Granth 07 Likhat 116: 4 Maghar 2015 Bikarmi Surinder Singh de Ghar Itarsi

੪ ਮੱਘਰ ੨੦੧੫ ਬਿਕ੍ਰਮੀ ਸੁਰਿੰਦਰ ਸਿੰਘ ਦੇ ਘਰ ਇਟਾਰਸੀ

ਪਾਰਬ੍ਰਹਮ ਸਰਬ ਘਟ ਅੰਤਰ, ਹਰਿ ਹਰਿ ਜੋਤ ਜਗਾਈਆ। ਖੇਲੇ ਖੇਲ ਜੁਗਾ ਜੁਗੰਤਰ, ਜੁਗ ਜੁਗ ਵੇਸ ਵਟਾਈਆ। ਆਪ ਜਣਾਏ ਆਪਣਾ ਮੰਤਰ, ਏਕਾ ਸ਼ਬਦ ਉਪਾਈਆ। ਆਪ ਬੁਝਾਏ ਲੱਗੀ ਬਸੰਤਰ, ਸਾਂਤਕ ਸਤਿ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਦਾਤਾ ਬੇਪਰਵਾਹੀਆ। ਜੋਗ ਜੁਗਤ ਹੱਥ ਕਰਤਾਰ, ਅਕਲ ਕਲਾ ਅਖਵਾਇੰਦਾ। ਖੇਲੇ ਖੇਲ ਅਗੰਮ ਅਪਾਰ, ਅਲੱਖ ਅਲੱਖਣਾ ਵੇਸ ਵਟਾਇੰਦਾ। ਆਦਿ ਜੁਗਾਦੀ ਏਕਾ ਕਾਰ, ਕਰਤਾ ਪੁਰਖ ਆਪ ਕਰਾਇੰਦਾ। ਸ਼ਬਦ ਅਨਾਦ ਸੱਚੀ ਧੁਨਕਾਰ, ਪੁਰੀਆਂ ਲੋਆਂ ਆਪ ਸੁਣਾਇੰਦਾ। ਲੱਖ ਚੁਰਾਸੀ ਪਸਰ ਪਸਾਰ, ਦੀਪਕ ਜੋਤੀ ਆਪ ਜਗਾਇੰਦਾ। ਪੰਜ ਤਤ ਕਰ ਪਿਆਰ, ਨਿਰਗੁਣ ਸਰਗੁਣ ਵੇਖ ਵਖਾਇੰਦਾ। ਮਨ ਮੱਤ ਬੁੱਧ ਦਏ ਅਧਾਰ, ਤ੍ਰੈਗੁਣ ਰੰਗ ਰੰਗਾਇੰਦਾ। ਨੌਂ ਦਰ ਵੇਖੇ ਬੰਦ ਕਿਵਾੜ, ਆਪ ਆਪਣੀ ਬਣਤ ਬਣਾਇੰਦਾ। ਦਸਵੇਂ ਸਾਚਾ ਘਾੜਣ ਘਾੜ, ਸਮਰਥ ਪੁਰਖ ਆਪ ਘੜਾਇੰਦਾ। ਆਪ ਆਪਣਾ ਅੰਦਰ ਵਾੜ, ਆਪੇ ਬੰਦ ਕਰਾਇੰਦਾ। ਆਪ ਸੁਹਾਏ ਸਚ ਅਖਾੜ, ਸਚਖੰਡ ਦਵਾਰਾ ਥਾਉਂ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਕਰਤਾ ਵੇਸ ਵਟਾਇੰਦਾ। ਜੁਗ ਜੁਗ ਹਰਿ ਨਿਰੰਕਾਰਾ, ਆਪਣੀ ਜੋਤ ਜਗਾਇੰਦਾ। ਆਦਿ ਜੁਗਾਦੀ ਲੈ ਅਵਤਾਰਾ, ਜੁਗ ਜੁਗ ਵੇਸ ਵਟਾਇੰਦਾ। ਕਲਜੁਗ ਅੰਤਮ ਖੇਲ ਨਿਆਰਾ, ਨਿਰਗੁਣ ਸਰਗੁਣ ਅਖਵਾਇੰਦਾ। ਹਰਿ ਸ਼ਬਦ ਖੰਡਾ ਹਰਿ ਪਾਵੇ ਸਾਰਾ, ਲੋਆਂ ਪੁਰੀਆਂ ਫੇਰਾ ਪਾਇੰਦਾ। ਜੇਰਜ ਅੰਡਾ ਹੋ ਉਜਿਆਰਾ, ਉਤਭੁਜ ਸੇਤਜ ਵੇਖ ਵਖਾਇੰਦਾ। ਸ਼ਬਦ ਖੰਡਾ ਤੇਜ ਕਟਾਰਾ, ਆਪ ਆਪਣੇ ਹੱਥ ਉਠਾਇੰਦਾ। ਤਿੱਖੀ ਰੱਖੇ ਦੋਵੇਂ ਧਾਰਾ, ਰਵ ਸਸ ਸੀਸ ਨਿਵਾਇੰਦਾ। ਆਪੇ ਜੋਧਾ ਸੂਰਬੀਰ ਬਲੀ ਬਲਕਾਰਾ, ਆਪੇ ਸਤਿ ਪੁਰਖ ਅਖਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਨੂਰ ਉਪਾਇੰਦਾ। ਨੂਰੋ ਨੂਰ ਹਰਿ ਉਜਾਲਾ, ਜੋਤੀ ਜੋਤ ਜਗਾਈਆ। ਦੀਨਾਂ ਬੰਧਪ ਦੀਨ ਦਿਆਲਾ, ਗੁਰ ਗੁਰ ਰੂਪ ਸਮਾਈਆ। ਖੇਲੇ ਖੇਲ ਜਗਤ ਨਿਰਾਲਾ, ਹਰਿਜਨ ਭੇਵ ਨਾ ਰਾਈਆ। ਚਾਰ ਵਰਨਾਂ ਵਖਾਏ ਇਕ ਦਵਾਰਾ, ਏਕਾ ਬੂਝ ਬੁਝਾਈਆ। ਏਕ ਨਾਮ ਏਕਾ ਜੈਕਾਰਾ, ਏਕਾ ਸ਼ਬਦ ਜਣਾਈਆ। ਏਕਾ ਦਰ ਇਕ ਭੰਡਾਰਾ, ਏਕਾ ਰਿਹਾ ਵਰਤਾਈਆ। ਏਕਾ ਸ਼ਾਹੋ ਭੂਪ ਇਕ ਸਿਕਦਾਰਾ, ਰਾਜ ਰਾਜਾਨ ਇਕ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਦਾਤਾ ਬੇਪਰਵਾਹੀਆ। ਬੇਪਰਵਾਹ ਹਰਿ ਨਿਰੰਕਾਰਾ, ਸ਼ਬਦ ਸਿੰਘਾਸਣ ਡੇਰਾ ਲਾਇਆ। ਪੁਰਖ ਅਬਿਨਾਸ਼ੀ ਖੇਲ ਅਪਾਰਾ, ਥਿਰ ਘਰ ਬੈਠਾ ਵੇਸ ਵਟਾਇਆ। ਸ਼ਬਦ ਸੁਤ ਸਚ ਦੁਲਾਰਾ, ਆਪ ਅਪਣਾ ਲਏ ਜਗਾਇਆ। ਚਾਰ ਕੁੰਟ ਦਏ ਹੁਲਾਰਾ, ਨੌਂ ਸੱਤ ਫੇਰੀ ਪਾਇਆ। ਰਾਜ ਰਾਜਾਨਾਂ ਕਰੇ ਖ਼ਬਰਦਾਰਾ, ਸ਼ਾਹ ਸੁਲਤਾਨਾਂ ਲਏ ਮਿਲਾਇਆ। ਕੂੜ ਕੁੜਿਆਰਾ ਮੇਟ ਪਸਾਰਾ, ਜਗਤ ਅੰਧੇਰਾ ਦਏ ਗਵਾਇਆ। ਸਤਿ ਪੁਰਖ ਹੋ ਉਜਿਆਰਾ, ਨਾਮ ਨਾਮਾ ਦਏ ਵਖਾਇਆ। ਮੇਟ ਮਿਟਾਏ ਕਾਮ ਕਰੋਧ ਲੋਭ ਮੋਹ ਹੰਕਾਰਾ, ਮਨ ਮਤ ਰਹੇ ਨਾ ਰਾਇਆ। ਹਉਮੇ ਤ੍ਰਿਸ਼ਨਾ ਦਏ ਨਿਵਾਰਾ, ਅਗਨੀ ਅੱਗ ਨਾ ਕੋਈ ਜਲਾਇਆ। ਕਲਜੁਗ ਕੂੜਾ ਕਰੇ ਖ਼ਵਾਰਾ, ਜੂਠ ਝੂਠ ਮੇਟ ਮਿਟਾਇਆ। ਸਚ ਸੁੱਚ ਕਰੇ ਪਿਆਰਾ, ਧੁਰਦਰਗਾਹੀ ਆਪ ਵਰਤਾਇਆ। ਬੇਐਬ ਪਰਵਰਦਿਗਾਰਾ, ਨੂਰ ਇਲਾਹੀ ਆਪ ਅਖਵਾਇਆ। ਰਾਮ ਰਾਮਾ ਹੋ ਤਿਆਰਾ, ਲੋਕਮਾਤ ਫੇਰਾ ਪਾਇਆ। ਕਾਹਨਾ ਕ੍ਰਿਸ਼ਨਾ ਖੇਲ ਅਪਾਰਾ, ਨਾਨਕ ਗੋਬਿੰਦ ਵੇਸ ਵਟਾਇਆ। ਨਿਹਕਲੰਕਾ ਲਏ ਅਵਤਾਰਾ, ਨਾਮ ਡੰਕਾ ਇਕ ਵਜਾਇਆ। ਜੀਵਾਂ ਜੰਤਾਂ ਮਾਰੇ ਮਾਰਾ, ਸਾਧਾਂ ਸੰਤਾਂ ਲਏ ਉਠਾਇਆ। ਭੇਖ ਪਖੰਡਾ ਦਏ ਨਿਵਾਰਾ, ਕੂੜੀ ਕਿਰਿਆ ਰਹੇ ਨਾ ਰਾਇਆ। ਸਚਖੰਡ ਸੁਹਾਏ ਇਕ ਦਵਾਰਾ, ਆਪ ਆਪਣਾ ਡੇਰਾ ਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਪੁਰਖ ਅਕਾਲਾ ਦੀਨ ਦਿਆਲਾ ਸ੍ਰਿਸ਼ਟ ਸਬਾਈ ਕਰੇ ਪ੍ਰਿਤਪਾਲਾ, ਆਪ ਆਪਣੀ ਸੇਵ ਕਮਾਇਆ। ਕਲਜੁਗ ਅੰਤਮ ਤੇਰਾ ਰੰਗ, ਹਰਿ ਹਰਿ ਵੇਖ ਵਖਾਇੰਦਾ। ਸ਼ਬਦ ਸਿੰਘਾਸਣ ਬੈਠ ਪਲੰਘ, ਆਪ ਆਪਣਾ ਘਰ ਸੁਹਾਇੰਦਾ। ਦੋ ਜਹਾਨ ਵਜਾਏ ਇਕ ਮਰਦੰਗ, ਸੁਰ ਤਾਲ ਇਕ ਵਖਾਇੰਦਾ। ਆਪਣਾ ਦਵਾਰਾ ਆਪੇ ਰਿਹਾ ਮੰਗ, ਦੂਸਰ ਕੋਇ ਦਿਸ ਨਾ ਆਇੰਦਾ। ਜਨ ਭਗਤਾਂ ਕਟੇ ਭੁੱਖ ਨੰਗ, ਨਾਮ ਵਸਤ ਝੋਲੀ ਪਾਇੰਦਾ। ਸਚ ਸਰੋਵਰ ਨੁਹਾਏ ਗੰਗ, ਤਾਲ ਅੰਮ੍ਰਿਤ ਇਕ ਭਰਾਇੰਦਾ। ਕਾਇਆ ਮਾਟੀ ਕਾਚੀ ਵੰਗ, ਕੰਚਨ ਗੜ੍ਹ ਸੁਹਾਇੰਦਾ। ਨੌਂ ਖੰਡ ਪ੍ਰਿਥਮੀ ਵੇਖੇ ਜੰਗ, ਜੋਧਾ  ਸੂਰਬੀਰ ਖੇਲ ਖਲਾਇੰਦਾ। ਚਿੱਟੇ ਅਸਵ ਕਸਿਆ ਤੰਗ, ਸੋਲਾਂ ਕਲੀਆਂ ਆਸਣ ਪਾਇੰਦਾ। ਪੁਰੀਆਂ ਲੋਆਂ ਆਪੇ ਲੰਘ, ਬ੍ਰਹਮਾ ਵਿਸ਼ਨ ਸ਼ਿਵ ਉਠਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਆਪ ਆਪਣਾ ਦਰ ਸੁਹਾਇੰਦਾ। ਸ਼ਬਦ ਘੋੜਾ ਹਰਿ ਦੁੜਾ, ਏਕਾ ਏਕ ਰਖਾਈਆ। ਸ਼ਾਹੋ ਭੂਪ ਹੋ ਅਸਵਾਰ, ਚਾਰੋਂ ਕੁੰਟ ਫੇਰਾ ਪਾਈਆ। ਦਹਿ ਦਿਸ਼ਾ ਦਏ ਹੁਲਾਰ, ਸ੍ਰਿਸ਼ਟ ਸਬਾਈ ਵੇਖ ਵਖਾਈਆ। ਮੁਲਾ ਸ਼ੇਖ਼ ਮੁਸਾਇਕ ਦਸਤਗੀਰ ਲਏ ਉਭਾਰ, ਆਪ ਆਪਣਾ ਵੇਖ ਵਖਾਈਆ। ਗ੍ਰੰਥੀ ਪੰਥੀ ਬੰਨ੍ਹੇ ਧਾਰ, ਦਿਵਸ ਰੈਣ ਕਰੇ ਜਣਾਈਆ। ਲੱਖ ਚੁਰਾਸੀ ਪਸਰ ਪਸਾਰ, ਹਰ ਘਟ ਬੈਠਾ ਆਸਣ ਲਾਈਆ। ਆਪੇ ਵਸਿਆ ਸਭ ਤੋਂ ਬਾਹਿਰ, ਦਿਸ ਕਿਸੇ ਨਾ ਆਈਆ। ਬ੍ਰਹਮ ਪਾਰਬ੍ਰਹਮ ਕਰੇ ਪਛਾਣ, ਹਰਿ ਹਰਿ ਵੇਖ ਵਖਾਈਆ। ਪੂਤ ਸਪੂਤਾ ਹਰਿ ਬਲਵਾਨ, ਏਕਾ ਝੰਡਾ ਰਿਹਾ ਝੁਲਾਈਆ। ਧਰਮ ਖੰਡਾ ਫੜ ਕਮਾਨ, ਕਰਮ ਕੁਰਮਾਂ ਵੰਡ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਆਪ ਆਪਣੀ ਬਣਤ ਬਣਾਈਆ। ਬਣਤ ਬਣਾ ਹਰਿ ਬਨਵਾਰੀ, ਆਪਣੀ ਬਣਤ ਬਣਾਇੰਦਾ। ਨਿਰਗੁਣ ਜੋਤ ਕਰ ਉਜਿਆਰੀ, ਗੁਰਮੁਖ ਵੇਖ ਵਖਾਇੰਦਾ। ਮਾਇਆ ਮਮਤਾ ਕਰੇ ਖ਼ਵਾਰੀ, ਦੁਰਮਤ ਮੈਲ ਗਵਾਇੰਦਾ। ਸਾਜਣ ਸਾਚਾ ਮੀਤ ਮੁਰਾਰੀ, ਮਾਇਆ ਮੋਹ ਚੁਕਾਇੰਦਾ। ਚਾਰ ਵਰਨ ਸੁਹਾਏ ਇਕ ਦਵਾਰੀ, ਏਕਾ ਮਾਰਗ ਲਾਇੰਦਾ। ਏਕਾ ਗੁਰ ਇਕ ਅਵਤਾਰੀ, ਏਕਾ ਨਾਅਰਾ ਲਾਇੰਦਾ। ਏਕਾ ਭੂਪ ਇਕ ਸਿਕਦਾਰੀ, ਚੋਬਦਾਰੀ ਇਕ ਵਖਾਇੰਦਾ। ਏਕਾ ਜੋਤ ਜਗਤ ਨਿਰੰਕਾਰੀ, ਆਦਿ ਸ਼ਕਤ ਰੂਪ ਵਟਾਇੰਦਾ। ਏਕਾ ਨੂਰ ਨੂਰ ਹੋ ਉਜਿਆਰੀ, ਏਕਾ ਨੂਰ ਆਪ ਹੋ ਜਾਇੰਦਾ। ਬੇਐਬ ਪਰਵਰਦਿਗਾਰੀ, ਖ਼ਲਕ ਖ਼ੁਦਾਈ ਵੇਖ ਵਖਾਇੰਦਾ। ਸਰਬ ਜੀਆਂ ਦਾ ਸਾਂਝਾ ਯਾਰੀ, ਯਾਰ ਯਾਰਾਂ ਡੇਰਾ ਲਾਇੰਦਾ। ਐਨਲਹੱਕ ਰਿਹਾ ਲਲਕਾਰੀ, ਏਕਾ ਮੁਕਾਮੇ ਹੱਕ ਵਖਾਇੰਦਾ। ਰਾਮ ਰਾਮ ਅਵਤਾਰੀ, ਕਲਜੁਗ ਵੇਸ ਵਟਾਇੰਦਾ। ਕਾਹਨਾ ਕ੍ਰਿਸ਼ਨਾ ਮੁਕੰਦ ਮਨੋਹਰ ਅਗੰਮ ਅਪਾਰੀ, ਤ੍ਰਲੋਕੀ ਨਾਥ ਸਾਥ ਵਖਾਇੰਦਾ। ਨਾਨਕ ਸਤਿਗੁਰ ਬੰਨ੍ਹੇ ਧਾਰੀ, ਏਕਾ ਰਾਹ ਤਕਾਇੰਦਾ। ਗੁਰ ਗੋਬਿੰਦ ਪੈਜ ਸਵਾਰੀ, ਸੱਚਾ ਮਾਰਗ ਲਾਇੰਦਾ। ਅੰਤਮ ਕਲ ਪ੍ਰਗਟ ਹੋਏ ਨਿਹਕਲੰਕ ਨਰਾਇਣ ਨਰ ਅਵਤਾਰੀ, ਵੇਦ ਵਿਆਸਾ ਵੇਖ ਵਖਾਇੰਦਾ। ਬ੍ਰਹਮ ਪਾਰਬ੍ਰਹਮ ਤੇਰੀ ਪਾਏ ਸਾਰੀ, ਹੰ ਬ੍ਰਹਮ ਆਪ ਸਮਾਇੰਦਾ। ਹਰਿ ਨਾਮ ਖੰਡਾ ਤੇਜ ਪ੍ਰਚੰਡਾ ਪਾਏ ਵੰਡ ਸ੍ਰਿਸ਼ਟ ਸਬਾਈ ਹਾਹਾਕਾਰੀ, ਭੇਵ ਕੋਈ ਨਾ ਪਾਇੰਦਾ। ਜਨ ਭਗਤਾਂ ਆਪ ਸੁਹਾਏ ਘਰ ਸੱਚਾ ਦਰਬਾਰੀ, ਦਰ ਦਰਵਾਜ਼ਾ ਇਕ ਖੁਲ੍ਹਾਇੰਦਾ। ਆਦਿ ਜੁਗਾਦੀ ਖੇਲ ਅਪਾਰੀ, ਕਲਜੁਗ ਫੇਰਾ ਆਪੇ ਪਾਇੰਦਾ। ਨਾਮ ਮਦਿ ਪਿਆਏ ਜਾਮ ਪਹਿਲੀ ਵਾਰੀ, ਸ਼ਬਦ ਪਿਆਲਾ ਹੱਥ ਉਠਾਇੰਦਾ। ਦੁਰਮਤ ਮੈਲ ਰਿਹਾ ਉਤਾਰੀ, ਬਸਤਰ ਸ਼ਸਤਰ ਤਨ ਸਜਾਇੰਦਾ। ਹਰਿਜਨ ਵੇਖੇ ਚਰਨ ਦਵਾਰੀ, ਚਰਨ ਦਵਾਰ ਇਕ ਸੁਹਾਇੰਦਾ। ਕਾਲ ਮਹਾਂਕਾਲ ਕਰੇ ਰਖਵਾਰੀ, ਸਿਰ ਸਮਰਥ ਹੱਥ ਟਿਕਾਇੰਦਾ। ਰਾਏ ਧਰਮ ਰੋਵੇ ਧਾਹਾਂ ਮਾਰੀ, ਦਰ ਦਰਬਾਰਾ ਵੇਖ ਵਖਾਇੰਦਾ। ਚਿਤਰ ਗੁਪਤ ਨਾ ਬਣੇ ਲਿਖਾਰੀ, ਆਪ ਆਪਣਾ ਲੇਖ ਲਿਖਾਇੰਦਾ। ਲਾੜੀ ਮੌਤ ਨਾ ਕਰੇ ਸ਼ਿੰਗਾਰੀ, ਤਨ ਵੇਸ ਨਾ ਕੋਈ ਕਰਾਇੰਦਾ। ਸੁਹਾਏ ਬੰਕ ਦਰ ਦਵਾਰੀ, ਸਚਖੰਡ ਸਾਚੀ ਸੇਜ ਸੁਹਾਇੰਦਾ। ਸਾਚਾ ਧਾਮ ਪੁਰਖ ਅਪਾਰੀ, ਅਗੰਮੜਾ ਧਾਮ ਸੁਹਾਇੰਦਾ। ਮਾਨਸ ਜਨਮ ਨਾ ਕੋਈ ਹਾਰੀ, ਜੋ ਜਨ ਚਰਨ ਧਿਆਨ ਰਖਾਇੰਦਾ। ਹਰ ਘਟ ਜੋਤ ਕਰ ਉਜਿਆਰੀ, ਸਰਗੁਣ ਡੇਰਾ ਲਾਇੰਦਾ। ਲੱਖ ਚੁਰਾਸੀ ਪਾਵੇ ਸਾਰੀ, ਘਟ ਘਟ ਵੇਖ ਵਖਾਇੰਦਾ। ਕਲਜੁਗ ਤੇਰੀ ਕਰੇ ਕਾਰੀ, ਤ੍ਰੈਗੁਣ ਵੇਖ ਵਖਾਇੰਦਾ। ਸੰਮਤ ਸੰਮਤੀ ਪਾਵੇ ਸਾਰੀ, ਸਾਧ ਸੰਤ ਆਪ ਉਠਾਇੰਦਾ। ਸੁਰਤ ਵਿਆਹੇ ਜਨਕ ਸਪੁਤਰੀ ਹਰਿ ਦੁਲਾਰੀ, ਰਾਮ ਰਾਮਾ ਨਾਉਂ ਰਖਾਇੰਦਾ। ਆਦਿ ਜੁਗਾਦਿ ਏਕਾ ਦਰਬਾਰੀ, ਕਲਜੁਗ ਖੇਲ ਖਲਾਇੰਦਾ। ਏਕਾ ਸ਼ਬਦ ਕਰ ਉਜਿਆਰੀ, ਸੋਹੰ ਨਾਉਂ ਧਰਾਇੰਦਾ। ਚਾਰ ਵਰਨਾਂ ਕਰੇ ਪਿਆਰੀ, ਜ਼ਾਤ ਪਾਤ ਨਾ ਕੋਈ ਰਖਾਇੰਦਾ। ਕਰਮ ਧਰਮ ਨਾ ਹੋਏ ਖਵਾਰੀ, ਏਕਾ ਬ੍ਰਹਮ ਜਣਾਇੰਦਾ। ਦੇਵੇ ਨਾਮ ਸੱਚੀ ਖੁਮਾਰੀ, ਕਲਜੁਗ ਅੰਤਮ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਅੰਤਮ ਮੂਲ ਚੁਕਾਇੰਦਾ। ਕਲਜੁਗ ਕੂੜਾ ਰਿਹਾ ਰੋ, ਅੰਤਮ ਅੰਤ ਆਇਆ। ਦੁਰਮਤ ਮੈਲ ਮੁਖੜਾ ਧੋ, ਚਾਰੋਂ ਕੁੰਟ ਵੇਖ ਵਖਾਇਆ। ਜੂਠ ਝੂਠ ਸੰਗ ਨਾ ਦਿਸੇ ਕੋ, ਸਗਲਾ ਸੰਗ ਨਾ ਕੋਈ ਨਿਭਾਇਆ। ਮਾਇਆ ਮਮਤਾ ਝੂਠਾ ਮੋਹ, ਸਾਚਾ ਦਰ ਨਾ ਕਿਸੇ ਖੁਲ੍ਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਅੰਤਮ ਫੇਰਾ ਪਾਇਆ। ਕਲਜੁਗ ਤੇਰੀ ਅੰਤਮ ਧਾਰ, ਧਰਤ ਮਾਤ ਰਹੀ ਕੁਰਲਾਈਆ। ਦਿਵਸ ਰੈਣ ਕਰੇ ਪੁਕਾਰ, ਨੇਤਰ ਰੋ ਰੋ ਨੀਰ ਵਹਾਈਆ। ਖੁਲ੍ਹੜੇ ਕੇਸ ਧਾਹਾਂ ਰਹੀ ਮਾਰ, ਦਰ ਦਰ ਦਏ ਦੁਹਾਈਆ। ਪਾਰਬ੍ਰਹਮ ਪ੍ਰਭ ਪਾਵੇ ਸਾਰ, ਆਪਣੇ ਹੱਥ ਰੱਖੀ ਵਡਿਆਈਆ। ਧਰਨੀ ਧਰਤ ਧਵਲ ਦਏ ਸਹਾਰ, ਏਕਾ ਬੂਝ ਬੁਝਾਈਆ। ਜੂਠ ਝੂਠ ਦਏ ਨਿਵਾਰ, ਸਚ ਸੁੱਚ ਕਰੇ ਕੁੜਮਾਈਆ। ਸ਼ਬਦੀ ਸ਼ਬਦ ਸ਼ਬਦ ਪਿਆਰ, ਸ਼ਬਦ ਧੁਨ ਉਪਜਾਈਆ। ਬੋਧ ਅਗਾਧੀ ਖੇਲ ਅਪਾਰ, ਬੋਧ ਅਗਾਧ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧਰ ਧਰਨੀ ਲੇਖੇ ਲਾਈਆ। ਸਾਧ ਸੰਤ ਗਏ ਹਾਰ, ਦਿਵਸ ਰੈਣ ਕੁਰਲਾਏ। ਸ਼ਾਹ ਸੁਲਤਾਨ ਨਾ ਪਾਇਣ ਸਾਰ, ਬੈਠੇ ਜਗਤ ਮੁਖ ਛੁਪਾਏ। ਰਾਜ ਤਾਜ ਗਏ ਸੰਸਾਰ, ਹਰਿ ਕਾ ਨਾਮ ਨਾ ਕੋਈ ਧਿਆਏ। ਕਾਮ ਕਰੋਧ ਤਨ ਸ਼ਿੰਗਾਰ, ਹਉਮੇ ਅਗਨ ਜਲਾਏ। ਕਾਇਆ ਅੰਧੇਰਾ ਦਿਸੇ ਅਪਾਰ, ਸਚ ਮਹੱਲ ਨਾ ਕੋਈ ਜਣਾਏ। ਮਗਰ ਲੱਗੀ ਪੰਚਮ ਧਾੜ, ਬਿਨ ਗੁਰ ਪੂਰੇ ਕੋਇ ਨਾ ਪਾਰ ਕਰਾਏ। ਲੱਗੀ ਅੱਗ ਬਹੱਤਰ ਨਾੜ, ਜਗਤ ਬਸੰਤਰ ਨਾ ਕੋਈ ਬੁਝਾਏ। ਬਜ਼ਰ ਕਪਾਟੀ ਦੇਵੇ ਪਾੜ, ਦਰ ਦਵਾਰ ਨਾ ਕੋਈ ਸੁਹਾਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਹਰਿ ਸੰਤਨ ਮੇਲ ਮਿਲਾਏ। ਸੰਤਨ ਰੋ ਰੋ ਆਤਮ ਪੁਕਾਰੇ, ਏਕਾ ਏਕ ਜੁਦਾਈਆ। ਵੇਖਣਹਾਰਾ ਜੰਗਲ ਜੂਹ ਉਜਾੜ ਪਹਾੜੇ, ਡੂੰਘੀ ਕੰਦਰ ਫੇਰਾ ਪਾਈਆ। ਖੇਲੇ ਖੇਲ ਅਗੰਮ ਅਪਾਰੇ, ਲੱਖ ਚੁਰਾਸੀ ਫੋਲ ਫੋਲਾਈਆ। ਸ੍ਰਿਸ਼ਟ ਸਬਾਈ ਲੁੱਟੀ ਜਾਏ ਦਿਨ ਦਿਹਾੜੇ, ਕਲਜੁਗ ਮਾਇਆ ਪਰਦਾ ਪਾਈਆ। ਮਨਮੁਖਾਂ ਵੇਖ ਵਖਾਏ ਮੌਤ਼ ਲਾੜੇ, ਸਾਚਾ ਸਗਨ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਆਪ ਆਪਣਾ ਕਰਮ ਕਮਾਈਆ। ਆਪਣੀ ਕਰਨੀ ਆਪੇ ਕਰ, ਆਪਣੇ ਹੱਥ ਰੱਖੇ ਵਡਿਆਈਆ। ਆਪਣੀ ਜੋਤੀ ਆਪੇ ਧਰ, ਜੋਤੀ ਜੋਤ ਆਪ ਜਗਾਈਆ। ਵਰਨ ਗੋਤੀ ਵਸਿਆ ਬਾਹਿਰ, ਅਲੱਖ ਨਿਰੰਜਣ ਵਡ ਵਡਿਆਈਆ। ਸ੍ਰਿਸ਼ਟ ਸਬਾਈ ਚੁੱਕੇ ਡਰ, ਦੂਈ ਦਵੈਤੀ ਰਹਿਣ ਨਾ ਪਾਈਆ। ਆਪੇ ਕਰੇ ਆਪਣੀ ਮਿਹਰ, ਪ੍ਰਭ ਹੱਥ ਵੱਡੀ ਵਡਿਆਈਆ। ਕਲਜੁਗ ਜੀਵ ਜਗਤ ਤ੍ਰਿਸ਼ਨਾ ਗਏ ਸੜ, ਅਗਨੀ ਅਗਨੀ ਅੱਗ ਸਤਾਈਆ। ਪੰਚਮ ਵਿਕਾਰੇ ਰਹੇ ਸੜ, ਦਿਵਸ ਰੈਣ ਲੜਾਈਆ। ਸੰਤ ਸੁਹੇਲੇ ਏਕਾ ਅੱਖਰ ਗਏ ਪੜ੍ਹ, ਬ੍ਰਹਮ ਵਿਦਿਆ ਇਕ ਪੜ੍ਹਾਈਆ। ਆਪੇ ਲਾਵਣਹਾਰਾ ਜੜ੍ਹ, ਵੇਖਣਹਾਰਾ ਆਪ ਹੋ ਜਾਈਆ। ਚੌਥੇ ਘਰ ਆਪੇ ਚੜ੍ਹ, ਘਰ ਸਾਚਾ ਇਕ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਕਲਜੁਗ ਤੇਰਾ ਬਸਤਰ ਅੰਤਮ ਤੇਰੇ ਤਨ ਪਹਿਨਾਈਆ। ਕਲਜੁਗ ਤੇਰਾ ਜਗਤ ਸਿੰਗਾਰ, ਹਰਿ ਹਰਿ ਵੇਖ ਵਖਾਇੰਦਾ। ਚਾਰੋਂ ਕੁੰਟ ਕੂੜ ਕੁੜਿਆਰ, ਸਚ ਸੁੱਚ ਨਾ ਕੋਈ ਜਣਾਇਆ। ਜੂਠਾ ਝੂਠਾ ਮੀਤ ਮੁਰਾਰ, ਸ਼ਾਹ ਸੁਲਤਾਨ ਵਡ ਜਰਵਾਨਾ ਅਖਵਾਇੰਦਾ। ਨਾ ਕੋਈ ਕੰਤ ਨਾ ਕੋਈ ਨਾਰ, ਸੁਤ ਦੁਲਾਰ ਨਾ ਕੋਈ ਅਖਵਾਇੰਦਾ। ਬੇਟੀ ਬੇਟਾ ਨਾ ਕੋਈ ਪਿਆਰ, ਮਾਤ ਪਿਤ ਨਾ ਮੇਲ ਮਿਲਾਇੰਦਾ। ਜਗਤ ਨਈਆ ਡੁੱਬੀ ਵਿਚ ਮੰਝਧਾਰ, ਸਾਚਾ ਬੇੜਾ ਨਾ ਕੋਈ ਚਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਜੋਤ ਜਗਾਇੰਦਾ। ਨਿਰਗੁਣ ਜੋਤ ਹਰਿ ਪ੍ਰਧਾਨ, ਹਰਿ ਹਰਿ ਵੇਖ ਵਖਾਈਆ। ਕਲਜੁਗ ਤੇਰਾ ਕੂੜ ਨਿਸ਼ਾਨ, ਚਾਰੋਂ ਕੁੰਟ ਰਿਹਾ ਝੁਲਾਈਆ। ਅੰਤਮ ਵੇਖੇ ਇਕ ਮੈਦਾਨ, ਨੌਂ ਖੰਡ ਰਿਹਾ ਉਠਾਈਆ। ਰਕਤ ਬੂੰਦ ਪੰਜ ਸ਼ੈਤਾਨ, ਸਾਚਾ ਸੰਗ ਨਿਭਾਈਆ। ਤ੍ਰਿਸ਼ਨਾ ਤ੍ਰਿਖਾ ਪੀਣ ਖਾਣ, ਹਉਮੇ ਰਹੀ ਸਤਾਈਆ। ਦੂਈ ਦਵੈਤੀ ਲੱਗਾ ਬਾਣ, ਨਾ ਕੋਈ ਮੇਟ ਮਿਟਾਈਆ। ਹਰਿ ਕਾ ਰੂਪ ਨਾ ਸਕੇ ਕੋਈ ਪਛਾਣ, ਸਤਿ ਸਰੂਪ ਅਖਵਾਈਆ। ਪੜ੍ਹ ਪੜ੍ਹ ਥੱਕੇ ਵੇਦ ਪੁਰਾਨ, ਪਾਰਬ੍ਰਹਮ ਦਿਸ ਨਾ ਆਈਆ। ਰਾਗੀ ਨਾਦੀ ਸਾਰੇ ਗਾਣ, ਧੁਨੀ ਨਾਦ ਨਾ ਕੋਈ ਵਜਾਈਆ। ਗ੍ਰੰਥੀ ਪੰਥੀ ਕਰਨ ਗਿਆਨ, ਗੁਰ ਗੋਬਿੰਦ ਨਾ ਕੋਈ ਮਿਲਾਈਆ। ਅੰਜੀਲ ਕੁਰਾਨ ਸਰਬ ਕਰਨ ਐਲਾਨ, ਸਚ ਖ਼ੁਦਾ ਨਾ ਕੋਈ ਵਖਾਈਆ। ਗੁਰਮੁਖ ਵਿਰਲਾ ਕਰੇ ਪਛਾਣ, ਜਿਸ ਜਨ ਬੂਝ ਬੁਝਾਈਆ। ਦਾਤਾ ਦਾਨੀ ਹਰਿ ਮਿਹਰਬਾਨ, ਕਲਜੁਗ ਅੰਤਮ ਖੇਲੇ ਖੇਲ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਧਾਮ ਅਵੱਲੜਾ ਇਕ ਇਕੱਲੜਾ, ਬੈਠਾ ਆਸਣ ਲਾਈਆ। ਸ਼ਬਦ ਸਿੰਘਾਸਣ ਹਰਿ ਅਪਾਰ, ਏਕਾ ਧਾਮ ਸੁਹਾਇਆ। ਨਿਰਗੁਣ ਜੋਤੀ ਕਰ ਉਜਿਆਰ, ਆਪਣਾ ਆਸਣ ਲਾਇਆ। ਬ੍ਰਹਿਮੰਡਾਂ ਖੰਡਾਂ ਪਾਵੇ ਸਾਰ, ਲੋਆਂ ਪੁਰੀਆਂ ਫੋਲ ਫੁਲਾਇਆ। ਅੰਤਮ ਵੇਲੇ ਦਏ ਹੁਲਾਰ, ਧਰਨੀ ਧਵਲ ਸੁਹਾਇਆ। ਰਾਜ ਰਾਜਾਨਾ ਕਰੇ ਖਵਾਰ, ਸ਼ਾਹ ਸੁਲਤਾਨ ਰਹਿਣ ਨਾ ਪਾਇਆ। ਦਰ ਦਰ ਮੰਗਣ ਭਿੱਖ ਦਵਾਰ, ਘਰ ਘਰ ਵੇਖ ਵਿਖਾਇਆ। ਜਗਤ ਨਵਾਬਾ ਵਿਚ ਉਜਾੜ, ਚਰਨ ਭਰਵਾਸਾ ਜਿਸ ਗਵਾਇਆ। ਆਪ ਚਬਾਏ ਆਪਣੀ ਦਾਹੜ, ਆਪ ਆਪਣਾ ਵੇਸ ਵਟਾਇਆ। ਲੱਗੇ ਅੱਗ ਸਤਾਰਾਂ ਹਾੜ, ਸਾਚਾ ਦਿਵਸ ਸੁਹਾਇਆ। ਧਰਤ ਮਾਤ ਤੇਰਾ ਇਕ ਅਖਾੜ, ਹਰਿ ਸਾਚਾ ਵੇਖ ਵਖਾਇਆ। ਆਪ ਉਠਾਏ ਅਗੰਮੀ ਧਾੜ, ਨੇਤਰ ਨੈਣਾਂ ਦਿਸ ਨਾ ਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰਾ ਖੇਲ ਖਲਾਇਆ। ਕਲਜੁਗ ਤੇਰਾ ਰੰਗ ਚਲੂਲ, ਹਰਿ ਹਰਿ ਵੇਖ ਵਖਾਇੰਦਾ। ਹਰਿ ਕਾ ਭਾਣਾ ਨਾ ਜਾਏ ਭੂਲ, ਆਪਣਾ ਭਾਣਾ ਆਪ ਵਰਤਾਇੰਦਾ । ਸ਼ਬਦ ਸ਼ਸਤਰ ਹੱਥ ਉਠਾਏ ਤ੍ਰਸੂਲ, ਆਪਣੀ ਦਇਆ ਕਮਾਇੰਦਾ। ਸ਼ੰਕਰ ਸ਼ਿਵ ਕੰਤ ਕੰਤੂਹਲ, ਬ੍ਰਹਮਾ ਵੇਤਾ ਸੇਵਾ ਲਾਇੰਦਾ। ਸਚ ਸਿੰਘਾਸਣ ਨਾ ਕੋਈ ਪਾਵਾ ਨਾ ਕੋਈ ਚੂਲ, ਵਿਸ਼ਨੂੰ ਵੇਸਾ ਵੇਸ ਵਟਾਇੰਦਾ। ਬਾਸ਼ਕ ਸੇਜਾ ਬਰਸੇ ਫੂਲ, ਸਾਂਗੋ ਪਾਂਗ ਹੰਢਾਇੰਦਾ। ਜੁਗ ਜੁਗ ਚੁਕਾਏ ਜਗਤ ਮੂਲ, ਲਹਿਣਾ ਦੇਣਾ ਝੋਲੀ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਚਤੁਰਭੁਜ ਕਹਾਇੰਦਾ।