Granth 07 Likhat 114: 4 Maghar 2015 Bikarmi Jaswant Singh de Ghar Atarsi Shehar Madhya Pardesh

੪ ਮੱਘਰ ੨੦੧੫ ਬਿਕ੍ਰਮੀ ਜਸਵੰਤ ਸਿੰਘ ਦੇ ਘਰ ਅਟਾਰਸੀ ਸ਼ਹਿਰ ਮਧਿਆ ਪ੍ਰਦੇਸ਼

ਨਿਰਗੁਣ ਜੋਤ ਹਰਿ ਨਿਰੰਕਾਰ, ਏਕਾ ਰੂਪ ਸਮਾਈਆ। ਆਦਿਨ ਅੰਤਾ ਖੇਲ ਅਪਾਰ, ਜੁਗ ਜੁਗ ਵੇਸ ਵਟਾਈਆ। ਪੁਰਖ ਅਕਾਲਾ ਹੋ ਉਜਿਆਰ, ਆਦਿ ਸ਼ਕਤ ਸਮਾਈਆ। ਲੱਖ ਚੁਰਾਸੀ ਪਸਰ ਪਸਾਰ, ਆਪ ਆਪਣਾ ਆਸਣ ਲਾਈਆ। ਪਾਰਬ੍ਰਹਮ ਪ੍ਰਭ ਭੇਵ ਨਿਆਰ, ਏਕਾ ਵੇਖ ਵਖਾਈਆ। ਸੋ ਪੁਰਖ ਨਿਰੰਜਣ ਖ਼ਬਰਦਾਰ, ਆਲਸ ਨਿੰਦਰਾ ਵਿਚ ਨਾ ਆਈਆ। ਹੰ ਬ੍ਰਹਮ ਕਰ ਉਜਿਆਰ, ਓਅੰ ਰੂਪ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਨੂਰ ਕਰੇ ਰੁਸ਼ਨਾਈਆ। ਨਿਰਗੁਣ ਨੂਰ ਬੇਪਰਵਾਹ, ਏਕਾ ਏਕ ਅਖਵਾਇੰਦਾ। ਜੁਗ ਜੁਗ ਲੋਕਮਾਤ ਬਣ ਮਲਾਹ, ਜਨ ਭਗਤਾਂ ਆਪ ਤਰਾਇੰਦਾ। ਸ਼ਬਦੀ ਸ਼ਬਦ ਦੇਵੇ ਸਚ ਸਲਾਹ, ਆਤਮ ਬ੍ਰਹਮ ਜਣਾਇੰਦਾ। ਆਪ ਵਖਾਏ ਸਾਚਾ ਥਾਂ, ਪੰਜ ਤਤ ਫੁਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਿਸ ਜਨ ਆਪਣੀ ਦਇਆ ਕਮਾਇੰਦਾ। ਪੰਜ ਤਤ ਕਾਇਆ ਗਾਗਰ, ਹਰਿ ਹਰਿ ਬਣਤ ਬਣਾਈਆ। ਗੁਰਮੁਖ ਵਿਰਲਾ ਬਣੇ ਨਾਮ ਸੁਦਾਗਰ, ਜੀਵ ਜੰਤ ਆਪਣੀ ਬੂਝ ਬੁਝਾਈਆ। ਦੇਵੇ ਰੱਤੀ ਨਾਮ ਰਤਨਾਗਰ, ਰੱਤੀ ਰੱਤ ਰਹਿਣ ਨਾ ਪਾਈਆ। ਨਿਰਮਲ ਕਰਮ ਕਰੇ ਉਜਾਗਰ, ਘਰ ਘਰ ਵੇਖੇ ਸੇਜ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਖੇਲ ਖਲਾਈਆ। ਜੁਗ ਜੁਗ ਵੇਸ ਅਵੱਲਾ, ਆਪੇ ਆਪ ਕਰਾਇੰਦਾ। ਕਾਇਆ ਮੰਦਰ ਉਚ ਅਟੱਲਾ, ਦਰ ਘਰ ਸਾਚੇ ਆਸਣ ਲਾਇੰਦਾ। ਬੈਠਾ ਆਪੇ ਇਕ ਇਕੱਲਾ, ਦਿਸ ਕਿਸੇ ਨਾ ਆਇੰਦਾ। ਆਤਮ ਸੇਜਾ ਸਚ ਸਿੰਘਾਸਣ ਏਕਾ ਮੱਲਾ, ਨਿਰਗਣ ਜੋਤ ਜਗਾਇੰਦਾ। ਸ਼ਬਦ ਭੰਡਾਰ ਬੰਨ੍ਹੇ ਪੱਲਾ, ਗੁਰਮੁਖ ਪਾਰ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣੀ ਧਾਰ ਚਲਾਇੰਦਾ। ਜੋਤੀ ਸ਼ਬਦੀ ਹਰਿ ਹਰਿ ਨਾਤਾ, ਗੁਰਮੁਖ ਮੇਲ ਮਿਲਾਇੰਦਾ। ਭਗਤ ਵਛਲ ਹਰਿ ਪੁਰਖ ਬਿਧਾਤਾ, ਆਪ ਆਪਣਾ ਨਾਉਂ ਜਪਾਇੰਦਾ। ਮੇਟ ਮਿਟਾਏ ਅੰਧੇਰੀ ਰਾਤਾ, ਏਕਾ ਬੂਝ ਬੁਝਾਇੰਦਾ। ਅੰਮ੍ਰਿਤ ਦੇਵੇ ਬੂੰਦ ਸਵਾਂਤਾ, ਨਿਝਰ ਝਿਰਨਾ ਇਕ ਝਿਰਾਇੰਦਾ। ਅੰਤਮ ਵੇਲੇ ਪੁੱਛੇ ਵਾਤਾ, ਸਗਲਾ ਸੰਗ ਨਿਭਾਇੰਦਾ। ਆਪੇ ਪਿਤਾ ਆਪੇ ਮਾਤਾ, ਹਰਿਜਨ ਬਾਲ ਅਞਾਣੇ ਗੋਦ ਉਠਾਇੰਦਾ। ਨਾਮ ਅੱਖਰ ਜਗਤ ਵੱਖਰ, ਆਪਣੀ ਵਿਦਿਆ ਆਪ ਪੜ੍ਹਾਇੰਦਾ। ਬਜ਼ਰ ਕਪਾਟੀ ਪਾੜੇ ਪੱਥਰ, ਦੂਈ ਦਵੈਤੀ ਮੇਟ ਮਿਟਾਇੰਦਾ। ਪੰਚ ਵਿਕਾਰਾ ਕਰੇ ਸੱਥਰ, ਹਉਮੇ ਗੜ੍ਹ ਤੁੜਾਇੰਦਾ। ਨੇਤਰ ਨੀਰ ਵਿਰੋਲੇ ਅੱਥਰ, ਧੂਆਂਧਾਰ ਮੇਟ ਮਿਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਿਸ ਜਨ ਦੇਵੇ ਆਪਣਾ ਵਰ, ਏਕਾ ਮੰਤਰ ਇਕ ਸੁਣਾਇੰਦਾ। ਏਕਾ ਸ਼ਬਦ ਇਕ ਧਿਆਨ, ਏਕਾ ਰੂਪ ਦਰਸਾਈਆ। ਏਕਾ ਰੂਪ ਹਰਿ ਨਿਰੰਕਾਰ, ਨਿਰਗੁਣ ਜੋਤ ਜਗਾਈਆ। ਜੋਤ ਨਿਰੰਜਣ ਕਰ ਉਜਿਆਰ, ਕਾਇਆ ਮੰਦਰ ਅੰਦਰ ਆਪ ਜਗਾਈਆ। ਧੁਨ ਅਨਾਦ ਸੱਚੀ ਧੁਨਕਾਰ, ਅਨਹਦ ਤਾਲ ਵਜਾਈਆ। ਦੁਰਮਤ ਮੈਲ ਦਏ ਉਤਾਰ, ਸਰ ਸਰੋਵਰ ਇਕ ਨੁਹਾਈਆ। ਮੇਲ ਮਿਲਾਵਾ ਸਾਚੇ ਯਾਰ, ਡੂੰਘੀ ਭਵਰੀ ਫੇਰਾ ਪਾਈਆ। ਸ਼ਬਦ ਗੁਰ ਹੋ ਤਿਆਰ, ਆਪ ਆਪਣਾ ਰੂਪ ਵਟਾਈਆ। ਫੜ ਫੜ ਬਾਹੋਂ ਲਾਏ ਪਾਰ, ਜੋ ਜਨ ਰਹੇ ਸ਼ਰਨਾਈਆ। ਆਦਿਨ ਅੰਤਾ ਏਕੰਕਾਰ, ਏਕਾ ਗੁਰ ਅਖਵਾਈਆ। ਸਾਧਾਂ ਸੰਤਾਂ ਦੇਵੇ ਦਰਸ ਅਪਾਰ, ਓਅੰ ਰੂਪ ਅਖਵਾਈਆ। ਰਾਮ ਰਾਮਾ ਹੋ ਅਵਤਾਰ, ਕਾਹਨਾ ਕ੍ਰਿਸ਼ਨਾ ਰੂਪ ਵਟਾਈਆ। ਈਸਾ ਮੂਸਾ ਖ਼ਬਰਦਾਰ, ਸੰਗ ਮੁਹੰਮਦ ਚਾਰ ਯਾਰ ਕਰੇ ਕੁੜਮਾਈਆ। ਨਾਨਕ ਗੋਬਿੰਦ ਵਿਚ ਸੰਸਾਰ, ਏਕਾ ਕੰਤ ਮਨਾਈਆ। ਆਤਮ ਸੇਜਾ ਸੁੱਤਾ ਪੈਰ ਪਸਾਰ, ਆਲਸ ਨਿੰਦਰਾ ਵਿਚ ਨਾ ਆਈਆ। ਜਿਸ ਜਨ ਬਖ਼ਸ਼ੇ ਚਰਨ ਪਿਆਰ, ਧਵਲ ਕਵਲ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਸੱਜਣ ਵੇਖੇ ਸਹਿਜ ਸਭਾਈਆ। ਲੱਖ ਚੁਰਾਸੀ ਬੰਧਨ ਤੋੜ, ਹਰਿ ਹਰਿ ਮੇਲ ਮਿਲਾਇੰਦਾ। ਹਰਿਜਨ ਸਾਜਣ ਸਾਚੇ ਲੋੜ, ਆਪ ਆਪਣੇ ਮਾਰਗ ਲਾਇੰਦਾ। ਨਾਮ ਚੜ੍ਹਾਏ ਸਾਚੇ ਘੋੜ, ਦੋ ਜਹਾਨਾਂ ਵੇਖ ਵਖਾਇੰਦਾ। ਲੋਕਮਾਤ ਵੇਖੇ ਦੌੜ ਦੌੜ, ਅਗੰਮ ਅਗੰਮੜਾ ਅਗੰਮੜਾ ਖੇਲ ਖਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਸਾਚੇ ਮੇਲ ਕਰ, ਘਰ ਸਾਚਾ ਇਕ ਸੁਹਾਇੰਦਾ । ਜੋਤੀ ਨੂਰ ਹਰਿ ਉਜਾਲਾ, ਗੁਰਮੁਖ ਬੂਝ ਬੁਝਾਈਆ। ਸ਼ਬਦ ਬਣਾਏ ਸਚ ਦਲਾਲਾ, ਹਰਿਜਨ ਪਾਰ ਕਰਾਈਆ। ਨੇੜ ਨਾ ਆਏ ਕਾਲ ਮਹਾਂਕਾਲਾ, ਰਾਏ ਧਰਮ ਨਾ ਦਏ ਸਜਾਈਆ। ਲਾੜੀ ਮੌਤ ਨਾ ਦਏ ਦੋਸ਼ਾਲਾ, ਨੇਤਰ ਨੀਰ ਰਹੀ ਵਹਾਈਆ। ਅੰਤਮ ਤੋੜੇ ਜਗਤ ਜੰਜਾਲਾ, ਜਿਸ ਜਨ ਸਿਰ ਹੱਥ ਟਿਕਾਈਆ। ਭਾਗ ਲਗਾਏ ਕਾਇਆ ਮਾਟੀ ਖਾਲਾ, ਨਿਰਗੁਣ ਜੋਤ ਕਰੇ ਰੁਸ਼ਨਾਈਆ। ਫਲ ਲਗਾਏ ਸਾਚੇ ਡਾਲਾ, ਅੰਮ੍ਰਿਤ ਫਲ ਇਕ ਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਵੇਖੇ ਸਾਚਾ ਦਰ, ਜੁਗ ਜੁਗ ਆਪਣਾ ਵੇਸ ਵਟਾਈਆ। ਮੇਲਣਹਾਰਾ ਹਰਿ ਗੋਬਿੰਦ, ਏਕਾ ਏਕ ਅਖਵਾਇੰਦਾ। ਮੇਟ ਮਿਟਾਏ ਸਗਲੀ ਚਿੰਦ, ਆਪਣੀ ਬੂਝ ਬੁਝਾਇੰਦਾ। ਸਰਬ ਜੀਆਂ ਆਪੇ ਬਖ਼ਸ਼ਿੰਦ, ਹਰਿਜਨ ਆਪ ਤਰਾਇੰਦਾ। ਗਹਿਰ ਗੰਭੀਰ ਸਾਗਰ ਸਿੰਧ, ਸਾਚੀ ਧਾਰਾ ਆਪ ਚਲਾਇੰਦਾ। ਮਨਮੁਖ ਲਗਾਏ ਆਪਣੀ ਨਿੰਦ, ਹਰਿ ਗੋਬਿੰਦ ਸਾਚਾ ਨਾਮ ਦ੍ਰਿੜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਅੰਤ ਸਾਧ ਸੰਤ ਏਕਾ ਬ੍ਰਹਮ ਦ੍ਰਿੜਾਇੰਦਾ। ਏਕਾ ਬ੍ਰਹਮ ਇਕ ਵਿਚਾਰ, ਏਕਾ ਬੂਝ ਬੁਝਾਈਆ। ਏਕਾ ਸ਼ਬਦ ਇਕ ਆਧਾਰ, ਏਕਾ ਨਾਮ ਦ੍ਰਿੜਾਈਆ। ਏਕਾ ਚਰਨ ਕਵਲ ਪਿਆਰ, ਏਕਾ ਹਰਿ ਰਘੁਰਾਈਆ। ਏਕਾ ਵੇਖੇ ਵਿਗਸੇ ਕਰੇ ਵਿਚਾਰ, ਏਕਾ ਏਕ ਅੰਗ ਸਮਾਈਆ। ਏਕਾ ਏਕ ਦੂਜਾ ਭੇਵ ਦਏ ਨਿਵਾਰ, ਆਪ ਆਪਣੀ ਦਇਆ ਕਮਾਈਆ। ਏਕਾ ਨੇਤਰ ਨੈਣ ਦਏ ਉਘਾੜ, ਦੋਏ ਲੋਚਣ ਬੰਦ ਕਰਾਈਆ। ਏਕਾ ਚੌਥੇ ਪਦ ਦੇਵੇ ਵਾੜ, ਏਕਾ ਆਪਣੇ ਅੰਗ ਸਮਾਈਆ। ਏਕਾ ਪੰਚਮ ਮੇਟੇ ਝੂਠੀ ਧਾੜ, ਏਕਾ ਸ਼ਬਦ ਕਰੇ ਸ਼ਨਵਾਈਆ। ਇਕ ਵਖਾਏ ਸਚ ਅਖਾੜ, ਘਟ ਮੰਦਰ ਇਕ ਸੁਹਾਈਆ। ਜੋਤ ਜਗਾਏ ਬਹੱਤਰ ਨਾੜ, ਅੰਦਰ ਮੰਦਰ ਕਰੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਏਕ ਅੱਖਰ ਜਗਤ ਵੱਖਰ, ਗੁਰਮੁਖ ਝੋਲੀ ਪਾਈਆ। ਹਰਿ ਕਾ ਨਾਮ ਜਗਤ ਉਪਦੇਸ਼, ਜੁਗ ਜੁਗ ਆਪ ਉਪਾਇੰਦਾ। ਆਪੇ ਪੂਜਾ ਗਣਪਤ ਗਣੇਸ਼, ਬ੍ਰਹਮਾ ਵਿਸ਼ਨ ਆਪ ਹੋ ਜਾਇੰਦਾ। ਆਪੇ ਰਾਮ ਕ੍ਰਿਸ਼ਨਾ ਕਰ ਕਰ ਵੇਸ, ਆਪ ਆਪਣਾ ਨਾਉਂ ਧਰਾਇਆ । ਆਪੇ ਦਾਤਾ ਗੋਬਿੰਦ ਦਸ ਦਸਮੇਸ਼, ਜੋਤੀ ਜੋਤ ਆਪ ਜਗਾਇੰਦਾ। ਆਦਿ ਪੁਰਖ ਹਰਿ ਸਦਾ ਆਦੇਸ, ਆਦਿ ਨਿਰੰਜਣ ਨਾਉਂ ਧਰਾਇੰਦਾ। ਮੁੱਛ ਦਾੜ੍ਹੀ ਨਾ ਕੋਈ ਕੇਸ, ਨਾ ਕੋਈ ਮੂੰਡ ਮੁੰਡਾਇੰਦਾ। ਨਿਰਗੁਣ ਜੋਤ ਜੋਤ ਹਮੇਸ਼, ਜੋਤੀ ਜੋਤ ਜਗਾਇੰਦਾ। ਸੰਤ ਸੁਹੇਲੇ ਰਹੇ ਵੇਖ, ਆਪ ਆਪਣੀ ਬੂਝ ਬੁਝਾਇੰਦਾ। ਲਹਿਣਾ ਦੇਣਾ ਚੁਕਾਏ ਮਸਤਕ ਰੇਖ, ਵਸਤ ਏਕਾ ਝੋਲੀ ਪਾਇੰਦਾ। ਸ਼ਬਦ ਸੁਨੇਹੜਾ ਸਚ ਸੰਦੇਸ਼, ਆਪ ਆਪਣਾ ਆਪ ਅਲਾਇੰਦਾ। ਕਲਜੁਗ ਅੰਤਮ ਕਰਿਆ ਵੇਸ, ਜੋਤੀ ਜਾਮਾ ਭੇਖ ਵਟਾਇੰਦਾ। ਗੁਰਮੁਖ ਸਾਜਣ ਵਿਚ ਪ੍ਰਵੇਸ, ਅਲੱਖ ਨਿਰੰਜਣ ਅਲਖ ਜਗਾਇੰਦਾ। ਅਗੰਮ ਅਗੰਮੜਾ ਦਰ ਦਰਵੇਸ਼, ਜਨ ਭਗਤ ਦਵਾਰੇ ਫੇਰੀ ਪਾਇੰਦਾ। ਦੋ ਜਹਾਨਾਂ ਨਰ ਨਰੇਸ਼, ਦਿਸ ਕਿਸੇ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਆਤਮ ਬ੍ਰਹਮ ਇਕ ਜਣਾਇੰਦਾ। ਆਤਮ ਬ੍ਰਹਮ ਸਾਚਾ ਘਰ, ਹਰਿ ਹਰਿ ਬੂਝ ਬੁਝਾਈਆ। ਮੇਲ ਮਿਲਾਵਾ ਹਰੀ ਹਰਿ, ਹਰਿ ਹਰਿ ਵਿਚ ਸਮਾਈਆ। ਆਪੇ ਪਾਰ ਕਰਾ ਨੌਂ ਦਰ, ਨੂਰੋ ਨੂਰ ਆਪ ਅਖਵਾਈਆ। ਆਪਣਾ ਘਾੜਣ ਆਪੇ ਘੜ, ਆਪੇ ਵੇਖ ਵਖਾਈਆ। ਗੁਰਮੁਖਾਂ ਮੰਦਰ ਆਪੇ ਚੜ੍ਹ, ਆਪੇ ਕੁੰਡਾ ਲਾਹੀਆ। ਦਸਮ ਦਵਾਰੀ ਅੰਦਰ ਵੜ, ਗੁਰਮੁਖ ਖੋਜ ਖੁਜਾਈਆ। ਜਿਸ ਜਨ ਫੜਾਏ ਆਪਣਾ ਲੜ, ਅੱਧਵਿਚਕਾਰ ਨਾ ਕੋਈ ਡੁਬਾਈਆ। ਅਗਨੀ ਹਵਨ ਨਾ ਜਾਏ ਸੜ, ਮੜੀ ਗੌਰ ਨਾ ਕੋਈ ਦਬਾਈਆ। ਏਕਾ ਅੱਖਰ ਜਾਏ ਪੜ੍ਹ, ਸੋ ਪੁਰਖ ਵੱਡੀ ਵਡਿਆਈਆ। ਨਾ ਕੋਈ ਸੀਸ ਨਾ ਕੋਈ ਧੜ, ਸਿੰਘ ਸਿੰਘਾਸਣ ਬੈਠਾ ਡੇਰਾ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਅੱਖਰ ਸ਼ਬਦ ਗੁਣ, ਗੁਣਵੰਤਾ ਆਪ ਜਣਾਈਆ। ਸ਼ਬਦ ਗੁਣ ਸਾਚਾ ਨਾਮ, ਹਰਿ ਹਰਿ ਆਪ ਜਪਾਇਆ। ਗੁਰਮੁਖਾਂ ਪੂਰਨ ਕਰੇ ਕਾਮ, ਦਿਵਸ ਰੈਣ ਹੋਏ ਸਹਾਇਆ। ਅੰਮ੍ਰਿਤ ਪਿਆਏ ਸਾਚਾ ਜਾਮ, ਠਾਂਡਾ ਠਾਰ ਵਖਾਇਆ। ਨੇੜ ਨਾ ਆਏ ਕਾਮਨੀ ਕਾਮ, ਲੋਭ ਮੋਹ ਨਾ ਹੋਏ ਹਲਕਾਇਆ। ਲਹਿਣਾ ਦੇਣਾ ਚੁੱਕੇ ਤ੍ਰਿਸ਼ਨਾ ਤਾਮ, ਏਕਾ ਨਾਦ ਸੁਣਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਵੇਖੇ ਸਾਚਾ ਘਰ,  ਬ੍ਰਹਮ ਬ੍ਰਹਿਮਾਦ ਖੋਜ ਖੁਜਾਇਆ। ਬ੍ਰਹਮ ਬ੍ਰਹਿਮਾਦ ਆਦਿ ਜੁਗਾਦਿ, ਜੁਗ ਜੁਗ ਖੇਲ ਖਿਲਾਇਆ। ਵੇਖਣਹਾਰਾ ਸੰਤ ਸਾਧ, ਸਤਿਗੁਰ ਨਾਮ ਧਰਾਇਆ। ਸ਼ਬਦ ਜਣਾਈ ਬੋਧ ਅਗਾਧ, ਲੇਖੇ ਆਪਣੇ ਹੱਥ ਰਖਾਇਆ। ਜਨ ਭਗਤਾਂ ਮੇਟ ਮਿਟਾਏ ਵਾਦ ਵਿਵਾਦ, ਹਉਮੇ ਹੰਗਤਾ ਰੋਗ ਗਵਾਇਆ। ਦੇਵਣਹਾਰਾ ਸਾਚੀ ਦਾਦ, ਧੁਰਦਰਗਾਹੀ ਨਾਮ ਲੈ ਕੇ ਆਇਆ। ਮੋਹਣ ਮਾਧਵ ਮਾਧ, ਆਪ ਆਪਣਾ ਵੇਸ ਕਰਾਇਆ। ਸੁਣੇ ਸੁਣਾਏ ਸਰਬ ਫਰਿਯਾਦ, ਲੱਖ ਚੁਰਾਸੀ ਸ਼ਬਦ ਸੁਨੇਹੁੜਾ ਇਕ ਘਲਾਇਆ। ਧੁਰਦਰਗਾਹੀ ਇਕ ਵਜਾਏ ਅਨਹਦ ਨਾਦ, ਅੰਦਰ ਮੰਦਰ ਤਾਲ ਰਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੂਰਨ ਬ੍ਰਹਮ ਆਪ ਆਪਣਾ ਰੂਪ ਦਰਸਾਇਆ। ਪੂਰਨ ਬ੍ਰਹਮ ਬ੍ਰਹਮ ਜਣਾ, ਪਾਰਬ੍ਰਹਮ ਜਣਾਈਆ। ਆਪੇ ਵੇਖੇ ਬਣਤ ਬਣਾ, ਨੇੜੇ ਦੂਰ ਨਾ ਕੋਈ ਰਖਾਈਆ। ਦੋ ਜਹਾਨਾਂ ਖੇਵਟ ਖੇਟਾ, ਰਥ ਰਥਵਾਹੀ ਆਪ ਹੋ ਜਾਈਆ। ਭਗਤ ਜਨਾਂ ਹਰਿ ਮਾਂ ਪਿਓ ਬੇਟਾ, ਆਪ ਆਪਣੀ ਗੋਦ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਿਸ ਜਨ ਵਖਾਏ ਆਪਣਾ ਘਰ, ਏਕਾ ਦੂਜਾ ਭੌ ਚੁਕਾਈਆ। ਵੇਖੇ ਘਰ ਹਰਿ ਨਿਰੰਕਾਰਾ, ਹਰਿ ਹਰਿ ਬੂਝ ਬੁਝਾਈਆ। ਗੁਰਮੁਖਾਂ ਮੇਲਾ ਦੀਨ ਦਿਆਲਾ, ਵਿਛੜ ਕਦੇ ਨਾ ਜਾਈਆ। ਦਿਵਸ ਰੈਣ ਕਰੇ ਪ੍ਰਿਤਪਾਲਾ, ਅੱਠੇ ਪਹਿਰ ਸਹਾਈਆ। ਕਾਇਆ ਅੰਦਰ ਚਲਾਏ ਸੱਚਾ ਹਲ, ਏਕਾ ਬੀਜ ਬਿਜਾਈਆ। ਅੰਮ੍ਰਿਤ ਭਰੇ ਸਰੋਵਰ ਤਾਲ, ਆਪ ਆਪਣਾ ਭੇਵ ਖੁਲ੍ਹਾਈਆ। ਫੂਲਣ ਪਾਏ ਸਾਚੀ ਮਾਲਾ, ਨਾਮ ਡੋਰੀ ਇਕ ਬੰਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਜਨ ਦੇਵੇ ਏਕਾ ਵਰ, ਪੂਰਬ ਲਹਿਣਾ ਝੋਲੀ ਪਾਈਆ। ਪੂਰਬ ਲਹਿਣਾ ਜਰਮ ਰੇਖ, ਪੂਰਬ ਵੇਖ ਵਖਾਇੰਦਾ। ਆਪਣੇ ਨੇਤਰ ਆਪੇ ਪੇਖ, ਹਰਿਜਨ ਸੋਏ ਮਾਤ ਆਪ ਉਠਾਇੰਦਾ। ਹਰ ਘਟ ਆਪੇ ਰਿਹਾ ਵੇਖ, ਦਿਸ ਕਿਸੇ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਜਨ ਦੇਵੇ ਆਪਣਾ ਵਰ, ਆਤਮ ਬ੍ਰਹਮ ਜਣਾਇੰਦਾ। ਆਤਮ ਬ੍ਰਹਮ ਸਾਚੀ ਸਿਕ, ਹਰਿ ਹਰਿ ਆਪ ਜਣਾਇੰਦਾ। ਧੁਰਦਰਗਾਹੀ ਲੇਖਾ ਲਿਖ, ਲੋਕਮਾਤ ਵੇਖ ਵਖਾਇੰਦਾ। ਅੰਤਰ ਆਤਮ ਪਾਈ ਖਿਚ, ਝੋਲੀ ਨਾਮ ਭਰਾਇੰਦਾ। ਜਗਤ ਵਿਕਾਰਾ ਲੱਥੀ ਵਿਸ, ਏਕਾ ਰੰਗ ਚੜ੍ਹਾਇੰਦਾ। ਜਿਸ ਜਨ ਦੇਵੇ ਨਾਮ ਅਨਡਿਠ, ਆਪ ਆਪਣੇ ਸੰਗ ਨਿਭਾਇੰਦਾ। ਮਨਮੁਖਾਂ ਸੁੱਤਾ ਦੇ ਕਰ ਪਿੱਠ, ਨੇਤਰ ਨੈਣ ਦਿਸ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਿਸ ਜਨ ਆਪਣਾ ਦੇਵੇ ਵਰ, ਏਕਾ ਰਾਹ ਵਖਾਇੰਦਾ। ਏਕਾ ਰਾਹ ਹਰਿ ਕਰਤਾਰ, ਆਪਣਾ ਆਪ ਚਲਾਇੰਦਾ। ਚਾਰ ਵਰਨਾਂ ਸਚ ਪਿਆਰ, ਦੂਜਾ ਭੇਵ ਨਾ ਕੋਈ ਰਖਾਇੰਦਾ। ਰਾਜ ਰਾਜਾਨ ਸ਼ਾਹ ਸੁਲਤਾਨ ਸੋਹਣ ਇਕ ਦਵਾਰ, ਏਕਾ ਵੇਖ ਵਖਾਇੰਦਾ। ਏਕਾ ਮੰਗੇ ਬਣ ਭਿਖਾਰ, ਨਾਮ ਝੋਲੀ ਆਪ ਭਰਾਇੰਦਾ। ਜੋ ਜਨ ਢਹਿ ਪਏ ਦਵਾਰ, ਆਵਣ ਜਾਵਣ ਫੰਦ ਕਟਾਇੰਦਾ। ਲੱਖ ਚੁਰਾਸੀ ਕਰੇ ਪਾਰ, ਮਾਤ ਗਰਭ ਫੇਰ ਨਾ ਆਇੰਦਾ। ਦਸ ਦਸ ਮਾਸ ਨਾ ਕੋਈ ਹੁਲਾਰ, ਉਲਟਾ ਮੁਖ ਨਾ ਕੋਈ ਰਖਾਇੰਦਾ। ਘਰ ਆਏ ਹਰਿ ਜੀ ਜਾਏ ਤਾਰ, ਆਪ ਆਪਣਾ ਵੇਸ ਵਟਾਇੰਦਾ । ਇਕ ਇਕੱਲਾ ਏਕੰਕਾਰ, ਨਿਰਗੁਣ ਜੋਤ ਜਗਾਇੰਦਾ। ਨਿਰਗੁਣ ਜੋਤ ਕਰ ਪਿਆਰ, ਸਰਗੁਣ ਮੇਲ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਵਖਾਏ ਸਾਚਾ ਘਰ, ਸਾਚਾ ਘਰ ਆਪ ਦਰਸਾਇੰਦਾ। ਅਲੱਖ ਅਲੱਖ ਅਲੱਖਣਾ, ਅਗੰਮ ਅਗੰਮ ਅਪਾਰ। ਖੇਲੇ ਖੇਲ ਪੁਰਖ ਸਮਰਥਨਾ, ਲੇਖਾ ਲਿਖੇ ਨਾ ਕੋਇ ਵਿਚਾਰ। ਹਰਿ ਕਾ ਭੇਵ ਅਕੱਥ ਅਕੱਥਨਾ, ਕਥਨੀ ਕਥ ਨਾ ਸਕੇ ਨਾ ਪਾਏ ਸਾਰ। ਆਦਿ ਜੁਗਾਦੀ ਆਪ ਚਲਾਏ ਆਪਣਾ ਰਥਨਾ, ਰਥ ਰਥਵਾਹੀ ਬੇਐਬ ਪਰਵਰਦਿਗਾਰ। ਆਪੇ ਹੋਏ ਆਪਣੀ ਹੱਥੀ ਸੱਖਣਾ, ਸ੍ਰਿਸ਼ਟ ਸਬਾਈ ਪਾਏ ਸਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਅੰਦਰ ਮੰਦਰ ਵੇਖ ਵਖਾਇਆ। ਅਲੱਖ ਅਲੇਖ ਹਰਿ ਹਰਿ ਜੋਗ, ਹਰਿ ਹਰਿ ਰੂਪ ਸਮਾਇਆ। ਦੋ ਜਹਾਨਾਂ ਸੰਜੋਗ ਵਿਜੋਗ, ਭੋਗ ਆਪ ਕਰਾਇਆ। ਆਪੇ ਹੋਏ ਹਉਮੇ ਰੋਗ, ਮਾਇਆ ਮਮਤਾ ਆਪ ਸਮਾਇਆ। ਆਪ ਚੁਗਾਏ ਸਾਚੀ ਚੋਗ, ਤ੍ਰਿਸ਼ਨਾ ਭੁੱਖ ਮਿਟਾਈਆ। ਆਪੇ  ਹੋਏ ਰੋਗ ਸੋਗ, ਚਿੰਤਾ ਦੁੱਖ ਆਪ ਅਖਵਾਇਆ। ਆਪੇ ਹੋਏ ਤ੍ਰੈਲੋਕ, ਚੌਦਾਂ ਹੱਟਾਂ ਆਪੇ ਫੇਰਾ ਪਾਇਆ। ਆਪ ਜਪਾਏ ਸਚ ਸਲੋਕ, ਸ਼ਬਦ ਸ਼ਬਦੀ ਨਾਉਂ ਧਰਾਇਆ। ਆਪੇ ਦੇਵਣਹਾਰਾ ਮੋਖ, ਅਜੂਨੀ ਰਹਿਤ ਆਪ ਹੋ ਜਾਇਆ। ਆਪਣੀ ਸੰਖਿਆ ਆਪੇ ਲਏ ਘੋਖ, ਆਪਣੀ ਵਿਦਿਆ ਆਪ ਪੜ੍ਹਾਇਆ। ਨਾ ਕੋਈ ਹਰਖ ਨਾ ਕੋਈ ਸੋਗ, ਚਿੰਤਾ ਗਮ ਨਾ ਕੋਈ ਰਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅਲਖ ਅਭੇਵ ਆਪ ਹੋ ਜਾਇਆ। ਅਲਖ ਅਭੇਵ ਆਪ ਕਰਤਾਰ, ਲੇਖਾ ਲਿਖਤ ਵਿਚ ਨਾ ਆਇੰਦਾ। ਅਲੱਖ ਅਗੋਚਰ ਅਗੰਮ ਅਪਾਰ, ਜੋਤੀ ਨੂਰ ਦਰਸਾਇੰਦਾ। ਹੱਡ ਮਾਸ ਨਾੜੀ ਚੰਮ ਨਾ ਕੋਈ ਪਿਆਰ, ਪੰਜ ਤਤ ਨਾ ਕੋਇ ਰਖਾਇੰਦਾ। ਰਕਤ ਬੂੰਦ ਨਾ ਕੋਇ ਸਹਾਰ, ਮਨ ਮਤ ਬੁੱਧ ਨਾ ਕੋਈ ਦਰਸਾਇੰਦਾ। ਆਪੇ ਵਸਿਆ ਸਭ ਤੋਂ ਬਾਹਿਰ, ਹਰ ਘਟ ਆਪ ਅਖਵਾਇੰਦਾ। ਏਕਾ ਮੰਦਰ ਹੋ ਉਜਿਆਰ, ਰੂਪ ਅਨੂਪ ਦਰਸਾਇੰਦਾ। ਦਰ ਦਰਵੇਸ਼ ਖੇਲ ਅਪਾਰ, ਜੁਗਾ ਜੁਗੰਤਰ ਵੇਸ ਵਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਰਾਹ ਚਲਾਇੰਦਾ। ਲੇਖਾ ਅਲੱਖ ਕਰਤਾਰ, ਭੇਵ ਨਾ ਪਾਇਆ। ਪੁਰਖ ਅਬਿਨਾਸ਼ੀ ਬੰਨ੍ਹੇ ਧਾਰ, ਦਿਸ ਨਾ ਆਇਆ। ਪੂਰਨ ਬ੍ਰਹਮ ਆਪ ਵਿਚਾਰ, ਪਾਰਬ੍ਰਹਮ ਸੋ ਜਨ ਸਾਚਾ ਪਾਇਆ। ਰਾਗੀ ਨਾਦੀ ਰਹੇ ਵਿਚਾਰ, ਏਕਾ ਸ਼ਬਦ ਅਲਾਇਆ। ਬ੍ਰਹਮ ਬ੍ਰਹਿਮਾਦੀ ਖੇਲ ਅਪਾਰ, ਖੇਲਣਹਾਰਾ ਦਿਸ ਨਾ ਆਇਆ। ਏਕਾ ਕਰਮ ਏਕਾ ਧਰਮ ਵਿਚ ਸੰਸਾਰ, ਏਕਾ ਲੇਖਾ ਦਏ ਚੁਕਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਲੇਖ ਆਪ ਹੋ ਜਾਇਆ। ਲੇਖਾ ਦੱਸੇ ਹਰਿ ਭਗਵੰਤਾ, ਭਗਵਨ ਰੂਪ ਸਮਾਇਆ। ਸ਼ਬਦ ਜਣਾਈ ਸਾਧਨ ਸੰਤਾ, ਦੂਸਰ ਕਿਸੇ ਦਿਸ ਨਾ ਆਇਆ। ਆਪੇ ਨਾਰੀ ਆਪੇ ਕੰਤਾ, ਗੁਰਮੁਖ ਸਾਚੀ ਸੇਜ ਹੰਢਾਇਆ। ਕਾਇਆ ਚੋਲੀ ਚਾੜ੍ਹੇ ਰੰਗ ਬਸੰਤਾ, ਉਤਰ ਕਦੇ ਨਾ ਜਾਇਆ। ਆਪ ਬਣਾਏ ਆਪਣੀ ਬਣਤਾ, ਆਪੇ ਜਿਹਵਾ ਰਿਹਾ ਹਿਲਾਇਆ। ਆਪੇ ਮਹਿਮਾ ਗਣਤ ਅਗਣਤਾ, ਲੇਖਾ ਲਿਖ ਨਾ ਸਕੇ ਕੋਈ ਰਾਇਆ। ਆਪੇ ਵਸਿਆ ਜੀਆਂ ਜੰਤਾ, ਆਪੇ ਹਰ ਘਟ ਡੇਰਾ ਲਾਇਆ। ਆਪ ਬਣਾਏ ਤੇਰੀ ਬਣਤਾ, ਆਪੇ ਮੇਟ ਮਿਟਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤੇਰਾ ਲੇਖਾ ਆਪ ਹੋ ਜਾਇਆ।