੫ ਪੋਹ ੨੦੧੧ ਬਿਕ੍ਰਮੀ ਬਾਬਾ ਮਿਹਰ ਸਿੰਘ ਜੀ ਨੂੰ ਜਲੰਧਰ ਮਾਡਲ ਟਾਊਨ ਸ਼ਬਦ ਭੇਜਿਆ ਗਿਆ
ਜੋਤੀ ਧੂੰਆਂ ਧੁਖੇ ਅੰਦਰ। ਕਾਇਆ ਡੂੰਘੀ ਵੇਖੇ ਕੰਦਰ। ਲੇਖੇ ਲਾਏ ਤਨ ਸਾਚਾ ਮੰਦਰ। ਪ੍ਰਭ ਅਬਿਨਾਸ਼ੀ ਕਿਰਪਾ ਕਰ ਵੇਖੇ ਦਰ, ਚੌਦਾਂ ਚੇਤਰ ਸ਼ਹਿਰ ਜਲੰਧਰ। ਚੌਦਾਂ ਚੇਤ ਲੈਣਾ ਚਿਤ। ਪ੍ਰਭ ਅਬਿਨਾਸ਼ੀ ਵੇਖਣ ਆਏ, ਕਾਇਆ ਸੁਹਣਾ ਸੁੱਚਾ ਖੇਤ। ਨੈਣ ਲੋਚਣ ਪੇਖਣ ਆਏ, ਮਾਇਆਧਾਰੀ ਜਿੰਨ ਪ੍ਰੇਤ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਕਲਜੁਗ ਅੰਤਮ ਕਰ ਕਰ ਭੇਖ। ਸ਼ਹਿਰ ਜਲੰਧਰ ਗੁਰ ਗੁਰ ਲਾਲ। ਜੋਤ ਨਿਰਾਲੀ ਅੰਦਰੇ ਅੰਦਰ, ਡਗਮਗਾਏ ਬੇਮਿਸਾਲ। ਚਾਰੋਂ ਕੁੰਟ ਮਦਿਰਾ ਮਾਸੀ ਭੌਂਦੇ ਬੰਦਰ, ਕਲਜੁਗ ਅਵੱਲੜੀ ਚਲੇ ਚਾਲ। ਕੋਈ ਨਾ ਤੋੜੇ ਆਤਮ ਜੰਦਰ, ਫਲ ਨਾ ਦਿਸੇ ਕਿਸੇ ਡਾਲ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਸੰਤ ਜਨਾਂ, ਲੱਖ ਚੁਰਾਸੀ ਵਿਚੋਂ ਲਏ ਭਾਲ। ਸੰਤ ਪਿਆਰੇ ਹਰਿਜਨ ਮੀਤ। ਪ੍ਰਭ ਅਬਿਨਾਸ਼ੀ ਵੇਖ ਵਖਾਣੇ, ਏਕਾ ਜਾਣੇ ਸਚ ਪ੍ਰੀਤ। ਗੁਰਦਵਾਰਾ ਮੰਦਰ ਨਾ ਕਿਸੇ ਟਿਕਾਣਾ, ਵਸੇ ਰਸੇ ਨਾ ਕਿਸੇ ਮਸੀਤ। ਜੋਤੀ ਨੂਰ ਸ਼ਬਦ ਬਿਬਾਣਾ, ਸਾਚੇ ਕੁੰਟਾਂ ਰਿਹਾ ਜੀਤ। ਗੁਰਮੁਖਾਂ ਦੇਵੇ ਨਾਮ ਨਿਧਾਨਾ, ਸੋਹੰ ਸ਼ਬਦ ਸੁਹਾਗੀ ਗੀਤ। ਜੋਤ ਸਰੂਪੀ ਪਹਿਰੇ ਬਾਣਾ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਸੰਤ ਜਨਾਂ, ਅੱਠੇ ਪਹਿਰ ਪਰਖੇ ਨੀਤ। ਪੰਚਮ ਪੋਹ, ਪਰਮ ਪੁਰਖ ਪ੍ਰਧਾਨ। ਸਾਧਾਂ ਸੰਤਾਂ ਆਤਮ ਸ਼ਕਤੀ ਖੋਹ, ਖਾਲੀ ਕਰੇ ਵਿਚ ਜਹਾਨ। ਜਗਤ ਨਾਤਾ ਤੁੱਟੇ ਮੋਹ, ਕਾਇਆ ਮੰਡਪ ਹੋਏ ਵੈਰਾਨ। ਆਤਮ ਦਰ ਰਹੇ ਰੋ, ਨਾ ਮਿਲੇ ਮੇਲ ਭਗਵਾਨ। ਸ਼ਬਦ ਬੀਜ ਪ੍ਰਭ ਰਿਹਾ ਬੋ, ਗੁਰਮੁਖਾਂ ਫਲ ਲੱਗੇ ਸਾਚੇ ਡਾਹਣ। ਕਲਜੁਗ ਅੰਤਮ ਨਾ ਜਾਣੇ ਕੋ, ਪੜ੍ਹ ਪੜ੍ਹ ਥੱਕੇ ਵੇਦ ਪੁਰਾਨ। ਵੇਦ ਪੁਰਾਨ ਸਾਰ ਨਾ ਜਾਣਿਆ। ਅੰਜ਼ੀਲ ਕੁਰਾਨ ਹਰਿ ਰੰਗ ਨਾ ਮਾਣਿਆ। ਉਠਿਆ ਸ਼ਬਦ ਜਵਾਨ, ਵਿਚ ਜਹਾਨ ਵਡ ਬਲਵਾਨਿਆ। ਪੁਰਖ ਅਬਿਨਾਸ਼ੀ ਰਸਨਾ ਖਿੱਚੇ ਇਕ ਕਮਾਨ, ਚਲੇ ਤੀਰ ਗੁਣ ਨਿਧਾਨਿਆ। ਫੜ ਫੜ ਉਠਾਏ ਰਾਜ ਰਾਜਾਨ ਸ਼ਾਹ ਸੁਲਤਾਨ, ਇਕ ਰਖਾਏ ਆਨਿਆ। ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਗੀ ਜੋਤ ਇਕ ਮਹਾਨਿਆ।