ਪਹਿਲੀ ਹਾੜ ੨੦੧੫ ਬਿਕ੍ਰਮੀ ਦਰਬਾਰ ਵਿਚ ਜੇਠੂਵਾਲ
ਨਿਰਗੁਣ ਰੂਪ ਆਦਿ ਨਿਰੰਜਣ, ਏਕਾ ਨੂਰ ਸਮਾਇਆ। ਦੀਨਾਂ ਨਾਥ ਦਰਦ ਦੁੱਖ ਭੈ ਭੰਜਨ, ਆਸਾ ਪੂਰ ਅਖਵਾਇਆ। ਦੋ ਜਹਾਨੀ ਸਾਚਾ ਸੱਜਣ, ਲੋਕ ਪਰਲੋਕ ਸੁਹਾਇਆ। ਲੋਕਮਾਤ ਆਵੇ ਜਾਵੇ ਪੜਦੇ ਕੱਜਣ, ਏਕਾ ਪੜਦਾ ਉਪਰ ਪਾਇਆ। ਸ਼ਬਦ ਅਨਾਦੀ ਤਾਲ ਸਾਚੇ ਘਰ ਏਕਾ ਵੱਜਣ, ਵਜਾਵਣਹਾਰ ਦਿਸ ਨਾ ਆਇਆ। ਜੋ ਘੜੇ ਸੋ ਅੰਤਮ ਭੱਜਨ, ਥਿਰ ਕੋਈ ਰਹਿਣ ਨਾ ਪਾਇਆ। ਪੰਜ ਤਤ ਪਸਾਰਾ ਸਾਰੇ ਤਜਨ, ਬਿਨ ਹਰਿ ਕੋਇ ਨਾ ਹੋਏ ਸਹਾਇਆ। ਜੁਗ ਜੁਗ ਚਲਾਏ ਸਚ ਜਹਾਜਨ, ਏਕਾ ਚੱਪੂ ਨਾਮ ਲਗਾਇਆ। ਆਪੇ ਰਚਨਹਾਰਾ ਕਾਜਨ, ਕਰਤਾ ਪੁਰਖ ਅਖਵਾਇਆ। ਸ਼ਾਹੋ ਭੂਪ ਹਰਿ ਗ਼ਰੀਬ ਨਿਵਾਜਨ, ਦਇਆਨਿਧ ਹੋ ਆਇਆ। ਸ਼ਬਦ ਅਸਵ ਸਾਚਾ ਤਾਜਨ, ਏਕਾ ਰਿਹਾ ਦੌੜਾਇਆ। ਨਾਮ ਅਮਾਮ ਹਾਜੀ ਹਾਜਨ, ਕਾਇਆ ਕਾਅਬਾ ਵੇਖ ਵਖਾਇਆ। ਦੋ ਦੋ ਆਬਾ ਪੁੰਨ ਸਵਾਬਨ, ਸਚ ਰਬਾਬਾ ਨਾਮ ਧਰਾਇਆ। ਇਕ ਵਜਾਏ ਹਰਿ ਰਬਾਬਨ ਆਤਮ ਤਾਰ ਹਿਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਆਪਣੀ ਖੇਲ ਰਚਾਇਆ। ਆਦਿ ਪੁਰਖ ਸ਼ਬਦ ਅਨਾਦੀ, ਪਾਰਬ੍ਰਹਮ ਅਖਵਾਇੰਦਾ। ਏਕਾ ਕਲਮਾ ਬੋਧ ਅਗਾਧੀ, ਨਾਮ ਅਮਾਮ ਉਪਾਇੰਦਾ। ਸ੍ਰਿਸ਼ਟ ਸਬਾਈ ਰਿਹਾ ਸਾਧੀ, ਆਪ ਆਪਣੀ ਧਾਰ ਵਹਾਇੰਦਾ। ਪਰਗਟ ਹੋਇਆ ਮਾਧਵ ਮਾਧੀ, ਮੋਹਣੀ ਰੂਪ ਵਟਾਇੰਦਾ। ਸ਼ਬਦੀ ਸ਼ਬਦ ਸਦਾ ਵਿਸਮਾਦੀ, ਗਹਿਰ ਗੰਭੀਰ ਸਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਵੇਖ ਵਖਾਇੰਦਾ। ਪਾਰਬ੍ਰਹਮ ਪ੍ਰਭ ਹਰਿ ਬੇਅੰਤਾ, ਗਹਿਰ ਗੰਭੀਰ ਸਮਾਇਆ। ਆਪੇ ਵੇਖੇ ਸਾਚੇ ਸੰਤਾਂ, ਬੇਐਬ ਪਰਵਰਦਿਗਾਰ ਨਾਮ ਧਰਾਇਆ। ਮੇਲ ਮਿਲਾਏ ਨਾਰੀ ਕੰਤਾ, ਸਚ ਸੁਹੰਜਣੀ ਸੇਜ ਹੰਢਾਇਆ। ਚਾੜ੍ਹੇ ਰੰਗ ਇਕ ਬਸੰਤਾ, ਉਤਰ ਕਦੇ ਨਾ ਜਾਇਆ। ਦੂਸਰ ਦਰ ਨਾ ਹੋਏ ਮੰਗਤਾ, ਆਪ ਆਪਣੀ ਝੋਲੀ ਅੱਗੇ ਡਾਹਿਆ। ਆਪਣਾ ਦਰ ਆਪੇ ਲੰਘਦਾ, ਦਰ ਦਰਵਾਜਾ ਵੇਖ ਵਖਾਇਆ। ਨੂਰ ਅਲਾਹੀ ਕਦੇ ਨਾ ਸੰਗਦਾ, ਏਕਾ ਨਾਦ ਤੂਰ ਵਜਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਨੂਰ ਕਰੇ ਰੁਸ਼ਨਾਇਆ। ਨਿਰਗੁਣ ਰੂਪ ਹਰਿ ਅਲਾਹ, ਬੇਪਰਵਾਹ ਅਖਵਾਇਆ। ਆਪੇ ਬਣੇ ਜਗਤ ਮਲਾਹ, ਆਪ ਆਪਣਾ ਵੇਸ ਵਟਾਇਆ। ਏਕਾ ਦੇਵੇ ਸ਼ਬਦ ਸਲਾਹ, ਏਕਾ ਕਲਮਾ ਰਿਹਾ ਪੜ੍ਹਾਇਆ। ਨਬੀ ਰਸੂਲਾਂ ਲਏ ਜਗਾ, ਪੀਰ ਦਸਤਗੀਰ ਨਾਮ ਧਰਾਇਆ। ਐਨਲਹੱਕ ਨਾਅਰਾ ਲਾ, ਹੱਕ ਹਕੀਕਤ ਵੇਖ ਵਖਾਇਆ। ਲਾਸ਼ਰੀਕ ਇਕ ਖ਼ੁਦਾ, ਖ਼ੁਦੀ ਖ਼ੁਦਾਈ ਦਏ ਮਿਟਾਇਆ । ਇਕ ਸ਼ਰੀਯਤ ਦਏ ਵਖਾ, ਚਾਰ ਵਰਨਾਂ ਇਕ ਸਰਨਾਇਆ। ਏਕਾ ਦੂਜਾ ਭੌ ਚੁਕਾ, ਤੀਜੇ ਨੇਤਰ ਗਿਆਨ ਦ੍ਰਿੜਾਇਆ। ਚੌਥਾ ਦਰ ਦਏ ਸੁਹਾ, ਪੰਚਮ ਮੇਲਾ ਸਹਿਜ ਸੁਭਾਇਆ। ਇਕ ਅਕੇਲਾ ਫੇਰੀ ਪਾ, ਅਕਲ ਕਲਾ ਅਖਵਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਪੁਰਖ ਆਦਿਨ ਅੰਤਾ, ਏਕਾ ਗੁਣ ਰਖਾਇਆ। ਏਕਾ ਗੁਣ ਹਰਿ ਨਿਰੰਕਾਰਾ, ਏਕਾ ਧਾਰ ਚਲਾਈਆ। ਏਕਾ ਸ਼ਬਦ ਏਕਾ ਨਾਅਰਾ, ਏਕਾ ਰਿਹਾ ਲਾਈਆ। ਏਕਾ ਘਰ ਇਕ ਦਰਬਾਰਾ, ਏਕ ਧਾਮ ਵਖਾਈਆ। ਏਕਾ ਰੂਪ ਕਰ ਪਿਆਰਾ, ਏਕਾ ਮੇਲ ਮਿਲਾਈਆ। ਏਕਾ ਹੋਏ ਪਰਵਰਦਿਗਾਰਾ, ਆਪ ਆਪਣੀ ਦਏ ਸਲਾਹੀਆ। ਸਾਚਾ ਮੇਲਾ ਵਿਚ ਸੰਸਾਰਾ, ਆਪ ਆਪਣਾ ਲਏ ਮਿਲਾਈਆ। ਬ੍ਰਹਮਾ ਵਿਸ਼ਨ ਸ਼ਿਵ ਦੇਵਤ ਸੁਰ ਦਏ ਹੁਲਾਰਾ, ਪੁਰੀਆਂ ਲੋਆਂ ਲਏ ਜਗਾਈਆ। ਥਿਰ ਘਰ ਬੈਠਾ ਕਰੇ ਵਿਚਾਰਾ, ਏਕਾ ਸਿਖਿਆ ਰਿਹਾ ਸਿਖਾਈਆ। ਏਕਾ ਮੰਡਲ ਏਕਾ ਨਾਅਰਾ, ਏਕਾ ਰੂਪ ਦਰਸਾਈਆ। ਡੂੰਘੀ ਕੰਦਰ ਪਾਵੇ ਸਾਰਾ, ਅੰਦਰ ਮੰਦਰ ਖੋਜ ਖੁਜਾਈਆ। ਵੇਖ ਵਖਾਏ ਜੰਗਲ ਜੂਹ ਉਜਾੜ ਪਹਾੜਾ, ਉਚੇ ਟਿੱਲੇ ਰਿਹਾ ਮਿਲਾਈਆ। ਸ਼ਬਦ ਸਰੂਪੀ ਇਕ ਅਖਾੜਾ, ਹਰਿ ਸਾਚਾ ਰਿਹਾ ਕਰਾਈਆ। ਚੌਦਾਂ ਲੋਕ ਚੌਦਾਂ ਤਬਕ ਏਕਾ ਲਾੜਾ, ਏਕਾ ਧਾੜ ਰਿਹਾ ਉਠਾਈਆ। ਵੇਖ ਵਖਾਏ ਨਾੜ ਬਹੱਤਰ ਨਾੜਾ, ਪੰਜ ਤਤ ਫੋਲ ਫੁਲਾਈਆ। ਮੁਲਾਂ ਸ਼ੇਖ਼ ਮਸਾਇਕ ਪੀਰ ਹੋਏ ਦਸਤਗੀਰ, ਆਪ ਆਪਣਾ ਨਾਉਂ ਧਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਨੂਰ ਕਰੇ ਰੁਸ਼ਨਾਈਆ। ਏਕਾ ਨੂਰ ਹਰਿ ਸੁਲਤਾਨ, ਸਤਿਗੁਰ ਪੁਰਖ ਅਖਵਾਇਆ। ਪਰਗਟ ਹੋ ਵਿਚ ਜਹਾਨ, ਆਪ ਆਪਣਾ ਨਾਉਂ ਧਰਾਇਆ। ਜੋਧਾ ਸੂਰਬੀਰ ਬਲੀ ਬਲਵਾਨ, ਏਕਾ ਖੰਡਾ ਰਿਹਾ ਉਠਾਇਆ। ਨਾ ਕੋਈ ਚਿਲਾ ਨਾ ਕੋਈ ਤੀਰ ਕਮਾਨ, ਸ਼ਸਤਰ ਬਸਤਰ ਨਾ ਕੋਈ ਰਖਾਇਆ। ਨਾ ਕੋਈ ਹਿੰਦੂ ਮੁਸਲਮ ਸਿਖ ਈਸਾਈ ਸ਼ਾਹ ਅਗਫਾਨ, ਨਮਰੂਦ ਫਰੂਨ ਨਾ ਕੋਈ ਜਣਾਇਆ। ਲੇਖਾ ਲਿਖੇ ਇਕ ਇਰਾਨ, ਇਕ ਅਕੱਲਾ ਫੇਰੀ ਪਾਇਆ। ਮੇਟ ਮਿਟਾਏ ਜੀਵ ਸ਼ੈਤਾਨ, ਸ਼ਰਅ ਸ਼ਰੀਅਤ ਇਕ ਲਿਖਾਇਆ। ਏਕਾ ਆਇਤ ਦੇ ਕੁਰਾਨ, ਇਕ ਹਦੀਸ ਪੜ੍ਹਾਇਆ। ਏਕਾ ਕਲਮਾ ਇਕ ਜ਼ਬਾਨ, ਏਕਾ ਨਬੀ ਰਿਹਾ ਵਖਾਇਆ। ਏਕਾ ਘਰ ਕਰ ਪਰਧਾਨ, ਪੰਚਮ ਮੇਲਾ ਦਏ ਮਿਲਾਇਆ। ਪੰਡਤ ਪਾਂਧੇ ਜਗਤ ਨਿਧਾਨ, ਕਲਜੁਗ ਅੰਤਮ ਦਏ ਉਠਾਇਆ। ਵੇਖ ਵਖਾਏ ਹਰਿ ਭਗਵਾਨ, ਆਪ ਆਪਣੀ ਦਇਆ ਕਮਾਇਆ। ਸਰਬ ਜੀਆਂ ਹੋਏ ਜਾਣੀ ਜਾਣ, ਭੇਦ ਅਭੇਦਾ ਅਛਲ ਅਛੇਦਾ ਭੇਵ ਕੋਈ ਨਾ ਪਾਇਆ। ਆਪੇ ਵਾਚੇ ਅੰਜੀਲ ਕੁਰਾਨ, ਵੇਦ ਪੁਰਾਨ ਫੋਲ ਫੁਲਾਇਆ। ਗ੍ਰੰਥ ਪੰਥ ਹੋਏ ਹੈਰਾਨ, ਪ੍ਰਭ ਕਾ ਭੇਵ ਕਿਸੇ ਨਾ ਪਾਇਆ। ਪਰਗਟ ਹੋਇਆ ਵਿਚ ਜਹਾਨ, ਮੁਸਲਮ ਸੁੰਨੀ ਨਾ ਕੋਇ ਜਣਾਇਆ। ਕਿਸੇ ਹੱਥ ਨਾ ਆਏ ਗੋਪੀ ਕਾਹਨ, ਚਾਰੋਂ ਕੁੰਟ ਹੋਏ ਹਲਕਾਇਆ। ਜੋਤੀ ਨੂਰ ਹਰਿ ਮਹਾਨ, ਏਕਾ ਨੂਰ ਕਰੇ ਰੁਸ਼ਨਾਇਆ। ਮੇਟ ਮਿਟਾਏ ਝੂਠ ਦੁਕਾਨ, ਲੋਕਮਾਤ ਰਹਿਣ ਨਾ ਪਾਇਆ। ਇਕ ਖ਼ੁਦਾ ਇਕ ਈਮਾਨ, ਏਕਾ ਕਲਮਾ ਦਏ ਪੜ੍ਹਾਇਆ। ਏਕਾ ਮੰਗਲ ਸਾਰੇ ਗਾਣ, ਏਕਾ ਸ਼ਬਦ ਰਿਹਾ ਜਣਾਇਆ। ਏਕਾ ਸੀਤਾ ਏਕਾ ਰਾਮ, ਏਕਾ ਕ੍ਰਿਸ਼ਨਾ ਦਏ ਵਖਾਇਆ। ਚਾਰ ਯਾਰੀ ਕਰ ਪਛਾਨ, ਸੰਗ ਮੁਹੰਮਦ ਮੇਲ ਮਿਲਾਇਆ। ਅਹਿਮਦ ਨਾਮ ਕਰ ਪਰਧਾਨ, ਆਪ ਆਪਣਾ ਕਰੇ ਰੁਸ਼ਨਾਇਆ। ਮੇਟ ਮਿਟਾਏ ਜੀਵ ਸ਼ੈਤਾਨ, ਸ਼ੰਕਰ ਬਰਨ ਨਾ ਕੋਈ ਜਣਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਆਪ ਆਪਣਾ ਵੇਸ ਵਟਾਇਆ। ਵੇਸ ਵਟਾਇਆ ਨੂਰੀ ਅੱਲਾ, ਅੱਲਾ ਹੂ ਅਲਾਇੰਦਾ। ਮੁਕਾਮੇ ਹੱਕ ਇਕ ਅਕੱਲਾ, ਆਪਣਾ ਆਸਣ ਲਾਇੰਦਾ। ਦੋ ਜਹਾਨਾਂ ਪਏ ਤਰਥੱਲਾ, ਆਪ ਆਪਣਾ ਤੀਰ ਚਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਵੇਸ ਵਟਾਇੰਦਾ। ਵੇਸ ਵਟਾਇਆ ਹਰਿ ਭਗਵਾਨਾ, ਆਪਣੀ ਕਲ ਕਲ ਧਾਰੀਆ। ਨਾ ਕੋਈ ਜੀਵ ਜਾਣੇ ਨਿਧਾਨਾ, ਨਾ ਕੋਈ ਲਿਖੇ ਲੇਖ ਲਿਖਾਰੀਆ। ਗੁਰਮੁਖ ਵਿਰਲਾ ਪਾਏ ਪਦ ਨਿਰਬਾਨਾ, ਜਿਸ ਮਿਲਿਆ ਸ਼ਾਹ ਅਸਵਾਰੀਆ। ਏਕਾ ਬਖ਼ਸ਼ੇ ਚਰਨ ਧਿਆਨਾ, ਪੂਜਾ ਪਾਠ ਨਾ ਕੋਈ ਵਿਚਾਰੀਆ। ਏਕਾ ਅੱਖਰ ਜਗਤ ਵੱਖਰ ਆਪ ਪੜ੍ਹਾਨਾ, ਸਾਚੀ ਸਿਖਿਆ ਵਡ ਸੰਸਾਰੀਆ। ਦੀਨ ਮਜ਼੍ਹਬ ਨਾ ਕੋਈ ਰਖਾਨਾ, ਜਾਤ ਪਾਤ ਪਾਰ ਕਿਨਾਰੀਆ। ਏਕਾ ਘਰ ਜਗਤ ਸੁਹਾਨਾ, ਚਾਰ ਵਰਨ ਸੱਚਾ ਯਾਰੀਆ। ਚਾਰੇ ਕੁੰਟਾਂ ਫੋਲ ਫੋਲਾਨਾ, ਉਤਰ ਪੂਰਬ ਪੱਛਮ ਦੱਖਣ ਆਪਣੀ ਵਾਰੀਆ। ਦਹਿ ਦਿਸ਼ਾ ਹਰਿ ਫੇਰੀ ਪਾਣਾ, ਜ਼ਿਮੀ ਅਸਮਾਨਾ ਪਾਰ ਕਿਨਾਰੀਆ। ਏਕਾ ਰਾਗ ਏਕ ਤਰਾਨਾ, ਲੋਆਂ ਪੁਰੀਆਂ ਆਪ ਸੁਣਾ ਰਿਹਾ। ਪਰਗਟ ਹੋਏ ਜੋਧਾ ਸੂਰ ਮਰਦਾਨਾ, ਆਪ ਆਪਣਾ ਨਾਮ ਧਰਾ ਰਿਹਾ। ਖੇਲੇ ਖੇਲ ਦੋ ਜਹਾਨਾਂ, ਆਪ ਆਪਣੀ ਕਲ ਵਰਤਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕਾ ਨਾਉਂ ਧਰਾ ਰਿਹਾ। ਨਿਹਕਲੰਕ ਨਿਰਗੁਣ ਧਾਰ, ਹਰਿ ਸਾਚੇ ਆਪ ਉਪਾਈਆ। ਜੋਤ ਸਰੂਪੀ ਕਰ ਅਕਾਰ, ਪੰਜ ਤਤ ਸਮਾਈਆ। ਸ਼ਬਦ ਸ਼ਬਦੀ ਰਿਹਾ ਵਿਚਾਰ, ਏਕਾ ਜੋਗ ਕਮਾਈਆ। ਇਕ ਅਕੱਲਾ ਏਕੰਕਾਰ, ਵਡ ਵੱਡੀ ਵਡਿਆਈਆ। ਨਾ ਕੋਈ ਜਾਣੇ ਜੀਵ ਗਵਾਰ, ਪੜ੍ਹ ਪੜ੍ਹ ਥੱਕੀ ਸਰਬ ਲੋਕਾਈਆ। ਖਲਕ ਖ਼ੁਦਾਏ ਗਈ ਹਾਰ, ਨਾ ਦੀਸੇ ਕੋਈ ਸਹਾਈਆ। ਚਾਰੋਂ ਕੁੰਟ ਧੂੰਆਂਧਾਰ, ਅੰਧ ਅੰਧੇਰ ਨਾ ਕੋਈ ਮਿਟਾਈਆ। ਜੋਤੀ ਨੂਰ ਨਾ ਕੋਈ ਉਜਿਆਰ, ਅਕਾਸ਼ ਪਰਕਾਸ਼ ਨਾ ਕੋਈ ਸਮਾਈਆ। ਮੰਦਰ ਮਸਜਿਦ ਗੁਰੂਦਵਾਰ ਕਰ ਪਿਆਰ, ਸ਼ਿਵਦਵਾਲਾ ਵੰਡ ਵੰਡਾਈਆ। ਹਰਿ ਹਰਿ ਵਸਿਆ ਸਭ ਤੋਂ ਬਾਹਰ, ਹੱਥ ਕਿਸੇ ਨਾ ਆਈਆ। ਗ੍ਰੰਥੀ ਪੰਥੀ ਰੋਂਦੇ ਧਾਹਾਂ ਮਾਰ, ਪੰਡਤ ਪਾਂਧੇ ਰਹੇ ਕੁਰਲਾਈਆ। ਮੁੱਲਾਂ ਸ਼ੇਖ਼ ਰਹੇ ਪੁਕਾਰ, ਗਲ ਮਾਲਾ ਤਸਬੀਆਂ ਪਾਈਆ। ਐਨਲਹੱਕ ਤੇਰਾ ਇਕ ਦਿਦਾਰ, ਮੁਕਾਮੇ ਹੱਕ ਮਿਲੇ ਖ਼ੁਦਾਈਆ। ਸਾਚਾ ਸਾਲਸ ਵਿਚ ਸੰਸਾਰ, ਏਕਾ ਏਕ ਅਖਵਾਈਆ। ਤਾਲਬ ਤਲਬ ਰੱਖੇ ਤੇਰੀ ਪਰਵਰਦਿਗਾਰ, ਏਕਾ ਅਲਫ ਰਿਹਾ ਪੜ੍ਹਾਈਆ। ਏਕਾ ਨੁਕਤਾ ਕਰ ਪਿਆਰ, ਏਕਾ ਹਮਜ਼ਾ ਰਿਹਾ ਸਮਝਾਈਆ। ਐਨ ਅੱਖ ਰਿਹਾ ਉਘਾੜ, ਗੈਨ ਗਨੀਮਤ ਭੇਵ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਏਕਾ ਨੂਰ ਕਰੇ ਰੁਸ਼ਨਾਈਆ ਏਕਾ ਨੂਰ ਸਿਫ਼ਤ ਸਲਾਹ, ਹਰਿ ਹਰਿ ਆਪ ਉਪਾਇਆ। ਲੱਖ ਚੁਰਾਸੀ ਬਣ ਮਲਾਹ, ਕਲਜੁਗ ਅੰਤਮ ਆਇਆ। ਜਾਤ ਪਾਤ ਦਏ ਮਿਟਾ, ਏਕਾ ਦੂਜਾ ਭੇਵ ਚੁਕਾਇਆ। ਏਕਾ ਲੇਖਾ ਦਏ ਲਿਖਾ, ਚਾਰ ਵਰਨ ਇਕ ਸਰਨਾਇਆ। ਧੁਰ ਦਾ ਲੇਖਾ ਦਏ ਪੜ੍ਹਾ, ਨਾ ਸਕੇ ਕੋਈ ਮਿਟਾਇਆ। ਮੁਸਲਮ ਹਿੰਦੂ ਸਿਖ ਈਸਾਈ ਏਕਾ ਧਾਮ ਬਹਾ, ਏਕਾ ਮਾਰਗ ਦਏ ਲਗਾਇਆ। ਦੂਈ ਦਵੈਤੀ ਦਏ ਮਿਟਾ, ਆਤਮ ਪੜਦਾ ਦਏ ਮਿਟਾਇਆ। ਆਤਮ ਬ੍ਰਹਮ ਸ਼ਬਦ ਜਣਾ, ਪਾਰਬ੍ਰਹਮ ਸਮਝਾਇਆ। ਏਕਾ ਘਾਟੀ ਦਏ ਚੜ੍ਹਾ, ਬਜਰ ਕਪਾਟੀ ਕੁੰਡਾ ਲਾਹਿਆ। ਏਕਾ ਤੀਰਥ ਤਾਟੀ ਦਏ ਵਖਾ, ਅਠਸਠ ਮੇਟ ਮਿਟਾਇਆ। ਜੋਤ ਲਿਲਾਟੀ ਦਏ ਜਗਾ, ਗਗਨ ਗਗਨੰਤਰ ਕਰੇ ਰੁਸ਼ਨਾਈਆ। ਲਹਿਣਾ ਦੇਣਾ ਬਾਕੀ ਦਏ ਚੁਕਾ, ਜੋ ਜਨ ਰਹੇ ਸਰਨਾਇਆ। ਸਾਚਾ ਸਾਕੀ ਜਾਮ ਪਿਆ, ਆਬ ਹਯਾਤ ਮੁਖ ਚੁਆਇਆ। ਏਕਾ ਰਾਕੀ ਤੰਗ ਕਸਾ, ਸੋਲਾਂ ਕਲੀਆਂ ਆਸਣ ਪਾਇਆ। ਸ਼ਾਹ ਖਾਕੀ ਡੇਰਾ ਲਾ, ਖ਼ਾਕੀ ਖ਼ਾਕ ਦਏ ਸਵਾਇਆ। ਆਕੀ ਕੋਈ ਰਹਿਣ ਨਾ ਪਾ, ਏਕਾ ਖੰਡਾ ਹੱਥ ਉਠਾਇਆ। ਰਾਜ ਰਾਜਾਨਾ ਸ਼ਾਹ ਸੁਲਤਾਨਾ, ਤਖ਼ਤ ਤਾਜ ਦਏ ਗਵਾ, ਦਰ ਦਰ ਮੰਗਣ ਭਿਛਿਆ ਕੋਇ ਨਾ ਪਾਇਆ। ਗ਼ਰੀਬ ਨਿਮਾਣੇ ਦਏ ਉਠਾ, ਏਕਾ ਸਿਖਿਆ ਆਪ ਸਮਝਾਇਆ। ਦਰ ਦਰਵਾਜਾ ਦਏ ਖੁਲ੍ਹਾ, ਗ਼ਰੀਬ ਨਿਵਾਜਾ ਖੇਲ ਰਚਾਇਆ। ਅਨਹਦ ਵਾਜਾ ਇਕ ਵਜਾ, ਧੁਨ ਨਾਦ ਅਲਾਇਆ। ਪੁੰਨ ਸਵਾਬਾ ਇਕ ਕਰਾ, ਏਕਾ ਵੇਖ ਵਖਾਇਆ। ਦਏ ਅਜ਼ਾਬਾ ਜਗਤ ਸਜਾ, ਜੀਵ ਸ਼ੈਤਾਨਾ ਰਹਿਣ ਨਾ ਪਾਇਆ। ਸਾਚਾ ਹਾਜੀ ਹੱਜ ਦਏ ਕਰਾ, ਕਾਇਆ ਕਾਅਬਾ ਖੋਲ੍ਹ ਵਖਾਇਆ। ਸ਼ਾਹ ਨਵਾਬਾ ਦਰਸ ਦਿਖਾ, ਆਪ ਆਪਣਾ ਲਏ ਵਡਿਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਲੋਕਮਾਤ ਨਿਰਗੁਣ ਜੋਤ ਕਰੇ ਰੁਸ਼ਨਾਇਆ। ਨਿਰਗੁਣ ਤੇਰਾ ਰੂਪ ਅਗੰਮ, ਆਦਿ ਅੰਤ ਅਖਵਾਇਆ। ਨਾ ਮਰੇ ਨਾ ਪਏ ਜੰਮ, ਆਵਣ ਜਾਵਣ ਵਿਚ ਨਾ ਆਇਆ। ਨਾ ਕੋਈ ਪਵਣ ਸਵਾਸੀ ਲਏ ਦਮ, ਨਾ ਨੇਤਰ ਨੀਰ ਵਹਾਇਆ। ਹੱਡ ਮਾਸ ਨਾੜੀ ਨਾ ਦਿਸੇ ਚੰਮ, ਮੜੀ ਗੋਰ ਨਾ ਕੋਈ ਦਬਾਇਆ। ਆਪੇ ਜਾਣੇ ਆਪਣਾ ਕੰਮ, ਆਪ ਆਪਣਾ ਵੇਖ ਵਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਅੰਤਮ ਵੇਖਣ ਆਇਆ। ਕਲਜੁਗ ਅੰਤਮ ਢੋਲ ਨਗਾਰਾ, ਕੂੜ ਕੁੜਿਆਰਾ ਵੱਜਿਆ। ਚਾਰੋਂ ਕੁੰਟ ਧੁੰਧੂਕਾਰਾ, ਪੰਚ ਸ਼ੈਤਾਨਾ ਫਿਰੇ ਭੱਜਿਆ। ਹੱਕ ਨਾ ਦਿਸੇ ਕਿਸੇ ਕਿਨਾਰਾ, ਨਾ ਕੋਈ ਰੱਖੇ ਲੱਜਿਆ। ਏਕਾ ਦੂਜਾ ਲਾਇਆ ਨਾਅਰਾ, ਤੀਜਾ ਦਰ ਨਾ ਕਿਸੇ ਦੱਸਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਲੋਕਮਾਤ ਆਵੇ ਨੱਸਿਆ। ਲੋਕਮਾਤ ਹਰਿ ਉਜਾਲਾ, ਏਕਾ ਏਕ ਅਖਵਾਈਆ। ਪਰਗਟ ਹੋਇਆ ਦੀਨ ਦਿਆਲਾ, ਦਇਆ ਨਿਧ ਨਾਮ ਧਰਾਈਆ। ਆਪੇ ਚਲੇ ਆਪਣੀ ਚਾਲਾ, ਚਾਲ ਅਵੱਲੜੀ ਇਕ ਰਖਾਈਆ। ਹਰਿਜਨ ਵੇਖੇ ਕਾਇਆ ਮੰਦਰ ਸੱਚੀ ਧਰਮਸਾਲਾ, ਹਰਿ ਬੈਠਾ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਗ ਕਰਤਾ ਆਪ ਅਖਵਾਈਆ। ਕਰਨਹਾਰ ਹਰਿ ਸਮਰਥਾ, ਜੁਗ ਜੁਗ ਕਰਦਾ ਆਇਆ। ਆਪ ਚਲਾਏ ਆਪਣਾ ਰਥਾ, ਰਥ ਰਥਵਾਹੀ ਨਾਮ ਧਰਾਇਆ। ਆਪ ਉਪਾਏ ਆਪਣੀ ਗਾਥਾ, ਆਪੇ ਰਿਹਾ ਸੁਣਾਇਆ। ਆਪੇ ਹੋ ਤ੍ਰਿਲੋਕੀ ਨਾਥਾ, ਲੋਕਮਾਤ ਫੇਰੀ ਪਾਇਆ। ਆਪੇ ਰਾਮਾ ਘਰ ਦਸਰਾਥਾ, ਆਪ ਆਪਣਾ ਵੇਸ ਵਟਾਇਆ। ਈਸਾ ਮੂਸਾ ਸਗਲਾ ਸਾਥਾ, ਹਰਿ ਸਾਚਾ ਆਪ ਨਿਭਾਇਆ। ਆਪੇ ਵੇਖੇ ਕਾਇਆ ਬਾਟਾ, ਨੌਂ ਅੱਠ ਵੇਖ ਵਖਾਇਆ। ਚੌਦਾਂ ਲੋਕ ਸਾਚਾ ਹਾਟਾ, ਚੌਦਾਂ ਤਬਕ ਖੁਲ੍ਹਾਇਆ। ਇਕ ਜਣਾਏ ਪੂਜਾ ਪਾਠਾ, ਏਕਾ ਨਾਮ ਉਪਾਇਆ। ਇਕ ਸਰੋਵਰ ਏਕਾ ਠਾਠਾ, ਏਕਾ ਧੀਰ ਧਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਲਏ ਉਪਾਇਆ। ਆਪ ਆਪਣਾ ਕਰ ਉਜਿਆਰ, ਆਪਣੀ ਦਇਆ ਕਮਾਈਆ। ਵੀਹ ਸੌ ਬਿਕ੍ਰਮੀ ਹੋ ਤਿਆਰ, ਲੋਕਮਾਤ ਲਏ ਅੰਗੜਾਈਆ। ਬ੍ਰਹਮਾ ਵੇਖੇ ਨੀਰ ਵਹਾਏ ਜ਼ਾਰੋ ਜ਼ਾਰ, ਅੱਠੇ ਨੇਤਰ ਖੋਲ੍ਹ ਵਖਾਈਆ। ਸ਼ਿਵ ਸ਼ੰਕਰ ਨਾ ਕੋਈ ਧੀਰ ਧਰਾਈ ਸੁਰਪਤ ਇੰਦ ਗਿਆ ਹਾਰ, ਕਰੋੜ ਤੇਤੀਸਾ ਰਿਹਾ ਸ਼ਰਮਾਈਆ। ਪਾਰਬ੍ਰਹਮ ਪ੍ਰਭ ਲੈ ਅਵਤਾਰ, ਲੋਕਮਾਤ ਕਰੇ ਰੁਸ਼ਨਾਈਆ। ਕਲਜੁਗ ਅੰਤਮ ਪਾਵੇ ਸਾਰ, ਕੂੜੀ ਕਿਰਿਆ ਦਏ ਮਿਟਾਈਆ। ਜੂਠਾ ਝੂਠਾ ਜਗਤ ਪਸਾਰ, ਮਾਇਆ ਬੰਧਨ ਦਏ ਤੁੜਾਈਆ। ਤ੍ਰੈਗੁਣ ਮਾਇਆ ਤੇਰਾ ਅੰਤ ਵਿਹਾਰ, ਆਪਣੀ ਹੱਥੀਂ ਦਏ ਕਰਾਈਆ। ਸਾਚੀ ਸਖੀਆਂ ਮੀਤ ਮੁਰਾਰ, ਹਰਿ ਮੇਲਾ ਸਹਿਜ ਸੁਭਾਈਆ। ਗੁਰ ਚੇਲਾ ਸੋਹੇ ਇਕ ਦਵਾਰ, ਆਦਿ ਨਿਰੰਜਣ ਵਡ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਨਾਉਂ ਧਰਾਈਆ। ਆਪ ਆਪਣਾ ਨਾਉਂ ਧਰਾ, ਨਿਹਕਲੰਕ ਅਖਵਾਇਆ। ਜੋਤੀ ਜਾਮਾ ਭੇਖ ਵਟਾ, ਸ਼ਬਦ ਡੰਕਾ ਇਕ ਲਗਾਇਆ। ਰਾਓ ਰੰਕਾਂ ਰਿਹਾ ਉਠਾ, ਸੋਇਆ ਕੋਈ ਰਹਿਣ ਨਾ ਪਾਇਆ। ਦਵਾਰ ਬੰਕਾ ਦਏ ਸੁਹਾ, ਆਪ ਆਪਣੀ ਦਇਆ ਕਮਾਇਆ। ਏਕਾ ਅੱਖਰ ਦਏ ਪੜ੍ਹਾ, ਦੋਏ ਦੋਏ ਜਾਪ ਜਪਾਇਆ। ਤੀਜਾ ਨੇਤਰ ਦਏ ਖੁਲ੍ਹਾ, ਅਗਿਆਨ ਅੰਧੇਰ ਮਿਟਾਇਆ। ਚੌਥੇ ਘਰ ਰਿਹਾ ਸਮਾ, ਵਿਰਲੇ ਗੁਰਮੁਖ ਪਾਇਆ। ਪੰਚਮ ਮੰਗਲ ਏਕਾ ਗਾ, ਪਰਮ ਪੁਰਖ ਮਨਾਇਆ। ਛੇਵੇਂ ਛੱਪਰ ਛੰਨ ਕੋਈ ਦਿਸੇ ਨਾ, ਹਰਿ ਸਾਚੇ ਆਸਣ ਲਾਇਆ। ਸਤਵੇਂ ਸਤਿ ਪੁਰਖ ਨਿਰੰਜਣ ਸਾਚੇ ਥਾਂ, ਆਪ ਆਪਣਾ ਆਸਣ ਲਾਇਆ। ਅੱਠਾਂ ਤੱਤਾਂ ਰੰਗ ਜਾਣੇ ਨਾ, ਅਪ ਤੇਜ਼ ਵਾਏ ਪ੍ਰਿਥਮੀ ਅਕਾਸ਼ ਮਨ ਮਤ ਬੁਧ ਨਾ ਸੁਹਾਇਆ। ਨੌਂ ਦਰ ਕੋਈ ਪਛਾਨੇ ਨਾ, ਜੀਵ ਜੰਤ ਹੋਏ ਹਲਕਾਇਆ। ਦਸਵੇਂ ਘਰ ਪਾਇਆ ਹਰਿ, ਹਰਿ ਵਰਤੇ ਆਪਣੇ ਭਾਣਿਆ, ਜਾਗਰਤ ਜੋਤ ਜਗਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣੀ ਵੰਡ ਵੰਡਾਇਆ। ਦਸ ਘਰ ਦਸ ਦਸ ਬੀਸ, ਦਸ ਦਸ ਆਪ ਸਿਖਾਈਆ। ਆਪੇ ਜਾਣੇ ਆਪਣੀ ਹਦੀਸ, ਆਪੇ ਰਿਹਾ ਪੜ੍ਹਾਈਆ। ਆਪੇ ਜਾਣੇ ਅਪਣੀ ਰੀਸ, ਆਪੇ ਰਿਹਾ ਕਰਾਈਆ। ਭੇਵ ਨਾ ਪਾਏ ਰਾਗ ਛਤੀਸ, ਤੀਸ ਬਤੀਸ ਨਾ ਕੋਈ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣੇ ਨਾਮ ਕਰੇ ਵਡਿਆਈਆ। ਆਪ ਆਪਣਾ ਨਾਮ ਧਰ, ਆਪਣਾ ਕਰਮ ਕਮਾਇਆ। ਵੀਹ ਸਦ ਗਿਆਰਾਂ ਵਸਿਆ ਘਰ, ਸਾਢੇ ਤਿੰਨ ਹੱਥ ਲੇਖ ਚੁਕਾਇਆ। ਵੀਹ ਸੌ ਬਾਰਾਂ ਗਿਆ ਸੜ, ਅਗਨੀ ਮਠ ਤਪਾਇਆ। ਨੌਂ ਦਵਾਰੇ ਜਗਤ ਅੱਗੇ ਖੜ, ਆਪ ਆਪਣਾ ਭੇਵ ਛੁਪਾਇਆ। ਉਚ ਮਹੱਲੇ ਬੈਠਾ ਚੜ, ਦਿਸ ਕਿਸੇ ਨਾ ਆਇਆ। ਨਾ ਕੋਈ ਸੀਸ ਨਾ ਕੋਈ ਧੜ, ਨਾ ਕੋਈ ਤਤਵ ਤਤ ਜਣਾਇਆ। ਨਾ ਕੋਈ ਵਿਦਿਆ ਅੱਖਰ ਗਿਆ ਪੜ੍ਹ, ਨਾ ਕੋਈ ਵੇਦ ਪੁਰਾਨ ਅਲਾਇਆ। ਨਾ ਕਿਸੇ ਵਸਿਆ ਕਿਲੇ ਗੜ੍ਹ, ਚਾਰ ਦਿਵਾਰ ਨਾ ਕੋਈ ਰਖਾਇਆ। ਨਾ ਕੋਈ ਨਾਰੀ ਨਾ ਕੋਈ ਨਰ, ਰਕਤ ਬੂੰਦ ਨਾ ਕੋਈ ਉਪਾਇਆ। ਆਪਣਾ ਘਾੜਨ ਆਪੇ ਘੜ, ਆਪਣੇ ਦਰ ਸੁਹਾਇਆ। ਖਲਕ ਖ਼ੁਦਾਈ ਰਿਹਾ ਲੜ, ਹਰਿ ਖ਼ਾਲਕ ਦਿਸ ਨਾ ਆਇਆ। ਆਪ ਉਖੇੜੇ ਸਭ ਦੀ ਜੜ, ਚੌਦਾਂ ਚੌਦਾਂ ਵੇਖ ਵਖਾਇਆ। ਵੀਹ ਸਦ ਬਾਰਾਂ ਫੜਾਇਆ ਆਪਣਾ ਲੜ, ਆਪ ਆਪਣੀ ਦਇਆ ਕਮਾਇਆ। ਜੋਤੀ ਜੋਤ ਸਰੂਪ ਹਰਿ, ਲੋਕਮਾਤ ਹਰਿ, ਜੋਤ ਧਰ ਨਿਹਕਲੰਕ ਨਰਾਇਣ ਨਰ, ਸਾਧ ਸੰਗਤ ਮੇਲ ਮਿਲਾਇਆ। ਸੰਮਤ ਵੀਹ ਸਦ ਤੇਰਾਂ ਤੇਰੀ ਧਾਰ, ਚਾਰੋਂ ਕੁੰਟ ਹੋਏ ਰੁਸ਼ਨਾਈਆ। ਸਾਧਾਂ ਸੰਤਾਂ ਕਰੇ ਖ਼ਬਰਦਾਰ, ਰਾਜ ਰਾਜਾਨਾ ਆਪ ਉਠਾਈਆ। ਆਪੇ ਹੋਇਆ ਚੋਬਦਾਰ, ਅੱਠੇ ਪਹਿਰ ਸੇਵ ਕਮਾਈਆ। ਦਰ ਦਰਵੇਸਾ ਬਣ ਭਿਖਾਰ, ਮੰਗੇ ਭਿਛਿਆ ਬੇਪਰਵਾਹੀਆ। ਏਕਾ ਅਲਖ ਜਗਾਏ ਹਰਿ ਨਿਰੰਕਾਰ, ਅਲਖ ਨਾਉਂ ਧਰਾਈਆ। ਅਗੰਮ ਅਗੰਮੜਾ ਕਰੇ ਅਗੰਮੜੀ ਕਾਰ, ਭੇਵ ਕੋਈ ਨਾ ਪਾਈਆ। ਪੈਸਾ ਧੇਲਾ ਦਮੜੀ ਨਾ ਕੋਈ ਵਿਚਾਰ, ਖਾਲੀ ਹੱਥ ਰਖਾਈਆ। ਮਾਤ ਪਿਤ ਭੈਣ ਭਾਈ ਨਾ ਅੰਮੀ ਅਮੜਾ, ਸੱਜਣ ਸੈਣ ਨਾ ਕੋਈ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਵੀਹ ਸਦ ਤੇਰਾਂ ਤੇਰੀ ਧਾਰ, ਨਾਨਕ ਗਾਈ ਵਿਚ ਸੰਸਾਰ, ਬੈਠਾ ਤੋਲਾ ਬੇਪਰਵਾਹੀਆ। ਸੰਮਤ ਚੌਦਾਂ ਚੌਦਾਂ ਹੱਟ, ਹਰਿ ਚੌਦਾਂ ਲੋਕ ਖੁਲ੍ਹਾਇਆ। ਸ਼ਬਦ ਨਗਾਰੇ ਮਾਰੇ ਸੱਟ ਆਪ ਆਪਣਾ ਸਾਂਗ ਵਰਤਾਇਆ। ਜਨ ਭਗਤਾਂ ਦੁਰਮਤ ਮੈਲ ਦੇਵੇ ਕੱਟ, ਏਕਾ ਮੰਤਰ ਨਾਮ ਦ੍ਰਿੜਾਇਆ। ਦੀਪਕ ਜੋਤੀ ਜਗਾਏ ਲਟ ਲਟ, ਅੰਧ ਅੰਧੇਰ ਮਿਟਾਇਆ । ਹਉਮੇ ਹੰਗਤਾ ਮੱਠ ਜਾਏ ਢੱਠ, ਸਾਚੀ ਸੰਗਤਾ ਮੇਲ ਮਿਲਾਇਆ। ਲਹਿਣਾ ਦੇਣਾ ਚੁਕਾਏ ਤੀਰਥ ਅਠਸਠ, ਜਗਤ ਨਹਾਵਣ ਕੋਈ ਨਾ ਨਹਾਇਆ। ਨਾ ਕੋਈ ਪੂਜਾ ਸ਼ਿਵਦਵਾਲਾ ਮੱਠ, ਗੁਰ ਦਰ ਮਸਜਿਦ ਵੇਖ ਵਖਾਇਆ। ਆਪੇ ਗੇੜਨਹਾਰਾ ਉਲਟੀ ਲੱਠ, ਆਪ ਆਪਣੀ ਕਾਰ ਕਮਾਇਆ। ਵਰਤੇ ਸਾਂਗ ਨਟੂਆ ਨਟ, ਸਵਾਂਗੀ ਸਵਾਂਗ ਰਿਹਾ ਰਚਾਇਆ। ਲੋਕਮਾਤ ਖੇੜਾ ਭੱਠ, ਗੁਰਮੁਖ ਸਾਚੇ ਮੂਲ ਨਾ ਭਾਇਆ। ਤਾਮਸ ਤ੍ਰਿਸਨਾ ਜੀਵਾਂ ਜੰਤਾਂ ਰਹੀ ਚੱਟ, ਕਾਮ ਕਰੋਧ ਲੋਭ ਮੋਹ ਹੰਕਾਰ ਵਧਾਇਆ। ਕੋਈ ਨਾ ਪਾਰ ਉਤਾਰੇ ਸਾਚੇ ਘਾਟ, ਨਾਮ ਜਹਾਜ ਨਾ ਕੋਈ ਚੜ੍ਹਾਇਆ। ਜੂਠੀ ਝੂਠੀ ਚੋਲੀ ਗਈ ਪਾਟ, ਸਚ ਸ਼ਬਦ ਨਾ ਕੋਈ ਤਨ ਪਹਿਨਾਇਆ। ਕਲਜੁਗ ਨੇੜੇ ਆਈ ਵਾਟ, ਨਾ ਦੀਸੇ ਕੋਇ ਸਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਵੀਹ ਸਦ ਚੌਦਾਂ ਦੇਵੇ ਵਰ, ਏਕਾ ਇਕੀ ਰਿਹਾ ਪਾਇਆ। ਏਕਾ ਇਕੀ ਏਕੰਕਾਰਾ ਆਪਣੀ ਆਪ ਪਾਈਆ। ਸਾਚੀ ਸਿਖੀ ਕਰ ਤਿਆਰ, ਨੌਂ ਖੰਡ ਕਰੇ ਜਣਾਈਆ। ਸੱਤਾਂ ਦੀਪਾਂ ਇਕ ਅਕਾਰ, ਏਕਾ ਮਾਰਗ ਲਾਈਆ। ਲੋਆਂ ਪੁਰੀਆਂ ਕਰੇ ਖ਼ਬਰਦਾਰ, ਸ਼ਬਦ ਸੁਨੇਹੜਾ ਇਕ ਘਲਾਈਆ। ਸੰਮਤ ਪੰਦਰਾਂ ਹੋ ਤਿਆਰ, ਵੀਹ ਸਦ ਬਿਕ੍ਰਮੀ ਨਾਲ ਰਲਾਈਆ। ਜੋਤ ਸਰੂਪੀ ਕਰ ਅਕਾਰ, ਗੋਬਿੰਦ ਗੁਰ ਵੇਸ ਵਟਾਈਆ। ਸੰਬਲ ਨਗਰੀ ਧਾਮ ਨਿਆਰ, ਬੈਠਾ ਆਸਣ ਲਾਈਆ। ਜੋਤੀ ਜੋੜਾ ਸ਼ਬਦੀ ਘੋੜਾ ਅਪਰ ਅਪਾਰ, ਦਿਵਸ ਰੈਣ ਰਿਹਾ ਦੌੜਾਈਆ। ਕਲਗੀ ਤੋੜਾ ਇਕ ਕਰਤਾਰ, ਨਾਮ ਨਾਮਾ ਸੀਸ ਟਿਕਾਈਆ। ਸੱਸਾ ਉਪਰ ਹੋੜਾ ਕਰੇ ਵਿਚਾਰ, ਨਿਰਗੁਣ ਸਰਗੁਣ ਮੇਲ ਮਿਲਾਈਆ। ਹੰ ਹੰਗਤਾ ਦਏ ਮਾਰ, ਏਕਾ ਏਕਾ ਟਿੱਪੀ ਰਿਹਾ ਗਾਈਆ। ਦੋਹਾਂ ਵਿਚੋਲਾ ਆਪ ਕਰਤਾਰ, ਭੇਵ ਕੋਈ ਨਾ ਪਾਈਆ। ਸਾਚਾ ਢੋਲਾ ਅਪਰ ਅਪਾਰ, ਬ੍ਰਹਮੇ ਰਿਹਾ ਸੁਣਾਈਆ। ਗੁਰਮੁਖ ਸਾਚਾ ਸਚ ਦੁਲਾਰ, ਸ਼ਿਵ ਸ਼ੰਕਰ ਰਿਹਾ ਉਠਾਈਆ। ਬਾਲ ਅੰਞਾਣਾ ਮੀਤ ਮੁਰਾਰ, ਇੰਦ ਇੰਦਰਾਸਨ ਦਏ ਹਿਲਾਈਆ। ਸ੍ਰਿਸ਼ਟ ਸਬਾਈ ਹੋ ਉਜਿਆਰ, ਏਕਾ ਡੰਕਾ ਸ਼ਬਦ ਵਜਾਈਆ। ਲੱਖ ਚੁਰਾਸੀ ਖ਼ਬਰਦਾਰ, ਪੰਖੀ ਪੰਛੀ ਰਿਹਾ ਉਠਾਈਆ। ਸੰਮਤ ਪੰਦਰਾਂ ਹਰਿ ਨਿਰੰਕਾਰ, ਆਪ ਆਪਣੀ ਰਚਨ ਰਚਾਈਆ। ਪੰਥ ਖਾਲਸਾ ਹੋ ਤਿਆਰ, ਪ੍ਰਭ ਸਾਚੇ ਜੋਤ ਜਗਾਈਆ। ਲੇਖਾ ਲਿਖੇ ਅਪਰ ਅਪਾਰ, ਨਾ ਕੋਈ ਮੇਟੇ ਮੇਟ ਮਿਟਾਈਆ। ਲੰਕਾ ਗੜ੍ਹ ਸੁਹਾਏ ਬੰਕ ਦਵਾਰ, ਰਾਮ ਰਾਮਾ ਨਾਉਂ ਧਰਾਈਆ। ਸ਼ਾਹ ਭਬੀਖਨ ਰਹਿਣਾ ਖ਼ਬਰਦਾਰ, ਲੋਕਮਾਤ ਵੱਜੀ ਵਧਾਈਆ। ਰਾਸ਼ਟਰਪਤ ਜੀਵ ਨਾਦਾਨ, ਹਰਿ ਜਾਗਰਤ ਰਿਹਾ ਜਗਾਈਆ। ਲਿਖਿਆ ਆਵੇ ਧੁਰ ਫ਼ਰਮਾਣ, ਸਾਲ ਬਸਾਲਾ ਵੇਖ ਵਖਾਈਆ। ਰੂਸਾ ਚੀਨਾ ਇਕ ਗਿਆਨ, ਸ਼ਾਹ ਇਰਾਨਾ ਸੰਗ ਰਲਾਈਆ। ਖੇਲੇ ਖੇਲ ਹਰਿ ਅਫਗਾਨ, ਭੇਵ ਕੋਇ ਨਾ ਪਾਈਆ। ਬੂਰਾ ਕੱਕਾ ਵਿਚ ਮੈਦਾਨ, ਆਪੇ ਵੇਖ ਵਖਾਈਆ। ਮਦੀਨਾ ਮੱਕਾ ਧੁਰ ਫ਼ਰਮਾਣ, ਆਪੇ ਦਏ ਅਲਾਹੀਆ। ਭੈਣ ਭਾਈ ਸਕਾ ਨਾ ਸਕੇ ਕੋਈ ਪਛਾਨ, ਨਾ ਕੋਈ ਜਾਣੇ ਦੀਨ ਅਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਵੀਹ ਸੌ ਪੰਦਰਾਂ ਤੇਰੀ ਵੰਡ ਵੰਡਾਈਆ। ਵੀਹ ਸਦ ਸੋਲਾਂ ਸੋਲਾਂ ਕਲ ਧਾਰ, ਏਕਾ ਧਰਮ ਜੈਕਾਰਾ। ਖੇਲੇ ਖੇਲ ਅਗੰਮ ਅਪਾਰ, ਕਰੇ ਭੇਵ ਨਿਆਰਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸੰਗ ਰਖਾਏ ਪੰਜ ਪਿਆਰਾ। ਪੰਜ ਪਿਆਰਾ ਸ਼ਬਦ ਲਿਖਾਰੀ, ਨਰ ਨਰਾਇਣ ਅਖਵਾਇਆ। ਪਹਿਲੀ ਚੇਤਰ ਕਰ ਤਿਆਰੀ, ਲਾਹੌਰ ਸ਼ਹਿਰ ਡੇਰਾ ਲਾਇਆ। ਕਿਲਾ ਸ਼ਾਹੀ ਜੋਤ ਉਜਿਆਰੀ, ਨੂਰ ਅਲਾਹੀ ਆਪ ਕਰਾਇਆ। ਦੀਨ ਅਸਲਾਮ ਪਾਵੇ ਸਾਰੀ, ਏਕਾ ਰੂਪ ਵਟਾਇਆ। ਅਮਾਮ ਮਹਿੰਦੀ ਬਣ ਪੁਜਾਰੀ, ਮੁਖ ਨਕਾਬ ਰਖਾਇਆ। ਲਹਿੰਦੀ ਦਿਸ਼ਾ ਕਰ ਤਿਆਰੀ, ਖੇਲੇ ਖੇਲ ਹਰ ਘਟ ਥਾਂਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਲੇਖਾ ਦਏ ਚੁਕਾਇਆ। ਸੰਮਤ ਸੋਲਾਂ ਲੇਖ ਚੁਕੌਣਾ, ਹਰਿ ਸਾਚੇ ਵਡ ਵਡਿਆਈਆ। ਉਮਤ ਉਮਤੀ ਆਪ ਉਠੌਣਾ, ਨਬੀ ਰਸੂਲਾ ਵੇਖ ਵਖਾਈਆ। ਪੀਰ ਪੈਗ਼ੰਬਰ ਸੰਗ ਰਲੌਣਾ, ਰੋੜੀ ਸੱਖਰ ਚਰਨ ਛੁਹਾਈਆ। ਸ਼ਾਹ ਮਲੰਗ ਆਪ ਉਠੌਣਾ, ਫਕੀਰ ਫਕੀਰ ਮਨਾਈਆ। ਏਕਾ ਮਰਦੰਗ ਸਚ ਵਜੌਣਾ, ਏਕਾ ਤਾਲ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਕਲਮਾ ਦਏ ਜਣਾਈਆ। ਏਕਾ ਕਲਮਾ ਹਰਿ ਕਾਇਨਾਤ, ਆਪਣਾ ਆਪ ਉਪਾਇਆ। ਆਪੇ ਵੇਖੇ ਮਾਰ ਝਾਤ, ਨਾ ਕੋਈ ਦੂਸਰ ਸੰਗ ਰਖਾਇਆ। ਏਕਾ ਰਾਕੀ ਸਾਚਾ ਰਾਕ, ਏਕਾ ਰਿਹਾ ਦੌੜਾਇਆ। ਏਕਾ ਲੇਖਾ ਏਕਾ ਵਾਕ, ਏਕਾ ਪੂਰ ਕਰਾਇਆ। ਏਕਾ ਪਾਕੀ ਏਕਾ ਪਾਕ, ਪਾਕੀ ਪਾਕ ਆਪ ਅਖਵਾਇਆ। ਵੇਖਣਹਾਰਾ ਖ਼ਾਕੀ ਖ਼ਾਕ, ਖਲਕ ਖਾਲਕ ਆਪ ਖ਼ੁਦਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸੰਮਤ ਸੋਲਾਂ ਦੇਵੇ ਵਰ, ਨੂਰੀ ਅੱਲਾ ਨੂਰ ਸਮਾਇਆ। ਨੂਰੀ ਅੱਲਾ ਨੂਰੋ ਨੂਰ, ਹਰਿ ਨੂਰੋ ਨੂਰ ਉਪਾਇੰਦਾ। ਸਚ ਮਹੱਲਾ ਕਰ ਤਿਆਰ, ਆਪਣਾ ਆਸਣ ਲਾਇੰਦਾ। ਇਕ ਅਕੱਲਾ ਪਰਵਰਦਿਗਾਰ, ਦਿਸ ਕਿਸੇ ਨਾ ਆਇੰਦਾ। ਸਾਚਾ ਮੀਤਾ ਸਚ ਪਿਆਰ, ਸਾਚੇ ਘਰ ਵਖਾਇੰਦਾ। ਸਾਚੀ ਰਚਨਾ ਵਿਚ ਸੰਸਾਰ, ਏਕਾ ਮਾਰਗ ਲਾਇੰਦਾ। ਇਕ ਗਿਆਨ ਏਕਾ ਗੀਤਾ, ਏਕਾ ਧਾਰ ਵਹਾਇੰਦਾ। ਏਕਾ ਮੰਦਰ ਇਕ ਮਸੀਤਾ, ਏਕਾ ਗੁਰੂਦਵਾਰ ਵਖਾਇੰਦਾ। ਏਕਾ ਹਸਤ ਏਕਾ ਕੀਟਾ, ਉਚਾਂ ਨੀਚਾਂ ਏਕਾ ਰੰਗ ਰੰਗਾਇੰਦਾ। ਏਕਾ ਭਾਣੇ ਲਾਗੇ ਮੀਠਾ, ਏਕਾ ਦਰ ਸੁਹਾਇੰਦਾ। ਦੇਵੇ ਕਲਮਾ ਇਕ ਅਨਡੀਠਾ, ਲਿਖਣ ਪੜ੍ਹਣ ਵਿਚ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦੀਨ ਅਸਲਾਮ ਆਪ ਉਠਾਇੰਦਾ। ਆਪ ਉਠਾਏ ਹਰਿ ਸੁਲਤਾਨਾ, ਆਪਣਾ ਰੰਗ ਰੰਗਾਇਆ। ਅਮਾਮ ਮਹਿੰਦੀ ਖੇਲ ਮਹਾਨਾ, ਖੇਲਣਹਾਰ ਆਪ ਅਖਵਾਇਆ। ਮੌਲੀ ਮਹਿੰਦੀ ਸੱਚਾ ਗਾਨਾ, ਤੰਦਨ ਤੰਦ ਬੰਧਾਇਆ। ਏਕਾ ਤੀਰ ਇਕ ਨਿਸ਼ਾਨਾ, ਬੱਤੀ ਦੰਦਨ ਲਾਇਆ। ਤੀਸ ਬਤੀਸ ਕਰ ਪਰਵਾਨਾ, ਇਕ ਹਦੀਸ ਸੁਣਾਇਆ। ਵੇਖ ਅਬਲੀਸ ਭਏ ਹੈਰਾਨਾ, ਭੇਵ ਕੋਇ ਨਾ ਪਾਇਆ। ਯਾਮੁਬੀਨ ਬੀ ਮਹਿਬਾਨ, ਏਕਾ ਨਾਮ ਧਰਾਇਆ। ਅਜ਼ਮਤੋ ਕਸਮਤੋ ਅਜ਼ਿਬਵਾ, ਅਤਿਲਹੇ ਤੇਰਾ ਨਾਮ ਧਿਆਇਆ। ਮਹਿਬਾਨ ਬੀਦੋ ਇਕ ਖ਼ੁਦਾ, ਤੇਰਾ ਨੂਰ ਸਵਾਇਆ। ਸਚ ਨਬੀ ਨਾ ਹੋਏ ਜੁਦਾ, ਏਕਾ ਰੰਗ ਰੰਗਾਇਆ। ਮੁਲਾਂ ਸ਼ੇਖ਼ ਮੁਸਾਇਕ ਗੌਂਸ ਕੁਤਬ ਹੋਏ ਫਿਦਾ, ਘਰ ਏਕਾ ਏਕ ਸੁਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸੰਮਤ ਸੋਲਾਂ ਵੰਡ ਵੰਡਾਇਆ। ਸੰਮਤ ਸੋਲਾਂ ਵੰਡ ਵੰਡਾ, ਆਪਣੀ ਕਲ ਧਾਰੀਆ। ਉਰਦੂ ਫਾਰਸੀ ਅਰਬੀ ਲਏ ਪੜ੍ਹਾ, ਖੇਲੇ ਖੇਲ ਅਪਰ ਅਪਾਰੀਆ। ਗਜ਼ਨੀ ਆਪਣਾ ਚਰਨ ਟਿਕਾ, ਚਰਨ ਚਰਨੋਦਕ ਆਪ ਵਰਤਾਰੀਆ। ਏਕਾ ਰਕਤੀ ਬੂੰਦ ਉਪਾ, ਸਾਚੀ ਸ਼ਕਤੀ ਕਰੇ ਉਜਿਆਰੀਆ। ਬਲਖ ਬਖਾਰਾ ਧਾਮ ਸੁਹਾ, ਨੂਰੋ ਨੂਰ ਸਮਾਰੀਆ। ਅਹਿਮਦ ਮੁਹੰਮਦ ਇਕ ਵਖਾ, ਏਕਾ ਰੰਗ ਰੰਗੇ ਕਰਤਾਰੀਆ। ਚਾਰ ਯਾਰੀ ਭੇਵ ਚੁਕਾ, ਹਰਿ ਖੇਲੇ ਖੇਲ ਅਪਾਰੀਆ। ਪੰਡਤ ਪਾਂਧੇ ਦਏ ਸਮਝਾ, ਵੇਦ ਪੁਰਾਨਾ ਬੰਨੇ ਧਾਰੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸੰਮਤ ਸੋਲਾਂ ਕਰੇ ਖੇਲ ਨਰ ਹਰਿ ਨਿਰੰਕਾਰੀਆ। ਸੋਲਾਂ ਕਲੀਆਂ ਸੋਲਾਂ ਤਨ ਸ਼ੰਗਾਰਾ, ਹਰਿ ਹਰਿ ਆਪ ਕਰੌਣਾ। ਇਕ ਦਲਾਲ ਏਕਾ ਐਲੀ ਏਕਾ ਅੱਲਾ, ਏਕਾ ਰੂਪ ਏਕਾ ਨਾਅਰਾ ਲੌਣਾ। ਇਕ ਅਕੱਲਾ ਵਸੇ ਕਾਇਆ ਖੱਲਾ, ਉਚ ਮਹੱਲਾ ਆਪ ਆਪਣਾ ਮੁਖ ਛੁਪੌਣਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਸੰਮਤ ਸੋਲਾਂ ਸਚ ਵਿਹਾਰਾ ਲੋਕਮਾਤ ਕਰੌਣਾ। ਲੋਕਮਾਤ ਜਗਤ ਵਿਹਾਰਾ, ਹਰਿ ਸਾਚਾ ਆਪ ਕਰਾਇੰਦਾ। ਸੰਮਤ ਸੋਲਾਂ ਸਤਾਰਾਂ ਹਾੜਾ, ਜਗਤ ਅਖਾੜਾ ਇਕ ਵਖਾਇੰਦਾ। ਸ੍ਰਿਸ਼ਟ ਸਬਾਈ ਅਗਨ ਲੱਗੇ ਬਹੱਤਰ ਨਾੜਾ, ਨਾ ਕੋਈ ਮਾਤ ਬੁਝਾਇੰਦਾ। ਪੀਰ ਫਕੀਰ ਪੰਡਤ ਪਾਂਧੇ ਗ੍ਰੰਥੀ ਪੰਥੀ ਫਿਰਨ ਵਿਚ ਉਜਾੜਾ, ਨਾ ਕੋਈ ਧੀਰ ਧਰਾਇੰਦਾ। ਮਗਰ ਲਗਾਏ ਅਗੰਮੀ ਧਾੜਾ, ਹੱਥ ਨੀਰ ਕਿਸੇ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੋਤ ਸਰੂਪੀ ਜਾਮਾ ਧਾਰ, ਬਸਤਰ ਕਾਲਾ ਚੀਰ ਤਨ ਛੁਹਾਇੰਦਾ। ਕਾਲਾ ਚੀਰ ਕਾਲਾ ਸੂਸਾ, ਪੰਜ ਤਤ ਸੁਹਾਇਆ। ਵੇਖੇ ਖੇਲ ਈਸਾ ਮੂਸਾ, ਜਗਤ ਜਗਦੀਸ ਅਖਵਾਇਆ। ਚਰਨ ਛੁਹਾਏ ਚੀਨਾ ਰੂਸਾ, ਸਤ ਸਤਾਰਾਂ ਫੇਰੀ ਪਾਇਆ। ਨਾਲ ਰਲਾਏ ਸ਼ਾਹ ਅਬਨੂਸਾ, ਕੋਹ ਤੂਰਾ ਨਾਲ ਰਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣਾ ਨੂਰ ਜਲਵਾ ਜਲਾਲ, ਕਾਦਰ ਕਰਤਾ ਕਰਮ ਕਰੀਮ ਅਖਵਾਇਆ। ਆਪਣੀ ਵਿਦਿਆ ਆਪੇ ਪੜ੍ਹ, ਆਪਣਾ ਸਬਕ ਆਪ ਸਿਖਾਇੰਦਾ। ਆਪਣੇ ਸ਼ਸਤਰ ਆਪੇ ਲੜ, ਦਰ ਆਪੇ ਵੇਖ ਵਖਾਇੰਦਾ। ਆਪਣੇ ਘੋੜੇ ਆਪੇ ਚੜ, ਆਪਣਾ ਤਾਜੀ ਆਪ ਦੌੜਾਇੰਦਾ। ਆਪਣੇ ਕਾਅਬੇ ਆਪੇ ਵੜ, ਨਾ ਕੋਈ ਦੂਸਰ ਚਰਨ ਟਿਕਾਇੰਦਾ। ਆਪਣਾ ਲੇਖਾ ਜਾਣੇ ਸੀਸ ਧੜ ਦਾ, ਨਾ ਕੋਈ ਮੂਲ ਮੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸੰਮਤ ਸਤਰਾਂ ਵੀਹ ਸੌ ਪਿਆਰ, ਸ੍ਰਿਸ਼ਟ ਸਬਾਈ ਮਾਰੇ ਮਾਰ, ਧੀਰਜ ਧੀਰ ਨਾ ਕੋਈ ਧਰਾਇੰਦਾ। ਮਾਰੇ ਮਾਰ ਲਾਸ਼ਰੀਕ, ਭੇਵ ਕੋਈ ਨਾ ਰਾਇਆ। ਇਕ ਵਖਾਏ ਸਚ ਤਾਰੀਖ, ਲੇਖਾ ਲੇਖ ਲਿਖਾਇਆ। ਆਪਣਾ ਵਕਤ ਆਪੇ ਕਰੇ ਨਜੀਕ, ਚੌਦਾਂ ਚੌਦਾਂ ਹੋਏ ਸਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸੰਮਤ ਸਤਰਾਂ ਸਤਿ ਸਤਿਵਾਦਿ ਸਤਿ ਸਰੂਪ ਹਰਿ ਕਰਤਾਰ, ਸਤ ਜਿਮੀ ਸਤ ਅਸਮਾਨ, ਚੌਦਾਂ ਤਬਕਾਂ ਇਕ ਗਿਆਨ, ਏਕਾ ਨੇਤਰ ਕਰ ਪਰਧਾਨ, ਏਕਾ ਕਲਮਾ ਧੁਰ ਫ਼ਰਮਾਣ, ਏਕਾ ਆਇਤ ਹੱਕ ਕੁਰਾਨ, ਲਾਸ਼ਰੀਕ ਨਿਗਹਬਾਨ, ਸ੍ਰਿਸ਼ਟ ਸਬਾਈ ਦਏ ਜਣਾਇਆ। ਅੱਠ ਅਠਾਰਾਂ ਏਕਾ ਬਲ ਧਾਰ, ਆਪਣੀ ਕਾਰ ਕਮਾਇੰਦਾ । ਖਵਾਜਾ ਖਿਜਰ ਕਰ ਪਿਆਰ, ਰਾਜਾ ਇੰਦਰ ਮੇਲ ਮਿਲਾਇੰਦਾ। ਦੋ ਜਹਾਨਾਂ ਮੇਲਾ ਅਧਵਿਚਕਾਰ, ਆਪੇ ਵੇਖ ਵਖਾਇੰਦਾ। ਖੇਲੇ ਖੇਲ ਅਪਰ ਅਪਾਰ, ਦਿਸ ਕਿਸੇ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣੀ ਧਾਰ ਚਲਾਇੰਦਾ। ਏਕਾ ਧਾਰ ਆਪ ਉਪਾਏ, ਏਕਾ ਕਰਮ ਕਮਾਇਆ। ਏਕਾ ਮੇਘਨ ਮੇਘ ਬਰਸਾਏ, ਏਕਾ ਵੇਖ ਵਖਾਇਆ। ਏਕਾ ਤੇਗਨ ਤੇਗ ਉਠਾਏ, ਸਮਸ ਤਬਰੇਜਨ ਨਾਲ ਰਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਲੱਖ ਚੁਰਾਸੀ ਹੋਏ ਲਬਰੇਜ਼ ਨਾ ਦੀਸੇ ਕੋਈ ਸਹਾਇਆ। ਏਕਾ ਧਾਰ ਆਪ ਵਹਾ, ਆਪਣੀ ਕਾਰ ਕਮਾਇੰਦਾ। ਪੰਜ ਸ਼ੈਤਾਨਾ ਦਏ ਰੁੜਾ, ਦਿਸ ਕਿਸੇ ਨਾ ਆਇੰਦਾ। ਨੌ ਨੌ ਨੇਜੇ ਵੇਖ ਵਖਾ, ਨੀਰੋ ਨੀਰ ਸਮਾਇੰਦਾ। ਆਪੇ ਆਸਣ ਡੇਰਾ ਆਪੇ ਲਾ, ਆਪਣਾ ਕਰਮ ਕਮਾਇੰਦਾ। ਭਗਤ ਭਗਵੰਤੀ ਮੇਲ ਮਿਲਾ, ਸੰਤ ਸੁਹੇਲੇ ਆਪ ਉਠਾਇੰਦਾ। ਸ਼ੇਖ ਮਸਾਇਕ ਲਏ ਰਲਾ, ਜਿਸ ਜਨ ਏਕਾ ਰਾਹ ਵਖਾਇੰਦਾ। ਏਕਾ ਨੂਰੋ ਨੂਰ ਸਮਾ, ਏਕਾ ਦਰ ਖੁਲ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਅੱਠ ਅਠਾਰਾਂ ਪਾਰ ਕਰਾਇੰਦਾ। ਏਕਾ ਅਲਫ਼ ਏਕਾ ਅੱਲਾ, ਏਕਾ ਨੂਰ ਅਲਾਹੀਆ। ਏਕਾ ਰਾਹ ਦੱਸੇ ਸੁਖੱਲਾ, ਏਕਾ ਖ਼ਲਕ ਖ਼ੁਦਾਈਆ। ਏਕਾ ਵਸਿਆ ਨਿਹਚਲ ਧਾਮ ਅਟੱਲਾ, ਉਚ ਮੁਨਾਰਾ ਡੇਰਾ ਲਾਈਆ। ਏਕਾ ਕਰੇ ਵਲ ਛੱਲਾ, ਭੇਵ ਕੋਈ ਨਾ ਪਾਈਆ। ਏਕਾ ਕਰਨਹਾਰਾ ਹੱਲਾ, ਏਕਾ ਦਏ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਅੱਖਰ ਰਿਹਾ ਪੜ੍ਹਾਈਆ। ਏਕਾ ਅੱਲਾ ਅਲਾਹੀ ਨੂਰ, ਅਲਫੀ ਅਲਫ਼ ਉਪਾਇਆ। ਅੱਠੇ ਪਹਿਰ ਹਾਜ਼ਰ ਹਜ਼ੂਰ, ਬੰਦ ਨਾ ਕਿਸੇ ਕਰਾਇਆ। ਤਾਮਸ ਤ੍ਰਿਸ਼ਨਾ ਕਰੇ ਪੂਰ, ਆਲਸ ਨਿੰਦਰਾ ਵਿਚ ਨਾ ਆਇਆ। ਹਉਮੇਂ ਸਹਿਸਾ ਚੂਰੋ ਚੂਰ, ਜਨ ਕਾ ਜਿੰਦਰਾ ਦਏ ਤੁੜਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਨੌ ਲਏ ਮਿਲਾਇਆ। ਏਕਾ ਨਾਇਆ ਨੌ ਦਰ, ਪੰਜ ਤਤ ਵੰਡ ਵੰਡਾਈਆ। ਨੌ ਖੰਡ ਪ੍ਰਿਥਮੀ ਰਹੀ ਲੜ, ਬ੍ਰਹਿਮੰਡ ਵੇਖ ਵਖਾਈਆ। ਜੇਰਜ ਅੰਡ ਰਹੀ ਝੜ, ਉਤਭੁਜ ਸੇਤਜ ਰਹੀ ਖਲਾਈਆ। ਮਨ ਮਤ ਅਗਨੀ ਰਹੀ ਸੜ, ਸੀਤਲ ਸੀਤ ਨਾ ਕੋਈ ਕਰਾਈਆ। ਬੁੱਧੀ ਡੂੰਘੀ ਕੁੰਦਰ ਵੇਖਣ ਵੜ, ਨਾ ਕੋਈ ਬਾਹਰ ਕਢਾਈਆ। ਮਨੂਆ ਅੱਗੇ ਬੈਠਾ ਖੜ, ਸ਼ਾਹ ਸ਼ੈਤਾਨਾ ਨਾਉਂ ਧਰਾਈਆ। ਆਪ ਉਖੇੜਨਹਾਰਾ ਜੜ, ਆਪਣੀ ਬਣਤ ਬਣਾਈਆ। ਹਰਿਜਨ ਵਿਰਲਾ ਏਕਾ ਅੱਖਰ ਜਾਏ ਪੜ੍ਹ, ਏਕਾ ਅਲਫ਼ ਸਿਖਾਈਆ। ਨੌ ਦਰ ਝੂਠੇ ਦੇਵੇ ਤਜ, ਏਕਾ ਨਾਇਆ ਮੇਲ ਮਿਲਾਈਆ। ਜੋ ਘੜਿਆ ਸੋ ਰਿਹਾ ਭੱਜ, ਵੇਲਾ ਵਕਤ ਦਏ ਦੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪੇ ਪੜਦੇ ਰਿਹਾ ਕੱਜ, ਏਕਾ ਪੜਦਾ ਉਪਰ ਪਾਈਆ। ਏਕਾ ਨਾਇਆ ਏਕਾ ਉਨੀ, ਏਕਾ ਧਾਰ ਬੰਧਾਇੰਦਾ। ਏਕਾ ਮੁਸਲਮ ਏਕਾ ਸੁੰਨੀ, ਏਕਾ ਸਿੱਖ ਸਮਾਇੰਦਾ। ਏਕਾ ਪੰਡਤ ਏਕਾ ਗੁਨੀ, ਏਕਾ ਗੁਣ ਜਣਾਇੰਦਾ। ਏਕਾ ਰਾਮ ਏਕਾ ਕ੍ਰਿਸ਼ਨ ਏਕਾ ਰਿਖੀ ਏਕਾ ਮੁਨੀ, ਏਕਾ ਰੂਪ ਦਰਸਾਇੰਦਾ। ਏਕਾ ਨਾਨਕ ਗੋਬਿੰਦ ਸੁਣੀ, ਇਕ ਪੁਕਾਰ ਅਲਾਇੰਦਾ। ਸਰਬ ਪੁਕਾਰ ਹਰਿ ਦਾਤਾਰ ਪਰਵਰਦਿਗਾਰ ਆਪੇ ਸੁਣੀ, ਸੁਣਨਹਾਰ ਆਪ ਅਖਵਾਇੰਦਾ। ਵੇਦ ਪੁਰਾਨ ਅੰਜੀਲ ਕੁਰਾਨ ਗ੍ਰੰਥ ਪੰਥ ਹਰਿ ਦੇਵੇ ਚੁੰਨੀ, ਏਕਾ ਪੜਦਾ ਪਾਇੰਦਾ। ਘਰ ਘਰ ਮੰਦਰ ਘਰ ਘਰ ਅੰਦਰ ਵੱਜੇ ਨਾਦ ਧੁਨੀ, ਸਾਚੀ ਧੁਨੀ ਸਾਚਾ ਨਾਮ ਸੁਣਾਇੰਦਾ। ਸ੍ਰਿਸ਼ਟ ਸਬਾਈ ਛਾਣੀ ਪੁਣੀ, ਏਕਾ ਮਾਰਗ ਲਾਇੰਦਾ। ਨਾ ਕੋਈ ਜਾਣੇ ਹਰਿ ਪਛਾਣੇ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਇਕ ਖ਼ੁਦਾਏ ਸ੍ਰਿਸ਼ਟ ਸਰਨਾਏ ਕਾਇਨਾਤ ਆਬੇ ਹਯਾਤ ਕਲਮਾ ਅਮਾਮ ਸਾਚਾ ਨਾਮ ਧੁਰ ਫ਼ਰਮਾਣ, ਜੀਆ ਜਹਾਨ, ਆਤਮ ਗਿਆਨ, ਇਕ ਧਿਆਨ, ਏਕਾ ਰੂਪ ਸ਼ਾਹੋ ਭੂਪ ਚਾਰੇ ਕੂਟ ਏਕਾ ਧਾਰ ਚਾਰ ਯਾਰ ਸਚ ਮੁਹੰਮਦ ਏਕਾ ਮੁਹੰਮਦ ਏਕ ਨਾਰ ਏਕਾ ਐਹਮਦ ਏਕਾ ਅੱਲਾ ਇਕ ਮਹੱਲਾ ਏਕਾ ਧਾਰ ਏਕਾ ਰਾਮ ਇਕ ਸੰਸਾਰ ਏਕਾ ਕ੍ਰਿਸ਼ਨਾ ਜੀਆ ਅਧਾਰ, ਏਕਾ ਨਾਨਕ ਸੋਹੇ ਦਵਾਰ, ਏਕਾ ਗੋਬਿੰਦ ਰਿਹਾ ਵਿਚਾਰ, ਪਾਰਬ੍ਰਹਮ ਪ੍ਰਭ ਪਰਮੇਸ਼ਵਰ ਸਚ ਖ਼ੁਦਾ ਸਾਂਝਾ ਯਾਰ, ਹੱਕੋ ਹੱਕ ਹੱਕ ਹਕੀਕਤ ਲਾਸ਼ਰੀਕ ਵੇਖ ਵਖਾ ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸੰਮਤ ਉਨੀ ਸ੍ਰਿਸ਼ਟ ਸਬਾਈ ਚੋਟੀ ਰਿਹਾ ਮੂੰਨੀ, ਭੇਵ ਕੋਈ ਨਾ ਪਾਇੰਦਾ। ਏਕਾ ਕਲਮਾ ਦਸ ਦਸ ਬੀਸ, ਏਕਾ ਏਕ ਵਡਿਆਈਆ। ਏਕਾ ਸ਼ਬਦ ਇਕ ਹਦੀਸ, ਏਕਾ ਕਰੇ ਪੜ੍ਹਾਈਆ। ਏਕਾ ਛਤਰ ਏਕਾ ਸੀਸ, ਏਕਾ ਰਿਹਾ ਝੁਲਾਈਆ। ਏਕਾ ਪੀਸਨ ਏਕਾ ਰਿਹਾ ਪੀਸ, ਏਕਾ ਨਾਮ ਜਪਾਈਆ। ਏਕਾ ਜਗਤ ਇਕ ਜਗਦੀਸ, ਜਾਗਰਤ ਜੋਤ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨੌ ਖੰਡ ਕਰੇ ਰੁਸ਼ਨਾਈਆ। ਨੌ ਖੰਡ ਇਕ ਗਿਆਨ, ਏਕਾ ਸ਼ਬਦ ਦ੍ਰਿੜਾਇਆ। ਕੁਲਾ ਖੰਡ ਮਾਰ ਧਿਆਨ, ਇੱਲਾਬੁਤ ਇਕ ਮਕਾਨ, ਕੇਤਮਾਲ ਵੇਖ ਵਖਾਇਆ। ਹਰਣਯਮਹ ਹੋ ਪਰਧਾਨ, ਨੂਰੋ ਨੂਰ ਕਰੇ ਰੁਸ਼ਨਾਇਆ। ਰਮਕ ਤੇਰਾ ਜਾਣੀ ਜਾਣ, ਹਰਿ ਸਾਚਾ ਆਪ ਖ਼ੁਦਾਇਆ। ਭਦਰ ਦੇਵੇ ਧੁਰ ਫ਼ਰਮਾਣ, ਭੁੱਲ ਰਹੇ ਨਾ ਰਾਇਆ। ਭਾਰਤ ਖੰਡ ਜੋਤ ਸਰੂਪੀ ਹਰਿ ਭਗਵਾਨ, ਅਮਾਮ ਮਹਿੰਦੀ ਨਾਉਂ ਧਰਾਇਆ। ਨਿਹਕਲੰਕਾ ਵਿਚ ਜਹਾਨ, ਜੋਤੀ ਜਾਮਾ ਭੇਖ ਵਟਾਇਆ। ਚੌਦਾਂ ਲੋਕਾਂ ਵੇਖੇ ਮਾਰ ਧਿਆਨ, ਇੱਤਲ ਵਿਤਲ ਸਿੱਤਲ ਫੇਰਾ ਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਰਸਾਤਲ ਤਲਾਤਲ ਮਹਾਤਲ ਪਤਾਲ ਵੇਖ ਵਖਾਇਆ। ਸੱਤ ਲੋਕ ਚਰਨ ਦਬਾ ਆਪਣੀ ਦਇਆ ਕਮਾਈਆ। ਜੋਤ ਸਰੂਪੀ ਭੇਖ ਵਟਾ, ਨੂਰੀ ਨੂਰ ਦਰਸਾਈਆ। ਨੂਰੀ ਅੱਲਾ ਨੂਰ ਅਲਾਹ, ਆਲਮ ਆਲਮਾਂ ਵਿਚ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਨੈਣ ਉਠਾਈਆ। ਆਪ ਆਪਣਾ ਨੈਣ ਉਠਾ, ਭੂਅ ਲੋਕ ਹਰਿ ਭੌ ਚੁਕਾ, ਆਪਣਾ ਕਰਮ ਕਮਾਉਣਾ। ਦੂਵਰ ਲੋਕ ਹਰਿ ਭਰਮ ਗਵਾ, ਧਰਮ ਜੈਕਾਰ ਰਖੌਣਾ। ਸਵਰਗ ਲੋਕ ਇਕ ਜਣਾ, ਇਕ ਧਾਰ ਚਲੌਣਾ। ਜਪ ਲੋਕ ਜਾਪ ਜਪਾ, ਜਮ ਪੁਰ ਮੇਟ ਮਿਟੌਣਾ। ਤਪ ਲੋਕ ਤਖ਼ਤ ਸੁਹਾ ਧੀਰਜ ਧੀਰ ਧਰੌਣਾ। ਸੱਤ ਲੋਕ ਹਰਿ ਫੇਰੀ ਪਾ, ਸੱਤ ਅਸਮਾਨਾ ਆਪਣੇ ਸੀਸ ਉਠੌਣਾ। ਆਪ ਆਪਣਾ ਮੁਖ ਭਵਾ, ਅਗੰਮ ਅਗੰਮ ਅਖੌਣਾ। ਏਕਾ ਚਰਨ ਲਏ ਉਠਾ, ਦਿਸ ਕਿਸੇ ਨਾ ਔਣਾ। ਸਾਚੀ ਸਿੱਖਿਆ ਰਿਹਾ ਸਿੱਖਾ, ਦਿਸ ਕਿਸੇ ਨਾ ਔਣਾ। ਕਲਜੁਗ ਲੇਖਾ ਲਿਖਿਆ ਦਏ ਮਿਟਾ, ਤਕਦੀਰ ਤਕਸੀਰ ਮੇਟ ਮਿਟੌਣਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸ਼ਾਹ ਹਕੀਰ ਉਚ ਫਕੀਰ ਨੀਚੋ ਨੀਚ ਊਚੋ ਊਚ ਇਕ ਧਾਮ ਬਹੌਣਾ। ਏਕਾ ਵਰਨ ਏਕਾ ਗੋਤ, ਏਕਾ ਧਾਮ ਸੁਹਾਇੰਦਾ। ਏਕਾ ਰੂਪ ਏਕਾ ਜੋਤ, ਏਕਾ ਨੂਰ ਦਰਸਾਇੰਦਾ। ਏਕਾ ਸ਼ਬਦ ਏਕਾ ਚੋਟ, ਏਕਾ ਤਾਲ ਵਜਾਇੰਦਾ। ਏਕਾ ਕਲਮਾ ਏਕਾ ਕੋਟ, ਏਕਾ ਤਨ ਸੁਹਾਇੰਦਾ। ਏਕਾ ਪਿੰਜਰ ਏਕਾ ਪੋਟ, ਏਕਾ ਤਨ ਟਿਕਾਇੰਦਾ। ਲੱਭਦੇ ਫਿਰਦੇ ਕੋਟੀ ਕੋਟ, ਨੂਰ ਅਲਾਹੀ ਹੱਥ ਕਿਸੇ ਨਾ ਆਇੰਦਾ। ਅੰਨ ਪਾਣੀ ਪੰਜ ਤਤ ਭਰੀ ਨਾ ਪੋਟ, ਤ੍ਰਿਸ਼ਨਾ ਭੁੱਖ ਨਾ ਕੋਈ ਮਿਟਾਇੰਦਾ। ਮਾਇਆ ਮਮਤਾ ਕਰੀ ਨਾ ਛੋਟ, ਤਨ ਲੰਗੋਟ ਨਾ ਕੋਈ ਰਖਾਇੰਦਾ। ਇਕ ਖ਼ੁਦਾ ਨਾ ਰੱਖੀ ਓਟ, ਇਕ ਰਾਮ ਨਾ ਕੋਈ ਮਨਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਲੇਖਾ ਧੁਰ ਦਰਗਾਹ ਸ਼ਬਦ ਸਰੂਪੀ ਬਣ ਮਲਾਹ, ਲੋਕਮਾਤ ਆਪ ਚੁਕਾਇੰਦਾ। ਸ਼ਬਦ ਮਿਲਾਵਾ ਸਚ ਘਰ, ਸਾਚੇ ਮੇਲ ਮਿਲਾਇਆ। ਇਕ ਵਖਾਏ ਸਾਚਾ ਦਰ, ਸਚ ਸੁਹੰਜਣਾ ਡੇਰਾ ਲਾਇਆ। ਇਕ ਸਰੋਵਰ ਏਕਾ ਸਰ ਏਕਾ ਨਹਾਵਨ ਰਿਹਾ ਨੁਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਬੀਸ ਬੀਸਾ ਦਏ ਵਡਆਇਆ। ਬੀਸ ਬੀਸਾ ਹਰਿ ਜਗਦੀਸਾ ਸ੍ਰਿਸ਼ਟ ਸਬਾਈ ਹੋਏ ਕੁੜਮਾਈਆ। ਖੇਲੇ ਖੇਲ ਇਕ ਇਕੀਸਾ, ਹਰਿ ਸਾਚਾ ਸਗਨ ਮਨਾਈਆ। ਲੇਖੇ ਲਾਏ ਕਰੋੜ ਤੇਤੀਸਾ, ਬ੍ਰਹਮਾ ਸ਼ਿਵ ਵੇਖ ਵਖਾਈਆ। ਰਸਨਾ ਗਾਏ ਦੰਦ ਬਤੀਸਾ, ਪਾਰਬ੍ਰਹਮ ਵੱਡੀ ਵਡਿਆਈਆ। ਆਪੇ ਜਾਣੇ ਆਪਣੀ ਹਦੀਸਾ, ਚਾਰੇ ਯਾਰ ਸੰਗ ਸਮਾਈਆ। ਅੱਲਾ ਰਾਣੀ ਇਕ ਇਕੀਸਾ, ਏਕਾ ਅੱਖਰ ਰਿਹਾ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਵੇਖ ਵਖਾਏ ਰਾਗ ਛੱਤੀਸਾ, ਭੇਵ ਰਹੇ ਨਾ ਰਾਈਆ।
