੧੪ ਭਾਦਰੋਂ ੨੦੧੧ ਬਿਕ੍ਰਮੀ ਪਿੰਡ ਸੈਦਪੁਰ ਸੰਤ ਲਾਭ ਸਿੰਘ ਦੇ ਮਨ ਦਾ ਹੰਕਾਰ ਨਿਵਾਰਨ ਲਈ ਸ਼ਬਦ ਭੇਜਿਆ ਗਿਆ
ਕਵਣ ਸਿੰਘਾਸਣ ਕਵਣ ਗੱਦੀ। ਕਵਣ ਆਸਣ ਤ੍ਰੈ ਲੋਆਂ ਧਾਰ ਬੱਧੀ। ਕਵਣ ਪੁਰਖ ਅਬਿਨਾਸ਼ ਦੇਵੇ ਰਸ ਅਮਰ ਮਦਿ ਮਧੀ। ਜੋਤੀ ਜੋਤ ਸਰੂਪ ਹਰਿ, ਕਵਣ ਵਖਾਣੇ ਅੰਮ੍ਰਿਤ ਧਾਰ ਵਹਿੰਦੀ ਨਦੀ। ਕਵਣ ਸਿੰਘਾਸਣ ਕਵਣ ਡੇਰਾ। ਸ੍ਰਿਸ਼ਟ ਸਬਾਈ ਸਰਬ ਵਿਨਾਸਣ, ਗੁਰ ਮਾਤ ਮਾਤ ਗੁਰ ਚੇਰਾ। ਕਵਣ ਦਾਸੀ ਦਾਸ ਦਾਸਨ, ਕਵਣ ਹੇਰਾ ਫੇਰਾ। ਕਵਣ ਪਵਣ ਸਵਾਸ ਸਵਾਸਣ, ਕਾਇਆ ਮੰਦਰ ਸਦ ਵਸੇਰਾ। ਕਵਣ ਮੰਡਲ ਰਾਸ ਰਾਸਣ, ਰਹੇ ਸਦ ਅੰਧੇਰਾ। ਜੋਤੀ ਜੋਤ ਸਰੂਪ ਹਰਿ, ਆਪ ਕਰੇ ਅੰਤ ਨਿਬੇੜਾ। ਕਵਣ ਜੋਤੀ ਕਵਣ ਅਕਾਰ। ਕਵਣ ਮੋਤੀ ਫੂਲਨ ਹਾਰ। ਕਵਣ ਸਵਣ ਮੈਲ ਦੁਰਮਤ ਧੋਤੀ, ਦੀਆ ਸ਼ਬਦ ਅਧਾਰ। ਕਵਣ ਕਵਣ ਸਰਬ ਗਵਣ, ਸ਼ਬਦ ਸਾਚੀ ਤਿੱਖੀ ਧਾਰ। ਕਵਣ ਜੋਤ ਕਵਣ ਹਵਣ, ਕਵਣ ਸਮਗਰੀ ਸਾਚੀ ਸੰਸਾਰ। ਜੋਤੀ ਜੋਤ ਸਰੂਪ ਹਰਿ, ਕਵਣ ਸੋ ਵੇਲੇ ਵਕਤ ਸੁਹੇਲੇ ਖਾਏ ਇਕ ਅਹਾਰ। ਕਵਣ ਦਿਨ ਕਵਣ ਸੋ ਰੈਣਾ, ਕਵਣ ਚਿੰਨ੍ਹ ਵੇਖੇ ਭਿੰਨ ਭਿੰਨ, ਕਵਣ ਧਾਮ ਹਰਿ ਹਰਿ ਜੀ ਬਹਿਣਾ। ਕਵਣ ਬਨ ਕਵਣ ਬਿਨ, ਕਵਣ ਵੇਖੇ ਸਾਚੇ ਨੈਣਾ। ਕਵਣ ਪੇਖੇ ਲੋਕ ਤਿੰਨ, ਕਵਣ ਜਾਣੇ ਲਹਿਣਾ ਦੇਣਾ। ਜੋਤੀ ਜੋਤ ਸਰੂਪ ਹਰਿ, ਕਵਣ ਵਖਾਣੇ ਕਵਣ ਜਾਣੇ ਪ੍ਰਭ ਸਾਚੇ ਕਾ ਸਾਚਾ ਗਹਿਣਾ। ਕਵਣ ਗੁਣ ਕਵਣ ਸ਼ਿੰਗਾਰ। ਕਵਣ ਪਵਣ ਸ਼ਬਦ ਅਸਵਾਰ। ਕਵਣ ਸਵਣ ਆਲਸ ਨਿੰਦਰਾ ਰਿਹਾ ਮਾਰ। ਜੋਤੀ ਜੋਤ ਸਰੂਪ ਹਰਿ, ਕਵਣ ਗੁਣ ਵਰਤੇ ਵਿਚ ਸੰਸਾਰ। ਕਵਣ ਅਕਾਲਾ ਕਵਣ ਦਿਆਲਾ। ਕਵਣ ਜਗਤ ਪਿਤ ਹਿੱਤ, ਜੀਵ ਜੰਤ ਅੰਞਾਣ ਬਾਲਾ। ਕਵਣ ਵਾਰ ਕਵਣ ਥਿਤ, ਪ੍ਰਭ ਜੋਤੀ ਨੂਰ ਕੀਆ ਉਜਾਲਾ। ਕਵਣ ਭੀਤਰ ਕਵਣ ਭੀਤ, ਕਵਣ ਦੱਸੇ ਰਾਹ ਸੁਖਾਲਾ। ਜੋਤੀ ਜੋਤ ਸਰੂਪ ਹਰਿ, ਨਿਤ ਨਵਿਤ ਚਲੇ ਆਪਣੀ ਚਾਲਾ। ਕਵਣ ਗੁਰ ਕਵਣ ਵਿਚਾਰ। ਕਵਣ ਰਿਹਾ ਸੁਣ, ਕਵਣ ਕਰੇ ਪੁਕਾਰ। ਕਵਣ ਕਰੇ ਛਾਣ ਪੁਣ, ਤਿੰਨਾਂ ਲੋਆਂ ਮਾਤ ਵਿਚਾਰ। ਕਵਣ ਜਾਣੇ ਗੁਣਵੰਤੇ ਗੁਣ, ਭਗਵੰਤੇ ਪੂਰਬ ਕਾਰ। ਕਵਣ ਜੀਵ ਕਵਣ ਸੰਤੇ, ਕਵਣ ਗੁਰ ਅਵਤਾਰ। ਕਵਣ ਬਣਾਏ ਮਾਤ ਬਣਤੇ, ਕਵਣ ਲੇਖੇ ਲਿਖੇ ਅਪਾਰ। ਕਵਣ ਮੀਤ ਕਵਣ ਕੰਤੇ, ਸੋਲਾਂ ਕਰਾਏ ਤਨ ਸ਼ਿੰਗਾਰ। ਕਵਣ ਪੁਰਖ ਅਬਿਨਾਸ਼ੀ ਆਦਿਨ ਅੰਤੇ ਮਰੇ ਨਾ ਜੰਮੇ ਵਾਰੋ ਵਾਰ। ਕਵਣ ਪੁਰਖ ਮਹਿੰਮਾ ਅਗਣਤ ਅਗਣਤੇ, ਮਾਤ ਮਾਤੀ ਵਿਚ ਸੰਸਾਰ। ਜੋਤੀ ਜੋਤ ਸਰੂਪ ਹਰਿ, ਕਵਣ ਪਤੀ ਕਵਣ ਵਖਾਣੇ ਸਾਚੀ ਨਾਰ। ਕਵਣ ਇਕਾਂਤ ਕਵਣ ਇਕਾਂਤਾ। ਕਵਣ ਬਣਾਏ ਦਿਵਸ ਰੈਣ ਰੈਣ ਰਾਤਾ। ਕਵਣ ਉਪਜਾਏ ਭਾਈ ਭੈਣ, ਸੁਤ ਪਿਤ ਮਾਤਾ। ਕਵਣ ਦਰਸ ਦਿਖਾਏ ਨੈਣ, ਸ਼ਬਦ ਦੇਵੇ ਸਚ ਸੁਗਾਤਾ। ਕਵਣ ਦਿਸਾਏ ਗੁਰ ਸੰਗਤ ਰਲ ਮਿਲ ਬਹਿਣ, ਕਵਣ ਮਿਟਾਏ ਜਾਤਾਂ ਪਾਤਾਂ। ਜੋਤੀ ਜੋਤ ਸਰੂਪ ਹਰਿ, ਗਊ ਗਰੀਬ ਨਿਮਾਣਿਆਂ ਸਦ ਪੁੱਛੇ ਮਾਤ ਵਾਤਾਂ।