Granth 04 Likhat 092: 5 Poh 2011 Bikarmi Pind Jethuwal Satgur Partap Singh Namdhari nu Shabad Bhejia gia

੫ ਪੋਹ ੨੦੧੧ ਬਿਕ੍ਰਮੀ ਪਿੰਡ ਜੇਠੂਵਾਲ ਸਤਿਗੁਰ ਪ੍ਰਤਾਪ ਸਿੰਘ ਨਾਮਧਾਰੀ ਨੂੰ ਸ਼ਬਦ ਭੇਜਿਆ ਗਿਆ

ਸਿੰਘ ਪ੍ਰਤਾਪ ਵਡ ਵਡ ਆਪ। ਚਾਰ ਕੁੰਟ ਵਧਿਆ ਪਾਪ। ਘਰ ਘਰ ਦਰ ਦਰ ਝੂਠਾ ਜਾਪ। ਨਾ ਕੋਈ ਜਾਣੇ ਆਪਾ ਆਪ। ਇਕ ਹੰਕਾਰੀ ਜਗਤ ਅਕਾਰੀ, ਜੂਠਾ ਝੂਠਾ ਚੜ੍ਹਿਆ ਤਾਪ। ਧਰਤ ਮਾਤ ਪ੍ਰਭ ਦਰ ਪੁਕਾਰੀ, ਹਰਿ ਹੋ ਸਹਾਈ ਮਾਈ ਬਾਪ। ਨਿਹਕਲੰਕ ਖੇਲ ਅਪਾਰੀ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪ੍ਰਗਟ ਹੋਏ ਆਪੇ ਆਪ। ਸ਼ਬਦ ਸੁਨੇਹੜਾ ਰਿਹਾ ਘਾਲ। ਕਲਜੁਗ ਅੰਤਮ ਵੇਖ ਵਖਾਣੇ ਜੰਗਲ ਜੂਹ ਜਲ ਥਲ। ਗੁਰਮੁਖ ਸਾਚੇ ਸੰਤ ਸਿਆਣੇ, ਫ਼ਲ ਲਗਾਏ ਸਾਚੇ ਡਾਲ। ਕਲਜੁਗ ਜੀਵ ਬੇਮੁਹਾਣੇ, ਜਗਤ ਭੁਲਾਏ ਕਰ ਕਰ ਵਲ ਛਲ। ਪਕੜ ਉਠਾਏ ਰਾਜੇ ਰਾਣੇ, ਖੇਲ ਰਚਾਏ ਅੱਜ ਕਿ ਕਲ। ਗੁਰਮੁਖ ਸਾਚਾ ਰੰਗ ਸਾਚਾ ਮਾਣੇ, ਸਚ ਦਵਾਰ ਲਏ ਮਲ। ਚਲੇ ਚਲਾਏ ਆਪਣੇ ਭਾਣੇ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਦੂਈ ਦਵੈਤੀ ਮੇਟੇ ਸੱਲ। ਗੁਰ ਸਤਿ ਸਤਿਗੁਰ ਸਤਿ। ਲਿਖਿਆ ਧੁਰ ਧੁਰ ਲੇਖ, ਲਿਖਤ ਪ੍ਰਭ ਦੇ ਸਮਝਾਵੇ ਮਤ। ਜੋਤ ਸਰੂਪੀ ਧਾਰੇ ਭੇਖ, ਤੀਜੇ ਲੋਇਣ ਲੈਣਾ ਵੇਖ, ਦਸਵੇਂ ਘਰ ਹੱਡ ਮਾਸ ਨਾੜੀ ਨਾ ਕੋਈ ਰਤ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਕਲ ਜਾਮਾ ਪਾਏ, ਸੋਹੰ ਸਾਚਾ ਸ਼ਬਦ ਚਲਾਏ, ਜਨ ਭਗਤਾਂ ਅੰਤਮ ਰੱਖੇ ਪਤ। ਨਿਹਕਲੰਕ ਜਾਮਾ ਪਾਇਆ। ਸ਼ਬਦ ਡੰਕ ਇਕ ਵਜਾਇਆ। ਰਾਓ ਰੰਕ ਦਏ ਸੁਣਾਇਆ। ਗੁਰ ਪੀਰ ਸਾਧ ਸੰਤ, ਜੋਤੀ ਨੂਰ ਹਾਜ਼ਰ ਹਜ਼ੂਰ, ਸਰਬ ਕਲਾ ਭਰਪੂਰ, ਸਦਾ ਸੁਹੇਲਾ ਇਕ ਅਕੇਲਾ, ਧੁਰਦਰਗਾਹੀ ਮੇਲਾ ਦਏ ਮਿਲਾਇਆ। ਆਪੇ ਗੁਰ ਆਪੇ ਚੇਲਾ, ਧਰਮ ਰਾਏ ਦੀ ਕਟੇ ਜੇਲ੍ਹਾ, ਅਚਰਜ਼ ਕਰੇ ਮਾਤ ਖੇਲਾ, ਦਿਸ ਕਿਸੇ ਨਾ ਆਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਪੁਰੀ ਘਨਕ ਡੇਰਾ ਲਾਇਆ। ਸਿੰਘ ਪ੍ਰਤਾਪ ਗੁਰ ਗੁਰ ਆਪ। ਕਵਣ ਸੁਵੇਲਾ ਜਗਤ ਸੁਹੇਲਾ, ਕਵਣ ਵਖਾਣੇ ਸਾਚਾ ਜਾਪ। ਕਵਣ ਧਾਮਾ ਕਵਣ ਰਾਮਾ ਦਰ ਘਰ ਸਾਚੇ ਸਾਚਾ ਮੇਲਾ, ਕਵਣ ਵਖਾਣੇ ਪੁੰਨ ਪਾਪ। ਕਵਣ ਗੁਰ ਕਵਣ ਚੇਲਾ, ਕਵਣ ਮਾਰੇ ਤੀਨੋ ਤਾਪ। ਕਵਣ ਹਰਿ ਇਕ ਅਕੇਲਾ, ਜੋਤੀ ਜੋਤ ਸਰੂਪ ਹਰਿ, ਕਵਣ ਥਾਪਣਾ ਰਿਹਾ ਥਾਪ। ਕਵਣ ਥਾਪੇ ਕਾਇਆ ਰਾਸ। ਕਵਣ ਕਰੇ ਜੋਤ ਪ੍ਰਕਾਸ਼। ਕਵਣ ਦੇਵੇ ਆਤਮ ਰਸਨ ਸਵਾਸ। ਕਵਣ ਚਲਾਏ ਸ਼ਬਦ ਮਾਤ ਪਤਾਲ ਅਕਾਸ਼। ਜੋਤੀ ਜੋਤ ਸਰੂਪ ਹਰਿ, ਨਿਹਕਲੰਕ ਨਰਾਇਣ ਨਰ, ਕਵਣ ਦਵਾਰਾ ਸਚ ਘਰ ਬਾਹਰਾ, ਵਿਚ ਸੰਸਾਰਾ ਜੋਤ ਅਕਾਰਾ, ਕਵਣ ਵਸੇ ਆਸ ਪਾਸ। ਆਸ ਪਾਸ ਕਿਸ ਵਸੇਰਾ। ਲੱਗਾ ਪ੍ਰਭਾਸ ਵਿਚ ਡੇਰਾ। ਪਰਮ ਪੁਰਖ ਹਰਿ ਸਾਚੀ ਆਸ, ਵੇਖ ਵਖਾਣੇ ਹਰਿ ਨੇਰਨ ਨੇਰਾ। ਕਾਇਆ ਪਿੰਜਰ ਹੱਡ ਨਾੜੀ ਮਾਸ, ਅੰਤਮ ਢਹਿ ਢਹਿ ਹੋਏ ਢੇਰਾ। ਮਾਤ ਗਰਭ ਰਿਹਾ ਦਸ ਮਾਸ, ਆਇਆ ਗਿਆ ਚੁਰਾਸੀ ਗੇੜਾ। ਰਸਨਾ ਗਾਏ ਸਵਾਸ ਸਵਾਸ, ਕਵਣ ਚੁਕਾਏ ਅੰਤਮ ਅੰਤ ਜਮ ਕਾ ਝੇੜਾ। ਪ੍ਰਭ ਮਿਲਣ ਦੀ ਸਾਚੀ ਆਸ, ਅੰਤਮ ਬੰਨ੍ਹੇ ਲਾਏ ਬੇੜਾ। ਮਨ ਬੈਰਾਗੀ ਸਦਾ ਉਦਾਸ, ਵੇਖ ਵਖਾਣੇ ਕਾਇਆ ਨਗਰ ਖੇੜਾ। ਸਚ ਮੰਡਲ ਹਰਿ ਸਾਚੀ ਰਾਸ, ਕਾਇਆ ਮੰਦਰ ਅੰਦਰ ਖੁਲ੍ਹਾ ਵਿਹੜਾ। ਗਗਨ ਪਤਾਲੀ ਜੋਤ ਅਕਾਲੀ ਮਾਤ ਪਤਾਲ ਅਕਾਸ਼, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੰਤਮ ਕਲ ਆਪ ਲਗਾਏ ਇਕ ਉਖੇੜਾ। ਲਾਏ ਕਲ ਉਖੇੜਾ ਸਰਬ ਕਲਾ ਭਰਪੂਰਿਆ। ਧਰਤ ਮਾਤ ਕਰਾਏ ਖੁਲ੍ਹਾ ਵਿਹੜਾ, ਗੁਰਮੁਖਾਂ ਆਸਾ ਮਨਸਾ ਪੂਰਿਆ। ਲੱਖ ਚੁਰਾਸੀ ਚੁੱਕੇ ਝੇੜਾ, ਵੇਲਾ ਨੇੜ ਨਾ ਜਾਣੋ ਦੂਰਿਆ। ਕਾਇਆ ਮੰਦਰ ਢਹਿਣਾ ਖੇੜਾ, ਏਕਾ ਜੋਤੀ ਸਾਚਾ ਨੂਰਿਆ। ਅੰਤਮ ਵੇਲੇ ਬੰਨ੍ਹੇ ਬੇੜਾ, ਸਰਬ ਕਲਾ ਆਪੇ ਭਰਪੂਰਿਆ। ਗੁਰੂਆਂ ਪੀਰਾਂ ਭੇੜ ਭੇੜਾ, ਹਰਿ ਦਿਸੇ ਹਾਜ਼ਰ ਹਜ਼ੂਰਿਆ। ਜੋਤੀ ਜੋਤ ਸਰੂਪ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੰਤਮ ਕਲ ਬੰਨ੍ਹੇ ਬੇੜਾ।

Leave a Reply

This site uses Akismet to reduce spam. Learn how your comment data is processed.