੬ ਫੱਗਣ ੨੦੧੪ ਬਿਕ੍ਰਮੀ ਮੰਗਲ ਸਿੰਘ ਦੇ ਘਰ ਪੱਟੀ ਜ਼ਿਲਾ ਅੰਮ੍ਰਿਤਸਰ
ਹਰਿ ਸ਼ਬਦ ਮਿਹਰਵਾਨ, ਸਤਿਗੁਰ ਵਿਚ ਸਮਾਇਆ। ਸਤਿਗੁਰ ਦਾਤਾ ਦਾਨੀ ਦਾਨ, ਗੁਰਮੁਖ ਵੇਖ ਵਖਾਇਆ। ਗੁਰਮੁਖ ਚਤੁਰ ਸੁਜਾਨ, ਹਰਿ ਨਾਮੇ ਚਿਤ ਲਾਇਆ। ਮਨਮੁਖ ਜੀਵ ਅਞਾਣ, ਮਾਇਆ ਭਰਮ ਭੁਲਾਇਆ। ਪਰਗਟ ਹੋ ਸ੍ਰੀ ਭਗਵਾਨ, ਪੰਚਮ ਮੇਲ ਮਿਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਏਕਾ ਡੰਕਾ ਸ਼ਬਦ ਵਜਾਇਆ। ਹਰਿ ਸ਼ਬਦ ਸੁਲਤਾਨ, ਹਰਿ ਹਰਿ ਆਪ ਉਪਾਇੰਦਾ। ਸਤਿਗੁਰ ਜੋਧਾ ਸੂਰ ਬਲੀ ਬਲਵਾਨ, ਗੁਰ ਪੂਰਾ ਆਪ ਅਖਵਾਇੰਦਾ। ਗੁਰਮੁਖਾਂ ਦੇਵੇ ਨਾਮ ਨਿਧਾਨ, ਅੰਤਰ ਮੰਤਰ ਇਕ ਜਣਾਇੰਦਾ। ਮਨਮੁਖ ਮੂਰਖ ਮੁਗਧ ਅਞਾਣ, ਦਿਸ ਕਿਸੇ ਨਾ ਆਇੰਦਾ। ਪੰਚਮ ਦੇਵੇ ਧੁਰ ਫ਼ਰਮਾਣ, ਸ਼ਬਦ ਅਨਾਦੀ ਇਕ ਅਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਰਾਓ ਰੰਕਾਂ ਆਪ ਉਠਾਇੰਦਾ। ਹਰਿ ਸ਼ਬਦ ਸੁਲਤਾਨ, ਹਰਿ ਹਰਿ ਬਣਤ ਬਣਾਈਆ। ਸਤਿਗੁਰ ਦੀਨ ਦਿਆਲ, ਦਇਆ ਨਿਧ ਅਖਵਾਈਆ। ਗੁਰਮੁਖ ਸਾਚੇ ਲਾਲ, ਆਪ ਆਪਣੇ ਗਲੇ ਲਗਾਈਆ। ਮਨਮੁਖ ਗੂੜ੍ਹੀ ਨੀਂਦੇ ਸਵਾਲ, ਮਾਇਆ ਮਮਤਾ ਪੜਦਾ ਪਾਈਆ। ਪੰਚ ਵਸਾਏ ਕਾਇਆ ਸਚ ਸੱਚੀ ਧਰਮਸਾਲ, ਸਾਚਾ ਧਰਮ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਏਕਾ ਅੰਕਾ ਰਿਹਾ ਵਖਾਈਆ। ਹਰਿ ਸ਼ਬਦ ਹਰਿ ਭਗਵਾਨਾ, ਹਰਿ ਹਰਿ ਰੂਪ ਸਮਾਇਆ। ਸਤਿਗੁਰ ਸਾਚਾ ਸ਼ਾਹ ਸੁਲਤਾਨਾ, ਏਕਾ ਏਕ ਅਖਵਾਇਆ। ਗੁਰਮੁਖ ਮੇਲਾ ਜਗਤ ਜਹਾਨਾ, ਜੋਗ ਜੁਗਤ ਇਕ ਵਖਾਇਆ। ਮਨਮੁਖ ਜੀਵ ਹੋਏ ਹੈਰਾਨਾ, ਭੇਵ ਅਭੇਦਾ ਕੋਈ ਨਾ ਪਾਇਆ। ਪੰਚਮ ਕਰੇ ਦਰ ਪਰਵਾਨਾ, ਪੰਚਮ ਮੋਹ ਚੁਕਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਦਵਾਰ ਬੰਕਾ ਇਕ ਸੁਹਾਇਆ। ਹਰਿ ਸ਼ਬਦ ਹਰਿ ਸ਼ਾਹੋ ਭੂਪ, ਵਡ ਵੱਡਾ ਸਿਕਦਾਰਾ। ਸਤਿਗੁਰ ਵੇਖੇ ਚਾਰੇ ਕੂਟ, ਦਹਿ ਦਿਸ਼ਾ ਇਕ ਪਿਆਰਾ। ਗੁਰਮੁਖ ਵਿਰਲਾ ਲਾਹਾ ਰਿਹਾ ਲੂਟ, ਆਤਮ ਰਸ ਨਿਝਰ ਧਾਰਾ। ਮਨਮੁਖ ਮਾਇਆ ਫੰਦੇ ਫਸ ਜੂਠ ਝੂਠ, ਨਾ ਦਿਸੇ ਕਿਨਾਰਾ। ਪੰਚਾਂ ਆਪੇ ਰਿਹਾ , ਦੇਵੇ ਸ਼ਬਦ ਅਧਾਰਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਖੇਲੇ ਖੇਲ ਅਪਰ ਅਪਾਰਾ। ਹਰਿ ਸ਼ਬਦ ਹਰਿ ਨਾਮ ਸੌਦਾਗਰ, ਸਾਚਾ ਵਣਜ ਕਰਾਇਆ। ਸਤਿਗੁਰ ਪੂਰਾ ਨਿਰਮਲ ਕਰਮ ਕਰੇ ਉਜਾਗਰ, ਜਿਸ ਜਨ ਆਪਣੀ ਦਇਆ ਕਮਾਇਆ। ਗੁਰਮੁਖਾਂ ਦੇਵੇ ਨਾਮ ਰੱਤੀ ਰਤਨਾਗਰ, ਰੱਤੀ ਰੱਤ ਰਹਿਣ ਨਾ ਪਾਇਆ। ਮਨਮੁਖ ਭੇਵ ਨਾ ਜਾਣੇ ਕਾਇਆ ਗਾਗਰ, ਡੂੰਘੇ ਹਰਿ ਨੱਯਾ ਸਚ ਚਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਆਪ ਆਪਣਾ ਸੰਗ ਨਿਭਾਇਆ। ਹਰਿ ਸ਼ਬਦ ਹਰਿ ਤੀਰ ਕਮਾਨਾ, ਏਕਾ ਏਕ ਰਖਾਇੰਦਾ। ਸਤਿਗੁਰ ਸਾਚਾ ਮਾਰੇ ਸਚ ਨਿਸ਼ਾਨਾ, ਦੋ ਜਹਾਨਾ ਪਾਰ ਕਰਾਇੰਦਾ। ਗੁਰਮੁਖਾਂ ਦਰਸ ਦਿਖਾਏ ਗੁਣ ਨਿਧਾਨਾ, ਗੁਣਵੰਤਾ ਏਕਾ ਰੂਪ ਦਰਸਾਇੰਦਾ। ਮਨਮੁਖਾਂ ਦੂਈ ਦਵੈਤੀ ਲੱਗਾ ਕਾਨਾ, ਜਮ ਕੀ ਕਾਨ ਨਾ ਕੋਈ ਚੁਕਾਇੰਦਾ। ਪੰਚਮ ਸੋਹੇ ਦਰ ਰਾਜਾਨਾ, ਪੰਚਮ ਰਾਜ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਵਾਸੀ ਪੁਰੀ ਘਨਕ ਆਪ ਅਖਵਾਇੰਦਾ। ਹਰਿ ਸ਼ਬਦ ਤਫੰਗ, ਹਰਿ ਹਰਿ ਰਿਹਾ ਚਲਾਈਆ। ਸਤਿਗੁਰ ਪੂਰਾ ਮੰਗੇ ਏਕਾ ਮੰਗ, ਨੌਂ ਖੰਡ ਵੇਖ ਵਖਾਈਆ। ਗੁਰਮੁਖਾਂ ਵੰਡ ਰਿਹਾ ਵੰਡ, ਆਤਮ ਦਰਸ ਬੂਝ ਬੁਝਾਈਆ। ਮਨਮੁਖਾਂ ਸੁੱਤਾ ਦੇ ਕਰ ਕੰਡ, ਦਿਸ ਕਿਸੇ ਨਾ ਆਈਆ। ਪੰਚਮ ਮੇਲਾ ਵਿਚ ਬ੍ਰਹਿਮੰਡ, ਖੋਜਤ ਖੋਜਤ ਹਰਿ ਬਿਗਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਨਰ ਨਰਾਇਣ ਆਪ ਅਖਵਾਈਆ। ਹਰਿ ਸ਼ਬਦ ਹਰਿ ਦਾਤਾਰ, ਹਰਿ ਹਰਿ ਆਪ ਅਖਵਾਇੰਦਾ। ਸਤਿਗੁਰ ਪੂਰਾ ਪਹਿਰੇਦਾਰ, ਜੁਗ ਜੁਗ ਸੇਵ ਕਮਾਇੰਦਾ। ਗੁਰਮੁਖ ਸਾਜਨ ਲਏ ਉਭਾਰ, ਆਤਮ ਜੋਤੀ ਦੀਪ ਜਗਾਇੰਦਾ। ਮਨਮੁਖਾਂ ਮਾਰੇ ਅੰਤਮ ਮਾਰ, ਨਾ ਦੂਸਰ ਕੋਈ ਛੁਡਾਇੰਦਾ। ਪੰਚਮ ਮੇਲਾ ਕੰਤ ਭਤਾਰ, ਨਾਰੀ ਸੇਜਾ ਇਕ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਅਲਖ ਨਿਰਜੰਣ ਏਕਾ ਅਲਖ ਆਪ ਜਗਾਇੰਦਾ। ਸ਼ਬਦ ਖੰਡਾ ਦੋ ਧਾਰਾ, ਹਰਿ ਹਰਿ ਆਪ ਉਠਾਇਆ। ਸਤਿਗੁਰ ਪੂਰਾ ਪਾਵੇ ਸਾਰਾ, ਸਮਰਥ ਪੁਰਖ ਵੇਖ ਵਖਾਇਆ। ਗੁਰਮੁਖ ਸਾਜਨ ਕਰੇ ਪਿਆਰਾ, ਮਹਿਮਾ ਅਕੱਥ ਕਥੀ ਨਾ ਜਾਈਆ। ਮਨਮੁਖਾਂ ਦਿਸੇ ਅੰਧ ਅੰਧਿਅਰਾ, ਕੂੜੀ ਰੈਣ ਅੰਧੇਰੀ ਛਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਪਰਗਟ ਹੋਏ ਬੇਪਰਵਾਹੀਆ। ਹਰਿ ਸ਼ਬਦ ਹਰਿ ਕਟਾਰ, ਹਰਿ ਹਰਿ ਵੇਖ ਵਖਾਈਆ। ਸਤਿਗੁਰ ਪੂਰਾ ਮਾਰੇ ਮਾਰ, ਮਾਰਨਹਾਰ ਆਪ ਅਖਵਾਈਆ। ਗੁਰਮੁਖਾਂ ਕਰੇ ਇਕ ਪਿਆਰ, ਚਰਨ ਕਵਲ ਇਕ ਦਰਸਾਈਆ। ਮਨਮੁਖ ਸੁੱਤੇ ਪੈਰ ਪਸਾਰ, ਨਾ ਸੋਏ ਕੋਈ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਨਿਰਗੁਣ ਜੋਤ ਕਰੇ ਰੁਸ਼ਨਾਈਆ। ਹਰਿ ਸ਼ਬਦ ਹਰਿ ਬ੍ਰਹਿਮੰਡ, ਹਰਿ ਹਰਿ ਆਪ ਸਮਾਇਆ। ਸਤਿਗੁਰ ਵੇਖੇ ਉਤਭੁਜ ਸੇਤਜ ਜੇਰਜ ਅੰਡ, ਭੇਵ ਰਹੇ ਨਾ ਰਾਇਆ। ਗੁਰਮੁਖ ਭਰਮ ਨਾ ਭੁੱਲੇ ਜਗਤ ਪਖੰਡ, ਝੂਠਾ ਨਾਤਾ ਤੋੜ ਤੁੜਾਇਆ। ਮਨਮੁਖ ਆਤਮ ਹੋਈ ਰੰਡ, ਕੰਤ ਸੁਹਾਗ ਨਾ ਕੋਈ ਹੰਢਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਆਪਣਾ ਆਪ ਲਏ ਉਪਾਇਆ। ਹਰਿ ਸ਼ਬਦ ਹਰਿ ਰੂਪ ਅਗੰਮ, ਹਰਿ ਹਰਿ ਆਪ ਰਖਾਇਆ। ਸਤਿਗੁਰ ਪੂਰਾ ਨਾ ਮਰੇ ਨਾ ਪਏ ਜੰਮ, ਮਾਤ ਗਰਭ ਕਦੇ ਨਾ ਆਇਆ। ਗੁਰਮੁਖ ਬਿਰਥਾ ਜਾਏ ਨਾ ਕੋਈ ਦਮ, ਪਵਣ ਸਵਾਸੀ ਲੇਖੇ ਲਾਇਆ। ਮਨਮੁਖ ਰੋਵਣ ਛੰਮ ਛੰਮ, ਕਲਜੁਗ ਵੇਲਾ ਅੰਤਮ ਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਜਾਣੇ ਆਪਣਾ ਕੰਮ, ਕਰਨ ਕਰਾਵਣਹਾਰ ਆਪ ਅਖਵਾਇਆ। ਹਰਿ ਸ਼ਬਦ ਅਲਖ ਨਿਰੰਜਣ, ਇਕ ਅਲਖ ਜਗਾਈਆ। ਸਤਿਗੁਰ ਪੂਰਾ ਦਰਦ ਦੁਖ ਭੈ ਭੰਜਨ, ਭਵ ਸਾਗਰ ਪਾਰ ਕਰਾਈਆ। ਗੁਰਮੁਖ ਨੇਤਰ ਪਾਏ ਨਾਮ ਅੰਜਨ, ਆਪਣਾ ਲੋਚਣ ਆਪ ਖੁਲ੍ਹਾਈਆ। ਮਨਮੁਖ ਜੀਵ ਜਗਤ ਵਿਕਾਰਾ ਪੀ ਪੀ ਰੱਜਣ, ਤ੍ਰਿਸਨਾ ਭੁੱਖ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਆਪਣੀ ਕਲ ਰਿਹਾ ਵਰਤਾਈਆ। ਹਰਿ ਸ਼ਬਦ ਹਰਿ ਸਚਖੰਡ, ਸਚ ਸਚ ਵਰਤਾਰਾ। ਸਤਿਗੁਰ ਪੂਰਾ ਵੰਡਾਂ ਰਿਹਾ ਵੰਡ, ਕਲਜੁਗ ਤੇਰੀ ਅੰਤਮ ਵਾਰਾ। ਗੁਰਮੁਖਾਂ ਹੱਥ ਫੜਾਏ ਨਾਮ ਖੰਡਾ ਪਰਚੰਡ, ਤਿਖੀ ਰੱਖੇ ਧਾਰਾ। ਮਨਮੁਖ ਜੀਵਾਂ ਦੇਵੇ ਦੰਡ, ਵਹਾਏ ਵਹਿੰਦੀ ਧਾਰਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੰਚਮ ਮੇਲਾ ਸਾਚੇ ਘਰ ਸੁਹਾਏ ਦਰ ਦਰਬਾਰਾ। ਸਚ ਦਰਬਾਰ ਹਰਿ ਸੁਹੰਜਣਾ, ਹਰਿ ਜੋਤ ਕਰੇ ਰੁਸ਼ਨਾਈਆ। ਇਕ ਨਗਾਰਾ ਲੋਆਂ ਪੁਰੀਆਂ ਬ੍ਰਹਿਮੰਡ ਖੰਡ ਲੋਕਮਾਤ ਅੰਤਮ ਵੱਜਣਾ, ਹਰਿ ਸਾਚਾ ਰਿਹਾ ਵਜਾਈਆ। ਬ੍ਰਹਮਾ ਸ਼ਿਵ ਦੇਵਤ ਸੁਰ ਘਰ ਘਰ ਛੱਡ ਛੱਡ ਭੱਜਣਾ, ਸੋਇਆ ਕੋਈ ਰਹਿਣ ਨਾ ਪਾਈਆ। ਮੱਕਾ ਕਾਅਬਾ ਸ਼ਾਹ ਨਵਾਬਾ ਅੰਤਮ ਤਜਣਾ, ਨਾ ਦੀਸੇ ਕੋਈ ਸਹਾਈਆ। ਮੰਦਰ ਮਸਜਿਦ ਗੁਰਦਵਾਰੇ ਬਹਿ ਬਹਿ ਕਿਸੇ ਨਾ ਸਜਣਾ, ਰਾਗ ਨਾਦ ਨਾ ਕੋਈ ਗਾਈਆ। ਗੁਰਮੁਖ ਵਿਰਲੇ ਪੜਦਾ ਆਪਣਾ ਕੱਜਣਾ, ਗੁਰ ਗੋਬਿੰਦ ਹੋਏ ਸਹਾਈਆ। ਲੱਖ ਚੁਰਾਸੀ ਤੇਰੀ ਕੋਈ ਨਾ ਰੱਖੇ ਲੱਜਨਾ, ਸੀਸ ਹੱਥ ਨਾ ਕੋਈ ਟਿਕਾਈਆ। ਪਾਰਬ੍ਰਹਮ ਪੁਰਖ ਅਕਾਲਾ ਆਦਿ ਨਿਰੰਜਣ ਏਕਾ ਗੱਜਣਾ, ਅਚਰਜ ਖੇਲ ਰਿਹਾ ਰਚਾਈਆ। ਪੰਜ ਤਤ ਭੰਡਾਰਾ ਮਾਟੀ ਭਾਂਡਾ ਸਭ ਦਾ ਭੱਜਣਾ, ਤ੍ਰੈਗੁਣ ਨਾਤਾ ਰਹੀ ਤੁੜਾਈਆ। ਕਲਜੁਗ ਅੰਤਮ ਇਕ ਚਲਾਏ ਜਹਾਜਨਾ, ਮਨਮੁਖ ਜੀਵ ਲਏ ਚੜ੍ਹਾਈਆ। ਪਰਗਟ ਹੋਏ ਹਰਿ ਸਾਚਾ ਸ਼ਾਹੋ ਸ਼ਬਾਸ਼ਨਾ, ਚਿੱਟੇ ਅਸਵ ਆਸਣ ਲਾਈਆ। ਆਪੇ ਹੋਏ ਗ਼ਰੀਬ ਨਿਵਾਜਨਾ, ਗਊ ਗ਼ਰੀਬਾਂ ਗਲੇ ਲਗਾਈਆ। ਸ਼ਬਦ ਅਗੰਮੀ ਮਾਰੇ ਵਾਜਣਾ, ਅਗੰਮੀ ਧਾੜ ਇਕ ਰਖਾਈਆ। ਆਪਣਾ ਚਰਨ ਆਪੇ ਦਏ ਰਕਾਬਨਾ, ਸ਼ਾਹ ਅਸਵਾਰ ਆਪ ਅਖਵਾਈਆ। ਨਾ ਕੋਈ ਪਾਪ ਪੁੰਨ ਸਵਾਬਨਾ, ਖ਼ਾਕੀ ਖ਼ਾਕ ਦਏ ਮਿਲਾਈਆ। ਕਿਸੇ ਮਿਲੇ ਨਾ ਕੋਈ ਰਕਾਬਨਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਕਲਜੁਗ ਤੇਰੀ ਅੰਤਮ ਵਰ, ਸਵਾਂਗੀ ਆਪਣਾ ਸਵਾਂਗ ਰਿਹਾ ਵਰਤਾਈਆ। ਹਰਿ ਸ਼ਬਦ ਹਰਿ ਜਾਇਆ, ਹਰਿ ਹਰਿ ਗੋਦ ਉਠਾਏ। ਸਤਿਗੁਰ ਪੂਰੇ ਵਿਚ ਟਿਕਾਇਆ, ਲੋਕਮਾਤ ਫੇਰੀ ਪਾਏ। ਹਰਿਜਨ ਸਾਚੇ ਲਏ ਮਿਲਾਇਆ, ਸੁਰਤ ਸਵਾਣੀ ਵੇਖ ਵਖਾਏ। ਰਾਗ ਰਾਗਨੀ ਸੇਵਾ ਲਾਇਆ, ਅਨਹਦ ਤਾਲ ਵਜਾਏ। ਜੋਤ ਨਿਰੰਜਣ ਕਰੇ ਰੁਸ਼ਨਾਇਆ, ਅੰਧ ਅੰਧੇਰ ਮਿਟਾਏ। ਸਰ ਸਰੋਵਰ ਇਕ ਬਣਾਇਆ, ਅੰਮ੍ਰਿਤ ਆਤਮ ਜਲ ਬਰਸਾਏ। ਬਜਰ ਕਪਾਟੀ ਦਏ ਤੁੜਾਇਆ, ਨਾਮ ਖੰਡਾ ਏਕਾ ਵਾਹੇ। ਚੌਦਾਂ ਹਾਟੀ ਦਏ ਵਿਕਾਇਆ, ਤੀਰਥ ਤਾਟੀ ਮੂਲ ਚੁਕਾਏ। ਔਖੀ ਘਾਟੀ ਦਏ ਚੜ੍ਹਾਇਆ, ਗੁਰਮੁਖ ਸਾਚਾ ਪਾਰ ਕਰਾਏ। ਜੋਤ ਲਿਲਾਟੀ ਇਕ ਵਖਾਇਆ, ਅੱਠੇ ਪਹਿਰ ਡਗਮਗਾਏ। ਧੁਨ ਅਨਾਦੀ ਦਏ ਸੁਣਾਇਆ, ਆਤਮਕ ਧੁਨ ਉਪਜਾਏ। ਬ੍ਰਹਿਮਾਦੀ ਖੋਜ ਖੋਜਾਇਆ, ਬ੍ਰਹਮ ਪਾਰਬ੍ਰਹਮ ਮਿਲਾਏ। ਆਤਮ ਸੇਜਾ ਇਕ ਸੁਹਾਇਆ, ਹਰਿਜਨ ਸਾਚੇ ਏਕਾ ਦੂਜਾ ਭੌ ਚੁਕਾਏ। ਤੀਜਾ ਲੋਇਣ ਆਪ ਖੁਲ੍ਹਾਇਆ, ਭੇਵ ਰਹੇ ਨਾ ਰਾਏ। ਚੌਥੇ ਘਰ ਮੇਲ ਸਹਿਜ ਸਭਾਇਆ, ਚੌਥਾ ਪਦ ਇਕ ਸਮਝਾਏ। ਪੰਚਮ ਮਿਲ ਮਿਲ ਹਰਿ ਹਰਿ ਗਾਇਆ, ਹਰਿ ਹਰਿ ਰੂਪ ਅਖਵਾਏ। ਛੇਵੇਂ ਛੱਪਰ ਛੰਨ ਨਾ ਕੋਇ ਸੁਹਾਇਆ, ਸ਼ਬਦ ਗੁਰ ਆਸਣ ਲਾਏ। ਸੱਤਵੇਂ ਸਤਿ ਪੁਰਖ ਨਿਰੰਜਣ ਜੋਤ ਜਗਾਇਆ, ਅੱਠੇ ਪਹਿਰ ਡਗਮਗਾਏ। ਅੱਠਾਂ ਤੱਤਾਂ ਵਿਚ ਨਾ ਆਇਆ, ਮਨ ਮਤ ਬੁਧ ਨਾ ਵੇਖ ਵਖਾਏ। ਨੌਂ ਦਰ ਜਗਤ ਖੁਲ੍ਹਾਇਆ, ਸ੍ਰਿਸ਼ਟ ਸਬਾਈ ਰਿਹਾ ਭੁਲਾਏ। ਦਸਵੇਂ ਘਰ ਮਿਲਿਆ ਵਰ, ਗੁਰਮੁਖ ਸਾਜਨ ਜਾਏ ਤਰ, ਏਕਾ ਜੋਤੀ ਏਕਾ ਗੋਤੀ ਨੂਰੋ ਨੂਰ ਸਮਾਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਜੀਵਾਂ ਜੰਤਾਂ ਸਾਧਾਂ ਸੰਤਾਂ ਵੇਖੇ ਵਾਸਨਾ ਖੋਟੀ, ਵਰਨ ਬਰਨ ਕੋਈ ਰਹਿਣ ਨਾ ਪਾਏ। ਹਰਿ ਸ਼ਬਦ ਵਾਸਦੇਵ, ਏਕਾ ਵਸਤ ਰਖਾਈਆ। ਸਤਿਗੁਰ ਸ਼ਬਦ ਸਦਾ ਨਿਹਕੇਵ, ਨਿਹਚਲ ਧਾਮ ਸੁਹਾਈਆ। ਗੁਰਮੁਖ ਤੇਰੀ ਸਾਚੀ ਸੇਵ, ਪੂਰਨ ਘਾਲ ਪਾਈਆ। ਅੰਮ੍ਰਿਤ ਆਤਮ ਦੇਵੇ ਸਾਚਾ ਮੇਵ, ਏਕਾ ਫਲ ਖਵਾਈਆ। ਪਰਗਟ ਹੋਇਆ ਅਲਖ ਅਭੇਵ, ਆਦਿ ਸ਼ਕਤ ਰੂਪ ਵਟਾਈਆ। ਕੋਈ ਨਾ ਗਾਏ ਰਸਨਾ ਜੇਹਵ, ਵੇਦ ਕਤੇਬ ਦਿਸ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਗੁਰਮੁਖ ਸਾਚੇ ਲਏ ਵਰ, ਜਿਉਂ ਜਨ ਜਨਕ ਲਏ ਤਰਾਈਆ। ਹਰਿ ਸ਼ਬਦ ਹਰਿ ਆਪ ਜਗਾ, ਆਪਣੀ ਲਏ ਅੰਗੜਾਈਆ। ਸਤਿਗੁਰ ਸਾਚੇ ਵਿਚ ਗਿਆ ਸਮਾ, ਦਿਸ ਕਿਸੇ ਨਾ ਆਈਆ। ਗੁਰਮੁਖਾਂ ਲੋਕਮਾਤ ਰਿਹਾ ਸਮਝਾ, ਬਿਨ ਗੁਰ ਪੂਰੇ ਕੋਇ ਨਾ ਪਾਰ ਕਰਾਈਆ। ਮਨਮੁਖ ਜੀਵ ਰਿਹਾ ਰੁਲਾ, ਕੂੜੇ ਧੰਦੇ ਲਾਈਆ। ਪੰਚਮ ਮੇਲਾ ਸਹਿਜ ਸਭਾ, ਸਤਿ ਪੁਰਖਾ ਆਪ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਲੱਖ ਚੁਰਾਸੀ ਕਰੇ ਕੁੜਮਾਈਆ। ਹਰਿ ਸ਼ਬਦ ਉਠਿਆ ਜਾਗ, ਹਰਿ ਸਾਚੇ ਆਪ ਜਗਾਇਆ। ਲੋਕਮਾਤ ਲੱਗਾ ਭਾਗ, ਗੁਰ ਗੋਬਿੰਦ ਰੂਪ ਵਟਾਇਆ। ਜਨ ਭਗਤਾਂ ਬੁਝਾਏ ਤ੍ਰਿਸਨਾ ਆਗ, ਹਉਮੇ ਆਗ ਬੁਝਾਇਆ। ਮਨਮੁਖ ਜੀਵ ਹੋਏ ਕਾਗ, ਦਿਵਸ ਰੈਣ ਰਹੇ ਕੁਰਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਨਿਰਗੁਣ ਸਰਗੁਣ ਖੇਲ ਕਰ, ਜੋਤੀ ਸ਼ਬਦੀ ਮੇਲ ਮਿਲਾਇਆ। ਨਿਰਗੁਣ ਸਰਗੁਣ ਖੇਲ ਖਲਾ, ਖੇਲਣਹਾਰ ਕਰਤਾਰਾ। ਆਪੇ ਗੁਰੂ ਗੁਰੂ ਗੁਰ ਚੇਲਾ, ਆਪੇ ਕਰੇ ਆਪਣੀ ਨਿਮਸਕਾਰਾ। ਆਪ ਆਪਣਾ ਬਣੇ ਸੱਜਣ ਸੁਹੇਲਾ, ਆਪੇ ਸੋਹੇ ਆਪਣਾ ਇਕ ਦਵਾਰਾ। ਆਪੇ ਵਸਿਆ ਇਕ ਅਕੇਲਾ, ਇਕ ਅਕੱਲਾ ਏਕੰਕਾਰਾ। ਆਪੇ ਹੋਇਆ ਰੰਗ ਨਵੇਲਾ, ਆਪੇ ਹਰ ਘਟ ਕਰੇ ਪਸਾਰਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਪਰਗਟ ਹੋਏ ਨਿਹਕਲੰਕ ਨਰਾਇਣ ਨਰ ਚਵੀਆਂ ਅਵਤਾਰਾ। ਨਿਹਕਲੰਕ ਹਰਿ ਸ਼ਬਦ ਜਣਾਈ, ਸਾਚਾ ਡੰਕ ਵਜਾਇਆ। ਲੋਆਂ ਪੁਰੀਆਂ ਰਿਹਾ ਉਠਾਈ, ਗਗਨ ਪਤਾਲਾ ਫੇਰਾ ਪਾਇਆ। ਲੱਖ ਚੁਰਾਸੀ ਰਿਹਾ ਹਿਲਾਈ, ਨੌ ਸਤ ਵੇਖ ਵਖਾਇਆ। ਜੂਠ ਝੂਠ ਦਏ ਦੁਹਾਈ, ਸੰਗ ਮੁਹੰਮਦ ਨਾਲ ਰਲਾਇਆ। ਅੱਲਾ ਰਾਣੀ ਰੋ ਰੋ ਨੇਤਰ ਨੀਰ ਰਹੀ ਵਹਾਈ, ਮੁਖ ਕਾਲਾ ਘੁੰਗਟ ਪਾਇਆ। ਪਰਗਟ ਹੋਇਆ ਬੇਐਬ ਪਰਵਰਦਿਗਾਰ ਨੂਰ ਅਲਾਹੀ, ਏਕਾ ਨੂਰ ਰਿਹਾ ਚਮਕਾਇਆ। ਚੌਦਾਂ ਲੋਕਾਂ ਬਣ ਮਲਾਹੀ, ਚੌਦਾਂ ਤਬਕਾਂ ਰਿਹਾ ਉਠਾਇਆ। ਪਕੜ ਉਠਾਏ ਥਾਉਂ ਥਾਈਂ, ਸ਼ੇਖ਼ ਮੁਸਾਇਕ ਪੀਰ ਗੌਂਸ ਕੁਤਬ ਦਸਤਗੀਰ ਕੋਈ ਰਹਿਣ ਨਾ ਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਕਲਜੁਗ ਤੇਰੀ ਅੰਤਮ ਵਰ, ਖੇਲੇ ਖੇਲ ਸ੍ਰਿਸ਼ਟ ਸਬਾਇਆ। ਖੇਲਣਹਾਰ ਹਰਿ ਖਿਲੰਤਾ, ਹਰਿ ਹਰਿ ਖੇਲ ਖਿਲਾਇਆ। ਪਰਗਟ ਜੋਤ ਸ੍ਰੀ ਭਗਵੰਤਾ, ਲੱਖ ਚੁਰਾਸੀ ਵੇਖ ਵਖਾਇਆ। ਕਲਜੁਗ ਤੋੜੇ ਗੜ੍ਹ ਹਉਮੇ ਹੰਗਤਾ, ਏਕਾ ਖੰਡਾ ਨਾਮ ਵਖਾਇਆ। ਸੰਗ ਮੁਹੰਮਦ ਚਾਰ ਯਾਰ ਹੋਏ ਮੰਗਤਾ, ਚਾਰੋਂ ਕੁੰਟ ਰਿਹਾ ਫੇਰੀਆਂ ਪਾਇਆ। ਈਸਾ ਮੂਸਾ ਆਪਣਾ ਦਰ ਆਪੇ ਲੰਘਦਾ, ਕਾਲਾ ਸੂਸਾ ਤਨ ਛੁਹਾਇਆ। ਪਾਰਬ੍ਰਹਮ ਦਰ ਦਵਾਰੇ ਨਾ ਆਏ ਸੰਗਦਾ, ਕੂੜੀ ਕਿਰਿਆ ਨਾ ਸੰਗ ਨਿਭਾਇਆ। ਕਾਇਆ ਚੋਲੀ ਏਕਾ ਰੰਗਦਾ, ਮਾਇਆ ਮਮਤਾ ਰੰਗ ਰੰਗਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਸ੍ਰਿਸ਼ਟ ਸਬਾਈ ਫੇਰਾ ਪਾਇਆ। ਸ੍ਰਿਸ਼ਟ ਸਬਾਈ ਪ੍ਰਭ ਆਪ ਜਗੌਣੀ, ਜੋਤੀ ਨੂਰ ਕਰੇ ਰੁਸ਼ਨਾਈਆ। ਸੱਤਾਂ ਦੀਪਾਂ ਫੇਰੀ ਪੌਣੀ, ਆਪਣੇ ਹੱਥ ਰੱਖੀ ਵਡਿਆਈਆ। ਲੱਖ ਚੁਰਾਸੀ ਦੇਵੇ ਜਮ ਕੀ ਫਾਸੀ ਲਾੜੀ ਮੌਤ ਨਾਲ ਰਲੌਣੀ, ਰਾਏ ਧਰਮ ਦਏ ਸਜਾਈਆ। ਹਾੜ ਸਤਾਰਾਂ ਖ਼ੁਸ਼ੀ ਮਨੌਣੀ, ਹਰਿ ਸਾਚੀ ਖ਼ੁਸ਼ੀ ਮਨਾਈਆ। ਚੌਦਾਂ ਲੋਕ ਚੌਦਾਂ ਹੱਟ ਚੌਦਾਂ ਤਬਕਾਂ ਏ ਸਨੌਣੀ, ਹਰਿ ਸਾਚਾ ਰਿਹਾ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਸੰਮਤ ਵੀਹ ਸੌ ਚੌਦਾਂ ਬਿਕ੍ਰਮੀ ਨਾਲ ਰਲਾਈਆ। ਸੰਮਤ ਪੰਦਰਾਂ ਰਿਹਾ ਲਲਕਾਰ, ਆਪਣੀ ਚੋਟ ਲਗਾਇੰਦਾ। ਰਾਜ ਰਾਜਾਨਾਂ ਸ਼ਾਹ ਸੁਲਤਾਨਾਂ ਕਰੇ ਖ਼ਬਰਦਾਰ, ਗੜ੍ਹ ਕੋਟ ਰਹਿਣ ਨਾ ਪਾਇੰਦਾ। ਹਰਿ ਹਰਿ ਸ਼ਬਦ ਮਾਰੇ ਮਾਰ, ਸੀਸ ਧੜ ਵੇਖ ਵਖਾਇੰਦਾ। ਦਰ ਦਰ ਘਰ ਘਰ ਰੋਵੇ ਨਰ ਨਾਰ, ਨਾਰੀ ਕੰਤ ਨਾ ਕੋਈ ਮਿਲਾਇੰਦਾ। ਮਾਨਸ ਜਨਮ ਮਨਮੁਖ ਜੀਵ ਗਏ ਹਾਰ, ਵੇਲਾ ਅੰਤਮ ਆਇੰਦਾ। ਗੁਰ ਗੋਬਿੰਦਾ ਜੋਧਾ ਸੂਰਬੀਰ ਬਲੀ ਬਲਕਾਰ, ਸ਼ਬਦ ਖੰਡਾ ਹੱਥ ਉਠਾਇੰਦਾ। ਨੀਲਾ ਨੀਲੀ ਧਾਰੋਂ ਕਰੇ ਪਾਰ, ਨਾਮ ਕਲਗੀ ਤੋੜਾ ਸੀਸ ਟਿਕਾਇੰਦਾ। ਜੋਤੀ ਜੋੜਾ ਇਕ ਪਿਆਰ, ਲੋਕਮਾਤ ਫੇਰਾ ਪਾਇੰਦਾ। ਮਿਠਾ ਕੌੜਾ ਪਰਖੇ ਪਰਖਣਹਾਰ, ਆਪ ਪ੍ਰੀਖਿਆ ਵਿਚ ਨਾ ਆਇੰਦਾ। ਧੁਰਦਰਗਾਹੀ ਆਇਆ ਦੌੜਾ ਹਰਿ ਨਿਰੰਕਾਰ, ਸੰਬਲ ਨਗਰੀ ਧਾਮ ਸੁਹਾਇੰਦਾ। ਸੰਬਲ ਨਗਰ ਸਾਢੇ ਤਿੰਨ ਹੱਥ ਲੰਮਾ ਚੌੜਾ, ਹਰਿ ਸਾਚੀ ਬਣਤ ਬਣਾਇੰਦਾ। ਵੇਦ ਵਿਆਸਾ ਲੇਖ ਲਿਖਾਰਾ ਪਰਗਟ ਹੋਏ ਪੂਤ ਸਪੂਤਾ ਬ੍ਰਹਿਮਣ ਗੌੜਾ, ਉਚ ਟਿੱਲਾ ਪਰਬਤ ਬਜਰ ਕਪਾਟੀ ਸਿਲਾ ਤੁੜਾਇੰਦਾ। ਦੋ ਜਹਾਨੀ ਲਾਏ ਏਕਾ ਪੌੜਾ, ਰੰਗ ਮਹੱਲ ਉਚ ਅਟੱਲ ਨਿਹਚਲ ਧਾਮ ਇਕ ਵਖਾਇੰਦਾ। ਸ੍ਰਿਸ਼ਟ ਸਬਾਈ ਕਰਾਏ ਵਲ ਛਲ, ਅਛਲ ਅਛੱਲ ਆਪ ਕਰਾਇੰਦਾ। ਗੁਰਮੁਖ ਸਾਜਨ ਜਾਏ ਬਲ ਬਲ, ਬਲਹਾਰੀ ਗੁਰ ਸਾਚਾ ਪਾਇੰਦਾ। ਸੁਰਤੀ ਸ਼ਬਦੀ ਗਿਆ ਰਲ, ਇਕ ਗਿਆਨ ਦ੍ਰਿੜਾਇੰਦਾ। ਦੀਪਕ ਜੋਤੀ ਜਾਏ ਬਲ, ਅੰਧ ਅੰਧੇਰ ਮਿਟਾਇੰਦਾ। ਵੇਖ ਵਖਾਏ ਜੰਗਲ ਜੂਹ ਉਜਾੜ ਪਹਾੜ ਡੂੰਘੀ ਕੰਦਰ ਜਲ ਥਲ, ਉਚੇ ਟਿੱਲੇ ਫੇਰੀ ਪਾਇੰਦਾ। ਕਲਜੁਗ ਮਿਟੇ ਦੂਈ ਦਵੈਤੀ ਲੱਗਾ ਸਲ, ਏਕਾ ਤੀਰ ਚਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਕਲਜੁਗ ਤੇਰਾ ਕਾਲਾ ਚੀਰ, ਵੇਖਣ ਆਇਆ ਅੰਤ ਅਖ਼ੀਰ, ਆਪਣੀ ਹੱਥੀਂ ਪੜਦਾ ਲਾਹਿੰਦਾ। ਸੰਮਤ ਸੋਲਾਂ ਹੋ ਤਿਆਰ, ਹਰਿ ਸਾਚੇ ਸਗਨ ਮਨਾਇਆ। ਘਰ ਘਰ ਮੰਦਰ ਅੰਦਰ ਹਾਹਾਕਾਰ, ਧੀਰਜ ਧੀਰ ਨਾ ਕੋਈ ਧਰਾਇਆ। ਬ੍ਰਹਮਾ ਰੋਵੇ ਜ਼ਾਰੋ ਜ਼ਾਰ, ਅੱਠੇ ਪਹਿਰ ਨੇਤਰ ਨੀਰ ਵਹਾਇਆ। ਸ਼ਿਵ ਸ਼ੰਕਰ ਕਰੇ ਗਿਰਿਆਜ਼ਾਰ, ਬਾਸ਼ਕ ਤਸ਼ਕਾ ਗਲੋਂ ਹਟਾਇਆ। ਇੰਦ ਇੰਦਰਾਸਨ ਕਰੇ ਪੁਕਾਰ, ਕਰੋੜ ਤੇਤੀਸਾ ਸੰਗ ਰਲਾਇਆ। ਵਿਸ਼ਨੂੰ ਵੰਸੀ ਕਰੇ ਵਿਚਾਰ, ਸਚ ਸਰਬੰਸ ਦਿਸ ਨਾ ਆਇਆ। ਲੱਖ ਚੁਰਾਸੀ ਕੋਇ ਨਾ ਪਾਏ ਸਾਰ, ਲੋਕਮਾਤ ਰਹੀ ਕੁਰਲਾਇਆ। ਰਵ ਸਸ ਰਹੇ ਹਾਰ, ਦਿਵਸ ਰੈਣ ਸੇਵ ਕਮਾਇਆ। ਤਾਰਾ ਮੰਡਲ ਨਾ ਬੰਨੇ ਧਾਰ, ਊਚੋ ਊਚ ਦਿਸ ਨਾ ਆਇਆ। ਜ਼ਿਮੀ ਅਸਮਾਨਾ ਪਾੜਾ ਜਾਏ ਪਾੜ, ਗਗਨ ਪਤਾਲ ਰਹਿਣ ਨਾ ਪਾਇਆ। ਹਰਿ ਘੜਨੇਹਾਰਾ ਆਪੇ ਘਾੜ, ਘੜਣ ਭੰਨਣਹਾਰ ਆਪ ਅਖਵਾਇਆ। ਆਪੇ ਡੋਬੇ ਆਪੇ ਲਾਏ ਪਾਰ, ਆਪਣਾ ਬੇੜਾ ਰਿਹਾ ਚਲਾਇਆ। ਗੁਰਮੁਖ ਸਾਜਨ ਮੀਤ ਮੁਰਾਰ, ਸ਼ਬਦੀ ਸ਼ਬਦ ਮੇਲ ਮਿਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੰਮਤ ਸੌਲਾ ਦੇਵੇ ਵਰ, ਕੋਈ ਨਾ ਦਿਸੇ ਖੁਲ੍ਹਾ ਦਰ, ਦਰ ਦਰਵਾਜ਼ਾ ਬੰਦ ਕਰਾਇਆ। ਸੰਮਤ ਸਤਾਰਾਂ ਵਿਛੇ ਸਥ, ਹਰਿ ਸਾਚੇ ਆਪ ਵਿਛਾਵਣਾ। ਧਰਮ ਰਾਏ ਦਾ ਚਲੇ ਰਥ, ਨੌਂ ਖੰਡ ਆਪ ਫਿਰਾਵਣਾ। ਨਾ ਕੋਈ ਦੀਸੇ ਮੰਦਰ ਮਸਜਿਦ ਦਿਉਰਾ ਮੱਠ, ਉਚ ਅਟੱਲ ਨਾ ਕੋਈ ਸੁਹਾਵਣਾ। ਨਗਰ ਖੇੜੇ ਜਾਣੇ ਢੱਠ, ਸ਼ਹਿਰ ਗਿਰਾਂ ਨਾ ਕੋਈ ਵਸਾਵਣਾ। ਘਰ ਘਰ ਅਗਨੀ ਦਿਸੇ ਮੱਠ, ਹਰਿ ਸਾਚੇ ਲੰਬੂ ਲਾਵਣਾ। ਗੁਰ ਗੋਬਿੰਦਾ ਗੁਰਮੁਖ ਵਿਰਲੇ ਰੱਖੇ ਹੱਥ, ਜਿਸ ਜਨ ਆਪਣਾ ਦਰਸ ਦਿਖਾਵਣਾ। ਚਰਨ ਕਵਲ ਜੋ ਜਾਏ ਢੱਠ, ਫੜ ਬਾਂਹੋਂ ਪਾਰ ਕਰਾਵਣਾ। ਲਹਿਣਾ ਦੇਣ ਚੁੱਕੇ ਤੀਰਥ ਅਠਸਠ, ਗੰਗਾ ਗੋਦਾਵਰੀ ਕੋਈ ਨਾ ਜਾਵਣਾ। ਹਰਿ ਚਰਨ ਦਵਾਰੇ ਇਕ ਅਕੱਠ, ਬਗਲ ਕੁਰਾਨ ਨਾ ਕੋਈ ਉਠਾਵਣਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਖੇਲੇ ਖੇਲ ਸਰਬ ਕਲਾ ਸਮਰਥ ਆਪ ਅਖਵਾਵਣਾ। ਸੰਮਤ ਅਠਾਰਾਂ ਅਠਸਠ ਧਾਰ, ਆਪੇ ਰਿਹਾ ਵਹਾਈਆ। ਜਲ ਜਲ ਰੂਪ ਸਰਬ ਸੰਸਾਰ, ਧਰਤੀ ਜਲ ਸਮਾਈਆ। ਖੇਲੇ ਖੇਲ ਏਕੰਕਾਰ, ਇਕ ਅਕੱਲਾ ਵੇਖ ਵਖਾਈਆ। ਜੁਗ ਜੁਗ ਪਾਵਣਹਾਰਾ ਸਾਰ, ਜੁਗ ਜੁਗ ਭੇਖ ਵਟਾਈਆ। ਸਤਿਜੁਗ ਤ੍ਰੇਤਾ ਦੁਆਪਰ ਲਾਇਆ ਪਾਰ, ਕਲਜੁਗ ਅੰਤਮ ਵੱਜੇ ਵਧਾਈਆ। ਮਾਨਸ ਮਾਨੁਖ ਗਏ ਹਾਰ, ਮਾਇਆ ਮਮਤਾ ਗਲ ਵਿਚ ਫਾਹੀਆ। ਗੁਰਮੁਖ ਵਿਰਲਾ ਸੋਹੇ ਬੰਕ ਦਵਾਰ, ਬੰਕ ਦਵਾਰਾ ਇਕ ਰਘੁਰਾਈਆ। ਭੇਖ ਪਖੰਡਾ ਦਏ ਨਿਵਾਰ, ਜੂਠ ਝੂਠ ਰਹਿਣ ਨਾ ਪਾਈਆ। ਬ੍ਰਹਿਮੰਡਾਂ ਦੇਵੇ ਇਕ ਹੁਲਾਰ, ਏਕਾ ਪਵਣ ਝੁਲਾਈਆ। ਸ਼ਬਦ ਡੰਡਾ ਹੱਥ ਕਰਤਾਰ, ਨਾਮ ਖੰਡਾ ਰਿਹਾ ਸਜਾਈਆ। ਜੇਰਜ ਅੰਡਾ ਆਪ ਵਿਚਾਰ, ਖਾਣੀ ਬਾਣੀ ਆਪ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਲਹਿਣਾ ਜਗ ਝੋਲੀ ਰਿਹਾ ਪਾਈਆ। ਜਗਤ ਲਹਿਣਾ ਜਗ ਚੁਕਿਆ, ਜੀਵ ਜੰਤ ਨਾਦਾਨ। ਕਲਜੁਗ ਕੂੜਾ ਪੈਂਡਾ ਮੁਕਿਆ, ਪੰਧ ਮੁਕਾਏ ਹਰਿ ਭਗਵਾਨ। ਜੂਠਾ ਝੂਠਾ ਬੂਟਾ ਸੁਕਿਆ, ਨਾ ਦਿਸੇ ਪੱਤ ਡਾਨ੍ਹ। ਹਰਿ ਭਾਣਾ ਕਦੇ ਨਾ ਰੁਕਿਆ, ਵਰਤੇ ਦੋ ਜਹਾਨ। ਉਤਰੇ ਪਾਰ ਜੋ ਜਨ ਚਰਨ ਦਵਾਰੇ ਝੁਕਿਆ, ਦੇਵੇ ਨਾਮ ਸ਼ਬਦ ਸੱਚੀ ਕ੍ਰਿਪਾਨ। ਉਜਲ ਕਰੇ ਮੁਖਿਆ, ਅੰਮ੍ਰਿਤ ਬਖ਼ਸ਼ੇ ਪੀਣ ਖਾਣ। ਗੁਰਸਿਖ ਕੋਈ ਰਹਿਣ ਨਾ ਦੇਵੇ ਲੁਕਿਆ, ਜੋ ਜਨ ਰਸਨਾ ਹਰਿ ਹਰਿ ਗਾਣ। ਸੁਫਲ ਕਰਾਏ ਮਾਤ ਕੁੱਖਿਆ, ਇਕ ਵਖਾਏ ਪਦ ਨਿਰਬਾਨ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਆਪਣੀ ਜਾਣੇ ਆਪੇ ਆਣ। ਉਨੀ ਉਨੀਸਾ ਕਰ ਪਿਆਰਾ, ਇਕ ਹਦੀਸਾ ਚਲਾਈਆ। ਮੁਸਲਮ ਸੁਨੀ ਪਾਰ ਕਿਨਾਰਾ, ਐਨਲਹੱਕ ਨਾ ਕੋਈ ਜਣਾਈਆ। ਮੁਕਾਮੇ ਹੱਕ ਇਕ ਦਵਾਰਾ, ਚਰਨ ਕਵਲ ਰਿਹਾ ਵਖਾਈਆ। ਚਾਰ ਯਾਰ ਸੰਗ ਮੁਹੰਮਦ ਭਰ ਭੰਡਾਰਾ, ਅੱਲਾ ਰਾਣੀ ਸੰਗ ਰਲਾਈਆ। ਲੋਕਮਾਤ ਦਏ ਹੁਲਾਰਾ, ਪਾਰ ਕਿਨਾਰਾ ਰਿਹਾ ਜਣਾਈਆ। ਹੂ ਹੂ ਕੋਇ ਨਾ ਲਾਏ ਨਾਅਰਾ, ਅੰਨਾ ਹੂ ਨਾ ਕੋਈ ਜਣਾਈਆ। ਤੀਸ ਬਤੀਸ ਨਾ ਕਰੇ ਪਿਆਰਾ, ਨਾ ਕੋਈ ਮੁਖ ਰਖਾਈਆ। ਏਕਾ ਰਾਗ ਸੁਣਾਏ ਹਰਿ ਸੁਣਾਵਣਹਾਰਾ, ਹਰਿ ਸ਼ਬਦ ਵੱਡੀ ਵਡਿਆਈਆ। ਚਾਰ ਵਰਨਾ ਕਰਾਏ ਇਕ ਪਿਆਰਾ, ਮੁਸਲਮ ਹਿੰਦੂ ਸਿਖ ਨਾ ਕੋਈ ਜਣਾਈਆ। ਬੀਸ ਬੀਸਾ ਪਰਗਟ ਹੋਏ ਨਿਹਕਲੰਕ ਨਰਾਇਣ ਨਰ ਅਵਤਾਰਾ, ਜਗਤ ਜਗਦੀਸਾ ਆਪ ਅਖਵਾਈਆ। ਛਤਰ ਸੀਸ ਝੁੱਲੇ ਅਪਰ ਅਪਾਰਾ, ਪੰਚਮ ਮੁਖ ਤਾਜ ਸੁਹਾਈਆ। ਨਿਰਮਲ ਜੋਤ ਕਰੇ ਉਜਿਆਰਾ, ਨੌਂ ਖੰਡ ਕਰੇ ਰੁਸ਼ਨਾਈਆ। ਹਰਿ ਸ਼ਬਦ ਹੋਏ ਸੱਚੀ ਸਿਕਦਾਰਾ, ਤਖ਼ਤ ਤਾਜ ਇਕ ਸੁਹਾਈਆ। ਉਪਰ ਬੈਠ ਬੇਐਬ ਪਰਵਰਦਿਗਾਰਾ, ਹੱਕ ਹਕੀਕਤ ਵੇਖ ਵਖਾਈਆ। ਏਕਾ ਨਾਮ ਇਕ ਜੈਕਾਰਾ, ਏਕਾ ਸਿਖਿਆ ਰਿਹਾ ਸਿਖਾਈਆ। ਏਕਾ ਗੁਰ ਇਕ ਭੰਡਾਰਾ, ਏਕਾ ਰਿਹਾ ਵਰਤਾਈਆ। ਏਕਾ ਚਰਨ ਇਕ ਪਿਆਰਾ, ਏਕਾ ਕਵਲ ਮੁਖ ਖੁਲ੍ਹਾਈਆ। ਏਕਾ ਦਰ ਬੰਕ ਦਵਾਰਾ, ਦਰ ਦਰਬਾਨ ਇਕ ਵਖਾਈਆ। ਏਕਾ ਸ਼ਾਹ ਸੁਲਤਾਨ ਨਿਆਰਾ, ਸਤਿ ਸਰੂਪ ਆਪ ਅਖਵਾਈਆ। ਆਪਣੀ ਬੰਨੇ ਆਪੇ ਧਾਰਾ, ਸਤਿਜੁਗ ਸਾਚੀ ਨੀਂਹ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬੀਸ ਬੀਸਾ ਹਰਿ ਜਗਦੀਸਾ ਵੇਖ ਵਖਾਏ ਇਕ ਇਕੀਸਾ, ਇਕ ਅਕਾਲਾ ਇਕੀ ਪਾਈਆ। ਏਕਾ ਇਕੀ ਆਪੇ ਪਾ, ਆਪੇ ਤੋਲ ਤੁਲਾਇੰਦਾ। ਨੌਂ ਖੰਡ ਪ੍ਰਿਥਮੀ ਸਾਚੀ ਸਿਖੀ ਲਏ ਬਣਾ, ਸਾਚੀ ਸਿਖਿਆ ਆਪ ਸਮਝਾਇੰਦਾ। ਧਾਰੋਂ ਤਿਖੀ ਦਏ ਵਖਾ, ਤਿਖੀ ਧਾਰ ਇਕ ਰਖਾਇੰਦਾ। ਵਾਲੋਂ ਨਿੱਕੀ ਆਪ ਸਮਝਾ, ਨੀਕਨ ਨੀਕਾ ਵਿਚ ਸਮਾਇੰਦਾ। ਮਦਿਰਾ ਮਾਸੀ ਕੋਈ ਦੀਸੇ ਨਾ, ਭੁੰਨ ਕਬਾਬ ਨਾ ਕੋਈ ਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੋਤ ਨਿਰੰਜਣ ਜੋਤ ਧਰ, ਆਦਿ ਨਿਰੰਜਣ ਦਏ ਸਰਬ ਭੰਡਾਰੇ ਆਪੇ ਭਰ, ਸਰਬ ਕਲਾ ਭਰਪੂਰ ਆਪ ਅਖਵਾਇੰਦਾ। ਇਕ ਇਕੀਸਾ ਹਰਿ ਨਿਰੰਕਾਰਾ, ਆਪਣਾ ਕਰਮ ਕਮਾਇੰਦਾ। ਇਕ ਹਦੀਸਾ ਵਿਚ ਸੰਸਾਰਾ, ਏਕਾ ਮਾਰਗ ਲਾਇੰਦਾ। ਰਾਜ ਰਾਜਾਨਾਂ ਸ਼ਾਹ ਸੁਲਤਾਨਾਂ ਖਾਲੀ ਖੀਸਾ, ਸਿਰ ਤਾਜ ਨਾ ਕੋਈ ਰਖਾਇੰਦਾ। ਪਰਗਟ ਹੋਏ ਹਰਿ ਸਾਜਨ ਸਾਚਾ ਸ਼ਾਹੋ ਸ਼ਬੀਸਾ, ਹਰਿਜਨ ਸਾਚੇ ਵੇਖ ਵਖਾਇੰਦਾ। ਕਲਜੁਗ ਮਾਇਆ ਕੂੜਾ ਪੀਸਨ ਪੀਸਾ, ਲੱਖ ਚੁਰਾਸੀ ਝੋਲੀ ਪਾਇੰਦਾ। ਲਹਿਣਾ ਦੇਣਾ ਚੁਕਾਏ ਮੂਸਾ ਈਸਾ, ਅੰਜੀਲ ਕੁਰਾਨਾ ਸੰਗ ਰਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਨਰ ਹਰਿ ਆਪ ਅਖਵਾਇੰਦਾ। ਸਤਿਗੁਰ ਪੂਰਾ ਸ਼ਬਦ ਮਲਾਹ, ਪਾਰਬ੍ਰਹਮ ਬੇਅੰਤਾ। ਗੁਰਮੁਖਾਂ ਦੇਵੇ ਨਾਮ ਸਲਾਹ, ਸਾਜਨ ਸਾਚੇ ਸੰਤਾ। ਅਗੰਮ ਅਗੰਮੜਾ ਪਾਏ ਰਾਹ, ਏਕਾ ਧਾਮ ਸੁਹੰਤਾ। ਹੱਡ ਮਾਸ ਨਾੜੀ ਚਮੜਾ ਲੇਖੇ ਦਏ ਲਾ, ਗੜ੍ਹ ਤੋੜੇ ਹਉਮੇ ਹੰਗਤਾ। ਆਦਿ ਜੁਗਾਦੀ ਜੁਗ ਜੁਗ ਦੇਵੇ ਠੰਡੀ ਛਾਂ, ਜਗਤ ਜਗਦੀਸ ਸਾਚੀ ਸੰਗਤਾ। ਸਖਾ ਸਹਾਈ ਆਪੇ ਹੋਏ ਪਿਤਾ ਮਾਂ, ਗੁਰਮੁਖ ਬਾਲ ਅੰਞਾਣੇ ਗੋਦ ਉਠੰਤਾ। ਨਿਥਾਵਿਆਂ ਦੇਵੇ ਸਾਚੀ ਥਾਂ, ਜੋ ਜਨ ਦਰ ਦਵਾਰੇ ਆਏ ਮੰਗਤਾ। ਫੜ ਫੜ ਹੰਸ ਬਣਾਏ ਕਾਂ, ਸਾਚੀ ਚੋਗ ਨਾਮ ਚੁਗੰਤਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਨਰ ਨਰਾਇਣ ਆਪ ਅਖਵੰਤਾ। ਹਰਿ ਜੋਬਨ ਹਰਿ ਰੰਗਿਆ, ਗੁਰਮੁਖ ਸਾਜਨ ਮੀਤ। ਗੁਰਮੁਖ ਵਰ ਘਰ ਮੰਗਿਆ, ਹਰਿ ਮੇਲਾ ਸ਼ਾਹੋ ਅਤੀਤ। ਘਰ ਮੰਦਰ ਆਪੇ ਲੰਘਿਆ, ਹਰਿ ਬੈਠਾ ਰਹੇ ਅਤੀਤ। ਜਨ ਭਗਤਾਂ ਕੱਟਣਹਾਰਾ ਭੁੱਖ ਨੰਗਿਆ, ਸਦਾ ਸੁਹੇਲਾ ਬੀਠਲਾ ਬੀਠ। ਅੰਮ੍ਰਿਤ ਧਾਰ ਨੁਹਾਏ ਸਾਚੀ ਗੰਗਿਆ, ਮਿਠਾ ਕਰੇ ਕੌੜਾ ਰੀਠ। ਅਨਹਦ ਢੋਲ ਵਜਾਏ ਕਾਇਆ ਮੰਦਰ ਮਰਦੰਗਿਆ, ਵਜਾਵਣਹਾਰਾ ਆਪ ਅਨਡੀਠ। ਪੰਜਮ ਸਖੀਆਂ ਬਹਿ ਬਹਿ ਮੰਗਲ ਏਕਾ ਮੰਗਿਆ, ਸਦਾ ਗਾਇਣ ਸੁਹਾਗੀ ਗੀਤ। ਸਤਿਗੁਰ ਪੂਰੇ ਸਾਚੇ ਘੋੜੇ ਕਸੇ ਤੰਗਿਆ, ਗੁਰਮੁਖ ਵੇਖੇ ਸਚ ਪ੍ਰੀਤ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਏਕਾ ਰੰਗ ਮਜੀਠ। ਊਚ ਨੀਚ ਹਸਤ ਕੀਟ ਊਚ ਅਪਾਰ ਅਗੰਮ ਅਥਾਹ, ਬੇਪਰਵਾਹ ਅਖਵਾਇਆ। ਚਾਰ ਵਰਨ ਵਖਾਏ ਏਕਾ ਨਾਂ, ਏਕਾ ਦੂਜਾ ਭੌ ਚੁਕਾਇਆ । ਤੀਜੇ ਨੇਤਰ ਦਏ ਖੁਲ੍ਹਾ, ਨੇਤਰ ਨੈਣਾਂ ਦਰਸ ਦਿਖਾਇਆ। ਚੌਥੇ ਪਦ ਰਿਹਾ ਸਮਾ, ਗੁਰਮੁਖ ਸਾਜਨ ਮੇਲ ਮਿਲਾਇਆ। ਪੰਚਮ ਦੇਵੇ ਸਾਚਾ ਥਾਂ, ਥਿਰ ਘਰ ਵਾਸੀ ਆਪ ਅਖਵਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਨਿਰਗੁਣ ਨਿਰਗੁਣ ਸਰਗੁਣ ਸੰਗ ਨਿਭਾਇਆ। ਨਿਰਗੁਣ ਹਰਿ ਨਿਰੰਕਾਰ, ਸਰਗੁਣ ਸੰਗ ਰਖਾਇੰਦਾ। ਸਰਗੁਣ ਸ਼ਬਦ ਅਧਾਰ, ਨਿਰਗੁਣ ਜੋਤ ਜਗਾਇੰਦਾ। ਨਿਰਗੁਣ ਖੇਲ ਅਪਾਰ, ਸਰਗੁਣ ਮੇਲ ਮਿਲਾਇੰਦਾ। ਸਰਗੁਣ ਦੀਸੇ ਜਗਤ ਅਕਾਰ, ਨਿਰਗੁਣ ਦਿਸ ਨਾ ਆਇੰਦਾ। ਦੋਹਾਂ ਮੇਲਾ ਇਕ ਪਿਆਰ, ਆਪਣੀ ਬਣਤ ਬਣਾਇੰਦਾ। ਚੇਲਾ ਗੁਰ ਸੋਹੇ ਬੰਕ ਦਵਾਰ, ਬੰਕ ਦਵਾਰੀ ਆਪ ਅਖਵਾਇੰਦਾ। ਹਰਿਜਨ ਬਖ਼ਸ਼ੇ ਚਰਨ ਪਿਆਰ, ਨਾਤਾ ਬਿਧਾਤਾ ਆਪ ਬੰਨ੍ਹਾਇੰਦਾ। ਦੋ ਜਹਾਨੀ ਫੜ ਫੜ ਬਾਂਹੋਂ ਕਰੇ ਪਾਰ, ਨਾਮ ਸੁਗਾਤਾ ਝੋਲੀ ਪਾਇੰਦਾ। ਹਰਿ ਸੱਜਣ ਸ਼ਾਹੋ ਮੀਤ ਸ਼ਾਹ ਸ਼ਹਾਨਾ, ਮਿਹਰਵਾਨ ਗੁਣ ਨਿਧਾਨਾ ਦਇਆ ਕਮਾਇੰਦਾ। ਆਤਮ ਤੀਰ ਬ੍ਰਹਮ ਗਿਆਨਾ, ਭੇਵ ਨਾ ਪਾਏ ਕੋਈ ਵਿਦਵਾਨਾ, ਗਿਆਨ ਧਿਆਨ ਦਿਸ ਨਾ ਆਇੰਦਾ। ਜਿਸ ਜਨ ਕਰਾਏ ਚਰਨ ਧੂੜ ਮਜਨ ਅਸ਼ਨਾਨਾ, ਮਜਨ ਮਾਘ ਕਰਾਇੰਦਾ। ਲੱਖ ਚੁਰਾਸੀ ਚੁੱਕੇ ਕਾਨਾ, ਪੱਤਤ ਪਾਵਨ ਭੇਖ ਬਾਵਨ ਪਕੜੇ ਦਾਮਨ, ਪੰਚ ਦੁਸ਼ਟ ਸੰਘਾਰੇ ਰਾਮਾ ਰਾਵਨ, ਸੀਤਾ ਸੁਰਤੀ ਆਪ ਪਰਨਾਇੰਦਾ। ਮਿਟੇ ਰੈਣ ਅੰਧੇਰੀ ਸ਼ਾਮਨ, ਕ੍ਰਿਸ਼ਨਾ ਕਾਨਨ ਰੂਪ ਭਗਵਾਨਨ, ਮੁਕੰਦ ਮਨੋਹਰ ਲੱਖਮੀ ਨਰਾਇਣ ਸੁੰਦਰ ਕੁੰਡਲ ਮੁਕਟ ਬੈਨ, ਆਪ ਆਪਣਾ ਧਾਮ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਚਾਰ ਵਰਨ ਬਰਨ ਅਠਾਰਾਂ ਦੇਵੇ ਏਕਾ ਵਰ, ਇਕ ਮਹੱਲਾ ਏਕਾ ਘਰ, ਏਕਾ ਧਾਮ ਸੁਹਾਇੰਦਾ। ਭਗਤ ਵਛਲ ਹਰਿ ਗਿਰਧਾਰੀ, ਗਿਰਵਰ ਰੂਪ ਸਮਾਇਆ। ਨਿਰਗੁਣ ਜੋਤ ਕਰ ਉਜਿਆਰੀ, ਸਰਗੁਣ ਲੇਖੇ ਲਾਇਆ। ਪਾਰਬ੍ਰਹਮ ਕਲ ਖੇਲ ਨਿਆਰੀ, ਪਰਮ ਪੁਰਖ ਅਖਵਾਇਆ। ਜੁਗਾਂ ਜੁਗ ਜੁਗੰਤਾ ਜਗਤ ਭਰੇ ਭੰਡਾਰੀ, ਜਗਤ ਜਗਦੀਸਾ ਆਪ ਅਖਵਾਇਆ। ਮੋਨ ਮੁਨੀਸ਼ਰ ਮੁਖ ਤਾਬਿਆਦਾਰੀ, ਸੇਵਕ ਸੇਵਾ ਰਿਹਾ ਕਰਾਇਆ। ਸਿੰਘ ਮੰਗਲ ਸੋਹੇ ਬੰਕ ਦਵਾਰੀ, ਹਰਿ ਸਾਜਨ ਘਰ ਸਾਚੇ ਪਾਇਆ। ਚਰਨ ਕਵਲ ਕਰੇ ਨਿਮਸਕਾਰੀ, ਨਿਮੁਖ ਅੱਖਰ ਏਕਾ ਪਾਇਆ। ਹਉਮੇ ਕੱਟੀ ਜਗਤ ਬਿਮਾਰੀ, ਕਾਮ ਕਰੋਧ ਲੋਭ ਮੋਹ ਹੰਕਾਰ ਨੇੜ ਨਾ ਆਇਆ। ਸੋ ਪੁਰਖ ਨਿਰੰਜਣ ਦੇਵੇ ਨਾਮ ਖੁਮਾਰੀ, ਅੱਠੇ ਪਹਿਰ ਰੰਗ ਰੰਗਾਇਆ। ਮਾਨਸ ਜਨਮ ਨਾ ਆਏ ਦੂਜੀ ਵਾਰੀ, ਆਵਣ ਜਾਵਣ ਗੇੜ ਕਟਾਇਆ। ਧਰਮ ਰਾਏ ਦੋਏ ਜੋੜ ਕਰੇ ਨਿਮਸਕਾਰੀ, ਨੇਤਰ ਨੈਣ ਰਹੇ ਸ਼ਰਮਾਇਆ। ਗੁਰ ਸ਼ਬਦ ਸਤਿਗੁਰ ਸਾਚਾ ਵੇਲੇ ਅੰਤਮ ਪਾਏ ਸਾਰੀ, ਸਵੱਛ ਸਰੂਪੀ ਦਰਸ ਦਿਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਾਮ ਭੰਡਾਰ ਸਦਾ ਭਰਪੂਰ ਰਖਾਇਆ। ਨਾਮ ਭੰਡਾਰਾ ਸਦਾ ਅਤੁਟ, ਹਰਿ ਸਾਚੇ ਹੱਥ ਵਡਿਆਈਆ। ਆਦਿ ਜੁਗਾਦਿ ਨਾ ਜਾਏ ਨਿਖੁਟ, ਦੇਵਣਹਾਰ ਸ੍ਰਿਸ਼ਟ ਸਬਾਈਆ। ਗੁਰਮੁਖ ਵਿਰਲੇ ਲਾਹਾ ਰਹੇ ਲੁੱਟ, ਕਲਜੁਗ ਸੁੱਤੀ ਸਰਬ ਲੋਕਾਈਆ। ਪੰਚ ਵਿਕਾਰਾ ਰਿਹਾ ਕੁਟ, ਅੱਠੇ ਪਹਿਰ ਰਹੇ ਲੜਾਈਆ। ਜਨ ਭਗਤਾਂ ਹਿਰਦੇ ਅੰਦਰ ਪ੍ਰਭ ਪੂਰਾ ਗਿਆ ਤੁਠ, ਨਿਰਮਲ ਬਾਤੀ ਜੋਤ ਜਗਾਈਆ। ਲੁਕਿਆ ਰਹਿਣ ਨਾ ਦੇਵੇ ਕੋਈ ਗੁਠ, ਜੋ ਜਨ ਸਰਸੇ ਗਿਆ ਸੇਵ ਕਮਾਈਆ। ਮਨਮੁਖਾਂ ਹੱਥ ਫੜਾਏ ਖਾਲੀ ਠੁੱਠ, ਦਰ ਦਰ ਮੰਗਣ ਨਾਮ ਭਿਛਿਆ ਕੋਈ ਨਾ ਪਾਈਆ। ਵੇਲੇ ਅੰਤਮ ਜੜ ਦੇਵੇ ਪੁੱਟ, ਪੱਤ ਡਾਲ੍ਹੀ ਰਹਿਣ ਨਾ ਪਾਈਆ। ਜਨ ਭਗਤਾਂ ਅੰਮ੍ਰਿਤ ਆਤਮ ਪਿਆਏ ਨਾਮ ਘੁੱਟ, ਕਾਇਆ ਮੰਦਰ ਅੰਦਰ ਤਾਲ ਸੁਹਾਈਆ। ਆਵਣ ਜਾਵਣ ਗਿਆ ਛੁੱਟ, ਜਿਸ ਜਨ ਹਰਿ ਗੁਰ ਹਰਿ ਸਾਚੀ ਸੇਵ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਸਾਜਨ ਦੇਵੇ ਵਰ, ਸਚ ਘਰ ਮਿਲੇ ਵਡਿਆਈਆ।
