Granth 07 Likhat 038: Pahili Visakh 2015 Bikarmi Darbar wich Bachan Hoye Jethuwal

ਪਹਿਲੀ ਜੇਠ ੨੦੧੫ ਬਿਕ੍ਰਮੀ ਦਰਬਾਰ ਵਿਚ ਬਚਨ ਹੋਏ ਜੇਠੂਵਾਲ

ਆਦਿ ਪੁਰਖ ਅਨਾਦਿ, ਨਿਰਗੁਣ ਨਿਰੰਕਾਰਿਆ। ਖੇਲੇ ਖੇਲ ਸਰਬ ਬ੍ਰਹਿਮਾਦਿ, ਨਿਰਗੁਣ ਪਸਾਰਿਆ। ਆਪੇ ਜਾਣੇ ਆਦਿ ਜੁਗਾਦਿ, ਜੁਗ ਜੁਗ ਖੇਲ ਅਪਾਰਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਨੂਰ ਕਰੇ ਅਕਾਰਿਆ। ਏਕਾ ਨੂਰ ਹਰਿ ਨਿਰੰਕਾਰਾ, ਆਦਿ ਪੁਰਖ ਅਖਵਾਇਆ। ਜੋਤ ਸਰੂਪੀ ਲੈ ਅਵਤਾਰਾ, ਲੋਕਮਾਤ ਉਠ ਧਾਇਆ। ਲੋਆਂ ਪੁਰੀਆਂ ਬੰਨੇ ਧਾਰਾ, ਬ੍ਰਹਿਮੰਡ ਖੰਡ ਵੇਖ ਵਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੇਰਜ ਅੰਡ ਪਾਵੇ ਸਾਰ, ਉਤਭੁਜ ਸੇਤਜ ਲਏ ਤਰਾਇਆ। ਨਾਰ ਦੁਹਾਗਣ ਵੇਖੇ ਰੰਡ, ਮਨਮੁਖ ਦਏ ਸਜਾਇਆ। ਗੁਰਮੁਖਾਂ ਬੰਨੇ ਪੱਲੇ ਨਾਮ ਗੰਢ, ਧੁਰਦਰਗਾਹੀ ਲੈ ਕੇ ਆਇਆ। ਪੁਰਖ ਅਗੰਮਾ ਆਪੇ ਰਿਹਾ ਵੰਡ, ਨਾ ਕੋਈ ਦੂਸਰ ਸੰਗ ਰਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਰੂਪ ਵਟਾਇਆ। ਆਦਿ ਪੁਰਖ ਏਕੰਕਾਰਾ, ਅਕਲ ਕਲਾ ਕਲ ਧਾਰੀਆ। ਜੋਤ ਸਰੂਪੀ ਜੋਤ ਉਜਿਆਰਾ, ਜੋਤੀ ਜੋਤ ਅਪਾਰੀਆ। ਨਿਰਗੁਣ ਖੇਲੇ ਖੇਲ ਅਪਾਰਾ, ਵਡ ਵਡ ਸੰਸਾਰੀਆ। ਆਦਿਨ ਅੰਤਾ ਇਕ ਅਵਤਾਰਾ, ਸਤਿਗੁਰ ਪੁਰਖ ਕਰਤਾਰੀਆ। ਨਾ ਕੋਈ ਨਾਰੀ ਨਾ ਕੋਈ ਨਾਰਾ, ਨਿਰਗੁਣ ਵੇਸ ਅਪਰ ਅਪਾਰੀਆ। ਮਾਤ ਪਿਤ ਨਾ ਕਰੇ ਪਿਆਰਾ, ਪਿਤਾ ਗੋਦ ਨਾ ਕੋਈ ਉਠਾ ਰਿਹਾ। ਭਾਈ ਭੈਣ ਨਾ ਕੋਈ ਵਿਚਾਰਾ, ਸਾਕ ਸੈਣ ਨਾ ਕੋਈ ਬਣਾ ਰਿਹਾ। ਆਪੇ ਜਾਣੇ ਆਪਣੀ ਕਾਰਾ, ਜੁਗ ਜੁਗ ਆਪ ਕਰਾ ਰਿਹਾ। ਸਤਿਜੁਗ ਤ੍ਰੇਤਾ ਦੁਆਪਰ ਪਾਵੇ ਸਾਰਾ, ਤ੍ਰੈਗੁਣ ਵੇਸ ਵਟਾ ਰਿਹਾ। ਪੰਜ ਤਤ ਕਰੇ ਪਿਆਰਾ, ਪੰਚਮ ਮੋਹ ਚੁਕਾ ਰਿਹਾ। ਪੰਚਮ ਕਰੇ ਤਨ ਸ਼ਿੰਗਾਰਾ, ਪੰਜ ਪੰਜੀ ਮੇਲ ਮਿਲਾ ਰਿਹਾ। ਅੱਠ ਤਤ ਵਸੇ ਬਾਹਰਾ, ਫੁਲ ਫੁਲਵਾੜੀ ਵੇਖ ਵਖਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣੀ ਕਲ ਵਰਤਾ ਰਿਹਾ। ਆਪਣੀ ਕਲ ਹਰਿ ਵਰਤੰਤਾ, ਆਦਿ ਪੁਰਖ ਅਬਿਨਾਸ਼ਾ। ਹਰਿਜਨ ਮੇਲੇ ਸਾਚੇ ਸੰਤਾ, ਦੇਵੇ ਚਰਨ ਭਰਵਾਸਾ। ਮੇਲ ਮਿਲਾਏ ਸਾਚੇ ਕੰਤਾ, ਹੋਏ ਦਾਸੀ ਦਾਸਾ। ਕਾਇਆ ਚੋਲੀ ਚਾੜ੍ਹੇ ਰੰਗ ਬਸੰਤਾ, ਦੇਵੇ ਸ਼ਬਦ ਸੱਚਾ ਭਰਵਾਸਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਵੇਖ ਵਖਾਏ ਪ੍ਰਿਥਮੀ ਅਕਾਸ਼ਾ। ਪ੍ਰਿਥਮੀ ਆਕਾਸ਼ ਹਰਿ ਹਰਿ ਡੇਰਾ, ਆਪਣੀ ਕਲ ਵਰਤਾਈਆ। ਪਰਗਟ ਹੋਏ ਕਲਜੁਗ ਤੇਰੀ ਅੰਤਮ ਵੇਰਾ, ਜੋਤੀ ਜਾਮਾ ਭੇਖ ਵਟਾਈਆ। ਲੋਆਂ ਪੁਰੀਆਂ ਪਾਵੇ ਘੇਰਾ, ਬ੍ਰਹਮਾ ਵਿਸ਼ਨ ਸ਼ਿਵ ਦੇਵਤ ਸੁਰ ਲਏ ਉਠਾਈਆ। ਲੱਖ ਚੁਰਾਸੀ ਕਰੇ ਨਿਬੇੜਾ, ਹੱਕ ਹਕੀਕਤ ਫੋਲ ਫੋਲਾਈਆ। ਜਨ ਭਗਤਾਂ ਬੰਨਣਹਾਰਾ ਬੇੜਾ, ਜੁਗ ਜੁਗ ਵੱਡੀ ਵਡਿਆਈਆ। ਆਪੇ ਵੇਖੇ ਕਾਇਆ ਖੇੜਾ, ਅੰਦਰ ਮੰਦਰ ਖੋਜ ਖੋਜਾਈਆ। ਕਾਇਆ ਮੰਦਰ ਖੁਲ੍ਹਾ ਵੇਹੜਾ, ਹਰਿ ਬੈਠਾ ਆਸਣ ਲਾਈਆ। ਪੰਜਾਂ ਚੋਰਾਂ ਮੁੱਕੇ ਝੇੜਾ, ਜਿਸ ਜਨ ਆਪਣੀ ਦਇਆ ਕਮਾਈਆ। ਜੂਠ ਝੂਠ ਦਏ ਉਖੇੜਾ, ਮਾਇਆ ਮਮਤਾ ਮੋਹ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਅਗੰਮ ਅਗੰਮੜਾ ਖੇਲ ਖਿਲਾਈਆ। ਆਦਿ ਪੁਰਖ ਹਰਿ ਅਗੰਮੜਾ, ਏਕਾ ਕਲ ਵਰਤਾਇੰਦਾ। ਆਪਣਾ ਖਾਲੀ ਰੱਖੇ ਪਲੜਾ, ਦੋ ਜਹਾਨੀ ਫੇਰੀ ਪਾਇੰਦਾ। ਜਨ ਭਗਤਾਂ ਰਾਹ ਦੱਸੇ ਸੁਖਲੜਾ, ਨਿਝ ਘਰ ਆਤਮ ਵੇਖ ਵਖਾਇੰਦਾ। ਸਚ ਦਵਾਰਾ ਆਪੇ ਮਲੜਾ, ਆਸਣ ਸਿੰਘਾਸਣ ਇਕ ਵਿਛਾਇੰਦਾ। ਜੋਤੀ ਸ਼ਬਦੀ ਆਪੇ ਰਲੜਾ, ਪਵਣ ਸਵਾਸ ਚਲਾਇੰਦਾ। ਗਿਆਨ ਦੀਪਕ ਆਪੇ ਬਲੜਾ, ਅਗਿਆਨ ਅੰਧੇਰ ਮਿਟਾਇੰਦਾ। ਦੂਈ ਦਵੈਤੀ ਮੇਟੇ ਸਲੜਾ, ਹਉਮੇ ਰੋਗ ਗਵਾਇੰਦਾ। ਆਦਿ ਪੁਰਖ ਇਕ ਅਕਲੜਾ, ਹਰ ਘਟ ਡੇਰਾ ਲਾਇੰਦਾ। ਪਾਵੇ ਸਾਰ ਜਲ ਥਲੜਾ, ਜੰਗਲ ਜੂਹ ਉਜਾੜ ਪਹਾੜ ਉਚੇ ਟਿੱਲੇ ਪਰਬਤ ਫੋਲ ਫੋਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਨਿਰਗੁਣ ਵੇਸ ਵਟਾਇੰਦਾ। ਨਿਰਗੁਣ ਵੇਸ ਹਰਿ ਕਰਤਾਰਾ, ਆਪਣਾ ਆਪ ਕਰਾਇੰਦਾ। ਪਾਰਬ੍ਰਹਮ ਗੁਰ ਲਏ ਅਵਤਾਰਾ, ਏਕਾ ਨਾਉਂ ਧਰਾਇੰਦਾ। ਅਕਾਲ ਅਕਾਲਾ ਦੀਨ ਦਿਆਲਾ ਖੇਲ ਨਿਰਾਲਾ, ਖੇਲਣਹਾਰ ਆਪ ਅਖਵਾਇੰਦਾ। ਆਪੇ ਚਲੇ ਅਵੱਲੜੀ ਚਾਲਾ, ਜੁਗ ਜੁਗ ਆਪ ਚਲਾਇੰਦਾ। ਕਾਲ ਮਹਾਂਕਾਲ ਹੋਏ ਰਖਵਾਲਾ, ਜਨ ਭਗਤਾਂ ਬੇੜਾ ਬੰਨੇ ਲਾਇੰਦਾ। ਦਰਸ ਦਿਖਾਏ ਕਾਇਆ ਧਰਮ ਸੱਚੀ ਧਰਮਸਾਲਾ, ਉਚੇ ਟਿੱਲੇ ਮੰਦਰ ਵੇਖ ਵਖਾਇੰਦਾ। ਗੁਰਮੁਖ ਸਾਜਨ ਸਾਚੇ ਲਾਲਾ, ਲਾਲ ਅਨਮੁਲੜੇ ਆਪ ਤਰਾਇੰਦਾ। ਮੇਲ ਮਿਲਾਏ ਗੁਰ ਗੋਪਾਲਾ, ਗੋਬਿੰਦ ਵੇਸ ਵਟਾਇੰਦਾ। ਦਰਸ ਦਿਖਾਏ ਆਦਿ ਸ਼ਕਤ ਜੋਤ ਜਵਾਲਾ, ਰੈਣ ਦਿਵਸ ਸੇਵਾ ਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਰੰਗ ਰੰਗਾਇੰਦਾ। ਰੰਗ ਰੰਗਾਏ ਹਰਿ ਅਵੱਲਾ, ਏਕਾ ਰੰਗ ਰੰਗਾਈਆ। ਥਿਰ ਘਰ ਬੈਠ ਇਕ ਅਕੱਲਾ, ਆਪਣਾ ਵੇਸ ਵਟਾਈਆ। ਲੱਖ ਚੁਰਾਸੀ ਆਪਣਾ ਘਰ ਆਪੇ ਮੱਲਾ, ਦਿਸ ਕਿਸੇ ਨਾ ਆਈਆ। ਆਪੇ ਕਰਦਾ ਆਪਣਾ ਹੱਲਾ, ਆਪੇ ਰਿਹਾ ਉਠਾਈਆ। ਆਪੇ ਹੋਏ ਸਹਾਈ ਜਲਾ ਥਲਾ, ਡੂੰਘੀ ਕੰਦਰ ਪਾਰ ਕਰਾਈਆ। ਆਪੇ ਫੜੇ ਹੱਥ ਵਿਚ ਭੱਲਾ, ਆਪੇ ਤੀਰ ਚਲਾਈਆ। ਆਪੇ ਮੇਟੇ ਦੂਈ ਦਵੈਤੀ ਸਲਾ, ਆਪੇ ਹੋਏ ਰਥ ਰਥਵਾਰੀਆ। ਆਪੇ ਵਸਿਆ ਨਿਹਚਲ ਧਾਮ ਅਟੱਲਾ, ਸਮਰਥ ਪੁਰਖ ਅਖਵਾਈਆ। ਆਪੇ ਲੋਕਮਾਤ ਹੋ ਜਾਏ ਝੱਲਾ, ਖ਼ਾਕ ਆਪਣੀ ਆਪ ਉਡਾਈਆ। ਆਪੇ ਖੇਲੇ ਖੇਲ ਘੜੀ ਘੜੀ ਪਲ ਪੱਲਾ, ਖੇਲਣਹਾਰ ਦਿਸ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਅੰਤਮ ਲਏ ਅੰਗੜਾਈਆ। ਕਲਜੁਗ ਅੰਤਮ ਉਠ ਬਲ ਧਾਰ, ਪ੍ਰਭ ਸਾਚਾ ਆਪ ਜਗਾਇੰਦਾ। ਪਰਗਟ ਹੋਇਆ ਹਰਿ ਨਿਰੰਕਾਰ, ਨਿਰਗੁਣ ਵੇਸ ਵਟਾਇੰਦਾ। ਸ਼ਬਦ ਖੰਡਾ ਤੇਜ਼ ਕਟਾਰ, ਆਪਣੇ ਹੱਥ ਉਠਾਇੰਦਾ। ਚਤੁਰਭੁਜ ਭੁਜਾਂ ਰਿਹਾ ਸਵਾਰ, ਅਸ਼ਟਮ ਸੇਵਾ ਲਾਇੰਦਾ। ਭੇਵ ਗੁਝ ਨਾ ਜਾਣੇ ਜੀਵ ਗਵਾਰ, ਲੇਖਾ ਲਿਖਤ ਵਿਚ ਨਾ ਆਇੰਦਾ। ਪੜ੍ਹ ਪੜ੍ਹ ਵੇਦ ਰਹੇ ਵਿਚਾਰ, ਪੁਰਾਨ ਅਠਾਰਾਂ ਲੇਖ ਲਿਖਾਇੰਦਾ। ਕਾਦਰ ਕਰਤੇ ਤੇਰੀ ਕਾਰ, ਤੇਰਾ ਕਰਮ ਨਾ ਕੋਈ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣਾ ਲਹਿਣਾ ਆਪਣੀ ਝੋਲੀ ਆਪੇ ਪਾਇੰਦਾ। ਆਪਣਾ ਲਹਿਣਾ ਹਰਿ ਨਿਰੰਕਾਰ, ਆਪਣੀ ਝੋਲੀ ਪਾਈਆ। ਜਨ ਭਗਤਾਂ ਦੇਵਾਂ ਵਿਚ ਸੰਸਾਰ, ਵੱਡੀ ਵਡ ਵਡਿਆਈਆ। ਜੋਤ ਸਰੂਪੀ ਜਾਮਾ ਧਾਰ, ਆਪਣਾ ਕਰਜ਼ਾ ਲਾਹੀਆ। ਸੰਮਤ ਵੀਹ ਸੌ ਚੌਦਾਂ ਨਾ ਕੀਆ ਉਧਾਰ, ਪਿਛਲਾ ਮੂਲ ਚੁਕਾਈਆ। ਸੰਮਤ ਪੰਦਰਾਂ ਹੋ ਖ਼ਬਰਦਾਰ, ਨਿਰਗੁਣ ਜੋਤ ਕਰੇ ਰੁਸ਼ਨਾਈਆ। ਨੌਂ ਖੰਡ ਪ੍ਰਿਥਮੀ ਦਏ ਹੁਲਾਰ, ਸੱਤਾਂ ਦੀਪਾਂ ਲਏ ਜਗਾਈਆ। ਸਾਧਾਂ ਸੰਤਾਂ ਮਾਰੇ ਮਾਰ, ਸ਼ਬਦ ਡੰਡਾਂ ਹੱਥ ਉਠਾਈਆ। ਰਾਜ ਰਾਜਾਨ ਸ਼ਾਹ ਸੁਲਤਾਨ ਰੋਵਣ ਜ਼ਾਰੋ ਜ਼ਾਰ, ਸੀਸ ਤਾਜ ਨਾ ਕੋਈ ਰਖਾਈਆ। ਗਊ ਗ਼ਰੀਬਾਂ ਪਾਵੇ ਸਾਰ, ਹਰਿ ਗੋਬਿੰਦ ਜੋਤ ਜਗਾਈਆ। ਚਾਰ ਵਰਨਾਂ ਬਖ਼ਸ਼ੇ ਇਕ ਪਿਆਰ, ਊਚਾਂ ਨੀਚਾਂ ਭੇਵ ਮਿਟਾਈਆ। ਏਕਾ ਸ਼ਬਦ ਇਕ ਜੈਕਾਰ, ਏਕਾ ਘਰ ਵਖਾਈਆ। ਏਕਾ ਰੂਪ ਆਪ ਕਰਤਾਰ, ਕਰਤਾ ਪੁਰਖ ਅਖਵਾਈਆ। ਰਾਮ ਕ੍ਰਿਸ਼ਨ ਕਰ ਪਿਆਰ, ਖੇਲੇ ਖੇਲ ਸ੍ਰਿਸ਼ਟ ਸਬਾਈਆ। ਰਾਣੀ ਅੱਲਾ ਵੇਖ ਵਿਚਾਰ, ਐਨਲਹੱਕ ਇਕ ਖ਼ੁਦਾਈਆ। ਬੇਐਬ ਪਰਵਰਦਿਗਾਰ, ਏਕਾ ਏਕ ਨੂਰ ਅਲਾਹੀਆ। ਗੁਰੂ ਗੁਰ ਗੁਰੂ ਕਰਤਾਰ, ਕਰਨੇਹਾਰ ਇਕ ਅਖਵਾਈਆ। ਸਤਿ ਪੁਰਖ ਸਤਿ ਸਿਰਜਣਹਾਰ, ਸਾਖਯਾਤ ਜੋਤ ਜਗਾਈਆ। ਅਲਖ ਨਿਰੰਜਣ ਅਲਖਣਾ ਅਲਖ ਰਿਹਾ ਵਿਚਾਰ, ਆਪ ਆਪਣੀ ਬਣਤ ਬਣਾਈਆ। ਅਗੰਮ ਅਗੰਮੜੇ ਬੰਨੇ ਅਗੰਮੜੀ ਧਾਰ, ਭੇਵ ਕੋਇ ਨਾ ਪਾਈਆ। ਹੱਡ ਮਾਸ ਨਾੜੀ ਚਮੜੇ ਵਸਿਆ ਬਾਹਰ, ਪੰਜ ਤਤ ਨਾ ਕੋਇ ਰਖਾਈਆ। ਏਕਾ ਇਕ ਸੱਚਾ ਦਰਬਾਰ, ਥਿਰ ਘਰ ਬੈਠਾ ਆਸਣ ਲਾਈਆ। ਇਕ ਅਕੱਲਾ ਕਰ ਪਸਾਰ, ਆਪ ਆਪਣਾ ਵੇਖ ਵਖਾਈਆ। ਨਿਰਮਲ ਜੋਤ ਹੋਏ ਉਜਿਆਰ, ਪਰਕਾਸ਼ ਪਰਕਾਸ਼ ਸਮਾਈਆ। ਆਪੇ ਜਾਣੇ ਆਪਣੀ ਕਾਰ, ਆਪ ਆਪਣੀ ਰਚਨ ਰਚਾਈਆ। ਕਲਜੁਗ ਤੇਰੀ ਅੰਤਮ ਵਾਰ, ਜੋਤੀ ਜਾਮਾ ਭੇਖ ਵਟਾਈਆ । ਵੇਦ ਵਿਆਸਾ ਬਣ ਲਿਖਾਰ, ਪੂਤ ਸਪੂਤਾ ਬ੍ਰਹਿਮਣ ਗੌੜਾ ਲੇਖ ਲਿਖਾਈਆ। ਪਰਗਟ ਹੋ ਵਿਚ ਸੰਸਾਰ, ਉਚੇ ਟਿਲੇ ਪਰਬਤ ਆਸਣ ਲਾਈਆ। ਕਿਸੇ ਦਿਸ ਨਾ ਆਏ ਮੀਤ ਮੁਰਾਰ, ਪੰਡਤ ਪਾਂਧੇ ਰਹੇ ਰਾਹ ਤਕਾਈਆ। ਨਾਨਕ ਗੋਬਿੰਦ ਬਣ ਲਿਖਾਰ, ਲੇਖਾ ਗਿਆ ਲਿਖਾਈਆ। ਪਰਗਟ ਹੋਵੇ ਹਰਿ ਕਰਤਾਰ, ਆਪ ਆਪਣਾ ਵੇਸ ਵਟਾਈਆ। ਚਾਰ ਵਰਨ ਰਖਾਏ ਏਕਾ ਧਾਰ, ਏਕਾ ਸ਼ਬਦ ਕਰੇ ਕੁੜਮਾਈਆ। ਅੱਲਾ ਵਾਹਿਗੁਰੂ ਰਾਮ ਪਿਆਰ, ਕ੍ਰਿਸ਼ਨਾ ਕ੍ਰਿਸਨਾ ਵਿਚ ਸਮਾਈਆ। ਖਾਣੀ ਬਾਣੀ ਮੀਤ ਮੁਰਾਰ, ਅੰਜੀਲ ਕੁਰਾਨਾ ਰਿਹਾ ਜਗਾਈਆ। ਵੇਦ ਪੁਰਾਨਾ ਕਰੇ ਅਧਾਰ, ਕਲਜੁਗ ਅੰਤਮ ਮੂਲ ਚੁਕਾਈਆ। ਬ੍ਰਹਮਾ ਅੱਠੇ ਨੇਤਰ ਉਘਾੜ, ਚਾਰੋਂ ਕੁੰਟ ਵੇਖ ਵਖਾਈਆ। ਪੁਰਖ ਅਬਿਨਾਸ਼ੀ ਘਟ ਘਟ ਵਾਸੀ ਕਿਹੜੀ ਕਰੇ ਮਾਤ ਕਾਰ, ਭੇਵ ਅਭੇਦਾ ਭੇਵ ਨਾ ਰਾਈਆ। ਸ਼ਿਵ ਸ਼ੰਕਰ ਬਾਸ਼ਕ ਤਸ਼ਕਾ ਗਲ ਲਾਹੇ ਹਾਰ, ਇਕ ਤ੍ਰਿਸੂਲਾ ਹੱਥ ਉਠਾਈਆ। ਨਿਰਗੁਣ ਤੇਰਾ ਰੂਪ ਅਪਾਰ, ਭੋਲੇ ਨਾਥ ਭੁਲਾਈਆ। ਕਰੋੜ ਤੇਤੀਸਾ ਰੋਵੇ ਜ਼ਾਰੋ ਜ਼ਾਰ, ਨੇਤਰ ਨੀਰ ਵਹਾਈਆ। ਗਣ ਗੰਧਰਬ ਹੋਏ ਖਵਾਰ, ਵੇਲੇ ਅੰਤ ਨਾ ਕੋਇ ਸਹਾਈਆ। ਲੱਖ ਚੁਰਾਸੀ ਰਹੀ ਪੁਕਾਰ, ਕਲਜੁਗ ਕੂਕੇ ਦਏ ਦੁਹਾਈਆ। ਧਰਮ ਰਾਏ ਰਿਹਾ ਲਲਕਾਰ, ਆਪ ਆਪਣਾ ਵੇਖ ਵਖਾਈਆ। ਲਾੜੀ ਮੌਤ ਕਰ ਸ਼ੰਗਾਰ, ਧਰਮ ਸਪੁਤਰੀ ਦਰ ਬਹਾਈਆ। ਲੱਖ ਚੁਰਾਸੀ ਵੇਖ ਨਾਰ ਭਤਾਰ, ਕੰਤ ਕੰਤਹੂਲਾ ਕਵਣ ਸਜਾਈਆ। ਨਾਲ ਰਲਾ ਮੁਹੰਮਦੀ ਯਾਰ, ਅੱਲਾ ਰਾਣੀ ਕਰ ਕੁੜਮਾਈਆ। ਹੱਥੀਂ ਮਹਿੰਦੀ ਇਕ ਪਿਆਰ, ਦਿਸ਼ਾ ਲਹਿੰਦੀ ਵੇਖ ਵਖਾਈਆ। ਈਸਾ ਮੂਸਾ ਹੋ ਤਿਆਰ, ਹਰਿ ਸਾਚਾ ਰਿਹਾ ਜਗਾਈਆ। ਸੰਮਤ ਚੌਦਾਂ ਲੇਖ ਲਿਖਾਇਆ ਅਪਰ ਅਪਾਰ, ਗੁਰਮੁਖਾਂ ਲਹਿਣਾ ਲਹਿਣੇ ਝੋਲੀ ਪਾਈਆ। ਸੰਮਤ ਪੰਦਰਾਂ ਪਾਏ ਧਰਤ ਮਾਤ ਉਤੇ ਭਾਰ, ਨਾ ਸਕੇ ਕੋਈ ਉਠਾਈਆ। ਧਰਤ ਮਾਤ ਕਰੇ ਗਿਰਿਆਜ਼ਾਰ, ਪ੍ਰਭ ਅੱਗੇ ਸੀਸ ਝੁਕਾਈਆ। ਪੁਰਖ ਅਬਿਨਾਸ਼ੀ ਕਿਰਪਾ ਧਾਰ, ਖੁਲੜੇ ਕੇਸ ਰਹੀ ਕੁਰਲਾਈਆ। ਪੁਰਖ ਅਗੰਮੜੇ ਕਰ ਵਿਹਾਰ, ਆਪਣੀ ਰਚਨ ਰਚਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਨਿਰਗੁਣ ਜੋਤ ਮਾਤ ਉਪਜਾਈਆ। ਸੰਮਤ ਪੰਦਰਾਂ ਪੰਚਮ ਜੇਠ, ਹਰਿ ਜੋਤੀ ਜੋਤ ਜਗਾਇੰਦਾ। ਜਨ ਭਗਤਾਂ ਰੱਖੇ ਸਾਇਆ ਹੇਠ, ਮਨਮੁਖਾਂ ਅਗਨੀ ਅਗਨ ਲਗਾਇੰਦਾ। ਨਾ ਕੋਈ ਦੀਸੇ ਵਡ ਵਡ ਸੇਠ, ਸ਼ਾਹ ਸੁਲਤਾਨਾ ਖ਼ਾਕ ਮਿਲਾਇੰਦਾ। ਕਲਜੁਗ ਭੰਨੇ ਕੌੜੇ ਰੇਠ, ਕੂੜੀ ਕਿਰਿਆ ਮੇਟ ਮਿਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਆਪਣਾ ਭਾਣਾ ਸਾਚਾ ਰਾਣਾ ਧੁਰ ਫ਼ਰਮਾਣਾ ਏਕਾ ਏਕ ਸੁਣਾਇੰਦਾ। ਧੁਰ ਫ਼ਰਮਾਣਾ ਬੇਪਰਵਾਹ, ਆਪਣਾ ਆਪ ਸੁਣਾਇਆ। ਬਿਨ ਗੁਰ ਪੂਰੇ ਦੀਸੇ ਨਾ ਕੋਈ ਮਲਾਹ, ਨਾ ਬੇੜਾ ਬੰਨੇ ਲਾਇਆ। ਕਲਜੁਗ ਰੋਵੇ ਮਾਰੇ ਧਾ, ਨਾ ਹੋਵੇ ਕੋਈ ਸਹਾਇਆ। ਕੂੜ ਕੁੜਿਆਰਾ ਗਲ ਪਿਆ ਫਾਹ, ਨਾ ਕੋਈ ਤੋੜੇ ਤੋੜ ਤੁੜਾਇਆ। ਜੂਠ ਝੂਠ ਮੁਖ ਕਾਲਾ ਸ਼ਾਹ, ਨਾ ਸਕੇ ਕੋਈ ਧਵਾਇਆ। ਮਨਮੁਖ ਰੋਵਣ ਨਾ ਦੇਵੇ ਕੋਈ ਠੰਡੀ ਛਾਂ, ਚਾਰੋਂ ਕੁੰਟ ਫਿਰੇ ਹਲਕਾਇਆ। ਜਿਨ੍ਹਾਂ ਦੁਖਾਈ ਧਰਤ ਮਾਂ, ਲੋਕਮਾਤ ਰਹਿਣ ਨਾ ਪਾਇਆ। ਜਿਨ੍ਹਾਂ ਖਾਧੀ ਵੱਢ ਵੱਢ ਗਾਂ, ਵੇਲੇ ਅੰਤਮ ਦਏ ਸਜਾਇਆ। ਮੱਕਾ ਮਦੀਨਾ ਸ਼ਾਹ ਪਰਬੀਨਾ ਦੇਵੇ ਢਾਹ, ਆਪ ਆਪਣਾ ਫੇਰਾ ਪਾਇਆ। ਚਾਰ ਯਾਰੀ ਸੰਗ ਮੁਹੰਮਦ ਵੇਖ ਵਖਾ, ਹੂ ਹੂ ਨਾਅਰਾ ਏਕਾ ਲਾਇਆ। ਆਦਿ ਪੁਰਖ ਤੇਰਾ ਭੁੱਲਿਆ ਨਾਂ, ਤੇਰਾ ਮੇਰਾ ਰੂਪ ਵਟਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਨਿਰਗੁਣ ਜੋਤ ਕਰੇ ਰੁਸ਼ਨਾਇਆ। ਕਲਜੁਗ ਤੇਰੀ ਕਾਲੀ ਧਾਰ, ਹਰਿ ਜੋਤ ਜੋਤ ਜਗਾਇੰਦਾ। ਵੇਖ ਵਖਾਏ ਸਰਬ ਸੰਸਾਰ, ਲੱਖ ਚੁਰਾਸੀ ਫੋਲ ਫੁਲਾਇੰਦਾ। ਇਕ ਅਕੱਲਾ ਇਕ ਅਕਾਰ, ਏਕਾ ਰੂਪ ਦਰਸਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣੀ ਧਾਰ ਚਲਾਇੰਦਾ। ਪੰਚਮ ਧਾਰ ਚਲਾਏ ਜੇਠਾ ਸੁੱਤ, ਪੰਚਮ ਜੇਠ ਵੱਡੀ ਵਡਿਆਈਆ। ਪਰਗਟ ਹੋ ਅਬਿਨਾਸ਼ੀ ਅਚੁੱਤ, ਆਪਣੀ ਕਰਨੀ ਕਿਰਤ ਕਮਾਈਆ। ਆਪ ਸੁਹਾਏ ਆਪਣੀ ਰੁੱਤ, ਆਪੇ ਵੇਖ ਵਖਾਈਆ। ਮਨਮੁਖਾਂ ਮੁਖ ਪਾਏ ਥੁੱਕ, ਜੁਗ ਜੁਗ ਵੱਡੀ ਵਡਿਆਈਆ। ਜਨ ਭਗਤਾਂ ਸੰਤਾਂ ਆਪਣੀ ਗੋਦੀ ਲਏ ਚੁੱਕ, ਬਖ਼ਸ਼ੇ ਸਚ ਸੱਚੀ ਸਰਨਾਈਆ। ਪ੍ਰਭ ਕਾ ਭਾਣਾ ਨਾ ਜਾਏ ਰੁਕ, ਨਾ ਕੋਈ ਮੇਟ ਮਿਟਾਈਆ। ਸਿੰਘ ਸ਼ੇਰ ਦਲੇਰ ਰਿਹਾ ਬੁੱਕ, ਕਲਜੁਗ ਵੇਖ ਵਖਾਈਆ। ਸੰਮਤ ਸੋਲਾਂ ਰਿਹਾ ਢੁੱਕ, ਲਾੜੀ ਮੌਤ ਕਰੇ ਕੁੜਮਾਈਆ। ਆਪ ਆਪਣੀ ਲਾਹੇ ਭੁੱਖ ਚੌਥੇ ਜੁਗ ਖ਼ੁਸ਼ੀ ਮਨਾਈਆ। ਚਾਰ ਜੁਗ ਚੌਕੜੀ ਪਾਏ ਆਪਣੀ ਕੁੱਖ, ਆਪੇ ਲਏ ਉਪਜਾਈਆ। ਜੜ ਉਖੇੜੇ ਉਲਟੇ ਰੁੱਖ, ਮਾਤ ਗਰਭ ਦਏ ਹਲਾਈਆ। ਹਰੇ ਬੂਟੇ ਜਾਣ ਸੁੱਕ, ਨਾ ਸਕੇ ਕੋਈ ਬਚਾਈਆ। ਵੇਦ ਪੁਰਾਨੀ ਅੰਜੀਲ ਕੁਰਾਨੀ ਖਾਣੀ ਬਾਣੀ ਤੇਰਾ ਪੜਦਾ ਨਾ ਸਕੇ ਕੋਈ ਚੁੱਕ, ਜਗਤ ਵਿਦਿਆ ਨਾ ਕੋਈ ਚਤੁਰਾਈਆ। ਚਰਨ ਦਵਾਰੇ ਪਾਰਬ੍ਰਹਮ ਅਕਾਲ ਪੁਰਖ ਨਿਹਕਲੰਕ ਤੇਰੀ ਮੇਰੀ ਜਾਏ ਮੁੱਕ, ਤੱਤੀ ਵਾ ਨਾ ਲੱਗੇ ਰਾਈਆ। ਸ਼ਬਦ ਨਿਸ਼ਾਨਾ ਤੀਰ ਚਲਿਆ ਨਾ ਜਾਏ ਰੁਕ, ਲੋਆਂ ਪੁਰੀਆਂ ਦਏ ਹਿਲਾਈਆ। ਜਨ ਭਗਤਾਂ ਪੈਂਡਾ ਰਿਹਾ ਮੁੱਕ, ਲੱਖ ਚੁਰਾਸੀ ਫੰਦ ਕਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਏਕਾ ਸਾਚਾ ਜਾਪ ਜਪਾਈਆ। ਏਕਾ ਜਾਪ ਸੋਹੰ ਸੋ, ਬਿਨ ਹਰਿ ਅਵਰ ਨਾ ਦੀਸੇ ਕੋ। ਜਨ ਭਗਤ ਸੰਤ ਦੁਲਾਰਾ, ਕਾਇਆ ਮੰਦਰ ਅੰਦਰ ਦੁਰਮਤ ਮੈਲ ਲਏ ਧੋ। ਏਕਾ ਬਖ਼ਸ਼ੇ ਚਰਨ ਪਿਆਰਾ, ਜੋਤ ਨਿਰੰਜਣ ਕਰੇ ਲੋ। ਕਰੇ ਖੇਲ ਅਗੰਮ ਅਪਾਰਾ, ਦਰਸ ਦਿਖਾਏ ਅੱਗੇ ਹੋ। ਡੂੰਘੀ ਭਵਰੀ ਕਰੇ ਪਾਰਾ, ਹੱਡ ਮਾਸ ਨਾੜੀ ਚਮੜੇ ਨਾ ਜਾਏ ਛੋ। ਸੁਖਮਨ ਤੇਰਾ ਪਾਰ ਕਿਨਾਰਾ, ਪੰਚ ਵਿਕਾਰਾ ਰਿਹਾ ਰੋ। ਪੰਚਮ ਸ਼ਬਦ ਸੱਚੀ ਧੁੰਨਕਾਰਾ, ਗੁਰਮੁਖ ਵਿਰਲਾ ਸੁਣੇ ਕੋ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਨ ਭਗਤਾਂ ਦੇਵੇ ਏਕਾ ਵਰ, ਵੇਲੇ ਅੰਤ ਸ੍ਰਿਸ਼ਟ ਸਬਾਈ ਨੇਤਰ ਦੋਵੇਂ ਰਹੀ ਰੋ। ਨੇਤਰ ਦੋਵੇਂ ਨੀਰ, ਕਲਜੁਗ ਵਹਾਇਆ। ਨਾ ਕੋਈ ਸਹਾਈ ਪੀਰ ਫਕੀਰ, ਦਸਤਗੀਰ ਨਾ ਕੋਈ ਬਚਾਇਆ। ਨਾ ਕੋਈ ਚੋਟੀ ਚੜ੍ਹੇ ਅਖ਼ੀਰ, ਨਾ ਕੋਈ ਸਾਚੇ ਮੇਲ ਮਿਲਾਇਆ। ਨਾ ਕੋਈ ਬਜਰ ਕਪਾਟੀ ਦੇਵੇ ਚੀਰ, ਦੂਈ ਦਵੈਤੀ ਪੜਦਾ ਦਏ ਮਿਟਾਇਆ। ਨਾ ਕੋਈ ਸ਼ਬਦ ਨਿਰਾਲਾ ਮਾਰੇ ਤੀਰ, ਅੰਮ੍ਰਿਤ ਸੀਰ ਨਾ ਕੋਈ ਪਿਆਇਆ। ਏਕਾ ਗੁਰ ਵਡ ਦਾਤਾ ਸੂਰਬੀਰ, ਗੁਰਮੁਖ ਸਾਚੇ ਲਏ ਤਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਅੰਤਮ ਵੇਖਣ ਆਇਆ, ਆਪ ਆਪਣਾ ਵੇਸ ਵਟਾਇਆ। ਪੰਚਮ ਜੇਠ ਪੰਚਮ ਪੂਤਾ ਪਾਰਬ੍ਰਹਮ ਵਡਿਆਈਆ। ਆਪ ਆਪਣਾ ਮੋਹ ਚੁਕੌਣਾ, ਹਰਿ ਚਰਨ ਏਕਾ ਲਿਵ ਲਾਈਆ। ਏਕਾ ਦੂਜਾ ਭੇਵ ਗਵੌਣਾ, ਤੀਜਾ ਨੇਤਰ ਵੇਖ ਵਖਾਈਆ। ਚੌਥੇ ਪਦ ਇਕ ਸਮੌਣਾ, ਘਰ ਸਾਚੇ ਮਿਲੇ ਵਡਿਆਈਆ। ਪੰਚਮ ਮੇਲਾ ਆਪ ਕਰੌਣਾ, ਪੰਚਮ ਵਾਲਾ ਸਾਚਾ ਮਾਹੀਆ। ਛੇਵਾਂ ਮੰਦਰ ਇਕ ਵਸੌਣਾ, ਛੱਪਰ ਛੰਨ ਨਾ ਕੋਈ ਰਖਾਈਆ। ਸੱਤਵੇਂ ਸਤਿ ਪੁਰਖ ਨਿਰੰਜਣ ਦਰਸ ਦਿਖੌਣਾ, ਨਿਰਮਲ ਜੋਤ ਕਰੇ ਰੁਸ਼ਨਾਈਆ। ਅੱਠਾਂ ਤੱਤਾਂ ਭਾਗ ਲਗੌਣਾ, ਅਪ ਤੇਜ਼ ਵਾਏ ਪ੍ਰਿਥਮੀ ਆਕਾਸ਼ ਮਨ ਮਤ ਬੁਧ ਸਾਥ ਰਲਾਈਆ। ਨੌਂ ਦਵਾਰੇ ਬਾਹਰ ਕਢੌਣਾ, ਗੁਰਮੁਖ ਦੇਵੇ ਸਚ ਸਲਾਹੀਆ। ਦਸਵੇਂ ਦਰ ਆਪ ਬਹੌਣਾ, ਆਪਣੇ ਹੱਥ ਰੱਖੇ ਵਡਿਆਈਆ। ਧੁਨ ਅਨਾਦੀ ਰਾਗ ਸੁਣੌਣਾ, ਏਕਾ ਤਾਲ ਵਜਾਈਆ। ਆਤਮ ਸਰ ਸਰੋਵਰ ਗੁਰਮੁਖ ਸਾਚੇ ਆਪ ਨਹੌਣਾ, ਹੰਸ ਕਾਗ ਬਣਾਈਆ। ਨਾਰੀ ਕੰਤ ਮੇਲ ਮਿਲੌਣਾ, ਏਕਾ ਸੇਜ ਵਿਛਾਈਆ। ਸੁਹੰਜਣੀ ਰੈਣ ਭਿੰਨੜੀ ਭੈਣ ਤਨ ਸ਼ੰਗਾਰ ਕਰੌਣਾ, ਏਕਾ ਬਸਤਰ ਵੇਖ ਵਖਾਈਆ। ਨੈਣਾਂ ਕਜਲਾ ਨਿਰਗੁਣ ਆਪ ਵਖੌਣਾ, ਜਗਤ ਨੇਤਰ ਦਿਸ ਨਾ ਆਈਆ। ਧਾਮ ਅਗੰਮੜੇ ਆਪ ਬਹੌਣਾ, ਸ਼ਬਦ ਰੰਗੀਲਾ ਪਲੰਘ ਵਛਾਈਆ। ਪਾਵਾ ਚੂਲ ਨਾ ਕੋਈ ਰਖੌਣਾ, ਉਤਰ ਪੂਰਬ ਪੱਛਮ ਦੱਖਣ ਨਾ ਦਿਸ਼ਾ ਕੋਈ ਜਣਾਈਆ। ਆਪ ਆਪਣੇ ਰੰਗ ਰੰਗੌਣਾ, ਏਕਾ ਰੰਗ ਹਰਿ ਰਘੁਰਾਈਆ। ਦਸਮ ਦਵਾਰੀ ਬਾਹਰ ਕਢੌਣਾ, ਆਪ ਆਪਣਾ ਲੜ ਫੜਾਈਆ। ਸੁੰਨ ਸਮਾਧੀ ਵਿਚ ਨਾ ਸੌਣਾ, ਸੁਨ ਅਗੰਮੀ ਵੇਖ ਵਖਾਈਆ। ਏਕਾ ਘਰ ਆਪ ਰਖੌਣਾ, ਗੁਰਮੁਖ ਸਾਚੇ ਸੰਗ ਰਖਾਈਆ। ਸੋ ਪੁਰਖ ਨਿਰੰਜਣ ਨਜ਼ਰੀ ਔਣਾ, ਸਤਿਗੁਰ ਵੱਡੀ ਵਡਿਆਈਆ। ਹੰ ਹੰਗਤਾ ਮੇਟ ਮਿਟੌਣਾ, ਹਰਿ ਕਾ ਰੂਪ ਦਰਸਾਈਆ। ਹਰੀ ਹਰਿ ਹਰਿ ਆਪ ਅਖਵੌਣਾ, ਆਪ ਆਪਣਾ ਤਤ ਹੰਢਾਈਆ। ਸੋਹੰ ਦੇਸ ਪ੍ਰਭ ਇਕ ਸਮਝੌਣਾ, ਗੁਰਮੁਖ ਪੂਰੇ ਭੁੱਲ ਨਾ ਰਾਈਆ। ਪੰਜ ਤਤ ਚੋਲਾ ਕਿਸੇ ਕੰਮ ਨਾ ਔਣਾ, ਸੁਰਤ ਸ਼ਬਦੀ ਸ਼ਬਦ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਚਖੰਡ ਦੇਵੇ ਵਡਿਆਈਆ। ਸਚਖੰਡ ਨਿਰਗੁਣ ਧਾਰ, ਸੰਤਨ ਵਰ ਘਰ ਪਾਇਆ। ਪੁਰਖ ਅਬਿਨਾਸ਼ੀ ਮਿਲਿਆ ਮੀਤ ਮੁਰਾਰ, ਸਾਚੀ ਨਾਰੀ ਵੇਸ ਵਟਾਇਆ। ਨਾਰੀ ਕੰਤਾ ਇਕ ਪਿਆਰ, ਏਕਾ ਸੇਜ ਹੰਢਾਇਆ। ਏਕਾ ਘਰ ਏਕਾ ਘਰ ਬਾਰ, ਏਕਾ ਰੰਗ ਰੰਗਾਇਆ। ਏਕਾ ਮਹੱਲ ਉਚ ਮੁਨਾਰ, ਨਾ ਕੋਈ ਦੂਸਰ ਵੇਖ ਵਖਾਇਆ। ਸੰਤ ਜਨਾ ਹਰਿ ਕਰ ਪਿਆਰ, ਆਪ ਆਪਣੇ ਮਾਰਗ ਲਾਇਆ। ਆਪ ਆਪਣੀ ਕਿਰਪਾ ਧਾਰ, ਆਪ ਆਪਣਾ ਚਰਨ ਉਠਾਇਆ। ਜਿਸ ਜਨ ਬਖ਼ਸ਼ੇ ਸਚ ਪਿਆਰ, ਅਲਖ ਅਲਖਣਾ ਏਕਾ ਅਲਖ ਜਗਾਇਆ। ਹੋਏ ਪਰਤੱਖ ਸਾਚੇ ਘਰ ਵਸਣਾ, ਆਪ ਆਪਣਾ ਰੂਪ ਦਰਸਾਇਆ। ਆਪੇ ਰੋਣਾ ਆਪੇ ਹੱਸਣਾ, ਆਪ ਆਪਣਾ ਰਿਹਾ ਚੁੱਪ ਕਰਾਇਆ। ਆਪਣਾ ਤੀਰ ਨਿਰਾਲਾ ਆਪੇ ਕਸਣਾ, ਆਪੇ ਰਿਹਾ ਲਗਾਇਆ। ਆਪਣੇ ਦਵਾਰਾ ਆਪੇ ਵਸਣਾ, ਆਪੇ ਰਿਹਾ ਵਖਾਇਆ। ਆਪਣੇ ਘਰ ਵਿਚੋਂ ਆਪੇ ਨੱਸਣਾ, ਆਪੇ ਪਾਰ ਕਰਾਇਆ। ਪੁਰਖ ਅਗੰਮੜਾ ਘਰ ਅਗੰਮੜੇ ਵਸਣਾ, ਵੇਦ ਕਤੇਬ ਲੇਖ ਭੇਵ ਨਾ ਕਿਸੇ ਲਿਖਾਇਆ। ਬ੍ਰਹਮਾ ਦੇਵੇ ਨਾ ਕੋਈ ਦੱਛਣਾ, ਚਾਰ ਵੇਦ ਨਾ ਕੋਈ ਜਣਾਇਆ। ਪੁਰਾਨ ਅਠਾਰਾਂ ਲੇਖਾ ਲੇਖ ਨਾ ਕਿਸੇ ਲਿਖਣਾ, ਲੱਖ ਚਾਰ ਹਜ਼ਾਰ ਸਤਾਰਾਂ ਸਲੋਕ ਗਿਣਾਇਆ। ਆਪਣਾ ਮੰਗਲ ਆਪੇ ਪਾ, ਆਪੇ ਰਿਹਾ ਸੁਣਾਈਆ। ਆਪਣੀ ਸਤਾਰ ਆਪ ਵਜਾ, ਆਪੇ ਰਾਗ ਅਲਾਈਆ। ਆਪਣੀ ਧਾਰ ਆਪ ਚਲਾ, ਆਪੇ ਵੇਖ ਵਖਾਈਆ। ਆਪਣੀ ਕਾਰ ਆਪ ਕਰਾ, ਆਪੇ ਰਿਹਾ ਕਰਾਈਆ। ਕਰਤਾ ਪੁਰਖ ਕਰਨੇਹਾਰਾ ਆਪ ਅਖਵਾ, ਅਬਿਨਾਸ਼ੀ ਪੁਰਖ ਨਾਉਂ ਧਰਾਈਆ। ਅਗੰਮ ਅਗੋਚਰ ਭੇਵ ਨਾ ਰਾ, ਆਦਿ ਅੰਤ ਇਕ ਵਡਿਆਈਆ । ਅਕਾਲ ਮੂਰਤ ਵੇਖ ਵਖਾ, ਅਨਭਵ ਪਰਕਾਸ਼ ਕਰਾਈਆ। ਆਦਿ ਸ਼ਕਤ ਨਾਮ ਧਰਾ, ਲਾਲ ਵੇਸ ਵੇਸ ਵਟਾਈਆ। ਸਚ ਸਿੰਘਾਸਣ ਆਸਣ ਲਾ, ਆਪਣਾ ਆਪ ਉਪਾਈਆ। ਚਤੁਰਭੁਜ ਭੁਜ ਦਇਆ ਕਮਾ, ਆਪਣੇ ਵਿਚ ਸਮਾਈਆ। ਆਪਣੀ ਸੇਵਾ ਆਪ ਕਮਾ, ਆਪਣੀ ਭਿਛਿਆ ਆਪਣੀ ਝੋਲੀ ਪਾਈਆ। ਆਪਣਾ ਇਸ਼ਟ ਆਪਣੀ ਦੇਵੀ ਆਪ ਮਨਾ, ਆਪਣਾ ਰੂਪ ਵਟਾਈਆ। ਆਪਣੀ ਸ੍ਰਿਸ਼ਟ ਆਪ ਉਪਾ, ਆਪੇ ਵੇਖ ਵਖਾਈਆ। ਕਲਜੁਗ ਅੰਤਮ ਦਏ ਖਪਾ, ਨਾ ਦੇਵੇ ਕੋਈ ਸਲਾਹੀਆ। ਕਲਜੁਗ ਕੂੜਾ ਭੁੱਲਿਆ ਰਾਹ, ਕੂੜੇ ਧੰਦੇ ਲਾਈਆ। ਨੌਂ ਖੰਡ ਨੌਂ ਦਰ ਨੌਂ ਨੌਂ ਨਾਥ ਨੌਂ ਨੌਂ ਵਾਰ ਧਿਆਈਆ। ਸਤਿ ਪੁਰਖ ਸਤਿ ਉਪਦੇਸ਼ ਸਤਿ ਸਤਿਵਾਦ ਨਾ ਕੋਈ ਸਕੇ ਗਾ, ਸਾਂਤਕ ਸਤਿ ਨਾ ਕੋਈ ਕਰਾਈਆ। ਚਾਰੇ ਜੁਗ ਚਾਰੇ ਵੇਦ ਚਾਰੇ ਖਾਣੀ ਨਾ ਕੋਈ ਸਕੇ ਪੜ੍ਹਾ, ਨਾ ਕੋਈ ਬੂਝ ਬੁਝਾਈਆ। ਸਿਮਰਤ ਸ਼ਾਸਤਰ ਮਾਣ ਅਭਿਮਾਨ ਰਹੇ ਵਧਾ, ਮਨ ਕਾ ਮਣਕਾ ਨਾ ਕੋਈ ਫੇਰ ਫਿਰਾਈਆ। ਪੁਰਾਨ ਅਠਾਰਾਂ ਘਰ ਘਰ ਦਰ ਦਰ ਮੰਦਰ ਅੰਦਰ ਬੈਠੇ ਰਹੇ ਗਾ, ਪਾਰਬ੍ਰਹਮ ਨਾ ਮੇਲ ਮਿਲਾਈਆ। ਗੀਤਾ ਗਿਆਨ ਨਾ ਕੋਈ ਜਣਾ, ਮਿਲੇ ਮੇਲ ਨਾ ਬੇਪਰਵਾਹੀਆ। ਮੁਕੰਦ ਮਨੋਹਰ ਲਖਮੀ ਨਰਾਇਣ, ਤੀਜੇ ਨੈਣ ਨਾ ਕੋਈ ਦਰਸਾਈਆ। ਅੰਜੀਲ ਕੁਰਾਨਾ ਰਹੇ ਗਾ, ਅੱਲਾ ਹੂ ਨਾਅਰਾ ਰਹੇ ਲਾ, ਐਨਲਹੱਕ ਨਾ ਕੋਈ ਮਲਾਈਆ। ਨੂਰ ਅਲਾਹੀ ਇਕ ਖ਼ੁਦਾ, ਆਦਿ ਅੰਤ ਨਾ ਹੋਏ ਜੁਦਾ, ਇਕ ਲਗਾਏ ਸਚ ਸਦਾ, ਏਕਾ ਰੂਪ ਦਰਸਾਈਆ। ਕਲਮਾ ਕਲਮੀ ਰਿਹਾ ਪੜ੍ਹਾ, ਸਾਚੇ ਪੌੜੇ ਰਿਹਾ ਚੜ੍ਹਾ, ਏਕਾ ਲੜ ਰਿਹਾ ਫੜਾ, ਖ਼ੁਦੀ ਖ਼ੁਦਾਈ ਰਹਿਣ ਨਾ ਪਾਈਆ। ਕਲਮਾ ਅਮਾਮ ਇਕ ਸੁਣਾ, ਕਾਇਨਾਤ ਦਏ ਜਣਾ, ਸ਼ਰਅ ਸ਼ਰਾਇਤ ਇਕ ਵਖਾ, ਇਕ ਹਦੀਸ ਰਿਹਾ ਪੜ੍ਹਾਈਆ। ਦੰਦ ਬਤੀਸਾ ਰਹੇ ਅਲ੍ਹਾ, ਕਵਣ ਜਾਣੇ ਪ੍ਰਭ ਤੇਰਾ ਰਾਹ, ਕਲਜੁਗ ਕਰਿਆ ਪਾਪਾ ਫਾਹ, ਭੁੱਲੀ ਸਰਬ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਖੇਲੇ ਖੇਲ ਹਰਿ ਰਘੁਰਾਈਆ। ਖੇਲੇ ਖੇਲ ਖੇਲਣਹਾਰਾ, ਆਦਿ ਪੁਰਖ ਅਕਾਲਾ। ਵੇਦ ਪੁਰਾਨਾ ਪਾਵੇ ਸਾਰਾ, ਨਾਲ ਰਲਾਏ ਰਾਣੀ ਅੱਲਾ। ਖਾਣੀ ਬਾਣੀ ਕਰ ਵਿਚਾਰਾ, ਵੇਖੇ ਗਾਰ ਡੂੰਘੀ ਡੱਲਾ। ਅਰਜਨ ਤੇਰਾ ਲੇਖ ਅਪਾਰਾ, ਮਨਮੁਖ ਭੁੱਲੇ ਹੋਏ ਝੱਲਾ। ਨਿਹਕਲੰਕ ਲਏ ਅਵਤਾਰਾ, ਵਸਿਆ ਸਚ ਮਹੱਲਾ। ਗੁਰ ਗੋਬਿੰਦ ਤੇਰਾ ਭਰੇ ਭੰਡਾਰਾ, ਨਾ ਕਰਿਆ ਵਲਾ ਛਲਾ। ਵੇਦ ਵਿਆਸਾ ਦਏ ਸਹਾਰਾ, ਜੋਤੀ ਸ਼ਬਦੀ ਆਪੇ ਰਲਾ। ਸੰਬਲ ਨਗਰੀ ਧਾਮ ਅਪਾਰਾ, ਦਸਮ ਦਵਾਰੀ ਉਚਾ ਪਰਬਤ ਵਡ ਟਿੱਲਾ। ਆਪ ਆਪਣਾ ਕਰ ਉਜਿਆਰਾ, ਆਪਣੀ ਰਸਨਾ ਚਾੜ੍ਹੇ ਆਪਣਾ ਚਿਲਾ। ਫੜੇ ਸ਼ਬਦ ਹੱਥ ਤੀਰ ਕਟਾਰਾ, ਪਾਵੇ ਸਾਰ ਜਲਾਂ ਥਲਾਂ। ਲੱਖ ਚੁਰਾਸੀ ਵੇਖੇ ਮੀਤ ਮੁਰਾਰਾ, ਦਰਸ ਦਿਖਾਏ ਘੜੀ ਘੜੀ ਪਲ ਪਲਾ। ਜੂਠਾ ਝੂਠਾ ਤੋੜੇ ਗੜ੍ਹ ਹੰਕਾਰਾ, ਉਚਾ ਰਹਿਣ ਨਾ ਦੇਵੇ ਕੋਈ ਕਿਲਾ। ਚਰਨ ਛੁਹਾਏ ਵਿਚ ਦਰਬਾਰਾ, ਰਾਮ ਦਾਸ ਗੁਰ ਸਾਚੀ ਤੇਰੀ ਸਿਲਾ। ਪੰਚਮ ਜੇਠ ਕਰੇ ਵਿਹਾਰਾ, ਪਰਗਟ ਹੋਏ ਛੈਲ ਛਬੀਲਾ, ਨੌਂ ਖੰਡ ਪ੍ਰਿਥਮੀ ਮਗਰ ਲਗਾਏ ਝੂਠੀ ਧਾੜਾ, ਜੋਤੀ ਅਗਨੀ ਲਾਏ ਤੀਲਾ। ਚਾਰੋਂ ਕੁੰਟ ਲੱਗੇ ਵਾ ਤੱਤੀ ਹਾੜਾ, ਨਾ ਦਿਸੇ ਕੋਈ ਵਸੀਲਾ। ਕਲਜੁਗ ਅੰਤਮ ਜ਼ਿਮੀ ਅਸਮਾਨਾ ਤੁਟੇ ਪਾੜਾ, ਧੁਰਦਰਗਾਹੀ ਨਾ ਮਿਲੇ ਕੋਈ ਵਕੀਲਾ। ਕਲਜੁਗ ਅੰਤਮ ਕੱਢੇ ਹਾੜਾ, ਰਾਣੀ ਅਲ੍ਹਾ ਦਏ ਦਲੀਲਾਂ। ਨੌਂ ਖੰਡ ਪ੍ਰਿਥਮੀ ਇਕ ਅਖਾੜਾ, ਆਪ ਕਰਾਏ ਚੜ੍ਹਕੇ ਘੋੜੇ ਨੀਲਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਆਪੇ ਜਾਣੇ ਆਪਣਾ ਵੇਸ ਜਨ ਭਗਤ ਦਵਾਰੇ। ਦਰ ਦਵਾਰੇ ਦਰ ਦਰਵੇਸ਼ ਬਣ ਭਿਖਾਰਾ, ਲੋਕਮਾਤ ਉਠ ਧਾਇਆ । ਗੁਰਮੁਖ ਸਾਚੇ ਮਲ ਦਵਾਰਾ, ਆਪਣਾ ਆਪ ਛੁਪਾਇਆ। ਜੋਤ ਸਰੂਪੀ ਕਰੇ ਉਜਿਆਰਾ, ਤੀਨ ਲੋਕ ਕਰੇ ਰੁਸ਼ਨਾਇਆ। ਏਕਾ ਸਾਚਾ ਡੰਕ ਵਜਾਇਆ, ਅਨਾਦੀ ਸ਼ਬਦ ਵੱਜੇ ਧੁਨਕਾਰਾ। ਅਨਾਦ ਅਨਾਦੀ ਇਕ ਅਲਾਇਆ, ਛੱਤੀ ਰਾਗ ਨਾ ਪਾਇਣ ਸਾਰਾ। ਨਾਰਦ ਮੁਨ ਆਪ ਉਠਾਇਆ, ਬ੍ਰਹਮਾ ਸੁਤ ਦਏ ਹੁਲਾਰਾ। ਵਿਸ਼ਨੂੰ ਵੰਸੀ ਵੇਸ ਵਟਾਇਆ, ਕੀਆ ਖੇਲ ਅਪਾਰਾ। ਭਗਵਨ ਜੋਤੀ ਜੋਤ ਜਗਾਇਆ, ਜੋਤ ਜਗਾਏ ਵਿਚ ਸੰਸਾਰਾ। ਵਰਨ ਗੋਤੀ ਨਾ ਕੋਈ ਰਖਾਇਆ, ਨਾ ਵਸਿਆ ਕਿਸੇ ਮੰਦਰ ਮਸਜਿਦ ਗੁਰਦਵਾਰਾ। ਗੁਰਮੁਖ ਸਾਚੇ ਵੇਖ ਵਖਾਇਆ, ਪ੍ਰਭ ਅਬਿਨਾਸ਼ੀ ਡੇਰਾ ਲਾਇਆ, ਘਰ ਸੁਹਾਇਆ ਦਸਮ ਦਵਾਰਾ। ਆਪ ਆਪਣਾ ਪੜਦਾ ਲਾਹਿਆ। ਬਜਰ ਕਪਾਟੀ ਤੋੜ ਤੁੜਾਇਆ। ਜੋਤ ਨਿਰੰਜਣ ਜੋਤ ਜਗਾਇਆ। ਆਦਿ ਸ਼ਕਤ ਹੋਏ ਸਹਾਇਆ। ਅਕਾਲ ਪੁਰਖ ਦਏ ਵਡਿਆਇਆ। ਮਹਾਂਕਾਲ ਨਾ ਨੇੜੇ ਆਇਆ। ਦੀਨ ਦਿਆਲਾ ਦਰਸ਼ਨ ਪਾਇਆ। ਗੁਰ ਗੋਪਾਲਾ ਭੇਵ ਚੁਕਾਇਆ। ਜਗਤ ਜੰਜਾਲਾ ਤੋੜ ਵਖਾਇਆ। ਕਾਇਆ ਮੰਦਰ ਅੰਦਰ, ਸੱਚੀ ਧਰਮਸਾਲਾ ਹਰਿ ਮੰਦਰ ਨਾਉਂ ਰਖਾਇਆ। ਦੀਪਕ ਜੋਤੀ ਜਗੇ ਅੰਦਰੇ ਅੰਦਰ, ਦਿਸ ਕਿਸੇ ਨਾ ਆਇਆ। ਮਨਮੁਖ ਭੌਂਦੇ ਬਾਹਰ ਬੰਦਰ, ਗੁਰਮੁਖ ਵਿਰਲੇ ਆਤਮ ਘਰ ਵਸਾਇਆ। ਸਤਿਗੁਰ ਪੂਰਾ ਤੋੜਣਹਾਰਾ ਜੰਦਰ, ਸ਼ਬਦ ਹਥੌੜਾ ਦਏ ਲਗਾਇਆ। ਭਾਗ ਲਗਾਏ ਡੂੰਘੀ ਕੰਦਰ, ਕੰਤ ਕੰਤੂਹਲ ਹੋਏ ਸਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਜਗਤ ਵਿਹਾਰਾ ਹਰਿ ਨਿਰੰਕਾਰਾ ਨਿਰਗੁਣ ਨਿਰਗੁਣ ਆਪ ਕਰਾਇਆ। ਨਿਰਗੁਣ ਕਾਰੀ ਨਿਰਗੁਣ ਧਾਰੀ, ਨਿਰਗੁਣ ਆਪ ਕਰਾਇੰਦਾ। ਨਿਰਗੁਣ ਮੀਤ ਨਿਰਗੁਣ ਮੁਰਾਰੀ, ਨਿਰਗੁਣ ਰੂਪ ਵਟਾਇੰਦਾ। ਨਿਰਗੁਣ ਪੁਰਖ ਨਿਰਗੁਣ ਨਾਰੀ, ਨਿਰਗੁਣ ਪੂਤ ਸਪੂਤਾ ਆਪਣੀ ਗੋਦ ਉਠਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਵੇਸ ਕਰ ਅਨੇਕਾ ਆਪਣੇ ਨੇਤਰ ਆਪੇ ਪੇਖਾ, ਨਾ ਕੋਈ ਰੂਪ ਨਾ ਕੋਈ ਰੇਖਾ, ਜੋਤ ਸਰੂਪੀ ਧਾਰਿਆ ਭੇਖਾ, ਲੱਖ ਚੁਰਾਸੀ ਲਿਖੇ ਲੇਖਾ, ਪਰਗਟ ਹੋ ਦਸ ਦਸਮੇਸਾ, ਪਾਰਬ੍ਰਹਮ ਪ੍ਰਭ ਨਰ ਨਰੇਸ਼ਾ, ਏਕਾ ਧਾਮ ਹਰਿ ਅਵੱਲਾ ਉਚ ਅਟੱਲਾ ਆਪਣਾ ਆਪ ਸੁਹਾਇੰਦਾ। ਸੁਹਾਇਆ ਥਾਨ ਹਰਿ ਬਨਵਾਰੀ, ਆਪਣੀ ਜੋਤ ਜਗਾਈਆ। ਅਗੰਮ ਅਗੰਮੜਾ ਅਗੰਮੜੀ ਕਾਰੀ, ਭੇਵ ਅਭੇਦਾ ਬੈਠਾ ਭੇਵ ਛੁਪਾਈਆ। ਰਾਮ ਰਹੀਮ ਕਰੀਮ ਬੇਐਬ ਪਰਵਰਦਿਗਾਰੀ, ਨਿਰੰਕਾਰੀ ਜੋਤੀ ਨੂਰ ਕਰੇ ਰੁਸ਼ਨਾਈਆ। ਰਾਮਾ ਕ੍ਰਿਸ਼ਨਾ ਮੀਤ ਮੁਰਾਰੀ, ਸੰਗ ਮੁਹੰਮਦ ਵੇਖੇ ਯਾਰੀ, ਨਾਨਕ ਮੇਲਾ ਸਹਿਜ ਸੁਭਾਈਆ। ਨਾਨਕ ਢਹਿ ਪਿਆ ਦਵਾਰੀ, ਪਾਰਬ੍ਰਹਮ ਪ੍ਰਭ ਖੇਲ ਨਿਆਰੀ, ਏਕਾ ਦੇਵੇ ਸ਼ਬਦ ਭੰਡਾਰੀ, ਲੋਕਮਾਤ ਮਾਰ ਝਾਤ ਚਾਰ ਵਰਨ ਇਕ ਜਮਾਤ ਏਕਾ ਰੂਪ ਦਰਸਾਇੰਦਾ। ਸ਼ਬਦ ਸਰੂਪੀ ਦੇਵੇ ਦਾਤ, ਪੁਰਖ ਅਬਿਨਾਸ਼ੀ ਵਡ ਕਰਾਮਾਤ, ਚਰਨ ਪ੍ਰੀਤੀ ਬੰਨੇ ਨਾਤ, ਲਹਿਣਾ ਦੇਣਾ ਹਾਥੋ ਹਾਥ, ਮੇਲ ਮਿਲਾਏ ਹਰਿ ਸਮਰਾਥ, ਸਮਰਥ ਪੁਰਖ ਆਪ ਅਖਵਾਇੰਦਾ। ਮੰਤਰ ਨਾਮ ਸਚ ਗੌਣਾ, ਪੁਰਖ ਅਬਿਨਾਸ਼ੀ ਘਰ ਮੇਂ ਪੌਣਾ, ਹਉਮੇ ਹੰਗਤਾ ਰੋਗ ਗਵੌਣਾ, ਸਾਚੀ ਸੰਗਤਾ ਸੰਗ ਰਖੌਣਾ, ਭੁੱਖਾ ਨੰਗਤਾ ਕਲ ਮਿਟੌਣਾ, ਏਕਾ ਮਾਰਗ ਪਾਇੰਦਾ। ਚਾਰ ਵਰਨਾਂ ਇਕ ਪਿਆਰਾ, ਊਚਾਂ ਨੀਚਾਂ ਦਏ ਸਹਾਰਾ, ਏਕਾ ਨੂਰ ਹਰਿ ਅਵਤਾਰਾ, ਸਤਿਗੁਰ ਪੂਰਾ ਬੂਝ ਬੁਝਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਦੇਵਣਹਾਰਾ ਵਰ, ਦਰ ਦਰਵਾਜ਼ੇ ਗ਼ਰੀਬ ਨਿਵਾਜ਼ੇ ਜੋ ਜਨ ਆਏ ਭਿਛਿਆ ਪਾਇੰਦਾ। ਆਪੇ ਸੱਦਣਹਾਰਾ ਦਰ, ਆਪੇ ਮੰਗ ਮੰਗਾਇੰਦਾ। ਆਪੇ ਦੇਵਣਹਾਰਾ ਵਰ, ਆਪੇ ਝੋਲੀ ਭਰਾਇੰਦਾ। ਆਪ ਚੁਕਾਏ ਆਪਣਾ ਡਰ, ਆਪਣੀ ਬੂਝ ਬੁਝਾਇੰਦਾ। ਆਪ ਵਖਾਏ ਆਪਣਾ ਘਰ, ਜਿਸ ਜਨ ਦਇਆ ਕਮਾਇੰਦਾ। ਏਕਾ ਪੁਰਖ ਹਰੀ ਹਰਿ, ਆਪ ਹਰਿ ਅਖਵਾਇੰਦਾ। ਆਪਣੀ ਕਰਨੀ ਆਪੇ ਕਰ, ਕਰਤਾ ਪੁਰਖ ਨਾਉਂ ਧਰਾਇੰਦਾ। ਸਾਧ ਸੰਤ ਗੁਰ ਪੀਰ ਲਏ ਵਰ, ਵਰ ਦਾਤਾ ਆਪ ਹੋ ਜਾਇੰਦਾ। ਸ਼ਬਦ ਭੰਡਾਰਾ ਦੇਵੇ ਭਰ, ਇਕ ਗਿਆਨ ਜਣਾਇੰਦਾ। ਇਕ ਵਰਤਾਰਾ ਏਕਾ ਵਰ, ਏਕਾ ਵਸਤ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਨੂਰ ਹਾਜ਼ਰ ਹਜ਼ੂਰ ਸਰਬ ਕਲ ਭਰਪੂਰ, ਨਿਰਗੁਣ ਸਰਗੁਣ ਵੇਸ ਰਖਾਇੰਦਾ। ਨਿਰਗੁਣ ਮੇਲਾ ਹਰਿ ਕਰਤਾਰ, ਆਪਣਾ ਆਪ ਕਰਾਇਆ। ਆਪੇ ਹੋਇਆ ਸੱਜਣ ਸੁਹੇਲਾ, ਸਖਾ ਸਹਾਈ ਆਪ ਹੋ ਆਇਆ। ਆਪੇ ਗੁਰ ਗੁਰੂ ਗੁਰ ਚੇਲਾ, ਗੁਰ ਗੋਬਿੰਦ ਵੇਸ ਵਟਾਇਆ। ਆਪੇ ਵਸਿਆ ਰੰਗ ਨਵੇਲਾ, ਦਿਸ ਕਿਸੇ ਨਾ ਆਇਆ। ਅਚਰਜ ਖੇਲ ਪਾਰਬ੍ਰਹਮ ਜਗ ਖੇਲਾ, ਜੁਗ ਜੁਗ ਵੇਸ ਵਟਾਇਆ। ਕਲਜੁਗ ਤੇਰੀ ਅੰਤਮ ਵਾਰੀ ਲੱਖ ਚੁਰਾਸੀ ਚਾੜ੍ਹੇ ਤੇਲਾ, ਪੰਚਮ ਜੇਠੀ ਸਗਨ ਮਨਾਇਆ। ਮਨਮੁਖ ਸਖੀਆਂ ਮਿਲ ਮਿਲ ਪਾਵਣ ਵੇਲਾਂ, ਝੂਠੀ ਝੋਲੀ ਰਿਹਾ ਭਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਵੇਸ ਆਪੇ ਕਰ, ਸਰਗੁਣ ਆਪੇ ਹੋਏ ਸਹਾਇਆ। ਸਰਗੁਣ ਨਾਮ ਸਹਾਰਾ, ਹਰਿ ਜੋਤ ਜਗਾਈਆ। ਦੇਵੇ ਸ਼ਬਦ ਸੱਚੀ ਧੁਨਕਾਰਾ, ਰਾਗ ਅਨਾਦੀ ਤਾਲ ਵਜਾਈਆ। ਮਿਲਿਆ ਮੇਲ ਕੰਤ ਭਤਾਰਾ, ਭਿੰਨੜੀ ਰੈਣ ਸੁਹਾਈਆ। ਆਤਮ ਸੇਜਾ ਕਰ ਪਿਆਰਾ, ਸਾਚੀ ਖ਼ੁਸ਼ੀ ਕਰਾਈਆ। ਦੇਵੇ ਨਾਮ ਧੁਰ ਕਰਤਾਰਾ, ਧੁਰ ਵਸਤ ਝੋਲੀ ਪਾਈਆ। ਪੂਰਨ ਭਰਿਆ ਹਰਿ ਭੰਡਾਰਾ, ਤੋਟ ਰਹੇ ਨਾ ਰਾਈਆ। ਸੰਮਤ ਵੀਹ ਸੌ ਚੌਦਾਂ ਪਾਰ ਕਿਨਾਰਾ, ਪੰਦਰਾਂ ਵੇਲ ਵਧਾਈਆ। ਪੰਚਮ ਜੇਠ ਮੀਤ ਮੁਰਾਰਾ, ਜਨ ਭਗਤਾਂ ਹੋਏ ਸਹਾਈਆ। ਦਰਸ ਦਿਖਾਵੇ ਦਇਆ ਕਮਾਵੇ ਪਾਰ ਕਰਾਏ ਨੌਂ ਦਵਾਰਾ, ਨਿਝ ਸਰੂਪ ਸਤਿ ਸਰੂਪ ਸ਼ਾਹੋ ਭੂਪ ਆਪਣਾ ਆਪ ਦਰਸਾਈਆ। ਮਿਲ ਮਿਲ ਸਖੀਆਂ ਗਾਓ ਵਾਰਾ, ਪਾਇਆ ਪੁਰਖ ਇਕ ਅਪਾਰਾ, ਵਿਛੜ ਨਾ ਜਾਏ ਵਿਚ ਸੰਸਾਰਾ, ਦੋ ਜਹਾਨਾਂ ਹੋਏ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਨਿਰਗੁਣ ਸਰਗੁਣ ਵੇਖ ਵਖਾਈਆ। ਸਰਗੁਣ ਤੇਰੀ ਸਚ ਅਟਾਰੀ, ਨਿਰਗੁਣ ਜੋਤ ਜਗਾਈਆ। ਜਨ ਭਗਤਾਂ ਕਰੇ ਨਾਮ ਪਿਆਰੀ, ਨਾਮ ਨਾਮਾਂ ਝੋਲੀ ਪਾਈਆ। ਆਓ ਸੰਤੋ ਕਰੋ ਵਣਜ ਵਪਾਰੀ, ਹਰਿ ਏਕਾ ਵਣਜ ਕਰਾਈਆ। ਕਲਜੁਗ ਅੰਤਮ ਹੋਣਾ ਪਏ ਖਵਾਰੀ, ਦਸਮ ਦਵਾਰੀ ਨਾ ਕੋਈ ਦਰਸਾਈਆ। ਸਾਰੇ ਬੈਠੇ ਅਧਵਿਚਕਾਰੀ, ਉਚੇ ਡੰਡੇ ਰਾਹ ਤਕਾਈਆ। ਪਾਰ ਕੰਢੇ ਨਾ ਕੋਈ ਉਤਾਰੀ, ਸਾਚੀ ਵੰਡ ਨਾ ਕੋਈ ਵੰਡਾਈਆ। ਦੁਹਾਗਣ ਨਾਰ ਰੰਡ ਜੀਵ ਜੰਤ ਨਿਧਾਨ ਸੰਸਾਰੀ, ਸਾਚਾ ਕੰਤ ਨਾ ਕੋਈ ਹੰਢਾਈਆ। ਨੇਤਰ ਪੇਖ ਜੋਤ ਨਿਰੰਕਾਰੀ, ਮਸਤਕ ਰੇਖ ਦਏ ਮਿਟਾਈਆ। ਪੂਰੇ ਗੁਰ ਸਦਾ ਬਲਹਾਰੀ, ਸਤਿਗੁਰ ਵਿਚ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਕਲਜੁਗ ਅੰਤਮ ਰਿਹਾ ਜਗਾਈਆ। ਕਲਜੁਗ ਅੰਤਮ ਕਾਲੀ ਰੈਣ, ਚਾਰੋਂ ਕੁੰਟ ਅੰਧੇਰਾ ਛਾਇਆ। ਨਾ ਕੋਈ ਦਿਸੇ ਸਾਕ ਸੱਜਣ ਮਾਤ ਪਿਤ ਭਾਈ ਭੈਣ, ਝੂਠਾ ਨਾਤਾ ਜਗਤ ਬੰਧਾਇਆ। ਹਰਿ ਦਰਸ ਨਾ ਪੇਖੇ ਕੋਈ ਨੈਣ, ਮਾਇਆ ਮਮਤਾ ਮੋਹ ਵਧਾਇਆ। ਸੰਤ ਸੰਤ ਸਤਿਗੁਰ ਸਾਰੇ ਕਹਿਣ, ਸਤਿਗੁਰ ਪਦ ਕਿਸੇ ਨਾ ਪਾਇਆ। ਜਗਤ ਸਿੰਘਾਸਣ ਸਾਰੇ ਬਹਿਣ, ਸ਼ਬਦ ਸਿੰਘਾਸਣ ਦਿਸ ਨਾ ਆਇਆ। ਸਿਖੀ ਸਿਖੀ ਸਾਰੇ ਵੇਖਣ ਨੈਣ, ਸਾਚਾ ਸਿਦਕ ਨਾ ਕੋਈ ਨਿਭਾਇਆ। ਲੇਖੀ ਲਿਖੀ ਸਾਰੇ ਦੇਣ, ਲੇਖਾ ਦਏ ਨਾ ਕੋਈ ਮਿਟਾਇਆ। ਮਨਮਤ ਲੈਣ ਨਾ ਦੇਵੇ ਕਿਸੇ ਚੈਨ, ਗੁਰ ਦਰ ਮੰਦਰ ਮਸਜਿਦ ਪੰਡਤ ਪਾਂਧੇ ਮੁਲਾਂ ਸ਼ੇਖ਼ ਪੰਥੀ ਗ੍ਰੰਥੀ ਹੋਏ ਹਲਕਾਇਆ । ਕਿਸੇ ਨਾ ਮਿਲਿਆ ਸੱਜਣ ਸੈਣ, ਨੂਰ ਅਲਾਹੀ ਬੇਪਰਵਾਹੀ ਰਾਮਾ ਕ੍ਰਿਸ਼ਨਾ ਨਾਨਕ ਗੋਬਿੰਦ ਮੇਟੇ ਚਿੰਦ ਗੁਣੀ ਗਹਿੰਦ, ਦਰ ਦਵਾਰ ਨਾ ਫੇਰਾ ਪਾਇਆ। ਸਾਰੇ ਬਣ ਬਣ ਬਹਿੰਦੇ ਨਾਦੀ ਬਿੰਦ, ਨਾਦੀ ਸੁਤ ਨਾ ਕਿਸੇ ਜਾਇਆ। ਘਰ ਘਰ ਵਗਾਇਣ ਸਾਗਰ ਧਾਰ ਸਿੰਧ, ਅੰਮ੍ਰਿਤ ਧਾਰ ਨਾ ਕੋਈ ਮੁਖ ਚਵਾਇਆ। ਨੌਂ ਖੰਡ ਪ੍ਰਿਥਮੀ ਨੌਂ ਦਵਾਰੇ ਪੁਰਖ ਅਬਿਨਾਸ਼ੀ ਬਖ਼ਸ਼ੀ ਨਿੰਦ, ਜੀਵ ਜੰਤ ਹੋਏ ਹਲਕਾਇਆ। ਮਨਮੁਖ ਜੀਵਾਂ ਕਲਜੁਗ ਮਾਇਆ ਨਾਲ ਰਲਾਈ ਇਕ ਰਖਾਈ ਸਾਚੀ ਬਿੰਦ, ਨਾਮ ਹੱਠ ਨਾ ਕੋਈ ਰਖਾਇਆ। ਸਾਰੇ ਮੰਗਦੇ ਨੌਂ ਨਿਧ ਅਠਾਰਾਂ ਸਿਧ, ਨੌਂ ਨਾਥ ਨਾ ਕੋਈ ਸਹਾਇਆ। ਦੋ ਦੋ ਤਾਲ ਪੌਂਦੇ ਗਿਧ, ਤਾਲ ਤਲਵਾੜਾ ਨਾ ਕੋਈ ਵਜਾਇਆ। ਜਗਤ ਵਿਦਿਆ ਪ੍ਰਭ ਮਿਲਣ ਦੀ ਦੱਸਣ ਬਿਧ, ਆਤਮ ਬ੍ਰਹਮ ਗਿਆਨ ਨਾ ਕੋਈ ਜਣਾਇਆ। ਕਿਸੇ ਹੱਥ ਨਾ ਆਇਆ ਮਾਰਗ ਸਿਧ, ਨਿਰਗੁਣ ਰੂਪ ਭੁਲਾਇਆ। ਪੰਚ ਵਿਕਾਰਾ ਜੀਵਾਂ ਜੰਤਾਂ ਰਿਹਾ fਬੱਧ, ਜੂਠੇ ਝੂਠੇ ਸੰਤਾਂ ਨਾਲ ਰਲਾਇਆ। ਪਾਰਬ੍ਰਹਮ ਪ੍ਰਭ ਪਰਗਟ ਹੋਇਆ ਵਿਚ ਹਿੰਦ, ਭਾਰਤ ਖੰਡੀ ਭਾਗ ਲਗਾਇਆ। ਗੁਰਮੁਖ ਉਪਜਾਏ ਸਾਚੀ ਬਿੰਦ, ਲੱਖ ਚੁਰਾਸੀ ਵੰਡ ਵੰਡਾਇਆ। ਦਾਤਾ ਦਾਨੀ ਗੁਣੀ ਗਹਿੰਦ, ਗਹਿਰ ਗੰਭੀਰ ਸਮਾਇਆ। ਪਕੜ ਉਠਾਏ ਸੁਰਪਤ ਰਾਜਾ ਇੰਦ, ਵੇਲਾ ਅੰਤਮ ਆਇਆ। ਸ਼ਿਵ ਸ਼ੰਕਰ ਹੋਏ ਆਪ ਬਖ਼ਸ਼ਿੰਦ, ਆਪਣੀ ਜੋਤੀ ਲਏ ਮਿਲਾਇਆ। ਬ੍ਰਹਮਾ ਬਣਾਈ ਆਪਣੀ ਬਿੰਦ, ਕਵਲੀ ਕਵਲ ਉਪਾਇਆ। ਤ੍ਰੈਗੁਣ ਮਾਇਆ ਕਿਤੂੰ ਕਿੰਦ, ਕਿੰਗਰਾ ਇਕ ਵਜਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣਾ ਮੰਦਰ ਆਪ ਉਪਾਏ, ਆਪਣੀ ਇਛਿਆ ਆਪੇ ਢਾਹੇ, ਨਾ ਕੋਈ ਦੂਸਰ ਸੰਗ ਰਖਾਇਆ। ਨਾ ਕੋਈ ਦੂਸਰ ਸੰਗੀ ਸਾਥੀ, ਨਾ ਕੋਈ ਬਣਤ ਬਣਾਈਆ। ਇਕ ਅਕੱਲਾ ਹਰਿ ਰਘੁਨਾਥੀ, ਆਪਣਾ ਰਥ ਚਲਾਈਆ। ਸਰਬ ਕਲਾ ਆਪੇ ਸਮਰਾਥੀ, ਆਪਣੀ ਸਮਰੱਥਿਆ ਵਿਚ ਸਮਾਈਆ। ਕਲਜੁਗ ਅੰਤਮ ਲਹਿਣਾ ਦੇਣਾ ਚੁਕਾਏ ਸੀਆਂ ਸਾਢੇ ਤਿੰਨ ਤਿੰਨ ਹਾਥੀ, ਕਲਜੁਗ ਵੰਡ ਵੰਡਾਈਆ। ਚਿੱਟੇ ਅਸਵ ਪੰਚਮ ਜੇਠਾ ਪਾਏ ਕਾਠੀ, ਸੋਲਾਂ ਕਲੀਆਂ ਆਸਣ ਲਾਈਆ। ਵੇਖ ਵਖਾਣੇ ਤੀਰਥ ਤਾਟੀ, ਗੰਗਾ ਗੋਦਾਵਰੀ ਫੇਰਾ ਪਾਈਆ। ਅੰਦਰ ਮੰਦਰ ਵੇਖੇ ਪੂਜਾ ਪਾਠੀ, ਸਾਚਾ ਹਵਨ ਕਵਣ ਕਰਾਈਆ। ਕਵਣ ਦਵਾਰੇ ਅੱਠ ਸਾਠੀ, ਕਵਣ ਨਿਰਮਲ ਨਿਰਾਧਾਰ ਵਹਾਈਆ। ਸਰ ਸਰੋਵਰ ਮਾਰੇ ਕਵਣ ਠਾਠੀ, ਇਕ ਉਛਾਲ ਰਖਾਈਆ। ਬਿਨ ਗੁਰ ਪੂਰੇ ਕੋਇ ਨਾ ਦੇਵੇ ਅੰਮ੍ਰਿਤ ਆਤਮ ਸਾਚੀ ਬਾਟੀ, ਭਰ ਪਿਆਲਾ ਮੁਖ ਨਾ ਕੋਈ ਲਗਾਈਆ। ਚੌਦਾਂ ਲੋਕ ਵੇਖੇ ਜੀਵ ਜੰਤ ਹਾਟੀ, ਪ੍ਰਭ ਸਾਚਾ ਹੱਟ ਖੁਲਾਈਆ। ਬਜਰ ਕਪਾਟੀ ਜਿਸ ਜਨ ਪਾਟੀ, ਨੇੜੇ ਵਾਟੀ ਨਜ਼ਰੀ ਆਈਆ। ਲਹਿਣਾ ਦੇਣਾ ਚੁੱਕੇ ਆਨ ਬਾਟੀ, ਮਾਤ ਗਰਭ ਨਾ ਕੋਇ ਲਟਕਾਈਆ। ਏਕਾ ਏਕ ਏਕ ਦਿਸਾਏ ਸਚ ਪਰਭਾਤੀ, ਏਕਾ ਰਾਗ ਅਲਾਈਆ। ਸਾਚੇ ਸੰਤੋ ਅੰਦਰ ਵੇਖੋ ਮਾਰ ਝਾਤੀ, ਪ੍ਰਭ ਬੈਠਾ ਭੁਜਾਂ ਉਠਾਈਆ। ਬੰਦ ਕਿਵਾੜਾ ਖੋਲ੍ਹੇ ਤਾਕੀ, ਵੇਲਾ ਅੰਤਮ ਦਏ ਦੁਹਾਈਆ। ਚਲ ਕੇ ਆਇਆ ਧੁਰਦਰਗਾਹੀ ਸਾਚਾ ਸਾਥੀ, ਨਾਮ ਸੁਰਾਹੀ ਹੱਥ ਉਠਾਈਆ। ਗਿਆਨੀ ਧਿਆਨੀ ਵਿਦਵਾਨੀ ਨਾ ਕਰਨ ਦੇਵੇ ਕੋਈ ਚਲਾਕੀ, ਅਛਲ ਅਛੱਲ ਆਪ ਅਖਵਾਈਆ। ਅੰਤਮ ਨਾਤਾ ਤੁਟਨਾ ਪੰਜ ਤਤ ਖਾਕੀ, ਖਾਕੀ ਖਾਕ ਮਿਲਾਈਆ। ਪ੍ਰਭ ਲੈ ਕੇ ਆਇਆ ਏਕਾ ਸ਼ਬਦ ਰਾਕੀ, ਗੁਰਮੁਖ ਸਾਚੇ ਲਏ ਚੜ੍ਹਾਈਆ। ਚਾਲ ਰਖਾਏ ਸਾਚੀ ਬਾਂਕੀ, ਨਿਰਗੁਣ ਵਾਗਾਂ ਆਪਣੇ ਹੱਥ ਉਠਾਈਆ। ਪਰਗਟ ਹੋਇਆ ਪਾਕਨ ਪਾਕੀ, ਬੇਐਬ ਬੇਗੁਨਾਹੀਆ। ਲੇਖ ਲਿਖਾਏ ਭਵਿਖਤ ਵਾਕੀ, ਦੇਵੇ ਸਚ ਸਲਾਹੀਆ। ਪੰਚਮ ਰੱਖੇ ਜਨ ਜਨ ਕੀ ਜਾ ਕੀ, ਜਾਨਣਹਾਰ ਸ੍ਰਿਸ਼ਟ ਸਬਾਈਆ। ਆਪੇ ਤੋਲੇ ਸਾਚੇ ਟਾਂਕੀ, ਸਾਚੇ ਭਾਰ ਆਪ ਤੁਲਾਈਆ। ਏਕਾ ਨੱਯਾ ਚਲਾਏ ਨਾਮ ਨਾਂ ਕੀ, ਏਕਾ ਪਾਰ ਕਰਾਈਆ। ਕਲਜੁਗ ਅੰਤਮ ਰਹਿਣ ਨਾ ਦੇਵੇ ਕੋਈ ਆਕੀ, ਸ਼ਬਦ ਖੰਡਾਂ ਹੱਥ ਉਠਾਈਆ। ਲੋਆਂ ਪੁਰੀਆਂ ਖੰਡਾਂ ਬ੍ਰਹਿਮੰਡਾਂ ਚੜ੍ਹੇ ਮਾਰ ਪਲਾਕੀ, ਚਰਨ ਆਪਣਾ ਆਪ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਨ ਭਗਤਾਂ ਦੇਵੇ ਨਾਮ ਵਰ, ਹਰਨ ਫਰਨ ਦਏ ਖੁਲ੍ਹਾਈਆ। ਚੜ੍ਹਿਆ ਲਾੜਾ ਹਰਿ ਬਲਵਾਨ, ਨਿਹਕਲੰਕ ਅਖਵਾਇਆ। ਸੋਹੰ ਖੰਡਾ ਤੀਰ ਕਮਾਨ, ਰਸਨਾ ਚਿੱਲੇ ਆਪ ਉਠਾਇਆ। ਪਰਗਟ ਹੋਇਆ ਵਡ ਬਲੀ ਬਲਵਾਨ, ਮਹਾਂ ਬੀਰ ਸਦਵਾਇਆ। ਇਕ ਮਾਰੇ ਸਚ ਨਿਸ਼ਾਨ, ਦੋ ਜਹਾਨਾਂ ਵੇਖ ਵਖਾਇਆ। ਤਿੰਨਾਂ ਲੋਕਾਂ ਖੇਲ ਮਹਾਨ, ਤ੍ਰਿਲੋਕੀ ਨਾਥ ਅਖਵਾਇਆ। ਲੋਕਮਾਤ ਵੇਖੇ ਮਾਰ ਧਿਆਨ, ਲੱਖ ਚੁਰਾਸੀ ਜੀਵ ਹਲਕਾਇਆ। ਜੀਵ ਜੰਤ ਸਰਬ ਕੁਰਲਾਨ, ਕਲਜੁਗ ਕੂੜਾ ਜਾਲ ਵਿਛਾਇਆ। ਕੂੜੀ ਕਿਰਿਆ ਸਰਬ ਮਿਟ ਜਾਣ, ਕੂੜੀ ਕੂੜੇ ਧੰਦੇ ਲਾਇਆ। ਝੁਲਦਾ ਜਾਏ ਧਰਮ ਨਿਸ਼ਾਨ, ਹਰਿ ਸਾਚੇ ਆਪ ਝੁਲਾਇਆ। ਉਪਰ ਲਿਖਿਆ ਲੇਖ ਮਹਾਨ, ਸੋ ਪੁਰਖ ਨਿਰੰਜਣ ਸੇਵਾ ਲਾਇਆ। ਸਤਿ ਸਤਿਵਾਦੀ ਇਕ ਗਿਆਨ, ਜੀਵਾਂ ਜੰਤਾਂ ਦਏ ਸਮਝਾਇਆ। ਬੀਸ ਬੀਸਾ ਕਰ ਪਰਵਾਨ, ਜਗਤ ਜਗਦੀਸਾ ਹੋਏ ਸਹਾਇਆ। ਜਾਗਰਤ ਜੋਤ ਜਗੇ ਜਹਾਨ, ਗੁਰਮੁਖ ਸਾਚੇ ਲਏ ਜਗਾਇਆ। ਦੇਵੇ ਨਾਮ ਧੁਰ ਫ਼ਰਮਾਣ, ਆਪ ਆਪਣਾ ਵੇਸ ਵਟਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਵੀਹ ਸਦ ਪੰਦਰਾਂ ਵੇਖੇ ਜੰਗਲ ਜੂਹ ਉਜਾੜ ਕੰਦਰ ਤੀਰਥ ਤੱਟਾਂ ਫੇਰਾ ਪਾਇਆ। ਤੀਰਥ ਤਟ ਵੇਖ ਕਿਨਾਰਾ, ਸੰਤਨ ਦਏ ਹਿਲਾਇਆ। ਭਾਰਤ ਖੰਡ ਖੇਲ ਅਪਾਰਾ, ਪ੍ਰਭ ਸਾਚੇ ਆਪ ਰਚਾਇਆ। ਅਯੁਧਿਆ ਪਰਾਗ ਪਾਵੇ ਸਾਰਾ, ਸੋਇਆ ਕੋਈ ਰਹੇ ਨਾ ਰਾਇਆ। ਕਾਸ਼ੀ ਪੰਡਤ ਦਏ ਹਿਲਾਇਆ, ਏਕਾ ਸ਼ਬਦ ਗਿਆਨ ਦ੍ਰਿੜਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਮਾਰਗ ਏਕਾ ਰਾਹ, ਆਪਣਾ ਰਿਹਾ ਸਿਖਾਇਆ। ਏਕਾ ਮਾਰਗ ਹਰਿ ਹਰਿ ਲੌਣਾ, ਆਪਣੇ ਹੱਥ ਰੱਖੀ ਵਡਿਆਈਆ। ਬ੍ਰਹਮਾ ਵੇਤਾ ਸ਼ਬਦ ਜਣੌਣਾ, ਸੋਹੰ ਨਾਮ ਧਰਾਈਆ। ਸ਼ਿਵ ਸ਼ੰਕਰ ਕੰਠ ਮਾਲਾ ਗਲ ਰਖੌਣਾ, ਨੀਲ ਕੰਠ ਸਮਝਾਈਆ। ਸੁਰਪਤ ਰਾਜਾ ਇੰਦ ਉਠੌਣਾ, ਇਕ ਸੰਦੇਸ਼ ਪੁਜਾਈਆ। ਕਰੋੜ ਤੇਤੀਸਾ ਸੰਗ ਰਲੌਣਾ, ਦਿਵਸ ਰੈਣ ਧਿਆਨ ਲਗਾਈਆ। ਲੱਖ ਚੁਰਾਸੀ ਵੇਖ ਵਖੌਣਾ, ਲੋਕਮਾਤ ਵੱਡੀ ਵਡਿਆਈਆ। ਮਨਮੁਖ ਜੀਵ ਮੇਟ ਮਿਟੌਣਾ, ਧਰਤ ਮਾਤ ਗੋਦ ਸੁਹਾਈਆ। ਧਰਮ ਰਾਏ ਦਾ ਦਰ ਸੁਹੌਣਾ, ਖਾਲੀ ਕੁੰਡਾਂ ਦਏ ਭਰਾਈਆ। ਚਿਤਰ ਗੁਪਤ ਦਾ ਲੇਖ ਲਿਖੌਣਾ, ਖਾਤਾ ਵਹੀ ਪੂਰ ਕਰਾਈਆ। ਲਾੜੀ ਮੌਤ ਦਾ ਮਨ ਪਰਚੌਣਾ, ਲੱਖ ਚੁਰਾਸੀ ਏਕਾ ਕੰਤ ਬਣਾਈਆ। ਸਚ ਸਪੁਤਰੀ ਪੱਲੇ ਦਾਜ ਆਪ ਬੰਨੌਣਾ, ਜੂਠੀ ਝੂਠੀ ਨਾਲ ਕੁੜਮਾਈਆ। ਚਾਰ ਯਾਰੀ ਮੇਟ ਮਿਟੌਣਾ, ਸਦੀ ਚੌਧਵੀਂ ਵੇਖ ਵਖਾਈਆ। ਅਲ੍ਹਾ ਰਾਣੀ ਨੇਤਰ ਰੋ ਰੋ ਨੀਰ ਵਹੌਣਾ, ਸੰਗ ਮੁਹੰਮਦ ਰਹੀ ਸੁਣਾਈਆ। ਕਵਣ ਦਵਾਰੇ ਪੁਰਖ ਅਗੰਮ ਅਪਾਰੇ ਤੇਰਾ ਦਰਸ਼ਨ ਪੌਣਾ, ਕਵਣ ਦਰਸਾਈਆ। ਪਾਰਬ੍ਰਹਮ ਪ੍ਰਭ ਇਹ ਜਣੌਣਾ। ਮੇਰਾ ਰੂਪ ਮੇਰਾ ਸਿਖ ਬਨੌਣਾ। ਪੂਰਨ ਜੋਤੀ ਪੂਰਨ ਵਿਚ ਰਖੌਣਾ। ਵਰਨ ਗੋਤੀ ਨਾ ਕੋਈ ਉਪਜੌਣਾ। ਪੰਜ ਤਤ ਦਰ ਲੇਖ ਮਿਟੌਣਾ। ਨਾੜ ਨਬਜ਼ ਸਭ ਬੰਦ ਕਰੌਣਾ। ਆਪਣਾ ਨਾਚ ਆਪ ਵਖੌਣਾ। ਵਡ ਕਰਾਮਾਤ ਸ਼ਬਦ ਚਲੌਣਾ। ਜਨ ਭਗਤਾਂ ਦੇਵੇ ਦਾਤ, ਦੂਸਰ ਕਿਸੇ ਹੱਥ ਨਾ ਔਣਾ। ਕਲਜੁਗ ਮਿਟੇ ਅੰਧੇਰੀ ਰਾਤ, ਸਤਿਜੁਗ ਸਾਚਾ ਚੰਦ ਚੜ੍ਹੌਣਾ। ਗੁਰ ਸੰਗਤ ਬਣਾਏ ਇਕ ਬਰਾਤ, ਸਾਚੇ ਲਾੜੇ ਸਗਨ ਮਨੌਣਾ। ਪੰਦਰਾਂ ਕੱਤਕ ਪਾਰ ਕਰਾਏ ਘਾਟ, ਲੰਕਾ ਗੜ੍ਹ ਚਰਨ ਛੁਹੌਣਾ। ਰਾਮ ਰਾਮਾ ਤੇਰੀ ਵੇਖੇ ਵਾਟ, ਭੇਖ ਭਬੀਖਣ ਲੇਖ ਲਿਖੌਣਾ। ਦੁਰਮਤ ਮੈਲ ਦੇਵੇ ਕਾਟ, ਸ਼ਬਦ ਗਿਆਨ ਇਕ ਕਰੌਣਾ। ਕਲਜੁਗ ਝੂਠੇ ਲੁਟੇ ਜਾਣ ਹਾਟ, ਸਾਚਾ ਹਾਟ ਇਕ ਖਲ੍ਹੌਣਾ। ਇਕ ਜਣਾਏ ਪੂਜਾ ਪਾਠ, ਏਕਾ ਇਸ਼ਟ ਦੇਵ ਗੁਰ ਬਨੌਣਾ। ਇਕ ਵਖਾਏ ਤੀਰਥ ਤਾਟ, ਗੁਰਚਰਨ ਸਾਚੇ ਨਹੌਣਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਆਪਣਾ ਪੜਦਾ ਆਪੇ ਲੌਹਣਾ। ਆਪਣਾ ਪੜਦਾ ਆਪੇ ਲਾਹ, ਆਪਣੀ ਜੋਤ ਕਰੇ ਰੁਸ਼ਨਾਈਆ। ਆਪਣਾ ਸ਼ਬਦ ਆਪ ਜਣਾ, ਤੂਰਤ ਨਾਦ ਇਕ ਵਜਾਈਆ। ਆਪਣਾ ਰਾਗ ਆਪ ਸੁਣਾ, ਧੁਨ ਆਤਮਕ ਰਿਹਾ ਸੁਣਾਈਆ। ਆਪਣੀ ਵਾਗ ਆਪ ਉਠਾ, ਆਪ ਆਪਣਾ ਲਏ ਦੌੜਾਈਆ। ਗੁਰਸਿਖ ਤੇਰੀ ਕਾਇਆ ਕੰਦਰ ਡੂੰਘੀ ਭਵਰੀ ਪਾਰ ਲਏ ਕਰਾ, ਕਿਲਾ ਕੋਟ ਨਾ ਕੋਈ ਦਿਸਾਈਆ। ਤਨ ਚੋਟ ਨਗਾਰੇ ਦਏ ਲਗਾ, ਅਨਹਦ ਸ਼ਬਦ ਤਾਲ ਵਜਾਈਆ। ਹਉਮੇ ਰੋਗ ਦਏ ਮਿਟਾ, ਸੋਹੰ ਚੋਗ ਚੁਗਾਈਆ। ਜਗਤ ਵਿਜੋਗ ਦਏ ਗਵਾ, ਧੁਰ ਸੰਜੋਗ ਮਿਲਾਈਆ। ਦਰਸ ਅਮੋਘ ਦਏ ਵਖਾ, ਜੋਤ ਸਰੂਪੀ ਦਰ ਦਵਾਰੇ ਫੇਰਾ ਪਾਈਆ। ਏਕਾ ਜੋਗ ਦਏ ਸਿਖਾ, ਏਕਾ ਲਿਵ ਹਰਿ ਸਰਨਾਈਆ। ਏਕਾ ਭੋਗ ਦਏ ਕਰਾ, ਆਤਮ ਸੇਜਾ ਆਪ ਸਹਿਜ ਸੁਖਦਾਈਆ। ਜਗਤ ਤ੍ਰਿਸਨਾ ਦਏ ਮਿਟਾ, ਭਗਤ ਭਗਤੀ ਝੋਲੀ ਪਾਈਆ। ਕਾਹਨਾ ਕ੍ਰਿਸ਼ਨਾ ਰੂਪ ਵਟਾ, ਮੋਹਣ ਮਾਧਵ ਆਪ ਅਖਵਾਈਆ। ਰਾਮ ਰਾਮਾ ਰੰਗ ਰੰਗਾ, ਸੀਤਾ ਸੁਰਤੀ ਲਏ ਪਰਨਾਈਆ। ਸ਼ਬਦ ਮਰਦੰਗ ਇਕ ਵਜਾ, ਸੰਤ ਸੁਹੇਲੇ ਲਏ ਜਗਾਈਆ। ਆਤਮ ਗੰਗ ਦਏ ਨੁਹਾ, ਆਪ ਆਪਣੀ ਦਇਆ ਕਮਾਈਆ। ਕਾਇਆ ਰੰਗ ਮਜੀਠੀ ਦਏ ਚੜ੍ਹਾ, ਉਤਰ ਕਦੇ ਨਾ ਜਾਈਆ। ਵਸਤ ਅਨਡੀਠੀ ਝੋਲੀ ਦੇਵੇ ਪਾ, ਚੋਰ ਯਾਰ ਠੱਗ ਲੁੱਟ ਕੋਈ ਨਾ ਜਾਈਆ। ਫੜ ਫੜ ਏਕਾ ਰਾਹ ਦਏ ਵਖਾ, ਨੌਂ ਦਵਾਰੇ ਪਾਰ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰਨੀ ਕਰਤਾ ਰਿਹਾ ਕਮਾਈਆ। ਕਰਣਹਾਰ ਹਰਿ ਭਗਵੰਤਾ, ਜੁਗ ਜੁਗ ਕਰਦਾ ਆਇਆ। ਦੇਵੇ ਮਾਣ ਸਾਚੇ ਸੰਤਾ, ਸਤਿਗੁਰ ਪੁਰਖ ਅਖਵਾਇਆ। ਆਪ ਬਣਾਏ ਸਾਚੀ ਬਣਤਾ, ਬੇੜਾ ਬੰਨੇ ਲਾਇਆ। ਕਲਜੁਗ ਵੇਖੇ ਜੀਵਾਂ ਜੰਤਾਂ, ਜੀਵਾਂ ਜੰਤਾਂ ਵਿਚ ਸਮਾਇਆ। ਆਪੇ ਪਾਈ ਹਉਮੇ ਹੰਗਤਾ, ਮਾਇਆ ਮਮਤਾ ਨਾਲ ਰਲਾਇਆ। ਗੁਰਮੁਖ ਵਿਰਲੇ ਮੇਲ ਮਿਲਾਏ ਸਾਚੀ ਸੰਗਤਾ, ਸਾਚੀ ਸੰਗਤਾ ਆਪ ਸਮਾਇਆ। ਗੁਰਸਿਖਾਂ ਦਰ ਦਵਾਰੇ ਹੋਇਆ ਮੰਗਤਾ, ਧੁਰਦਰਗਾਹੀ ਮੰਗਣ ਆਇਆ। ਆਪੇ ਹੋਇਆ ਭੁੱਖਾ  ਨੰਗਤਾ, ਖਾਲੀ ਹੱਥ ਰਖਾਇਆ । ਗੁਰਸਿਖ ਤੇਰੇ ਦਰ ਨਾ ਜਾਏ ਸੰਗਦਾ, ਲੋਕ ਲਾਜ ਦਏ ਤਜਾਇਆ। ਗੁਰਸਿਖ ਲਗਾਏ ਅੰਗ ਜਿਉਂ ਨਾਨਕ ਅੰਗਦਾ, ਅੰਗੀ ਕਾਰ ਅਖਵਾਇਆ। ਕਲਜੁਗ ਅੰਤਮ ਚੋਲੀ ਰੰਗਦਾ, ਰੰਗਣਹਾਰ ਦਿਸ ਨਾ ਆਇਆ। ਕਲਜੁਗ ਮਾਇਆ ਮੂਲ ਨਾ ਮੰਗਦਾ, ਪ੍ਰੇਮ ਭਿਛਿਆ ਮੰਗੇ ਅੱਗੇ ਝੋਲੀ ਡਾਹਿਆ। ਵੇਖੋ ਵੇਲਾ ਆਇਆ ਕਲਜੁਗ ਕਰੌਣੀ ਜੰਗ ਦਾ, ਚਾਰੋਂ ਕੁੰਟ ਡੌਰੂ ਵਾਹਿਆ। ਕਰਿਆ ਖੇਲ ਪ੍ਰਭ ਸਾਚੇ ਆਪਣੇ ਢੰਗ ਦਾ, ਜਗਤ ਸਿਆਸਤ ਭੇਵ ਨਾ ਰਾਇਆ। ਹੋਣਾ ਮੇਲ ਹੀਰ ਰਾਂਝ ਦਾ, ਕਲਜੁਗ ਕੈਦੋ ਲੰਙਾ ਵਿਚ ਰਖਾਇਆ। ਕਲਜੁਗ ਜੀਵ ਮਨਮੁਖ ਦਾ, ਭਰਮ ਭੁਲੇਖਾ ਏਕਾ ਪਾਇਆ। ਆਪਣਾ ਦਰ ਸਾਚਾ ਘਰ ਜੀਵ ਜੰਤ ਕੋਈ ਨਾ ਲੰਘਦਾ, ਦੂਜਾ ਦਰ ਰਾਹ ਤਕਾਇਆ। ਪਾਰਬ੍ਰਹਮ ਗੁਰ ਪੂਰਾ ਕੋਈ ਨਾ ਮੰਗਦਾ, ਦੋਏ ਜੋੜ ਨਾ ਸੀਸ ਝੁਕਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣੇ ਘੋੜੇ ਤੰਗ ਆਪੇ ਕਸਦਾ, ਚਰਨ ਰਕਾਬ ਆਪ ਟਿਕਾਇਆ। ਆਪੇ ਦੇਵੇ ਚਰਨ ਰਕਾਬੇ ਆਪੇ ਚਰਨ ਉਠਾਈਆ। ਵੇਖ ਵਖਾਏ ਦੋ ਦੋ ਆਬੇ, ਦੋ ਦੋ ਆਬਾ ਵੇਖ ਵਖਾਈਆ। ਪਕੜ ਉਠਾਏ ਮੱਕੇ ਕਾਅਬੇ, ਪੀਰ ਗੌਂਸ ਕੁਤਬ ਸ਼ੇਖ਼ ਮੁਸਾਇਕ ਮੁੱਲਾਂ ਏਕਾ ਦਏ ਹਿਲਾਈਆ। ਕੂੜ ਕੁੜਿਆਰਾ ਬਣਿਆ ਤੁਲਾ, ਥਲ ਥਲਾ ਦਏ ਰੁਲਾਈਆ। ਅੰਤਮ ਫਲ ਨੌਂ ਖੰਡ ਤੇਰਾ ਹੁੱਲਾ, ਸ਼ਬਦ ਹਲੂਣਾ ਇਕ ਲਗਾਈਆ। ਸੰਮਤ ਪੰਦਰਾਂ ਜੋ ਜਨ ਦਰ ਆਏ ਭੁੱਲਾ, ਬਖ਼ਸ਼ੇ ਸਰਨ ਸੱਚੀ ਸਰਨਾਈਆ। ਸੰਮਤ ਸੋਲਾਂ ਦਰ ਕਿਸੇ ਨਾ ਮਿਲਾ ਖੁੱਲ੍ਹਾ, ਰਾਜ ਰਾਜਾਨ ਸ਼ਾਹ ਸੁਲਤਾਨ ਰੋਵਣ ਮਾਰਨ ਧਾਹੀਆ। ਕਿਸੇ ਸੀਸ ਨਾ ਦਿਸੇ ਪਗੜੀ ਕੁੱਲਾ, ਨਾ ਕੋਈ ਧੀਰ ਧਰਾਈਆ। ਘਰ ਘਰ ਅਗਨੀ ਬੁਝੀ ਚੁੱਲਾ, ਪ੍ਰਭ ਸਾਚੇ ਹੱਥ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਨ ਭਗਤਾਂ ਦੇਵੇ ਨਾਮ ਅਨਮੁਲਾ, ਅਨਮੁਲੜੀ ਦਾਤ ਝੋਲੀ ਪਾਈਆ। ਹਰਿ ਕਾ ਨਾਮ ਸਦਾ ਅਨਮੁਲ, ਗੁਰਮੁਖ ਹੱਟ ਵਿਕਾਇਆ। ਕੋਈ ਨਾ ਦੂਸਰ ਹੋਰ ਤੁਲ, ਨਾ ਕੋਈ ਤੋਲ ਤੁਲਾਇਆ। ਚਰਨ ਪ੍ਰੀਤੀ ਜੋ ਜਨ ਗਏ ਘੁਲ, ਪ੍ਰਭ ਸਚਾ ਝੋਲੀ ਪਾਇਆ। ਮਾਇਆ ਮਮਤਾ ਜੀਵ ਜੰਤ ਗਏ ਰੁਲ, ਨੇਤਰ ਦਰਸ ਕਿਸੇ ਨਾ ਪਾਇਆ। ਸਿਮਲ ਫਲ ਗਏ ਹੁੱਲ, ਫਲ ਹੱਥ ਕਿਸੇ ਨਾ ਆਇਆ। ਅੰਮ੍ਰਿਤ ਆਤਮ ਗਿਆ ਡੁੱਲ, ਭਰ ਭੰਡਾਰ ਨਾ ਕੋਈ ਪਿਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਸੰਮਤ ਸੰਮਤੀ ਦੇਵੇ ਭੇਵ ਖੁਲਾਇਆ। ਸੰਮਤ ਪੰਦਰਾਂ ਸਤਿ ਕਰਤਾਰ, ਸਤਿ ਸਤਿ ਸਤਿ ਵਰਤਾਇੰਦਾ। ਰਾਮ ਰਾਮਾ ਹਰਿ ਅਵਤਾਰਾ, ਕ੍ਰਿਸ਼ਨਾ ਕ੍ਰਿਸ਼ਨ ਸਮਾਇੰਦਾ। ਨਾਨਕ ਨਿਰਗੁਣ ਇਕ ਪਿਆਰਾ, ਏਕਾ ਰਾਹ ਤਕਾਇੰਦਾ। ਪੂਤ ਸਪੂਤਾ ਸੁਤ ਦੁਲਾਰਾ, ਗੋਬਿੰਦ ਨਾਉਂ ਧਰਾਇੰਦਾ। ਚਾਰੇ ਕੂਟਾਂ ਪਾਵੇ ਸਾਰਾ, ਦਹਿ ਦਿਸ਼ਾ ਵੇਖ ਵਖਾਇੰਦਾ। ਜੁਗ ਜੁਗ ਵਿਛੜਿਆ ਹਰਿਜਨ ਰੂਠਾ ਲਏ ਮੇਲ ਕਰ ਪਿਆਰ, ਆਪ ਆਪਣਾ ਮਾਰਗ ਲਾਇੰਦਾ। ਸੋਹੰ ਦੇਵੇ ਸ਼ਬਦ ਅਧਾਰ, ਸੋ ਪੁਰਖ ਨਿਰੰਜਣ ਦਇਆ ਕਮਾਇੰਦਾ। ਹੰਗਤਾ ਤੋੜੇ ਗੜ੍ਹ ਹੰਕਾਰ, ਹੰ ਜੀਵ ਸਮਾਇੰਦਾ। ਏਕਾ ਦੂਜਾ ਕਰ ਪਿਆਰ, ਤੀਜੇ ਦਰਸ਼ਨ ਪਾਇੰਦਾ। ਚੌਥੇ ਘਰ ਸੱਚੀ ਸਰਕਾਰ, ਪੰਚਮ ਡੇਰਾ ਲਾਇੰਦਾ। ਛੇਵੇਂ ਸਾਜਨ ਮੀਤ ਮੁਰਾਰ, ਸਤਿ ਸਤਿਵਾਦ ਅਖਵਾਇੰਦਾ। ਅਠ ਤਤ ਕਰ ਪਿਆਰ, ਨੌਂ ਦਰ ਵੇਖ ਵਖਾਇੰਦਾ। ਦਰ ਘਰ ਸਾਚਾ ਮੀਤ ਮੁਰਾਰ, ਦਰ ਦਸਵਾਂ ਇਕ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਸੁਹਾਏ ਸਾਚਾ ਦਰ, ਦਰ ਸੁਹੰਜਣਾ ਜਗੇ ਜੋਤ ਨਿਰੰਜਣਾ, ਦਰਦ ਦੁੱਖ ਭੈ ਭੰਜਣਾ, ਭਵ ਸਾਗਰ ਕਾਇਆ ਗਾਗਰ ਗੁਰ ਸਤਿਗੁਰ ਪਾਰ ਕਰਾਈਆ।