Granth 07 Likhat 115: 4 Maghar 2015 Bikarmi Hardit Singh de Ghar Shabad Likhaye Itarsi Shehar

੪ ਮੱਘਰ ੨੦੧੫ ਬਿਕ੍ਰਮੀ ਹਰਦਿਤ ਸਿੰਘ ਦੇ ਘਰ ਸ਼ਬਦ ਲਿਖਾਏ ਇਟਾਰਸੀ ਸ਼ਹਿਰ

ਹਰਿ ਹਰਿ ਖੇਲ ਮਹਾਨ, ਹਰੀ ਹਰਿ ਵੱਡੀ ਵਡਿਆਈਆ। ਸਤਿਗੁਰ ਪੂਰਾ ਹੋ ਮਿਹਰਬਾਨ, ਸਤਿ ਪੁਰਖਾ ਨਾਉਂ ਧਰਾਈਆ। ਗੁਰਮੁਖ ਸਾਚਾ ਚਤੁਰ ਸੁਜਾਨ, ਦਰ ਸਾਚਾ ਵੇਖ ਵਖਾਈਆ। ਆਤਮ ਅੰਤਰ ਇਕ ਗਿਆਨ, ਏਕਾ ਬੂਝ ਬੁਝਾਈਆ। ਮਨਮੁੱਖ ਭੁੱਲੇ ਜੀਵ ਨਿਧਾਨ, ਹਰਿ ਕਾ ਭੇਵ ਕੋਇ ਨਾ ਪਾਈਆ। ਪੰਚ ਵਿਕਾਰਾ ਪੰਚ ਸ਼ੈਤਾਨ, ਪੰਚਮ ਸੰਗ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਵੇਖੇ ਥਾਉਂ ਥਾਈਂਆ। ਹਰਿ ਸੱਜਣ ਸੱਚਾ ਪਾਤਸ਼ਾਹ, ਏਕਾ ਏਕੰਕਾਰ। ਸਤਿਗੁਰ ਪੂਰਾ ਦੱਸੇ ਰਾਹ, ਦੋ ਜਹਾਨਾਂ ਕਿਰਪਾ ਧਾਰ। ਗੁਰਮੁਖ ਸਾਚੇ ਪਕੜੇ ਬਾਂਹ, ਮੇਲ ਮਿਲਾਵਾ ਵਿਚ ਸੰਸਾਰ। ਮਨਮੁਖਾਂ ਮਿਲੇ ਨਾ ਕੋਈ ਥਾਂ, ਕਲ ਸੁੱਤੇ ਪੈਰ ਪਸਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਖੇਲੇ ਖੇਲ ਅਗੰਮ ਅਪਾਰ। ਹਰਿ ਸਾਜਣ ਹਰਿ ਜਾਣਿਆ, ਹਰਿ ਹਰਿ ਰੂਪ ਅਪਾਰ। ਸਤਿਗੁਰ ਪੂਰਾ ਕਰੇ ਪਛਾਣਿਆਂ, ਅਲਖ ਅਗੋਚਰ ਅਗੰਮ ਅਪਾਰ। ਗੁਰਮੁਖ ਸਾਜਣ ਦੇਵੇ ਮਾਣਿਆ, ਆਪ ਆਪਣੀ ਕਿਰਪਾ ਧਾਰ। ਮਨਮੁਖ ਹੋਏ ਜੀਵ ਅਞਾਣਿਆਂ, ਹਰਿ ਗੋਬਿੰਦ ਨਾ ਪਾਇਣ ਸਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਦੇਵੇ ਨਾਮ ਅਧਾਰ। ਨਾਮ ਅਧਾਰ ਹਰਿ ਅਨਮੁਲਾ, ਏਕਾ ਏਕ ਰਖਾਇੰਦਾ। ਦੂਸਰ ਤੋਲ ਕਿਸੇ ਨਾ ਤੁਲਾ, ਨਾ ਕੋਈ ਵਣਜ ਕਰਾਇੰਦਾ। ਦਰ ਦਵਾਰੇ ਜੋ ਜਨ ਆਏ ਭੁੱਲਾ, ਆਪ ਆਪਣਾ ਰੰਗ ਰੰਗਾਇੰਦਾ। ਭਾਗ ਲਗਾਏ ਸਾਚੀ ਕੁੱਲਾ, ਕੁਲ ਕੁਲਵੰਤਾ ਨਾਉਂ ਧਰਾਇੰਦਾ। ਫਲ ਫੁੱਲਵਾੜੀ ਵੇਖੇ ਫੁੱਲਾ, ਰੁੱਤ ਬਸੰਤੀ ਇਕ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰ ਕਿਰਪਾ ਵੇਖ ਵਖਾਇੰਦਾ। ਗੁਰਸਿਖ ਸਾਜਣ ਜਗਤ ਭਿਖਾਰ, ਆਤਮ ਅੰਤਰ ਵੇਖ ਵਖਾਇੰਦਾ। ਖੇਲੇ ਖੇਲ ਪੁਰਖ ਕਰਤਾਰ, ਕਰਨੀ ਕਰਤਾ ਆਪ ਕਮਾਇੰਦਾ। ਨਿਰਗੁਣ ਸਰਗੁਣ ਜੋਤ ਉਜਿਆਰ, ਜੋਤੀ ਜੋਤ ਡਗਮਗਾਇੰਦਾ। ਸ਼ਬਦ ਸ਼ਬਦੀ ਸੱਚੀ ਧੁਨਕਾਰ, ਧੁਨ ਅਨਾਦੀ ਤਾਲ ਵਜਾਇੰਦਾ। ਮਹੱਲ ਅਟੱਲ ਉਚ ਮੁਨਾਰ, ਕਾਇਆ ਮੰਦਰ ਆਪ ਸੁਹਾਇੰਦਾ। ਦੀਵਾ ਬਾਤੀ ਇਕ ਉਜਿਆਰ, ਕਮਲਾਪਾਤੀ ਆਪ ਜਗਾਇੰਦਾ। ਬੂੰਦ ਸਵਾਂਤੀ ਠੰਡੀ ਠਾਰ, ਨਿਝਰ ਧਾਰਾ ਮੁਖ ਚੁਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰ ਸਾਚਾ ਇਕ ਸੁਹਾਇੰਦਾ। ਦਰ ਦਵਾਰ ਪੁਰਖ ਅਥਾਹ, ਪਾਰਬ੍ਰਹਮ ਜਣਾਈਆ। ਜਿਸ ਜਨ ਬਣਾਏ ਸ਼ਬਦ ਮਲਾਹ, ਭਵ ਸਾਗਰ ਪਾਰ ਕਰਾਈਆ। ਆਪ ਜਪਾਏ ਆਪਣਾ ਨਾਉਂ, ਆਪ ਆਪਣੀ ਬੂਝ ਬੁਝਾਈਆ। ਨਿਥਾਵਿਆਂ ਦੇਵੇ ਸਾਚਾ ਥਾਉਂ, ਦਰਗਹਿ ਸਾਚੀ ਵਡ ਵਡਿਆਈਆ। ਫੜ ਫੜ ਹੰਸ ਬਣਾਏ ਕਾਉਂ, ਮਾਣਕ ਮੋਤੀ ਚੋਗ ਚੁਗਾਈਆ। ਅੰਤਮ ਵੇਲੇ ਪਕੜੇ ਬਾਹੋਂ, ਸਵੱਛ ਸਰੂਪੀ ਦਰਸ ਦਿਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗ਼ਰੀਬ ਨਿਮਾਣੇ ਵੇਖ ਵਖਾਈਆ। ਜਗਤ ਨਿਮਾਣੇ ਹਰਿ ਲਾਏ ਅੰਗ, ਏਕਾ ਰੂਪ ਸਮਾਇਆ। ਅੰਮ੍ਰਿਤ ਧਾਰ ਵਹਾਏ ਗੰਗ, ਨਿਰਮਲ ਨੀਰ ਧਰਾਇਆ। ਸ਼ਬਦੀ ਸ਼ਬਦ ਵੱਜੇ ਮਰਦੰਗ, ਤਾਲ ਤਲਵਾੜਾ ਇਕ ਵਜਾਇਆ। ਕੱਟਣਹਾਰਾ ਭੁੱਖ ਨੰਗ, ਲੋਕਮਾਤ ਵੇਖ ਵਖਾਇਆ। ਮਾਨਸ ਜਨਮ ਨਾ ਹੋਏ ਭੰਗ, ਜਿਸ ਜਨ ਚਰਨੀ ਸੀਸ ਝੁਕਾਇਆ। ਦਾਤਾ ਦਾਨੀ ਸੂਰਾ ਸਰਬੰਗ, ਆਪ ਆਪਣਾ ਵੇਖ ਵਖਾਇਆ। ਜਗਤ ਦਵਾਰਾ ਆਪੇ ਲੰਘ, ਧਰਮ ਦਵਾਰਾ ਆਪ ਖੁਲ੍ਹਾਇਆ। ਆਤਮ ਸੇਜਾ ਸਚ ਪਲੰਘ, ਬੈਠਾ ਆਸਣ ਲਾਇਆ। ਨਾਮ ਵਸਤ ਜੋ ਜਨ ਰਹੇ ਮੰਗ, ਦੇਵਣਹਾਰ ਸ੍ਰਿਸ਼ਟ ਸੁਬਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰ ਕਿਰਪਾ ਵੇਖ ਵਖਾਇਆ। ਵੇਖਣਹਾਰਾ ਹਰਿ ਸਮਰਥ, ਆਦਿ ਅੰਤ ਅਖਵਾਇੰਦਾ। ਜਿਸ ਜਨ ਰੱਖੇ ਦੇ ਕਰ ਹੱਥ, ਦੋ ਜਹਾਨਾਂ ਪਾਰ ਕਰਾਇੰਦਾ। ਪੰਚ ਵਿਕਾਰਾ ਪਾਏ ਨੱਥ, ਸ਼ਬਦ ਡੋਰੀ ਤੰਦ ਬੰਧਾਇੰਦਾ। ਆਪ ਉਪਾਏ ਸ਼ਬਦ ਜਣਾਏ ਪੂਜਾ ਪਾਠ, ਏਕਾ ਨਾਮ ਦ੍ਰਿੜਾਇੰਦਾ। ਸਚ ਸਰੋਵਰ ਮਾਰੇ ਠਾਠ, ਏਕਾ ਤਾਲ ਵਖਾਇੰਦਾ। ਧੁਰਦਰਗਾਹੀ ਆਇਆ ਨਾਠ, ਲੋਕਮਾਤ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਨਾਮ ਨਾਮਾ ਦ੍ਰਿੜਾਇੰਦਾ। ਨਾਮ ਨਾਮਾ ਵਸਤ ਅਨਮੋਲ, ਹਰਿਜਨ ਝੋਲੀ ਪਾਈਆ। ਸ਼ਬਦ ਭੰਡਾਰਾ ਆਪੇ ਖੋਲ੍ਹ, ਆਪੇ ਰਿਹਾ ਵਰਤਾਈਆ। ਸੁੰਨ ਅਗੰਮੋਂ ਆਪੇ ਬੋਲ, ਆਪੇ ਕਰੇ ਜਣਾਈਆ। ਤੋਲਣਹਾਰਾ ਸਾਚੇ ਤੋਲ, ਨਾਮ ਕੰਡਾ ਹੱਥ ਉਠਾਈਆ। ਸਚ ਸੁੱਚ ਵਜਾਏ ਢੋਲ, ਜੂਠ ਝੂਠ ਰਹੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਗੁਰਸਿਖ ਦਏ ਵਡਿਆਈਆ। ਗੁਰਸਿਖ ਸਾਚੇ ਸਚ ਦਵਾਰ, ਵੇਖੇ ਖੇਲ ਅਪਾਰਿਆ। ਪੁਰਖ ਅਬਿਨਾਸ਼ੀ ਕਿਰਪਾ ਧਾਰ, ਸੁਹਾਏ ਬੰਕ ਦਵਾਰਿਆ। ਆਵਣ ਜਾਵਣ ਮਿਟੇ ਸੰਸਾਰ, ਲੱਖ ਚੁਰਾਸੀ ਫੰਦ ਕਟਾ ਲਿਆ। ਪਤਿਤ ਪਾਵਨ ਆਪ ਕਰਤਾਰ, ਪਤਿਤ ਪਾਪੀ ਪਾਰ ਕਰਾ ਰਿਹਾ। ਵਡ ਪ੍ਰਤਾਪੀ ਖੇਲ ਨਿਆਰ, ਭੇਵ ਅਭੇਦ ਭੇਵ ਛੁਪਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਸੱਜਣ ਲੇਖੇ ਲਾ ਰਿਹਾ। ਲੇਖਾ ਲਿਖਣਹਾਰ ਏਕਾ ਏਕੰਕਾਰਿਆ। ਆਦਿ ਜੁਗਾਦੀ ਪਾਵੇ ਸਾਰ, ਲੋਕਮਾਤ ਵੇਖ ਵਖਾ ਰਿਹਾ। ਭਗਤ ਵਛਲ ਆਪ ਗਿਰਧਾਰ, ਮੁਕੰਦ ਮਨੋਹਰ ਆਪ ਅਖਵਾ ਰਿਹਾ। ਦਰ ਦਰ ਵੇਖੇ ਹੋ ਉਜਿਆਰ, ਦੀਪਕ ਜੋਤੀ ਆਪ ਜਗਾ ਲਿਆ। ਹਰ ਘਟ ਬੈਠਾ ਕਰ ਪਸਾਰ, ਆਪ ਆਪਣਾ ਮੁਖ ਛੁਪਾ ਲਿਆ। ਗੁਰਮੁਖ ਸਾਚੇ ਕਰ ਪਿਆਰ, ਆਪ ਆਪਣੇ ਅੰਗ ਲਗਾ ਲਿਆ। ਧਰਮ ਦਵਾਰੇ ਧਰਮ ਜੈਕਾਰ, ਪੁਰਖ ਨਿਰੰਜਣ ਏਕਾ ਨਾਅਰਾ ਲਾ ਲਿਆ। ਹੰ ਬ੍ਰਹਮ ਏੇਕਾ ਧਾਰ, ਪਾਰਬ੍ਰਹਮ ਰੂਪ ਸਮਾ ਰਿਹਾ। ਕੰਤ ਸੰਤ ਭਗਵੰਤ ਧਾਮ ਨਿਆਰ, ਸ਼ਬਦ ਸਿੰਘਾਸਣ ਆਸਣ ਲਾ ਲਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਵਣ ਜਾਵਣ ਚੁਕਾਏ ਡਰ, ਜਿਸ ਦਰ ਦਵਾਰੇ ਚਰਨ ਛੁਹਾ ਲਿਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਨਿਰਗੁਣ ਜੋਤੀ ਨਾ ਕੋਈ ਵਰਨ ਨਾ ਕੋਈ ਗੋਤੀ, ਕੋਟਨ ਕੋਟੀ ਜੀਵ ਤਰਾ ਲਿਆ।