪ ਆਪਣਾ ਕਰਿਆ ਭੋਗ, ਸਤਿਜੁਗ ਤਰੇਤਾ ਦਵਾਪਰ ਪਾਰ ਉਤਾਰਿਆ। ਕਲਜੁਗ ਹੋਇਆ ਧੁਰ ਸੰਜੋਗ, ਲਿਖਿਆ ਲੇਖ ਆਪ ਨਿਰੰਕਾਰਿਆ। ਜੂਠ ਝੂਠ ਲੱਗਾ ਰੋਗ, ਮਾਇਆ ਮਮਤਾ ਮੋਹ ਬਣਿਆ ਗੜ੍ਹ ਹੰਕਾਰਿਆ। ਫਿਰੇ ਦਰੋਹੀ ਚੌਦਾਂ ਲੋਕ, ਚੌਦਾਂ ਤਬਕ ਹਾਹਾਕਾਰਿਆ। ਈਸਾ ਮੂਸਾ ਸੁਣਾਇਆ ਆਪਣਾ ਸਲੋਕ, ਗਾਏ ਤਰਾਨਾ ਸੰਗ ਮੁਹੰਮਦ ਚਾਰ ਯਾਰਿਆ। ਐਨਲਹਕ ਹਕ ਹਕੀਕਤ ਨਾ ਸਕੇ ਕੋਈ ਰੋਕ, ਲਾਸ਼ਰੀਕ ਖੇਲ ਅਗੰਮ ਅਪਾਰਿਆ। ਪੀਰ ਦਸਤਗੀਰ ਸ਼ਾਹ ਹਕੀਰ ਮੁਲਾਂ ਸ਼ੇਖ ਕੁਤਬ ਗੌਂਸ ਨਾ ਸਕੇ ਕੋਈ ਰੋਕ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਖੇਲੇ ਖੇਲ ਜੋਧਾ ਸੂਰ ਬਲੀ ਬਲਕਾਰਿਆ। ਜੋਧਾ ਸੂਰ ਬਲੀ ਬਲਵਾਨ, ਕਾਇਨਾਤ ਵੇਖ ਵਖਾਈਆ। ਮੁਕਾਮੇ ਹਕ ਸਚ ਮਕਾਨ, ਲਾਸ਼ਰੀਕ ਦਏ ਗਵਾਹੀਆ। ਮਹਿਬਾਨ ਬੀਦੋ ਨੌਜਵਾਨ, ਇਸਮ ਆਜ਼ਮ ਇਕ ਅਖਵਾਈਆ। ਆਪੇ ਗਾਏ ਅੰਜੀਲ ਕੁਰਾਨ, ਤੀਸ ਬਤੀਸ ਆਪ ਸਲਾਹੀਆ। ਆਪੇ ਕਲਮਾ ਨਬੀ ਬਣ ਈਮਾਨ, ਸ਼ਰਅ ਸ਼ਰੀਅਤ ਦਏ ਵਡਿਆਈਆ। ਆਪੇ ਸ਼ਾਹ ਬਣ ਅਫਗਾਨ, ਖ਼ਾਲਕ ਖ਼ਲਕ ਵੇਖ ਵਖਾਈਆ। ਆਪੇ ਰਾਮ ਰਹੀਮ ਹੋ ਰਹਿਮਾਨ, ਰਹਿਮਤ ਆਪਣੇ ਵਿਚ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਖੇਲੇ ਖੇਲ ਵਿਚ ਸੰਸਾਰ, ਇਜ਼ਰਾਈਲ êਰਾਈਲ ਮੇਕਾਈਲ ਅਸਰਾਫ਼ੀਲ ਚਾਰੋਂ ਕੁੰਟ ਭਵਾਈਆ । ਚਾਰੋਂ ਕੁੰਟ ਚਾਰ ਯਾਰੀ, ਚਾਰੇ ਦਿਸ਼ਾ ਵੇਖ ਵਖਾਇੰਦਾ। ਸ਼ਾਹ ਸੁਲਤਾਨਾ ਸ਼ਾਹ ਅਸਵਾਰੀ, ਸ਼ਹਿਨਸ਼ਾਹ ਆਪਣਾ ਨਾਉਂ ਧਰਾਇੰਦਾ। ਐਲੀ ਅੱਲਾ ਨੂਰ ਇਲਾਹੀ ਹੋ ਉਜਿਆਰੀ, ਨੂਰ ਨੁਰਾਨੀ ਜੋਤ ਜਗਾਇੰਦਾ। ਅਹਿਬਾਬ ਰਬਾਬ ਵਜਾਏ ਸਤਾਰੀ, ਸਚ ਸਰੰਗਾ ਹੱਥ ਉਠਾਇੰਦਾ। ਅੱਲਾ ਰਾਣੀ ਰਹੀ ਕਵਾਰੀ, ਸਾਚਾ ਖੌਤ ਨਾ ਕੋਇ ਵਖਾਇੰਦਾ। ਲੋਕਮਾਤ ਆਬੇ ਹਯਾਤ ਭਰਨਹਾਰੀ, ਪਾਣੀ ਸਾਚੀ ਸੇਵਾ ਸੇਵ ਲਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਆਪਣੀ ਧਾਰ ਚਲਾਇੰਦਾ। ਹਰਿ ਸਤਿਗੁਰ ਸਾਚੀ ਧਾਰ, ਸਤਿ ਪੁਰਖ ਨਿਰੰਜਣ ਆਪ ਚਲਾਇੰਦਾ। ਨਿਰਗੁਣ ਸਰਗੁਣ ਲੈ ਅਵਤਾਰ, ਲੋਕਮਾਤ ਵੇਖ ਵਖਾਇੰਦਾ। ਭਗਤ ਭਗਵੰਤ ਮੀਤ ਮੁਰਾਰ, ਹਰਿਜਨ ਸਾਚੇ ਮੇਲ ਮਿਲਾਇੰਦਾ। ਸੰਤ ਸੁਹੇਲਾ ਕਰ ਪਿਆਰ, ਦਰ ਘਰ ਸਾਚਾ ਇਕ ਸੁਹਾਇੰਦਾ। ਨਿਰਗੁਣ ਬਾਤੀ ਕਰ ਉਜਿਆਰ, ਘਰ ਦੀਪਕ ਇਕ ਜਗਾਇੰਦਾ। ਕਮਲਾਪਾਤੀ ਹੋ ਤਿਆਰ, ਕਵਲ ਨੈਣ ਨੈਣ ਮਟਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣੀ ਖੇਲ ਖਿਲਾਇੰਦਾ। ਖੇਲਣਹਾਰ ਪੁਰਖ ਸਮਰਥ, ਹਰਿ ਸਚਾ ਵਡ ਵਡਿਆਈਆ। ਸਤਿਜੁਗ ਤਰੇਤਾ ਦੁਆਪਰ ਚਲਾਇਆ ਰਥ, ਕਲਜੁਗ ਵੇਖੇ ਬੇਪਰਵਾਹੀਆ। ਲਖ ਚੁਰਾਸੀ ਪਾਈ ਨੱਥ, ਡੋਰੀ ਆਪਣੇ ਹੱਥ ਰਖਾਈਆ। ਬ੍ਰਹਮਾ ਵਿਸ਼ਨ ਸ਼ਿਵ ਮਹਿਮਾ ਗਾਇਣ ਅਕਥ, ਚਾਰ ਵੇਦ ਦੇਣ ਦੁਹਾਈਆ। ਨਿਰਗੁਣ ਸਰਗੁਣ ਰਿਹਾ ਨੱਠ, ਦੋ ਜਹਾਨਾਂ ਫੇਰਾ ਪਾਈਆ। ਵਸਣਹਾਰਾ ਘਟ ਘਟ, ਹਰਿਜਨ ਸਾਚੇ ਲਏ ਜਗਾਈਆ। ਲੇਖਾ ਜਾਣੇ ਤੀਰਥ ਅਠਸਠ, ਤਟ ਕਿਨਾਰਾ ਫੋਲ ਫੁਲਾਈਆ। ਗੰਗਾ ਗੋਦਾਵਰੀ ਦੇਖੇ ਮੱਠ, ਜਮਨਾ ਸੁਰਸਤੀ ਚਰਨ ਟਿਕਾਈਆ। ਜੋਤ ਜਵਾਲਾ ਲਟ ਲਟ, ਅਨਭਵ ਪ੍ਰਕਾਸ਼ ਵਖਾਈਆ। ਉਚੇ ਟਿੱਲੇ ਪਰਬਤ ਚੋਟੀ ਚੜ੍ਹ ਆਪੇ ਭੰਨੇ ਦੂਈ ਦਵੈਤੀ ਵੱਟ, ਦਰ ਘਰ ਸਾਚਾ ਇਕ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਪੁਰਖ ਅਬਿਨਾਸ਼ੀ ਏਕੰਕਾਰਾ ਓਅੰਕਾਰਾ ਨਿਰਾਕਾਰਾ ਸਾਕਾਰਾ ਨਿਰਗੁਣ ਸਰਗੁਣ ਆਪਣਾ ਰੂਪ ਵਟਾਈਆ। ਨਿਰਗੁਣ ਦਾਤਾ ਬੇਪਰਵਾਹ, ਭੇਵ ਕੋਏ ਨਾ ਪਾਇੰਦਾ। ਸ਼ਬਦ ਸਰੂਪੀ ਬਣ ਮਲਾਹ, ਲੋਕਮਾਤ ਵੇਖ ਵਖਾਇੰਦਾ। ਬ੍ਰਹਮਾ ਵਿਸ਼ਨ ਸ਼ਿਵ ਦਏ ਸਲਾਹ, ਸਾਚਾ ਮਤਾ ਆਪ ਪਕਾਇੰਦਾ। ਕਰੋੜ ਤੇਤੀਸਾ ਨਾਲ ਰਲਾ, ਸੁਰਪਤ ਰਾਜਾ ਨਾਲ ਰਲਾਇੰਦਾ। ਗਣ ਗੰਧਰਬ ਲਏ ਉਠਾ, ਕਿਨਰ ਜਛਪ ਆਪ ਹਲਾਇੰਦਾ। ਲਖ ਚੁਰਾਸੀ ਡੇਰਾ ਲਾ, ਘਟ ਘਟ ਵੇਖ ਵਖਾਇੰਦਾ। ਗੁਰਮੁਖ ਸਾਚੇ ਮੇਲ ਮਿਲਾ, ਘਰ ਮੰਦਰ ਇਕ ਸੁਹਾਇੰਦਾ। ਪੁਰਖ ਅਬਿਨਾਸ਼ੀ ਜੋਤ ਜਗਾ, ਜਾਗਰਤ ਜੋਤ ਇਕ ਜਣਾਇੰਦਾ। ਸ਼ਾਹ ਰਗ ਉਪਰ ਡੇਰਾ ਲਾ, ਅਗਨੀ ਤਤ ਬੁਝਾਇੰਦਾ। ਕਾਗੋਂ ਹੰਸ ਲਏ ਬਣਾ, ਮਾਣਕ ਮੋਤੀ ਚੋਗ ਚੁਗਾਇੰਦਾ। ਜਨਨੀ ਜਨ ਲੇਖੇ ਲਾ, ਜਨਕ ਸਪੁਤਰੀ ਸੀਤਾ ਰਾਮ ਪਰਨਾਇੰਦਾ। ਸਾਚੀ ਸਖੀਆਂ ਮੰਗਲ ਗਾ, ਏਕਾ ਕਾਹਨ ਆਪਣਾ ਨਾਉਂ ਧਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਕਰਤਾ ਹਰਿ ਕਰਨੇਹਾਰਾ, ਕਲਜੁਗ ਅੰਤਮ ਲੈ ਅਵਤਾਰਾ, ਨਿਰਗੁਣ ਸਰਗੁਣ ਮੇਲ ਮਿਲਾਇੰਦਾ। ਨਿਰਗੁਣ ਸਰਗੁਣ ਹਰਿ ਹਰਿ ਮੇਲਾ, ਹਰਿ ਆਪਣੀ ਖੇਲ ਖਿਲਾਇੰਦਾ। ਆਪਣੇ ਘਰ ਆਪੇ ਬਣਿਆ ਸੱਜਣ ਸੁਹੇਲਾ, ਸਾਖਯਾਤ ਰੂਪ ਵਟਾਇੰਦਾ। ਆਪਣਾ ਖੇਲ ਆਪੇ ਖੇਲਾ, ਅਕਲ ਕਲ ਧਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਧਾਰ ਹਰਿ ਨਿਰੰਕਾਰ, ਪੰਜ ਤਤ ਕਰ ਪਿਆਰ, ਸਰਗੁਣ ਮੇਲਾ ਵਿਚ ਸੰਸਾਰ, ਨਾਨਕ ਨਾਮ ਵਡਿਆਇੰਦਾ। ਨਾਨਕ ਮਿਲਿਆ ਹਰਿ ਗੋਬਿੰਦ, ਘਰ ਸਾਚੇ ਵੱਜੀ ਵਧਾਈਆ। ਤ੍ਰੈਗੁਣ ਮਾਇਆ ਮਿਟੀ ਚਿੰਦ, ਪੰਜ ਤਤ ਹੋਈ ਰੁਸ਼ਨਾਈਆ। ਅੰਮ੍ਰਿਤ ਧਾਰ ਸਾਗਰ ਸਿੰਧ, ਦਿਵਸ ਰੈਣ ਵਹਾਈਆ। ਪੁਰਖ ਅਬਿਨਾਸ਼ੀ ਸਦ ਬਖਸ਼ੰਦ, ਗਹਿਰ ਗੰਭੀਰ ਵੱਡੀ ਵਡਿਆਈਆ। ਆਪ ਉਪਜਾਏ ਆਪਣੀ ਬਿੰਦ, ਨਾਦੀ ਸੁਤ ਉਪਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਦਾਤਾ ਨਿਰਗੁਣ ਧਾਰ, ਖੇਲੇ ਖੇਲ ਵਿਚ ਸੰਸਾਰ, ਏਕਾ ਰੂਪ ਸਰਬ ਦਰਸਾਈਆ। ਏਕਾ ਰੂਪ ਸੂਰਾ ਸਰਬੰਗ, ਹਰਿ ਸੱਜਣ ਸ਼ਹਿਨਸ਼ਾਹ। ਜਨ ਭਗਤਾਂ ਕਾਇਆ ਚੋਲੀ ਚਾੜ੍ਹੇ ਰੰਗ, ਵਡ ਦਾਤਾ ਬੇਪਰਵਾਹ। ਦੋ ਜਹਾਨਾਂ ਕੱਟੇ ਭੁੱਖ ਨੰਗ, ਸ਼ਬਦ ਸਰੂਪੀ ਬਣ ਮਲਾਹ। ਅਸਵ ਘੋੜੇ ਕਸੇ ਤੰਗ, ਸ਼ਾਹ ਅਸਵਾਰਾ ਨਾਉਂ ਧਰਾ। ਲੋਆਂ ਪੁਰੀਆਂ ਆਪੇ ਲੰਘ, ਬ੍ਰਹਿਮੰਡ ਖੰਡ ਚਰਨਾਂ ਹੇਠ ਦਬਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਮੇਲਾ ਸਰਗੁਣ ਘਰ, ਨਾਨਕ ਮਿਲਿਆ ਸੱਚਾ ਪਾਤਸ਼ਾਹ। ਸਤਿਗੁਰ ਸੱਚਾ ਪਾਤਸ਼ਾਹ, ਹਰਿ ਸੱਜਣ ਹਰਿ ਹਰਿ ਪਾਇਆ। ਨਾ ਕੋਈ ਪਿਤਾ ਨਾ ਕੋਈ ਮਾਂ, ਭੈਣ ਭਰਾ ਨਾ ਕੋਇ ਜਣਾਇਆ। ਨਾ ਕੋਈ ਜਿਮੀਂ ਨਾ ਅਸਮਾਂ, ਸੂਰਜ ਚੰਨ ਨਾ ਕੋਇ ਚੜ੍ਹਾਇਆ। ਨਾ ਕੋਈ ਮੰਦਰ ਨਾ ਮਕਾਨ, ਧਰਨੀ ਧਰਤ ਨਾ ਕੋਇ ਵਖਾਇਆ। ਨਾ ਕੋਈ ਹੰਸ ਨਾ ਕੋਈ ਕਾਂ, ਕਾਗਾਂ ਡਾਰ ਨਾ ਕੋਇ ਉਡਾਇਆ। ਨਾ ਕੋਈ ਸ਼ਬਦ ਨਾ ਕੋਈ ਨਾਂ, ਗੁਰ ਪੀਰ ਅਵਤਾਰ ਕੋਈ ਦਿਸ ਨਾ ਆਇਆ। ਨਾ ਕੋਈ ਥਨੰਤਰ ਨਾ ਕੋਈ ਥਾਂ, ਨਾ ਕੋਈ ਡੇਰਾ ਲਾਇਆ। ਨਾ ਕੋਈ ਬਿਰਛ ਨਾ ਕੋਈ ਛਾਂ, ਛੱਪਰ ਛੰਨ ਨਾ ਕੋਇ ਛੁਹਾਇਆ। ਨਾ ਕੋਈ ਪਕੜਨਹਾਰਾ ਬਾਂਹ, ਨਾ ਕੋਈ ਗਲੇ ਲਗਾਇਆ। ਇਕ ਅਕੱਲਾ ਵੇਖਿਆ ਬੇਪਰਵਾਹ, ਨਾਨਕ ਮੇਲਾ ਸਹਿਜ ਸੁਭਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਅੰਦਰ ਸਰਗੁਣ ਵੜ, ਸਰਗੁਣ ਆਪਣਾ ਰੂਪ ਬਣਾਇਆ। ਸਰਗੁਣ ਬਣਿਆ ਹਰਿ ਹਰਿ ਰੂਪ, ਹਰਿ ਸਾਚੀ ਜੋਤ ਜਗਾਈਆ। ਸ਼ਬਦ ਨਗਾਰਾ ਚਾਰੇ ਕੂਟ, ਦਹਿ ਦਿਸ਼ਾ ਆਪ ਸੁਣਾਈਆ। ਅਬਿਨਾਸ਼ੀ ਕਰਤਾ ਗਿਆ ਤੁਠ, ਘਰ ਸਾਚੇ ਵੱਜੀ ਵਧਾਈਆ। ਆਪਣਾ ਲਾਹਾ ਆਪੇ ਰਿਹਾ ਲੁੱਟ, ਆਪਣੀ ਝੋਲੀ ਆਪ ਭਰਾਈਆ। ਆਪਣੇ ਅੰਦਰੋਂ ਆਪੇ ਫੁਟ, ਆਪਣਾ ਨੂਰ ਕਰੇ ਰੁਸ਼ਨਾਈਆ। ਆਪੇ ਢਾਏ ਆਪਣਾ ਕਿਲਾ ਕੋਟ ਗੜ੍ਹ, ਹੰਕਾਰੀ ਰਹਿਣ ਨਾ ਪਾਈਆ। ਆਪ ਲਗਾਏ ਆਪਣੀ ਚੋਟ, ਤਨ ਨਗਾਰਾ ਇਕ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਸਰਗੁਣ ਮੇਲਾ ਏਕਾ ਘਰ, ਲੋਕਮਾਤ ਕਰੀ ਕੁੜਮਾਈਆ। ਪਾਰਬ੍ਰਹਮ ਬ੍ਰਹਮ ਕਰ ਕੁੜਮਾਈ, ਘਰ ਘਰ ਬੰਕ ਸੁਹਾਇਆ। ਸਚਖੰਡ ਦਵਾਰੇ ਵੱਜੀ ਵਧਾਈ, ਸਾਚਾ ਮੰਗਲ ਇਕ ਸੁਣਾਇਆ। ਆਦਿ ਨਿਰੰਜਣ ਵੇਖੇ ਚਾਈਂ ਚਾਈਂ, ਆਪਣਾ ਨੈਣ ਖੁਲ੍ਹਾਇਆ। ਸੋ ਪੁਰਖ ਨਿਰੰਜਣ ਪਕੜੇ ਬਾਂਹੀਂ, ਹਰਿ ਪੁਰਖ ਨਿਰੰਜਣ ਗਲੇ ਲਗਾਇਆ। ਸ੍ਰੀ ਭਗਵਾਨ ਨਿਥਾਵਿਆਂ ਦੇਵੇ ਥਾਈਂ, ਦਰਗਾਹ ਸਾਚੀ ਆਪ ਬਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਬ੍ਰਹਮਾ ਵਿਸ਼ਨ ਸ਼ਿਵ ਦਵਾਰੇ ਰਹੇ ਖੜ, ਦੋਏ ਜੋੜ ਪਏ ਸਰਨਾਇਆ। ਬ੍ਰਹਮਾ ਵਿਸ਼ਨ ਸ਼ਿਵ ਬਣ ਭਿਖਾਰ, ਦਰ ਘਰ ਸਾਚਾ ਏਕਾ ਮੰਗਿਆ। ਪੁਰਖ ਅਬਿਨਾਸ਼ੀ ਕਿਰਪਾ ਧਾਰ, ਦਰ ਦਵਾਰੇ ਤੇਰੇ ਆਏ ਦੂਜਾ ਦਰ ਨਾ ਕੋਈ ਲੰਘਿਆ। ਕਵਣ ਵੇਲਾ ਪਾਏਂ ਸਾਰ, ਜੁਗ ਜੁਗ ਹੋਇ ਭੁੱਖੇ ਨੰਗਿਆ। ਤੇਰਾ ਵੰਡਦੇ ਰਹੇ ਭੰਡਾਰ, ਵਡ ਦਾਤੇ ਸੂਰ ਸਰਬੰਗਿਆ। ਨਾਨਕ ਵਿਚੋਲਾ ਵਿਚ ਸੰਸਾਰ, ਤੇਰੀ ਸੇਜਾ ਸੁਤਾ ਸਚ ਪਲੰਗਿਆ। ਦੂਸਰ ਕੋਇ ਨਾ ਪਾਵੇ ਸਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬ੍ਰਹਮੇ ਵਿਸ਼ਨ ਸ਼ਿਵ ਦੇਵੇ ਵਰ, ਨਾਨਕ ਨਿਰਗੁਣ ਲਾਏ ਅੰਗਿਆ। ਬ੍ਰਹਮਾ ਵਿਸ਼ਨ ਸ਼ਿਵ ਸੁਣ ਪੁਕਾਰ, ਹਰਿ ਨਾਨਕ ਨਾਮ ਜਣਾਈਆ। ਤਿੰਨਾਂ ਲੇਖਾ ਲਿਖੇ ਅਪਾਰ, ਦੇ ਮਤ ਆਪ ਸਮਝਾਈਆ। ਤ੍ਰੈਗੁਣ ਮਾਇਆ ਕਰੇ ਖ਼ਵਾਰ, ਪਾਰਬ੍ਰਹਮ ਵੱਡੀ ਵਡਿਆਈਆ। ਪੰਜ ਤਤ ਮਾਰੇ ਮਾਰ, ਮਾਰਨਹਾਰਾ ਇਕ ਅਖਵਾਈਆ। ਕਲਜੁਗ ਅੰਤਮ ਲੈ ਅਵਤਾਰ, ਨਿਹਕਲੰਕਾ ਨਾਉਂ ਰਖਾਈਆ। ਵਿਸ਼ਵ ਰੂਪ ਵਰਤੇ ਵਿਚ ਸੰਸਾਰ, ਬ੍ਰਹਮੇ ਲਹਿਣਾ ਦਏ ਮੁਕਾਈਆ। ਸ਼ੰਕਰ ਤੇਰਾ ਪਾਰ ਕਿਨਾਰ, ਤੇਰਾ ਬੇੜਾ ਆਪ ਤਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਬੂਝ ਆਪ ਬੁਝਾਈਆ। ਲੇਖਾ ਲਿਖਿਆ ਨਾਨਕ ਨਿਰਗੁਣ ਨਿਰਾਕਾਰ, ਚਾਰ ਵਰਨ ਸਮਝਾਇਆ। ਏਕਾ ਜੋਤੀ ਦਸ ਅਵਤਾਰ, ਗੁਰ ਗੋਬਿੰਦ ਨਾਉਂ ਵਟਾਇਆ। ਸ਼ਬਦ ਖੰਡਾ ਤੇਜ਼ ਕਟਾਰ, ਤਨ ਗਾਤਰੇ ਆਪ ਲਟਕਾਇਆ। ਕਲਗੀ ਤੋੜਾ ਸੀਸ ਦਸਤਾਰ, ਜੋਤੀ ਜੋੜਾ ਸ਼ਬਦ ਮਿਲਾਇਆ। ਸਾਚਾ ਘੋੜਾ ਸ਼ਾਹ ਅਸਵਾਰ, ਨੀਲਾ ਨੀਲੀ ਧਾਰੋਂ ਪਾਰ ਕਰਾਇਆ। ਮਿਠਾ ਕੌੜਾ ਖੇਲ ਅਪਾਰ, ਲੋਕਮਾਤ ਵੇਖ ਵਖਾਇਆ। ਸੁਤ ਦੁਲਾਰਾ ਹੋ ਤਿਆਰ, ਸਾਚੀ ਸੇਵਾ ਆਪ ਕਮਾਇਆ। ਪੁਰਖ ਅਕਾਲ ਬੋਲ ਜੈਕਾਰ, ਪੰਚਮ ਮੇਲਾ ਮੇਲ ਮਿਲਾਇਆ। ਅੰਮ੍ਰਿਤ ਬਖ਼ਸ਼ੇ ਠੰਡੀ ਠਾਰ, ਭਰ ਪਿਆਲਾ ਨਾਮ ਪਿਆਇਆ। ਕੇਸ ਸੀਸ ਜਗਦੀਸ ਸੋਹੇ ਦਸਤਾਰ, ਹੱਥੀਂ ਕੰਗਨ ਇਕ ਪਹਿਨਾਇਆ। ਧੀਰਜ ਜਤ ਜਗਤ ਵਿਹਾਰ, ਸਤਿ ਸੰਤੋਖ ਗਿਆਨ ਦ੍ਰਿੜਾਇਆ। ਬ੍ਰਹਮ ਮਤ ਅਪਰ ਅਪਾਰ, ਗਤ ਮਿਤ ਆਪ ਵਖਾਇਆ। ਚਾਰ ਵਰਨਾਂ ਰੰਗ ਕਰਤਾਰ, ਰੰਗ ਮਜੀਠੀ ਆਪ ਚੜ੍ਹਾਇਆ। ਆਪ ਉਤਰਿਆ ਪਾਰ ਕਿਨਾਰ, ਗੁਰਮੁਖ ਸਾਚੇ ਪਾਰ ਕਰਾਇਆ। ਅੰਤਮ ਬੋਲੇ ਸ਼ਬਦ ਜੈਕਾਰ, ਵਾਹਿਗੁਰੂ ਫ਼ਤਿਹ ਇਕ ਗਜਾਇਆ। ਪੁਰਖ ਅਕਾਲ ਸਾਂਝਾ ਯਾਰ, ਸ੍ਰਿਸ਼ਟ ਸਬਾਈ ਰਿਹਾ ਸਮਝਾਇਆ। ਪਰਗਟ ਹੋਵੇ ਵਿਚ ਸੰਸਾਰ, ਸੰਤ ਸਹਾਈ ਆਪ ਹੋ ਜਾਇਆ। ਸੰਬਲ ਨਗਰੀ ਧਾਮ ਨਿਆਰ, ਆਪਣਾ ਡੇਰਾ ਲਏ ਲਗਾਇਆ। ਉਚਾ ਕੂਕੇ ਕਰੇ ਪੁਕਾਰ, ਹਰਿ ਮੰਦਰ ਵੇਖ ਵਖਾਇਆ। ਆਲਸ ਨਿੰਦਰਾ ਨਾ ਸੋਏ ਕਦੇ ਪੈਰ ਪਸਾਰ, ਤ੍ਰੈਗੁਣ ਵਿਚ ਕਦੇ ਨਾ ਆਇਆ। ਏਕਾ ਸ਼ਬਦ ਸ਼ਬਦ ਜੈਕਾਰ, ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਆਪਣਾ ਨਾਅਰਾ ਦਏ ਸੁਣਾਇਆ। ਨਿਹਕਲੰਕਾ ਲੈ ਅਵਤਾਰ, ਕਲਜੁਗ ਅੰਤਮ ਵੇਖ ਵਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਸਰਗੁਣ ਮੇਲ ਮਿਲਾਇਆ। ਜੁਗ ਜੁਗ ਵੇਸ ਅਵਲੜਾ, ਹਰਿ ਸਤਿਗੁਰ ਪੁਰਖ ਸੁਲਤਾਨ। ਖੇਲੇ ਖੇਲ ਇਕ ਅਕੱਲੜਾ, ਆਦਿ ਜੁਗਾਦੀ ਨੌਜਵਾਨ। ਸਚ ਦਵਾਰਾ ਏਕਾ ਮਲੜਾ, ਸਚਖੰਡ ਨਿਵਾਸੀ ਹਰਿ ਮਿਹਰਵਾਨ। ਦੋ ਜਹਾਨਾਂ ਫੇਰੇ ਪਲੜਾ, ਜੋਧਾ ਸੂਰਬੀਰ ਬਲਵਾਨ। ਸ਼ਬਦ ਸਨੇਹੜਾ ਆਪਣਾ ਘਲੜਾ, ਆਪ ਆਪਣੀ ਕਰ ਪਛਾਣ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਪਰਗਟ ਹੋਏ ਵਿਚ ਜਹਾਨ। ਦੋ ਜਹਾਨਾਂ ਹਰਿ ਹਰਿ ਵਾਲੀ, ਵੱਡਾ ਵੱਡੀ ਵਡ ਵਡਿਆਈਆ। ਜੁਗ ਜੁਗ ਚਲੇ ਚਾਲ ਨਿਰਾਲੀ, ਵੇਦ ਕਤੇਬ ਭੇਵ ਨਾ ਪਾਈਆ। ਨਿਰਗੁਣ ਜੋਤ ਇਕ ਅਕਾਲੀ, ਅਕਲ ਕਲਾ ਆਪ ਅਖਵਾਈਆ। ਸ਼ਬਦ ਸਰੂਪੀ ਜਗਤ ਦਲਾਲੀ, ਜੁਗ ਜੁਗ ਆਪਣੀ ਆਪ ਕਰਾਈਆ। ਵੇਖੇ ਫਲ ਲੱਗਾ ਡਾਲੀ, ਬ੍ਰਹਮਾ ਵਿਸ਼ਨ ਸ਼ਿਵ ਜੋ ਬੂਟੇ ਰਹੇ ਲਗਾਈਆ। ਪੁਰਖ ਅਬਿਨਾਸ਼ੀ ਬਣ ਕੇ ਆਏ ਪਾਲੀ, ਗੁਰਮੁਖ ਗਊਆਂ ਆਪ ਚਰਾਈਆ। ਸਤਿਗੁਰ ਸਾਚਾ ਲੋਕਮਾਤ ਬਣੇ ਸਾਚਾ ਹਾਲੀ, ਕਲਜੁਗ ਕੂੜੇ ਬੈਲ ਅੱਗੇ ਰਖਾਈਆ। ਸੋਹੰ ਤਿਖੀ ਰੱਖੇ ਫਾਲੀ, ਮਨਮੁਖਾਂ ਜੜ ਉਖੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਆਪ ਆਪਣਾ ਲਏ ਪਰਗਟਾਈਆ। ਪਰਗਟ ਹੋਇਆ ਹਰਿ ਨਿਰੰਕਾਰ, ਲੋਕਮਾਤ ਵੇਸ ਵਟਾਇਆ। ਸਾਲ ਬਵੰਜਾ ਸੋਇਆ ਪੈਰ ਪਸਾਰ, ਗੂੜ੍ਹੀ ਨੀਂਦ ਨਾ ਕੋਇ ਉਠਾਇਆ। ਨਿਰਗੁਣ ਸਰਗੁਣ ਖੇਲ ਸੰਸਾਰ, ਪੁਰਖ ਅਬਿਨਾਸ਼ੀ ਆਪ ਕਰਾਇਆ। ਭੋਗਿਆ ਭੋਗ ਅਪਰ ਅਪਾਰ, ਜਗਤ ਜੁਗਤ ਵਿਚ ਰਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਵੇਸ ਵਟਾਇਆ। ਵੇਸ ਵਟਾਇਆ ਸ਼ਾਹ ਸੁਲਤਾਨ, ਬ੍ਰਹਮਾ ਵਿਸ਼ਨ ਸ਼ਿਵ ਭੇਵ ਨਾ ਪਾਇੰਦਾ। ਚਾਰ ਵੇਦ ਸਰਬ ਕੁਰਲਾਨ, ਚਾਰੇ ਜੁਗ ਜੁਗ ਸਾਲਾਹਿੰਦਾ। ਪੁਰਾਨ ਅਠਾਰਾਂ ਬਹਿ ਬਹਿ ਗਾਨ, ਦਿਵਸ ਰੈਣ ਸਰਬ ਸਲਾਹਿੰਦਾ। ਸ਼ਾਸਤਰ ਸਿਮਰਤ ਕਰਨ ਗਿਆਨ, ਗੋਝ ਗਿਆਨ ਨਾ ਕੋਇ ਖੁਲ੍ਹਾਇੰਦਾ। ਅਠਾਰਾਂ ਧਿਆਏ ਗੀਤਾ ਹੋ ਪਰਧਾਨ, ਭਗਤਨ ਲੇਖਾ ਵੇਖ ਵਖਾਇੰਦਾ। ਰਾਹ ਤੱਕਣ ਅੰਜੀਲ ਕੁਰਾਨ, ਈਸਾ ਮੂਸਾ ਨੈਣ ਉਠਾਇੰਦਾ। ਚਾਰ ਯਾਰ ਸੰਗ ਮੁਹੰਮਦ ਸਰਬ ਪਛਤਾਨ, ਅੱਲਾ ਰਾਣੀ ਕਵਣ ਪਰਨਾਇੰਦਾ। ਨਾਨਕ ਲੇਖਾ ਧੁਰ ਫ਼ਰਮਾਨ, ਸ਼ਬਦ ਅਗੰਮੀ ਧਾਰਾ ਚਲਾਇੰਦਾ। ਗੋਬਿੰਦ ਚਿੱਲਾ ਤੀਰ ਕਮਾਨ, ਸੋਹੰ ਭੱਥਾ ਮੁਖੀ ਆਪ ਰਖਾਇੰਦਾ। ਕਲਜੁਗ ਪ੍ਰਗਟ ਹੋਵੇ ਵਾਲੀ ਦੋ ਜਹਾਨ, ਨਿਹਕਲੰਕਾ ਨਾਉਂ ਰਖਾਇੰਦਾ। ਸਾਲ ਬਵੰਜਾ ਜਗਤ ਨਿਸ਼ਾਨ, ਕਲਜੁਗ ਕਾਇਆ ਚੋਲਾ ਆਪ ਹੰਢਾਇੰਦਾ। ਅੰਤਮ ਛੱਡਿਆ ਫ਼ਨਾਹ ਮਕਾਨ, ਸਚਖੰਡ ਦਵਾਰੇ ਸੋਭਾ ਪਾਇੰਦਾ। ਆਪਣੀ ਕਰਨੀ ਕਰਤਾ ਕਰੇ ਭਗਵਾਨ, ਲੇਖਾ ਲੇਖ ਨਾ ਕੋਇ ਮਿਟਾਇੰਦਾ। ਗੋਬਿੰਦ ਮਿਲਿਆ ਹਰਿ ਹਰਿ ਆਣ, ਸੰਬਲ ਨਗਰੀ ਡੇਰਾ ਲਾਇੰਦਾ। ਸਾਢੇ ਤਿੰਨ ਹੱਥ ਸਚ ਨਿਸ਼ਾਨ, ਹਰਿ ਮੰਦਰ ਮੇਲ ਮਿਲਾਇੰਦਾ। ਛੱਬੀ ਪੋਹ ਦਿਵਸ ਮਹਾਨ, ਵੀਹ ਸੌ ਬਿਕ੍ਰਮੀ ਨਾਲ ਰਲਾਇੰਦਾ। ਕੋਟਨ ਕੋਟ ਰਾਹ ਤੱਕਣ ਕ੍ਰਿਸ਼ਨਾ ਕਾਹਨ, ਕੋਟਨ ਕੋਟ ਰਾਮ ਨੈਣ ਉਠਾਇੰਦਾ। ਕੋਟਨ ਕੋਟ ਵਿਸ਼ਨ ਲਾ ਲਾ ਬੈਠੇ ਧਿਆਨ, ਕੋਟਨ ਕੋਟ ਬ੍ਰਹਮਾ ਮੁਖ ਸਲਾਹਿੰਦਾ। ਕੋਟਨ ਕੋਟ ਸ਼ੰਕਰ ਸੁਣਨ ਲਾ ਲਾ ਕਾਨ, ਦਿਵਸ ਰੈਣ ਸਤਾਰ ਵਜਾਇੰਦਾ। ਕੋਟਨ ਕੋਟ ਜਗ ਮਾਤ ਕਰ ਪਰਧਾਨ, ਆਪਣੀ ਚਲਤ ਚਲਾਇੰਦਾ। ਕੋਟਨ ਕੋਟ ਸਾਧ ਸੰਤ ਦਏ ਗਿਆਨ, ਕੋਟਨ ਕੋਟ ਸੁਰਤੀ ਸ਼ਬਦ ਮਿਲਾਇੰਦਾ। ਕੋਟਨ ਕੋਟ ਪਵਣ ਪਾਣੀ ਮਸਾਨ, ਕੋਟਨ ਕੋਟ ਅਗਨੀ ਤਤ ਵਖਾਇੰਦਾ। ਕੋਟਨ ਕੋਟ ਰਾਗੀ ਨਾਦੀ ਬਹਿ ਬਹਿ ਗਾਣ, ਕੋਟਨ ਕੋਟ ਸੁੰਨ ਸਮਾਧੀ ਡੇਰਾ ਲਾਇੰਦਾ। ਕੋਟਨ ਕੋਟ ਜੰਗਲ ਜੂਹ ਉਜਾੜ ਪਹਾੜ ਬੈਠੇ ਬੀਆਬਾਨ, ਕੋਟਨ ਕੋਟ ਜਲ ਜਲਧਾਰਾ ਸੀਸ ਰੜ੍ਹਾਇੰਦਾ। ਕੋਟਨ ਕੋਟ ਤਨ ਲਗੋਟੀ ਬੰਨ ਨਿਸ਼ਾਨ, ਬੋਟੀ ਬੋਟੀ ਕੋਟਨ ਮਾਸ ਤੁੜਾਇੰਦਾ। ਨਾਨਕ ਨਿਰਗੁਣ ਚੜ੍ਹਿਆ ਏਕਾ ਚੋਟੀ, ਦੂਜਾ ਸੰਗ ਕਬੀਰ ਨਿਭਾਇੰਦਾ। ਕਲਜੁਗ ਅੰਤਮ ਪੁਰਖ ਅਬਿਨਾਸ਼ੀ ਕਰੇ ਖੇਲ ਜੋਤ ਇਕ ਇਕਲੋਤੀ, ਘਰ ਘਰ ਜੋਤੀ ਆਪ ਜਗਾਇੰਦਾ। ਵੀਹ ਸੌ ਬਿਕ੍ਰਮੀ ਆਦਿ ਸ਼ਕਤ ਨਾ ਰਹੀ ਸੋਤੀ, ਹਰਿ ਸਾਚਾ ਆਪ ਉਠਾਇੰਦਾ। ਸੋ ਪੁਰਖ ਨਿਰੰਜਣ ਹੱਥ ਵਿਚ ਫੜੀ ਏਕਾ ਸੋਟੀ, ਹੰ ਬ੍ਰਹਮ ਆਪ ਹਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਛੱਬੀ ਪੋਹ ਸਚ ਦਿਹਾੜਾ, ਆਪ ਮਨਾਏ ਧੁਰਦਰਗਾਹੀ ਸਾਚਾ ਲਾੜਾ, ਲੋਕਮਾਤ ਵੇਖਣ ਆਇਆ ਸਚ ਅਖਾੜਾ, ਮਾਤ ਆਕਾਸ਼ ਪਾਤਾਲ ਫੇਰਾ ਪਾਇੰਦਾ। ਵੀਹ ਸੌ ਬਿਕ੍ਰਮੀ ਹਰਿ ਨਿਰੰਕਾਰ, ਆਪਣੀ ਜੋਤ ਜਗਾਈਆ। ਸਤਿ ਪੁਰਖ ਨਿਰੰਜਨ ਹੋ ਤਿਆਰ, ਅਗੰਮੜੇ ਧਾਮ ਸੋਭਾ ਪਾਈਆ। ਅਲੱਖ ਅਲੱਖਣਾ ਕਰ ਵਿਚਾਰ, ਸਚਖੰਡ ਡੇਰਾ ਲਾਈਆ। ਸਚਖੰਡ ਅੰਦਰ ਖੇਲ ਅਪਾਰ, ਥਿਰ ਘਰ ਸੋਭਾ ਪਾਈਆ। ਥਿਰ ਘਰ ਖੋਲ੍ਹਣਹਾਰ ਕਿਵਾੜ, ਆਪਣੀ ਕਿਰਨ ਬਾਹਰ ਕਢਾਈਆ। ਏਕਾ ਕਿਰਨ ਖੇਲ ਅਪਾਰ, ਹਰਿ ਕਰਤਾ ਆਪ ਕਰਾਈਆ। ਬ੍ਰਹਮਾ ਵਿਸ਼ਨ ਸ਼ਿਵ ਕਰ ਤਿਆਰ, ਏਕਾ ਹਿੱਸਾ ਝੋਲੀ ਪਾਈਆ। ਇਕ ਗਿਆਰਾਂ ਵੰਡ ਅਪਾਰ, ਇਕ ਇਕ ਏਕੇ ਨਾਲ ਮਿਲਾਈਆ। ਇਕ ਇਕ ਹਿੱਸਾ ਗੁਰ ਪੀਰ ਅਵਤਾਰ, ਸਾਧਾਂ ਸੰਤਾ ਝੋਲੀ ਪਾਈਆ। ਇਕ ਲੱਖ ਚੁਰਾਸੀ ਕਰ ਤਿਆਰ, ਜੋਤ ਨਿਰੰਜਨ ਘਰ ਘਰ ਜੋਤ ਜਗਾਈਆ। ਨੌਂ ਸੌ ਚੁਰਾਨਵੇ ਚੌਕੜੀ ਜੁਗ ਖੇਲ ਅਪਾਰ, ਹਰਿ ਕਰਤਾ ਆਪ ਕਰਾਈਆ। ਕਲਜੁਗ ਅੰਤਮ ਵੇਸ ਨਿਰੰਕਾਰ, ਅਕਲ ਕਲ ਧਾਰੀ ਆਪਣਾ ਆਪ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਛੱਬੀ ਦਏ ਸਮਝਾਈਆ। ਇਕ ਅਕੱਲਾ ਏਕੰਕਾਰ, ਅਕਲ ਕਲਾ ਅਖਵਾਇੰਦਾ। ਦੂਸਰ ਕੁਦਰਤ ਕਰ ਤਿਆਰ, ਤੀਜਾ ਨੈਣ ਇਕ ਦਰਸਾਇੰਦਾ। ਚੌਥੇ ਪਦ ਖੇਲ ਅਪਾਰ, ਹਰਿਜਨ ਸਾਚੇ ਮੇਲ ਮਿਲਾਇੰਦਾ। ਪੰਚਮ ਸ਼ਬਦ ਧੁਨ ਜੈਕਾਰ, ਅਨਹਦ ਨਾਦੀ ਨਾਦ ਵਜਾਇੰਦਾ। ਛੇਵੇਂ ਛੱਪਰ ਛੰਨ ਨਾ ਕੋਇ ਵਿਚਾਰ, ਦਰ ਘਰ ਸਾਚੇ ਆਸਣ ਲਾਇੰਦਾ। ਸਤਿ ਪੁਰਖ ਨਿਰੰਜਨ ਨਿਰਾਕਾਰ, ਨਿਰਗੁਣ ਆਪਣਾ ਵੇਸ ਵਟਾਇੰਦਾ। ਅੱਠਾਂ ਤੱਤਾਂ ਖੇਲ ਅਪਾਰ, ਅਪ ਤੇਜ ਵਾਏ ਪ੍ਰਿਥਮੀ ਆਕਾਸ਼, ਮਨ ਮਤ ਬੁੱਧ ਮੇਲ ਮਿਲਾਇੰਦਾ । ਨੌਂ ਦਵਾਰੇ ਖੇਲ ਸੰਸਾਰ, ਸ੍ਰਿਸ਼ਟ ਸਬਾਈ ਆਪ ਨਚਾਇੰਦਾ। ਦਸਮ ਦਵਾਰੀ ਬੈਠ ਨਿਰੰਕਾਰ, ਘਰ ਘਰ ਵਿਚ ਸੋਭਾ ਪਾਇੰਦਾ। ਇਕ ਦਸ ਹੋ ਤਿਆਰ, ਏਕਾ ਏਕ ਅਲਖ ਜਗਾਇੰਦਾ। ਦੋ ਦਸ ਹੋ ਉਜਿਆਰ, ਨੂਰੋ ਨੂਰ ਡਗਮਗਾਇੰਦਾ। ਤ੍ਰੈ ਦਸ ਪਾਰ ਕਿਨਾਰ, ਤੇਰਾਂ ਤੇਰਾਂ ਰੰਗ ਰੰਗਾਇੰਦਾ। ਚਾਰ ਦਸ ਸੱਚੀ ਸਰਕਾਰ, ਚੌਦਾਂ ਲੋਕਾਂ ਫੋਲ ਫੋਲਾਇੰਦਾ। ਪੰਜ ਦਸ ਅੰਦਰ ਬਾਹਰ, ਗੁਪਤ ਜ਼ਾਹਰ ਨਾਉਂ ਧਰਾਇੰਦਾ। ਛੇ ਦਸ ਕਰ ਸ਼ੰਗਾਰ, ਗੁਰਮੁਖ ਸਾਚੇ ਮੇਲ ਮਿਲਾਇੰਦਾ। ਸੱਤ ਦਸ ਸਚ ਸਤਾਰ, ਕਾਇਆ ਮੰਦਰ ਆਪ ਵਜਾਇੰਦਾ। ਅਠ ਦਸ ਅੰਮ੍ਰਿਤ ਧਾਰ, ਠੰਡੀ ਠਾਰ ਆਪ ਵਹਾਇੰਦਾ। ਨੌਂ ਦਸ ਪਾਰ ਕਿਨਾਰ, ਸੁੰਨ ਅਗੰਮ ਪਾਰ ਲੰਘਾਇੰਦਾ। ਦਸ ਦਸ ਖੋਲ੍ਹ ਕਿਵਾੜ, ਸਚਖੰਡ ਦਵਾਰੇ ਸੋਭਾ ਪਾਇੰਦਾ। ਬੀਸ ਬੀਸਾ ਹੋ ਤਿਆਰ, ਲੋਕਮਾਤ ਜੋਤ ਜਗਾਇੰਦਾ। ਇਕ ਇਕੀਸਾ ਸ਼ਾਹ ਸਿਕਦਾਰ, ਸਚ ਨਿਸ਼ਾਨਾ ਇਕ ਲਗਾਇੰਦਾ। ਏਕਾ ਇਕੀ ਭਰ ਭੰਡਾਰ, ਆਪਣੀ ਲਿਖੀ ਆਪ ਮਿਟਾਇੰਦਾ। ਇਕੀ ਪੰਜ ਪੰਜ ਵਰਤਾਰ, ਪੰਜ ਦਸ ਸੋਭਾ ਪਾਇੰਦਾ। ਕਿਸੇ ਹੱਥ ਨਾ ਆਏ ਵਿਚ ਸੰਸਾਰ, ਨਵਖੰਡ ਸਰਬ ਕੁਰਲਾਇੰਦਾ। ਸੱਤਾਂ ਦੀਪਾਂ ਹਾਹਾਕਾਰ, ਧੀਰਜ ਧੀਰ ਨਾ ਕੋਇ ਧਰਾਇੰਦਾ। ਮੁਸਲਮ ਲੱਭਣ ਮੁਹੰਮਦੀ ਯਾਰ, ਅਮਾਮ ਮਹਿੰਦੀ ਦਿਸ ਨਾ ਆਇੰਦਾ। ਹਿੰਦੂ ਗੌੜ ਬ੍ਰਹਿਮਣ ਰਹੇ ਪੁਕਾਰ, ਵੇਦ ਵਿਆਸਾ ਲੇਖ ਲਿਖਾਇੰਦਾ। ਸਿੱਖ ਉਚੀ ਕੂਕਨ ਕਰਨ ਹਾਹਾਕਾਰ, ਗੁਰ ਗੋਬਿੰਦ ਦਿਸ ਨਾ ਆਇੰਦਾ। ਏਕਾ ਯਸੂਹ ਰਹੇ ਲਿਵ ਤਾਰ, ਬੀਸ ਬੀਸਾ ਮੇਲ ਮਿਲਾਇੰਦਾ। ਪ੍ਰਗਟ ਹੋ ਹਰਿ ਨਿਰੰਕਾਰ, ਲੋਕਮਾਤ ਖੇਲ ਖਿਲਾਇੰਦਾ। ਨਿਰਗੁਣ ਸਰਗੁਣ ਏਕਾ ਧਾਰ, ਏਕਾ ਰੂਪ ਚੜ੍ਹਾਇੰਦਾ। ਗੋਬਿੰਦ ਅੰਦਰ ਗੋਬਿੰਦ ਵਾੜ, ਗੋਬਿੰਦ ਵੇਖ ਵਖਾਇੰਦਾ। ਗੋਬਿੰਦ ਹੱਡ ਮਾਸ ਨਾੜੀ ਰਤ ਨਾੜ, ਗੋਬਿੰਦ ਰਕਤ ਬੂੰਦ ਮੇਲ ਮਿਲਾਇੰਦਾ। ਗੋਬਿੰਦ ਪੰਜ ਤਤ ਕਰ ਪਿਆਰ, ਗੋਬਿੰਦ ਪੰਜ ਕਕਾਰ ਵਖਾਇੰਦਾ। ਗੋਬਿੰਦ ਪੰਚ ਸ਼ਬਦ ਭਰ ਭੰਡਾਰ, ਗੋਬਿੰਦ ਪੰਚਮ ਮੁਖ ਸਲਾਹਿੰਦਾ। ਗੋਬਿੰਦ ਪੰਚਮ ਬਣਿਆ ਮੀਤ ਮੁਰਾਰ, ਪੰਚਮ ਮੇਲ ਮਿਲਾਇੰਦਾ। ਗੋਬਿੰਦ ਪੰਚਮ ਸਖੀਆਂ ਕੰਤ ਭਤਾਰ, ਆਪਣੇ ਅੰਗ ਲਗਾਇੰਦਾ। ਗੋਬਿੰਦ ਸਾਚਾ ਖੰਡਾ ਕਰ ਤਿਆਰ, ਸ਼ਬਦ ਡੰਡਾ ਮੁੱਠ ਲਗਾਇੰਦਾ। ਲੋਹਾਰ ਤਰਖ਼ਾਨ ਨਾ ਘੜੇ ਕੋਈ ਸੁਨਿਆਰ, ਲੋਹਾ ਪਾਰਸ ਕੰਚਨ ਨਾ ਕੋਇ ਰਖਾਇੰਦਾ। ਸਾਚੀ ਆਹਰਨ ਕਰ ਤਿਆਰ, ਗੁਰਮੁਖ ਤੇਰੀ ਕਾਇਆ ਅੰਦਰ ਟਿਕਾਇੰਦਾ। ਉਤੇ ਸ਼ਬਦ ਹਥੌੜਾ ਦੇਵੇ ਮਾਰ, ਅਨਹਦ ਆਪਣੇ ਭਾਰ ਦਬਾਇੰਦਾ। ਤਿਖੀ ਰੱਖੇ ਆਪੇ ਧਾਰ, ਨਾਮ ਪਾਣ ਇਕ ਚੜ੍ਹਾਇੰਦਾ। ਗੁਰਸਿਖ ਤੇਰੀ ਰਸਨਾ ਬਣੇ ਚਿੱਲਾ ਤੀਰ ਕਮਾਨ, ਗੁਰ ਗੋਬਿੰਦ ਜੋਧਾ ਆਪ ਖਿਚਾਇੰਦਾ। ਪ੍ਰਗਟ ਹੋਇਆ ਵਾਲੀ ਦੋ ਜਹਾਨ, ਨਿਹਕਲੰਕਾ ਨਾਉਂ ਰਖਾਇੰਦਾ। ਛੱਬੀ ਪੋਹ ਦਿਵਸ ਮਹਾਨ, ਹਰਿ ਗੋਬਿੰਦ ਮੇਲ ਮਿਲਾਇੰਦਾ। ਪੂਰਨ ਪਾਇਆ ਪੁਰਖ ਸੁਲਤਾਨ, ਪੂਰੀ ਵਿਦਿਆ ਆਪ ਪੜ੍ਹਾਇੰਦਾ। ਚੌਦਾਂ ਵਿਦਿਆ ਮੁਖ ਸ਼ਰਮਾਨ, ਜਗਤ ਗਿਆਨ ਨਾ ਕੋਇ ਦ੍ਰਿੜਾਇੰਦਾ। ਸਾਚਾ ਦੇਵੇ ਧੁਰ ਫ਼ਰਮਾਨ, ਹਰਿ ਸੰਗਤ ਆਪ ਸਮਝਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਨਰ ਹਰਿ ਆਪਣਾ ਵੇਸ ਵਟਾਇੰਦਾ। ਨਰ ਹਰਿ ਨਰਾਇਣ ਬਨ ਬਨਵਾਰੀ, ਪਾਰਬ੍ਰਹਮ ਪ੍ਰਭ ਵੇਸ ਵਟਾਇਆ। ਕਲਜੁਗ ਤੇਰੀ ਅੰਤਮ ਵਾਰੀ, ਨਿਹਕਲੰਕਾ ਨਾਉਂ ਰਖਾਇਆ। ਜੋਧਾ ਸੂਰ ਬਲੀ ਬਲਕਾਰੀ, ਸ਼ਾਹ ਸੁਲਤਾਨਾਂ ਰਿਹਾ ਜਣਾਇਆ। ਸਾਧਾਂ ਸੰਤਾ ਦਏ ਹੁਲਾਰੀ, ਸੋਇਆ ਕੋਇ ਰਹਿਣ ਨਾ ਪਾਇਆ। ਹੱਥ ਫੜਿਆ ਖੰਡਾ ਨਾਮ ਤੇਜ ਕਟਾਰੀ, ਚਾਰੋਂ ਕੁੰਟ ਰਿਹਾ ਚਮਕਾਇਆ। ਕਲਜੁਗ ਜੀਵ ਨਾ ਦਿਸੇ ਕੋਈ ਹੰਕਾਰੀ, ਮਨ ਰਾਵਣ ਦਏ ਖਪਾਇਆ। ਸੀਤਾ ਸੁਰਤੀ ਕਰੇ ਨਾਰ ਪਿਆਰੀ, ਹਰਿ ਹਰਿ ਰਾਮ ਲਏ ਪਰਨਾਇਆ। ਰਾਧਾ ਰਹੇ ਨਾ ਜਗਤ ਕਵਾਰੀ, ਕਾਹਨਾ ਕ੍ਰਿਸ਼ਨਾ ਅੰਗ ਲਗਾਇਆ। ਗੁਰਮੁਖ ਤੇਰੀ ਆਈ ਵਾਰੀ, ਕਲਜੁਗ ਅੰਤਮ ਦਏ ਦੁਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਸੰਗਤ ਦਏ ਸਮਝਾਇਆ। ਹਰਿ ਸੰਗਤ ਉਠਣਾ ਜਾਗ, ਸਤਿਗੁਰ ਪੂਰਾ ਆਪ ਜਗਾਈਆ। ਦੋ ਜਹਾਨਾਂ ਲੱਗਾ ਭਾਗ, ਲੋਕ ਪਰਲੋਕ ਵੇਖ ਵਖਾਈਆ। ਸ਼ਾਹ ਸੁਲਤਾਨ ਸੀਸ ਲੱਥਣ ਤਾਜ, ਸਚ ਸਿਕਦਾਰ ਨਾ ਕੋਇ ਵਡਿਆਈਆ। ਜਨ ਭਗਤਾਂ ਸਵਾਰਨ ਆਇਆ ਕਾਜ, ਨਿਰਗੁਣ ਜੋਤ ਕਰ ਰੁਸ਼ਨਾਈਆ। ਪ੍ਰਗਟ ਹੋਇਆ ਦੇਸ ਮਾਝ, ਨਿਹਕਲੰਕਾ ਨਾਉਂ ਰਖਾਈਆ। ਹਰਿ ਸੰਗਤ ਤੇਰੀ ਰੱਖੇ ਲਾਜ, ਸਿਰ ਆਪਣਾ ਹੱਥ ਟਿਕਾਈਆ। ਨੌਂ ਖੰਡ ਪ੍ਰਿਥਮੀ ਪੈਣੀ ਭਾਜ, ਨਾ ਧੀਰ ਕੋਇ ਧਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਛੱਬੀ ਪੋਹ ਸੁਭਾਗਾ ਦਿਵਸ, ਹਰਿ ਸੰਗਤ ਸੰਗ ਨਿਭਾਈਆ। ਸੰਮਤ ਸੋਲਾਂ ਸਾਚੀ ਧਾਰਾ, ਧਰਨੀ ਧਰਤ ਧਵਲ ਸੁਹਾਇੰਦਾ। ਮਾਤਲੋਕ ਜਗਤ ਦਵਾਰਾ, ਸ੍ਰਿਸ਼ਟ ਸਬਾਈ ਆਪ ਸਮਝਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਆਪਣਾ ਭੇਵ ਆਪ ਖੁਲਾਇੰਦਾ। ਸੰਮਤ ਸੋਲਾਂ ਹਰਿ ਭੇਵ ਖੁਲਾਇਆ, ਉਚੀ ਕੂਕੇ ਦਏ ਸੁਣਾਈਆ। ਨਿਹਕਲੰਕ ਕਲ ਜਾਮਾ ਪਾਇਆ, ਲੋਕਮਾਤ ਹੋਏ ਰੁਸ਼ਨਾਈਆ। ਨੌਂ ਖੰਡ ਪ੍ਰਿਥਮੀ ਦਏ ਹਲਾਇਆ, ਨਾ ਸਕੇ ਕੋਇ ਬਚਾਈਆ। ਬ੍ਰਹਮਾ ਵਿਸ਼ਨ ਸ਼ਿਵ ਰਿਹਾ ਕੁਰਲਾਇਆ, ਖੁਲੜੇ ਕੇਸ ਦੇਣ ਦੁਹਾਈਆ। ਅੱਲਾ ਰਾਣੀ ਗਲ ਵਿਚ ਪੱਲਾ ਪਾਇਆ, ਮਸਤਕ ਟਿੱਕਾ ਰਹੀ ਲਗਾਈਆ। ਧਰਤ ਮਾਤ ਝੋਲੀ ਰਹੀ ਵਛਾਇਆ, ਮੰਗੇ ਮੰਗ ਦਏ ਬੇਪਰਵਾਹੀਆ। ਰਾਏ ਧਰਮ ਉਠ ਉਠ ਧਾਇਆ, ਆਪ ਆਪਣਾ ਪੰਧ ਮੁਕਾਈਆ। ਚਿਤਰ ਗੁਪਤ ਲੇਖਾ ਰਿਹਾ ਵਖਾਇਆ, ਕਲਜੁਗ ਲੇਖਾ ਫੋਲ ਫੋਲਾਈਆ। ਲਾੜੀ ਮੌਤ ਆਪਣੇ ਅੰਗ ਵਟਨਾ ਲਾਇਆ, ਸਾਚੇ ਖਾਰੇ ਚੜ੍ਹੀ ਆਪ ਆਪਣੀ ਲਏ ਅੰਗੜਾਈਆ। ਨੇਤਰ ਕੱਜਲਾ ਏਕਾ ਪਾਇਆ, ਦੋ ਜਹਾਨ ਰਹੀ ਮਟਕਾਈਆ। ਕਲਜੁਗ ਕੂੜਾ ਗਹਿਣਾ ਤਨ ਛੁਹਾਇਆ, ਮਾਇਆ ਮਮਤਾ ਬਸਤਰ ਭੂਸ਼ਨ ਰਹੀ ਹੰਢਾਈਆ। ਸਾਚਾ ਚੂੜਾ ਹੱਥ ਵਖਾਇਆ, ਲਾਲ ਰੰਗਨ ਮਹਿੰਦੀ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਮੰਗਣ ਆਏ ਥਾਉਂ ਥਾਈਂਆ। ਛੱਬੀ ਪੋਹ ਖੋਲ੍ਹ ਦਰਵਾਜ਼ਾ, ਹਰਿ ਸਾਚਾ ਖੇਲ ਖਿਲਾਇੰਦਾ। ਵਿਸ਼ਨੂੰ ਚਰਨ ਦਵਾਰੇ ਆਇਆ ਭਾਜਾ, ਨਿਉਂ ਨਿਉਂ ਸੀਸ ਝੁਕਾਇੰਦਾ। ਬ੍ਰਹਮਾ ਰੋਵੇ ਰੱਖੋ ਲਾਜਾ, ਵੇਲੇ ਅੰਤ ਨਾ ਕੋਇ ਛੁਡਾਇੰਦਾ। ਸ਼ੰਕਰ ਪੂਰਾ ਹੋਇਆ ਕਾਜਾ, ਕਲਜੁਗ ਲੇਖ ਮੁਕਾਇੰਦਾ। ਤਿੰਨਾਂ ਮੇਲਾ ਕਰਿਆ ਅੰਦਰ ਦਰਵਾਜ਼ਾ, ਆਪ ਆਪਣੇ ਕੰਠ ਬਹਾਇੰਦਾ। ਸਚਖੰਡ ਨਿਵਾਸੀ ਖੋਲ੍ਹ ਦਰਵਾਜ਼ਾ, ਲੋਕਮਾਤ ਰਾਹ ਤਕਾਇੰਦਾ। ਹਰਿ ਸੰਗਤ ਤੇਰਾ ਸਾਜਣ ਸਾਜਾ, ਹਰਿ ਸਾਚਾ ਮੇਲ ਮਿਲਾਇੰਦਾ। ਨਿਰਗੁਣ ਜੋਤ ਕਰਿਆ ਵੇਸ ਦੇਸ ਮਾਝਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਭੇਵ ਖੁਲ੍ਹਾਇੰਦਾ। ਲੋਕਮਾਤ ਹਰਿ ਆਇਆ ਦੌੜ, ਨਿਰਗੁਣ ਨੂਰ ਨੂਰ ਨੁਰਾਨਾ। ਸਚਖੰਡ ਨਿਵਾਸੀ ਲਾਇਆ ਏਕਾ ਪੌੜ, ਪਾਵੇ ਸਾਰ ਦੋ ਜਹਾਨਾਂ। ਜਨ ਭਗਤਾਂ ਆਪੇ ਜਾਏ ਬੌਹੜ, ਨਾਮ ਸੁਣਾਏ ਸਚ ਤਰਾਨਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਵੀਹ ਸਦ ਪੰਦਰਾਂ ਗੁਰਮੁਖਾਂ ਬੱਧਾ ਹੱਥੀਂ ਗਾਨਾ। ਗੁਰਮੁਖਾਂ ਹੱਥੀਂ ਗਾਨਾਂ ਬੰਨ, ਅਠਸਠ ਮੂਲ ਚੁਕਾਇਆ। ਸੰਮਤ ਸੋਲਾਂ ਚੜ੍ਹਿਆ ਚੰਨ, ਸਤਿਗੁਰ ਪੂਰੇ ਆਪ ਚੜ੍ਹਾਇਆ। ਜਨਨੀ ਜਣਿਆ ਏਕਾ ਜਨ, ਜਨ ਜਨਨੀ ਲੇਖੇ ਲਾਇਆ। ਸੁਣਿਆ ਰਾਗ ਸਾਚਾ ਕੰਨ, ਹਰਿ ਸੋਹੰ ਢੋਲਾ ਗਾਇਆ। ਭਾਂਡਾ ਭਰਮ ਭੌ ਦਿਤਾ ਭੰਨ, ਭਿੰਨੜੀ ਰੈਣ ਨਾਲ ਰਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਧਾਰ ਵਿਚ ਸੰਸਾਰ, ਗੁਰਮੁਖਾਂ ਅੰਦਰ ਬੰਦ ਕਰਾਇਆ। ਸਾਚਾ ਖੰਡਾ ਜਗਤ ਕਟਾਰ, ਹਰਿ ਸਾਚਾ ਵੇਖ ਵਖਾਈਆ। ਹਰਿ ਸੰਗਤ ਕਰੇ ਖਬਰਦਾਰ, ਲੋਕਮਾਤ ਲਏ ਉਠਾਈਆ। ਸੇਵਕ ਬਣਿਆ ਸੇਵਾਦਾਰ, ਸਤਿਗੁਰ ਪੂਰਾ ਸੇਵ ਕਮਾਈਆ। ਨਾ ਪੁਰਖ ਨਾ ਦਿਸੇ ਨਾਰ, ਨਰ ਨਰਾਇਣ ਵੱਡੀ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਲੇਖਾ ਆਪ ਸਮਝਾਈਆ। ਜਗਤ ਖੰਡਾ ਆਰ ਪਾਰ, ਹਰਿ ਸਾਚਾ ਸੀਸ ਟਿਕਾਇੰਦਾ। ਸ੍ਰਿਸ਼ਟ ਸਬਾਈ ਕਰੇ ਖ਼ੁਆਰ, ਗੁਰਮੁਖ ਸਾਚੇ ਆਪ ਤਰਾਇੰਦਾ। ਹਰਿ ਸੰਗਤ ਤੇਰਾ ਚੁੱਕਿਆ ਭਾਰ, ਸਿਰ ਆਪਣੇ ਆਪ ਉਠਾਇੰਦਾ। ਤੇਰੀ ਮਰਨੀ ਮਰੇ ਆਪ ਕਰਤਾਰ, ਗੁਰਮੁਖ ਸਾਚੇ ਪਾਰ ਕਰਾਇੰਦਾ। ਪਹਿਲੀ ਚੇਤਰ ਦਿਵਸ ਲਏ ਵਿਚਾਰ, ਸੀਸ ਤਾਜ ਆਪ ਟਿਕਾਇੰਦਾ। ਸ਼ਾਹ ਸੁਲਤਾਨ ਰਾਹ ਤੱਕਣ ਸਿਰਜਣਹਾਰ, ਗਰੀਬ ਨਿਮਾਣੇ ਵਿਚੋਲੇ ਵਿਚ ਰਖਾਇੰਦਾ। ਫੜ ਫੜ ਬਾਹੋਂ ਕਰੇ ਖ਼ਵਾਰ, ਲੱਗੀ ਜੜ ਸਰਬ ਉਖੜਾਇੰਦਾ। ਪਰਗਟ ਹੋਇਆ ਨਿਹਕਲੰਕ ਨਰਾਇਣ ਨਰ ਅਵਤਾਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣਾ ਨਾਉਂ ਧਰਾਇੰਦਾ। ਗੁਰਸਿਖਾਂ ਪਾਇਆ ਆਪਣਾ ਘੇਰਾ, ਖੰਡਾ ਹੱਥ ਚਮਕਾਇਆ। ਹਰਿ ਸੰਗਤ ਤੇਰਾ ਸਤਿਗੁਰ ਢਾਏ ਭਰਮਾਂ ਢੇਰਾ, ਅੰਦਰ ਨਿਰਮਲ ਜੋਤ ਕਰੇ ਰੁਸ਼ਨਾਇਆ। ਏਕਾ ਰੰਗ ਵਿਖਾਏ ਸੰਝ ਸਵੇਰਾ, ਦਿਵਸ ਰੈਣ ਨਾ ਕੋਏ ਬਣਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਤੇਰਾ ਲੇਖਾ ਦਏ ਮੁਕਾਇਆ। ਹਰਿ ਸੰਗਤ ਸੰਮਤ ਸੋਲਾਂ, ਹਰਿ ਸ਼ਬਦ ਕਰੇ ਕੁੜਮਾਈਆ। ਗੁਰਸਿਖਾਂ ਚੁੱਕੇ ਆਪਣੀ ਹੱਥੀਂ ਡੋਲਾ, ਸਚ ਕਹਾਰ ਆਪ ਬਣ ਜਾਈਆ। ਕਰੋੜ ਤੇਤੀਸਾ ਸੁਰਪਤ ਰਾਜਾ ਇੰਦ ਬ੍ਰਹਮਾ ਵਿਸ਼ਨ ਸ਼ਿਵ ਰਾਹ ਵਿਚ ਪਾਵਣ ਰੌਲਾ, ਉਚੀ ਕੂਕਣ ਦੇਣ ਦੁਹਾਈਆ। ਗੁਰਸਿਖਾਂ ਦੇਵੇ ਵਡਿਆਈ ਉਪਰ ਧਵਲਾ, ਅੰਤਮ ਆਪਣੇ ਲੇਖੇ ਲਏ ਲਗਾਈਆ। ਛੱਬੀ ਪੋਹ ਕਰਨ ਆਇਆ ਉਲਟਾ ਕਵਲਾ, ਅੰਮ੍ਰਿਤ ਅੰਮ੍ਰਿਤ ਦਏ ਝਿਰਾਈਆ। ਹਿੰਦੂ ਦਰਸ ਦਿਖਾਏ ਕਾਹਨਾ ਕ੍ਰਿਸ਼ਨਾ ਸਾਵਲ ਸਵਲਾ, ਰਾਮ ਰਾਮਾ ਰੂਪ ਵਟਾਈਆ। ਮੁਸਲਮ ਏਕਾ ਨੂਰ ਹੋ ਹੋ ਮਵਲਾ, ਮੌਲਾ ਆਪ ਆਪਣਾ ਨੂਰ ਦਰਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਸੰਗਤ ਦਏ ਵਡਿਆਈਆ। ਹਰਿ ਸੰਗਤ ਚੜ੍ਹਨ ਸਾਚੇ ਬੇੜੇ, ਸੋ ਪੁਰਖ ਨਿਰੰਜਣ ਆਪ ਚੜ੍ਹਾਇੰਦਾ। ਹਰਿ ਪੁਰਖ ਨਿਰੰਜਣ ਕਲਜੁਗ ਕੂੜੇ ਮੇਟੇ ਝੇੜੇ, ਕੂੜੀ ਕਿਰਿਆ ਨਾ ਕੋਇ ਵਖਾਇੰਦਾ। ਏਕੰਕਾਰਾ ਵਸਾਏ ਸਾਚੇ ਖੇੜੇ, ਸਚਖੰਡ ਦਵਾਰੇ ਸੋਭਾ ਪਾਇੰਦਾ। ਆਦਿ ਨਿਰੰਜਣ ਕਰੇ ਨਬੇੜੇ, ਪੂਰਬ ਲੇਖਾ ਵੇਖ ਵਖਾਇੰਦਾ। ਪੁਰਖ ਅਬਿਨਾਸ਼ੀ ਦੇਵੇ ਗੇੜੇ, ਚੌਥਾ ਜੁਗ ਆਪ ਭਵਾਇੰਦਾ। ਸ੍ਰੀ ਭਗਵਾਨ ਵਸਿਆ ਨੇੜੇ, ਆਪਣਾ ਪੜਦਾ ਆਪ ਲਾਇੰਦਾ। ਪਾਰਬ੍ਰਹਮ ਹਰਿ ਸੰਗਤ ਤੇਰੇ ਆਇਆ ਵੇਹੜੇ, ਘਰ ਤੇਰੇ ਰਾਹ ਤਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਨਿਵਾਸੀ ਪੁਰਖ ਅਬਿਨਾਸ਼ੀ, ਹਰਿਜਨ ਸਾਚੇ ਵੇਖ ਵਖਾਇੰਦਾ। ਸੋ ਪੁਰਖ ਨਿਰੰਜਣ ਹਰਿ ਨਿਰੰਕਾਰ, ਕਲਜੁਗ ਅੰਤਮ ਵੇਸ ਵਟਾਈਆ। ਹਰਿ ਪੁਰਖ ਨਿਰੰਜਣ ਹੋ ਤਿਆਰ, ਆਪ ਆਪਣਾ ਰਾਹ ਤਕਾਈਆ। ਏਕੰਕਾਰਾ ਕਰ ਆਕਾਰ, ਨਿਰਾਕਾਰ ਖੇਲ ਖਿਲਾਈਆ। ਜੋਤ ਨਿਰੰਜਣ ਹੋ ਉਜਿਆਰ, ਆਦਿ ਨਿਰੰਜਣ ਸਾਚੀ ਨਗਰੀ ਆਪ ਵਸਾਈਆ। ਪੁਰਖ ਅਬਿਨਾਸ਼ੀ ਸਾਂਝਾ ਯਾਰ, ਸ਼ੱਤਰੀ ਬ੍ਰਹਿਮਣ ਸ਼ੂਦਰ ਵੈਸ਼ ਚਾਰ ਵਰਨ ਕਰੇ ਕੁੜਮਾਈਆ। ਸ੍ਰੀ ਭਗਵਾਨ ਕਰੇ ਪਿਆਰ, ਘਰ ਮੇਲਾ ਸਹਿਜ ਸੁਭਾਈਆ। ਪਾਰਬ੍ਰਹਮ ਨਿਰਧਨ ਸਰਧਨ ਏਕਾ ਧਾਰ, ਆਪ ਆਪਣੇ ਲੜ ਰਖਾਈਆ। ਲੋਕਮਾਤ ਬਣਾਇਆ ਸਚਖੰਡ ਦਵਾਰ, ਘਰ ਸਾਚਾ ਇਕ ਸੁਹਾਈਆ। ਗੁਰਸਿਖਾਂ ਕਾਇਆਂ ਚੋਲੀ ਚਾੜੇ ਰੰਗ ਅਪਾਰ, ਰੰਗਨਹਾਰਾ ਏਕਾ ਆਈਆ। ਤਾਨੇ ਮਾਰੇ ਸਰਬ ਸੰਸਾਰ, ਤਾਅਨਾ ਤਨਕ ਨਾ ਕੋਇ ਲਗਾਈਆ। ਗਾਨੇ ਬੰਨ੍ਹ ਬੰਨ੍ਹ ਹੱਥੀਂ ਹਾਰ ਗਿਆ ਜਗਤ ਵਣਜਾਰ, ਜਗਤ ਨਾਰੀ ਸਰਬ ਪਰਨਾਈਆ। ਬਿਨ ਸਤਿਗੁਰ ਪੂਰੇ ਅੰਤ ਨਾ ਕਰੇ ਕੋਈ ਪਿਆਰ, ਨਾਤਾ ਤੁੱਟੇ ਮਾਤ ਪਿਤ ਭੈਣ ਭਾਈਆ। ਹਰਿ ਸੰਗਤ ਗਾਓ ਮੰਗਲਾਚਾਰ, ਘਰ ਪਾਇਆ ਸਹਿਜ ਸੁਭਾਈਆ। ਹੋਈ ਸੁਭਾਗੀ ਸੁਲਖਣੀ ਨਾਰ, ਨਰ ਹਰਿ ਸਾਚਾ ਕੰਤ ਹੰਢਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਕਲਜੁਗ ਕੂੜਾ ਦਏ ਮਿਟਾਈਆ। ਕਲਜੁਗ ਕੂੜਾ ਲੇਖ ਮਿਟੌਣਾ, ਹਰਿ ਸੰਗਤ ਸਹਿਜ ਸੁਭਾਈਆ। ਸਤਿਜੁਗ ਸਾਚਾ ਮਾਰਗ ਲੌਣਾ, ਸਤਿ ਸਤਿ ਸਤਿ ਵਰਤਾਈਆ। ਕਲਜੁਗ ਲੇਖਾ ਪੂਰ ਕਰੌਣਾ, ਵੇਲਾ ਅੰਤਮ ਦਏ ਦੁਹਾਈਆ। ਸਤਿਜੁਗ ਧਰਤ ਮਾਤ ਦੀ ਗੋਦ ਬਹੌਣਾ, ਪੂਤ ਸਪੂਤਾ ਏਕਾ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਤਿਜੁਗ ਤੇਰੀ ਸਾਚੀ ਧਾਰ, ਆਪ ਲਿਖਾਏ ਹਰਿ ਨਿਰੰਕਾਰ, ਨਾ ਕੋਈ ਮੇਟੇ ਮੇਟ ਮਿਟਾਈਆ। ਸਤਿਜੁਗ ਸਾਚਾ ਭੇਵ ਖੁਲੌਣਾ, ਬੋਧ ਅਗਾਧ ਜਣਾਇਆ। ਸਤਾਈ ਪੋਹ ਲੇਖ ਲਿਖੌਣਾ, ਲੇਖਾ ਲਿਖਤ ਵਿਚ ਨਾ ਆਇਆ। ਰਾਸ਼ਟਰਪਤ ਆਪ ਉਠੌਣਾ, ਆਪ ਆਪਣਾ ਹੁਕਮ ਜਣਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦ ਸਨੇਹੜਾ ਦਏ ਘਲਾਇਆ। ਸ਼ਬਦ ਸਨੇਹੜਾ ਦੇਵੇ ਹਰਿ, ਰਾਸ਼ਟਰਪਤ ਪਤ ਉਠਾਈਆ। ਪਾਰਬ੍ਰਹਮ ਪ੍ਰਭ ਤੋੜਨ ਆਇਆ ਕਲਜੁਗ ਗੜ੍ਹ, ਚਾਰੋਂ ਕੁੰਟ ਵੇਖ ਵਖਾਈਆ। ਏਕਾ ਅੱਖਰ ਲੈਣਾ ਪੜ੍ਹ, ਪੰਡਤ ਪਾਂਧੇ ਨਾਲ ਮਿਲਾਈਆ। ਪਹਿਲੀ ਚੇਤਰ ਵੇਖੇ ਖੜ, ਸਿਰ ਆਪਣੇ ਤਾਜ ਟਿਕਾਈਆ। ਕੋਈ ਨਾ ਸਕੇ ਅੰਦਰ ਵੜ, ਨਾ ਬੈਠੇ ਮੁਖ ਭਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਨਰ ਹਰਿ ਆਪਣਾ ਖੇਲ ਖਿਲਾਈਆ। ਆਦਿ ਪੁਰਖ ਖੇਲ ਅਪਾਰ, ਆਪਣਾ ਆਪ ਧਰਾਇੰਦਾ। ਸਾਚੇ ਮੰਦਰ ਅੰਦਰ ਹੋ ਤਿਆਰ, ਆਪਣਾ ਰੂਪ ਪ੍ਰਗਟਾਇੰਦਾ। ਆਪਣੀ ਜੋਤ ਕਰ ਉਜਿਆਰ, ਨੂਰੋ ਨੂਰ ਡਗਮਗਾਇੰਦਾ। ਨਿਰਗੁਣ ਨਿਰਾਕਾਰ ਨਿਰੰਕਾਰ, ਨਿਰਵੈਰ ਰੂਪ ਸਮਾਇੰਦਾ। ਨਿਰਗੁਣ ਰੂਪ ਅਗੰਮ ਅਪਾਰ, ਅਲੱਖ ਅਲੱਖਣਾ ਆਪ ਪਰਗਟਾਇੰਦਾ। ਜੂਨੀ ਰਹਿਤ ਖੇਲ ਕਰਤਾਰ, ਅਨਭਵ ਪ੍ਰਕਾਸ਼ ਕਰਾਇੰਦਾ। ਪੁਰਖ ਅਕਾਲ ਦੀਨ ਦਿਆਲ, ਆਪ ਸੁਹਾਏ ਸਚ ਦਵਾਰ, ਸਚਖੰਡ ਸਾਚੇ ਆਸਣ ਲਾਇੰਦਾ। ਜੂਨੀ ਰਹਿਤ ਅਕਲ ਕਲ ਧਾਰ, ਆਪ ਆਪਣੀ ਕਲ ਵਰਤਾਇੰਦਾ। ਆਦਿ ਜੁਗਾਦੀ ਸਾਚੀ ਕਾਰ, ਹਰਿ ਕਰਤਾ ਆਪ ਕਰਾਇੰਦਾ। ਬ੍ਰਹਮ ਬ੍ਰਹਿਮਾਦੀ ਖੇਲ ਅਪਾਰ, ਖੇਲਣਹਾਰਾ ਆਪ ਖਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਆਪਣਾ ਨਾਉਂ ਉਪਜਾਇੰਦਾ। ਨਿਰਗੁਣ ਨਾਉਂ ਨਾਉਂ ਨਿਰੰਕਾਰ, ਹਰਿ ਸਾਚਾ ਸਚ ਵਡਿਆਈਆ। ਪੁਰਖ ਅਬਿਨਾਸ਼ੀ ਖੇਲ ਅਪਾਰ, ਆਪ ਆਪਣਾ ਵੇਸ ਧਰਾਈਆ। ਸਚਖੰਡ ਸੋਹੇ ਬੰਕ ਦਵਾਰ, ਦਰ ਦਰਵਾਜਾ ਵੇਖ ਵਖਾਈਆ। ਗ਼ਰੀਬ ਨਿਵਾਜ਼ਾ ਸ਼ਾਹ ਸਿਕਦਾਰ, ਸ਼ਾਹ ਸੁਲਤਾਨਾ ਨਾਉਂ ਵਡਿਆਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਵੇਸ ਵਟਾਈਆ। ਵੇਸ ਅਵਲੜਾ ਪੁਰਖ ਕਰਤਾਰਾ, ਹਰਿ ਸਤਿਗੁਰ ਆਪ ਕਰਾਇੰਦਾ। ਜੁਗ ਜੁਗ ਲੋਕਮਾਤ ਲੈ ਅਵਤਾਰ, ਨਿਰਗੁਣ ਸਰਗੁਣ ਮੇਲ ਮਿਲਾਇੰਦਾ। ਸ਼ਬਦ ਅਗੰਮੀ ਇਕ ਜੈਕਾਰਾ, ਸਾਚਾ ਨਾਅਰਾ ਆਪ ਲਗਾਇੰਦਾ। ਲੋਆਂ ਪੁਰੀਆਂ ਦਏ ਸਹਾਰਾ, ਬ੍ਰਹਿਮੰਡ ਖੰਡ ਵੇਖ ਵਖਾਇੰਦਾ। ਤ੍ਰੈਗੁਣ ਮਾਇਆ ਖੇਲ ਨਿਆਰਾ, ਰੂਪ ਅਨੂਪ ਆਪ ਧਰਾਇੰਦਾ। ਰਾਜ ਜੋਗ ਹਰਿ ਪਾਵੇ ਸਾਰਾ, ਜਗਤ ਜੁਗਤ ਹਰਿ ਆਪ ਬਣਾਇੰਦਾ। ਬ੍ਰਹਮਾ ਵਿਸ਼ਨ ਸ਼ਿਵ ਹਰਿ ਕਰ ਭਿਖਾਰਾ, ਸਾਚੀ ਭਿਛਿਆ ਝੋਲੀ ਨਾਮ ਪਾਇੰਦਾ। ਕਰੋੜ ਤੇਤੀਸਾ ਦਏ ਹੁਲਾਰਾ, ਸੁਰਪਤ ਆਪ ਉਠਾਇੰਦਾ। ਨੌ ਖੰਡ ਪ੍ਰਿਥਮੀ ਦਏ ਹੁਲਾਰਾ, ਸੱਤਾਂ ਦੀਪਾਂ ਵੰਡ ਵੰਡਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣੀ ਰਚਨ ਰਚਾਇੰਦਾ। ਰਚਨ ਰਚਾਏ ਪੁਰਖ ਕਰਤਾਰਾ, ਕਰਨੀ ਕਰਤਾ ਆਪ ਕਮਾਈਆ। ਜੁਗਾ ਜੁਗੰਤਰ ਖੇਲ ਨਿਆਰਾ, ਖ਼ਾਲਕ ਖ਼ਲਕ ਵੇਖ ਵਖਾਈਆ। ਸ੍ਰਿਸ਼ਟ ਸਬਾਈ ਬੰਨ੍ਹੇ ਧਾਰਾ, ਲੱਖ ਚੁਰਾਸੀ ਡੇਰਾ ਲਾਈਆ। ਘਰ ਘਰ ਦੀਪਕ ਜੋਤ ਕਰ ਉਜਿਆਰਾ, ਹਰਿ ਮੰਦਰ ਸੋਭਾ ਪਾਈਆ। ਆਪੇ ਵਸੇ ਧਾਮ ਨਿਆਰਾ, ਨਿਰਗੁਣ ਦਾਤਾ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਕਰਤਾ ਆਪ ਅਖਵਾਈਆ। ਜੁਗ ਕਰਤਾ ਪੁਰਖ ਸਮਰਥ, ਪਾਰਬ੍ਰਹਮ ਅਖਵਾਇਆ। ਆਪ ਚਲਾਏ ਆਪਣਾ ਰਥ, ਰਥ ਰਥਵਾਹੀ ਨਾਉਂ ਧਰਾਇਆ। ਸ੍ਰਿਸ਼ਟ ਸਬਾਈ ਪਾਏ ਨੱਥ, ਨਾਮ ਡੋਰੀ ਹੱਥ ਰਖਾਇਆ। ਆਪਣੀ ਮਹਿਮਾ ਜਾਣੇ ਅਕਥ, ਕਥਨੀ ਕਥ ਨਾ ਸਕੇ ਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਧਾਰ ਦਏ ਚਲਾਇਆ। ਸਾਚੀ ਧਾਰ ਸ਼ਾਹ ਸੁਲਤਾਨ, ਲੋਕਮਾਤ ਆਪ ਚਲਾਈਆ। ਆਪੇ ਖੇਲੇ ਖੇਲ ਦੋ ਜਹਾਨ, ਆਪ ਆਪਣੀ ਕਲ ਵਰਤਾਈਆ। ਆਪੇ ਸ਼ਬਦੀ ਸ਼ਬਦ ਗਿਆਨ, ਆਪੇ ਕਰੇ ਬ੍ਰਹਮ ਪੜ੍ਹਾਈਆ। ਆਪੇ ਬਖਸ਼ੇ ਨਾਮ ਨਿਧਾਨ, ਨਿਰਗੁਣ ਸਰਗੁਣ ਝੋਲੀ ਪਾਈਆ। ਆਪੇ ਸਤਿ ਸਤਿਵਾਦੀ ਨੌਜਵਾਨ, ਨਾ ਮਰੇ ਨਾ ਜਾਈਆ। ਆਪੇ ਬਲ ਬਾਵਨ ਵੇਖੇ ਆਨ, ਆਪ ਆਪਣਾ ਰੂਪ ਵਟਾਈਆ। ਆਪੇ ਸੀਤਾ ਰਾਮ ਕਰੇ ਪਰਨਾਮ, ਆਪੇ ਤੀਰ ਕਮਾਨ ਉਠਾਈਆ। ਆਪੇ ਗੋਪੀ ਮੇਲਾ ਸਾਚੇ ਕਾਹਨ, ਸਾਚੀ ਬੰਸਰੀ ਆਪ ਵਜਾਈਆ। ਆਪੇ ਈਸਾ ਮੂਸਾ ਕਰ ਪਛਾਨ, ਕਾਲਾ ਸੂਸਾ ਤਨ ਛੁਹਾਈਆ। ਆਪੇ ਸੰਗ ਮੁਹੰਮਦ ਦੇਵੇ ਦਾਨ, ਚਾਰ ਯਾਰੀ ਵੇਖ ਵਖਾਈਆ। ਆਪੇ ਨਾਨਕ ਕਰ ਪਰਧਾਨ, ਨਾਮ ਸਤਿ ਵੰਡ ਵੰਡਾਈਆ। ਆਪੇ ਗੋਬਿੰਦ ਜੋਧਾ ਸੂਰਬੀਰ ਬਲਵਾਨ, ਸਾਚਾ ਖੰਡਾ ਆਪ ਚਮਕਾਈਆ। ਆਪੇ ਵੇਦ ਸ਼ਾਸਤਰ ਪੁਰਾਨ, ਆਪੇ ਸਿਮਰਤ ਕਰੇ ਪੜ੍ਹਾਈਆ। ਆਪੇ ਦੇਵੇ ਸਚ ਗਿਆਨ, ਗੀਤਾ ਗੋਬਿੰਦ ਆਪ ਜਣਾਈਆ। ਆਪੇ ਬਾਈਬਲ ਲੇਖਾ ਜਾਣੇ ਅੰਜੀਲ ਕੁਰਾਨ, ਤੀਸ ਬਤੀਸਾ ਆਪੇ ਗਾਈਆ। ਆਪੇ ਖਾਣੀ ਬਾਣੀ ਧਰ ਨਿਸ਼ਾਨ, ਸਾਚੀ ਬਾਣੀ ਵੇਖ ਵਖਾਈਆ। ਆਪੇ ਦਾਤਾ ਦਾਨੀ ਹਰਿ ਭਗਵਾਨ, ਦੇਵਣਹਾਰ ਭੇਵ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਆਪਣੀ ਰਚਨ ਰਚਾਈਆ। ਆਪੇ ਹੋਏ ਅਠਸਠ ਨੀਰ, ਜਲਧਾਰਾ ਆਪ ਸਮਾਈਆ। ਆਪੇ ਗੰਗਾ ਗੋਦਾਵਰੀ ਦੇਵੇ ਚੀਰ, ਜਮਨਾ ਸੁਰਸਤੀ ਲਏ ਸੁਹਾਈਆ। ਆਪੇ ਸ਼ਬਦ ਨਿਰਾਲਾ ਮਾਰੇ ਤੀਰ, ਏਕਾ ਮੁਖੀ ਨਾਮ ਚੜ੍ਹਾਈਆ। ਆਪੇ ਸ਼ਾਹ ਆਪੇ ਹਕੀਰ, ਆਪੇ ਘਰ ਘਰ ਅਲੱਖ ਜਗਾਈਆ। ਆਪੇ ਪੀਰ ਦਸਤਗੀਰ, ਸ਼ਾਹ ਸ਼ਾਹਾਨਾ ਆਪ ਵਡਿਆਈਆ। ਆਪੇ ਤ੍ਰੈਗੁਣ ਮਾਇਆ ਆਪੇ ਜੰਜੀਰ, ਪਾਏ ਬੰਧਨ ਬੰਧ ਕਟਾਈਆ। ਆਪੇ ਹਉਮੇ ਮਾਇਆ ਰੱਖੇ ਭੀੜ, ਆਪੇ ਹੰਗਤਾ ਗੜ੍ਹ ਢਾਈਆ। ਆਪੇ ਚੋਟੀ ਚੜੇ ਅਖੀਰ, ਆਪੇ ਖਾਕੀ ਖਾਕ ਸਮਾਈਆ। ਆਪੇ ਗੁਰ ਪੀਰ ਸਾਧ ਸੰਤ ਦੇਵੇ ਧੀਰ, ਧੀਰਜ ਧੀਰ ਇਕ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣੀ ਮਹਿਮਾ ਆਪੇ ਜਣਾਈਆ। ਆਪੇ ਰਾਜ ਭੂਪ ਸੁਲਤਾਨ, ਆਪੇ ਤਖਤ ਤਾਜ ਸੁਹਾਇੰਦਾ। ਆਪ ਬਣੇ ਬੰਕ ਦਰਬਾਨ, ਦਰ ਦਰਵੇਸ਼ ਨਾਉਂ ਵਟਾਇੰਦਾ। ਆਪੇ ਭਗਤਾਂ ਕਰੇ ਪਛਾਣ, ਹਰਿਜਨ ਆਪੇ ਮੇਲ ਮਿਲਾਇੰਦਾ। ਆਪੇ ਜੋਤੀ ਨੂਰ ਬਖਸ਼ੇ ਕੋਟਨ ਭਾਨ, ਰਵ ਸਸ ਮੁਖ ਸ਼ਰਮਾਇੰਦਾ। ਆਪੇ ਹੋਏ ਜਾਣੀ ਜਾਣ, ਹਰ ਘਟ ਆਪੇ ਡੇਰਾ ਲਾਇੰਦਾ। ਆਪੇ ਨਿਰਗੁਣ ਰੂਪ ਸ੍ਰੀ ਭਗਵਾਨ, ਸਰਗੁਣ ਆਪੇ ਵੇਖ ਵਖਾਇੰਦਾ। ਆਪੇ ਗਾਏ ਅਨਹਦ ਸਾਚਾ ਗਾਨ, ਤੁਰੀਆ ਰਾਗ ਆਪ ਅਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਵੇਸ ਵਟਾਇੰਦਾ। ਆਪੇ ਸ਼ਹਿਨਸ਼ਾਹ ਪਾਤਸ਼ਾਹ, ਪਤ ਪਤਵੰਤਾ ਆਪ ਅਖਵਾਈਆ। ਆਪੇ ਸਤਿਗੁਰ ਦਾਤਾ ਬਣ ਮਲਾਹ, ਲੋਕਮਾਤ ਨਾਉਂ ਧਰਾਇਆ। ਆਪੇ ਜੁਗ ਜੁਗ ਚਲਾਏ ਆਪਣਾ ਰਾਹ, ਆਪਣਾ ਮਾਰਗ ਆਪੇ ਲਾਈਆ। ਆਪੇ ਦੇਵਣਹਾਰਾ ਸਚ ਸਲਾਹ, ਏਕਾ ਅੱਖਰ ਕਰੇ ਪੜ੍ਹਾਈਆ। ਆਪ ਉਪਜਾਏ ਆਪਣਾ ਨਾਂ, ਨਰ ਨਿਰੰਕਾਰਾ ਆਪ ਸਲਾਹੀਆ। ਆਪੇ ਦੇਵੇ ਨਿਥਾਵਿਆਂ ਥਾਂ, ਥਾਨ ਥਨੰਤਰ ਸੋਭਾ ਪਾਈਆ। ਆਪੇ ਪਿਤਾ ਆਪੇ ਮਾਂ, ਬਾਲ ਅੰਞਾਣੇ ਗੋਦ ਉਠਾਈਆ। ਆਪੇ ਦੇਵਣਹਾਰਾ ਠੰਡੀ ਛਾਂ, ਸਿਰ ਆਪਣਾ ਹੱਥ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪੇ ਦਏ ਸਦਾ ਵਡਿਆਈਆ। ਆਪੇ ਰਾਜ ਜੋਗ ਸਿਕਦਾਰ ਸੱਚਾ ਭੂਪ, ਸ਼ਾਹ ਸੁਲਤਾਨ ਆਪ ਅਖਵਾਇੰਦਾ। ਆਪੇ ਵਸੇ ਚਾਰੇ ਕੂਟ, ਦਹਿ ਦਿਸ਼ਾ ਫੇਰੀ ਪਾਇੰਦਾ। ਆਪੇ ਤਾਣਾ ਪੇਟਾ ਹੋਏ ਸੂਤ, ਆਪੇ ਬਣਤ ਬਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਲੇਖਾ ਆਪਣੇ ਹੱਥ ਰਖਾਇੰਦਾ। ਸਾਚਾ ਲੇਖਾ ਹਰਿ ਨਿਰੰਕਾਰ, ਆਪਣੇ ਹੱਥ ਰਖਾਇਆ। ਲਖ ਚੁਰਾਸੀ ਕਰ ਤਿਆਰ, ਘਰ ਘਰ ਡੇਰਾ ਲਾਇਆ। ਸੰਤ ਸੁਹੇਲੇ ਕਰ ਪਿਆਰ, ਆਪ ਆਪਣੀ ਬੂਝ ਬੁਝਾਇਆ। ਅੰਮ੍ਰਿਤ ਆਤਮ ਠੰਡੀ ਠਾਰ, ਨਿਝਰ ਝਿਰਨਾ ਦਏ ਝਰਾਇਆ। ਸ਼ਬਦ ਅਨਾਦ ਸੱਚੀ ਧੁਨਕਾਰ, ਧੁਨ ਅਨਾਦੀ ਆਪ ਵਜਾਇਆ। ਆਪੇ ਖੋਲ੍ਹ ਬੰਦ ਕਿਵਾੜ, ਘਰ ਸਾਚੀ ਸੇਜ ਸੁਹਾਇਆ। ਆਤਮ ਸੇਜਾ ਕਰ ਪਿਆਰ, ਆਪ ਆਪਣਾ ਮੇਲ ਮਿਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਸੰਤਨ ਵੇਖ ਵਖਾਇਆ। ਸੰਤਨ ਮੇਲਾ ਸਚ ਦਰ, ਹਰਿ ਸਾਚਾ ਆਪ ਕਰਾਇੰਦਾ। ਧੁਰ ਦਰਗਾਹੀ ਮਿਲਿਆ ਵਰ, ਵਰ ਘਰ ਏਕਾ ਏਕ ਸਮਝਾਇੰਦਾ। ਨਾਰੀ ਮਿਲਿਆ ਸਾਚਾ ਨਰ, ਨਰ ਨਰਾਇਣ ਨਜ਼ਰੀ ਆਇੰਦਾ। ਆਪਣੀ ਕਰਨੀ ਰਿਹਾ ਕਰ, ਕਰਤਾ ਪੁਰਖ ਨਾਉਂ ਉਪਜਾਇੰਦਾ। ਨਿਰਭੈ ਰੂਪ ਨਾ ਜਾਏ ਡਰ, ਭੈ ਭਿਆਨਕ ਆਪ ਸਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਰੰਗ ਰੰਗਾਇੰਦਾ। ਰੰਗ ਰੰਗੀਲਾ ਸ੍ਰੀ ਭਗਵਾਨ, ਹਰਿ ਬੀਠਲ ਵਡ ਵਡਿਆਈਆ । ਜੁਗ ਜੁਗ ਵੇਖੇ ਲੋਕਮਾਤ ਮਾਰ ਧਿਆਨ, ਸਚਖੰਡ ਨਿਵਾਸੀ ਬੇਪਰਵਾਹੀਆ। ਭਗਤਾਂ ਦੇਵੇ ਭਗਤੀ ਦਾਨ, ਭਾਵਨੀ ਭਗਤਨ ਪੂਰ ਕਰਾਈਆ। ਦੋ ਜਹਾਨਾਂ ਰੱਖੇ ਮਾਣ, ਅਭਿਮਾਨਾਂ ਦਏ ਖਪਾਈਆ। ਸਚ ਵਖਾਏ ਇਕ ਨਿਸ਼ਾਨ, ਦਰਗਾਹ ਸਾਚੀ ਆਪ ਝੁਲਾਈਆ। ਪਦ ਵਿਖਾਏ ਇਕ ਨਿਰਬਾਨ, ਪਰਮਾਨੰਦ ਨੰਦ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਆਪਣੀ ਖੇਲ ਖਿਲਾਈਆ। ਜੁਗ ਜੁਗ ਖੇਲ ਕਰਨਹਾਰ, ਆਪਣੀ ਕਿਰਤ ਕਮਾਇੰਦਾ। ਸੰਤ ਭਗਤ ਭਗਵੰਤ ਲਾਏ ਪਾਰ, ਹਰਿਜਨ ਸਾਚੇ ਵੇਖ ਵਿਖਾਇੰਦਾ। ਆਦਿ ਅੰਤ ਆਪਣੀ ਧਾਰ, ਧਰਨੀ ਧਰਤ ਧਵਲ ਚਲਾਇੰਦਾ। ਜਲ ਬਿੰਬ ਹਰਿ ਪਾਏ ਸਾਰ, ਆਕਾਸ਼ ਪ੍ਰਕਾਸ਼ ਫੋਲ ਫੁਲਾਇੰਦਾ ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਆਪਣਾ ਨਾਉਂ ਵਟਾਇੰਦਾ। ਜੁਗ ਜੁਗ ਨਾਉਂ ਹਰਿ ਹਰਿ ਰੱਖ, ਆਪਣੀ ਕਲ ਵਰਤਾਇੰਦਾ । ਨਿਰਗੁਣ ਸਰਗੁਣ ਹੋ ਪਰਤੱਖ, ਹਰਿਜਨ ਸਾਚੇ ਆਪ ਤਰਾਇੰਦਾ। ਲਖ ਚੁਰਾਸੀ ਵਿਚੋਂ ਕਰੇ ਵੱਖ, ਆਪਣੀ ਵੰਡਣ ਆਪ ਵੰਡਾਇੰਦਾ। ਆਪਣਾ ਮਾਰਗ ਆਪੇ ਦੱਸ, ਆਪਣਾ ਅੱਖਰ ਆਪ ਪੜ੍ਹਾਇੰਦਾ। ਹਿਰਦੇ ਅੰਦਰ ਹਰਿ ਹਰਿ ਵਸ, ਹਰਿ ਕੀ ਪੌੜੀ ਆਪ ਚੜ੍ਹਾਇੰਦਾ। ਦੋ ਜਹਾਨਾਂ ਨੱਸ ਨੱਸ ਗ਼ਰੀਬ ਨਿਮਾਣੇ ਗਲੇ ਲਗਾਇੰਦਾ। ਮੇਟੇ ਰੈਣ ਅੰਧੇਰੀ ਮਸ, ਅਗਿਆਨ ਅੰਧੇਰ ਨਾ ਕੋਏ ਵਖਾਇੰਦਾ। ਸ਼ਬਦ ਨਿਰਾਲਾ ਤੀਰ ਮਾਰੇ ਕਸ, ਏਕਾ ਮੁੱਖੀ ਮੁਖ ਲਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਆਪਣਾ ਨਾਉਂ ਉਪਜਾਇੰਦਾ। ਨਾਉਂ ਰੱਖ ਸਾਚੀ ਧਾਰ, ਸਤਿ ਪੁਰਖ ਨਿਰੰਜਣ ਆਪ ਚਲਾਈਆ। ਸਤਿਜੁਗ ਵੇਸ ਅਗੰਮ ਅਪਾਰ, ਅਗੰਮ ਅਗੰਮੜੀ ਖੇਲ ਖਿਲਾਈਆ। ਤਰੇਤਾ ਤੇਰਾ ਰੰਗ ਸਰਬ ਸੰਸਾਰ, ਦੋ ਦੋ ਮੇਲਾ ਸਹਿਜ ਸੁਭਾਈਆ। ਦਵਾਪਰ ਤੇਰਾ ਮੀਤ ਮੁਰਾਰ, ਇਕ ਅਕੱਲਾ ਇਕ ਅਖਵਾਈਆ। ਕਲਜੁਗ ਕੂੜਾ ਵੇਖ ਪਸਾਰ, ਆਪ ਆਪਣੀ ਕਲ ਵਰਤਾਈਆ। ਵੇਦ ਪੁਰਾਨ ਗਏ ਹਾਰ, ਪੜ੍ਹ ਪੜ੍ਹ ਥੱਕੀ ਸਰਬ ਲੋਕਾਈਆ। ਸ਼ਾਸਤਰ ਸਿਮਰਤ ਢਹਿ ਢਹਿ ਪਏ ਦਵਾਰ, ਪ੍ਰਭ ਅੱਗੇ ਸੀਸ ਝੁਕਾਈਆ। ਅੰਜੀਲ ਕੁਰਾਨਾ ਹਾਹਾਕਾਰ, ਦਿਵਸ ਰੈਣ ਦੇਣ ਦੁਹਾਈਆ। ਖਾਣੀ ਬਾਣੀ ਨਾ ਕਰੇ ਕੋਇ ਵਿਚਾਰ, ਨਾਨਕ ਗੋਬਿੰਦ ਦਏ ਗਵਾਹੀਆ। ਭਰਮੇ ਭੁੱਲਾ ਸਰਬ ਸੰਸਾਰ, ਭਰਮ ਗੜ੍ਹ ਨਾ ਕੋਇ ਤੁੜਾਈਆ। ਤੀਰਥ ਤੱਟਾਂ ਆਈ ਹਾਰ, ਸਗਲਾ ਸੰਗ ਨਾ ਕੋਇ ਨਿਭਾਈਆ। ਗੁਰਦਰ ਮੰਦਰ ਮਸਜਦ ਧੂਆਂਧਾਰ, ਨਿਰਗੁਣ ਜੋਤ ਨਾ ਕੋਇ ਰੁਸ਼ਨਾਈਆ। ਪੰਡਤ ਪਾਧਾਂ ਨਾ ਕਰੇ ਵਿਚਾਰ, ਮਸਤਕ ਝੂਠਾ ਤਿਲਕ ਲਗਾਈਆ। ਮੁਲਾਂ ਸ਼ੇਖ ਮਸਾਇਕ ਰੋਵਨ ਜ਼ਾਰੋ ਜ਼ਾਰ, ਨੂਰ ਇਲਾਹੀ ਨਾ ਮੇਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਵੇਸ ਵਟਾਈਆ। ਸਤਿਜੁਗ ਸਾਚਾ ਸਚ ਪੁਕਾਰ, ਹਰਿ ਸੰਤਨ ਆਪ ਸੁਣਾਇੰਦਾ। ਤਰੇਤਾ ਬਣੇ ਮੀਤ ਮੁਰਾਰ, ਤ੍ਰੈਗੁਣ ਬੰਧਨ ਪਾਇੰਦਾ। ਦਵਾਪਰ ਤੇਰਾ ਠਾਂਡਾ ਦਰਬਾਰ, ਏਕਾ ਘਰ ਜਣਾਇੰਦਾ। ਕਲਜੁਗ ਖੇਲ ਸਰਬ ਸੰਸਾਰ, ਪੁਰਖ ਅਬਿਨਾਸ਼ੀ ਆਪ ਕਰਾਇੰਦਾ। ਏਕਾ ਗੁਰ ਇਕ ਅਵਤਾਰ, ਏਕਾ ਇਸ਼ਟ ਮਨਾਇੰਦਾ। ਏਕਾ ਸ਼ਬਦ ਇਕ ਜੈਕਾਰ, ਏਕਾ ਰਾਗ ਸੁਣਾਇੰਦਾ। ਛੱਤੀ ਰਾਗ ਕਰਨ ਪੁਕਾਰ, ਨਾਰਦ ਮੁਨ ਸੁਰਸਤੀ ਨਾਲ ਰਲਾਇੰਦਾ। ਸਤਿ ਨਾ ਵਜਾਏ ਕੋਈ ਸਤਾਰ, ਨਾਮ ਸਰੰਗੀ ਨਾ ਕੋਈ ਹੱਥ ਉਠਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਅੰਤਮ ਵੇਖ ਵਖਾਇੰਦਾ। ਕਲਜੁਗ ਕੂੜ ਕੂੜ ਕੂੜਿਆਰਾ, ਚਾਰੋਂ ਕੁੰਟ ਲਏ ਅੰਗੜਾਈਆ। ਹਉਮੇ ਹੰਗਤਾ ਖੰਡਾ ਤਿਖੀ ਧਾਰਾ, ਆਪਣੇ ਹੱਥ ਉਠਾਈਆ। ਧੁਰ ਦੀ ਲਿਖੀ ਨਾ ਕੋਈ ਮੇਟੇ ਮੇਟਨਹਾਰਾ, ਨਾ ਕੋਈ ਦਿਸੇ ਹੋਰ ਸਹਾਈਆ। ਚਾਰੋਂ ਕੁੰਟ ਇਕ ਲਲਕਾਰਾ, ਏਕਾ ਏਕ ਦਏ ਸੁਣਾਈਆ। ਕਵਾਰ ਕੰਨਿਆ ਕਰੇ ਸ਼ੰਗਾਰਾ, ਘਰ ਘਰ ਕੰਤ ਮਨਾਈਆ। ਨਾਰੀ ਨਰ ਹੋਏ ਵਿਭਚਾਰਾ, ਨਰ ਨਰਾਇਣ ਦਿਸ ਨਾ ਆਈਆ। ਪੰਜ ਤਤ ਗੜ੍ਹ ਬਣਿਆ ਹੰਕਾਰਾ, ਸਤਿ ਸਤਿ ਨਾ ਕੋਇ ਵਡਿਆਈਆ । ਕਾਮ ਕਰੋਧ ਬੋਲ ਜੈਕਾਰਾ, ਅੰਦਰ ਬੈਠੇ ਦੇਣ ਗਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਰਚਨਾ ਆਪ ਰਚਾਈਆ। ਕਲਜੁਗ ਜੂਠ ਝੂਠ ਪਰਧਾਨ, ਨਵ ਖੰਡ ਵੇਖ ਵਖਾਈਆ। ਕਲਜੁਗ ਪੰਜ ਤਤ ਸ਼ੈਤਾਨ, ਪੰਚਮ ਗਏ ਰਾਹ ਭੁਲਾਈਆ। ਕਲਜੁਗ ਮਦਿਰਾ ਮਾਸ ਪੀਣ ਖਾਣ, ਆਤਮ ਮਧ ਨਾ ਕੋਇ ਸੁਹਾਈਆ। ਕਲਜੁਗ ਅਠਸਠ ਤੀਰਥ ਨਹਾਵਣ ਨਹਾਣ, ਗੁਰ ਚਰਨ ਧੂੜੀ ਅਸ਼ਨਾਨ ਨਾ ਕੋਇ ਕਰਾਈਆ। ਕਲਜੁਗ ਮੰਦਰ ਮਸਜਦ ਗੁਰ ਦਰ ਬਹਿ ਬਹਿ ਗਾਣ, ਸਤਿਗੁਰ ਪੂਰਾ ਦਿਸ ਨਾ ਆਈਆ। ਕਲਜੁਗ ਘਰ ਘਰ ਬਣਨ ਗੋਪੀ ਕਾਹਨ, ਸਾਚੀ ਰਾਸ ਨਾ ਕੋਇ ਰਚਾਈਆ। ਘਰ ਘਰ ਪੂਜਾ ਪਾਠ ਕਰਨ ਰਾਮਾ ਰਾਮ, ਆਤਮ ਰਾਮ ਨਾ ਕੋਇ ਮਨਾਈਆ। ਘਰ ਘਰ ਰਸਨਾ ਗਾਵਨ ਸਤਿਨਾਮ, ਨਾਮ ਸਤਿ ਨਾ ਕੋਇ ਸਮਾਈਆ। ਘਰ ਘਰ ਤਨ ਪਹਿਨ ਜਗਤ ਕਿਰਪਾਨ, ਨਾਮ ਖੰਡਾ ਨਾ ਹੱਥ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਅੰਤਮ ਵੇਖ ਵਖਾਈਆ। ਕਲਜੁਗ ਤੇਰਾ ਕੂੜ ਪਸਾਰਾ, ਚਾਰੋਂ ਕੁੰਟ ਅੰਧੇਰਾ ਛਾਇਆ। ਨਾ ਕੋਇ ਸ਼ਾਹ ਸੁਲਤਾਨ ਦਿਸੇ ਸਿਕਦਾਰਾ, ਸਾਚਾ ਅਦਲ ਨਾ ਕੋਇ ਕਮਾਇਆ। ਨਾ ਕੋਇ ਸੱਜਣ ਮੀਤ ਮੁਰਾਰਾ, ਸਾਕ ਸੈਣ ਨਾ ਕੋਇ ਬਣਾਇਆ। ਧੀਆਂ ਭੈਣਾਂ ਕਰਨ ਵਣਜ ਵਣਜਾਰਾ, ਗੁਰ ਦਰ ਮੰਦਰ ਵੇਸਵਾ ਘਰ ਰਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਆਪਣੀ ਕਰਨੀ ਕਿਰਤ ਕਮਾਇਆ। ਕਲਜੁਗ ਤੇਰਾ ਕੂੜਾ ਰੰਗ, ਹਰਿ ਪੁਰਖ ਨਿਰੰਜਨ ਵੇਖ ਵਖਾਈਆ। ਲਖ ਚੁਰਾਸੀ ਜੀਵ ਜੰਤ ਸਾਧ ਸੰਤ ਮਾਇਆ ਮਮਤਾ ਸੇਜ ਵਿਛਾਈ ਇਕ ਪਲੰਘ, ਜੂਠ ਝੂਠ ਲੇਖਾ ਰਹੇ ਗਣਾਈਆ। ਸਚ ਦਵਾਰਾ ਨਾ ਕੋਈ ਵੇਖੇ ਲੰਘ, ਭਰਮੇ ਭੁੱਲੀ ਸਰਬ ਲੋਕਾਈਆ। ਗੁਰਮੁਖ ਵਿਰਲਾ ਮੰਗੇ ਏਕਾ ਮੰਗ, ਕੋਟਨ ਕੋਟੀ ਜੀਵ ਰਹੇ ਬਿਲਲਾਈਆ। ਮਨ ਮਤ ਹੋਈ ਭਾਗਾਂਮੰਦ, ਗੁਰ ਮਤ ਨਾ ਕੋਈ ਦਿਸਾਈਆ। ਸਚ ਨਾ ਦਿਸੇ ਚੜ੍ਹਿਆ ਚੰਦ, ਕਲਜੁਗ ਰੈਣ ਅੰਧੇਰੀ ਛਾਈਆ। ਕਿਸੇ ਹੱਥ ਨਾ ਆਇਆ ਪਰਮਾਨੰਦ, ਨਿਜ ਆਤਮ ਨਾ ਵੇਖ ਵਖਾਈਆ। ਦੂਈ ਦਵੈਤੀ ਹਉਮੇ ਕੰਧ, ਕਾਇਆ ਗੜ੍ਹ ਟਿਕਾਈਆ। ਸਤਿਗੁਰ ਪੂਰਾ ਸੁਤਾ ਦੇ ਕਰ ਕੰਡ, ਨਾ ਸਕੇ ਕੋਏ ਜਗਾਈਆ। ਵਰਨ ਬਰਨ ਭੇਖ ਪਖੰਡ, ਕਲਜੁਗ ਆਪਣੀ ਵੰਡ ਵੰਡਾਈਆ। ਸ੍ਰਿਸ਼ਟ ਸਬਾਈ ਨਾਰ ਰੰਡ, ਹਰਿ ਕੰਤ ਨਾ ਕੋਇ ਹੰਢਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਤੇਰਾ ਲੇਖਾ ਦਏ ਚੁਕਾਈਆ। ਕਲਜੁਗ ਲੇਖਾ ਹਰਿ ਚੁਕੌਣਾ, ਹਰਿ ਪੁਰਖ ਪੁਰਖ ਅਵਤਾਰਿਆ। ਭਰਮ ਭੁਲੇਖਾ ਸਰਬ ਕਢੌਣਾ, ਲਖ ਚੁਰਾਸੀ ਪਾਵੇ ਸਾਰਿਆ। ਬ੍ਰਹਮਾ ਵਿਸ਼ਨ ਸਿਵ ਆਪ ਉਠੌਣਾ, ਕਰੋੜ ਤੇਤੀਸਾ ਦਏ ਹੁਲਾਰਿਆ। ਨੌ ਖੰਡ ਪ੍ਰਿਥਮੀ ਫੇਰਾ ਪੌਣਾ, ਸੱਤਾਂ ਦੀਪਾਂ ਜੋਤ ਜਗਾ ਰਿਹਾ। ਧਰਨੀ ਧਰਤ ਧਵਲ ਹਰਿ ਆਪ ਸੁਹੌਣਾ, ਧਰ ਧਰਨੀ ਲੇਖੇ ਲਾ ਰਿਹਾ। ਉਚੇ ਟਿੱਲੇ ਪਰਬਤ ਫੇਰਾ ਪੌਣਾ, ਜੰਗਲ ਜੂਹ ਉਜਾੜ ਪਹਾੜ ਫੋਲ ਫੋਲਾ ਰਿਹਾ। ਸਮੁੰਦ ਸਾਗਰ ਵੇਖ ਵਖੌਣਾ, ਜਲ ਜਲ ਜਲ ਰੂਪ ਸਮਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਮਾਰਗ ਆਪੇ ਲਾ ਰਿਹਾ। ਸਤਿਜੁਗ ਸਾਚਾ ਮਾਰਗ ਹਰਿ ਹਰਿ, ਹਰਿ ਸਤਿਗੁਰ ਆਪ ਲਗਾਈਆ। ਆਪਣੀ ਵਿਦਿਆ ਆਪੇ ਪੜ੍ਹ ਪੜ੍ਹ, ਗੁਰਮੁਖਾਂ ਕਰੇ ਪੜ੍ਹਾਈਆ। ਆਪਣੀ ਅਗਨੀ ਆਪੇ ਸੜ ਸੜ, ਹਰਿਜਨ ਤਤ ਬੁਝਾਈਆ। ਆਪਣੀ ਕਰਨੀ ਆਪੇ ਕਰ ਕਰ, ਗੁਰਮੁਖ ਸਾਚੇ ਲਏ ਤਰਾਈਆ। ਗੁਰਸਿਖ ਅੰਦਰ ਆਪੇ ਵੜ ਵੜ, ਆਪਣੀ ਬੂਝ ਬੁਝਾਈਆ। ਸਤਿਜੁਗ ਤ੍ਰੇਤਾ ਦਵਾਪਰ ਕਲਜੁਗ ਫੜ ਫੜ, ਪੂਰਬ ਲਹਿਣਾ ਰਿਹਾ ਚੁਕਾਈਆ। ਦਰਸ ਦਿਖਾਏ ਅੱਗੇ ਖੜ੍ਹ ਖੜ੍ਹ, ਨਿਰਗੁਣ ਸਰਗੁਣ ਵੇਸ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਅੰਤਮ ਸੋਭਾ ਪਾਈਆ। ਸੋਭਾਵੰਤ ਕੰਤ ਭਤਾਰ, ਘਰ ਸਾਚਾ ਆਪ ਸੁਹਾਇੰਦਾ। ਸਾਚੀ ਸਖੀਆਂ ਕਰੇ ਇਕ ਪਿਆਰ, ਦਰ ਸਾਚੇ ਮੇਲ ਮਿਲਾਇੰਦਾ। ਗੀਤ ਸੁਹਾਗੀ ਬੋਲ ਜੈਕਾਰ, ਆਪਣੀ ਬੂਝ ਬੁਝਾਇੰਦਾ। ਨਾਮ ਵਸਤ ਭਰ ਭੰਡਾਰ, ਸਾਚੀ ਝੋਲੀ ਆਪ ਭਰਾਇੰਦਾ। ਨਿਰਗੁਣ ਜੋਤ ਕਰ ਉਜਿਆਰ, ਘਰ ਘਰ ਵਿਚ ਦੀਪ ਜਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਹਰਿਜਨ ਸਾਚੇ ਮੇਲ ਮਿਲਾਇੰਦਾ। ਹਰਿਜਨ ਸਾਚਾ ਮੇਲਿਆ, ਕਰ ਕਿਰਪਾ ਕਰਤਾਰ। ਹਰਿ ਮਿਲਿਆ ਸੱਜਣ ਸੁਹੇਲਿਆ, ਵਿਛੜਿਆ ਸੰਸਾਰ। ਏਕਾ ਘਰ ਸੋਹੇ ਗੁਰੂ ਗੁਰ ਚੇਲਿਆ, ਗੁਰ ਦਰ ਮੰਦਰ ਖੇਲ ਅਪਾਰ। ਧਰਮ ਰਾਏ ਦੀ ਕੱਟੇ ਜੇਲਿਆ, ਲੱਖ ਚੁਰਾਸੀ ਕਰੇ ਖ਼ਵਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਲਏ ਅਵਤਾਰ। ਨਿਹਕਲੰਕ ਹਰਿ ਅਵਤਾਰਾ, ਹਰਿ ਪੁਰਖ ਨਿਰੰਜਨ ਵਡ ਵਡਿਆਈਆ। ਸੋ ਪੁਰਖ ਨਿਰੰਜਨ ਹੋ ਉਜਿਆਰਾ, ਲੋਕਮਾਤ ਕਰੇ ਰੁਸ਼ਨਾਈਆ। ਏਕੰਕਾਰਾ ਅਕਲ ਕਲ ਧਾਰਾ, ਆਪਣੀ ਕਲ ਵਰਤਾਈਆ। ਸੋਹੰ ਸ਼ਬਦ ਬੋਲ ਜੈਕਾਰਾ, ਬ੍ਰਹਮ ਪਾਰਬ੍ਰਹਮ ਮਿਲਾਈਆ। ਤੀਰਥ ਤੱਟ ਨਾ ਕੋਇ ਕਿਨਾਰਾ, ਅਠਸਠ ਨਾ ਕੋਇ ਵਖਾਈਆ । ਨਾ ਕੋਇ ਮੰਦਰ ਮਸਜਦ ਦਿਸੇ ਗੁਰਦਰ ਦਵਾਰਾ, ਗੁਰ ਚਰਨ ਇਕ ਵਡਿਆਈਆ। ਨਾ ਕੋਈ ਖੜਗ ਖੰਡਾ ਚੰਡ ਪਰਚੰਡਾ ਦਿਸੇ ਤੇਜ਼ ਕਟਾਰਾ, ਨਾਮ ਖੰਡਾ ਇਕ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਸਾਚੇ ਲਏ ਉਠਾਈਆ। ਗੁਰਸਿਖ ਆਪ ਉਠਾਵਨ ਆਇਆ, ਪੋਹ ਛੱਬੀ ਰੁੱਤ ਸੁਹਾਇੰਦਾ । ਵੀਹ ਸੌ ਸੋਲਾਂ ਬਿਕ੍ਰਮੀ ਨਾਲ ਰਲਾਇਆ, ਗੁਰ ਗੋਬਿੰਦ ਮੇਲ ਮਿਲਾਇੰਦਾ। ਨਾਨਕ ਨਾਮ ਇਕ ਵਖਾਇਆ, ਏਕਾ ਸ਼ਬਦ ਬੰਧਾਇੰਦਾ। ਸੀਤਾ ਰਾਮ ਲਏ ਪਰਨਾਇਆ, ਆਪ ਆਪਣੇ ਲੜ ਲਗਾਇੰਦਾ। ਰਾਧਾ ਕ੍ਰਿਸ਼ਨਾ ਰੰਗ ਰੰਗਾਇਆ, ਰੰਗ ਚਲੂਲਾ ਇਕ ਚੜ੍ਹਾਇੰਦਾ। ਸਾਚੇ ਮੰਦਰ ਡੇਰਾ ਲਾਇਆ, ਵੇਦ ਵਿਆਸਾ ਵੇਖ ਵਖਾਇੰਦਾ। ਪੂਤ ਸਪੂਤਾ ਬ੍ਰਹਿਮਣ ਗੌੜਾ ਹਰਿ ਜੂ ਹਰਿ ਹਰਿ ਬਣ ਕੇ ਆਇਆ, ਹਰਿ ਸਾਚਾ ਰੰਗ ਵਟਾਇੰਦਾ। ਤਖਤ ਨਵਾਸੀ ਸ਼ਾਹੋ ਸ਼ਾਬਾਸੀ ਪੁਰਖ ਅਬਿਨਾਸ਼ੀ ਆਪਣੇ ਅਸਵ ਚੜ੍ਹ ਕੇ ਆਇਆ, ਸੋਲਾਂ ਕਲੀਆਂ ਆਸਣ ਪਾਇੰਦਾ। ਬ੍ਰਹਮਾ ਵਿਸ਼ਨ ਸ਼ਿਵ ਰਾਹ ਵਿਚੋਂ ਫੜ ਕੇ ਆਇਆ, ਆਪ ਆਪਣਾ ਹੁਕਮ ਸੁਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਹਰਿਜਨ ਸਾਚੇ ਵੇਖ ਵਖਾਇੰਦਾ। ਹਰਿਜਨ ਸਾਚੇ ਵੇਖਣਹਾਰਾ, ਆਦਿ ਜੁਗਾਦੀ ਇਕ ਅਵਤਾਰਿਆ। ਲੋਕਮਾਤ ਖੇਲ ਨਿਆਰਾ, ਕਰਤਾ ਪੁਰਖ ਆਪ ਕਰਾ ਰਿਹਾ। ਜੂਨੀ ਰਹਿਤ ਭੇਵ ਨਿਆਰਾ, ਨਿਰਗੁਣ ਸਾਚੀ ਧਾਰ ਬੰਧਾ ਰਿਹਾ। ਘਰ ਘਰ ਦੀਪਕ ਕਰ ਉਜਿਆਰਾ, ਜੋਤ ਨਿਰੰਜਣ ਡਗਮਗਾ ਰਿਹਾ। ਸਾਚਾ ਸਾਕੀ ਕਰ ਪਿਆਰਾ, ਭਰ ਪਿਆਲਾ ਜਾਮ ਪਿਆ ਰਿਹਾ। ਖੋਲ੍ਹੇ ਤਾਕੀ ਬੰਦ ਕਿਵਾੜਾ, ਪੰਚਮ ਧਾੜਾ ਪਰੇ ਹਟਾ ਰਿਹਾ। ਕੰਚਨ ਗੜ੍ਹ ਸੁਹਾਏ ਇਕ ਦਵਾਰਾ, ਕਿਲਾ ਕੋਟ ਇਕ ਵਖਾ ਰਿਹਾ। ਅੰਦਰ ਵੜ ਏਕੰਕਾਰਾ, ਆਪ ਆਪਣਾ ਮੇਲ ਮਿਲਾ ਲਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਾਚਾ ਦਿਵਸ ਆਪ ਸੁਹਾ ਲਿਆ। ਸਾਚਾ ਦਿਵਸ ਸੋਹੇ ਪਰਭਾਤ, ਹਰਿ ਰੁਤੜੀ ਰੁਤ ਸੁਹਾਈਆ। ਨਾ ਕੋਈ ਦਿਵਸ ਨਾ ਕੋਈ ਰਾਤ, ਗੁਰਸਿਖ ਆਪਣੇ ਰੰਗ ਰੰਗਾਈਆ। ਨਾ ਕੋਈ ਵਰਨ ਨਾ ਕੋਈ ਗੋਤ ਨਾ ਕੋਈ ਜ਼ਾਤ ਨਾ ਕੋਈ ਪਾਤ, ਕਮਲਾਪਾਤ ਇਕ ਅਖਵਾਈਆ। ਨਾ ਕੋਈ ਪੂਜਾ ਨਾ ਕੋਈ ਪਾਠ, ਨਾ ਕੋਈ ਤੀਰਥ ਨਾ ਕੋਈ ਸਰੋਵਰ ਮਾਰੇ ਠਾਠ, ਚਰਨ ਧੂੜ ਮਸਤਕ ਟਿੱਕਾ ਏਕਾ ਲਾਈਆ। ਨਾ ਕੋਈ ਅਗਨੀ ਜਲੇ ਕਾਠ, ਨਾ ਕੋਈ ਗੁਰਮੁਖ ਵਿਕੇ ਹਾਟੋ ਹਾਟ, ਖ਼ਾਕੀ ਖ਼ਾਕ ਨਾ ਕੋਈ ਦਬਾਈਆ। ਨਾ ਕੋਈ ਦੇਵੀ ਪੂਜਾ ਜੋਤ ਲਲਾਟ, ਅਸ਼ਟਭੁਜ ਨਾ ਰੱਖੇ ਸਾਥ। ਨਾ ਕੋਈ ਮੇਲਾ ਤਰਲੋਕੀ ਨਾਥ, ਇਕ ਅਕੱਲਾ ਖੇਲ ਖਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚੇ ਲਏ ਉਠਾਈਆ। ਉਠ ਜਾਗ ਗੁਰਮੁਖ ਸੁਤਿਆ, ਹਰਿ ਸਤਿਗੁਰ ਆਪ ਜਗਾਇੰਦਾ। ਪਰਗਟ ਹੋਇਆ ਪਾਰਬ੍ਰਹਮ ਅਬਿਨਾਸ਼ੀ ਅਚੁਤਿਆ, ਆਪ ਆਪਣਾ ਨਾਉਂ ਧਰਾਇੰਦਾ। ਕਲਜੁਗ ਅੰਤਮ ਆਈ ਰੁੱਤਿਆ, ਸਾਚਾ ਫੁਲ ਨਾ ਕੋਇ ਮਹਿਕਾਇੰਦਾ। ਪੰਜ ਤਤ ਖ਼ਾਲੀ ਦਿਸੇ ਬੁਤਿਆ, ਹਰਿ ਕਾ ਨਾਮ ਨਾ ਕੋਇ ਧਰਾਇੰਦਾ। ਪੰਜਾਂ ਚੋਰਾਂ ਧਨ ਮਾਲ ਤੇਰਾ ਲੁਟਿਆ, ਅੱਗੇ ਹੋ ਨਾ ਕੋਏ ਛੁਡਾਇੰਦਾ। ਲੱਖ ਚੁਰਾਸੀ ਬੂਟਾ ਜਾਣਾ ਪੁੱਟਿਆ, ਫਿਰ ਕੋਇ ਨਾ ਮਾਤ ਲਗਾਇੰਦਾ । ਸਤਿਜੁਗ ਸਾਚਾ ਚੰਦ ਏਕਾ ਫੁੱਟਿਆ, ਸਤਿਗੁਰ ਸਾਚੀ ਜੋਤ ਜਗਾਇੰਦਾ। ਗੁਰਮੁਖਾਂ ਦੇਵੇ ਏਕਾ ਅੰਮ੍ਰਿਤ ਆਤਮ ਨਾਮ ਸਾਚਾ ਘੁੱਟਿਆ, ਆਪ ਆਪਣੀ ਦਇਆ ਕਮਾਇੰਦਾ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਸਿਖ ਸਾਚੇ ਵੇਖ ਵਖਾਇੰਦਾ। ਸਤਿਜੁਗ ਵਿਛੋੜਾ ਦੇਵੇ ਕੱਟ, ਜੋ ਹਰਿ ਹਰਿ ਗਏ ਧਿਆਈਆ। ਤਰੇਤਾ ਪਹਿਨਾਏ ਏਕਾ ਪਟ, ਸਾਚਾ ਬਸਤਰ ਹੱਥ ਉਠਾਈਆ। ਦਵਾਪਰ ਵੇਖੇ ਨੇੜੇ ਵਾਟ, ਆਪ ਆਪਣਾ ਪੰਧ ਮੁਕਾਈਆ। ਕਲਜੁਗ ਪੂਰਾ ਕਰੇ ਘਾਟ, ਗੁਰਮੁਖ ਸਾਚੇ ਆਪ ਉਠਾਈਆ। ਨਿਰਗੁਣ ਜੋਤ ਜਗਾਏ ਲਲਾਟ, ਮਸਤਕ ਰੇਖਾ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਛੱਬੀ ਪੋਹ ਹਰਿ ਸੰਗਤ ਕਰੇ ਜਗਤ ਨਿਰਮੋਹ, ਨਿਰਗੁਣ ਆਪਣਾ ਮੇਲ ਮਿਲਾਈਆ। ਜਗਤ ਨਾਤਾ ਦੇਵੇ ਤੋੜ, ਹਰਿ ਸੰਗਤ ਹਰਿ ਸਮਝਾਇੰਦਾ। ਚਰਨ ਪ੍ਰੀਤੀ ਲਵੇ ਜੋੜ, ਆਪ ਆਪਣੇ ਚਰਨ ਲਗਾਇੰਦਾ। ਸ਼ਬਦ ਚੜ੍ਹਾਏ ਸਾਚੇ ਘੋੜ, ਸਾਚਾ ਘੋੜਾ ਇਕ ਵਖਾਇੰਦਾ। ਜੁਗਾਂ ਜੁਗਾਂ ਦੀ ਪਿਆਸ ਬੁਝਾਏ ਲੱਗੀ ਔੜ, ਅੰਮ੍ਰਿਤ ਮੇਘ ਆਪ ਬਰਸਾਇੰਦਾ। ਮਨਮੁਖ ਦਰ ਤੋਂ ਦੇਵੇ ਹੋੜ, ਸੱਸੇ ਉਪਰ ਹੋੜਾ ਇਕ ਵਖਾਇੰਦਾ। ਲੱਖ ਚੁਰਾਸੀ ਵੇਖੇ ਫਲ ਮਿੱਠਾ ਕੌੜ, ਕੌੜਾ ਰੀਠਾ ਆਪ ਭੰਨਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਸੰਗਤ ਸਦਾ ਸੁਹਾਇੰਦਾ। ਹਰਿ ਸੰਗਤ ਉਪਾਇਆ ਸਾਚਾ ਫੁੱਲ, ਫੁਲ ਫੁਲਵਾੜੀ ਮਾਤ ਲਗਾਈਆ। ਵਿਸ਼ਨ ਵੰਸੀ ਬਣਾਈ ਆਪਣੀ ਕੁਲ, ਆਪਣੇ ਬੰਸ ਦਏ ਵਡਿਆਈਆ। ਸ੍ਰੀ ਭਗਵਾਨ ਪਾਵੇ ਮੁੱਲ, ਕਲੀ ਕਲੀ ਵੇਖ ਵਖਾਈਆ। ਕਲਜੁਗ ਬੂਟਾ ਰਿਹਾ ਫੁਲ, ਆਪ ਆਪਣੀ ਸੇਵ ਕਮਾਈਆ। ਅੰਤਮ ਤੋਲੇ ਸਾਚੇ ਤੋਲ, ਨਾਮ ਤਰਾਜੂ ਹੱਥ ਉਠਾਈਆ। ਸਚਖੰਡ ਨਿਵਾਸੀ ਬੈਠ ਅਡੋਲ, ਗੁਰਮੁਖ ਅਡੁਲ ਰਖਾਈਆ। ਸਦਾ ਸੁਹੇਲਾ ਵਸੇ ਕੋਲ, ਆਪ ਆਪਣਾ ਦਰਸ ਦਿਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿ ਸੰਗਤ ਸਤਿ ਸਮਝਾਈਆ। ਹਰਿ ਸੰਗਤ ਦਿਵਸ ਸੁਹਾਵਨਾ, ਪਾਰਬ੍ਰਹਮ ਸਰਨਾਇਆ। ਸੋਹੰ ਸ਼ਬਦ ਏਕਾ ਗਾਵਨਾ, ਜਨਮ ਮਰਨ ਰਹੇ ਨਾ ਰਾਇਆ। ਪੁਰਖ ਅਬਿਨਾਸ਼ੀ ਪਕੜੇ ਦਾਮਨਾ, ਦੋ ਜਹਾਨ ਹੋਏ ਸਹਾਇਆ। ਜਗਤ ਅੰਧੇਰੀ ਮੇਟੇ ਸ਼ਾਮਨਾ, ਸਾਚਾ ਚੰਦ ਇਕ ਚੜ੍ਹਾਇਆ। ਨਗਰ ਖੇੜਾ ਵੇਖੇ ਗਰਾਮਨਾ, ਕਾਇਆਂ ਬੰਕ ਸੁਹਾਇਆ। ਬਲ ਧਾਰੇ ਜਿਉਂ ਬਲ ਬਾਵਨਾ, ਵਲ ਛਲ ਆਪਣਾ ਵੇਸ ਵਟਾਇਆ। ਗੜ੍ਹ ਲੰਕਾ ਤੋੜੇ ਜਿਉਂ ਰਾਮਾ ਰਾਵਨਾ, ਕਲਜੁਗ ਗੜ੍ਹ ਰਹਿਣ ਨਾ ਪਾਇਆ। ਕਾਹਨਾ ਕੰਸਾ ਆਪੇ ਘਾਵਨਾ, ਆਪ ਆਪਣਾ ਬਲ ਵਖਾਇਆ। ਨਾਨਕ ਗੋਬਿੰਦ ਮੇਲ ਮਿਲਾਵਨਾ, ਕਾਇਆ ਚੋਲੀ ਰੰਗ ਚੜ੍ਹਾਇਆ। ਧੁਰਦਰਗਾਹੀ ਸਾਚਾ ਜਾਮਨਾ, ਏਕੰਕਾਰਾ ਇਕ ਅਖਵਾਇਆ। ਆਪੇ ਹੋਏ ਪਤਤ ਪਾਵਨਾ, ਪਤਤ ਪਾਪੀ ਲਏ ਤਰਾਇਆ। ਸ਼ਬਦ ਨਿਰਾਲਾ ਮਾਰੇ ਬਾਨਨਾ, ਬਿਰਹੋ ਰੋਗ ਦਏ ਗਵਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕਾ ਨਾਉਂ ਰਖਾਇਆ। ਨਿਹਕਲੰਕ ਜਾਮਾ ਪਾ, ਹਰਿ ਸਾਚੀ ਜੋਤ ਜਗਾਈਆ। ਸ੍ਰਿਸ਼ਟ ਸਬਾਈ ਰਿਹਾ ਸਮਝਾ, ਕਲਜੁਗ ਪੜਦਾ ਆਪੇ ਲਾਹੀਆ। ਸੰਮਤ ਸਤਾਰਾ ਵੇਖੇ ਰਾਹ, ਚਾਰੋਂ ਕੁੰਟ ਨੈਣ ਉਠਾਈਆ। ਸ਼ਾਹ ਸੁਲਤਾਨਾਂ ਮਿਲੇ ਨਾ ਕੋਈ ਥਾਂ, ਮਹੱਲ ਅਟੱਲ ਨਾ ਕੋਏ ਸੁਹਾਈਆ। ਕਰੇ ਪਿਆਰ ਨਾ ਪੁਤਰ ਮਾਂ, ਧੀਆਂ ਭੈਣਾਂ ਸਰਬ ਤਜਾਈਆ। ਦਹਿ ਦਿਸ਼ਾ ਉਡਣੇ ਝੂਠੇ ਕਾਂ, ਹੰਸ ਡਾਰ ਨਾ ਕੋਇ ਵਖਾਈਆ। ਹਿੰਦੂ ਮੁਸਲਮ ਸਿਖ ਈਸਾਈ ਚਾਰ ਵਰਨ ਸ਼ੱਤਰੀ ਬ੍ਰਹਿਮਣ ਸ਼ੂਦਰ ਵੈਸ਼ ਰਿਹਾ ਸਮਝਾ, ਨਿਹਕਲੰਕਾ ਇਕ ਅਖਵਾਈਆ। ਪੁਰਖ ਅਕਾਲ ਦਇਆ ਕਮਾ, ਨਿਰਗੁਣ ਜੋਤ ਕਰੇ ਰੁਸ਼ਨਾਈਆ। ਬ੍ਰਹਮੇ ਲੇਖਾ ਦਏ ਮੁਕਾ, ਵੇਲਾ ਅੰਤਮ ਆਈਆ। ਸ਼ੰਕਰ ਤਖਤੋਂ ਦੇਵੇ ਲਾਹ, ਆਪ ਆਪਣੇ ਵਿਚ ਟਿਕਾਈਆ। ਸੁਰਪਤ ਰਾਜਾ ਇੰਦ ਦਏ ਉਠਾ, ਕਰੋੜ ਤੇਤੀਸ ਨਾ ਕੋਏ ਸਹਾਈਆ। ਲੋਕਮਾਤ ਫੇਰਾ ਪਾ, ਨੌ ਖੰਡ ਕਰੇ ਰੁਸ਼ਨਾਈਆ। ਰਾਜਾ ਰਾਣਾ ਦਏ ਹਿਲਾ, ਸੀਸ ਤਾਜ ਨਾ ਕੋਇ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦ ਨਗਾਰਾ ਇਕ ਵਜਾ, ਆਪ ਆਪਣਾ ਹੁਕਮ ਸੁਣਾਈਆ। ਸਾਚਾ ਹੁਕਮ ਧੁਰ ਫ਼ਰਮਾਨਾ, ਹਰਿ ਰਾਣਾ ਆਪ ਸੁਣਾਇੰਦਾ। ਕਲਜੁਗ ਅੰਤਮ ਮੰਨਣਾ ਪਏ ਭਾਣਾ, ਗੁਰ ਗੋਬਿੰਦ ਲੇਖ ਲਿਖਾਇੰਦਾ। ਚਾਰ ਕੁੰਟ ਨਾ ਦਿਸਣਾ ਕੋਈ ਨਿਸ਼ਾਨਾ, ਸਚ ਨਿਸ਼ਾਨਾ ਨਾ ਕੋਇ ਝੁਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਸ਼ਬਦ ਖੰਡਾ ਵਿਚ ਬ੍ਰਹਿਮੰਡਾਂ ਵਰਭੰਡਾ ਇਕ ਚਮਕਾਇੰਦਾ। ਸ਼ਬਦ ਖੰਡਾ ਤਿਖੀ ਧਾਰ, ਗੁਰਮੁਖਾਂ ਹੱਥ ਫੜਾਇਆ। ਪਾਏ ਵੰਡ ਸਰਬ ਸੰਸਾਰ, ਨਵ ਨਵ ਵੇਖ ਵਖਾਇਆ। ਆਪਣੇ ਰੰਗ ਰਵੇ ਕਰਤਾਰ, ਰੰਗ ਰੰਗੀਲਾ ਦਿਸ ਨਾ ਆਇਆ। ਛੈਲ ਛਬੀਲਾ ਬਣ ਸਿਕਦਾਰ, ਸਚ ਕਬੀਲਾ ਗੁਰਸਿਖ ਲਏ ਬਣਾਇਆ। ਰੰਗ ਚੜ੍ਹਾਏ ਆਪਣਾ ਪੀਲਾ, ਪਰਾ ਪਸੰਤੀ ਵੇਖ ਵਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਸਾਚੇ ਦਇਆ ਕਮਾਇਆ। ਦਇਆ ਨਿਧ ਗਹਿਰ ਗੁਣ ਸਾਗਰ, ਹਰਿ ਸਤਿਗੁਰ ਹਰਿ ਅਖਵਾਇੰਦਾ। ਗੁਰਮੁਖਾਂ ਨਿਰਮਲ ਕਰਮ ਕਰੇ ਉਜਾਗਰ, ਕਲਜੁਗ ਅੰਤਮ ਵੇਖ ਵਖਾਇੰਦਾ। ਸਾਚੇ ਨਾਮ ਕਰੇ ਸੌਦਾਗਰ, ਵਣਜ ਵਣਜਾਰਾ ਇਕ ਕਰਾਇੰਦਾ। ਭਾਗ ਲਗਾਏ ਕਾਇਆ ਗਾਗਰ, ਪੰਜ ਤਤ ਮਾਟੀ ਜੋਤ ਜਗਾਇੰਦਾ। ਏਕਾ ਨਾਮ ਰਤੀ ਰਤਨਾਗਰ, ਘਰ ਸਾਚੇ ਹੱਟ ਵਿਕਾਇੰਦਾ। ਏਥੇ ਓਥੇ ਦੇਵੇ ਆਦਰ, ਜਿਸ ਜਨ ਆਪਣੇ ਚਰਨ ਲਗਾਇੰਦਾ। ਆਪੇ ਹੋਏ ਕਰੀਮ ਕਾਦਰ, ਕਰਨੀ ਕਰਤਾ ਆਪ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਸਾਚਾ ਦਿਵਸ ਆਪ ਸੁਹਾਇੰਦਾ। ਸਾਚਾ ਦਿਵਸ ਹਰਿ ਸੁਹੰਜਣਾ, ਘਰ ਸਾਚੇ ਵੱਜੀ ਵਧਾਈਆ। ਪਾਇਆ ਪੁਰਖ ਇਕ ਨਿਰੰਜਣਾ, ਘਰ ਮਿਲਿਆ ਸਾਚਾ ਮਾਹੀਆ। ਦਾਤਾ ਦਾਨੀ ਦਰਦ ਦੁੱਖ ਭੈ ਭੰਜਨਾ, ਭਵ ਸਾਗਰ ਪਾਰ ਕਰਾਈਆ। ਨੇਤਰ ਪਾਏ ਨਾਮ ਅੰਜਨਾ, ਅਗਿਆਨ ਅੰਧੇਰ ਮਿਟਾਈਆ। ਧੁਰਦਰਗਾਹੀ ਸਾਚਾ ਸੱਜਣਾ, ਏਕੰਕਾਰਾ ਇਕ ਅਖਵਾਈਆ। ਵੇਲੇ ਅੰਤਮ ਰੱਖੇ ਲੱਜਨਾ, ਕਲਜੁਗ ਕੂਕੇ ਦਏ ਦੁਹਾਈਆ। ਤਖਤ ਤਾਜ ਸ਼ਾਹ ਸੁਲਤਾਨ ਤਜਣਾ, ਥਿਰ ਕੋਇ ਰਹਿਣ ਨਾ ਪਾਈਆ। ਜੋ ਘੜਿਆ ਸੋ ਭੱਜਣਾ, ਭੰਨਣਹਾਰ ਹੱਥ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਗੁਰਮੁਖ ਆਪਣੇ ਲੜ ਬੰਧਾਈਆ। ਗੁਰਮੁਖ ਤੇਰਾ ਪੂਰਬ ਜਨਮ, ਹਰਿ ਸਤਿਗੁਰ ਵੇਖ ਵਖਾਇੰਦਾ। ਗੁਰਮੁਖ ਤੇਰਾ ਸਾਚਾ ਕਰਮ, ਨਿਹਕਰਮੀ ਕਰਮ ਜਣਾਇੰਦਾ। ਗੁਰਸਿਖ ਤੇਰਾ ਸਾਚਾ ਧਰਮ, ਵਰਨ ਗੋਤ ਨਾ ਕੋਇ ਉਪਜਾਇੰਦਾ। ਗੁਰਸਿਖ ਤੇਰਾ ਹਰਨ ਫਰਨ, ਨੇਤਰ ਨੈਣ ਆਪ ਖੁਲਾਇੰਦਾ। ਗੁਰਸਿਖ ਨਾਤਾ ਤੋੜੇ ਮਰਨ ਡਰਨ, ਨਿਰਭੈ ਆਪਣਾ ਮੇਲ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਪਰਗਟ ਹੋ ਨਰ ਅਵਤਾਰ, ਨਿਹਕਲੰਕ ਆਪਣਾ ਡੰਕ ਵਜਾਇੰਦਾ। ਵੱਜਿਆ ਡੰਕ ਲੋਕਮਾਤ, ਸੰਮਤ ਸੋਲਾਂ ਵੇਖ ਵਖਾਈਆ। ਬ੍ਰਹਮਾ ਵਿਸ਼ਨ ਸ਼ਿਵ ਰਹੇ ਝਾਕ, ਦਰ ਆਏ ਸੀਸ ਝੁਕਾਈਆ। ਧੰਨ ਵਡਿਆਈ ਹਰਿ ਹਰਿ ਸੰਗਤ ਜਿਸ ਜਨ ਜੁੜਿਆ ਚਰਨ ਨਾਤ, ਨਾ ਕੋਈ ਤੋੜੇ ਤੋੜ ਤੁੜਾਈਆ। ਪੁਰਖ ਅਗੰਮੜਾ ਮਿਲਿਆ ਇਕ ਬਿਧਾਤ, ਬਿਧਨਾ ਨੈਣ ਨਾ ਸਕੇ ਉਠਾਈਆ। ਲੱਖ ਚੁਰਾਸੀ ਚੁੱਕੀ ਵਾਟ, ਮਾਤ ਗਰਭ ਨਾ ਫੇਰਾ ਪਾਈਆ। ਗੁਰਸਿਖ ਨਾ ਵਿਕੇ ਕਿਸੇ ਹਾਟ, ਜੋ ਜਨ ਦਰ ਦਵਾਰੇ ਦਰਸ਼ਨ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਛੱਬੀ ਪੋਹ ਦਿਵਸ ਸੁਭਾਗਾ ਗੁਰਮੁਖਾਂ ਅੰਦਰ ਰਖਾਏ ਆਪਣਾ ਵਾਜਾ, ਅਨਹਦ ਆਪਣੀ ਸਤਾਰ ਹਲਾਈਆ। ਗੁਰਮੁਖ ਤੇਰੀ ਸਚ ਸਤਾਰ, ਹਰਿ ਕਾਇਆ ਘਰ ਟਿਕਾਇੰਦਾ। fਕੱਲੀ ਮਰੋੜੇ ਆਪ ਨਿਰੰਕਾਰ, ਦਿਸ ਕਿਸੇ ਨਾ ਆਇੰਦਾ। ਸਾਚੀ ਸੁਰ ਵਜਾਏ ਤਾਲ, ਤਾਲ ਤਲਵਾੜਾ ਆਪ ਰਖਾਇੰਦਾ। ਲੱਖ ਚੁਰਾਸੀ ਵਿਚੋਂ ਭਾਲ, ਆਪ ਆਪਣਾ ਮੇਲ ਮਿਲਾਇੰਦਾ । ਏਕਾ ਰੰਗ ਰੰਗਾਏ ਸ਼ਾਹ ਕੰਗਾਲ, ਊਚ ਨੀਚ ਨਾ ਕੋਇ ਵਖਾਇੰਦਾ। ਦਿਵਸ ਰੈਣ ਕਰੇ ਪ੍ਰਿਤਪਾਲ, ਆਪ ਆਪਣੀ ਸੇਵ ਕਮਾਇੰਦਾ। ਲੇਖਾ ਜਾਣੇ ਸਰਸੇ ਘਾਲੀ ਘਾਲ, ਗੜ੍ਹੀ ਚਮਕੌਰ ਆਪ ਸੁਹਾਇੰਦਾ। ਅੰਤਮ ਫਲ ਲੱਗਾ ਡਾਲ, ਪਤ ਡਾਲੀ ਆਪ ਮਹਿਕਾਇੰਦਾ। ਗੋਬਿੰਦ ਚਲੀ ਅਵਲੜੀ ਚਾਲ, ਸੰਬਲ ਨਗਰੀ ਡੇਰਾ ਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਸੰਗਤ ਵੇਖ ਵਖਾਇੰਦਾ। ਹਰਿ ਸੰਗਤ ਤੇਰਾ ਸਾਚਾ ਮੀਤ, ਏਕਾ ਏਕ ਅਖਵਾਇਆ। ਸੋਹੰ ਗੌਣਾ ਸੁਹਾਗੀ ਗੀਤ, ਘਰ ਸਾਚੇ ਮੇਲ ਮਿਲਾਇਆ। ਆਦਿ ਜੁਗਾਦੀ ਵਸੇ ਚੀਤ, ਚਿਤ ਵਿਤ ਠਗੌਰੀ ਕੋਇ ਨਾ ਪਾਇਆ। ਸਤਿਜੁਗ ਚਲਾਏ ਸਾਚੀ ਰੀਤ, ਸਾਚਾ ਮਾਰਗ ਏਕਾ ਲਾਇਆ। ਏਕਾ ਰੰਗ ਰੰਗਾਏ ਹਸਤ ਕੀਟ, ਕੀਟਾਂ ਕੀਟ ਆਪ ਅਖਵਾਇਆ। ਧਾਮ ਵਖਾਏ ਇਕ ਅਨਡੀਠ, ਵੇਦ ਪੁਰਾਨ ਰਹੇ ਜਸ ਗਾਇਆ। ਸਿਰ ਸੁਹਾਏ ਪੀਤੰਬਰ ਪੀਤ, ਨਾਮ ਮੁਕਟ ਇਕ ਬੰਨਾਇਆ। ਲਖ ਚੁਰਾਸੀ ਪਰਖੇ ਨੀਤ, ਨਿਤ ਨਵਿਤ ਵੇਸ ਵਟਾਇਆ। ਹਰਿ ਸੰਗਤ ਕਰੇ ਠੰਡੀ ਸੀਤ, ਆਪਣਾ ਅੰਮ੍ਰਿਤ ਮੇਘ ਬਰਸਾਇਆ। ਚਰਨ ਪ੍ਰੀਤੀ ਸਾਚੀ ਰੀਤ, ਸਤਿਗੁਰ ਪੂਰਾ ਸਚ ਸਮਝਾਇਆ । ਸਤਿਜੁਗ ਸਾਚੇ ਕੋਈ ਨਾ ਵਸਣਾ ਦੇਹੁਰਾ ਮਸੀਤ, ਸ਼ਿਵਦਵਾਲਾ ਮੱਠ ਨਾ ਕੋਇ ਬਣਾਇਆ। ਸਤਿਜੁਗ ਸੋਹਿਆ ਧੁਰ ਦਰਗਾਹ, ਹਰਿ ਸਾਚਾ ਚਰਨ ਬਹਾਈਆ। ਕਲਜੁਗ ਅੰਤਮ ਨਿਹਕਲੰਕਾ ਫੇਰਾ ਪਾ, ਕਲਜੁਗ ਕਿਰਿਆ ਵੇਖ ਵਖਾਈਆ। ਦੋ ਜਹਾਨਾਂ ਸਚ ਸਨੇਹੜਾ ਰਿਹਾ ਸੁਣਾ, ਸ਼ਬਦੀ ਸ਼ਬਦ ਸ਼ਬਦ ਚਲਾਈਆ। ਸਤਿਜੁਗ ਸਾਚੇ ਲਏ ਉਠਾ, ਆਪ ਆਪਣੀ ਦਇਆ ਕਮਾਈਆ। ਕਲਜੁਗ ਕੂੜੇ ਰਿਹਾ ਸਮਝਾ, ਤੇਰਾ ਅੰਤਮ ਵੇਲਾ ਆਈਆ। ਦੋਹਾਂ ਵਿਚੋਲਾ ਬੇਪਰਵਾਹ, ਆਪਣੀ ਕਲ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣੀ ਅਲੱਖ ਜਗਾਈਆ। ਸਤਿਜੁਗ ਉਠਾਏ ਨਿਕਾ ਬਾਲਾ, ਸੋ ਪੁਰਖ ਨਿਰੰਜਣ ਦਇਆ ਕਮਾਇੰਦਾ। ਕਲਜੁਗ ਅੰਤਮ ਵੇਖੇ ਮੁਖ ਕਾਲਾ, ਜੂਠਾ ਝੂਠਾ ਟਿੱਕਾ ਇਕ ਵਖਾਇੰਦਾ। ਸਤਿਜੁਗ ਵਸੇ ਸਚ ਧਰਮ ਸਾਲਾ, ਵਰ ਘਰ ਸਾਚਾ ਇਕ ਸੁਹਾਇੰਦਾ। ਕਲਜੁਗ ਕੂੜਾ ਹੋਇਆ ਬੇਹਾਲਾ, ਲੋਕਮਾਤ ਕੁਰਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦੋਹਾਂ ਵਿਚੋਲਾ ਖੇਲ ਖਿਲਾਇੰਦਾ। ਸਤਿਜੁਗ ਸਾਚੇ ਲੈ ਅੰਗੜਾਈ, ਹਰਿ ਸਾਚਾ ਸਚ ਸਮਝਾਈਆ। ਕਲਜੁਗ ਉਠ ਹੋਏ ਜੁਦਾਈ, ਤੇਰਾ ਅੰਤਮ ਅੰਤ ਵਖਾਈਆ। ਸਗਲਾ ਸੰਗ ਨਾ ਕੋਏ ਨਿਭਾਈ, ਚਾਰ ਯਾਰੀ ਮੁਖ ਭਵਾਈਆ। ਸੰਮਤ ਸੋਲਾਂ ਰੁੱਤ ਸੁਹਾਈ, ਛੱਬੀ ਪੋਹ ਦਏ ਵਡਿਆਈਆ। ਸਤਿਜੁਗ ਤੇਰੀ ਕਰ ਕੁੜਮਾਈ, ਧਰਤ ਮਾਤ ਦੀ ਗੋਦ ਬਹਾਈਆ। ਆਪੇ ਧੀ ਆਪ ਜਵਾਈ, ਸੌਹਰੇ ਪੇਈਆ ਆਪ ਬਣ ਜਾਈਆ। ਆਪੇ ਨਾਰ ਭਤਾਰ ਰਿਹਾ ਹੰਢਾਈ, ਪੂਤ ਸਪੂਤਾ ਆਪੇ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਜੁਗ ਸਾਚੇ ਦੇਵੇ ਵਰ, ਸੰਮਤ ਸੋਲਾਂ ਏਕਾ ਏਕ ਰੁੱਤ ਸੁਹਾਈਆ। ਸਤਿਜੁਗ ਸਾਚਾ ਮਾਤ ਧਰ, ਗੁਰਮੁਖਾਂ ਜੋੜ ਜੁੜਾਇੰਦਾ। ਕਲਜੁਗ ਕੂੜੇ ਚੁੱਕੇ ਡਰ, ਭੈ ਭਿਆਨਕ ਨਾ ਕੋਏ ਜਣਾਇੰਦਾ। ਏਕਾ ਰੂਪ ਨਜ਼ਰੀ ਆਏ ਹਰੀ ਹਰਿ, ਹਰਿ ਹਰਿ ਆਪਣਾ ਮੇਲ ਮਿਲਾਇੰਦਾ। ਏਕਾ ਚਰਨ ਧੂੜ ਨਹਾਏ ਸਾਚੇ ਸਰ, ਦੁਰਮਤ ਮੈਲ ਧਵਾਇੰਦਾ। ਏਕਾ ਵਰਨੀ ਰਿਹਾ ਵਰ, ਆਪ ਆਪਣਾ ਬੰਧਨ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚੇ ਵੇਖ ਵਖਾਇੰਦਾ। ਹਰਿਜਨ ਸਾਚੇ ਵੇਖਣ ਆਇਆ, ਅਕਲ ਕਲ ਵਰਤਾਈਆ। ਨਿਰਗੁਣ ਸਰਗੁਣ ਬਣ ਕੇ ਆਇਆ, ਸਰਗੁਣ ਨਿਰਗੁਣ ਵਿਚ ਸਮਾਈਆ। ਆਪਣਾ ਤਾਣਾ ਤਣ ਕੇ ਆਇਆ, ਤ੍ਰੈਗੁਣ ਮਾਇਆ ਪਾਈ ਫਾਹੀਆ। ਸਾਚਾ ਰਾਣਾ ਬਣ ਕੇ ਆਇਆ, ਕਲਜੁਗ ਮੇਟੇ ਝੂਠੀ ਸ਼ਾਹੀਆ। ਸੁਤ ਦੁਲਾਰਾ ਜਣ ਕੇ ਆਇਆ, ਆਪੇ ਪਿਤਾ ਆਪੇ ਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿ ਸ਼ਬਦ ਦਏ ਵਡਿਆਈਆ। ਮਾਤ ਪਿਤ ਹਰਿ ਸੁਤ ਦੁਲਾਰਾ, ਸ਼ਬਦੀ ਸ਼ਬਦ ਉਪਜਾਇਆ। ਮਹੱਲ ਅਟੱਲ ਉਚ ਮੁਨਾਰਾ, ਥਿਰ ਘਰ ਸਾਚਾ ਇਕ ਵਸਾਇਆ। ਸਚਖੰਡ ਨਿਵਾਸੀ ਸਚ ਸਿਕਦਾਰਾ, ਘਰ ਸਾਚੇ ਸੋਭਾ ਪਾਇਆ। ਕਲਜੁਗ ਅੰਤਮ ਖੇਲ ਨਿਆਰਾ, ਨਿਰਗੁਣ ਆਪਣਾ ਵੇਸ ਵਟਾਇਆ। ਲੋਕਮਾਤ ਲੈ ਅਵਤਾਰਾ, ਨਿਹਕਲੰਕਾ ਨਾਉਂ ਧਰਾਇਆ। ਖੜਗ ਖੰਡਾ ਤੇਜ ਕਟਾਰਾ, ਦੋਵੇਂ ਆਪਣੇ ਹੱਥ ਉਠਾਇਆ। ਗੁਰਮੁਖਾਂ ਕਰੇ ਪਾਰ ਕਿਨਾਰਾ, ਅਧਵਿਚਕਾਰ ਨਾ ਕੋਇ ਡੁਬਾਇਆ। ਮਨਮੁਖਾਂ ਮਾਰੇ ਆਪਣੀ ਹੱਥੀਂ ਮਾਰਾ, ਨਾ ਸਕੇ ਕੋਈ ਬਚਾਇਆ। ਦੋਵੇਂ ਰੱਖੀਆਂ ਤਿਖੀਆਂ ਧਾਰਾ, ਇਕ ਇਕ ਨਾਲ ਦਏ ਟਕਰਾਇਆ। ਪੁਰਖ ਅਬਿਨਾਸ਼ੀ ਖੇਲ ਅਪਾਰਾ, ਭੇਵ ਕਿਸੇ ਨਾ ਪਾਇਆ। ਗੁਰ ਗੋਬਿੰਦ ਬਣਿਆ ਮਾਤ ਲਿਖਾਰਾ, ਲਿਖਿਆ ਲੇਖ ਨਾ ਕੋਇ ਮਿਟਾਇਆ। ਮੀਰੀ ਪੀਰ ਸ਼ਾਹਸਵਾਰਾ, ਸ਼ਹਿਨਸ਼ਾਹ ਆਪਣਾ ਨਾਉਂ ਧਰਾਇਆ। ਨਿਹਕਲੰਕ ਲੈ ਅਵਤਾਰਾ, ਰਾਜ ਰਾਜਾਨਾਂ ਦਏ ਹਲਾਇਆ। ਆਪਣਾ ਖੇਲ ਕਰ ਨਿਆਰਾ, ਆਪਣੀ ਕਲ ਆਪ ਧਰਾਇਆ। ਆਪਣੀ ਬਣੇ ਆਪੇ ਧਾਰਾ, ਸਾਚੀ ਬਣਤ ਬਣਾਇਆ। ਹਰਿ ਸੰਗਤ ਵਿਚ ਸੋਹੇ ਸਾਚਾ ਲਾੜਾ, ਸਾਚੇ ਜਾਂਞੀ ਨਾਲ ਰਖਾਇਆ। ਅੱਲਾ ਰਾਣੀ ਲੁੱਟੇ ਦਿਨ ਦਿਹਾੜਾ, ਸੂਰਜ ਚੰਨ ਨਾ ਕੋਇ ਚੜ੍ਹਾਇਆ । ਗੁਰਸਿਖਾਂ ਚਾਰ ਚੁਫੇਰੇ ਕਰੇ ਆਪਣੀ ਵਾੜਾ, ਪਹਿਰੇਦਾਰ ਆਪ ਅਖਵਾਇਆ। ਕੋਈ ਨੇੜ ਨਾ ਆਵੇ ਠੱਗ ਚੋਰ ਯਾਰਾ, ਕਲਜੁਗ ਧਾੜਾ ਦਏ ਖਪਾਇਆ। ਹਰਿ ਸੰਗਤ ਬੋਲੇ ਏਕੋ ਨਾਅਰਾ, ਸੋਹੰ ਮਹਾਰਾਜ ਸ਼ੇਰ ਸਿੰਘ ਪਰਗਟ ਹੋ ਹੋ ਆਇਆ। ਪਰਗਟ ਹੋਇਆ ਹਰਿ ਗੋਬਿੰਦ, ਲੋਕਮਾਤ ਵੱਜੀ ਵਧਾਈਆ। ਹਰਿ ਸੰਗਤ ਤੇਰੀ ਮੇਟੇ ਚਿੰਦ, ਘਰ ਘਰ ਦਰਸ ਦਿਖਾਈਆ। ਪੰਚ ਪਿਆਰੇ ਬਣਾਏ ਆਪਣੀ ਬਿੰਦ, ਆਪ ਆਪਣੀ ਰੁੱਤ ਸੁਹਾਈਆ। ਸਤਿਗੁਰ ਪੂਰਾ ਗੁਣੀ ਗਹਿੰਦ, ਗਹਿਰ ਗੰਭੀਰ ਵਡ ਵਡਿਆਈਆ। ਕਲਜੁਗ ਜੀਵ ਲਗਾਏ ਆਪਣੀ ਨਿੰਦ, ਗੁਰਮੁਖ ਆਪਣੇ ਗਲੇ ਲਗਾਈਆ। ਛੱਬੀ ਪੋਹ ਸੰਮਤ ਸੋਲਾਂ ਜਨਮ ਜਨਮ ਦੀ ਮੇਟਨ ਆਇਆ ਚਿੰਦ, ਸਤਿਜੁਗ ਤਰੇਤਾ ਦਵਾਪਰ ਕਲਜੁਗ ਮੇਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਖੰਡੇ ਉਪਰ ਖੰਡਾ ਧਾਰ, ਨੌ ਖੰਡ ਪ੍ਰਿਥਮੀ ਮਾਰੇ ਮਾਰ, ਸ਼ਾਹ ਸੁਲਤਾਨ ਹੋਏ ਖ਼ਵਾਰ, ਬਚਿਆ ਕੋਈ ਰਹਿਣ ਨਾ ਪਾਈਆ। ਰਾਜ ਰਾਜਾਨਾ ਦਏ ਹੁਲਾਰਾ, ਦੋਵੇਂ ਧਾਰਾ ਮੁਖ ਫਰਾਈਆ। ਆਪੇ ਅੰਦਰ ਆਪੇ ਬਾਹਰਾ, ਗੁਪਤ ਜ਼ਾਹਰਾ ਦਿਸ ਨਾ ਆਈਆ। ਆਪੇ ਐਨਲਹਕ ਲਾਏ ਨਾਅਰਾ, ਹਕ ਹਕੀਕਤ ਵੇਖ ਵਖਾਈਆ। ਆਪੇ ਪਰਗਟ ਹੋਏ ਬੇਐਬ ਪਰਵਰਦਿਗਾਰਾ, ਨੂਰੋ ਨੂਰ ਜਲਵਾ ਨੂਰ ਇਲਾਹੀਆ। ਆਪੇ ਬੋਲੇ ਫ਼ਤਿਹ ਜੈਕਾਰਾ, ਏਕਾ ਡੰਕਾ ਨਾਮ ਵਜਾਈਆ। ਚਾਰ ਵਰਨ ਚਾਰ ਕੁੰਟ ਚਾਰ ਮੁਖ ਚਾਰ ਵੇਦ ਬ੍ਰਹਮਾ ਕਰੇ ਖ਼ਵਾਰਾ, ਧੀਰਜ ਧੀਰ ਨਾ ਕfੋJ ਧਰਾਈਆ। ਹਰਿ ਸੰਗਤ ਤੇਰਾ ਸਚ ਪਿਆਰਾ, ਲੋਕਮਾਤ ਦਏ ਵਖਾਈਆ। ਤੇਰਾ ਮੰਦਰ ਬਣਾਇਆ ਇਕ ਮੁਨਾਰਾ, ਨੌ ਦਰ ਖੋਲ੍ਹ ਖੁਲਾਈਆ। ਸਾਚੀ ਕੁੱਲੀ ਸਿਰਜਣਹਾਰਾ, ਸਾਚਾ ਰੰਗ ਚੜ੍ਹਾਈਆ। ਸਾਢੇ ਤਿੰਨ ਹੱਥ ਤੇਰਾ ਪਾਰ ਕਿਨਾਰਾ, ਸਿੰਘ ਮਨਜੀਤਾ ਦਏ ਕਰਾਈਆ। ਸਿੰਘ ਜਗਦੀਸਾ ਬੋਲ ਜੈਕਾਰਾ, ਹਰਿ ਸੰਗਤ ਰਿਹਾ ਸਮਝਾਈਆ। ਮਗਰੇ ਔਣਾ ਵਾਰੋ ਵਾਰਾ, ਰਾਹ ਵਿਚ ਨਾ ਕੋਇ ਅਟਕਾਈਆ। ਬ੍ਰਹਮਾ ਵਿਸ਼ਨ ਸ਼ਿਵ ਨਿਉਂ ਨਿਉਂ ਕਰਨ ਨਿਮਸਕਾਰਾ, ਗੁਰਸਿਖ ਤੇਰਾ ਰਾਹ ਤਕਾਈਆ। ਸਚਖੰਡ ਨਵਾਸੀ ਅਗੇ ਖੜਾ ਜੋਧਾ ਸੂਰਬੀਰ ਬਲੀ ਬਲਕਾਰਾ, ਚਤਰਭੁਜ ਆਪਣੀਆਂ ਭੁਜਾਂ ਰਿਹਾ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਹਰਿ ਸੰਗਤ ਲਾਈ ਫੁਲ ਫਲਵਾੜੀ ਵੇਖੇ ਥਾਉਂ ਥਾਈਆ। ਕਰੇ ਖੇਲ ਹਰਿ ਸਮਰਥ, ਆਪਣੀ ਖੇਲ ਆਪ ਖਿਲਾਇੰਦਾ। ਖੰਡੇ ਉਪਰ ਖੰਡਾ ਰੱਖ, ਚੰਡ ਪਰਚੰਡ ਚਮਕਾਇੰਦਾ। ਗੁਰਮੁਖ ਗੁਰਸਿਖ ਲਖ ਚੁਰਾਸੀ ਵਿਚੋਂ ਕਰੇ ਵੱਖ, ਆਪਣੀ ਵੰਡ ਹਰਿ ਆਪ ਵੰਡਾਇੰਦਾ। ਸੋਹੰ ਸ਼ਬਦ ਏਕਾ ਦੱਸ, ਹੰ ਬ੍ਰਹਮ ਮੇਲ ਮਿਲਾਇੰਦਾ। ਸਾਧਾਂ ਸੰਤਾਂ ਭਾਂਡੇ ਕੀਤੇ ਸਖ, ਹਰਿ ਕਾ ਰੂਪ ਦਿਸ ਕਿਸੇ ਨਾ ਆਇੰਦਾ। ਅੱਜ ਕੱਖੋਂ ਹੋਏ ਲੱਖ, ਸ਼ਾਹ ਕਰੋੜੀ ਖ਼ਾਕ ਰਲਾਇੰਦਾ। ਗੁਰਸਿਖਾਂ ਦਰਸ ਦਿਖਾਏ ਹੋ ਪਰਤਖ, ਆਪ ਆਪਣਾ ਰੂਪ ਵਟਾਇੰਦਾ। ਚਾਰੋਂ ਕੁੰਟ ਕਲਜੁਗ ਤਪਿਆ ਮੱਠ, ਤ੍ਰੈਗੁਣ ਮਾਇਆ ਲੰਬੂ ਲਾਇੰਦਾ। ਉਤਰ ਪੂਰਬ ਪੱਛਮ ਦੱਖਣ ਆਪੇ ਕਰੇ ਇਕੱਠ, ਆਪਣੀ ਵੰਡ ਵੰਡਾਇੰਦਾ। ਝੂਠਾ ਬੁਰਜ ਰਿਹਾ ਢੱਠ, ਸਾਚਾ ਭਾਰ ਨਾ ਕੋਇ ਵੰਡਾਇੰਦਾ। ਪਹਿਲੀ ਚੇਤਰ ਸੀਸ ਉਪਰ ਤਾਜ ਰੱਖ, ਸ਼ਾਹ ਸੁਲਤਾਨ ਆਪ ਅਖਵਾਇੰਦਾ। ਹਰਿ ਸੰਗਤ ਤੇਰਾ ਕਰੇ ਪੱਖ, ਦੂਸਰ ਹੱਥ ਕਿਸੇ ਨਾ ਆਇੰਦਾ। ਗੁਰਸਿਖ ਤੇਰਾ ਖੰਡਾ ਆਪਣੇ ਸੀਸ ਰੱਖ, ਜਗਦੀਸ ਆਪਣੀ ਭੇਟਾ ਤੇਰੇ ਅੱਗੇ ਚੜ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਜੁਗ ਸਾਚਾ ਰਾਹ ਵਖਾਇੰਦਾ। ਏਕਾ ਖੰਡਾ ਸਿਰ ਜਗਦੀਸ, ਹਰਿ ਆਪਣੇ ਆਪ ਟਿਕਾਈਆ। ਦੂਜੀ ਸ੍ਰਿਸ਼ਟੀ ਜਾਏ ਪੀਸ, ਕਲਜੁਗ ਚੱਕੀ ਆਪ ਚਲਾਈਆ। ਕਿਸੇ ਦੇ ਛਤਰ ਝੁੱਲੇ ਨਾ ਸੀਸ, ਸੀਸ ਤਾਜ ਨਾ ਕੋਇ ਟਿਕਾਈਆ। ਨਾ ਕੋਈ ਪੜ੍ਹੇ ਜਗਤ ਹਦੀਸ, ਨਾਅਰਾ ਨਾਮ ਨਾ ਕੋਇ ਲਗਾਈਆ। ਸ਼ਾਹ ਸੁਲਤਾਨਾਂ ਖ਼ਾਲੀ ਖੀਸ, ਘਰ ਘਰ ਮੰਗਣ ਭਿਛਿਆ ਕੋਇ ਨਾ ਪਾਈਆ। ਪਰਗਟ ਹੋਇਆ ਬੀਸ ਇਕੀਸ, ਬੀਸ ਬੀਸਾ ਵਡ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਨੌ ਖੰਡ ਪ੍ਰਿਥਮੀ ਦੇਵੇ ਆਪ ਸਜਾਈਆ। ਚੰਡ ਪਰਚੰਡ ਰੱਖ ਹੱਥ ਕਰਤਾਰ, ਕਰਨੀ ਕਰਤਾ ਕਿਰਤ ਕਮਾਇੰਦਾ। ਸ੍ਰਿਸ਼ਟ ਸਬਾਈ ਆਰ ਪਾਰ, ਸੀਸ ਧੜ ਆਪ ਕਟਾਇੰਦਾ। ਨਾਰੀ ਨਰ ਹੋਏ ਖ਼ਵਾਰ, ਗੁਰ ਪੀਰ ਅਵਤਾਰ ਨਾ ਕੋਇ ਬਚਾਇੰਦਾ। ਚਾਰੋਂ ਕੁੰਟ ਧੁਆਂਧਾਰ, ਸੂਰਜ ਚੰਨ ਮੁਖ ਸ਼ਰਮਾਇੰਦਾ। ਅੱਲਾ ਰਾਣੀ ਕਰੇ ਪੁਕਾਰ, ਸਿਰ ਹੱਥ ਨਾ ਕੋਇ ਟਿਕਾਇੰਦਾ। ਨਾਤਾ ਤੁੱਟਾ ਇਕ ਪਰਵਰਦਿਗਾਰ, ਸਾਂਝਾ ਯਾਰ ਦਿਸ ਨਾ ਆਇੰਦਾ। ਹਰਿ ਸੰਗਤ ਤੇਰਾ ਬਣ ਸੇਵਾਦਾਰ, ਸਾਚੀ ਸੇਵਾ ਆਪ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਆਪ ਆਪਣੀ ਕਲ ਵਰਤਾਇੰਦਾ। ਵਰਤੇ ਕਲਜੁਗ ਕਲ, ਹਰਿ ਸਾਚਾ ਆਪ ਵਰਤਾਈਆ। ਸ੍ਰਿਸ਼ਟ ਸਬਾਈ ਭੁਲਾਏ ਕਰ ਕਰ ਵਲ ਛਲ, ਹਰਿਜਨ ਸਾਚੇ ਲਏ ਉਠਾਈਆ। ਵਸਣਹਾਰਾ ਨੇਹਚਲ ਧਾਮ ਅਟੱਲ, ਲੋਕਮਾਤ ਜੋਤ ਕਰੇ ਰੁਸ਼ਨਾਈਆ। ਸਾਚਾ ਦੀਪਕ ਗਿਆ ਬਲ, ਸੰਬਲ ਨਗਰੀ ਰੁੱਤ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਲਏ ਤਰਾਈਆ। ਹਰਿਜਨ ਸਾਚਾ ਪੇਖਿਆ, ਪਰਮ ਪੁਰਖ ਕਰਤਾਰ। ਲੇਖਾ ਚੁਕਾਏ ਧਾਰੀ ਕੇਸਿਆ, ਮੂੰਡ ਮੁੰਡਾਏ ਲਏ ਉਭਾਰ। ਰੂਪ ਵਟਾਏ ਦਸ ਦਸਮੇਸਿਆ, ਨਿਰਗੁਣ ਜੋਤ ਕਰ ਉਜਿਆਰ। ਸੇਵਾ ਲਾਏ ਬ੍ਰਹਮਾ ਵਿਸ਼ਨ ਮਹੇਸ਼ਿਆ, ਤ੍ਰੈਗੁਣ ਮਾਇਆ ਕਰ ਖ਼ਵਾਰ। ਆਪੇ ਕਰੇ ਅਵਲੜਾ ਵੇਸਿਆ, ਨਿਹਕਲੰਕਾ ਲੈ ਅਵਤਾਰ। ਆਪੇ ਸੁਤਾ ਬਾਸ਼ਕ ਸ਼ੇਸ਼ਿਆ, ਆਪ ਆਪਣੀ ਸੇਜ ਸਵਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨੌ ਸੌ ਚੁਰਾਨਵੇ ਚੌਕੜੀ ਜੁਗ ਤੇਰਾ ਕਰਜਾ ਦਏ ਉਤਾਰ। ਨੌ ਸੌ ਚੁਰਾਨਵੇ ਚੌਕੜੀ ਵੇਲਾ ਅੰਤਮ ਆਇਆ, ਹਰਿ ਸਾਚਾ ਵੇਖ ਵਖਾਇੰਦਾ। ਸ੍ਰਿਸ਼ਟ ਸਬਾਈ ਆਪ ਉਪਜਾਏ ਆਪੇ ਦਾਈ ਆਪੇ ਦਾਇਆ, ਆਪ ਆਪਣੀ ਬਣਤ ਬਣਾਇੰਦਾ। ਪੰਜ ਤਤ ਮੁਨਾਰਾ ਆਪ ਰਖਾਇਆ, ਆਪੇ ਸੇਵ ਕਮਾਇੰਦਾ। ਵਿਸ਼ਨੂੰ ਦੇਵੇ ਰਿਜਕ ਸਬਾਇਆ, ਸੁਰਪਤ ਸਾਚੀ ਸਾਰ ਦਰ ਘਰ ਸਾਚੇ ਆਪੇ ਪਾਇੰਦਾ। ਚੌਥੇ ਜੁਗ ਖੇਲ ਖਿਲਾ, ਚੌਥੀ ਕੂਟ ਵੇਖ ਵਖਾਇੰਦਾ। ਚੌਥਾ ਪੌੜਾ ਆਪ ਰਖਾਇਆ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਦਰ ਘਰ ਸਾਚਾ ਇਕ ਸੁਹਾਇੰਦਾ। ਦਰ ਘਰ ਸਾਚਾ ਹਰਿ ਸੁਹਾਵਨਾ, ਹਰਿ ਸਾਚੇ ਵਡ ਵਡਿਆਈਆ । ਕਲਜੁਗ ਵੇਲਾ ਅੰਤ ਕਰਾਵਨਾ, ਲੋਕਮਾਤ ਰਹਿਣ ਨਾ ਪਾਈਆ। ਸਤਿਜੁਗ ਸਾਚਾ ਮਾਰਗ ਲਾਵਣਾ, ਸਾਚੀ ਸਿਖਿਆ ਇਕ ਸਮਝਾਈਆ। ਨੌ ਖੰਡ ਪ੍ਰਿਥਮੀ ਸ਼ਹਿਨਸ਼ਾਹ ਇਕ ਅਖਵਾਵਣਾ, ਦੂਸਰ ਹੋਰ ਨਾ ਬਣਤ ਬਣਾਈਆ। ਲੱਖ ਚੁਰਾਸੀ ਏਕਾ ਸ਼ਬਦ ਪੜ੍ਹਾਵਨਾ, ਸਤਿਜੁਗ ਸਾਚਾ ਸਚ ਸਮਝਾਈਆ। ਰਾਮ ਕ੍ਰਿਸ਼ਨ ਨਾਨਕ ਗੋਬਿੰਦ ਈਸਾ ਮੂਸਾ ਸੰਗ ਮੁਹੰਮਦ ਏਕਾ ਰੰਗ ਰੰਗਾਵਨਾ, ਆਪ ਆਪਣੇ ਵਿਚ ਟਿਕਾਈਆ। ਦਹਿ ਦਿਸ਼ਾ ਏਕਾ ਰੂਪ ਨਜ਼ਰੀ ਆਵਣਾ, ਨੂਰੋ ਨੂਰ ਸਵਾਈਆ। ਸੋਹੰ ਗੀਤ ਸੁਹਾਗੀ ਸ੍ਰਿਸ਼ਟ ਸਬਾਈ ਗਾਵਣਾ, ਲੋਕਮਾਤ ਵੱਜੇ ਵਧਾਈਆ। ਪੁਰਖ ਅਕਾਲ ਇਕ ਮਨਾਵਣਾ, ਪੁਰੀਆਂ ਲੋਆਂ ਮਾਤ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਨਰ ਅਵਤਾਰੀ ਖੇਲ ਅਪਾਰੀ, ਵਡ ਸੰਸਾਰੀ ਆਪ ਕਰਾਈਆ। ਵਡ ਸੰਸਾਰਾ ਹਰਿ ਸਿਕਦਾਰਾ, ਸਾਚਾ ਸ਼ਾਹ ਸੁਲਤਾਨਿਆ। ਖੇਲੇ ਖੇਲ ਅਗੰਮ ਅਪਾਰਾ, ਨਿਰਗੁਣ ਧਾਰਾ ਦੋ ਜਹਾਨਿਆ। ਗੁਰਮੁਖਾਂ ਦੇਵੇ ਇਕ ਅਧਾਰਾ, ਨਾਮ ਸਾਚਾ ਤਨ ਤਰਾਨਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਛੱਬੀ ਪੋਹ ਵਸੇ ਘਰ ਘਰ, ਮੰਦਰ ਕਰ ਪਰਵਾਨਿਆ। ਗੁਰਸਿਖ ਤੇਰਾ ਕਾਇਆ ਮੰਦਰ, ਹਰਿ ਸਤਿਗੁਰ ਦਏ ਸੁਹਾਈਆ। ਆਪੇ ਵੇਖੇ ਤੇਰਾ ਅੰਦਰ, ਤੇਰਾ ਤੇਰੇ ਵਿਚ ਸਮਾਈਆ। ਆਪੇ ਤੋੜੇ ਲੱਗਾ ਜੰਦਰ, ਬਜਰ ਕਪਾਟੀ ਰਹਿਣ ਨਾ ਪਾਈਆ। ਆਪੇ ਕਰੇ ਪ੍ਰਕਾਸ਼ ਡੂੰਘੀ ਕੰਦਰ, ਜੋਤੀ ਨੂਰ ਨੂਰ ਰੁਸ਼ਨਾਈਆ। ਕਿਸੇ ਹੱਥ ਨਾ ਆਇਆ ਗੋਰਖ ਮਛੰਦਰ, ਉਚੇ ਟਿਲੇ ਬੈਠੇ ਧੂਣੀਆਂ ਤਾਈਆ। ਚਾਰੋਂ ਕੁੰਟ ਭੌਦੇ ਬੰਦਰ, ਮਨ ਮਤ ਹੋਈ ਹਲਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਸਾਚੇ ਲੇਖ ਲਿਖਾਈਆ। ਗੁਰਮੁਖ ਸਾਜਣ ਸਾਚਾ ਲੇਖਾ, ਹਰਿ ਸਾਚਾ ਆਪ ਲਖਾਇੰਦਾ । ਕਲਜੁਗ ਅੰਤਮ ਧਰਿਆ ਵੇਸਾ, ਵੇਸ ਅਵਲੜਾ ਆਪ ਕਰਾਇੰਦਾ। ਮੇਲ ਮਿਲਾਵਾ ਦਸ ਦਸਮੇਸਾ, ਦਰ ਘਰ ਸਾਚਾ ਇਕ ਸੁਹਾਇੰਦਾ। ਕਲਜੁਗ ਅੰਤਮ ਚਲੇ ਕਿਸੇ ਦੀ ਕੋਈ ਨਾ ਪੇਸ਼ਾ, ਹਰਿ ਭਾਣੇ ਆਪ ਸਮਾਇੰਦਾ। ਸ਼ਾਹੋ ਭੂਪ ਵਡ ਨਰ ਨਰੇਸ਼ਾ, ਨਰ ਨਰਾਇਣ ਆਪਣਾ ਨਾਉਂ ਉਪਜਾਇੰਦਾ। ਆਪੇ ਹੋਏ ਰਿਖੀ ਕੇਸਾ, ਗੋਵਰਧਨ ਆਪਣੇ ਹੱਥ ਉਠਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਆਪ ਆਪਣਾ ਭੇਵ ਖੁਲ੍ਹਾਇੰਦਾ। ਨਿਰਗੁਣ ਭੇਵ ਜਾਣਾ ਖੁੱਲ੍ਹ, ਹਰਿ ਸਾਚਾ ਆਪ ਖੁਲ੍ਹਾਈਆ। ਹਰਿ ਸੰਗਤ ਉਪਜਾਈ ਸਾਚੀ ਕੁੱਲ, ਕਲਵੰਤਾ ਵਡ ਵਡਿਆਈਆ। ਕਰਤਾ ਕੀਮਤ ਪਾਏ ਮੁੱਲ, ਲੱਖ ਕਰੋੜੀ ਨਾ ਕੋਇ ਚੁਕਾਈਆ। ਦਰ ਘਰ ਸਾਚੇ ਉਪਜਿਆ ਸਾਚਾ ਫੁੱਲ, ਫੁੱਲ ਫੁਲਵਾੜੀ ਆਪ ਮਹਿਕਾਈਆ। ਆਦਿ ਜੁਗਾਦਿ ਸਦਾ ਅਭੁੱਲ, ਭਰਮ ਭੁਲੇਖੇ ਵਿਚ ਨਾ ਆਈਆ। ਹਰਿ ਸੰਗਤ ਸੋਹੰ ਸ਼ਬਦ ਰਸਨਾ ਗੌਦੇਂ ਸੋਹੰਦੇ ਬੁੱਲ, ਪਵਨ ਸਵਾਸ ਨਾਲ ਰਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਚਾਰੋਂ ਕੁੰਟ ਖਿਚ ਲਕਾਰ, ਗੁਰਮੁਖ ਆਪਣੇ ਅੰਦਰ ਲੇਵੇ ਵਾੜ, ਕਦਮ ਬਾਹਰ ਨਾ ਕੋਇ ਟਿਕਾਈਆ। ਸ਼ਬਦ ਸਰੂਪੀ ਖਿਚ ਲਕੀਰ, ਹਰਿ ਸਚ ਨਿਸ਼ਾਨ ਲਗਾਇੰਦਾ। ਕਿਸੇ ਹੱਥ ਨਾ ਆਏ ਪੀਰ ਫ਼ਕੀਰ, ਗਿਆਨੀ ਧਿਆਨੀ ਨਾ ਵੇਖ ਵਖਾਇੰਦਾ। ਪੰਡਤ ਪਾਂਧੇ ਜਗਤ ਰਹੇ ਘਤ ਵਹੀਰ, ਕਲਜੁਗ ਪੰਧ ਨਾ ਕੋਇ ਮੁਕਾਇੰਦਾ। ਪਰਗਟ ਹੋਇਆ ਗੁਣੀ ਗਹੀਰ, ਗਹਿਰ ਗੰਭੀਰ ਸਾਗਰ ਆਪਣਾ ਨਾਉਂ ਧਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਸ਼ਬਦ ਸਰੂਪੀ ਸਚ ਬਬਾਣਾ ਗੁਰਮੁਖਾਂ ਵਿਖਾਏ ਇਕ ਟਿਕਾਣਾ, ਦਰਗਾਹ ਸਾਚੀ ਧਾਮ ਸੁਹਾਇੰਦਾ। ਦਰਗਾਹ ਸਾਚੀ ਧਾਮ ਅਵੱਲਾ, ਹਰਿ ਸਤਿਗੁਰ ਆਪ ਸੁਹਾਇਆ। ਪੁਰਖ ਅਬਿਨਾਸ਼ੀ ਇਕ ਅਕੱਲਾ, ਬੈਠਾ ਆਸਣ ਲਾਇਆ। ਵਸਣਹਾਰਾ ਜਲਾਂ ਥਲਾਂ, ਜਲ ਥਲ ਮਹੀਅਲ ਫੇਰਾ ਪਾਇਆ। ਸ਼ਬਦੀ ਜੋਤੀ ਆਪੇ ਰਲਾ, ਪਵਨ ਪਵਨੀ ਡੇਰਾ ਲਾਇਆ। ਸਚ ਸਨੇਹੜਾ ਏਕਾ ਘੱਲਾ, ਧੁਰ ਫ਼ਰਮਾਨ ਨਾ ਕਿਸੇ ਜਣਾਇਆ। ਜਨ ਭਗਤਾਂ ਫੜਾਏ ਜੁਗ ਜੁਗ ਆਪਣਾ ਪੱਲਾ, ਕਲਜੁਗ ਅੰਤਮ ਵੇਖ ਵਖਾਇਆ। ਚਾਰੋਂ ਕੁੰਟ ਬੋਲਣਹਾਰਾ ਹੱਲਾ, ਆਪਣੇ ਹੱਥ ਖੰਡਾ ਚਮਕਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਪੁਰਖ ਅਬਿਨਾਸ਼ੀ ਆਪ ਅਖਵਾਇਆ। ਪੁਰਖ ਅਬਿਨਾਸ਼ੀ ਹਰਿ ਬੇਅੰਤ, ਭੇਵ ਕੋਇ ਨਾ ਪਾਇੰਦਾ। ਗਾ ਗਾ ਥੱਕੇ ਸਾਧ ਸੰਤ, ਗੁਰ ਪੀਰ ਅਵਤਾਰ ਰਾਹ ਤਕਾਇੰਦਾ। ਲੱਖ ਚੁਰਾਸੀ ਮਾਇਆ ਪਾਏ ਬੇਅੰਤ, ਜੁਗ ਜੁਗ ਆਪਣਾ ਪਰਦਾ ਆਪ ਰਖਾਇੰਦਾ। ਆਦਿ ਜੁਗਾਦੀ ਮਹਿਮਾ ਅਗਣਤ, ਅਲਖ ਨਿਰੰਜਣ ਕੋਇ ਨਾ ਗਾਇੰਦਾ। ਆਪ ਬਣਾਈ ਆਪਣੀ ਬਣਤ, ਆਪੇ ਘੜੇ ਆਪੇ ਭੰਨ ਵਖਾਇੰਦਾ। ਲੱਖ ਚੁਰਾਸੀ ਜੀਵ ਜੰਤ, ਨੌ ਖੰਡ ਪ੍ਰਿਥਮੀ ਫੋਲ ਫੁਲਾਇੰਦਾ। ਗੁਰਮੁਖ ਨਾਰੀ ਮਿਲਿਆ ਹਰਿ ਹਰਿ ਸਾਚਾ ਕੰਤ, ਜਗਤ ਦੁਹਾਗਣ ਨਾਰ ਸਰਬ ਕੁਰਲਾਇੰਦਾ। ਰਸਨਾ ਜੇਹਵਾ ਮਣੀਆ ਮੰਤ, ਸੋਹੰ ਸ਼ਬਦ ਇਕ ਪੜ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਪੁਰਖ ਅਗੰਮਾ ਨਾ ਮਰੇ ਨਾ ਕਦੇ ਜੰਮਾ, ਮਾਤ ਗੋਦ ਨਾ ਕੋਏ ਸੁਹਾਇੰਦਾ। ਨਾ ਕੋਈ ਮਾਤ ਪਿਤ ਕਰੇ ਪਿਆਰ, ਭੈਣ ਭਾਈ ਨਾ ਕੋਏ ਅਖਵਾਈਆ। ਧੀਆਂ ਪੁੱਤਰ ਨਾ ਸੁਤ ਦੁਲਾਰ, ਜਗਤ ਕੰਤ ਨਾ ਕੋਇ ਵਖਾਈਆ। ਕਾਮ ਕਰੋਧ ਲੋਭ ਮੋਹ ਨਾ ਕੋਈ ਹੰਕਾਰ, ਮਾਇਆ ਮਮਤਾ ਨਾ ਅੰਗ ਲਗਾਈਆ। ਜੂਠ ਝੂਠ ਨਾ ਕੋਇ ਵਣਜਾਰ, ਆਸਾ ਤ੍ਰਿਸਨਾ ਨਾ ਸੰਗ ਰਖਾਈਆ। ਇਕ ਅਕੱਲਾ ਏਕੰਕਾਰ, ਜੁਗ ਜੁਗ ਆਪਣੀ ਕਰਨੀ ਆਪ ਕਰਾਈਆ। ਸਤਿਜੁਗ ਤਰੇਤਾ ਦਵਾਪਰ ਲੈ ਅਵਤਾਰ, ਆਪ ਆਪਣਾ ਵੇਸ ਵਟਾਈਆ। ਕਲਜੁਗ ਕੂੜੇ ਕਰੇ ਖ਼ਵਾਰ, ਨਿਰਗੁਣ ਜੋਤ ਕਰ ਰੁਸ਼ਨਾਈਆ। ਗੁਰਮੁਖ ਸਾਚੇ ਲਏ ਉਭਾਰ, ਅੰਦਰ ਵੜ ਵੜ ਦੇ ਮਤ ਆਪ ਸਮਝਾਈਆ। ਇਕ ਵਖਾਏ ਪਾਰ ਕਿਨਾਰ, ਸਾਚੇ ਬੇੜੇ ਆਪ ਚੜ੍ਹਾਈਆ। ਚੱਪੂ ਲਾਏ ਸੇਵਾਦਾਰ, ਆਪ ਆਪਣੀ ਸੇਵ ਕਮਾਈਆ। ਜੋਤੀ ਜੋਤ ਸਰੂਪ ਹਰਿ, ਨਿਰਗੁਣ ਜੋਤੀ ਜੋਤ ਉਜਾਲਾ, ਦੀਨਾ ਬੰਧਪ ਗੁਰ ਗੋਪਾਲਾ, ਗੁਰਮੁਖਾਂ ਕਰੇ ਸਦਾ ਪ੍ਰਿਤਪਾਲਾ, ਪ੍ਰਿਤਪਾਲਕ ਵਡ ਵਡਿਆਈਆ। ਪ੍ਰਿਤਪਾਲੇ ਹਰਿ ਮਿਹਰਵਾਨ, ਜੁਗ ਜੁਗ ਦਇਆ ਕਮਾਇੰਦਾ। ਜਨ ਭਗਤਾਂ ਦੇਵੇ ਭਗਤੀ ਦਾਨ, ਸਾਚੀ ਭਿਛਿਆ ਝੋਲੀ ਪਾਇੰਦਾ। ਆਤਮ ਅੰਤਰ ਇਕ ਗਿਆਨ, ਬ੍ਰਹਮ ਗਿਆਨ ਆਪ ਸਮਝਾਇੰਦਾ। ਏਕਾ ਰਸਨਾ ਪੀਣ ਖਾਣ, ਏਕਾ ਤ੍ਰਿਪਤ ਵਖਾਇੰਦਾ। ਏਕਾ ਨਾਦ ਧੁਨ ਧੁਨਕਾਨ, ਏਕਾ ਮੰਗਲ ਆਪ ਸੁਣਾਇੰਦਾ। ਏਕਾ ਘਰ ਸਚਾ ਮਕਾਨ, ਸਚਖੰਡ ਦਵਾਰਾ ਆਪ ਉਪਾਇੰਦਾ। ਏਕਾ ਧਰਮ ਸੱਚਾ ਨਿਸ਼ਾਨ, ਦਰ ਘਰ ਸਾਚੇ ਆਪ ਝੁਲਾਇੰਦਾ। ਲਾਲ ਰੰਗ ਨਾ ਸਕੇ ਕੋਈ ਪਛਾਣ, ਲਾਲਨ ਆਪਣਾ ਰੰਗ ਰੰਗਾਇੰਦਾ। ਸੋ ਪੁਰਖ ਨਿਰੰਜਣ ਹੋ ਪਰਧਾਨ, ਕੰਚਨ ਰੂਪ ਵਟਾਇੰਦਾ । ਹਰਿ ਪੁਰਖ ਨਿਰੰਜਣ ਆਪਣੀ ਆਣ, ਆਪਣੀ ਆਣ ਆਪ ਵਖਾਇੰਦਾ। ਸੂਹੀ ਧਾਰ ਏਕੰਕਾਰ, ਨਿਰਗੁਣ ਆਪਣੀ ਆਪ ਚਲਾਈਆ। ਚਿੱਟਾ ਰੰਗ ਸੂਰਾ ਸਰਬੰਗ, ਘਰ ਸਾਚੇ ਵੇਖ ਵਿਖਾਈਆ। ਪੀਲਾ ਵੇਸ ਦਰ ਦਰਵੇਸ, ਗੁਰ ਗੋਬਿੰਦ ਦਏ ਗਵਾਹੀਆ। ਨੀਲੀ ਧਾਰ ਕਰੇ ਆਦੇਸ, ਰਵ ਸਸ ਸੂਰਜ ਚੰਨ ਮੰਡਲ ਮੰਡਪ ਸਤਾਰ ਨਿਉਂ ਨਿਉਂ ਸੀਸ ਝੁਕਾਈਆ। ਕਾਲਾ ਸੂਸਾ ਈਸਾ ਮੂਸਾ, ਹਰਿ ਸਾਚਾ ਤਨ ਪਹਿਨਾਈਆ। ਕਲਜੁਗ ਵੇਖੇ ਜਗਤ ਹਦੀਸਾ, ਕੂੜੀ ਕਿਰਿਆ ਕੂੜ ਪੜ੍ਹਾਈਆ। ਲੇਖਾ ਜਾਣੇ ਚੀਨਾ ਰੂਸਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਆਪਣਾ ਲੇਖਾ ਆਪਣੇ ਹੱਥ ਰਖਾਈਆ। ਆਪਣੀ ਜਾਣੇ ਆਪੇ ਵੱਥ, ਨਾ ਹੱਥ ਕਿਸੇ ਫੜਾਇੰਦਾ। ਹਰਿ ਸੰਗਤ ਸਾਚਾ ਕਰ ਅਕੱਠ, ਗੁਰਮਤ ਇਕ ਰਖਾਇੰਦਾ। ਚਾਰ ਵਰਨ ਨਾ ਕੋਈ ਵੱਟ, ਦੂਈ ਦਵੈਤੀ ਪੜਦਾ ਲਾਇੰਦਾ। ਗੁਰਚਰਨ ਦਵਾਰਾ ਸਾਚਾ ਹੱਟ, ਹਿੰਦੂ ਮੁਸਲਮ ਸਿੱਖ ਈਸਾਈ ਏਕਾ ਧਾਮ ਬਹਾਇੰਦਾ। ਅੰਮ੍ਰਿਤ ਆਤਮ ਲੈਣਾ ਚੱਟ, ਨਿਝਰ ਝਿਰਨਾ ਆਪ ਝਿਰਾਇੰਦਾ। ਜੋਤ ਜਗਾਏ ਲਟ ਲਟ, ਦੀਪਕ ਦੀਪਕ ਸੰਗ ਰਲਾਇੰਦਾ। ਭਾਗ ਲਗਾਏ ਕਾਇਆ ਮੱਟ, ਹਰਿ ਜੂ ਹਰਿ ਮੰਦਰ ਵੇਖ ਵਖਾਇੰਦਾ। ਸੇਵਾ ਕਰੇ ਨੱਠ ਨੱਠ, ਗੁਰਮੁਖ ਸੋਏ ਆਪ ਉਠਾਇੰਦਾ। ਵਸਣਹਾਰਾ ਘਟ ਘਟ, ਆਪ ਆਪਣਾ ਮੁਖ ਛੁਪਾਇੰਦਾ। ਇਕ ਜਣਾਏ ਪੂਜਾ ਪਾਠ, ਗੁਰ ਮੰਤਰ ਇਕ ਸੁਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਸਤਿਜੁਗ ਤੇਰੀ ਸਾਚੀ ਧਾਰ, ਪ੍ਰਗਟ ਕਰੇ ਵਿਚ ਸੰਸਾਰ, ਸਾਚਾ ਮਾਰਗ ਆਪੇ ਲਾਇੰਦਾ। ਸਾਚਾ ਮਾਰਗ ਹਰਿ ਹਰਿ ਲੌਣਾ, ਕਲਜੁਗ ਕਿਰਿਆ ਦਏ ਮਿਟਾਈਆ। ਰਾਜ ਰਾਜਾਨਾ ਸ਼ਾਹ ਸੁਲਤਾਨਾਂ ਰਾਓ ਰੰਕਾਂ ਏਕਾ ਧਾਮ ਬਹੌਣਾ, ਊਚ ਨੀਚ ਨਾ ਕੋਈ ਵਖਾਈਆ। ਸ੍ਰਿਸ਼ਟ ਸਬਾਈ ਸੋਹੰ ਅੱਖਰ ਜਾਪ ਜਪੌਣਾ, ਬੀਸ ਬੀਸਾ ਰਾਹ ਤਕਾਈਆ। ਸੀਸ ਤਾਜ ਜਗਦੀਸ ਟਿਕੌਣਾ, ਪੰਚਮ ਮੁਖ ਮੁਖ ਰਖਾਈਆ। ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਉਪਰ ਲੇਖ ਲਿਖੌਣਾ, ਆਪ ਆਪਣੀ ਦਯਾ ਕਮਾਈਆ। ਸੱਤ ਰੰਗ ਨਿਸ਼ਾਨਾ ਆਪ ਚੜ੍ਹੌਣਾ, ਦਿੱਲੀ ਦਵਾਰੇ ਫੇਰਾ ਪਾਈਆ। ਪੰਦਰਾਂ ਕੱਤਕ ਦਿਵਸ ਸੁਹੌਣਾ, ਬੀਸ ਇਕੀਸਾ ਖੇਲ ਖਿਲਾਈਆ। ਲਿਖਿਆ ਲੇਖ ਨਾ ਕਿਸੇ ਮਿਟੌਣਾ, ਮੇਟਣਹਾਰ ਨਾ ਕੋਇ ਅਖਵਾਈਆ। ਚਿਟੇ ਉਪਰ ਕਾਲੀ ਧਾਰ ਰਖੌਣਾ, ਨੁਕਤਾ ਐਨ ਨਾ ਕੋਈ ਜਣਾਈਆ। ਅਲਫ਼ ਅਲਫ਼ੀ ਏਕਾ ਪੌਣਾ, ਏਕਾ ਏਕ ਮੁਖ ਸਲਾਹੀਆ। ਊੜਾ ਓਅੰਕਾਰ ਨਾਉਂ ਧਰੌਣਾ, ਤ੍ਰੈ ਲੋਕ ਆਪਣੇ ਵਿਚ ਬੰਦ ਕਰਾਈਆ। ਐੜਾ ਅੱਖ ਇਕ ਖੁਲੌਣਾ, ਨਿਰਗੁਣ ਸਰਗੁਣ ਵੇਖ ਵਖਾਈਆ। ਈੜੀ ਇਸ਼ਟ ਸਰਬ ਬਨੌਣਾ, ਈਸ ਜੀਵ ਵਡ ਵਡਿਆਈਆ। ਸੱਸਾ ਕਿਲਾ ਆਪ ਸੁਹੌਣਾ, ਚਾਰੇ ਕੁੰਟ ਬੰਦ ਕਰਾਈਆ। ਉਪਰ ਹੋੜਾ ਇਕ ਟਿਕੌਣਾ, ਨਿਰਗੁਣ ਸਰਗੁਣ ਮੇਲ ਮਿਲਾਈਆ। ਹਾਹਾ ਹਰਿ ਕਾ ਰੂਪ ਵਟੌਣਾ, ਉਪਰ ਟਿਪੀ ਦਏ ਸੁਹਾਈਆ। ਬ੍ਰਹਮ ਬ੍ਰਹਮ ਪ੍ਰਭ ਵੇਖ ਵਖੌਣਾ, ਲੱਖ ਚੁਰਾਸੀ ਫੋਲ ਫੁਲਾਈਆ। ਕਰੇ ਕਰਾਏ ਜੋ ਹਰਿ ਭੌਣਾ, ਹਰਿ ਭਾਣਾ ਵਡ ਵਡਿਆਈਆ। ਹਰਿ ਸੰਗਤ ਦੇ ਬਾਂਹ ਸਰਹਾਣੇ ਸੌਣਾ, ਵੇਲੇ ਅੰਤ ਸਤਿਗੁਰ ਪੂਰਾ ਘਰ ਘਰ ਦਏ ਉਠਾਈਆ। ਉਠਦਿਆਂ ਜਾਗਦਿਆਂ ਚਰਨ ਧਿਆਨ ਰਖੌਣਾ, ਚਰਨ ਕਵਲ ਹਿਰਦੇ ਵਿਚ ਟਿਕਾਈਆ। ਸਤਿਗੁਰ ਪੂਰਾ ਨਜ਼ਰੀ ਔਣਾ, ਸਵਛ ਸਰੂਪ ਰੂਪ ਵਟਾਈਆ। ਬਾਲ ਅਞਾਣੇ ਫੜ ਫੜ ਗਲੇ ਲਗੌਣਾ, ਜਿਉਂ ਮਾਵਾਂ ਪੁੱਤਰਾਂ ਲਾਡ ਲਡਾਈਆ । ਕਾਗੋਂ ਹੰਸ ਬਨੌਣਾ, ਸੋਹੰ ਹੰਸਾ ਚੋਗ ਚੁਗਾਈਆ। ਜਨਮ ਜਨਮ ਦਾ ਰੋਗ ਮਿਟੌਣਾ, ਲੱਖ ਚੁਰਾਸੀ ਕੱਟੇ ਫਾਹੀਆ। ਗੁਰਸਿਖ ਹਰਖ ਸੋਗ ਵਿਚ ਕਦੇ ਨਾ ਔਣਾ, ਪ੍ਰਭ ਮਿਲਿਆ ਬੇਪਰਵਾਹੀਆ। ਦਰ ਘਰ ਸਾਚੇ ਹਰਿ ਸਾਚਾ ਏਕਾ ਪੌਣਾ, ਦੂਜਾ ਰਾਹ ਨਾ ਕੋਇ ਤਕਾਈਆ। ਕਲਜੁਗ ਅੰਤਮ ਦਿਸੇ ਡਰੌਣਾ, ਸ਼ਾਹ ਸੁਲਤਾਨ ਰਹੇ ਕੁਰਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਜੋਤੀ ਜਾਮਾ ਭੇਖ ਵਟਾਈਆ। ਜੋਤੀ ਜਾਮਾ ਹਰਿ ਹਰਿ ਧਰ, ਅਲਖ ਨਿਰੰਜਣ ਅਲੱਖ ਜਗਾਈਆ। ਗੋਬਿੰਦ ਕਾਇਆ ਅੰਦਰ ਵੜ, ਮਹੱਲ ਅਟੱਲ ਸੁਹਾਈਆ। ਨਾ ਕੋਈ ਸੀਸ ਨਾ ਕੋਈ ਧੜ, ਪੰਜ ਤਤ ਨਜ਼ਰ ਨਾ ਆਈਆ। ਕੋਈ ਨਾ ਸਕੇ ਹੱਥੀਂ ਫੜ, ਲੱਭ ਲੱਭ ਥੱਕੀ ਸਰਬ ਲੋਕਾਈਆ। ਹਰਿ ਸੰਗਤ ਉਪਰ ਕਿਰਪਾ ਕਰ, ਹਰਿ ਆਪਣਾ ਮੇਲ ਮਿਲਾਈਆ। ਸ਼ੇਰ ਸਿੰਘ ਕਲਜੁਗ ਅਗਨੀ ਗਿਆ ਸੜ, ਗੁਰਮੁਖਾਂ ਅਗਨੀ ਰਿਹਾ ਬੁਝਾਈਆ। ਜਗਤ ਵਿਦਿਆ ਨਾ ਗਿਆ ਪੜ੍ਹ, ਪੰਡਤ ਪਾਂਧੇ ਨਾ ਕਰੀ ਪੜ੍ਹਾਈਆ। ਆਪਣਾ ਨਿਸ਼ਅੱਖਰ ਵੱਖਰ ਆਪ ਬੰਧਾਇਆ ਆਪਣੇ ਲੜ, ਲੋਕਮਾਤ ਆਇਆ ਚਾਈਂ ਚਾਈਂਆ। ਗੁਰਸਿਖਾਂ ਲਗਾਈ ਡੂੰਘੀ ਜੜ, ਨਾ ਸਕੇ ਕੋਈ ਉਖੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਸ਼ਬਦ ਖੰਡਾ ਤੇਜ ਕਟਾਰ, ਗੁਰਸਿਖ ਤੇਰਾ ਸਚ ਪਿਆਰ, ਆਪਣੇ ਉਤੋਂ ਦੇਵੇ ਵਾਰ, ਸਾਚੀ ਸਿਖਿਆ ਸਿਖ ਸਮਝਾਈਆ। ਸਤਿਜੁਗ ਤੇਰੀ ਸਾਚੀ ਸਿਖੀ, ਚਾਰ ਵਰਨ ਸਮਝਾਇੰਦਾ। ਆਪੇ ਰੱਖੇ ਧਾਰੋਂ ਤਿਖੀ, ਵਰਨ ਗੋਤ ਮੇਟ ਮਿਟਾਇੰਦਾ। ਆਪੇ ਵੇਖੇ ਵਾਲੋਂ ਨਿੱਕੀ, ਦਿਸ ਕਿਸੇ ਨਾ ਆਇੰਦਾ। ਗੋਬਿੰਦ ਤੇਰੀ ਰੇਖ ਲਿਖੀ, ਨਾ ਕੋਈ ਮੇਟ ਮਿਟਾਇੰਦਾ। ਕਲਜੁਗ ਅੰਤਮ ਭੁਗਤੇ ਆਪਣੀ ਪੇਸ਼ੀ, ਦਰ ਦਵਾਰੇ ਹਰਿ ਬੁਲਾਇੰਦਾ। ਨਾਲ ਰਲਾਇਆ ਦਸ ਦਸਮੇਸੀ, ਦਰ ਦਰਵੇਸ਼ ਵੇਸ ਵਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਹੁਕਮ ਸੁਣਾਇੰਦਾ। ਕਲਜੁਗ ਆਇਆ ਚਲ ਦਵਾਰ, ਨੇਤਰ ਨੈਣ ਰਿਹਾ ਵਹਾਈਆ। ਛੱਬੀ ਪੋਹ ਧਾਹਾਂ ਰਿਹਾ ਮਾਰ, ਪ੍ਰਭ ਸਾਚਾ ਦਰ ਦੁਰਕਾਈਆ। ਨੌ ਦਵਾਰੇ ਕਰਨ ਨਾ ਦਏ ਪਾਰ, ਗੁਰਸਿਖਾਂ ਹੱਥ ਖੰਡਾ ਚਮਕਾਈਆ। ਆਪੇ ਉਠ ਕੇ ਗਿਆ ਬਾਹਰ, ਕਲਜੁਗ ਕੂੜਾ ਵੇਖ ਵਖਾਈਆ। ਹਰਿ ਸੰਗਤ ਤੇਰਾ ਕਰਨ ਨਾ ਦਿਤਾ ਦੀਦਾਰ, ਤੇਰੇ ਦਰਸ ਕੋਟਨ ਕੋਟ ਪਾਪੀ ਲਏ ਤਰਾਈਆ। ਆਪੇ ਹੋਇਆ ਖ਼ਬਰਦਾਰ, ਗੁਰਮੁਖ ਸਾਚੇ ਲਏ ਜਗਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਕੂੜੇ ਰਿਹਾ ਸਮਝਾਈਆ। ਕਲਜੁਗ ਸੁਣ ਕਰ ਧਿਆਨ, ਹਰਿ ਸਾਚਾ ਆਪ ਸਮਝਾਇੰਦਾ। ਗੁਰਮੁਖ ਸਾਚੇ ਵੇਖ ਪਛਾਣ, ਪ੍ਰਭ ਸਾਚਾ ਮਸਤਕ ਟਿੱਕਾ ਲਾਇੰਦਾ। ਏਕਾ ਬਖਸ਼ੇ ਚਰਨ ਧਿਆਨ, ਦੂਜਾ ਦਰ ਨਾ ਕੋਇ ਵਖਾਇੰਦਾ। ਤੇਰੀ ਮੰਨੇ ਨਾ ਕੋਈ ਆਣ, ਸਤਿਗੁਰ ਪੂਰਾ ਸਿਰ ਆਪਣਾ ਹੱਥ ਰਖਾਇੰਦਾ। ਨੌ ਖੰਡ ਪ੍ਰਿਥਮੀ ਤੇਰੀ ਦੁਕਾਨ, ਗੁਰਸਿਖ ਵਣਜ ਨਾ ਕੋਏ ਕਰਾਇੰਦਾ। ਛੱਬੀ ਪੋਹ ਹਰਿ ਸੰਗਤ ਚਰਨ ਧੂੜ ਕਰਾਇਆ ਅਸ਼ਨਾਨ, ਜਨਮ ਜਨਮ ਦੀ ਮੈਲ ਗਵਾਇੰਦਾ। ਗੁਰਸਿਖਾਂ ਹੱਥ ਫੜਾ ਤੇਜ ਕਿਰਪਾਨ, ਕਲਜੁਗ ਕੂੜਾ ਬਾਹਰ ਕਢਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਸਿਖਾਂ ਅੰਦਰ ਬੈਠਾ ਵੜ, ਦਿਸ ਕਿਸੇ ਨਾ ਆਇੰਦਾ। ਕਲਜੁਗ ਕੂੜਾ ਨੈਣ ਉਘਾੜ, ਆਪਣਾ ਰਾਹ ਤਕਾਇੰਦਾ। ਪੁਰਖ ਅਬਿਨਾਸ਼ੀ ਕਿਰਪਾ ਧਾਰ, ਸਾਚਾ ਦਰ ਨਾ ਕੋਏ ਦਸਾਇੰਦਾ। ਅੰਤਮ ਨਾਤਾ ਤੁੱਟਣਾ ਸਰਬ ਸੰਸਾਰ, ਸਗਲਾ ਸੰਗ ਨਾ ਕੋਇ ਵਖਾਇੰਦਾ। ਕਵਾਰੀ ਕੰਨਿਆ ਲਾੜੀ ਮੌਤ ਹੋਈ ਮੁਟਿਆਰ, ਘਰ ਘਰ ਆਪਣਾ ਆਪ ਵਖਾਇੰਦਾ। ਵਰ ਮੰਗੇ ਕੰਤ ਭਤਾਰ, ਸਾਚਾ ਹਾਣੀ ਨਾ ਕੋਇ ਦਸਾਇੰਦਾ। ਲੱਖ ਚੁਰਾਸੀ ਕਰੇ ਵਿਚਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਕਲਜੁਗ ਸਾਚੇ ਇਹ ਸਮਝਾਇੰਦਾ। ਕਲਜੁਗ ਉਠ ਉਠ ਘਰ ਜਾ, ਹਰਿ ਸਾਚਾ ਸਚ ਸਮਝਾਈਆ। ਤੇਰੀ ਪੁੱਤਰੀ ਦਏ ਵਿਆਹ, ਕਵਾਰੀ ਕੰਨਿਆ ਰਹਿਣ ਨਾ ਪਾਈਆ। ਪਹਿਲੀ ਚੇਤਰ ਦਿਵਸ ਸੁਹਾ, ਸਿਰ ਆਪਣੇ ਮੁਕਟ ਰਖਾਈਆ। ਤੇਰੀ ਮਹਿੰਦੀ ਤੇਰੇ ਰੰਗਣ ਤੇਰੇ ਹੱਥੀਂ ਦਏ ਚੜ੍ਹਾ, ਤੇਰਾ ਸਗਨ ਮਨਾਈਆ। ਤੇਰੀ ਕੰਨਿਆ ਤੇਰੀ ਡੋਲੀ ਪਾ, ਤੇਰੇ ਕੰਧ ਚੁਕਾਈਆ। ਕਰੇ ਖੇਲ ਬੇਪਰਵਾਹ, ਭੇਵ ਅਭੇਦਾ ਭੇਵ ਛੁਪਾਈਆ। ਲੋਕਮਾਤ ਵਿਚ ਦਏ ਟਿਕਾ, ਮੁਖ ਘੁੰਗਟ ਦਏ ਉਠਾਈਆ। ਜੋਧੇ ਸੂਰਬੀਰ ਬਲਵਾਨ ਨਾਲ ਰਲਾ, ਨੌਂ ਖੰਡ ਪ੍ਰਿਥਮੀ ਇਕੱਠ ਕਰਾਈਆ। ਕਲਜੁਗ ਸਵੰਮਬਰ ਦਏ ਰਚਾ, ਸਾਚੇ ਲਾੜੇ ਆਪ ਬਹਾਈਆ। ਤੇਰੀ ਸਪੁਤਰੀ ਆਪਣੀ ਆਸਾ ਸਚ ਹਾਰ ਹੱਥ ਉਠਾ, ਲਖ ਚੁਰਾਸੀ ਦੇਵੇ ਗਲ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਛੱਬੀ ਪੋਹ ਦਿਤਾ ਵਰ, ਕਲਜੁਗ ਮੰਗਣ ਆਇਆ ਘਰ, ਸੰਗਤ ਅੰਦਰ ਨਾ ਸਕਿਆ ਵੜ, ਸਤਿਗੁਰ ਪੂਰਾ ਆਪ ਦੁਰਕਾਈਆ। ਸਤਿਗੁਰ ਪੂਰੇ ਤਿਖਾ ਖੰਡਾ, ਗੁਰਮੁਖਾਂ ਹੱਥ ਫੜਾਇਆ। ਕਲਜੁਗ ਤੇਰੀਆਂ ਵੱਢੇ ਗੰਢਾਂ, ਆਪਣੀ ਹੱਥੀਂ ਵੰਡ ਵੰਡਾਇਆ। ਮੇਟਨ ਆਇਆ ਭੇਖ ਪਖੰਡਾ, ਜੂਠ ਝੂਠ ਰਹੇ ਨਾ ਰਾਇਆ। ਗੁਰਮੁਖਾਂ ਤੋੜਨ ਆਇਆ ਵੱਜਾ ਜੰਦਰ, ਆਪਣੀ ਕੁੰਜੀ ਨਾਮ ਲਗਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਸ਼ਬਦ ਇਕ ਕਟਾਰ, ਏਕਾ ਰੂਪ ਆਪ ਨਿਰੰਕਾਰ, ਦੂਜੀ ਕੁਦਰਤ ਕਰੇ ਪਿਆਰ, ਗੁਰਮੁਖ ਸਾਚੇ ਲਏ ਉਭਾਰ, ਛੱਬੀ ਪੋਹ ਦਿਵਸ ਵਿਚਾਰ, ਪਾਰ ਕਰਾਏ ਨਰ ਨਾਰ, ਬਿਰਧ ਬਾਲ ਜੋ ਜਨ ਸਰਨਾਈ ਆਇਆ। ਹਰਿ ਚਰਨ ਸਚੀ ਸਰਨਾਈ, ਹਰਿ ਹਰਿਜਨ ਮੇਲ ਮਿਲਾਇੰਦਾ। ਹਰਿ ਚਰਨ ਮਿਲੇ ਵਡਿਆਈ, ਚਰਨ ਚਰਨੋਦਕ ਮੁਖ ਚੁਆਇੰਦਾ। ਹਰਿ ਚਰਨ ਸਚ ਕੁੜਮਾਈ, ਹਰਿ ਸਾਚਾ ਸਗਨ ਮਨਾਇੰਦਾ। ਹਰਿ ਚਰਨ ਮਿਟੇ ਪੀੜ ਪਰਾਈ, ਹਰਿ ਆਪਣੀ ਦਇਆ ਕਮਾਇੰਦਾ। ਹਰਿ ਚਰਨ ਮਿਟੇ ਝੂਠੀ ਛਾਹੀ, ਸਾਚਾ ਤਿਲਕ ਲਲਾਟ ਲਗਾਇੰਦਾ। ਹਰਿ ਚਰਨ ਮਿਲੇ ਠੰਡੀ ਛਾਈਂ, ਸਿਰ ਆਪਣਾ ਹੱਥ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣਾ ਵੇਲਾ ਵਕਤ ਸੁਹਾਇੰਦਾ। ਹਰਿ ਚਰਨ ਹਰਿ ਦਵਾਰਾ, ਹਰਿ ਪੁਰਖ ਨਿਰੰਜਣ ਆਪ ਸੁਹਾਇੰਦਾ। ਹਰਿ ਚਰਨ ਬਖਸ਼ੇ ਸਚ ਪਿਆਰਾ, ਸਾਚੀ ਧਾਰਾ ਆਪ ਬੰਧਾਇੰਦਾ। ਹਰਿ ਚਰਨ ਮਿਲੇ ਮੀਤ ਮੁਰਾਰਾ, ਨਿਰਗੁਣ ਆਪਣਾ ਮੇਲ ਮਿਲਾਇੰਦਾ। ਹਰਿ ਚਰਨ ਖੇਲੇ ਖੇਲ ਅਗੰਮ ਅਪਾਰਾ, ਅਗੰਮ ਅਗੰਮੜਾ ਵੇਸ ਵਟਾਇੰਦਾ। ਹਰਿ ਚਰਨ ਬੋਲ ਇਕ ਜੈਕਾਰਾ, ਏਕਾ ਅੱਖਰ ਨਾਮ ਸਲਾਇੰਦਾ। ਹਰਿ ਚਰਨ ਮਿਲੇ ਸਚ ਭੰਡਾਰਾ, ਹਰਿ ਸਾਚਾ ਆਪ ਵਰਤਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਘਰ ਸਾਚਾ ਇਕ ਵਖਾਇੰਦਾ। ਹਰਿ ਚਰਨ ਦਵਾਰਾ ਸਾਚਾ ਰਾਜ, ਧੁਰਦਰਗਾਹੀ ਆਪ ਵਖਾਈਆ। ਹਰਿ ਚਰਨ ਦਵਾਰਾ ਪੂਰਨ ਕਾਜ, ਗੁਰ ਸਤਿਗੁਰ ਪੂਰ ਕਰਾਈਆ। ਹਰਿ ਚਰਨ ਦਵਾਰਾ ਦੇਸ ਮਾਝ, ਗੁਰਸਿਖ ਸਾਚੇ ਲਏ ਮਿਲਾਈਆ। ਹਰਿ ਚਰਨ ਦਵਾਰਾ ਸਚ ਜਹਾਜ, ਹਰਿ ਸੰਗਤ ਬੇੜੇ ਆਪ ਚੜ੍ਹਾਈਆ। ਹਰਿ ਚਰਨ ਦਵਾਰਾ ਪੂਰਨ ਹੋਏ ਕਾਜ, ਹਰਿ ਕਰਤਾ ਆਪ ਕਰਾਈਆ। ਹਰਿ ਚਰਨ ਦਵਾਰਾ ਰੱਖੇ ਲਾਜ, ਵੇਲੇ ਅੰਤ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚੇ ਲਏ ਉਠਾਈਆ। ਹਰਿ ਚਰਨ ਦਵਾਰਾ ਸਚ ਮਹੱਲਾ, ਹਰਿ ਪੁਰਖ ਨਿਰੰਜਣ ਆਪ ਵਸਾਇੰਦਾ। ਹਰਿ ਚਰਨ ਦਵਾਰਾ ਪਾਰ ਵਖਾਏ ਜਲਾਂ ਥਲਾਂ, ਡੂੰਘੀ ਧਾਰ ਨਾ ਕੋਏ ਵਹਾਇੰਦਾ। ਹਰਿ ਚਰਨ ਦਵਾਰਾ ਸਚ ਸਨੇਹੜਾ ਏਕਾ ਘੱਲਾ, ਨਾਮ ਨਿਧਾਨਾ ਆਪ ਸੁਣਾਇੰਦਾ। ਹਰਿ ਚਰਨ ਦਵਾਰਾ ਜੋਤ ਜਗਾਏ ਘੜੀ ਘੜੀ ਪਲ ਪਲਾ, ਆਪਣੀ ਪਲਕ ਆਪ ਖੁਲ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦਰ ਘਰ ਸਾਚਾ ਆਪ ਉਪਜਾਇੰਦਾ। ਹਰਿ ਚਰਨ ਦਵਾਰਾ ਸਚ ਦਰਵਾਜਾ, ਸੋ ਪੁਰਖ ਨਿਰੰਜਣ ਆਪ ਖੁਲ੍ਹਾਈਆ। ਹਰਿ ਚਰਨ ਦਵਾਰਾ ਗ਼ਰੀਬ ਨਿਵਾਜਾ, ਗ਼ਰੀਬ ਨਿਮਾਣੇ ਲਏ ਤਰਾਈਆ। ਹਰਿ ਚਰਨ ਦਵਾਰਾ ਇਕ ਵਜਾਏ ਅਨਹਦ ਵਾਜਾ, ਧੁਨ ਆਪਣੇ ਹੱਥ ਰਖਾਈਆ। ਹਰਿ ਚਰਨ ਦਵਾਰਾ ਗੁਰਮੁਖਾਂ ਦੇਵੇ ਅਸਵ ਤਾਜਾ, ਨਿਰਗੁਣ ਸਰਗੁਣ ਸ਼ਬਦ ਚੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦਰ ਘਰ ਸਾਚਾ ਇਕ ਬੁਝਾਈਆ। ਚਰਨ ਦਵਾਰਾ ਸਚਖੰਡ, ਹਰਿ ਸਾਚਾ ਸਚ ਸਮਝਾਇੰਦਾ। ਗੁਰਮੁਖ ਮੰਗੇ ਸਾਚੀ ਮੰਗ, ਪ੍ਰਭ ਪੂਰੀ ਆਸ ਕਰਾਇੰਦਾ। ਲੋਆਂ ਪੁਰੀਆਂ ਆਇਆ ਲੰਘ, ਲੋਕਮਾਤ ਜੋਤ ਜਗਾਇੰਦਾ। ਸਦਾ ਸੁਹੇਲਾ ਵਸੇ ਸੰਗ, ਦਰ ਘਰ ਸਾਚਾ ਆਪ ਸੁਹਾਇੰਦਾ। ਕਰੇ ਕਰਾਏ ਅਗੰਮੀ ਕਾਰ, ਆਪਣੇ ਲਾਏ ਅੰਗ, ਆਪਣਾ ਅੰਗਨ ਆਪ ਸੁਹਾਇੰਦਾ। ਮਾਣਸ ਜਨਮ ਨਾ ਹੋਏ ਭੰਗ, ਗੁਰਮੁਖ ਸਾਚੇ ਆਪ ਉਠਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਚਰਨ ਦਵਾਰਾ ਏਕੰਕਾਰਾ ਏਕਾ ਘਰ ਵਖਾਇੰਦਾ । ਚਰਨ ਦਵਾਰ ਸਾਚੀ ਰਾਸ, ਹਰਿ ਸਾਚਾ ਸਚ ਜਣਾਈਆ। ਸਚ ਵਸਤ ਹਰਿ ਸਾਚੇ ਪਾਸ, ਹਰਿ ਸੱਜਣ ਆਪ ਵਰਤਾਈਆ। ਚਰਨ ਦਵਾਰਾ ਰਾਹ ਤੱਕੇ ਪ੍ਰਿਥਮੀ ਆਕਾਸ਼, ਨੇਤਰ ਨੈਣ ਨੈਣ ਉਠਾਈਆ। ਚਰਨ ਦਵਾਰਾ ਗੁਰਮੁਖ ਹਿਰਦੇ ਵਾਸ, ਘਰ ਵਿਚ ਘਰ ਵੱਜੇ ਵਧਾਈਆ। ਚਰਨ ਦਵਾਰਾ ਰਸਨ ਸਵਾਸ, ਪਵਣੀ ਪਵਣ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਚਰਨ ਦਵਾਰਾ ਇਕ ਵਖਾਈਆ। ਚਰਨ ਦਵਾਰਾ ਜਿਸ ਜਨ ਪੇਖਿਆ, ਮਿਟਿਆ ਜਗਤ ਸੰਤਾਪ। ਸਤਿਗੁਰ ਪੂਰਾ ਲਿਖੇ ਲੇਖਿਆ, ਆਪ ਬੁਝਾਏ ਆਪਣਾ ਆਪ। ਦਰਸ ਦਿਖਾਏ ਨਰ ਨਰੇਸਿਆ, ਅੱਖਰ ਪੜ੍ਹਾਏ ਏਕਾ ਜਾਪ। ਜੋਤੀ ਜਾਮਾ ਧਰਿਆ ਭੇਖਿਆ, ਨਾ ਕੋਈ ਮਾਈ ਨਾ ਕੋਈ ਬਾਪ। ਮੁਛ ਦਾੜ੍ਹੀ ਨਾ ਦਿਸੇ ਕੇਸਿਆ, ਜੋਤੀ ਨੂਰ ਵਡ ਪਰਤਾਪ। ਸ਼ਬਦ ਅਗੰਮੀ ਦਸ ਦਸਮੇਸਿਆ, ਆਪੇ ਉਤਰਿਆ ਆਪਣੇ ਘਾਟ। ਨਰ ਨਰਾਇਣ ਵਡ ਨਰੇਸਿਆ, ਆਪੇ ਸੋਇਆ ਸੰਬਲ ਨਗਰੀ ਸਾਚੀ ਖਾਟ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਚਰਨ ਦਵਾਰਾ ਵਖਾਏ ਸਾਚਾ ਹਾਟ। ਚਰਨ ਦਵਾਰਾ ਸਾਚਾ ਹੱਟ, ਚੌਦਾਂ ਲੋਕ ਮੁਖ ਸ਼ਰਮਾਈਆ। ਚਰਨ ਦਵਾਰਾ ਏਕਾ ਦਾਤ, ਨਿਰਗੁਣ ਸਰਗੁਣ ਝੋਲੀ ਪਾਈਆ। ਚਰਨ ਦਵਾਰਾ ਵਡ ਕਰਾਮਾਤ, ਨੇਹਕਰਮੀ ਕਰਮ ਕਟਾਈਆ। ਚਰਨ ਦਵਾਰਾ ਲੇਖਾ ਚੁੱਕੇ ਆਨ ਬਾਟ, ਗਰਭ ਵਾਸ ਨਾ ਫੰਦ ਰਖਾਈਆ। ਚਰਨ ਦਵਾਰਾ ਬਸਤਰ ਤਨ ਪਹਿਨਾਏ ਪਾਟ, ਕਾਇਆ ਚੋਲੀ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਚਰਨ ਦਵਾਰ ਦਏ ਵਡਿਆਈਆ। ਚਰਨ ਦਵਾਰਾ ਹਰਿ ਹਰਿ ਖੋਲ੍ਹ, ਲੋਕਮਾਤ ਵੇਸ ਵਟਾਇੰਦਾ। ਸਚ ਵਸਤ ਹਰਿ ਰੱਖੇ ਕੋਲ, ਜਨ ਭਗਤਾਂ ਆਪ ਵਰਤਾਇੰਦਾ। ਨਾਦ ਅਨਾਦੀ ਆਪੇ ਬੋਲ, ਏਕੰਕਾਰਾ ਨਾਅਰਾ ਲਾਇੰਦਾ। ਸਾਚੇ ਕੰਡੇ ਸਾਚਾ ਤੋਲ, ਆਪਣੀ ਧਾਰਨ ਆਪ ਚਲਾਇੰਦਾ। ਗੁਰਮੁਖਾਂ ਅੰਦਰ ਆਪੇ ਮੌਲ, ਆਪਣਾ ਰੂਪ ਦਰਸਾਇੰਦਾ। ਉਲਟਾ ਕਰੇ ਨਾਭ ਕਵਲ, ਅੰਮ੍ਰਿਤ ਆਤਮ ਆਪ ਭਰਾਇੰਦਾ। ਦੇਵੇ ਵਡਿਆਈ ਉਪਰ ਧਵਲ, ਕਲਜੁਗ ਵੇਲਾ ਅੰਤਮ ਆਇੰਦਾ। ਰਿਖੀ ਕੇਸ ਸਾਵਲ ਸਵਲ, ਮੁਕੰਦ ਮਨੋਹਰ ਲਖਮੀ ਨਰਾਇਣ ਆਪ ਆਪਣਾ ਨਾਉਂ ਵਟਾਇੰਦਾ। ਨਾ ਕੋਈ ਜਾਣੇ ਪੰਡਤ ਪਾਂਧਾ ਰੌਲ, ਹਿਸਾਬ ਕਿਤਾਬ ਨਾ ਕੋਇ ਵਖਾਇੰਦਾ। ਨੂਰ ਇਲਾਹੀ ਏਕਾ ਅੱਲਾ ਅਵਲ, ਔਲੀਆ ਪੀਰ ਨਾ ਕੋਏ ਗਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਚਰਨ ਦਵਾਰਾ ਇਕ ਉਪਜਾਇੰਦਾ। ਚਰਨ ਦਵਾਰਾ ਸਾਚਾ ਸਰ, ਗੁਰਮੁਖਾਂ ਆਪ ਨੁਹਾਈਆ। ਨਿਰਭੈ ਚੁਕਾਏ ਝੂਠਾ ਡਰ, ਮੂਰਤ ਅਕਾਲ ਦਰਸ ਦਿਖਾਈਆ। ਜੂਨੀ ਰਹਿਤ ਲਏ ਵਰ, ਅਜੂਨ ਅਜੂਨੀ ਫੰਦ ਕਟਾਈਆ। ਨਾਮ ਸਤਿ ਭੰਡਾਰਾ ਭਰ, ਘਰ ਸਾਚਾ ਇਕ ਸੁਹਾਈਆ। ਕਰਤਾ ਪੁਰਖ ਕਰਨੀ ਕਰ, ਆਪਣੀ ਕਾਰ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਚਰਨ ਦਵਾਰਾ ਸਾਚਾ ਖੋਲ੍ਹ, ਸ਼ਬਦ ਅਗੰਮ ਵਜਾਏ ਢੋਲ, ਦਿਸ ਕਿਸੇ ਨਾ ਆਈਆ। ਚਰਨ ਦਵਾਰਾ ਸਾਖਯਾਤ, ਲੋਕਮਾਤ ਦਸਾਇੰਦਾ। ਗੁਰਸਿਖ ਬਣਾਏ ਪਾਰਜਾਤ, ਜੋ ਜਨ ਸਰਨਾਈ ਆਇੰਦਾ। ਏਕਾ ਦੇਵੇ ਸਾਚੀ ਦਾਤ, ਸੋਹੰ ਸਾਚੀ ਝੋਲੀ ਪਾਇੰਦਾ। ਚਰਨ ਕਵਲ ਬੰਧਾਏ ਆਪਣਾ ਨਾਤ, ਆਪ ਆਪਣੇ ਅੰਗ ਲਗਾਇੰਦਾ। ਦੁਰਮਤ ਮੈਲ ਦੇਵੇ ਕਾਟ, ਕਾਇਆ ਕੰਚਨ ਗੜ੍ਹ ਸੁਹਾਇੰਦਾ । ਗੁਰਸਿਖਾਂ ਪੂਰਾ ਕਰਨ ਆਇਆ ਘਾਟ, ਸਾਚਾ ਤੋਲਾ ਵੇਸ ਵਟਾਇੰਦਾ। ਆਪ ਸੁੱਤਾ ਨਾ ਕਿਸੇ ਖਾਟ, ਆਲਸ ਨਿੰਦਰਾ ਨਾ ਕੋਇ ਰਖਾਇੰਦਾ। ਭਾਗ ਲਗਾਏ ਗੁਰਮੁਖ ਤੇਰੀ ਕਾਇਆ ਮਾਟ, ਆਤਮ ਸੇਜਾ ਸੋਭਾ ਪਾਇੰਦਾ। ਰਸਨਾ ਰਸ ਨਿਝਰ ਝਿਰਨਾ ਲੈਣਾ ਚਾਟ, ਰਿਸਕ ਰਿਸਕ ਆਪ ਵਹਾਇੰਦਾ। ਲੈਹਿਣਾ ਦੇਣਾ ਚੁੱਕੇ ਤਤ ਆਠ, ਨੌ ਦਰ ਸਾਚਾ ਪੰਧ ਮੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਚਰਨ ਦਵਾਰਾ ਇਕ ਵਡਿਆਇੰਦਾ। ਚਰਨ ਦਵਾਰਾ ਵਡ ਵਡਿਆਈ, ਹਰਿ ਵੱਡਾ ਸਿਫਤ ਸਲਾਹੀਆ। ਗੁਰਮੁਖ ਵੇਖੇ ਥਾਂਉਂ ਥਾਈਂ, ਥਾਨ ਥਨੰਤਰ ਗਗਨ ਗਗਨੰਤਰ ਫੋਲ ਫੁਲਾਈਆ । ਪਕੜਨਹਾਰਾ ਨਿਰਗੁਣ ਬਾਹੀਂ, ਸੋਹੰ ਮੰਤਰ ਇਕ ਪੜ੍ਹਾਈਆ । ਤ੍ਰੈਗੁਣ ਬੁਝਾਏ ਲੱਗੀ ਬਸੰਤਰ, ਅੰਮ੍ਰਿਤ ਮੇਘ ਇਕ ਬਰਸਾਈਆ। ਆਪੇ ਬਿਧ ਜਾਣੇ ਅੰਤਰ, ਗਤ ਮਿਤ ਆਪਣੀ ਆਪ ਬੁਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਚਰਨ ਦਵਾਰਾ ਇਕ ਸੁਹਾਈਆ। ਚਰਨ ਦਵਾਰਾ ਸਚ ਸੁਲਤਾਨ, ਸਾਚਾ ਤਖਤ ਸੁਹਾਇੰਦਾ। ਪੁਰਖ ਅਬਿਨਾਸ਼ੀ ਵਡ ਮਿਹਰਵਾਨ, ਲੋਕਮਾਤ ਵੇਸ ਵਟਾਇੰਦਾ। ਕਲਜੁਗ ਅੰਤਮ ਹੋ ਪਰਧਾਨ, ਨਿਹਕਲੰਕਾ ਨਾਉਂ ਰਖਾਇੰਦਾ। ਸਤਿ ਸਤਿਵਾਦੀ ਇਕ ਨਿਸ਼ਾਨ, ਬ੍ਰਹਮ ਬ੍ਰਹਿਮਾਦੀ ਆਪ ਝੁਲਾਇੰਦਾ। ਆਦਿ ਜੁਗਾਦੀ ਆਪਣੀ ਕਾਣ, ਦੋ ਜਹਾਨਾਂ ਆਪ ਰਖਾਇੰਦਾ। ਸੰਤ ਸੁਹੇਲੇ ਕਰ ਪਛਾਣ, ਗੁਰ ਚੇਲੇ ਮੇਲ ਮਿਲਾਇੰਦਾ। ਸ਼ਬਦ ਸਰੂਪੀ ਇਕ ਬਬਾਣ, ਸਤਿਗੁਰ ਪੂਰਾ ਆਪ ਰਖਾਇੰਦਾ। ਜਨ ਭਗਤਾਂ ਦੇਵੇ ਸਾਚਾ ਮਾਣ, ਆਪ ਆਪਣੇ ਗਲੇ ਲਗਾਇੰਦਾ। ਆਵਣ ਜਾਵਣ ਚੁੱਕੇ ਕਾਣ, ਲੱਖ ਚੁਰਾਸੀ ਵੇਖ ਵਖਾਇੰਦਾ। ਪਤਤ ਪਾਵਨ ਸ੍ਰੀ ਭਗਵਾਨ, ਆਪਣਾ ਨਾਉਂ ਧਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਚਰਨ ਦਵਾਰਾ ਏਕਾ ਘਾਟ, ਲੇਖਾ ਚੁੱਕੇ ਤੀਰਥ ਤਾਟ, ਅਠਸਠ ਨਹਾਵਨ ਕੋਇ ਨਾ ਜਾਇੰਦਾ। ਚਰਨ ਦਵਾਰਾ ਸਚ ਸਰੋਵਰ, ਹਰਿ ਸਾਚਾ ਸੀਰ ਭਰਾਈਆ। ਲੇਖਾ ਜਾਣੇ ਗਿਰਧਰ ਗਿਰਵਰ, ਗਹਿਰ ਗੰਭੀਰ ਵੱਡੀ ਵਡਿਆਈਆ। ਆਪੇ ਹੋਏ ਵਡ ਵਡਾ ਜ਼ੋਰਾਵਰ, ਆਪ ਆਪਣਾ ਬਲ ਧਰਾਈਆ। ਆਪਣਾ ਘੋੜਾ ਪੁਰਖ ਅਬਿਨਾਸ਼ੀ ਆਪੇ ਲਏ ਫੜ, ਆਪ ਆਪਣੀ ਵਾਗ ਉਠਾਈਆ। ਅਗੰਮ ਅਗੰਮਾ ਉਪਰ ਚੜ, ਨਿਰਗੁਣ ਨਿਰਗੁਣ ਲਏ ਦੌੜਾਈਆ। ਰਾਹ ਵਿਚ ਨਾ ਜਾਏ ਅੜ, ਬ੍ਰਹਮਾ ਵਿਸ਼ਨ ਸ਼ਿਵ ਬੈਠੇ ਰਾਹ ਤਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦਵਾਰੇ ਸਾਚੀ ਧਾਰ, ਆਪ ਚਲਾਏ ਏਕੰਕਾਰ ਇਕ ਅਕੱਲਾ ਖੇਲ ਖਿਲਾਈਆ। ਚਰਨ ਦਵਾਰਾ ਸਾਚਾ ਆਸਨ, ਹਰਿ ਸਤਿਗੁਰ ਪੁਰਖ ਲਗਾਇੰਦਾ। ਖੇਲੇ ਖੇਲ ਪ੍ਰਿਥਮੀ ਆਕਾਸਨ, ਮੰਡਲ ਮੰਡਪ ਵੇਖ ਵਖਾਇੰਦਾ। ਏਥੇ ਓਥੇ ਪਾਵੇ ਰਾਸਨ, ਗੋਪੀ ਕਾਹਨ ਆਪ ਨਚਾਇੰਦਾ। ਆਪੇ ਖੇਲੇ ਖੇਲ ਤਮਾਸਨ, ਨਟੂਆ ਨਟ ਆਪ ਅਖਵਾਇੰਦਾ। ਜਨ ਭਗਤਾਂ ਹੋਏ ਦਾਸੀ ਦਾਸਨ, ਜੁਗ ਜੁਗ ਸੇਵ ਕਮਾਇੰਦਾ। ਕਲਜੁਗ ਅੰਤਮ ਘਨਕ ਪੁਰ ਕਰਿਆ ਵਾਸਨ, ਪੁਰੀ ਘਨਕ ਆਪ ਸੁਹਾਇੰਦਾ। ਸਤਿਗੁਰ ਪੂਰਾ ਸ਼ਾਹੋ ਸ਼ਾਬਾਸਨ, ਸ਼ਾਹ ਸੁਲਤਾਨ ਵੇਸ ਵਟਾਇੰਦਾ। ਗੁਰਸਿਖਾਂ ਪੂਰੀ ਕਰਨ ਆਇਆ ਆਸਨ, ਜੋ ਸਰਸੇ ਭੇਟ ਚੜ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਘਰ ਆਪ ਵਡਿਆਇੰਦਾ। ਚਰਨ ਦਵਾਰਾ ਮਸਤਕ ਧੂੜ, ਜਿਸ ਜਨ ਆਪ ਲਗਾਇੰਦਾ। ਚਤਰ ਸੁਘੜ ਬਣਾਏ ਮੂਰਖ ਮੂੜ੍ਹ, ਮਾਇਆ ਮਮਤਾ ਮੋਹ ਚੁਕਾਇੰਦਾ। ਨਾਤਾ ਤੋੜੇ ਕੂੜੋ ਕੂੜ, ਸਚ ਸੁਚ ਮੇਲ ਮਿਲਾਇੰਦਾ। ਘਰ ਵਿਚ ਬਖਸ਼ੇ ਸਾਚਾ ਨੂਰ, ਜੋਤੀ ਨੂਰ ਡਗਮਗਾਇੰਦਾ। ਗੁਰਸਿਖਾਂ ਅੱਗੇ ਹਾਜ਼ਰ ਹਜ਼ੂਰ, ਜਾਹਰਾ ਜਹੂਰ ਜੋਤ ਜਗਾਇੰਦਾ। ਆਸਾ ਮਨਸਾ ਕਰੇ ਪੂਰ, ਗੁਰਸਿਖ ਨਿਰਾਸਾ ਨਾ ਕੋਇ ਵਖਾਇੰਦਾ। ਦੋ ਜਹਾਨਾਂ ਪੈਂਡਾ ਜਾਣੇ ਨੇੜਾ ਦੂਰ, ਹਰਿ ਆਪਣਾ ਪੰਧ ਮੁਕਾਇੰਦਾ। ਸਰਬ ਕਲ ਹਰਿ ਭਰਪੂਰ, ਗੁਰਮੁਖਾਂ ਭੰਡਾਰੇ ਆਪ ਭਰਾਇੰਦਾ। ਪੰਚ ਵਿਕਾਰਾ ਕਰੇ ਚੂਰ, ਨਾਮ ਖੰਡਾ ਹੱਥ ਉਠਾਇੰਦਾ। ਦਾਤਾ ਦਾਨੀ ਜੋਧਾ ਸੂਰ, ਸੂਰਬੀਰ ਵੇਸ ਵਟਾਇੰਦਾ। ਸ਼ਬਦ ਨਿਰਾਲਾ ਮਾਰੇ ਤੀਰ, ਸੋਹੰ ਮੁਖੀ ਅੱਗੇ ਲਾਇੰਦਾ। ਅਠਸਠ ਵਰੋਲੇ ਆਪੇ ਨੀਰ, ਨਾਮ ਮਧਾਣਾ ਏਕਾ ਪਾਇੰਦਾ। ਤਨ ਵਰੋਲੇ ਪੀਰ ਫਕੀਰ, ਦਸਤਗੀਰ ਖੋਜ ਖੋਜਾਇੰਦਾ। ਸ਼ਾਹ ਸੁਲਤਾਨਾਂ ਲਾਹੇ ਚੀਰ, ਖ਼ਾਕੀ ਖ਼ਾਕ ਰਲਾਇੰਦਾ। ਗੁਰਸਿਖ ਚੋਟੀ ਚਾੜ੍ਹੇ ਅਖ਼ੀਰ, ਉਚੀ ਕੂਕ ਕਬੀਰ ਸੁਣਾਇੰਦਾ। ਹਰਿ ਮਿਲਿਆ ਸ਼ਾਹ ਵਡ ਪੀਰਨ ਪੀਰ, ਗ਼ਰੀਬ ਨਿਮਾਣੇ ਮੇਲ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਲੱਗੀ ਪ੍ਰੀਤੀ ਤੋੜ ਨਿਭਾਇੰਦਾ। ਲੱਗੀ ਪ੍ਰੀਤੀ ਨਿਭੇ ਤੋੜ, ਗੁਰ ਚਰਨ ਆਪ ਲਗਾਈਆ। ਗੁਰਮੁਖਾਂ ਆਪੇ ਗਿਆ ਬੌਹੜ, ਕਲਜੁਗ ਸੋਏ ਲਏ ਜਗਾਈਆ। ਜੁਗਾਂ ਜੁਗਾਂ ਦੀ ਲੱਗੀ ਔੜ, ਦੇ ਦਰਸ ਆਪ ਬੁਝਾਈਆ। ਕਾਇਆਂ ਮੰਦਰ ਅੰਦਰ ਲਾਇਆ ਪੌੜ, ਸੋਹੰ ਡੰਡਾ ਵਿਚ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਚਰਨ ਦਵਾਰਾ ਇਕ ਸਮਝਾਈਆ। ਚਰਨ ਦਵਾਰਾ ਜਿਸ ਜਨ ਜਾਣਿਆ, ਹਰਿ ਮੇਲਾ ਸ਼ਾਹੋ ਸ਼ਾਬਾਸ। ਘਰ ਸਾਚੇ ਸਚ ਰੰਗ ਮਾਣਿਆ, ਪੂਰਨ ਹੋਈ ਆਸ। ਦਰ ਹੋਇਆ ਮਾਣ ਨਿਮਾਣਿਆ, ਲੇਖੇ ਲੱਗਾ ਸਵਾਸ ਸਵਾਸ। ਪ੍ਰਭ ਮਿਲਿਆ ਵਡ ਜਰਵਾਣਿਆ, ਜਰ ਜੋਬਨ ਹੋਏ ਨਾਸ। ਗੁਰ ਸਤਿਗੁਰ ਗੁਰਸਿਖ ਆਪ ਪਛਾਣਿਆ, ਆਪ ਆਪਣੀ ਵੇਖੀ ਰਾਸ। ਮਿਲਿਆ ਮੇਲ ਸਾਚੇ ਹਾਣੀਆ, ਵੱਜੀ ਵਧਾਈ ਪ੍ਰਿਥਮੀ ਅਕਾਸ। ਅੰਮ੍ਰਿਤ ਦੇਵੇ ਠੰਡਾ ਪਾਣੀਆ, ਗੁਰਸਿਖ ਬੂਟਾ ਨਾ ਜਾਏ ਵਿਨਾਸ। ਫੁਲ ਫੁਲਵਾੜੀ ਆਪ ਮਹਿਕਾਣੀਆ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਖੇਲੇ ਖੇਲ ਸਰਬ ਗੁਣਤਾਸ। ਚਰਨ ਦਵਾਰਾ ਹਰਿ ਭਗਵੰਤ, ਏਕਾ ਏਕ ਰਖਾਇੰਦਾ। ਗੁਰਮੁਖ ਸਾਚੇ ਹੋਏ ਸੰਤ, ਜਿਸ ਜਨ ਮੇਲ ਮਿਲਾਇੰਦਾ। ਧੰਨ ਸੁਭਾਗਣ ਸੋਭਾਵੰਤ, ਜਿਸ ਮਿਲਿਆ ਹਰਿ ਹਰਿ ਕੰਤ, ਘਰ ਸਾਚੀ ਸੇਜ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਚਰਨ ਦਵਾਰਾ ਹਰਿ ਨਿਰੰਕਾਰ, ਆਪਣਾ ਘਰ ਵਖਾਇੰਦਾ। ਚਰਨ ਦਵਾਰਾ ਏਕੰਕਾਰ, ਏਕਾ ਰੰਗ ਸਮਾਇਆ। ਕਲਜੁਗ ਅੰਤਮ ਖੇਲ ਅਪਾਰ, ਲੋਕਮਾਤ ਵੇਸ ਵਟਾਇਆ। ਛੱਬੀ ਪੋਹ ਦਿਵਸ ਵਿਚਾਰ, ਨਿਰਗੁਣ ਜੋਤ ਕਰੇ ਰੁਸ਼ਨਾਇਆ। ਗੋਬਿੰਦ ਤੇਰਾ ਕਰਜ਼ਾ ਦਏ ਉਤਾਰ, ਤੇਰਾ ਲਹਿਣਾ ਰਹੇ ਨਾ ਰਾਇਆ। ਤੇਰੀ ਸਿਖੀ ਕਰ ਤਿਆਰ, ਸਾਚੀ ਸਿਖਿਆ ਦਏ ਸਮਝਾਇਆ। ਏਕਾ ਇਕੀ ਮੇਲ ਸੰਸਾਰ, ਭਵ ਸਾਗਰ ਦਏ ਤਰਾਇਆ। ਆਪਣੇ ਨੇਤਰ ਪੇਖੀ ਆਪ ਕਰਤਾਰ, ਕਰਤਾ ਕੁਦਰਤ ਵੇਖ ਵਖਾਇਆ। ਆਪੇ ਘੜਨ ਭੰਨਣਹਾਰ, ਆਪੇ ਭਾਂਡੇ ਲਏ ਉਪਜਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਚਰਨ ਦਵਾਰਾ ਇਕ ਰਖਾਇਆ। ਚਰਨ ਦਵਾਰਾ ਏਕਾ ਰੱਖ, ਏਕਾ ਅੱਖ ਖੁਲਾਇੰਦਾ। ਸਤਿਗੁਰ ਪੂਰਾ ਹੋ ਪ੍ਰਤਖ, ਗੁਰਮੁਖ ਸਾਚੇ ਆਪ ਤਰਾਇੰਦਾ। ਆਪੇ ਕਰੇ ਕੱਖੋ ਲੱਖ, ਲੱਖੋ ਕੱਖ ਆਪ ਬਣਾਇੰਦਾ। ਸੰਤ ਸਹੇਲੇ ਗੁਰੂ ਗੁਰ ਚੇਲੇ ਆਪ ਆਪਣੇ ਲਏ ਰੱਖ, ਸਿਰ ਆਪਣਾ ਹੱਥ ਟਿਕਾਇੰਦਾ। ਕਲਜੁਗ ਅੰਤਮ ਹੋ ਪਰਗਟ, ਆਪ ਆਪਣਾ ਡੰਕ ਵਜਾਇੰਦਾ। ਹਰਿ ਸੰਗਤ ਵਿਖਾਏ ਸਾਚਾ ਤੀਰਥ ਤਟ, ਸਚਖੰਡ ਦਵਾਰਾ ਇਕ ਸੁਹਾਇੰਦਾ। ਤਨ ਪਹਿਨਾਏ ਸੋਹੰ ਪਟ, ਤਾਣਾ ਪੇਟਾ ਆਪ ਮਿਲਾਇੰਦਾ। ਥਿਰ ਘਰ ਵੇਚੇ ਸਾਚੇ ਹੱਟ, ਚਰਨ ਪ੍ਰੀਤੀ ਕੀਮਤ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਸੰਗਤ ਸੰਗ ਸਮਾਇੰਦਾ। ਹਰਿ ਸੰਗਤ ਸਤਿਜੁਗ ਸਾਚੀ ਧਾਰ, ਸਤਿਗੁਰ ਆਪ ਸਮਝਾਈਆ। ਚਾਰ ਵਰਨ ਕਰਨਾ ਇਕ ਪਿਆਰ, ਦੂਈ ਦਵੈਤੀ ਨਾ ਕੋਈ ਰਖਾਈਆ। ਨਾਰੀ ਰਲੀਆਂ ਮਾਣੇ ਨਾਲ ਭਤਾਰ, ਦੂਸਰ ਸੇਜ ਨਾ ਕੋਈ ਹੰਢਾਈਆ। ਕਵਾਰੀ ਕੰਨਿਆ ਨਾ ਕਰੇ ਸ਼ੰਗਾਰ, ਨੇਤਰ ਨੈਣ ਨੈਣ ਸ਼ਰਮਾਈਆ। ਮਾਵਾਂ ਪੁਤਰਾਂ ਧਰਮ ਪਿਆਰ, ਧੀਰਜ ਜਤ ਇਕ ਵਖਾਈਆ। ਭੈਣ ਭਰਾਵਾਂ ਇਕ ਅਧਾਰ, ਏਕਾ ਰਤ ਉਪਜਾਈਆ। ਏਕਾ ਸ਼ਬਦ ਇਕ ਜੈਕਾਰ, ਏਕਾ ਰਾਗ ਸੁਣਾਈਆ। ਏਕਾ ਮੰਦਰ ਇਕ ਦਵਾਰ, ਏਕਾ ਇਸ਼ਟ ਦੇਵ ਹਰਿ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਤਿਜੁਗ ਸਾਚਾ ਮਾਰਗ ਲਾਈਆ। ਸਤਿਜੁਗ ਮਾਰਗ ਸਾਚਾ ਰਸ, ਹਰਿ ਸੰਗਤ ਵਿਚ ਭਰਾਇੰਦਾ। ਇਕ ਦੂਜੇ ਨੂੰ ਮਿਲਿਆ ਹੱਸ ਹੱਸ, ਪ੍ਰੇਮ ਗਲਵੱਕੜੀ ਇਕ ਪਵਾਇੰਦਾ। ਨਿਰਾਲਾ ਤੀਰ ਮਾਰੇ ਕਸ, ਨੈਣ ਨੈਣਾਂ ਵਿਚ ਟਿਕਾਇੰਦਾ। ਜਗਤ ਵਿਕਾਰਾ ਹਰਿ ਸੰਗਤ ਤੇਰੇ ਚਰਨਾ ਹੇਠ ਦੇਵੇ ਝੱਸ, ਬੇਮੁਖਾਂ ਸਿਰ ਖ਼ਾਕ ਉਡਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਾਚਾ ਰਾਹ ਇਕ ਵਖਾਇੰਦਾ। ਸਤਿਜੁਗ ਤੇਰਾ ਸਚ ਪਿਆਰ, ਹਰਿ ਸੰਗਤ ਵਿਚ ਰਖਾਇੰਦਾ। ਨਾ ਕੋਈ ਤੱਕੇ ਧੀ ਭੈਣ ਮੁਟਿਆਰ, ਭੈਣ ਭਾਈ ਸਰਬ ਬਣਾਇੰਦਾ। ਹਰਿ ਸੰਗਤ ਵਿਚ ਨਾ ਕਰੇ ਕੋਈ ਸ਼ੰਗਾਰ, ਨੇਤਰ ਨੈਣ ਸਰਬ ਸ਼ਰਮਾਇੰਦਾ। ਚਰਨ ਬਖਸ਼ੇ ਇਕ ਅਧਾਰ, ਦੂਸਰ ਪੱਲੂ ਨਾ ਕੋਈ ਬੰਧਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਾਚੀ ਸਿਖਿਆ ਸਿੱਖ ਵਖਾਇੰਦਾ। ਸਾਚੀ ਸਿਖਿਆ ਹਰਿ ਦਰਬਾਰ, ਹਰਿ ਸੰਗਤ ਸਹਿਜ ਸਭਾਈਆ। ਦੋਏ ਜੋੜ ਕਰ ਨਿਮਸਕਾਰ, ਗੁਰ ਸਤਿਗੁਰ ਸੀਸ ਝੁਕਾਈਆ। ਬਿਨ ਹਰਿ ਚਰਨ ਨਾ ਤੱਕੇ ਕੋਈ ਮੁਖ ਵਿਚ ਦਰਬਾਰ, ਇਸਤਰੀ ਪੁਰਸ਼ ਏਕਾ ਰੂਪ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣੀ ਰੀਤੀ ਆਪ ਬੰਧਾਈਆ। ਸਤਿਜੁਗ ਏਕਾ ਗਿਆ ਜਾਗ, ਹਰਿ ਸਾਚੇ ਆਪ ਜਗਾਇਆ। ਛੱਬੀ ਪੋਹ ਹਰਿ ਸੰਗਤ ਧੋਵੇ ਤੇਰਾ ਪਿਛਲਾ ਦਾਗ, ਅੱਗੇ ਮਾਰਗ ਇਕ ਵਖਾਇਆ। ਆਏ ਦਵਾਰ ਬਣਾਏ ਹੰਸ ਕਾਗ, ਮਾਨ ਸਰੋਵਰ ਇਕ ਨੁਹਾਇਆ। ਬੁਝਿਆ ਦੀਪ ਜਗਾਏ ਚਰਾਗ, ਤੇਲ ਬਾਤੀ ਨਾ ਕੋਇ ਪਾਇਆ। ਜਗਤ ਨਾਤਾ ਤੋੜੇ ਸਾਕ, ਕੂੜ ਕੁਟੰਬ ਵਖਾਇਆ। ਸਤਿਜੁਗ ਪੂਰਾ ਪਾਕੀ ਪਾਕ, ਹਰਿਜਨ ਸਾਚੇ ਲਏ ਬਣਾਇਆ। ਅੰਦਰ ਬੈਠਾ ਰਿਹਾ ਝਾਕ, ਦੋਏ ਲੋਚਨ ਨੈਣਾਂ ਦਿਸ ਨਾ ਆਇਆ। ਜਿਸ ਜਨ ਪੁਛੇ ਆਪੇ ਵਾਤ, ਆਪ ਆਪਣਾ ਪਰਦਾ ਲਾਹਿਆ। ਚਰਨ ਦਵਾਰ ਵਿਖਾਏ ਸਾਚਾ ਹਾਟ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਤੇਰਾ ਲਹਿਣਾ ਦਏ ਚੁਕਾਇਆ। ਕਲਜੁਗ ਲਹਿਣਾ ਜਾਣਾ ਮੁੱਕ, ਹਰਿ ਹਰਿ ਆਪ ਮੁਕਾਈਆ। ਜੂਠਾ ਝੂਠਾ ਬੂਟਾ ਜਾਣਾ ਸੁੱਕ, ਹਰਿਆ ਸਿੰਚ ਨਾ ਕੋਈ ਕਰਾਈਆ। ਮਨਮੁਖਾਂ ਮੁਖ ਪੈਣਾ ਥੁੱਕ, ਸੰਮਤ ਸੰਮਤੀ ਵੇਖ ਵਖਾਈਆ। ਸੋਲਾਂ ਸਾਲ ਲੰਘਾਏ ਲੁਕ ਲੁਕ, ਅੰਤਮ ਪਰਦਾ ਦੇਵੇ ਲਾਹੀਆ। ਹਰਿ ਸੰਗਤ ਤੇਰਾ ਭਾਰ ਆਪਣੇ ਕੰਧੇ ਚੁੱਕ, ਦੋ ਜਹਾਨਾਂ ਆਵੇ ਜਾਵੇ ਵਾਹੋ ਦਾਹੀਆ। ਗੁਰਸਿਖਾਂ ਰੱਖਿਆ ਆਪਣੀ ਕੁੱਖ, ਹਰਿ ਸਚ ਜਣੇਂਦੀ ਮਾਈਆ। ਕਰਨ ਆਇਆ ਉਜਲ ਮੁਖ, ਆਪਣੀ ਹੱਥੀਂ ਸੇਵ ਕਮਾਈਆ। ਜਗਤ ਵਿਛੋੜਾ ਮਿਟੇ ਦੁੱਖ, ਦੁੱਖ ਸੁਖ ਵਿਚ ਸਮਾਈਆ। ਜਨਮ ਜਨਮ ਦੀ ਲੱਗੀ ਭੁੱਖ, ਕਲਜੁਗ ਅੰਤਮ ਤ੍ਰਿਪਤ ਕਰਾਈਆ। ਸਿੰਘ ਸ਼ੇਰ ਬਘੇਲਾ ਰਿਹਾ ਬੁੱਕ, ਕੋਈ ਅੱਗੇ ਠਹਿਰ ਨਾ ਪਾਈਆ। ਨੌਂ ਖੰਡ ਪ੍ਰਿਥਮੀ ਲਏ ਲੁੱਟ, ਠੱਗ ਚੋਰ ਯਾਰ ਰੂਪ ਵਟਾਈਆ। ਸ਼ਾਹ ਸੁਲਤਾਨਾਂ ਕੱਢੇ ਕੁੱਟ, ਨਾਮ ਖੰਡਾ ਹੱਥ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਚਰਨ ਦਵਾਰਾ ਇਕ ਸੁਹਾਈਆ। ਚਰਨ ਦਵਾਰਾ ਸਾਚਾ ਗੜ੍ਹ, ਹਰਿ ਸੰਗਤ ਆਪ ਸਮਝਾਇੰਦਾ। ਗੁਰਮੁਖ ਅੰਦਰ ਗਿਆ ਵੜ, ਮਨਮੁਖ ਰਾਹ ਨਾ ਕੋਇ ਤਕਾਇੰਦਾ। ਹਰਿਜਨ ਪੌੜੇ ਗਿਆ ਚੜ੍ਹ, ਸਤਿਗੁਰ ਪੂਰਾ ਆਪ ਚੜ੍ਹਾਇੰਦਾ। ਭਗਤਨ ਫੜਿਆ ਸਾਚਾ ਲੜ, ਭਗਤ ਭਗਤੀ ਵੇਖ ਵਖਾਇੰਦਾ। ਸੰਤ ਸੁਹੇਲਾ ਏਕਾ ਅੱਖਰ ਪੜ੍ਹ, ਸੋਹੰ ਢੋਲਾ ਸਾਚਾ ਗਾਇੰਦਾ। ਸਤਿਜੁਗ ਸਾਚੀ ਲਾਈ ਜੜ੍ਹ, ਲੋਕਮਾਤ ਧਰਾਇੰਦਾ। ਖੇਲੇ ਖੇਲ ਨਾਰੀ ਨਰ, ਨਰ ਨਰਾਇਣ ਵੇਸ ਵਟਾਇੰਦਾ। ਵੱਜੇ ਵਧਾਈ ਘਰ ਘਰ, ਗੁਰਮੁਖ ਸਾਚੇ ਆਪ ਜਗਾਇੰਦਾ। ਸਾਚਾ ਅੰਮ੍ਰਿਤ ਪਿਆਲਾ ਆਪੇ ਭਰ, ਸਾਚਾ ਸਾਕੀ ਆਪ ਪਿਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਤਿਜੁਗ ਤੇਰਾ ਸਚ ਪਿਆਰਾ, ਵਰਤੇ ਵਰਤਾਵੇ ਵਿਚ ਸੰਸਾਰਾ, ਲੋਕਮਾਤ ਆਪ ਵਰਤਾਇੰਦਾ। ਸਤਿਜੁਗ ਵਰਤੇ ਸਾਚਾ ਸਤਿ, ਸਤਿ ਵੱਜੇ ਵਧਾਈਆ। ਚਾਰ ਵਰਨਾਂ ਹਰਿ ਹਰਿ ਮਤ, ਪਾਰਬ੍ਰਹਮ ਆਪ ਸਮਝਾਈਆ। ਹਰਿ ਸੰਗਤ ਸਾਚੀ ਕਰ ਉਤਪਤ, ਬ੍ਰਹਮੇ ਉਤਪਤ ਦਏ ਮਿਟਾਈਆ। ਪ੍ਰਭ ਕੋਇ ਨਾ ਜਾਣੇ ਤੇਰੀ ਗਤ, ਤੇਰੀ ਕੀਮਤ ਕੋਇ ਨਾ ਪਾਈਆ। ਨਾ ਕੋਈ ਜਾਣੇ ਵਾਰ ਥਿਤ, ਦਿਵਸ ਰੈਣ ਨਾ ਕੋਇ ਵਖਾਈਆ । ਧੰਨ ਸੋ ਵੇਲਾ ਜਨ ਭਗਤਾਂ ਕਰੇ ਸਾਚਾ ਹਿਤ, ਜੁਗ ਜੁਗ ਆਪਣਾ ਵੇਸ ਵਟਾਈਆ। ਖੇਲੇ ਖੇਲ ਨਿਤ ਨਵਿਤ, ਆਪ ਆਪਣੀ ਰੁੱਤ ਸੁਹਾਈਆ। ਰਾਹ ਤੱਕੇ ਮਹੀਨਾ ਚੇਤ, ਸੰਮਤ ਸਤਾਰਾਂ ਵੇਖ ਵਖਾਈਆ। ਆਪੇ ਉਠ ਉਠ ਆਏ ਆਪਣੇ ਖੇਤ, ਆਪੇ ਰਣ ਝੂਝੇ ਆਪੇ ਕਰੇ ਲੜਾਈਆ। ਆਪੇ ਹੋਏ ਨੇਤਨ ਨੇਤ, ਨਿਰਗੁਣ ਨੂਰ ਨੂਰ ਰੁਸ਼ਨਾਈਆ। ਆਪੇ ਲੇਖਾ ਜਾਣੇ ਪੰਚਮ ਜੇਠ, ਹਰਿਜਨ ਸਾਚੇ ਲਏ ਤਰਾਈਆ। ਪਕੜ ਪਛਾੜੇ ਵਡ ਵਡ ਸੇਠ, ਜਗਤ ਧਨਾਡ ਨਾ ਕੋਈ ਰਖਾਈਆ। ਹਰਿ ਸੰਗਤ ਰੱਖੇ ਸਾਯਾ ਹੇਠ, ਸਿਰ ਆਪਣਾ ਹੱਥ ਰਖਾਈਆ। ਕਲਜੁਗ ਹਾੜੀ ਵੱਢੇ ਅਗੇਤ ਪਛੇਤ, ਵਡ ਕਿਰਸਾਨਾ ਹਰਿ ਰਘੁਰਾਈਆ। ਚਾਰੋਂ ਕੁੰਟ ਬਾਲੂ ਰੇਤ, ਤ੍ਰੈਗੁਣ ਅਗਨੀ ਤਤ ਤਪਾਈਆ। ਦਹਿ ਦਿਸ਼ਾ ਫਿਰਨ ਜਿੰਨ ਪ੍ਰੇਤ, ਜਗਤ ਜੀਤ ਕਰੇ ਲੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿ ਸੰਗਤ ਸਿੱਖ ਸਮਝਾਈਆ । ਹਰਿ ਸੰਗਤ ਸਿਖਿਆ ਲੈਣੀ ਸਿੱਖ, ਹਰਿ ਸਾਚਾ ਆਪ ਸਮਝਾਇੰਦਾ। ਅਗਲਾ ਲੇਖਾ ਆਪਣੀ ਹੱਥੀ ਲਿਖ, ਪਿਛਲਾ ਕੀਤਾ ਆਪ ਮੁਕਾਇੰਦਾ। ਛੱਬੀ ਪੋਹ ਜੋ ਜਨ ਮੰਗੇ ਨਾਮ ਭਿਖ, ਸਚ ਭੰਡਾਰਾ ਆਪ ਵਰਤਾਇੰਦਾ। ਰਾਤੀ ਸੁਤਿਆਂ ਜਾ ਜਾ ਕਰੇ ਹਿਤ, ਫੜ ਬਾਹੋਂ ਗਲੇ ਲਗਾਇੰਦਾ। ਦਰਸ ਦਿਖਾਏ ਨਿਤ ਨਵਿਤ, ਆਲਸ ਨਿੰਦਰਾ ਵਿਚ ਨਾ ਆਇੰਦਾ। ਅਗਲਾ ਧਾਮ ਦੱਸੇ ਅਨਡਿਠ, ਸਾਚਾ ਨੈਣ ਇਕ ਖੁਲਾਇੰਦਾ। ਸੰਮਤ ਸੋਲਾਂ ਸੋਲਾਂ ਸਾਲ ਸੁਤਾ ਰਿਹਾ ਦੇ ਕਰ ਪੀਠ, ਆਪਣੀ ਕਰਵਟ ਆਪ ਬਦਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਤਿਜੁਗ ਸਾਚਾ ਰਾਹ ਵਖਾਇੰਦਾ। ਸਤਿਜੁਗ ਸਾਚਾ ਚੜ੍ਹਿਆ ਚੰਦ, ਹਰਿ ਸਤਿਗੁਰ ਆਪ ਚੜ੍ਹਾਈਆ । ਹਰਿ ਸੰਗਤ ਤੇਰਾ ਖੁਸ਼ੀ ਕਰਾਏ ਬੰਦ ਬੰਦ, ਬੰਦੀ ਛੋੜ ਵੱਡੀ ਵਡਿਆਈਆ। ਅੱਠੇ ਪਹਿਰ ਪਰਮਾਨੰਦ, ਪਰਮ ਪੁਰਖ ਆਪ ਵਖਾਈਆ। ਜੋ ਜਨ ਤਜਾਏ ਮਦਿਰਾ ਮਾਸ ਗੰਦ, ਰਾਏ ਧਰਮ ਨਾ ਦਏ ਸਜਾਈਆ। ਸੋਹੰ ਸ਼ਬਦ ਸੁਣਾਏ ਸੁਹਾਗੀ ਛੰਦ, ਥਿਰ ਘਰ ਸਾਚੇ ਵੱਜੇ ਵਧਾਈਆ। ਦੂਈ ਦਵੈਤੀ ਢਾਏ ਕੰਧ, ਭਰਮ ਗੜ੍ਹ ਰਹਿਣ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਚ ਸਮਗਰੀ ਜੋਤ ਇਕਗਰੀ ਆਪਣੇ ਹੱਥ ਰਖਾਈਆ। ਸਾਚੀ ਵਸਤ ਹਰਿ ਅਨਮੋਲ, ਸਤਿਗੁਰ ਪੂਰਾ ਆਪਣੇ ਹੱਥ ਰਖਾਇੰਦਾ। ਹਰਿ ਸੰਗਤ ਸਾਚੀ ਆਪਣੇ ਕੰਡੇ ਲਵੇ ਤੋਲ, ਨਾਮ ਖੰਡਾ ਹੱਥ ਉਠਾਇੰਦਾ। ਛੱਬੀ ਪੋਹ ਊਚੀ ਕੂਕ ਆਪੇ ਬੋਲ, ਸੰਮਤ ਸੋਲਾਂ ਲੇਖ ਲਿਖਾਇੰਦਾ। ਰਾਜ ਰਾਜਾਨਾਂ ਸ਼ਾਹ ਸੁਲਤਾਨਾਂ ਕੱਢਣ ਆਇਆ ਪੂਰਬ ਪੋਲ, ਸਾਧਾਂ ਸੰਤਾਂ ਆਪ ਹਲਾਇੰਦਾ। ਸ਼ਬਦ ਨਗਾਰਾ ਵੱਜੇ ਢੋਲ, ਹਰਿ ਨਿਰੰਕਾਰ ਆਪ ਵਜਾਇੰਦਾ। ਸਾਚੀ ਵਸਤ ਰਹਿਣ ਨਾ ਦੇਵੇ ਕਿਸੇ ਕੋਲ, ਆਪਣੀ ਵਸਤ ਆਪਣੇ ਵਿਚ ਟਿਕਾਇੰਦਾ। ਗੁਰਮੁਖਾਂ ਅੰਦਰ ਜਾਏ ਮੌਲ, ਨਿਰਗੁਣ ਆਪਣਾ ਰੂਪ ਵਟਾਇੰਦਾ । ਦਿਵਸ ਰੈਣ ਕੰਬੇ ਧਰਤ ਧਵਲ ਧੌਲ, ਜ਼ਿਮੀ ਅਸਮਾਨ ਆਪ ਹਲਾਇੰਦਾ। ਗੁਰ ਸੰਗਤ ਮੁਖ ਲਗਾਏ ਸਾਚੀ ਪੌਹਲ, ਰਸਨਾ ਸੋਹੰ ਰਸ ਚਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿ ਸੰਗਤ ਤੇਰਾ ਸਚ ਭੰਡਾਰਾ, ਸਤਿਗੁਰ ਸਾਚਾ ਆਪ ਭਰਾਇੰਦਾ। ਭਰੇ ਭੰਡਾਰਾ ਨਾਮ ਰੰਗ, ਹਰਿ ਸੱਜਣ ਸ਼ਹਿਨਸ਼ਾਹੀਆ। ਹਰਿ ਸੰਗਤ ਚਾੜ੍ਹੇ ਉਚ ਅਟੱਲ ਮਹੱਲ ਪਲੰਘ, ਦਰ ਘਰ ਸਾਚੇ ਆਪ ਸੁਹਾਈਆ। ਦੂਸਰ ਦਰ ਨਾ ਲਏ ਮੰਗ, ਦੂਜੇ ਦਰ ਨਾ ਅਲੱਖ ਜਗਾਈਆ। ਜਨ ਭਗਤਾਂ ਰੱਖੇ ਸਦਾ ਸੰਗ, ਭਗਤ ਵਛਲ ਆਪ ਅਖਵਾਈਆ। ਕਲਜੁਗ ਜੀਵ ਭਾਗਾਂ ਮੰਦ, ਬੈਠੇ ਮੁਖ ਛੁਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿ ਸੰਗਤ ਸੰਗ ਰਖਾਈਆ। ਹਰਿ ਸੰਗਤ ਸਗਲਾ ਸਾਥ, ਹਰਿ ਪੁਰਖ ਨਿਰੰਜਣ ਆਪ ਰਖਾਇੰਦਾ। ਲਹਿਣਾ ਦੇਣਾ ਚੁੱਕਿਆ ਪੂਜਾ ਪਾਠ, ਜੋਗ ਅਭਿਆਸ ਨਾ ਕੋਇ ਵਖਾਇੰਦਾ। ਸਾਚਾ ਤੀਰਥ ਏਕਾ ਤਾਟ, ਏਕਾ ਘਰ ਵਖਾਇੰਦਾ। ਇਕ ਪ੍ਰੀਤੀ ਏਕਾ ਨਾਤ, ਏਕਾ ਦਾਤਾ ਜੋੜ ਜੁੜਾਇੰਦਾ। ਛੱਬੀ ਪੋਹ ਲੇਖਾ ਜਾਣੇ ਦਿਵਸ ਰਾਤ, ਭਿੰਨੜੀ ਰੈਣ ਨਾਲ ਰਲਾਇੰਦਾ। ਹਰਿ ਸੰਗਤ ਤੇਰੀ ਪੁੱਛਣ ਆਇਆ ਵਾਤ, ਤੇਰੇ ਦੁਖੜੇ ਮੁਖ ਰਖਾਇੰਦਾ। ਉਤਮ ਕਰੀ ਤੇਰੀ ਜ਼ਾਤ, ਵਰਨ ਗੋਤ ਨਾ ਕੋਇ ਬਣਾਇੰਦਾ। ਸਾਚਾ ਮੇਲਾ ਕਮਲਾਪਾਤ, ਕਵਲ ਕਵਲਾ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿ ਸੰਗਤ ਮਾਣ ਦਵਾਇੰਦਾ। ਹਰਿ ਸੰਗਤ ਤੇਰੀ ਸਾਚੀ ਰੁੱਤ, ਹਰਿ ਸਤਿਗੁਰ ਆਪ ਸੁਹਾਈਆ। ਖੇਲੇ ਖੇਲ ਅਬਿਨਾਸ਼ੀ ਅਚੁਤ, ਆਪ ਆਪਣੀ ਦਇਆ ਕਮਾਈਆ। ਗੁਰਮੁਖ ਦੁਲਾਰੇ ਸਾਚੇ ਸੁਤ, ਸ਼ਬਦੀ ਜਨਮ ਦਵਾਈਆ। ਜਗਤ ਦਵਾਰਿਉਂ ਬੂਟੇ ਲਏ ਪੁੱਟ, ਘਰ ਆਪਣੇ ਆਪ ਲਗਾਈਆ। ਲੱਖ ਚੁਰਾਸੀ ਗਈ ਛੁੱਟ, ਜੋ ਆਏ ਚਲ ਸਰਨਾਈਆ। ਨਾਮ ਪਿਆਏ ਸਾਚਾ ਘੁੱਟ, ਅੱਠੇ ਪਹਿਰ ਖੁਮਾਰ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿ ਸੰਗਤ ਦੇਵੇ ਮਾਣ ਵਡਿਆਈਆ। ਮਾਣ ਵਡਿਆਈ ਸਾਚਾ ਹਰਿ, ਹਰਿ ਸੰਗਤ ਆਪ ਦਵਾਇੰਦਾ । ਲਾੜੀ ਮੌਤ ਚੁੱਕਿਆ ਡਰ, ਵੇਲੇ ਅੰਤ ਦਰਸ ਦਿਖਾਇੰਦਾ। ਆਪਣੀ ਕਿਰਪਾ ਆਪੇ ਕਰ, ਹਰਿਜਨ ਸਾਚੇ ਮੇਲ ਮਿਲਾਇੰਦਾ। ਸਫਲ ਕੁੱਖ ਦਏ ਕਰ, ਜਿਸ ਜਨ ਆਪਣਾ ਦਰਸ ਦਿਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣੇ ਰੰਗ ਰੰਗਾਇੰਦਾ। ਰੰਗ ਰੰਗੀਲਾ ਹਰਿ ਚਲੂਲ, ਹਰਿ ਸੰਗਤ ਆਪ ਚੜ੍ਹਾਈਆ। ਗੋਬਿੰਦ ਤੇਰਾ ਲੇਖਾ ਗਿਆ ਨਾ ਭੂੱਲ, ਅੰਤਮ ਲਹਿਣਾ ਰਿਹਾ ਮੁਕਾਈਆ। ਬ੍ਰਹਮਾ ਵਿਸ਼ਨ ਸ਼ਿਵ ਹਰਿ ਸੰਗਤ ਤੇਰੇ ਉਤੇ ਬਰਸਨ ਆਏ ਫੂਲ, ਪ੍ਰਭ ਸਾਚੇ ਸੇਵ ਲਗਾਈਆ। ਸਤਿ ਸਰੂਪੀ ਸ਼ਾਹੋ ਭੂਪੀ, ਸਾਚੇ ਤਖਤ ਬਰਾਜੇ ਨਾ ਕੋਈ ਪਾਵਾ ਨਾ ਕੋਈ ਚੂਲ, ਨਾ ਕੋਈ ਬਾਢੀ ਬਣਤ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪੇ ਵੇਖੇ ਥਲ ਅਸਗਾਹ, ਨਿਰਗੁਣ ਜੋਤ ਨੂਰ ਰੁਸ਼ਨਾਈਆ। ਨਿਰਗੁਣ ਜੋਤੀ ਨੂਰ ਉਜਾਲਾ, ਹਰਿ ਸਾਚਾ ਦੀਪ ਜਗਾਇੰਦਾ। ਖੇਲੇ ਖੇਲ ਗੁਰ ਗੋਪਾਲਾ, ਗੋਬਿੰਦ ਆਪਣਾ ਵੇਸ ਵਟਾਇੰਦਾ। ਜਨ ਭਗਤਾਂ ਤੋੜਨ ਆਇਆ ਜਗਤ ਜੰਜਾਲਾ, ਜਾਗਰਤ ਜੋਤ ਇਕ ਜਗਾਇੰਦਾ। ਚਰਨ ਰਖਾਏ ਕਾਲ ਮਹਾਂਕਾਲਾ, ਕਾਲ ਦਿਆਲ ਰੂਪ ਵਟਾਇੰਦਾ। ਸੰਬਲ ਨਗਰੀ ਸਾਚੀ ਧਰਮ ਧਰਮ ਧਰਮਸਾਲਾ, ਹਰਿ ਸਾਚਾ ਆਸਣ ਲਾਇੰਦਾ। ਹਰਿ ਸੰਗਤ ਤੇਰਾ ਬਣ ਰਖਵਾਲਾ, ਸਾਚੀ ਸੇਵਕ ਸੇਵ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਛੱਬੀ ਪੋਹ ਦਿਵਸ ਸੁਹਾਇੰਦਾ। ਛੱਬੀ ਪੋਹ ਭਿੰਨੜੀ ਰੈਣ, ਗੁਰਮੁਖਾਂ ਰਾਹ ਤਕਾਈਆ। ਆਪੇ ਖੋਲ੍ਹੇ ਆਪਣਾ ਨੈਣ, ਆਪੇ ਵੇਖ ਵਖਾਈਆ। ਹਰਿ ਸੰਗਤ ਹਰਿ ਜੀ ਸਾਚਾ ਸਾਕ ਸੈਣ, ਸਾਚਾ ਨਾਤਾ ਇਕ ਬੰਧਾਈਆ। ਆਪੇ ਨੁਕਤਾ ਜਾਣੇ ਐਨ ਗ਼ੈਨ, ਆਪੇ ਅਲਫ਼ ਨਾਉਂ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਖੇਲ ਖਿਲਾਈਆ। ਖੇਲਣਹਾਰਾ ਪੁਰਖ ਅਕਾਲਾ, ਕਲਜੁਗ ਕਾਲੀ ਧਾਰ ਵੇਖ ਵਖਾਇੰਦਾ। ਨੌਂ ਖੰਡ ਪ੍ਰਿਥਮੀ ਮਾਰੇ ਇਕ ਉਛਾਲਾ, ਸੱਤ ਸਾਗਰ ਆਪੇ ਫੋਲ ਫੋਲਾਇੰਦਾ। ਗੁਰਮੁਖ ਸਾਚੇ ਲੱਭੇ ਲਾਲਾ, ਲਾਲ ਲਾਲਨ ਰੂਪ ਵਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚੇ ਲੇਖੇ ਲਾਇੰਦਾ। ਸਾਚਾ ਲੇਖਾ ਚਰਨ ਦਵਾਰੇ, ਹਰਿ ਸਤਿਗੁਰ ਆਪ ਚੁਕਾਈਆ। ਹਰਿ ਸੰਗਤ ਤੇਰੇ ਸੋਹਨ ਬੰਕ ਦਵਾਰੇ, ਕਾਇਆ ਮੰਦਰ ਹੋਏ ਰੁਸ਼ਨਾਈਆ। ਘਰ ਘਰ ਦੀਪਕ ਕਰ ਉਜਿਆਰੇ, ਜੋਤ ਨਿਰੰਜਣ ਵੇਖ ਵਖਾਈਆ। ਗੁਰਮੁਖ ਸਾਚੇ ਕਰ ਪਿਆਰੇ, ਮੁਖ ਆਪਣੇ ਆਪ ਸਲਾਹੀਆ। ਸਾਚਾ ਭਰੇ ਸਚ ਭੰਡਾਰੇ, ਅਤੋਟ ਅਤੁਟ ਨਾਮ ਵਰਤਾਈਆ। ਜੋ ਜਨ ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਲਾਏ ਪੰਚ ਜੈਕਾਰੇ, ਕੋਟਨ ਕੋਟ ਜਨਮ ਦੇ ਜੋਗ ਅਭਿਆਸ ਪਾਸਕੂ ਤੋਲ ਨਾ ਤੋਲ ਤੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੰਡਾ ਹੱਥ ਉਠਾਈਆ। ਸਾਚਾ ਖੰਡਾ ਹਰਿ ਜੀ ਫੜਿਆ, ਸੋਹੰ ਡੰਡਾ ਨਾਲ ਲਗਾਇੰਦਾ। ਤਿੰਨਾਂ ਲੋਕਾਂ ਏਕਾ ਪਾਸੇ ਧਰਿਆ, ਲੱਖ ਚੁਰਾਸੀ ਨਾਲ ਰਲਾਇੰਦਾ। ਬ੍ਰਹਮਾ ਵਿਸ਼ਨ ਸ਼ਿਵ ਫੜ ਉਪਰ ਕਰਿਆ, ਸਾਚਾ ਮੇਲ ਮਿਲਾਇੰਦਾ। ਦੂਜੇ ਪਾਸੇ ਖੇਲ ਅਪਰਿਆ, ਹਰਿ ਸਾਚੀ ਖੇਲ ਖਿਲਾਇੰਦਾ। ਗੁਰਸਿਖ ਤੇਰੀ ਚਰਨ ਧੂੜੀ ਆਪਣੀ ਹੱਥੀਂ ਫੜ ਫੜ ਅੰਦਰ ਵੜਿਆ, ਸਾਚਾ ਛਾਬਾ ਆਪ ਭਰਾਇੰਦਾ। ਚਾਰ ਜੁਗ ਰਿਹਾ ਡਰਿਆ, ਸਾਚਾ ਤੋਲ ਨਾ ਕੋਇ ਤੁਲਾਇੰਦਾ। ਕਲਜੁਗ ਅੰਤਮ ਨਿਹਕਲੰਕ ਹਰਿ ਲਏ ਅਵਤਰਿਆ, ਆਪਣੀ ਕਰਨੀ ਆਪ ਕਮਾਇੰਦਾ। ਲੱਖ ਚੁਰਾਸੀ ਭਾਂਡਾ ਆਪੇ ਘੜਿਆ, ਅੰਤਮ ਆਪੇ ਭੰਨ ਵਖਾਇੰਦਾ। ਗੁਰਸਿਖ ਮੌਤ ਕੋਲੋਂ ਕਦੇ ਨਾ ਡਰਿਆ, ਸਤਿਗੁਰ ਪੂਰਾ ਆਪ ਸਮਝਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਜੁਗ ਤੇਰਾ ਰਾਹ ਤਕਾਇੰਦਾ। ਹਰਖ ਸੋਗ ਨਾ ਕੋਈ ਦੁੱਖ, ਚਿੰਤਾ ਚਿਤ ਨਾ ਕੋਇ ਜਣਾਈਆ। ਸਤਿਜੁਗ ਖਾਲੀ ਰਹੇ ਨਾ ਕੋਈ ਕੁੱਖ, ਬਿਨ ਪੁੱਤਰ ਮਾਂ ਨਾ ਦੇਵੇ ਕੋਇ ਦੁਹਾਈਆ। ਛੋਟਾ ਬੂਟਾ ਜਾਏ ਨਾ ਸੁੱਕ, ਪਿਤਾ ਪੁਤ ਨਾ ਹੋਏ ਜੁਦਾਈਆ। ਪਹਿਲੋਂ ਵੱਡਿਆਂ ਲਏ ਚੁੱਕ, ਪਿਛੋ ਵਾਰੀ ਨਿਕਿਆਂ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਜੁਗ ਸਾਚੀ ਧਾਰ ਬੰਧਾਈਆ। ਸਤਿਜੁਗ ਸਾਚਾ ਕਰ ਉਜਿਆਰ, ਹਰਿ ਲੋਕਮਾਤ ਵਡਿਆਇੰਦਾ। ਨੇਤਰ ਕੋਈ ਨਾ ਰੋਵੇ ਜ਼ਾਰੋ ਜ਼ਾਰ, ਨੈਣ ਨੀਰ ਨਾ ਕੋਇ ਵਹਾਇੰਦਾ। ਬੱਤੀ ਦੰਦ ਨਾ ਹਾਹਾਕਾਰ, ਰਸਨਾ ਜੇਹਵਾ ਨਾ ਕੋਏ ਹਲਾਇੰਦਾ। ਏਕਾ ਰੂਪ ਨਜ਼ਰ ਆਏ ਕਰਤਾਰ, ਨਿਰਗੁਣ ਆਪਣੀ ਜੋਤ ਜਗਾਇੰਦਾ। ਸਤਿ ਸੰਤੋਖੀ ਲਾਏ ਸਚ ਦਰਬਾਰ, ਸਚ ਸਿੰਘਾਸਣ ਆਸਣ ਸੋਭਾ ਪਾਇੰਦਾ। ਅਬਿਨਾਸ਼ੀ ਕਰਤਾ ਬਣ ਸਿਕਦਾਰ, ਆਪ ਆਪਣਾ ਰਾਜ ਕਮਾਇੰਦਾ। ਪ੍ਰਿਥਮੀ ਆਕਾਸਨ ਏਕਾ ਧਾਰ, ਬ੍ਰਹਮਾ ਵਿਸ਼ਨ ਸ਼ਿਵ ਸਮਝਾਇੰਦਾ। ਸੋਹੰ ਸ਼ਬਦ ਚੌਦਾਂ ਲੋਕ ਕਰਨ ਜੈ ਜੈਕਾਰ, ਬ੍ਰਹਮ ਪਾਰਬ੍ਰਹਮ ਅਖਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਆਪਣੀ ਕਲ ਵਰਤਾਇੰਦਾ। ਨਿਹਕਲੰਕ ਅਕਲ ਕਲ ਧਾਰ, ਸਤਿਜੁਗ ਰੂਪ ਵਟਾਇਆ। ਹਰਿ ਸੰਗਤ ਸੁਹਾਏ ਇਕ ਦਵਾਰ, ਦਰ ਦਰਵਾਜਾ ਇਕ ਖੁਲ੍ਹਾਇਆ। ਗ਼ਰੀਬ ਨਿਮਾਣਿਆਂ ਕਰੇ ਪਿਆਰ, ਆਪ ਆਪਣੀ ਗੋਦ ਬਹਾਇਆ। ਛੋਟੇ ਬਾਲੇ ਕਰ ਤਿਆਰ, ਹਰਿ ਸੰਗਤ ਏਹ ਸਮਝਾਇਆ। ਸਿੰਘ ਮਨਜੀਤ ਹੋ ਤਿਆਰ, ਸਤਿ ਰੰਗ ਰੰਗਨ ਰੰਗਾਇਆ। ਪੁਰੀ ਇੰਦਰ ਕਰੇ ਖ਼ਵਾਰ, ਸੁਰਪਤ ਰਾਜਾ ਇੰਦ ਰਹਿਣ ਨਾ ਪਾਇਆ। ਜਗਤ ਜਗਦੀਸ਼ਾ ਹੋ ਤਿਆਰ, ਰਾਹ ਸਾਚਾ ਵੇਖ ਵਖਾਇਆ। ਸ਼ੰਕਰ ਗਲ ਵਿਚੋਂ ਲਾਹੇ ਹਾਰ, ਹੱਥ ਤ੍ਰਸੂਲ ਸੁਟਾਇਆ। ਸਾਚੀ ਪੁਰੀ ਵਿਚੋਂ ਆਏ ਬਾਹਰ, ਪੂਰਬ ਲਹਿਣਾ ਝੋਲੀ ਪਾਇਆ। ਸਚ ਘਰ ਸਚ ਸਿਕਦਾਰ, ਹਰਿ ਸਾਚੇ ਆਪ ਬਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਘਰ ਸਾਚਾ ਵੇਖ ਵਖਾਇਆ। ਬ੍ਰਹਮੇ ਤੇਰੀ ਅੰਤਮ ਵਾਰ, ਬ੍ਰਹਮੇ ਦਏ ਸਮਝਾਈਆ। ਪੁਰਖ ਅਬਿਨਾਸ਼ੀ ਖੇਲ ਅਪਾਰ, ਹਰਿ ਸਾਚਾ ਆਪ ਕਰਾਈਆ। ਸਾਚਾ ਸਿੱਖ ਕਰ ਤਿਆਰ, ਸਾਚੇ ਪੌੜੇ ਆਪ ਚੜ੍ਹਾਈਆ। ਸਿੰਘ ਪਾਲ ਸੱਚੀ ਸਿਕਦਾਰ, ਏਕਾ ਹੱਥ ਫੜਾਈਆ। ਬ੍ਰਹਮੇ ਤੇਰੀ ਉਤਪਤ ਦਏ ਸੰਘਾਰ, ਸਤਿਜੁਗ ਆਪਣੇ ਬੂਟੇ ਦੇਵੇ ਲਾਈਆ। ਸਚਖੰਡ ਨਿਵਾਸੀ ਖੇਲ ਅਪਾਰ, ਵੇਦ ਪੁਰਾਨ ਸ਼ਾਸਤਰ ਸਿਮਰਤ ਖਾਣੀ ਬਾਣੀ ਭੇਵ ਨਾ ਰਾਈਆ। ਗਾ ਗਾ ਥੱਕੇ ਸਾਧ ਸੰਤ ਗੁਰ ਪੀਰ ਅਵਤਾਰ, ਬੇਅੰਤ ਬੇਅੰਤ ਕਹਿ ਕਹਿ ਗਏ ਵਿਚ ਲੋਕਾਈਆ। ਏਕੰਕਾਰ ਆਪੇ ਜਾਣੇ ਆਪਣਾ ਪਸਰ ਪਸਾਰ, ਆਦਿ ਅੰਤ ਮਧ ਆਪੇ ਡੇਰਾ ਲਾਈਆ। ਨਿਹਕਲੰਕਾ ਲਏ ਅਵਤਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣੀ ਖੇਲ ਖਿਲਾਈਆ। ਭਿੰਨੀ ਰੈਨੜੀਏ ਉਠ ਨੇਤਰ ਖੋਲ੍ਹ, ਹਰਿ ਸਤਿਗੁਰ ਆਪ ਖੁਲਾਇੰਦਾ। ਭਿੰਨੀ ਰੈਨੜੀਏ ਉਠ ਸ਼ਬਦੀ ਏਕਾ ਬੋਲ, ਹਰਿ ਸਤਿਗੁਰ ਆਪ ਸੁਣਾਇੰਦਾ। ਭਿੰਨੀ ਰੈਨੜੀਏ ਉਠ ਵਜਾ ਸੱਚਾ ਢੋਲ, ਹਰਿ ਮਰਦੰਗਾ ਹੱਥ ਫੜਾਇੰਦਾ। ਭਿੰਨੀ ਰੈਨੜੀਏ ਉਠ ਤੋਲ, ਸਾਚਾ ਤੋਲ ਹਰਿ ਸਾਚਾ ਖੰਡਾ ਹੱਥ ਵਖਾਇੰਦਾ। ਭਿੰਨੀ ਰੈਨੜੀਏ ਉਠ ਗੁਰਸਿਖ ਅੰਦਰ ਜਾਈਂ ਮੌਲ, ਤੇਰਾ ਤੇਰੇ ਵਿਚ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਰੈਣ ਭਿੰਨੜੀ ਵੇਖ ਵਖਾਇੰਦਾ। ਭਿੰਨੜੀ ਰੈਣ ਚੜ੍ਹਿਆ ਚਾ, ਹਰਿ ਸੰਗਤ ਦਰਸ਼ਨ ਪਾਈਆ। ਪੁਰਖ ਅਬਿਨਾਸ਼ੀ ਬਣਿਆ ਮਲਾਹ, ਖੇਵਟ ਖੇਟਾ ਬੇਪਰਵਾਹੀਆ। ਦੇਵਣਹਾਰਾ ਸਚ ਸਲਾਹ, ਸਿਫਤ ਸਲਾਹ ਨਾ ਕੋਈ ਸਲਾਹੀਆ। ਹਰਿ ਸੰਗਤ ਫੜਾਈ ਆਪੇ ਬਾਂਹ, ਸਚ ਨਿਆਂ ਆਪ ਕਰਾਈਆ। ਨਿਥਾਂਵਿਆਂ ਦੇਵਣ ਆਇਆ ਥਾਂ, ਨਿਮਾਣਿਆਂ ਮਾਣ ਧਰਾਈਆ। ਫੜ ਫੜ ਹੰਸ ਬਣਾਏ ਕਾਂ, ਲੇਖਾ ਲਿਖੇ ਕਾਗਦ ਕਲਮ ਨਾ ਕੋਈ ਛਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਅਠਾਰਾਂ ਭਾਰ ਬਨਾਸਤ ਗੁਰਸਿਖ ਤੇਰੇ ਚਰਨਾ ਹੇਠ ਦਬਾਈਆ। ਹਰਿ ਚਰਨ ਸੱਚੀ ਪ੍ਰਭਾਤ, ਅੰਮ੍ਰਿਤ ਵੇਲਾ ਆਪ ਵਖਾਇੰਦਾ। ਸਤਿਗੁਰ ਪੂਰਾ ਇਕ ਇਕਾਂਤ, ਆਦਿ ਜੁਗਾਦਿ ਸਮਾਇੰਦਾ। ਗੁਰਮੁਖਾਂ ਲੇਖਾ ਜਾਣੇ ਖਾਤ, ਵਹੀ ਖਾਤਾ ਨਾ ਕੋਈ ਬਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਕਲਜੁਗ ਅੰਤਮ ਵੇਖ ਵਖਾਇੰਦਾ। ਚਾਰ ਕੁੰਟ ਸਤਿਗੁਰ ਸਾਚਾ ਉਠ ਉਠ ਵੇਖੇ, ਨਿਰਗੁਣ ਆਪਣਾ ਰੂਪ ਵਟਾਈਆ। ਨਾਲ ਰਲਾਇਆ ਦਸ ਦਸਮੇਸੇ, ਦਹਿ ਦਿਸ਼ਾ ਫੇਰੀ ਪਾਈਆ। ਆਪ ਆਪਣੇ ਆਪੇ ਪੇਖੇ, ਆਪ ਆਪਣੇ ਲਏ ਜਗਾਈਆ। ਛੱਬੀ ਪੋਹ ਹਰਿ ਸੰਗਤ ਬਹਿ ਬਹਿ ਲਿਖੇ ਲੇਖੇ, ਨਾ ਕੋਈ ਮੇਟੇ ਮੇਟ ਮਿਟਾਈਆ। ਪਾਰ ਉਤਾਰੇ ਧਾਰੀ ਕੇਸੇ, ਮੂੰਡ ਮੁੰਡਾਏ ਨਾਲ ਰਲਾਈਆ। ਬਿਨ ਸਤਿਗੁਰ ਪੂਰੇ ਲਖ ਚੁਰਾਸੀ ਜਨਮ ਕਿਸੇ ਨਾ ਲੇਖੇ, ਲੇਖਾ ਕੋਇ ਨਾ ਸਕੇ ਮੁਕਾਈਆ। ਰਾਹ ਤੱਕਣ ਅੱਧ ਵਿਚਕਾਰ ਬੈਠੇ, ਬ੍ਰਹਮਾ ਵਿਸ਼ਨ ਮਹੇਸ਼ ਗਣੇਸ਼ੇ ਨੇਤਰ ਨੈਣ ਰਹੇ ਉਠਾਈਆ। ਜੀਵ ਜੰਤ ਸਾਧ ਸੰਤ ਕਲਜੁਗ ਪਏ ਭਰਮ ਭੁਲੇਖੇ, ਮਾਇਆ ਪਰਦਾ ਏਕਾ ਪਾਈਆ। ਹਰਿ ਸੰਗਤ ਤੇਰਾ ਰੂਪ ਬਣ ਬਣ ਆਪੇ ਵੇਖੇ, ਆਪ ਆਪਣਾ ਨੈਣ ਖੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਸੰਗਤ ਦਿਤਾ ਸਾਚਾ ਵਰ, ਆਪ ਲਗਾਇਆ ਆਪਣੇ ਲੜ, ਵੇਲੇ ਅੰਤ ਹੋਏ ਸਹਾਈਆ। ਅੰਤ ਸਹਾਈ ਆਪ ਪ੍ਰਭ, ਹਰਿਜਨ ਸਾਚੇ ਸਚ ਤਰਾਇੰਦਾ। ਲੱਖ ਚੁਰਾਸੀ ਵਿਚੋਂ ਲੱਭ, ਆਪਣੇ ਲਾਲ ਆਪਣੇ ਗਲ ਲਟਕਾਇੰਦਾ। ਹਰਿਸੰਗਤ ਹਰਿ ਦਵਾਰੇ ਰਹੀ ਫਬ, ਸਾਚੀ ਅੰਮ੍ਰਿਤ ਛਹਿਬਰ ਲਾਇੰਦਾ। ਕਲਜੁਗ ਵਾ ਤੱਤੀ ਰਹੀ ਵਗ, ਚਾਰੋਂ ਕੁੰਟ ਅਗਨੀ ਤਤ ਜਲਾਇੰਦਾ। ਗੁਰਸਿਖ ਤੇਰਾ ਵਾਸ ਕਰਾਏ ਉਪਰ ਸ਼ਾਹ ਰਗ, ਸੁਰਤੀ ਸ਼ਬਦੀ ਡੋਰ ਬੰਧਾਇੰਦਾ। ਹਰਿ ਮੰਦਰ ਟਿਕਾਇਆ ਸੱਜਾ ਪਗ, ਕਲਜੁਗ ਜੀਵਾਂ ਦਿਸ ਨਾ ਆਇੰਦਾ। ਘਰ ਘਰ ਲੱਗੀ ਵੇਖੋ ਅੱਗ, ਤਤਵ ਤਤ ਨਾ ਕੋਇ ਬੁਝਾਇੰਦਾ। ਸਿੰਘ ਸੰਗਤ ਤੇਰੀ ਰੱਖੀ ਪਗ, ਆਪਣਾ ਤਾਜ ਤੇਰੇ ਸੀਸ ਟਿਕਾਇੰਦਾ। ਲੈਹਣਾ ਦੇਣ ਚੁਕਾਏ ਕਲ ਕਿ ਅੱਜ, ਸੰਮਤ ਸਤਾਰਾਂ ਰਾਹ ਤਕਾਇੰਦਾ। ਦਿਵਸ ਰੈਣ ਰਿਹਾ ਭੱਜ, ਵਾਹ ਵਾ ਗੁਰੂ ਆਪਣਾ ਖੇਲ ਖਿਲਾਇੰਦਾ। ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਆਇਆ ਤਜ, ਲੋਕਮਾਤ ਆਸਣ ਲਾਇੰਦਾ। ਹਰਿ ਸੰਗਤ ਤੇਰਾ ਪਰਦਾ ਲਏ ਕਜ, ਸਿਰ ਆਪਣਾ ਹੱਥ ਰਖਾਇੰਦਾ। ਕਲਜੁਗ ਕਾਲ ਨਗਾਰਾ ਜਾਣਾ ਵੱਜ, ਹਰਿ ਸਾਚਾ ਆਪ ਵਜਾਇੰਦਾ। ਜੋ ਘੜਿਆ ਸੋ ਜਾਏ ਭੱਜ, ਭੰਨਣਹਾਰ ਦਿਸ ਨਾ ਆਇੰਦਾ। ਪਹਿਲੀ ਚੇਤ ਆਪਣੇ ਸੀਸ ਰਖਾਏ ਤਾਜ, ਤਖਤ ਤਾਜ ਸਰਬ ਮਿਟਾਇੰਦਾ। ਗੁਰਸਿਖਾਂ ਮਾਰੇ ਸੁਤਿਆਂ ਵਾਜ, ਸੋਹੰ ਸ਼ਬਦ ਸਾਚੀ ਸੇਵਾ ਲਾਇੰਦਾ। ਛੱਬੀ ਪੋਹ ਰਚਿਆ ਕਾਜ, ਸਾਚੀ ਨਾਰੀ ਕੰਤ ਪਰਨਾਇੰਦਾ। ਆਪਣੀ ਹੱਥੀਂ ਦੇਵਣ ਆਇਆ ਦਾਜ, ਪੱਲੇ ਨਾਮ ਗੰਢ ਬੰਧਾਇੰਦਾ। ਸੌਹਰੇ ਪੇਈਏ ਰੱਖੇ ਲਾਜ, ਦਰਗਹਿ ਸਾਚੀ ਆਪ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਹਰਿਸੰਗਤ ਅੱਗੇ ਆਪਣਾ ਆਪ ਧਰ, ਧਰਨ ਧਰਨੀ ਵਿਚ ਟਿਕਾਇੰਦਾ। ਹਰਿਸੰਗਤ ਤੇਰਾ ਸਾਚਾ ਘਰ, ਸਤਿਗੁਰ ਸਾਚਾ ਆਪ ਸੁਹਾਈਆ। ਹਰਿ ਸੰਗਤ ਤੇਰੇ ਅੰਦਰ ਵੜ, ਤੇਰੇ ਬੰਕ ਦਏ ਵਡਿਆਈਆ। ਹਰਿ ਸੰਗਤ ਤੇਰੀ ਅਗਨੀ ਪਹਿਲੋਂ ਗਿਆ ਸੜ, ਸ਼ੇਰ ਸਿੰਘ ਸ਼ੇਰ ਨਜ਼ਰ ਨਾ ਆਈਆ। ਸਚਖੰਡ ਨਿਵਾਸੀ ਬੈਠਾ ਮਾਰ ਦੜ, ਸੋਲਾਂ ਸਾਲ ਆਪਣਾ ਮੁਖ ਬੈਠਾ ਛੁਪਾਈਆ। ਸਾਚੇ ਦਿਵਸ ਛੱਬੀ ਪੋਹ ਹਰਿ ਮੰਦਰ ਬੈਠਾ ਆਪੇ ਚੜ, ਨਿਰਗੁਣ ਜੋਤ ਕਰੇ ਰੁਸ਼ਨਾਈਆ। ਸ਼ਾਹ ਸੁਲਤਾਨਾ ਲਿਆਏ ਫੜ੍ਹ, ਚਰਨ ਦੁਆਰਾ ਇਕ ਵਖਾਈਆ। ਨੌ ਖੰਡ ਪ੍ਰਿਥਮੀ ਟੁਟੇ ਗੜ੍ਹ, ਹਰਿ ਸ਼ਬਦੀ ਧੱਕਾ ਏਕਾ ਲਾਈਆ। ਸੰਤ ਸਹੇਲੇ ਗੁਰੂ ਗੁਰ ਚੇਲੇ ਕਰ ਕਰ ਮੇਲੇ ਆਪ ਲਗਾਏ ਆਪਣੇ ਲੜ, ਆਪਣਾ ਪੱਲਾ ਆਪ ਫੜਾਈਆ। ਅਗਨੀ ਹਵਨ ਨਾ ਜਾਏ ਸੜ, ਮੜੀ ਗੋਰ ਨਾ ਕੋਇ ਦਬਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਹਰਿ ਸੰਗਤ ਦੇਵੇ ਸਾਚਾ ਦਾਨ, ਸਚ ਸੁਚ ਕਾਇਆ ਕਚ ਆਪ ਟਕਾਈਆ। ਕਾਇਆ ਕਚ ਮਾਟੀ ਗਗਰੀਆ, ਹਰਿ ਸਾਚਾ ਆਪ ਉਪਜਾਇੰਦਾ। ਤ੍ਰੈਗੁਣ ਰੂਪ ਸਾਚੀ ਨਗਰੀਆ, ਨਿਰਗੁਣ ਸਰਗੁਣ ਵੇਖ ਵਖਾਇੰਦਾ। ਨਾਮ ਵਸਤ ਸਚ ਸਮਗਰੀਆ, ਘਰ ਸਾਚੇ ਆਪ ਟਕਾਇੰਦਾ। ਜਗੇ ਜੋਤ ਇਕ ਆਕਗਰੀਆ, ਇਕ ਅਕੱਲਾ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਹਰਿ ਸੰਗਤ ਚਾੜ੍ਹੇ ਨਾਮ ਰੰਗਤ, ਜਿਉਂ ਨਾਨਕ ਅੰਗ ਲਗਾਇਆ ਅੰਗਦ, ਅੰਗੀਕਾਰ ਆਪ ਅਖਵਾਇੰਦਾ।
