੨੧ ਵਿਸਾਖ ੨੦੧੭ ਬਿਕ੍ਰਮੀ ਮਿਰਜ਼ਾ ਦੇ ਮਕਬਰੇ ਪਰ ਕਾਦੀਆਂ ਜ਼ਿਲਾ ਗੁਰਦਾਸ ਪੁਰ
ਲਾਸ਼ਰੀਕ ਬੇਐਬ ਪਰਵਰਦਿਗਾਰ, ਨੂਰ ਨੁਰਾਨਾ ਬੇਪਰਵਾਹੀਆ। ਆਦਿ ਜੁਗਾਦੀ ਸਾਂਝਾ ਯਾਰ, ਏਕਾ ਕਲਮਾ ਨਾਮ ਪੜ੍ਹਾਈਆ। ਅਮਾਮ ਅਮਾਮਾ ਸ਼ਾਹ ਸਿਕਦਾਰ, ਸ਼ਾਹ ਸੁਲਤਾਨ ਵਡ ਵਡਿਆਈਆ। ਖੇਲੇ ਖੇਲ ਅਗੰਮ ਅਪਾਰ, ਜਲਵਾ ਨੂਰ ਇਕ ਇਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਵਸੇ ਏਕਾ ਘਰ, ਏਕਾ ਏਕ ਕਰੇ ਰੁਸ਼ਨਾਈਆ। ਏਕਾ ਨੂਰ ਨੂਰ ਨੁਰਾਨਾ, ਲੇਖਾ ਲੇਖ ਨਾ ਕੋਇ ਜਣਾਈਆ। ਪੁਰਖ ਅਬਿਨਾਸ਼ੀ ਖੇਲ ਮਹਾਨਾ, ਦਰਗਹਿ ਸਾਚੀ ਆਪ ਕਰਾਈਆ। ਏਕਾ ਵਸੇ ਸਚ ਮਕਾਨਾ, ਚਾਰ ਦੀਵਾਰ ਨਾ ਕੋਇ ਬਣਾਈਆ। ਏਕਾ ਕਲਮਾ ਕਰੇ ਪਰਵਾਨਾ, ਆਲਮਾ ਉਲਮਾ ਕਰੇ ਪੜ੍ਹਾਈਆ। ਏਕਾ ਦੇਵੇ ਧੁਰ ਫ਼ਰਮਾਣਾ, ਲਿਖਣ ਪੜ੍ਹਣ ਵਿਚ ਨਾ ਆਈਆ। ਏਕਾ ਬੰਨ੍ਹੇ ਸਾਚਾ ਗਾਨਾ, ਸਾਚਾ ਸਗਨ ਇਕ ਮਨਾਈਆ। ਇਕ ਸੁਣਾਏ ਆਤਮ ਧੁਨ ਨਾਮ ਤਰਾਨਾ, ਤੁਆਰਫ਼ ਆਪਣਾ ਆਪ ਦਿਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਇਲਾਹੀ ਨੂਰ ਇਕ ਅਖਵਾਈਆ। ਇਲਾਹੀ ਨੂਰ ਨੂਰ ਅਲ੍ਹਾ ਹੱਕ ਹਕੀਕਤ ਵੇਖ ਵਖਾਇੰਦਾ। ਲਾਸ਼ਰੀਕ ਇਕ ਖ਼ੁਦਾ, ਖ਼ਾਲਕ ਖ਼ਲਕ ਰੂਪ ਵਟਾਇੰਦਾ। ਪੀਰ ਫ਼ਕੀਰ ਸ਼ਾਹ ਹਕੀਰ ਆਪਣੇ ਰੰਗ ਦਏ ਰੰਗਾ, ਜਿਸ ਜਨ ਆਪਣੀ ਦਇਆ ਕਮਾਇੰਦਾ। ਸਚ ਮਰਦੰਗ ਕਾਇਆ ਮਹਿਰਾਬ ਦਏ ਵਜਾ, ਏਕਾ ਕਾਅਬਾ ਆਪ ਦਿਖਾਇੰਦਾ। ਦੋ ਦੋ ਆਬਾ ਵੇਖ ਵਖਾ, ਆਬਹਯਾਤ ਜਾਮ ਪਿਆਇੰਦਾ। ਪੁੰਨ ਸਵਾਬ ਇਕ ਗਣਾ, ਆਪ ਆਪਣਾ ਰਾਹ ਚਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਜਲਵਾ ਜਲਵਾ ਨੂਰ, ਇਕ ਇਕੱਲਾ ਹਾਜ਼ਰ ਹਜ਼ੂਰ, ਰਹਿਮਤ ਰਹਿਮਾਨ ਆਪ ਅਖਵਾਇੰਦਾ। ਰਹਿਮਤ ਰਹਿਮਾਨ ਹਰਿ ਮਹਿਬਾਨ ਬੀਦੋ ਬੀਖੈਰ ਯਾ ਅੱਲਾ ਨੂਰ ਇਲਾਹੀਆ। ਸਰਬ ਜੀਆਂ ਦਾ ਸਚ ਈਮਾਨ, ਉਮਤ ਆਪਣੀ ਕਰੇ ਪੜ੍ਹਾਈਆ। ਆਪੇ ਜਾਣੇ ਆਪਣੀ ਇਕ ਕਲਾਮ, ਕਾਗਦ ਕਲਮ ਨਾ ਲਿਖੇ ਸ਼ਾਹੀਆ। ਆਪੇ ਬਣਿਆ ਰਹੇ ਸਦ ਗੁਲਾਮ, ਆਪ ਆਪਣੀ ਸੇਵ ਕਮਾਈਆ। ਆਪੇ ਦੇਵੇ ਸਾਚਾ ਤਾਮ, ਜਗਤ ਤ੍ਰਿਸ਼ਨਾ ਭੁੱਖ ਗੁਆਈਆ। ਆਪੇ ਕਰੇ ਕਰਾਵੇ ਆਪਣਾ ਕਾਮ, ਕਾਇਨਾਤ ਵੇਖ ਵਖਾਈਆ। ਆਪੇ ਮੇਟੇ ਅੰਧੇਰੀ ਸ਼ਾਮ, ਸਾਚਾ ਚੰਦ ਕਰ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਲੇਖਾ ਆਪ ਜਣਾਈਆ। ਆਪਣਾ ਲੇਖਾ ਹਰਿ ਮਿਹਰਵਾਨ, ਤਾਲਬ ਤੁਲਬਾ ਆਪ ਪੜ੍ਹਾਇੰਦਾ। ਦਰਗਹਿ ਸਾਚੀ ਵਖਾਏ ਇਕ ਨਿਸ਼ਾਨ, ਸਚ ਸਾਚਾ ਆਪ ਝੁਲਾਇੰਦਾ। ਦੋ ਜਹਾਨੀ ਵੇਖੇ ਮਾਰ ਧਿਆਨ, ਚੌਦਾਂ ਤਬਕਾਂ ਫੋਲ ਫੁਲਾਇੰਦਾ। ਲੇਖਾ ਜਾਣੇ ਜ਼ਿਮੀ ਅਸਮਾਨ, ਜੀਵ ਜੰਤ ਡੇਰਾ ਲਾਇੰਦਾ। ਕਰੇ ਪਰਕਾਸ਼ ਆਪ ਆਪਣੇ ਭਾਨ, ਦਿਸ ਕਿਸੇ ਨਾ ਆਇੰਦਾ। ਜਿਸ ਜਨ ਦੇਵੇ ਆਪਣਾ ਦਾਨ, ਆਤਮਕ ਵਿਦਿਆ ਇਕ ਸੁਣਾਇੰਦਾ। ਚੌਦਾਂ ਵਿਦਿਆ ਹੋਣ ਹੈਰਾਨ, ਭੇਵ ਅਭੇਦਾ ਭੇਵ ਖੁਲ੍ਹਾਇੰਦਾ। ਏਕਾ ਨਾਦ ਵਜਾਏ ਕਾਨ, ਰਾਗ ਇਲਾਹੀ ਆਪ ਅਲਾਇੰਦਾ। ਆਪ ਸੁਣਾਏ ਆਪਣਾ ਕਲਾਮ, ਰਸਨਾ ਜਿਹਵਾ ਨਾ ਕੋਇ ਹਿਲਾਇੰਦਾ । ਸਚ ਮੁਕੱਦਸ ਵੇਖ ਮੁਕਾਮ, ਮੁਕਾਮੇ ਹੱਕ ਰਾਹ ਤਕਾਇੰਦਾ। ਐਨਲ ਹੱਕ ਇਕ ਪੈਗ਼ਾਮ, ਧੁਰਦਰਗਾਹੀ ਆਪ ਸੁਣਾਇੰਦਾ। ਅਹਿਮਦ ਮੁਹੰਮਦ ਪਕੜੇ ਦਾਮ, ਦਾਮਨਗੀਰ ਦਾਮਨ ਆਪਣਾ ਆਪ ਫੜਾਇੰਦਾ। ਸਚ ਦੁਆਰੇ ਕਰ ਪਰਵਾਨ, ਨਿਗਹਬਾਨ ਵੇਖ ਵਖਾਇੰਦਾ। ਨੇੜ ਨਾ ਆਏ ਜਗਤ ਸ਼ੈਤਾਨ, ਮਿਹਰਬਾਨ ਖੇਲ ਖਿਲਾਇੰਦਾ। ਹੱਕ ਜਮਾਇਤ ਕਰ ਪਰਧਾਨ, ਯਾ ਹੱਕ ਹੁਕਮ ਸੁਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਕਲਮਾ ਆਪ ਜਣਾਇੰਦਾ। ਏਕਾ ਕਲਮਾ ਲਾਸ਼ਰੀਕ, ਸ੍ਰਿਸ਼ਟ ਸਬਾਈ ਆਪ ਪੜ੍ਹਾਈਆ। ਮੇਟਣਹਾਰ ਜਗਤ ਤਾਰੀਕ, ਅੰਧ ਅੰਧੇਰ ਰਹਿਣ ਨਾ ਪਾਈਆ। ਹਰਿ ਕਾ ਅੱਖਰ ਇਕ ਬਾਰੀਕ, ਜਗਤ ਨੇਤਰ ਪੜ੍ਹਨ ਨਾ ਪਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਖੇਲੇ ਖੇਲ ਬੇਪਰਵਾਹੀਆ। ਬੇਪਰਵਾਹ ਏਕਾ ਅੱਲਾ, ਘਰ ਸਾਚੇ ਸੋਭਾ ਪਾਇੰਦਾ। ਸਚ ਸਿੰਘਾਸਣ ਏਕਾ ਮੱਲਾ, ਘਰ ਘਰ ਵਿਚ ਡੇਰਾ ਲਾਇੰਦਾ। ਅਹਿਮਦ ਸੁਨੇਹੜਾ ਏਕਾ ਘੱਲਾ, ਹੁਕਮੀ ਹੁਕਮ ਅਲਾਇੰਦਾ। ਚਾਰ ਵਰਨ ਫੜਾਏ ਪੱਲਾ, ਜੋਤੀ ਨੂਰ ਡਗਮਗਾਇੰਦਾ। ਕਰੇ ਖੇਲ ਇਕ ਇਕੱਲਾ, ਅਕਲ ਕਲ ਆਪ ਵਰਤਾਇੰਦਾ। ਪਵਣ ਪਵਣੀ ਆਪੇ ਰੱਲਾ, ਡੂੰਘੀ ਕੰਦਰ ਜੰਗਲ ਜੂਹ ਉਜਾੜ ਪਹਾੜ ਫੇਰਾ ਪਾਇੰਦਾ। ਕੂੜ ਕੁੜਿਆਰਾ ਕਰੇ ਹੱਲਾ, ਧੀਰਜ ਧੀਰ ਨਾ ਕੋਇ ਧਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਰੂਪ ਦਰਸਾਇੰਦਾ। ਦਰਗਾਹ ਸਾਚੀ ਸਚ ਬਹਿਸ਼ਤ, ਘਰ ਸਾਚਾ ਸਚ ਸੁਹਾਇੰਦਾ। ਜਿਸ ਜਨ ਦੇਵੇ ਆਪਣਾ ਇਸ਼ਟ, ਈਸ਼ ਜੀਵ ਆਪ ਮਿਲਾਇੰਦਾ। ਜਗਤ ਵਾਸਨਾ ਕਰੇ ਭ੍ਰਿਸ਼ਟ, ਨਿਰਭੌ ਭੈ ਸਰਬ ਵਖਾਇੰਦਾ। ਕਲਜੁਗ ਅੰਤਮ ਲੇਖਾ ਜਾਣੇ ਸਰਬ ਸ੍ਰਿਸ਼ਟ, ਰੂਪ ਅਨੂਪ ਆਪ ਦਰਸਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਚਾਰ ਯਾਰੀ ਤੱਕੇ ਰਾਹ, ਸੰਗ ਮੁਹੰਮਦ ਬਣ ਮਲਾਹ, ਅਹਿਮਦ ਲੇਖਾ ਦਏ ਦਿਖਾ, ਆਪ ਆਪਣਾ ਪਰਦਾ ਲਾਹੀਆ। ਆਪਣਾ ਪਰਦਾ ਦੇਵੇ ਚੁੱਕ, ਨੂਰੋ ਨੂਰ ਕਰੇ ਉਜਿਆਰਿਆ। ਜੂਠਾ ਝੂਠਾ ਸੁਨੇਹੁੜਾ ਜਾਏ ਮੁੱਕ, ਸਚ ਸੁੱਚ ਵਰਤੇ ਵਿਚ ਸੰਸਾਰਿਆ। ਪ੍ਰਗਟ ਹੋਵੇ ਜੋ ਬੈਠਾ ਲੁਕ, ਡੰਕ ਵਜਾਏ ਅਪਰ ਅਪਾਰਿਆ। ਹਰਿ ਭਗਤ ਬੂਟਾ ਨਾ ਜਾਏ ਸੁੱਕ, ਮੁਰਸ਼ਦ ਮੁਰੀਦ ਏਕਾ ਰੰਗ ਰੰਗਾ ਰਿਹਾ। ਆਪਣੀ ਗੋਦੀ ਲਏ ਚੁੱਕ, ਆਪ ਆਪਣਾ ਸੰਗ ਨਿਭਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਵੇਖੇ ਸਚ ਦੁਆ, ਨਬੀ ਰਸੂਲਾਂ ਨਾਲ ਰਲਾ, ਪੀਰ ਪੈਗ਼ੰਬਰ ਵੇਖ ਵਖਾ, ਦਸਤਗੀਰ ਦਸਤ ਮਿਲਾ, ਦਸਤ ਬਰਦਾਰ ਨਾ ਆਪ ਅਖਵਾਈਆ। ਦਸਤ ਬਦਸਤ ਵੇਖ ਤਕਦੀਰ, ਤਕਬੀਰ ਲੇਖਾ ਆਪ ਜਣਾਇੰਦਾ। ਆਪ ਜਣਾਏ ਆਪਣੀ ਤਦਬੀਰ, ਤਲਕੀਨ ਇਕ ਕਰਾਇੰਦਾ। ਕਾਇਆ ਕਾਅਬਾ ਵੇਖੇ ਸ਼ਾਹ ਫ਼ਕੀਰ, ਕੁਤਬ ਗੌਂਸ ਫੋਲ ਫੁਲਾਇੰਦਾ। ਝੂਠਾ ਤੋੜੇ ਜਗਤ ਜੰਜ਼ੀਰ, ਜਿਸ ਜਨ ਰਹਿਮਤ ਰਹਿਮਾਨ ਆਪ ਕਰਾਇੰਦਾ। ਚੋਟੀ ਚਾੜ੍ਹੇ ਇਕ ਅਖੀਰ, ਸਾਚੀ ਸਦਾ ਬਾਂਗ ਊਚੀ ਕੂਕ ਆਪ ਸੁਣਾਇੰਦਾ। ਏਕਾ ਮੇਲਾ ਦਏ ਮਿਲਾ, ਨੂਰ ਨੂਰ ਵਿਚ ਰਖਾਇੰਦਾ। ਕਲਮਾ ਕਲਾਮ ਦਏ ਪੜ੍ਹਾ, ਕਾਤਬ ਭੇਵ ਕੋਇ ਨਾ ਪਾਇੰਦਾ। ਖ਼ਾਦਮ ਬਣੇ ਆਪ ਖ਼ੁਦਾ, ਬਾਈਬਲ ਦੁਆ ਜੋ ਮੰਗ ਮੰਗਾਇੰਦਾ। ਝੂਠਾ ਨਿਜ਼ਾਮ ਨਾਜ਼ਮ ਦਏ ਮਿਟਾ, ਜਗਤ ਨਿਹਾਦ ਵੇਖ ਵਖਾਇੰਦਾ। ਸਾਚਾ ਸਾਲਸ ਬਣੇ ਬੇਪਰਵਾਹ, ਅਦਲ ਆਪਣਾ ਆਪ ਕਮਾਇੰਦਾ। ਗਾਲਬ ਗੁਰਬਤ ਦਏ ਗੁਆ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਮੁਕਾਮ ਮੁਕਾਮੇ ਹੱਕ, ਖ਼ੁਦੀ ਖ਼ੁਦਾ ਰਿਹਾ ਤੱਕ, ਹੱਕ ਹਕੀਕਤ ਵੇਖ ਵਖਾਇੰਦਾ। ਹੱਕ ਹਕੀਕਤ ਸੱਚਾ ਹਕਦਾਰ, ਹਾਕਮ ਹੁਕਮ ਆਪ ਜਣਾਈਆ। ਮੇਲ ਮਿਲਾਏ ਮੀਤ ਮੁਰਾਰ, ਅੰਦਰ ਮੰਦਰ ਹੁਕਮ ਸੁਣਾਈਆ। ਆਪ ਜਣਾਏ ਆਪਣੀ ਗੁਫ਼ਤਾਰ, ਜਗਤ ਰਫਤਾਰ ਨਾ ਕੋਇ ਵਖਾਈਆ। ਅਹਿਬਾਬ ਰਬਾਬ ਵਜਾਏ ਸੰਸਾਰ, ਸਾਰੰਗ ਸਾਰੰਗੀ ਨਾ ਹੱਥ ਵਖਾਈਆ। ਅੰਜੀਲ ਕੁਰਾਨ ਕਰੇ ਪੁਕਾਰ, ਬੀਸ ਬੀਸ ਦਏ ਗਵਾਹੀਆ। ਖ਼ਾਲਕ ਖ਼ਲਕ ਕਰੇ ਪਿਆਰ, ਦੂਈ ਦਵੈਤ ਨਾ ਕੋਇ ਰਖਾਈਆ। ਨਿੰਦਕ ਦੁਸ਼ਟ ਦੁਰਾਚਾਰ, ਚਾਰੋਂ ਕੁੰਟ ਦੇਣ ਦੁਹਾਈਆ। ਪ੍ਰਗਟ ਕਰੇ ਆਪਣਾ ਨੂਰ ਉਜਿਆਰ, ਮਹਿਤਾਬ ਬੇਆਬ ਹੋਏ ਕੁਰਲਾਈਆ। ਸ੍ਰਿਸ਼ਟ ਸਬਾਈ ਪਕੜੇ ਵਾਗ, ਡੋਰ ਆਪਣੇ ਹੱਥ ਉਠਾਈਆ। ਸਾਚੇ ਘਰ ਜਗਾਏ ਚਿਰਾਗ, ਤੇਲ ਬੱਤੀ ਨਾ ਕੋਇ ਪਾਈਆ। ਤਤ ਵਿਕਾਰਾ ਬੁਝੇ ਆਗ, ਮਾਇਆ ਮਮਤਾ ਦਏ ਗੁਆਈਆ। ਏਕਾ ਕਲਮਾ ਪੜ੍ਹਾਏ ਅਯੁਧਿਆ ਕਾਂਸ਼ੀ ਪਰਾਗ, ਮੱਕਾ ਕਾਅਬਾ ਕਰੇ ਇਕ ਜਣਾਈਆ। ਜਿਸ ਜਨ ਉਪਜਾਏ ਆਤਮ ਵੈਰਾਗ, ਬਿਸਮਿਲ ਰੂਪ ਆਪ ਦਿਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਨੂਰ ਸ਼ਾਹ ਸੁਲਤਾਨਾ, ਖੇਲੇ ਖੇਲ ਸ੍ਰੀ ਭਗਵਾਨਾ, ਭਾਰਤ ਖੰਡ ਵੇਖ ਬ੍ਰਹਿਮੰਡ, ਨੌ ਨੌ ਖੰਡ ਫੇਰਾ ਪਾਈਆ। ਸਚ ਦੁਆ ਹੋਏ ਕਬੂਲ, ਜਿਸ ਜਨ ਏਕਾ ਏਕ ਧਿਆਇਆ। ਨਾ ਕਾਤਲ ਨਾ ਦਿਸੇ ਮਕਤੂਲ, ਕਾਇਆ ਮਕਬਰਾ ਵੇਖ ਵਖਾਇਆ। ਖ਼ੁਦਾਵੰਦ ਕਰੀਮ ਅਜ਼ੀਮ ਨਾ ਜਾਏ ਭੂਲ, ਤਾਲੀਮ ਰੋਜ਼ਾ ਇਕ ਪੜ੍ਹਾਇਆ। ਆਪੇ ਜਾਣੇ ਆਪਣਾ ਸਚ ਅਸੂਲ, ਬੇਕਾਇਦਗੀ ਵਿਚ ਕਦੇ ਨਾ ਆਇਆ। ਆਪ ਜਣਾਏ ਆਪਣਾ ਜਨੂਨ, ਜਾਗਰਤ ਜੋਤ ਕਰੇ ਰੁਸ਼ਨਾਇਆ। ਪਹਿਲਾ ਮੇਟੇ ਸਰਬ ਕਾਨੂੰਨ, ਜ਼ਾਤ ਪਾਤ ਵਰਨ ਗੋਤ ਬਰਨ ਅਠਾਰਾਂ ਦਏ ਖਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਮੁਕੱਦਸ ਵੇਖੇ ਧਾਮ, ਏਕਾ ਖੇੜਾ ਇਕ ਗਰਾਮ, ਏਕਾ ਇਛਿਆ ਏਕਾ ਕਾਮ, ਏਕਾ ਭਿਛਿਆ ਦੇਵੇ ਰਾਮ, ਨਾਮ ਨਿਧਾਨਾ ਏਕਾ ਗਾਇਆ।
