G18L019 ੧੮ ਪੋਹ ੨੦੨੧ ਬਿਕ੍ਰਮੀ ਪਾਲ ਸਿੰਘ ਦੇ ਨਵਿਤ ਪਿੰਡ ਭਲਾਈ ਪੁਰ ਜ਼ਿਲਾ ਅੰਮ੍ਰਿਤਸਰ

ਇਕ ਦਿਨ ਰਵਿਦਾਸ ਆ ਗਿਆ ਚੁਪ ਚੁਪੀਤਾ, ਹੱਥ ਮੱਥੇ ਉਤੇ ਰਖਾਈਆ । ਕੋਲ ਢਾਈਆਂ ਹੱਥਾਂ ਦਾ ਫ਼ੀਤਾ, ਧਰਤੀ ਦਿਤੀ ਮਿਣਾਈਆ। ਉਹਦੇ ਅੰਦਰ ਪ੍ਰੇਮ ਦਾ ਲਾਇਆ ਬਾਗ਼ੀਚਾ, ਚਾਰੋਂ ਕੁੰਟ ਲਕੀਰ ਖਿਚਾਈਆ । ਫੇਰ ਵੇਖਿਆ ਤਕ ਕੇ ਨਾਲ ਰੀਝਾਂ, ਨੇਤਰ ਨੈਣ ਮਿਲਾਈਆ। ਅਗੋਂ ਨਜ਼ਰੀ ਆਇਆ ਮਾਰਗ ਸਿੱਧਾ, ਜੋ ਸਿੱਧਾ ਰਸਤਾ ਰਿਹਾ ਵਖਾਈਆ। ਮੰਦਰ ਦਿਸਿਆ ਨਿੱਘਾ, ਸਰਦੀ ਗਰਮੀ ਦੋਵੇਂ ਗਿਆ ਭੁਲਾਈਆ। ਪ੍ਰਭ ਨੂੰ ਵੇਖਿਆ ਪਿੰਡਿਉਂ ਨੰਗਾ ਨਾ ਕੋਈ ਝੱਗਾ, ਝੌਂਪੜੀ ਨਜ਼ਰ ਕੋਇ ਨਾ ਆਈਆ । ਨਾ ਕਾਲਾ ਨਾ ਦਿਸੇ ਬੱਗਾ, ਇਕੋ ਰੰਗ ਸਮਾਈਆ। ਨਾ ਨਜ਼ਰ ਆਏ ਅੱਗਾ ਨਾ ਪਿੱਛਾ, ਕਿੰਨਾਂ ਲੰਮਾਂ ਕਿੰਨਾਂ ਚੌੜਾ ਕਿਹੜੇ ਧਾਮ ਆਸਣ ਲਾਈਆ । ਓਸੇ ਵੇਲੇ ਚਰਨੀ ਢਹਿ ਕੇ ਡਿੱਗਾ, ਨੇਤਰ ਨੈਣਾਂ ਨੀਰ ਵਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪਰਮ ਪੁਰਖ ਪਤਿਪਰਮੇਸ਼ਵਰ ਬਣ ਕੇ ਪਿਤਾ, ਪਤਵੰਤਾ ਹੋ ਕੇ ਸਤਵੰਤਿਆਂ ਆਪਣੀ ਗੋਦ ਉਠਾਈਆ। ਰਵਿਦਾਸ ਇਕ ਦਿਨ ਆਪਣੀ ਪੁਰਾਣੀ ਗਠੜੀ, ਗੋਡੇ ਹੇਠਾਂ ਲਈ ਟਿਕਾਈਆ। ਉਹ ਰਗੜ ਦੇ ਨਾਲ ਸੀ ਗਈ ਰਗੜੀ, ਹੇਠੋਂ ਰਹੀ ਕੁਰਲਾਈਆ। ਓਨੇ ਚਿਰ ਨੂੰ ਇਕ ਜੋਕਾਂ ਲੌਂਣ ਵਾਲੀ ਕੋਲ ਆ ਗਈ ਗਗੜੀ, ਮਿੱਟੀ ਦਾ ਕੁੱਜਾ ਹੱਥ ਉਠਾਈਆ। ਓਸ ਨੇ ਕਿਹਾ ਇਹ ਕੋਈ ਪਾਗ਼ਲ ਬੈਠਾ ਜੰਗਲੀ, ਆਪਣਾ ਆਸਣ ਲਾਈਆ। ਇਸ ਤੋਂ ਵਸਤ ਕੀ ਮੰਗਣੀ, ਭੁੱਖਿਆਂ ਵਾਲਾ ਵੇਸ ਧਰਾਈਆ। ਗਠੜੀ ਬੋਲੀ ਮੇਰੀ ਗੱਲ ਸੁਣ ਅਗਲੀ, ਤੈਨੂੰ ਦਿਆਂ ਜਣਾਈਆ। ਇਹ ਪ੍ਰੇਮੀ ਪਿਆਰਾ ਆਇਆ ਜਗ ਲਈ, ਇਹਨੂੰ ਆਪਣੀ ਲੋੜ ਨਾ ਰਾਈਆ। ਕੁਛ ਇਸ ਦੇ ਕੋਲੋਂ ਮੰਗ ਲਈਂ, ਭਗਤਾਂ ਝੋਲੀ ਰਿਹਾ ਭਰਾਈਆ। ਉਹ ਅਗੋਂ ਦੀ ਨੀਵੀਂ ਅੱਖੀਂ ਲੰਘ ਗਈ, ਹਿਰਦੇ ਵਿਚ ਇਕੋ ਆਸ ਤਕਾਈਆ। ਜੇ ਬਖ਼ਸ਼ੇਂ ਤੇ ਆਪਣਾ ਸੰਗ ਦਈਂ, ਹੋਰ ਲੋੜ ਨਾ ਕੋਇ ਜਣਾਈਆ। ਚੁਰਾਸੀ ਦੇ ਗੇੜ ਵਿਚੋਂ ਕੱਢ ਲਈਂ, ਆਪਣਾ ਪ੍ਰਭੂ ਦੇਣਾ ਮਿਲਾਈਆ। ਭੈਣ ਭਰਾਵਾਂ ਵਾਂਗੂ ਮਿਲ ਕੇ ਵਸਤ ਵੰਡ ਲਈਂ, ਹਿੱਸਾ ਮੇਰਾ ਮੇਰੀ ਝੋਲੀ ਪਾਈਆ । ਰਵਿਦਾਸ ਨੇ ਓਸੇ ਵੇਲੇ ਇਕ ਲਕੀਰ ਆਪਣੀ ਛਾਤੀ ਉਤੇ ਕੱਢ ਲਈ, ਹੌਲੀ ਜਿਹੀ ਦਿਤਾ ਸੁਣਾਈਆ। ਤੂੰ ਆਪਣਾ ਅੱਧ ਮੇਰੇ ਕੋਲੋਂ ਵੰਡ ਲਈਂ, ਪਰਦਾ ਉਹਲਾ ਨਾ ਕੋਈ ਰਖਾਈਆ। ਇਸੇ ਕਾਰਨ ਪਾਲ ਸਿੰਘ ਤੇਰੀ ਭਰਾ ਵਾਲੀ ਗੰਢ ਪਈ, ਮਾਲਕ ਦੋਹਾਂ ਦਾ ਇਕੋ ਨਜ਼ਰੀ ਆਈਆ। ਹਰਿਸੰਗਤ ਹਰਿਭਗਤ ਇਸੇ ਰੰਗਣ ਵਿਚ ਰੰਗ ਲਈ, ਰੰਗ ਆਪਣਾ ਦਿਤਾ ਚੜ੍ਹਾਈਆ। ਮਹਾਰਾਜ ਆਇਆ ਕਿਸੇ ਕਾਰਨ ਮਾਰਨ ਪੰਧ ਨਹੀਂ, ਪਾਂਧੀਆਂ ਨੂੰ ਆਪਣੇ ਨਾਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਇਆਵਾਨ ਦਇਆ ਕਰੇ ਆਪਣੇ ਅਨੰਦ ਲਈ, ਬਿਨ ਭਗਤਾਂ ਦੇ ਪ੍ਰਭ ਨੂੰ ਅਨੰਦ ਨਾ ਕੋਇ ਵਖਾਈਆ। ਜੇ ਹੋਰ ਕੁਛ ਹੋਇਆ ਤੇ ਉਹ ਗੁਜਰੀ ਦੇ ਚੰਦ ਲਈ, ਨਿਰਗੁਣ ਸਰਗੁਣ ਅਪਣੀ ਖੇਲ ਵਖਾਈਆ । ਜਿਸ ਜੁਗ ਜਨਮ ਦੀ ਟੁੱਟੀ ਗੰਢ ਲਈ, ਰੁੱਸਿਆਂ ਲਿਆ ਮਨਾਈਆ। ਜੇ ਆਇਆ ਤੇ ਪ੍ਰੇਮ ਪ੍ਰੀਤੀ ਦੇ ਫੰਦ ਲਈ, ਜਮ ਦੀ ਫ਼ਾਸੀ ਰਿਹਾ ਕਟਾਈਆ । ਸੋਹਣਾ ਹੋਇਆ ਸੋਹਣੀ ਮੰਗ ਮੰਗ ਲਈ, ਪ੍ਰਭ ਖ਼ਾਲੀ ਝੋਲੀ ਦਏ ਭਰਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਇਸੇ ਕਾਰਨ ਹਰਿ ਸੰਗਤ ਸਦ ਲਈ, ਬਿਨਾ ਕਾਰਨੋਂ ਕਿਸੇ ਦੇ ਕੰਮ ਦਾ ਹਰਜਾਨਾ ਨਾ ਕੋਇ ਕਰਾਈਆ। ਪ੍ਰੇਮ ਡੋਰੀ ਅੰਦਰ ਬੰਧ ਲਈ, ਚਾਰੋਂ ਕੁੰਟ ਗੰਢ ਦਿਤੀ ਪਵਾਈਆ । ਹੁਣ ਅੰਦਰ ਉਹਲਾ ਨਾ ਕੰਧ ਰਹੀ, ਪਰਦਾ ਦਿਤਾ ਉਠਾਈਆ। ਨਾ ਕਰਮਾਂ ਵਾਲੀ ਤੁਹਾਡੇ ਸਿਰ ਤੇ ਪੰਡ ਰਹੀ, ਝਗੜਾ ਦਿਤਾ ਮੁਕਾਈਆ। ਨਾ ਸੁਰਤ ਤੁਹਾਡੀ ਰੰਡ ਰਹੀ, ਕੰਤ ਸੁਹਾਗੀ ਹਰਿ ਆਪਣਾ ਜੋੜ ਜੁੜਾਈਆ। ਨਾ ਬ੍ਰਹਿਮੰਡਾਂ ਵਾਲੀ ਵੰਡ ਰਹੀ, ਸਚਖੰਡ ਸਾਚੇ ਧਾਮ ਬਹਾਈਆ । ਨਾ ਕੁਆਰੀਆਂ ਵਾਲੀ ਕੱਚੀ ਵੰਗ ਰਹੀ, ਨਾਮ ਕੰਗਣ ਹੱਥ ਵਿਚ ਦਿਤਾ ਪਾਈਆ। ਨਾ ਰੁਸ਼ਨਾਈ ਵਾਲੀ ਸੂਰਜ ਚੰਦ ਰਹੀ, ਜੋਤੀ ਜੋਤ ਵਿਚ ਮਿਲਾਈਆ। ਨਾ ਅੰਮ੍ਰਿਤ ਧਾਰ ਪਾਣੀ ਵਾਲੀ ਠੰਡ ਰਹੀ, ਸਾਚੇ ਸੋਮੇ ਵਿਚ ਦਿਤਾ ਨੁਹਾਈਆ। ਓ ਗੁਰਮੁਖੋ ਤੁਹਾਡੇ ਚਰਨਾਂ ਦੀ ਸੇਵਾ ਕਰਨ ਵਾਲੀ ਨਾ ਮਾਈ ਗੰਗ ਰਹੀ, ਗੋਦਾਵਰੀ ਸੁਰਸਤੀ ਜਮਨਾ ਦੂਰ ਦੁਰਾਡੀਆਂ ਵੇਖੋ ਰੋਵਣ ਮਾਰਨ ਧਾਈਂਆ। ਵੇਖ ਕੇ ਪ੍ਰਭ ਦੀ ਖੇਲ ਅਸ਼ਟਭੁਜ ਦੁਰਗਾ ਦੰਗ ਰਹੀ, ਜਿਸ ਨੇ ਦੰਗਾ ਸੁੰਭ ਨਸੁੰਭ ਨਾਲ ਦਿਤਾ ਕਰਾਈਆ। ਬ੍ਰਹਮਾ ਵਿਸ਼ਨ ਸ਼ਿਵ ਕਹਿਣ ਭਗਤਾਂ ਦੀ ਆਸ਼ਾ ਐਥੋਂ ਦੀ ਲੰਘ ਗਈ, ਜਾਂਦੀ ਨਜ਼ਰ ਕਿਸੇ ਨਾ ਆਈਆ। ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਸਾਫ਼ ਕਿਹਾ ਲੋਕਮਾਤ ਇਕ ਪ੍ਰੀਤੀ ਭਗਤਾਂ ਦੀ ਭਗਵਾਨ ਨਾਲ ਹੰਢ ਗਈ, ਬਾਕੀ ਕੂੜੇ ਨਾਤੇ ਸਾਰੇ ਗਏ ਛੁਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤੋ ਤੁਹਾਨੂੰ ਮਾਣ ਤਾਣ ਦੇ ਕੇ ਭਗਵਾਨ ਫੇਰ ਚੜ੍ਹੇ ਸ਼ਬਦ ਸਰੂਪੀ ਜੰਗ ਲਈ, ਜੰਗਜੂ ਬਹਾਦਰ ਇਕੋ ਇਕ ਅਖਵਾਈਆ। ਹੁਕਮ ਦੇਵੇ ਅਸਵ ਦੇ ਤੰਗ ਲਈ, ਸ਼ਾਹ ਅਸਵਾਰਾ ਆਪਣੀ ਦਇਆ ਕਮਾਈਆ। ਹੁਕਮ ਦੇਵੇ ਨਾਮ ਦੇ ਮਰਦੰਗ ਲਈ, ਸਚ ਨਗਾਰਾ ਇਕ ਵਜਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਚ ਪ੍ਰੀਤੀ ਮਿਲ ਭਗਤਾਂ ਨਾਲ ਵੰਡ ਲਈ, ਵਖਰੀ ਰਖੀ ਨਾ ਕੋਇ ਲੁਕਾਈਆ।