Granth 07 Likhat 007: Pahili Faggan 2014 Bikarmi Darbar wich Jethuwal

ਪਹਿਲੀ ਫੱਗਣ ੨੦੧੪ ਬਿਕ੍ਰਮੀ ਦਰਬਾਰ ਵਿਚ ਜੇਠੂਵਾਲ

ਹਰਿ ਢੋਲ ਨਗਾਰਾ ਵੱਜਿਆ, ਚਾਰ ਕੁੰਟ ਜੈਕਾਰ। ਥਿਰ ਘਰ ਬਹਿ ਬਹਿ ਆਪੇ ਸਜਿਆ, ਸਤਿ ਪੁਰਖ ਰੂਪ ਕਰਤਾਰ। ਨਾ ਘੜਿਆ ਨਾ ਭੱਜਿਆ, ਆਦਿ ਅੰਤ ਏਕੰਕਾਰ। ਸਚ ਸਿੰਘਾਸਣ ਆਪੇ ਸਜਿਆ, ਜੋਤੀ ਨਿਰਮਲ ਕਰ ਅਕਾਰ। ਆਦਿ ਜੁਗਾਦੀ ਫਿਰੇ ਭੱਜਿਆ, ਜੁਗਾ ਜੁਗੰਤਰ ਸਾਚੀ ਕਾਰ। ਜਨ ਭਗਤਾਂ ਰੱਖਣਹਾਰਾ ਲੱਜਿਆ, ਪੂਰਨ ਗੁਰ ਅਵਤਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਪਰਗਟ ਹੋਏ ਨਿਹਕਲੰਕ ਨਰਾਇਣ ਨਰ ਅਵਤਾਰ। ਢੋਲ ਨਗਾਰਾ ਸਾਚਾ ਮਰਦੰਗਾ, ਹਰਿ ਸਾਚਾ ਆਪ ਵਜਾਇੰਦਾ। ਆਪੇ ਚਾੜ੍ਹਨਹਾਰਾ ਸਾਚਾ ਰੰਗਾ, ਆਪੇ ਵੇਖ ਵਖਾਇੰਦਾ। ਆਪ ਆਪਣਾ ਰੱਖੇ ਸੰਗਾ, ਆਪਣਾ ਆਪ ਛੁਪਾਇੰਦਾ। ਆਪਣੇ ਘੋੜੇ ਕਸਿਆ ਤੰਗਾ, ਹਰਿ ਆਪਣਾ ਆਸਣ ਲਾਇੰਦਾ। ਗੁਰ ਗੁਰ ਦਰ ਦਵਾਰਾ ਏਕਾ ਮੰਗਾ, ਪੁਰਖ ਅਕਾਲਾ ਇਕ ਵਖਾਇੰਦਾ। ਨੌਂ ਖੰਡ ਪ੍ਰਿਥਮੀ ਲੱਖ ਚੁਰਾਸੀ ਭੁੱਖਾ ਨੰਗਾ, ਨਾਮ ਧਨ ਨਾ ਕੋਈ ਵਖਾਇੰਦਾ। ਮਾਨਸ ਜਨਮ ਨਾ ਹੋਏ ਭੰਗਾ, ਅੰਤ ਨਾ ਕੋਈ ਛੁਡਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਕਲਜੁਗ ਅੰਤਮ ਵੇਖ ਵਖਾਇੰਦਾ। ਢੋਲ ਮਰਦੰਗ ਸਚ ਨਗਾਰਾ, ਹਰਿ ਸਾਚਾ ਆਪ ਵਜਾਇੰਦਾ। ਲੋਆਂ ਪੁਰੀਆਂ ਕਰੇ ਖ਼ਬਰਦਾਰਾ, ਗਗਨ ਪਤਾਲਾਂ ਆਪ ਹਿਲਾਇੰਦਾ। ਬ੍ਰਹਮਾ ਰੋਵੇ ਜ਼ਾਰੋ ਜ਼ਾਰਾ, ਸ਼ਿਵ ਸ਼ੰਕਰ ਨੀਰ ਵਹਾਇੰਦਾ। ਕਰੋੜ ਤੇਤੀਸਾ ਕਰੇ ਪੁਕਾਰਾ, ਸੁਰਪਤ ਰਾਜਾ ਇੰਦ ਕੁਰਲਾਇੰਦਾ। ਲੱਖ ਚੁਰਾਸੀ ਹਾਹਾਕਾਰਾ, ਨਾ ਕੋਈ ਵੇਖ ਵਖਾਇੰਦਾ। ਕਲਜੁਗ ਖੇਲੇ ਖੇਲ ਅਪਾਰਾ, ਖੇਲਣਹਾਰ ਦਿਸ ਨਾ ਆਇੰਦਾ। ਨਾਨਕ ਗੋਬਿੰਦ ਕਰ ਪਿਆਰਾ, ਸ਼ਬਦੀ ਧਾਰ ਵਹਾਇੰਦਾ। ਆਤਮ ਜੋਤੀ ਇਕ ਉਜਿਆਰਾ, ਨੂਰੋ ਨੂਰ ਸਮਾਇੰਦਾ। ਆਪੇ ਕਰਤਾ ਪੁਰਖ ਕਰਨੇਹਾਰਾ, ਕਰਨੇਹਾਰ ਆਪ ਅਖਵਾਇੰਦਾ। ਆਵੇ ਜਾਵੇ ਵਾਰੋ ਵਾਰਾ, ਜੁਗ ਜੁਗ ਵੇਸ ਵਟਾਇੰਦਾ। ਸਤਿਜੁਗ ਤ੍ਰੇਤਾ ਪਾਰ ਕਿਨਾਰਾ, ਦੁਆਪਰ ਵੇਖ ਵਖਾਇੰਦਾ। ਕਲਜੁਗ ਵੇਖੇ ਕੂੜ ਪਸਾਰਾ, ਪੰਚ ਵਕਾਰਾ ਸੰਗ ਰਲਾਇੰਦਾ। ਜੂਠ ਝੂਠ ਮੋਹ ਵਿਕਾਰਾ, ਸਚ ਸੁੱਚ ਨਾ ਕੋਈ ਵਰਤਾਇੰਦਾ। ਜੀਵਾਂ ਜੰਤਾਂ ਸਾਧਾਂ ਸੰਤਾਂ ਆਤਮ ਗੜ੍ਹ ਭਰਿਆ ਹੰਕਾਰਾ, ਆਤਮ ਬ੍ਰਹਮ ਨਾ ਕੋਈ ਜਣਾਇੰਦਾ। ਬਿਨ ਸਤਿਗੁਰ ਪੂਰੇ ਕੋਈ ਨਾ ਦੇਵੇ ਨਾਮ ਭੰਡਾਰਾ, ਨਾ ਕੋਈ ਭਿਛਿਆ ਪਾਇੰਦਾ। ਕਲਜੁਗ ਤੇਰੀ ਅੰਤਮ ਵਾਰਾ, ਹਰਿ ਸਾਚੀ ਬਣਤ ਬਣਾਇੰਦਾ। ਪਰਗਟ ਹੋਏ ਵਿਚ ਸੰਸਾਰਾ, ਜੋਤੀ ਜਾਮਾ ਭੇਖ ਵਟਾਇੰਦਾ। ਸ਼ਬਦ ਖੰਡਾ ਤੇਜ਼ ਕਟਾਰਾ, ਤਨ ਗਾਤਰੇ ਆਪ ਲਟਕਾਇੰਦਾ। ਪੰਚਮ ਮੀਤਾ ਕਰ ਪਿਆਰਾ, ਪੰਚਮ ਮੋਹ ਚੁਕਾਇੰਦਾ। ਪੰਚਮ ਕਰੇ ਤਨ ਸ਼ੰਗਾਰਾ, ਪੰਚਮ ਰੰਗ ਚੜ੍ਹਾਇੰਦਾ। ਪੰਚਮ ਦੇਵੇ ਅੰਮ੍ਰਿਤ ਆਤਮ ਠੰਡੀ ਧਾਰਾ, ਲੋਕਮਾਤ ਦਿਸ ਨਾ ਆਇੰਦਾ। ਪੰਚਮ ਮੇਲਾ ਕੰਤ ਭਤਾਰਾ, ਪੰਚਮ ਸਖੀਆਂ ਮਿਲ ਮਿਲ ਮੰਗਲ ਗਾਇੰਦਾ। ਪੰਚਮ ਨਾਦ ਅਨਾਦੀ ਵਜਾਏ ਧੁਨਕਾਰਾ, ਧੁਨ ਅਨਾਦੀ ਇਕ ਰਖਾਇੰਦਾ। ਨਿਰਮਲ ਜੋਤੀ ਕਰ ਉਜਿਆਰਾ, ਅਗਿਆਨ ਅੰਧੇਰ ਮਿਟਾਇੰਦਾ। ਇਕ ਵਖਾਏ ਸਚ ਦਵਾਰਾ, ਹਰਿ ਸਾਚਾ ਧਾਮ ਸੁਹਾਇੰਦਾ। ਸ਼ਬਦ ਗੁਰ ਜੋਧਾ ਸੂਰਬੀਰ ਬਲਕਾਰਾ, ਜੁਗ ਜੁਗ ਆਪ ਅਖਵਾਇੰਦਾ। ਕਲਜੁਗ ਮੇਟੇ ਕੂੜ ਪਸਾਰਾ, ਸੰਮਤ ਸੰਮਤੀ ਵੇਖ ਵਖਾਇੰਦਾ। ਸਤਿਜੁਗ ਸਾਚੀ ਬੰਨੇ ਧਾਰਾ, ਸਾਚਾ ਮਾਰਗ ਲਾਇੰਦਾ। ਚਾਰ ਵਰਨਾ ਬਖ਼ਸ਼ੇ ਇਕ ਪਿਆਰਾ, ਏਕਾ ਨਾਮ ਜਪਾਇੰਦਾ। ਉਚੋ ਊਚ ਅਗੰਮ ਅਪਾਰਾ, ਅਲੱਖ ਨਿਰੰਜਣ ਆਪ ਅਖਵਾਇੰਦਾ। ਗਊ ਗਰੀਬਾਂ ਪਾਵੇ ਸਾਰਾ, ਜਗਤ ਨਮਾਣੇ ਗਲੇ ਲਗਾਇੰਦਾ। ਅੰਦਰ ਮੰਦਰ ਖੋਲ੍ਹ ਦਵਾਰਾ, ਸਾਚਾ ਗੁਰ ਦਵਾਰਾ ਇਕ ਵਖਾਇੰਦਾ। ਨਾ ਕੋਈ ਤੇਲ ਨਾ ਕੋਈ ਦੀਵਾ ਬਾਤੀ, ਨਿਰਮਲ ਜੋਤ ਇਕ ਵਖਾਇੰਦਾ। ਨਾ ਕੋਈ ਪੂਜਾ ਨਾ ਕੋਈ ਪਾਠੀ, ਨਾ ਕੋਈ ਹਵਨ ਨਾ ਕੋਈ ਪਵਨ ਨਾ ਕੋਈ ਤੀਰਥ ਨਾ ਕੋਈ ਤਾਟੀ, ਹਰਿ ਏਕਾ ਹੱਟ ਵਖਾਇੰਦਾ। ਆਪੇ ਵਸਿਆ ਘਟ ਘਟ ਵਾਸੀ, ਘਟ ਘਟ ਆਪ ਸਮਾਇੰਦਾ। ਕਲਜੁਗ ਖੇਲੇ ਖੇਲ ਬਾਜ਼ੀਗਰ ਨਾਟੀ, ਨਟੂਆ ਸਾਂਗ ਵਰਤਾਇੰਦਾ। ਜੋ ਦੀਸੇ ਸੋ ਜਾਏ ਢੱਠ, ਥਿਰ ਕੋਈ ਰਹਿਣ ਨਾ ਪਾਇੰਦਾ। ਕਲਜੁਗ ਅੰਤਮ ਇਕ ਦਵਾਰਾ ਸ੍ਰਿਸ਼ਟ ਸਬਾਈ ਔਣਾ ਨੱਠ, ਨਿਹਕਲੰਕ ਆਪ ਰਖਾਇੰਦਾ। ਸੰਮਤ ਸੋਲਾਂ ਹੋਣਾ ਅਕੱਠ, ਹਾੜ ਸਤਾਰਾਂ ਲੇਖ ਲਿਖਾਇੰਦਾ । ਪਹਿਲੀ ਚੇਤਰ ਗੇੜੇ ਉਲਟੀ ਲੱਠ, ਨਾ ਕੋਈ ਮੋੜ ਮੁੜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਸੋਏ ਜੀਵ ਜੰਤ ਆਪ ਜਗਾਇੰਦਾ। ਵੱਜਿਆ ਢੋਲ, ਹਰਿ ਨਿਰੰਜਣ ਆਦਿ ਪੁਰਖ ਵਜਾਇੰਦਾ। ਸੰਮਤ ਸੋਲਾਂ ਸਭ ਦੇ ਕੱਢੇ ਪੋਲ, ਬੰਕ ਦਵਾਰੇ ਫੋਲ ਫੋਲਾਇਆ। ਸਾਧ ਸੰਤ ਨਾਮ ਵਸਤ ਨਾ ਰੱਖੇ ਕੋਈ ਕੋਲ, ਅੰਮ੍ਰਿਤ ਆਤਮ ਸਰ ਸਰੋਵਰ ਨਾ ਕੋਈ ਕਰਾਇੰਦਾ। ਪੰਜ ਤਤ ਕਾਇਆ ਮੰਦਰ ਸਭ ਦੇ ਲਏ ਫੋਲ, ਅਨਹਦ ਢੋਲ ਨਾ ਕੋਈ ਵਜਾਇੰਦਾ। ਮਨ ਮਤ ਤੇਰਾ ਰਚਿਆ ਘੋਲ, ਕਲਜੁਗ ਕੂੜਾ ਵੇਖ ਵਖਾਇੰਦਾ। ਕੂੜੀ ਮਾਇਆ ਖੇਲੇ ਖੇਲ, ਨਰ ਸਿੰਘ ਨਰਾਇਣ ਦਿਸ ਨਾ ਆਇੰਦਾ। ਨਾਨਕ ਬਣਿਆ ਸਾਚਾ ਤੋਲ, ਮੋਦੀਖਾਨਾ ਇਕ ਚਲਾਇੰਦਾ। ਗੁਰ ਗੋਬਿੰਦ ਗਿਆ ਬੋਲ, ਸ਼ਬਦ ਖੋਜੀ ਵੇਖ ਵਖਾਇੰਦਾ। ਜੋਤ ਸਰੂਪੀ ਵੱਜੇ ਢੋਲ, ਵਜਾਵਣਹਾਰਾ ਦਿਸ ਨਾ ਆਇੰਦਾ। ਪੁਰਖ ਅਗੰਮੜਾ ਰਿਹਾ ਬੋਲ, ਜੋਤੀ ਜੋਤ ਜਗਾਇੰਦਾ। ਸ੍ਰਿਸ਼ਟ ਸਬਾਈ ਸੋਹੰ ਕੰਡੇ ਤੋਲ, ਸੋ ਪੁਰਖ ਨਿਰੰਜਣ ਤੋਲ ਤੁਲਾਇੰਦਾ । ਜਨ ਭਗਤਾਂ ਸਦ ਵਸੇ ਕੋਲ, ਅੱਠੇ ਪਹਿਰ ਦਰਸ ਦਿਖਾਇੰਦਾ। ਏਕਾ ਦੇਵੇ ਮਾਰਗ ਅਨਮੋਲ, ਊਚ ਨੀਚ ਜ਼ਾਤ ਪਾਤ ਰਾਓ ਰੰਕ ਰਾਜ ਰਾਜਾਨ ਸ਼ਾਹ ਸੁਲਤਾਨ ਹਕੀਰ ਫਕੀਰ ਦਸਤਗੀਰ ਏਕਾ ਧਾਮ ਸੁਹਾਇੰਦਾ। ਸ਼ਬਦ ਨਿਰਾਲਾ ਕਸਿਆ ਤੀਰ, ਲੋਆਂ ਪੁਰੀਆਂ ਰਿਹਾ ਚੀਰ, ਬ੍ਰਹਿਮੰਡ ਖੰਡ ਪਾਏ ਵਹੀਰ, ਉਤਭੁਜ ਸੇਤਜ ਜੇਰਜ ਅੰਡ ਹੋਏ ਅਖੀਰ, ਨਾ ਕੋਈ ਅੰਤ ਬਚਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਹਰਿ ਸ਼ਬਦੀ ਢੋਲ ਵਜਾਇੰਦਾ। ਸ਼ਬਦ ਢੋਲ ਹਰਿ ਹੱਥ ਫੜ, ਲੋਕਮਾਤ ਉਠ ਧਾਇਆ। ਸੰਬਲ ਨਗਰੀ ਬੈਠਾ ਵੜ, ਦਿਸ ਕਿਸੇ ਨਾ ਆਇਆ। ਆਪਣਾ ਘਾੜਨ ਆਪੇ ਘੜ, ਆਪ ਆਪਣੀ ਬਣਤ ਬਣਾਇਆ। ਆਪਣਾ ਅੱਖਰ ਆਪੇ ਪੜ੍ਹ, ਆਪ ਆਪਣਾ ਰਿਹਾ ਅਲਾਇਆ। ਨਾ ਕੋਈ ਸੀਸ ਨਾ ਕੋਈ ਧੜ, ਨਾ ਕੋਈ ਚੋਟੀ ਨਾ ਕੋਈ ਜੜ, ਨਾ ਕੋਈ ਨੇਤਰ ਨਾ ਕੋਈ ਹੱਥ ਸਮਰਥ, ਪੰਜ ਤਤ ਨਾ ਕੋਈ ਰਖਾਇਆ। ਆਪਣੀ ਮਹਿਮਾ ਜਾਣੇ ਅਕੱਥ, ਜੁਗ ਜੁਗ ਕਰਦਾ ਆਇਆ। ਕਲਜੁਗ ਕੂੜਾ ਚਲਿਆ ਰਥ, ਮਨਮੁਖ ਜੀਵਾਂ ਰਿਹਾ ਚੜ੍ਹਾਇਆ। ਗੁਰਮੁਖ ਵਿਰਲੇ ਸਗਲ ਵਿਸੂਰੇ ਗਏ ਲੱਥ, ਜਿਸ ਜਨ ਆਤਮ ਅੰਤਰ ਸਤਿਗੁਰ ਪੂਰੇ ਦਰਸ਼ਨ ਪਾਇਆ। ਲਹਿਣਾ ਦੇਣਾ ਚੁੱਕੇ ਸੀਆਂ ਸਾਢੇ ਤਿੰਨ ਤਿੰਨ ਹੱਥ, ਆਵਣ ਜਾਵਣ ਫੰਦ ਕਟਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਆਪਣਾ ਢੋਲ ਮਰਦੰਗ ਵਜਾਇਆ। ਸ਼ਬਦ ਢੋਲ ਬੋਲ ਬੁਲਾਏ, ਬੋਲਣਹਾਰਾ ਭਗਵਾਨਾ। ਹਰਿ ਹਰਿ ਪੜਦਾ ਖੋਲ੍ਹ ਵਖਾਏ, ਵੇਖੇ ਤੀਰਥ ਤਟ ਅਸ਼ਨਾਨਾ। ਨਿਰਮਲ ਜੋਤੀ ਡਗਮਗਾਏ, ਸ਼ਬਦੀ ਧੁਨ ਤਰਾਨਾ। ਕੰਤ ਸੁਹਾਗੀ ਏਕਾ ਗਾਏ, ਆਤਮ ਧੁਨ ਉਪਜਾਨਾ। ਬ੍ਰਹਿਮਾਦੀ ਹਰਿ ਖੋਜ ਖੁਜਾਏ, ਪਾਰਬ੍ਰਹਮ ਸੁਲਤਾਨਾ। ਆਦਿ ਜੁਗਾਦੀ ਸ਼ਬਦ ਲਿਖਾਏ, ਖੇਲੇ ਖੇਲ ਦੋ ਜਹਾਨਾ। ਬੋਧ ਅਗਾਧੀ ਸ਼ਬਦ ਲਿਖਾਏ, ਲੇਖਾ ਲਿਖਤ ਨਾ ਕੋਈ ਵਖਾਨਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਨਰ ਨਰਾਇਣ ਆਪ ਹੋ ਜਾਣਾ। ਸਾਚਾ ਢੋਲ ਹਰਿ ਬਨਵਾਰੀ, ਆਪਣੇ ਗਲ ਲਟਕਾਇਆ। ਲੋਆਂ ਪੁਰੀਆਂ ਕਰੇ ਖ਼ਬਰਦਾਰੀ, ਸੋਇਆ ਕੋਈ ਰਹਿਣ ਨਾ ਪਾਇਆ। ਪਰਗਟ ਹੋਏ ਨਿਹਕਲੰਕ ਨਰਾਇਣ ਨਰ ਅਵਤਾਰੀ, ਮਾਝੇ ਦੇਸ ਡੇਰਾ ਲਾਇਆ। ਸੰਬਲ ਨਗਰੀ ਹੋਏ ਜੈ ਜੈਕਾਰੀ, ਜੈ ਜੈਕਾਰਾ ਆਪ ਕਰਾਇਆ। ਸੰਤਨ ਮੇਲਾ ਮੀਤ ਮੁਰਾਰੀ, ਜੁਗ ਵਿਛੜੇ ਜਗ ਮੇਲ ਮਿਲਾਇਆ। ਸਰਸੇ ਤੇਰੀ ਪਾਈ ਸਾਰੀ, ਤੇਰਾ ਲਹਿਣਾ ਮੂਲ ਚੁਕਾਇਆ। ਮਿਲਿਆ ਮੇਲ ਜੋਤ ਨਿਰੰਕਾਰੀ, ਨਿਰਗੁਣ ਰੂਪ ਸਮਾਇਆ। ਅੰਮ੍ਰਿਤ ਆਤਮ ਦੇਵੇ ਠੰਡੀ ਠਾਰੀ, ਕਾਇਆ ਕਾਸੇ ਆਪ ਪਿਆਇਆ। ਸ਼ਬਦ ਦੇਵੇ ਤੇਜ਼ ਕਟਾਰੀ, ਤਿਖੀ ਧਾਰ ਰਖਾਇਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਕਲਜੁਗ ਅੰਤਮ ਵੇਸ ਵਟਾਇਆ। ਢੋਲ ਵਜਾਏ ਸਾਜਨ ਮੀਤਾ, ਪਰਮ ਪੁਰਖ ਸੁਲਤਾਨਾ। ਜੁਗ ਜੁਗ ਜਾਣੇ ਆਪਣੀ ਰੀਤਾ, ਖੇਲੇ ਖੇਲ ਆਪ ਮਹਾਨਾ। ਆਪੇ ਦੇਹੁਰਾ ਆਪੇ ਮਸਜਿਦ ਆਪੇ ਗੁਰਦਵਾਰ ਆਪੇ ਬੈਠਾ ਰਹੇ ਅਤੀਤਾ, ਆਪੇ ਪੂਜਾ ਆਪੇ ਪਾਠ ਆਪੇ ਧਰਮ ਹੋਏ ਜੈਕਾਰਾ ਆਪੇ ਠਾਂਡਾ ਸੀਤਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਆਪ ਆਪਣਾ ਆਪੇ ਜੀਤਾ। ਢੋਲ ਨਗਾਰਾ ਸਾਚੀ ਮਾਲਾ, ਗੁਰ ਪੂਰੇ ਤਨ ਸ਼ੰਗਾਰਿਆ। ਨਿਰਮਲ ਜੋਤੀ ਕਰੇ ਉਜਾਲਾ, ਕਲਜੁਗ ਮੇਟੇ ਅੰਧ ਅੰਧਿਆਰਿਆ । ਖੇਲੇ ਖੇਲ ਗੋਬਿੰਦ ਗੋਪਾਲਾ, ਮੁਕੰਦ ਮਨੋਹਰ ਲੱਖਮੀ ਨਰਾਇਣ ਆਪ ਅਖਵਾ ਰਿਹਾ। ਗੁਰਮੁਖਾਂ ਵਖਾਏ ਏਕਾ ਏਕ ਸੱਚੀ ਧਰਮਸਾਲਾ, ਕਾਇਆ ਮੰਦਰ ਅੰਦਰ ਕੁੰਡਾ ਲਾ ਲਿਆ। ਬਜਰ ਕਪਾਟੀ ਤੋੜੇ ਤਾਲਾ, ਬੰਦ ਕਿਵਾੜ ਖੁਲ੍ਹਾ ਲਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਏਕਾ ਢੋਲ ਏਕਾ ਢੋਲਾ ਹਰਿ ਸਾਚੇ ਆਪ ਸੁਣਾ ਲਿਆ। ਸਤਿਗੁਰ ਢੋਲ ਸੁਣਾਏ ਢੋਲਾ, ਸੋਹੰ ਸ਼ਬਦ ਜੈਕਾਰਾ। ਸਤਿਜੁਗ ਤੇਰਾ ਸਾਚਾ ਬੋਲਾ, ਚਾਰ ਵਰਨ ਭੰਡਾਰਾ। ਚੌਦਾਂ ਹੱਟਾਂ ਏਕਾ ਤੋਲਾ, ਨੌ ਸੱਤ ਬਣੇ ਵਣਜਾਰਾ। ਤ੍ਰੈਲੋਕੀ ਬਦਲੇ ਏਕਾ ਚੋਲਾ, ਏਕਾ ਰੰਗ ਅਪਾਰਾ। ਲੋਕਮਾਤ ਖੇਲੇ ਆਪਣਾ ਹੋਲਾ, ਖੇਲਣਹਾਰ ਆਪ ਕਰਤਾਰਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ ਅਵਤਾਰਾ, ਜੋਤੀ ਨੂਰ ਕਰੇ ਉਜਿਆਰਾ। ਸ਼ਬਦ ਢੋਲ ਸਾਚਾ ਢੋਲਾ ਧੁਰ ਸੁਗਾਤ, ਹਰਿ ਸਾਚੇ ਵੰਡ ਵੰਡਾਈਆ। ਜਨ ਭਗਤਾਂ ਬੰਨੇ ਚਰਨ ਨਾਤ, ਇਕ ਪ੍ਰੀਤ ਸਿਖਾਈਆ। ਚਰਨ ਪ੍ਰੀਤੀ ਵਡ ਕਰਾਮਾਤ, ਜਿਸ ਦੇਵੇ ਹਰਿ ਰਘੁਰਾਈਆ। ਗੁਰਮੁਖ ਸਾਜਨ ਉਤਮ ਜਾਤ, ਵਰਨ ਗੋਤ ਵਿਚ ਨਾ ਆਈਆ। ਮਿਲੇ ਮੇਲ ਹਰਿ ਕਮਲਾਪਾਤ, ਕੰਤ ਕੰਤੂਹਲ ਮੇਲ ਮਿਲਾਈਆ। ਸ਼ਬਦੀ ਚੜ੍ਹੇ ਸਚ ਬਰਾਤ, ਗੁਰਮੁਖ ਸੁਰਤੀ ਲਏ ਪਰਨਾਈਆ। ਆਤਮ ਸੇਜਾ ਇਕ ਇਕਾਂਤ, ਮੇਲ ਮਿਲਾਏ ਸਹਿਜ ਸਭਾਈਆ। ਨਾ ਕੋਈ ਸੁਬਾ ਨਾ ਕੋਈ ਸ਼ਾਮ, ਨਾ ਕੋਈ ਰਾਤ ਨਾ ਕੋਈ ਪਰਭਾਤ, ਹਰਿ ਏਕਾ ਰੰਗ ਰੰਗਾਈਆ। ਦੇਵਣਹਾਰਾ ਸਾਚੀ ਦਾਤ, ਦਾਤਾ ਦਾਨੀ ਆਪ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਏਕਾ ਢੋਲਾ ਰਿਹਾ ਗਾਈਆ। ਏਕਾ ਢੋਲਾ ਹਰਿ ਵਰਭੰਡ, ਆਪਣਾ ਆਪ ਸੁਣਾਇਆ। ਕਲਜੁਗ ਅੰਤਮ ਵੰਡੀ ਵੰਡ, ਸਤਿਜੁਗ ਝੋਲੀ ਪਾਇਆ। ਜੂਠਾ ਝੂਠਾ ਕੂੜ ਕੁੜਿਆਰਾ ਪ੍ਰਭ ਮੇਟੇ ਭੇਖ ਪਖੰਡ, ਭੇਖਾਧਾਰੀ ਰਹਿਣ ਨਾ ਪਾਇਆ। ਗੁਰ ਗੋਬਿੰਦ ਤੇਰੀ ਟੁੱਟੀ ਲਏ ਗੰਢ, ਗੰਢਣਹਾਰ ਆਪ ਅਖਵਾਇਆ। ਸੋ ਪੁਰਖ ਨਿਰੰਜਣ ਹੱਥ ਫੜਿਆ ਚੰਡ ਪਰਚੰਡ, ਨਾਮ ਖੰਡਾ ਰਿਹਾ ਉਠਾਇਆ। ਮਨਮੁਖ ਜੀਵਾਂ ਦੇਵਣ ਆਇਆ ਦੰਡ, ਨਿਹਕਲੰਕਾ ਨਾਉਂ ਰਖਾਇਆ। ਮਨਮੁਖਾਂ ਸੁੱਤਾ ਦੇ ਕਰ ਕੰਡ, ਜਗਤ ਦਵਾਰੇ ਦਿਸ ਨਾ ਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਸਾਚਾ ਢੋਲ ਰਿਹਾ ਵਜਾਇਆ। ਢੋਲ ਪੋਲ ਤੇਰਾ ਅੰਤਮ ਖੁਲ੍ਹਣਾ, ਪ੍ਰਭ ਸਾਚੇ ਆਪ ਖੁਲ੍ਹੌਣਾ। ਮਨਮਤ ਤੇਰਾ ਕੋਈ ਨਾ ਪੈਣਾ ਮੁਲਨਾ, ਹਰਿ ਖਾਕੀ ਖਾਕ ਮਲੌਣਾ। ਗੁਰਮੁਖ ਵਿਰਲੇ ਪੂਰੇ ਤੋਲ ਤੁਲਣਾ, ਨਾਨਕ ਤੋਲਾ ਇਕ ਸਮਝੌਣਾ। ਗੁਰ ਗੋਬਿੰਦੇ ਤੇਰੀ ਚਰਨ ਪ੍ਰੀਤੀ ਘੋਲ ਘੁਲਣਾ, ਦੂਸਰ ਕੋਈ ਦਿਸ ਨਾ ਔਣਾ। ਜੂਠਾ ਝੂਠਾ ਬੂਟਾ ਅੰਤਮ ਹੁਲਣਾ, ਫਲ ਡਾਲ੍ਹੀ ਨਾ ਕੋਈ ਰਖੌਣਾ। ਲੋਕਮਾਤ ਸਾਧ ਸੰਤ ਜੀਵ ਜੰਤ ਵਰਨ ਬਰਨ ਮੂਲ ਨਾ ਭੁੱਲਣਾ, ਪ੍ਰਭ ਸਾਚੇ ਖੇਲ ਰਚੌਨਾ। ਧਰਤ ਮਾਤ ਤੇਰੀ ਛਾਤੀ ਲੱਖ ਚੁਰਾਸੀ ਖੂਨ ਡੁਲਣਾ, ਪ੍ਰਭ ਸਾਚੇ ਰੰਗ ਚੜ੍ਹੌਣਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਏਕਾ ਢੋਲਾ ਸਾਚਾ ਸਚ ਸਨੌਣਾ। ਹਰਿ ਢੋਲ ਸ਼ਬਦ ਜਣਾਈ, ਅਨਹਦ ਜੈ ਜੈਕਾਰਾ। ਪਾਰਬ੍ਰਹਮ ਪ੍ਰਭ ਖੇਲ ਰਚਾਈ, ਲੋਕਮਾਤ ਲਏ ਅਵਤਾਰਾ। ਜੋਤੀ ਨੂਰ ਨੂਰ ਰਖਾਈ, ਸ਼ਬਦ ਧੁਨ ਧੁਨਕਾਰਾ। ਅਗੰਮ ਅਗੰਮੜੇ ਧਾਮ ਬੈਠਾ ਆਸਣ ਲਾਈ, ਆਪੇ ਵਸਿਆ ਸਚ ਦਵਾਰਾ। ਸੰਬਲ ਨਗਰੀ ਇਕ ਸੁਹਾਈ, ਗੋਬਿੰਦ ਮੇਲ ਕੰਤ ਭਤਾਰਾ। ਮਿਲਿਆ ਮੇਲ ਹਰਿ ਸਾਚੇ ਮਾਹੀ, ਪਾਇਆ ਪੁਰਖ ਅਪਾਰਾ। ਗੁਰਮੁਖ ਸੋਏ ਰਿਹਾ ਜਗਾਈ, ਸੁਰਤੀ ਸੁਰਤ ਹੁਲਾਰਾ। ਆਪ ਆਪਣਾ ਭੇਵ ਖੁਲ੍ਹਾਈ, ਦੇਵੇ ਦਰਸ ਅਗੰਮ ਅਪਾਰਾ। ਗੁਰਮੁਖਾਂ ਦਰ ਦਰ ਘਰ ਘਰ ਮੰਗੇ ਜਾਈ, ਮੰਗਣਹਾਰ ਆਪ ਦਾਤਾਰਾ। ਮਨਮੁਖ ਜੀਵਾਂ ਦਿਸੇ ਨਾਹੀ, ਲੱਗੀ ਅੱਗ ਬਹੱਤਰ ਨਾੜਾ। ਬ੍ਰਹਿਮੰਡ ਦਾ ਕਰਤਾ ਮਾਲਕ ਬੈਠਾ ਜੋਤ ਜਗਾਈ, ਨਿਹਕਲੰਕ ਨਰ ਅਵਤਾਰਾ। ਸੋਹੰ ਸ਼ਬਦ ਕਰੇ ਕੁੜਮਾਈ, ਮੁਖ ਸਗਨ ਲਗਾਏ ਕਲਜੁਗ ਤੇਰੀ ਅੰਤਮ ਵਾਰਾ। ਨੇਤਰ ਨੈਣ ਕਜਲਾ ਰਿਹਾ ਪਾਈ, ਏਕਾ ਨੇਤਰ ਆਪ ਉਘਾੜਾ। ਅੰਦਰ ਮੰਦਰ ਮੇਲਾ ਸਹਿਜ ਸਬਾਈ, ਪੰਚਮ ਲਾਇਆ ਸਚ ਅਖਾੜਾ। ਆਪ ਆਪਣੀ ਧੁਨ ਆਪੇ ਰਿਹਾ ਗਾਈ, ਆਪਣਾ ਤਾਲ ਆਪ ਵਜਾਇਆ। ਹਰਿ ਹਰਿ ਵੇਖੇ ਥਾਉਂ ਥਾਈਂ, ਹਰ ਘਟ ਬੈਠਾ ਆਸਣ ਲਾਇਆ। ਗੁਰਮੁਖ ਮੇਲੇ ਫੜ ਫੜ ਬਾਹੀਂ, ਦਿਵਸ ਰੈਣ ਸੇਵ ਕਮਾਇਆ। ਪਹਿਲੀ ਫੱਗਣ ਵੀਹ ਸੌ ਚੌਦਾਂ ਜਾਣਾ ਚਾਈਂ ਚਾਈਂ, ਨਾਤਾ ਨਾਤੇ ਨਾਲ ਜੁੜਾਇਆ। ਖੇਲੇ ਖੇਲ ਬੇਪਰਵਾਹੀ, ਬੇਪਰਵਾਹ ਆਪ ਅਖਵਾਇਆ। ਭਰਮੇ ਭੁੱਲੇ ਪਾਂਧੀ ਰਾਹੀ, ਪ੍ਰਭ ਮਾਰਗ ਦਏ ਦਿਖਾਇਆ। ਗੁਰ ਗੋਬਿੰਦੇ ਮੇਲਾ ਏਕਾ ਥਾਈਂ, ਹਰਿ ਏਕਾ ਧਾਮ ਸੁਹਾਇਆ। ਗੁਰ ਨਾਨਕ ਏਕਾ ਏਕ ਇਕ ਰਿਹਾ ਮਿਲਾਈ, ਹਰਿ ਮੇਲੀ ਮੇਲ ਮਿਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਕਲਜੁਗ ਤੇਰੀ ਅੰਤਮ ਵਰ, ਜੋਤੀ ਜਾਮਾ ਭੇਖ ਧਰ, ਸ਼ਬਦ ਢੋਲ ਰਿਹਾ ਵਜਾ, ਲੱਖ ਚੁਰਾਸੀ ਰਚਿਆ ਘੋਲ, ਸ੍ਰਿਸ਼ਟ ਸਬਾਈ ਰਿਹਾ ਉਠਾ, ਸੋਇਆ ਕੋਈ ਰਹਿਣ ਨਾ ਪਾਇਆ। ਨਾ ਕੋਈ ਸੋਇਆ ਨਾ ਕੋਈ ਜਾਗੇ, ਨਾ ਕੋਈ ਰੰਗ ਰੰਗਾਇਆ। ਨਾ ਕੋਈ ਹੰਸ ਨਾ ਕੋਈ ਕਾਗੇ, ਨਾ ਕੋਈ ਚੋਗ ਚੁਗਾਇਆ। ਨਾ ਕੋਈ ਮਜਨ ਨਾ ਕੋਈ ਮਾਘੇ, ਨਾ ਕੋਈ ਤੀਰਥ ਰਿਹਾ ਨੁਹਾਇਆ। ਨਾ ਕੋਈ ਢੋਲ ਨਾ ਕੋਈ ਵੱਜੇ ਵਾਜੇ, ਅਨਹਦ ਤਾਲ ਨਾ ਕੋਈ ਵਜਾਇਆ। ਝੂਠ ਪਸਾਰਾ ਕਲਜੁਗ ਤੇਰਾ ਸਾਜਨ ਸਾਜੇ, ਕੂੜੋ ਕੂੜ ਦਿਸਾਇਆ। ਜੋਤ ਸਰੂਪ ਹਰਿ ਪਰਗਟ ਹੋਇਆ ਦੇਸ ਮਾਝੇ, ਸ੍ਰਿਸ਼ਟ ਸਬਾਈ ਰਿਹਾ ਸੁਣਾਇਆ। ਪਕੜ ਉਠਾਏ ਰਾਜਨ ਰਾਜੇ, ਸ਼ਾਹ ਸੁਲਤਾਨ ਦਏ ਹਿਲਾਇਆ। ਇਕ ਅਕੱਲਾ ਗ਼ਰੀਬ ਨਿਵਾਜੇ, ਗਊ ਗ਼ਰੀਬਾਂ ਹੋਏ ਸਹਾਇਆ। ਸੀਸ ਰਹਿਣ ਨਾ ਦੇਣਾ ਕੋਈ ਤਾਜੇ, ਲੇਖਾ ਲੇਖ ਰਿਹਾ ਲਿਖਾਇਆ। ਬ੍ਰਹਿਮੰਡ ਪ੍ਰਭ ਰਚਿਆ ਕਾਜੇ, ਚੌਦਾਂ ਤਬਕਾਂ ਦਏ ਮਿਟਾਇਆ। ਚੌਦਾਂ ਲੋਕ ਮਾਰੇ ਏਕਾ ਅਵਾਜੇ, ਏਕਾ ਢੋਲਾ ਰਿਹਾ ਸੁਣਾਇਆ। ਬ੍ਰਹਮ ਪੁਰੀ ਹਰਿ ਸ਼ਬਦ ਗਾਜੇ, ਬ੍ਰਹਮਾ ਨੇਤਰ ਨੀਰ ਵਹਾਇਆ। ਸ਼ਿਵ ਸ਼ੰਕਰ ਤੇਰੀ ਕੋਈ ਨਾ ਰੱਖੇ ਲਾਜੇ, ਵੇਲਾ ਅੰਤਮ ਆਇਆ। ਕਰੋੜ ਤੇਤੀਸਾ ਉਠ ਉਠ ਭਾਜੇ, ਸੁਰਪਤ ਰਾਜਾ ਇੰਦ ਰਿਹਾ ਕੁਰਲਾਇਆ। ਕਲਜੁਗ ਕੂੜੇ ਰਚਿਆ ਕਾਜੇ, ਸੰਗ ਮੁਹੰਮਦ ਸੰਗ ਰਖਾਇਆ। ਅੱਲਾ ਰਾਣੀ ਉਚੇ ਮੁਨਾਰੇ ਬਹਿ ਬਹਿ ਮਾਰੇ ਵਾਜੇ, ਹੂ ਹੂ ਨਾਅਰਾ ਲਾਇਆ। ਮੱਕਾ ਕਾਅਬਾ ਹਰਿ ਵੇਖਣ ਆਇਆ ਸਾਚਾ ਹਾਜੀ ਹਾਜੇ, ਅੰਤਮ ਏਕਾ ਹੱਜ ਕਰਾਇਆ। ਦੁਲਦੁਲ ਐਲੀ ਰੱਖੇ ਸਾਚੇ ਤਾਜੇ, ਸ਼ਾਹ ਅਸਵਾਰ ਆਪ ਅਖਵਾਇਆ। ਸੰਮਤ ਸੋਲਾਂ ਪਹਿਲੀ ਚੇਤਰ ਚਰਨ ਦੇ ਰਕਾਬੇ, ਲਾਹੌਰ ਕਿਲਾ ਸ਼ਾਹੀ ਚਰਨ ਦਏ ਟਿਕਾਇਆ। ਚਾਰ ਵਰਨ ਤੇਰੀ ਰੱਖੇ ਲਾਜੇ, ਹਿੰਦੂ ਮੁਸਲਮ ਸਿਖ ਈਸਾਈ ਸਾਜਨ ਸਾਚੇ ਵੇਖ ਵਖਾਇਆ। ਮਨਮੁਖ ਜੀਵਾਂ ਖੋਲ੍ਹੇ ਪਾਜੇ, ਪੀਰ ਕੁਤਬ ਗੌਂਸ ਸ਼ੇਖ਼ ਮੁਸਾਇਕ ਹਰਿ ਸਾਚਾ ਨਾਇਕ ਵੇਖ ਵਖਾਇਆ। ਹੱਕ ਹਕੀਕਤ ਲਾਸ਼ਰੀਕ ਗ਼ਰੀਬ ਨਿਵਾਜੇ, ਗ਼ਰੀਬ ਨਿਮਾਣੇ ਗਲੇ ਲਗਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨੂਰ ਅਲਾਹੀ ਬੇਪਰਵਾਹੀ ਆਪਣਾ ਸੰਗ ਨਿਭਾਇਆ। ਨਾਮ ਸ਼ਬਦ ਸਚ ਜੈਕਾਰਾ, ਪੁਰਖ ਅਕਾਲ ਲਗਾਇਆ। ਅਕਾਲ ਪੁਰਖ ਆਪ ਕਰਤਾਰਾ, ਕਰਤਾ ਰੂਪ ਸਮਾਇਆ। ਕਰਨਹਾਰ ਵਿਚ ਸੰਸਾਰਾ, ਕਰਤਾ ਪੁਰਖ ਅਖਵਾਇਆ। ਜੁਗ ਜੁਗ ਲਏ ਹਰਿ ਅਵਤਾਰਾ, ਭੇਵ ਅਭੇਦਾ ਭੇਵ ਛੁਪਾਇਆ। ਸਤਿਜੁਗ ਸਾਚੇ ਪਾਵੇ ਸਾਰਾ, ਤ੍ਰੇਤੇ ਮੇਲ ਮਿਲਾਇਆ। ਦੁਆਪਰ ਤੇਰੀ ਬੰਨੇ ਧਾਰਾ, ਧੀਰਜ ਧੀਰ ਧਰਾਇਆ। ਕਲਜੁਗ ਤੇਰਾ ਵੇਖ ਸਹਾਰਾ, ਹਰਿ ਸਾਚੇ ਖੇਲ ਖਿਲਾਇਆ। ਖੇਲੇ ਖੇਲ ਸੰਗ ਮੁਹੰਮਦ ਚਾਰ ਯਾਰਾ, ਚਾਰ ਯਾਰਾਂ ਲਏ ਮਿਲਾਇਆ। ਗੁਰ ਨਾਨਕ ਲਾਇਆ ਏਕਾ ਨਾਅਰਾ, ਨਾਮ ਸਤਿ ਸਤਿ ਨਾਮ ਜੀਵ ਜੰਤ ਝੋਲੀ ਪਾਇਆ। ਗੁਰ ਗੋਬਿੰਦੇ ਹਰਿ ਭਰ ਭੰਡਾਰਾ, ਨਾਮ ਭੰਡਾਰਾ ਝੋਲੀ ਪਾਇਆ। ਆਪੇ ਫਿਰੇ ਚਾਰੇ ਕੂਟਾ, ਦਹਿ ਦਿਸ਼ਾ ਫੇਰੀ ਪਾਇਆ। ਆਪ ਮਨਾਇਆ ਜੋ ਜੋ ਬੈਠਾ ਰੂਠਾ, ਵਿਛੜੇ ਦਏ ਮਿਲਾਇਆ। ਕਾਇਆ ਅੰਮ੍ਰਿਤ ਭਰਿਆ ਠੂਠਾ, ਸਚ ਪਿਆਲਾ ਇਕ ਵਖਾਇਆ। ਨਾਤਾ ਤੋੜਿਆ ਜਗਤ ਜੂਠਾ, ਪੰਚਮ ਪੰਚਮ ਨਾ ਕੋਈ ਜਣਾਇਆ। ਸ਼ੱਤਰੀ ਬ੍ਰਹਿਮਣ ਸ਼ੂਦਰ ਵੈਸ਼ ਗੁਰ ਗੋਬਿੰਦ ਬੰਨ੍ਹਾਏ ਏਕਾ ਮੁਠਾ, ਏਕਾ ਧਾਮ ਸੁਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਕਲਜੁਗ ਤੇਰੀ ਅੰਤਮ ਵਰ, ਗੁਰ ਗੋਬਿੰਦਾ ਰਿਹਾ ਮਿਲਾਇਆ। ਨੀਲੇ ਘੋੜੇ ਉਪਰ ਆਸਣ ਲਾ, ਕਲਗੀ ਤੋੜਾ ਸੀਸ ਦਸਤਾਰੇ। ਵਿਛੜੇ ਜੁਗ ਲਏ ਮਿਲਾ, ਕਿਰਪਾ ਕਰੇ ਅਪਰ ਅਪਾਰੇ। ਫੜ ਫੜ ਬਾਂਹੋਂ ਸੰਬਲ ਨਗਰੀ ਦਏ ਵਖਾ, ਜਗੇ ਜੋਤ ਅਗੰਮ ਅਪਾਰੇ। ਏਕਾ ਦੀਪਕ ਰਿਹਾ ਵਖਾ, ਮੇਟੇ ਕੂੜ ਕੂੜੇ ਪਸਾਰੇ। ਬੀਸ ਬੀਸਾ ਤੇਰਾ ਰਾਹ ਰਿਹਾ ਤਕਾ, ਪ੍ਰਭ ਸਾਚਾ ਆਪ ਵਿਚਾਰੇ। ਦਿੱਲੀ ਤਖ਼ਤ ਲਏ ਚਰਨ ਛੁਹਾ, ਪੰਦਰਾਂ ਕੱਤਕ ਦਿਵਸ ਵਿਚਾਰੇ। ਸੱਤ ਰੰਗ ਨਿਸ਼ਾਨਾ ਦਏ ਚੜ੍ਹਾ, ਸੱਤ ਦੀਪ ਕਰਨ ਨਿਮਸਕਾਰੇ। ਸੀਸ ਗੰਜ ਹਰਿ ਮਾਣ ਦਵਾ, ਗੁਰ ਤੇਗ ਬਹਾਦਰ ਤੇਰੀ ਰੱਤ ਸਿਖੀ ਦੇਵੇ ਮਤ, ਏਕਾ ਬਖ਼ਸ਼ੇ ਸਚ ਪਿਆਰੇ। ਏਕਾ ਬੀਜ ਨੌਂ ਖੰਡ ਪ੍ਰਿਥਮੀ ਸ੍ਰਿਸ਼ਟ ਸਬਾਈ ਅੰਦਰ ਦੇਵੇ ਘੱਤ, ਘੱਤਣਹਾਰ ਆਪ ਕਰਤਾਰੇ। ਪਾਰਬ੍ਰਹਮ ਤੇਰਾ ਏਕਾ ਵਤ, ਜਗ ਆਏ ਅੰਤਮ ਵਾਰੇ। ਪੁਰਖ ਅਬਿਨਾਸ਼ੀ ਜਨ ਭਗਤਾਂ ਰੱਖੇ ਸਾਚੀ ਪਤ, ਪੱਤਤ ਪੁਨੀਤ ਕਰੇ ਜੋ ਜਨ ਆਏ ਦਵਾਰੇ। ਏਕਾ ਦੇਵੇ ਧੀਰਜ ਸੰਤੋਖ ਸਤਿ, ਮਨ ਮਤ ਦਰ ਦੁਰਕਾਰੇ। ਆਪ ਚੜ੍ਹਾਏ ਸਾਚੇ ਰਥ, ਰਥ ਰਥਵਾਹੀ ਹਰਿ ਨਿਰੰਕਾਰੇ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਜੋਤੀ ਜਾਮਾ ਭੇਖ ਧਰ, ਕਲਜੁਗ ਤੇਰੀ ਅੰਤਮ ਵਰ, ਖੇਲੇ ਖੇਲ ਵਿਚ ਸੰਸਾਰੇ। ਸਾਚਾ ਖੇਲ ਹਰਿ ਖਿਲੌਣਾ, ਨੌਂ ਖੰਡ ਸੱਤ ਦੀਪ ਰਿਹਾ ਜਗਾਈਆ। ਲੱਖਣ ਦੀਪ ਹਰਿ ਫੇਰਾ ਪੌਣਾ, ਸ਼ਬਦ ਢੋਲਾ ਰਿਹਾ ਵਜਾਈਆ। ਕਰੌਚ ਤੇਰਾ ਪੋਲ ਖੁਲ੍ਹੌਣਾ, ਅੰਦਰ ਮੰਦਰ ਵੇਖ ਵਖਾਈਆ। ਪੁਸ਼ਕਰ ਤੇਰਾ ਸੰਗ ਨਿਭੌਣਾ, ਆਪ ਆਪਣੀ ਦਇਆ ਕਮਾਈਆ। ਜੰਬੂ ਦੀਪ ਹਰਿ ਜੋਤ ਜਗੌਣਾ, ਜੋਤੀ ਨੂਰ ਕਰੇ ਰੁਸ਼ਨਾਈਆ। ਸਲਮਲ ਤੇਰਾ ਧਾਮ ਸੁਹੌਣਾ, ਹਰਿ ਸਾਜਨ ਵੇਖ ਵਖਾਈਆ। ਸਾਨ ਸਿਖੀ ਇਕ ਅਖਵੌਣਾ, ਸਾਖਯਾਤ ਵੱਡੀ ਵਡਿਆਈਆ। ਕੁਸ਼ਾ ਕਲ ਇਕ ਕਰੌਣਾ, ਦੂਈ ਦਵੈਤੀ ਮੇਟ ਮਿਟਾਈਆ। ਸੱਤ ਦੀਪ ਪ੍ਰਭ ਰੰਗ ਚੜ੍ਹੌਣਾ, ਸੋਹੰ ਸ਼ਬਦ ਕਰੇ ਕੁੜਮਾਈਆ। ਵਿਚ ਵਿਚੋਲਾ ਆਪ ਅਖੌਣਾ, ਨਾ ਕੋਈ ਦੂਸਰ ਸੰਗ ਰਲਾਈਆ। ਕਲਜੁਗ ਕੂੜਾ ਦਾਗ਼ ਮਿਟੌਣਾ, ਦੁਰਮਤ ਮੈਲ ਗਵਾਈਆ। ਏਕਾ ਰਾਗ ਹਰਿ ਸਚ ਸਨੌਣਾ, ਹਰਿ ਸਾਚੇ ਮੇਲ ਮਿਲਾਈਆ। ਕੁਲਾ ਖੰਡ ਪਕੜ ਉਠੌਣਾ, ਆਪ ਆਪਣਾ ਵੇਖ ਵਖਾਈਆ। ਇਲਾ ਬੁਤ ਹਰਿ ਭੇਵ ਖੁਲ੍ਹੌਣਾ, ਭੁੱਲ ਰਹੇ ਨਾ ਰਾਈਆ। ਕੇਤਮਾਲ ਹਰਿ ਚਰਨ ਟਿਕੌਣਾ, ਕਿੰ ਪੁਰਖ ਸੰਗ ਰਲਾਈਆ। ਹਰਣਯਮਹ ਤੇਰਾ ਦਰ ਸਹੌਣਾ, ਦਰ ਦਰਵੇਸ਼ ਆਪ ਅਖਵਾਈਆ । ਭਦਰ ਦਰ ਘਰ ਭਾਗ ਲਗੌਣਾ, ਪਾਰਬ੍ਰਹਮ ਵੱਡੀ ਵਡਿਆਈਆ। ਭਾਰਤ ਖੰਡ ਹਰਿ ਵੇਖ ਵਖੌਣਾ, ਰਾਸ਼ਟਰਪਤ ਰਿਹਾ ਉਠਾਈਆ। ਦੇ ਬਾਂਹ ਸਰਹਾਣੇ ਸੌਂ ਨਾ ਰਹਿਣਾ, ਪ੍ਰਭ ਸਾਚੇ ਜੋਤ ਜਗਾਈਆ। ਸੰਮਤ ਪੰਦਰਾਂ ਮੇਲ ਮਿਲੌਣਾ, ਕ੍ਰਿਸ਼ਨਾ ਮੈਨਨ ਸੰਗ ਰਲਾਈਆ। ਆਪਣੀ ਥਿਤ ਆਪ ਵਖੌਣਾ, ਦੇਵੇ ਰੁੱਤ ਸੁਹਾਈਆ। ਪਾਰਬ੍ਰਹਮ ਅਬਿਨਾਸ਼ੀ ਅਚੁੱਤ ਕਰਮ ਕਮੌਣਾ, ਭੇਵ ਅਭੇਦਾ ਦਏ ਖੁਲ੍ਹਾਈਆ। ਸ਼ਾਹ ਭਬੀਖਨ ਤੇਰਾ ਲਹਿਣਾ ਪਿਛਲਾ ਮੂਲ ਚੁਕੌਣਾ, ਰਾਮ ਰਾਮਾ ਜੋਤ ਜਗਾਈਆ। ਲੰਕਾ ਗੜ੍ਹ ਹੰਕਾਰੀ ਨੌਂ ਖੰਡ ਪ੍ਰਿਥਮੀ ਢੌਹਣਾ, ਸੀਤਾ ਸੁਰਤੀ ਗੁਰਮੁਖਾਂ ਲਏ ਬਚਾਈਆ। ਇਕ ਬਿਬਾਣੇ ਜਗਤ ਚੜ੍ਹੌਣਾ, ਏਕਾ ਲਏ ਉਡਾਈਆ। ਏਕਾ ਰਥ ਰਥਵਾਹੀ ਹਰਿ ਅਖਵੌਣਾ, ਅਰਜਨ ਗੀਤਾ ਗਿਆਨ ਜਣਾਈਆ। ਕਲਜੁਗ ਅੰਤਮ ਵੇਲਾ ਪਾਰਬ੍ਰਹਮ ਪ੍ਰਭ ਆਪ ਸਹੌਣਾ, ਨਿਰਮਲ ਜੋਤ ਕਰੇ ਰੁਸ਼ਨਾਈਆ। ਜਮਨ ਕਿਨਾਰੇ ਡੇਰਾ ਲੌਣਾ, ਸਾਚਾ ਥਾਨ ਸੁਹਾਈਆ। ਸ਼ਬਦ ਧੁਨ ਅਨਾਦ ਬ੍ਰਹਿਮਾਦ ਹਰਿ ਸਰਬ ਜਗੌਣਾ, ਸਾਧ ਸੰਤ ਸੋਇਆ ਕੋਈ ਰਹਿਣ ਨਾ ਪਾਈਆ। ਸ੍ਰਿਸ਼ਟ ਸਬਾਈ ਤੇਰਾ ਲੇਖਾ ਪਾਰਬ੍ਰਹਮ ਫੇਰ ਲਿਖੌਣਾ, ਕੂੜੀ ਕਿਰਿਆ ਦਏ ਮਿਟਾਈਆ। ਏਕਾ ਸ਼ਬਦ ਸੋਹੰ ਸੋ ਸ੍ਰਿਸ਼ਟ ਸਬਾਈ ਗੌਣਾ, ਭੁੱਲ ਰਹੇ ਨਾ ਰਾਈਆ। ਅਕਾਲ ਪੁਰਖ ਪ੍ਰਭ ਆਪਣਾ ਡੰਕ ਵਜੌਣਾ, ਆਪਣੀ ਜੋਤੀ ਸੇਵਾ ਲਾਈਆ। ਸੰਮਤ ਪੰਦਰਾਂ ਦੋ ਸੌ ਛਿਹੱਤਰ ਦਿਨ ਪ੍ਰਭ ਖੇਲ ਖਿਲੌਣਾ, ਦਹਿ ਦਿਸ਼ਾ ਫੇਰਾ ਪਾਈਆ। ਪਹਿਲੀ ਕੱਤਕ ਪਟਨਾ ਸ਼ਹਿਰ ਸੁਹੌਣਾ, ਗੁਰ ਗੋਬਿੰਦ ਮੇਲ ਮਿਲਾਈਆ। ਪੰਦਰਾਂ ਕੱਤਕ ਲੰਕਾ ਗੜ੍ਹ ਤੁੜੌਣਾ, ਸਾਧ ਸੰਗਤ ਸੰਗ ਰਖਾਈਆ। ਸ਼ਬਦ ਗੁਰ ਸੇਵਾ ਲੌਣਾ, ਹਰਿ ਸਾਚੀ ਕਾਰ ਕਮਾਈਆ। ਦੂਈ ਦਵੈਤੀ ਪੜਦਾ ਸਭ ਦਾ ਲੌਹਣਾ, ਭਰਮ ਰਹੇ ਨਾ ਰਾਈਆ। ਗਿਆਨੀਆਂ ਧਿਆਨੀਆਂ ਵਿਦਵਾਨੀਆਂ ਬ੍ਰਹਮ ਗਿਆਨੀਆਂ ਪ੍ਰਭ ਦਰ ਹਲੌਣਾ, ਪੁੱਛੇ ਰਾਗ ਹਰਿ ਅਲਾਹੀਆ। ਪੰਡਤ ਪਾਂਧਿਆ ਸੰਗ ਰਲੌਣਾ, ਮੁੱਲਾ ਸ਼ੇਖ਼ਾਂ ਮੁਸਾਇਕ ਪੀਰਾਂ ਤਸਬੀਆਂ ਗਲ ਪਹਿਨੌਣਾ, ਸ਼ਰਅ ਸ਼ਰਾਇਤ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਜੋਤੀ ਜਾਮਾ ਭੇਖ ਧਰ ਸੇਵਕ ਸੇਵਾ ਰਿਹਾ ਕਮਾਈਆ। ਸੇਵਕ ਚਾਕਰ ਸੇਵਾਦਾਰ ਹਰਿ ਨਿਰੰਕਾਰਾ, ਆਦਿ ਪੁਰਖ ਅਬਿਨਾਸ਼ੀ। ਜਨ ਭਗਤਾਂ ਮੇਲੇ ਵਾਰੋ ਵਾਰਾ, ਖੇਲੇ ਖੇਲ ਜਗਤ ਤਮਾਸ਼ੀ। ਜੁਗ ਜੁਗ ਬਣੇ ਮਾਤ ਭਿਖਾਰਾ, ਆਪੇ ਜਾਣੇ ਆਪਣਾ ਵਾਸੀ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਹਰਿਜਨ ਜਨਹਰਿ ਗੁਰਮੁਖ ਗੁਰਸਿਖ ਸੰਤ ਸਾਜਨ ਮੇਲ ਮਿਲਾਏ ਸੁਹਾਏ ਬੰਕ ਦਵਾਰਾ। ਬੰਕ ਦਵਾਰਾ ਸਾਜਨ ਮੀਤਾ, ਹਰਿ ਹਰਿ ਸਾਚਾ ਪਾਇਆ। ਕਲਜੁਗ ਚਲੀ ਅਵੱਲੜੀ ਰੀਤਾ, ਜੋਤੀ ਜਾਮਾ ਭੇਖ ਵਟਾਇਆ। ਨਾ ਕੋਈ ਗੁਰੂਦਵਾਰਾ ਨਾ ਮੰਦਰ ਮਸੀਤਾ ਨਾ ਸ਼ਿਵਦਵਾਲਾ ਮੱਠ, ਗੁਰਮੁਖ ਸਾਚੇ ਵਿਚ ਸਮਾਇਆ। ਧੁਰਦਰਗਾਹੀ ਆਇਆ ਨੱਠ, ਸੰਬਲ ਨਗਰੀ ਡੇਰਾ ਲਾਇਆ। ਸੰਬਲ ਨਗਰ ਸਾਢੇ ਤਿੰਨ ਹੱਥ, ਗੁਰ ਗੋਬਿੰਦਾ ਦਿਸ ਨਾ ਆਇਆ। ਪ੍ਰਭ ਅਬਿਨਾਸ਼ੀ ਕਰਤੇ ਜੋਤੀ ਸ਼ਬਦੀ ਰੱਖੀ ਸਾਚੀ ਵਥ, ਸਚ ਭੰਡਾਰ ਰਖਾਇਆ। ਗੁਰਮੁਖਾਂ ਆਤਮ ਅੰਤਰ ਵਖਾਏ ਏਕਾ ਤੀਰਥ ਤਟ, ਅਠਸਠ ਮੂਲ ਚੁਕਾਇਆ। ਦੀਪਕ ਜੋਤੀ ਜਗੇ ਲਟ ਲਟ, ਘਰ ਮੰਦਰ ਆਪ ਸੁਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਸਾਜਨ ਰਿਹਾ ਮਿਲਾਇਆ। ਸਾਚਾ ਸਿਖ ਹਰਿ ਪਰਵਾਨਾ, ਗੋਬਿੰਦ ਮੇਲ ਮਿਲਾਇੰਦਾ। ਜੋਤੀ ਜੋਤ ਜਗੇ ਮਹਾਨਾ, ਸ਼ਬਦੀ ਸ਼ਬਦ ਸਮਾਇੰਦਾ। ਏਕਾ ਰਾਗ ਇਕ ਤਰਾਨਾ, ਏਕਾ ਨਾਦ ਵਜਾਇੰਦਾ। ਹੱਥੀਂ ਬੰਨੇ ਸਾਚਾ ਗਾਨਾ, ਆਦਿ ਅੰਤ ਸੰਗ ਨਿਭਾਇੰਦਾ। ਸੋ ਸਤਿਗੁਰ ਪੂਰਾ ਹਰਿ ਮਿਹਰਵਾਨਾ, ਹਰਿ ਨਾਨਕ ਆਪ ਅਖਵਾਇੰਦਾ। ਨਾਨਕ ਪਾਇਆ ਪਦ ਨਿਰਬਾਨਾ, ਨਿਝ ਘਰ ਵੇਖ ਵੇਖ ਵਖਾਇੰਦਾ। ਗੁਰ ਗੋਬਿੰਦਾ ਮਿਲਿਆ ਮੇਲ ਹਰਿ ਭਗਵਾਨਾ, ਪੂਤ ਸਪੂਤਾ ਜੋੜ ਜੁੜਾਇੰਦਾ। ਸ਼ਸਤਰ ਬਸਤਰਧਾਰੀ ਜੋਧਾ ਸੂਰ ਬਲੀ ਬਲਵਾਨਾ, ਏਕਾ ਏਕ ਅਖਵਾਇੰਦਾ। ਅੰਤਮ ਛੱਡਣਾ ਪਿਆ  ਸਰਬ ਸਮਾਨਾ, ਗੜ੍ਹੀ ਚਮਕੌਰ ਸੁਹਾਇੰਦਾ। ਮਾਛੂਵਾੜੇ ਗਾਏ ਇਕ ਤਰਾਨਾ, ਸੂਲਾਂ ਸੱਥਰ ਵਿਛਾਇੰਦਾ। ਮਿੱਤਰ ਪਿਆਰੇ ਹਾਲ ਸੁਣਾਣਾ, ਪ੍ਰੇਮ ਵਿਛੌਣਾ ਇਕ ਵਛਾਇੰਦਾ। ਮੰਗੇ ਮੰਗ ਇਕ ਮਹਾਨਾ, ਸਾਚਾ ਸੰਗ ਨਿਭਾਇੰਦਾ। ਪੁਰਖ ਅਬਿਨਾਸ਼ੀ ਵੇਖੇ ਮਾਰ ਧਿਆਨਾ, ਗੁਰ ਗੋਬਿੰਦ ਸਾਚਾ ਰਾਹ ਤਕਾਇੰਦਾ। ਦੇਵੇ ਸ਼ਬਦ ਹਰਿ ਇਕ ਤਰਾਨਾ, ਆਪ ਆਪਣਾ ਭੇਵ ਖੁਲ੍ਹਾਇੰਦਾ। ਤੇਰਾ ਮੇਰਾ ਰੂਪ ਇਕ ਸਮਾਨਾ, ਨਾ ਕੋਈ ਦੂਸਰ ਸੰਗ ਰਲਾਇੰਦਾ। ਤੇਰੀ ਫਲ ਫੁਲਵਾੜੀ ਲੱਗੀ ਰਹੇ ਦੋ ਜਹਾਨਾ, ਸਤਾਰਾ ਸੌ ਛਪੰਜਾ ਬਿ੍ਰਕਮੀ ਵੇਖ ਵਖਾਇੰਦਾ। ਨੈਣਾਂ ਦੇਵੀ ਕਰੇ ਗਿਆਨਾ, ਹਰਿ ਖੰਡਾ ਇਕ ਚਮਕਾਇੰਦਾ। ਸੋ ਪੁਰਖ ਨਿਰੰਜਣ ਸਦ ਮਿਹਰਵਾਨਾ, ਆਪਣਾ ਸ਼ਬਦ ਆਪ ਅਲਾਇੰਦਾ। ਗੁਰ ਗੋਬਿੰਦ ਕਰ ਪਰਵਾਨਾ, ਦੋਏ ਜੋੜ ਸੀਸ ਝੁਕਾਇੰਦਾ। ਪਾਰਬ੍ਰਹਮ ਦੇਵੇ ਸਾਚਾ ਦਾਨਾ, ਕਲਜੁਗ ਤੇਰੀ ਅੰਤਮ ਵੰਡ ਵੰਡਾਇੰਦਾ। ਗੁਰ ਗੋਬਿੰਦਾ ਖ਼ੁਸ਼ੀ ਮਨਾ, ਇਕ ਜੈਕਾਰਾ ਲਾਇਆ। ਵਾਹਿਗੁਰੂ ਫਤਿਹ ਰਿਹਾ ਗਜਾ, ਵਾਹ ਵਾਹ ਤੇਰੀ ਮਾਇਆ। ਤੇਰਾ ਬਾਣਾ ਲਿਆ ਸਜਾ, ਤੇਰੇ ਭਾਣੇ ਵਿਚ ਸਮਾਇਆ। ਅੰਤਮ ਲੱਜਿਆ ਰੱਖਣੀ ਆ, ਪੰਥ ਖਾਲਸਾ ਮਾਤ ਉਪਾਇਆ। ਪੁਰਖ ਅਬਿਨਾਸ਼ੀ ਕਰ ਬੈਠਾ ਹਾਂ, ਵੇਲੇ ਅੰਤਮ ਹੋਏ ਸਹਾਇਆ। ਗੁਰ ਗੋਬਿੰਦ ਪੁੱਛੇ ਪ੍ਰਭੂ ਤੇਰਾ ਕੇਹਿੜਾ ਨਾਂ, ਕਵਣ ਦਵਾਰੇ ਹੋਏ ਸਹਾਇਆ। ਪੁਰਖ ਅਬਿਨਾਸ਼ੀ ਰਿਹਾ ਜਣਾ, ਨਿਹਕਲੰਕਾ ਨਾਉਂ ਧਰਾਇਆ। ਸੰਬਲ ਨਗਰੀ ਡੇਰਾ ਲਵਾਂ ਲਾ, ਸਾਢੇ ਤਿੰਨ ਹੱਥ ਮਹੱਲ ਆਪ ਸੁਹਾਇਆ। ਆਪਣਾ ਸ਼ਬਦ ਦਵਾਂ ਅਲਾ, ਮੇਰਾ ਸ਼ਬਦ ਤੇਰਾ ਰੂਪ ਗੋਬਿੰਦ ਆਪ ਅਖਵਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਕਲਜੁਗ ਤੇਰੀ ਅੰਤਮ ਵਰ, ਜੋਤੀ ਜਾਮਾ ਭੇਖ ਧਰ, ਸੰਮਤ ਸੋਲਾ ਵੇਖ ਹਰਿ, ਸਤਾਰਾਂ ਹਾੜੀ ਪੰਥ ਖਾਲਸਾ ਦਏ ਉਠਾਇਆ। ਹਰਿ ਹਰਿ ਜੋਤ ਹਰਿ ਸਮਾਏ, ਹਰਿ ਹਰਿ ਆਪ ਅਖਵਾਇਆ। ਹਰਿ ਹਰਿ ਰੂਪ ਆਪ ਅਖਵਾਏ, ਹਰਿ ਹਰਿ ਵੇਖ ਵਖਾਇਆ। ਹਰਿ ਹਰਿ ਅਨੂਪ ਹੋ ਜਾਏ, ਹਰਿ ਹਰਿ ਭੇਖ ਵਟਾਇਆ। ਹਰਿ ਹਰਿ ਸ਼ਾਹੋ ਭੂਪ ਆਪ ਅਖਵਾਏ, ਹਰਿ ਹਰਿ ਆਪਣਾ ਆਸਣ ਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਲਏ ਉਪਾਇਆ। ਹਰਿ ਹਰਿ ਰੂਪ ਹਰਿ ਹਰਿ ਆਦਿ, ਹਰਿ ਹਰਿ ਸਖਾ ਸਹੇਲਿਆ। ਹਰਿ ਹਰਿ ਹੋਏ ਜੁਗਾਦੀ ਆਦਿ, ਹਰਿ ਹਰਿ ਰੰਗ ਨਵੇਲਿਆ। ਹਰਿ ਹਰਿ ਆਪਣਾ ਲਏ ਲਾਧ, ਹਰਿ ਹਰਿ ਆਪ ਆਪਣਾ ਆਪੇ ਮੇਲਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪੇ ਖੇਲਿਆ। ਆਪਣਾ ਖੇਲ ਹਰਿ ਆਪ ਖਿਲਾ, ਆਪਣੀ ਰਚਨ ਰਚਾਈਆ। ਆਪਣੀ ਜੋਤੀ ਆਪ ਜਗਾ, ਆਪਣੀ ਆਪ ਕਰੇ ਰੁਸ਼ਨਾਈਆ। ਆਪਣੀ ਸ਼ਕਤੀ ਆਪ ਉਪਾ, ਆਪਣੇ ਵਿਚ ਸਮਾਈਆ। ਆਪਣੀ ਭਗਤ ਆਪ ਕਰਾ, ਆਪ ਆਪਣਾ ਗੁਣ ਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੋਤੀ ਨੂਰ ਕਰੇ ਰੁਸ਼ਨਾਈਆ। ਜੋਤੀ ਨੂਰ ਕਰ ਉਜਿਆਰਾ, ਆਪਣਾ ਆਪ ਸੁਹਾਇਆ। ਆਪ ਆਪਣਾ ਕਰ ਪਿਆਰਾ, ਆਪ ਆਪਣਾ ਸੰਗ ਰਖਾਇਆ। ਆਪ ਆਪਣਾ ਦਏ ਨਾਮ ਅਧਾਰਾ, ਆਪ ਆਪਣਾ ਆਪੇ ਗਾਇਆ। ਆਪ ਆਪਣਾ ਵੇਖੇ ਧਾਮ ਨਿਆਰਾ, ਆਪ ਆਪਣਾ ਆਸਣ ਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਜੋਤੀ ਜੋਤ ਜਗਾਇਆ। ਹਰਿ ਜੋਤ ਨੂਰ ਅਗੰਮ, ਨਾ ਕੋਈ ਭੇਵ ਨਾ ਭੇਦਿਆ। ਹੱਡ ਮਾਸ ਨਾ ਨਾੜੀ ਚੰਮ, ਨਾ ਕੋਈ ਲਿਖੇ ਵੇਦ ਕਤੇਬਿਆ। ਆਪਣਾ ਜਾਣੇ ਆਪੇ ਕੰਮ, ਕਰੇ ਕਰਾਏ ਆਪ ਹਸੇਬਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਆਪੇ ਵੇਖਿਆ। ਆਪ ਆਪਣਾ ਆਪੇ ਵੇਖ, ਆਪਣੇ ਵਿਚ ਸਮਾਇੰਦਾ। ਆਪ ਆਪਣਾ ਜਾਣੇ ਭੇਖ, ਭੇਖਾਧਾਰੀ ਆਪ ਅਖਵਾਇੰਦਾ। ਆਪ ਆਪਣਾ ਲਿਖੇ ਲੇਖ, ਲੇਖਾ ਆਪਣੇ ਹੱਥ ਰਖਾਇੰਦਾ। ਆਪੇ ਜਾਣੇ ਆਪਣੀ ਰੇਖ, ਆਪ ਆਪਣੀ ਬਣਤ ਬਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰੀ ਹਰਿ ਹਰਿ ਹਰਿ ਆਪ ਅਖਵਾਇੰਦਾ। ਹਰਿ ਰੂਪ ਅਗੰਮ ਅਥਾਹ, ਬੇਪਰਵਾਹ ਸਮਾਇਆ। ਆਪੇ ਜਾਣੇ ਆਪਣਾ ਨਾਂ, ਲੇਖਾ ਲੇਖ ਨਾ ਕੋਈ ਵਖਾਇਆ। ਆਪ ਆਪਣੀ ਰੱਖੇ ਛਾਂ, ਆਪ ਆਪਣਾ ਹੱਥ ਸਿਰ ਟਿਕਾਇਆ। ਨਾ ਕੋਈ ਪਿਤਾ ਨਾ ਕੋਈ ਮਾਂ, ਸਾਕ ਸੈਣ ਨਾ ਕੋਈ ਜਣਾਇਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਨਾਉਂ ਧਰਾਇਆ। ਆਪ ਆਪਣੀ ਹਰਿ ਕਲ ਧਾਰ, ਆਪਣੀ ਜੋਤ ਜਗਾਈਆ। ਆਪਣੀ ਇਛਿਆ ਕਰ ਵਿਚਾਰ, ਆਪਣੀ ਬਣਤ ਬਣਾਈਆ। ਆਪੇ ਦੇਵਣਹਾਰਾ ਵਰ ਭਰੇ ਭੰਡਾਰ, ਆਪ ਆਪਣੀ ਝੋਲੀ ਪਾਈਆ। ਆਪ ਆਪਣਾ ਕਰ ਸ਼ੰਗਾਰ, ਆਪ ਆਪਣੀ ਸੇਜਾ ਬੈਠਾ ਆਸਣ ਲਾਈਆ। ਆਪੇ ਹੋਇਆ ਕੰਤ ਭਤਾਰ, ਆਪੇ ਨਾਰੀ ਰੂਪ ਅਖਵਾਈਆ। ਆਪੇ ਮੇਲਾ ਕਰੇ ਕਰਾਏ ਅਪਰ ਅਪਾਰ, ਆਪ ਆਪਣੀ ਬਿੰਦ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਵੇਖ ਵਖਾਈਆ। ਵੇਖਣਹਾਰਾ ਹਰਿ ਅਕੱਲਾ, ਏਕਾ ਏਕ ਵਖਾਇਆ। ਆਪੇ ਵਸਿਆ ਸਚ ਮਹੱਲਾ, ਨਾ ਕੋਈ ਦੂਸਰ ਸੰਗ ਰਲਾਇਆ। ਨਿਹਚਲ ਧਾਮ ਊਚ ਅਟੱਲਾ, ਦਿਸ ਕਿਸੇ ਨਾ ਆਇਆ। ਦੀਪਕ ਜੋਤੀ ਏਕਾ ਬੱਲਾ, ਅੱਠੇ ਪਹਿਰ ਰਹੇ ਰੁਸ਼ਨਾਇਆ। ਆਪਣਾ ਦਰ ਆਪਣਾ ਘਰ ਆਪਣਾ ਵਰ ਹਰਿ ਆਪੇ ਮੱਲਾ, ਆਪ ਆਪਣਾ ਲਏ ਪਰਨਾਇਆ। ਆਪ ਆਪਣਾ ਹਰਿ ਪਰਨਾ, ਆਪਣੀ ਸੇਜ ਆਪ ਹੰਢਾਇੰਦਾ। ਨਾਰੀ ਕੰਤ ਆਪ ਅਖਵਾ, ਕੰਤਾ ਨਾਰੀ ਰੂਪ ਹੋ ਜਾਇੰਦਾ। ਆਪ ਆਪਣੀ ਦਇਆ ਕਮਾ, ਆਪ ਆਪਣਾ ਵੇਖ ਵਖਾਇੰਦਾ। ਆਪ ਆਪਣੇ ਵਿਚ ਲਏ ਟਿਕਾ, ਉਤਪਤ ਆਪਣਾ ਆਪ ਉਪਾਇੰਦਾ। ਆਪ ਆਪਣਾ ਨਾਉਂ ਧਰਾ, ਆਪੇ ਆਪ ਬੁਲਾਇੰਦਾ। ਜੋਤੀ ਜੋਤ ਜੋਤ ਪਰਗਟਾ, ਸਾਚਾ ਬੰਸ ਸੁਹਾਇੰਦਾ। ਸ਼ਬਦ ਸੁਤ ਹਰਿ ਲਏ ਬਣਾ, ਜੋਤੀ ਮਾਤਾ ਝੋਲੀ ਪਾਇੰਦਾ। ਅਗੰਮ ਦੇਸ ਹਰਿ ਦਏ ਸੁਹਾ, ਅਨਾਮੀ ਨਿਹਕਾਮੀ ਆਪ ਹੋ ਜਾਇੰਦਾ। ਆਪੇ ਹੋਏ ਹਰਿ ਸਵਾਮੀ, ਬਖ਼ਸ਼ਣਹਾਰ ਆਪ ਅਖਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅਗੰਮ ਅਗੰਮੜੀ ਕਾਰ ਕਰਾਇੰਦਾ। ਅਗੰਮ ਅਗੰਮੜਾ ਹਰਿ ਕਰਤਾਰਾ, ਆਪਣੀ ਬਣਤ ਬਣਾਇੰਦਾ। ਆਪ ਆਪਣਾ ਕਰ ਪਸਾਰਾ, ਆਪ ਆਪਣਾ ਧਾਮ ਸੁਹਾਇੰਦਾ। ਆਪ ਆਪਣਾ ਕਰ ਉਜਿਆਰਾ, ਆਪ ਆਪਣਾ ਵੇਖ ਵਖਾਇੰਦਾ। ਆਪ ਆਪਣਾ ਕਰ ਪਿਆਰਾ, ਆਪ ਆਪਣਾ ਮੇਲ ਮਿਲਾਇੰਦਾ। ਆਪ ਆਪਣਾ ਬਣਿਆ ਮੀਤ ਮੁਰਾਰਾ, ਆਪ ਆਪਣਾ ਸੰਗ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅਗੰਮ ਅਗੰਮੜੇ ਧਾਮ ਸੁਹਾਇੰਦਾ। ਅਗੰਮ ਅਗੰਮੜਾ ਧਾਮ ਸੁਹੰਜਣਾ, ਹਰਿ ਸਾਚੀ ਜੋਤ ਜਗਾਇੰਦਾ। ਜਗੇ ਜੋਤ ਆਦਿ ਨਿਰੰਜਣਾ, ਜਗਾਵਣਹਾਰ ਆਪ ਅਖਵਾਇੰਦਾ। ਆਪੇ ਹੋਏ ਦਰ ਦਰ ਘਰ ਘਰ ਦਰਦ ਦੁੱਖ ਭੈ ਭੰਜਨਾ, ਸਮਰਥ ਪੁਰਖ ਨਾਉਂ ਧਰਾਇੰਦਾ। ਆਪ ਆਪਣਾ ਪੜਦਾ ਆਪੇ ਕੱਜਣਾ, ਆਪ ਆਪਣਾ ਪੱਲੂ ਪਾਇੰਦਾ। ਆਪ ਆਪਣਾ ਬਣਿਆ ਸਾਚਾ ਸੱਜਣਾ, ਸਗਲਾ ਸੰਗ ਨਿਭਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅਗੰਮ ਅਗੰਮੜੇ ਧਾਮ ਸੁਹਾਇੰਦਾ। ਅਗੰਮ ਅਗੰਮੜਾ ਧਾਮ ਨਿਆਰਾ, ਹਰਿ ਸਾਚੀ ਜੋਤ ਜਗਾਈਆ। ਨਾ ਕੋਈ ਦਿਸੇ ਬੰਦ ਕਿਵਾੜਾ, ਚਾਰ ਦਵਾਰਾ ਨਾ ਕੋਈ ਰਖਾਈਆ। ਆਪ ਆਪਣਾ ਕਰ ਪਸਾਰਾ, ਆਪੇ ਬੈਠਾ ਆਸਣ ਲਾਈਆ। ਆਪੇ ਹੋਏ ਹਰਿ ਸਿਕਦਾਰਾ, ਆਪ ਆਪਣੀ ਰਿਹਾ ਚਲਾਈਆ। ਆਪ ਆਪਣਾ ਹੋਏ ਪਹਿਰੇਦਾਰਾ, ਆਪ ਆਪਣੀ ਸੇਵ ਕਮਾਈਆ। ਆਪੇ ਵਸਿਆ ਮਹੱਲ ਅਟੱਲ ਉਚ ਮੁਨਾਰਾ, ਦਿਸ ਕਿਸੇ ਨਾ ਆਈਆ। ਅਗੰਮ ਅਗੰਮੜਾ ਅਗੰਮੜੀ ਪਾਏ ਸਾਰਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਸੰਗ ਨਿਭਾਈਆ। ਅਗੰਮ ਅਗੰਮੜਾ ਧਾਮ ਅਵੱਲਾ, ਜਗੇ ਜੋਤ ਅਪਾਰਾ। ਆਪੇ ਬੈਠਾ ਇਕ ਅਕੱਲਾ, ਆਪ ਆਪਣਾ ਦਏ ਸਹਾਰਾ। ਆਪਣੇ ਅੰਦਰ ਆਪੇ ਰੱਲਾ, ਆਪ ਸੁਹਾਏ ਆਪਣਾ ਦਵਾਰਾ। ਆਪਣਾ ਧਾਮ ਆਪੇ ਮੱਲਾ, ਆਪਣਾ ਆਪ ਕਰੇ ਜੈਕਾਰਾ। ਆਪ ਆਪਣਾ ਆਪੇ ਛੱਲਾ, ਆਪੇ ਜਾਣੇ ਆਪਣੀ ਧਾਰਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਸੁਹਾਏ ਹਰਿ ਦਵਾਰਾ। ਹਰਿ ਦਵਾਰ ਸਾਚਾ ਘਰ, ਹਰਿ ਸਚ ਕਰੇ ਰੁਸ਼ਨਾਈਆ। ਕਿਸੇ ਨਾ ਦਿਸੇ ਕੋਈ ਵਰ, ਨਾ ਕੋਈ ਵੇਖ ਵਖਾਈਆ। ਅਗੰਮ ਅਗੰਮੜਾ ਹਰੀ ਹਰਿ, ਹਰਿ ਹਰਿ ਰੂਪ ਅਖਵਾਈਆ। ਆਪਣੀ ਕਰਨੀ ਰਿਹਾ ਕਰ, ਕਰਤਾ ਪੁਰਖ ਆਪ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅਗੰਮ ਅਗੰਮ ਦਏ ਸੁਹਾਈਆ। ਅਗੰਮ ਅਗੰਮ ਹਰਿ ਵੰਡ ਵੰਡਾ, ਆਪਣਾ ਭੇਖ ਵਟਾਇੰਦਾ। ਜੋਤੀ ਜੋਤ ਲਏ ਜਗਾ, ਜੋਤੀ ਜੋਤ ਸੰਗ ਰਖਾਇੰਦਾ। ਅਲੱਖ ਨਿਰੰਜਣ ਅਲੱਖ ਦੇਸ ਦਏ ਸੁਹਾ, ਏਕਾ ਅਲੱਖ ਜਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਕਰ ਪਰਤੱਖ, ਆਪਣੀ ਰਚਨ ਰਚਾਇੰਦਾ। ਅਲੱਖ ਦੇਸ ਹਰਿ ਅਲੱਖ ਜਗਾ, ਏਕਾ ਨਾਅਰਾ ਲਾਇੰਦਾ। ਆਪ ਆਪਣਾ ਰਿਹਾ ਜਣਾ, ਆਪ ਆਪਣਾ ਭੇਵ ਖੁਲ੍ਹਾਇੰਦਾ। ਭੇਵ ਅਭੇਦਾ ਆਪ ਅਖਵਾ, ਆਪ ਆਪਣੇ ਵਿਚ ਸਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪੇ ਜਾਣੇ ਆਪਣੀ ਧਾਰ, ਅਲੱਖ ਅਲੱਖ ਕਰ ਪਿਆਰ, ਸਤਿ ਪੁਰਖੇ ਵਿਚ ਸਮਾਇੰਦਾ। ਸਤਿ ਪੁਰਖ ਹਰਿ ਸਤਿ ਵਰਤਾ, ਸਾਚਾ ਦਰ ਸੁਹਾਇਆ। ਆਪਣਾ ਦਰ ਆਪ ਮੱਲਾ, ਆਪਣਾ ਘਰ ਆਪ ਸੁਹਾਇਆ। ਆਪਣੀ ਜੋਤੀ ਆਪੇ ਰੱਲਾ, ਆਪ ਆਪਣਾ ਰੰਗ ਵਟਾਇਆ। ਸ਼ਬਦ ਸੁਤ ਕਰ ਤਿਆਰ ਇਕ ਸੁਨੇਹੜਾ ਸਾਚਾ ਘੱਲਾ, ਭੇਵ ਕੋਈ ਨਾ ਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣੀ ਰਚਨ ਰਚਾਇਆ। ਸ਼ਬਦ ਸੁਤ ਕਰ ਤਿਆਰ, ਹਰਿ ਸਾਚੀ ਬਣਤ ਬਣਾਈਆ। ਜੋਤੀ ਮਾਤਾ ਦਏ ਪਿਆਰ, ਆਦਿ ਸ਼ਕਤ ਨਾਉਂ ਧਰਾਈਆ। ਰੂਪ ਰੰਗ ਅਗੰਮ ਅਪਾਰ, ਭੇਵ ਨਾ ਕੋਈ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕ ਦਵਾਰਾ ਹਰਿ ਨਿਰੰਕਾਰਾ ਸਾਚਾ ਦਏ ਸੁਹਾਈਆ। ਸਤਿ ਘਰ ਸਤਿ ਉਪਦੇਸ਼, ਹਰਿ ਸਤਿ ਕਰੇ ਵਰਤਾਰਿਆ। ਆਪੇ ਹੋਏ ਨਰ ਨਰੇਸ਼, ਆਪਣਾ ਖੇਲ ਆਪ ਖਿਲਾ ਰਿਹਾ। ਛੇਵੇ ਘਰ ਆਪੇ ਵੇਖ, ਛੱਪਰ ਛੰਨ ਡੇਰਾ ਕੋਈ ਨਾ ਲਾ ਰਿਹਾ। ਪੰਚਮ ਮੇਲਾ ਸ਼ਬਦ ਵਸੇਖ, ਇਕ ਬਿਬੇਕ ਜਣਾ ਰਿਹਾ। ਸਤਿਨਾਮ ਤੇਰੀ ਲਿਖੇ ਰੇਖ, ਲਿਖਣਹਾਰ ਆਪ ਅਖਵਾ ਰਿਹਾ। ਸੁਤ ਸ਼ਬਦ ਆਪਣਾ ਆਪ ਲਿਆ ਵੇਖ, ਘਰ ਸਾਚੇ ਸੀਸ ਨਵਾ ਲਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੂਤ ਸਪੂਤੇ ਝੋਲੀ ਪਾ ਰਿਹਾ। ਸ਼ਬਦ ਸੁਤ ਕਰ ਪਰਵਾਨ, ਹੋਏ ਵਡ ਬਲਕਾਰਾ। ਜੋਤੀ ਜੋਤ ਜੋਤ ਭਗਵਾਨ, ਭਰੇ ਹਰਿ ਭੰਡਾਰਾ। ਆਪ ਆਪਣਾ ਦੇਵੇ ਦਾਨ, ਆਪੇ ਹੋਏ ਵਰਤਾਰਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਬੰਨਣਹਾਰਾ ਧਾਰਾ। ਗੁਰਸਿਖ ਮੰਗੇ ਮੰਗ, ਚਰਨ ਦਵਾਰਿਆ। ਕਾਇਆ ਚੋਲੀ ਚਾੜ੍ਹੇ ਰੰਗ, ਉਤਰ ਨਾ ਜਾਏ ਵਿਚ ਸੰਸਾਰਿਆ। ਵੱਜੇ ਨਾਮ ਸੱਚਾ ਮਰਦੰਗ, ਅਨਹਦ ਧੁਨ ਧੁਨ ਅਪਾਰਿਆ। ਅੰਮ੍ਰਿਤ ਨੁਹਾਏ ਸਾਚੀ ਗੰਗ, ਸਰ ਸਰੋਵਰ ਇਕ ਵਖਾ ਰਿਹਾ। ਜਗਤ ਤ੍ਰਿਸਨਾ ਮਿਟੇ ਭੁੱਖ ਨੰਗ, ਨਾਮ ਖ਼ਜ਼ਾਨਾ ਝੋਲੀ ਪਾ ਰਿਹਾ। ਗੁਰ ਸ਼ਬਦ ਲਗਾਏ ਆਪਣੇ ਅੰਗ, ਸੁਰਤ ਸਵਾਣੀ ਮੇਲ ਮਿਲਾ ਰਿਹਾ। ਆਤਮ ਸੇਜ ਸਚ ਪਲੰਘ, ਗੁਰ ਪੂਰਾ ਆਪ ਵਿਛਾ ਰਿਹਾ। ਸਚ ਦਵਾਰੇ ਬੈਠਾ ਲੰਘ, ਜੋਤੀ ਨੂਰ ਡਗਮਗਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਸਿਖ ਪੂਰਨ ਬੂਝ ਬੁਝਾ ਰਿਹਾ। ਗੁਰਸਿਖ ਗੁਰ ਜੁਗ ਜੁਗ ਨਾਤਾ, ਹਰਿ ਸਾਚਾ ਆਪ ਬੰਧਾਇੰਦਾ। ਨਾ ਕੋਈ ਜਾਣੇ ਜਾਤਾ ਪਾਤਾ, ਦੀਨ ਮਜ਼੍ਹਬ ਨਾ ਕੋਈ ਰਖਾਇੰਦਾ। ਪੁਰਖ ਅਗੰਮੜਾ ਕਮਲਾਪਾਤਾ, ਪਾਰਬ੍ਰਹਮ ਹੋ ਜਾਇੰਦਾ। ਏਕਾ ਦੇਵੇ ਧੁਰ ਦਰਗਾਹੀ ਸਾਚੀ ਦਾਤਾ, ਜਗਤ ਹੱਟ ਨਾ ਕੋਈ ਵਿਕਾਇੰਦਾ। ਕਾਇਆ ਮਿਟੇ ਰੈਣ ਅੰਧੇਰੀ ਰਾਤਾ, ਦੀਪਕ ਸਾਚੀ ਜੋਤ ਜਗਾਇੰਦਾ। ਮਿਲੇ ਮੇਲ ਹਰਿ ਪੁਰਖ ਬਿਧਾਤਾ, ਵਿਛੜ ਕਦੇ ਨਾ ਜਾਇੰਦਾ । ਆਪੇ ਹੋਏ ਪਿਤਾ ਮਾਤਾ, ਆਪ ਆਪਣੀ ਗੋਦ ਉਠਾਇੰਦਾ। ਆਪੇ ਰੱਖੇ ਦੇ ਕਰ ਹਾਥਾ, ਸਮਰਥ ਪੁਰਖ ਆਪ ਅਖਵਾਇੰਦਾ। ਸਗਲ ਵਿਸੂਰਾ ਹਰਿਜਨ ਲਾਥਾ, ਜਿਸ ਜਨ ਆਪਣੀ ਬੂਝ ਬੁਝਾਇੰਦਾ। ਲਹਿਣਾ ਦੇਣ ਚੁਕਾਏ ਪੂਜਾ ਪਾਠਾ, ਤੀਰਥ ਤਟ ਪੰਧ ਮੁਕਾਇੰਦਾ। ਬਜਰ ਕਪਾਟੀ ਖੋਲ੍ਹੇ ਗਾਠਾ, ਸਾਚਾ ਰਾਹ ਵਖਾਇੰਦਾ। ਦੀਪਕ ਜੋਤੀ ਜਗੇ ਲਿਲਾਟਾ, ਧੁਰ ਮਸਤਕ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਬ੍ਰਹਮ ਜਣਾਇੰਦਾ। ਏਕਾ ਗੁਰ ਇਕ ਗਿਆਨਾ, ਏਕਾ ਸ਼ਬਦ ਜਣਾਈਆ। ਏਕਾ ਸੁਰ ਏਕਾ ਗਾਣਾ, ਏਕਾ ਨਾਦ ਵਜਾਈਆ। ਏਕਾ ਨਾਮ ਇਕ ਬਿਬਾਨਾ, ਏਕਾ ਰਿਹਾ ਚੜ੍ਹਾਈਆ। ਏਕਾ ਤਾਲ ਇਕ ਤਰਾਨਾ, ਏਕਾ ਰਿਹਾ ਸੁਣਾਈਆ। ਏਕਾ ਜੋਤ ਸ੍ਰੀ ਭਗਵਾਨਾ, ਆਦਿ ਜੁਗਾਦਿ ਆਪ ਸਮਾਈਆ। ਜੁਗ ਜੁਗ ਜਨ ਭਗਤਾਂ ਮੇਲੇ ਮੇਲ ਵਿਚ ਜਹਾਨਾ, ਦੋ ਜਹਾਨਾ ਪੰਧ ਮੁਕਾਈਆ। ਪੰਚ ਵਖਾਏ ਧੁਰ ਨਿਸ਼ਾਨਾ, ਧੁਰ ਦੀ ਬਾਣ ਜਣਾਈਆ। ਹਰਿਜਨ ਪੌਣਾ ਪਦ ਨਿਰਬਾਨਾ, ਪਰਮ ਪੁਰਖ ਸਮਾਈਆ। ਸੋ ਪੁਰਖ ਨਿਰੰਜਣ ਹੋਇਆ ਮਿਹਰਵਾਨਾ, ਹੰ ਹੰਗਤਾ ਦਏ ਮਿਟਾਈਆ। ਚਰਨ ਧੂੜ ਬਖ਼ਸ਼ੇ ਮਜਨ ਸੱਚਾ ਅਸ਼ਨਾਨਾ, ਦੁਰਮਤ ਮੈਲ ਦਏ ਗਵਾਈਆ। ਗੁਰਸਿਖ ਗੋਪੀ ਗੁਰ ਸ਼ਬਦ ਸਾਚਾ ਕਾਹਨਾ, ਨਾਮ ਬੰਸਰੀ ਰਿਹਾ ਵਜਾਈਆ। ਸੀਤਾ ਸੁਰਤੀ ਮਿਲੇ ਰਾਮ ਰਾਮਾ, ਵਿਚ ਸਮਾਈਆ। ਨਾਨਕ ਗੁਰ ਰਾਹ ਇਕ ਵਿਖਾਨਾ, ਆਤਮ ਬ੍ਰਹਮ ਜਣਾਈਆ। ਭਗਤ ਭਗਵੰਤ ਘਰ ਇਕ ਸੁਹਾਨਾ, ਏਕਾ ਘਰ ਵੱਜੇ ਵਧਾਈਆ। ਗੁਰ ਗੋਬਿੰਦ ਕਰੇ ਪਰਵਾਨਾ, ਨਿਰਮਲ ਜੋਤ ਕਰੇ ਰੁਸ਼ਨਾਈਆ। ਆਵਣ ਜਾਵਣ ਚੁੱਕੇ ਕਾਨਾ, ਲੱਖ ਚੁਰਾਸੀ ਫੰਦ ਕਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਸਾਜਨ ਦੇਵੇ ਵਰ, ਪਰਮਾਨੰਦ ਵਿਚ ਸਮਾਈਆ। ਪਰਮਾਨੰਦ ਆਤਮ ਰਸ, ਗੁਰਮੁਖ ਵਿਰਲੇ ਪਾਇਆ। ਜੀਵ ਜੰਤ ਸਾਧ ਸੰਤ ਦਰ ਦਵਾਰੇ ਰਹੇ ਨੱਸ, ਦਰ ਦਰਵਾਜ਼ਾ ਨਾ ਕੋਈ ਖੁਲ੍ਹਾਇਆ। ਕਾਇਆ ਮੰਦਰ ਅੰਦਰ ਰੈਣ ਅੰਧੇਰੀ ਮੱਸ, ਦੀਪਕ ਜੋਤ ਨਾ ਕੋਇ ਜਗਾਇਆ। ਜਿਸ ਜਨ ਕਿਰਪਾ ਦੇਵੇ ਕਰ ਕਰੇ ਪਰਕਾਸ਼ ਕੋਟਨ ਰਵ ਸਸ, ਸੂਰਜ ਚੰਨ ਰਹੇ ਸ਼ਰਮਾਇਆ। ਏਕਾ ਰਾਹ ਪ੍ਰਭ ਰਿਹਾ ਦੱਸ, ਨੇਤਰ ਲੋਚਣ ਨੈਣ ਦਰਸ਼ਨ ਪਾਇਆ। ਪੰਚ ਵਿਕਾਰਾ ਹੋਇਆ ਵਸ, ਗੁਰ ਸ਼ਬਦ ਖੰਡਾ ਹੱਥ ਵਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਲੜ ਫੜਾਇਆ। ਆਪ ਆਪਣਾ ਲੜ ਫੜਾ ਆਪ ਆਪਣੀ ਦਇਆ ਕਮਾਇੰਦਾ। ਆਪਣੇ ਪੌੜੇ ਆਪੇ ਦਏ ਚੜ੍ਹਾ, ਆਪੇ ਕੁੰਡਾ ਲਾਹਿੰਦਾ। ਸੱਸੇ ਉਪਰ ਹੋੜਾ ਲਾ, ਨਿਰਗੁਣ ਸਰਗੁਣ ਮੇਲ ਮਿਲਾਇੰਦਾ। ਹੰ ਹੰਗਤਾ ਦਏ ਮਿਟਾ, ਸਤਿਗੁਰ ਸਾਚਾ ਦਇਆ ਕਮਾਇੰਦਾ। ਜਿਉਂ ਨਾਨਕ ਅੰਗਦਾ ਅੰਗਦ ਵਿਚ ਗਿਆ ਸਮਾ, ਏਕਾ ਦੂਜਾ ਭੌ ਚੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਗੁਰਸਿਖ ਸਾਚੇ ਪਾਰ ਕਰਾਇੰਦਾ। ਗੁਰਮੁਖ ਸਾਚਾ ਦਰ ਭਿਖਾਰੀ, ਮੰਗੇ ਮੰਗ ਅਪਾਰਾ। ਸਤਿਗੁਰ ਪੂਰੇ ਕਿਰਪਾ ਧਾਰੀ, ਵਖਾਏ ਸਚ ਦਰਬਾਰਾ। ਨਿਰਮਲ ਜੋਤ ਜਗੇ ਨਿਰੰਕਾਰੀ, ਅੱਠੇ ਪਹਿਰ ਉਜਿਆਰਾ। ਮਿਲੇ ਮੇਲ ਹਰਿ ਸੱਜਣ ਮੀਤ ਮੁਰਾਰੀ, ਵਿਛੜਿਆ ਸੰਸਾਰਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਸਿਖ ਸੁਹਾਏ ਸਚ ਦਵਾਰਾ। ਗੁਰਸਿਖ ਸਾਚੇ ਸਚ ਦਵਾਰਾ, ਕਾਇਆ ਮੰਦਰ ਹਰਿ ਸੁਹਾਈਆ। ਆਪ ਆਪਣਾ ਕਰ ਪਿਆਰਾ, ਦੂਈ ਦਵੈਤੀ ਜੰਦਰ ਦਏ ਤੁੜਾਈਆ। ਏਕਾ ਬਖ਼ਸ਼ੇ ਅੰਮ੍ਰਿਤ ਧਾਰਾ, ਨਿਝਰ ਧਾਰ ਵਹਾਈਆ। ਮੇਲ ਮਿਲਾਏ ਕੰਤ ਭਤਾਰਾ, ਸਾਚੀ ਨਾਰੀ ਸੇਜ ਸੁਹਾਈਆ। ਮਿਲੇ ਮੇਲ ਪੁਰਖ ਅਗੰਮ ਅਪਾਰਾ, ਅਗਨੀ ਤਤ ਜਲਾਈਆ। ਤ੍ਰੈਗੁਣ ਤੇਰਾ ਪਾਰ ਕਿਨਾਰਾ, ਪੰਜ ਪੰਜੀ ਮੂਲ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਮੇਲਾ ਸਾਚੇ ਘਰ, ਘਰ ਸਾਚਾ ਇਕ ਸੁਹਾਈਆ। ਸਾਚਾ ਘਰ ਆਦਿ ਨਿਰੰਜਣ, ਏਕਾ ਏਕ ਰਖਾਇਆ। ਆਪੇ ਹੋਏ ਦਰਦ ਦੁੱਖ ਭੈ ਭੰਜਨ, ਹਰਿਜਨ ਸਾਚੇ ਲਏ ਤਰਾਇਆ। ਨੇਤਰ ਪਾਏ ਦਰਸ ਨੂਰੀ ਅੰਜਨ, ਨੂਰੋ ਨੂਰ ਸਮਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਸਾਜਨ ਮੇਲ ਦਰ, ਦਰ ਦਰਵਾਜ਼ਾ ਇਕ ਵਖਾਇਆ। ਦਰ ਦਰਵਾਜ਼ਾ ਸਾਚਾ ਘਰ, ਮਹੱਲ ਅਟੱਲ ਮੁਨਾਰਾ। ਆਪੇ ਵਸਿਆ ਹਰੀ ਹਰਿ, ਬੇਐਬ ਪਰਵਰਦਿਗਾਰਾ। ਜਿਸ ਜਨ ਆਪਣੀ ਕਿਰਪਾ ਦੇਵੇ ਕਰ, ਰੰਗੇ ਰੰਗ ਅਪਰ ਅਪਾਰਾ। ਮੇਲ ਮਿਲਾਏ ਹਰੀ ਹਰਿ, ਹਰਿ ਸਾਜਨ ਮੀਤ ਮੁਰਾਰਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਮੇਲਾ ਏਕਾ ਘਰ, ਦੂਜਾ ਦਿਸੇ ਨਾ ਕੋਈ ਦਵਾਰਾ। ਹਰਿ ਸ਼ਬਦ ਗੁਰ ਵਸਿਆ, ਗੁਰ ਸ਼ਬਦ ਜਗ ਧਾਰ। ਗੁਰ ਪੂਰੇ ਗੁਰਮੁਖ ਦੱਸਿਆ, ਗੁਰਸਿਖ ਪਾਵੇ ਸਾਰ। ਤੀਰ ਨਿਰਾਲਾ ਏਕਾ ਕਸਿਆ, ਬਜਰ ਕਪਾਟੀ ਦੇਵੇ ਪਾੜ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਜਾਣੇ ਆਪਣੀ ਧਾਰ। ਹਰਿ ਸ਼ਬਦ ਗੁਰ ਭੇਟਿਆ, ਗੁਰ ਸ਼ਬਦ ਮਲਾਹ। ਗੁਰ ਸ਼ਬਦ ਖੇਵਟ ਖੇਟਿਆ, ਗੁਰਸਿਖ ਪਕੜੇ ਬਾਂਹ। ਗੁਰਸਿਖ ਸਾਚਾ ਬੇਟਿਆ, ਗੁਰ ਸ਼ਬਦ ਜਪਾਏ ਨਾਂ। ਏਕਾ ਤਾਣਾ ਏਕਾ ਪੇਟਿਆ, ਇਕ ਵਖਾਏ ਸਾਚਾ ਥਾਂ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਜਾਣੇ ਆਪਣਾ ਨਾਂ। ਜੁਗ ਜੁਗ ਖੇਲ ਖਿਲਾਵਣਹਾਰਾ, ਆਦਿ ਪੁਰਖ ਅਬਿਨਾਸ਼ਾ। ਜੁਗ ਜੁਗ ਮੇਲ ਮਿਲਾਵਣਹਾਰਾ, ਜੁਗ ਜੁਗ ਪਾਵੇ ਮੰਡਲ ਰਾਸਾ। ਜੁਗ ਜੁਗ ਭੇਖਾਧਾਰੀ ਬਲ ਬਾਵਨ ਧਾਰਣਹਾਰਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਖੇਲੇ ਖੇਲ ਪ੍ਰਿਥਮੀ ਆਕਾਸ਼ਾ। ਜੁਗ ਜੁਗ ਖੇਲ ਹਰਿ ਖਿਲੰਦੜਾ, ਖੇਲਣਹਾਰ ਅਖਵਾਇੰਦਾ। ਸਤਿਜੁਗ ਸਾਚਾ ਪਾਰ ਕਰੰਦੜਾ, ਪਰਮ ਪੁਰਖ ਅਖਵਾਇੰਦਾ। ਤ੍ਰੇਤਾ ਤ੍ਰਿਆ ਵੇਖ ਵਖੰਦੜਾ, ਆਪਣੇ ਰੰਗ ਰੰਗਾਇੰਦਾ। ਦੁਆਪਰ ਭਾਰ ਉਠੰਦੜਾ, ਅੰਤਮ ਮੂਲ ਚੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਅੰਤਮ ਵੇਖ ਵਖਾਇੰਦਾ। ਕਲਜੁਗ ਤੇਰੀ ਅੰਤਮ ਰੈਣ, ਹਰਿ ਸਾਚਾ ਵੇਖ ਵਖਾਇੰਦਾ। ਲੱਖ ਚੁਰਾਸੀ ਨਾਤਾ ਤੋੜੇ ਮਾਤ ਪਿਤ ਸਾਕ ਸੱਜਣ ਭਾਈ ਭੈਣ, ਨਾ ਕੋਈ ਸੰਗ ਰਖਾਇੰਦਾ। ਸੰਗ ਮੁਹੰਮਦ ਚਾਰ ਯਾਰ ਚੁਕਾਏ ਲਹਿਣ ਦੇਣ, ਅੱਲਾ ਰਾਣੀ ਝੋਲੀ ਪਾਇੰਦਾ। ਆਪੇ ਵੇਖੇ ਆਪਣੇ ਨੈਣ, ਦਿਸ ਕਿਸੇ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਵੇਖੇ ਤੇਰਾ ਰੂਪ ਪਰਗਟ ਹੋਏ ਸ਼ਾਹੋ ਭੂਪ, ਸਰਬ ਕਲ ਆਪ ਅਖਵਾਇੰਦਾ। ਸ਼ਾਹੋ ਭੂਪ ਹਰਿ ਸੁਲਤਾਨਾ, ਨਿਰਗੁਣ ਰੂਪ ਸਮਾਇਆ। ਪਰਗਟ ਹੋਏ ਵਿਚ ਜਹਾਨਾ, ਜੋਤੀ ਜਾਮਾ ਪਾਇਆ। ਸ਼ਬਦ ਗੁਰ ਉਠਾਏ ਜੋਧਾ ਸੂਰ ਬਲੀ ਬਲਵਾਨਾ, ਨਾਮ ਚਿੱਲਾ ਇਕ ਫੜਾਇਆ। ਇਕ ਵਖਾਏ ਤੀਰ ਕਮਾਨਾ, ਇਕ ਨਿਸ਼ਾਨ ਲਗਾਇਆ। ਨੌ ਖੰਡ ਪ੍ਰਿਥਮੀ ਸੱਤਾਂ ਦੀਪਾਂ ਵੇਖੇ ਮਾਰ ਧਿਆਨਾ, ਲੋਆਂ ਪੁਰੀਆਂ ਫੇਰਾ ਪਾਇਆ। ਬ੍ਰਹਮਾ ਵਿਸ਼ਨ ਸ਼ਿਵ ਹੋਏ ਹੈਰਾਨਾ, ਦੇਵਤ ਸੁਰ ਰਿਹਾ ਕੁਰਲਾਇਆ । ਲੱਖ ਚੁਰਾਸੀ ਤੋੜੇ ਮਾਣਾ, ਵੇਲਾ ਅੰਤਮ ਆਇਆ। ਸੰਮਤ ਸੋਲਾਂ ਬੰਨ੍ਹੇ ਗਾਨਾ, ਹਾੜ ਸਤਾਰਾਂ ਦਿਵਸ ਲਿਖਾਇਆ। ਪਰਗਟ ਹੋਏ ਹਰਿ ਭਗਵਾਨਾ, ਹਰਿਜਨ ਸਾਚੇ ਲਏ ਜਗਾਇਆ। ਪਕੜ ਉਠਾਏ ਰਾਜ ਰਜਾਨਾ ਸ਼ਾਹ ਸੁਲਤਾਨਾ, ਸੋਇਆ ਕੋਇ ਰਹਿਣ ਨਾ ਪਾਇਆ। ਸਾਚਾ ਧਾਮ ਇਕ ਸੁਹਾਨਾ, ਹਰਿ ਸਾਚਾ ਦਰ ਸੁਹਾਇਆ । ਸੰਬਲ ਨਗਰੀ ਗੋਬਿੰਦ ਮਕਾਨਾ, ਗੁਰ ਗੋਬਿੰਦ ਡੇਰਾ ਲਾਇਆ। ਮਿਲਿਆ ਮੇਲ ਹਰਿ ਸ਼ਾਹ ਸ਼ਾਹਾਨਾ, ਹਰਿ ਸਾਚੇ ਵਿਚ ਸਮਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਹਰਿਜਨ ਸਾਚੇ ਲਏ ਵਰ, ਜੁਗ ਵਿਛੜੇ ਜਗ ਮੇਲ ਮਿਲਾਇਆ। ਜੁਗ ਵਿਛੜੇ ਜਗ ਮੇਲਿਆ, ਮੇਲਣਹਾਰ ਬੇਅੰਤ। ਆਪੇ ਗੁਰੂ ਗੁਰੂ ਗੁਰ ਚੇਲਿਆ, ਆਪੇ ਸਾਜਣ ਸਾਧ ਸੰਤ। ਆਪੇ ਹੋਏ ਸੱਜਣ ਸੁਹੇਲਿਆ, ਆਪ ਬਣਾਏ ਸਾਚੀ ਬਣਤ। ਆਪੇ ਵਸੇ ਇਕ ਇਕੇਲਿਆ, ਆਪੇ ਮਾਇਆ ਪਾਏ ਬੇਅੰਤ। ਕਲਜੁਗ ਖੇਲ ਪਾਰਬ੍ਰਹਮ ਅਬਿਨਾਸ਼ੀ ਕਰਤੇ ਨਿਰਗੁਣ ਆਪਣਾ ਖੇਲਿਆ, ਆਪਣੀ ਚੋਲੀ ਆਪੇ ਚਾੜ੍ਹੇ ਰੰਗ ਬਸੰਤ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਆਪੇ ਹੋਏ ਆਦਿ ਅੰਤ। ਆਦਿ ਅੰਤ ਏਕਉਂਕਾਰਾ, ਏਕਾ ਏਕ ਅਖਵਾਇੰਦਾ। ਆਪ ਆਪਣਾ ਕਰ ਪਸਾਰਾ, ਆਪ ਆਪਣਾ ਮੇਟ ਮਿਟਾਇੰਦਾ। ਆਪੇ ਵਸਿਆ ਧੁੰਧੂਕਾਰਾ, ਧੁੰਧੂਕਾਰ ਆਪ ਰਖਾਇੰਦਾ। ਆਪੇ ਜੋਤੀ ਨੂਰ ਕਰੇ ਉਜਿਆਰਾ, ਆਪੇ ਨੂਰੋ ਨੂਰ ਸਮਾਇੰਦਾ। ਆਪ ਆਪਣਾ ਕਰ ਅਕਾਰਾ, ਆਪ ਆਪਣਾ ਵੇਖ ਵਖਾਇੰਦਾ। ਆਪ ਆਪਣੀ ਬੰਨ੍ਹੇ ਧਾਰਾ, ਆਪ ਆਪਣੀ ਧਾਰ ਚਲਾਇੰਦਾ। ਲੋਆਂ ਪੁਰੀਆਂ ਕਰ ਪਸਾਰਾ, ਬ੍ਰਹਿਮੰਡ ਖੰਡ ਸੁਹਾਇੰਦਾ। ਜੇਰਜ ਅੰਡ ਰੂਪ ਅਪਾਰਾ, ਉਤਭੁਜ ਸੇਤਜ ਡੇਰਾ ਲਾਇੰਦਾ। ਤ੍ਰੈਗੁਣ ਤੇਰਾ ਖੇਲ ਅਪਾਰਾ, ਹਰਿ ਸਾਚਾ ਮੇਲ ਮਿਲਾਇੰਦਾ। ਕਲਜੁਗ ਤੇਰਾ ਵੇਖ ਕਿਨਾਰਾ, ਹਰਿ ਸਾਚੀ ਜੋਤ ਜਗਾਇੰਦਾ। ਸ਼ਬਦ ਗੁਰ ਫੜ ਸ਼ਬਦ ਖੰਡਾ ਦੋ ਧਾਰਾ, ਲੋਕਮਾਤ ਵੇਖ ਵਖਾਇੰਦਾ। ਨੌਂ ਖੰਡ ਪ੍ਰਿਥਮੀ ਤੋੜੇ ਗੜ੍ਹ ਹੰਕਾਰਾ, ਗੜ੍ਹ ਹੰਕਾਰੀ ਰਹਿਣ ਨਾ ਪਾਇੰਦਾ। ਕਰੇ ਕਰਾਏ ਕਰਨੇਹਾਰਾ, ਕੁਦਰਤ ਕਰਤਾ ਆਪ ਕਰਾਇੰਦਾ। ਜੋਗ ਜੋਗੀਸ਼ਰ ਜਗਤ ਜੁਗਤ ਨਾ ਪਾਵੇ ਸਾਰਾ, ਤਪ ਤਪੀਸ਼ਰ ਨਾ ਵੇਖ ਵਖਾਇੰਦਾ। ਮੁਨ ਮੁਨੀਸ਼ਰ ਨਾ ਜਾਣੇ ਧਾਰਾ, ਸੁਨ ਸਮਾਧ ਨਾ ਕੋਇ ਰਖਾਇੰਦਾ। ਗੁਰਮੁਖ ਸਾਜਣ ਸਾਚੇ ਮੇਲ ਮਿਲਾਏ ਦਇਆ ਕਮਾਏ ਦੇਵੇ ਦਰਸ ਅਗੰਮ ਅਪਾਰਾ, ਸਵੱਛ ਸਰੂਪੀ ਨਜ਼ਰੀ ਆਇੰਦਾ। ਕਲਜੁਗ ਨਾਤਾ ਕੂੜਾ ਮੇਟੇ ਕੂੜ ਪਸਾਰਾ, ਸਤਿਜੁਗ ਸਾਚਾ ਰਾਹ ਚਲਾਇੰਦਾ। ਵੀਹ ਸੌ ਵੀਹ ਬਿਕ੍ਰਮੀ ਤੇਰਾਂ ਲੋਕ ਜੈਕਾਰਾ, ਪੁਰਖ ਅਕਾਲਾ ਆਪ ਲਗਾਇੰਦਾ। ਚਾਰ ਵਰਨ ਅਠਾਰਾਂ ਬਰਨ ਸੋਹਣ ਇਕ ਦਵਾਰਾ, ਦੀਨ ਦਿਆਲਾ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚੇ ਮੇਲਾ ਹਰਿ, ਮੇਲ ਵਿਛੋੜ ਹੱਥ ਰਖਾਇੰਦਾ। ਸਤਿਗੁਰ ਪੂਰਾ ਜਾਣੀਏ, ਸਹਿਜੇ ਸਹਿਜ ਸਮਾਏ। ਸਤਿਗੁਰ ਪੂਰਾ ਜਾਣੀਏ, ਸਚ ਮੰਗਲ ਨਾਮ ਗਾਏ। ਸਤਿਗੁਰ ਪੂਰਾ ਜਾਣੀਏ, ਤਨ ਜੂਹ ਜੰਗਲ ਵੇਖ ਵਖਾਏ। ਸਤਿਗੁਰ ਪੂਰਾ ਜਾਣੀਏ, ਕਦਮਾਂ ਜਾਏ ਨਾ ਚਲ, ਮੰਗੇ ਮੰਗ ਨਾ ਜਗਤ ਦਵਾਰੀਏ। ਜੋਤੀ ਜੋਤ ਸਰੂਪ ਹਰਿ, ਆਪ ਆਪਣਾ ਵੇਖੇ ਘਰ, ਸਤਿਗੁਰ ਪੂਰਾ ਇਕ ਪਛਾਣੀਏ। ਸਤਿਗੁਰ ਗੁਰ ਗੁਰ ਗੋਬਿੰਦ, ਗੋਬਿੰਦ ਰੂਪ ਸਮਾਇਆ। ਆਪੇ ਲਾਹੇ ਸਗਲੀ ਚਿੰਦ, ਚਿੰਤਾ ਚਿਖਾ ਮਿਟਾਇਆ। ਗੁਰਮੁਖ ਉਪਜਾਏ ਆਪਣੀ ਬਿੰਦ, ਆਪਣੇ ਵਿਚ ਸਮਾਇਆ। ਸਤਿਗੁਰ ਪੂਰਾ ਦਾਤਾ ਗੁਣੀ ਗਹਿੰਦ, ਗੁਣਵੰਤਾ ਆਪ ਅਖਵਾਇਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੋਬਿੰਦ ਮੇਲਾ ਸਹਿਜ ਸੁਭਾਇਆ। ਗੁਰ ਗੋਬਿੰਦਾ ਵਡ ਵਡਿਆਈ, ਪਾਰਬ੍ਰਹਮ ਸਰਨਾਇਆ। ਰਾਮ ਕੌਰ ਕਰੇ ਜਣਾਈ, ਸ਼ਬਦ ਵਿਚੋਲਾ ਵਿਚ ਰਖਾਇਆ। ਆਵੇ ਜਾਵੇ ਚਾਈਂ ਚਾਈਂ, ਆਵਣ ਜਾਵਣ ਖੇਲ ਖਿਲਾਇਆ। ਏਕ ਅਨੇਕ ਆਪ ਆਪਣਾ ਰਿਹਾ ਵੇਖ, ਸ਼ਬਦ ਗੁਰ ਪੰਜ ਤਤ ਕੋਟਨ ਕੋਟ ਰੂਪ ਲਏ ਵਟਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰ ਗੋਬਿੰਦਾ ਮੇਲ ਮਿਲਾਇਆ। ਗੋਬਿੰਦ ਮੇਲਾ ਬ੍ਰਹਮ ਗਿਆਨੀ, ਪਾਰਬ੍ਰਹਮ ਵਿਚੋਲਾ। ਏਕਾ ਸ਼ਬਦ ਇਕ ਨਿਸ਼ਾਨੀ, ਏਕਾ ਸਤਿਗੁਰ ਬੋਲਾ। ਗੁਰ ਸ਼ਬਦ ਉਲਟਾਇਆ ਆਪਣਾ ਚੋਲਾ, ਪੁਰੀ ਅਨੰਦ ਖੇਲੇ ਹੋਲਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰ ਗੋਬਿੰਦੇ ਗੋਬਿੰਦ ਤੇਰਾ ਬਣਿਆ ਸਾਚਾ ਤੋਲਾ। ਬ੍ਰਹਮ ਜਣਾਈ ਪਾਰਬ੍ਰਹਮ ਜਾਣਿਆ, ਪਰਮ ਪੁਰਖ ਵਡਿਆਇਆ। ਏਕਾ ਰੰਗ ਏਕਾ ਸੰਗ ਏਕਾ ਘੋੜਾ ਏਕਾ ਤੰਗ, ਏਕਾ ਆਸਣ ਵੇਖ ਬ੍ਰਹਿਮੰਡ, ਆਪ ਆਪਣਾ ਉਪਰ ਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੁਰਖ ਅਬਿਨਾਸ਼ੀ ਘਟ ਘਟ ਵਾਸੀ ਏਕਾ ਸ਼ਬਦ ਇਕ ਜਣਾਈ, ਏਕਾ ਜੋਤ ਏਕਾ ਲਿਵ ਲਾਈ, ਏਕਾ ਘਰ ਵੱਜੇ ਵਧਾਈ, ਏਕਾ ਮੰਗਲ ਗਾਇਆ। ਏਕਾ ਮੰਗਲ ਮੰਗਲਾਚਾਰ, ਘਰ ਸਾਚੇ ਵੱਜੇ ਵਧਾਈਆ। ਮਿਲਿਆ ਮੇਲ ਮੀਤ ਮੁਰਾਰ, ਗੁਰ ਪੂਰਾ ਮੇਲ ਮਿਲਾਈਆ। ਆਤਮ ਬ੍ਰਹਮ ਬ੍ਰਹਮ ਵਿਚਾਰ, ਪਾਰਬ੍ਰਹਮ ਸੱਚੀ ਸਰਨਾਈਆ। ਜਰਮ ਕਰਮ ਨਾ ਕਰੇ ਵਿਚਾਰ, ਜਿਸ ਜਨ ਉਪਰ ਆਪਣੀ ਦਇਆ ਕਮਾਈਆ। ਇਕ ਵਖਾਏ ਸਚ ਦਵਾਰ, ਛਿਨ ਭੰਗਰ ਮੇਲ ਮਿਲਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਜੋਤੀ ਨੂਰ ਅਪਾਰ ਸਰਗੁਣ ਮੇਲੇ ਸਹਿਜ ਸਭਾਈਆ। ਨਿਰਗੁਣ ਮੇਲਾ ਸਰਗੁਣ ਅੰਦਰ, ਸੋਹੇ ਘਰ ਸੁਹੰਜਣਾ। ਆਪ ਸੁਹਾਏ ਸਾਚਾ ਮੰਦਰ, ਜੋਤ ਜਗਾਏ ਇਕ ਨਿਰੰਜਣਾ। ਮੁਕਾਮੇ ਹੱਕ ਹੱਕ ਖ਼ੁਦਾ, ਐਨਲਹੱਕ ਵਿਚਾਰਿਆ। ਗੁਰਮੁਖ ਸੁਰਤੀ ਹੋਏ ਨਾ ਕਦੇ ਜੁਦਾ, ਮਿਲੇ ਮੇਲ ਅੱਠੇ ਪਹਿਰਿਆ। ਆਪ ਆਪਣਾ ਕੀਤਾ ਫਿਦਾ, ਆਪਾ ਉਤੋਂ ਵਾਰਿਆ। ਏਕਾ ਧਾਮ ਦਸਾਏ ਗੁਰਮੁਖਾਂ ਸਿਧਾ, ਹਾੜ ਸਤਾਰਾਂ ਖ਼ੁਸ਼ੀ ਦਸਮ ਦਵਾਰਿਆ। ਆਪ ਜਣਾਏ ਆਪਣੀ ਬਿਧਾ, ਸੋ ਪੁਰਖ ਨਿਰੰਜਣ ਮੇਲ ਮਿਲਾ ਰਿਹਾ। ਦਰ ਦੁਰਕਾਏ ਰਿਧਾਂ ਸਿਧਾਂ, ਇਕ ਏਕਾ ਨਾਮ ਵਖਾ ਰਿਹਾ। ਸੁਰਤ ਸਵਾਣੀ ਘਰ ਸਾਚੇ ਬਹਿ ਬਹਿ ਪਾਏ ਗਿਧਾ, ਪਲੰਘ ਇਕ ਵਖਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਾੜ ਸਤਾਰਾਂ ਦਿਵਸ ਸੁਹਾ ਲਿਆ। ਹਾੜ ਸਤਾਰਾਂ ਸਾਚੀ ਹਾੜੀ, ਪ੍ਰਭ ਸਾਚਾ ਆਪ ਕਟਾਇੰਦਾ। ਗੁਰਮੁਖਾਂ ਮਗਰੋਂ ਲਾਹੇ ਪੰਚਮ ਧਾੜੀ, ਪੰਚਮ ਨੇੜ ਨਾ ਆਇੰਦਾ। ਹੋਏ ਸਹਾਈ ਪਿਛੇ ਅਗਾੜੀ, ਆਪ ਆਪਣੀ ਸੇਵ ਕਮਾਇੰਦਾ। ਹੋਏ ਸਹਾਈ ਜੰਗਲ ਜੂਹ ਉਜਾੜ ਪਹਾੜੀ, ਡੂੰਘੀ ਕੰਦਰ ਫੇਰਾ ਪਾਇੰਦਾ। ਅੰਤਮ ਰੱਖੇ ਲਾਜ ਚਰਨ ਛੁਹਾਈ ਦਾੜ੍ਹੀ, ਸਚਖੰਡ ਸਾਚੇ ਧਾਮ ਫੜ ਬਾਹੋਂ ਆਪ ਬਹਾਇੰਦਾ। ਜੋਤ ਜਗਾਏ ਬਹੱਤਰ ਨਾੜੀ, ਅਕਾਸ਼ ਪਰਕਾਸ਼ ਸਮਾਇੰਦਾ। ਨੇੜ ਨਾ ਆਏ ਮੌਤ ਲਾੜੀ, ਰਾਏ ਧਰਮ ਦਰ ਸ਼ਰਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਦਿਵਸ ਜਗਤ ਦਿਹਾੜਾ, ਘਰ ਸਾਚੇ ਆਪ ਮਨਾਇੰਦਾ। ਸਾਚਾ ਘਰ ਸਾਚੇ ਸ਼ਾਹ, ਆਪਣਾ ਆਪ ਵਸਾਇਆ। ਆਪੇ ਵਸਿਆ ਬੇਪਰਵਾਹ, ਵੇਖਣਹਾਰਾ ਦਿਸ ਨਾ ਆਇਆ। ਆਪ ਸੁਹਾਏ ਆਪਣਾ ਥਾਂ, ਥਿਰ ਘਰ ਬੈਠਾ ਆਸਣ ਲਾਇਆ। ਫੜ ਫੜ ਹੰਸ ਬਣਾਏ ਕਾਂ, ਕਾਗੋਂ ਹੰਸ ਵਟਾਇਆ। ਏਕਾ ਦੇਵੇ ਸਾਚਾ ਨਾਂ, ਸੋਹੰ ਸਾਚੀ ਚੋਗ ਚੁਗਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਾੜ ਸਤਾਰਾਂ ਲਏ ਮਨਾਇਆ। ਹਾੜ ਸਤਾਰਾਂ ਸਚ ਸਿੰਘਾਸਣ, ਹਰਿ ਏਕਾ ਏਕ ਰਖਾਇੰਦਾ। ਜੋਤੀ ਨੂਰ ਪੁਰਖ ਅਬਿਨਾਸ਼ਨ, ਪੁਰਖ ਅਬਿਨਾਸ਼ੀ ਆਪ ਅਖਵਾਇੰਦਾ। ਆਪ ਮਿਟਾਏ ਪ੍ਰਿਥਮੀ ਆਕਾਸ਼ਨ, ਹਰਿਸੰਗਤ ਲੋਕਮਾਤ ਤਰਾਇੰਦਾ। ਗੁਰਮੁਖ ਗੁਰਸਿਖ ਗੁਰ ਪੂਰਾ ਸਦ ਬਲ ਬਲ ਜਾਸਣ, ਬਲਿਹਾਰੀ ਗੁਰ ਮੇਲ ਮਿਲਾਇੰਦਾ। ਜਗਤ ਵਿਸੂਰੇ ਸਗਲੇ ਨਾਸਨ, ਸਗਲੀ ਚਿੰਤ ਮਿਟਾਇੰਦਾ। ਜਨ ਭਗਤਾਂ ਦਰ ਦਵਾਰੇ ਹੋਏ ਦਾਸੀ ਦਾਸਨ, ਦਰ ਦਰਵੇਸ਼ਾ ਫੇਰੀ ਪਾਇੰਦਾ। ਘਰ ਘਰ ਮੰਦਰ ਅੰਦਰ ਨਿਜ ਘਰ ਰੱਖੇ ਵਾਸਣ, ਨਿਜਾਨੰਦ ਸਮਾਇੰਦਾ। ਪੂਰ ਕਰਾਏ ਜੁਗ ਜੁਗ ਆਸਣ, ਆਸਾ ਤ੍ਰਿਸਨਾ ਮੇਟ ਮਿਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪੇ ਖੇਲੇ ਖੇਲ ਤਮਾਸ਼ਨ, ਖੇਲਣਹਾਰ ਆਪ ਅਖਵਾਇੰਦਾ। ਗੁਰਚਰਨ ਸਚ ਦਵਾਰਾ, ਗੁਰ ਵਿਰਲਾ ਪਾਇੰਦਾ। ਕੋਟਨ ਕੋਟ ਰਹੇ ਝੱਖ ਮਾਰਾ, ਸਾਚਾ ਦਰ ਨਾ ਕੋਇ ਸੁਹਾਇੰਦਾ। ਜੋ ਜਨ ਮੰਗੇ ਬਣ ਭਿਖਾਰਾ, ਪ੍ਰਭ ਪੂਰੀ ਭਿਛਿਆ ਪਾਇੰਦਾ। ਆਦਿ ਜੁਗਾਦੀ ਇਕ ਵਰਤਾਰਾ, ਇਕ ਭੰਡਾਰ ਵਖਾਇੰਦਾ। ਜਨ ਭਗਤਾਂ ਹੋਏ ਸੇਵਾਦਾਰਾ, ਜੁਗ ਜੁਗ ਸੇਵ ਕਮਾਇੰਦਾ। ਏਕਾ ਬਖ਼ਸ਼ੇ ਗੁਰਚਰਨ ਪਿਆਰਾ, ਚਰਨ ਚਰਨੋਦਕ ਮੁਖ ਚਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਾਚੀ ਸਿਖਿਆ ਇਕ ਸਮਝਾਇੰਦਾ। ਸਾਚੀ ਸਿਖਿਆ ਸਤਿਗੁਰ ਸੇਵ, ਰਸਨਾ ਸ਼ਬਦ ਕਮਾਈਆ। ਮਿਲੇ ਮੇਲ ਪ੍ਰਭ ਅਲੱਖ ਅਭੇਵ, ਸੇਵਕ ਸੇਵਾ ਲੇਖੇ ਲਾਈਆ। ਰਸਨਾ ਗੌਣਾ ਸਾਚੀ ਜਿਹਵ, ਮਣੀਆ ਮੰਤ ਬਣਾਈਆ। ਆਤਮ ਅੰਦਰ ਸਾਚੇ ਮੰਦਰ ਆਪ ਖੁਲ੍ਹਾਏ ਆਪਣਾ ਭੇਵ, ਆਪ ਆਪਣੀ ਬੂਝ ਬੁਝਾਈਆ। ਏਕਾ ਗੁਰ ਏਕਾ ਇਸ਼ਟ ਦੇਵ, ਏਕਾ ਹਵਨ ਏਕਾ ਆਰਤੀ ਰਿਹਾ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਚਰਨ ਪ੍ਰੀਤੀ ਸਾਚਾ ਨਾਤਾ, ਆਪ ਬੰਧਾਏ ਪੁਰਖ ਬਿਧਾਤਾ, ਵਿਛੜ ਕਦੇ ਨਾ ਜਾਈਆ। ਜਗਤ ਵਿਛੋੜਾ ਦੇਵੇ ਕੱਟ, ਮਿਲੇ ਮੇਲ ਬਨਵਾਰੀ। ਏਕਾ ਲਾਹਾ ਲੈਣਾ ਖੱਟ, ਚੜ੍ਹੇ ਨਾਮ ਖੁਮਾਰੀ। ਏਕਾ ਵਣਜ ਏਕਾ ਹੱਟ, ਏਕਾ ਵਸਤ ਪਿਆਰੀ। ਏਕਾ ਤੀਰਥ ਏਕਾ ਤਟ, ਇਕ ਮਹੱਲ ਇਕ ਅਟਾਰੀ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਚਰਨ ਕਵਲ ਉਪਰ ਧਵਲ ਦੇਵੇ ਦਾਨ ਹਰਿ ਮਿਹਰਵਾਨ, ਕਵਲ ਕਵਲਾ ਕਰ ਪਿਆਰੀ। ਘਰ ਵਿਚ ਘਰ ਘਰ ਵਿਚ ਬਾਤੀ, ਘਰ ਘਰ ਵਿਚ ਜੋਤ ਜਗਾਈਆ। ਘਰ ਵਿਚ ਘਰ ਘਰ ਮੇਲਾ ਕਮਲਾਪਾਤੀ, ਘਰ ਘਰ ਵਿਚ ਰਿਹਾ ਮਿਲਾਈਆ। ਘਰ ਅੰਧੇਰ ਘਰ ਜੋਤ ਪਰਕਾਸ਼ੀ, ਘਰ ਘਰ ਕਰੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਜਨ ਤੇਰਾ ਘਰ, ਘਰ ਵਿਚ ਰਿਹਾ ਸੁਹਾਈਆ। ਘਰ ਮੰਦਰ ਘਰ ਟਿਕਾਣਾ, ਘਰ ਘਰ ਵੱਡੀ ਵਡਿਆਈਆ। ਘਰ ਸ਼ਬਦ ਘਰ ਨਾਮ ਬਬਾਣਾ, ਘਰ ਘਰ ਵਿਚ ਰਿਹਾ ਉਡਾਈਆ। ਘਰ ਘਰ ਵਿਚ ਮੇਲ ਸ੍ਰੀ ਭਗਵਾਨਾ, ਘਰ ਸਾਜਨ ਮੇਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿ ਸੱਜਣ ਸ਼ਾਹੋ ਅਖਵਾਈਆ । ਸਾਜਨ ਸ਼ਾਹੋ ਸਾਚਾ ਭੂਪਾ, ਸਤਿ ਪੁਰਖ ਅਖਵਾਇਆ। ਆਪੇ ਜਾਣ ਆਪਣਾ ਰੂਪਾ, ਰੂਪ ਰੰਗ ਨਾ ਕੋਇ ਰਖਾਇਆ। ਆਪਣੀ ਮਹਿਮਾ ਜਾਣੇ ਅਨੂਪਾ, ਆਪੇ ਰਿਹਾ ਲਿਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚੇ ਲਏ ਤਰਾਇਆ। ਹਰਿਜਨ ਸਾਚਾ ਮੀਤ ਪਿਆਰੜਾ, ਮਿਲਿਆ ਮੇਲ ਗੋਬਿੰਦ। ਮਿਟੇ ਵਿਛੋੜਾ ਯਾਰੜਾ, ਪਾਇਆ ਗੁਣੀ ਗਹਿੰਦ। ਵਸੇ ਧਾਮ ਨਿਆਰੜਾ, ਸਦਾ ਸਦਾ ਬਖ਼ਸ਼ਿੰਦ। ਖੇਲੇ ਖੇਲ ਅਪਾਰੜਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਬਣਾਏ ਸਾਚੀ ਬਿੰਦ। ਗੁਰਮੁਖ ਗੁਰਸਿਖ ਹਰਿ ਸਮਾਇਆ, ਹਰਿਜਨ ਜੋਤ ਜਗਾਈਆ। ਆਪ ਆਪਣਾ ਸੰਗ ਨਿਭਾਇਆ, ਸਗਲਾ ਸੰਗ ਤਰਾਈਆ। ਏਕਾ ਨੱਯਾ ਰਿਹਾ ਚਲਾਇਆ, ਏਕਾ ਚੱਪੂ ਲਾਈਆ। ਚਾਰ ਵਰਨਾਂ ਭੈਣਾਂ ਭਈਆ ਰਿਹਾ ਬਣਾਇਆ, ਮਾਤ ਪਿਤ ਆਪ ਅਖਵਾਈਆ। ਸਾਚਾ ਸੱਈਆ ਹਰਿ ਰਘੁਰਾਇਆ, ਸਾਚੀ ਸਖੀਆਂ ਮੇਲ ਮਿਲਾਈਆ। ਪਕੜਨਹਾਰਾ ਆਪੇ ਬਹੀਆ, ਫੜ ਬਾਂਹੋਂ ਪਾਰ ਕਰਾਈਆ। ਚਿਤਰ ਗੁਪਤ ਨਾ ਕੱਢੇ ਵਹੀਆ, ਰਾਏ ਧਰਮ ਨਾ ਦਏ ਸਜ਼ਾਈਆ। ਚਰਨ ਦਵਾਰ ਵਖਾਏ ਸਚ ਸਰਨਈਆ, ਸਰਣਗਤ ਅਖਵਾਈਆ। ਆਦਿ ਅੰਤ ਏਕਾ ਰਹੀਆ , ਏਕਾ ਏਕ ਵੱਡੀ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਸੰਗਤ ਮੇਲ ਮਿਲਾਈਆ। ਹਰਿਸੰਗਤ ਹਰਿ ਰੰਗ ਮਾਣਿਆ, ਹਰਿ ਹਰਿ ਰੂਪ ਸਮਾਏ। ਗੁਰ ਸਤਿਗੁਰ ਸਾਚਾ ਜਾਣਿਆ, ਦਰ ਘਰ ਸੱਚੀ ਸਰਨਾਏ। ਚਲੇ ਚਲਾਏ ਆਪਣੇ ਭਾਣਿਆ, ਭਾਣਾ ਆਪਣੇ ਹੱਥ ਰਖਾਏ। ਗਲੇ ਲਗਾਏ ਜਗਤ ਨਿਮਾਣਿਆ, ਗੜ੍ਹ ਹੰਕਾਰੀ ਰਹਿਣ ਨਾ ਪਾਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਭਗਤ ਭਗਤੀ ਲੇਖੇ ਲਾ ਰਿਹਾ ।