Granth 07 Likhat 043: 20 Jeth 2015 Bikarmi Hakim Kashi Ram de Ghar Pind Sanayia Tehsil Batala Jila Gurdaspur

੨੦ ਜੇਠ ੨੦੧੫ ਬਿਕ੍ਰਮੀ ਹਕੀਮ ਕਾਸ਼ੀ ਰਾਮ ਦੇ ਘਰ ਪਿੰਡ ਸਨਈਆ ਤਹਸੀਲ ਬਟਾਲਾ ਜ਼ਿਲਾ ਗੁਰਦਾਸਪੁਰ

ਸਚਖੰਡ ਸਚ ਦਵਾਰਾ, ਹਰਿ ਸਾਚੇ ਆਪ ਸੁਹਾਇਆ। ਆਪੇ ਬੈਠ ਹਰਿ ਨਿਰੰਕਾਰਾ, ਆਪਣਾ ਖੇਲ ਖਿਲਾਇਆ। ਆਪੇ ਜਾਣੇ ਆਪਣੀ ਧਾਰਾ, ਆਪੇ ਰਿਹਾ ਬੰਧਾਇਆ। ਆਪ ਆਪਣਾ ਕਰ ਪਸਾਰਾ, ਆਪੇ ਵੇਖਣ ਆਇਆ। ਲੋਕਮਾਤੀ ਕਰ ਉਜਿਆਰਾ, ਦੀਵਾ ਬਾਤੀ ਨਾ ਕੋਈ ਰਖਾਇਆ। ਚੰਦ ਸੂਰਜ ਨਾ ਕੋਈ ਸਤਾਰਾ, ਗਗਨ ਮੰਡਲ ਨਾ ਕੋਈ ਉਪਾਇਆ। ਪੁਰਖ ਅਗੰਮੜਾ ਅਗੰਮੜੀ ਧਾਰਾ, ਅਗੰਮੜੇ ਧਾਮ ਸੁਹਾਇਆ। ਜੋਤੀ ਨੂਰ ਪੁਰਖ ਕਰਤਾਰਾ, ਕਰਨਹਾਰ ਅਖਵਾਇਆ। ਲੋਕਮਾਤ ਲੈ ਅਵਤਾਰਾ, ਜੁਗ ਜੁਗ ਵੇਸ ਵਟਾਇਆ। ਲੱਖ ਚੁਰਾਸੀ ਪਾਵੇ ਸਾਰਾ, ਅੰਦਰ ਮੰਦਰ ਡੇਰਾ ਲਾਇਆ। ਆਤਮ ਸੇਜਾ ਕਰ ਪਿਆਰਾ, ਸ਼ਬਦ ਸਿੰਘਾਸਣ ਇਕ ਵਿਛਾਇਆ। ਜੋਤ ਨਿਰੰਜਣ ਸੇਵਾਦਾਰਾ, ਅਨਹਦ ਤਾਲ ਵਜਾਇਆ। ਆਪਣਾ ਮੰਗਲ ਗਾਏ ਆਪਣੀ ਵਾਰਾ, ਨਾ ਕੋਈ ਦੂਸਰ ਸੰਗ ਰਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪੇ ਵਸਿਆ ਸਾਚੇ ਘਰ, ਘਰ ਸਾਚਾ ਇਕ ਸੁਹਾਇਆ। ਸਚਖੰਡ ਹਰਿ ਵਰਤੰਤਾ, ਹਰਿ ਹਰਿ ਆਪ ਅਖਵਾਇੰਦਾ। ਆਪੇ ਜੋਤੀ ਨੂਰ ਭਗਵੰਤਾ, ਆਪੇ ਰੂਪ ਵਟਾਇੰਦਾ। ਆਪ ਬਣਾਏ ਆਪਣੀ ਬਣਤਾ ਬਣਾਇੰਦਾ। ਆਪੇ ਵੇਖੇ ਸਾਚੇ ਸੰਤਾ, ਸਤਿ ਸਰੂਪ ਸਮਾਇੰਦਾ। ਖੇਲੇ ਖੇਲ ਆਦਿਨ ਅੰਤਾ, ਜੁਗ ਜੁਗ ਵੇਸ ਵਟਾਇੰਦਾ। ਗੁਰਮੁਖ ਨਾਰੀ ਮੇਲਾ ਸਾਚੇ ਕੰਤਾ, ਸਚ ਸੁਹਾਗ ਹੰਢਾਇੰਦਾ। ਭੇਵ ਛੁਪਾਏ ਜੀਵ ਜੰਤਾ, ਮਾਇਆ ਪੜਦਾ ਇਕ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਚਖੰਡ ਦਵਾਰਾ ਦੇਵੇ ਵਰ, ਹਰਿ ਸਾਚਾ ਖੇਲ ਖਿਲਾਇੰਦਾ। ਖੇਲਣਹਾਰ ਸਰਬ ਗੁਣ ਠਾਕਰ, ਪਾਰਬ੍ਰਹਮ ਅਖਵਾਇਆ। ਦੇਵੇ ਨਾਮ ਰੱਤੀ ਰਤਨਾਗਰ, ਡੂੰਘਾ ਸਾਗਰ ਇਕ ਭਰਾਇਆ। ਨਿਰਮਲ ਕਰਮ ਕਰੇ ਉਜਾਗਰ, ਜੋ ਜਨ ਸਰਨਾਈ ਆਇਆ। ਕਰੇ ਵਣਜ ਸੱਚਾ ਵਪਾਰ  ਸੌਦਾਗਰ, ਨਾਮ ਵਸਤ ਇਕ ਟਿਕਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਚਖੰਡ ਦਵਾਰਾ ਹਰਿ ਨਿਰੰਕਾਰਾ, ਏਕਾ ਮਾਰਗ ਰਿਹਾ ਵਖਾਇਆ। ਏਕਾ ਮਾਰਗ ਏਕਾ ਧਾਰ, ਏਕੰਕਾਰ ਚਲਾਇੰਦਾ। ਪਰਗਟ ਹੋ ਵਿਚ ਸੰਸਾਰ, ਆਪਣਾ ਰੰਗ ਰੰਗਾਇੰਦਾ। ਗੁਰਮੁਖ ਸਾਚੇ ਕਰ ਤਿਆਰ, ਸਾਚੀ ਸੇਵ ਕਮਾਇੰਦਾ। ਅੱਠੇ ਪਹਿਰ ਖ਼ਬਰਦਾਰ, ਦਿਵਸ ਰੈਣ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਮੇਲਾ ਸਾਚੇ ਦਰ, ਦਰ ਦਰਵਾਜਾ ਗ਼ਰੀਬ ਨਿਵਾਜਾ ਇਕ ਅਕੱਲਾ ਉਚ ਮਹੱਲਾ, ਸਾਚਾ ਘਰ ਸੁਹਾਇੰਦਾ। ਉਚ ਮਹੱਲਾ ਸ਼ਬਦ ਸਿੰਘਾਸਣ, ਥਿਰ ਘਰ ਆਪ ਵਸਾਇਆ। ਉਪਰ ਬੈਠ ਪੁਰਖ ਅਬਿਨਾਸ਼ਨ, ਧੁਰ ਦਰਗਾਹੀ ਰਾਜ ਕਮਾਇਆ। ਖੇਲੇ ਖੇਲ ਜਗਤ ਤਮਾਸ਼ਨ, ਆਪ ਆਪਣਾ ਵੇਸ ਵਟਾਇਆ। ਗੁਰਮੁਖਾਂ ਸਦਾ ਸਦਾ ਸਦ ਬਲ ਬਲ ਜਾਸਨ, ਬਲਹਾਰੀ ਗੁਰ ਪੂਰਾ ਪਾਇਆ। ਆਦਿ ਅੰਤ ਨਾ ਕਦੇ ਵਿਨਾਸਨ, ਹਰਿ ਜੋਤੀ ਮੇਲ ਮਿਲਾਇਆ। ਪਾਇਆ ਪੁਰਖ ਸ਼ਾਹੋ ਸਾਬਾਸਨ, ਵਿਛੜ ਕਦੇ ਨਾ ਜਾਇਆ। ਲੇਖੇ ਲਾਏ ਰਸਨ ਸਵਾਸਨ, ਵਾਹ ਵਾਹ ਸਤਿਗੁਰ ਪੂਰਾ ਗਾਇਆ। ਗੁਰ ਗੋਬਿੰਦਾ ਹੋਇਆ ਦਾਸਨ, ਲੋਕਮਾਤ ਫੇਰਾ ਪਾਇਆ। ਜਨ ਭਗਤਾਂ ਮਿਟਾਏ ਸਗਲੀ ਚਿੰਦਾ, ਬ੍ਰਹਮ ਗਿਆਨ ਦਵਾਇਆ। ਮਨਮੁਖ ਲਗਾਏ ਆਪਣੀ ਨਿੰਦਾ, ਨਿੰਦਕ ਨਿੰਦਿਆ ਝੋਲੀ ਪਾਇਆ। ਗੁਰਮੁਖ ਸਾਚਾ ਸੁਤ ਅਨਾਦੀ ਨਾਦੀ ਬਿੰਦਾ, ਆਪਣਾ ਆਪ ਲਏ ਉਪਾਇਆ। ਗਹਿਰ ਗੰਭੀਰ ਵਡ ਗੁਣੀ ਗਹਿੰਦਾ, ਦਾਤਾ ਦਾਨੀ ਨਾਮ ਧਰਾਇਆ। ਦੋ ਜਹਾਨੀ ਸਦਾ ਬਖ਼ਸ਼ਿੰਦਾ, ਏਥੇ ਉਥੇ ਹੋਏ ਸਹਾਇਆ। ਏਕਾ ਵਸਤ ਨਾਮ ਸਾਚੀ ਦੇਂਦਾ, ਚਰਨ ਪ੍ਰੀਤੀ ਰਿਹਾ ਸਿਖਾਇਆ। ਬਜਰ ਕਪਾਟੀ ਤੋੜੇ ਜਿੰਦਾ, ਸ਼ਬਦ ਖੰਡਾ ਹੱਥ ਉਠਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਚਖੰਡ ਦਵਾਰੇ ਦੇਵੇ ਵਰ, ਵਰ ਏਕਾ ਝੋਲੀ ਪਾਇਆ। ਏਕਾ ਨਾਮ ਭਰ ਭੰਡਾਰਾ, ਕਾਇਆ ਰੰਗ ਰੰਗਾਇੰਦਾ। ਲੋਕਮਾਤ ਬਣ ਵਰਤਾਰਾ, ਆਪਣਾ ਕਰਮ ਕਰਾਇੰਦਾ। ਸਾਚਾ ਧਰਮ ਵਿਚ ਸੰਸਾਰਾ, ਸਾਚੀ ਰੀਤ ਵਖਾਇੰਦਾ। ਲੱਖ ਚੁਰਾਸੀ ਇਕ ਪਿਆਰਾ, ਜੀਵ ਜੰਤ ਨਾ ਕੋਈ ਰਖਾਇੰਦਾ। ਬ੍ਰਹਮ ਪਾਰਬ੍ਰਹਮ ਹਰਿ ਪਸਾਰਾ, ਬ੍ਰਹਮ ਬ੍ਰਹਮ ਅਖਵਾਇੰਦਾ। ਆਪੇ ਵਸਿਆ ਏਕੰਕਾਰਾ, ਓਅੰਕਾਰਾ ਨਾਉਂ ਧਰਾਇੰਦਾ। ਆਪੇ ਵਸਿਆ ਸਭ ਤੋਂ ਬਾਹਰਾ, ਭੇਵ ਅਭੇਦਾ ਭੇਵ ਛੁਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਨ ਭਗਤਾਂ ਦੇਵੇ ਭਗਤੀ ਵਰ, ਭਗਤ ਭੰਡਾਰਾ ਇਕ ਵਰਤਾਇੰਦਾ। ਭਗਤ ਭਗਵੰਤ ਸਾਚਾ ਮੇਲਾ, ਜੁਗ ਜੁਗ ਆਪ ਕਰਾਇਆ। ਆਪੇ ਗੁਰੂ ਗੁਰੂ ਗੁਰ ਚੇਲਾ, ਗੁਰ ਚੇਲਾ ਨਾਮ ਧਰਾਇਆ। ਆਪੇ ਹੋਇਆ ਸੱਜਣ ਸੁਹੇਲਾ, ਸਗਲਾ ਸੰਗ ਨਿਭਾਇਆ। ਆਪੇ ਵਸਿਆ ਰੰਗ ਨਵੇਲਾ, ਆਪੇ ਹਰ ਘਟ ਆਸਣ ਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਸਾਜਣ ਲਏ ਜਗਾਇਆ। ਗੁਰਮੁਖ ਸਾਜਣ ਉਠ ਉਠ ਜਾਗ, ਪ੍ਰਭ ਸਾਚਾ ਆਪ ਜਗਾਇੰਦਾ। ਲੋਕਮਾਤ ਲੱਗਾ ਭਾਗ, ਭੇਵ ਕੋਈ ਨਾ ਪਾਇੰਦਾ। ਦੀਪਕ ਜੋਤੀ ਜਗੇ ਚਿਰਾਗ, ਅੰਧ ਅੰਧੇਰ ਮਿਟਾਇੰਦਾ। ਪੂਰ ਕਰਾਏ ਆਪਣਾ ਵਾਕ, ਗੋਬਿੰਦ ਲੇਖ ਲਿਖਾਇੰਦਾ। ਗੁਰਸਿਖ ਬਣਾਏ ਸੱਜਣ ਸਾਕ, ਜਗ ਨਾਤਾ ਆਪ ਰਖਾਇੰਦਾ। ਨਾ ਕੋਈ ਜਾਤ ਨਾ ਕੋਈ ਪਾਤ, ਵਰਨ ਬਰਨ ਨਾ ਕੋਈ ਬਣਾਇੰਦਾ। ਨਾ ਕੋਈ ਦਿਵਸ ਨਾ ਕੋਈ ਰਾਤ, ਨਾ ਕੋਈ ਸੂਰਜ ਚੰਨ ਚੜ੍ਹਾਇੰਦਾ। ਨਾ ਕੋਈ ਪੂਜਾ ਨਾ ਕੋਈ ਪਾਠ, ਨਾ ਕੋਈ ਧਿਆਨ ਲਗਾਇੰਦਾ। ਨਾ ਕੋਈ ਸਰ ਸਰੋਵਰ ਮਾਰੇ ਠਾਠ, ਤੀਰਥ ਤੱਟ ਨਾ ਕੋਈ ਜਣਾਇੰਦਾ। ਗੁਰਸਿਖ ਤੇਰਾ ਇਕ ਰਖਾਏ ਹਾਠ, ਬਿਨ ਗੁਰ ਪੂਰੇ ਦੂਜਾ ਦਰ ਨਾ ਕੋਈ ਸੁਹਾਇੰਦਾ। ਅੰਮ੍ਰਿਤ ਰਸ ਲੈਣਾ ਚਾਟ, ਨਿਝਰ ਧਾਰਾ ਆਪ ਵਹਾਇੰਦਾ। ਮਾਨਸ ਦੇਹੀ ਲਾਹਾ ਲੈਣਾ ਖਾਟ, ਮਾਝਾ ਦੇਸ ਰਾਹ ਤਕਾਇੰਦਾ। ਮਾਝਾ ਦੇਸ ਗੁਰ ਗੋਬਿੰਦ ਵਿਛਾਈ ਖਾਟ, ਹਰਿ ਗੋਬਿੰਦ ਡੇਰਾ ਲਾਇੰਦਾ। ਬਜਰ ਕਪਾਟੀ ਗਈ ਪਾਟ, ਧਾਮ ਅਵੱਲਾ ਇਕ ਸੁਹਾਇੰਦਾ। ਇਕ ਖੁਲ੍ਹਾਇਆ ਸਾਚਾ ਹਾਟ, ਸਾਚਾ ਵਣਜ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਸਾਜਨ ਲਏ ਵਰ, ਸੋਇਆ ਕੋਈ ਰਹਿਣ ਨਾ ਪਾਇੰਦਾ। ਗੁਰਸਿਖ ਜਾਗ ਸੁਤ ਦੁਲਾਰੇ, ਹਰਿ ਸਾਚੇ ਸ਼ਬਦ ਜਣਾਈਆ। ਪ੍ਰਭ ਅਬਿਨਾਸ਼ੀ ਲੈ ਅਵਤਾਰੇ, ਭੇਖਾਧਾਰੀ ਭੇਖ ਵਟਾਈਆ। ਜਗੀ ਜੋਤ ਅਗੰਮ ਅਪਾਰੇ, ਪੰਜ ਤਤ ਰਹੀ ਸਮਾਈਆ। ਮਨ ਮਤ ਬੁਧ ਨਾ ਕਰੀ ਕਾਰੇ, ਨਿਰਗੁਣ ਵਜਦੀ ਰਹੇ ਵਧਾਈਆ। ਨਿਰਗੁਣ ਵਸੇ ਜਗਤ ਮੁਨਾਰੇ, ਵਿਚ ਬੈਠਾ ਬੇਪਰਵਾਹੀਆ। ਗੁਰ ਗੋਬਿੰਦਾ ਵਾਜਾਂ ਮਾਰੇ, ਬੈਠਾ ਰਾਹ ਤਕਾਈਆ। ਪਾਰਬ੍ਰਹਮ ਪ੍ਰਭ ਪਾਵੇ ਸਾਰੇ, ਦੋ ਜਹਾਨਾਂ ਰਥ ਰਥਵਾਹੀਆ। ਆਇਆ ਚਲ ਜਗਤ ਦਵਾਰੇ, ਆਪਣੀ ਸੇਵਾ ਰਿਹਾ ਕਮਾਈਆ। ਜਨ ਭਗਤਾਂ ਢਹਿ ਪਏ ਦਵਾਰੇ, ਜਿਉਂ ਸੁਦਾਮਾ ਕ੍ਰਿਸ਼ਨ ਰਘੁਰਾਈਆ। ਗੁਰਸਿਖ ਸਾਜਨ ਪਾਰ ਉਤਾਰੇ, ਬੇੜਾ ਆਪਣਾ ਆਪੇ ਰਿਹਾ ਚਲਾਈਆ। ਨਾ ਕੋਈ ਦੂਸਰ ਵੰਝ ਮੁਹਾਣੇ, ਨਾ ਕੋਈ ਦੂਸਰ ਆਸ ਰਖਾਈਆ। ਵੇਖ ਵਖਾਣੇ ਦੋ ਜਹਾਨੇ, ਦੋ ਜਹਾਨਾ ਨਾਉਂ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਏਕ ਰੱਖੇ ਸਿਕ, ਸਾਚੀ ਸਿਖਿਆ ਸਿਖ ਸਿਖ ਸਾਖਯਾਤ ਏਕਾ ਰੂਪ ਦਰਸਾਈਆ। ਸਾਚੀ ਸਿਖਿਆ ਸਾਖਯਾਤ, ਪਾਰਬ੍ਰਹਮ ਸਰਨਾਇਆ। ਗੁਰਮੁਖ ਹੋਏ ਪਾਰਜ਼ਾਤ, ਪ੍ਰਭ ਪੂਰਾ ਦਇਆ ਕਮਾਇਆ। ਅੰਤਮ ਵੇਲੇ ਪੁੱਛੇ ਵਾਤ, ਧਰਮ ਰਾਏ ਨਾ ਦਏ ਸਜ਼ਾਇਆ। ਲਾੜੀ ਮੌਤ ਨਾ ਕਰੇ ਨਾਤ, ਦੇਵੇ ਦਰ ਦੁਰਕਾਇਆ। ਚਿਤਰ ਗੁਪਤ ਨਾ ਖੋਲ੍ਹੇ ਖਾਤ, ਨਾ ਲੇਖਾ ਕੋਇ ਰਖਾਇਆ। ਜੰਮ ਡੰਡ ਨਾ ਕਰੇ ਕੋਈ ਘਾਟ, ਗੁਰਸਿਖ ਨੇੜ ਨਾ ਆਇਆ। ਪ੍ਰਭ ਏਕਾ ਬਖ਼ਸ਼ੇ ਨਾਮ ਦਾਤ, ਮਾਨਸ ਮਾਨੁਖ ਲਏ ਤਰਾਇਆ। ਅੰਦਰ ਮੰਦਰ ਵੇਖ ਮਾਰ ਝਾਤ, ਬੈਠਾ ਮੁਖ ਛੁਪਾਇਆ। ਆਪਣੀ ਹੱਥੀਂ ਖੋਲ੍ਹੇ ਤਾਕ, ਗੁਰਮੁਖਾਂ ਸੰਮਤ ਸੋਲਾਂ ਰਾਹ ਤਕਾਇਆ। ਮਨਮੁਖਾਂ ਉਡਾਏ ਖ਼ਾਕੀ ਖ਼ਾਕ, ਚਾਰੋਂ ਕੁੰਟ ਦਏ ਵਹਾਇਆ। ਸ਼ਬਦ ਘੋੜੇ ਚੜ੍ਹਿਆ ਸਾਚੇ ਰਾਕੀ ਰਾਕ, ਸਚ ਸਿੰਘਾਸਣ ਆਸਣ ਲਾਇਆ। ਰਾਜ ਰਾਜਾਨਾਂ ਸ਼ਾਹ ਸੁਲਤਾਨਾਂ ਨਕੇਲ ਪਾਏ ਨਾਕ, ਸ਼ਬਦ ਡੰਡਾ ਇਕ ਉਠਾਇਆ। ਵੇਖ ਵਖਾਏ ਪਾਕੀ ਪਾਕ, ਪੱਤਤ ਪੁਨੀਤਾ ਦਇਆ ਕਮਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਨ ਭਗਤਾਂ ਦੇਵੇ ਅੰਮ੍ਰਿਤ ਆਤਮ ਬੂੰਦ ਸਵਾਂਤ, ਨਿਝਰ ਧਾਰਾ ਇਕ ਚੁਆਇਆ। ਸਚਖੰਡ ਸਚ ਘਰ ਬਾਰਾ, ਸਾਚਾ ਦਰ ਸੁਹਾਇੰਦਾ। ਗੁਰਮੁਖ ਵਿਰਲਾ ਪਾਵੇ ਸਾਰਾ, ਜਿਸ ਜਨ ਦਇਆ ਕਮਾਇੰਦਾ। ਭਰਮੇ ਭੁੱਲੇ ਜੀਵ ਗਵਾਰਾ, ਭਰਮ ਗੜ੍ਹ ਨਾ ਕੋਈ ਤੁੜਾਇੰਦਾ। ਮਾਇਆ ਮਮਤਾ ਕਰੇ ਪਿਆਰਾ, ਇਸ਼ਟ ਦੇਵ ਨਾ ਕੋਈ ਮਨਾਇੰਦਾ। ਮਿਲਿਆ ਮੇਲ ਨਾ ਮੀਤ ਮੁਰਾਰਾ, ਹਉਮੇ ਹੰਗਤਾ ਨਾ ਕੋਈ ਗਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਨ ਭਗਤਾਂ ਦੇਵੇ ਨਾਮ ਵਰ, ਤਨ ਸ਼ੰਗਾਰ ਇਕ ਕਰਾਇੰਦਾ। ਤਨ ਸ਼ੰਗਾਰ ਕਾਇਆ ਰੰਗ, ਹਰਿ ਆਪ ਕਰਾਇੰਦਾ। ਗੁਰਮੁਖ ਮੰਗੇ ਸਾਚੀ ਮੰਗ, ਆਤਮ ਬ੍ਰਹਮ ਜਣਾਇੰਦਾ। ਕੱਟਣਹਾਰਾ ਭੁੱਖ ਨੰਗ, ਇਕ ਦੁਸ਼ਾਲਾ ਗੁਰ ਗੋਪਾਲਾ ਦੀਨ ਦਿਆਲਾ ਨਾਮ ਪੜਦਾ ਉਪਰ ਪਾਇੰਦਾ। ਆਪਣਾ ਦਵਾਰਾ ਆਪੇ ਜਾਣਾ ਲੰਘ, ਮਿਲੇ ਮੇਲ ਸੂਰਾ ਸਰਬੰਗ ਅੱਠੇ ਪਹਿਰ ਰਾਹ ਤਕਾਇੰਦਾ। ਅੰਮ੍ਰਿਤ ਨੁਹੌਣਾ ਸਾਚੀ ਗੰਗ, ਸ਼ਬਦ ਸੁਣੌਣਾ ਸਚ ਮਰਦੰਗ, ਅਨਹਦ ਤਾਲ ਵਜਾਇੰਦਾ। ਆਪ ਵਛਾਇਆ ਸ਼ਬਦ ਰੰਗੀਲਾ ਸਚ ਪਲੰਘ, ਗੁਰਮੁਖ ਤੇਰਾ ਉਥੇ ਹੋਏ ਸੰਗ, ਨਾ ਕੋਈ ਵਿਛੋੜਾ ਸੱਸੇ ਉਪਰ ਲੱਗਾ ਹੋੜਾ ਨਿਰਗੁਣ ਸਰਗੁਣ ਧਾਰ ਚਲਾਇੰਦਾ। ਸੱਸੇ ਤੇਰਾ ਸਤਿ ਸਤਿਵਾਦਿ, ਸਤਿ ਪੁਰਖ ਨਿਰੰਜਣ ਆਪ ਬਣਾਇਆ। ਊੜਾ ਓਅੰ ਕਰ, ਹਾਹਾ ਹਰਿ ਹਰਿ ਨਾਉਂ ਧਰਾਇਆ। ਚੌਥੇ ਘਰ ਹੋ ਵਿਸਮਾਦਿ, ਆਪਣੀ ਬਣਤ ਬਣਾਇਆ। ਸੱਸਾ ਕਿਲਾ ਬਣਾਇਆ ਆਦਿ ਜੁਗਾਦਿ, ਵਿਚ ਆਪਣਾ ਆਸਣ ਲਾਇਆ। ਉਪਰ ਬੈਠ ਸ਼ਬਦ ਗੁਰ ਬ੍ਰਹਿਮਾਦਿ, ਲੋਆਂ ਪੁਰੀਆਂ ਰਿਹਾ ਰਚਾਇਆ। ਆਪੇ ਜਾਣੇ ਆਪਣੀ ਯਾਦ, ਨਾ ਕੋਈ ਭਰਮ ਭੁਲਾਇਆ। ਜੁਗ ਜੁਗ ਸੰਤ ਸੁਹੇਲੇ ਕਰ ਕਰ ਮੇਲੇ ਆਪੇ ਲਏ ਲਾਧ, ਆਪ ਆਪਣਾ ਦਰ ਸੁਹਾਇਆ। ਦਿਵਸ ਰੈਣ ਰੈਣ ਦਿਵਸ ਜੋ ਜਨ ਰਹੇ ਅਰਾਧ, ਇਕ ਮਤ ਚਿਤ ਹੋਏ ਲਿਵ ਲਾਇਆ। ਜੋਤੀ ਜੋਤ ਸਰੂਪ ਹਰਿ,  ਆਪ ਆਪਣੀ ਜੋਤ ਧਰ, ਆਪੇ ਪਾਏ ਆਪਣੇ ਖਾਤ, ਆਪਣਾ ਲੇਖਾ ਆਪ ਜਣਾਇਆ। ਲੇਖਾ ਲਿਖਣਹਾਰ ਬੇਪਰਵਾਹੀਆ। ਭਗਤ ਸੁਹੇਲਾ ਮੀਤ ਮੁਰਾਰ, ਜੁਗ ਜੁਗ ਦੇਵੇ ਸਚ ਸਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਵਖਾਏ ਏਕਾ ਘਰ, ਨਾ ਕੋਈ ਦੂਜਾ ਰਾਹ ਤਕਾਈਆ। ਏਕਾ ਘਰ ਇਕ ਟਿਕਾਨਾ, ਏਕਾ ਏਕ ਸੁਹਾਇੰਦਾ। ਦੂਜਾ ਦੇਵੇ ਸ਼ਬਦ ਬਿਬਾਨਾ, ਗੁਰਮੁਖਾਂ ਆਪ ਚੜ੍ਹਾਇੰਦਾ। ਤੀਜੇ ਨੇਤਰ ਇਕ ਗਿਆਨਾ, ਆਤਮ ਦਰਸੀ ਦਰਸ ਦਿਖਾਇੰਦਾ। ਚੌਥਾ ਪਦ ਪਦ ਨਿਰਬਾਨਾ, ਆਪਣਾ ਮੇਲ ਮਿਲਾਇੰਦਾ। ਪੰਚਮ ਕਰ ਹਰਿ ਪਰਵਾਨਾ, ਏਕਾ ਧਾਰ ਚਲਾਇੰਦਾ। ਛੇਵੇਂ ਘਰ ਸ਼ਬਦ ਤਰਾਨਾ, ਅਪਣਾ ਨਾਦ ਵਜਾਇੰਦਾ। ਸਤਵੇਂ ਜੋਤ ਨੂਰ ਮਹਾਨਾ, ਅਕਲ ਕਲਾ ਅਖਵਾਇੰਦਾ। ਅੱਠ ਤੱਤਾਂ ਲੋਕਮਾਤ ਨਿਸ਼ਾਨਾ, ਅਪ ਤੇਜ਼ ਵਾਏ ਪ੍ਰਿਥਮੀ ਅਕਾਸ਼ ਮਨ ਮਤ ਬੁਧ ਨਾਲ ਰਲਾਇੰਦਾ। ਨੌਂ ਦਰ ਖੇਲੇ ਖੇਲ ਮਹਾਨਾ, ਭਰਮੀ ਭਰਮ ਭੁਲਾਇੰਦਾ। ਜਨ ਭਗਤਾਂ ਬੰਨ੍ਹੇ ਹੱਥੀਂ ਗਾਨਾ, ਸਾਚਾ ਸਗਨ ਮਨਾਇੰਦਾ। ਦੇਵੇ ਨਾਮ ਧੁਰ ਫ਼ਰਮਾਣਾ, ਆਪਣਾ ਕਰਮ ਕਮਾਇੰਦਾ। ਆਪੇ ਵੇਖੇ ਮਾਰ ਧਿਆਨਾ, ਉਚੇ ਟਿੱਲੇ ਡੇਰਾ ਲਾਇੰਦਾ। ਨਾ ਕੋਈ ਪਵਣ ਨਾ ਮਸਾਣਾ, ਧੂੰਆਂਧਾਰ ਨਾ ਕੋਈ ਰਖਾਇੰਦਾ। ਨਿਰਮਲ ਦੀਪਕ ਜੋਤੀ ਇਕ ਜਗਾਣਾ, ਪਰਕਾਸ਼ ਪਰਕਾਸ਼ ਕਰਾਇੰਦਾ। ਟੇਢੀ ਬੰਕ ਪਾਰ ਕਰਾਣਾ, ਏਕਾ ਘਾਟ ਵਖਾਇੰਦਾ। ਆਪ ਸੁਹਾਏ ਆਪਣਾ ਗਾਣਾ, ਪੰਚਮ ਰਾਗ ਅਲਾਇੰਦਾ। ਸਾਚਾ ਨਾਦ ਸਚ ਤਰਾਨਾ, ਸਾਚੇ ਦਰ ਸੁਹਾਇੰਦਾ। ਕਰੇ ਖੇਲ ਆਪ ਭਗਵਾਨਾ, ਆਪਣੇ ਨੇਤਰ ਆਪਣਾ ਦਰ ਖੁਲ੍ਹਾਇੰਦਾ। ਗੁਰਮੁਖ ਸਾਜਨ ਕਰ ਪਰਵਾਨਾ, ਆਪਣੀਆਂ ਭੁਜਾਂ ਉਠਾਇੰਦਾ। ਜੋਧਾ ਸੂਰਬੀਰ ਬਲੀ ਵਡ ਬਲਵਾਨਾ, ਮਰਦ ਮਰਦਾਨਾ ਗੁਰ ਪੂਰਾ ਆਪ ਅਖਵਾਇੰਦਾ। ਆਤਮ ਸੇਜਾ ਸਾਚਾ ਧਾਮ ਸੁਹਾਨਾ, ਸਚ ਸਿੰਘਾਸਣ ਡੇਰਾ ਲਾਇੰਦਾ। ਨਾਰੀ ਕੰਤ ਏਕਾ ਰੰਗ ਰੰਗਾਨਾ, ਸਚ ਸੰਤ ਆਪ ਵਖਾਇੰਦਾ। ਦਸਮ ਦਵਾਰੀ ਤੇਰਾ ਰੂਪ ਮਹਾਨਾ, ਚਾਰੋਂ ਕੁੰਟ ਬੰਦ ਕਰਾਨਾ, ਸੱਸਾ ਕਿਲਾ ਲੋਕਮਾਤ ਦਰ, ਸਾਚਾ ਛਿਲਾ ਪ੍ਰਭ ਸਾਚੀ ਬਣਤ ਬਣਾਇੰਦਾ। ਸੱਸਾ ਕਿਲਾ ਚਾਰ ਦਿਵਾਰ, ਤੀਜੇ ਅੱਖਰ ਮਾਤ ਵਡਿਆਈਆ। ਤਿੰਨਾਂ ਲੋਕਾਂ ਵਸਿਆ ਬਾਹਰ, ਨਾ ਲੇਖਾ ਲੇਖ ਕਿਸੇ ਲਿਖਾਈਆ। ਬ੍ਰਹਮਾ ਵੇਦਾ ਚਾਰੇ ਰਿਹਾ ਉਚਾਰ, ਚਾਰੇ ਜੁਗ ਰਚਨ ਰਚਾਈਆ। ਪੁਰਾਨ ਅਠਾਰਾਂ ਕਰ ਵਿਸਥਾਰ, ਵੇਦ ਵਿਆਸਾ ਬਣਤ ਬਣਾਈਆ। ਸਾਸਤਰ ਸਿਮਰਤ ਇਕ ਵਿਚਾਰ, ਏਕਾ ਮਨੂਆ ਦਏ ਦੁਹਾਈਆ। ਗੀਤਾ ਗਿਆਨ ਧੁਰ ਕਰਤਾਰ, ਏਕਾ ਏਕ ਸਮਝਾਈਆ। ਅੰਜੀਲ ਕੁਰਾਨ ਕਰ ਵਿਚਾਰ, ਬਖ਼ਸ਼ੇ ਜਲਵਾ ਨੂਰ ਅਲਾਹੀਆ। ਮੁਕਾਮੇ ਹੱਕ ਸਾਚਾ ਯਾਰ, ਹਰਿ ਬੈਠਾ ਬੇਪਰਵਾਹੀਆ। ਕਰਨ ਆਇਆ ਲੋਕਮਾਤ ਖ਼ਬਰਦਾਰ, ਨਾਨਕ ਨਿਰਗੁਣ ਰੂਪ ਵਟਾਈਆ। ਪੰਜ ਤਤ ਕਰ ਪਿਆਰ, ਵਿਚ ਬੈਠਾ ਆਸਣ ਲਾਈਆ। ਆਪਣਾ ਮੰਗਣ ਗਿਆ ਆਪੇ ਦਵਾਰ, ਦਰ ਅੱਗੇ ਅਲਖ ਜਗਾਈਆ। ਅੱਗੋਂ ਉਠ ਸੱਚੀ ਸਰਕਾਰ, ਆਪ ਆਪਣਾ ਲਏ ਉਠਾਈਆ। ਆਪ ਆਪਣਾ ਕਰ ਪਿਆਰ, ਆਪ ਆਪਣੀ ਕਰੇ ਰੁਸ਼ਨਾਈਆ। ਆਪੇ ਆਪਣਾ ਖੋਲ੍ਹ ਕਿਵਾੜ, ਨਾਨਕ ਰਿਹਾ ਦਰਸਾਈਆ। ਨਾਨਕ ਗੁਰ ਕਹੇ ਤੇਰਾ ਅੰਤ ਨਾ ਪਾਰਾਵਾਰ, ਤੂੰ ਦਾਤਾ ਬੇਪਰਵਾਹੀਆ। ਤੇਰਾ ਮੇਰਾ ਨਾਤਾ ਵਿਚ ਸੰਸਾਰ, ਏਕਾ ਧਾਰ ਚਲਾਈਆ। ਪੁਰਖ ਅਬਿਨਾਸ਼ੀ ਕਿਰਪਾ ਧਾਰ, ਸਚ ਸੁਨੇਹੜਾ ਰਿਹਾ ਘਲਾਈਆ। ਏਕਾ ਦੇਵੇ ਨਾਮ ਭੰਡਾਰ, ਸਤਿਨਾਮ ਨਾਮ ਧਰਾਈਆ। ਨਿਰਗੁਣ ਦੇਵੇ ਨਿਰਗੁਣ ਪਿਆਰ, ਨਿਰਗੁਣ ਨਿਰਗੁਣ ਆਪ ਰਖਾਈਆ। ਲੋਕਮਾਤ ਹੋਏ ਅਧਾਰ, ਤਨ ਕਾਚੇ ਰਚਨ ਰਚਾਈਆ। ਏਕਾ ਸ਼ਬਦ ਇਕ ਧੁੰਨਕਾਰ, ਏਕਾ ਸੇਵਾ ਲਾਈਆ। ਏਕੰਕਾਰਾ ਕਰ ਪਿਆਰ, ਨਾਮ ਸਤਿ ਰਿਹਾ ਚਲਾਈਆ। ਕਰਤਾ ਪੁਰਖ ਤੇਰਾ ਰੂਪ ਅਪਾਰ, ਭੇਵ ਕੋਈ ਨਾ ਪਾਈਆ। ਨਿਰਭੈ ਸੱਚੀ ਸਰਕਾਰ, ਭੈ ਵਿਚ ਕਦੀ ਨਾ ਆਈਆ। ਨਿਰਵੈਰ ਤੇਰੀ ਜੁਗ ਜੁਗ ਧਾਰ, ਨਾ ਸਕੇ ਕੋਈ ਬਦਲਾਈਆ। ਅਕਾਲ ਮੂਰਤ ਤੇਰਾ ਇਕ ਪਿਆਰ, ਏਕਾ ਰਿਹਾ ਦਰਸਾਈਆ। ਅਜੂਨੀ ਰਹਿਤ ਨਾ ਫੜੇ ਕੋਈ ਵਿਚ ਸੰਸਾਰ, ਭਰਮੇ ਭੁੱਲੀ ਸਰਬ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਾਨਕ ਮੇਲਾ ਇਕ ਘਰ, ਏਕਾ ਤਾਲ ਏਕਾ ਸੁਰ, ਏਕਾ ਸ਼ਬਦ ਦੇਵੇ ਧੁਰ, ਧੁਰ ਫ਼ਰਮਾਣਾ ਆਪ ਜਣਾਈਆ। ਨਾਨਕ ਵਰ ਘਰ ਸਾਚਾ ਪਾਇਆ, ਸਾਚੀ ਵੱਜੀ ਵਧਾਈਆ। ਸਾਚੀ ਨਾਰੀ ਤਨ ਸ਼ੰਗਾਰ ਕਰਾਇਆ, ਏਕਾ ਨੈਣਾ ਕੱਜਲ ਪਾਈਆ। ਦੋਏ ਨੈਣਾਂ ਬੰਦ ਕਰਾਇਆ, ਨਾ ਕੋਈ ਵੇਖ ਵਖਾਈਆ। ਸੋਲਾਂ ਕਲੀਆਂ ਕੰਤ ਹੰਢਾਇਆ, ਛੈਲ ਛਬੀਲਾ ਸਾਚਾ ਮਾਹੀਆ। ਰੰਡ ਰੰਡੇਪਾ ਦੂਰ ਕਰਾਇਆ, ਸਾਚੀ ਮੀਂਢੀ ਸੀਸ ਗੁੰਦਾਈਆ। ਜਗਤ ਬੁੜ੍ਹੇਪਾ ਰਹਿਣ ਨਾ ਪਾਇਆ, ਅੱਠੇ ਪਹਿਰ ਏਕਾ ਰੁੱਤ ਸੁਹਾਈਆ। ਮਾਤ ਪਿਤ ਜਣੇਪਾ ਨਾ ਕੋਈ ਕਰਾਇਆ, ਸ਼ਬਦੀ ਸੁਤ ਆਪ ਉਠਾਈਆ। ਪਾਰਬ੍ਰਹਮ ਅਬਿਨਾਸ਼ੀ ਅਚੁੱਤ ਦਇਆ ਕਮਾਇਆ, ਭੇਵ ਅਭੇਦਾ ਭੇਵ ਖੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਾਨਕ ਮੇਲਾ ਸਹਿਜ ਸੁਭਾਈਆ। ਪੁਰਖ ਅਬਿਨਾਸ਼ੀ ਦਇਆ ਕਮਾ, ਗੁਰ ਨਾਨਕ ਇਹ ਸਮਝਾਇਆ। ਤੇਰਾ ਮੇਰਾ ਭੇਵ ਨਾ ਰਾ, ਹਉਂ ਸੇਵਕ ਰਘੁਰਾਇਆ। ਆਪਣਾ ਰੂਪ ਤੇਰੇ ਤਨ ਰਿਹਾ ਛੁਪਾ, ਸਚ ਸਿੰਘਾਸਣ ਆਸਣ ਲਾਇਆ। ਬਹੱਤਰ ਨਾੜਾ ਤੇਰੀ ਸਤਾਰ ਰਿਹਾ ਵਜਾ, ਤਾਲ ਤਲਵਾੜਾ ਨਾ ਕੋਈ ਰਖਾਇਆ। ਸਾਚਾ ਸ਼ਬਦ ਏਕਾ ਗਜ ਰਿਹਾ ਹਿਲਾ, ਦਿਸ ਕਿਸੇ ਨਾ ਆਇਆ। ਨਾਨਕ ਆਖੇ ਮਰਦਾਨਾ ਮੰਨੇ ਇਕ ਰਜ਼ਾ, ਨਾਨਕ ਤੂਹੀ ਤੂਹੀ ਪਾਇਆ। ਮਨਮੁਖਾਂ ਦੇਵਣ ਆਇਆ ਸਜਾ, ਗੁਰਮੁਖਾਂ ਲਏ ਤਰਾਇਆ। ਆਪੇ ਬਣਿਆ ਜਗਤ ਗਦਾ, ਦਰ ਦਰ ਫੇਰੀ ਪਾਇਆ। ਨਾਮ ਤੇਰਾ ਸਤਿ ਤੇਰੀ ਸਦਾ ਇਕ ਲਗਾ, ਸੋਏ ਰਿਹਾ ਜਗਾਇਆ। ਸਚਾ ਰਾਹ ਇਕ ਵਖਾ, ਚਾਰੇ ਵਰਨਾਂ ਰਿਹਾ ਵਖਾਇਆ। ਊਚਾਂ ਨੀਚਾਂ ਰਿਹਾ ਸਮਝਾ, ਏਕਾ ਬ੍ਰਹਮ ਜਣਾਇਆ। ਏਕਾ ਧਰਮ ਰਿਹਾ ਵਖਾ, ਸਚ ਸੁਚ ਦ੍ਰਿੜਾਇਆ। ਧੀਰਜ ਯਤ ਸਤਿ ਸੰਤੋਖ ਦੇਵੇ ਝੋਲੀ ਪਾ, ਜੋ ਜਨ ਸਰਨਾਈ ਆਇਆ। ਅੰਤਮ ਮੋਖ ਦਏ ਕਰਾ, ਮੁਕਤ ਦਾਤਾ ਨਾਮ ਧਰਾਇਆ। ਹਉਮੇ ਹੰਗਤਾ ਦੁੱਖ ਦਏ ਮਿਟਾ, ਚਿੰਤਾ ਸੋਗ ਰਹਿਣ ਨਾ ਪਾਇਆ। ਆਤਮ ਸੁਖ ਦਏ ਉਪਜਾ, ਪੰਚਮ ਪੰਚਾਂ ਦਏ ਸਜ਼ਾਇਆ। ਇਕ ਸਲੋਕ ਸ਼ਬਦ ਅਨਾਦੀ ਦਏ ਸੁਣਾ, ਸੋਹੰ ਆਪਣੀ ਰਸਨਾ ਗਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣਾ ਮੇਲਾ ਆਪੇ ਆਪ ਕਰਾਇਆ। ਨਾਨਕ ਗੁਰਮਤ ਗੁਰ ਰੂਪਾ, ਸਤਿ ਸਤਿਵਾਦਿ ਅਖਵਾਇੰਦਾ। ਲੋਕਮਾਤ ਬਣਿਆ ਸਾਚਾ ਭੂਪਾ, ਸਚ ਸਿਕਦਾਰ ਅਖਵਾਇੰਦਾ। ਆਪੇ ਵੇਖੇ ਚਾਰੇ ਕੂਟਾ, ਦਹਿ ਦਿਸ਼ਾ ਫੇਰੀ ਪਾਇੰਦਾ। ਜੀਵ ਜੰਤ ਸੁਧਾਰੇ ਜੂਠਾ ਝੂਠਾ, ਮਾਇਆ ਲੂਠਾ ਪਾਰ ਕਰਾਇੰਦਾ। ਸ਼ਬਦ ਗੁਰ ਆਪੇ ਤੁੱਠਾ, ਸ਼ਬਦ ਸ਼ਬਦੀ ਗਿਆਨ ਦ੍ਰਿੜਾਇੰਦਾ। ਲੁਕਿਆ ਰਹਿਣ ਨਾ ਦੇਵੇ ਕੋਈ ਗੁਠਾ, ਅਨਭਵ ਦ੍ਰਿਸ਼ਟੀ ਇਕ ਖੁਲਾਇੰਦਾ। ਜੋ ਜਨ ਜਾਏ ਰਾਹ ਪੁੱਠਾ, ਅੰਤਮ ਖੰਡਾ ਸ਼ਬਦ ਨਿਸ਼ਾਨ ਇਕ ਲਗਾਇੰਦਾ। ਗੁਰਮੁਖ ਗੁਰਸਿਖ ਜੋ ਜਨ ਜਗਤ ਜੁਗਤ ਜਗ ਰੁੱਠਾ, ਦੇ ਮਤ ਆਪ ਸਮਝਾਇੰਦਾ। ਆਪਣਾ ਆਪ ਉਠਾਇਆ ਸੁੱਤਾ, ਆਪਣੇ ਅੰਗ ਲਗਾਇੰਦਾ। ਅੰਤ ਸੁਹਾਈ ਸਾਚੀ ਰੁੱਤਾ, ਸਚ ਫੁਲਵਾੜੀ ਲੋਕਮਾਤ ਆਪ ਉਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣੀ ਜੋਤੀ ਆਪੇ ਵਰ, ਗੁਰਮੁਖ ਸਾਚੇ ਵਸਿਆ ਘਰ, ਦਿਸ ਕਿਸੇ ਨਾ ਆਇੰਦਾ। ਹਰ ਘਟ ਆਪੇ ਵਸਿਆ, ਖੰਡ ਬ੍ਰਹਿਮੰਡ ਹਰਿ ਲੋ। ਆਪਣਾ ਮਾਰਗ ਆਪੇ ਦੱਸਿਆ, ਅਵਰ ਨਾ ਜਾਣੇ ਕੋ। ਜੁਗ ਜੁਗ ਆਵੇ ਨੱਸਿਆ, ਜਨ ਭਗਤਾਂ ਵੇਖੇ ਸਾਚੀ ਸੋ। ਗੁਰਮੁਖ ਵਿਰਲੇ ਬਹਿ ਬਹਿ ਹੱਸਿਆ, ਮਨਮੁਖਤਾ ਰਹੀ ਰੋ। ਪ੍ਰਭ ਤੀਰ ਨਿਰਾਲਾ ਏਕਾ ਕਸਿਆ, ਕਰੇ ਕਰਾਏ ਸੋ ਅੱਗੇ ਹੋ। ਜਗਤ ਵਿਕਾਰਾ ਚਰਨਾਂ ਹੇਠ ਝਸਿਆ, ਜਨ ਭਗਤਾਂ ਦੁਰਮਤ ਮੈਲ ਦੇਵੇ ਧੋ। ਮੇਟੇ ਰੈਣ ਅੰਧੇਰੀ ਮਸਿਆ, ਕਰੇ ਪਰਕਾਸ਼ ਜੋਤੀ ਨੂਰ ਛੱਬੀ ਪੋਹ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਭਗਤ ਦਵਾਰ ਸੁਣ ਪੁਕਾਰ ਕਰ ਅਕਾਰ ਕਿਰਪਾ ਧਾਰ ਆਪੇ ਆਏ ਵਸਿਆ। ਗੁਰਸਿਖ ਤੇਰੀ ਸਚ ਸਲਾਹ, ਗੁਰ ਪੂਰੇ ਏਕਾ ਭਾਈਆ। ਗੁਰਸਿਖ ਬਣੇ ਜਗਤ ਮਲਾਹ, ਪ੍ਰਭ ਬੇੜਾ ਰਿਹਾ ਉਪਾਈਆ। ਆਪੇ ਜਪੇ ਸਾਚਾ ਨਾਂ, ਅਵਰਾ ਰਿਹਾ ਜਪਾਈਆ। ਧੁਰਦਰਗਾਹੀ ਦੇਵੇ ਸਾਚਾ ਥਾਂ, ਅਟੱਲ ਮਹੱਲ ਸੁਹਾਈਆ। ਕਰਨਹਾਰਾ ਸਚ ਨਿਆਂ, ਪੜਦਾ ਉਹਲਾ ਰੱਖੇ ਨਾ ਰਾਈਆ। ਕਲਜੁਗ ਅੰਤਮ ਪਕੜਨ ਆਇਆ ਬਾਂਹ, ਪਰਗਟ ਹੋਇਆ ਬੇਪਰਵਾਹੀਆ। ਸਦਾ ਸੁਹੇਲਾ ਇਕ ਅਕੇਲਾ ਗੁਰੂ ਗੁਰ ਚੇਲਾ ਦੇਵੇ ਠੰਡੀ ਛਾਂ, ਛੰਪਰ ਛੰਨ ਨਾ ਕੋਈ ਰਖਾਈਆ। ਫੜ ਫੜ ਹੰਸ ਬਣਾਏ ਕਾਂ, ਕਾਗੋਂ ਹੰਸ ਬਣਾਈਆ। ਸਖਾ ਸਹਾਈ ਪਿਤਾ ਮਾਂ, ਆਪ ਆਪਣੀ ਗੋਦ ਉਠਾਈਆ। ਆਵਣ ਜਾਵਣ ਕੋਈ ਜਾਣੇ ਨਾ, ਜਾਨਣਹਾਰ ਸ੍ਰਿਸ਼ਟ ਸਬਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਿਸ ਜਨ ਕਿਰਪਾ ਦੇਵੇ ਕਰ, ਜਨਮ ਜਨਮ ਦੀ ਮੇਟੇ ਲੱਗੀ ਸ਼ਾਹੀਆ। ਜਨਮ ਜਨਮ ਦਾ ਲਹਿਣਾ ਚੁੱਕਿਆ, ਆਏ ਹਰਿ ਦਵਾਰ। ਆਵਣ ਜਾਵਣ ਪੈਂਡਾ ਮੁੱਕਿਆ, ਮੰਗੀ ਮੰਗ ਬਣ ਭਿਖਾਰ। ਗੁਰਸਿਖ ਰਾਹ ਵਿਚ ਕਦੇ ਨਾ ਰੁਕਿਆ, ਕਬੀਰਾ ਰਿਹਾ ਉਚਾਰ। ਗੁਰ ਨਾਨਕ ਤੇਰਾ ਜਾਮ ਕਦੇ ਨਾ ਮੁਕਿਆ, ਭਰਿਆ ਰਹੇ ਭੰਡਾਰ। ਹਰਿਆ ਬੂਟਾ ਕਦੇ ਨਾ ਸੁਕਿਆ, ਜਿਸ ਪਾਲੇ ਆਪ ਕਰਤਾਰ। ਜੋ ਜਨ ਚਰਨ ਦਵਾਰੇ ਆਏ ਝੁਕਿਆ, ਗੁਰ ਪੂਰਾ ਪਾਰ ਉਤਾਰਨਹਾਰ। ਕਲਜੁਗ ਵੇਲਾ ਅੰਤਮ ਢੁਕਿਆ, ਲੱਖ ਚੁਰਾਸੀ ਹੋਏ ਖ਼ਵਾਰ। ਧਰਮ ਰਾਏ ਸ਼ੇਰ ਏਕਾ ਬੁੱਕਿਆ, ਸ੍ਰਿਸ਼ਟ ਸਬਾਈ ਰਿਹਾ ਲਲਕਾਰ। ਚਿਤਰ ਗੁਪਤ ਪਰਗਟ ਹੋਵੇ ਲੁਕਿਆ, ਲੇਖਾ ਲੇਖ ਦਏ ਵਖਾਲ। ਮੌਤ ਲਾੜੀ ਖੰਡਾ ਅੰਤਮ ਆਪਣਾ ਚੁੱਕਿਆ, ਆਪਣੇ ਸ਼ਸਤਰ ਰਿਹਾ ਸੰਭਾਲ। ਤੀਰ ਨਿਸ਼ਾਨਾ ਚਲਿਆ ਕਦੇ ਨਾ ਉਕਿਆ, ਨਾ ਕੋਈ ਜਾਣੇ ਸ਼ਾਹ ਕੰਗਾਲ। ਪਾਣੀ ਦਿਸੇ ਨਾ ਕਿਸੇ ਹੁੱਕਿਆ, ਅੱਲਾ ਰਾਣੀ ਨਾ ਕਰੇ ਸੰਭਾਲ। ਪੀਰ ਫਕੀਰਾਂ ਭਾਰ ਜਾਵੇ ਨਾ ਚੁੱਕਿਆ, ਜੂਠਾ ਝੂਠਾ ਫਲ ਲਗਾਇਆ ਕਾਇਆ ਡਾਲ੍ਹ। ਸਤਿਗੁਰ ਪੂਰਾ ਪਾਰਬ੍ਰਹਮ ਅਬਿਨਾਸ਼ੀ ਕਰਤਾ ਏਕਾ ਏਕ ਆਪੇ ਤੁੱਠਿਆ, ਗੁਰਮੁਖਾਂ ਪਾਵੇ ਸਾਰ। ਨੌ ਖੰਡ ਪ੍ਰਿਥਮੀ ਸੱਤਾਂ ਦੀਪਾਂ ਗੁਰਮੁਖਾਂ ਕਰੇ ਏਕਾ ਮੁੱਠਿਆ, ਏਕਾ ਸ਼ਬਦ ਨਾਮ ਜੈਕਾਰ। ਏਕਾ ਬੀਜ ਦੋ ਜਹਾਨੀ ਪ੍ਰਭ ਸਾਚੇ ਆਪੇ ਸੁੱਟਿਆ, ਏਥੇ ਉਥੇ ਲਏ ਸੰਭਾਲ। ਜਗਤ ਵਿਕਾਰਾ ਫੜ ਫੜ ਕੁੱਟਿਆ, ਨਾਮ ਖੰਡਾ ਇਕ ਵਖਾਲ। ਸਾਚੇ ਖੰਡੇ ਫੜੀ ਮੁੱਠਿਆ, ਪ੍ਰਭ ਹੋਇਆ ਆਪ ਦਲਾਲ। ਜੀਵ ਜੰਤ ਦਰ ਘਰ ਮੁਗਧ ਆਪੇ ਕੁੱਠਿਆ, ਆਪੇ ਵੇਖੇ ਹੱਕ ਹਲਾਲ। ਸ਼ੌਹ ਦਰਯਾਏ ਆਪੇ ਸੁੱਟਿਆ, ਆਪੇ ਪਾਇਆ ਜਗਤ ਜੰਜਾਲ। ਕਲਜੁਗ ਜੀਵ ਦਿਨ ਦਿਹਾੜੇ ਜਾਏ ਲੁੱਟਿਆ, ਨਾ ਕੋਈ ਸੰਭਾਲੇ ਧਨ ਮਾਲ। ਪ੍ਰਭ ਦਿਤਾ ਖ਼ਜਾਨਾ ਕਾਇਆ ਮੰਦਰ ਇਕ ਅਤੁੱਟਿਆ, ਗੁਰਮੁਖ ਵੇਖੇ ਰਾਹ ਸੁਖਾਲ। ਆਪੇ ਚੜ੍ਹੇ ਆਪਣੀ ਚੋਟੀਆ, ਸੁਰਤੀ ਸ਼ਬਦੀ ਹੋ ਕਿਰਪਾਲ। ਕਿਸੇ ਹੱਥ ਨਾ ਆਏ ਤੀਰਥ ਤਟਿਆ, ਕੋਟੀ ਕੋਟ ਕੋਟ ਧੂਣੀਆਂ ਰਹੇ ਬਾਲ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਾਰ, ਗੁਰਮੁਖ ਸਾਜਣ ਆਪੇ ਲਏ ਭਾਲ। ਦਿਵਸ ਰੈਣ ਵੇਖਣਹਾਰਾ, ਅੱਠੇ ਪਹਿਰ ਸਵਾਧਾਨਾ। ਕਰੇ ਖੇਲ ਅਗੰਮ ਅਪਾਰਾ, ਗੁਣਵੰਤਾ ਗੁਣ ਨਿਧਾਨਾ। ਗੁਰਮੁਖਾਂ ਦਰ ਦਵਾਰੇ ਦੇਵੇ ਪਹਿਰਾ, ਨੇੜ ਨਾ ਆਏ ਪੰਜ ਸ਼ੈਤਾਨਾ। ਸਾਚੇ ਮੰਦਰ ਕਰੇ ਮਿਹਰਾ, ਬੈਠਾ ਆਪ ਵੱਡਾ ਵਿਦਵਾਨਾ। ਮੇਲ ਮਿਲਾਏ ਨਾ ਲਾਏ ਦੇਰਾ, ਜਿਸ ਜਨ ਬਖ਼ਸ਼ੇ ਚਰਨ ਧਿਆਨਾ। ਮਨਮੁਖ ਭੁਲਾਏ ਕਰ ਕਰ ਹੇਰਾ ਫੇਰਾ, ਨਾ ਦਿਸੇ ਸਚ ਨਿਸ਼ਾਨਾ। ਪੰਜਾਂ ਤੱਤਾਂ ਲਾਇਆ ਝੇੜਾ, ਭਰਮੇ ਭੁੱਲੇ ਜੀਵ ਨਿਧਾਨਾ। ਜਨ ਭਗਤਾਂ ਬੰਨੇ ਆਪੇ ਬੇੜਾ, ਦੇਵੇ ਨਾਮ ਧੁਰ ਫ਼ਰਮਾਣਾ। ਗੁਰਸਿਖ ਤੇਰਾ ਕਾਇਆ ਨਗਰ ਦਿਸੇ ਖੇੜਾ, ਏਕਾ ਦੀਪ ਜੋਤ ਜਗੇ ਮਹਾਨਾ। ਅੱਗੇ ਪੈਂਡਾ ਆਇਆ ਨੇੜਾ, ਮੇਲਾ ਹੋਏ ਗੋਪੀ ਕਾਹਨਾ। ਕਰਨ ਆਇਆ ਹੱਕ ਨਿਬੇੜਾ, ਸ਼ਾਹੋ ਭੂਪ ਸਚ ਸੁਲਤਾਨਾ। ਧਰਤ ਮਾਤ ਤੇਰਾ ਖੁਲ੍ਹਾ ਵੇਹੜਾ, ਚਾਰੋਂ ਕੁੰਟ ਹੋਏ ਵੈਰਾਨਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਮਾਰੇ ਸ਼ਬਦ ਤੀਰ ਰੁੱਕ ਨਾ ਜਾਏ ਹਰਿ ਨਿਸ਼ਾਨਾ। ਸ਼ਬਦ ਨਿਸ਼ਾਨਾ ਤੀਰ ਚਲਾ, ਏਕਾ ਚਿਲਾ ਰਿਹਾ ਉਠਾਈਆ। ਨੌਂ ਖੰਡ ਪ੍ਰਿਥਮੀ ਕਿਲਾ ਦੇਵੇ ਢਾਹ, ਬੰਕ ਦਵਾਰੀ ਰਹਿਣ ਨਾ ਪਾਈਆ। ਜੂਠ ਝੂਠ ਦਏ ਮਿਟਾ, ਖਾਲੀ ਠੂਠ ਵਖਾਈਆ। ਹੰਕਾਰ ਵਿਕਾਰ ਦਏ ਸਜਾ, ਵਡ ਦਾਤਾ ਬੇਗੁਨਾਹੀਆ। ਸਚ ਸੁੱਚ ਦਏ ਵਰਤਾ, ਸਾਚੀ ਜੋਤ ਕਰੇ ਰੁਸ਼ਨਾਈਆ। ਏਕਾ ਬਾਤੀ ਏਕਾ ਦੀਪਕ ਲੱਖ ਚੁਰਾਸੀ ਦਏ ਜਗਾ, ਏਕਾ ਦਏ ਬੁਝਾਈਆ। ਗੁਰਮੁਖਾਂ ਸ਼ਾਹ ਰਗ ਉਪਰ ਡੇਰਾ ਲਾ, ਆਪਣਾ ਰਾਹ ਜਣਾਈਆ। ਚਾਰ ਵਰਨ ਪਰਾ ਇਕ ਰਖਾ, ਨਾਮ ਦਸਤਾਰ ਸੀਸ ਬੰਧਾਈਆ। ਸਾਚਾ ਸਗਨ ਇਕ ਮਨਾ, ਸਾਚੀ ਸਿਖਿਆ ਇਕ ਸਮਝਾਈਆ। ਸਾਚਾ ਸਗਨ ਇਕ ਲਗਾ, ਏਕਾ ਸ਼ਬਦ ਕਰੇ ਕੁੜਮਾਈਆ। ਵਾਹਿਗੁਰੂ ਅੱਲਾ ਰਾਮ ਕ੍ਰਿਸ਼ਨ ਏਕਾ ਦਏ ਵਖਾ, ਭਰਮ ਗੜ੍ਹ ਤੁੜਾਈਆ। ਸੰਬਲ ਨਗਰੀ ਡੇਰਾ ਲਾ, ਡੇਰਾ ਡੇਰੇ ਵਿਚ ਟਿਕਾਈਆ। ਲੋਆਂ ਪੁਰੀਆਂ ਘੇਰਾ ਪਾ, ਬ੍ਰਹਮਾ ਵੇਤਾ ਲਏ ਉਠਾਈਆ। ਬ੍ਰਹਮਾ ਵੇਖੇ ਅੱਠੇ ਨੇਤਰ ਉਠਾ, ਲੋਕਮਾਤੀ ਰਾਹ ਤਕਾਈਆ। ਪੁਰਖ ਅਬਿਨਾਸ਼ੀ ਬੇਪਰਵਾਹ, ਕੇਹੜੀ ਕੂਟੇ ਆਸਣ ਲਾਈਆ। ਪੁਰਖ ਅਬਿਨਾਸ਼ੀ ਦਏ ਜਣਾ, ਸ਼ਬਦ ਸੁਨੇਹੜਾ ਇਕ ਘਲਾਈਆ। ਸਾਢੇ ਤਿੰਨ ਹੱਥ ਬਣਤ ਆਪ ਬਣਾ, ਵਿਚ ਲੁਕਿਆ ਦਿਸ ਨਾ ਆਈਆ। ਵਿਸ਼ਨੂੰ ਗਣਤਾ ਰਿਹਾ ਗਣਾ, ਘਰ ਘਰ ਫੇਰਾ ਪਾਈਆ। ਰਾਜ਼ਕ ਰਹੀਮ ਕਰੀਮ ਦਇਆ ਕਮਾ, ਏਕਾ ਭਿਛਿਆ ਰਿਹਾ ਵਰਤਾਈਆ। ਸੋਏ ਸਿਖ ਰਿਹਾ ਜਗਾ, ਦਿਵਸ ਰੈਣ ਸੇਵ ਕਮਾਈਆ। ਪੂਰਨ ਇਛਿਆ ਰਿਹਾ ਕਰਾ, ਭਗਵਾਨ ਵੇਸ ਵਟਾਈਆ। ਗੁਰ ਗੋਬਿੰਦੇ ਲਿਖਿਆ ਨਾ ਸਕੇ ਕੋਈ ਮਿਟਾ, ਪ੍ਰਭ ਪੂਰਾ ਵੇਖਣ ਆਈਆ। ਕਲਜੁਗ ਜੀਵਾਂ ਜਗਤ ਨੇਤਰ ਮਾਤ ਨਾ ਦਿਸਿਆ, ਬੈਠੇ ਰਾਹ ਤਕਾਈਆ। ਨੀਲੇ ਵਾਲਾ ਨੀਲਾ, ਨੀਲੀ ਧਾਰੋਂ ਪਾਰ ਕਰਾਈਆ। ਕਲਗੀ ਤੋੜਾ ਸ਼ਬਦ ਆਪਣੇ ਸੀਸ ਟਿਕਾ, ਜੋਤੀ ਜੋੜਾ ਮੇਲ ਮਿਲਾਈਆ। ਆਪਣਾ ਘੋੜਾ ਆਪ ਦੌੜਾ, ਚਾਰੇ ਵਾਗਾਂ ਰਿਹਾ ਉਠਾਈਆ। ਮਿਠਾ ਕੌੜਾ ਵੇਖ ਵਖਾ, ਲੱਖ ਚੁਰਾਸੀ ਪਰਖੇ ਭੇਵ ਨਾ ਰਾਈਆ। ਉਚੇ ਟਿੱਲੇ ਪਰਬਤ ਡੇਰਾ ਲਾ, ਬਜਰ ਕਪਾਟੀ ਸਿਲਾ ਅੱਗੇ ਰਖਾਈਆ। ਸੱਸਾ ਕਿਲਾ ਰਿਹਾ ਬਣਾ, ਵਿਚ ਬੈਠਾ ਆਸਣ ਲਾਈਆ। ਸ਼ਬਦ ਚਿਲਾ ਰਿਹਾ ਉਠਾ, ਇਕ ਕਮਾਨ ਖਿਚਾਈਆ। ਬੂਰਾ fਬੱਲਾ ਕੱਕਾ ਦਏ ਹਿਲਾ, ਈਸਾ ਮੂਸਾ ਕਰ ਕੁੜਮਾਈਆ। ਅੰਜੀਲ ਕੁਰਾਨਾ ਮਤਾ ਪਕਾ, ਏਕਾ ਦਏ ਸਲਾਹੀਆ। ਆਪਣੇ ਵੱਤੇ ਆਪਣਾ ਬੀਜ ਦਏ ਬਿਜਾ, ਚਾਰ ਯਾਰੀ ਹਲ ਚਲਾਈਆ। ਮੁਹੰਮਦ ਤੇਰੀ ਸੇਵਾ ਲਾ, ਅਹਿਮਦ ਸੰਗ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਭਗਤਨ ਮੀਤਾ ਇਕ ਅਤੀਤਾ ਸਦਾ ਸਰਜੀਤਾ, ਨਿਰਗੁਣ ਸਰਗੁਣ ਵੇਖ ਵਖਾਈਆ। ਨਿਰਗੁਣ ਰੂਪ ਹਰਿ ਕਰਤਾਰ, ਸਰਗੁਣ ਵਿਚ ਸਮਾਇਆ। ਸਰਗੁਣ ਸਾਚਾ ਕਰ ਪਿਆਰ, ਨਿਰਗੁਣ ਮੇਲ ਮਿਲਾਇਆ। ਨਿਰਗੁਣ ਮੇਲਾ ਅਪਰ ਅਪਾਰ, ਦਿਸ ਕਿਸੇ ਨਾ ਆਇਆ। ਸਰਗੁਣ ਵੇਖੇ ਸਰਬ ਸੰਸਾਰ, ਪੰਜ ਤਤ ਅਖਵਾਇਆ। ਆਪੇ ਬੈਠਾ ਅੰਦਰ ਬਾਹਰ, ਗੁਪਤ ਜ਼ਾਹਰ ਭੇਵ ਨਾ ਰਾਇਆ। ਗੁਰਮੁਖਾਂ ਜਨ ਭਗਤਾਂ ਜੁਗ ਜੁਗ ਬਣਿਆ ਸਾਚਾ ਯਾਰ, ਸਾਚਾ ਸੱਥਰ ਹੇਠ ਵਿਛਾਇਆ। ਪਰਗਟ ਹੋ ਰਾਮ ਰਾਮਾ ਅਵਤਾਰ, ਰਾਮ ਰੂਪ ਅਖਵਾਇਆ। ਕਰੇ ਕਾਮਾ ਅਪਰ ਅਪਾਰ, ਨਾ ਕੋਈ ਵੇਖੇ ਨਾ ਕੋਈ ਪੇਖੇ ਨਾ ਕੋਈ ਸਕੇ ਗਣਤ ਗਣਾਇਆ। ਮੀਤ ਮੁਰਾਰ ਰਿਹਾ ਪੁਕਾਰ, ਇਕ ਧਿਆਨ ਲਗਾਇਆ। ਸੁਣੇ ਸੁਣਾਏ ਸੁਨਣੇਹਾਰ, ਆਲਸ ਨਿੰਦਰਾ ਵਿਚ ਨਾ ਆਇਆ। ਅੱਠੇ ਪਹਿਰ ਖ਼ਬਰਦਾਰ, ਜੋਧਾ ਸੂਰਬੀਰ ਆਪ ਹੋ ਆਇਆ। ਆਪਣੇ ਕਰੇ ਤਨ ਸ਼ੰਗਾਰ, ਸ਼ਸਤਰ ਬਸਤਰ ਇਕ ਸੁਹਾਇਆ। ਸ਼ਬਦ ਖੰਡਾ ਹੱਥ ਕਟਾਰ, ਤਨ ਗਾਤਰੇ ਵਿਚ ਲਟਕਾਇਆ। ਆਪੇ ਖਿੱਚੇ ਆਪਣੀ ਵਾਰ, ਗੁਰ ਗੋਬਿੰਦ ਸੇਵਾ ਲਾਇਆ। ਵਾਲੀ ਹਿੰਦ ਰਹਿਣਾ ਖ਼ਬਰਦਾਰ, ਸੰਮਤ ਪੰਦਰਾਂ ਰਿਹਾ ਜਗਾਇਆ। ਤਿਨਕਾ ਤੋੜੇ ਗੜ੍ਹ ਹੰਕਾਰ, ਪੁਰਖ ਅਬਿਨਾਸ਼ੀ ਫੇਰਾ ਪਾਇਆ। ਲਹਿਣ ਦੇਣ ਚੁਕਾਏ ਭਬੀਖਨ ਯਾਰ, ਕਲਜੁਗ ਵੇਲਾ ਦਏ ਸੁਹਾਇਆ। ਲੱਖ ਚੁਰਾਸੀ ਖੜੀ ਕੰਢੇ ਮੰਝਧਾਰ, ਪ੍ਰਭ ਸਾਚਾ ਵੇਖਣ ਆਇਆ। ਸਾਧਾਂ ਸੰਤਾਂ ਕਰੇ ਖ਼ਬਰਦਾਰ, ਤੀਰਥ ਤਟਾਂ ਫੇਰਾ ਪਾਇਆ। ਜੁਗ ਜੁਗ ਜਾਣੇ ਆਪਣੀ ਧਾਰ, ਧਾਰ ਅਵੱਲੜੀ ਇਕ ਚਲਾਇਆ। ਨਾਨਕ ਗੁਰ ਤੋਲਾ ਬਣ ਸੰਸਾਰ, ਤੇਰਾਂ ਤੇਰਾਂ ਬੋਲ ਸੁਣਾਇਆ। ਪਰਗਟ ਹੋਵੇ ਅੰਤਮ ਨਿਹਕਲੰਕ ਅਵਤਾਰ, ਸ਼ਬਦ ਖੰਡਾ ਹੱਥ ਉਠਾਇਆ। ਭੋਲਾ ਭਾਲਾ ਨਾ ਕੋਈ ਪਾਵੇ ਸਾਰ, ਭੇਖੀ ਬੈਠਾ ਭੇਵ ਛੁਪਾਇਆ। ਗੁਰਦਰ ਮੰਦਰ ਮਸਜਿਦ ਪਿਆ ਰੌਲਾ, ਨਿਹਕਲੰਕੀ ਕਵਣ ਅਖਵਾਇਆ। ਯਾਦ ਕਰਾਏ ਸੰਮਤ ਸੋਲਾਂ, ਸੋਇਆ ਕੋਈ ਰਹਿਣ ਨਾ ਪਾਇਆ। ਧਰਤ ਮਾਤ ਖਿਲਾਏ ਹੋਲਾ, ਕਲਜੁਗ ਹਰਨਾਕਸ਼ ਦੈਤ ਆਪ ਬਣਾਇਆ। ਲਾੜੀ ਮੌਤ ਚੁੱਕੇ ਡੋਲਾ, ਚਾਰ ਕਹਾਰਾਂ ਨਾਲ ਰਲਾਇਆ। ਚਾਰ ਯਾਰੀ ਬਦਲੇ ਚੋਲਾ, ਪੰਚਮ ਮੁਖ ਸੁਹਾਇਆ। ਪਾਰਬ੍ਰਹਮ ਪ੍ਰਭ ਬਣਿਆ ਤੋਲਾ, ਰੱਤੀ ਮਾਸ਼ਾ ਨਾ ਕੋਈ ਰਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਵੇਖੇ ਸਾਚੇ ਘਰ, ਘਰ ਸਾਚਾ ਇਕ ਬਣਾਇਆ। ਸਾਚਾ ਘਰ ਹਰਿ ਬਣਾ, ਸਾਚੇ ਧਾਮ ਸੁਹਾਇਆ। ਸਾਚੇ ਸੰਤਾਂ ਦਏ ਜਣਾ, ਸਚ ਗਿਆਨ ਦ੍ਰਿੜਾਇਆ। ਸਾਚਾ ਰਾਹੇ ਦਏ ਪਾ, ਪੱਲਾ ਨਾਮ ਫੜਾਇਆ। ਜਮ ਕਾ ਕੱਟਣਹਾਰਾ ਫਾਹ, ਲੱਖ ਚੁਰਾਸੀ ਮੇਟ ਮਿਟਾਇਆ। ਦਮ ਦਮਾ ਲੇਖੇ ਲਾਏ ਸਾਹ, ਸਵਾਸ ਸਵਾਸ ਧਿਆਇਆ। ਜਿਸ ਜਨ ਜਪਿਆ ਏਕਾ ਨਾਂ, ਏਕਾ ਮੇਲ ਮਿਲਾਇਆ। ਸੁਣੇ ਪੁਕਾਰ ਭਗਤ ਗਾਂ, ਲੋਕਮਾਤ ਰਹੀ ਕੁਰਲਾਇਆ। ਧਰਤ ਮਾਤ ਮਾਰੇ ਏਕਾ ਹਾਅ, ਰੋ ਰੋ ਨੇਤਰ ਨੀਰ ਵਹਾਇਆ। ਕਲਜੁਗ ਕੂੜੇ ਚੜ੍ਹਿਆ ਚਾ, ਚਾਰੋਂ ਕੁੰਟ ਫਿਰੇ ਹਲਕਾਇਆ। ਮੂਰਖ ਮੂੜੇ ਨਾਲ ਰਲਾ, ਕਲਜੁਗ ਜੀਵਾਂ ਰਿਹਾ ਭਰਮਾਇਆ। ਕੂੜਾ ਕੂੜੇ ਧੰਦੇ ਰਿਹਾ ਲਾ, ਕੂੜੀ ਕਾਰ ਕਰਾਇਆ। ਮਦਿਰਾ ਮਾਸੀ ਗੰਦੇ ਨਾਮ ਧਰਾ, ਬੇਮੁਖ ਨਾਮ ਧਰਾਇਆ। ਆਤਮ ਜਿੰਦੇ ਲਏ ਲਗਾ, ਨਾ ਕੋਈ ਕੁੰਡਾ ਲਾਹਿਆ। ਖ਼ਾਕੀ ਬੰਦੇ ਖ਼ਾਕ ਮਿਲਾ, ਖ਼ਾਕੀ ਖ਼ਾਕ ਦਏ ਸਜ਼ਾਇਆ। ਆਤਮ ਝਾਕੀ ਨਾ ਸਕੇ ਕੋਈ ਪਾ, ਆਤਮ ਬ੍ਰਹਮ ਨਾ ਕੋਈ ਜਣਾਇਆ। ਭਵਿਖਤ ਵਾਕੀ ਸਾਰੇ ਰਹੇ ਗਾ, ਪੜ੍ਹ ਪੜ੍ਹ ਰਸਨਾ ਹੋਈ ਹਲਕਾਇਆ। ਗੁਰ ਪੂਰਾ ਫੇਰਾ ਰਿਹਾ ਪਾ, ਦਿਸ ਕਿਸੇ ਨਾ ਆਇਆ। ਹੇਰਾ ਫੇਰਾ ਜਗਤ ਕਰਾ, ਵਲ ਛਲ ਧਾਰੀ ਨਾਮ ਧਰਾਇਆ। ਗੁਰਮੁਖ ਵਿਰਲੇ ਤੇਰਾ ਮੇਰਾ ਦਏ ਮੁਕਾ, ਏਕਾ ਰੰਗ ਰੰਗਾਇਆ। ਦਰਸ ਅਮੋਘ ਦਏ ਵਖਾ, ਤ੍ਰਿਸਨਾ ਭੁੱਖ ਮਿਟਾਇਆ। ਧੁਰ ਸੰਜੋਗੀ ਮੇਲਾ ਦਏ ਮਿਲਾ, ਵਿਛੜ ਕਦੇ ਨਾ ਜਾਇਆ। ਰਸਨਾ ਚੋਗੀ ਨਾਮ ਚੁਗਾ, ਮਾਣਕ ਮੋਤੀ ਦਏ ਖਵਾਇਆ। ਆਤਮ ਭੋਗੀ ਏਕਾ ਭੋਗ ਕਰਾ, ਆਤਮ ਸੇਜਾ ਦਏ ਸੁਹਾਇਆ। ਜਗਤ ਵਿਜੋਗੀ ਦਏ ਕਟਾ, ਜੋ ਜਨ ਸਰਨਾਈ ਆਇਆ। ਸਾਚਾ ਜੋਗੀ ਏਕਾ ਜੋਗ ਦਏ ਸਿਖਾ, ਗੁਰਚਰਨ ਧਿਆਨ ਲਗਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸੰਤਨ ਸੰਤ ਬੈਠ ਅਕੰਤ ਹਰਿ ਭਗਵੰਤ ਏਕਾ ਵੇਖ ਵਖਾਇਆ। ਇਕ ਅਕੱਲਾ ਹਰਿ ਭਗਵੰਤਾ, ਭਗਤ ਰੱਖੇ ਵਡਿਆਈਆ। ਦੇਵੇ ਮਾਣ ਸਾਚੇ ਸੰਤਾ, ਸਤਿ ਸਤਿ ਕਰੇ ਜਣਾਈਆ। ਆਪ ਬਣਾਏ ਸਾਚੀ ਬਣਤਾ, ਲੋਕਮਾਤ ਤਰਾਈਆ। ਜਗਤ ਮਹਿਮਾ ਗਣਤ ਅਗਣਤਾ, ਜਗਤ ਜੋਗ ਨਾ ਕੋਈ ਜਣਾਈਆ। ਜਿਸ ਜਨ ਤੋੜੇ ਹਉਮੇ ਹੰਗਤਾ, ਮਾਇਆ ਮਮਤਾ ਰਹਿਣ ਨਾ ਪਾਈਆ। ਆਪੇ ਮੇਲੇ ਸਾਚੀ ਸੰਗਤਾ, ਕਾਇਆ ਚੋਲੀ ਰੰਗ ਰੰਗਾਈਆ। ਦਰ ਦਵਾਰੇ ਹੋਏ ਮੰਗਤਾ, ਭਗਤ ਦਵਾਰਾ ਇਕ ਸਲਾਹੀਆ। ਗੁਰਮੁਖ ਉਧਾਰੇ ਜਿਉਂ ਨਾਨਕ ਅੰਗਦਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿ ਸਾਜਨ ਹਰਿ ਸਰਨਾਈਆ। ਹਰਿ ਸਾਜਨ ਜਗ ਜਾਣਿਆ, ਜਨਮ ਮਰਨ ਭੌ ਕੱਟ। ਘਰ ਸਚ ਕਰੇ ਪਰਵਾਨਿਆ, ਸਰਬ ਕਲਾ ਸਮਰਥ। ਦੇਵੇ ਨਾਮ ਹਰਿ ਮਹਾਨਿਆ, ਪਾਰਬ੍ਰਹਮ ਅਲਖਨਾ ਅਲੱਖ। ਗੁਰਸਿਖ ਸਾਚਾ ਹੋਏ ਬਲਵਾਨਿਆ, ਪੰਚ ਵਿਕਾਰਾ ਜਾਏ ਮਥ। ਨੇੜ ਨਾ ਆਏ ਪੰਜ ਸ਼ੈਤਾਨਿਆ, ਲਹਿਣਾ ਚੁਕੇ ਸੀਆਂ ਸਾਢੇ ਤਿੰਨ ਤਿੰਨ ਹੱਥ। ਅਨਹਦ ਸੁਣੇ ਸਾਚੀ ਬਾਣੀਆ, ਅੱਠੇ ਪਹਿਰ ਅਕਥਨਾ ਅਕਥ। ਪਾਵੇ ਪੁਰਖ ਹਰਿ ਸੁਲਤਾਨੀਆ, ਸਿਰ ਰੱਖੇ ਦੇ ਕਰ ਹੱਥ। ਆਵਣ ਜਾਵਣ ਚੁਕੇ ਕਾਣੀਆ, ਲੱਖ ਚੁਰਾਸੀ ਹੋਏ ਭੱਠ। ਪਾਇਆ ਪਦ ਇਕ ਨਿਰਬਾਣੀਆ, ਕਾਇਆ ਮੰਦਰ ਜਾਏ ਢੱਠ। ਮਿਲੇ ਜੋਤ ਸ੍ਰੀ ਭਗਵਾਨੀਆ, ਘਰ ਸਾਚੇ ਸਦਾ ਅਕੱਠ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਦੇਵਣਹਾਰਾ ਵਰ, ਕਾਇਆ ਤਪੇ ਨਾ ਅਗਨੀ ਮੱਠ। ਕਾਇਆ ਅਗਨ ਤਨ ਤੰਦੂਰ, ਅੱਠੇ ਪਹਿਰ ਤਪਾਇਆ। ਗੁਰ ਕਾ ਸ਼ਬਦ ਹਾਜ਼ਰ ਹਜ਼ੂਰ, ਹਿਰਦੇ ਆਪ ਟਿਕਾਇਆ। ਮਨਮੁਖ ਜਾਨਣ ਦੂਰਨ ਦੂਰ, ਗੁਰਮੁਖਾਂ ਨੇਰਨ ਨੇਰ ਬਸਾਇਆ। ਜਗਤ ਨਾਤਾ ਕੂੜੋ ਕੂੜ, ਥਿਰ ਕੋਈ ਰਹਿਣ ਨਾ ਪਾਇਆ। ਭਰਮੇ ਭੁੱਲੇ ਮੂਰਖ ਮੂੜ, ਮਾਇਆ ਮੋਹ ਵਧਾਇਆ। ਗੁਰਮੁਖ ਵਿਰਲਾ ਮਾਂਗੇ ਚਰਨ ਧੂੜ, ਚਰਨ ਸਰਨ ਸੱਚੀ ਸਰਨਾਇਆ। ਕਾਇਆ ਚੋਲੀ ਰੰਗਣ ਚਾੜ੍ਹੇ ਗੂੜ੍ਹ, ਰੰਗ ਮਜੀਠੀ ਇਕ ਚੜ੍ਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਨ ਭਗਤਾਂ ਦੇਵੇ ਵਸਤ ਅਨਡੀਠੀ, ਜੁਗ ਜੁਗ ਝੋਲੀ ਪਾਇਆ। ਜੁਗ ਜੁਗ ਦੇਵਣਹਾਰਾ ਦਾਤਾਰਾ, ਜੁਗ ਜੁਗ ਜੋਤ ਜਗਾਇੰਦਾ। ਜੁਗ ਜੁਗ ਲੈ ਮਾਤ ਅਵਤਾਰਾ, ਜੁਗ ਜੁਗ ਭਗਤ ਤਰਾਇੰਦਾ। ਵੇਖੇ ਵਿਗਸੇ ਖੇਲ ਨਿਆਰਾ, ਜੁਗ ਜੁਗ ਵੇਸ ਵਟਾਇੰਦਾ। ਜੁਗ ਜੁਗ ਬੰਨੇ ਆਪਣੀ ਧਾਰਾ, ਜੁਗ ਜੁਗ ਨਾਉਂ ਧਰਾਇੰਦਾ। ਜੁਗ ਜੁਗ ਬਣੇ ਆਪ ਸਹਾਰਾ, ਜੁਗ ਜੁਗ ਮੁਖ ਭਵਾਇੰਦਾ। ਜੁਗ ਜੁਗ ਕਰੇ ਪਾਰ ਕਿਨਾਰਾ, ਜੁਗ ਜੁਗ ਆਪੇ ਲਾਇੰਦਾ। ਕਲਜੁਗ ਅੰਤਮ ਵੇਖ ਕਿਨਾਰਾ, ਪ੍ਰਭ ਸਾਚਾ ਰੂਪ ਦਰਸਾਇੰਦਾ। ਚਾਰੋਂ ਕੁੰਟ ਅੰਧ ਅੰਧਿਆਰਾ, ਸਚ ਸੁੱਚ ਨਾ ਕੋਈ ਵਰਤਾਇੰਦਾ। ਸਾਧਾਂ ਸੰਤਾਂ ਖਾਲੀ ਦਵਾਰਾ, ਨਾਮ ਭਿਛਿਆ ਨਾ ਕੋਈ ਪਾਇੰਦਾ। ਰਾਜ ਰਾਜਾਨ ਹੋਏ ਵਿਭਚਾਰਾ, ਸਚ ਸੁਹਾਗ ਨਾ ਕੋਈ ਹੰਢਾਇੰਦਾ। ਜੂਠ ਝੂਠ ਕਰ ਪਸਾਰਾ, ਕਲਜੁਗ ਡੰਕ ਵਜਾਇੰਦਾ। ਕਲਜੁਗ ਜੋਧਾ ਸੂਰਬੀਰ ਬਲਕਾਰਾ, ਆਪਣਾ ਤੇਜ ਰਖਾਇੰਦਾ। ਨਾਲ ਰਲਾਏ ਮੁਹੰਮਦੀ ਯਾਰਾ, ਚੌਦਾਂ ਚੌਦਾਂ ਵੇਖ ਵਖਾਇੰਦਾ। ਜੋਤ ਸਰੂਪੀ ਹਰਿ ਨਿਰੰਕਾਰਾ, ਸਾਚੀ ਬਣਤ ਬਣਾਇੰਦਾ। ਸੱਤਾਂ ਦੀਪਾਂ ਪਾਵੇ ਸਾਰਾ, ਆਪ ਆਪਣੀ ਖੇਲ ਖਿਲਾਇੰਦਾ। ਲੱਖਣ ਦੀਪ ਹੋ ਉਜਿਆਰਾ, ਜੋਤੀ ਜੋਤ ਉਪਾਇੰਦਾ। ਪੁਸ਼ਕਰ ਤੇਰੀ ਬੰਨੇ ਧਾਰਾ, ਦਿਸ ਕਿਸੇ ਨਾ ਆਇੰਦਾ। ਕਰੌਚ ਖੇਲੇ ਖੇਲ  ਅਪਾਰਾ, ਆਪਣਾ ਕਰਮ ਕਮਾਇੰਦਾ। ਜੰਬੂ ਦੀਪ ਲੈ ਅਵਤਾਰਾ, ਨਿਹਕਲੰਕਾ ਨਾਉਂ ਰਖਾਇੰਦਾ। ਸਲਮਲ ਡੋਬੇ ਅਧਵਿਚਕਾਰਾ, ਨਾ ਕੋਈ ਪਾਰ ਕਰਾਇੰਦਾ। ਸਾਨ ਰੋਵੇ ਜ਼ਾਰੋ ਜ਼ਾਰਾ, ਵੇਲਾ ਗਿਆ ਹੱਥ ਨਾ ਆਇੰਦਾ। ਕੁਸ਼ਾ ਕਰੇ ਅੰਤ ਪੁਕਾਰਾ, ਏਕਾ ਨਾਅਰਾ ਲਾਇੰਦਾ। ਪੁਰਖ ਅਬਿਨਾਸ਼ੀ ਆਪੇ ਵੇਖੇ ਸੁਨਣੇਹਾਰਾ, ਸੁਨ ਸਮਾਧ ਸਮਾਇੰਦਾ। ਨੌਂ ਖੰਡ ਹਰਿ ਹੋ ਉਜਿਆਰਾ, ਆਪਣੀ ਵੰਡ ਵੰਡਾਇੰਦਾ। ਕੁਲਾ ਖੰਡ ਪ੍ਰਭ ਹੋ ਤਿਆਰਾ, ਸ਼ਬਦ ਪਰਚੰਡ ਚਮਕਾਇੰਦਾ। ਇੱਲਾਬੁਤ ਹਰਿ ਖੇਲ ਖਿਲਾਰਾ, ਸਾਚੀ ਖੇਲ ਖਿਲਾਇੰਦਾ। ਕੇਤਮਾਲ ਲਾਏ ਤਾੜਾ, ਏਕਾ ਰਾਗ ਅਲਾਇੰਦਾ। ਹਰਣਯਮਹ ਤੇਰੀ ਸੁਣ ਪੁਕਾਰਾ, ਭੇਖੀ ਭੇਖ ਰਖਾਇੰਦਾ। ਕਿੰ ਪੁਰਖ ਜੋਤ ਨਿਰੰਕਾਰਾ, ਜੋਤੀ ਨੂਰ ਡਗਮਗਾਇੰਦਾ। ਹਰਿ ਵਰਖ ਡੋਬੇ ਅਧਵਿਚਕਾਰਾ, ਪ੍ਰਭ ਆਪਣੀ ਰਚਨ ਰਚਾਇੰਦਾ। ਭਦਰ ਰੋਵੇ ਜ਼ਾਰੋ ਜ਼ਾਰਾ, ਨਾ ਕੋਈ ਧੀਰ ਧਰਾਇੰਦਾ। ਭਾਰਤ ਖੰਡ ਪ੍ਰਭ ਕਰ ਪਿਆਰਾ, ਸੰਬਲ ਨਗਰੀ ਧਾਮ ਸੁਹਾਇੰਦਾ। ਵੀਹ ਸਦ ਪੰਦਰਾਂ ਖੇਲ ਨਿਆਰਾ, ਸ੍ਰਿਸ਼ਟ ਸਬਾਈ ਆਪ ਹਿਲਾਇੰਦਾ। ਲੇਖਾ ਲਿਖੇ ਧੁਰ ਕਰਤਾਰਾ, ਨਾ ਕੋਈ ਮੇਟ ਮਿਟਾਇੰਦਾ। ਲਹਿਣਾ ਦੇਣਾ ਚੁੱਕੇ ਨੌਂ ਦਵਾਰਾ, ਸਚ ਸਿੰਘਾਸਣ ਇਕ ਵਿਛਾਇੰਦਾ। ਸਾਢੇ ਤਿੰਨ ਹੱਥ ਤੇਰਾ ਪਾਰ ਕਿਨਾਰਾ, ਰਵਦਾਸ ਚੁਮਾਰਾ ਆਪ ਕਰਾਇੰਦਾ। ਅੰਤਮ ਮੇਲਾ ਮੀਤ ਮੁਰਾਰਾ, ਸਾਚੀ ਸੇਵ ਲਗਾਇੰਦਾ। ਆਪੇ ਬੋਲੇ ਸ਼ਬਦ ਜੈਕਾਰਾ, ਰਵਦਾਸ ਚੁਮਾਰਾ ਚਿਟੇ ਉਪਰ ਲਿਖੇ ਕਾਲਾ ਭੇਵ ਕੋਈ ਨਾ ਪਾਇੰਦਾ। ਲੱਖ ਚੁਰਾਸੀ ਤੇਰਾ ਕੱਢਣ ਆਇਆ ਅੰਤ ਦਵਾਲਾ, ਭੇਖਾ ਧਾਰੀ ਭੇਖ ਵਟਾਇੰਦਾ। ਗੁਰਮੁਖ ਤੇਰੀ ਕਾਇਆ ਵੇਖੇ ਸੱਚੀ ਪਾਠਸ਼ਾਲਾ, ਹਰਿ ਮੰਦਰ ਡੇਰਾ ਲਾਇੰਦਾ। ਅੰਦਰੇ ਅੰਦਰ ਮੇਲਾ ਗੁਰ ਗੋਪਾਲਾ, ਜੋਤ ਜਵਾਲਾ ਸੇਵ ਲਗਾਇੰਦਾ। ਆਦਿ ਨਿਰੰਜਣ ਹੋ ਰਖਵਾਲਾ, ਅੰਤਮ ਫੇਰਾ ਪਾਇੰਦਾ। ਸ਼ਬਦ ਬਣਾਇਆ ਵਿਚ ਦਲਾਲਾ, ਦੋ ਜਹਾਨਾਂ ਰਾਹ ਤਕਾਇੰਦਾ। ਨੇੜ ਨਾ ਆਏ ਕਾਲ ਮਹਾਂਕਾਲਾ, ਗੁਰ ਗੋਬਿੰਦਾ ਦਰ ਦੁਰਕਾਇੰਦਾ। ਜਨ ਭਗਤਾਂ ਹੋਏ ਆਪ ਰਖਵਾਲਾ, ਭਗਤ ਵਛਲ ਨਾਉਂ ਧਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਸਾਜਨ ਵੇਖ ਵਖਾਇੰਦਾ। ਗੁਰਮੁਖ ਸਾਜਨ ਸਾਚੀ ਸਿਖ, ਸਿਖਿਆ ਗੁਰ ਵੀਚਾਰ। ਜਗਤ ਮਿਟੇ ਤ੍ਰਿਸਨਾ ਭੁੱਖ, ਦੇਵੇ ਨਾਮ ਅਧਾਰ। ਮਾਤ ਗਰਭ ਨਾ ਹੋਏ ਉਲਟਾ ਰੁੱਖ, ਦਸ ਦਸ ਮਾਸ ਨਾ ਖਾਏ ਮਾਰ। ਉਜਲ ਕਰੇ ਹਰਿ ਜੀ ਮੁਖ, ਜੋ ਜਨ ਮੰਗੇ ਹਰਿ ਦਵਾਰ। ਵਾਹ ਵਾਹ ਅੰਦਰ ਬੈਠਾ ਲੁਕ, ਗੁਰੂ ਰੂਪ ਆਪ ਕਰਤਾਰ। ਨੀਵਾਂ ਹੋ ਕੇ ਵੇਖੇ ਝੁਕ, ਮਿਲੇ ਮੇਲ ਪਰਵਰਦਿਗਾਰ। ਸਾਧ ਸੰਗਤ ਵਿਚ ਬਹਿਣਾ ਢੁਕ, ਲੋਕਮਾਤ ਨਾ ਹੋਏ ਖ਼ਵਾਰ। ਪ੍ਰਭ ਕਾ ਭਾਣਾ ਨਾ ਜਾਏ ਰੁਕ, ਸ੍ਰਿਸ਼ਟ ਦੱਬੀ ਪਾਪਾਂ ਭਾਰ। ਕਲਜੁਗ ਜੀਵਾਂ ਭਾਰ ਸਕੇ ਨਾ ਕੋਈ ਚੁੱਕ, ਧੌਲ ਧਰਮ ਰਿਹਾ ਪੁਕਾਰ। ਗਿਆਨ ਗੁਰੂ ਪੈਂਡਾ ਗਿਆ ਮੁੱਕ, ਗਿਆਨ ਧਿਆਨ ਡਿਗੇ ਮੂਹ ਦੇ ਭਾਰ। ਕਰਮਾ ਬੂਟਾ ਗਿਆ ਸੁੱਕ, ਫਲ ਦਿਸੇ ਨਾ ਕਿਸੇ ਡਾਲ੍ਹ। ਸ਼ਰਮ ਬੇੜਾ ਗਿਆ ਡੁੱਬ, ਸਤਿ ਸਤਿਵੰਤ ਨਾ ਕੋਈ ਜਹਾਨ। ਸਚਖੰਡ ਖੜੇ ਨਾ ਕੋਈ ਚੁੱਕ, ਕਲਜੁਗ ਜੀਵ ਹੋਏ ਵਿਭਚਾਰ। ਗੁਰਸਿਖ ਸਾਚੇ ਭਗਤ ਸੁਹੇਲੇ ਸੁਖਨਾ ਰਹੇ ਸੁਖ, ਕਦ ਹੋਸੀ ਤੇਰਾ ਇਕ ਦਿਦਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਾਚਾ ਸ਼ਬਦ ਦੇਵੇ ਵਰ, ਜੁਗ ਜੁਗ ਜਾਣੇ ਆਪਣੀ ਕਾਰ। ਕਾਰ ਕਰਾਵਣ ਆਇਆ ਕਰਤਾ, ਕਰਨ ਕਰਾਵਣ ਜੋਗ। ਜਨ ਭਗਤਾਂ ਜਗ ਮਾਇਆ ਹਰਤਾ, ਦੇਵੇ ਨਾਮ ਸੱਚਾ ਜੋਗ। ਅਬਿਨਾਸ਼ੀ ਪੁਰਖ ਨਾ ਜਨਮੇ ਨਾ ਕਦੇ ਮਰਦਾ, ਖੇਲੇ ਖੇਲ ਰੋਜ਼ ਰੋਜ਼। ਆਪਣੇ ਭਾਣੇ ਆਪੇ ਕਰਦਾ, ਆਪੇ ਰੱਖੇ ਆਪਣਾ ਗੋਹਝ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਦੇਵੇ ਇਕ ਵਰ, ਵਰ ਦਾਤਾ ਚੋਜੀ ਚੋਜ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਜਨ ਭਗਤਾਂ ਮਗਰ ਆਪੇ ਲੱਗਾ, ਧੁਰਦਰਗਾਹੀ ਕੱਢਣ ਆਇਆ ਖੋਜ।