Granth 04 Likhat 043: 12 Bhadro 2011 Bikarmi Bharat de Rashtarpati Dr. Rajinder Parsad noo Shabad Bhejia gia

੧੨ ਭਾਦਰੋਂ ੨੦੧੧ ਬਿਕ੍ਰਮੀ ਭਾਰਤ ਦੇ ਰਾਸ਼ਟਰਪਤੀ ਡਾ: ਰਜਿੰਦਰ ਪ੍ਰਸ਼ਾਦ ਨੂੰ ਸ਼ਬਦ ਭੇਜਿਆ ਗਿਆ

ਵਾਲੀ ਹਿੰਦ ਸੱਚੇ ਸੁਲਤਾਨ, ਪ੍ਰਗਟ ਹੋਏ ਹਰਿ ਦਾਤਾ ਗੁਣੀ ਗਹਿੰਦ, ਜੋਤ ਅਧਾਰੀ ਸ਼ਬਦ ਅਸਵਾਰੀ ਪਵਣ ਉਡਾਣ। ਮਨਮੁਖਾਂ ਆਤਮ ਹੋਈ ਹੰਕਾਰੀ ਜਗਤ ਖੁਆਰੀ, ਭੁੱਲਿਆ ਇਕ ਭਗਵਾਨ। ਕਲਜੁਗ ਚਲੀ ਠੱਗੀ ਚੋਰੀ ਯਾਰੀ, ਦੂਈ ਦਵੈਤੀ ਤਿੱਖੀ ਆਰੀ, ਲੋਕਮਾਤ ਕਰ ਜੋਤ ਅਕਾਰੀ, ਪ੍ਰਗਟ ਹੋਏ ਸ੍ਰੀ ਭਗਵਾਨ। ਵਾਲੀ ਹਿੰਦ ਸਚ ਤਖ਼ਤ ਤਾਜੇ। ਕਵਨ ਜਨ ਤੇਰਾ ਸਾਜਨ ਸਾਜੇ। ਆਦਿ ਅੰਤ ਪ੍ਰਭ ਬੇੜਾ ਰਿਹਾ ਬੰਨ੍ਹ, ਪ੍ਰਗਟ ਹੋਏ ਪ੍ਰਭ ਦੇਸ ਮਾਝੇ। ਸਦੀ ਚੌਧਵੀਂ ਚੜ੍ਹਿਆ ਸਾਚਾ ਚੰਨ, ਧਰਤ ਮਾਤ ਸਵਾਰੇ ਤੇਰੇ ਕਾਜੇ। ਸੱਤ ਦੀਪ ਨੌਂ ਖੰਡ ਕਰੇ ਖੰਨ ਖੰਨ, ਚਾਰ ਕੁੰਟ ਕਰਾਏ ਭਾਜੇ। ਜੋਤੀ ਜੋਤ ਸਰੂਪ ਹਰਿ, ਸ਼ਬਦ ਸਰੂਪੀ ਮਾਤ ਗਾਜੇ। ਵਾਲੀ ਹਿੰਦ ਤੇਰਾ ਧਰਮ ਯੁੱਧ। ਲੇਖ ਲਿਖਾਇਆ ਪ੍ਰਭ ਸਚ ਕਰਮ, ਉਤਮ ਹੋਏ ਬੁਧ। ਮਿਟੇ ਜਗਤ ਅੰਧੇਰਾ ਝੂਠਾ ਭਰਮ, ਪ੍ਰਭ ਦਰਸ ਨੇਤਰ ਕਾਇਆ ਸੁਧ। ਸੁਫ਼ਲ ਹੋਏ ਮਾਨਸ ਜਨਮ, ਜੋਤੀ ਜੋਤ ਸਰੂਪ ਹਰਿ, ਆਪਣੀ ਕਿਰਪਾ ਦੇਵੇ ਕਰ, ਸ਼ਬਦ ਅਸਵ ਹੋ ਅਸਵਾਰ, ਸਚ ਸਿੰਘਾਸਣ ਬੈਠ ਕੁੱਦ। ਸਚ ਸਿੰਘਾਸਣ ਸਿੰਘ ਆਸਣ ਸੱਚੀ ਸਰਕਾਰਾ। ਰਾਓ ਰੰਕ ਸਰਬ ਵਿਨਾਸਣ, ਅੰਤਮ ਆਏ ਮਾਤ ਹਾਰਾ। ਏਕਾ ਜੋਤ ਨਿਰਾਲਮ ਪ੍ਰਭ ਅਬਿਨਾਸ਼ਣ, ਸੋਹੰ ਸ਼ਬਦ ਸੱਚਾ ਜੈਕਾਰਾ। ਚਾਰ ਵਰਨ ਗਾਏ ਰਸਨ ਸਵਾਸ ਸਵਾਸਣ, ਮਿਟੇ ਕਲ ਅੰਧ ਅੰਧਿਆਰਾ। ਜੋਤੀ ਜੋਤ ਸਰੂਪ ਹਰਿ, ਮਾਤ ਜੋਤ ਜਗਤ ਬਲੋਏ, ਪ੍ਰਗਟ ਹੋਏ ਨਿਹਕਲੰਕ ਚਵੀਆਂ ਅਵਤਾਰਾ। ਨਰ ਅਵਤਾਰ ਜੋਤ ਪ੍ਰਕਾਸ਼ੇ। ਜਗਤ ਭੇਖ ਚੁਕਾਏ, ਮੇਟ ਮਿਟਾਏ ਮਦਿਰਾ ਮਾਸੇ। ਸਾਚੇ ਲੇਖ ਰਾਓ ਰੰਕ ਲਿਖਾਏ, ਵੇਖ ਵਖਾਣੇ ਪ੍ਰਿਥਮੀ ਅਕਾਸ਼ੇ। ਰਾਜ ਰਾਜਾਨ ਸ਼ਾਹ ਸੁਲਤਾਨ ਜਗਾਏ, ਚਾਰ ਵਰਨ ਇਕ ਸਰਨ ਰਖਾਏ, ਏਕਾ ਧਾਮ ਸਚ ਨਿਵਾਸੇ। ਵਰਨ ਬਰਨ ਕੋਈ ਰਹਿਣ ਨਾ ਪਾਏ, ਜੋਤੀ ਜੋਤ ਸਰੂਪ ਹਰਿ, ਜੀਵ ਜੰਤ ਸਾਧ ਸੰਤ ਰਸਨਾ ਗਾਇਣ ਸਵਾਸ ਸਵਾਸੇ। ਵਾਲੀ ਹਿੰਦ ਸਚ ਕਰਮ ਕਮਾਉਣਾ। ਪੁਰਖ ਪੁਰਖੋਤਮ ਸਦਾ ਬਖ਼ਸ਼ਿੰਦ, ਗਊ ਗਰੀਬ ਨਿਮਾਣਿਆਂ ਗਲੇ ਲਗਾਉਣਾ। ਦੂਈ ਦਵੈਤੀ ਕੱਢਣੀ ਚਿੰਦ, ਜਗਤ ਜਗਤ ਨਿਮਾਣਿਆਂ ਸਿਰ ਹੱਥ ਰਖਾਉਣਾ। ਕੂੜ ਕੁੜਿਆਰਾ ਚਲੇ ਜਿਉਂ ਸਾਗਰ ਸਿੰਧ, ਧਰਮ ਕਰਮ ਜਗਤ ਬਚਾਉਣਾ। ਜੋਤੀ ਜੋਤ ਸਰੂਪ ਹਰਿ, ਨਿਹਕਲੰਕ ਨਰ ਅਵਤਾਰ, ਸਾਚਾ ਡੰਕ ਇਕ ਵਜਾਉਣਾ। ਸਚ ਘਰ ਸੱਚੀ ਵਡਿਆਈ। ਨਿਰਗੁਣ ਨੂਰ ਨੁਰਾਨਿਆ, ਜਿਸ ਜਗਤ ਬਣਤ ਬਣਾਈ। ਏਕਾ ਜੋਤੀ ਹਰਿ ਭਗਵਾਨਿਆ, ਮਤ ਮਨ ਬੁਧ ਕਾਇਆ ਮੰਦਰ ਵਿਚ ਟਿਕਾਈ। ਸਾਚਾ ਦੇਵੇ ਬ੍ਰਹਮ ਗਿਆਨਿਆ, ਜੋਤੀ ਜੋਤ ਸਰੂਪ ਹਰਿ, ਦੇਂਦਾ ਰਹੇ ਸਦਾ ਵਰ, ਹਰਿ ਘਰ ਦਰ ਸਦਾ ਇਕ ਪਛਾਨਿਆ। ਸਚ ਦਰਬਾਰ ਸੱਚੀ ਜਗ ਸ਼ਾਹੀ। ਏਕਾ ਚਿਤ ਚਿਤਵੇ, ਪ੍ਰਭ ਅਬਿਨਾਸ਼ੀ ਸਾਚਾ ਮਾਹੀ। ਹਰਿ ਦਰਸ਼ਨ ਲੋੜੇ ਨਿਤਵੇ, ਜਗਤ ਤੁੱਟੇ ਫਾਹੀ। ਏਕਾ ਸੱਜਣ ਸਾਚਾ ਮਿਤਵੇ, ਜੋਤ ਸਰੂਪੀ ਹਰਿ ਰਘੁਰਾਈ। ਭਾਰਤ ਖੰਡ ਸੱਚੀ ਸਰਕਾਰਨ। ਪੁਰਖ ਅਬਿਨਾਸ਼ੀ ਪਾਈ ਵੰਡ, ਨੌਂ ਖੰਡ ਸਾਚੀ ਧਾਰਨ। ਵੇਖ ਵਿਖਾਣੇ ਹਰਿ ਬ੍ਰਹਿਮੰਡ ਵਰਭੰਡ, ਉਪਜਾਏ ਰਾਜੇ ਰਾਣੇ। ਹੱਥ ਫੜਾਏ ਇਕ ਧਰਮ ਚੰਡ ਪ੍ਰਚੰਡ, ਚਲੇ ਚਲਾਏ ਆਪਣੇ ਭਾਣੇ। ਬੰਨ੍ਹੇ ਦਾਤ ਪੱਲੇ ਗੰਢ, ਸਤਿ ਸੰਤੋਖੀ ਹਰਿ ਮਹਾਨੇ। ਏਕਾ ਬਖ਼ਸ਼ੇ ਤਨ ਕਾਇਆ ਠੰਡ, ਦੇਵੇ ਮਾਣ ਵਡ ਜਗਤ ਮਾਣੇ। ਜੋਤੀ ਜੋਤ ਸਰੂਪ ਹਰਿ, ਰਾਓ ਰੰਕ ਸ਼ਾਹ ਸੁਲਤਾਨ ਸਰਬ ਜੀਆਂ ਕਿਛ ਆਪੇ ਜਾਣੇ। ਕਿਸ਼ਨਾ ਪੱਖ ਕਾਇਆ ਅੰਧੇਰ। ਹਰਿ ਹਰਿ ਪ੍ਰਭ ਲਏ ਰਖ, ਜਿਸ ਜਨ ਕਰੇ ਮਿਹਰ। ਭਰੇ ਭੰਡਾਰੇ ਖ਼ਾਲੀ ਸਖ, ਵਕਤ ਸੁਹਾਏ ਨੇਰਨ ਨੇਰ। ਜਗਤ ਵਡਿਆਈ ਪ੍ਰਭ ਰੱਖੇ ਪਤਿ, ਚੁਕਾਏ ਮੇਰ ਤੇਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਦੀਪਕ ਜਗਤ ਜਗਾਏ, ਮਿਟੇ ਅੰਧ ਅੰਧੇਰ। ਰੋਗ ਸੋਗ ਤਨ ਚਿੰਤ ਵਿਨਾਸੇ। ਏਕਾ ਬੇਨੰਤੀ ਗੁਰ ਚਰਨ ਪਾਸੇ। ਰਸਨਾ ਸ਼ਬਦ ਸਾਚਾ ਮੰਤ, ਸੋਹੰ ਸ਼ਬਦ ਆਤਮ ਵਾਸੇ। ਮਿਲੇ ਦਾਤ ਸਾਚੇ ਸੰਤ, ਲੱਗੇ ਭਾਗ ਗਰਭ ਵਾਸੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਦੀਪਕ ਜਗਤ ਜਗਾਏ, ਸੁਲੱਖਣੀ ਕੁੱਖ ਭਾਗ ਲਗਾਏ, ਦੁੱਖ ਦਰਦ ਹਾਕਨ ਡਾਕਨ ਘਰ ਛੱਡਣ ਨਾਸੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋ ਜਨ ਗਾਇਣ ਸਵਾਸ ਸਵਾਸ ਸਵਾਸੇ। ਕਾਇਆ ਮਠ ਤਪੇ ਤੰਦੂਰ। ਉਲਟੀ ਗਿੜੇ ਲੱਠ, ਹੱਡ ਪਿੰਜਰ ਹੋਇਆ ਚੂਰੋ ਚੂਰ। ਭੌਂ ਭੌਂ ਥੱਕੇ ਅਠ ਸਠ, ਕੋਈ ਨਾ ਮਿਲਿਆ ਦਾਤਾ ਸੂਰ। ਗੁਰ ਸੰਗਤ ਮਿਲਿਆ ਇਕ ਇਕੱਠ, ਪ੍ਰਗਟ ਹਰਿ ਹਾਜ਼ਰ ਹਜ਼ੂਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਰਬ ਗੁਣਾਂ ਆਪੇ ਭਰਪੂਰ। ਵਾਯੁ ਵਿਵਾਦ ਅਗਨੀ ਤੇਜਾ। ਭਾਗ ਲਗਾਏ ਕਾਇਆ ਮੰਦਰ ਸਾਚੀ ਸੇਜਾ। ਰੋਗ ਗਵਾਏ ਕਾਇਆ ਕੰਦਰ, ਸ਼ਬਦ ਮਾਰੇ ਤਿੱਖਾ ਨੇਜਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਚ ਵਸਤ ਜਨ ਝੋਲੀ ਪਾਏ, ਸੁਫ਼ਲ ਕੁੱਖ ਜਗਤ ਕਰਾਏ, ਉਪਜੇ ਪੂਤ ਨਾਮ ਰੱਖਣਾ ਸਿੰਘ ਗੁਰਮੇਜਾ। ਕਾਇਆ ਸਾਗਰ ਡੂੰਘੀ ਭਵਰ। ਕਾਚੀ ਗਾਗਰ ਵਿਚ ਦਿਸੇ ਗਹਿਰ ਗਵਰ। ਜਨ ਆਏ ਦਵਾਰੇ ਪ੍ਰਭ ਕਿਰਪਾ ਧਾਰੇ, ਮਾਨਸ ਜਨਮ ਜਾਏ ਸਵਰ। ਜੋਤੀ ਜੋਤ ਸਰੂਪ ਹਰਿ, ਗੁਰਮੁਖ ਨਾ ਜਾਣੇ ਕੋਈ ਅਵਰ। ਖਿੱਟਾ ਰੋਗ ਸਹੰਸ ਨਵਿਰਤੀ। ਜਗਤ ਵਿਜੋਗ ਮਾਤ ਪ੍ਰਕਿਰਤੀ। ਜਿਸ ਜਨ ਲਿਖੇ ਧੁਰ ਸੰਜੋਗ, ਬਖ਼ਸ਼ੇ ਚਰਨ ਪ੍ਰੀਤ ਸਾਚੀ ਬਿਰਤੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੰਗ ਸੰਗ ਸੰਗ ਅੰਗ ਵਡ ਸੂਰਾ ਸਰਬੰਗ, ਚਿੰਤਾ ਰੋਗ ਕਰੇ ਨਵਿਰਤੀ। ਤੁੱਟੇ ਜਗਤ ਜੰਜ਼ਾਲ ਹੋਏ ਛੁਟਕਾਰਾ। ਗੁਰਮੁਖ ਚਲੇ ਸਾਚੀ ਚਾਲ, ਬਣੇ ਨਾਮ ਵਣਜਾਰਾ। ਪ੍ਰਭ ਆਪੇ ਰੱਖੇ ਸੁਰਤ ਸੰਭਾਲ, ਪੰਚਾਂ ਫੇਰੇ ਸਿਰ ਸ਼ਬਦ ਆਰਾ। ਜਨ ਭਗਤ ਨਾ ਹੋਏ ਕਦੇ ਕੰਗਾਲ, ਪ੍ਰਭ ਪੱਲੂ ਰੱਖੇ ਸਦਾ ਭਾਰਾ। ਸਚ ਵਸਤ ਰੱਖਣੀ ਨਾਮ ਸੰਭਾਲ, ਸੋਹੰ ਗਾਉਣਾ ਵਸਤ ਸ਼ਬਦ ਅਪਾਰਾ। ਤੀਰਥ ਨੁਹਾਉਣਾ ਕਾਇਆ ਸੁਹਾਵੇ ਤਾਲ, ਸ਼ਬਦ ਸੁਰਤ ਮਨ ਜਗਾਉਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਚ ਸੁੱਚ ਜਗਤ ਗੁਰਦੇਵ, ਫੜ ਫੜ ਬਾਹੋਂ ਰਾਹੇ ਪਾਉਣਾ। ਕਿੰਗਰੇ ਕਿੰਗਰੇ ਵਜੇ ਮਰਦੰਗ। ਇਕ ਦੂਜੇ ਦਾ ਤੁੱਟੇ ਸੰਗ। ਅੰਦਰ ਬਾਹਰ ਤਨ ਖੁਆਰ, ਦਿਸੇ ਭੁੱਖ ਨੰਗ। ਤੁੱਟਾ ਨਾਤਾ ਜਗਤ ਪਿਆਰ, ਮਾਨਸ ਦੇਹੀ ਦਿਸੇ ਭੰਗ। ਕਰਮਾ ਆਈ ਦਿਸੇ ਹਾਰ, ਦਿਵਸ ਰੈਣ ਰਹੇ ਵਿਚਾਰ। ਨਾ ਕੋਈ ਨਿਭਾਏ ਸਾਚਾ ਸੰਗ। ਚੜ੍ਹਿਆ ਰਹੇ ਇਕ ਬੁਖ਼ਾਰ, ਇਕ ਦੂਜੇ ਨੂੰ ਵੱਜੇ ਡੰਗ। ਪ੍ਰਭ ਅਬਿਨਾਸ਼ੀ ਕਿਰਪਾ ਧਾਰ, ਏਕਾ ਦਾਤ ਦਰ ਰਹੇ ਮੰਗ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਰਸਨਾ ਗੁਣ ਜਨ ਸਦਾ ਉਚਾਰ, ਸਤਿ ਸਰੂਪੀ ਜਾਇਣ ਲੰਘ। ਘਰ ਘਰ ਬਾਹਰਾ ਇਕ ਰਖਵਾਰਾ, ਚੰਡ ਪ੍ਰਚੰਡ ਸ਼ਬਦ ਡੰਡ, ਹੋਏ ਆਪ ਸਹਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਗਤ ਪੈਜ ਸਵਾਰੇ, ਜਨ ਆਏ ਚਰਨ ਦਵਾਰ। ਮਦਿਰਾ ਮਾਸ ਦੇਣਾ ਤਜ। ਗੁਰ ਸੰਗਤ ਵਿਚ ਜਾਣਾ ਸਜ। ਏਕਾ ਦਰ ਏਕਾ ਘਰ ਬਣਨਾ ਮੰਗਤ, ਅੰਮ੍ਰਿਤ ਪੀਣਾ ਨਾਮ ਰੱਜ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖਾਂ ਪੜਦੇ ਰਿਹਾ ਕੱਜ। ਸਚ ਨਾਮ ਗੁਰ ਚਰਨ ਭਿਖਾਰੀ। ਕਰ ਕਿਰਪਾ ਦੇਵੇ ਹਰਿ, ਜੋ ਜਨ ਆਏ ਦਰ ਦਵਾਰੀ। ਆਪ ਚੁਕਾਏ ਜਗਤ ਡਰ, ਜਗਤ ਮਾਇਆ ਨਾ ਕਰੇ ਖੁਆਰੀ। ਚਰਨ ਲਾਗ ਗੁਰ ਜਾਏ ਤਰ, ਪੂਰਨ ਪੈਜ ਸਵਾਰੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਦੇਵੇ ਸੋਹੰ ਨਾਮ ਸ਼ਬਦ ਸੱਚੀ ਖ਼ੁਮਾਰੀ। ਦੁੱਖ ਰੋਗ ਮਿਟੇ ਸੰਤਾਪ। ਮਿਲੇ ਨਾਮ ਜੋਗ ਵਡ ਪ੍ਰਤਾਪ। ਲਿਖਿਆ ਧੁਰ ਸੰਜੋਗ, ਸੋਹੰ ਜਪਣਾ ਸਾਚਾ ਜਾਪ। ਦਰਸ ਦਿਖਾਏ ਹਰਿ ਅਮੋਘ, ਪ੍ਰਗਟ ਕਰ ਆਪਣਾ ਆਪ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਿਰਪਾ ਕਰ ਆਪ ਮਿਟਾਏ ਕੋਟਨ ਪਾਪ। ਤੁੱਟੀ ਗੰਢੇ, ਪ੍ਰਭ ਚਰਨ ਜੁੜੰਦਾ। ਦੁਧ ਪੁੱਤ ਦਾਤ ਸਾਚੀ ਵੰਡੇ, ਦੁੱਖ ਰੋਗ ਮਿਟੰਦਾ। ਕਦੇ ਨਾ ਦੇਵੇ ਹਰਿ ਜੀ ਕੰਡੇ, ਘਰ ਬਹਾਏ ਧਾਮ ਸੁਹੰਦਾ। ਆਤਮ ਹੋਏ ਕਦੇ ਨਾ ਰੰਡੇ, ਸਾਚੀ ਸੇਜਾ ਹਰਿ ਤਖ਼ਤ ਬਹਿੰਦਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੇਵੇ ਸੱਚਾ ਦਾਨ, ਪੂਰੇ ਘਾਟ ਆਪ ਕਰੰਦਾ। ਪੂਰ ਕਰਾਏ ਘਾਟਾ। ਜੋਤ ਜਗਾਏ ਵਿਚ ਲਲਾਟਾ। ਸਹਿੰਸਾ ਰੋਗ ਭੁੱਖ ਗਵਾਏ, ਦੂਰ ਕਰਾਏ ਦੁੱਖੜਾ ਵਾਟਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੋਹੀਂ ਹੱਥੀਂ ਆਪ ਸਵਾਏ ਕਾਇਆ ਚੋਲੀ ਤਨ ਮਾਤ ਪਾਟਾ। ਦਰ ਘਰ ਸੀਤਲ ਅੰਮ੍ਰਿਤ ਧਾਰੀ। ਹਰਿ ਨਰ ਰਾਖੋ ਸਦਾ ਚੀਤਲ, ਬਖ਼ਸ਼ੇ ਅਵਗੁਣ ਭਾਰੀ। ਜਗਤ ਸੁਹੇਲਾ ਸਾਚਾ ਮੀਤਲ, ਸਾਚਾ ਵਣਜ ਕਰੇ ਵਪਾਰੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰ ਚਰਨ ਸਰਨ ਇਕ ਧਰਮ, ਮੰਗਣਾ ਨਾਮ ਦਰ ਭਿਖਾਰੀ। ਸਾਚਾ ਨਾਉਂ ਰਸਨਾ ਗਾਉਣਾ। ਪ੍ਰਭ ਪਕੜੇ ਬਾਹੋਂ, ਚਿੰਤਾ ਸੋਗ ਸਰਬ ਮਿਟਾਉਣਾ। ਜੀਆਂ ਜੰਤਾਂ ਰੱਖੇ ਠੰਡੀ ਛਾਉਂ, ਸਿਰ ਆਪਣਾ ਹੱਥ ਰਖਾਣਾ। ਆਪੇ ਬਣੇ ਪ੍ਰਭ ਪਿਤਾ ਮਾਉਂ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਿਸ ਜਨ ਚਰਨ ਓਟ ਇਕ ਰਖਾਉਣਾ। ਸਾਚੇ ਅੰਮ੍ਰਿਤ ਸਾਚੀ ਧਾਰ। ਪਰਮ ਪੁਰਖ ਪ੍ਰਭ ਸਾਚੀ ਕਾਰ। ਸੁੱਕਾ ਕਾਇਆ ਹਰਿਆ ਬਿਰਖ, ਲੱਗੇ ਫਲ ਸਾਚੇ ਡਾਲ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮੁਖ ਚੁਆਏ ਮੇਟ ਮਿਟਾਏ, ਉਪਜਾਏ ਅੰਮ੍ਰਿਤ ਤਾਲ। ਪੁੱਤਰ ਧੀਆਂ ਸੁਖੀ ਜੀਆ। ਮਾਤ ਪਿਤ ਪਿਤ ਮਾਤ ਅੰਮ੍ਰਿਤ ਰਸ ਸਾਚਾ ਪੀਆ। ਗੁਰ ਚਰਨ ਪ੍ਰੀਤੀ ਸਾਚਾ ਹਿਤ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਹਿੰਸਾ ਰੋਗ ਜਗਤ ਗਵਾਏ ਨਿਰਮਲ ਕਰਾਏ ਜੀਆ। ਜਗਤ ਵਿਹਾਰਾ ਔਖਾ ਪੰਧ। ਨਾ ਦਿਸੇ ਕੋਈ ਸਹਾਰਾ, ਕਰਮਾਂ ਢੱਠੀ ਕੰਧ। ਮੰਗਣ ਆਏ ਚਲ ਦਵਾਰਾ, ਪ੍ਰਭ ਅਬਿਨਾਸ਼ੀ ਬੇੜਾ ਬੰਨ੍ਹ। ਖ਼ਾਲੀ ਭਰ ਜਗਤ ਭੰਡਾਰਾ, ਮਿਟੇ ਧੂੰਆਂ ਧਾਰ ਅੰਧੇਰ ਅੰਧ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਖ਼ੁਸ਼ੀ ਕਰਾ ਬੰਦ ਬੰਦ। ਚਰਨ ਧੂੜ ਮਜਨ ਇਸ਼ਨਾਨ। ਹਰਿ ਸਾਚਾ ਸਾਕ ਸੈਣ ਸੱਜਣ, ਸਦਾ ਸਦਾ ਮਿਹਰਬਾਨ। ਭਾਂਡੇ ਭਰਮ ਪ੍ਰਭ ਦਰ ਭੱਜਣ, ਚੁਕੇ ਜਮ ਕੀ ਕਾਨ। ਹੋਏ ਸਹਾਈ ਪੜਦੇ ਕੱਜਣ, ਦੇਵੇ ਨਾਮ ਨਿਧਾਨ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਚਰਨ ਪ੍ਰੀਤੀ ਜੋ ਜਨ ਕਮਾਨ। ਨਿਰਮਲ ਹੋਇਆ ਜਗਤ ਸਰੀਰ। ਕਾਇਆ ਮੰਦਰ ਟੁੱਟੀ ਧੀਰ। ਹਾਡੀ ਹਾਡੀ ਰਹੇ ਪੀੜ। ਕੋਇ ਨਾ ਮਿਲਿਆ ਸਾਚਾ ਗਾਡੀ, ਕਟੇ ਅੰਤਮ ਭੀੜ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਿਰਪਾ ਕਰ ਜਨ ਸਾਚੇ ਹਰਿ, ਰੋਗ ਸੋਗ ਕਟ ਕਾਇਆ ਭੀੜ। ਚਰਨ ਲਿਵ ਹਰਿ ਚਰਨ ਧਿਆਨਾ। ਨਾ ਕੋਈ ਜਾਣੇ ਸ਼ੰਕਰ ਸ਼ਿਵ ਬ੍ਰਹਮਾ ਵਿਸ਼ਨ ਮਹੇਸ਼ ਗੁਣ ਨਿਧਾਨਾ। ਏਕਾ ਨਾਉਂ ਜਗਤ ਦਿਸਾਏ, ਏਕਾ ਏਕ ਹਰਿ ਨਰ ਗੁਣਵੰਤ ਗੁਣ ਨਿਧਾਨਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖਾਂ ਦੇਵੇ ਸੋਹੰ ਸ਼ਬਦ ਸੱਚਾ ਦਾਨਾ। ਨਾੜੀ ਪਿੰਜਰ ਹੱਡ ਮਾਸ। ਅੱਡੋ ਅੱਡੀ ਦਿਸੇ ਕਿੰਗਰ, ਤਾਪਾਂ ਰੋਗਾਂ ਹੋਇਆ ਦਾਸ। ਕਾਇਆ ਸੁੱਕੀ ਹੋਈ ਢਿੰਗਰ, ਸਦਾ ਰਹੇ ਮਨ ਉਦਾਸ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਿਰਪਾ ਕਰ ਆਏ ਦਰ, ਦੁੱਖਾਂ ਰੋਗਾਂ ਕਰੇ ਬੰਦ ਖ਼ਲਾਸ। ਹੱਡ ਨਾੜੀ ਰਹੇ ਪੀੜਾ। ਦੁਖੀ ਦਿਸੇ ਸਦਾ ਜੀਅੜਾ। ਕਾਇਆ ਖਾਏ ਮਾਸ ਅਹਾਰੀ ਕੀੜਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਿਰਪਾ ਕਰ ਆਏ ਦਰ ਕਾਇਆ ਰੋਗ ਕਟ ਭੀੜਾ। ਚਰਨ ਪ੍ਰੀਤੀ ਮੰਗੇ ਮਿਲੇ ਜੋਤ ਹਰਿ ਭਗਵਾਨਾ। ਕਾਇਆ ਖੋਲ੍ਹੇ ਬੰਦ ਸੋਤ, ਉਪਜੇ ਬ੍ਰਹਮ ਗਿਆਨਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤਿਗੁਰ ਸਾਚਾ ਦੁਰਮਤ ਮੈਲ ਰਿਹਾ ਧੋਤ, ਗੁਰਮੁਖ ਚਰਨ ਧੂੜ ਕਰੇ ਇਸ਼ਨਾਨਾ। ਸੁਖਲਾ ਸੀਥਲ ਸਰੀਰਾ। ਚਲਦਾ ਰਹੇ ਨੀਰ ਨੀਰਾ। ਕਾਇਆ ਮੰਦਰ ਢਲਦਾ ਰਹੇ, ਦੁਖੀ ਰਹੇ ਜੀਅੜਾ। ਅਗਨ ਤੰਦੂਰ ਬਲਦਾ ਰਹੇ, ਲੱਗੀ ਰਹੇ ਦੁਹਾਗਣ ਪੀੜਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦਰ ਦਵਾਰ ਕਿਰਪਾ ਧਾਰ, ਬੰਨ੍ਹ ਵਖਾਈਂ ਮਾਤ ਬੀੜਾ। ਕਰਮ ਕਮਾਈ ਕ੍ਰਿਤ ਘਨ। ਗੁਰ ਦਰ ਭੁੱਲ ਬਖ਼ਸ਼ਾਈ, ਦਰ ਦਵਾਰੇ ਸਚ ਧੰਨ। ਝੂਠਾ ਰੋਗ ਦੇਣਾ ਗਵਾਈ, ਪ੍ਰਭ ਬੇੜਾ ਦੇਵੇ ਬੰਨ੍ਹ। ਸੋਹੰ ਸ਼ਬਦ ਰਸਨਾ ਗਾਈਂ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੱਚਾ ਦੇਵੇ ਨਾਮ ਧਨ।