੧੯ ਫੱਗਣ ੨੦੧੪ ਸ੍ਰੀ ਸੁਸ਼ੀਲ ਕੁਮਾਰ ਜੈਨੀ ਦੇ ਸਾਥ ਜੈਨ ਮੰਦਰ ਵਿਚ ਬਚਨ ਹੋਏ ਗੁੜਗਾਉਂ
ਸਾਚਾ ਧਰਮ ਧਰਮ ਪਿਆਰ, ਪਾਰਬ੍ਰਹਮ ਸਰਨਾਈਆ। ਸਾਚਾ ਕਰਮ ਕਰਮ ਵਿਚਾਰ, ਆਪ ਆਪਣੀ ਬੂਝ ਬੁਝਾਈਆ। ਸਾਚਾ ਨਾਦਿ ਧੁਨ ਅਪਾਰ, ਆਤਮਕ ਧੁਨ ਉਪਜਾਈਆ। ਸਾਚਾ ਧਰਮ ਕਰ ਪਰਵਾਨ, ਤਨ ਮੰਦਰ ਅੰਦਰ ਵੱਜੇ ਵਧਾਈਆ। ਸਾਚਾ ਧਰਮ ਏਕਾ ਬਾਣ, ਏਕਾ ਏਕ ਹਰਿ ਲਿਵ ਲਾਈਆ। ਸਾਚਾ ਧਰਮ ਕਰ ਪਛਾਣ, ਨਿਰਗੁਣ ਜੋਤੀ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਸੰਤਨ ਦੇਵੇ ਇਕ ਵਰ, ਸਚ ਧਰਮ ਕਰੇ ਕੁੜਮਾਈਆ । ਸਚ ਧਰਮ ਨਾਮ ਜੈਕਾਰਾ, ਏਕਾ ਏਕ ਰਖਾਇਆ। ਸਾਧਾਂ ਸੰਤਾਂ ਕਰ ਪਿਆਰਾ, ਅੰਦਰ ਮੰਦਰ ਵੇਖ ਵਖਾਇਆ। ਆਪੇ ਖੋਲ੍ਹੇ ਬੰਦ ਕਿਵਾੜਾ, ਪੰਚਮ ਧਾੜਾ ਮੇਟ ਮਿਟਾਇਆ। ਧਰਮ ਵਖਾਏ ਇਕ ਅਖਾੜਾ, ਅਨਹਦ ਸਾਚਾ ਰਾਗ ਅਲਾਇਆ। ਇਕ ਅਕੇਲਾ ਆਦਿ ਪੁਰਖ ਏਕੰਕਾਰਾ, ਸਚ ਮਹੱਲਾ ਡੇਰਾ ਲਾਇਆ। ਜੀਵ ਜੰਤ ਜੁਗਾ ਜੁਗੰਤ ਪਾਵੇ ਸਾਰਾ, ਸੰਤ ਸਾਜਨ ਮੇਲ ਮਿਲਾਇਆ। ਏਕਾ ਦੇਵੇ ਦੇਵਣਹਾਰਾ ਨਾਮ ਅਧਾਰਾ, ਨਿਰਗੁਣ ਸਰਗੁਣ ਵੇਖ ਵਖਾਇਆ। ਸਰਗੁਣ ਬਖ਼ਸ਼ੇ ਚਰਨ ਪਿਆਰਾ, ਚਰਨ ਚਰਨੋਦਕ ਮਸਤਕ ਤਿਲਕ ਲਿਲਾਟ ਲਗਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚੇ ਲਏ ਵਰ, ਔਖੀ ਘਾਟੀ ਪਾਰ ਕਰਾਇਆ। ਔਖੀ ਘਾਟੀ ਕਾਇਆ ਘਾਟ, ਹਰਿਜਨ ਵਿਰਲਾ ਚੜ੍ਹਿਆ। ਕੋਟਨ ਕੋਟ ਫਿਰਦੇ ਤੀਰਥ ਤਾਟ, ਤਟ ਕਿਨਾਰਾ ਪਾਰ ਨਾ ਕਰਿਆ। ਕੋਟਨ ਕੋਟ ਛੱਡੀ ਬੈਠੇ ਖਾਟ, ਸਚ ਖਟੋਲੇ ਉਪਰ ਚਰਨ ਕਿਸੇ ਨਾ ਧਰਿਆ। ਕੋਟਨ ਕੋਟ ਬੈਠੇ ਅਧਵਿਚਕਾਰੀ ਵਾਟ, ਸੁਖਮਨ ਨਾੜੀ ਕੋਈ ਨਾ ਚੜ੍ਹਿਆ। ਗੁਰਮੁਖ ਵਿਰਲੇ ਹਰਿਜਨ ਸੰਤ ਸੁਹੇਲੇ ਬਜਰ ਕਪਾਟੀ ਗਈ ਪਾਟ, ਸ਼ਬਦ ਸ਼ਬਦੀ ਲੜ ਫੜਿਆ। ਨਿਰਮਲ ਜੋਤੀ ਜਗੇ ਲਿਲਾਟ, ਅੰਮ੍ਰਿਤ ਆਤਮ ਵੇਖੇ ਠਾਂਡਾ ਸਰਿਆ। ਕਾਇਆ ਵਖਾਏ ਚੌਦਾਂ ਲੋਕ ਚੌਦਾਂ ਹਾਟ, ਬ੍ਰਹਿਮੰਡ ਖੰਡ ਘਾੜਨ ਘੜਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਸੰਤਨ ਦੇਵੇ ਨਾਮ ਵਰ, ਏਕਾ ਅੱਖਰ ਜਗਤ ਵਿਦਿਆ ਆਪੇ ਪੜ੍ਹਿਆ। ਨਾਮ ਅੱਖਰ ਹਰਿ ਅਨਮੋਲ, ਹਰਿ ਸੰਤਨ ਝੋਲੀ ਪਾਇੰਦਾ। ਜੁਗ ਜੁਗ ਤੋਲਣਹਾਰਾ ਤੋਲ, ਸਾਚੇ ਕੰਡੇ ਆਪ ਤੁਲਾਇੰਦਾ। ਸ਼ਬਦ ਅਨਾਦੀ ਆਪੇ ਬੋਲ, ਧੁਨ ਆਤਮਕ ਆਪ ਸੁਣਾਇੰਦਾ। ਦੂਈ ਦਵੈਤੀ ਪੜਦਾ ਖੋਲ੍ਹ, ਏਕਾ ਰੰਗ ਰੰਗਾਇੰਦਾ। ਸਚ ਵਜਾਏ ਮਰਦੰਗਾ ਢੋਲ, ਪੰਚਮ ਵੇਖ ਵਖਾਇੰਦਾ । ਸੰਤ ਸੁਹੇਲਾ ਇਕ ਅਕੱਲਾ, ਹਰਿਜਨ ਹਰਿ ਵਸਿਆ ਕੋਲ, ਦਿਸ ਕਿਸੇ ਨਾ ਆਇੰਦਾ। ਕਾਇਆ ਗੜ੍ਹੀ ਰਿਹਾ ਮੌਲ, ਆਪ ਆਪਣੀ ਦਇਆ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚੇ ਵੇਖੇ ਘਰ, ਘਰ ਸਾਚੇ ਜਗੇ ਜੋਤ ਨਿਰੰਜਣਾ, ਅਬਿਨਾਸ਼ੀ ਕਰਤਾ ਕਰਤਾ ਪੁਰਖ ਆਪ ਅਖਵਾਇੰਦਾ। ਕਰਤਾ ਪੁਰਖ ਕਰਨੇਹਾਰਾ, ਆਦਿ ਅੰਤ ਅਖਵਾਇਆ। ਜਨ ਸੰਤਨ ਕਰਿਆ ਸਚ ਪਿਆਰਾ, ਏਕਾ ਮੰਤਰ ਨਾਮ ਦ੍ਰਿੜਾਇਆ। ਇਕ ਉਪਜਾਏ ਨਿਰਮਲ ਧਾਰਾ, ਜੋਤੀ ਨੂਰ ਕਰੇ ਰੁਸ਼ਨਾਇਆ। ਮੇਟ ਮਿਟਾਏ ਅੰਧ ਅੰਧਿਆਰਾ, ਕੂੜੀ ਕਿਰਿਆ ਰਹਿਣ ਨਾ ਪਾਇਆ। ਧਰਮ ਜਰਮ ਕਰਮ ਵਖਾਏ ਸਚ ਦਵਾਰਾ, ਸਾਚੀ ਸਿਖਿਆ ਇਕ ਸਿਖਾਇਆ। ਪਾਰਬ੍ਰਹਮ ਪ੍ਰਭ ਮੇਲ ਅਪਾਰਾ, ਏਕਾ ਦੂਜਾ ਭੌ ਚੁਕਾਇਆ। ਤੀਜਾ ਨੇਤਰ ਇਕ ਉਘਾੜਾ, ਚੌਥੇ ਪਦ ਸਮਾਇਆ। ਪੰਚਮ ਵੇਖੇ ਸਚ ਅਖਾੜਾ, ਧਰਮ ਧਰਮੀ ਡੇਰਾ ਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿ ਸੰਤਨ ਮੇਲਾ ਸਾਚੇ ਘਰ ਘਰ ਸਾਚਾ ਇਕ ਸੁਹਾਇਆ। ਸੰਤਨ ਸਾਜਨ ਸਾਚਾ ਮੀਤ, ਹਰਿ ਹਰਿ ਆਪ ਅਖਵਾਇੰਦਾ। ਇਕ ਸੁਣਾਏ ਸੁਹਾਗੀ ਗੀਤ, ਲਿਖਣ ਪੜ੍ਹਨ ਵਿਚ ਨਾ ਆਇੰਦਾ। ਬੈਠਾ ਰਹੇ ਸਦਾ ਅਤੀਤ, ਅਨਭਵ ਪਰਕਾਸ਼ ਕਰਾਇੰਦਾ । ਨਾ ਕੋਈ ਦੇਹੁਰਾ ਨਾ ਕੋਈ ਮੰਦਰ ਨਾ ਗੁਰਦਵਾਰਾ ਦਿਸੇ ਮਸੀਤ, ਕਾਇਆ ਮੰਦਰ ਅੰਦਰ ਸਚ ਸਿੰਘਾਸਣ ਆਸਣ ਲਾਇੰਦਾ। ਜੁਗ ਜੁਗ ਚਲੇ ਅਵੱਲੜੀ ਰੀਤ, ਜਨ ਭਗਤਾਂ ਕਰੇ ਕਾਇਆ ਠੰਡੀ ਸੀਤ, ਅੰਮ੍ਰਿਤ ਧਾਰਾ ਨਿਝਰ ਰਸ ਕਵਲ ਕਵਲ ਮੁਖ ਚੁਆਇੰਦਾ। ਏਕਾ ਰੰਗ ਰੰਗਾਏ ਹਸਤ ਕੀਟ, ਰਾਓ ਰੰਕ ਰਾਜ ਰਾਜਾਨ ਸ਼ਾਹ ਸੁਲਤਾਨ ਏਕਾ ਧਾਮ ਸੁਹਾਇੰਦਾ। ਏਕਾ ਨਾਮ ਰਸ ਵਖਾਏ ਮੀਠ, ਰਸ ਮਿਠਾ ਇਕ ਜਣਾਇੰਦਾ। ਕਾਇਆ ਕੂੜ ਕੁੜਿਆਰਾ ਕੌੜਾ ਰੀਠ, ਮਨਮਤ ਮੂਲ ਚੁਕਾਇੰਦਾ। ਮਨਮੁਖ ਜੀਵ ਸੁੱਤਾ ਦੇ ਕਰ ਪੀਠ, ਦਿਸ ਕਿਸੇ ਨਾ ਆਇੰਦਾ। ਹਰਿ ਸੰਤਨ ਮੇਲਾ ਸ਼ਾਹੋ ਬਸੀਠ, ਘਰ ਸਾਚੇ ਮੇਲ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਚਾਰ ਵਰਨ ਵਖਾਏ ਇਕ ਦਰ, ਧਰਮ ਦਵਾਰਾ ਇਕ ਸੁਹਾਇੰਦਾ। ਚਾਰ ਵਰਨ ਇਕ ਦਵਾਰਾ, ਏਕਾ ਸ਼ਬਦ ਜਣਾਈਆ। ਇਕ ਜੋਤ ਹਰਿ ਨਿਰੰਕਾਰਾ, ਨਿਰਗੁਣ ਨੂਰ ਕਰੇ ਰੁਸ਼ਨਾਈਆ। ਰਾਮਾ ਕ੍ਰਿਸ਼ਨਾ ਲਏ ਅਵਤਾਰਾ, ਨਾਨਕ ਗੋਬਿੰਦ ਰੂਪ ਸਮਾਈਆ। ਆਪੇ ਜਾਣੇ ਆਪਣਾ ਨਾਅਰਾ, ਐਨਲਹੱਕ ਮਿਲੇ ਵਡਿਆਈਆ। ਮੁਕਾਮੇ ਹੱਕ ਖੇਲ ਨਿਆਰਾ, ਖੇਲਣਹਾਰ ਸ੍ਰਿਸ਼ਟ ਸਬਾਈਆ। ਸਾਧਾਂ ਸੰਤਾਂ ਕਰੇ ਇਕ ਪਿਆਰਾ, ਏਕਾ ਬੂਝ ਬੁਝਾਈਆ। ਪੀਰ ਫ਼ਕੀਰਾਂ ਪਾਵੇ ਸਾਰਾ, ਪੰਡਤ ਪਾਂਧੇ ਲਏ ਤਰਾਈਆ। ਗਿਆਨੀ ਧਿਆਨੀ ਵਡ ਵਿਦਵਾਨੀ ਕਰਨ ਵਿਚਾਰਾ, ਜਗਤ ਵਿਦਿਆ ਭੇਵ ਨਾ ਪਾਈਆ। ਪਾਰਬ੍ਰਹਮ ਅਬਿਨਾਸ਼ੀ ਕਰਤਾ ਕਿਰਪਾ ਧਾਰਾ, ਏਕਾ ਦਰ ਸੁਹਾਈਆ। ਹਰਿ ਅਗੰਮ ਅਗੰਮੜੀ ਕਾਰਾ, ਅਗੰਮੜੇ ਥਾਂ ਬੈਠਾ ਆਸਣ ਲਾਈਆ। ਸ਼ਬਦੀ ਸ਼ਬਦ ਕਰ ਜੈਕਾਰਾ, ਜਨ ਭਗਤਾਂ ਦਏ ਜਣਾਈਆ। ਸੰਤਨ ਮੇਲਾ ਕੰਤ ਭਤਾਰਾ, ਨਾਰੀ ਕੰਤਾ ਰੂਪ ਅਖਵਾਈਆ। ਆਤਮ ਸੇਜਾ ਕਰ ਪਿਆਰਾ, ਬ੍ਰਹਮ ਬ੍ਰਹਮ ਬ੍ਰਹਮ ਪਾਰਬ੍ਰਹਮ ਸਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਸੰਤਨ ਮੇਲਾ ਸਾਚੇ ਘਰ, ਘਰ ਸਾਚਾ ਇਕ ਸੁਹਾਈਆ। ਸਾਚੇ ਸੰਤਨ ਹਰਿ ਉਪਦੇਸ, ਏਕ ਮੰਤਰ ਨਾਮ ਗਿਆਨ ਦ੍ਰਿੜਾਇਆ। ਆਪੇ ਪੂਜ ਪੁਜਾਏ ਸ਼ਿਵ ਸ਼ੰਕਰ ਗਣੇਸ਼, ਆਪ ਆਪਣਾ ਵੇਖ ਵਖਾਇਆ। ਆਪੇ ਕਰੇ ਕਰਾਏ ਸਦਾ ਆਦੇਸ, ਆਪ ਆਪਣਾ ਸੀਸ ਝੁਕਾਇਆ। ਆਪੇ ਜੁਗ ਜੁਗ ਧਰੇ ਆਪਣਾ ਵੇਸ, ਵੇਸ ਅਨੇਕਾ ਆਪ ਕਰਾਇਆ। ਸੰਤ ਸੁਹੇਲੇ ਸੱਚੇ ਵੇਖ, ਸਾਚੀ ਸਿਖਿਆ ਦਏ ਸਮਝਾਇਆ। ਭਗਤ ਦੁਲਾਰਾ ਦਰ ਦਰਵੇਸ, ਦਰ ਦਰਬਾਨਾ ਆਪ ਅਖਵਾਇਆ। ਆਪੇ ਵੇਖੇ ਰਿਖੀ ਕੇਸ, ਗਵਰਧਨ ਧਾਰੀ ਆਪ ਹੋ ਆਇਆ। ਸੇਵਕ ਸੇਵਾ ਲਾਏ ਬ੍ਰਹਮਾ ਵਿਸ਼ਨ ਮਹੇਸ਼ ਗਣੇਸ਼, ਆਪ ਆਪਣੀ ਸੇਵ ਕਮਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੰਤਨ ਦੇਵੇ ਸਾਚਾ ਵਰ, ਚਾਰ ਵਰਨਾਂ ਏਕਾ ਸਰਨਾਂ ਏਕਾ ਦਰ ਸੁਹਾਇਆ। ਚਾਰ ਵਰਨਾਂ ਇਕ ਪਿਆਰ, ਏਕਾ ਬੂਝ ਬੁਝਾਈਆ। ਊਚ ਨੀਚ ਭੇਵ ਨਿਵਾਰ, ਰਾਓ ਰੰਕਾਂ ਰਿਹਾ ਸਮਝਾਈਆ। ਹਉਮੇ ਹੰਗਤਾ ਤੋੜ ਗੜ੍ਹ ਹੰਕਾਰ, ਸਾਂਤਕ ਸਤਿ ਵਰਤਾਈਆ। ਆਤਮ ਤ੍ਰਿਸ਼ਨਾ ਦੇਵੇ ਮਾਰ, ਏਕਾ ਅੱਖਰ ਬੂਝ ਬੁਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੰਤਨ ਵਸਿਆ ਸਾਚੇ ਘਰ, ਘਰ ਘਰ ਮੇਲਾ, ਹਰਿ ਹਰਿ ਇਕ ਅਕੇਲਾ, ਦਰ ਸਾਚੇ ਆਪ ਕਰਾਈਆ। ਘਰ ਦੀਵਾ ਘਰ ਬਾਤੀ, ਘਰ ਘਰ ਹਵਨ ਕਰਾਈਆ। ਘਰ ਸੱਜਣ ਸੁਹੇਲਾ ਪਾਵੇ ਸਾਰ, ਘਰ ਨਾਰੀ ਘਰ ਕੰਤ ਭਤਾਰ, ਘਰ ਬੈਠਾ ਸੇਜ ਹੰਢਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਵੇਖੇ ਸਾਚੇ ਦਰ, ਦਰ ਦਵਾਰਾ ਇਕ ਸੁਹਾਈਆ। ਹਰਿਜਨ ਹਰਿ ਹਰਿ ਜਾਣਿਆ, ਹਉਮੇ ਰੋਗ ਗਵਾਏ। ਚਲੇ ਹਰਿ ਹਰਿ ਹਰਿ ਭਾਣਿਆ, ਚਿੰਤਾ ਸੋਗ ਵਿਚ ਨਾ ਆਏ। ਸੁਣੇ ਸੁਣਾਏ ਧੁਰ ਫ਼ਰਮਾਣਿਆ, ਨਾਦ ਅਨਾਦਾ ਰਾਗ ਵਜਾਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਧਰਮ ਜਣਾਏ। ਸਾਚਾ ਧਰਮ ਜਨ ਪਿਆਰ, ਏਕਾ ਏਕ ਲਿਵ ਲਾਈਆ। ਏਕਾ ਦੂਜਾ ਭੌ ਨਿਵਾਰ, ਦਰ ਤੀਜਾ ਖੋਲ੍ਹ ਖੁਲ੍ਹਾਈਆ। ਚੌਥੇ ਵੇਖੇ ਮੀਤ ਮੁਰਾਰ, ਹਰਿ ਮੇਲਾ ਸਹਿਜ ਸੁਭਾਈਆ। ਪੰਚਮ ਮੀਤਾ ਕਰ ਪਿਆਰ, ਪੰਚਮ ਮੋਹ ਚੁਕਾਈਆ। ਸਾਚੀ ਰੀਤਾ ਵਿਚ ਸੰਸਾਰ, ਨਿਰਗੁਣ ਧਾਰ ਬੰਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਰਗੁਣ ਸਾਚਾ ਵੇਖ ਵਖਾਈਆ। ਸਾਚਾ ਧਰਮ ਸਾਚੀ ਜੜ੍ਹ, ਹਰਿ ਸਾਚੀ ਆਪ ਲਗਾਈਆ। ਜੁਗ ਜੁਗ ਆਪੇ ਵੇਖੇ ਖੜ, ਵੇਖਣਹਾਰ ਆਪ ਹੋ ਜਾਈਆ। ਮਨ ਮਤ ਜੀਵ ਰਹੇ ਲੜ, ਧਰਮ ਧੜਾ ਧੜ ਬਣਾਈਆ। ਜਿਸ ਜਨ ਸਤਿਗੁਰ ਪੂਰੇ ਫੜ੍ਹਿਆ ਲੜ, ਪੂਰਨ ਬੂਝ ਬੁਝਾਈਆ। ਜੀਵ ਜੰਤ ਏਕਾ ਰੰਗ ਏਕਾ ਰੂਪ ਏਕਾ ਹਰਿ ਏਕਾ ਨਰ ਏਕਾ ਘਰ ਰਿਹਾ ਵਰ, ਹਰਿਜਨ ਵੱਡੀ ਵਡਿਆਈਆ। ਪਰਮ ਰੂਪ ਹਰਿ ਸ਼ਾਹੋ ਭੂਪ, ਦਹਿ ਦਿਸ਼ਾ ਚਾਰ ਕੁੰਟ ਏਕਾ ਏਕ ਵਖਾਈਆ। ਜੀਵ ਜੰਤ ਨਾ ਕੋਈ ਸਕੇ ਲੂਟ, ਚੋਰ ਯਾਰ ਠੱਗ ਲੁੱਟ ਕੋਈ ਨਾ ਜਾਈਆ। ਨੇੜ ਨਾ ਆਏ ਜੂਠ ਝੂਠ, ਸਚ ਸੁੱਚ ਵੱਡੀ ਵਡਿਆਈਆ। ਜਿਸ ਜਨ ਉਪਰ ਪ੍ਰਭ ਸਾਚਾ ਜਾਏ ਤੁਠ, ਬਖ਼ਸ਼ੇ ਸਚ ਸੱਚੀ ਸਰਨਾਈਆ। ਪੰਚ ਵਿਕਾਰੇ ਜਾਏ ਰੁਠ, ਦਇਆ ਧਰਮ ਸਤਿ ਸੰਤੋਖ ਸਾਚਾ ਧਰਮ ਜਣਾਈਆ। ਸਚ ਧਰਮ ਜੀਵ ਕਲਿਆਨ, ਹਰਿ ਧਰਮੀ ਧਰਮ ਕਮਾਇਆ। ਹਰਿ ਕਾ ਸ਼ਬਦ ਧੁਰ ਫ਼ਰਮਾਨ, ਕਰਮੀ ਕਰਮ ਵਖਾਇਆ। ਨੇਤਰ ਪੇਖ ਹਰਿ ਭਗਵਾਨ, ਆਪਣਾ ਮੂਲ ਚੁਕਾਇਆ। ਆਪ ਆਪਣੀ ਕਰ ਪਛਾਨ, ਆਪ ਆਪਣਾ ਵੇਖ ਵਖਾਇਆ। ਸਾਚਾ ਵੇਖੇ ਇਕ ਨਿਸ਼ਾਨ, ਨਾਮ ਨਿਸ਼ਾਨਾ ਇਕ ਜਣਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਧਰਮੀ ਧਰਮ ਵਰਨੀ ਵਰਨ ਆਪ ਰਖਾਇਆ।
