Granth 04 Likhat 073: 11 Kattak 2011 Bikarmi Pind Jethuwal Mata Bishan Kaur de Greh

੧੧ ਕੱਤਕ ੨੦੧੧ ਬਿਕ੍ਰਮੀ ਪਿੰਡ ਜੇਠੂਵਾਲ ਮਾਤਾ ਬਿਸ਼ਨ ਕੌਰ ਦੇ ਗ੍ਰਹਿ

ਹਰਿ ਨਰ ਭੇਖ ਅਵੱਲੜਾ, ਚਲੇ ਚਾਲ ਨਿਰਾਲੀ। ਨੂਰ ਜੋਤੀ ਇਕ ਇਕੱਲੜਾ, ਚਾਰੋਂ ਕੰਨੀਆਂ ਰੱਖੇ ਖ਼ਾਲੀ। ਸਚ ਦਵਾਰਾ ਏਕਾ ਧਾਮ ਮਲੜਾ, ਸ਼ਬਦ ਰੱਖੇ ਭੰਡਾਰਾ ਆਤਮ ਜੋਤੀ ਨੂਰੀ ਪਲੜਾ, ਕਲਗੀਧਰ ਨਰ ਨਿਰੰਕਾਰਾ। ਗੁਰਮੁਖ ਆਤਮ ਦਰ ਦਵਾਰੇ ਅੱਗੇ ਖੱਲੜਾ, ਦੀਪਕ ਜੋਤੀ ਕਰ ਉਜਿਆਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਚਾਰ ਵਰਨ ਇਕ ਖੁਲ੍ਹਾਏ ਸੱਚਾ ਦਰ ਦਵਾਰਾ। ਦਰ ਦਵਾਰਾ ਦੇਵੇ ਖੋਲ੍ਹ। ਸੋਹੰ ਸ਼ਬਦ ਵਜਾਏ ਚਾਰ ਕੁੰਟ ਏਕਾ ਢੋਲ। ਆਪ ਉਠਾਏ ਰਾਓ ਰੰਕ ਸ਼ਾਹ ਸੁਲਤਾਨ, ਵਿਚ ਜਹਾਨ ਤੋਲੇ ਪੂਰੇ ਤੋਲ। ਜਨ ਭਗਤ ਲਗਾਏ ਆਤਮ ਤਨਕ, ਦਸਮ ਦਵਾਰੀ ਪ੍ਰਭ ਖੋਲ੍ਹ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤੀ ਜੋਤ ਸਰੂਪ ਹਰਿ, ਵਡਾ ਸ਼ਾਹੋ ਹਰਿ ਹਰਿ ਭੂਪ, ਸ਼ਬਦ ਸਰੂਪੀ ਰਿਹਾ ਬੋਲ। ਸ਼ਬਦ ਸਰੂਪੀ ਹਰਿ ਹੁਲਾਰਾ। ਚਾਰ ਕੁੰਟਾਂ ਇਕ ਜੈਕਾਰਾ। ਸੋਹੰ ਸ਼ਬਦ ਸਤਿਜੁਗ ਸਾਚੇ ਤੇਰੀ ਸਾਚੀ ਧਾਰਾ। ਆਦਿ ਅੰਤ ਜੁਗਾ ਜੁਗੰਤ, ਕਰੇ ਖੇਲ ਜਨ ਭਗਤ ਮੇਲ, ਦੇਵੇ ਦਰਸ ਅਗੰਮ ਅਪਾਰਾ। ਆਤਮ ਜੋਤੀ ਜਗੇ ਬਿਨ ਬਾਤੀ ਤੇਲ, ਨਿਰਮਲ ਸ਼ਬਦ ਪਵਣ ਹੁਲਾਰਾ। ਦਿਵਸ ਰੈਣ ਨਾ ਦੇਵੇ ਸਵਣ, ਵੇਖ ਵਖਾਣੇ ਅਵਣ ਗਵਣ ਤ੍ਰੈ ਭਵਨ, ਨੂਰੀ ਜੋਤ ਕਰ ਉਜਿਆਰਾ। ਧਾਰੇ ਭੇਖ ਜਿਉਂ ਬਲ ਬਵਨ, ਭਗਤਨ ਮੰਗੇ ਇਕ ਦਵਾਰਾ। ਕਵਣ ਸਵਣ ਹਰਿ ਜੋਤੀ ਰਵਣ, ਏਕਾ ਧਾਰ ਵਿਚ ਸੰਸਾਰਾ। ਵਿਚ ਸੰਸਾਰ ਸ਼ਬਦ ਅਪਾਰ, ਖੰਡਾ ਦੋ ਧਾਰਾ। ਪ੍ਰਗਟ ਜੋਤ ਹਰਿ ਨਿਰੰਕਾਰ ਵਿਚ ਸੰਸਾਰ ਪਾਵੇ ਸਾਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ ਅਵਤਾਰਾ। ਨਰ ਨਰਾਇਣ ਹਰਿ ਜਗਦੀਸ਼ ਹੈ। ਸ਼ਬਦ ਚਲਾਏ ਏਕਾ ਚੱਕੀ, ਸ੍ਰਿਸ਼ਟ ਸਬਾਈ ਰਹੀ ਪੀਸ ਹੈ। ਧਰਮ ਰਾਏ ਦਰ ਤੇਰੇ ਜਾਏ ਧੱਕੀ, ਲੇਖਾ ਚੁੱਕੇ ਲੱਖ ਚੁਰਾਸੀ ਬੀਸ ਇਕੀਸ ਹੈ। ਅੰਤਮ ਕਲਜੁਗ ਬੇਮੁਖਾਂ ਖੇਤੀ ਪੱਕੀ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੰਤਮ ਅੰਤ ਕਰੇ ਨਰ ਹਰਿ ਸੱਚਾ ਜਗਦੀਸ਼ ਹੈ। ਏਕਾ ਜੋਤੀ ਸ਼ਬਦ ਜੈਕਾਰਾ। ਪ੍ਰਗਟ ਹੋਏ ਨਰ ਨਿਰੰਕਾਰਾ। ਸਾਚਾ ਦੇਵੇ ਮਾਣ ਤਾਣ, ਗੁਰਮੁਖਾਂ ਵਿਚ ਸੰਸਾਰਾ। ਸ਼ਬਦ ਉਠਾਏ ਖੰਡਾ ਦੋ ਧਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਲਜੁਗ ਤੇਰੀ ਅੰਤਮ ਵਾਰਾ। ਕਲਜੁਗ ਕਾਲਾ ਵੇਸ, ਦਰ ਦਰਵੇਸ਼ ਹਰਿ। ਲੋਕਮਾਤ ਧਰ ਅਵਲੜਾ ਭੇਸ ਵੇਸ ਕਰ। ਭੁਲੇ ਨਰ ਨਰੇਸ਼ ਖੁਲ੍ਹੇ ਕੇਸ, ਦਵਾਰ ਨਾ ਕੋਈ ਜਾਣੇ ਪੰਡਤ ਬ੍ਰਹਿਮਣ, ਵੇਦ ਪੁਰਾਨ ਗੀਤਾ ਗਿਆਨ, ਅਠਾਰਾਂ ਧਿਆਏ ਖਾਣੀ ਬਾਣੀ ਕੁਰਾਨ ਅੰਜ਼ੀਲ ਅੰਜ਼ੀਲ ਕੁਰਾਨੀ ਸਾਰੇ ਰਹੇ ਭੁਲਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਲੋਕਮਾਤ ਹਰਿ ਜੋਤ ਪ੍ਰਗਟਾਏ। ਹਰਿ ਸਾਚੇ ਜੋਤ ਜਗਾਈਆ। ਚਾਰ ਕੁੰਟ ਪਏ ਦੁਹਾਈਆ। ਕਲਜੁਗ ਤੇਰੀ ਅੰਤਮ ਵਰ, ਵਿਚ ਮਾਤ ਦੇ ਆਈਆ। ਪ੍ਰਭ ਅਬਿਨਾਸ਼ੀ ਸੋਲਾਂ ਕਰੇ ਤਨ ਸ਼ਿੰਗਾਰ, ਲੱਖ ਚੁਰਾਸੀ ਗਈ ਹਾਰ, ਸ਼ਬਦ ਬੰਨ੍ਹੇ ਸਾਚੀ ਧਾਰ, ਸੋਹੰ ਡੰਡਾ ਹੱਥ ਉਠਾਈਆ। ਬੇਮੁਖਾਂ ਵੇਖ ਵਿਚਾਰ, ਸਾਧਾਂ ਸੰਤਾਂ ਪਾਵੇ ਸਾਰ ਹਰਿ ਨਿਰੰਕਾਰ, ਦੇਵੇ ਦਾਤ ਨਾਮ ਸੱਚੀ ਦਵਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਅੰਤਮ ਕਲ ਜੋਤ ਧਰ, ਕਰ ਕਰ ਵੇਸ ਮਾਝੇ ਦੇਸ ਖੁਲ੍ਹੜੇ ਕੇਸ ਰਾਜ ਰਾਜਾਨ ਸ਼ਾਹ ਸੁਲਤਾਨ ਅੰਤਮ ਕਲ ਮੇਟ ਮਿਟਾਈਆ। ਸੱਚਾ ਹਰਿ ਰਾਜ ਰਾਜਾਨਾ। ਪ੍ਰਗਟ ਹੋਏ ਸ਼ਾਹ ਸੁਲਤਾਨਾ। ਫੜ ਫੜ ਮਾਰੇ ਬੇਈਮਾਨਾ। ਸ਼ਬਦ ਖੰਡਾ ਹੱਥ ਉਠਾਇਆ, ਜੋਤ ਸਰੂਪੀ ਨੌਜਵਾਨਾ। ਵਡਾ ਸ਼ਾਹੋ ਹਰਿ ਭੂਪੀ, ਇਕ ਰਖਾਏ ਜਗਤ ਤਰਾਨਾ। ਸ੍ਰਿਸ਼ਟ ਸਬਾਈ ਹੋਈ ਅੰਧ ਕੂਪੀ, ਭੁੱਲਿਆ ਨਾਮ ਇਕ ਗੁਣ ਨਿਧਾਨਾ। ਪ੍ਰਗਟ ਹੋਏ ਸਤਿ ਸਰੂਪੀ, ਜਗੇ ਜੋਤ ਇਕ ਮਹਾਨਾ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਵਡ ਦਾਤਾ ਸੂਰਬੀਰ ਬਲੀ ਬਲਵਾਨਾ। ਵਡ ਦਾਤਾ ਸੂਰ ਹਰਿ ਬਲਕਾਰਿਆ। ਜਾਮਾ ਧਾਰੇ ਵਿਚ ਸੰਸਾਰ, ਕਲਜੁਗ ਅੰਤਮ ਵਾਰਿਆ। ਆਪ ਉਠਾਏ ਸੋਏ ਭਗਤ ਸਾਧ ਸੰਤ, ਲਿਖਾਏ ਲੇਖ ਲਿਖਤ ਅਪਰ ਅਪਾਰਿਆ। ਸੋਹੰ ਸ਼ਬਦ ਵਾਕ ਭਵਿਖਤ, ਸਤਿਜੁਗ ਕਰੇ ਤੇਰੀ ਉਜਿਆਰਿਆ। ਮਹਾਰਾਜ ਸ਼ੇਰ ਸਿੰਘ ਭੇਖਧਾਰੀ ਵਡ ਬਲਕਾਰੀ, ਸਾਚਾ ਭੇਵ ਚੁਕਾ ਰਿਹਾ। ਮੇਟ ਹੰਕਾਰੀ ਖੰਡਾ ਦੋ ਧਾਰੀ, ਮਿਟਾਏ ਚਾਰ ਯਾਰੀ, ਸਚ ਦੇਵੇ ਇਕ ਸਰਦਾਰੀ, ਕਿਲ੍ਹੇ ਲਾਲ ਮਾਰ ਛਾਲ, ਸ਼ਬਦ ਦੇਵੇ ਇਕ ਦੁਸ਼ਾਲ, ਲੋਕਮਾਤ ਮਾਰ ਝਾਤ ਮਿਟਾਏ ਅੰਧੇਰੀ ਰਾਤ, ਸ਼ਬਦ ਪਾਏ ਗੁਰਸਿਖ ਤੇਰੀ ਝੋਲੀ ਸਾਚੀ ਦਾਤ, ਨਾ ਕੋਈ ਪੁਛੇ ਜ਼ਾਤ ਪਾਤ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰ ਅਵਤਾਰੀ। ਕਲਜੁਗ ਕਾਲਾ ਵੇਸ ਕਾਲੀ ਸ਼ਾਹੀ ਹੈ। ਹਰਿ ਪ੍ਰਗਟ ਹੋਏ ਮਾਝੇ ਦੇਸ, ਲੱਖ ਚੁਰਾਸੀ ਪਾਏ ਫਾਹੀ ਹੈ। ਪਕੜ ਲਿਆਏ ਨਰ ਨਰੇਸ਼, ਦੋਵੇਂ ਬੰਨ੍ਹੇ ਬਾਹੀਂ ਹੈ। ਕਿਸੇ ਨਾ ਚਲੇ ਅੱਗੇ ਪੇਸ਼, ਚਾਰ ਕੁੰਟਾਂ ਦੇਣ ਦੁਹਾਈ ਹੈ। ਜੋਤੀ ਧਰਿਆ ਹਰਿ ਜੀ ਭੇਸ, ਵੇਖ ਵਖਾਣੇ ਥਾਉਂ ਥਾਈਂ ਹੈ। ਕਲਜੁਗ ਮਿਟਾਏ ਰੇਖ, ਸਤਿਜੁਗ ਦਏ ਵਡਿਆਈ ਹੈ। ਆਪ ਮਿਟਾਏੇ ਔਲੀਏ ਪੀਰ ਸ਼ੇਖ਼, ਗੁਰਮੁਖਾਂ ਮਸਤਕ ਤਿਲਕ ਲਗਾਈ ਹੈ। ਆਤਮ ਬੈਠਾ ਦਰ ਦਰਵੇਸ਼, ਸਾਚੀ ਜੋਤ ਕਰੇ ਰੁਸ਼ਨਾਈ ਹੈ। ਕਿਸੇ ਹੱਥ ਨਾ ਆਏ ਬ੍ਰਹਮਾ ਮਹੇਸ਼ ਗਣੇਸ਼, ਏਕਾ ਜੋਤੀ ਨੂਰ ਨੁਰਾਨੀ ਸ਼ਾਹ ਸੁਲਤਾਨੀ, ਆਵਣ ਜਾਵਣ ਖੇਲ ਰਚਾਈ ਹੈ। ਜੁਗਾ ਜੁਗੰਤ ਚਲਾਏ ਸਾਚੀ ਬਾਣੀ ਦੋ ਜਹਾਨੀ, ਜਨ ਭਗਤਾਂ ਦਏ ਵਡਿਆਈ ਹੈ। ਸ੍ਰਿਸ਼ਟ ਸਬਾਈ ਅੰਤਮ ਆਈ ਹਾਨੀ, ਸ਼ਬਦ ਵੱਜੇ ਤੀਰ ਨਾਤਾ ਤੁਟੇ ਭੈਣਾਂ ਭਾਈ ਹੈ। ਬੇਮੁਖਾਂ ਪ੍ਰਭ ਫੜ ਫੜ ਕੁੱਠੇ, ਰਸਨਾ ਤੀਰ ਏਕਾ ਛੁਟੇ, ਰਾਜ ਰਾਜਾਨਾ ਨਾ ਸਕੇ ਕੋਈ ਛੁਡਾਈ ਹੈ। ਕਲਜੁਗ ਜੜ੍ਹ ਆਪੇ ਪੁੱਟੇ, ਜੀਵਾਂ ਜੰਤਾਂ ਭਾਗ ਨਿਖੁਟੇ, ਮਸਤਕ ਲੱਗੀ ਜੂਠੀ ਝੂਠੀ ਛਾਹੀ ਹੈ। ਗੁਰਮੁਖਾਂ ਦੇਵੇ ਸ਼ਬਦ ਝੂਟੇ, ਸਤਿਜੁਗ ਲਗਾਏ ਸਾਚੇ ਬੂਟੇ, ਤਨ ਸ਼ਿੰਗਾਰ ਹਰਿ ਵਿਚਾਰ, ਸੋਲਾਂ ਤਣੀਆਂ ਚੋਲੀ ਪਾਈ ਹੈ। ਆਪ ਬਣਾਏ ਦਰ ਘਰ ਸਾਚੇ ਗੋਲੇ, ਜਨ ਭਗਤ ਉਠਾਏ ਕਾਇਆ ਡੋਲੀ ਆਤਮ ਪੜਦਾ ਰਿਹਾ ਖੋਲ੍ਹੀ, ਸ਼ਬਦ ਸਰੂਪੀ ਆਤਮ ਬੋਲੀ, ਦੇਵੇ ਦਾਤ ਨਾਮ ਸੱਚੀ ਵਡਿਆਈ ਹੈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਕਲਜੁਗ ਤੇਰੀ ਅੰਤਮ ਵਾਰ, ਲੋਕਮਾਤ ਮਾਰ ਝਾਤ, ਗੁਰਮੁਖ ਬਣਾਏ ਸਚ ਬਰਾਤ, ਲਾੜੀ ਮੌਤ ਲੱਖ ਚੁਰਾਸੀ ਬਣਾਏ ਨਾਤ, ਚੌਥੇ ਜੁਗ ਚੌਥੀ ਵਾਰ ਏਕਾ ਗੇੜਾ ਦਏ ਦਵਾਈ ਹੈ। ਚੌਥੇ ਜੁਗ ਏਕਾ ਗੇੜਾ। ਪੁਰਖ ਅਬਿਨਾਸ਼ੀ ਘਟ ਘਟ ਵਾਸੀ ਘਨਕਪੁਰ ਵਾਸੀ, ਆਪ ਮਿਟਾਏ ਝੂਠਾ ਝੇੜਾ। ਧਰਮ ਰਾਏ ਦਰ ਕਰੇ ਦਾਸੀ ਮਦਿਰਾ ਮਾਸੀ, ਕਿਸੇ ਨਾ ਦਿਸੇ ਕਾਇਆ ਨਗਰ ਖੇੜਾ। ਮੌਤ ਲਾੜੀ ਖਿੜ ਖਿੜ ਹੱਸੇ, ਰਾਹ ਏਕਾ ਦੱਸੇ, ਅਠਾਈ ਕੁੰਡਾ ਖੁਲ੍ਹਾ ਵਿਹੜਾ। ਝੂਠੀ ਫਾਹੀ ਬੇਮੁਖ ਜੀਵ ਫਸੇ, ਨਾ ਕੋਈ ਕਰੇ ਨਿਬੇੜਾ। ਗੁਰਮੁਖਾਂ ਹਰਿ ਹਿਰਦੇ ਵਸੇ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪੇ ਬੰਨ੍ਹੇ ਮਾਤ ਬੇੜਾ। ਓਅੰ ਅਕਾਰ ਅਕਾਰ ਅਕਾਰਾ। ਸ਼ਬਦ ਪਵਣ ਅਸਵਾਰ, ਪੁਰਖ ਅਪਾਰ ਸਾਚੀ ਧਾਰ, ਤ੍ਰੈ ਲੋਆਂ ਪਾਵੇ ਸਾਰਾ। ਵੇਖ ਵਖਾਣੇ ਦਿਵਸ ਰਾਤ, ਅੱਠੇ ਪਹਿਰ ਮਾਰ ਝਾਤ, ਬਾਰਾਂ ਮਾਸ ਘਰ ਘਰ ਵਾਸ, ਨਾ ਕੋਈ ਜਾਣੇ ਥਿਤ ਵਾਰਾ। ਪ੍ਰਗਟ ਜੋਤ ਘਨਕਪੁਰ ਵਾਸ, ਪੁਰਖ ਅਬਿਨਾਸ਼ ਸ਼ਾਹੋ ਸ਼ਾਬਾਸ਼, ਚਲਾਏ ਸ਼ਬਦ ਅਪਰ ਅਪਾਰਾ। ਮੇਲ ਮਿਲਾਏ ਤਟ ਬਿਆਸ, ਰਸਨਾ ਗਾਏ ਸਵਾਸ ਸਵਾਸ, ਮਿਲਿਆ ਕੰਤ ਹਰਿ ਪਿਆਰਾ। ਨਿਜ ਆਤਮ ਹੋਇਆ ਸੱਚਾ ਦਾਸ, ਕਾਇਆ ਜੋਤੀ ਜਗੀ ਪ੍ਰਭਾਸ, ਅੰਧ ਕੂਪ ਸਤਿ ਸਰੂਪ ਜੋਤ ਉਜਿਆਰਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿੰਘ ਸਾਵਣ ਪਤਤ ਪਾਵਨ, ਸ਼ਬਦ ਦਿਤੀ ਸਾਚੀ ਧਾਰਾ। ਸ਼ਬਦ ਪਾਇਆ ਹਰਿ ਦਵਾਰ। ਮਿਲਿਆ ਮੇਲ ਹਰਿ ਨਿਰੰਕਾਰ। ਲੋਕਮਾਤੀ ਕਰ ਖੇਲ, ਸ਼ਬਦ ਚਲਾਉਣਾ ਤਿੱਖੀ ਧਾਰ। ਆਪੇ ਗੁਰ ਆਪੇ ਚੇਲ, ਕਰੇ ਕਰਾਏ ਆਪਣੀ ਕਾਰ। ਸੰਤ ਸਹਾਈ ਸੱਜਣ ਸੁਹੇਲ, ਜੁਗਾ ਜਗੰਤੀ ਵਾਰੋ ਵਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਪੁਰਖ ਅਪਰੰਪਰ ਸਵਾਮੀ, ਸਦਾ ਸਦਾ ਸਦਾ ਨਿਹਕਾਮੀ, ਕਰੇ ਖੇਲ ਅਪਰ ਅਪਾਰ। ਹੋਇਆ ਮੇਲ ਹਰਿ ਬਨਵਾਰ। ਚੁੱਕਿਆ ਭੇਵ ਦਸਮ ਦਵਾਰ। ਜਗਤ ਲੱਗੀ ਸਾਚੀ ਸੇਵ, ਸ਼ਬਦ ਵਰਤੌਣਾ ਵਿਚ ਸੰਸਾਰ। ਅੰਮ੍ਰਿਤ ਮੇਵ ਸਾਚਾ ਫਲ ਦਰ ਘਰ ਸਾਚੇ ਪਾਉਣਾ, ਲੱਗੇ ਫਲ ਕਾਇਆ ਡਾਰ। ਗੁਰਮੁਖ ਸੋਇਆ ਮਾਤ ਜਗਾਉਣਾ, ਸ਼ਬਦ ਫੁੰਕਾਰਾ ਦੇਣਾ ਮਾਰ। ਨਿਜ ਆਤਮ ਵਾਸ ਇਕ ਰਖਾਉਣਾ, ਸ਼ਬਦ ਘੋੜੇ ਰਾਸ ਉਠਾਉਣਾ, ਜੋਤੀ ਪਵਣ ਮਸਾਣ ਜਗਾਉਣਾ, ਸਤਿ ਸਰੂਪੀ ਦਰਸ ਦਿਖਾਉਣਾ, ਆਪੇ ਅੰਦਰ ਆਪੇ ਬਾਹਰ। ਦਰ ਘਰ ਸਾਚਾ ਇਕ ਵਖਾਉਣਾ, ਫੜ ਫੜ ਬਾਹੋਂ ਰਾਹੇ ਪਾਉਣਾ, ਕਾਇਆ ਮੰਦਰ ਦੀਪ ਜਗਾਉਣਾ, ਸ਼ਬਦ ਸੁਣਾਉਣਾ ਏਕਾ ਧਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੋਕਮਾਤ ਜੋਤ ਧਰ, ਵੇਲੇ ਅੰਤ ਭਗਤ ਭਗਵੰਤ ਪਾਏ ਸਾਚੀ ਸਾਰ। ਪਾਏ ਸਾਚੀ ਸਾਰ, ਸੁਰਤ ਸੰਭਾਲੀਆ। ਦੀਆ ਸ਼ਬਦ ਅਧਾਰ, ਆਤਮ ਜਗੀ ਜੋਤ ਨਿਰਾਲੀਆ। ਲੋਕਮਾਤ ਹੋਇਆ ਉਜਿਆਰ, ਸਾਚੀ ਘਾਲਣ ਏਕਾ ਘਾਲੀਆ। ਦੂਜੇ ਦਰ ਨਾ ਬਣਨਾ ਭਿਖਾਰ, ਮੰਗਿਆ ਏਕਾ ਵਰ ਬਣ ਸਵਾਲੀਆ। ਮਿਲਿਆ ਸ਼ਬਦ ਅਪਰ ਅਪਾਰ, ਮਸਤਕ ਚੜ੍ਹਿਆ ਰੰਗ ਗੁਲਾਲ ਗੁਲਾਲੀਆ। ਜਗੀ ਜੋਤ ਮੰਦਰ ਉਜਿਆਰ, ਮਿਟੇ ਅੰਧੇਰੀ ਰੈਣ ਘਟਾ ਕਾਲੀਆ। ਦਰ ਘਰ ਸਾਚੇ ਕੰਤ ਸੰਤ ਸੁਹੇਲੇ ਆਤਮ ਸੇਜਾ ਏਕਾ ਧਾਮ ਇਕੱਠੇ ਬਹਿਣ, ਚਲੇ ਚਾਲ ਜਗਤ ਨਿਰਾਲੀਆ। ਇਕ ਦੂਜੇ ਦੇ ਸੱਜਣ ਸਾਕ ਸੈਣ, ਇਕ ਗੁਰ ਇਕ ਬਨਵਾਲੀਆ। ਅੰਤਮ ਮੇਲ ਮਿਲਾਵਾ ਸਾਚਾ ਦਾਅਵਾ ਜਿਉਂ ਭਾਈ ਭੈਣ, ਰਾਹ ਦੱਸੇ ਇਕ ਸੁਖਾਲੀਆ। ਕਲਜੁਗ ਚੁਕਾਏ ਲਹਿਣ ਦੇਣ, ਪ੍ਰਭ ਸੂਸਾ ਲਾਹੇ ਕਾਲੀਆ। ਗੁਰਮੁਖ ਸਾਚੇ ਸੰਤ ਜਨ ਦਰ ਘਰ ਸਾਚੇ ਹੋ ਇਕੱਠੇ ਬਹਿਣ, ਕਿਰਪਾ ਕਰੇ ਦੇਵੇ ਵਰੇ ਭੰਡਾਰੇ ਭਰੇ, ਪ੍ਰਭ ਅਬਿਨਾਸ਼ੀ ਮਸਤਕ ਗਗਨ ਦੀਪਕ ਜੋਤੀ ਧਰੇ ਸਾਚੀ ਥਾਲੀਆ। ਹਰਿ ਕਾ ਧਾਮ ਅਗੰਮ, ਜੋਤ ਜਗਾਇੰਦਾ। ਹਰਿ ਕਾ ਧਾਮ ਅਗੰਮ, ਸ਼ਬਦ ਪਵਣ ਸੰਗ ਰਲਾਇੰਦਾ। ਹਰਿ ਕਾ ਧਾਮ ਅਗੰਮ, ਰੂਪ ਰੰਗ ਨਾ ਕੋਇ ਜਣਾਇੰਦਾ। ਹਰਿ ਕਾ ਰੂਪ ਅਗੰਮ, ਕੋਈ ਦਮ ਨਾ ਮੁੱਲ ਚੁਕਾਇੰਦਾ। ਹਰਿ ਕਾ ਰੂਪ ਅਗੰਮ, ਕਾਇਆ ਮੰਦਰ ਅੰਦਰ ਨਜ਼ਰੀ ਆਇੰਦਾ। ਹਰਿ ਕਾ ਧਾਮ ਅਗੰਮ, ਨੀਰ ਸੀਰ ਛੰਮ ਛੰਮ ਨਾ ਕੋਈ ਵਹਾਇੰਦਾ। ਹਰਿ ਕਾ ਰੂਪ ਅਗੰਮ, ਦੂਤ ਜਮ ਕੋਈ ਨਾ ਦਿਸ ਆਇੰਦਾ। ਹਰਿ ਕਾ ਧਾਮ ਅਗੰਮ, ਕੋਈ ਨਾ ਜਾਣੇ ਪ੍ਰਭ ਕਾ ਕੰਮ, ਕਿਹੜੀ ਬਣਤ ਬਣਾਇੰਦਾ। ਹਰਿ ਕਾ ਧਾਮ ਅਗੰਮ, ਤਿੰਨਾਂ ਲੋਆਂ ਬੈਠਾ ਧਾਰ ਬੰਨ੍ਹ, ਏਕਾ ਜਾਲ ਚਾਰੋਂ ਕੁੰਟ ਰਖਾਇੰਦਾ। ਏਕਾ ਸ਼ਬਦ ਸੁਣਾਏ ਕੰਨ, ਰਾਗ ਰੰਗ ਦਿਸ ਕਿਸੇ ਨਾ ਆਇੰਦਾ। ਹਰਿ ਕਾ ਧਾਮ ਅਗੰਮ, ਜੋਤੀ ਜੋਤ ਸਰੂਪ ਹਰਿ, ਏਕਾ ਜੋਤੀ ਸਾਚਾ ਨੂਰਾ ਵਡ ਭਰਪੂਰਾ, ਸਦਾ ਸਦਾ ਡਗਮਗਾਇੰਦਾ। ਹਰਿ ਕਾ ਧਾਮ ਅਟਲ, ਅਗੰਮ ਅਥਾਹ ਹੈ। ਹਰਿ ਕਾ ਧਾਮ ਅਟਲ, ਨਾ ਕੋਈ ਜਾਣੇ ਅੱਜ ਕਿ ਕੱਲ, ਨਾ ਕਿਸੇ ਦਮ ਵਸਾਹ ਹੈ। ਲੱਖ ਚੁਰਾਸੀ ਆਪ ਭੁਲਾਈ, ਖ਼ਾਕ ਰੁਲਾਈ ਕਰ ਵਲ ਛਲ, ਏਕਾ ਏਕ ਵਖਾਏ ਸੱਚਾ ਆਪਣਾ ਨਾਉਂ ਹੈ। ਗੁਰਮੁਖ ਜਗਾਏ ਥਾਉਂ ਥਾਈਂ ਪਕੜੇ ਬਾਹੀਂ, ਹੋਏ ਸਹਾਈ ਜਿਉਂ ਬਾਲਕ ਮਾਤਾ ਮਾਉਂ ਹੈ। ਚਰਨ ਦਵਾਰੇ ਸਚ ਘਰ ਬਾਹਰੇ ਵਿਚ ਸੰਸਾਰੇ ਕਲਜੁਗ ਤੇਰੀ ਅੰਤਮ ਵਾਰੇ, ਦੇਵੇ ਠੰਡੀ ਛਾਉਂ ਹੈ। ਪ੍ਰਭ ਅਬਿਨਾਸ਼ੀ ਜਾਮਾ ਧਾਰੇ ਘਟ ਘਟ ਵਾਸੀ, ਮੇਟ ਮਿਟਾਏ ਮਦਿਰਾ ਮਾਸੀ, ਦਰ ਦਰ ਘਰ ਘਰ ਉਡਦੇ ਕਾਉਂ ਹੈ। ਧਰਮ ਰਾਏ ਦਰ ਦੇਵੇ ਫਾਸੀ, ਪੰਡਤ ਪਾਂਧੇ ਬੈਠੇ ਕਾਂਸ਼ੀ, ਨਾ ਲੇਵੇ ਅੰਤ ਕੋਈ ਛੁਡਾਈ ਹੈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਅੰਤਮ ਜੋਤ ਨਾ ਕੋਈ ਵਰਨ ਨਾ ਕੋਈ ਗੋਤ, ਗੁਰਮੁਖਾਂ ਦੁਰਮਤ ਮੈਲ ਰਿਹਾ ਧੋਤ, ਲੋਕਮਾਤ ਕਰੇ ਰੁਸ਼ਨਾਈ ਹੈ। ਲੋਕਮਾਤ ਕਰੇ ਰੁਸ਼ਨਾਈਆ। ਕਲਜੁਗ ਤੇਰੀ ਅੰਤਮ ਵਾਰ ਘਨਕਪੁਰ ਵਾਸੀ ਜੋਤ ਮਾਤ ਜਗਾਈਆ। ਜਨ ਭਗਤਾਂ ਮੇਲ ਹਰਿ ਸੱਜਣ ਸੁਹੇਲ, ਸ਼ਬਦ ਡੋਰੀ ਕਾਇਆ ਨਾਲ ਬੰਧਾਈਆ। ਕਲਜੁਗ ਤੇਰੀ ਅੰਧ ਘੋਰੀ, ਚਾਰੋਂ ਕੁੰਟ ਲੱਗੀ ਚੋਰੀ, ਪ੍ਰਭ ਅਬਿਨਾਸ਼ੀ ਘੱਟ ਘੱਟ ਵਾਸੀ ਗੁਰਮੁਖ ਸਾਚੇ ਤੇਰੀ ਆਤਮ ਜੋਤ ਜਗਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੰਤਮ ਕਲ ਸ਼ਬਦ ਚਲਾਏ ਸਾਚਾ ਹਲ, ਕਲਜੁਗ ਸਤਿਜੁਗ ਦੋਵੇਂ ਬੈਲ ਬਣਾਈਆ। ਕਲਜੁਗ ਸਤਿਜੁਗ ਆਏ ਦਵਾਰੇ। ਦੋਏ ਜੋੜ ਕਰਨ ਨਿਮਸਕਾਰੇ। ਕਲਜੁਗ ਰੋ ਰੋ ਧਾਹਾਂ ਮਾਰੇ। ਪ੍ਰਭ ਅਬਿਨਾਸ਼ੀ ਤੁੱਟੀ ਜੋੜ, ਲੱਖ ਚੁਰਾਸੀ ਹੋਏ ਖੁਆਰੇ। ਨਿਹਕਲੰਕੀ ਵੱਜਾ ਡੰਕ, ਪੰਚਮ ਜੇਠ ਚੜ੍ਹੇ ਸ਼ਬਦ ਘੋੜੇ। ਆਪ ਮਿਟਾਏ ਮਦਿਰਾ ਮਾਸੀ, ਜੋਤੀ ਜੋਤ ਸਰੂਪ ਹਰਿ, ਸਤਿਜੁਗ ਸਾਚੇ ਦੇਵੇ ਵਰ, ਮੰਗਣ ਆਇਆ ਸਾਚੇ ਘਰ, ਸੂਰਾ ਜੋਧ ਜੋਧਾ ਆਤਮ ਬੋਧਾ, ਬੋਧ ਅਗਾਧਾ ਆਤਮ ਸਾਧਾ, ਵਿਚ ਬ੍ਰਹਿਮਾਦਾ ਸ਼ਬਦ ਅਨਾਦਾ, ਘਨਕ ਪੁਰ ਵਾਸੀ ਸਤਿਜੁਗ ਸਾਚੇ ਹੋ ਤਿਆਰ। ਸੋਲਾਂ ਕਲੀਆਂ ਕਰ ਤਨ ਸ਼ਿੰਗਾਰ। ਗੁਰਮੁਖ ਸਾਚੇ ਸੰਤ ਜਨਾਂ ਮੇਲ ਮਿਲਾਉਣੇ ਸ਼ਬਦ ਡੋਰ ਬੰਧਾਉਣੇ, ਚਾਰ ਕੁੰਟ ਦਹਿ ਦਿਸ਼ ਵਾਰੋ ਵਾਰ। ਪ੍ਰਭ ਅਬਿਨਾਸ਼ੀ ਹੱਥ ਫੜਾਉਣੇ, ਕਲਜੁਗ ਤੇਰੀ ਅੰਤਮ ਵਾਰ। ਸਾਚੇ ਧਾਮ ਪ੍ਰਭ ਆਪ ਬਹਾਉਣੇ, ਲੱਖ ਚੁਰਾਸੀ ਗੇੜ ਨਿਵਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤਿਜੁਗ ਸਾਚੇ ਮਾਣ ਦਵਾਏ, ਲੋਕਮਾਤ ਜਨਮ ਦਵਾਏ, ਮਿਲੇ ਵਡਿਆਈ ਵਿਚ ਸੰਸਾਰ। ਸਤਿਜੁਗ ਸਾਚਾ ਮਾਤ ਧਰਾਇੰਦਾ। ਸ਼ਬਦ ਦੇਵੇ ਸਾਚੀ ਦਾਤ, ਸੋਹੰ ਝੋਲੀ ਹਰਿ ਭਰਾਇੰਦਾ। ਚਾਰ ਵਰਨ ਇਕ ਬਰਾਤ, ਸ਼ਬਦ ਲਾੜਾ ਸੰਗ ਰਖਾਇੰਦਾ। ਕਲਜੁਗ ਤੇਰੀ ਮਿਟੇ ਅੰਧੇਰੀ ਰਾਤ, ਸਤਾਰਾਂ ਹਾੜੀ ਪਿਛਾ ਅਗਾੜੀ ਹਰਿ ਲਿਖਾਇੰਦਾ। ਚਾਰੋਂ ਕੁੰਟ ਸ਼ਬਦ ਬਣਾਏ ਵਾੜੀ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੰਤਮ ਕਲ ਆਪਣੀ ਆਪ ਰਖਾਇੰਦਾ। ਸ਼ਬਦ ਵਾੜ ਦੇਵੇ ਕਰ। ਜਗਤ ਝੂਠਾ ਚੁਕੇ ਡਰ। ਸਤਾਰਾਂ ਹਾੜ ਦੇਵੇ ਵਰ। ਨੌਂ ਅਠਾਰਾਂ ਬਾਰਾਂ ਧਰ। ਮਾਨਸ ਦੇਹੀ ਹਰਿ ਭਗਤ ਸਨੇਹੀ ਆਸਾ ਮਨਸਾ ਪੂਰ ਕਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲੱਖ ਚੁਰਾਸੀ ਬੰਦ ਖ਼ਲਾਸੀ ਆਵਣ ਜਾਣ ਜਾਣ ਆਵਣ ਪਤਤ ਪਾਵਨ ਭੇਖ ਬਾਵਨ ਰਾਮਾ ਰਾਵਣ, ਵੇਸ ਦਰਵੇਸ ਇਕ ਕਰ। ਗੁਰ ਕਾ ਧਾਮ ਗੁਰ ਗੁਰ ਦੇਵਾ। ਪੂਰਨ ਹੋਏ ਕਾਮ, ਮਨ ਤਨ ਰਸਨਾ ਜੋ ਜਨ ਕਰੇ ਸੇਵਾ। ਤਿੰਨ ਸੌ ਸਠ ਹਾਡੀ ਬਹੱਤਰ ਨਾੜੀ ਕਾਇਆ ਚਾਮ, ਲੱਗੇ ਫਲ ਅੰਮ੍ਰਿਤ ਸਾਚਾ ਮੇਵਾ। ਕੋਈ ਨਾ ਲੱਗੇ ਘਰ ਸਾਚੇ ਦਾਮ, ਮਸਤਕ ਬਣਿਆ ਵਡ ਧਨ ਧਨਈਆ ਲਾਉਣਾ ਕੌਸਤਕ ਥੇਵਾ। ਤੀਰ ਚਲਾਉਣਾ ਏਕਾ ਅਣੀਆ, ਰਸਨਾ ਖਿੱਚ ਕਮਾਨ ਸਾਚੀ ਜਿਹਵਾ। ਸਤਿਜੁਗ ਸਾਚੇ ਜਗਤ ਰਖਵਾਲੀ, ਭਗਤ ਕਿਰਪਾਲ ਭੇਵ ਚੁਕਾਉਣਾ, ਲੇਖ ਲਿਖਾਇਆ ਹਰਿਦਵਾਰ ਪਹਿਲੀ ਹਾੜ ਹਰਿ ਕਰਮ ਕਮਾਇਆ। ਬਹੱਤਰ ਨਾੜੀ ਜੋਤੀ ਜੋਤ ਗੁਰਸਿਖ ਦੇਹ ਸਮਾਇਆ। ਵੇਖ ਵਖਾਣੇ ਜੰਗਲ ਕਾਇਆ ਮੰਦਰ ਡੂੰਘੀ ਕੰਦਰ ਜੰਗਲ ਜੂਹ ਉਜਾੜ ਪਹਾੜ ਉਚੇ ਟਿੱਲੇ ਸਰਬ ਰਹਾਇਆ। ਰਸਨਾ ਤੀਰ ਚਲਾਇਆ ਖਿੱਚ ਕਮਾਨ, ਸਾਚੇ ਚਿਲੇ ਭੇਵ ਅਭੇਵ ਨਾ ਕੋਈ ਰਖਾਇਆ। ਜੋਤੀ ਜੋਤ ਸਰੂਪ ਹਰਿ, ਸ਼ਬਦ ਵਿਚੋਲਾ ਇਕ ਰਖਾਇਆ। ਸ਼ਬਦ ਵਿਚੋਲਾ ਮਾਤ ਬਣਾਇਆ ਸੋਹੰ ਨਾਮ ਇਕ ਅਮੋਲਾ, ਪੂਰੇ ਤੋਲ ਹਰਿ ਜੀ ਤੋਲਾ, ਗੁਰਮੁਖ ਸਾਚੇ ਝੋਲੀ ਪਾਇਆ। ਲੱਗਾ ਭਾਗ ਕਾਇਆ ਡਾਲਾ, ਦਰ ਘਰ ਸਾਚੇ ਬਣਿਆ ਗੋਲਾ, ਰਸਨ ਰਸਾਇਣ ਕੰਚਨ ਸਵਰਨੀ ਦੇਹ ਬਣਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਗੁਰ ਗੁਰ ਸੂਰਾ ਚਰਨ ਸਰਨ ਸਰਨ ਚਰਨ ਏਕਾ ਧਾਮ ਰਖਾਇਆ। ਸ਼ਬਦ ਵਿਚੋਲਾ ਮਾਰੇ ਫੇਰੇ। ਕਲਜੁਗ ਅੰਤਮ ਆਇਆ ਘੇਰੇ। ਉਨੀਂ ਹਾੜੇ ਸਾਚੇ ਗੇੜੇ। ਪ੍ਰਭ ਅਬਿਨਾਸ਼ੀ ਭੇਖਾਧਾਰੀ ਨਰ ਨਿਰੰਕਾਰੀ, ਆਇਆ ਦਰ ਦਵਾਰੀ ਸਾਚੇ ਡੇਰੇ। ਸ਼ਬਦ ਘੋੜੇ ਕਰ ਅਸਵਾਰੀ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਵਣ ਪਾਏ ਘਰ ਸਾਚੇ ਸਾਰੇ। ਉਨੀਂ ਹਾੜੀ ਦਰ ਦਰਬਾਰ। ਵੇਖ ਵਖਾਣੇ ਸੱਚੀ ਸਰਕਾਰ। ਪੰਚਮ ਪੰਚਮ ਸ਼ਬਦ ਧੁਨ ਵਾਜੇ, ਰਾਗ ਰੰਗ ਰਤਨ ਅਪਾਰ। ਨੂਰੀ ਜੋਤ ਅਕਾਲੀ ਗਾਜੇ, ਇਕ ਕਰਾਏ ਜੈ ਜੈਕਾਰ। ਸਾਚੇ ਸਾਜਣ ਹਰਿ ਜੀ ਸਾਜੇ, ਵੇਖ ਵਖਾਣੇ ਕਲ ਅੰਤਮ ਵਾਰ। ਸ਼ਬਦ ਪਿਆਰੇ ਵਡ ਰਾਜਨ ਰਾਜੇ, ਕਰਨਾ ਸੱਚਾ ਇਕ ਪਿਆਰ। ਨਿਹਕਲੰਕ ਕਲ ਜਾਮਾ ਪਾਇਆ, ਜੋਤ ਸਰੂਪੀ ਖੇਲ ਰਚਾਇਆ। ਕਰੇ ਕਰਾਏ ਆਪਣੀ ਕਾਰ। ਓਅੰਕਾਰ ਅਕਾਰ ਧਰ ਰੂਪ ਅਪਾਰ। ਸਤਿ ਦਵਾਰ ਛੇਵਾਂ ਘਰ ਬਾਹਰ। ਪੰਚਮ ਸਰਦਾਰ ਖੋਲ੍ਹੇ ਬੰਦ ਕਵਾੜ। ਚੌਥੇ ਘਰ ਆਏ ਸੰਤ ਜਨਾਂ ਦਾ ਸਾਚਾ ਲਾੜ। ਜੋਤੀ ਜੋਤ ਸਰੂਪ ਹਰਿ, ਨਾ ਕੋਈ ਜਾਣੇ ਪਿਛਾ ਅਗਾੜ। ਚੌਥਾ ਘਰ ਕਵਣ ਦਵਾਰ। ਕਵਣ ਸ਼ਬਦ ਕਵਣ ਧੁਨੀ, ਕਵਣ ਮੁਖ ਕਵਣ ਧੁਨਕਾਰ। ਕਵਣ ਪਵਣ ਕਵਣ ਰਿਹਾ ਪੁਕਾਰ ਸੁਣੀ, ਕਵਣ ਰੂਪ ਰੇਖ ਰੰਗ ਕਵਣ ਰੱਖੇ ਸਾਚੀ ਧਾਰ। ਕਵਣ ਅੰਮ੍ਰਿਤ ਮੇਘ ਬਰਸੇ ਸਵਣ, ਸਾਧ ਸੰਤ ਜੀਵ ਜੰਤ ਸਾਚਾ ਕੰਤ ਕਾਇਆ ਕਰੇ ਠੰਡੀ ਠਾਰ। ਜੋਤੀ ਜੋਤ ਸਰੂਪ ਹਰਿ, ਕਵਣ ਦਵਾਰੇ ਆਏ, ਕਵਣ ਸਿੰਘਾਸਣ ਡੇਰਾ ਲਾਏ, ਚੌਥੇ ਘਰ ਸਚੇ ਦਰਬਾਰ। ਚੌਥਾ ਘਰ ਜੋ ਜਨ ਵਿਚਾਰੇ। ਸਚ ਸਿੰਘਾਸਣ ਲੇਖ ਅਪਾਰੇ। ਚਾਰ ਕੁੰਟ ਚਾਰ ਰੂਪ, ਰੰਗ ਰੇਖ ਭੇਖ ਨਿਆਰ, ਵੇਖ ਵੇਖ ਨਰ ਨਿਰੰਕਾਰੇ। ਜੋਤੀ ਜੋਤ ਸਰੂਪ ਹਰਿ, ਕਵਣ ਧਾਮਾਂ ਕਰੇ ਬਿਸਰਾਮਾ, ਕਵਣ ਕੂਟ ਰਿਹਾ ਝੂਟ, ਜੋਤੀ ਨੂਰ ਕਰੇ ਉਜਿਆਰੇ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪੁਰੀ ਘਨਕ ਨਿਹਕਲੰਕ ਨਰਾਇਣ ਨਰ, ਅੰਤਮ ਕਲ ਜਾਮਾ ਧਾਰੇ। ਜਾਮਾ ਧਾਰ ਮਾਤ ਅਵਤਾਰਾ। ਨਿਹਕਲੰਕ ਨਰ ਅਵਤਾਰ, ਪੰਚਮ ਜੇਠੀ ਸ਼ਬਦ ਅਸਵਾਰਾ। ਸ਼ਬਦ ਰੱਖੇ ਸਾਚੀ ਧਾਰ, ਕਲਜੁਗ ਸਤਿਜੁਗ ਪਾਵੇ ਸਾਰਾ। ਪੂਰਬ ਕਰਮ ਰਿਹਾ ਵਿਚਾਰ, ਲੱਖ ਚੁਰਾਸੀ ਜਾਨਣਹਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਏਕਾ ਜੋਤ ਲੋਕਮਾਤ ਕਰੇ ਉਜਿਆਰਾ। ਘਨਕ ਪੁਰ ਵਾਸ ਜੋਤੀ ਨੂਰ ਹਰਿ। ਵੇਖ ਵਖਾਣੇ ਸਰਬ, ਦਸ ਮਾਸ ਹਰਿ। ਸਰਬ ਕਲਾ ਭਰਪੂਰ ਹਰਿ। ਜੀਵ ਜੰਤ ਸਾਧ ਸੰਤ ਭਗਤ ਭਗਵੰਤ, ਨਿਜ ਆਤਮ ਰੱਖੇ ਵਾਸ ਹਰਿ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੰਤਮ ਅੰਤ ਸਾਧ ਸੰਤ ਭਗਤ ਭਗਵੰਤ ਆਤਮ ਰੱਖੇ ਵਾਸ ਹਰਿ। ਗੁਰਮੁਖ ਨਾਮ ਅਨਮੋਲ, ਜਗਤ ਅਨਤੋਲ ਹੈ। ਬਜ਼ਰ ਕਪਾਟੀ ਪ੍ਰਭ ਰਿਹਾ ਖੋਲ੍ਹ, ਵਸੇ ਸਦਾ ਕੋਲ ਹੈ। ਸਚ ਸੁਨੇਹੁੜਾ ਸ਼ਬਦ ਦੇਵੇ ਬੋਲ ਰੰਗੇ ਰੰਗ ਕਾਇਆ ਚੋਲ ਹੈ। ਸਦਾ ਸਹਾਈ ਅੰਗ ਸੰਗ, ਪੁਰਖ ਅਬਿਨਾਸ਼ੀ ਦਰ ਮੰਗੀ ਏਕਾ ਮੰਗ, ਸਾਚੇ ਸੰਤ ਪਿਆਰੇ। ਨਾਮ ਵਣਜਾਰੇ ਹਰਿ ਦੁਲਾਰੇ, ਸ੍ਰਿਸ਼ਟ ਸਬਾਈ ਰਹੀ ਅਨਭੋਲ ਹੈ। ਸ੍ਰਿਸ਼ਟ ਸਬਾਈ ਅਨਭੋਲ ਸੁੱਤੀ ਪੈਰ ਪਸਾਰ। ਧਰਮ ਰਾਏ ਦਰ ਘਰ ਸਾਚੇ ਦਏ ਬਹਾਏ, ਪ੍ਰਭ ਅਬਿਨਾਸ਼ੀ ਕੁੰਡਾ ਖੋਲ੍ਹ। ਅਠਾਈ ਕੁੰਡ ਖਾਲੀ, ਨਾ ਕੋਈ ਦਿਸੇ ਵਾਲੀ, ਲੱਖ ਚੁਰਾਸੀ ਕਰਨੀ ਚਾਲੀ, ਗੁਰਮੁਖ ਆਤਮ ਬਣਨਾ ਹਾਲੀ, ਆਤਮ ਸੋਹੰ ਬੀਜ ਬਿਜਾਉਣਾ ਸਾਚੇ ਚੋਲ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਰਾਮਾ ਕ੍ਰਿਸ਼ਨਾ ਅਵਤਾਰ ਨਰ, ਲੋਕਮਾਤੀ ਜੋਤ ਧਰ, ਗੁਰਮੁਖਾਂ ਪਰਦੇ ਦੇਵੇ ਖੋਲ੍ਹ।

Leave a Reply

This site uses Akismet to reduce spam. Learn how your comment data is processed.