Granth 07 Likhat 049: 18 Sawan 2015 Bikarmi Gurmukh Singh de Ghar Pind Bhalai Pur

੧੮ ਸਾਵਣ ੨੦੧੫ ਬਿਕ੍ਰਮੀ ਗੁਰਮੁਖ ਸਿੰਘ ਦੇ ਘਰ ਭਲਾਈ ਪੁਰ

ਹਰਿ ਠਾਕਰ ਅਬਿਨਾਸ਼, ਹਰਿ ਹਰਿ ਨਾਮ ਧਿਆਇਆ। ਆਦਿ ਅੰਤ ਨਾ ਜਾਏ ਵਿਨਾਸ, ਏਕਾ ਰੰਗ ਸਮਾਇਆ। ਆਪ ਆਪਣੇ ਵਸਿਆ ਪਾਸ, ਨਾ ਕੋਈ ਦੂਸਰ ਸੰਗ ਰਖਾਇਆ। ਆਪ ਆਪਣੀ ਵੇਖੇ ਰਾਸ, ਆਪ ਆਪਣਾ ਮੰਡਲ ਅੱਗੇ ਟਿਕਾਇਆ। ਆਪ ਆਪਣੇ ਘਰ ਕਰਿਆ ਵਾਸ, ਸ਼ਾਹੋ ਭੂਪ ਨਾਮ ਧਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਜੋਤੀ ਨੂਰ ਜਗਾਇਆ। ਜੋਤੀ ਨੂਰ ਹਰਿ ਕਰਤਾਰ, ਅਕਲ ਕਲਾ ਸਮਾਇੰਦਾ। ਖੇਲੇ ਖੇਲ ਅਗੰਮ ਅਪਾਰ, ਅਭੇਵ ਅਭੇਦਾ ਭੇਵ ਛੁਪਾਇੰਦਾ। ਆਦਿ ਨਿਰੰਜਣ ਨਰ ਨਿਰੰਕਾਰ, ਵੇਸ ਅਵੇਸਾ ਵੇਸ ਵਟਾਇੰਦਾ। ਪਾਰਬ੍ਰਹਮ ਖੇਲ ਅਪਾਰ, ਖੇਲਣਹਾਰ ਦਿਸ ਨਾ ਆਇੰਦਾ। ਜੁਗ ਜੁਗ ਜਾਣੇ ਆਪਣੀ ਧਾਰ, ਧਰਨੀ ਧਾਰ ਆਪ ਚਲਾਇੰਦਾ। ਇਕ ਅਕੱਲਾ ਏਕੰਕਾਰ, ਆਪਣੀ ਕਲ ਵਰਤਾਇੰਦਾ। ਸਚ ਘਰ ਹੋ ਤਿਆਰ, ਸਚ ਸਿੰਘਾਸਣ ਆਸਣ ਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣੇ ਦਰ ਆਪਣਾ ਮੰਗਲ ਆਪਣੀ ਰਸਨਾ ਆਪੇ ਗਾਇੰਦਾ। ਆਪਣਾ ਦਰ ਹਰਿ ਆਪ ਸੁਹਾ, ਆਪ ਆਪਣੀ ਜੋਤ ਜਗਾਈਆ। ਆਪਣਾ ਦਰਸ ਆਪੇ ਪਾ, ਆਪੇ ਕਰੇ ਸਿਫ਼ਤ ਸਲਾਹੀਆ। ਆਪਣਾ ਤਖ਼ਤ ਆਪਣਾ ਚਰਨ ਟਿਕਾ, ਆਪੇ ਬੈਠੇ ਬੇਪਰਵਾਹੀਆ। ਆਪਣਾ ਬਚਨ ਆਪੇ ਦਏ ਸੁਣਾ, ਸ਼ਬਦ ਸ਼ਬਦੀ ਨਾਉਂ ਧਰਾਈਆ। ਏਕਾ ਗੜ੍ਹ ਲਏ ਰਚਾ, ਥਿਰ ਘਰ ਵੇਖ ਵਖਾਈਆ। ਰੂਪ ਰੰਗ ਕੋਈ ਜਾਣੇ ਨਾ, ਲੇਖਾ ਲਿਖਤ ਵਿਚ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਖੇਲੇ ਖੇਲ ਖੇਲਣਹਾਰ ਆਪ ਅਖਵਾਈਆ। ਖੇਲਣਹਾਰ ਸਰਬ ਹਰਿ ਠਾਕਰ, ਏਕਾ ਏਕ ਅਖਵਾਇਆ। ਆਪਣਾ ਕਰਮ ਆਪੇ ਕਰੇ ਉਜਾਗਰ, ਨਾ ਕੋਈ ਦੂਸਰ ਲੇਖ ਲਿਖਾਇਆ। ਆਪਣੇ ਬਣੇ ਆਪ ਸੁਦਾਗਰ, ਆਪ ਆਪਣਾ ਵਣਜ ਰਖਾਇਆ। ਆਪਣੀ ਜੋਤ ਆਪ ਜਗਾਏ ਆਪਣੀ ਗਾਗਰ, ਆਪਣਾ ਦੀਪਕ ਆਪੇ ਵੇਖ ਵਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਵੇਸ ਆਪੇ ਕਰ, ਆਪ ਆਪਣਾ ਰੂਪ ਦਰਸਾਇਆ। ਨਿਰਗੁਣ ਹਰਿ ਆਪ ਆਦਿ ਨਿਰੰਜਣ, ਆਦਿ ਪੁਰਖ ਅਕਾਲਾ। ਆਪ ਆਪਣਾ ਬਣਿਆ ਦਰਦ ਦੁੱਖ ਭੈ ਭੰਜਣ, ਕਰੇ ਕਰਾਏ ਸਦਾ ਰਖਵਾਲਾ। ਆਪ ਆਪਣਾ ਹੋਇਆ ਸੱਜਣ, ਪਾਰਬ੍ਰਹਮ ਪ੍ਰਭ ਦੀਨ ਦਿਆਲਾ। ਆਪਣੇ ਘਰ ਆਪੇ ਆਇਆ ਪੜਦੇ ਕੱਜਣ, ਆਪ ਸੁਹਾਏ ਸੱਚੀ ਧਰਮਸਾਲਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਚਲੇ ਅਵੱਲੜੀ ਚਾਲਾ। ਜੁਗ ਜੁਗ ਚਾਲ ਚਲਣੇਹਾਰਾ, ਹਰਿ ਹਰਿ ਆਪ ਅਖਵਾਇਆ। ਲੋਕਮਾਤ ਲੈ ਅਵਤਾਰਾ, ਭੇਖਾ ਧਾਰੀ ਭੇਖ ਵਟਾਇਆ। ਖੇਲੇ ਖੇਲ ਅਗੰਮ ਅਪਾਰਾ, ਲੇਖੇ ਲੇਖ ਨਾ ਕੋਈ ਲਿਖਾਇਆ। ਸਤਿਜੁਗ ਤ੍ਰੇਤਾ ਦੁਆਪਰ ਪਾਰ ਕਿਨਾਰਾ, ਕਲਜੁਗ ਵੇਲਾ ਅੰਤਮ ਆਇਆ। ਨਾਨਕ ਗੋਬਿੰਦ ਬਣ ਲਿਖਾਰਾ, ਏਕਾ ਮੰਗ ਮੰਗਾਇਆ। ਮੰਗੀ ਮੰਗ ਧੁਰ ਦਰਬਾਰਾ, ਦੇਵਣਹਾਰ ਹਰਿ ਰਘੁਰਾਇਆ। ਆਦਿ ਜੁਗਾਦੀ ਸ਼ਬਦ ਬ੍ਰਹਿਮਾਦੀ ਪਾਵੇ ਸਾਰਾ, ਧੁਨ ਅਨਾਦੀ ਤਾਲ ਵਜਾਇਆ। ਬੋਧ ਅਗਾਧੀ ਇਕ ਜੈਕਾਰਾ, ਆਪਣਾ ਨਾਮ ਸੁਣਾਇਆ। ਸਤਿਨਾਮ ਕਰ ਪਿਆਰਾ, ਲੋਕਮਾਤ ਵਰਤਾਇਆ। ਏਕਾ ਸ਼ਬਦ ਏਕਾ ਧਾਰਾ, ਏਕਾ ਮਾਰਗ ਪਾਇਆ। ਭਰਮੇ ਭੁੱਲਾ ਸਰਬ ਸੰਸਾਰਾ, ਹਰਿ ਕਾ ਭੇਵ ਦਿਸ ਨਾ ਆਇਆ। ਮਾਇਆ ਮਮਤਾ ਮੋਹ ਕਰ ਪਿਆਰਾ, ਹਉਮੇ ਹੰਗਤਾ ਰੋਗ ਵਧਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਵੇਸ ਆਪੇ ਕਰ, ਆਪ ਆਪਣਾ ਨਾਉਂ ਧਰਾਇਆ। ਆਪ ਆਪਣਾ ਰੱਖਿਆ ਨਾਉਂ, ਆਪਣੀ ਕਲ ਵਰਤਾਈਆ। ਆਪੇ ਵਸਿਆ ਆਪਣੇ ਨਗਰ ਗਰਾਉਂ, ਥਿਰ ਘਰ ਸਾਚਾ ਥਾਨ ਸੁਹਾਈਆ। ਆਪ ਆਪਣੀ ਦੇਵੇ ਠੰਡੀ ਛਾਉਂ, ਛੱਪਰ ਛੰਨ ਨਾ ਕੋਈ ਜਣਾਈਆ। ਆਪ ਆਪਣਾ ਕਰੇ ਨਿਆਉਂ, ਲੋਕਮਾਤ ਫੇਰਾ ਪਾਈਆ। ਫੜ ਵਰੋਲੇ ਹੰਸ ਕਾਉਂ, ਆਪਣੇ ਹੱਥ ਰੱਖੀ ਵਡਿਆਈਆ। ਗੁਰ ਪੂਰੇ ਬਲਹਾਰ ਬਲਹਾਰ ਸਦ ਬਲ ਬਲ ਜਾਉਂ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਖੇਲੇ ਖੇਲ ਸੱਜਣ ਸੁਹੇਲ, ਇਕ ਅਕੇਲ ਬੇਪਰਵਾਹੀਆ। ਖੇਲਣਹਾਰ ਜਗਤ ਖਿਲਾਰੀ, ਪਾਰਬ੍ਰਹਮ ਅਖਵਾਇਆ। ਕਲਜੁਗ ਅੰਤਮ ਲੈ ਅਵਤਾਰੀ, ਆਪਣਾ ਨਾਉਂ ਧਰਾਇਆ। ਸ਼ਬਦ ਡੰਕਾ ਵਡ ਸੰਸਾਰੀ, ਏਕਾ ਰਿਹਾ ਵਜਾਇਆ। ਜੋਤੀ ਨੂਰ ਕਰ ਉਜਿਆਰੀ, ਅੰਧ ਅੰਧੇਰ ਦਏ ਮਿਟਾਇਆ। ਚਾਰ ਵਰਨ ਅਠਾਰਾਂ ਬਰਨ ਉਠਾਏ ਵਾਰੋ ਵਾਰੀ, ਸੋਇਆ ਕੋਈ ਰਹਿਣ ਨਾ ਪਾਇਆ। ਮੰਦਰ ਮਸਜਿਦ ਗੁਰੂਦਵਾਰ ਬੋਲੇ ਇਕ ਜੈਕਾਰੀ, ਆਪਣਾ ਨਾਅਰਾ ਲਾਇਆ। ਪੁਰਖ ਅਕਾਲਾ ਦੀਨ ਦਿਆਲਾ ਕਰ ਤਿਆਰੀ, ਜੋਤੀ ਜਾਮਾ ਫੇਰਾ ਪਾਇਆ। ਨੌਂ ਖੰਡ ਸੱਤ ਦੀਪ ਕਰੇ ਸੱਚੀ ਸਿਕਦਾਰੀ, ਸਾਚਾ ਤਖ਼ਤ ਸੁਹਾਇਆ। ਬ੍ਰਹਮਾ ਵਿਸ਼ਨ ਸ਼ਿਵ ਹੋਏ ਸੇਵਾਦਾਰੀ, ਸੇਵਕ ਸੇਵਾ ਇਕ ਰਖਾਇਆ। ਕਰੋੜ ਤੇਤੀਸਾ ਕਰ ਪਨਹਾਰੀ, ਆਪ ਆਪਣਾ ਲਏ ਸੁਹਾਇਆ। ਆਪਣੇ ਤਨ ਕਰ ਸਿੰਗਾਰੀ, ਆਪਣਾ ਬਸਤਰ ਲਏ ਸਜਾਇਆ। ਏਕਾ ਖੰਡਾ ਨਾਉਂ ਨਿਰੰਕਾਰੀ, ਹਰਿ ਆਪਣੇ ਹੱਥ ਉਠਾਇਆ। ਲੋਆਂ ਪੁਰੀਆਂ ਪਾਵੇ ਸਾਰੀ, ਲੋਕਮਾਤੀ ਉਠ ਉਠ ਧਾਇਆ। ਕਲਜੁਗ ਅੰਤਮ ਕਰ ਖੁਆਰੀ, ਲੱਖ ਚੁਰਾਸੀ ਦਏ ਸਜ਼ਾਇਆ। ਗੁਰਮੁਖ ਸਾਚੇ ਲਏ ਉਭਾਰੀ, ਜਿਸ ਜਨ ਏਕਾ ਬੂਝ ਬੁਝਾਇਆ। ਹਉਮੇ ਹੰਗਤਾ ਰੋਗ ਦਏ ਨਿਵਾਰੀ, ਏਕਾ ਮੰਤਰ ਨਾਮ ਦ੍ਰਿੜਾਇਆ। ਅੰਮ੍ਰਿਤ ਆਤਮ ਦੇਵੇ ਠੰਡਾ ਠਾਰੀ, ਸੀਤਲ ਸਤਿ ਸੰਤੋਖ ਵਰਤਾਇਆ। ਕਾਮ ਕਰੋਧ ਲੋਭ ਮੋਹ ਨੇੜ ਨਾ ਆਏ ਹੰਕਾਰੀ, ਜੂਠ ਝੂਠ ਮੇਟ ਮਿਟਾਇਆ। ਸਚਖੰਡ ਦੇਵੇ ਸਚ ਸੱਚੀ ਸਿਕਦਾਰੀ, ਹਰਿ ਸੱਚਾ ਸ਼ਾਹ ਹੋ ਆਇਆ। ਖੇਲੇ ਖੇਲ ਵਾਰੋ ਵਾਰੀ, ਜੁਗ ਜੁਗ ਆਪਣਾ ਵੇਸ ਵਟਾਇਆ। ਰਾਮ ਕ੍ਰਿਸ਼ਨ ਜੋਤ ਉਜਿਆਰੀ, ਕਲਜੁਗ ਰੰਗ ਰੰਗਾਇਆ। ਵੇਦ ਵਿਆਸਾ ਬਣ ਲਿਖਾਰੀ, ਆਪ ਆਪਣਾ ਮੂਲ ਚੁਕਾਇਆ। ਉਚਾ ਟਿੱਲਾ ਗੜ੍ਹ ਅਪਾਰੀ, ਪੂਤ ਸਪੂਤਾ ਬ੍ਰਹਿਮਣ ਗੌੜਾ ਡੇਰਾ ਲਾਇਆ। ਸੰਬਲ ਨਗਰੀ ਖੇਲ ਨਿਆਰੀ, ਸ਼ਬਦ ਸਿੰਘਾਸਣ ਆਸਣ ਡਾਹਿਆ। ਜਗੇ ਜੋਤ ਏਕ ਏਕੰਕਾਰੀ, ਏਕਾ ਰੂਪ ਦਰਸਾਇਆ। ਚਾਰ ਕੁੰਟ ਦਹਿ ਦਿਸ਼ਾ ਪਾਵੇ ਸਾਰੀ, ਰਵ ਸਸ ਹੋਏ ਸਰਨਾਇਆ। ਪ੍ਰਿਥਮੀ ਅਕਾਸ਼ ਕਰੇ ਨਿਮਸਕਾਰੀ, ਮੰਡਲ ਮੰਡਪ ਸੀਸ ਝੁਕਾਇਆ। ਗੁਰ ਪੀਰ ਅਵਤਾਰ ਸਾਧ ਸੰਤ ਢਹਿ ਪਏ ਦਵਾਰੀ, ਚਰਨ ਧੂੜ ਮਸਤਕ ਲਾਇਆ। ਪਾਰਬ੍ਰਹਮ ਬੇਐਬ ਪਰਵਰਦਿਗਾਰੀ, ਔਲੀਆ ਪੀਰ ਸ਼ੇਖ਼ ਮੁਸਾਇਕ ਲੇਖਾ ਲਿਖ ਸਕੇ ਨਾ ਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਖੇਲੇ ਖੇਲ ਜੋਤ ਨਿਰੰਕਾਰੀਆ। ਜੋਤ ਨਿਰੰਕਾਰੀ ਜੋਤ ਉਜਾਲਾ, ਜੋਤੀ ਜੋਤ ਜਗਾਈਆ। ਪਰਗਟ ਹੋਇਆ ਦੀਨ ਦਿਆਲਾ, ਦਇਆਨਿਧ ਅਖਵਾਈਆ। ਸਰਬ ਜੀਆਂ ਕਰੇ ਪ੍ਰਿਤਪਾਲਾ, ਘਟ ਘਟ ਬੈਠਾ ਆਸਣ ਲਾਈਆ। ਆਪੇ ਆਦਿ ਸ਼ਕਤ ਜੋਤੀ ਨੂਰ ਉਜਾਲਾ, ਆਪੇ ਆਪ ਡਗਮਗਾਈਆ। ਆਪੇ ਨਾਉਂ ਧਰਾਏ ਪੁਰਖ ਅਕਾਲਾ, ਪੁਰਖ ਅਕਾਲ ਨਾਉਂ ਧਰਾਈਆ। ਆਪੇ ਬੈਠਾ ਆਪਣੀ ਧਰਮ ਸੱਚੀ ਧਰਮਸਾਲਾ, ਚਾਰ ਦਿਵਾਰ ਨਾ ਕੋਈ ਰਖਾਈਆ। ਜੁਗ ਜੁਗ ਆਦਿ ਜੁਗਾਦਿ ਜਨ ਭਗਤਾਂ ਦੱਸੇ ਰਾਹ ਸੁਖਾਲਾ, ਜਗਤ ਵਿਦਿਆ ਨਾ ਕੋਈ ਪੜ੍ਹਾਈਆ। ਨਾਮ ਪਹਿਨਾਏ ਤਨ ਸਾਚੀ ਮਾਲਾ, ਅਠ ਅਠੋਤਰ ਪਾਰ ਕਰਾਈਆ। ਅਜੱਪਾ ਜਾਪ ਰਸਨ ਸੁਖਾਲਾ, ਸੋਹੰ ਰਸਨਾ ਗਾਈਆ। ਕਲਜੁਗ ਆਇਆ ਤੋੜਨ ਜਗਤ ਜੰਜਾਲਾ, ਲੱਖ ਚੁਰਾਸੀ ਫੰਦ ਕਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਹਰਿਜਨ ਲਹਿਣਾ ਦੇਣਾ ਮੂਲ ਚੁਕਾਈਆ। ਹਰਿਜਨ ਲਹਿਣਾ ਹਰਿ ਦਰ ਲੈਣਾ, ਹਰਿ ਸਾਚਾ ਆਪ ਚੁਕਾਇੰਦਾ। ਤਨ ਪਹਿਨਾਏ ਬਸਤਰ ਗਹਿਣਾ, ਏਕਾ ਕੱਪੜ ਵੇਖ ਵਖਾਇੰਦਾ। ਹਰਿ ਹਰਿ ਭਾਣਾ ਲੱਖ ਚੁਰਾਸੀ ਸਿਰ ਤੇ ਸਹਿਣਾ ਪੈਣਾ, ਨਾ ਕੋਈ ਮੇਟੇ ਮੇਟ ਮਿਟਾਇੰਦਾ। ਘਰ ਘਰ ਮੰਦਰ ਮਸਜਿਦ ਗੁਰਦਰ ਬਹਿ ਬਹਿ ਸਭ ਨੇ ਕਹਿਣਾ, ਪਾਰਬ੍ਰਹਮ ਦਿਸ ਨਾ ਆਇੰਦਾ। ਗੁਰਮੁਖ ਵਿਰਲਾ ਨੇਤਰ ਲੋਇਣ ਨੈਣ ਦਰਸ਼ਨ ਪੇਖੇ ਨੈਣਾ, ਜਿਸ ਜਨ ਆਪਣੀ ਦਇਆ ਕਮਾਇੰਦਾ। ਮਨਮੁਖਾਂ ਖਾਏ ਲਾੜੀ ਮੌਤ ਡੈਣਾ, ਧਰਮ ਰਾਏ ਹੁਕਮ ਚਲਾਇੰਦਾ। ਗੁਰਸਿਖ ਗੁਰਮੁਖ ਧਾਮ ਅਵੱਲੇ ਏਕਾ ਬਹਿਣਾ, ਹਰਿ ਸਾਚਾ ਧਾਮ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਜੋਤੀ ਜਾਮਾ ਭੇਖ ਵਟਾਇੰਦਾ। ਜੋਤੀ ਜਾਮਾ ਹਰਿ ਨਿਰੰਕਾਰ, ਗੋਬਿੰਦ ਸੇਵਾ ਲਾਈਆ। ਸ਼ਬਦ ਖੰਡਾ ਤੇਜ਼ ਕਟਾਰ, ਏਕਾ ਹੱਥ ਫੜਾਈਆ। ਲੋਆਂ ਪੁਰੀਆਂ ਮਾਰੇ ਮਾਰ, ਨਾ ਸਕੇ ਕੋਈ ਬਚਾਈਆ। ਬ੍ਰਹਮਾ ਵਿਸ਼ਨੂੰ ਸ਼ਿਵ ਦੇਵਤ ਸੁਰ ਕਰੋੜ ਤੇਤੀਸਾ ਰੋਵਣ ਜ਼ਾਰੋ ਜ਼ਾਰ, ਨਾ ਦਿਸੇ ਕੋਈ ਸਹਾਈਆ। ਨੌਂ ਖੰਡ ਹਾਹਾਕਾਰ, ਸੱਤ ਦੀਪ ਰਹੇ ਕੁਰਲਾਈਆ। ਤ੍ਰੈਗੁਣ ਮਾਇਆ ਕਰ ਸ਼ੰਗਾਰ, ਬੈਠੀ ਕਜਲਾ ਪਾਈਆ। ਪੰਜ ਤਤ ਕਰੇ ਪਿਆਰ, ਜੂਠ ਝੂਠ ਕੁੜਮਾਈਆ। ਮਾਇਆ ਮਮਤਾ ਕਰ ਪਿਆਰ, ਹਉਮੇ ਰੋਗ ਗੋਦ ਉਠਾਈਆ। ਕਲਜੁਗ ਕੂੜੇ ਮਾਰੇ ਮਾਰ, ਚਾਰੋਂ ਕੁੰਟ ਡੰਕ ਵਜਾਈਆ। ਸਾਧ ਸੰਤ ਹੋਏ ਵਿਭਚਾਰ, ਹਰਿ ਹਰਿ ਦਰਸ ਕੋਈ ਨਾ ਪਾਈਆ। ਤੀਰਥ ਤੱਟਾਂ ਕਰ ਵਿਚਾਰ, ਸਾਚਾ ਹੱਟ ਨਾ ਕੋਈ ਜਣਾਈਆ। ਹਰਿ ਕਾ ਸ਼ਬਦ ਨਾ ਕਰੇ ਕੋਈ ਵਿਚਾਰ, ਘਰ ਘਰ ਬੈਠੇ ਕਰਨ ਪੜ੍ਹਾਈਆ। ਗ੍ਰੰਥੀ ਪੰਥੀ ਗਏ ਹਾਰ, ਨਾਨਕ ਗੋਬਿੰਦ ਦਰਸ ਨਾ ਪਾਈਆ। ਇਕ ਅਕੱਲਾ ਏਕੰਕਾਰ, ਅੱਠੇ ਪਹਿਰ ਜੋਤੀ ਜੋਤ ਡਗਮਗਾਈਆ। ਮਰੇ ਨਾ ਜੰਮੇ ਵਿਚ ਸੰਸਾਰ, ਮੜ੍ਹੀ ਗੋਰ ਨਾ ਕੋਈ ਦਬਾਈਆ। ਸ਼ਬਦ ਅਨਾਦ ਸੱਚੀ ਧੁਨਕਾਰ, ਧੁਰ ਦਰਬਾਰੇ ਰਿਹਾ ਵਜਾਈਆ। ਸੁਣੇ ਸੁਣਾਏ ਸੁਨਣੇਹਾਰ, ਸਮਰਥ ਹੱਥ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਕਥਨੀ ਅਕਥ ਕਥਾ ਆਪਣੀ ਆਪ ਕਰੇ ਜਣਾਈਆ। ਕਥਨੀ ਅਕਥ ਕਥਾ ਹਰਿ ਜਣਾਏ, ਭੇਵ ਕੋਈ ਨਾ ਪਾਈਆ। ਸਰਬ ਕਲਾ ਸਮਰਥ ਆਪ ਅਖਵਾਏ, ਦੇਵੀ ਦੇਵ ਨਾ ਕੋਈ ਮਨਾਈਆ। ਸ੍ਰਿਸ਼ਟ ਸਬਾਈ ਮਥ ਵਖਾਏ, ਆਪਣੀ ਕਲ ਵਰਤਾਈਆ। ਸੀਆਂ ਸਾਢੇ ਤਿੰਨ ਹੱਥ ਵਕ਼ਤ ਚੁਕਾਏ, ਰਵਦਾਸੇ ਵੰਡ ਵੰਡਾਈਆ। ਲੱਖ ਚੁਰਾਸੀ ਭੱਠ ਕਰਾਏ, ਗੁਰਮੁਖ ਸਾਚੇ ਲਏ ਤਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਜੋਤੀ ਜਾਮਾ ਭੇਖ ਵਟਾਈਆ। ਜੋਤੀ ਜਾਮਾ ਹਰਿ ਨਿਰੰਕਾਰ, ਨਿਰਗੁਣ ਜੋਤ ਜਗਾਈਆ। ਨਿਹਕਲੰਕਾ ਲੈ ਅਵਤਾਰ, ਸ਼ਬਦੀ ਡੰਕ ਵਜਾਈਆ। ਸ਼ਬਦ ਡੰਕ ਅਪਰ ਅਪਾਰ, ਜੀਵਾਂ ਜੰਤਾਂ ਰਿਹਾ ਜਗਾਈਆ। ਸਾਧਾਂ ਸੰਤਾਂ ਦਏ ਹੁਲਾਰ, ਸੋਇਆ ਕੋਈ ਰਹਿਣ ਨਾ ਪਾਈਆ। ਤੀਰਥ ਤੱਟਾਂ ਪਾਵੇ ਸਾਰ, ਸਰ ਸਰੋਵਰ ਵੇਖ ਵਖਾਈਆ। ਮਨਮੁਖ ਜੀਵਾਂ ਵੇਖੇ ਨੌਂ ਦਵਾਰ, ਗੁਰਮੁਖਾਂ ਆਤਮ ਬੂਝ ਬੁਝਾਈਆ। ਆਪੇ ਖੋਲ੍ਹੇ ਬੰਦ ਕਿਵਾੜ, ਆਪਣੀ ਹੱਥੀਂ ਕੁੰਡਾ ਲਾਹੀਆ। ਮੇਟ ਮਿਟਾਏ ਪੰਚਮ ਧਾੜ, ਆਪਣੀ ਹੱਥੀਂ ਜੋਤ ਜਗਾਈਆ। ਜੋਤ ਜਗਾਏ ਨਾੜ ਨਾੜ, ਅਗਿਆਨ ਅੰਧੇਰ ਮਿਟਾਈਆ। ਦਰ ਘਰ ਸਾਚੇ ਦੇਵੇ ਵਾੜ, ਗੁਰ ਪੂਰੇ ਹੱਥ ਵਡਿਆਈਆ। ਦਸਮ ਦਵਾਰੀ ਮਹੱਲ ਅਟੱਲ ਉਚ ਮੁਨਾਰ, ਜੋਤੀ ਜੋਤ ਡਗਮਗਾਈਆ। ਪੰਚਮ ਗਾਇਣ ਵਾਰੋ ਵਾਰ, ਸਾਚੀ ਸਖੀਆਂ ਏਕਾ ਮੰਗਲ ਸੁਣਾਈਆ। ਸਾਚੀ ਸੇਜਾ ਕਰ ਪਿਆਰ, ਹਰਿ ਬੈਠਾ ਬੇਪਰਵਾਹੀਆ। ਗੁਰਮੁਖ ਸਾਜਨ ਲਏ ਉਭਾਰ, ਘਰ ਸਾਚੇ ਮੇਲ ਮਿਲਾਈਆ। ਵਿਛੜ ਨਾ ਜਾਏ ਸੰਸਾਰ, ਮੇਲ ਵਿਛੋੜਾ ਆਪਣੇ ਹੱਥ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਗੁਰਮੁਖ ਮੇਲਾ ਸਚ ਘਰ, ਮਨਮੁਖਾਂ ਦਏ ਸਜ਼ਾਈਆ। ਗੁਰਮੁਖ ਸਤਿਗੁਰ ਪਾਇਆ, ਆਤਮ ਵੱਜੀ ਵਧਾਈਆ। ਮਾਨਸ ਮਾਨੁਖ ਲੇਖੇ ਲਾਇਆ, ਸੁਰਤੀ ਸੁਰਤ ਪਰਨਾਈਆ। ਭਰਮ ਭੁਲੇਖਾ ਦੂਰ ਕਰਾਇਆ, ਜੋ ਜਨ ਆਏ ਸਰਨਾਈਆ। ਮਨਮੁਖ ਵੇਖਾ ਵੇਖੀ ਵਕ਼ਤ ਲੰਘਾਇਆ, ਵੇਲਾ ਗਿਆ ਹੱਥ ਨਾ ਆਈਆ। ਔਲੀਆ ਪੀਰ ਸ਼ੇਖ਼ ਕੁਤਬ ਗੌਂਸ ਰਿਹਾ ਕੁਰਲਾਇਆ, ਪੀਰ ਦਸਤਗੀਰ ਪਈ ਲੜਾਈਆ। ਪੰਡਤ ਪਾਂਧੇ ਗ੍ਰੰਥੀ ਪੰਥੀ ਮਸਤਕ ਮੇਖ ਨਾ ਕੋਈ ਲਗਾਇਆ, ਆਤਮ ਬ੍ਰਹਮ ਨਾ ਕੋਈ ਜਣਾਈਆ। ਗੁਰ ਦਸਮੇਸੇ ਜੋਤ ਜਗਾਇਆ, ਲੋਕਮਾਤ ਹੋਏ ਰੁਸ਼ਨਾਈਆ। ਬ੍ਰਹਮਾ ਵਿਸ਼ਨ ਸ਼ਿਵ ਰਹੇ ਸਰਨਾਇਆ, ਜੁਗ ਜੁਗ ਖੇਲ ਰਚਾਈਆ। ਨਿਰਗੁਣ ਜੋਤ ਕਰੀ ਕੁੜਮਾਇਆ, ਵਾਹ ਵਾਹ ਸਾਚਾ ਸਗਨ ਮਨਾਈਆ। ਸੰਬਲ ਨਗਰੀ ਰੁੱਤ ਸੁਹਾਇਆ, ਸਚ ਸਿੰਘਾਸਣ ਆਸਣ ਡਾਹੀਆ। ਉਤੇ ਬੈਠਾ ਬੇਪਰਵਾਹਿਆ, ਦਿਸ ਕਿਸੇ ਨਾ ਆਈਆ। ਗੁਰ ਅਰਜਨ ਦਏ ਗਵਾਹਿਆ, ਹਰਿ ਪੂਰਾ ਹਰਿ ਹਰਿਜਨ ਹਰਿ ਮੰਦਰ ਏਕਾ ਏਕ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਗੁਰਮੁਖ ਸਾਚੇ ਲਏ ਜਗਾਈਆ। ਗੁਰਮੁਖ ਸਾਚੇ ਉਠ ਉਠ ਜਾਗ, ਹਰਿ ਸਾਚੇ ਜੋਤ ਜਗਾਈਆ। ਸੰਬਲ ਨਗਰੀ ਲੱਗਾ ਭਾਗ, ਗੁਰ ਗੋਬਿੰਦ ਮੇਲ ਮਿਲਾਈਆ। ਆਪਣੀ ਹੱਥੀਂ ਪਕੜੇ ਵਾਗ, ਗੁਰ ਚੇਲਾ ਰੂਪ ਦਰਸਾਈਆ। ਸਾਚੇ ਚੇਲਾ ਨਾਰੀ ਕੰਤ ਸੁਹਾਗ, ਆਤਮ ਸੇਜਾ ਇਕ ਵਿਛਾਈਆ। ਸੋ ਪੁਰਖ ਨਿਰੰਜਣ ਦਏ ਵੈਰਾਗ, ਹੰਗਤਾ ਹੰ ਮੇਟ ਮਿਟਾਈਆ। ਪੰਜ ਤਤ ਵਿਕਾਰਾ ਬੁਝੇ ਆਗ, ਜੋ ਰਸਨਾ ਹਰਿ ਹਰਿ ਗਾਈਆ। ਫੜ ਫੜ ਹੰਸ ਬਣਾਏ ਕਾਗ, ਕਾਗੋਂ ਹੰਸ ਬਣਾਈਆ। ਦੀਪਕ ਜੋਤੀ ਜਗੇ ਚਿਰਾਗ਼, ਅੰਧ ਅੰਧੇਰ ਮਿਟਾਈਆ। ਆਪ ਜਣਾਏ ਆਪਣਾ ਭਵਿਖਤ ਵਾਕ, ਵੇਦ ਕਤੇਬ ਨਾ ਕੋਈ ਜਣਾਈਆ। ਸ਼ਬਦ ਘੋੜੇ ਚੜ੍ਹਿਆ ਸਾਚੇ ਰਾਕ, ਸ਼ਾਹ ਅਸਵਾਰ ਨਾਉਂ ਧਰਾਈਆ। ਵੇਖ ਵਖਾਏ ਖ਼ਾਕੀ ਖ਼ਾਕ, ਚੌਦਾਂ ਲੋਕਾਂ ਫੇਰਾ ਪਾਈਆ। ਚੌਦਾਂ ਤਬਕਾਂ ਪਾਕੀ ਪਾਕ, ਨਬੀ ਰਸੂਲਾਂ ਦਏ ਉਠਾਈਆ। ਦਰ ਦਵਾਰੇ ਬੈਠਾ ਰਿਹਾ ਝਾਕ, ਦਿਸ ਕਿਸੇ ਨਾ ਆਈਆ। ਲੋਕਮਾਤ ਕਲਜੁਗ ਅੰਤਮ ਖੋਲ੍ਹਿਆ ਆਪਣਾ ਤਾਕ, ਆਪਣੇ ਘਰ ਕਰੇ ਰੁਸ਼ਨਾਈਆ। ਤ੍ਰੈਗੁਣ ਤੇਰਾ ਚੁੱਕੇ ਬਾਕੀ ਬਾਕ, ਪਿਛਲਾ ਮੂਲ ਚੁਕਾਈਆ। ਕਲਜੁਗ ਤੇਰਾ ਨਾਤਾ ਤੋੜੇ ਜੂਠਾ ਝੂਠਾ ਸਾਕ, ਕੂੜੀ ਕਿਰਿਆ ਦਏ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਕਲਜੁਗ ਵੇਖੇ ਅੰਤਮ ਰਾਹ, ਕਵਣ ਦਵਾਰੇ ਹਰਿ ਬੇਪਰਵਾਹ ਬੈਠਾ ਆਸਣ ਲਾਈਆ। ਕਵਣ ਦਵਾਰੇ ਹਰਿ ਹਰਿ ਬੈਠ, ਆਪਣਾ ਰੰਗ ਰੰਗਾਇਆ। ਵੇਖ ਵਖਾਣੇ ਰਾਜ ਰਾਜਾਨ ਸ਼ਾਹ ਸੇਠ, ਲੇਖਾ ਕੋਇ ਰਹਿਣ ਨਾ ਪਾਇਆ। ਅੰਤਮ ਭੰਨੇ ਕੌੜੇ ਰੇਠ, ਸ਼ਬਦ ਹਥੌੜਾ ਏਕਾ ਲਾਇਆ। ਜਨ ਭਗਤਾਂ ਰੱਖੇ ਸਾਇਆ ਹੇਠ, ਸਿਰ ਆਪਣਾ ਹੱਥ ਟਿਕਾਇਆ। ਮਨਮੁਖ ਜੀਵਾਂ ਵੇਖੇ ਕਾਇਆ ਖੇਤ, ਅੰਮ੍ਰਿਤ ਫਲ ਨਾ ਕੋਈ ਖਵਾਇਆ। ਘਰ ਘਰ ਰੋਣਾ ਪਏ ਪੰਚਮ ਜੇਠ, ਲਿਖਿਆ ਲੇਖ ਨਾ ਕੋਈ ਮਿਟਾਇਆ। ਉਠ ਉਠ ਵੇਖਣ ਧਾਰੀ ਕੇਸ, ਗੁਰ ਗੋਬਿੰਦਾ ਕਵਣ ਕੂਟੇ ਬੈਠਾ ਡੇਰਾ ਲਾਇਆ। ਜੋਧਾ ਸੂਰਬੀਰ ਬੀਰਾ ਗੁਰ ਦਸਮੇਸਾ, ਨੀਲਾ ਨੀਲੀ ਧਾਰੋਂ ਪਾਰ ਲਏ ਕਰਾਇਆ। ਬਸਤਰ ਸ਼ਸਤਰ ਕਰਿਆ ਵੇਸ, ਆਪ ਆਪਣਾ ਰੂਪ ਵਟਾਇਆ। ਕਲਜੁਗ ਮਾਇਆ ਤੇਰੀ ਕੋਈ ਨਾ ਚਲੇ ਪੇਸ਼, ਸ਼ਬਦ ਖੰਡਾ ਹੱਥ ਉਠਾਇਆ। ਤਖ਼ਤ ਤਾਜ ਨਾ ਬੈਠੇ ਕੋਈ ਨਰੇਸ਼, ਸੀਸ ਮੁਕਟ ਨਾ ਕੋਈ ਸੁਹਾਇਆ। ਆਪਣੇ ਨੇਤਰ ਆਪਣੀ ਅੱਖੀਂ ਲੈਣਾ ਵੇਖ, ਪ੍ਰਭ ਸਾਚਾ ਦਏ ਵਖਾਇਆ। ਭੇਖ ਪਖੰਡਾ ਮਿਟੇ ਭੇਖ, ਭੇਖਾਧਾਰੀ ਕੋਈ ਦਿਸ ਨਾ ਆਇਆ। ਪੁਰਖ ਅਕਾਲ ਤੇਰੀ ਏਕਾ ਰੇਖ, ਲੱਖ ਚੁਰਾਸੀ ਦਏ ਪੜ੍ਹਾਇਆ। ਗੁਰਮੁਖਾਂ ਮਸਤਕ ਲਾਏ ਮੇਖ, ਜੋਤ ਲਲਾਟ ਕਰੇ ਰੁਸ਼ਨਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਤੇਰਾ ਲਹਿਣਾ ਬਸਤਰ ਗਹਿਣਾ ਤੇਰੀ ਝੋਲੀ ਪਾਇਆ। ਕਲਜੁਗ ਤੇਰਾ ਲਹਿਣ ਚੁਕੌਣਾ, ਹਰਿ ਸਾਚੇ ਹੱਥ ਵਡਿਆਈਆ। ਸਤਿਜੁਗ ਸੋਇਆ ਪੁੱਤ ਉਠੌਣਾ, ਦੇ ਮਤ ਰਿਹਾ ਸਮਝਾਈਆ। ਕਲਜੁਗ ਤੇਰਾ ਰੰਗ ਮਿਟੌਣਾ, ਕਾਲੀ ਰੇਖ ਰਹਿਣ ਨਾ ਪਾਈਆ। ਸਤਿਜੁਗ ਤੇਰਾ ਸਾਚਾ ਚੰਦ ਚੜ੍ਹੌਣਾ, ਨਿਰਗੁਣ ਜੋਤ ਕਰੇ ਰੁਸ਼ਨਾਈਆ। ਦੋਹਾਂ ਵਿਚੋਲਾ ਸ਼ਬਦ ਬਣੌਣਾ, ਹਰਿ ਸ਼ਬਦੀ ਦਏ ਗਵਾਹੀਆ। ਕਲਜੁਗ ਤੇਰਾ ਭੇਖ ਪਖੰਡਾ, ਚਾਰੋਂ ਕੁੰਟ ਪਸਾਰਿਆ। ਸਾਧ ਸੰਤ ਆਤਮ ਰੰਡਾ, ਤੀਰਥ ਤਟ ਫਿਰੇ ਹੰਕਾਰਿਆ। ਗਿਆਨੀ ਧਿਆਨੀ ਹੋਏ ਘਮੰਡਾ, ਜਗੀ ਜੋਤ ਨਾ ਆਤਮ ਅਪਾਰਿਆ। ਨਜ਼ਰ ਨਾ ਆਇਆ ਪਾਰ ਕੰਢਾ, ਡੁੱਬੇ ਵਿਚ ਮੰਝਧਾਰਿਆ। ਚੌਥੇ ਪਦ ਨਾ ਮਿਲਿਆ ਡੰਡਾ, ਨਾ ਚੜ੍ਹੇ ਸਿਖਰ ਮੁਨਾਰਿਆ। ਪਾਰਬ੍ਰਹਮ ਪ੍ਰਭ ਲੈ ਕੇ ਖੰਡਾ, ਲੋਕਮਾਤ ਲਏ ਅਵਤਾਰਿਆ। ਲੱਖ ਚੁਰਾਸੀ ਵੱਢੇ ਕੰਢਾਂ, ਜੋ ਅੜਿਆ ਸੋ ਕਰਿਆ ਪਾਰ ਕਿਨਾਰਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰਾ ਵੇਸ ਤੇਰੇ ਦਰ ਸੁਹਾ ਰਿਹਾ। ਸਤਿਜੁਗ ਸਾਚੇ ਉਠ ਬਲ ਧਾਰ, ਹਰਿ ਸਾਚਾ ਆਪ ਜਗਾਇੰਦਾ। ਧਰਤ ਮਾਤ ਦੀ ਸੁਣੀ ਪੁਕਾਰ, ਤੇਰਾ ਰਾਹ ਵਖਾਇੰਦਾ। ਭਗਤਾਂ ਮੇਲਾ ਵਿਚ ਸੰਸਾਰ, ਸਾਚਾ ਸੰਗ ਨਿਭਾਇੰਦਾ। ਇਕ ਅਕੇਲਾ ਪਾਵੇ ਸਾਰ, ਨਾਮ ਮਰਦੰਗ ਵਜਾਇੰਦਾ। ਗੁਰ ਚੇਲਾ ਸੋਹੇ ਇਕ ਦਵਾਰ, ਗੁਰ ਗੋਬਿੰਦ ਲੇਖ ਲਿਖਾਇੰਦਾ। ਸਦਾ ਸੁਹੇਲਾ ਹਰਿ ਨਿਰੰਕਾਰ, ਵਿਛੜ ਕਦੇ ਨਾ ਜਾਇੰਦਾ। ਸਾਚਾ ਮੇਲਾ ਅਪਰ ਅਪਾਰ, ਜੋਤੀ ਸ਼ਬਦੀ ਆਪ ਜੁੜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਵੇਖੇ ਤੇਰਾ ਦਰ, ਸਤਿਜੁਗ ਉਠਾਏ ਸਾਚੇ ਘਰ, ਦਰ ਸਾਚਾ ਆਪ ਸੁਹਾਇੰਦਾ। ਸਤਿਜੁਗ ਸਾਚੇ ਲੈ ਅੰਗੜਾਈ, ਦੋਏ ਜੋੜ ਕਰੇ ਨਿਮਸਕਾਰਾ। ਪਾਰਬ੍ਰਹਮ ਤੇਰੇ ਘਰ ਵੱਜਦੀ ਰਹੇ ਵਧਾਈ, ਤੇਰਾ ਅੰਤ ਨਾ ਪਾਰਾਵਾਰਾ। ਜਨ ਭਗਤਾਂ ਸੰਗ ਕਰੇ ਕੁੜਮਾਈ, ਏਕਾ ਸੋਹੇ ਬੰਕ ਦਵਾਰਾ। ਏਕਾ ਘਰ ਵਸੇ ਧੀ ਜਵਾਈ, ਸੁਰਤੀ ਸ਼ਬਦੀ ਕਰ ਪਿਆਰਾ। ਕਲਜੁਗ ਅੰਤਮ ਨੇਤਰ ਰੋ, ਆਪਣਾ ਨੀਰ ਵਹਾਇਆ। ਦੁਰਮਤ ਮੈਲ ਕੋਈ ਨਾ ਸਕੇ ਧੋ, ਚਾਰੋਂ ਕੁੰਟ ਉਠ ਉਠ ਧਾਇਆ। ਚਾਰ ਯਾਰੀ ਸੰਗ ਮੁਹੰਮਦ ਅੱਗੇ ਹੋ, ਆਪਣਾ ਦੁਖੜਾ ਰਿਹਾ ਸੁਣਾਇਆ। ਅੰਜੀਲ ਕੁਰਾਨਾ ਤੁਟਾ ਮੋਹ, ਅੱਲਾ ਰਾਣੀ ਨੈਣ ਸ਼ਰਮਾਇਆ। ਜੂਠਾ ਝੂਠਾ ਕਰਿਆ ਧਰੋ, ਤੇਰਾ ਸੰਗ ਨਾ ਕੋਈ ਰਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਤੇਰਾ ਮੂਲ ਤੇਰੀ ਝੋਲੀ ਪਾਇਆ। ਸਤਿਜੁਗ ਸਾਚਾ ਕਰ ਸ਼ੰਗਾਰ, ਆਪਣਾ ਘਰ ਸੁਹਾਇੰਦਾ। ਬਸਤਰ ਪਾਏ ਅਪਰ ਅਪਾਰ, ਸਚ ਸੁੱਚ ਨਾਉਂ ਧਰਾਇੰਦਾ। ਸਤਿ ਸੰਤੋਖ ਕਰ ਪਿਆਰ, ਧੀਰਜ ਯਤ ਸਮਾਇੰਦਾ। ਅੰਤਮ ਮੋਖ ਇਕ ਕਰਤਾਰ, ਤੇਰਾ ਨਾਮ ਜਪਾਇੰਦਾ। ਹਰਖ਼ ਸੋਗ ਤੋਂ ਵਸਿਆ ਬਾਹਰ, ਸੋ ਪੁਰਖ ਮਨਾਇੰਦਾ। ਸੋ ਪੁਰਖ ਗੁਪਤ ਜ਼ਾਹਰ, ਦਿਸ ਕਿਸੇ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਤਿਜੁਗ ਸਾਚੇ ਦੇਵੇ ਵਰ, ਦਰ ਸਾਚਾ ਇਕ ਵਖਾਇੰਦਾ। ਕਲਜੁਗ ਤੇਰੀ ਕੂੜੀ ਰਾਸ, ਹਰਿ ਸਾਚਾ ਮੇਟ ਮਿਟਾਇੰਦਾ। ਸਚ ਵਸਤ ਨਾ ਤੇਰੇ ਪਾਸ, ਨਾ ਕੋਈ ਤੱਕੜ ਤੋਲ ਤੁਲਾਇੰਦਾ। ਤੇਰਾ ਸੰਗ ਤੇਰੇ ਸੰਗ ਹੋਣਾ ਨਾਸ, ਨਾ ਕੋਈ ਧੀਰ ਧਰਾਇੰਦਾ। ਕੂੜ ਕੁੜਿਆਰਾ ਬਣ ਮਲੰਗ, ਚਾਰੋਂ ਕੁੰਟ ਨਚਾਇੰਦਾ। ਮਾਇਆ ਮਮਤਾ ਮਦਿ ਪੀਤੀ ਭੰਗ, ਅੰਮ੍ਰਿਤ ਰਸ ਨਾ ਕੋਈ ਚਖਾਇੰਦਾ। ਝੂਠਾ ਨੁਹਾਵਣ ਨੁਹਾਇਆ ਗੋਦਾਵਰੀ ਗੰਗ, ਸਰ ਸਰੋਵਰ ਨਾ ਕੋਈ ਵਖਾਇੰਦਾ। ਗੁਰਦਰ ਮੰਦਰ ਮਸਜਿਦ ਵਜਾਏ ਝੂਠੇ ਮਰਦੰਗ, ਅਨਹਦ ਤਾਲ ਨਾ ਕੋਈ ਵਜਾਇੰਦਾ। ਤਤ ਰੱਤ ਕਪੜੇ ਰੰਗੇ ਆਪਣੇ ਰੰਗ, ਰੰਗ ਮਜੀਠੀ ਨਾ ਕੋਇ ਚੜ੍ਹਾਇੰਦਾ। ਮਾਇਆ ਮਮਤਾ ਪੁੱਤਰ ਧੀਆਂ ਮੰਗੀ ਮੰਗ, ਹਰਿ ਕਾ ਨਾਮ ਕੋਈ ਨਾ ਝੋਲੀ ਪਾਇੰਦਾ। ਸਦਾ ਸੁਹਾਗੀ ਮੰਗੀ ਸਚ ਮੰਗ, ਕਾਮਨੀ ਨਾਰ ਇਕ ਹੰਢਾਇੰਦਾ। ਆਤਮ ਸੇਜ ਨਾ ਚੜ੍ਹਿਆ ਸਚ ਪਲੰਘ, ਸਾਚਾ ਸੱਜਣ ਨਾ ਕੋਈ ਵਖਾਇੰਦਾ। ਆਪਣਾ ਅੰਦਰ ਨਾ ਆਪੇ ਵੇਖਿਆ ਲੰਘ, ਕੋਟਨ ਕੋਟ ਗੁਰਦਵਾਰੇ ਚਾਰ ਦਵਾਰੀ ਵੇਖ ਵਖਾਇੰਦਾ। ਸ਼ਬਦ ਘੋੜੇ ਨਾ ਕਸਿਆ ਤੰਗ, ਸ਼ਾਹ ਅਸਵਾਰ ਨਾਉਂ ਧਰਾਇੰਦਾ। ਇਕ ਅਕੱਲਾ ਨਾ ਲਾਇਆ ਆਪਣੇ ਅੰਗ, ਲੱਖ ਚੁਰਾਸੀ ਵੇਸ ਹੰਢਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰਾ ਤੋੜੇ ਗੜ੍ਹ, ਪੁਰਖ ਅਬਿਨਾਸ਼ੀ ਉਪਰ ਚੜ੍ਹ, ਸੋਹੰ ਖੰਡਾ ਹੱਥ ਫੜ, ਨਾ ਕੋਈ ਮੇਟ ਮਿਟਾਇੰਦਾ। ਸੋਹੰ ਖੰਡਾ ਹੱਥ ਪ੍ਰਭ ਫੜਿਆ, ਤਿੱਖੀ ਧਾਰ ਰਖਾਈਆ। ਲੋਆਂ ਪੁਰੀਆਂ ਆਪੇ ਚੜ੍ਹਿਆ, ਬ੍ਰਹਿਮੰਡ ਖੰਡ ਵੇਖ ਵਖਾਈਆ। ਜੇਰਜ ਅੰਡ ਅੰਦਰ ਵੜਿਆ, ਉਤਭੁਜ ਸੇਤਜ ਵਿਚ ਸਮਾਈਆ। ਖੰਡ ਖੰਡ ਪ੍ਰਭ ਆਪੇ ਕਰਿਆ, ਖੰਡਣਹਾਰ ਆਪ ਹੋ ਜਾਈਆ। ਸ੍ਰਿਸ਼ਟ ਸਬਾਈ ਰੰਡ ਕਰਿਆ, ਕੰਤ ਸੁਹਾਗੀ ਨਾ ਕੋਈ ਹੰਢਾਈਆ। ਗੁਰਮੁਖ ਸਾਜਨ ਆਪੇ ਫੜਿਆ, ਆਪ ਆਪਣਾ ਮੇਲ ਮਿਲਾਈਆ। ਵੱਖ ਕਰਾਏ ਸੀਸ ਧੜਿਆ, ਪੰਜ ਤਤ ਨਾ ਕੋਈ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਤੇਰਾ ਘਰ ਵੇਖੇ ਥਾਉਂ ਥਾਈਂਆ। ਸਤਿਜੁਗ ਸਾਚਾ ਸੁਤ ਦੁਲਾਰਾ, ਹਰਿ ਸਾਚੇ ਆਪ ਉਠਾਇਆ। ਏਕਾ ਦਿਸੇ ਰਾਹ ਨਿਆਰਾ, ਏਕਾ ਮੰਤਰ ਨਾਮ ਦ੍ਰਿੜਾਇਆ। ਚਾਰ ਵਰਨਾਂ ਕਰ ਇਕ ਪਿਆਰਾ, ਊਚਾਂ ਨੀਚਾਂ ਭੇਵ ਨਾ ਰਾਇਆ। ਇਕ ਸੁਹੌਣਾ ਬੰਕ ਦਵਾਰਾ, ਏਕਾ ਦਰ ਸੁਹਾਇਆ। ਰਾਓ ਰੰਕ ਰਾਜ ਰਾਜਾਨ ਸ਼ਾਹ ਸੁਲਤਾਨ ਨਾ ਕਰੇ ਕੋਈ ਵਿਚਾਰਾ, ਏਕਾ ਮਾਣ ਜਣਾਇਆ। ਏਕਾ ਸ਼ਬਦ ਇਕ ਜੈਕਾਰਾ, ਏਕਾ ਨਾਅਰਾ ਲਾਇਆ। ਏਕਾ ਬਸਤਰ ਕਰ ਪਿਆਰਾ, ਏਕਾ ਤਨ ਸਜਾਇਆ। ਏਕਾ ਕੱਜਲ ਪਾਏ ਧਾਰਾ, ਨੇਤਰ ਨੈਣਾਂ ਨੂਰ ਸਵਾਇਆ। ਏਕਾ ਕਰੇ ਸਚ ਸ਼ੰਗਾਰਾ, ਸੋਲਾਂ ਕਲੀਆਂ ਵੇਸ ਵਟਾਇਆ। ਏਕਾ ਘਰ ਏਕਾ ਵਰ ਮਿਲੇ ਕੰਤ ਭਤਾਰਾ, ਸਾਚੀ ਸਖੀਆਂ ਮੇਲ ਮਿਲਾਇਆ। ਛੁਟਿਆ ਜਗ ਵਿਛੜਿਆ ਸੰਸਾਰਾ, ਘਰ ਸਾਚਾ ਇਕ ਸੁਹਾਇਆ। ਸਤਿਜੁਗ ਸਾਚੇ ਤੇਰੀ ਪਾਵੇ ਸਾਰਾ, ਪੱਤਤ ਪਾਵਣ ਨਾਮ ਧਰਾਇਆ। ਲੋਕਮਾਤ ਕਰ ਉਜਿਆਰਾ, ਤੇਰਾ ਰੂਪ ਤੇਰੀ ਦ੍ਰਿਸ਼ਟ ਤੇਰਾ ਇਸ਼ਟ ਸ੍ਰਿਸ਼ਟ ਸਬਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਸਤਿਜੁਗ ਸਾਚੇ ਸ਼ਬਦ ਸੁਣਾਇਆ। ਸਤਿਜੁਗ ਸਾਚਾ ਸੁਣ ਸਲਾਹ, ਚਰਨ ਕਵਲ ਬਲਹਾਰਿਆ। ਪ੍ਰਭ ਅਬਿਨਾਸ਼ੀ ਬਣ ਮਲਾਹ, ਬੇੜਾ ਲੋਕਮਾਤ ਵਿਚ ਤਾਰਿਆ। ਇਕ ਜਪੌਣਾ ਆਪਣਾ ਨਾਂ, ਦੇਣਾ ਸਚ ਸਹਾਰਿਆ। ਵੇਲੇ ਅੰਤਮ ਪਕੜੇ ਬਾਂਹ, ਲਾਈਂ ਪਾਰ ਕਿਨਾਰਿਆ। ਤੂਹੀ ਪਿਤਾ ਤੂਹੀ ਮਾਂ, ਹਉਂ ਬਾਲਕ ਸੁਤ ਦੁਲਾਰਿਆ। ਤੇਰੀ ਮਾਣੀ ਠੰਡੀ ਛਾਂ, ਸਮਰਥ ਪੁਰਖ ਕਰਤਾਰਿਆ। ਬਿਨ ਤੇਰੇ ਚਰਨ ਨਾ ਦਿਸੇ ਕੋਈ ਥਾਂ, ਢਹਿ ਪਏ ਤੇਰੇ ਦਵਾਰਿਆ। ਦੀਨ ਦਿਆਲ ਸਦਾ ਕਿਰਪਾਲ ਕਦੀ ਕਰੀਂ ਨਾ ਨਾਹ, ਤੇਰਾ ਤੱਕਿਆ ਇਕ ਸਹਾਰਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਸਤਿਜੁਗ ਸਾਚੇ ਦੇਵੇ ਵਰ, ਆਪ ਆਪਣੀ ਕਿਰਪਾ ਧਾਰਿਆ। ਸਤਿਜੁਗ ਸਾਚੇ ਦੇਵੇ ਮਤ, ਪ੍ਰਭ ਸਾਚੇ ਹੱਥ ਵਡਿਆਈਆ। ਏਕਾ ਨਾਮ ਏਕਾ ਜਪ, ਏਕਾ ਪੂਜਾ ਪਾਠ ਸਖਾਈਆ। ਏਕਾ ਤੱਤਵ ਏਕਾ ਤੱਤ, ਏਕਾ ਅਗਨ ਸਮਾਈਆ। ਏਕਾ ਰੱਖਣਹਾਰਾ ਪੱਤ, ਪਤਿਪਰਮੇਸ਼ਵਰ ਨਾਉਂ ਧਰਾਈਆ। ਏਕਾ ਵਸੇ ਘਟ ਘਟ, ਬੈਠਾ ਆਸਣ ਲਾਈਆ। ਏਕਾ ਖੋਲ੍ਹੇ ਚੌਦਾਂ ਹੱਟ, ਚੌਦਾਂ ਲੋਕ ਖੁਲ੍ਹਾਈਆ। ਏਕਾ ਵਸਿਆ ਤੀਰਥ ਘਟ, ਏਕਾ ਘਾਟ ਨੁਹਾਈਆ। ਏਕਾ ਖੇਲੇ ਖੇਲ ਹਰਿ ਨਟੂਆ ਨਟ, ਸਵਾਂਗੀ ਸਵਾਂਗ ਵਰਤਾਈਆ। ਏਕਾ ਮੰਦਰ ਏਕਾ ਮੱਠ, ਏਕਾ ਮਸਜਿਦ ਰਿਹਾ ਉਪਾਈਆ। ਹਰਿ ਕਾ ਮੰਦਰ ਕਦੇ ਨਾ ਜਾਏ ਢੱਠ, ਇੱਟ ਗਾਰਾ ਨਾ ਕੋਈ ਲਗਾਈਆ। ਜੋਤੀ ਜੋਤ ਜਗੇ ਲਟ ਲਟ, ਤੇਲ ਬਾਤੀ ਨਾ ਕੋਈ ਰਖਾਈਆ। ਢੋਲਕ ਢੋਲ ਨਾ ਮਾਰੇ ਕੋਈ ਸੱਟ, ਅਨਹਦ ਵੱਜੇ ਵਾਹੋ ਦਾਹੀਆ। ਗੁਰਮੁਖ ਵਿਰਲੇ ਲਾਹਾ ਲੈਣ ਖੱਟ, ਸਤਿਜੁਗ ਤੇਰਾ ਸੰਗ ਨਿਭਾਈਆ। ਤੇਰਾ ਨਾਤਾ ਜੋੜੇ ਦੁਰਮਤ ਮੈਲ ਪਹਿਲੋਂ ਕੱਟ, ਸੋਹੰ ਸਾਚਾ ਜਾਪ ਜਪਾਈਆ। ਇਕ ਰਖਾਏ ਸਾਚਾ ਹੱਠ, ਮਦਿਰਾ ਮਾਸ ਰਸਨ ਤਜਾਈਆ। ਕੋਟਨ ਕੋਟ ਕੋਟ ਜਨਮ ਜਨਮ ਕਰੇ ਪੂਜਾ ਪਾਠ, ਹਰਿ ਹਰਿ ਕੋਇ ਨਾ ਮੇਲ ਮਿਲਾਈਆ। ਸਤਿਜੁਗ ਏਕਾ ਕੰਢਾ ਏਕਾ ਘਾਟ, ਏਕਾ ਰਿਹਾ ਚੜ੍ਹਾਈਆ। ਅੱਗੇ ਨੇੜੇ ਦਿਸੇ ਵਾਟ, ਹਰਿ ਦਿਵਸ ਰੈਣ ਪੰਧ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਤਿਜੁਗ ਸਾਚੇ ਦੇਵੇ ਵਰ, ਜਨ ਭਗਤਾਂ ਬਜਰ ਕਪਾਟੀ ਜਾਏ ਪਾੜ, ਅੱਠੇ ਪਹਿਰ ਸਵੱਛ ਸਰੂਪ ਜੋਤੀ ਨੂਰ ਕਰੇ ਰੁਸ਼ਨਾਈਆ। ਕਲਜੁਗ ਅੰਤਮ ਕਾਲਾ ਕਾਲਾ ਸੂਸਾ, ਆਪਣੇ ਹੱਥ ਉਠਾਇੰਦਾ। ਦਰ ਘਰ ਵੇਖੇ ਈਸਾ ਮੂਸਾ, ਕਾਲੀ ਕਫਨੀ ਨਾ ਕੋਈ ਸਿਰ ਟਿਕਾਇੰਦਾ। ਚੌਦਾਂ ਤਬਕਾਂ ਫਿਰਿਆ ਰੁੱਸਾ, ਸੰਗ ਮੁਹੰਮਦ ਚਾਰ ਯਾਰ ਨਾ ਕੋਈ ਮਨਾਇੰਦਾ। ਅੱਲਾ ਰਾਣੀ ਚੜ੍ਹਿਆ ਗੁੱਸਾ, ਮੁਖ ਘੁੰਘਟ ਨੈਣ ਸ਼ਰਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਤੇਰਾ ਭਾਰ ਤੇਰੇ ਸੀਸ ਆਪ ਚੁਕਾਇੰਦਾ। ਕਲਜੁਗ ਭਾਰ ਲੈਣਾ ਚੁੱਕ, ਅੰਤਮ ਵਾਰ ਆਈਆ। ਚਾਰੋਂ ਕੁੰਟ ਪਿਆ ਮੁਖ ਥੁੱਕ, ਨਾ ਦੀਸੇ ਕੋਈ ਸਹਾਈਆ। ਸ੍ਰਿਸ਼ਟ ਸਬਾਈ ਬੂਟਾ ਰਿਹਾ ਸੁੱਕ, ਨਾ ਹਰਿਆ ਕੋਈ ਕਰਾਈਆ। ਕਾਮ ਕਰੋਧ ਰਿਹਾ ਬੁੱਕ, ਘਰ ਘਰ ਪਈ ਲੜਾਈਆ। ਗੁਰਮੁਖ ਕੋਈ ਘਰ ਸਾਚੇ ਨਾ ਝੁਕ, ਜਗਤ ਵਿਦਿਆ ਕਰੇ ਪੜ੍ਹਾਈਆ। ਸਾਧ ਸੰਤ ਜੂਠੇ ਝੂਠੇ ਬੈਠੇ ਲੁਕ, ਮਾਇਆ ਪੜਦਾ ਉਪਰ ਪਾਈਆ। ਹਰਿ ਕਾ ਭਾਣਾ ਕਦੇ ਨਾ ਜਾਏ ਰੁਕ, ਨਾਨਕ ਗੋਬਿੰਦ ਲੇਖ ਲਿਖਾਈਆ। ਪ੍ਰਭ ਵੇਖਣਹਾਰਾ ਮਾਤ ਗਰਭ ਅੰਦਰ ਕੁੱਖ, ਨਾ ਕੋਈ ਸਕੇ ਭੇਵ ਛੁਪਾਈਆ। ਨਿੰਦਕਾਂ ਅੰਤ ਕਰੇ ਕਾਲੇ ਮੁੱਖ, ਮੁਖ ਕਾਲੀ ਸ਼ਾਹੀ ਲਾਈਆ। ਗੁਰਮੁਖ ਗੁਰਸਿਖ ਜਨਮ ਜਨਮ ਸੁਖਣਾ ਰਹੇ ਸੁਖ, ਮਿਲੇ ਦਾਤਾ ਬੇਪਰਵਾਹੀਆ। ਬੂਟਾ ਹਰਿਆ ਕਰੇ ਉਲਟਾ ਰੁਖ, ਲੇਖਾ ਲੇਖੇ ਲਏ ਲਾਈਆ। ਸਿੰਘ ਗੁਰਮੁਖ ਦਵਾਰੇ ਗਿਆ ਝੁਕ, ਹਰਿ ਸਚ ਸੱਚੀ ਸਰਨਾਈਆ। ਚਤੁਰਭੁਜ ਆਪਣੀ ਭੁਜਾਂ ਲਏ ਚੁੱਕ, ਲੋਆਂ ਪੁਰੀਆਂ ਪਾਰ ਕਰਾਈਆ। ਨਾ ਇਹ ਮਾਨਸ ਨਾ ਇਹ ਮਨੁਖ, ਨਾ ਕੋਈ ਮਾਤਾ ਪਿਤਾ ਜਨਮੇ ਕੁੱਖ, ਨਾ ਕੋਈ ਤ੍ਰਿਸਨਾ ਨਾ ਕੋਈ ਭੁੱਖ, ਨਾ ਕਿਸੇ ਮੰਦਰ ਗੁਰਦਵਾਰੇ ਬੈਠਾ ਲੁਕ, ਗੁਰਮੁਖ ਸਾਚੇ ਤੇਰੇ ਸਾਚੇ ਅੰਦਰ, ਆਪੇ ਤੋੜਿਆ ਆਪਣਾ ਜੰਦਰ, ਕਿਸੇ ਹੱਥ ਨਾ ਆਏ ਮੁਨੀ ਮਛੰਦਰ, ਦਰ ਸਾਚਾ ਇਕ ਸੁਹਾਇਆ। ਸਾਚਾ ਘਰ ਇਕ ਮਹੱਲਾ, ਸਤਿਜੁਗ ਰੰਗ ਰੰਗਾਇਆ। ਪਾਰਬ੍ਰਹਮ ਚੜ੍ਹਿਆ ਇਕ ਅਕੱਲਾ, ਏਕਾ ਆਸਣ ਲਾਇਆ। ਆਪੇ ਵਸਿਆ ਜਲਾ ਥਲਾ, ਜੰਗਲ ਜੂਹ ਉਜਾੜ ਪਹਾੜ ਡੂੰਘੀ ਕੰਦਰ ਸਮੁੰਦ ਸਾਗਰ ਡੇਰਾ ਲਾਇਆ। ਜੋਤ ਜਗਾਏ ਘੜੀ ਘੜੀ ਪਲ ਪਲਾ, ਬ੍ਰਹਮਾ ਵਿਸ਼ਨ ਸ਼ਿਵ ਇੰਦ ਇੰਦਰਾਸਨ ਵੇਖ ਵਖਾਇਆ। ਕਲਜੁਗ ਅੰਤਮ ਤੇਰਾ ਵੇਖੇ ਖਾਲੀ ਪੱਲਾ, ਸਚ ਵਸਤ ਨਾ ਕੋਈ ਗੰਢ ਬੰਧਾਇਆ। ਪੰਜ ਤਤ ਵਿਕਾਰਾ ਕਰੇ ਹੱਲਾ, ਹਰਿ ਸਾਚਾ ਰਿਹਾ ਉਠਾਇਆ। ਨਾ ਕੋਈ ਤੀਰ ਕਮਾਨ ਨਾ ਸ਼ਸਤਰ ਫੜਿਆ ਭੱਲਾ, ਏਕਾ ਖੰਡਾ ਨਾਮ ਉਠਾਇਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਮਨਮੁਖ ਜੀਵਾਂ ਦਏ ਸਮਝਾਇਆ। ਮਨਮੁਖ ਜੀਵ ਜਨਮ ਅਮੋਲਾ, ਮਾਨਸ ਮਾਤ ਗਵਾਇਆ । ਗੁਰ ਨਾਨਕ ਬਣਿਆ ਸਾਚਾ ਤੋਲਾ, ਨਾਮ ਕੰਡਾ ਇਕ ਲਗਾਇਆ। ਸੋਹੰ ਰੱਖਿਆ ਸਾਚਾ ਬੋਲਾ, ਨਾਮ ਸਤਿ ਮੰਤਰ ਦ੍ਰਿੜਾਇਆ। ਮਨਮੁਖ ਜੀਵਾਂ ਕਾਇਆ ਮੰਦਰ ਹੋਇਆ ਪੋਲਾ, ਹਰਿ ਕਾ ਨਾਮ ਨਾ ਕਿਸੇ ਵਸਾਇਆ। ਕੂੜੀ ਕਿਰਿਆ ਖੇਲਿਆ ਹੋਲਾ, ਕਾਇਆ ਕਪਟੀ ਰੰਗ ਚੜ੍ਹਾਇਆ। ਅੰਤਮ ਲਾੜੀ ਮੌਤ ਚੁੱਕੇ ਡੋਲਾ, ਘਰ ਘਰ ਫੇਰੀ ਪਾਇਆ। ਪਾਰਬ੍ਰਹਮ ਪ੍ਰਭ ਬਦਲਿਆ ਚੋਲਾ, ਜੋਤੀ ਜਾਮਾ ਭੇਖ ਵਟਾਇਆ। ਪਰਗਟ ਹੋਏ ਸੰਮਤ ਸੋਲਾਂ, ਸ੍ਰਿਸ਼ਟ ਸਬਾਈ ਦਏ ਉਠਾਇਆ। ਆਪੇ ਹਟਾਏ ਆਪਣਾ ਪੜਦਾ ਓਹਲਾ, ਏਕਾ ਸ਼ਬਦੀ ਡੰਕ ਵਜਾਇਆ। ਮਨਮੁਖ ਜੀਵ ਘਰ ਘਰ ਪਾਵਣ ਰੌਲਾ, ਅੱਗੇ ਕੋਈ ਦਿਸ ਨਾ ਆਇਆ। ਹਰਿ ਕਾ ਸ਼ਬਦ ਝੂਠ ਨਾ ਹੋਏ ਰੱਤੀ ਚੌਲਾ, ਨਾ ਕੋਈ ਤੋਲਾ ਤੋਲ ਤੁਲਾਇਆ। ਰਾਏ ਧਰਮ ਚਿਤਰ ਗੁਪਤ ਹੋਇਆ ਗੋਲਾ, ਦਿਵਸ ਰੈਣ ਸੀਸ ਝੁਕਾਇਆ। ਜਨ ਭਗਤਾਂ ਅੰਦਰ ਜੋਤ ਸਰੂਪੀ ਆਪੇ ਮੌਲਾ, ਆਪ ਆਪਣੀ ਬੂਝ ਬੁਝਾਇਆ। ਅੰਮ੍ਰਿਤ ਭਰੇ ਨਾਭ ਕਵਲਾ, ਉਲਟਾ ਕਵਲਾ ਮੁਖ ਭਵਾਇਆ। ਦੇਵੇ ਵਡਿਆਈ ਉਪਰ ਧਵਲਾ, ਗੁਰਮੁਖ ਪਾਲ ਨਾਮ ਧਰਾਇਆ। ਪਰਗਟ ਹੋਇਆ ਸਾਵਲ ਸਵਲਾ, ਕਾਹਨਾ ਕ੍ਰਿਸ਼ਨਾ ਰੂਪ ਵਟਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਤੇਰਾ ਲੇਖਾ ਤੇਰੇ ਦਰ ਤੇਰਾ ਪੂਰ ਕਰਾਇਆ। ਕਲਜੁਗ ਕੂੜਾ ਕਰ ਨਿਮਸਕਾਰ, ਢਹਿ ਪਏ ਸਰਨਾਈਆ। ਝੂਠੇ ਦਿਸੇ ਮੀਤ ਮੁਰਾਰ, ਨਾ ਸਕੇ ਕੋਈ ਬਚਾਈਆ। ਵੇਦ ਕਤੇਬ ਰਹੇ ਵਿਚਾਰ, ਮਸਤਕ ਤਿਲਕ ਲਗਾਈਆ। ਥੱਕੇ ਮਾਂਦੇ ਵਿਚ ਸੰਸਾਰ, ਅਗਲਾ ਪੰਧ ਨਾ ਕੋਈ ਮੁਕਾਈਆ। ਅੰਜੀਲ ਕੁਰਾਨਾ ਆਈ ਹਾਰ, ਸਚ ਮਸੱਲਾ ਨਾ ਕੋਈ ਵਿਛਾਈਆ। ਅੱਲਾ ਰਾਣੀ ਕਰੇ ਪੁਕਾਰ, ਨੇਤਰ ਰੋਵੇ ਨੀਰ ਵਹਾਈਆ। ਸੰਗ ਮੁਹੰਮਦ ਚਾਰ ਯਾਰ, ਚੌਦਾਂ ਤਬਕਾਂ ਕਰੇ ਦੁਹਾਈਆ। ਅਜਰਾਈਲ ਜਬਰਾਈਲ ਪਾਵੇ ਸਾਰ, ਮੇਕਾਈਲ ਅਸਰਾਫੀਲ ਵੇਖ ਵਖਾਈਆ। ਹੱਕ ਹਕੀਕਤ ਨਾ ਕੋਈ ਵਿਚਾਰ, ਸ਼ਰਅ ਸ਼ਰੀਅਤ ਨਾ ਕੋਈ ਸਮਝਾਈਆ। ਮੁਕਾਮੇ ਹੱਕ ਜਗਤ ਦਲੀਲ ਨਾ ਬੁੱਝੇ ਗਵਾਰ, ਐਨਲਹਕ ਨਾਅਰਾ ਕੋਈ ਨਾ ਲਾਈਆ। ਸਦੀ ਚੌਧਵੀਂ ਉਮਤ ਰਸੂਲ ਗਈ ਥੱਕ, ਨਾ ਸਕੇ ਕਦਮ ਉਠਾਈਆ। ਮਨਮੁਖਤਾ ਫਲ ਗਿਆ ਪੱਕ, ਪ੍ਰਭ ਸਾਚਾ ਝਾੜਨ ਆਈਆ। ਸਿੰਘ ਸ਼ੇਰ ਸ਼ੇਰ ਦਲੇਰ ਬੁੱਕੇ ਵਿਚ ਲੋਕਮਾਤ ਢਕ, ਚਾਰੋਂ ਕੁੰਟ ਰਿਹਾ ਕੁਰਲਾਈਆ। ਜਪ ਤਪ ਕੋਈ ਨਾ ਸਕੇ ਕਿਸੇ ਰੱਖ, ਕਲਜੁਗ ਕੂਕੇ ਦਏ ਦੁਹਾਈਆ। ਨੌਂ ਖੰਡ ਪ੍ਰਿਥਮੀ ਉਡਨੇ ਕੱਖ, ਜੋਤੀ ਅਗਨੀ ਅੱਗ ਲਗਾਈਆ। ਜੋਤ ਅਕਾਲ ਸਰਬ ਪ੍ਰਿਤਪਾਲਣ ਪਰਗਟ ਹੋਏ ਪਰਤੱਖ, ਗੋਬਿੰਦ ਸੰਗ ਰਖਾਈਆ। ਗੁਰਸਿਖਾਂ ਗੁਰਮੁਖਾਂ ਜਨ ਭਗਤਾਂ ਰੱਖੇ ਦੇ ਕਰ ਹੱਥ, ਸਮਰਥ ਪੁਰਖ ਹੱਥ ਵਡਿਆਈਆ। ਸੰਮਤ ਵੀਹ ਸੌ ਪੰਦਰਾਂ ਕਰਨ ਆਇਆ ਵੱਖ, ਗੁਰ ਗੋਬਿੰਦ ਜੋੜ ਜੁੜਾਈਆ। ਕੀਮਤ ਕਰਤਾ ਕੋਈ ਨਾ ਪਾਏ ਤੇਰੀ ਕਰੋੜੀ ਲੱਖ, ਨਾ ਕੋਈ ਲੋਕਮਾਤ ਚੁਕਾਈਆ। ਰਾਜ ਰਾਜਾਨਾ ਸ਼ਾਹ ਸੁਲਤਾਨਾ ਘਰ ਘਰ ਭਾਂਡੇ ਦਿਸਣ ਸੱਖ, ਤ੍ਰਿਸਨਾ ਭੁੱਖ ਨਾ ਕੋਈ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਤੇਰਾ ਨਾਤਾ ਪੁਰਖ ਬਿਧਾਤਾ ਆਪੇ ਜੋੜੇ ਆਪੇ ਤੋੜੇ ਆਪੇ ਬੰਧਨ ਲਾਹੀਆ। ਕਲਜੁਗ ਤੇਰਾ ਬੰਧਨ ਤੋੜ, ਹਰਿ ਸਾਚਾ ਆਪ ਅਖਵਾਇਆ। ਪੰਥ ਖਾਲਸਾ ਹਿਲੇ ਜੋੜ, ਜੋੜ ਨਾ ਕੋਈ ਜੁੜਾਇਆ। ਨੀਲੇ ਵਾਲਾ ਚੜ੍ਹਿਆ ਨੀਲੇ ਘੋੜ, ਦਿਸ ਕਿਸੇ ਨਾ ਆਇਆ। ਆਪੇ ਮਾਰੇ ਪਹਿਲਾ ਪੌੜ, ਲਹਿੰਦੀ ਦਿਸ਼ਾ ਵੇਖ ਵਖਾਇਆ। ਸੰਬਲ ਨਗਰੀ ਵੇਖੇ ਪਰਖੇ ਮਿੱਠਾ ਕੌੜ, ਦੋ ਜਹਾਨ ਵੇਖ ਵਖਾਇਆ। ਸ਼ਬਦੀ ਦਾਤਾ ਧੁਰਦਰਗਾਹੀ ਆਇਆ ਦੌੜ, ਔਦਾਂ ਜਾਂਦਾ ਦਿਸ ਨਾ ਆਇਆ। ਗੁਰਮੁਖਾਂ ਅੰਦਰ ਆਪੇ ਬੌਹੜ, ਆਪ ਆਪਣਾ ਮੇਲ ਮਿਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਕਲਜੁਗ ਤੇਰੀ ਅੰਤਮ ਵਰ, ਤੇਰੀ ਰਾਸ ਤੇਰੇ ਰੱਖੇ ਪਾਸ, ਨਾ ਦੂਸਰ ਕੋਈ ਚੁਰਾਇਆ। ਕਲਜੁਗ ਤੇਰੀ ਝੂਠੀ ਰਾਸ, ਤੇਰੀ ਝੋਲੀ ਪਾਈਆ। ਜਿਸ ਜਨ ਖਾਇਆ ਮਦਿਰਾ ਮਾਸ, ਲੋਕਮਾਤ ਰਹਿਣ ਨਾ ਪਾਈਆ। ਨਾਨਕ ਗੁਰ ਨਾ ਪੁੱਛੇ ਵਾਤ, ਦਰ ਦਵਾਰ ਦਏ ਦੁਰਕਾਈਆ। ਗੁਰ ਅਰਜਨ ਨਾ ਵੇਖੇ ਮਾਰ ਝਾਤ, ਹਰਿ ਮੰਦਰ ਜੋ ਬੈਠੇ ਸੇਜ ਵਿਛਾਈਆ। ਗੁਰ ਗੋਬਿੰਦ ਨਾ ਮੇਲਾ ਹੋਏ ਨੀਲੇ ਰਾਕ, ਜੋ ਖੰਡੇ ਰਿਹਾ ਚਮਕਾਈਆ। ਸੋ ਜਨ ਮਿਲੇ ਜਿਸ ਮੇਲੇ ਆਪ, ਮੇਲ ਵਿਛੋੜਾ ਆਪਣੇ ਹੱਥ ਰਖਾਈਆ। ਰਾਮ ਦਾਸ ਤੇਰਾ ਘਰ ਜੋਤ ਬਾਕੀ ਬਾਕ, ਪੱਤਤ ਪਾਵਨ ਆਪ ਕਰਾਈਆ। ਸੰਮਤ ਸਤਰਾਂ ਸਿਖ ਸਿਖਾਇਆ ਨਾਤਾ ਤੋੜੇ ਸਾਕ, ਰਾਵਣ ਹੰਕਾਰੀ ਦਏ ਮਿਟਾਈਆ। ਗੁਰ ਗੋਬਿੰਦ ਤੇਰਾ ਪੂਰ ਕਰਾਏ ਭਵਿਖਤ ਵਾਕ, ਆਪ ਆਪਣਾ ਸੰਗ ਨਿਭਾਈਆ। ਜਿਸ ਜਨ ਖੋਲ੍ਹੇ ਆਪਣਾ ਤਾਕ, ਧਾਰੀ ਕੇਸ ਸੇਵ ਕਮਾਈਆ। ਪੰਜ ਤਤ ਮਲੌਣਾ ਖ਼ਾਕੀ ਖ਼ਾਕ, ਸ਼ਬਦ ਸ਼ਹੀਦੀ ਕੋਈ ਨਾ ਪਾਈਆ । ਕਲਜੁਗ ਤੇਰਾ ਲਹਿਣਾ ਦੇਣਾ ਚੁਕਿਆ ਬਾਕੀ ਬਾਕ, ਪ੍ਰਭ ਸਾਚਾ ਆਪ ਚੁਕਾਈਆ। ਸਤਿਜੁਗ ਸਾਚਾ ਸੁਤ ਦੁਲਾਰਾ, ਘਰ ਸਾਚੇ ਆਪੇ ਵਸਿਆ। ਏਕਾ ਮੰਗੇ ਮੰਗ ਭਿਖਾਰਾ, ਦਰ ਦਵਾਰੇ ਫਿਰੇ ਨੱਸਿਆ। ਮਿਲੇ ਮੇਲ ਵਿਚ ਸੰਸਾਰਾ, ਗੁਰਮੁਖ ਸਾਚੇ ਕਿਲੇ ਸਸਿਆ। ਹੰ ਹੰਗਤਾ ਤੋੜੇ ਗੜ੍ਹ ਹੰਕਾਰਾ, ਤੀਰ ਨਿਰਾਲਾ ਏਕਾ ਕਸਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਤਿਜੁਗ ਸਾਚੇ ਦੇਵੇ ਵਰ, ਤੇਰੇ ਅੰਦਰ ਤੇਰਾ ਰੂਪ ਆਪੇ ਹਰਿ ਹਰਿ ਵਸਿਆ। ਸਤਿਜੁਗ ਸਾਚੇ ਮਿਲਿਆ ਵਰ, ਲੋਕਮਾਤ ਵੱਜੀ ਵਧਾਈਆ। ਧਰਤ ਮਾਤ ਤੇਰਾ ਸੁਹਾਏ ਸਾਚਾ ਘਰ, ਨੌਂ ਨੰਖ ਇਕ ਰਖਾਈਆ। ਸੱਤ ਸਰੋਵਰ ਮਿਟਾਏ ਏਕਾ ਗੜ੍ਹ, ਸਮੁੰਦ ਸਾਗਰ ਆਪ ਪਰਨਾਈਆ। ਆਪੇ ਅੰਦਰ ਬੈਠੇ ਵੜ, ਵੇਖੇ ਸ੍ਰਿਸ਼ਟ ਸਬਾਈਆ। ਆਪਣੀ ਚੋਟੀ ਆਪੇ ਚੜ੍ਹ, ਆਪੇ ਅਧਵਿਚਕਾਰ ਟਿਕਾਈਆ। ਆਪੇ ਬਣਿਆ ਬਹੱਤਰ ਨੜ, ਤਿੰਨ ਸੌ ਸੱਠ ਹਾਡੀ ਜੋੜ ਜੁੜਾਈਆ। ਰਕਤ ਬੂੰਦ ਹੱਡ ਮਾਸ ਨਾੜੀ ਘਾੜਨ ਘੜ, ਅਪ ਤੇਜ਼ ਵਾਏ ਪ੍ਰਿਥਮੀ ਅਕਾਸ਼ ਪੰਜ ਤਤ ਰਖਾਈਆ। ਅਗਨੀ ਪਵਨ ਨਾ ਜਾਏ ਸੜ, ਮੜੀ ਗੋਰ ਨਾ ਕੋਈ ਦਬਾਈਆ। ਆਪਣਾ ਅੱਖਰ ਆਪੇ ਪੜ੍ਹ, ਆਪਣੀ ਮੋਖ ਮੁਕਤ ਰਖਾਈਆ। ਆਪਣੇ ਦਵਾਰੇ ਆਪੇ ਚੜ੍ਹ, ਆਪਣਾ ਬੰਕ ਸੁਹਾਈਆ। ਨਾ ਕੋਈ ਸੀਸ ਨਾ ਕੋਈ ਧੜ, ਨਿਰਗੁਣ ਜੋਤ ਵੱਡੀ ਵਡਿਆਈਆ। ਸਤਿਜੁਗ ਫੜਿਆ ਆਪਣਾ ਲੜ, ਨਾ ਕੋਈ ਤੋੜੇ ਤੋੜ ਤੁੜਾਈਆ। ਸੋਹੰ ਸ਼ਬਦ ਸ੍ਰਿਸ਼ਟ ਸਬਾਈ ਜਾਏ ਪੜ੍ਹ, ਵੀਹ ਸੌ ਵੀਹ ਬਿਕ੍ਰਮੀ ਪੰਦਰਾਂ ਕੱਤਕ ਦਏ ਵਡਿਆਈਆ। ਨਾ ਕੋਈ ਪੀਵੇ ਹੁੱਕਾ ਨੜ, ਮਦਿਰਾ ਮਾਸ ਨਾ ਰਸਨ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਤਿਜੁਗ ਸਾਚੇ ਦੇਵੇ ਵਰ, ਸ਼ਬਦ ਵਿਚੋਲਾ ਵਿਚ ਰਖਾਈਆ। ਹਰਿ ਕਾ ਸ਼ਬਦ ਬਣ ਵਿਚੋਲਾ, ਲੋਕਮਾਤ ਉਠ ਧਾਇਆ। ਕਲਜੁਗ ਸਤਿਜੁਗ ਸੁਣਾਏ ਆਪਣਾ ਢੋਲਾ, ਆਪਣਾ ਰਾਗ ਅਲਾਇਆ। ਇਕ ਜੈਕਾਰਾ ਏਕਾ ਬੋਲਾ, ਦੋ ਜਹਾਨਾਂ ਰਿਹਾ ਸੁਣਾਇਆ। ਦੋਹਾਂ ਬਣਿਆ ਆਪੇ ਤੋਲਾ, ਏਕਾ ਖੰਡਾ ਹੱਥ ਉਠਾਇਆ। ਕਲਜੁਗ ਕੂੜਾ ਹੋਇਆ ਪੋਲਾ, ਹੌਲੇ ਭਾਰ ਤੁਲਾਇਆ। ਸਤਿਜੁਗ ਸਾਚਾ ਉਤਰਿਆ ਕਲਾ ਸੋਲਾ, ਸੋਲਾਂ ਰੰਗ ਰੰਗਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਸਤਿਜੁਗ ਵੇਖੇ ਦਰ, ਦਰ ਆਪਣਾ ਇਕ ਸੁਹਾਇਆ। ਸਾਚੇ ਕੰਡੇ ਤੋਲੇ ਤੋਲ, ਕਲਜੁਗ ਆਪ ਤੁਲਾਇਆ। ਚੌਥੇ ਜੁਗ ਚਾਰੇ ਅੱਖਰ ਏਕਾ ਰਸਨਾ ਬੋਲ, ਵਾਹਿਗੁਰੂ ਜਾਪ ਜਪਾਇਆ। ਵਾਹ ਵਾਹ ਗੁਰ ਦੇਵੇ ਸਾਚੀ ਪੌਲ੍ਹ, ਪੁਰਖ ਅਕਾਲ ਮਨਾਇਆ। ਆਦਿ ਅੰਤ ਨਾ ਜਾਏ ਡੋਲ, ਅਡੋਲ ਅਡੁਲ ਨਾਮ ਧਰਾਇਆ। ਆਪੇ ਆਪਣਾ ਪੂਰਾ ਕਰੇ ਕੌਲ, ਕੀਤਾ ਕੌਲ ਪੂਰ ਕਰਾਇਆ। ਕਲਜੁਗ ਅੰਤਮ ਚਾਰ ਅੱਖਰ ਗੁਰਸਿਖ ਹਿਰਦੇ ਗਿਆ ਮੌਲ, ਅੰਤਮ ਲਹਿਣ ਲਹਿਣ ਚੁਕਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰਾ ਗੇੜਾ ਲੋਕਮਾਤ ਚੁਕੇ ਝੇੜਾ, ਲੱਖ ਚੁਰਾਸੀ ਹੋਏ ਨਿਬੇੜਾ, ਆਪਣੀ ਹੱਥੀਂ ਰਿਹਾ ਕਰਾਇਆ। ਸਤਿਜੁਗ ਸਾਚਾ ਸਾਚੀ ਧਾਰ, ਏਕਾ ਰਿਹਾ ਚਲਾਈਆ। ਦੂਜੀ ਰੱਖੀ ਸ਼ਬਦ ਕਟਾਰ, ਆਪਣੇ ਤਨ ਸਜ਼ਾਈਆ। ਆਪੇ ਵੇਖੇ ਵੇਖਣਹਾਰ, ਆਪਣੀ ਦਇਆ ਕਮਾਈਆ। ਲੇਖੇ ਲਾਏ ਵਿਚ ਸੰਸਾਰ, ਵਡ ਦਾਤੇ ਵੱਡੀ ਵਡਿਆਈਆ। ਬੇਐਬ ਹੋਇਆ ਪਰਵਰਦਿਗਾਰ, ਖ਼ੁਦੀ ਖ਼ੁਦਾਈ ਨੇੜ ਨਾ ਆਈਆ। ਸ੍ਰਿਸ਼ਟ ਸਬਾਈ ਸਾਂਝਾ ਯਾਰ, ਨਿਰਗੁਣ ਜੋਤ ਕਰੇ ਰੁਸ਼ਨਾਈਆ। ਰਾਮ ਕ੍ਰਿਸ਼ਨ ਨਾਨਕ ਗੋਬਿੰਦ ਵਾਹਿਗੁਰੂ ਅੱਲਾ ਕਰ ਪਿਆਰ, ਏਕਾ ਧਾਮ ਬਹਾਈਆ। ਚੌਥੇ ਜੁਗ ਤੇਰਾ ਲਹਿਣਾ ਕਰਜ਼ ਦਏ ਉਤਾਰ, ਚੌਥੇ ਅੱਖਰ ਵਿਚ ਟਿਕਾਈਆ। ਪਰਗਟ ਹੋਏ ਹਰਿ ਕਰਤਾਰ, ਆਪਣੀ ਖੇਲ ਖਿਲਾਈਆ। ਪਹਿਲੇ ਪੰਜ ਤਤ ਕਰ ਪਿਆਰ, ਸਿੰਘ ਸ਼ੇਰ ਨਾਉਂ ਧਰਾਈਆ। ਦੂਜੀ ਵਾਰੀ ਜੋਤ ਨਿਰੰਕਾਰ, ਆਪਣਾ ਵੇਸ ਵਟਾਈਆ। ਗੁਰ ਚੇਲੇ ਕਰ ਇਕ ਪਿਆਰ, ਏਕਾ ਰੰਗ ਰੰਗਾਈਆ। ਆਪੇ ਅੰਦਰ ਆਪੇ ਬਾਹਰ, ਸ੍ਰਿਸ਼ਟ ਸਬਾਈ ਰਿਹਾ ਭੁਲਾਈਆ। ਨਿਰਮਲ ਜੋਤੀ ਨੂਰ ਉਜਿਆਰ, ਦਿਵਸ ਰੈਣ ਡਗਮਗਾਈਆ। ਸਤਿਜੁਗ ਸਾਚੀ ਕਰੇ ਵਿਚਾਰ, ਸਾਚੀ ਧਾਰ ਚਲਾਈਆ। ਦੋਏ ਰੂਪ ਆਪ ਕਰਤਾਰ, ਦੋਏ ਅੱਖਰ ਲਏ ਉਪਜਾਈਆ। ਸੋ ਪੁਰਖ ਨਿਰੰਜਣ ਕਿਰਪਾ ਧਾਰ, ਅਕਾਲ ਪੁਰਖ ਆਪ ਅਖਵਾਈਆ। ਅਕਾਲ ਮੂਰਤ ਨਿਰਾਕਾਰ, ਨਿਰਵੈਰ ਆਪ ਹੋ ਜਾਈਆ। ਅਜੂਨੀ ਰਹਿਤ ਸਿਰਜਣਹਾਰ, ਵਰਨ ਗੋਤ ਨਾ ਕੋਈ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਅੱਖਰ ਲਏ ਉਪਾਈਆ। ਏਕਾ ਅੱਖਰ ਸ਼ਬਦ ਉਜਾਲਾ, ਹਰਿ ਸਾਚੇ ਆਪ ਕਰਾਇਆ। ਸੇਵਾ ਲਾਈ ਜੋਤ ਜਵਾਲਾ, ਆਦਿ ਸ਼ਕਤ ਨਾਲ ਰਲਾਇਆ। ਓਅੰਕਾਰਾ ਗਲ ਪਾਏ ਮਾਲਾ, ਏਕੰਕਾਰਾ ਵੇਖ ਵਖਾਇਆ। ਪਾਰਬ੍ਰਹਮ ਪ੍ਰਭ ਲੈ ਅਵਤਾਰ, ਨਿਰਗੁਣ ਵੇਸ ਵਟਾਇਆ। ਨਿਰਗੁਣ ਵੇਸ ਹਰਿ ਕਰਤਾਰ, ਕਰਨੀ ਰਿਹਾ ਕਮਾਇਆ। ਆਦਿ ਨਿਰੰਜਣ ਭੇਵ ਨਿਆਰ, ਜੋਤ ਨਿਰੰਜਣ ਜੋਤ ਜਗਾਇਆ। ਸੱਜਣ ਮੀਤ ਮੁਰਾਰ, ਥਿਰ ਘਰ ਸਾਚੇ ਵੇਖ ਵਖਾਇਆ। ਏਕਾ ਜੋਧਾ ਸੂਰਬੀਰ ਬਲੀ ਬਲਕਾਰ, ਲੋਕਮਾਤ ਉਠ ਧਾਇਆ। ਏਕਾ ਰੰਗ ਰੰਗਾਏ ਸਚਖੰਡ ਸੱਚੀ ਸਰਕਾਰ, ਪੂਰਨ ਪੂਰਨ ਤਤ ਸਮਾਇਆ। ਪੰਚ ਤਤ ਕਰ ਪਿਆਰ, ਗੁਰ ਗੋਬਿੰਦ ਵੇਸ ਵਟਾਇਆ। ਮਾਝਾ ਦੇਸ ਕਰੇ ਖ਼ਬਰਦਾਰ, ਕਲਜੁਗ ਵੇਲਾ ਅੰਤਮ ਆਇਆ। ਜੋਤ ਸਰੂਪੀ ਕਰ ਪਰਵੇਸ਼, ਸੋਹੰ ਸਾਚਾ ਡੰਕ ਵਜਾਇਆ। ਸਤਿ ਪੁਰਖ ਕੋ ਸਦਾ ਆਦੇਸ, ਨਾਨਕ ਨਿਰਗੁਣ ਆਪ ਕਰਾਇਆ। ਆਦਿ ਜੁਗਾਦਿ ਖੇਲੇ ਖੇਲ ਭੇਸ, ਨਾ ਕੋਈ ਬੰਧਨ ਬੰਧ ਬੰਧਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦੋ ਅੱਖਰ ਦੋਆ ਜਾਪ, ਮੇਟ ਮਿਟਾਏ ਤੀਨੋ ਤਾਪ, ਗੁਰਮੁਖ ਪਛਾਣੇ ਆਪਣਾ ਆਪ, ਏਕਾ ਦੂਜਾ ਭੇਵ ਚੁਕਾਇਆ। ਏਕਾ ਦੂਜਾ ਭੌ ਚੁਕੌਣਾ, ਹਰਿ ਸਾਚੇ ਹੱਥ ਵਡਿਆਈਆ। ਗੁਰਮੁਖ ਸਾਜਣ ਮੇਲ ਮਿਲੌਣਾ, ਜੁਗ ਵਿਛੜੇ ਮੇਲ ਮਿਲਾਈਆ। ਜਨਮ ਜਨਮ ਦਾ ਲੇਖਾ ਲੇਖੇ ਪੌਣਾ, ਭੁੱਲ ਰਹੇ ਨਾ ਰਾਈਆ। ਸ਼ਾਹ ਸੁਲਤਾਨਾ ਘਰ ਦਰ ਮੰਦਰ ਕਿਸੇ ਨਾ ਮਿਲੇ ਸੌਣਾ, ਜੰਗਲ ਜੂਹ ਨਾ ਲੇਫ ਤਲਾਈਆ। ਗੁਰਮੁਖਾਂ ਮੇਟੇ ਅਵਣਾ ਗਵਣਾ, ਪੂਰੀ ਭਵਨਾ ਆਪ ਕਰਾਈਆ। ਅੰਮ੍ਰਿਤ ਆਤਮ ਮੇਘ ਬਰਸੇ ਸਵਨਾ, ਸਾਂਤਕ ਸਤਿ ਕਰਾਈਆ। ਕਲਜੁਗ ਦੁਸ਼ਟ ਹੰਕਾਰੀ ਮਾਰੇ ਰਾਵਨਾ, ਏਕਾ ਚਿੱਲਾ ਨਾਮ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖਾਂ ਵਖਾਏ ਸਾਚਾ ਕਿਲਾ ਸੱਸਾ ਸਤਿਗੁਰ ਨਾਮ ਧਰਾਈਆ। ਊੜਾ, ਏਕੰਕਾਰਾ ਤ੍ਰੈ ਭਵਨੀ, ਤ੍ਰੈਭਵਨ ਤ੍ਰੈਭਵਨ ਸੁਹਾਇਆ। ਐੜਾ ਆਪਣੀ ਅੱਖ ਆਪ ਉਘਾੜ, ਆਪ ਆਪਣਾ ਵੇਖ ਵਖਾਇਆ। ਈੜੀ ਇਸ਼ਟ ਰੂਪ ਕਰਤਾਰ, ਨਿਰਗੁਣ ਜੋਤ ਕਰੇ ਰੁਸ਼ਨਾਇਆ। ਸੱਸਾ, ਸਤਿਗੁਰ ਹੋ ਤਿਆਰ, ਚਾਰ ਦਿਵਾਰੀ ਕਿਲਾ ਇਕ ਬਣਾਇਆ। ਸ਼ਬਦ ਗੁਰ ਪਹਿਰੇਦਾਰ, ਚੌਥੇ ਘਰ ਵੇਖ ਵਖਾਇਆ। ਚੌਥਾ ਅੱਖਰ ਹਰਿ ਨਿਰੰਕਾਰ, ਥਿਰ ਘਰ ਨਾਮ ਧਰਾਇਆ। ਹਾਹਾ, ਹਰਿ ਹਰਿ ਵਿਚ ਸੰਸਾਰ, ਪੰਚਮ ਅੱਖਰ ਪੰਚਮ ਮੀਤਾ ਪੰਚਮ ਮੇਲ ਮਿਲਾਇਆ। ਨਿਰਗੁਣ ਰੂਪ ਹਰਿ ਦਾਤਾਰ, ਤ੍ਰੈਗੁਣ ਮਾਇਆ ਵਿਚ ਟਿਕਾਇਆ। ਲੱਖ ਚੁਰਾਸੀ ਕਰ ਪਸਾਰ, ਜੋਤੀ ਜੋਤ ਕਰੇ ਰੁਸ਼ਨਾਇਆ। ਆਪ ਉਪਾਏ ਆਪ ਖਪਾਏ ਆਪੇ ਪਾਵਣਹਾਰਾ ਸਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਕਲਜੁਗ ਵੇਖੇ ਸਾਚਾ ਘਰ, ਅੰਤਮ ਚੁਕਿਆ ਜਗਤ ਡਰ, ਜਗ ਨਾਤਾ ਤੋੜ ਤੁੜਾਇਆ। ਜਗਤ ਨਾਤਾ ਜਾਏ ਤੁੱਟ, ਸੰਮਤੀ ਸੰਮਤ ਨੇੜੇ ਆਇਆ। ਦੀਨਾਂ ਮਜ਼੍ਹਬਾਂ ਬੰਧਨ ਜਾਏ ਛੁੱਟ ਅੱਲਾ ਵਾਹਿਗੁਰੂ ਰਾਮ ਕ੍ਰਿਸ਼ਨ ਨਾ ਕੋਈ ਧਿਆਇਆ। ਸਤਿਜੁਗ ਸਾਚਾ ਲੱਖ ਚੁਰਾਸੀ ਚਾਰ ਵਰਨ ਅਠਾਰਾਂ ਬਰਨ ਏਕਾ ਲਾਹਾ ਲੈਣ ਲੁੱਟ, ਸੋਹੰ ਜਾਪ ਜਪਾਇਆ। ਪੰਜਾਂ ਚੋਰਾਂ ਅੰਦਰੋਂ ਕੱਢੇ ਕੁੱਟ, ਮਨਮਤ ਰਹਿਣ ਨਾ ਪਾਇਆ। ਅੰਮ੍ਰਿਤ ਸੋਮਾ ਪਿਆ ਫੁੱਟ, ਨਿਝਰ ਧਾਰ ਵਹਾਇਆ। ਭਰ ਪਿਆਲਾ ਪੀਣਾ ਘੁੱਟ, ਗੁਰ ਪੂਰੇ ਹੱਥ ਫੜਾਇਆ। ਮਨਮੁਖ ਜੀਵਾਂ ਭਾਗ ਗਏ ਨਖੁਟ, ਵੇਲਾ ਗਿਆ ਹੱਥ ਨਾ ਆਇਆ। ਪੰਜਾਂ ਚੋਰਾਂ ਪੌਣੀ ਲੁੱਟ, ਬੰਦ ਕੋਠੜੀ ਵੇਖ ਵਖਾਇਆ। ਅੰਤਮ ਸ਼ੌਹ ਦਰਯਾਏ ਦੇਵੇ ਸੁਟ, ਬੇੜਾ ਕੋਈ ਨਾ ਬੰਨੇ ਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਸਤਿਜੁਗ ਸਾਚੇ ਵਸਿਆ ਘਰ, ਗੁਰਮੁਖ ਸਾਚੇ ਲਏ ਜਗਾਇਆ। ਗੁਰਮੁਖ ਸਾਚੇ ਨੇਤਰ ਖੋਲ੍ਹ, ਜਗਤ ਅੰਧੇਰਾ ਛਾਇਆ। ਅਗੰਮ ਅਗੰਮੜਾ ਰਿਹਾ ਬੋਲ, ਅਗੰਮੜਾ ਧਾਮ ਸੁਹਾਇਆ। ਹੱਡ ਮਾਸ ਨਾੜੀ ਅੰਦਰ ਵੱਜੇ ਢੋਲ, ਅਨਹਦ ਮਰਦੰਗ ਸੁਣਾਇਆ। ਆਪਣਾ ਪੜਦਾ ਆਪਣੇ ਮੰਦਰ ਅੰਦਰ ਆਪੇ ਖੋਲ੍ਹ, ਕਿਉਂ ਬੈਠਾ ਨੈਣ ਸ਼ਰਮਾਇਆ। ਸਚ ਵਸਤ ਹਰਿ ਸਾਚੇ ਕੋਲ, ਆਦਿ ਜੁਗਾਦੀ ਜਨ ਭਗਤਾਂ ਦੇਂਦਾ ਆਇਆ। ਜੋ ਜਨ ਮੰਗੇ ਰਸਨਾ ਬੋਲ, ਰਸ ਰਸਨਾ ਦਏ ਚਖਾਇਆ। ਪੁਰੀ ਅਨੰਦ ਕੀਤਾ ਕੌਲ, ਸੰਬਲ ਨਗਰੀ ਪੂਰ ਕਰਾਇਆ। ਸ਼ਬਦੀ ਗੁਰ ਗੁਰਮੁਖਾਂ ਅੰਦਰ ਆਪੇ ਗਿਆ ਮੌਲ, ਜੋਤੀ ਨੂਰ ਦਰਸਾਇਆ। ਭੇਵ ਨਾ ਪਾਏ ਕੋਈ ਪੰਡਤ ਪਾਂਧਾ ਰੌਲ, ਗਿਆਨੀ ਧਿਆਨੀ ਵਡ ਵਿਦਵਾਨੀ ਵੇਖ ਨਾ ਸਕੇ ਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣੀ ਕਾਇਆ ਗੁਰਮੁਖਾਂ ਉਤੋਂ ਆਪੇ ਘੋਲ, ਘੋਲੀ ਘੋਲ ਘੁਮਾਇਆ। ਮਨਮੁਖ ਜੀਵਾਂ ਕਲਜੁਗ ਅੰਤਮ ਵਿਆਵਣ ਆਇਆ ਬੋਲੀ, ਜੋ ਬੈਠੇ ਹਰਿ ਭੁਲਾਈਆ। ਨਾਲ ਰਲਾਏ ਲਾੜੀ ਮੌਤ ਗੋਲੀ, ਫੜ ਉਂਗਲੀ ਰਾਹ ਵਖਾਈਆ। ਲਾਲ ਰੰਗਾਏ ਹੱਥ ਬੰਧੇ ਸਿਰ ਅੱਟੀ ਮੌਲੀ, ਸੋਹਣਾ ਸੀਸ ਗੁੰਦਾਈਆ। ਰਾਹ ਵਖਾਏ ਹੌਲੀ ਹੌਲੀ, ਆਪਣਾ ਪੜਦਾ ਆਪੇ ਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਅੰਤਮ ਕਰਿਆ ਵੇਸ, ਪਾਰਬ੍ਰਹਮ ਦਰ ਦਰਵੇਸ਼, ਗੁਰਮੁਖ ਸਾਚਾ ਨਰ ਨਰੇਸ਼, ਜਿਸ ਦਰ ਬੈਠਾ ਆਸਣ ਲਾਈਆ। ਗੁਰਮੁਖ ਤੇਰਾ ਸਚ ਦਵਾਰਾ, ਹਰਿ ਹਰਿ ਸਾਚਾ ਵਸਿਆ। ਭਰਿਆ ਰਹੇ ਸ਼ਬਦ ਭੰਡਾਰਾ, ਕਲਜੁਗ ਮਿਟੇ ਰੈਣ ਅੰਧੇਰੀ ਮੱਸਿਆ। ਨਿਰਗੁਣ ਰੂਪ ਬਣ ਵਰਤਾਰਾ, ਲੋਕਮਾਤ ਆਵੇ ਨੱਸਿਆ। ਕਰੇ ਕਰਾਏ ਕਰਨੇਹਾਰਾ, ਜੁਗ ਜੁਗ ਰਾਹ ਸਾਚਾ ਆਪੇ ਦੱਸਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਹਰਿਜਨ ਸਾਚੇ ਲਏ ਵਰ, ਹਰਿ ਹਿਰਦੇ ਅੰਦਰ ਵਸਿਆ। ਕਾਇਆ ਮੰਦਰ ਹਰਿ ਵਸੇਰਾ, ਗੁਰਮੁਖ ਖੋਜ ਖੋਜਾਇਆ। ਜੂਠਾ ਝੂਠਾ ਢਾਹਿਆ ਭਰਮਾ ਡੇਰਾ, ਸਚ ਸੁੱਚ ਸਮਾਇਆ। ਦਰਸ਼ਨ ਪਾਇਆ ਨੇਰਨ ਨੇਰਾ, ਨਿਝ ਘਰ ਵੇਖ ਵਖਾਇਆ। ਹਰਿਸੰਗਤ ਚੜ੍ਹਿਆ ਚਾਓ ਘਨੇਰਾ, ਪ੍ਰਭ ਅਬਿਨਾਸ਼ੀ ਫੇਰਾ ਪਾਇਆ। ਆਪ ਚੁਕਾਏ ਮੇਰਾ ਤੇਰਾ, ਤੇਰਾ ਮੇਰਾ ਰਹਿਣ ਨਾ ਪਾਇਆ। ਗੁਰਮੁਖ ਤੇਰਾ ਵਸਦਾ ਰਹੇ ਸਾਚਾ ਖੇੜਾ, ਹਰਿ ਸਾਚੇ ਆਪ ਤਰਾਇਆ। ਆਪਣਾ ਬੱਧਾ ਆਪੇ ਬੇੜਾ, ਸਗਲਾ ਭਾਰ ਉਠਾਇਆ। ਕਰੇ ਕਰਾਏ ਹੱਕ ਨਿਬੇੜਾ, ਦਾਤਾ ਦਾਨੀ ਏਕਾ ਆਇਆ। ਕਲਜੁਗ ਅੰਤਮ ਦੇਵੇ ਗੇੜਾ, ਚਰਨ ਧੂੜ ਅਸ਼ਨਾਨੀ ਲਏ ਬਚਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਸ੍ਰਿਸ਼ਟ ਸਬਾਈ ਚੁਕਾਏ ਡਰ, ਨਿਰਭੌ ਨਿਰਵੈਰ ਰੂਪ ਆਪ ਹੋ ਆਇਆ। ਨਿਰਵੈਰ ਪੁਰਖ ਅਕਾਲ, ਅਕਾਲ ਪੁਰਖ ਅਖਵਾਇਆ। ਗੁਰਮੁਖ ਬਿਠਾਏ ਸਚ ਧਰਮ ਸੱਚੀ ਧਰਮਸਾਲ, ਦੂਜਾ ਤਤ ਨਾ ਕੋਈ ਵਖਾਇਆ। ਨੇੜ ਨਾ ਆਏ ਕਾਲ ਮਹਾਂਕਾਲ, ਆਪ ਆਪਣੀ ਗੋਦ ਰਖਾਇਆ। ਸਰਬ ਸੁਖ ਦਾਤਾ ਸਦਾ ਸਦਾ ਕਰੇ ਪ੍ਰਿਤਪਾਲ, ਪ੍ਰਿਤਪਾਲਕ ਨਾਮ ਧਰਾਇਆ। ਗੁਰਸਿਖ ਦੁਲਾਰੇ ਸਾਚੇ ਲਾਲ, ਮਾਣਕ ਮੋਤੀ ਆਪ ਉਪਾਇਆ। ਆਪੇ ਰੱਖੇ ਆਪਣੇ ਥਾਲ, ਗਗਨ ਗਗਨੰਤਰ ਉਪਰ ਟਿਕਾਇਆ। ਰਵ ਸਸ ਸੂਰਜ ਚੰਨ ਕਰਨ ਨਿਮਸਕਾਰ, ਤਾਰਾ ਮੰਡਲ ਸੀਸ ਝੁਕਾਇਆ। ਬ੍ਰਹਮਾ ਵੇਖੇ ਨੇਤਰ ਨੈਣ ਉਘਾੜ, ਗੁਰਸਿਖ ਤੇਰਾ ਰਾਹ ਤਕਾਇਆ। ਵਿਸ਼ਨੂੰ ਹੋਵੇ ਸੇਵਾਦਾਰ, ਤੇਰੀ ਸੇਵਾ ਰਿਹਾ ਕਮਾਇਆ। ਸ਼ਿਵ ਸ਼ੰਕਰ ਤੇਰਾ ਕਰ ਪਿਆਰ, ਬਾਸਕ ਤਸ਼ਕਾ ਗਲੋਂ ਦੇਵੇ ਲਾਹਿਆ। ਕਰੋੜ ਤੇਤੀਸਾ ਕਰੇ ਨਿਮਸਕਾਰ, ਸੁਰਪਤ ਰਾਜਾ ਇੰਦ ਨਾਲ ਰਲਾਇਆ। ਨੌਂ ਖੰਡ ਤੇਰੇ ਨਾਮ ਜੈਕਾਰ, ਭਗਤ ਭਗਵੰਤੀ ਮੇਲ ਮਿਲਾਇਆ। ਸੱਤਾਂ ਦੀਪਾਂ ਏਕਾ ਧਾਰ, ਸਾਧ ਸੰਤ ਵੇਖ ਵਖਾਇਆ। ਗੁਰਮੁਖ ਤੇਰਾ ਇਕ ਪਿਆਰ, ਬ੍ਰਹਿਮੰਡ ਵਿਚ ਹੋਰ ਨਾ ਕੋਈ ਰਖਾਇਆ। ਜੇਰਜ ਅੰਡ ਉਤਭੁਜ ਸੇਤਜ ਨਾ ਕੋਈ ਪਾਏ ਵੰਡ, ਖਾਣੀ ਬਾਣੀ ਨਾ ਲੇਖ ਲਿਖਾਇਆ। ਗੁਰਮੁਖ ਬ੍ਰਹਮ ਗਿਆਨ ਗਿਆਨ ਬ੍ਰਹਮ ਬੱਧੀ ਪੰਡ, ਪਾਰਬ੍ਰਹਮ ਰਿਹਾ ਉਠਾਇਆ। ਸਤਿਗੁਰ ਪੂਰਾ ਨਿਰਗੁਣ ਰੂਪ ਸੁੱਤਾ ਦੇ ਕਰ ਨਾ ਕਦੀ ਕੰਡ, ਹਾਜ਼ਰ ਹਜ਼ੂਰ ਆਪ ਅਖਵਾਇਆ। ਸਦਾ ਸੁਹਾਗਣ ਸ਼ਬਦ ਵੈਰਾਗਣ ਗੁਰਮੁਖ ਨਾਰੀ ਹੋਏ ਕਦੇ ਨਾ ਰੰਡ, ਕੰਤ ਕੰਤੂਹਲਾ ਸਚ ਸੁਹਾਗ ਹੰਢਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਹਰਿ ਹਰਿ ਸੁਹਾਏ ਸਾਚਾ ਦਰ, ਦਰ ਦਰਵਾਜ਼ਾ ਵੇਖ ਵਖਾਇਆ। ਦਰ ਦਰਵਾਜ਼ਾ ਗ਼ਰੀਬ ਨਿਵਾਜ਼ਾ, ਗੁਰਮੁਖ ਵੇਖ ਵਖਾਇੰਦਾ। ਆਪ ਆਪਣਾ ਸਾਜਨ ਸਾਜਾ, ਸਾਜਣਹਾਰ ਨਾਮ ਧਰਾਇੰਦਾ। ਜੁਗ ਜੁਗ ਰੱਖਣ ਆਇਆ ਲਾਜਾ, ਬਾਲ ਅਞਾਣੇ ਗੋਦ ਉਠਾਇੰਦਾ। ਪੁਰਖ ਅਗੰਮੜਾ ਧੁਨ ਅਨਾਦੀ ਸ਼ਬਦ ਸ਼ਬਦੀ ਮਾਰੇ ਵਾਜਾ, ਜੋਤੀ ਜੋਤ ਜਗਾਇੰਦਾ। ਨਾਮ ਜਣਾਈ ਬੋਧ ਅਗਾਧਾ, ਸਚ ਵਸਤ ਝੋਲੀ ਪਾਇੰਦਾ। ਗੁਰਮੁਖ ਦਰ ਦਵਾਰੇ ਬਣਿਆ ਪਾਂਧਾ, ਦੋ ਜਹਾਨਾਂ ਪੰਧ ਮੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਨਾਉਂ ਸੁਹਾਗੀ ਛੰਤ, ਗੀਤ ਗੋਬਿੰਦ ਏਕਾ ਗਾਇੰਦਾ।