Granth 07 Likhat 048: 18 Sawan 2015 Bikarmi Mangal Singh de Ghar Pind Dharad Jila Amritsar

੧੮ ਸਾਵਣ ੨੦੧੫ ਬਿਕ੍ਰਮੀ ਮੰਗਲ ਸਿੰਘ ਦੇ ਘਰ ਪਿੰਡ ਧਾਰੜ ਜ਼ਿਲਾ ਅੰਮ੍ਰਿਤਸਰ

ਪੁਰਖ ਅਗੰਮ ਨਿਰਗੁਣ ਧਾਰ, ਜੋਤੀ ਜੋਤ ਉਪਾਇੰਦਾ। ਕਰਤਾ ਪੁਰਖ ਆਪ ਕਰਤਾਰ, ਕਰਨੀ ਕਰਤਾ ਨਾਮ ਧਰਾਇੰਦਾ। ਪਾਰਬ੍ਰਹਮ ਰੂਪ ਅਪਾਰ, ਪਰਮ ਪੁਰਖ ਸਦਵਾਇੰਦਾ। ਨੂਰੋ ਨੂਰ ਨੂਰ ਉੁਜਿਆਰ, ਅਕਾਰ ਅਕਾਰ ਸਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਇਕ ਅਕੱਲਾ ਇਕ ਅਖਵਾਇੰਦਾ। ਜੋਤੀ ਨੂਰ ਹਰਿ ਉਜਾਲਾ, ਹਰਿ ਹਰਿ ਨਾਉਂ ਧਰਾਇੰਦਾ। ਦੀਨਾ ਬੰਧਪ ਦੀਨ ਦਿਆਲਾ, ਭੇਵ ਕੋਈ ਨਾ ਪਾਇੰਦਾ। ਮੂਰਤ ਅਕਾਲ ਜੋਤ ਅਕਾਲਾ, ਅਕਲ ਕਲਾ ਅਖਵਾਇੰਦਾ। ਆਪਣੀ ਕਰੇ ਆਪ ਪ੍ਰਿਤਪਾਲਾ, ਪ੍ਰਿਤਪਾਲਕ ਸਦਾ ਅਖਵਾਇੰਦਾ। ਆਪਣੀ ਸ਼ਕਤੀ ਜੋਤ ਜਵਾਲਾ, ਆਪ ਨਾਦ ਉਠਾਇੰਦਾ। ਆਪਣਾ ਦੀਪਕ ਆਪੇ ਬਾਲਾ, ਪਰਕਾਸ਼ ਪਰਕਾਸ਼ ਆਪ ਟਿਕਾਇੰਦਾ। ਆਪਣੀ ਆਪ ਉਪਾ ਸੱਚੀ ਧਰਮਸਾਲਾ, ਥਿਰ ਘਰ ਨਾਉਂ ਧਰਾਇੰਦਾ। ਆਪਣੇ ਸਰ ਸਰੋਵਰ ਮਾਰ ਉਛਾਲਾ, ਅੰਮ੍ਰਿਤ ਧਾਰ ਪਿਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਨਿਰਗੁਣ ਵੇਸ ਵਟਾਇੰਦਾ। ਨਿਰਗੁਣ ਰੂਪ ਹਰਿ ਕਰਤਾਰ, ਅਭੇਦ ਭੇਵ ਰਖਾਇੰਦਾ। ਆਪ ਆਪਣੀ ਪਾਵੇ ਸਾਰ, ਨਾ ਕੋਈ ਲੇਖਾ ਲੇਖ ਲਿਖਾਇੰਦਾ। ਇਕ ਅਕੱਲਾ ਏਕੰਕਾਰ, ਏਕਾ ਘਰ ਸੁਹਾਇੰਦਾ। ਸਚ ਮਹੱਲਾ ਉਚ ਮਿਨਾਰ, ਦਿਸ ਕਿਸੇ ਨਾ ਆਇੰਦਾ। ਆਪਣੇ ਅੰਦਰ ਗੁਪਤ ਜ਼ਾਹਿਰ, ਆਪ ਹੋ ਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਪੁਰਖ ਨਾਉਂ ਧਰਾਇੰਦਾ। ਆਦਿ ਪੁਰਖ ਆਦਿ ਅਨਾਦਿ, ਏਕਾ ਏਕ ਅਖਵਾਇਆ। ਖੇਲੇ ਖੇਲ ਆਦਿ ਜੁਗਾਦਿ, ਜੁਗ ਜੁਗ ਵੇਸ ਵਟਾਇਆ। ਬਣਤ ਬਣਾਏ ਬ੍ਰਹਮ ਬ੍ਰਹਿਮਾਦਿ, ਬੇਅੰਤ ਬੇਅੰਤ ਨਾਮ ਧਰਾਇਆ। ਸ਼ਬਦ ਚਲਾਏ ਬੋਧ ਅਗਾਧ, ਏਕਾ ਨੇਤਰ ਨਾਮ ਦ੍ਰਿੜਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਨਿਰਗੁਣ ਰੂਪ ਵਟਾਇਆ। ਨਿਰਗੁਣ ਧਾਰ ਹਰਿ ਅਲੱਖ, ਅਲੱਖ ਅਲੱਖ ਪ੍ਰਵੇਸਿਆ। ਆਪ ਆਪਣਾ ਕਰ ਪਰਤੱਖ, ਆਪਣੀ ਕਰੇ ਆਪ ਅਦੇਸਿਆ। ਆਪ ਆਪਣਾ ਕਰਣਹਾਰਾ ਵੱਖ, ਭੇਵ ਨਾ ਜਾਣੇ ਬ੍ਰਹਮਾ ਵਿਸ਼ਨ ਮਹੇਸ਼ ਗਣੇਸਿਆ। ਆਪ ਆਪਣਾ ਜਾਣੇ ਪੱਖ, ਆਪਣਾ ਲੇਖਾ ਆਪੇ ਲੇਖਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਆਪਣੀ ਦੇਵੇ ਆਪੇ ਸੀਖਿਆ। ਨਿਰਗੁਣ ਸਿਖਿਆ ਪੁਰਖ ਅਕਾਲ, ਆਪਣੀ ਆਪ ਜਣਾਈਆ। ਪਰਗਟ ਹੋ ਦੀਨ ਦਿਆਲ, ਦਇਆਨਿਧ ਧਾਰ ਚਲਾਈਆ। ਇਕ ਉਪਜਾਏ ਸਾਚਾ ਲਾਲ, ਜੋਤੀ ਮਾਤਾ ਗੋਦ ਸੁਹਾਈਆ। ਸਾਚਾ ਸੁਤ ਕਰ ਦਲਾਲ, ਆਪ ਆਪਣਾ ਲਏ ਉਠਾਈਆ। ਇਕ ਬਿਠਾਏ ਸੱਚੀ ਧਰਮਸਾਲ, ਚਾਰ ਦਿਵਾਰ ਨਾ ਕੋਈ ਰਖਾਈਆ। ਛੱਪਰ ਛੰਨ ਨਾ ਕੋਈ ਪਸਾਰ, ਨਾ ਕੋਈ ਬਾਢੀ ਬਣਤ ਬਣਾਈਆ। ਅਗੰਮ ਅਗੰਮੜੇ ਕਰੀ ਏਕਾ ਕਾਰ, ਅਗੰਮੜਾ ਧਾਮ ਸੁਹਾਈਆ। ਥਿਰ ਘਰ ਤੇਰਾ ਰੂਪ ਅਪਾਰ, ਹਰਿ ਬੈਠਾ ਬੇਪਰਵਾਹੀਆ। ਚਾਰੋਂ ਕੁੰਟ ਬੰਦ ਕਿਵਾੜ, ਦਹਿ ਦਿਸ਼ਾ ਨਾ ਕੋਈ ਖੁਲ੍ਹਾਈਆ। ਲੋਆਂ ਪੁਰੀਆਂ ਨਾ ਕੋਈ ਅਕਾਰ, ਧਰਤ ਧਵਲ ਨਾ ਕੋਈ ਸਹਾਈਆ। ਅਕਾਸ਼ ਪਰਕਾਸ਼ ਨਾ ਕੋਈ ਵਿਚਾਰ, ਬ੍ਰਹਿਮੰਡ ਖੰਡ ਨਾ ਰਚਨ ਰਚਾਈਆ। ਬ੍ਰਹਮਾ ਸ਼ਿਵ ਵਿਸ਼ਨ ਨਾ ਕੋਈ ਪਿਆਰ, ਦੇਵਤ ਸੁਰ ਨਾ ਕੋਈ ਉਪਾਈਆ। ਗੁਰ ਪੀਰ ਨਾ ਕੋਈ ਅਵਤਾਰ, ਸਾਧ ਸੰਤ ਨਾ ਕੋਈ ਰਖਾਈਆ। ਪੰਜ ਤਤ ਨਾ ਕੋਈ ਅਕਾਰ, ਹਡ ਮਾਸ ਨਾੜੀ ਰੱਤ ਨਾ ਕੋਈ ਰਲਾਈਆ। ਰਕਤ ਬੂੰਦ ਨਾ ਕੋਈ ਵਿਹਾਰ, ਨਾਰੀ ਕੰਤ ਨਾ ਕੋਈ ਹੰਢਾਈਆ। ਸੂਰਜ ਚੰਨ ਨਾ ਕੋਈ ਪਸਾਰ, ਤਾਰਾ ਮੰਡਲ ਦਿਸ ਨਾ ਆਈਆ । ਜੇਰਜ ਖਾਣੀ ਨਾ ਬੰਨੇ ਧਾਰ, ਉਤਭੁਜ ਸੇਤਜ ਨਾ ਰਚਨ ਰਚਾਈਆ। ਇਕ ਅਕੱਲਾ ਏਕੰਕਾਰ, ਸਚ ਮਹੱਲਾ ਬੈਠਾ ਆਸਣ ਲਾਈਆ। ਸਾਚੇ ਸੰਤ ਕਰ ਪਿਆਰ, ਏਕਾ ਦੇਵੇ ਸਚ ਸਲਾਹੀਆ। ਅੰਮ੍ਰਿਤ ਪਿਆਏ ਠੰਡੀ ਠਾਰ, ਚਰਨੋਦਕ ਮੁਖ ਛੁਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਮੂਰਤ ਅਕਾਲ ਅਕਾਲ ਮੂਰਤ ਅਕਲ ਕਲਾ ਸਮਾਈਆ। ਮੂਰਤ ਅਕਾਲ ਦਰਦ ਦੁੱਖ ਭੈ ਭੰਜਨ, ਹਰਿ ਹਰਿ ਆਪ ਅਖਵਾਇਆ। ਆਪਣਾ ਸ਼ਬਦ ਬਣਾਇਆ ਸਾਚਾ ਸੱਜਣ, ਸਾਚਾ ਸੰਗ ਰਖਾਇਆ। ਆਪਣੀ ਧੂੜੀ ਆਪ ਕਰਾਇਆ ਮਜਨ, ਸਾਚਾ ਤਾਲ ਸੁਹਾਇਆ। ਅਨਹਦ ਨਾਦ ਅਨਾਦੀ ਵੱਜਣ, ਤਾਲ ਤਲਵਾੜਾ ਨਾ ਕੋਈ ਵਜਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਰੂਪ ਏਕਾ ਧਰ, ਥਿਰ ਘਰ ਸਾਚਾ ਦਏ ਸੁਹਾਇਆ। ਥਿਰ ਘਰ ਸਾਚਾ ਹਰਿ ਸੁਹਾਇਆ, ਨਿਰਗੁਣ ਜੋਤ ਜਗਾਈਆ। ਆਪਣਾ ਦੀਪਕ ਆਪ ਟਿਕਾਇਆ, ਤੇਲ ਬਾਤੀ ਨਾ ਕੋਈ ਰਖਾਈਆ। ਆਪਣੇ ਨੇਤਰ ਆਪੇ ਵੇਖ ਵਖਾਇਆ, ਦੂਸਰ ਦਰ ਨਾ ਕੋਈ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਵੇਸ ਹਰਿ ਕਰ, ਕਰਨੀ ਕਰਤਾ ਆਪ ਹੋ ਜਾਈਆ। ਕਰਨੇਹਾਰ ਹਰਿ ਕਰਤਾਰਾ, ਆਦਿ ਅੰਤ ਅਖਵਾਇਆ। ਨਿਰਮਲ ਜੋਤੀ ਨੂਰ ਕਰ ਉਜਿਆਰਾ, ਨੂਰੋ ਨੂਰ ਸਮਾਇਆ। ਥਿਰ ਘਰ ਸਾਚੇ ਭਰ ਭੰਡਾਰਾ, ਸ਼ਬਦ ਭੰਡਾਰੀ ਨਾਮ ਧਰਾਇਆ। ਆਪੇ ਬਣਿਆ ਹਰਿ ਵਰਤਾਰਾ, ਨਾ ਕੋਈ ਦੂਸਰ ਸੰਗ ਰਲਾਇਆ। ਖੇਲੇ ਖੇਲ ਅਗੰਮ ਅਪਾਰਾ, ਆਪ ਆਪਣੀ ਕਲ ਵਰਤਾਇਆ। ਨਿਹਚਲ ਧਾਮ ਅਟੱਲ ਮੁਨਾਰਾ, ਦਰ ਸਾਚਾ ਆਪ ਸੁਹਾਇਆ। ਸਚ ਸਿੰਘਾਸਣ ਪੁਰਖ ਅਬਿਨਾਸ਼ਨ ਬੈਠ ਸੱਚੀ ਸਰਕਾਰਾ, ਆਪ ਆਪਣਾ ਮਾਰਗ ਲਾਇਆ। ਆਪਣੇ ਅੰਦਰ ਆਪੇ ਕਰਿਆ ਵਾਸਨ, ਪਿਤਾ ਪੂਤ ਨਾ ਕੋਈ ਰਖਾਇਆ। ਨਾ ਕੋਈ ਪ੍ਰਿਥਮੀ ਨਾ ਅਕਾਸ਼ਨ, ਗਗਨ ਮੰਡਲ ਨਾ ਕੋਈ ਉਪਜਾਇਆ। ਆਪੇ ਪਰਗਟ ਹੋਇਆ ਹਰਿ ਸ਼ਾਹੋ ਸ਼ਬਾਸ਼ਨ, ਸ਼ਾਹ ਸੁਲਤਾਨਾ ਨਾਮ ਧਰਾਇਆ। ਆਪਣੇ ਮੰਡਲ ਆਪੇ ਪਾਵੇ ਰਾਸਨ, ਆਪੇ ਆਪਣੀ ਵੇਖ ਵਖਾਇਆ। ਆਪਣੇ ਦਰ ਆਪੇ ਹੋਇਆ ਦਾਸੀ ਦਾਸਨ, ਸੇਵਕ ਸੇਵਾਦਾਰ ਨਾ ਕੋਈ ਰਖਾਇਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਹਰਿ ਹਰੀ ਹਰਿ ਦਏ ਉਪਜਾਇਆ। ਹਰੀ ਹਰਿ ਹਰਿ ਨੂਰ, ਹਰਿ ਹਰਿ ਆਪ ਉਪਜਾਇੰਦਾ। ਸਰਬ ਕਲਾ ਆਪੇ ਭਰਪੂਰ, ਸਮਰਥ ਪੁਰਖ ਅਖਵਾਇੰਦਾ। ਆਪੇ ਹਾਜ਼ਰ ਸਦਾ ਹਜ਼ੂਰ, ਹਾਜ਼ਰ ਹਜ਼ੂਰ ਨਾਮ ਧਰਾਇੰਦਾ। ਆਪਣੀ ਮਨਸਾ ਆਪੇ ਪੂਰ, ਆਸਾ ਪੂਰੀ ਆਪ ਕਰਾਇੰਦਾ। ਆਪਣਾ ਸਹਿਸਾ ਆਪੇ ਕਰੇ ਦੂਰ, ਸਾਂਤਕ ਸਤਿ ਵਰਤਾਇੰਦਾ। ਆਪਣੇ ਘਰ ਆਪੇ ਵਸੇ ਨੇੜੇ ਦੂਰ, ਦੂਰ ਨੇੜੇ ਨਾ ਕੋਈ ਜਣਾਇੰਦਾ। ਏਕਾ ਸ਼ਬਦ ਅਨਾਦੀ ਵਜਾਏ ਸਾਚੀ ਤੂਰ, ਅਨਹਦ ਤਾਰ ਹਿਲਾਇੰਦਾ। ਥਿਰ ਘਰ ਤੇਰਾ ਦਰ ਘਰ ਹਰਿ ਮਨਜ਼ੂਰ, ਆਦਿ ਜੁਗਾਦੀ ਆਸਣ ਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਘਰ ਸਾਚਾ ਇਕ ਵਸਾਇੰਦਾ। ਸਾਚਾ ਘਰ ਹਰਿ ਮਹੱਲਾ, ਏਕਾ ਏਕ ਵਸਾਇਆ। ਨਿਰਗੁਣ ਰੂਪ ਬੈਠ ਅਕੱਲਾ, ਜੋਤੀ ਜੋਤ ਜਗਾਇਆ। ਨਾ ਕੋਈ ਦੂਈ ਦਵੈਤੀ ਦਿਸੇ ਸੱਲਾ, ਏਕਾ ਧਾਰ ਬੰਧਾਇਆ। ਆਪੇ ਵਸਿਆ ਉਚ ਅਟੱਲਾ, ਉਚ ਅਗੰਮ ਅਥਾਹ ਬੇਪਰਵਾਹ ਨਾਉਂ ਧਰਾਇਆ। ਨਾ ਕੋਈ ਜਲ ਨਾ ਕੋਈ ਥਲਾ, ਨਾ ਕੋਈ ਸਾਗਰ ਸਿੰਧ ਰੁੜ੍ਹਾਇਆ। ਨਾ ਕੋਈ ਪੰਜ ਤਤ ਵਿਕਾਰਾ ਕਰੇ ਹੱਲਾ, ਮਨ ਮਤ ਬੁਧ ਨਾ ਦਏ ਸਜ਼ਾਇਆ। ਨਿਰਗੁਣ ਧਾਰ ਹਰਿ ਨਿਰੰਕਾਰ ਇਕ ਅਕੱਲਾ, ਏਕੰਕਾਰਾ ਸਤਿ ਪੁਰਖ ਨਿਰੰਜਣ ਪਸਰ ਪਸਾਰ ਪਾਰਬ੍ਰਹਮ ਰੂਪ ਵਟਾਇਆ। ਥਿਰ ਘਰ ਬੈਠ ਆਪ ਕਰਤਾਰ, ਸਚ ਸਿੰਘਾਸਣ ਹਰਿ ਸਜਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੋਤੀ ਜੋਤ ਕਰੇ ਰੁਸ਼ਨਾਇਆ। ਜੋਤੀ ਜੋਤ ਹਰਿ ਉਪਾ, ਆਪਣੀ ਧਾਰ ਚਲਾਈਆ। ਨਾਉਂ ਨਿਰੰਕਾਰਾ ਆਪ ਰਖਾ, ਨਿਰਗੁਣ ਵੇਸ ਵਟਾਈਆ। ਥਿਰ ਘਰ ਦਰਬਾਰਾ ਦਏ ਵਸਾ, ਧੁਰਦਰਗਾਹੀ ਬੇਪਰਵਾਹੀਆ। ਸ਼ਬਦ ਅਖਾੜਾ ਦਏ ਲਗਾ, ਵੱਜੇ ਤਾਲ ਵਾਹੋ ਦਾਹੀਆ। ਆਪਣੀ ਸਤਾਰ ਆਪੇ ਦਏ ਹਿਲਾ, ਹਿਲਾਵਣਹਾਰ ਆਪ ਅਖਵਾਈਆ। ਆਪਣਾ ਨਾਅਰਾ ਆਪੇ ਦਏ ਲਾ, ਆਪਣੇ ਦਰ ਅਲੱਖ ਜਗਾਈਆ। ਆਪਣੀ ਪੁਕਾਰ ਆਪੇ ਲਏ ਸੁਣਾ, ਆਪ ਆਪਣਾ ਨਾਉਂ ਉਪਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਨਿਰਗੁਣ ਧਾਰ ਨਿਰਗੁਣ ਰਿਹਾ ਆਪ ਵਖਾਈਆ। ਨਿਰਗੁਣ ਧਾਰ ਕਰਨੀ ਕਰਤੇ, ਆਪਣੀ ਆਪ ਚਲਾਈਆ। ਆਪਣੀ ਧਰਨੀ ਧਰਤ ਆਪੇ ਧਰਤੇ, ਧਰਤ ਧਵਲ ਸੁਹਾਈਆ। ਆਪੇ ਚਰਨੀ ਆਪਣੀ ਸਰਨੀ ਆਪੇ ਪੜਤੇ, ਆਪ ਆਪਣਾ ਸੀਸ ਝੁਕਾਈਆ। ਆਪਣੀ ਵਿਦਿਆ ਆਪਣੇ ਅੱਖਰ ਆਪੇ ਪੜ੍ਹਤੇ, ਆਪੇ ਕਰੇ ਜਣਾਈਆ। ਆਪਣਾ ਘਾੜਨ ਆਪੇ ਘੜਤੇ, ਘੜਣਹਾਰ ਆਪ ਅਖਵਾਈਆ। ਆਪਣੇ ਸਿੰਘਾਸਣ ਆਪੇ ਚੜ੍ਹਤੇ, ਸਚ ਸਿੰਘਾਸਣ ਇਕ ਵਿਛਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਪੁਰਖ ਅਬਿਨਾਸ਼ੀ ਨਾਉਂ ਧਰਾਈਆ। ਪੁਰਖ ਅਬਿਨਾਸ਼ੀ ਪਾਰਬ੍ਰਹਮ, ਏਕਾ ਏਕੰਕਾਰਾ। ਨਾ ਮਰੇ ਨਾ ਪਏ ਜੰਮ, ਨਾ ਹੋਏ ਕਿਸੇ ਸੁਤ ਦੁਲਾਰਾ। ਨਾ ਕੋਈ ਗਗਨ ਪਤਾਲ ਦਿਸੇ ਥੰਮ, ਨਾ ਕੋਈ ਪਾਰ ਕਿਨਾਰਾ। ਨਾ ਕੋਈ ਖਾਏ ਪੀਏ ਤਮ, ਨਾ ਕੋਈ ਰਸਨਾ ਰਸ ਕਰੇ ਪਿਆਰਾ। ਹੱਡ ਮਾਸ ਨਾੜੀ ਨਾ ਕੋਈ ਚੰਮ, ਨਾ ਕੋਈ ਤਤਵ ਤਤ ਅਕਾਰਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਥਿਰ ਘਰ ਪਾਏ ਆਪਣੀ ਸਾਰਾ। ਆਪਣੀ ਸਾਰ ਆਪੇ ਪਾ, ਆਪਣਾ ਮੂਲ ਚੁਕਾਇਆ। ਆਪਣੀ ਜੋਤੀ ਆਪ ਜਗਾ, ਆਪ ਆਪਣਾ ਵੇਖ ਵਖਾਇਆ। ਆਪਣੀ ਗੋਤੀ ਆਪ ਬਣਾ, ਵਰਨ ਗੋਤ ਨਾ ਕੋਈ ਰਖਾਇਆ। ਆਪਣੀ ਸੋਈ ਸੁਰਤੀ ਆਪ ਜਗਾ, ਆਪਣੀ ਆਪ ਲਏ ਅੰਗੜਾਇਆ। ਆਪਣੀ ਚੋਟੀ ਆਪਣੇ ਆਪ ਲਏ ਚੜ੍ਹਾ, ਆਪ ਆਪਣੇ ਅੰਤਰ ਆਸਣ ਲਾਇਆ। ਆਪਣਾ ਕੋਟ ਗੜ੍ਹ ਆਪੇ ਦਏ ਸੁਹਾ, ਥਿਰ ਘਰ ਨਾਮ ਧਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਰੂਪ ਵੇਸ ਹਰਿ, ਹਰਿ ਸੱਜਣ ਆਪ ਅਖਵਾਇਆ। ਹਰਿ ਸੱਜਣ ਹਰਿ ਮੀਤੜਾ, ਏਕਾ ਏਕ ਅਖਵਾਇੰਦਾ। ਆਪੇ ਜਾਣੇ ਆਪਣੀ ਰੀਤੜਾ, ਭੇਵ ਕੋਇ ਨਾ ਪਾਇੰਦਾ। ਨਾ ਕੋਈ ਮੰਦਰ ਗੁਰੂਦਵਾਰ ਮਸੀਤੜਾ, ਸ਼ਿਵਦਵਾਲਾ ਨਾ ਕੋਈ ਰਖਾਇੰਦਾ। ਨਾ ਕੋਈ ਰਾਗ ਨਾਦ ਨਾ ਗੀਤੜਾ, ਨਾ ਕੋਈ ਸਾਜ ਵਜਾਇੰਦਾ। ਨਾ ਕੋਈ ਨਾਮ ਖੁਮਾਰ ਮਦਿ ਪਿਆਲਾ ਕਿਸੇ ਪੀਤੜਾ, ਨਾ ਕੋਈ ਜੋਤ ਜਵਾਲਾ ਜਗਾਇੰਦਾ। ਨਿਰਗੁਣ ਰੂਪ ਇਕ ਅਤੀਤੜਾ, ਥਿਰ ਘਰ ਆਸਣ ਲਾਇੰਦਾ। ਨਾ ਠੰਡਾ ਨਾ ਸੀਤੜਾ, ਅਗਨੀ ਅੱਗ ਨਾ ਕੋਈ ਜਲਾਇੰਦਾ। ਆਪਣਾ ਆਪ ਆਪੇ ਚੀਤੜਾ, ਜੋਧਾ ਸੂਰਬੀਰ ਆਪ ਅਖਵਾਇੰਦਾ। ਆਪਣਾ ਗੁਰ ਸਤਿਗੁਰ ਆਪੇ ਹੋਇਆ ਬੀਠਲ ਬੀਠਲਾ, ਮੋਹਣ ਮਾਧਵ ਨਾਮ ਧਰਾਇੰਦਾ। ਆਪੇ ਵਸਿਆ ਆਪਣੇ ਚੀਤਲਾ, ਚਿਤਵਤ ਠਗੌਰੀ ਆਪੇ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਰੰਗ ਹਰਿ ਕਰਤਾਰ, ਕਰਣਹਾਰ ਪੁਰਖ ਅਖਵਾਇੰਦਾ। ਆਦਿ ਪੁਰਖ ਹਰਿ ਕਰਨੇਹਾਰਾ, ਏਕਾ ਏਕ ਅਖਵਾਇਆ। ਏਕਾ ਬੈਠ ਸੱਚੇ ਘਰ ਬਾਰਾ, ਏਕਾ ਥਾਨ ਸੁਹਾਇਆ। ਏਕਾ ਰੂਪ ਅਗੰਮ ਅਪਾਰਾ, ਅਗੰਮ ਅਗੰਮੜਾ ਵੇਖ ਵਖਾਇਆ। ਅਲੱਖ ਨਿਰੰਜਣ ਅਲੱਖ ਅਲੱਖ ਲਗਾਏ ਨਾਅਰਾ, ਅਲੱਖ ਅਲੱਖਣਾ ਨਾਉਂ ਧਰਾਇਆ। ਥਿਰ ਘਰ ਨਰ ਹਰਿ ਹੋ ਪਰਤੱਖ, ਆਪ ਆਪਣਾ ਰੂਪ ਦਰਸਾਇਆ। ਜੋਤੀ ਸ਼ਬਦੀ ਕੀਤਾ ਵੱਖ, ਆਪਣੀ ਧਾਰ ਬੰਧਾਇਆ। ਆਪੇ ਭਰੇ ਆਪੇ ਕਰੇ ਸੱਖ, ਆਪੇ ਕਰਣਹਾਰ ਹੋ ਜਾਇਆ। ਆਪ ਉਪਾਏ ਖਪਾਏ ਲਏ ਰੱਖ, ਰੱਖਣਹਾਰ ਹਰਿ ਰਘੁਰਾਇਆ। ਥਿਰ ਘਰ ਦਵਾਰਾ ਆਦਿ ਅੰਤ ਨਾ ਜਾਏ ਢੱਠ, ਹਰਿ ਸਾਚੇ ਆਪ ਬਣਾਇਆ। ਘਰ ਬੈਠ ਪੁਰਖ ਸਮਰਥ, ਆਪਣਾ ਰੰਗ ਰੰਗਾਇਆ। ਆਪਣੇ ਵਿਸੂਰੇ ਘਰ ਆਪਣੇ ਗਏ ਲੱਥ, ਆਪ ਆਪਣਾ ਦਰਸ਼ਨ ਪਾਇਆ। ਆਪਣੇ ਦਵਾਰੇ ਆਪੇ ਗਿਆ ਢੱਠ, ਆਪਣਾ ਸੀਸ ਆਪਣੇ ਚਰਨ ਟਿਕਾਇਆ। ਨਾ ਕੋਈ ਮੰਦਰ ਦਿਸੇ ਮੱਠ, ਚਾਰ ਦਿਵਾਰ ਨਾ ਕੋਈ ਰਖਾਇਆ। ਨਾ ਕੋਈ ਤੀਰਥ ਅਠਸਠ, ਖਾਣੀ ਬਾਣੀ ਨਾ ਵੇਖ ਵਖਾਇਆ। ਜੋਤੀ ਸ਼ਬਦੀ ਇਕ ਅਕੱਠ, ਥਿਰ ਘਰ ਸਾਚੇ ਦਏ ਸੁਹਾਇਆ। ਆਪੇ ਵੇਖੇ ਨੱਠ ਨੱਠ, ਆਪਣਾ ਪੈਂਡਾ ਆਪ ਮੁਕਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਥਿਰ ਘਰ ਸਾਚਾ ਲਏ ਉਪਾਇਆ। ਸਚ ਮਹੱਲ ਉਚ ਅਟਾਰੀ, ਹਰਿ ਸਾਚੇ ਆਪ ਬਣਾਈਆ। ਜਗੇ ਜੋਤ ਇਕ ਨਿਰੰਕਾਰੀ, ਹਰਿ ਸਾਚਾ ਵੇਖ ਵਖਾਈਆ। ਪਾਰਬ੍ਰਹਮ ਪ੍ਰਭ ਲੈ ਅਵਤਾਰੀ, ਆਪ ਆਪਣੀ ਕਲ ਵਰਤਾਈਆ। ਸਤਿ ਪੁਰਖ ਨਿਰੰਜਣ ਬੰਨੇ ਧਾਰੀ, ਆਦਿ ਅੰਤ ਇਕ ਰਘੁਰਾਈਆ। ਅਕਾਲ ਮੂਰਤ ਹੋ ਨਿਆਰੀ, ਸਾਚੀ ਸੂਰਤ ਲਏ ਪਰਗਟਾਈਆ। ਜੋਤੀ ਕਰਤਾ ਕਰੇ ਖੇਲ ਆਪਣੀ ਕਾਰੀ, ਕਰਨ ਕਰਾਵਣਹਾਰ ਭੇਵ ਨਾ ਰਾਈਆ। ਸਚ ਤਖ਼ਤ ਸਚ ਸੁਲਤਾਨ ਬੈਠਾ ਹਰਿ ਸਿਕਦਾਰੀ, ਸਾਚੀ ਸਿਖਿਆ ਇਕ ਜਣਾਈਆ। ਏਕਾ ਸ਼ਬਦ ਸ਼ਬਦ ਗੁਰ ਅਪਾਰੀ, ਗੁਰ ਸਤਿਗੁਰ ਨਾਉਂ ਧਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਰੂਪ ਏਕਾ ਹਰਿ, ਥਿਰ ਘਰ ਬੈਠਾ ਆਸਣ ਲਾਈਆ। ਥਿਰ ਘਰ ਸਾਚਾ ਸ਼ਬਦ ਸਿੰਘਾਸਣ, ਹਰਿ ਸਾਚਾ ਆਪ ਬਰਾਜਿਆ। ਜਗੇ ਜੋਤ ਪੁਰਖ ਅਬਿਨਾਸ਼ਨ, ਆਪਣਾ ਰਚਿਆ ਆਪੇ ਕਾਜਿਆ। ਖੇਲੇ ਖੇਲ ਸ਼ਾਹੋ ਸ਼ਬਾਸ਼ਨ, ਆਪਣੀ ਮਾਰੇ ਆਪੇ ਵਾਜਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣਾ ਸਾਜਨ ਆਪੇ ਸਾਜਿਆ। ਆਪਣਾ ਸਾਜਨ ਹਰਿ ਆਪੇ ਸਾਜ, ਆਪਣੀ ਰਚਨ ਰਚਾਈਆ। ਆਪੇ ਕਰੇ ਕਰਾਏ ਗ਼ਰੀਬ ਨਿਵਾਜ਼, ਆਪਣੀ ਦਇਆ ਆਪ ਕਮਾਈਆ। ਆਪ ਆਪਣੀ ਰੱਖੇ ਲਾਜ, ਆਪ ਆਪਣਾ ਪੜਦਾ ਪਾਈਆ। ਆਪ ਆਪਣਾ ਰੱਖੇ ਤਾਜ, ਆਪ ਆਪਣੇ ਸੀਸ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣੇ ਘਰ ਆਪ ਵਜਾਏ ਸ਼ਬਦ ਸੱਚੀ ਵਧਾਈਆ। ਸ਼ਬਦ ਵਧਾਈ ਹਰਿ ਘਰ ਵਾਜਾ, ਅਨਹਦ ਤਾਲ ਵਜਾਇਆ। ਥਿਰ ਘਰ ਤੇਰਾ ਸਾਜਨ ਸਾਜਾ, ਹਰਿ ਸਾਚੇ ਤਾਲ ਸੁਹਾਇਆ। ਸਚ ਸੁਲਤਾਨ ਵਡ ਰਾਜਨ ਰਾਜਾ, ਰਾਜ਼ਿਕ ਰਹੀਮ ਆਪ ਅਖਵਾਇਆ। ਪਾਰਬ੍ਰਹਮ ਸੁਲਤਾਨ ਨਬਾਬਾ, ਏਕਾ ਨਾਮ ਧਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਕਾਜ ਰਚਾਇਆ। ਥਿਰ ਘਰ ਸਾਚੇ ਰਚਿਆ ਕਾਜ, ਹਰਿ ਸਾਚੇ ਖ਼ੁਸ਼ੀ ਮਨਾਈਆ। ਆਪ ਆਪਣੀ ਮਾਰ ਅਵਾਜ਼, ਆਪ ਆਪਣਾ ਲਏ ਉਠਾਈਆ। ਆਪ ਆਪਣੇ ਦਰ ਦੇਵਣ ਆਇਆ ਦਾਜ, ਆਪਣੇ ਘਰ ਕਰੇ ਕੁੜਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਪੁਰਖ ਨਿਰਜੰਣ ਥਿਰ ਘਰ ਬੈਠ ਖ਼ੁਸ਼ੀ ਮਨਾਈਆ। ਸਾਚਾ ਸਗਨ ਥਿਰ ਘਰ ਲੱਗਾ, ਹਰਿ ਸਾਚੇ ਆਪ ਲਗਾਇਆ। ਜੋਤੀ ਸੁਤ ਸ਼ਬਦ ਦੁਲਾਰੇ ਬੱਧਾ ਤਗਾ, ਏਕਾ ਤੰਦ ਬੰਧਾਇਆ। ਏਕ ਜੈਕਾਰਾ ਏਕਾ ਘਰ ਏਕਾ ਵਕ਼ਤ ਲੱਗਾ, ਏਕਾ ਰਿਹਾ ਸੁਣਾਇਆ। ਏਕਾ ਰੂਪ ਸ਼ਾਹੋ ਭੂਪ ਵਡ ਸੂਰਾ ਸਰਬੱਗਾ, ਏਕ ਨਾਮ ਧਰਾਇਆ। ਏਕਾ ਜੋਤੀ ਏਕਾ ਨੂਰ ਏਕਾ ਸ਼ਾਹ ਸਰਬ ਕਲਾ ਭਰਪੂਰ ਇਕ ਅਖਾੜਾ ਸਾਚਾ ਲੱਗਾ, ਏਕਾ ਨਾਦ ਸੁਣਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਥਿਰ ਘਰ ਸਾਚਾ ਦਏ ਸੁਹਾਇਆ। ਥਿਰ ਘਰ ਤੇਰੀ ਸਾਚੀ ਧਾਰ, ਹਰਿ ਸਾਚੇ ਆਪ ਚਲਾਈਆ। ਜੋਤੀ ਸੁਤ ਕਰ ਪਿਆਰ, ਸ਼ਬਦੀ ਨਾਉਂ ਧਰਾਈਆ। ਸ਼ਬਦ ਰੂਪ ਆਪ ਕਰਤਾਰ, ਨਿਰਗੁਣ ਵੇਸ ਵਟਾਈਆ। ਧੁਨ ਅਨਾਦੀ ਅਪਰ ਅਪਾਰ, ਆਪ ਆਪਣੀ ਰਿਹਾ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣਾ ਅੰਗ ਆਪੇ ਰਿਹਾ ਕਟਾਈਆ। ਥਿਰ ਘਰ ਬੈਠ ਹਰਿ ਨਿਰੰਕਾਰ, ਆਪਣਾ ਆਪ ਕਟਾਇਆ। ਸਾਚਾ ਸੁਤ ਕਰ ਤਿਆਰ, ਦੂਲ੍ਹਾ ਇਕ ਸਜਾਇਆ। ਏਕਾ ਪਾਏ ਸਾਚਾ ਹਾਰ, ਦਿਸ ਕਿਸੇ ਨਾ ਆਇਆ। ਸੋਲਾਂ ਕਲੀਆਂ ਤਨ ਸ਼ੰਗਾਰ, ਸਤਿ ਸਰੂਪਾ ਆਪ ਵਖਾਇਆ। ਇਕ ਅਕੱਲਾ ਏਕੰਕਾਰ, ਏਕਾ ਰੰਗਨ ਰੰਗ ਰੰਗਾਇਆ। ਸੀਸ ਸੇਹਰਾ ਨਾਮ ਦਸਤਾਰ, ਮਸਤਕ ਲਲਾਟੀ ਔਖੀ ਘਾਟੀ ਥਿਰ ਘਰ ਦਰਬਾਰ, ਸਚ ਮਹੱਲੇ ਆਪ ਬਠਾਇਆ। ਜੋਤੀ ਮਾਤਾ ਕਰ ਪਿਆਰ, ਅੰਮ੍ਰਿਤ ਉਤੋਂ ਵਾਰ ਵਖਾਇਆ। ਪਾਇਆ ਗਹਿਣਾ ਹਰਿ ਸ਼ੰਗਾਰ, ਨੇਤਰ ਨੈਣ ਸੁਹਾਇਆ। ਸਾਚੇ ਕੰਤ ਕਰ ਪਿਆਰ, ਪੂਤ ਸਪੁਤਰੀ ਇਹ ਸਮਝਾਇਆ। ਏਕਾ ਪੁਰਖ ਏਕਾ ਨਾਰ, ਏਕਾ ਘਰ ਵਸਾਇਆ। ਨਾਤਾ ਬਣਿਆ ਅਪਰ ਅਪਾਰ, ਨਾ ਕੋਈ ਤੋੜੇ ਤੋੜ ਤੁੜਾਇਆ। ਸੋ ਪੁਰਖ ਨਿਰੰਜਣ ਕਿਰਪਾ ਧਾਰ, ਆਪਣਾ ਦੇਣਾ ਮੂਲ ਚੁਕਾਇਆ। ਹੰ ਰੂਪ ਹੋ ਨਿਰੰਕਾਰ, ਸ਼ਬਦ ਸ਼ਬਦੀ ਵਿਚ ਸਮਾਇਆ। ਸੋਹੰ ਸ਼ਬਦ ਅਪਰ ਅਪਾਰ, ਪਾਰਬ੍ਰਹਮ ਆਪਣਾ ਆਪ ਉਪਾਇਆ। ਸੋ ਪੁਰਖ ਨਿਰੰਜਣ ਬਣਿਆ ਕਰਨੇਹਾਰ, ਹੰ ਰੂਪ ਅਨੂਪ ਸਮਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਥਿਰ ਘਰ ਬੈਠਾ ਏਕਾ ਸਾਚੇ ਸੁਤ ਦੇਵੇ ਵਰ, ਲੋਆਂ ਪੁਰੀਆਂ ਰਚਨ ਰਚਾਇਆ। ਲੋਆਂ ਪੁਰੀਆਂ ਕਰ ਅਕਾਰ, ਹਰਿ ਸਾਚੀ ਰਚਨ ਰਚਾਈਆ। ਸ਼ਬਦ ਦੁਲਾਰਾ ਖ਼ਬਰਦਾਰ, ਅੱਠੇ ਪਹਿਰ ਸੇਵ ਕਮਾਈਆ। ਨਿਰਗੁਣ ਵੇਖੇ ਵਾਰੋ ਵਾਰ, ਆਪਣੀ ਜਾਣੇ ਵਡ ਵੱਡੀ ਵਡਿਆਈਆ। ਆਦਿ ਅੰਤ ਇਕ ਏਕੰਕਾਰ, ਆਪਣੀ ਕਲ ਰਖਾਈਆ। ਸਾਧ ਸੰਤ ਨਾ ਪਾਵੇ ਸਾਰ, ਭੇਵ ਅਭੇਦਾ ਬੈਠਾ ਭੇਵ ਛੁਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਆਪਣਾ ਵੇਸ ਵਟਾਈਆ। ਜੁਗ ਜੁਗ ਵੇਸ ਕਰਨੇਹਾਰਾ ਆਪ, ਆਪਣਾ ਰਿਹਾ ਕਰਾਇਆ। ਆਪ ਆਪਣਾ ਧਰ ਧਰਵਾਸ, ਧੀਰਜ ਧੀਰ ਦਏ ਧਰਾਇਆ। ਤ੍ਰੈਗੁਣ ਰੂਪ ਸ਼ਾਹੋ ਸ਼ਬਾਸ, ਆਪ ਆਪਣਾ ਲਏ ਵਟਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਵਲ ਕਵਲਾ ਨਾਮ ਧਰਾਇਆ। ਆਪ ਆਪਣੀ ਰਚਨ ਰਚਾ, ਆਪਣੀ ਬਣਤ ਬਣਾਈਆ। ਬ੍ਰਹਮਾ ਵਿਸ਼ਨ ਮਹੇਸ਼ ਸੇਵਾ ਲਾ, ਖੇਲੇ ਖੇਲ ਬੇਪਰਵਾਹੀਆ। ਸ਼ਬਦ ਸੰਦੇਸਾ ਦਏ ਸੁਣਾ, ਬੋਧ ਗਿਆਨ ਇਕ ਜਣਾਈਆ। ਨਿਰਗੁਣ ਸਰਗੁਣ ਮੇਲ ਮਿਲਾ, ਤ੍ਰੈਗੁਣ ਖੇਲੇ ਖੇਲ ਪੰਜ ਤਤ ਕਰੇ ਕੁੜਮਾਈਆ। ਅਕਾਸ਼ ਪਰਕਾਸ਼ ਗਿਆ ਸਮਾ, ਜਲ ਧਾਰਾ ਧਵਲ ਟਿਕਾਈਆ। ਸੇਵਕ ਸੇਵਾ ਆਪ ਲਗਾ, ਦੇ ਸਿਖਿਆ ਮਤ ਸਮਝਾਈਆ। ਮਹਿਮਾ ਅਗਣਤ ਗਣਤ ਆਪ ਗਣਾ, ਵੇਦ ਕਤੇਬਾ ਰਿਹਾ ਲਿਖਾਈਆ। ਪਾਰਬ੍ਰਹਮ ਬ੍ਰਹਮ ਝੋਲੀ ਪਾ, ਬ੍ਰਹਮ ਬ੍ਰਹਮ ਦਰਸਾਈਆ। ਲੱਖ ਚੁਰਾਸੀ ਵੇਖ ਵਖਾ, ਨਿਜ ਬੈਠਾ ਡੇਰਾ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਖੇਲ ਖੇਲਣਹਾਰਾ, ਆਦਿ ਅੰਤ ਏਕੰਕਾਰਾ, ਨਿਰਗੁਣ ਦਾਤਾ ਪੁਰਖ ਬਿਧਾਤਾ ਘਰ ਘਰ ਬੈਠਾ ਸੇਜ ਵਛਾਈਆ। ਲੱਖ ਚੁਰਾਸੀ ਆਸਣ ਲਾਇਆ, ਪਾਰਬ੍ਰਹਮ ਅਨਰੂਪਾ। ਗੁਰਮੁਖ ਵਿਰਲੇ ਦਰਸ਼ਨ ਪਾਇਆ, ਜਿਸ ਮਿਲਿਆ ਸ਼ਾਹੋ ਭੂਪਾ। ਬਜਰ ਕਪਾਟੀ ਕੁੰਡਾ ਲਾਹਿਆ, ਪਾਰ ਕਰਾਏ ਨੌਂ ਦਵਾਰੇ ਦਹਿ ਦਿਸ਼ਾ ਚਾਰੇ ਕੂਟਾ। ਏਕਾ ਸਾਚਾ ਦਰ ਸੁਹਾਇਆ, ਸਤਿਗੁਰ ਪੂਰਾ ਆਪੇ ਤੁਠਾ। ਹਰਿਜਨ ਸਾਚੇ ਲਏ ਮਿਲਾਇਆ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਆਪਣਾ ਵੇਸ ਕਰ, ਨਿਰਗੁਣ ਸਰਗੁਣ ਮੇਲ ਮਿਲਾਈਆ। ਨਿਰਗੁਣ ਮੇਲਾ ਜੋਤੀ ਧਾਰ, ਸ਼ਬਦੀ ਧਾਰ ਚਲਾਈਆ। ਪਰਗਟ ਹੋ ਵਿਚ ਸੰਸਾਰ, ਆਦਿ ਜੁਗਾਦੀ ਖੇਲ ਖਿਲਾਈਆ। ਇਕ ਅਕੱਲਾ ਏਕੰਕਾਰ, ਲੋਆਂ ਪੁਰੀਆਂ ਰਿਹਾ ਸੁਣਾਈਆ। ਬ੍ਰਹਮਾ ਵੇਤਾ ਲਏ ਉਭਾਰ, ਬ੍ਰਹਮ ਵਿਦਿਆ ਇਕ ਪੜ੍ਹਾਈਆ। ਸ਼ਿਵ ਸ਼ੰਕਰ ਬਖ਼ਸ਼ੇ ਇਕ ਪਿਆਰ, ਤ੍ਰਿਸੂਲ ਹੱਥ ਫੜਾਈਆ। ਵਿਸ਼ਨੂੰ ਵੰਸੀ ਖੇਲ ਅਪਾਰ, ਰਾਜਕ ਰਿਜ਼ਕ ਸਬਾਈਆ। ਆਪੇ ਵਸਿਆ ਸਭ ਤੋਂ ਬਾਹਰ, ਹਰ ਘਟ ਬੈਠਾ ਆਸਣ ਲਾਈਆ। ਜੋਗ ਜੁਗਤ ਜੁਗ ਜੁਗੰਤਰ ਪਾਵੇ ਸਾਰ, ਮੁਨ ਮੁਨੀਸ਼ਵਰ ਬੇਪਰਵਾਹੀਆ। ਸਾਧ ਸੰਤ ਗੁਰ ਪੀਰ ਲੈ ਅਵਤਾਰ, ਆਪ ਆਪਣਾ ਨਾਉਂ ਧਰਾਈਆ। ਵੇਸ ਅਨੇਕਾ ਕਰੇ ਕਰਾਏ ਹਰਿਜਨ ਯਾਰ, ਆਪਣੇ ਹੱਥ ਰੱਖੇ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣੀ ਵੰਡਣ ਆਪ ਵੰਡਾਈਆ । ਨਿਰਗੁਣ ਆਪਣੀ ਵੰਡ ਵੰਡਾ, ਆਪਣਾ ਰੂਪ ਦਰਸਾਇਆ। ਲੋਕਮਾਤ ਕੰਢਾ ਵੇਖ ਵਖਾ, ਪੰਜ ਤਤ ਵਸੇਰਾ ਪਾਇਆ। ਬ੍ਰਹਿਮੰਡ ਸਾਚੇ ਖੋਜ ਖੁਜਾ, ਜੇਰਜ ਅੰਡ ਲਏ ਤਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣਾ ਲੇਖਾ ਆਪਣੇ ਹੱਥ ਰਖਾਇਆ। ਜੁਗ ਜੁਗ ਲੇਖਾ ਲਿਖਣਹਾਰਾ, ਸਾਚੀ ਚਲਤ ਚਲਾਇੰਦਾ । ਸਤਿਜੁਗ ਸਾਚਾ ਕਰ ਪਸਾਰਾ, ਸਾਚਾ ਧਰਮ ਧਰਾਇੰਦਾ। ਤ੍ਰੇਤਾ ਤੇਰਾ ਖੇਲ ਨਿਆਰਾ, ਤ੍ਰਿਆ ਵੇਸ ਵਟਾਇੰਦਾ। ਰਾਮ ਰੂਪ ਰਾਮ ਕਰਤਾਰਾ, ਰਘੁਪਤ ਨਾਉਂ ਧਰਾਇੰਦਾ । ਤੋੜੇ ਗੜ੍ਹ ਲੰਕਾ ਹੰਕਾਰਾ, ਏਕਾ ਬਾਣ ਚਲਾਇੰਦਾ। ਦੁਆਪਰ ਤੇਰਾ ਖੇਲ ਨਿਆਰਾ, ਧਰਤ ਧਵਲ ਸੁਹਾਇੰਦਾ। ਮੁਕੰਦ ਮਨੋਹਰ ਲੱਖਮੀ ਨਰਾਇਣ ਹਰਿ ਕਰਤਾਰਾ, ਮੋਰ ਮੁਕਟ ਸੀਸ ਟਿਕਾਇੰਦਾ। ਗ਼ਰੀਬ ਨਿਮਾਣੇ ਪਾਵੇ ਸਾਰਾ, ਜਨ ਭਗਤਾਂ ਪੈਜ ਰਖਾਇੰਦਾ। ਬੇਮੁਖ ਮਾਰੇ ਪਕੜ ਪਛਾੜਾ, ਰਥ ਰਥਵਾਹੀ ਨਾਮ ਧਰਾਇੰਦਾ। ਧਰਤ ਮਾਤ ਤੇਰਾ ਇਕ ਅਖਾੜਾ, ਅੰਤਮ ਅੰਤ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਆਪ ਵੇਸ ਵਟਾਇੰਦਾ। ਕਲਜੁਗ ਵੇਸ ਹਰਿ ਅਵੱਲਾ, ਆਪਣੀ ਖੇਲ ਵਰਤਾਈਆ। ਈਸਾ ਮੂਸਾ ਵਸੇ ਮਹੱਲਾ, ਵੇਖੇ ਸਹਿਜ ਸੁਭਾਈਆ। ਸੰਗ ਮੁਹੰਮਦ ਨਾਲ ਰਲਾਈ ਰਾਣੀ ਅੱਲਾ, ਏਕਾ ਨਾਅਰਾ ਲਾਈਆ। ਜੂਠ ਝੂਠ ਵਲ ਛੱਲਾ, ਮਾਇਆ ਮਮਤਾ ਕਰੀ ਕੁੜਮਾਈਆ। ਲੋਕਮਾਤੀ ਫਲਿਆ ਫੁਲਾ, ਏਕਾ ਮੰਗ ਮੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਖੇਲੇ ਖੇਲ ਖੇਲਣਹਾਰ, ਖੇਲੇ ਖੇਲ ਸ੍ਰਿਸ਼ਟ ਸਬਾਈਆ। ਜੁਗ ਜੁਗ ਖੇਲ ਹਰਿ ਖਿਲੰਤਾ, ਖੇਲਣਹਾਰ ਅਖਵਾਇਆ। ਨਿਰਗੁਣ ਜੋਤ ਸ੍ਰੀ ਭਗਵੰਤਾ, ਆਪ ਆਪਣਾ ਵੇਸ ਵਟਾਇਆ। ਆਪੇ ਪੁਰਖ ਨਾਰੀ ਕੰਤਾ, ਨਾਨਕ ਗੋਬਿੰਦ ਰੂਪ ਸੁਹਾਇਆ। ਨਾਮ ਸਤਿ ਜਣਾਈ ਜੀਵਾਂ ਜੰਤਾ, ਧੁਰ ਫ਼ਰਮਾਣ ਅਲਾਇਆ। ਗੜ੍ਹ ਤੁੜਾਇਆ ਹਉਮੇ ਹੰਗਤਾ, ਮਾਇਆ ਮੋਹ ਚੁਕਾਇਆ। ਮੇਲ ਮਿਲਾਇਆ ਸਾਚੀ ਸੰਗਤਾ, ਦਰ ਸਾਚਾ ਇਕ ਸੁਹਾਇਆ। ਅੰਗ ਲਗਾਇਆ ਨਾਨਕ ਅੰਗਦਾ, ਨਿਰਗੁਣ ਜੋਤ ਜਗਾਇਆ। ਅਮਰਦਾਸ ਦਰ ਏਕਾ ਮੰਗਦਾ, ਹਰਿ ਝੋਲੀ ਨਾਮ ਭਰਾਇਆ। ਰਾਮਦਾਸ ਘਰ ਸਾਚਾ ਲੰਘਦਾ, ਨਿਝ ਘਰ ਆਪਣੇ ਦਰਸ਼ਨ ਪਾਇਆ। ਗੁਰ ਅਰਜਨ ਖੇਲ ਸੂਰਾ ਸਰਬੰਗ ਦਾ, ਆਪ ਆਪਣਾ ਭੇਵ ਖੁਲ੍ਹਾਇਆ। ਹਰਿਗੋਬਿੰਦ ਤੰਗ ਏਕਾ ਕਸਦਾ, ਸ਼ਸਤਰ ਬਸਤਰ ਤਨ ਸਜਾਇਆ। ਹਰਿਰਾਏ ਭੁੱਖ ਨੰਗ ਕੱਟਦਾ, ਜੋ ਜਨ ਸਰਨਾਈ ਆਇਆ। ਹਰਿਕਿਸ਼ਨ ਜਗਤ ਦਵਾਰੇ ਮੂਲ ਨਾ ਸੰਗਦਾ, ਪੰਜ ਤਤ ਲੇਖੇ ਲਾਇਆ। ਤੇਗ ਬਹਾਦਰ ਗੁਰਮੁਖਾਂ ਕਾਇਆ ਚੋਲੀ ਆਪਣੀ ਰੰਗਦਾ, ਸੀਸ ਆਪਣਾ ਭੇਟ ਚੜ੍ਹਾਇਆ। ਗੁਰ ਗੋਬਿੰਦ ਪਿਆਰ ਏਕਾ ਮੰਗਦਾ, ਗੁਰ ਸੰਗਤ ਮੇਲ ਮਿਲਾਇਆ। ਦਰ ਦਵਾਰ ਜੋ ਜਨ ਆਏ ਭੁੱਖਾ ਨੰਗਤਾ, ਦਾਤਾ ਦਾਨੀ ਨਾਮ ਦਾਨ ਝੋਲੀ ਪਾਇਆ। ਖੇਲੇ ਖੇਲ ਜਗਤ ਜੰਗ ਦਾ, ਜਗਤ ਵਿਕਾਰਾ ਦਏ ਮਿਟਾਇਆ। ਕਲਜੁਗ ਅੰਤਮ ਮੰਗ ਏਕਾ ਮੰਗਦਾ, ਮਾਛੂਵਾੜੇ ਡੇਰਾ ਲਾਇਆ। ਤੇਰਾ ਦਰਸ਼ਨ ਹਰਿ ਪਲੰਘ ਦਾ, ਨੇਤਰ ਲੋਚਨ ਨਜ਼ਰੀ ਆਇਆ। ਖੇੜਾ ਛੁੱਟੇ ਲੋਕਮਾਤ ਸਿਆਲ ਝੰਗ ਦਾ, ਯਾਰ ਯਾਰੜੇ ਮੇਲ ਮਿਲਾਇਆ। ਪੁਰਖ ਅਬਿਨਾਸ਼ੀ ਘਟ ਘਟ ਵਾਸੀ ਸ਼ਬਦ ਸੁਨੇਹੜਾ ਏਕਾ ਘਲਦਾ, ਮੇਰਾ ਤੇਰਾ ਤੇਰਾ ਮੇੇਰਾ ਤੇਰੀ ਝੋਲੀ ਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਜੁਗਾਦਿ ਸ਼ਬਦ ਬ੍ਰਹਮਾਦਿ ਗੁਰ ਪੀਰ ਅਵਤਾਰ ਸੰਤ ਸਾਧ ਨਾਮ ਧਰਾਇਆ। ਗੁਰ ਗੋਬਿੰਦ ਸਚ ਸਲਾਹ, ਹਰਿ ਸਾਚੇ ਸ਼ਬਦ ਜਣਾਈਆ। ਕਲਜੁਗ ਅੰਤਮ ਬਣ ਮਲਾਹ, ਪ੍ਰਭ ਬੇੜਾ ਬੰਨੇ ਲਾਈਆ। ਈਸਾ ਮੂਸਾ ਰਹਿਣਾ ਨਾ, ਸੰਗ ਮੁਹੰਮਦ ਦਏ ਦੁਹਾਈਆ। ਸਦੀ ਚੌਧਵੀਂ ਲੱਗੇ ਢਾਹ, ਕਲਜੁਗ ਵੇਖੇ ਬੇਪਰਵਾਹੀਆ। ਨੌਂ ਖੰਡ ਪ੍ਰਿਥਮੀ ਵੱਜੇ ਹਾ, ਸੱਤਾਂ ਦੀਪਾਂ ਇਕ ਦੁਹਾਈਆ। ਲੱਖ ਚੁਰਾਸੀ ਪੱਤ ਕੋਈ ਰੱਖੇ ਨਾ, ਰਾਜ ਰਾਜਾਨਾਂ ਮੇਟ ਮਿਟਾਈਆ। ਪਾਰਬ੍ਰਹਮ ਅਬਿਨਾਸ਼ੀ ਕਰਤਾ ਜਨ ਭਗਤਾਂ ਪਕੜੇ ਅੰਤਮ ਬਾਂਹ, ਨਿਰਗੁਣ ਜੋਤ ਕਰੇ ਰੁਸ਼ਨਾਈਆ। ਸ਼ਬਦ ਸੁਹੇਲਾ ਇਕ ਇਕੇਲਾ ਸਿਰ ਰੱਖੇ ਠੰਡੀ ਛਾਂ, ਤੱਤੀ ਵਾ ਨਾ ਲੱਗੇ ਰਾਈਆ। ਆਪੇ ਬਣੇ ਪਿਤਾ ਮਾਂ, ਆਪ ਆਪਣੀ ਗੋਦੀ ਲਏ ਉਠਾਈਆ। ਹਰਿ ਹਰਿ ਭੇਵ ਕੋਈ ਜਾਣੇ ਨਾ, ਜੁਗ ਜੁਗ ਵੱਡੀ ਵਡਿਆਈਆ। ਨਿਹਕਲੰਕੀ ਜੋਤੀ ਜਾਮਾ ਕੋਈ ਪਛਾਣੇ ਨਾ, ਸੰਬਲ ਨਗਰੀ ਇਕ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੋਬਿੰਦ ਦਿਤਾ ਸਾਚਾ ਵਰ, ਕਲਜੁਗ ਮੇਲਾ ਸਹਿਜ ਸੁਭਾਈਆ। ਗੁਰ ਗੋਬਿੰਦ ਸੁਨਣੇਹਾਰਾ, ਸੁਣਿਆ ਨਾਮ ਅਮੋਲਾ। ਪ੍ਰਭ ਅਬਿਨਾਸ਼ੀ ਬੋਲਣਹਾਰਾ, ਨਾ ਕੋਈ ਵਸਿਆ ਪੰਜ ਤਤ ਚੋਲਾ। ਪੂਰੇ ਤੋਲ ਤੋਲਣਹਾਰਾ, ਨਾਨਕ ਬਣਿਆ ਦਰ ਘਰ ਗੋਲਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਪਰਗਟ ਹੋਵੇ ਵੀਹ ਸੌ ਬਿਕ੍ਰਮੀ ਸੋਲਾਂ। ਸੰਮਤ ਸੋਲਾਂ ਤੇਰੀ ਧਾਰ, ਹਰਿ ਗੋਬਿੰਦ ਮਾਤ ਰਖਾਈਆ। ਪਰਗਟ ਹੋਏ ਹਰਿ ਨਿਰੰਕਾਰ, ਚਾਰੋਂ ਕੁੰਟ ਵੱਜੇ ਵਧਾਈਆ। ਸ਼ਬਦ ਡੰਕਾ ਅਪਰ ਅਪਾਰ, ਰਾਓ ਰੰਕਾਂ ਰਿਹਾ ਸੁਣਾਈਆ। ਸਾਧਾਂ ਸੰਤਾਂ ਕਰੇ ਖ਼ਬਰਦਾਰ, ਸੋਇਆ ਕੋਈ ਰਹਿਣ ਨਾ ਪਾਈਆ। ਤੋੜੇ ਗੜ੍ਹ ਲੰਕਾ ਹੰਕਾਰ, ਪੰਦਰਾਂ ਕੱਤਕ ਫੇਰਾ ਪਾਈਆ। ਵਾਲੀ ਹਿੰਦ ਰਿਹਾ ਵਿਚਾਰ, ਨਾ ਦੀਸੇ ਕੋਈ ਸਹਾਈਆ। ਲਹਿੰਦੀ ਦਿਸ਼ਾ ਪਾਵੇ ਸਾਰ, ਲੇਖਾ ਲਿਖੇ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਲੇਖਾ ਗੋਬਿੰਦ ਪੂਰ ਕਰਾਈਆ। ਗੁਰ ਗੋਬਿੰਦ ਸਤਿਗੁਰ ਸਾਚਾ, ਧੁਰ ਫ਼ਰਮਾਣ ਸੁਣਾਇਆ। ਜੀਓ ਪਿੰਡ ਤਨ ਜੀਵ ਕਾਚਾ, ਥਿਰ ਰਹਿਣ ਨਾ ਪਾਇਆ। ਪੰਜ ਤਤ ਨੌਂ ਦਵਾਰੇ ਨਾਚਾ, ਹਰਿ ਕਾ ਸ਼ਬਦ ਦਿਸ ਨਾ ਆਇਆ। ਨਾਮ ਸਤਿ ਨਾ ਹਿਰਦੇ ਵਾਚਾ, ਮਾਇਆ ਮੋਹ ਚਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਏਕਾ ਡੰਕਾ ਫਤਿਹ ਵਜਾਇਆ। ਫਤਿਹ ਡੰਕ ਹਰਿ ਨਿਰੰਕਾਰ, ਆਪਣਾ ਆਪ ਵਜਾਇੰਦਾ। ਖੇਲੇ ਖੇਲ ਅਪਰ ਅਪਾਰ, ਸ੍ਰਿਸ਼ਟ ਸਬਾਈ ਦਿਸ ਨਾ ਆਇੰਦਾ। ਗੁਰਮੁਖ ਸਾਚੇ ਕਰ ਪਿਆਰ, ਆਪ ਆਪਣੀ ਬੂਝ ਬੁਝਾਇੰਦਾ। ਨਿਰਮਲ ਜੋਤੀ ਕਰ ਉਜਿਆਰ, ਅਗਿਆਨ ਅੰਧੇਰ ਮਿਟਾਇੰਦਾ। ਸਚ ਧਰਮ ਇਕ ਜੈਕਾਰ, ਸੋ ਪੁਰਖ ਨਿਰੰਜਣ ਨਾਅਰਾ ਲਾਇੰਦਾ। ਹੰ ਹੰਗਤਾ ਦਏ ਮਾਰ, ਏਕਾ ਖੰਡਾ ਚਲਾਇੰਦਾ। ਸਾਚੀ ਸੰਗਤਾ ਕਰ ਵਿਚਾਰ, ਸਤਿਗੁਰ ਸਿਖਿਆ ਇਕ ਬੁਝਾਇੰਦਾ। ਕਾਇਆ ਚੋਲੀ ਰੰਗ ਕਰਤਾਰ, ਨਾਮ ਮਜਨ ਇਕ ਰੰਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਆਪਣਾ ਭਾਣਾ ਸਾਚਾ ਰਾਣਾ ਆਪਣੇ ਹੱਥ ਰਖਾਇੰਦਾ। ਆਪ ਆਪਣੀ ਕਲ ਵਰਤਾ, ਆਪਣੇ ਰੂਪ ਸਮਾਇਆ। ਸ੍ਰਿਸ਼ਟ ਸਬਾਈ ਲਏ ਉਠਾ, ਚਾਰੋਂ ਕੁੰਟ ਫੇਰਾ ਪਾਇਆ। ਸ਼ਬਦ ਖੰਡਾ ਇਕ ਚਮਕਾ, ਆਦਿ ਸ਼ਕਤ ਵੇਸ ਵਟਾਇਆ। ਨਾਮ ਭਗੌਤੀ ਦਏ ਰਖਾ, ਦਿਸ ਕਿਸੇ ਨਾ ਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਲੱਖ ਚੁਰਾਸੀ ਭਰਮ ਭੁਲਾਇਆ। ਲੱਖ ਚੁਰਾਸੀ ਭਰਮੇ ਭੁੱਲਾ, ਹਰਿ ਹਰਿ ਮੂਲ ਨਾ ਭਾਇੰਦਾ। ਮਾਇਆ ਮਮਤਾ ਜੂਠਾ ਝੂਠਾ ਰੁਲਾ, ਸਚ ਸੁੱਚ ਨਾ ਕੋਈ ਦ੍ਰਿੜਾਇੰਦਾ। ਭਾਗ ਲਗਾਇਆ ਨਾ ਕਾਇਆ ਕੁਲਾ, ਬੁਧ ਬਿਬੇਕ ਨਾ ਕੋਈ ਰਖਾਇੰਦਾ। ਮਨ ਮਤ ਨਾ ਹੋਈ ਸੁਲਹ, ਗੁਰਮਤ ਨਾ ਕੋਈ ਦਰਸਾਇੰਦਾ। ਪਾਣੀ ਪਿਆ ਝੂਠੀ ਚੁਲਾ, ਅੰਮ੍ਰਿਤ ਧਾਰ ਨਾ ਕੋਈ ਪਿਆਇੰਦਾ। ਕਾਮ ਕਰੋਧੀ ਦੇਸ ਭੁੱਲਾ, ਹਰਿ ਕਾ ਨਾਮ ਨਾ ਕੋਈ ਧਿਆਇੰਦਾ। ਚਾਰੋਂ ਕੁੰਟ ਅੰਧੇਰਾ ਝੁੱਲਾ, ਅੰਧ ਅੰਧੇਰ ਨਾ ਕੋਈ ਮਿਟਾਇੰਦਾ। ਕਲਜੁਗ ਅੰਤਮ ਫਲਿਆ ਫੁਲਾ, ਸਿਮਲ ਰੁੱਖ ਹੁਲਾਰ ਰਖਾਇੰਦਾ। ਆਪਣੇ ਕੰਡੇ ਆਪੇ ਤੁਲਾ, ਸਤਿਗੁਰ ਨਾਨਕ ਤੇਰਾਂ ਤੇਰੀ ਧਾਰ ਚਲਾਇੰਦਾ। ਪਾਰਬ੍ਰਹਮ ਦਰ ਦਵਾਰ ਜੋ ਜਨ ਆਏ ਭੁੱਲਾ, ਗੁਰ ਗੋਬਿੰਦ ਮੇਲ ਮਿਲਾਇੰਦਾ। ਪੁਰਖ ਅਕਾਲ ਦਰ ਦਵਾਰ ਤੇਰਾ ਸਦਾ ਖੁਲ੍ਹਾ, ਨਾ ਕੋਈ ਬੰਦ ਕਰਾਇੰਦਾ। ਕਲਜੁਗ ਅੰਤਮ ਫਲ ਹੁਲਾ, ਫੁੱਲ ਕੋਈ ਦਿਸ ਨਾ ਆਇੰਦਾ। ਸੰਮਤ ਸੰਮਤੀ ਪੈਣਾ ਮੁੱਲਾ, ਪਰਖੇ ਪਰਖਣਹਾਰ ਨਾਮ ਸੋਟੀ ਇਕ ਲਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਨਿਰਗੁਣ ਜਾਮਾ ਜੋਤੀ ਨੂਰ ਦਰਸਾਇੰਦਾ। ਨਿਹਕਲੰਕ ਜੋਤੀ ਨੂਰ, ਸ਼ਬਦੀ ਡੰਕ ਵਜਾਇਆ। ਸ਼ਬਦ ਅਨਾਦੀ ਵੱਜੇ ਤੂਰ, ਧੁਰ ਫ਼ਰਮਾਣਾ ਰਿਹਾ ਸੁਣਾਇਆ। ਕਲਜੁਗ ਮਿਟੇ ਪਸਾਰਾ ਕੂੜ, ਕੂੜੀ ਕਿਰਿਆ ਰਹਿਣ ਨਾ ਪਾਇਆ। ਕਾਮੀ ਕਰੋਧੀ ਮਾਇਆ ਮਮਤਾ ਨਾ ਦਿਸੇ ਮੂੜ੍ਹ, ਵਿਕਾਰ ਹੰਕਾਰ ਰਹਿਣ ਨਾ ਪਾਇਆ। ਪਾਰਬ੍ਰਹਮ ਜੋ ਜਨ ਮਾਂਗੇ ਤੇਰੀ ਧੂੜ, ਸੋ ਜਨ ਰਹੇ ਸਰਨਾਇਆ। ਸਤਿਗੁਰ ਪੂਰਾ ਕਾਇਆ ਚੋਲੀ ਰੰਗਨ ਚਾੜ੍ਹੇ ਗੂੜ੍ਹ, ਉਤਰ ਕਦੇ ਨਾ ਜਾਇਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਜੋਤੀ ਜਾਮਾ ਭੇਖ ਧਰ, ਏਕਾ ਸ਼ਬਦ ਡੰਕ ਵਜਾਇਆ। ਸ਼ਬਦ ਡੰਕ ਧੁਰ ਦਰਗਾਹ, ਹਰਿ ਸਾਚੇ ਸਚ ਜਣਾਈਆ। ਸਤਿਗੁਰ ਪੂਰਾ ਬਣ ਮਲਾਹ, ਜਨ ਬੇੜਾ ਬੰਨੇ ਲਾਈਆ। ਸਚਖੰਡ ਦਵਾਰਾ ਏਕਾ ਰਾਹ, ਏਕਾ ਮਾਰਗ ਰਿਹਾ ਵਖਾਈਆ। ਚਾਰ ਵਰਨਾਂ ਪਕੜੇ ਬਾਂਹ, ਊਚਾਂ ਨੀਚਾਂ ਭੇਵ ਨਾ ਰਾਈਆ। ਹਿੰਦੂ ਮੁਸਲਮ ਸਿਖ ਈਸਾਈ ਛਿੰਟੋ ਬਣਾਏ ਭੈਣ ਭਰਾ, ਫਾਰਸੀ ਯੂਨਾਨੀ ਕਰੇ ਕੁੜਮਾਈਆ। ਏਕਾ ਨਾਤਾ ਦਏ ਸਿਖਾ, ਬ੍ਰਹਮ ਜੋਤੀ ਬ੍ਰਹਮ ਧੀ ਜਵਾਈਆ। ਪੁਰਖ ਬਿਧਾਤਾ ਦਇਆ ਕਮਾ, ਸਾਚਾ ਸਗਨ ਰਿਹਾ ਮਨਾਈਆ। ਕਲਜੁਗ ਅੰਧੇਰੀ ਰਾਤਾ ਦਏ ਮਿਟਾ, ਸਤਿਜੁਗ ਸਾਚਾ ਚੰਨ ਚੜ੍ਹਾਈਆ। ਏਕਾ ਗਾਥਾ ਦਏ ਸੁਣਾ, ਏਕਾ ਕਰਮ ਕਮਾਈਆ। ਏਕਾ ਰਾਥਾ ਦਏ ਚਲਾ, ਰਥ ਰਥਵਾਹੀ ਬੇਪਰਵਾਹੀਆ । ਸਗਲਾ ਸਾਥਾ ਦਏ ਨਿਭਾ, ਜੋ ਮਿਲਿਆ ਵਿਛੜ ਨਾ ਜਾਈਆ। ਲਹਿਣਾ ਦੇਣਾ ਮਸਤਕ ਮਾਥਾ ਦਏ ਚੁਕਾ, ਲੱਖ ਚੁਰਾਸੀ ਫੰਦ ਕਟਾਈਆ। ਰਾਏ ਧਰਮ ਲੇਖਾ ਦਏ ਮੁਕਾ, ਚਿਤਰ ਗੁਪਤ ਨਾ ਹਿਸਾਬ ਵਖਾਈਆ। ਲਾੜੀ ਮੌਤ ਨਾ ਲਏ ਪਰਨਾ, ਜਿਸ ਮਿਲੀ ਹਰਿ ਸਰਨਾਈਆ। ਥਿਰ ਘਰ ਬਹਾਏ ਸਾਚੇ ਥਾਂ, ਹਰਿ ਜੋਤੀ ਜੋਤ ਮਿਲਾਈਆ। ਨਾਤਾ ਤੋੜੇ ਪਿਤਾ ਮਾਂ, ਸਾਕ ਸੱਜਣ ਨਾ ਭੈਣ ਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਸਚ ਸੁੱਚ ਦਏ ਵਰਤਾਈਆ। ਸਚ ਸੁੱਚ ਹਰਿ ਵਰਤਾਰਾ, ਘਰ ਸਾਚੇ ਹਰਿ ਪਾਇਆ। ਜੋਤੀ ਜਾਮਾ ਲੈ ਅਵਤਾਰਾ, ਨਿਹਕਲੰਕਾ ਨਾਉਂ ਧਰਾਇਆ। ਚਾਰ ਵਰਨਾਂ ਪਾਵੇ ਸਾਰਾ ਊਚਾਂ ਨੀਚਾਂ ਮੇਲ ਮਿਲਾਇਆ। ਰਾਓ ਰੰਕ ਵਖਾਏ ਇਕ ਦਵਾਰਾ, ਏਕਾ ਧਾਮ ਸੁਹਾਇਆ। ਏਕਾ ਜਾਪ ਏਕਾ ਅੱਖਰ ਆਪੇ ਆਪ, ਏਕਾ ਨਾਉਂ ਉਪਾਇਆ। ਮੇਟ ਮਿਟਾਏ ਤੀਨੋ ਤਾਪ, ਤ੍ਰੈਗੁਣ ਰੰਗ ਰੰਗਾਇਆ। ਰਾਜਸ ਤਾਮਸ ਤੇਰਾ ਪਰਤਾਪ, ਕਲਜੁਗ ਝੋਲੀ ਪਾਇਆ। ਸਾਂਤਕ ਸਤਿ ਕਰ ਵਰਤਾਂਤ, ਸਤਿਜੁਗ ਸਾਚੇ ਵੇਖ ਵਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਏਕਾ ਦਰ ਸਾਚੇ ਹਰਿ ਲੋਕਮਾਤ ਆਪ ਖੁਲਾਇਆ। ਲੋਕਮਾਤ ਖੁਲ੍ਹਿਆ ਦਰ, ਹਰਿ ਸਾਚੇ ਜੋਤ ਜਗਾਈਆ। ਚਾਰ ਵਰਨਾਂ ਮਿਲੇ ਵਰ, ਵਰ ਦਾਤਾ ਇਕ ਅਖਵਾਈਆ। ਆਵਣ ਜਾਵਣ ਚੁੱਕੇ ਡਰ, ਮਾਤ ਗਰਭ ਫੰਦ ਕਟਾਈਆ। ਅੰਮ੍ਰਿਤ ਆਤਮ ਨੁਹਾਏ ਸਾਚੇ ਸਰ, ਦੁਰਮਤ ਮੈਲ ਗਵਾਈਆ। ਆਪ ਖੁਲ੍ਹਾਏ ਬੰਦ ਕਿਵਾੜ, ਬਜਰ ਕਪਾਟੀ ਸਿਲਾ ਤੁੜਾਈਆ। ਅੰਦਰ ਮੰਦਰ ਵੇਖੇ ਆਪੇ ਚੜ੍ਹ, ਦਰ ਸਾਚੇ ਫੇਰਾ ਪਾਈਆ। ਨਾ ਕੋਈ ਸੀਸ ਨਾ ਕੋਈ ਧੜ, ਗੁਰ ਪੂਰੇ ਵਡ ਵਡਿਆਈਆ। ਪੰਚਾਂ ਚੋਰਾਂ ਆਪੇ ਲੜ, ਆਪੇ ਕਰੇ ਸਫਾਈਆ। ਹਵਨ ਮੜ੍ਹੀ ਗੋਰ ਨਾ ਜਾਏ ਸੜ, ਅਗਨੀ ਅੱਗ ਨਾ ਅੱਗ ਜਲਾਈਆ। ਗੁਰਮੁਖ ਸਾਚੇ ਲਏ ਫੜ, ਦਿਸ ਕਿਸੇ ਨਾ ਆਈਆ। ਉਚੇ ਟਿੱਲੇ ਵੇਖੇ ਚੜ੍ਹ, ਏਕਾ ਦਰ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਘਰ ਸੁਹੰਜਣਾ ਜਗੇ ਜੋਤ ਆਦਿ ਨਿਰੰਜਣਾ, ਪੁਰਖ ਅਬਿਨਾਸ਼ੀ ਘਟ ਘਟ ਵਾਸੀ ਹਰ ਘਟ ਬੈਠਾ ਆਸਣ ਲਾਈਆ। ਹਰ ਘਟ ਹਰਿ ਸੱਜਣ ਵਸਿਆ, ਪਾਰਬ੍ਰਹਮ ਬੇਅੰਤ। ਜਨ ਭਗਤਾਂ ਦਰ ਦਵਾਰੇ ਫਿਰੇ ਨੱਸਿਆ, ਮੇਲ ਮਿਲਾਵਾ ਸਾਚੇ ਸੰਤ। ਸ਼ਬਦ ਨਿਰਾਲਾ ਤੀਰ ਕਸਿਆ, ਰਸਨਾ ਜਿਹਵਾ ਮਣੀਆ ਮੰਤ। ਕਾਇਆ ਚੋਲੀ ਮੰਦਰ ਅੰਦਰ ਬਹਿ ਬਹਿ ਹੱਸਿਆ, ਗੁਰਮੁਖ ਵਿਰਲੀ ਨਾਰੀ ਪਾਇਆ ਹਰਿ ਸਾਚਾ ਕੰਤ। ਮਿਟੇ ਰੈਣ ਅੰਧੇਰੀ ਮੱਸਿਆ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਜੋਤ ਜਗਾਤਾ ਹਰਿ ਰਘੁਰਾਤਾ, ਗੁਰਸਿਖ ਸਾਚੇ ਵੱਜੀ ਵਧਾਈ, ਘਰ ਪਾਇਆ ਵਰ ਪਾਇਆ ਹਰਿ ਹਰਿ ਹਰਿ ਬੇਅੰਤਾ।