੧੮ ਜੇਠ ੨੦੧੫ ਬਿਕ੍ਰਮੀ ਗਿਰਧਾਰਾ ਸਿੰਘ ਦੇ ਘਰ ਸ਼ਬਦ ਲਿਖਾਏ ਬਲੋਵਾਲ ਜ਼ਿਲਾ ਅੰਮ੍ਰਿਤਸਰ
ਸਰਨਗਤ ਸਰਬ ਸੁਖ ਪਾਇਆ, ਪਾਰਬ੍ਰਹਮ ਸਰਨਾਈ। ਪਾਰਬ੍ਰਹਮ ਗੁਰ ਇਕ ਬੁਝਾਇਆ, ਗੁਰ ਪੂਰੇ ਹੱਥ ਵਡਿਆਈ। ਏਕਾ ਤਤ ਸ਼ਬਦ ਜਣਾਇਆ, ਸ਼ਬਦੀ ਸ਼ਬਦ ਉਪਾਈ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਦੇਵੇ ਨਾਮ ਵਰ, ਹਰਿਜਨ ਮੇਲਾ ਏਕਾ ਘਰ, ਏਕਾ ਦੇਵੇ ਨਾਮ ਵਡਿਆਈ। ਆਤਮ ਘਰ ਹਰਿ ਹਰਿ ਮੇਲਾ, ਹਰਿ ਹਰਿ ਆਪ ਕਰਾਇਆ। ਆਪੇ ਹੋਏ ਸੱਜਣ ਸੁਹੇਲਾ, ਜੁਗ ਜੁਗ ਵੇਸ ਵਟਾਇਆ। ਆਦਿ ਜੁਗਾਦੀ ਇਕ ਅਕੇਲਾ, ਅਕਲ ਕਲਾ ਅਖਵਾਇਆ। ਆਪਣਾ ਖੇਲ ਅਬਿਨਾਸ਼ੀ ਕਰਤਾ ਆਪੇ ਖੇਲਾ, ਨਾ ਕੋਈ ਦੂਸਰ ਸੰਗ ਰਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਭਗਤਨ ਮੇਲਾ ਸਾਚੇ ਘਰ, ਘਰ ਸੁਹੰਜਣਾ ਇਕ ਸੁਹਾਇਆ। ਸੁਹੰਜਣਾ ਘਰ ਏਕਾ ਹਰਿ, ਨਿਰਗੁਣ ਵੇਸ ਵਟਾਇੰਦਾ। ਗੁਰਮੁਖ ਜੋਤੀ ਨੂਰ ਧਰ, ਨੂਰੋ ਨੂਰ ਸਮਾਇੰਦਾ। ਸ਼ਬਦ ਸਰੂਪੀ ਦੇਵੇ ਵਰ, ਸਤਿ ਸੰਤੋਖ ਸਮਾਇੰਦਾ। ਆਪੇ ਪੁਰਖ ਨਾਰੀ ਨਰ, ਨਰ ਨਰਾਇਣ ਆਪ ਹੋ ਜਾਇੰਦਾ। ਨਾ ਜਨਮੇ ਨਾ ਜਾਏ ਮਰ, ਆਪ ਆਪਣੀ ਰਚਨ ਰਚਾਇੰਦਾ। ਆਪਣੀ ਕਿਰਪਾ ਆਪੇ ਕਰ, ਕਰਨੀ ਕਰਤਾ ਆਪ ਅਖਵਾਇੰਦਾ। ਨਾਮ ਭੰਡਾਰਾ ਦੇਵੇ ਭਰ, ਜੋ ਦਰ ਮੰਗਣ ਆਇੰਦਾ। ਲੱਖ ਚੁਰਾਸੀ ਜਾਏ ਹਰ, ਰਾਏ ਧਰਮ ਮੁਖ ਸ਼ਰਮਾਇੰਦਾ। ਅੰਮ੍ਰਿਤ ਆਤਮ ਨੁਹਾਏ ਸਾਚੇ ਸਰ, ਚਰਨ ਚਰਨੋਦਕ ਇਕ ਵਖਾਇੰਦਾ। ਕਾਇਆ ਤੋੜ ਹੰਕਾਰੀ ਗੜ੍ਹ, ਸਚ ਮਹੱਲੇ ਕੁੰਡਾ ਲਾਹਿੰਦਾ। ਸੁਰਤ ਸਵਾਣੀ ਆਪੇ ਫੜ, ਉਚੇ ਟਿੱਲੇ ਆਪ ਬਹਾਇੰਦਾ। ਜੋਤ ਜਗਾਏ ਬਹੱਤਰ ਨਾੜ, ਅਗਿਆਨ ਅੰਧੇਰ ਮਿਟਾਇੰਦਾ। ਅਗਨੀ ਹਵਨ ਨਾ ਜਾਏ ਸੜ, ਮੜੀ ਗੋਰ ਨਾ ਕੋਈ ਦਬਾਇੰਦਾ। ਨਾ ਕੋਈ ਸੀਸ ਨਾ ਕੋਈ ਧੜ, ਗੁਰਮੁਖ ਸਾਜਣ ਵੇਖ ਵਖਾਇੰਦਾ। ਲੋਆਂ ਪੁਰੀਆਂ ਖੰਡਾਂ ਬ੍ਰਹਿਮੰਡਾਂ ਜੇਰਜ ਅੰਡਾਂ ਉਤਭੁਜ ਸੇਤਜ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਮੇਲਾ ਸਾਚੇ ਘਰ ਘਰ ਸਾਚਾ ਇਕ ਸੁਹਾਇੰਦਾ। ਸਾਚਾ ਘਰ ਆਦਿ ਨਿਰੰਜਣ, ਏਕਾ ਏਕ ਰਖਾਇਆ। ਆਪੇ ਬੈਠ ਦਰਦ ਦੁੱਖ ਭੈ ਭੰਜਨ, ਸਗਲਾ ਸੰਗ ਨਿਭਾਇਆ। ਜਨ ਭਗਤ ਕਰਾਏ ਏਕਾ ਮਜਨ, ਤੀਰਥ ਤਟ ਇਕ ਵਖਾਇਆ। ਨੇਤਰ ਲੋਚਣ ਪਾਏ ਸਾਚਾ ਕੱਜਲ, ਨਾਮ ਨਿਧਾਨਾ ਆਪ ਉਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਨ ਭਗਤ ਵੇਖੇ ਸਾਚੇ ਘਰ, ਘਰ ਸਾਚਾ ਇਕ ਸੁਹਾਇਆ। ਹਰਿ ਮੰਦਰ ਹਰਿ ਵਸਿਆ, ਪੂਰਨ ਗੁਰ ਭਗਵੰਤ। ਜਨ ਭਗਤਾਂ ਰਾਹ ਸਾਚਾ ਦੱਸਿਆ, ਮੇਲ ਮਿਲਾਵਾ ਸਾਚੇ ਸੰਤ। ਦਰ ਸਾਚੇ ਬਹਿ ਬਹਿ ਹੱਸਿਆ, ਖੇਲੇ ਖੇਲ ਹਰਿ ਬੇਅੰਤ। ਮਨਮੁਖ ਜਾਏ ਦਰ ਤੋਂ ਨੱਸਿਆ, ਦਰ ਦੁਰਕਾਏ ਜੀਵ ਜੰਤ। ਤੀਰ ਨਿਰਾਲਾ ਏਕਾ ਕਸਿਆ, ਖੇਲੇ ਖੇਲ ਜੁਗਾ ਜੁਗੰਤ। ਕਲਜੁਗ ਵੇਖੇ ਰੈਣ ਅੰਧੇਰੀ ਮੱਸਿਆ, ਨਾ ਕੋਈ ਮਣੀਆ ਨਾ ਕੋਈ ਮੰਤ। ਪੰਚ ਵਿਕਾਰਾ ਘਰ ਘਰ ਅੰਦਰ ਵਸਿਆ, ਮਾਇਆ ਭੁੱਲੇ ਭਰਮੀ ਸੰਤ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਨ ਭਗਤਾਂ ਮੇਲਾ ਸਾਚੇ ਦਰ, ਦਰ ਮੇਲਾ ਏਕਾ ਕੰਤ। ਏਕਾ ਕੰਤ ਸੁਹਾਗੀ ਮੀਤਾ, ਪਰਮ ਪੁਰਖ ਸੁਲਤਾਨਾ। ਜੁਗ ਜੁਗ ਚਲਾਏ ਆਪਣੀ ਰੀਤਾ, ਜਨ ਭਗਤਾਂ ਦੇਵੇ ਨਾਮ ਨਿਧਾਨਾ। ਨਾ ਕੋਈ ਮੰਦਰ ਗੁਰੂਦਵਾਰਾ ਨਾ ਕੋਈ ਮਸੀਤਾ, ਆਤਮ ਜੋਤੀ ਆਤਮ ਬ੍ਰਹਮ ਧੁਨ ਅਨਾਦੀ ਸ਼ਬਦ ਤਰਾਨਾ। ਏਕਾ ਰਾਗ ਸੁਣਾਏ ਗੀਤਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਮੇਲਾ ਏਕਾ ਦਰ, ਦਰ ਏਕਾ ਠਾਂਡਾ ਸੀਤਾ। ਠਾਂਡਾ ਸੀਤਾ ਹਰਿ ਦਰਬਾਰਾ, ਹਰਿ ਹਰਿ ਆਪ ਉਪਾਇਆ। ਆਪੇ ਬੈਠਾ ਏਕੰਕਾਰਾ, ਓਅੰਕਾਰਾ ਰੂਪ ਵਟਾਇਆ। ਨਿਰਗੁਣ ਨੂਰ ਜੋਤੀ ਧਾਰਾ, ਸਰਗੁਣ ਭੇਵ ਨਾ ਰਾਇਆ। ਸ਼ਬਦ ਅਗੰਮੀ ਕਰੇ ਕਾਰਾ, ਲੇਖਾ ਲੇਖ ਨਾ ਕੋਈ ਲਿਖਾਇਆ। ਥਿਰ ਘਰ ਬੈਠ ਆਪ ਨਿਰੰਕਾਰਾ, ਨਿਜ ਆਪਣਾ ਵੇਸ ਵਟਾਇਆ। ਕਰੇ ਕਰਾਏ ਕਰਨੇਹਾਰਾ, ਕਰਤਾ ਪੁਰਖ ਅਖਵਾਇਆ। ਰਵ ਸਸ ਨਾ ਕੋਈ ਸਤਾਰਾ, ਪ੍ਰਿਥਮੀ ਅਕਾਸ ਨਾ ਕੋਈ ਰਖਾਇਆ। ਨਾ ਕੋਈ ਬ੍ਰਹਮਾ ਵੇਦ ਲਿਖਾਰਾ, ਤ੍ਰੈਗੁਣ ਮਾਇਆ ਨਾ ਵੇਸ ਵਟਾਇਆ। ਪੰਜ ਤਤ ਨਾ ਕਰੇ ਪਿਆਰਾ, ਮਨ ਮਤ ਬੁਧ ਨਾ ਨਾਲ ਰਲਾਇਆ। ਖਾਣੀ ਬਾਣੀ ਨਾ ਕੋਇ ਵਿਚਾਰਾ, ਗੁਰ ਪੀਰ ਅਵਤਾਰ ਸਾਧ ਸੰਤ ਨਾ ਕੋਈ ਉਪਾਇਆ। ਸਚ ਮਹੱਲਾ ਉਚ ਅਟੱਲਾ ਆਪੇ ਬੈਠ ਸਿਰਜਣਹਾਰਾ, ਆਪ ਆਪਣਾ ਵੇਖ ਵਖਾਇਆ। ਨਿਰਮਲ ਜੋਤੀ ਜੋਤ ਉਜਿਆਰਾ, ਪਰਕਾਸ਼ ਪਰਕਾਸ਼ ਸਮਾਇਆ। ਨਾ ਕੋਈ ਪਵਣ ਪਾਣੀ ਨਾ ਜਲ ਧਾਰਾ, ਅਪ ਤੇਜ਼ ਵਾਏ ਨਾ ਕੋਈ ਰਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿ ਭਗਤਨ ਮੇਲਾ ਏਕਾ ਘਰ, ਘਰ ਸਾਚਾ ਇਕ ਬਣਾਇਆ। ਸਾਚਾ ਘਰ ਹਰਿ ਉਪਾ, ਨਿਰਗੁਣ ਜੋਤ ਜਗਾਈਆ। ਜੋਤ ਸਰੂਪੀ ਡਗਮਗਾ, ਅੱਠੇ ਪਹਿਰ ਰਹੇ ਰੁਸ਼ਨਾਈਆ। ਨਾ ਕੋਈ ਦੂਸਰ ਵੇਖ ਵਖਾ, ਨਾ ਕੋਈ ਤੀਜਾ ਦਰ ਖੁਲ੍ਹਾਈਆ। ਚੌਥਾ ਪਦ ਨਾ ਲਏ ਗਿਣਾ, ਪੰਚਮ ਮੇਲ ਨਾ ਕੋਈ ਮਿਲਾਈਆ। ਛੱਪਰ ਛੰਨ ਨਾ ਲਿਆ ਕੋਈ ਉਪਾ, ਛੇਵਾਂ ਘਰ ਨਾ ਕੋਈ ਸੁਹਾਈਆ। ਸੱਤਵੇਂ ਸਤਿ ਸਤਿਵਾਦੀ ਆਪ ਅਖਵਾ, ਘਰ ਸਾਚੇ ਬੈਠਾ ਆਸਣ ਲਾਈਆ। ਅੱਠਾਂ ਤੱਤਾਂ ਭੇਵ ਨਾ ਰਾ, ਨਾ ਕੋਈ ਗਣਤ ਗਣਾਈਆ। ਨੌਂ ਦਰ ਨਾ ਲਏ ਖੁਲ੍ਹਾ, ਤ੍ਰਿਸਨਾ ਤਾਮਸ ਨਾ ਕੋਇ ਵਧਾਈਆ। ਦਸ ਦਸ ਲੇਖਾ ਆਪ ਜਣਾ, ਆਪਣੀ ਰਚਨਾ ਆਪ ਰਚਾਈਆ। ਪਾਰਬ੍ਰਹਮ ਪ੍ਰਭ ਬੇਪਰਵਾਹ, ਲੇਖਾ ਲਿਖ ਨਾ ਸਕੇ ਕੋਈ ਰਾਈਆ। ਵੇਦ ਕਤੇਬ ਕੋਈ ਜਾਣੇ ਨਾ, ਪੜ੍ਹ ਪੜ੍ਹ ਥੱਕੀ ਸਰਬ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸੰਤਨ ਮੇਲਾ ਸਾਚੇ ਹਰਿ, ਘਰ ਸਾਚਾ ਇਕ ਸੁਹਾਈਆ। ਸਾਚਾ ਘਰ ਗ਼ਰੀਬ ਨਿਵਾਜ਼ਾ, ਏਕਾ ਏਕ ਉਪਾਈਆ। ਚਾਰ ਕੁੰਟ ਦਹਿ ਦਿਸ਼ਾ ਨਾ ਕੋਈ ਜਾਣੇ ਦਰ ਦਰਵਾਜਾ, ਨਦਰੀ ਨਦਰ ਨਾ ਕੋਈ ਦਿਸਾਈਆ। ਸਚ ਮਹੱਲੇ ਸਾਜਣ ਸਾਜਾ, ਸਿਰਜਣਹਾਰ ਵੱਡੀ ਵਡਿਆਈਆ। ਆਪੇ ਰਚਿਆ ਆਪਣਾ ਕਾਜਾ, ਆਪ ਆਪਣੀ ਬਣਤ ਬਣਾਈਆ। ਕਲਜੁਗ ਖੇਲ ਭਗਤਨ ਮੇਲ ਜੋਤ ਜਗਾਏ ਦੇਸ ਮਾਝਾ, ਪੁਰਖ ਅਗੰਮ ਅਗੰਮੜੀ ਧਾਰ ਚਲਾਈਆ। ਸ਼ਬਦ ਅਨਾਦੀ ਮਾਰੇ ਵਾਜਾਂ, ਨਾਦੀ ਸੁਤ ਉਠਾਈਆ। ਭਗਤ ਸੁਹੇਲਾ ਰੰਗ ਨਵੇਲਾ ਆਪੇ ਰੱਖਣਹਾਰਾ ਲਾਜਾ, ਲਾਜਾਵੰਤ ਹਰਿ ਰਘੁਰਾਈਆ। ਇਕ ਰਖਾਏ ਅਸਵ ਤਾਜਾ, ਸੋਲਾਂ ਕਲੀਆਂ ਆਸਣ ਪਾਈਆ। ਧੁਰਦਰਗਾਹੀ ਬੇਪਰਵਾਹ ਨੂਰ ਅਲਾਹੀ ਲੋਕਮਾਤ ਆਇਆ ਭਾਜਾ, ਪਰਵਰਦਿਗਾਰ ਆਪਣੀ ਖੇਲ ਖਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸੰਤਨ ਮੇਲਾ ਸਾਚੇ ਦਰ, ਦਰ ਸਾਚਾ ਇਕ ਵਖਾਈਆ। ਸਾਚਾ ਘਰ ਹਰਿ ਵਖੌਣਾ, ਆਪਣੀ ਕਲ ਕਲ ਧਾਰੀਆ। ਗੁਰਮੁਖ ਸੋਇਆ ਮਾਤ ਆਪ ਉਠੌਣਾ, ਲੋਇਨਾ ਲੋਇਨ ਖੁਲ੍ਹਾਰੀਆ। ਪੂਰਬ ਲਹਿਣਾ ਝੋਲੀ ਪੌਣਾ, ਪਿਛਲਾ ਕਰਜ਼ ਉਤਾਰੀਆ। ਸਾਚਾ ਮਾਰਗ ਇਕ ਵਖੌਣਾ, ਨਿਰਗੁਣ ਮੇਲਾ ਜੋਤ ਨਿਰੰਕਾਰੀਆ। ਸਰਗੁਣ ਭਰਮ ਭੁਲੇਖਾ ਮਾਤ ਮਿਟੌਣਾ, ਸਤਿ ਪੁਰਖ ਵਡ ਵੱਡਾ ਸਿਕਦਾਰੀਆ। ਕੂੜ ਕੁੜਿਆਰਾ ਜਗਤ ਜੰਜਾਲਾ ਗਲੋ ਕਟੌਣਾ, ਦੇਵੇ ਨਾਮ ਸ਼ਬਦ ਸੱਚੀ ਖੁਮਾਰੀਆ। ਏਕਾ ਦੀਪਕ ਜੋਤ ਨਿਰੰਜਣ ਆਪ ਜਗੌਣਾ, ਕਰੇ ਪਰਕਾਸ਼ ਮਹੱਲ ਅਟਾਰੀਆ। ਅੰਧ ਅੰਧੇਰਾ ਮੇਟ ਮਿਟੌਣਾ, ਆਪ ਆਪਣੀ ਕਿਰਪਾ ਧਾਰੀਆ। ਸਾਚੇ ਮੰਦਰ ਕੁੰਡਾ ਆਪੇ ਲੌਹਣਾ, ਬਜਰ ਕਪਾਟੀ ਸਿਲਾ ਪਾੜੀਆ। ਪੰਜਾਂ ਦੁਸ਼ਟਾਂ ਮਾਰ ਮੁਕੌਣਾ, ਨੇੜ ਨਾ ਆਏ ਕਾਮ ਕਰੋਧ ਲੋਭ ਮੋਹ ਹੰਕਾਰੀਆ। ਸਾਚਾ ਲੜ ਇਕ ਫੜੌਣਾ, ਡੂੰਘੀ ਭਵਰੇ ਵੇਖ ਵਖਾਏ ਪਾਰ ਕਿਨਾਰੀਆ। ਸਵੱਛ ਸਰੂਪੀ ਦਰਸ ਦਿਖੌਣਾ, ਆਪ ਆਪਣੀ ਕਲ ਧਾਰੀਆ। ਅੰਦਰੇ ਅੰਦਰ ਹਰਿਜਨ ਸਾਚੇ ਮੇਲ ਮਿਲੌਣਾ, ਨਾ ਦਿਸੇ ਕੋਈ ਚਾਰ ਦਿਵਾਰੀਆ। ਸੁਰਤੀ ਸ਼ਬਦੀ ਨਾਤਾ ਇਕ ਜੁੜੌਣਾ, ਨਾ ਕੋਈ ਤੋੜੇ ਜੀਵ ਸੰਸਾਰੀਆ। ਗੁਰ ਪੂਰੇ ਸਗਨ ਆਪਣੀ ਹੱਥੀ ਆਪ ਖੁਲ੍ਹੌਣਾ, ਰਸਨਾ ਰਸ ਨਾ ਜਾਣੇ ਸਚ ਦਵਾਰੀਆ । ਅੰਮ੍ਰਿਤ ਆਤਮ ਇਕ ਪਿਔਣਾ, ਹਉਮੇ ਰੋਗ ਬਿਮਾਰੀਆ। ਤੀਜਾ ਲੋਚਣ ਇਕ ਖੁਲ੍ਹੌਣਾ, ਦੋਏ ਨੇਤਰ ਬੰਦ ਕਿਵਾੜੀਆ। ਅੱਗੇ ਪਿਛੇ ਆਪ ਆਪਣਾ ਦਰਸ ਦਖੌਣਾ, ਵਾ ਲੱਗੇ ਨਾ ਤੱਤੀ ਹਾੜੀਆ। ਅੱਠੇ ਪਹਿਰ ਦਿਵਸ ਰੈਣ ਸੇਵਾਦਾਰ ਸਾਚੀ ਸੇਵ ਕਮੌਣਾ, ਗੁਰ ਪੂਰਾ ਵਡ ਸਿਕਦਾਰੀਆ। ਦਸਮ ਦਵਾਰੀ ਗੁਰਮੁਖ ਸਾਚੇ ਤੇਰਾ ਘਰ ਸੁਹੌਣਾ, ਜੋਤੀ ਨੂਰ ਕਰ ਉਜਿਆਰੀਆ। ਆਪਣੀ ਹੱਥੀ ਕੁੰਡਾ ਆਪੇ ਲੌਹਣਾ, ਖੋਲ੍ਹੇ ਤਾਕ ਉਲਟੀ ਬਾਰੀਆ। ਆਤਮ ਸੇਜਾ ਸ਼ਬਦ ਸਿੰਘਾਸਣ ਇਕ ਵਿਛੌਣਾ, ਫੂਲਨ ਬਰਖਾ ਅਪਰ ਅਪਾਰੀਆ। ਰੁੱਤ ਬਸੰਤੀ ਇਕ ਖਿੜੌਣਾ, ਖਿੜੀ ਰਹੇ ਸੱਚੀ ਗੁਲਜ਼ਾਰੀਆ। ਜੋਤ ਨਿਰੰਜਣ ਤੇਲ ਚੜ੍ਹੌਣਾ, ਸਾਚਾ ਵੇਲਾ ਆਪ ਸੁਹਾਰੀਆ। ਪੰਚਮ ਸਈਆਂ ਮੰਗਲ ਗੌਣਾ, ਧੁਨ ਅਨਾਦੀ ਤਾਲ ਵਜਾਲੀਆ। ਪੁਰਖ ਅਬਿਨਾਸ਼ੀ ਘਟ ਘਟ ਵਾਸੀ ਆਪਣਾ ਆਪ ਪਰਗਟੌਣਾ, ਆਤਮ ਬ੍ਰਹਮ ਵੇਖ ਵਖਾਲੀਆ। ਪਾਰਬ੍ਰਹਮ ਪ੍ਰਭ ਵਿਚ ਸਮੌਣਾ, ਏਕਾ ਦੂਜਾ ਭੇਵ ਚੁਕਾਲੀਆ। ਤੀਜੇ ਲੋਚਣ ਦਰਸ਼ਨ ਪੌਣਾ, ਘਰ ਚੌਥੇ ਹਰਿ ਸਵਾਲੀਆ। ਪੰਚਮ ਮੀਤਾ ਆਪ ਅਖਵੌਣਾ, ਜੋਤੀ ਨੂਰ ਇਕ ਅਕਾਲੀਆ। ਗੁਰਸਿਖ ਸਾਜਣ ਤੇਰਾ ਘਰ ਸੁਹੌਣਾ, ਦਰ ਆਇਆ ਬਣ ਸਵਾਲੀਆ। ਪੰਜ ਤਤ ਤੇਰਾ ਲੇਖੇ ਲੌਣਾ, ਫਲ ਲੱਗੇ ਕਾਇਆ ਡਾਲ੍ਹੀਆ। ਏਕਾ ਮਤ ਹਰਿ ਸਮਝੌਣਾ, ਜੁਗ ਚਲੇ ਅਵੱਲੜੀ ਚਾਲੀਆ। ਚਰਨ ਪ੍ਰੀਤੀ ਸਾਚਾ ਹਠ ਰਖੌਣਾ, ਸੱਚਾ ਜੋਗ ਅਭਿਆਸ ਵਡ ਘਾਲਣ ਘਾਲੀਆ। ਰਸਨ ਸਵਾਸ ਲੇਖੇ ਲੌਣਾ, ਜਿਹਵਾ ਜਪ ਜਪ ਹੋਈ ਬੇਹਾਲੀਆ। ਨੌਂ ਦਵਾਰੇ ਪਾਰ ਕਰੌਣਾ, ਕਰ ਕਿਰਪਾ ਗੁਣ ਨਿਧਾਨੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਮੇਲਾ ਸਾਚੇ ਘਰ, ਸਾਚਾ ਘਰ ਮਿਲਿਆ ਹਰਿ ਚੁਕਿਆ ਡਰ, ਦੀਪਕ ਜਗੇ ਮਸਤਕ ਸਾਚੀ ਥਾਲੀਆ। ਹਰਿ ਸੰਤਨ ਘਰ ਵਸਿਆ ਸਤਿਗੁਰ ਪੁਰਖ ਸੁਜਾਨ। ਰਾਹ ਆਪਣਾ ਆਪੇ ਦਸਿਆ, ਗੁਰ ਪੂਰੇ ਹੋ ਮਿਹਰਵਾਨ। ਘਟ ਭੀਤਰ ਆਪੇ ਵਸਿਆ, ਦੇਵੇ ਸ਼ਬਦ ਧੁਰ ਫ਼ਰਮਾਣ। ਹੋਏ ਪਰਕਾਸ਼ ਕੋਟਨ ਕੋਟ ਰਵ ਸਸਿਆ, ਸੂਰਜ ਚੰਨ ਸਰਬ ਸ਼ਰਮਾਨ। ਅਗੰਮ ਅਗੰਮੜਾ ਦਰ ਦਵਾਰੇ ਆਵੇ ਨੱਸਿਆ, ਜਨ ਭਗਤਾਂ ਦਰ ਦਰਬਾਨ। ਭਗਤ ਭਗਵੰਤ ਜੁਗਾ ਜੁਗੰਤ ਆਦਿ ਅੰਤ ਏਕਾ ਘਰ ਵਸਿਆ, ਵਿਛੜ ਕਦੇ ਨਾ ਜਾਣ। ਆਪੇ ਰੋਵੇ ਆਪੇ ਹੱਸਿਆ, ਖੇਲੇ ਖੇਲ ਜੀ ਜਹਾਨ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸੰਤਨ ਮੇਲਾ ਸਾਚੇ ਘਰ, ਘਰ ਸੰਤ ਕਰੇ ਪਰਵਾਨ। ਸੰਤਨ ਘਰ ਸਤਿਗੁਰ ਮੀਤਾ, ਸਤਿ ਸਤਿਵਾਦ ਸਮਾਇਆ। ਲੱਖ ਚੁਰਾਸੀ ਆਪੇ ਪਰਖਣਹਾਰਾ ਨੀਤਾ, ਲੇਖਾ ਆਪਣੇ ਹੱਥ ਰਖਾਇਆ। ਆਪੇ ਜਾਣੇ ਹਸਤ ਕੀਟਾ, ਰਾਜ ਰਾਜਾਨਾ ਸ਼ਾਹ ਸੁਲਤਾਨਾ ਵੇਖ ਵਖਾਇਆ। ਜਿਸ ਜਨ ਹਰਿ ਹਰਿ ਨਾਮ ਲਾਗਾ ਮੀਠਾ, ਰਸਨਾ ਜਿਹਵਾ ਗਾਇਆ। ਦੇਵੇ ਸ਼ਬਦ ਜਗਤ ਇਕ ਅਨਡੀਠਾ, ਲੇਖਾ ਲਿਖਤ ਵਿਚ ਨਾ ਆਇਆ। ਮਿਠਾ ਕਰੇ ਕਾਇਆ ਕੌੜਾ ਰੀਠਾ, ਅਨਰਸ ਏਕਾ ਮੁਖ ਚੁਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸੰਤਨ ਮੇਲਾ ਸਾਚੇ ਦਰ, ਦਰ ਦਵਾਰ ਹਰਿ ਭਿਖਾਰ, ਏਕਾ ਅਲਖ ਜਗਾਇਆ। ਏਕਾ ਅਲਖ ਅਲਖ ਨਿਰੰਜਣ, ਅਗੰਮ ਅਗੰਮੜੇ ਧਾਮ ਜਗਾਈਆ। ਆਪਣਾ ਦਰ ਆਪੇ ਆਇਆ ਮੰਗਣ, ਦਰ ਦਰਵੇਸ਼ ਆਪ ਅਖਵਾਈਆ। ਆਪਣੀ ਚੋਲੀ ਆਪੇ ਚਾੜ੍ਹੇ ਰੰਗਣ, ਨਾ ਕੋਈ ਦੂਸਰ ਰਿਹਾ ਰੰਗਾਈਆ। ਆਪਣੇ ਘੋੜੇ ਆਪੇ ਕਸਿਆ ਤੰਗਣ, ਆਪੇ ਬੈਠਾ ਬੇਪਰਵਾਹੀਆ। ਲੋਆਂ ਪੁਰੀਆਂ ਆਪੇ ਰਿਹਾ ਲੰਘਣ, ਬ੍ਰਹਮਾ ਵਿਸ਼ਨ ਸ਼ਿਵ ਦੇਵਤ ਸੁਰ ਰਹੇ ਨੈਣ ਉਠਾਈਆ। ਜਨ ਭਗਤਾਂ ਤਨ ਪਹਿਨਾਏ ਏਕਾ ਕੰਗਣ, ਲੋਕਮਾਤ ਵੱਡੀ ਵਡਿਆਈਆ। ਆਪ ਰਖਾਇਆ ਆਪਣੇ ਅੰਗਨ, ਏਕਾ ਗੋਦ ਸੁਹਾਈਆ। ਅਕਾਸ਼ ਪਰਕਾਸ਼ ਵੇਖੇ ਗਗਨ, ਗਗਨ ਗਗਨੰਤਰ ਫੋਲ ਦਿਖਾਈਆ। ਗੁਰਮੁਖ ਦੀਪਕ ਆਤਮ ਜੋਤੀ ਜਗਣ, ਨਿਰਗੁਣ ਬਾਤੀ ਏਕਾ ਲਾਈਆ। ਮਨਮੁਖ ਜੀਵ ਫਿਰਦੇ ਨਗਨ, ਕਲਜੁਗ ਕੂੜਾ ਦਏ ਦੁਹਾਈਆ। ਗੁਰਮੁਖ ਵਿਰਲੇ ਨਾਮ ਲਗਾਇਆ ਸਾਚਾ ਸਗਨ, ਜਿਸ ਮਿਲਿਆ ਬੇਪਰਵਾਹੀਆ। ਮਾਨਸ ਜਨਮ ਨਾ ਹੋਇਆ ਭੰਗਣ, ਲੱਖ ਚੁਰਾਸੀ ਫੰਦ ਕਟਾਈਆ। ਗੁਰਸਿਖ ਗੁਰਮੁਖ ਸੰਤ ਸੁਹੇਲੇ ਇਕ ਅਕੇਲੇ ਦਰ ਦਵਾਰ ਘਰ ਸਾਚਾ ਮੰਗਣ, ਮਿਲੇ ਮੇਲ ਪ੍ਰਭ ਸਾਚੇ ਮਾਹੀਆ। ਸਾਚਾ ਮਾਹੀ ਬੇਪਰਵਾਹ, ਦੀਨਾਂ ਨਾਥ ਅਨਾਥਾ। ਆਪੇ ਬਖ਼ਸ਼ੇ ਸਿਫ਼ਤ ਸਲਾਹ, ਸਦਾ ਸਹਾਈ ਸਗਲਾ ਸਾਥਾ। ਲੋਕਮਾਤ ਜਗਤ ਮਲਾਹ, ਖੇਲੇ ਖੇਲ ਤ੍ਰਿਲੋਕੀ ਨਾਥਾ। ਹਰਿਜਨ ਵਖਾਏ ਸਾਚਾ ਰਾਹ, ਨਾਮ ਜਣਾਈ ਸਾਚੀ ਗਾਥਾ। ਲੇਖੇ ਲਾਏ ਪਵਣ ਸਵਾਸੀ ਸਾਹ, ਸਰਬ ਕਲਾ ਸਮਰਾਥਾ। ਇਕ ਵਖਾਏ ਸਾਚਾ ਥਾਂ, ਲਹਿਣਾ ਦੇਣਾ ਚੁਕਾਏ ਸੀਆਂ ਸਾਢੇ ਤਿੰਨ ਤਿੰਨ ਹਾਥਾ। ਆਪੇ ਪਿਤਾ ਆਪੇ ਮਾਂ, ਆਪੇ ਲੇਖਾ ਲਿਖਾਏ ਮਸਤਕ ਮਾਥਾ। ਆਪੇ ਦੇਵਣਹਾਰਾ ਠੰਡੀ ਛਾਂ, ਆਪ ਚੜ੍ਹਾਏ ਸਾਚਾ ਰਾਥਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿ ਸੰਤਨ ਮੇਲਾ ਏਕਾ ਘਰ, ਘਰ ਮਿਲਿਆ ਪੁਰਖ ਸਮਰਾਥਾ। ਸਮਰਥ ਪੁਰਖ ਸਰਬ ਗੁਰਦੇਵਾ, ਗੁਰ ਮੰਤਰ ਨਾਮ ਦ੍ਰਿੜਾਇਆ। ਲੇਖਾ ਜਾਣੇ ਰਸਨਾ ਜਿਹਵਾ, ਅੰਤਰ ਮੰਤਰ ਇਕ ਰਖਾਇਆ। ਕੌਸਤਕ ਮਣੀਆਂ ਮਸਤਕ ਲਾਏ ਥੇਵਾ, ਲਲਾਟ ਲਿਲਾਟ ਸਮਾਇਆ। ਮੇਲ ਮਿਲਾਵਾ ਅਲਖ ਅਭੇਵਾ, ਭੇਦ ਅਭੇਦਾ ਭੇਵ ਲਿਖਾਇਆ। ਬਿਰਥਾ ਜਾਏ ਨਾ ਹਰਿਜਨ ਸੇਵਾ, ਸੇਵਕ ਸੇਵਾ ਪੂਰ ਕਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸੰਤਨ ਵੇਖੇ ਸਾਚਾ ਘਰ, ਘਰ ਮੰਦਰ ਕਾਇਆ ਅੰਦਰ ਇਕ ਸੁਹਾਇਆ। ਕਾਇਆ ਮੰਦਰ ਹਰਿ ਘਰ ਵਸੇਰਾ, ਘਰ ਘਰ ਆਪ ਸਮਾਏ। ਆਪੇ ਦੂਰ ਆਪੇ ਨੇੜਾ, ਹਾਜ਼ਰ ਹਜ਼ੂਰ ਆਪ ਹੋ ਜਾਏ। ਜਿਸ ਜਨ ਚੁਕਾਏ ਮੇਰਾ ਤੇਰਾ, ਤੇਰਾ ਮੇਰਾ ਨਜ਼ਰ ਨਾ ਆਏ। ਆਪੇ ਢਾਹੇ ਭਰਮਾਂ ਡੇਰਾ, ਭਰਮੀ ਭਰਮ ਗੜ੍ਹ ਤੁੜਾਏ। ਕਰੇ ਕਰਾਏ ਹੱਕ ਨਿਬੇੜਾ, ਹੱਕ ਹਕੀਕਤ ਵੇਖ ਵਖਾਏ। ਹਰਿਜਨ ਹਰਿ ਹਰਿ ਵਸੇ ਕਾਇਆ ਖੇੜਾ, ਮੰਦਰ ਅੰਦਰ ਅੰਦਰ ਮੰਦਰ ਵੇਖ ਵਖਾਏ। ਬਿਨ ਗੁਰ ਪੂਰੇ ਵਖਾਏ ਕੇਹੜਾ, ਨਾ ਕੋਈ ਪਾਰ ਕਰਾਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਮੇਲਾ ਸਾਚੇ ਘਰ, ਘਰ ਘਰ ਵਿਚ ਰਿਹਾ ਟਿਕਾਏ। ਘਰ ਵਿਚ ਘਰ ਘਰ ਵਿਚ ਦੀਵਾ ਘਰ ਵਿਚ ਬਾਤੀ, ਘਰ ਵਿਚ ਜੋਤ ਨਿਰੰਜਣ ਜੋਤੀ, ਆਦਿ ਨਿਰੰਜਣ ਆਪ ਜਗਾ ਮਿਲਿਆ ਮੇਲ ਹਰਿ ਸੱਜਣ ਪ੍ਰਭ ਕਮਲਾਪਾਤੀ, ਨਾਰ ਸੁਹਾਗਣ ਸੋਭਾਵੰਤੀ ਤਨ ਸ਼ੰਗਾਰ ਸੋਲਾ ਕਲੀਆ ਇਕ ਹੰਢਾਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸੰਤਨ ਮੇਲਾ ਸਾਚੇ ਘਰ, ਘਰ ਮਹੱਲ ਅਟੱਲ ਉਚ ਮੁਨਾਰਾ, ਆਪਣਾ ਆਪ ਵਸਾਏ। ਉਚ ਮੁਨਾਰਾ ਉਚਾ ਮੰਦਰ, ਹਰਿ ਹਰਿ ਆਪ ਉਪਾਇਆ। ਆਪੇ ਚੜ੍ਹਿਆ ਅੰਦਰੇ ਅੰਦਰ, ਦਿਸ ਕਿਸੇ ਨਾ ਆਇਆ। ਉਚੇ ਟਿੱਲੇ ਫਿਰ ਫਿਰ ਥੱਕੇ ਗੋਰਖ ਮਛੰਦਰ, ਹੱਥ ਕਿਸੇ ਨਾ ਆਇਆ। ਕਲਜੁਗ ਅੰਤਮ ਚਾਰ ਕੁੰਟ ਦਹਿ ਦਿਸ਼ਾ ਲੱਖ ਚੁਰਾਸੀ ਮਾਇਆ ਮਮਤਾ ਵੱਜਾ ਜੰਦਰ, ਸਾਧ ਸੰਤ ਨਾ ਕੋਈ ਤੁੜਾਇਆ। ਅਠਸਠ ਤੀਰਥ ਭੇਖ ਪਖੰਡੀ ਫਿਰਦੇ ਬੰਦਰ, ਬਣ ਬਣ ਵਿਚ ਡੇਰਾ ਲਾਇਆ। ਆਦਿ ਜੁਗਾਦੀ ਸ਼ਬਦ ਬ੍ਰਹਿਮਾਦੀ ਭਗਤ ਸੁਹੇਲਾ ਇਕ ਬਖ਼ਸ਼ੰਦੜ, ਜੁਗ ਜੁਗ ਵੇਸ ਵਟਾਇਆ। ਜਿਸ ਜਨ ਦਰਸਾਏ ਪਰਮ ਪੁਰਖ ਪ੍ਰਭ ਪਰਮਾਨੰਦਨ, ਨਿਝ ਘਰ ਵੇਖ ਵਖਾਏ। ਕਾਇਆ ਹੋਏ ਸਚ ਸਾਚੀ ਚੰਦਨ, ਨਿਮ ਵਾਸ ਰਹਿਣ ਨਾ ਪਾਏ। ਸਤਿਗੁਰ ਪੂਰਾ ਤੋੜਨਹਾਰਾ ਜਗਤ ਜੰਜਾਲਾ ਬੰਧਨ, ਬੰਦੀ ਤੋੜ ਆਪ ਅਖਵਾਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸੰਤਨ ਮੇਲਾ ਸਾਚੇ ਘਰ, ਘਰ ਦੀਪਕ ਇਕ ਜਗਾਏ। ਘਰ ਦੀਪਕ ਪਰਕਾਸ਼, ਅੰਧੇਰ ਵਿਨਾਸਿਆ। ਮਿਲਿਆ ਮੇਲ ਪੁਰਖ ਅਬਿਨਾਸ਼, ਹਰਿ ਪਾਇਆ ਸ਼ਾਹੋ ਸਾਬਾਸਿਆ। ਹਉਮੇ ਦੁਖੜਾ ਹੋਇਆ ਨਾਸ, ਮਾਨਸ ਜਨਮ ਹੋਇਆ ਰਾਸਿਆ। ਮੇਲ ਮਿਲਾਏ ਪ੍ਰਿਥਮੀ ਆਕਾਸ਼, ਅਕਾਸ਼ ਅਕਾਸ਼ਾ ਆਪ ਨਿਵਾਸਿਆ। ਲਹਿਣਾ ਦੇਣਾ ਚੁਕਾਏ ਮਾਤ ਗਰਭ ਦਸ ਦਸ ਮਾਸ, ਰਕ਼ਤ ਬੂੰਦ ਨਾ ਲੱਗੇ ਤੋਲਾ ਮਾਸਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸੰਤਨ ਵੇਖੇ ਸਾਚਾ ਘਰ, ਘਰ ਸਾਚਾ ਗੁਰਚਰਨ ਭਰਵਾਸਿਆ। ਗੁਰਚਰਨ ਰੰਗ ਮਹੱਲਾ, ਪ੍ਰਭ ਸਾਚਾ ਇਕ ਵਸਾ ਲਿਆ। ਆਪੇ ਵੇਖੇ ਇਕ ਅਕੱਲਾ, ਨਾ ਕੋਈ ਦੂਸਰ ਸੰਗ ਰਲਾ ਲਿਆ। ਆਪ ਵਖਾਣੇ ਜਲਾਂ ਥਲਾਂ, ਜੰਗਲ ਜੂਹ ਉਜਾੜ ਪਹਾੜਾ ਡੂੰਘੀ ਕੰਦਰ ਡੇਰਾ ਲਾ ਲਿਆ। ਗੁਰਸਿਖ ਤੇਰੀ ਕਾਇਆ ਮੰਦਰ ਸੱਚਾ ਦਵਾਰਾ ਏਕਾ ਮੱਲਾ, ਏਕਾ ਦਰ ਖੁਲ੍ਹਾ ਲਿਆ। ਦਰਸ ਦਿਖਾਏ ਘੜੀ ਘੜੀ ਪਲ ਪਲਾ, ਚਾਰੇ ਕੁੰਟ ਦਹਿ ਦਿਸ਼ਾ ਉਠ ਉਠ ਤੇਰਾ ਰਾਹ ਤਕਾ ਲਿਆ। ਆਪ ਫੜਾਇਆ ਆਪਣਾ ਪੱਲਾ, ਪੌੜੀ ਪੌੜੀ ਆਪ ਚੜ੍ਹਾ ਲਿਆ। ਸੋ ਪੁਰਖ ਨਿਰੰਜਣ ਅੱਗੇ ਖਲਾ, ਹੰ ਹੰਗਤਾ ਮੇਟ ਮਿਟਾ ਲਿਆ। ਜੋਤੀ ਸ਼ਬਦੀ ਆਪੇ ਰੱਲਾ, ਸੋਹੰ ਸਾਚਾ ਜਾਪ ਜਪਾ ਲਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸੰਤਨ ਮੇਲਾ ਇਕ ਘਰ, ਘਰ ਸਾਚਾ ਜੀਉ ਪਿੰਡ ਕਾਚਾ ਥਿਰ ਕੋਈ ਰਹਿਣ ਨਾ ਪਾ ਲਿਆ। ਕਾਇਆ ਤਨ ਜਗਤ ਜਗ ਨਾਤਾ, ਥਿਰ ਰਹਿਣ ਨਾ ਪਾਇਆ। ਨਾ ਕੋਈ ਪਿਤਾ ਨਾ ਕੋਈ ਮਾਤਾ, ਭੈਣ ਭਾਈ ਸਾਕ ਸੈਣ ਕੋਈ ਦਿਸ ਨਾ ਆਇਆ। ਨਾ ਕੋਈ ਜ਼ਾਤ ਨਾ ਕੋਈ ਪਾਤਾ, ਦੀਨ ਈਮਾਨ ਨਾ ਕੋਈ ਰਖਾਇਆ। ਨਾ ਕੋਈ ਦਿਵਸ ਨਾ ਕੋਈ ਰਾਤਾ, ਰਵ ਸਸ ਨਾ ਕੋਈ ਸੁਹਾਇਆ। ਏਕਾ ਸ਼ਬਦ ਧੁਰਦਰਗਾਹੀ ਸਾਚੀ ਦਾਤਾ, ਗੁਰ ਪੂਰਾ ਝੋਲੀ ਪਾਇਆ। ਇਕ ਵਖਾਏ ਚੌਦਾਂ ਲੋਕ ਸਾਚਾ ਹਾਟਾ, ਹਰਿ ਸਾਚੇ ਆਪ ਖੁਲ੍ਹਾਇਆ। ਵੇਖ ਵਖਾਏ ਦਇਆ ਕਮਾਏ ਕਾਇਆ ਬਾਟਾ, ਕੰਚਨ ਗੜ੍ਹ ਇਕ ਸੁਹਾਇਆ। ਆਪ ਲੇਪੇਟੇ ਕਾਇਆ ਆਨ ਬਾਟਾ, ਆਪੇ ਫੰਦ ਕਟਾਇਆ। ਕਲਜੁਗ ਅੰਤਮ ਨੇੜੇ ਆਈ ਵਾਟਾ, ਰਿਹਾ ਪੰਧ ਮੁਕਾਇਆ। ਮਨਮੁਖਾਂ ਮਾਨਸ ਮਾਨੁਖ ਪਿਆ ਘਾਟਾ, ਨਾ ਕੋਈ ਪੱਲੇ ਗੰਢ ਬੰਧਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿ ਜਨ ਜਨ ਹਰਿ ਗੁਰਮੁਖ ਗੁਰਸਿਖ ਸਦਾ ਏਕਾ ਘਰ ਘਰ ਬਾਰਾ, ਹਰਿ ਨਿਰੰਕਾਰਾ ਆਪਣਾ ਆਪ ਵਖਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਨਰ ਸੇਵਾ ਰਿਹਾ ਕਮਾਇਆ। ਹਰਿ ਸਾਜਨ ਜਗ ਮੀਤੜਾ, ਪਾਰਬ੍ਰਹਮ ਕਰਤਾਰ। ਕਾਇਆ ਚੋਲੀ ਰੰਗੇ ਚੀਥੜਾ, ਚਾੜ੍ਹੇ ਰੰਗਣ ਨਾਮ ਅਪਾਰ। ਦੇਵੇ ਨਾਮ ਸਦਾ ਅਨਡੀਠੜਾ, ਦਿਸ ਨਾ ਆਏ ਵਿਚ ਸੰਸਾਰ। ਜੁਗ ਜੁਗ ਜਾਣੇ ਆਪਣੀ ਰੀਤੜਾ, ਆਪ ਆਪਣੀ ਕਰ ਵਿਚਾਰ। ਸੰਤ ਸਹਾਈ ਸਾਚਾ ਮੀਤੜਾ, ਜੋਤ ਸਰੂਪੀ ਖੇਲ ਅਪਾਰ। ਇਕ ਸੁਣਾਏ ਸੁਹਾਗੀ ਗੀਤੜਾ, ਸੋ ਪੁਰਖ ਨਿਰੰਜਣ ਕਿਰਪਾ ਧਾਰ। ਗੁਰਮੁਖ ਵਿਰਲਾ ਮਾਨਸ ਦੇਹੀ ਜੀਤੜਾ, ਜਿਸ ਪਾਇਆ ਸਿਰਜਣਹਾਰ। ਕਰੇ ਕਰਾਏ ਪੱਤਤ ਪੁਨੀਤੜਾ, ਪੱਤਤ ਪਾਪੀ ਦਏ ਉਧਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਖੇਲ ਅਪਰ ਅਪਾਰ। ਹਰਿ ਸਾਜਨ ਜਗ ਮੀਤ ਹੈ, ਆਦਿ ਅੰਤ ਅਖਵਾਇਆ। ਪੁਰਖ ਅਬਿਨਾਸ਼ੀ ਇਕ ਅਚੁਤ ਹੈ, ਰੂਪ ਰੰਗ ਰੇਖ ਨਾ ਰਾਇਆ। ਆਪੇ ਮਾਤਾ ਪਿਤ ਆਪੇ ਸੁਤ ਹੈ, ਆਪਣੀ ਗੋਦੀ ਆਪ ਉਠਾਇਆ। ਆਪ ਸੁਹਾਏ ਆਪਣੀ ਰੁੱਤ ਹੈ, ਦਰ ਆਪਣਾ ਵੇਖ ਵਖਾਇਆ। ਘਰ ਆਪਣਾ ਆਪੇ ਰਿਹਾ ਲੁੱਟ ਹੈ, ਆਪੇ ਆਪ ਭੰਡਾਰ ਭਰਾਇਆ। ਜੁਗਾ ਜੁਗੰਤ ਨਾ ਜਾਏ ਨਿਖੁਟ ਹੈ, ਨਾਮ ਧਨ ਖ਼ਜਾਨਾ ਇਕ ਵਰਤਾਇਆ। ਆਪਣੀ ਜੜ੍ਹ ਆਪੇ ਦੇਵੇ ਪੁੱਟ ਹੈ, ਆਪੇ ਰਿਹਾ ਲਗਾਇਆ। ਆਪ ਆਪਣਾ ਆਪੇ ਰਿਹਾ ਕੁੱਟ ਹੈ, ਹਰਿ ਆਪੇ ਦਏ ਸਜਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਵੇਸ ਵੇਸ ਵਟਾਇਆ। ਹਰਿ ਸਾਜਨ ਜਨ ਸੰਗੀਆ, ਸਗਲਾ ਸੰਗ ਨਿਭਾਏ। ਖੇਲੇ ਖੇਲ ਬਹੁ ਬਹੁ ਰੰਗੀਆ, ਭੇਵ ਅਭੇਦਾ ਭੇਵ ਨਾ ਰਾਏ। ਸਖਾ ਸੁਹੇਲਾ ਅੰਗੀ ਸੰਗੀਆ, ਸਗਲਾ ਸੰਗ ਨਿਭਾਏ। ਬੈਠਾ ਸ਼ਬਦ ਰੰਗੀਲੇ ਸਚ ਪਲੰਘੀਆ, ਨੇਤਰ ਨੈਣਾਂ ਦਿਸ ਨਾ ਆਏ। ਸੰਤ ਸੁਹੇਲੇ ਗੁਰੂ ਗੁਰ ਚੇਲੇ ਏਕਾ ਮੰਗਣ ਮੰਗੀਆ, ਨੈਣੀ ਨੈਣ ਦਰਸ਼ਨ ਪਾਏ। ਮੇਲ ਮਿਲਾਵਾ ਦਾਤਾ ਸੂਰਾ ਸਰਬੰਗੀਆ, ਸਰਬ ਕਲ ਅਖਵਾਏ। ਅੰਮ੍ਰਿਤ ਧਾਰ ਨੁਹਾਏ ਸਾਚੀ ਗੰਗੀਆ, ਸਰ ਸਰੋਵਰ ਇਕ ਵਖਾਏ। ਅਨਹਦ ਵਜਾਏ ਸਚ ਮਰਦੰਗੀਆ, ਰਾਗ ਅਨਾਦੀ ਇਕ ਸੁਣਾਏ। ਲੇਖੇ ਲਾਏ ਬੱਤੀ ਦੰਦੀਆ, ਜੋ ਜਨ ਰਸਨਾ ਰਹੇ ਗਾਏ। ਮੇਟੇ ਰੈਣ ਅੰਧੇਰੀ ਅੰਧੀਆ, ਅੰਧ ਅੰਧੇਰਾ ਦਏ ਮਿਟਾਏ। ਲੱਖ ਚੁਰਾਸੀ ਪਾਰ ਕਰਾਏ ਪੰਧੀਆ, ਆਵਣ ਜਾਵਣ ਫੰਦ ਕਟਾਏ। ਧਰਮ ਰਾਏ ਤੋੜੇ ਬੰਦੀਆ, ਬੰਦੀਖਾਨਾ ਨਾ ਕੋੋਈ ਸਜਾਏ। ਗੁਰਮੁਖ ਵਿਰਲੇ ਪ੍ਰਭ ਚਰਨ ਦਵਾਰ ਏਕਾ ਮੰਗ ਮੰਗੀਆ, ਪੂਰਨ ਇਛਿਆ ਆਪ ਕਰਾਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਨਿਰਗੁਣ ਨਿਰਾਧਾਰ ਅਖਵਾਏ। ਹਰਿ ਸਾਜਨ ਜਗ ਪੇਖਿਆ, ਪਰਮ ਪੁਰਖ ਸੁਲਤਾਨ। ਨਾ ਕੋਈ ਰੂਪ ਨਾ ਕੋਈ ਰੇਖਿਆ, ਨਾ ਕੋਈ ਸੂਰਤ ਵਿਚ ਜਹਾਨ, ਆਦਿ ਜੁਗਾਦੀ ਸ਼ਬਦ ਬ੍ਰਹਿਮਾਦੀ ਜੁਗ ਜੁਗ ਧਾਰੇ ਆਪਣਾ ਭੇਖਿਆ, ਆਪਣੀ ਕਲ ਆਪ ਵਰਤਾਨ। ਸੇਵਕ ਸੇਵਾ ਲਾਏ ਬ੍ਰਹਮਾ ਵਿਸ਼ਨ ਮਹੇਸ਼ ਗਣੇਸ਼ਿਆ, ਦਰ ਦਰਵੇਸ਼ਾ ਆਪ ਕਹਾਏ। ਸ਼ਾਹੋ ਭੂਪ ਨਰ ਨਰੇਸ਼ਿਆ, ਸਚ ਸਿੰਘਾਸਣ ਆਸਣ ਲਾਏ। ਇਕ ਸੁਣਾਏ ਨਾਮ ਸੰਦੇਸ਼ਿਆ, ਗੁਰਮੁਖ ਸਾਜਣ ਲਏ ਜਗਾਏ। ਆਤਮ ਬ੍ਰਹਮ ਕਰੇ ਪਰਵੇਸ਼ਿਆ, ਪਾਰਬ੍ਰਹਮ ਸਰਨਾਏ। ਵੇਖ ਵਖਾਏ ਧਾਰੀ ਕੇਸਿਆ, ਮੂੰਡ ਮੁੰਡਾਏ ਗਣਤ ਗਣਾਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਖੇਲ ਰੰਗ ਨਵੇਲ ਏਕਾ ਦਰ ਸੁਹਾਏ। ਹਰਿ ਸਾਜਣ ਹਰਿ ਮਾਨਿਆ, ਸਤਿਗੁਰ ਦੀਨ ਦਿਆਲ। ਨਾ ਕੋਈ ਜਾਣੇ ਸੁਘੜ ਸਿਆਣਿਆ, ਨਾ ਕੋਈ ਪਰਖੇ ਪਾਰਖੂ ਲਾਲ। ਕਿਸੇ ਹੱਥ ਨਾ ਆਏ ਰਾਜੇ ਰਾਣਿਆ, ਜੁਗ ਜੁਗ ਚਲੇ ਅਵੱਲੜੀ ਚਾਲ। ਜਨ ਹਰਿ ਹਰਿਜਨ ਆਪਣਾ ਆਪੇ ਆਪ ਪਛਾਣਿਆ, ਦੇਵੇ ਨਾਮ ਸੱਚਾ ਧਨ ਮਾਲ। ਤੋੜਣਹਾਰਾ ਜਗਤ ਜੰਜਾਲਿਆ, ਆਪੇ ਸ਼ਾਹ ਆਪੇ ਕੰਗਾਲ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਖੇਲ ਕਾਇਆ ਮੰਦਰ ਸਚ ਧਰਮ ਸੱਚੀ ਧਰਮਸਾਲ। ਹਰਿ ਸਾਜਣ ਘਰ ਵਸਿਆ, ਉਚ ਮਹੱਲ ਮੁਨਾਰ। ਰਾਹ ਆਪਣਾ ਆਪੇ ਦੱਸਿਆ, ਆਪ ਆਪਣੀ ਕਰ ਵਿਚਾਰ। ਸ਼ਬਦ ਸਰੂਪੀ ਫਿਰੇ ਨੱਸਿਆ, ਦਿਵਸ ਰੈਣ ਏਕਾ ਧਾਰ। ਆਪਣਾ ਤੀਰ ਨਿਰਾਲਾ ਆਪੇ ਕਸਿਆ, ਆਪਣੀਆਂ ਭੁਜਾਂ ਰਿਹਾ ਸਵਾਰ। ਗੁਰਮੁਖ ਮੇਟੇ ਰੇਣ ਅੰਧੇਰੀ ਮੱਸਿਆ, ਪੰਚ ਵਿਕਾਰਾ ਦੇਵੇ ਮਾਰ। ਕੋਟਨ ਕੋਟ ਕਰੇ ਪਰਕਾਸ਼ ਰਵ ਸੱਸਿਆ, ਸੂਰਜ ਚੰਨ ਕਰੇ ਨਿਮਸਕਾਰ। ਹਰ ਘਟ ਅੰਦਰ ਆਪੇ ਵਸਿਆ, ਰੂਪ ਅਗੰਮ ਅਗੰਮੜੀ ਕਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਖੇਲ ਅਪਰ ਅਪਾਰ। ਹਰਿ ਸਾਜਨ ਹਰਿ ਰੂਪ ਹੈ, ਏਕਾ ਰੰਗ ਸਮਾਏ। ਵੇਖ ਵਖਾਣੇ ਚਾਰੇ ਕੂਟ ਹੈ, ਦਹਿ ਦਿਸ਼ਾ ਸੰਗ ਨਿਭਾਏ। ਤੀਰ ਨਿਰਾਲਾ ਰਿਹਾ ਛੂਟ ਹੈ, ਇਕ ਨਿਸ਼ਾਨਾ ਰਿਹਾ ਲਗਾਏ। ਮੇਟ ਮਿਟਾਏ ਜੂਠ ਝੂਠ ਹੈ, ਮਾਇਆ ਮਮਤਾ ਮੋਹ ਮਿਟਾਏ। ਅਲਖ ਨਿਰੰਜਣ ਆਪੇ ਰਿਹਾ ਤੂਠ ਹੈ, ਆਪਣੀ ਆਪ ਅਲਖ ਜਗਾਏ। ਮਨਮੁਖਾਂ ਹੱਥ ਫੜਾਏ ਖਾਲੀ ਠੂਠ ਹੈ, ਨਾਮ ਭਿਛਿਆ ਕੋਈ ਨਾ ਪਾਏ। ਧੁਰਦਰਗਾਹੀ ਗਿਆ ਰੂਠ ਹੈ, ਬੈਠਾ ਮੁਖ ਭਵਾਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਧਾਰ ਅਪਰ ਅਪਾਰ, ਨਿਝ ਘਰ ਆਪਣੀ ਰਿਹਾ ਚਲਾਏ। ਹਰਿ ਸਾਜਨ ਹਰਿ ਪਾਇਆ, ਘਰ ਮੇਲ ਸੁਹਾਗੀ ਕੰਤਾ। ਆਪ ਆਪਣਾ ਮੋਹ ਚੁਕਾਇਆ, ਮਿਲਿਆ ਮੇਲ ਸ੍ਰੀ ਭਗਵੰਤਾ। ਏਕਾ ਦੂਜਾ ਭੌ ਗਵਾਇਆ, ਏਕਾ ਸ਼ਬਦ ਮਣੀਆ ਮੰਤਾ। ਤੀਜਾ ਲੋਚਣ ਆਪ ਖੁਲ੍ਹਾਇਆ, ਧੰਨ ਸੁਭਾਗੀ ਸਾਚਾ ਸੰਤਾ। ਚੌਥੇ ਆਪ ਸਮਾਇਆ, ਮਿਲਿਆ ਮੇਲ ਇਕ ਇਕੰਤਾ। ਪੰਚਮ ਮੇਲ ਸਹਿਜ ਸੁਭਾਇਆ, ਮੇਲਣਹਾਰ ਆਦਿਨ ਅੰਤਾ। ਛੇਵੇਂ ਛੱਪਰ ਛੰਨ ਨਾ ਕੋਈ ਰਖਾਇਆ, ਬੈਠਾ ਆਪੇ ਇਕ ਇਕੰਤਾ। ਸਤਵੇਂ ਸਤਿ ਸਤਿਵਾਦੀ ਡੇਰਾ ਲਾਇਆ, ਨਾ ਕੋਈ ਜਾਣੇ ਜੀਵ ਜੰਤਾ। ਅੱਠਾਂ ਤੱਤਾਂ ਭੇਵ ਨਾ ਰਾਇਆ, ਨਾ ਕੋਈ ਬਣਾਏ ਬਣਤਾ। ਨੌਂ ਦਰ ਆਪੇ ਰਿਹਾ ਤਜਾਇਆ, ਆਪ ਆਪਣੀ ਛੱਡ ਸੁਗੰਦਤਾ। ਦਰ ਸਾਚਾ ਵੇਖ ਵਖਾਇਆ, ਫਲ ਫੁਲਵਾੜੀ ਇਕ ਬਸੰਤਾ। ਜਨ ਹਰਿ ਹਰਿ ਜਨ ਦਰ ਘਰ ਸਾਚਾ ਪਾਇਆ, ਮੇਟ ਮਿਟਾਏ ਸਗਲੀ ਚਿੰਤਾ। ਚਿੰਤਾ ਰੋਗ ਰਹਿਣ ਨਾ ਪਾਇਆ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਮੇਲਾ ਵਿਚ ਸੰਸਾਰ, ਪਾਰਬ੍ਰਹਮ ਗੁਰ ਹਰਿ ਕਰਤਾਰ, ਕਰਤਾ ਪੁਰਖ ਰੂਪ ਵਟੰਤਾ। ਹਰਿ ਸਾਜਣ ਹਰਿ ਧੰਨ ਹੈ, ਹਰਿ ਹਰਿ ਰੰਗ ਸਮਾਏ। ਹਰਿਜਨ ਬੇੜਾ ਦੇਵੇ ਬੰਨ ਹੈ, ਆਪ ਆਪਣੀ ਦਇਆ ਕਮਾਏ। ਨਿਰਮਲ ਦੀਪ ਜੋਤ ਜਗਾਏ ਤਨ ਹੈ, ਅਕਾਸ਼ ਪਰਕਾਸ਼ ਸਮਾਏ। ਧੁਨ ਅਨਾਦੀ ਰਾਗ ਸੁਣਾਏ ਕੰਨ ਹੈ, ਤਾਲ ਤਲਵਾੜਾ ਇਕ ਵਜਾਏ। ਭਰਮ ਭੁਲੇਖਾ ਕੱਢੇ ਜਨ ਹੈ, ਜਨ ਜਨਨੀ ਵੇਖ ਵਖਾਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਮੇਲ ਸਚ ਘਰ ਘਰ ਸੁਹੰਜਣਾ, ਜਗੇ ਜੋਤ ਆਦਿ ਨਿਰੰਜਣਾ ਦੀਵਾ ਬਾਤੀ ਨਾ ਕੋਈ ਰਖਾਏ। ਹਰਿ ਸਾਜਣ ਹਰਿ ਸਾਥ ਹੈ, ਸਰਬ ਕਲਾ ਸਮਰਥ। ਆਪੇ ਰੱਖੇ ਦੇ ਕਰ ਹੱਥ ਹੈ, ਸਗਲ ਵਿਸੂਰੇ ਦੇਵੇ ਮਥ। ਏਕਾ ਨਾਮ ਚਲਾਏ ਸਾਚੀ ਗਾਥ ਹੈ, ਦੋ ਜਹਾਨੀ ਸਾਚਾ ਰਥ। ਲਹਿਣਾ ਦੇਣਾ ਚੁਕਾਏ ਸੀਆਂ ਸਾਢੇ ਤਿੰਨ ਹੱਥ ਹੈ, ਪਰਗਟ ਹੋ ਤ੍ਰਿਲੋਕੀ ਨਾਥ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਮੇਲਾ ਏਕਾ ਦਰ, ਗੁਰਮੁਖ ਸਾਜਣ ਸਾਚੇ ਘਰ, ਆਪ ਕਰਾਏ ਹਰਿ ਰਘੁਨਾਥ। ਹਰਿ ਸਾਜਨ ਹਰਿ ਮੇਲ ਹੈ, ਮੇਲਾ ਧੁਰ ਦਰਗਾਹ। ਆਪੇ ਸੱਜਣ ਸੁਹੇਲ ਹੈ, ਦੇਵੇ ਸਚ ਸਲਾਹ। ਆਪੇ ਗੁਰੂ ਗੁਰੂ ਗੁਰ ਚੇਲ ਹੈ, ਆਪੇ ਜਗਤ ਮਲਾਹ। ਆਪੇ ਵਸਿਆ ਰੰਗ ਨਵੇਲ ਹੈ, ਆਪੇ ਦੱਸਣਹਾਰਾ ਰਾਹ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਮੇਲਾ ਏਕਾ ਦਰ, ਇਕ ਵਖਾਏ ਸਾਚਾ ਨਾਂ। ਹਰਿ ਸਾਜਨ ਸਚ ਜੋਗ ਹੈ, ਜੋਗੀ ਜੋਗ ਕਮਾਏ। ਆਤਮ ਰਸ ਸਾਚਾ ਭੋਗ ਹੈ, ਭੋਗੀ ਭੋਗ ਵਖਾਏ। ਪੂਰਨ ਗੁਰ ਧੁਰ ਸੰਜੋਗ ਹੈ, ਧੁਰ ਸੰਜੋਗੀ ਮੇਲ ਮਿਲਾਏ। ਕੱਟਣਹਾਰਾ ਹਉਮੇ ਰੋਗ ਹੈ, ਹਉਮੇ ਹੰਗਤਾ ਰੋਗ ਗਵਾਏ। ਦੇਵੇ ਦਰਸ ਇਕ ਅਮੋਘ ਹੈ, ਅਗੰਮ ਅਗੰਮੜਾ ਰੂਪ ਵਟਾਏ। ਨਾਮ ਚੁਗਾਏ ਸਾਚੀ ਚੋਗ ਹੈ, ਤ੍ਰਿਸਨਾ ਭੁੱਖ ਗਵਾਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਸੇਵਾ ਸੇਵਾਦਾਰ ਲੱਖ ਚੁਰਾਸੀ ਡੇਰਾ ਲਾਏ। ਲੱਖ ਚੁਰਾਸੀ ਡੇਰਾ ਲਾ, ਆਪਣਾ ਮੁਖ ਛੁਪਾਇਆ। ਆਪੇ ਹੋਇਆ ਬੇਪਰਵਾਹ, ਭੇਵ ਕੋਈ ਨਾ ਰਾਇਆ। ਆਪੇ ਜਾਣੇ ਆਪਣਾ ਨਾਂ, ਨਾ ਕੋਈ ਲੇਖਾ ਲੇਖ ਲਿਖਾਇਆ। ਆਪੇ ਜਾਣੇ ਆਪਣਾ ਥਾਂ, ਘਰ ਆਪਣੇ ਡੇਰਾ ਲਾਇਆ। ਆਪੇ ਜਾਣੇ ਆਪਣੀ ਮਾਂ, ਪਿਤਾ ਪੂਤ ਆਪ ਜਣਾਇਆ। ਆਪੇ ਮਾਣੇ ਆਪਣੀ ਛਾਂ, ਸਿਰ ਆਪਣਾ ਹੱਥ ਟਿਕਾਇਆ। ਦੂਸਰ ਕੋਈ ਵਖਾਣੇ ਨਾ, ਭੇਵ ਅਭੇਦਾ ਅਛਲ ਅਛੇਦਾ ਭੇਵ ਕੋਈ ਨਾ ਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਰੂਪ ਸ਼ਾਹੋ ਭੂਪ, ਦਿਸ ਕਿਸੇ ਨਾ ਆਇਆ। ਸ਼ਾਹੋ ਭੂਪ ਹਰਿ ਸੁਲਤਾਨਾ, ਪਾਰਬ੍ਰਹਮ ਭਗਵੰਤਾ। ਆਪੇ ਵਸਿਆ ਸਚ ਟਿਕਾਨਾ, ਆਪੇ ਜਾਣੇ ਆਦਿਨ ਅੰਤਾ। ਆਪੇ ਚੜ੍ਹੇ ਨਾਮ ਬਿਬਾਨਾ, ਵੇਖ ਵਖਾਣੇ ਸਾਚੇ ਸੰਤਾ। ਆਪੇ ਦੇਵੇ ਜੀਆ ਦਾਨਾ, ਨਾਮ ਨਾਮਾ ਮਣੀਆ ਮੰਤਾ। ਆਪੇ ਵੇਖੇ ਗੋਪੀ ਕਾਹਨਾ, ਆਪ ਆਪਣਾ ਵੇਸ ਵਟੰਤਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਖੇਲ ਆਪੇ ਖੇਲੇ ਜੁਗਾ ਜੁਗੰਤਾ। ਜੁਗ ਜੁਗ ਖੇਲ ਖੇਲਣਹਾਰਾ, ਅਕਲ ਕਲ ਅਖਵਾਇਆ। ਸਤਿਜੁਗ ਸਾਚੇ ਪਾਵੇ ਸਾਰਾ, ਆਪ ਆਪਣਾ ਵੇਸ ਵਟਾਇਆ। ਤ੍ਰੇਤਾ ਤੇਰਾ ਮੀਤ ਮੁਰਾਰਾ, ਤੇਰਾ ਰੰਗ ਰੰਗਾਇਆ। ਦੁਆਪਰ ਤੇਰਾ ਪਾਰ ਕਿਨਾਰਾ, ਵਿਚ ਸੰਸਾਰ ਰਹਿਣ ਨਾ ਪਾਇਆ। ਕਲਜੁਗ ਅੰਤਮ ਆਈ ਵਾਰਾ, ਹਰਿ ਸਾਚਾ ਵੇਖ ਵਖਾਇਆ। ਨਾਨਕ ਗੋਬਿੰਦ ਬਣ ਲਿਖਾਰਾ, ਲੇਖਾ ਗਿਆ ਲਿਖਾਇਆ। ਵੇਦ ਵਿਆਸਾ ਪਾਵੇ ਸਾਰਾ, ਪੂਰਨ ਬ੍ਰਹਮ ਜਣਾਇਆ। ਪੂਤ ਸਪੂਤਾ ਉਚ ਮੁਨਾਰਾ, ਊਚੇ ਟਿੱਲੇ ਆਸਣ ਲਾਇਆ। ਸੰਬਲ ਨਗਰੀ ਧਾਮ ਨਿਆਰਾ, ਧਰਨੀ ਧਵਲ ਸੁਹਾਇਆ। ਪਰਗਟ ਹੋਏ ਏਕੰਕਾਰਾ, ਏਕਾ ਕਲ ਵਰਤਾਇਆ। ਜੀਵ ਜੰਤ ਨਾ ਪਾਏ ਸਾਰਾ, ਲੇਖਾ ਲੇਖ ਨਾ ਕੋਇ ਜਣਾਇਆ। ਆਪੇ ਜਾਣੇ ਆਪਣੀ ਕਾਰਾ, ਕਰਤਾ ਕਾਦਰ ਆਪ ਹੋ ਆਇਆ। ਖੇਲੇ ਖੇਲ ਅਪਰ ਅਪਾਰਾ, ਖੇਲਣਹਾਰ ਸ੍ਰਿਸ਼ਟ ਸਬਾਇਆ। ਸ਼ਬਦ ਖੰਡਾ ਤੇਜ਼ ਕਟਾਰਾ, ਆਪ ਆਪਣਾ ਰਿਹਾ ਉਠਾਇਆ। ਦੋ ਜਹਾਨਾਂ ਪਾਵੇ ਸਾਰਾ, ਲੋਆਂ ਪੁਰੀਆਂ ਰਿਹਾ ਹਿਲਾਇਆ। ਬ੍ਰਹਮਾ ਵਿਸ਼ਨ ਸ਼ਿਵ ਦੇਵਤ ਸੁਰ ਦਏ ਹੁਲਾਰਾ, ਬ੍ਰਹਿਮੰਡ ਖੰਡ ਵੰਡ ਵੰਡਾਇਆ। ਇਕ ਅਕੱਲਾ ਏਕੰਕਾਰਾ, ਉਤਭੁਜ ਸੇਤਜ ਜੇਰਜ ਅੰਡ ਏਕਾ ਵੇਖ ਵਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਖੇਲ ਆਪੇ ਕਰ, ਆਪਣਾ ਖੇਲ ਵੇਖਣ ਆਇਆ। ਆਪਣੀ ਖੇਲ ਖੇਲਣਹਾਰਾ, ਆਪੇ ਖੇਲ ਖਿਲਾਇੰਦਾ। ਆਪਣਾ ਮੇਲ ਮੇਲਣਹਾਰਾ, ਆਪੇ ਮੇਲ ਮਿਲਾਇੰਦਾ। ਗੁਰੂ ਗੁਰ ਚੇਲੇ ਵੇਖੇ ਇਕ ਦਵਾਰਾ, ਏਕਾ ਘਰ ਸੁਹਾਇੰਦਾ। ਪੰਚਮ ਮੀਤਾ ਕਰ ਪਿਆਰਾ, ਪੰਚਮ ਮੋਹ ਚੁਕਾਇੰਦਾ। ਚੌਥੇ ਦਰ ਪਾਵੇ ਸਾਰਾ, ਸਾਚਾ ਦਰ ਸੁਹਾਇੰਦਾ। ਤੀਜੇ ਲੋਇਣ ਖੇਲ ਅਪਾਰਾ, ਨਿਰਗੁਣ ਰੂਪ ਸਮਾਇੰਦਾ। ਦੋਏ ਮੇਲਾ ਇਕ ਘਰ ਬਾਰਾ, ਸੁਰਤੀ ਸ਼ਬਦੀ ਘਰ ਬਹਾਇੰਦਾ। ਏਕਾ ਘੜਨ ਭੰਨਣਹਾਰਾ, ਸਮਰਥ ਪੁਰਖ ਨਾਮ ਧਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਨਿਰਗੁਣ ਖੇਲ ਰਿਹਾ ਕਰ, ਦਿਸ ਕਿਸੇ ਨਾ ਆਇੰਦਾ। ਕਲਜੁਗ ਤੇਰੀ ਅੰਤਮ ਧਾਰ, ਹਰਿ ਸਾਚੇ ਵੇਖ ਵਖਾਈਆ। ਚਾਰੋਂ ਕੁੰਟ ਕੂੜ ਕੁੜਿਆਰ, ਦਹਿ ਦਿਸ਼ਾ ਅੰਧੇਰਾ ਛਾਈਆ। ਨਾ ਕੋਈ ਦੀਸੇ ਮੀਤ ਮੁਰਾਰ, ਸਗਲਾ ਸੰਗ ਨਾ ਕੋਈ ਨਿਭਾਈਆ। ਮਾਇਆ ਭੁੱਲੇ ਜੀਵ ਗਵਾਰ, ਮਾਇਆ ਮਮਤਾ ਮੋਹ ਰਖਾਈਆ। ਹਉਮੇ ਰੁਲੇ ਵਿਚ ਸੰਸਾਰ, ਹੰ ਹੰਗਤਾ ਕਰੀ ਕੁੜਮਾਈਆ। ਫਲੇ ਫੁੱਲੇ ਸਿਮਲ ਧਾਰ, ਫਲ ਕੋਈ ਦਿਸ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਵੇਸ ਆਪੇ ਕਰ, ਆਪ ਆਪਣਾ ਰੂਪ ਵਟਾਈਆ। ਨਿਰਗੁਣ ਵੇਸ ਹਰਿ ਅਵੱਲਾ, ਆਪਣਾ ਆਪ ਕਰਾਇਆ। ਆਪੇ ਬੈਠਾ ਸਚ ਮਹੱਲਾ, ਸਚ ਸਿੰਘਾਸਣ ਆਸਣ ਲਾਇਆ। ਵੇਖ ਵਖਾਣੇ ਜਲਾ ਥਲਾ, ਜੰਗਲ ਜੂਹ ਉਜਾੜ ਪਹਾੜ ਫੇਰਾ ਪਾਇਆ। ਜਨ ਭਗਤਾਂ ਮੇਟੇ ਦੂਈ ਦਵੈਤੀ ਸੱਲਾ, ਏਕਾ ਰੰਗਣ ਨਾਮ ਰੰਗਾਇਆ। ਸ਼ਬਦ ਫੜਾਏ ਸਾਚਾ ਪੱਲਾ, ਸੋ ਪੁਰਖ ਨਿਰੰਜਣ ਦਇਆ ਕਮਾਇਆ। ਮਨਮੁਖ ਭੁਲਾਏ ਕਰ ਕਰ ਵਲ ਛੱਲਾ, ਵਲ ਛਲ ਧਾਰੀ ਆਪ ਅਖਵਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਵੇਸ ਰਿਹਾ ਕਰ, ਵੇਸ ਅਨੇਕਾ ਆਪ ਹੋ ਜਾਇਆ। ਵੇਸ ਅਨੇਕਾ ਹਰਿ ਗਿਰਧਾਰਾ, ਅਕਲ ਕਲ ਅਖਵਾਇਆ। ਕਲਜੁਗ ਅੰਤਮ ਲੈ ਅਵਤਾਰਾ, ਜੋਤੀ ਜਾਮਾ ਭੇਖ ਵਟਾਇਆ। ਪੰਜ ਤਤ ਨਾ ਕਰੇ ਪਿਆਰਾ, ਮਨ ਮਤ ਬੁਧ ਨਾ ਕੋਈ ਰਖਾਇਆ। ਨਾ ਕੋਈ ਬਸਤਰ ਤਨ ਸ਼ੰਗਾਰਾ, ਨਾ ਕੋਈ ਸ਼ਸਤਰ ਤਨ ਸਜਾਇੰਦਾ। ਇਕ ਅਕੱਲਾ ਕਰਨੇਹਾਰਾ, ਕਰਤਾ ਪੁਰਖ ਆਪ ਅਖਵਾਇੰਦਾ। ਇਕ ਅਕੱਲਾ ਸ਼ਬਦ ਘੋੜਾ ਚਿੱਟਾ ਅਸਵ ਹੋ ਅਸਵਾਰਾ, ਸੋਲਾਂ ਕਲੀਆਂ ਆਸਣ ਲਾਇੰਦਾ। ਉਪਰ ਚਾੜ੍ਹੇ ਸਾਚਾ ਲਾੜਾ, ਦੋ ਜਹਾਨਾਂ ਵੇਖੇ ਏਕਾ ਅਖਾੜਾ, ਨੌਂ ਖੰਡ ਪ੍ਰਿਥਮੀ ਪਾਵੇ ਸਾਰਾ, ਸੱਤਾਂ ਦੀਪਾਂ ਵੇਖ ਵਖਾਇੰਦਾ। ਆਪ ਉਠਾਏ ਆਪਣੀ ਅਗੰਮੀ ਧਾੜਾ, ਅਗਨ ਲਗਾਏ ਬਹੱਤਰ ਨਾੜਾ, ਲੁੱਟੀ ਜਾਏ ਦਿਨ ਦਿਹਾੜਾ, ਮਨਮੁਖ ਜੀਵਾਂ ਦਿਸ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਨਿਰਗੁਣ ਧਾਰ ਹਰਿ ਕਰਤਾਰ ਵਿਚ ਸੰਸਾਰ, ਆਪਣੀ ਆਪ ਚਲਾਇੰਦਾ। ਨਿਰਗੁਣ ਧਾਰ ਹਰਿ ਕਰਤਾਰ, ਆਪਣੀ ਆਪ ਚਲਾਈਆ। ਆਪਣੀ ਜੋਤੀ ਕਰ ਉਜਿਆਰ, ਆਪੇ ਵੇਖ ਵਖਾਈਆ। ਸ਼ਬਦ ਸਰੂਪੀ ਜੈ ਜੈ ਜੈਕਾਰ, ਜੈ ਜੈਕਾਰਾ ਰਿਹਾ ਕਰਾਈਆ। ਲੱਖ ਚੁਰਾਸੀ ਸਾਂਝਾ ਯਾਰ, ਸਗਲਾ ਸੰਗ ਨਿਭਾਈਆ। ਆਪੇ ਵੇਖੇ ਅੰਦਰ ਬਾਹਰ, ਗੁਪਤ ਜਾਹਰ ਭੇਵ ਨਾ ਰਾਈਆ। ਪਰਖਣਹਾਰਾ ਪਰਖੇ ਕਲਜੁਗ ਤੇਰੀ ਅੰਤਮ ਵਾਰ, ਨਾਮ ਕਸਵਟੀ ਇਕ ਉਠਾਈਆ। ਸੋ ਪੁਰਖ ਨਿਰੰਜਣ ਦਇਆ ਧਾਰ, ਦਇਆ ਨਿਧ ਦਇਆ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਅੰਤਮ ਖੇਲ ਕਰ, ਨਿਰਗੁਣ ਨਿਰਗੁਣ ਵੇਸ ਵਟਾਈਆ। ਨਿਰਗੁਣ ਵੇਸ ਹਰਿ ਵਟਾਇਆ, ਅਚਰਜ ਬਣਤ ਬਣਾਈਆ। ਗੋਬਿੰਦ ਮੇਲਾ ਇਕ ਕਰਾਇਆ, ਘਰ ਮੇਲਾ ਸਹਿਜ ਸਭਾਈਆ। ਘਰ ਵਿਚ ਘਰ ਰਿਹਾ ਸੁਹਾਇਆ, ਘਰ ਬੈਠਾ ਆਸਣ ਲਾਈਆ। ਘਰ ਵਿਚ ਜੋਤੀ ਰਿਹਾ ਟਿਕਾਇਆ, ਘਰ ਘਰ ਕਰੇ ਰੁਸ਼ਨਾਈਆ। ਘਰ ਵਿਚ ਘਰ ਚੋਟੀ ਚੜ੍ਹ ਵਖਾਇਆ, ਏਕਾ ਡੰਡਾ ਉਪਰ ਲਾਈਆ। ਕੋਟੀ ਕੋਟ ਫੜ ਵਖਾਇਆ, ਫੜਣਹਾਰਾ ਦਿਸ ਨਾ ਆਈਆ। ਆਪਣਾ ਘਾੜਨ ਘੜ ਜਗਤ ਘੜਾਇਆ, ਭੰਨਣਹਾਰ ਆਪ ਹੋ ਜਾਈਆ। ਕਲਜੁਗ ਤੇਰੀ ਅੰਤਮ ਵਾਰ, ਲੱਖ ਚੁਰਾਸੀ ਲੜਨ ਸਮਰਥ ਪੁਰਖ ਆਪ ਆਈਆ। ਖੰਡਾ ਤੀਰ ਕਟਾਰ, ਬਸਤਰ ਸ਼ਸਤਰ ਨਾ ਕੋਈ ਉਠਾਈਆ। ਸ਼ਬਦ ਸਰੂਪੀ ਮਾਰੇ ਮਾਰ, ਆਪੇ ਜਾਣੇ ਆਪਣੀ ਕਾਰ, ਕਰੇ ਕਰਾਏ ਕਰਨੇਹਾਰ, ਕਾਰਜ ਕਰਤਾ ਆਪ ਅਖਵਾਈਆ। ਗੁਰਮੁਖ ਸੁਹਾਗਣ ਹੋਏ ਨਾਰ, ਮਿਲੇ ਮੇਲ ਹਰਿ ਕੰਤ ਭਤਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਰੰਗ ਨਿਰਗੁਣ ਸੰਗ ਨਿਰਗੁਣ ਰੂਪ ਨਿਰਗੁਣ ਵਿਚ ਸਮਾਈਆ।
