੧੯ ਜੇਠ ੨੦੧੫ ਬਿਕ੍ਰਮੀ ਅਜੀਤ ਸਿੰਘ ਦੇ ਘਰ ਚਾਹ ਤੋਤੀ ਵਾਲਾ ਫੈਜ਼ਪੁਰ
ਨਿਰਗੁਣ ਰੂਪ ਅਪਾਰ, ਨਿਰਗੁਣ ਸਮਾਇਆ। ਨਿਰਗੁਣ ਰੂਪ ਅਧਾਰ, ਨਿਰਗੁਣ ਟਿਕਾਇਆ। ਨਿਰਗੁਣ ਰੂਪ ਕਰਤਾਰ, ਨਿਰਗੁਣ ਨਾਉਂ ਧਰਾਇਆ। ਨਿਰਗੁਣ ਕਰ ਪਿਆਰ, ਨਿਰਗੁਣ ਵੇਖ ਵਖਾਇਆ। ਨਿਰਗੁਣ ਕਰ ਉਜਿਆਰ, ਨਿਰਗੁਣ ਸੇਵਾ ਲਾਇਆ। ਨਿਰਗੁਣ ਪਾਵੇ ਸਾਰ, ਨਿਰਗੁਣ ਵੇਖ ਵਖਾਇਆ। ਨਿਰਗੁਣ ਬੰਨੇ ਧਾਰ, ਨਿਰਗੁਣ ਮੂਲ ਚੁਕਾਇਆ। ਨਿਰਗੁਣ ਏਕਾ ਕਾਰ, ਏਕਾ ਏਕ ਅਖਵਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਲਏ ਉਪਾਇਆ। ਆਪ ਆਪਣੀ ਬਣਤ ਬਣਾ, ਆਪਣੀ ਬਣਤ ਬਣਾਈਆ। ਆਪਣਾ ਲੇਖਾ ਆਪ ਲਿਖਾ, ਆਪਣੀ ਗਣਤ ਗਣਾਈਆ। ਆਪਣਾ ਵੇਸਾ ਆਪ ਵਟਾ, ਆਪਣਾ ਰੂਪ ਦਰਸਾਈਆ। ਆਪਣਾ ਪੇਸ਼ਾ ਆਪ ਕਮਾ, ਆਪੇ ਵੇਖ ਵਖਾਈਆ। ਆਪਣਾ ਸੰਦੇਸਾ ਆਪ ਸੁਣਾ, ਆਪੇ ਕਰੇ ਜਣਾਈਆ। ਆਪਣੀ ਰੇਖਾ ਆਪ ਉਪਾ, ਆਪੇ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਸੰਗ ਰਖਾਈਆ। ਆਪ ਆਪਣਾ ਕਰ ਵਿਚਾਰ, ਆਪਣੀ ਕਲ ਧਾਰੀਆ। ਆਪ ਆਪਣਾ ਲਏ ਉਭਾਰ, ਆਪ ਆਪਣੀ ਪਾਵੇ ਸਾਰੀਆ। ਆਪ ਆਪਣੀ ਬਣਿਆ ਨਾਰ, ਆਪ ਆਪਣਾ ਕੰਤ ਭਤਾਰੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਖੇਲੇ ਖੇਲ ਅਪਰ ਅਪਾਰੀਆ। ਆਪ ਆਪਣਾ ਰੰਗ ਰੰਗਾਇਆ, ਅਕਲ ਕਲਾ ਕਲ ਧਾਰੀ। ਆਪ ਆਪਣਾ ਸੰਗ ਰਖਾਇਆ, ਖੇਲੇ ਖੇਲ ਅਪਰ ਅਪਾਰੀ। ਆਪ ਆਪਣੀ ਮੰਗ ਮੰਗਾਇਆ, ਆਪ ਆਪਣਾ ਬਣੇ ਭਿਖਾਰੀ। ਆਪ ਆਪਣਾ ਨੰਗ ਕਜਾਇਆ, ਆਪ ਆਪਣਾ ਪੜਦਾ ਪਾਏ ਭਾਰੀ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪੇ ਵਰਤੇ ਆਪਣੀ ਕਾਰੀ। ਆਪ ਆਪਣੀ ਦ੍ਰਿਸ਼ਟ ਖੁਲ੍ਹਾ, ਆਪਣੀ ਕਰੇ ਜਣਾਈਆ, ਆਪ ਆਪਣਾ ਇਸ਼ਟ ਮਨਾ, ਆਪੇ ਵੇਖ ਵਖਾਈਆ। ਆਪ ਆਪਣੀ ਸ੍ਰਿਸ਼ਟ ਉਪਾ, ਆਪਣੇ ਵਿਚ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੋਤੀ ਨੂਰ ਕਰੇ ਰੁਸ਼ਨਾਈਆ। ਜੋਤੀ ਨੂਰ ਕਰ ਅਕਾਰ, ਆਪਣਾ ਆਪ ਉਪਾਇੰਦਾ। ਆਪ ਆਪਣੀ ਬੰਨੇ ਧਾਰ, ਆਪ ਆਪਣਾ ਦਰ ਸੁਹਾਇੰਦਾ। ਆਪ ਆਪਣਾ ਵੇਖ ਵਿਚਾਰ, ਸਰਬ ਕਲ ਸਮਰਥ ਆਪ ਹੋ ਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਰੂਪ ਨਿਰਗੁਣ ਧਾਰ, ਨਿਰਗੁਣ ਰੰਗ ਨਿਰਗੁਣ ਵਿਚ ਸਮਾਇੰਦਾ। ਨਿਰਗੁਣ ਪਾਇਆ ਨਿਰਗੁਣ ਜਾਇਆ, ਨਿਰਗੁਣ ਜੋਤ ਜਗਾਈਆ। ਨਿਰਗੁਣ ਦਾਈ ਨਿਰਗੁਣ ਦਾਇਆ, ਨਿਰਗੁਣ ਰਿਹਾ ਉਪਾਈਆ। ਨਿਰਗੁਣ ਪਿਤਾ ਨਿਰਗੁਣ ਮਾਇਆ, ਨਿਰਗੁਣ ਪੂਤ ਗੋਦ ਉਠਾਈਆ। ਨਿਰਗੁਣ ਰੂਪ ਨਿਰਗੁਣ ਮਾਇਆ, ਨਿਰਗੁਣ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਵਾਰ ਕਰਾਈਆ। ਨਿਰਗੁਣ ਆਪਣਾ ਆਪ ਵਰਿਆ, ਆਪਣੇ ਹੱਥ ਰੱਖੇ ਵਡਿਆਈਆ। ਨਾ ਕੋਈ ਦੂਸਰ ਦਿਸੇ ਘਰਿਆ, ਨਾ ਕੋਈ ਬਣਤ ਬਣਾਈਆ। ਆਪਣਾ ਕੀਤਾ ਆਪੇ ਭਰਿਆ, ਆਪਣੀ ਰਚਨਾ ਆਪ ਰਚਾਈਆ। ਆਪਣੀ ਤਰਨੀ ਆਪੇ ਤਰਿਆ, ਤਰਨਹਾਰ ਆਪ ਅਖਵਾਈਆ। ਆਪਣੀ ਕਰਨੀ ਆਪੇ ਕਰਿਆ, ਕਰਤਾ ਪੁਰਖ ਨਾਉਂ ਧਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਖੇਲ ਰੰਗ ਨਵੇਲ ਕਰੇ ਬੇਪਰਵਾਹੀਆ। ਨਿਰਗੁਣ ਖੇਲ ਹਰਿ ਖਿਲੰਤਾ, ਆਪਣਾ ਰੂਪ ਵਟਾਇਆ। ਆਪਣਾ ਨਾਮ ਧਰੇ ਭਗਵੰਤਾ, ਭੇਵ ਕੋਇ ਨਾ ਰਾਇਆ। ਆਪਣੀ ਕਰੇ ਆਪੇ ਮੰਨਤਾ, ਆਪ ਆਪਣਾ ਪੂਜ ਪੁਜਾਇਆ। ਆਪਣੀ ਕਰੇ ਆਪ ਬੇਨੰਨਤਾ, ਸੁਨਣਹਾਰ ਆਪ ਹੋ ਜਾਇਆ। ਆਪਣੀ ਮਹਿਮਾ ਜਾਣੇ ਅਗਣਤਾ, ਲੇਖਾ ਲੇਖ ਨਾ ਕੋਈ ਲਿਖਾਇਆ। ਆਪਣਾ ਆਪ ਵਖਾਏ ਸੁਹਾਗੀ ਕੰਤਾ, ਨਾਰੀ ਰੂਪ ਆਪ ਦਰਸਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਖੇਲ ਖੇਲਣਹਾਰ ਭੇਵ ਨਾ ਰਾਇਆ। ਨਿਰਗੁਣ ਖੇਲ ਹਰਿ ਖਿਲਾਰਾ, ਆਪਣਾ ਆਪ ਖਿਲਾਇੰਦਾ। ਰੂਪ ਅਗੰਮਾ ਕਰ ਉਜਿਆਰਾ, ਨੂਰੋ ਨੂਰ ਸਮਾਇੰਦਾ। ਅਗੰਮ ਅਗੰਮੜੀ ਕਰੇ ਕਾਰਾ, ਅਲਖ ਅਲੱਖਣਾ ਨਾਉਂ ਧਰਾਇੰਦਾ। ਸਤਿ ਪੁਰਖ ਨਿਰੰਜਣ ਖੇਲ ਅਪਾਰਾ, ਸਤਿ ਸਤਿਵਾਦੀ ਧਾਮ ਸੁਹਾਇੰਦਾ। ਪਾਰਬ੍ਰਹਮ ਭੇਵ ਨਿਆਰਾ, ਪਰਮ ਪੁਰਖ ਅਖਵਾਇੰਦਾ। ਜੋਤੀ ਜੋਤ ਕਰ ਉਜਿਆਰਾ, ਜੋਤੀ ਜੋਤ ਜਗਾਇੰਦਾ। ਸਰਬ ਗੁਣਾਂ ਭਰੇ ਭੰਡਾਰਾ, ਆਪਣਾ ਦਰ ਸੁਹਾਇੰਦਾ। ਆਪਣਾ ਬਣੇ ਆਪ ਵਰਤਾਰਾ, ਆਪਣੀ ਭਿਛਿਆ ਆਪੇ ਝੋਲੀ ਪਾਇੰਦਾ। ਆਪ ਆਪਣਾ ਕਰ ਪਿਆਰਾ, ਆਪ ਆਪਣਾ ਮੇਲ ਮਿਲਾਇੰਦਾ। ਆਪ ਆਪਣਾ ਕਰ ਸ਼ਿੰਗਾਰਾ, ਆਪ ਆਪਣਾ ਰੂਪ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਨਿਰਗੁਣ ਵਿਚ ਦਰਸਾਇੰਦਾ। ਨਿਰਗੁਣ ਰੂਪ ਹਰਿ ਕਰਤਾਰ, ਆਪਣਾ ਆਪ ਉਪਾਇਆ। ਆਪ ਆਪਣੀ ਬੰਨੇ ਧਾਰ, ਆਪਣਾ ਬੇੜਾ ਰਿਹਾ ਚਲਾਇਆ। ਨਾ ਕੋਈ ਦੂਸਰ ਮੀਤ ਮੁਰਾਰ, ਨਾ ਕੋਈ ਸੰਗ ਰਖਾਇਆ। ਇਕ ਅਕੱਲਾ ਏਕੰਕਾਰ, ਏਕਾ ਕਾਰ ਕਮਾਇਆ। ਆਪੇ ਪੁਰਖ ਆਪੇ ਨਾਰ, ਆਪ ਆਪਣੀ ਸੇਜ ਹੰਢਾਇਆ। ਆਦਿ ਅਨਾਦੀ ਹੋ ਤਿਆਰ, ਆਪ ਆਪਣਾ ਲਏ ਅੰਗੜਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਨਿਰਗੁਣ ਲਏ ਉਪਾਇਆ। ਨਿਰਗੁਣ ਰੂਪ ਜੋਤ ਜਗਾ, ਜੋਤੀ ਨੂਰ ਸਵਾਇਆ। ਏਕਾ ਨੂਰ ਡਗਮਗਾ, ਪਰਕਾਸ਼ ਪਰਕਾਸ਼ ਸਮਾਇਆ। ਆਪ ਆਪਣਾ ਸਗਨ ਮਨਾ, ਆਪਣੇ ਮੁਖ ਲਗਾਇਆ। ਆਪ ਆਪਣਾ ਲਗਨ ਸੁਧਾ, ਆਪ ਆਪਣਾ ਸਾਹ ਰਖਾਇਆ। ਆਪ ਆਪਣਾ ਬੰਧਨ ਪਾ, ਆਪ ਆਪਣਾ ਲਏ ਪਰਨਾਇਆ। ਆਪ ਆਪਣੇ ਅੰਗਣ ਲਗਾ, ਆਪ ਆਪਣਾ ਮੇਲ ਮਿਲਾਇਆ। ਆਪ ਆਪਣਾ ਵਿਚ ਟਿਕਾ, ਆਪ ਆਪਣਾ ਲਏ ਉਪਾਇਆ। ਆਪ ਆਪਣਾ ਨਾਉਂ ਧਰਾ, ਆਪ ਆਪਣਾ ਵੇਸ ਵਟਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਨਿਰਗੁਣ ਆਪ ਅਖਵਾਇਆ। ਨਿਰਗੁਣ ਰੰਗ ਹਰਿ ਕਰਤਾਰਾ, ਏਕਾ ਏਕ ਅਖਵਾਇੰਦਾ। ਖੇਲੇ ਖੇਲ ਅਗੰਮ ਅਪਾਰਾ, ਭੇਵ ਅਭੇਦਾ ਭੇਵ ਛੁਪਾਇੰਦਾ। ਸਤਿ ਸਰੂਪੀ ਏਕਾ ਕਾਰਾ, ਬਿਨ ਰੰਗ ਰੂਪੀ ਆਪ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਰੂਪ ਏਕਾ ਹਰਿ, ਜੋਤੀ ਜੋਤ ਸਮਾਇੰਦਾ। ਜੋਤੀ ਜੋਤ ਕਰ ਉਜਾਲਾ, ਆਪਣਾ ਰੰਗ ਰੰਗਾਇਆ। ਆਪੇ ਹੋਇਆ ਹਰਿ ਗੋਪਾਲਾ, ਦੀਨ ਦਿਆਲਾ ਨਾਮ ਧਰਾਇਆ। ਆਪ ਆਪਣਾ ਤੋੜ ਜੰਜਾਲਾ, ਆਪ ਆਪਣਾ ਵੇਖ ਵਖਾਇਆ। ਆਪ ਆਪਣਾ ਬਣ ਰਖਵਾਲਾ, ਆਪਣੀ ਸੇਵਾ ਰਿਹਾ ਕਮਾਇਆ। ਆਪ ਬਣਾਏ ਆਪਣੀ ਧਰਮਸਾਲਾ, ਥਿਰ ਘਰ ਨਾਉਂ ਧਰਾਇਆ। ਜਗੇ ਜੋਤ ਇਕ ਅਕਾਲਾ, ਨਾ ਕੋਈ ਦੂਸਰ ਸੰਗ ਰਖਾਇਆ। ਖੇਲੇ ਖੇਲ ਆਪ ਨਿਰਾਲਾ, ਖੇਲਣਹਾਰ ਆਪ ਰਘੁਰਾਇਆ। ਆਪੇ ਚਲੇ ਆਪਣੀ ਚਾਲਾ, ਚਾਲ ਅਵੱਲੜੀ ਇਕ ਰਖਾਇਆ। ਆਪਣਾ ਫਲ ਲਗਾਏ ਆਪਣੇ ਡਾਲ੍ਹਾ, ਆਪੇ ਵੇਖ ਵਖਾਇਆ। ਆਪੇ ਸ਼ਾਹ ਆਪੇ ਕੰਗਾਲਾ, ਦਰ ਭਿਖਾਰੀ ਆਪ ਹੋ ਜਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਰੂਪ ਵੇਸ ਕਰ, ਘਰ ਸਾਚਾ ਇਕ ਉਪਾਇਆ। ਥਿਰ ਘਰ ਸਾਚੇ ਬਣਤ ਬਣਾ, ਨਿਰਗੁਣ ਵੱਡੀ ਵਡਿਆਈਆ। ਆਪਣੀ ਸੇਵਾ ਆਪ ਕਮਾ, ਆਪੇ ਰਿਹਾ ਉਪਾਈਆ। ਆਦਿ ਪੁਰਖ ਹਰਿ ਕਰਨੇਹਾਰਾ, ਕਰੇ ਕਰਾਏ ਖੇਲਾ। ਆਪ ਆਪਣਾ ਭੰਡਾਰਾ ਭਰਨੇਹਾਰਾ, ਆਪ ਸੁਹਾਏ ਆਪਣਾ ਵੇਲਾ। ਆਪ ਆਪਣੇ ਘਰ ਚੜ੍ਹਨੇਹਾਰਾ, ਆਪੇ ਹੋਏ ਸੱਜਣ ਸੁਹੇਲਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਵੇਸ ਏਕਾ ਘਰ, ਘਰ ਸਾਚੇ ਦਏ ਸਹਾਰਾ। ਥਿਰ ਘਰ ਸਾਚਾ ਹਰਿ ਦਵਾਰ, ਛੱਪਰ ਛੰਨ ਨਾ ਕੋਇ ਰਖਾਇਆ। ਨਾ ਕੋਈ ਬਾਢੀ ਰਿਹਾ ਉਸਾਰ, ਨਾ ਕੋਈ ਸੇਵਕ ਸੇਵ ਕਮਾਇਆ। ਇਕ ਅਕੱਲਾ ਕਰ ਪਿਆਰ, ਆਪ ਆਪਣਾ ਰਿਹਾ ਉਪਾਇਆ। ਉਚ ਮਹੱਲ ਅਟੱਲ ਮੁਨਾਰ, ਪੁਰਖ ਅਬਿਨਾਸ਼ੀ ਦਏ ਸੁਹਾਇਆ । ਉਚ ਅਗੰਮ ਹਰਿ ਨਿਰੰਕਾਰ, ਅਗੰਮ ਅਗੰਮੜਾ ਧਾਮ ਸੁਹਾਇਆ। ਵੇਖੇ ਵਿਗਸੇ ਪਾਵੇ ਸਾਰ, ਦਿਸ ਕਿਸੇ ਨਾ ਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਵਸਿਆ ਸਾਚੇ ਘਰ, ਥਿਰ ਘਰ ਨਾਉਂ ਧਰਾਇਆ। ਥਿਰ ਘਰ ਨਾਉਂ ਮਹੱਲ ਅਟਾਰੀ, ਹਰਿ ਸਾਚੀ ਬਣਤ ਬਣਾਈਆ। ਏਕਾ ਵਸਿਆ ਏਕੰਕਾਰੀ, ਅਕਲ ਕਲ ਅਖਵਾਈਆ। ਆਦਿ ਨਿਰੰਜਣ ਜੋਤ ਉਜਿਆਰੀ, ਆਦਿ ਪੁਰਖ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਘਰ ਸਾਚੇ ਦਏ ਵਧਾਈਆ। ਸਾਚੇ ਘਰ ਦੇਵੇ ਮਾਣਾ, ਹਰਿ ਵੱਡੀ ਵਡਿਆਈਆ। ਆਪਣਾ ਤਣਿਆ ਆਪੇ ਤਾਣਾ, ਆਪੇ ਵੇਖ ਵਖਾਈਆ। ਆਪੇ ਬਣਿਆ ਸਾਚਾ ਰਾਣਾ, ਸ਼ਾਹੋ ਭੂਪ ਆਪ ਹੋ ਜਾਈਆ। ਆਪੇ ਖੇਲੇ ਖੇਲ ਮਹਾਨਾ, ਖੇਲਣਹਾਰ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਥਿਰ ਘਰ ਵੇਖੇ ਸਾਚਾ ਘਰ, ਘਰ ਸਾਚਾ ਇਕ ਸੁਹਾਈਆ। ਥਿਰ ਘਰ ਸਾਚਾ ਹਰਿ ਉਪਾਇਆ, ਹਰਿ ਹਰਿ ਆਪ ਬਰਾਜੇ। ਆਪ ਆਪਣੀ ਬਣਤ ਬਣਾਇਆ, ਆਪ ਰਚਿਆ ਆਪਣਾ ਕਾਜੇ। ਆਲਸ ਨਿੰਦਰਾ ਵਿਚ ਨਾ ਆਇਆ, ਹਰਿ ਸਾਚਾ ਸਾਜਣ ਸਾਜੇ। ਆਪਣੇ ਅੰਦਰ ਆਪਣਾ ਜੰਦਰ ਆਪੇ ਲਾਇਆ, ਖੇਲੇ ਖੇਲ ਗ਼ਰੀਬ ਨਿਵਾਜੇ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਥਿਰ ਘਰ ਮਹੱਲਾ ਉਚ ਅਟੱਲਾ, ਏਕਾ ਏਕ ਸੁਹਾਇਆ। ਥਿਰ ਘਰ ਸਾਚਾ ਹਰਿ ਵਸੇਰਾ, ਹਰਿ ਹਰੀ ਮਨ ਭਾਇਆ। ਪੁਰਖ ਅਬਿਨਾਸ਼ੀ ਨਗਰ ਖੇੜਾ, ਆਪਣਾ ਆਪ ਉਪਾਇਆ। ਆਪ ਆਪਣਾ ਰੱਖਿਆ ਖੁਲ੍ਹਾ ਵੇਹੜਾ, ਲੇਖਾ ਗਣਤ ਨਾ ਕੋਈ ਗਣਾਇਆ। ਆਪ ਆਪਣਾ ਦੇਵੇ ਗੇੜਾ, ਆਪੇ ਰਿਹਾ ਭਵਾਇਆ। ਆਪ ਆਪਣਾ ਕਰੇ ਨਿਬੇੜਾ, ਸਾਲਸ ਵਿਚ ਨਾ ਕੋਈ ਰਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਘਰ ਆਪਣਾ ਇਕ ਸੁਹਾਇਆ। ਆਪਣੇ ਘਰ ਬੈਠ ਨਿਰੰਕਾਰ, ਆਪਣਾ ਰੰਗ ਉਪਾਇਆ। ਜੋਤ ਸਰੂਪੀ ਕਰ ਉਜਿਆਰ, ਚਾਰੋਂ ਕੁੰਟ ਵੇਖ ਵਖਾਇਆ। ਦਹਿ ਦਿਸ਼ਾ ਏਕਾ ਧਾਰ, ਏਕਾ ਰੂਪ ਨਜ਼ਰੀ ਆਇਆ। ਪਾਏ ਹਿੱਸਾ ਅਪਰ ਅਪਾਰ, ਆਪ ਆਪਣੀ ਵੰਡ ਵੰਡਾਇਆ। ਨੇਤਰ ਪੇਖਾ ਹਰਿ ਨਿਰੰਕਾਰ, ਨਿਝ ਘਰ ਵੇਖੇ ਖੇਲ ਸਬਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣੀ ਰਚਨਾ ਆਪ ਰਚਾਇਆ। ਆਪਣੀ ਇਛਿਆ ਆਪੇ ਧਰ, ਆਪੇ ਪੂਰ ਕਰਾਇੰਦਾ। ਆਪਣੀ ਭਿਛਿਆ ਪਾਏ ਦਰ, ਆਪਣੀ ਝੋਲੀ ਆਪ ਭਰਾਇੰਦਾ। ਆਪਣੀ ਰਛਿਆ ਆਪੇ ਕਰ, ਆਪਣਾ ਡਰ ਚੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਥਿਰ ਘਰ ਵੇਖੇ ਸਾਚਾ ਦਰ, ਘਰ ਸਾਚੇ ਭਾਗ ਲਗਾਇੰਦਾ। ਸਾਚੇ ਘਰ ਲੱਗੇ ਭਾਗ, ਪ੍ਰਭ ਨਿਰਗੁਣ ਜੋਤ ਕਰੇ ਰੁਸ਼ਨਾਈਆ। ਏਕਾ ਦੀਪ ਜਗੇ ਚਿਰਾਗ, ਏਕਾ ਰੰਗ ਵਖਾਈਆ। ਨਾ ਕੋਈ ਦੂਸਰ ਦਿਸੇ ਦਾਗ, ਨਾ ਕੋਈ ਕਾਲੀ ਸ਼ਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣੀ ਇਛਿਆ ਆਪੇ ਰਿਹਾ ਵਿਆਹੀਆ। ਆਪਣੀ ਇਛਿਆ ਆਪੇ ਕਰ, ਆਪੇ ਬਣਤ ਬਣਾਇੰਦਾ। ਚਾਰੇ ਕੁੰਟਾਂ ਵੇਖੇ ਘਰ, ਕਵਣ ਧਾਮ ਸੁਹਾਇੰਦਾ। ਨਿਰਗੁਣ ਰੂਪ ਆਪੇ ਖੜ, ਆਪਣਾ ਰੂਪ ਵਟਾਇੰਦਾ। ਨਾ ਕੋਈ ਸੀਸ ਨਾ ਕੋਈ ਧੜ, ਨਾ ਕੋਈ ਬਣਤ ਬਣਾਇੰਦਾ। ਆਪਣੀ ਇਛਿਆ ਆਪੇ ਲਈ ਪੜ੍ਹ, ਆਪਣਾ ਹੁਕਮ ਆਪ ਸੁਣਾਇੰਦਾ। ਸ਼ਬਦ ਸਿੰਘਾਸਣ ਡੱਠਾ ਥਿਰ ਘਰ, ਘਰ ਸਾਚੇ ਆਪੇ ਡਾਹਿੰਦਾ। ਨਿਰਗੁਣ ਬੈਠਾ ਉਪਰ ਚੜ੍ਹ, ਸਚ ਸਿਕਦਾਰ ਬਣਾਇੰਦਾ। ਆਪ ਸੁਹਾਇਆ ਆਪਣਾ ਗੜ੍ਹ, ਆਪਣੀ ਨਗਰੀ ਭਾਗ ਲਗਾਇੰਦਾ। ਆਪਣੇ ਅੰਦਰ ਆਪੇ ਵੜ, ਆਪੇ ਵੇਖ ਵਖਾਇੰਦਾ। ਆਪਣੀ ਉਂਗਲੀ ਆਪੇ ਫੜ, ਚਾਰੋਂ ਕੁੰਟ ਫਿਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਥਿਰ ਘਰ ਵੇਖੇ ਸਾਚਾ ਘਰ, ਘਰ ਸਾਚਾ ਇਕ ਸੁਹਾਇੰਦਾ। ਸਾਚੇ ਘਰ ਸ਼ਬਦ ਸਿੰਘਾਸਣ, ਹਰਿ ਸਾਚੇ ਆਪ ਸੁਹਾਇਆ। ਉਪਰ ਚੜ੍ਹ ਪੁਰਖ ਅਬਿਨਾਸ਼ਨ, ਆਪਣਾ ਮਤਾ ਆਪ ਪਕਾਇਆ। ਆਪੇ ਹੋਇਆ ਦਾਸੀ ਦਾਸਨ, ਚੋਬਦਾਰ ਆਪ ਹੋ ਜਾਇਆ। ਆਪਣੇ ਅੰਦਰ ਆਪੇ ਰੱਖਿਆ ਵਾਸਨ, ਆਪ ਆਪਣਾ ਘਰ ਸੁਹਾਇਆ। ਨਾਉਂ ਧਰਾਇਆ ਸਾਬਾਸਨ, ਸ਼ਾਹ ਸੁਲਤਾਨਾ ਹਰਿ ਰਘੁਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਘਰ ਸਾਚੇ ਡੇਰਾ ਲਾਇਆ। ਸ਼ਬਦ ਸਿੰਘਾਸਣ ਅਪਰ ਅਪਾਰਾ, ਹਰਿ ਸਾਚਾ ਆਪ ਸੁਹਾਇੰਦਾ। ਥਿਰ ਘਰ ਸੁਹਾਏ ਮਹੱਲ ਮੁਨਾਰਾ, ਅੰਦਰ ਮੰਦਰ ਆਪੇ ਡਾਹਿੰਦਾ। ਉਪਰ ਬੈਠ ਸਿਰਜਣਹਾਰਾ, ਸਾਚੀ ਬਣਤ ਬਣਾਇੰਦਾ। ਆਪਣੇ ਰੰਗ ਰਵੇ ਕਰਤਾਰਾ, ਆਪਣੀ ਕਰਨੀ ਆਪ ਕਰਾਇੰਦਾ। ਆਪਣੇ ਘਾੜਣ ਘੜੇ ਘੜਣੇਹਾਰਾ, ਸਮਰਥ ਪੁਰਖ ਅਖਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸ਼ਬਦ ਸਿੰਘਾਸਣ ਇਕ ਸੁਹਾਇੰਦਾ। ਸ਼ਬਦ ਸਿੰਘਾਸਣ ਸਾਚਾ ਮੂਲ, ਧੁਰ ਦਰਗਾਹ ਟਿਕਾਇਆ। ਨਾ ਕੋਈ ਪਾਵਾ ਨਾ ਕੋਈ ਚੂਲ, ਨਾ ਕੋਈ ਬੰਧਨ ਪਾਇਆ। ਉਪਰ ਬੈਠ ਕੰਤ ਕੰਤੂਹਲ, ਆਪਣਾ ਹੁਲਾਰਾ ਇਕ ਰਖਾਇਆ। ਆਪਣੀ ਸੇਜਾ ਆਪੇ ਚਾੜ੍ਹੇ ਫੂਲ, ਆਪਣੀ ਬਰਖਾ ਆਪੇ ਲਾਇਆ। ਆਪ ਚੁਕਾਏ ਆਪਣਾ ਮੂਲ, ਲਹਿਣਾ ਆਪਣੀ ਝੋਲੀ ਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸ਼ਬਦ ਸਿੰਘਾਸਣ ਦਏ ਸੁਹਾਇਆ। ਸ਼ਬਦ ਸਿੰਘਾਸਣ ਸਾਚੀ ਰਾਸ, ਥਿਰ ਘਰ ਸਾਚੇ ਆਪ ਟਿਕਾਈਆ। ਕਰਿਆ ਖੇਲ ਪੁਰਖ ਅਬਿਨਾਸ਼, ਵਡ ਵੱਡੀ ਵਡਿਆਈਆ। ਆਦਿ ਅੰਤ ਨਾ ਹੋਏ ਵਿਨਾਸ, ਨਾ ਕੋਈ ਮੇਟੇ ਮੇਟ ਮਿਟਾਈਆ। ਆਪੇ ਵਸਿਆ ਆਪਣੇ ਪਾਸ, ਆਪ ਆਪਣਾ ਸੰਗ ਰਖਾਈਆ। ਆਪਣੇ ਅੰਦਰ ਆਪੇ ਕਰਿਆ ਵਾਸ, ਅੰਦਰ ਬਾਹਰ ਆਪ ਹੋ ਜਾਈਆ। ਆਪਣਾ ਦੇਵੇ ਆਪ ਧਰਵਾਸ, ਆਪ ਆਪਣੀ ਧੀਰ ਧਰਾਈਆ। ਥਿਰ ਘਰ ਬੈਠ ਨਾ ਹੋਏ ਕਦੇ ਨਿਰਾਸ, ਸਰਬ ਗੁਣਾ ਭਰਪੂਰ ਵਡ ਦਾਤਾ ਬੇਪਰਵਾਹੀਆ। ਨਾ ਕੋਈ ਪਵਣ ਨਾ ਸਵਾਸ, ਨਿਰਗੁਣ ਜੋਤ ਇਕ ਰਖਾਈਆ। ਨਾ ਕੋਈ ਪ੍ਰਿਥਮੀ ਨਾ ਅਕਾਸ਼, ਗਗਨ ਮੰਡਲ ਨਾ ਕੋਇ ਜਣਾਈਆ। ਨਾ ਕੋਈ ਮੰਡਲ ਮੰਡਪ ਰਾਸ, ਸੂਰਜ ਚੰਨ ਨਾ ਕੋਈ ਚੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਥਿਰ ਘਰ ਸਾਚਾ ਇਕ ਸੁਹਾਈਆ। ਥਿਰ ਘਰ ਸਾਚਾ ਸਚ ਮੁਨਾਰਾ, ਹਰਿ ਸਾਚਾ ਆਪ ਸੁਹਾਇੰਦਾ। ਸਾਚਾ ਘਰ ਸੱਚਾ ਦਰਬਾਰਾ, ਸਚ ਸੁਲਤਾਨਾ ਆਸਣ ਲਾਇੰਦਾ। ਉਚ ਅਟੱਲਾ ਏਕੰਕਾਰਾ, ਅਕਲ ਕਲਾ ਅਖਵਾਇੰਦਾ। ਕਰੇ ਖੇਲ ਅਪਰ ਅਪਾਰਾ, ਪਾਰਬ੍ਰਹਮ ਭੇਵ ਨਾ ਪਾਇੰਦਾ। ਆਦਿ ਆਦਿ ਇਕ ਪਸਾਰਾ, ਏਕਾ ਏਕ ਕਰਾਇੰਦਾ। ਆਪ ਆਪਣਾ ਦਏ ਅਧਾਰਾ, ਆਪ ਆਪਣਾ ਵਿਚ ਟਿਕਾਇੰਦਾ। ਆਪ ਆਪਣਾ ਕਰ ਉਜਿਆਰਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਥਿਰ ਘਰ ਦੇਵੇ ਸਾਚਾ ਵਰ, ਸਚ ਮਹੱਲਾ ਸ਼ਬਦ ਸਿੰਘਾਸਣ ਆਦਿ ਪੁਰਖ ਖੇਲ ਅਬਿਨਾਸ਼ਨ, ਸਚ ਘਰ ਵਾਸ ਆਪ ਰਖਾਇੰਦਾ। ਵਸਿਆ ਘਰ ਹਰਿ ਮਿਹਰਵਾਨ, ਵੱਜੀ ਸਚ ਵਧਾਈਆ। ਪਰਗਟ ਹੋ ਸ੍ਰੀ ਭਗਵਾਨ, ਆਪਣੀ ਬਣਤ ਬਣਾਈਆ। ਆਪ ਝੁਲਾਇਆ ਆਪਣਾ ਸਤਿ ਨਿਸ਼ਾਨ, ਜੋਤੀ ਨੂਰ ਕਰੇ ਰੁਸ਼ਨਾਈਆ। ਸੱਤਾਂ ਰੰਗਾਂ ਵੇਖ ਵਖਾਨ, ਨਿਰਗੁਣ ਵੱਡੀ ਵਡਿਆਈਆ। ਘਰ ਬੈਠਾ ਆਪ ਆਪ ਮਿਹਰਵਾਨ, ਆਪ ਆਪਣੀ ਦਇਆ ਕਮਾਈਆ। ਕਰਿਆ ਖੇਲ ਇਕ ਮਹਾਨ, ਆਪਣੀ ਕਲ ਵਰਤਾਈਆ। ਆਪਣੇ ਅੰਦਰ ਆਪਣਾ ਧਰ ਗਿਆਨ, ਆਪਣੀ ਬੂਝ ਬੁਝਾਈਆ। ਸ਼ਬਦ ਤਖ਼ਤ ਬੈਠ ਸੁਲਤਾਨ, ਸਾਚਾ ਹੁਕਮ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਥਿਰ ਘਰ ਕਰਿਆ ਸਾਚਾ ਵੇਸ, ਆਪਣੀ ਕਰੇ ਆਪ ਅਦੇਸ, ਆਪੇ ਸਿਫ਼ਤ ਸਲਾਹੀਆ। ਸਿਫ਼ਤ ਸਲਾਹ ਸੱਚੀ ਸਰਕਾਰ, ਘਰ ਸਾਚੇ ਡੇਰਾ ਲਾਇਆ। ਆਪਣਾ ਬਣਿਆ ਆਪ ਮਲਾਹ ਬੇਐਬ ਪਰਵਰਦਿਗਾਰ, ਨਾਉਂ ਨਿਰੰਕਾਰ ਨਾਮ ਧਰਾਇਆ। ਇਕ ਅਕੱਲਾ ਏਕੰਕਾਰ, ਏਕਾ ਬੰਨ੍ਹੇ ਆਪਣੀ ਧਾਰ, ਏਕਾ ਮਾਰਗ ਰਿਹਾ ਵਖਾਇਆ। ਇਕ ਸਿਕਦਾਰ ਇਕ ਪਿਆਰ, ਇਕ ਵਿਹਾਰ ਏਕਾ ਰਿਹਾ ਦ੍ਰਿੜਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਚ ਸਿੰਘਾਸਣ ਸਾਚਾ ਮੀਤਾ, ਥਿਰ ਘਰ ਚਲਾਏ ਆਪਣੀ ਰੀਤਾ, ਆਪੇ ਬੈਠਾ ਸਦਾ ਅਤੀਤਾ, ਸਤਿ ਸੰਤੋਖ ਰਖਾਇਆ। ਸਦਾ ਅਤੀਤ ਗਹਿਰ ਸੁਖ ਸਾਗਰ, ਘਰ ਸਾਚੇ ਆਸਣ ਲਾਇੰਦਾ। ਆਪਣਾ ਕਰੇ ਆਪ ਉਜਾਗਰ, ਆਪ ਆਪਣੀ ਦਇਆ ਕਮਾਇੰਦਾ। ਆਪਣਾ ਬਣੇ ਆਪ ਸੌਦਾਗਰ, ਆਪਣਾ ਵਣਜ ਆਪ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣਾ ਘਰ ਆਪੇ ਵੇਖ ਵਖਾਇੰਦਾ। ਆਪਣਾ ਘਰ ਆਪੇ ਫੋਲ, ਆਪਣਾ ਗੜ੍ਹ ਖੁਲ੍ਹਾਈਆ। ਆਪਣੀ ਹੱਥੀਂ ਲੱਗਾ ਤੋਲਣ ਤੋਲ, ਸ਼ਬਦ ਸਿੰਘਾਸਣ ਡੇਰਾ ਲਾਈਆ। ਆਪਣਾ ਵਾਕ ਆਪੇ ਰਿਹਾ ਬੋਲ, ਏਕਾ ਏਕ ਵੱਡੀ ਵਡਿਆਈਆ। ਆਪ ਆਪਣਾ ਕਰਿਆ ਚੋਲ੍ਹ, ਆਪ ਆਪਣਾ ਸਖਾ ਸਖਾਈਆ। ਆਪ ਆਪਣੇ ਅੰਦਰ ਗਿਆ ਮੌਲ, ਆਪ ਆਪਣੇ ਵਿਚ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਥਿਰ ਘਰ ਸਾਚਾ ਇਕ ਸੁਹਾਈਆ। ਆਪਣਾ ਘਰ ਆਪ ਬਣਾਇਆ, ਆਪਣੀ ਦਇਆ ਕਮਾਇੰਦਾ। ਦਰ ਦਰਵਾਜਾ ਨਾ ਕੋਈ ਰਖਾਇਆ, ਨਾ ਕੋਈ ਬੰਦ ਕਰਾਇੰਦਾ। ਆਪਣਾ ਰਾਜ ਆਪ ਹੋ ਜਾਇਆ, ਆਪ ਆਪਣਾ ਅਦਲ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਚ ਸਿੰਘਾਸਣ ਸ਼ਾਹੋ ਭੂਪ ਸਾਚਾ ਨਾਮ ਧਰਾਇੰਦਾ। ਆਪ ਆਪਣਾ ਨਾਮ ਧਰ ਆਪਣਾ ਵੇਸ ਵਟਾਇਆ। ਆਪਣੀ ਕਰਨੀ ਆਪੇ ਕਰ ਆਪਣੀ ਕਿਰਿਆ ਵੇਖ ਵਖਾਇਆ। ਆਪਣਾ ਭਾਣਾ ਆਪੇ ਜਰ, ਆਪਣੇ ਭਾਣੇ ਵਿਚ ਸਮਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਥਿਰ ਘਰ ਬੈੈਠ ਨਿਰਗੁਣ ਆਸਣ ਲਾਇਆ। ਨਿਰਗੁਣ ਆਸ ਆਸਾਵੰਦ, ਏਕਾ ਆਸ ਰਖਾਈਆ। ਆਪਣਾ ਹੋਇਆ ਆਪ ਬਖ਼ਸ਼ਿੰਦ, ਆਪਣੀ ਬਖ਼ਸ਼ਿਸ਼ ਆਪ ਕਰਾਈਆ। ਆਪਣਾ ਖ਼ੁਸ਼ੀ ਕਰਾਇਆ ਬੰਦ ਬੰਦ, ਆਪਣੀ ਆਪ ਕਰੇ ਵਡਿਆਈਆ। ਆਪਣਾ ਆਪ ਸੁਣਾਇਆ ਸੁਹਾਗੀ ਛੰਦ, ਸਾਚਾ ਨਾਉਂ ਧਰਾਈਆ। ਸ਼ਬਦੀ ਸ਼ਬਦ ਮੁਕਿਆ ਪੰਧ, ਜੋਤੀ ਜੋਤ ਜਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਥਿਰ ਘਰ ਦੇਵੇ ਮਾਣ ਵਡਿਆਈਆ। ਥਿਰ ਘਰ ਨਾਤਾ ਪੁਰਖ ਬਿਧਾਤਾ, ਆਪਣਾ ਆਪ ਕਰਾਇਆ। ਆਪੇ ਬਣਿਆ ਪਿਤਾ ਮਾਤਾ, ਆਪ ਆਪਣੀ ਗੋਦ ਸੁਹਾਇਆ। ਆਪੇ ਬਖ਼ਸ਼ੇ ਆਪਣੀ ਦਾਤਾ, ਆਪ ਆਪਣੀ ਝੋਲੀ ਪਾਇਆ। ਆਪ ਰਖਾਏ ਆਪਣੀ ਉਤਮ ਜਾਤਾ, ਇਕ ਅਕੱਲਾ ਨਾਉਂ ਧਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣਾ ਲਹਿਣਾ ਆਪਣੀ ਝੋਲੀ ਪਾਇਆ। ਆਪੇ ਜੋਤੀ ਆਪੇ ਨਾਰੀ, ਆਪੇ ਜੋਗ ਕਮਾਇੰਦਾ। ਆਪੇ ਕੰਤਾ ਕੰਤ ਭਤਾਰੀ, ਆਪੇ ਸੇਜ ਹੰਢਾਇੰਦਾ। ਆਪੇ ਮੇਲਾ ਅਧਵਿਚਕਾਰੀ, ਆਪੇ ਜੋੜ ਜੁੜਾਇੰਦਾ। ਆਪ ਆਪਣਾ ਬਣ ਭੰਡਾਰੀ, ਅਤੁੱਟ ਨਾਮ ਰਖਾਇੰਦਾ। ਆਪਣੀ ਕਰੇ ਖੇਲ ਨਿਆਰੀ, ਜੋਗ ਜੁਗਤ ਇਕ ਜਣਾਇੰਦਾ। ਆਪਣਾ ਸ਼ਬਦ ਆਪਣੀ ਧੁਨਕਾਰੀ, ਆਪਣੀ ਆਪ ਅਲਾਇੰਦਾ। ਜੋਤੀ ਮਾਤਾ ਕਰ ਪਿਆਰੀ, ਸਾਚੀ ਗੋਦ ਬਿਠਾਇੰਦਾ। ਆਦਿ ਪੁਰਖ ਪਹਿਰੇਦਾਰੀ, ਸੇਵਕ ਸੇਵ ਕਮਾਇੰਦਾ। ਵੇਖਣਹਾਰਾ ਨਰ ਨਿਰੰਕਾਰੀ, ਨਿਰਗੁਣ ਵੇਸ ਵਟਾਇੰਦਾ। ਚੋਗ ਚੁਗਾਏ ਸਿਰਜਣਹਾਰੀ, ਸਾਚਾ ਸੀਰ ਪਿਲਾਇੰਦਾ। ਆਦਿ ਸ਼ਕਤ ਜਾਏ ਵਾਰੀ, ਸਾਚਾ ਸਗਨ ਮਨਾਇੰਦਾ। ਆਪੇ ਵਸਿਆ ਸਭ ਤੋਂ ਬਾਹਰੀ, ਭੇਵ ਕੋਈ ਨਾ ਪਾਇੰਦਾ। ਥਿਰ ਘਰ ਤੇਰੀ ਸਚ ਅਟਾਰੀ, ਸ਼ਬਦ ਸਿੰਘਾਸਣ ਆਪ ਸੁਹਾਇੰਦਾ। ਸ਼ਬਦ ਸੁਤ ਉਠਾਏ ਵਡ ਬਲਕਾਰੀ, ਘਰ ਸਾਚੇ ਜਨਮ ਦਵਾਇੰਦਾ। ਅੰਮ੍ਰਿਤ ਦੇਵੇ ਠੰਡੀ ਠਾਰੀ, ਚਰਨੋਦਕ ਮੁਖ ਰਖਾਇੰਦਾ। ਏਕਾ ਬਖ਼ਸ਼ੇ ਸਚ ਸਿਕਦਾਰੀ, ਸਾਚੇ ਮਾਰਗ ਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਾਚੀ ਸਿਖਿਆ ਆਪਣਾ ਲੇਖਾ ਆਪੇ ਲਿਖਿਆ, ਸ਼ਬਦ ਸੁਤ ਦੁਲਾਰ ਕਰ ਪਿਆਰ ਹਰਿ ਨਿਰੰਕਾਰ ਏਕਾ ਝੋਲੀ ਪਾਇੰਦਾ। ਸ਼ਬਦ ਸੁਤ ਕਰ ਦੁਲਾਰਾ, ਹਰਿ ਸਾਚੇ ਖ਼ੁਸ਼ੀ ਮਨਾਈਆ। ਥਿਰ ਘਰ ਸੁਹਾਇਆ ਸਚ ਮੁਨਾਰਾ, ਜੋਤੀ ਮਾਤ ਸਗਨ ਕਰਾਈਆ। ਆਦਿ ਅੰਤ ਦੇਵੇ ਇਕ ਪਿਆਰਾ, ਏਕਾ ਮੁਖ ਸਲਾਹੀਆ। ਏਕਾ ਰੰਗ ਰੰਗੇ ਰੰਗਣਹਾਰਾ, ਉਤਰ ਕਦੇ ਨਾ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਾਚੇ ਸੁਤ ਦੇਵੇ ਵਰ, ਸਾਰ ਸ਼ਬਦ ਨਾਉਂ ਧਰਾਈਆ। ਸਾਰ ਸ਼ਬਦ ਤੇਰੀ ਧਾਰ, ਹਰਿ ਸਾਚੇ ਆਪ ਬਣਾਈਆ। ਨਾ ਕੋਈ ਦੂਸਰ ਕਰੇ ਵਿਚਾਰ, ਭੇਵ ਕੋਈ ਨਾ ਪਾਈਆ। ਏਕਾ ਦੂਆ ਇਕ ਪਿਆਰ, ਏਕਾ ਘਰ ਸੁਹਾਈਆ। ਏਕਾ ਪੁਰਖ ਏਕਾ ਨਾਰ, ਏਕਾ ਗੋਤ ਹੋਈ ਕੁੜਮਾਈਆ। ਏਕਾ ਪੂਤ ਹੋਇਆ ਉਜਿਆਰ, ਏਕਾ ਸੂਤ ਤੰਦ ਬੰਧਾਈਆ। ਚਾਰੇ ਕੂਟ ਵੇਖ ਵਿਚਾਰ, ਦਹਿ ਦਿਸ਼ਾ ਫੇਰੀ ਪਾਈਆ। ਪੁਰਖ ਅਬਿਨਾਸ਼ੀ ਗਿਆ ਤੁਠ, ਥਿਰ ਘਰ ਸੱਚੀ ਸਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣੇ ਨਾਮ ਆਪੇ ਦਏ ਵਡਿਆਈਆ। ਸ਼ਬਦ ਸੁਤ ਸਾਚਾ ਲਾੜਾ, ਪ੍ਰਭ ਸਾਚੇ ਆਪ ਬਣਾਇਆ। ਥਿਰ ਘਰ ਵੇਖੇ ਸਚ ਅਖਾੜਾ, ਪੁਰਖ ਅਬਿਨਾਸ਼ੀ ਮੰਗਲ ਗਾਇਆ। ਏਕਾ ਘਰ ਏਕਾ ਵਰ ਏਕਾ ਹਰਿ ਏਕਾ ਅੰਦਰ ਵੜ, ਨਾ ਕੋਈ ਦੂਜਾ ਮੁਖ ਭਵਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਦਿਤਾ ਸਾਚਾ ਵਰ, ਸਾਚੇ ਸੁਤ ਸ਼ਬਦ ਸੁਲਤਾਨ, ਪੁਰਖ ਅਬਿਨਾਸ਼ੀ ਹੋ ਮਿਹਰਵਾਨ, ਆਪਣਾ ਦੇਵੇ ਹਰਿ ਫ਼ਰਮਾਣ, ਆਪ ਆਪਣੀ ਦਇਆ ਕਮਾਇਆ। ਆਪੇ ਦੇਵੇ ਧੁਰ ਫ਼ਰਮਾਨਾ, ਆਪੇ ਕਰੇ ਜਣਾਈਆ। ਥਿਰ ਘਰ ਬੈਠ ਸ੍ਰੀ ਭਗਵਾਨਾ, ਸੁਤ ਸ਼ਬਦ ਰਿਹਾ ਸੁਣਾਈਆ। ਏਕਾ ਬੰਨੇ ਸਾਚਾ ਗਾਨਾ, ਸਾਚਾ ਸਗਨ ਮਨਾਈਆ। ਏਕਾ ਰਾਗ ਇਕ ਤਰਾਨਾ, ਏਕਾ ਰਿਹਾ ਸੁਣਾਈਆ। ਏਕਾ ਦਾਤਾ ਬੀਨਾ ਦਾਨਾ, ਏਕਾ ਭਿਛਿਆ ਝੋਲੀ ਪਾਈਆ। ਏਕਾ ਰੱਖੇ ਠਾਂਡਾ ਸੀਨਾ, ਸਾਂਤਕ ਸਤਿ ਵਰਤਾਈਆ। ਸਤਿ ਪੁਰਖ ਨਿਰੰਜਣ ਏਕਾ ਰੰਗ ਭੀਨਾ, ਏਕਾ ਰੂਪ ਵਖਾਈਆ। ਆਦਿ ਜੁਗਾਦਿ ਜੁਗ ਜੁਗ ਏਕਾ ਨਾਉਂ ਰਸਨਾ ਚੀਨਾ, ਏਕਾ ਹੋਏ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਪੁਰਖ ਅਗੰਮ ਅਲਖ ਨਿਰੰਜਣ ਸੁਤ ਸੁਤੇ ਹੱਥ ਵਡਿਆਈਆ। ਸਤਿ ਪੁਰਖ ਹਰਿ ਕਰਨੇਜੋਗ, ਕਰਨਹਾਰ ਅਖਵਾਇਆ। ਇਕ ਵਖਾਏ ਸਾਚਾ ਜੋਗ, ਸਾਚੇ ਸੁਤ ਸਮਝਾਇਆ। ਮੇਰਾ ਤੇਰਾ ਧੁਰ ਸੰਜੋਗ, ਵਿਛੜ ਕਦੇ ਨਾ ਜਾਇਆ। ਹਰਿ ਦਵਾਰੇ ਦਰਸ ਅਮੋਘ, ਦਰਸੀ ਦਰਸਨ ਪਾਇਆ ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਪੁਰਖ ਅਬਿਨਾਸ਼ੀ ਦਿਤਾ ਵਰ, ਸਾਚਾ ਸ਼ਬਦ ਹੋਏ ਸਰਨਾਇਆ। ਸ਼ਬਦ ਸੁਤ ਕਰ ਨਿਮਸਕਾਰ, ਨੇਤਰ ਨੀਰ ਵਹਾਇੰਦਾ। ਪੁਰਖ ਅਬਿਨਾਸ਼ੀ ਤੇਰਾ ਸਚ ਪਿਆਰ, ਏਕਾ ਧਾਰ ਚਲਾਇੰਦਾ। ਵਿਛੜ ਨਾ ਜਾਏ ਰੂਪ ਕਰਤਾਰ, ਦੋਏ ਧਾਰ ਨਾ ਹੋਰ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸ਼ਬਦ ਸੁਤ ਦੇਵੇ ਵਰ, ਤੇਰੀ ਵੰਡ ਵੰਡਾਇੰਦਾ। ਸ਼ਬਦ ਸੁਤ ਵੰਡੀ ਵੰਡ, ਹਰਿ ਸਾਚੇ ਆਪ ਵੰਡਾਈਆ। ਆਪਣਾ ਰੰਗ ਆਪੇ ਕਰਿਆ ਖੰਡ, ਆਪਣਾ ਆਪ ਕਟਾਈਆ। ਆਪਣੀ ਸੇਜਾ ਆਪੇ ਗਿਆ ਹੰਢ, ਆਪਣਾ ਮਾਣ ਧਰਾਈਆ। ਆਪਣੀ ਵੇਖਣਹਾਰਾ ਆਪੇ ਕੰਡ, ਆਪ ਆਪਣਾ ਮੁਖ ਭੁਆਈਆ। ਸ਼ਬਦ ਸੁਤ ਵਸਿਆ ਸਚਖੰਡ, ਸਚਖੰਡ ਵੱਡੀ ਵਡਿਆਈਆ। ਸਚਖੰਡ ਹਰਿ ਦਵਾਰਾ, ਏਕਾ ਏਕ ਰਘੁਰਾਇਆ। ਸ਼ਬਦ ਸੁਤ ਕਰ ਪਿਆਰਾ, ਸਾਚੀ ਸੇਵਾ ਲਾਇਆ। ਏਕਾ ਨਾਦ ਏਕਾ ਧੁੰਨਕਾਰਾ, ਏਕਾ ਮੰਗਲ ਗਾਇਆ। ਏਕਾ ਸੁਣੇ ਸੁਨਣੇਹਾਰਾ, ਸਮਰਥ ਪੁਰਖ ਨਾਉਂ ਧਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਚ ਦਵਾਰਾ ਭਰ ਭੰਡਾਰਾ, ਆਪ ਆਪਣਾ ਰਿਹਾ ਵਰਤਾਇਆ। ਭਰਿਆ ਨਾਮ ਹਰਿ ਭੰਡਾਰ, ਸ਼ਬਦ ਗਿਆਨ ਦ੍ਰਿੜਾਇਆ। ਸਚ ਗਿਆਨ ਕਰ ਪਰਧਾਨ, ਆਪਣੇ ਅੰਦਰ ਆਪ ਵਸਾਇਆ। ਆਪਣੀ ਪਾਏ ਆਪੇ ਆਣ, ਆਪ ਆਪਣਾ ਰਿਹਾ ਮਨਾਇਆ। ਆਪਣਾ ਰਾਗ ਸੁਣਾਏ ਆਪਣੇ ਕਾਨ, ਆਪ ਆਪਣੀ ਰਸਨਾ ਗਾਇਆ। ਆਪ ਆਪਣਾ ਦੇਵੇ ਧੁਰ ਫ਼ਰਮਾਣ, ਧੁਰ ਦੀ ਬਾਣ ਰਖਾਇਆ। ਆਪ ਆਪਣਾ ਕਰ ਪਰਧਾਨ, ਆਪ ਆਪਣਾ ਹੁਕਮ ਚਲਾਇਆ। ਸ਼ਬਦ ਸੁਤ ਉਠ ਬਲਵਾਨ, ਪ੍ਰਭ ਸਾਚਾ ਰਿਹਾ ਜਗਾਇਆ। ਤੇਰਾ ਰੂਪ ਸਚ ਨਿਸ਼ਾਨ, ਸਤਿ ਸਤਿ ਅਖਵਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਖੇਲ ਆਪੇ ਕਰ, ਕਰਨਹਾਰ ਕਰਤਾ ਆਪ ਅਖਵਾਇਆ। ਸਦ ਬਲਹਾਰ ਹਰਿ ਭਗਵਾਨ, ਭਗਵਨ ਨਾਉਂ ਧਰਾਇਆ। ਸਚਖੰਡ ਸਚ ਨਿਸ਼ਾਨ, ਸਾਚਾ ਆਪ ਉਠਾਇਆ। ਸਚਖੰਡ ਸਚ ਧਿਆਨ, ਹਰਿ ਸਾਚੇ ਆਪ ਲਗਾਇਆ। ਸਚਖੰਡ ਸਚ ਗਿਆਨ, ਹਰਿ ਸਾਚੇ ਆਪ ਦ੍ਰਿੜਾਇਆ। ਸਚਖੰਡ ਸਚ ਵਿਧਾਨ, ਹਰਿ ਸਾਚੇ ਆਪ ਬਣਾਇਆ। ਸਚਖੰਡ ਕਰ ਪਰਵਾਨ, ਹਰਿ ਸਾਚੇ ਹੁਕਮ ਸੁਣਾਇਆ। ਸਚਖੰਡ ਸਚ ਦੀਬਾਣ, ਹਰਿ ਸਾਚਾ ਰਿਹਾ ਚਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਮੇਲਾ ਮੇਲ ਮਿਲਾਇਆ। ਸਚਖੰਡ ਸਾਚਾ ਜੋਰ, ਹਰਿ ਸਾਚੇ ਵਿਚ ਸਮਾਇਆ। ਸਚਖੰਡ ਸਚ ਘਨਘੋਰ, ਹਰਿ ਸਾਚਾ ਰਿਹਾ ਸੁਣਾਇਆ। ਸਚਖੰਡ ਅਵਰ ਨਾ ਦੀਸੇ ਹੋਰ, ਹਰਿ ਸਾਚਾ ਨਜ਼ਰੀ ਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਰੂਪ ਹਰਿ ਨਿਰੰਕਾਰ, ਆਪਣਾ ਰੂਪ ਸਮਾਇਆ। ਸਚਖੰਡ ਸਾਚੀ ਜੋਤ, ਸਾਚੇ ਸਚ ਵਰਤਾਈਆ। ਨਾ ਕੋਈ ਵਰਨ ਨਾ ਕੋਈ ਗੋਤ, ਨਾ ਕੋਈ ਬੰਧਨ ਬੰਧ ਬੰਧਾਈਆ। ਸਚਖੰਡ ਸਾਚੀ ਚੋਟ, ਸ਼ਬਦ ਨਗਾਰੇ ਆਪ ਲਗਾਈਆ। ਸਚਖੰਡ ਨਾਮ ਭੰਡਾਰ ਸਦਾ ਅਤੋਟ, ਹਰਿ ਸਾਚਾ ਰਿਹਾ ਭਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਚ ਵਰਤੰਤਾ ਹਰਿ ਭਗਵੰਤਾ, ਏਕਾ ਏਕ ਅਖਵਾਈਆ। ਸਚਖੰਡ ਸਚ ਭੰਡਾਰਾ, ਹਰਿ ਸਾਚੇ ਆਪ ਭਰਾਇਆ। ਸਚਖੰਡ ਸਚ ਵਰਤਾਰਾ, ਸਚ ਸੱਚਾ ਰਿਹਾ ਵਰਤਾਇਆ। ਸਚਖੰਡ ਸਚ ਦਾਤਾਰਾ, ਸਿਰਜਣਹਾਰ ਆਪ ਅਖਵਾਇਆ। ਸਚਖੰਡ ਸਚ ਵਿਹਾਰਾ, ਸਾਚੀ ਸੇਵਕ ਸੇਵ ਕਮਾਇਆ। ਸਚਖੰਡ ਰੂਪ ਅਗੰਮ ਅਪਾਰਾ, ਸਤਿ ਸਰੂਪ ਸਮਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਘਰ ਸਾਚਾ ਇਕ ਵਸਾਇਆ। ਸਚਖੰਡ ਸਚ ਪਰਕਾਸ਼, ਹਰਿ ਸਾਚਾ ਆਪ ਕਰਾਇੰਦਾ। ਆਪੇ ਜਾਣੇ ਆਪਣੀ ਰਾਸ, ਆਪੇ ਵੇਖ ਵਖਾਇੰਦਾ। ਸਚਖੰਡ ਹਰਿ ਸ਼ਾਹੋ ਸ਼ਬਾਸ, ਸਚ ਸਿੰਘਾਸਣ ਆਸਣ ਲਾਇੰਦਾ। ਆਦਿ ਅੰਤ ਨਾ ਹੋਏ ਵਿਨਾਸ, ਏਕਾ ਰੰਗ ਰੰਗਾਇੰਦਾ। ਸਚਖੰਡ ਸਰਬ ਗੁਣ ਤਾਸ, ਸਰਬ ਕਲ ਧਰਾਇੰਦਾ। ਆਪੇ ਪੂਰੀ ਕਰੇ ਆਪਣੀ ਆਸ, ਇੱਛਾ ਪੂਰਨ ਆਪ ਹੋ ਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਚਖੰਡ ਸਚ ਮਹੱਲਾ ਆਪੇ ਵਸਿਆ ਇਕ ਅਕੱਲਾ ਆਪ ਆਪਣਾ ਸੰਗ ਨਿਭਾਇੰਦਾ। ਇਕ ਅਕੱਲਾ ਏਕਾ ਧਾਰ, ਏਕਾ ਰੰਗ ਰੰਗਾਈਆ। ਸਚਖੰਡ ਹਰਿ ਕਰ ਪਿਆਰ, ਸਚ ਸਮਗਰੀ ਰਿਹਾ ਟਿਕਾਈਆ। ਸਚ ਸਮਗਰੀ ਅਪਰ ਅਪਾਰ, ਆਪ ਆਪਣੀ ਰਿਹਾ ਉਪਾਈਆ। ਆਪੇ ਵੇਖੇ ਵੇਖਣਹਾਰ, ਮਹਿਮਾ ਅਗਣਤ ਗਣੀ ਨਾ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਰਾਗ ਆਪੇ ਰਿਹਾ ਅਲਾਈਆ। ਸਚਖੰਡ ਸਚ ਧੁਨਕਾਰਾ, ਹਰਿ ਸਾਚਾ ਨਾਦ ਵਜਾਇੰਦਾ। ਪੁਰਖ ਅਬਿਨਾਸ਼ੀ ਸੁਨਣੇਹਾਰਾ, ਇਕ ਧਿਆਨ ਜਣਾਇੰਦਾ। ਆਪਣੇ ਗੁਣ ਆਪੇ ਸੁਣਨੇਹਾਰਾ, ਗੁਣਵੰਤਾ ਨਾਉਂ ਧਰਾਇੰਦਾ। ਆਪ ਆਪਣਾ ਚੁਣਨੇਹਾਰਾ, ਆਪ ਆਪਣੀ ਚੋਣ ਕਰਾਇੰਦਾ। ਆਪ ਆਪਣਾ ਛਾਣ ਪੁਣ ਕਰਨੇਹਾਰਾ, ਆਪ ਆਪਣਾ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣਾ ਲੇਖਾ ਆਪੇ ਕੱਢੇ ਭਰਮ ਭੁਲੇਖਾ ਆਪੇ ਲੇਖ ਲਿਖਾਇੰਦਾ। ਆਪਣਾ ਲੇਖਾ ਆਪੇ ਲਿਖ, ਆਪਣੀ ਰਚਨ ਰਚਾਈਆ। ਆਪਣੀ ਵਿਦਿਆ ਆਪੇ ਸਿਖ, ਆਪੇ ਕਰੇ ਪੜ੍ਹਾਈਆ। ਆਪਣੀ ਨਿਧਿਆ ਆਪੇ ਪਾਏ ਭਿਖ, ਆਪੇ ਰਿਹਾ ਭਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਚਖੰਡ ਦਵਾਰਾ ਹਰਿ ਨਿਰੰਕਾਰਾ ਏਕਾ ਘਰ ਵਸਾਈਆ। ਆਪਣੀ ਭਿਖਿਆ ਆਪੇ ਪਾ, ਆਪਣਾ ਦਰ ਸੁਹਾਇਆ। ਆਪਣਾ ਲਿਖਿਆ ਵੇਖ ਵਖਾ, ਵਾਹ ਵਾਹ ਮੰਗਲ ਗਾਇਆ। ਆਪ ਆਪਣੀ ਰਚਨ ਰਚਾ, ਆਪ ਆਪਣੇ ਵਿਚ ਟਿਕਾਇਆ। ਆਪ ਆਪਣਾ ਗੜ੍ਹ ਸੁਹਾ, ਆਪ ਆਪਣਾ ਆਸਣ ਲਾਇਆ। ਆਪੇ ਬੈਠਾ ਬੇਪਰਵਾਹ, ਬੇਅੰਤ ਨਾਮ ਧਰਾਇਆ। ਊਚ ਅਗੰਮ ਅਗੰਮ ਅਥਾਹ, ਪਾਰਬ੍ਰਹਮ ਬੇਅੰਤ ਰੂਪ ਵਟਾਇਆ। ਆਪ ਸੁਹਾਏ ਆਪਣਾ ਥਾਂ, ਆਪ ਆਪਣਾ ਆਸਣ ਲਾਇਆ। ਸਚਖੰਡ ਰਖਾਏ ਸਾਚਾ ਨਾਂ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਨਾਮ ਉਪਾਇਆ। ਆਪ ਆਪਣਾ ਨਾਉਂ ਉਪਾਏ, ਆਪਣੀ ਅਵਾਜ਼ ਲਗਾਈਆ। ਆਪ ਆਪਣਾ ਕਾਮ ਕਰਾਏ, ਆਪੇ ਰਿਹਾ ਸੁਣਾਈਆ। ਆਪ ਆਪਣਾ ਰਾਜ ਕਮਾਏ, ਆਪੇ ਬੈਠਾ ਸ਼ਹਿਨਸ਼ਾਹੀਆ। ਆਪ ਆਪਣਾ ਸੀਸ ਸੁਹਾਏ, ਏਕਾ ਤਾਜ ਰਿਹਾ ਸੁਹਾਈਆ। ਆਪ ਆਪਣੀ ਰੀਝ ਕਰਾਏ, ਆਪਣਾ ਸ਼ੰਗਾਰ ਆਪਣੇ ਹੱਥ ਰਖਾਈਆ। ਆਪ ਆਪਣੀ ਦਰ ਦਲੀਜ਼ ਸੁਹਾਏ, ਸਚਖੰਡ ਦਵਾਰਾ ਖੋਲ੍ਹੇ ਬੇਪਰਵਾਹੀਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਘਰ ਬੈਠਾ ਅਲਖ ਜਗਾਈਆ। ਸਚਖੰਡ ਦਵਾਰਾ ਅਪਰ ਅਪਾਰਾ, ਏਕਾ ਅਲਖ ਜਗਾਇੰਦਾ। ਆਪੇ ਮੰਗੇ ਬਣ ਭਿਖਾਰਾ, ਦਰ ਦਰਵੇਸ਼ਾ ਨਾਉਂ ਧਰਾਇੰਦਾ। ਆਪੇ ਹੋਇਆ ਦੇਵਣਹਾਰਾ, ਆਪੇ ਵੰਡ ਵੰਡਾਇੰਦਾ। ਆਪ ਆਪਣਾ ਸੇਵਣਹਾਰਾ, ਆਪ ਆਪਣਾ ਨਾਉਂ ਧਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਚਖੰਡ ਪਸਾਰਾ ਕਰ ਨਿਰੰਕਾਰਾ, ਆਪਣੀ ਧਾਰਾ ਆਪ ਚਲਾਇੰਦਾ। ਸਚਖੰਡ ਸਾਚੀ ਰੁੱਤ, ਹਰਿ ਸਾਚੇ ਆਪ ਸੁਹਾਈਆ। ਆਪੇ ਵੇਖੇ ਪਾਰਬ੍ਰਹਮ ਅਬਿਨਾਸ਼ੀ ਅਚੁੱਤ, ਪਰਮ ਪੁਰਖ ਵੱਡੀ ਵਡਿਆਈਆ। ਮੇਲ ਮਿਲਾਵਾ ਸਾਚੇ ਸੁੱਤ, ਸੋਇਆ ਪੂਤ ਉਠਾਈਆ। ਆਪੇ ਗਿਆ ਘਰ ਸਾਚੇ ਤੁਠ, ਏਕਾ ਵਸਤ ਝੋਲੀ ਪਾਈਆ। ਏਕਾ ਨਾਮ ਏਕਾ ਮੁੱਠ, ਏਕਾ ਰਿਹਾ ਵਰਤਾਈਆ। ਏਕ ਪਿਆਏ ਸਾਚਾ ਘੁੱਟ, ਅੰਮ੍ਰਿਤ ਮੁਖ ਚੁਆਈਆ। ਆਦਿ ਅੰਤ ਨਾਤਾ ਨਾ ਜਾਏ ਤੁੱਟ, ਹਰਿ ਜੋੜੀ ਜੋੜ ਜੁੜਾਈਆ। ਜੋਤੀ ਸ਼ਬਦ ਮੇਲ ਨਾ ਜਾਏ ਛੁੱਟ, ਕਰੀ ਨਾਮ ਸੱਚੀ ਕੁੜਮਾਈਆ। ਆਪਣਾ ਘਰ ਆਪੇ ਲੁੱਟ, ਆਪਣੀ ਖੇਲ ਕਰਾਈਆ। ਆਪਣੇ ਅੰਦਰੋਂ ਆਪੇ ਬਾਹਰ ਰਿਹਾ ਸੁੱਟ, ਇਕ ਉਛਾਲਾ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਚ ਦਵਾਰਾ ਸਾਚਾ ਬੰਕ, ਬੰਕ ਦਵਾਰੀ ਆਪ ਸੁਹਾਈਆ। ਸਾਚਾ ਦਰ ਹਰਿ ਹਰਿ ਬੰਕ, ਏਕਾ ਏਕ ਸੁਹਾਇੰਦਾ। ਆਪੇ ਰਾਓ ਆਪੇ ਰੰਕ, ਰਾਜ ਰਾਜਾਨ ਆਪ ਅਖਵਾਇੰਦਾ। ਆਪ ਆਪਣੀ ਲਾਏ ਤਣਕ, ਆਪੇ ਹੁਕਮ ਸੁਣਾਇੰਦਾ। ਆਪੇ ਖੇਲੇ ਖੇਲ ਅਨੇਕ ਅਨਕ, ਅਨਕ ਕਲਧਾਰੀ ਆਪ ਹੋ ਜਾਇੰਦਾ। ਆਪੇ ਮੇਟੇ ਆਪਣੀ ਸ਼ੰਕ, ਆਪਣਾ ਸਹਿਸਾ ਆਪ ਚੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਚਖੰਡ ਵਾਸੀ ਪੁਰਖ ਅਬਿਨਾਸ਼ੀ ਘਰ ਆਪਣਾ ਵੇਖ ਵਖਾਇੰਦਾ। ਸਾਚੇ ਘਰ ਸਚ ਟਿਕਾਨਾ, ਹਰਿ ਸਾਚੇ ਆਪ ਸੁਹਾਇਆ। ਸ਼ਬਦ ਸੁਤ ਕਰ ਪਰਧਾਨਾ, ਨਾਮਾ ਨਾਮ ਚਲਾਇਆ। ਆਪਣੀ ਹੱਥੀਂ ਬੱਧਾ ਗਾਨਾ, ਸਾਚਾ ਸਗਨ ਮਨਾਇਆ। ਏਕਾ ਦਿਤਾ ਧੁਰ ਫ਼ਰਮਾਨਾ, ਏਕਾ ਰਾਗ ਸੁਣਾਇਆ। ਏਕਾ ਰਾਗ ਸਾਚਾ ਗਾਣਾ, ਏਕਾ ਤਾਲ ਵਜਾਇਆ। ਏਕਾ ਪਦ ਪਦ ਨਿਰਬਾਨਾ, ਏਕਾ ਧਾਮ ਸੁਹਾਇਆ। ਏਕਾ ਧਰਮ ਧੁਰ ਨਿਸ਼ਾਨਾ, ਏਕਾ ਰਿਹਾ ਚਲਾਇਆ। ਏਕਾ ਗਿਆਨ ਚਰਨ ਧਿਆਨਾ, ਏਕਾ ਏਕ ਲਿਵ ਲਾਇਆ। ਏਕਾ ਏਕ ਕਰ ਪਰਵਾਨਾ, ਏਕਾ ਹੁਕਮ ਸੁਣਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਚਖੰਡ ਹਰਿ ਲਿਆ ਵਰ, ਸੁਤ ਸਾਚਾ ਸੇਵਾ ਲਾਇਆ। ਸਾਚਾ ਸੁਤ ਉਠ ਬਲਵਾਨ, ਹਰਿ ਸਾਚੇ ਤਨ ਸ਼ੰਗਾਰਿਆ। ਅੱਠੇ ਪਹਿਰ ਰਹਿਣਾ ਨੌਜਵਾਨ, ਗੁਰ ਪੂਰਾ ਦਏ ਸਹਾਰਿਆ। ਏਕਾ ਦੇਵੇ ਸਚ ਬਿਬਾਨ, ਧੁਰਦਰਗਾਹੀ ਕਾਜ ਸਵਾਰਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪੇ ਦੇਵਣਹਾਰਾ ਵਰ, ਆਪਣਾ ਕਾਰਜ ਆਪ ਕਰਾ ਰਿਹਾ। ਸੁਤ ਸ਼ਬਦ ਕਰ ਪਰਵਾਨਾ, ਏਕ ਸੀਸ ਨਿਵਾਇੰਦਾ। ਪੁਰਖ ਅਬਿਨਾਸ਼ੀ ਹੋ ਮਿਹਰਵਾਨਾ, ਏਕਾ ਰਾਹ ਵਖਾਇੰਦਾ। ਤੇਰਾ ਮੇਰਾ ਖੇਲ ਮਹਾਨਾ, ਨਾ ਕੋਈ ਵੇਖ ਵਖਾਇੰਦਾ। ਏਕਾ ਘਰ ਇਕ ਟਿਕਾਣਾ, ਏਕਾ ਧਾਮ ਸੁਹਾਇੰਦਾ। ਏਕਾ ਗੁਣ ਹਰਿ ਪਛਾਣਾ, ਅਵਗੁਣ ਨਾ ਕੋਈ ਜਣਾਇੰਦਾ। ਏਕਾ ਦਾਤਾ ਬੀਨਾ ਦਾਨਾ, ਦਾਨਾ ਬੀਨਾ ਆਪ ਅਖਵਾਇੰਦਾ। ਏਕਾ ਦੇਵੇ ਪੀਣਾ ਖਾਣਾ, ਅੰਮ੍ਰਿਤ ਜਾਮ ਪਿਆਇੰਦਾ। ਏਕਾ ਕਰੇ ਠਾਂਡਾ ਸੀਨਾ, ਏਕਾ ਲਿਵ ਧਰਾਇੰਦਾ। ਏਕਾ ਜਲ ਏਕਾ ਮੀਨਾ, ਇਕ ਪਿਆਰ ਸਮਾਇੰਦਾ। ਏਕਾ ਅੱਖਰ ਵੱਖ ਕੀਨਾ, ਏਕਾ ਵਿਚ ਟਿਕਾਇੰਦਾ। ਏਕਾ ਨਾਮ ਏਕਾ ਚੀਨਾ, ਏਕਾ ਗੁਣ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸ਼ਬਦ ਸੁਤ ਕਰ ਪਰਵਾਨ, ਏਕਾ ਏਕ ਰਾਹ ਵਖਾਇੰਦਾ।
