੫ ਕੱਤਕ ੨੦੧੫ ਬਿਕ੍ਰਮੀ ਤੇਜਾ ਸਿੰਘ ਦੇ ਗ੍ਰਹਿ ਵਿਖੇ ਸੀ ਆਈ ਟੀ ਰੋਡ ਕਲਕਤਾ ਸ਼ਹਿਰ
ਨਿਰਗੁਣ ਹਰਿ ਹਰਿ ਮੇਲਿਆ ਨਾਮਾ, ਹਰਿ ਹਰਿ ਰੂਪ ਅਪਾਰ ਸਜਾਇਆ। ਜੋਤੀ ਜੋਤ ਜੋਤ ਜੋਤ ਮਹਾਨਾ, ਜੋਤੀ ਜੋਤ ਜੋਤ ਜਗਾਇਆ। ਸ਼ਬਦ ਸ਼ਬਦ ਤਰਾਨਾ, ਹਰਿ ਹਰਿ ਆਪ ਸੁਣਾਇਆ। ਜੁਗ ਜੁਗ ਖੇਲੇ ਖੇਲ ਮਹਾਨਾ, ਦੀਨ ਦਿਆਲਾ ਨਾਉਂ ਰਖਾਇਆ। ਅਕਾਲ ਮੂਰਤ ਸ੍ਰੀ ਭਗਵਾਨਾ, ਆਦਿ ਜੁਗਾਦੀ ਵੇਸ ਵਟਾਇਆ। ਏਕੰਕਾਰ ਖੇਲ ਦੋ ਜਹਾਨਾਂ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣੀ ਧਾਰ ਚਲਾਇਆ। ਨਾਉਂ ਨਿਰੰਕਾਰ ਪੁਰਖ ਅਬਿਨਾਸ਼, ਏਕਾ ਏਕ ਅਖ਼ਵਾਇੰਦਾ। ਖੇਲੇ ਖੇਲ ਸਰਬ ਗੁਣਤਾਸ, ਗੁਣਵੰਤਾ ਭੇਵ ਨਾ ਆਇੰਦਾ। ਪੁਰਖ ਪ੍ਰਖੋਤਮ ਸ਼ਾਹੋ ਸ਼ਾਬਾਸ਼, ਧੰਨ ਧੰਨਵੰਤਾ ਨਾਉਂ ਰਖਾਇੰਦਾ। ਵੇਖ ਵਖਾਏ ਪ੍ਰਿਥਮੀ ਅਕਾਸ਼, ਗਗਨ ਪਤਾਲਾਂ ਫੇਰੀ ਪਾਇੰਦਾ। ਮੰਡਲ ਮੰਡਪ ਪਾਵੇ ਰਾਸ, ਬ੍ਰਹਿਮੰਡ ਖੰਡ ਡੇਰਾ ਲਾਇੰਦਾ। ਆਦਿ ਅੰਤ ਨਾ ਹੋਏ ਵਿਨਾਸ, ਜੂਨੀ ਰਹਿਤ ਨਾਉਂ ਧਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਰੂਪ ਦਰਸਾਇੰਦਾ। ਅਕਾਲ ਮੂਰਤ ਹਰਿ ਨਿਰੰਕਾਰ, ਏਕਾ ਏਕੰਕਾਰਿਆ। ਪਰਮ ਪੁਰਖ ਅਗੰਮ ਅਪਾਰਾ, ਜੋਤੀ ਨੂਰੋ ਨੂਰ ਉਜਿਆਰਿਆ। ਨਾ ਮਰੇ ਨਾ ਪਏ ਜੰਮ, ਆਵੇ ਜਾਵੇ ਵਾਰੋ ਵਾਰਿਆ। ਲੱਖ ਚੁਰਾਸੀ ਜਾਣੇ ਕੰਮ, ਪਾਰਬ੍ਰਹਮ ਬ੍ਰਹਮ ਉਪਾ ਰਿਹਾ। ਬ੍ਰਹਮ ਬ੍ਰਹਮ ਏਕਾ ਨਾਮ, ਏਕਾ ਨਾਉਂ ਧਰਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਪੰਜ ਤਤ ਆਪ ਉਪਾ ਰਿਹਾ। ਪੰਜ ਤਤ ਕਰ ਅਕਾਰ, ਹਰਿ ਸਾਚੇ ਬਣਤ ਬਣਾਈਆ। ਬ੍ਰਹਮ ਬ੍ਰਹਮ ਰੂਪ ਅਪਾਰ, ਪਾਰਬ੍ਰਹਮ ਵੱਡੀ ਵਡਿਆਈਆ। ਅਪ ਤੇਜ ਵਾਏ ਪ੍ਰਿਥਮੀ ਅਕਾਸ਼ ਖੇਲ ਨਿਆਰ, ਮਨ ਮਤ ਬੁੱਧ ਜੋੜ ਜੁੜਾਈਆ। ਆਪੇ ਵਸਿਆ ਸਭ ਤੋਂ ਬਾਹਿਰ, ਦਿਸ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਨਾਉਂ ਧਰਾਈਆ। ਨਾਉਂ ਧਰ ਹਰਿ ਨਿਰੰਕਾਰਾ, ਲੋਕਮਾਤ ਵੇਖ ਵਿਖਾਇੰਦਾ। ਸ਼ਬਦੀ ਸ਼ਬਦ ਸ਼ਬਦ ਜੈਕਾਰਾ, ਏਕਾ ਡੰਕਾ ਆਪ ਰਖਾਇੰਦਾ। ਰਾਜ ਰਾਜਾਨ ਸ਼ਾਹ ਸੁਲਤਾਨ ਕਰੇ ਖ਼ਬਰਦਾਰਾ, ਸੋਇਆ ਕੋਈ ਰਹਿਣ ਨਾ ਪਾਇੰਦਾ। ਜਨ ਭਗਤਾਂ ਦੇਵੇ ਨਾਮ ਪਿਆਰਾ, ਆਤਮ ਬ੍ਰਹਮ ਜਣਾਇੰਦਾ। ਏਕਾ ਦੂਜਾ ਭੇਵ ਨਿਆਰਾ, ਤੀਜੇ ਨੇਤਰ ਦਰਸ ਦਿਖਾਇੰਦਾ। ਚੌਥਾ ਦਰ ਸੱਚਾ ਘਰ ਬਾਰਾ, ਸਾਚੇ ਮੇਲ ਮਿਲਾਇੰਦਾ। ਪੰਚਮ ਮੀਤਾ ਹਰਿ ਨਿਰੰਕਾਰਾ, ਪੰਚਮ ਮੋਹ ਚੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਸੱਜਣ ਵੇਖ ਵਿਖਾਇੰਦਾ। ਹਰਿ ਸੱਜਣ ਹਰਿ ਮੀਤੜਾ, ਪਾਰਬ੍ਰਹਮ ਕਰਤਾਰ। ਜੁਗ ਜੁਗ ਜਾਣੇ ਆਪਣੀ ਰੀਤੜਾ, ਇਕ ਇਕੱਲਾ ਏਕੰਕਾਰ। ਲੱਖ ਚੁਰਾਸੀ ਪਰਖੇ ਨੀਤੜਾ, ਮੰਦਰ ਅੰਦਰ ਬੈਠਾ ਦਿਸ ਨਾ ਆਏ ਨੌਂ ਦਵਾਰ। ਹਰਿਜਨ ਕਰੇ ਪਤਿਤ ਪੁਨੀਤੜਾ, ਬਖ਼ਸ਼ੇ ਏਕਾ ਨਾਮ ਅਧਾਰ। ਮਿਠਾ ਕਰੇ ਕਾਇਆ ਕੌੜਾ ਰੀਠੜਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਖੇਲੇ ਖੇਲ ਅਪਰ ਅਪਾਰ। ਖੇਲ ਖਿਲੰਤਾ ਹਰਿ ਨਿਰੰਕਾਰ ਆਦਿ ਨਿਰੰਜਣਾ, ਜੁਗ ਜੁਗ ਵੇਸ ਵਟਾਇੰਦਾ। ਦਾਤਾ ਦਾਨੀ ਦਰਦ ਦੁੱਖ ਭੈ ਭੰਜਣਾ, ਭਵ ਸਾਗਰ ਵੇਖ ਵਿਖਾਇੰਦਾ। ਜਨ ਭਗਤਾਂ ਦੇਵੇ ਨੇਤਰ ਗਿਆਨ ਅੰਜਨਾ, ਅੰਧ ਅੰਧੇਰ ਮਿਟਾਇੰਦਾ। ਚਰਨ ਧੂੜ ਕਰਾਏ ਸਾਚਾ ਮਜਨਾ, ਏਕਾ ਮੈਲ ਗਵਾਇੰਦਾ। ਦੋ ਜਹਾਨੀ ਪਰਦੇ ਕੱਜਣਾ, ਨਾਮ ਪਰਦਾ ਏਕਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਆਪਣਾ ਵੇਸ ਕਰ, ਹਰਿ ਸੱਜਣ ਮੇਲ ਮਿਲਾਇੰਦਾ। ਜੁਗ ਜੁਗ ਵੇਸ ਹਰਿ ਕਰਤਾਰ, ਆਪਣਾ ਆਪ ਕਰਾਇਆ। ਸਤਿਜੁਗ ਸਾਚੇ ਪਾਵੇ ਸਾਰ, ਸਤਿ ਸਤਿਵਾਦੀ ਨਾਉਂ ਧਰਾਇਆ। ਤ੍ਰੇਤਾ ਤੇਰਾ ਕਰ ਸ਼ਿੰਗਾਰ, ਆਪ ਆਪਣਾ ਤਨ ਬੰਧਾਇਆ। ਰਾਮ ਰਾਮਾ ਰੂਪ ਅਪਾਰ, ਲੇਖਾ ਲੇਖ ਨਾ ਕੋਈ ਲਿਖਾਇਆ। ਦੁਆਪਰ ਤੇਰੀ ਬੰਨ੍ਹੇ ਧਾਰ, ਤੇਰਾ ਮੇਰਾ ਮੋਹ ਚੁਕਾਇਆ। ਭਗਤਨ ਮੀਤਾ ਹਰਿ ਕਰਤਾਰ, ਰੂਪ ਅਨੂਪਾ ਰੂਪ ਦਰਸਾਇਆ। ਸ਼ਾਹੋ ਭੂਪ ਸੱਚੀ ਸਰਕਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਵੇਖ ਵਖਾਇਆ। ਆਪ ਆਪਣਾ ਵੇਖਣਹਾਰਾ, ਭੇਵ ਕੋਈ ਨਾ ਪਾਇੰਦਾ। ਆਦਿ ਅੰਤਾ ਏਕੰਕਾਰਾ, ਜੁਗ ਜੁਗ ਵੇਸ ਵਟਾਇੰਦਾ। ਨਾਮ ਖੰਡਾ ਤੇਜ ਕਟਾਰਾ, ਆਪ ਆਪਣੇ ਹੱਥ ਉਠਾਇੰਦਾ। ਦੋ ਜਹਾਨਾਂ ਪਾਵੇ ਸਾਰਾ, ਸ੍ਰਿਸ਼ਟ ਸਬਾਈ ਵੇਖ ਵਿਖਾਇੰਦਾ। ਨੌਂ ਖੰਡ ਪ੍ਰਿਥਮੀ ਇਕ ਆਧਾਰਾ, ਸੱਤਾਂ ਦੀਪਾਂ ਸੇਵ ਕਮਾਇੰਦਾ। ਚੌਦਾਂ ਲੋਕਾਂ ਖੋਲ੍ਹ ਕਿਵਾੜਾ, ਹੱਟੋ ਹੱਟ ਫਿਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਖੇਲ ਖਿਲਾਇੰਦਾ। ਦੁਆਪਰ ਤੇਰੀ ਤੇਰੀ ਧਾਰ, ਤੇਰੀ ਝੋਲੀ ਪਾਈਆ। ਖੇਲੇ ਖੇਲ ਅਪਰ ਅਪਾਰ, ਕਲਜੁਗ ਕਾਲਾ ਰੰਗ ਰੰਗਾਈਆ। ਸ੍ਰਿਸ਼ਟ ਸਬਾਈ ਹੋ ਉਜਿਆਰ, ਆਪ ਆਪਣਾ ਮੁਖ ਛੁਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਅੰਤ ਏਕਾ ਹਰਿ, ਏਕਾ ਬਣਤ ਬਣਾਈਆ। ਏਕਾ ਹਰਿ ਇਕ ਕਰਤਾਰਾ, ਏਕਾ ਰੂਪ ਵਟਾਈਆ। ਏਕਾ ਕਰ ਜਗਤ ਪਸਾਰਾ, ਏਕਾ ਹੱਟ ਵਿਕਾਈਆ। ਏਕਾ ਖੇਲੇ ਖੇਲ ਨਿਆਰਾ, ਏਕਾ ਵੇਖ ਵਿਖਾਈਆ। ਏਕਾ ਰੰਗ ਰਵੇ ਕਰਤਾਰਾ, ਏਕਾ ਦਿਸ ਨਾ ਆਈਆ। ਏਕਾ ਬੂਝੇ ਜੀਵ ਗਵਾਰਾ, ਏਕਾ ਬ੍ਰਹਮ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਏਕ ਅਖਵਾਈਆ। ਏਕਾ ਪੁਰਖ ਇਕ ਅਬਿਨਾਸ਼, ਏਕਾ ਧਾਰ ਚਲਾਇੰਦਾ। ਏਕਾ ਸ਼ਾਹੋ ਇਕ ਸ਼ਾਬਾਸ਼, ਏਕਾ ਤਾਜ ਰਖਾਇੰਦਾ। ਏਕਾ ਪਵਣ ਇਕ ਸਵਾਸ, ਏਕਾ ਧੀਰ ਬੰਧਾਇੰਦਾ। ਏਕਾ ਮੰਡਲ ਏਕਾ ਰਾਸ, ਏਕਾ ਗੋਪੀ ਕਾਹਨ ਅਖਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਆਪ ਆਪਣਾ ਵੇਖ ਵਿਖਾਇੰਦਾ। ਕਲਜੁਗ ਤੇਰੀ ਕਾਲੀ ਧਾਰ, ਹਰਿ ਸਾਚੇ ਆਪ ਚਲਾਈਆ। ਈਸਾ ਮੂਸਾ ਕਰ ਤਿਆਰ, ਸੰਗ ਮੁਹੰਮਦ ਵੇਖ ਵਖਾਈਆ। ਅੱਲਾ ਰਾਣੀ ਤਨ ਸ਼ਿੰਗਾਰ, ਜੋਤੀ ਰੰਗਣ ਇਕ ਰੰਗਾਈਆ। ਨਾਨਕ ਗੋਬਿੰਦ ਕਰ ਅਧਾਰ, ਏਕਾ ਸ਼ਬਦ ਕਰੀ ਕੁੜਮਾਈਆ। ਜੋਤ ਨਿਰੰਜਣ ਕਰ ਉਜਿਆਰ, ਆਦਿ ਨਿਰੰਜਣ ਵੇਖ ਵਖਾਈਆ। ਦੋਹਾਂ ਮੇਲਾ ਵਿਚ ਸੰਸਾਰ, ਵਿਛੜ ਕਦੇ ਨਾ ਜਾਈਆ। ਲੇਖਾ ਲਿਖਿਆ ਅਪਰ ਅਪਾਰ, ਨਾ ਕੋਈ ਮੇਟੇ ਮੇਟ ਮਿਟਾਈਆ। ਕਲਜੁਗ ਤੇਰੀ ਅੰਤਮ ਵਾਰ, ਨਿਰਗੁਣ ਜੋਤ ਕਰੇ ਰੁਸ਼ਨਾਈਆ। ਸ੍ਰਿਸ਼ਟ ਸਬਾਈ ਨਾ ਪਾਵੇ ਸਾਰ, ਲੱਖ ਚੁਰਾਸੀ ਭਰਮ ਭੁਲਾਈਆ। ਸਾਧ ਸੰਤ ਸੁੱਤੇ ਪੈਰ ਪਸਾਰ, ਮਾਇਆ ਪਰਦਾ ਏਕਾ ਪਾਈਆ। ਗਿਆਨ ਧਿਆਨ ਨਾ ਕੋਈ ਵਿਚਾਰ, ਜਗਤ ਵਿਦਿਆ ਹੋਈ ਹਲਕਾਈਆ। ਭਗਤ ਭਗਵੰਤ ਨਾ ਪਾਵੇ ਸਾਰ, ਆਤਮ ਬ੍ਰਹਮ ਨਾ ਕੋਈ ਜਣਾਈਆ। ਨਾਰੀ ਕੰਤ ਨਾ ਕੋਈ ਪਿਆਰ, ਸੁਹੰਜਣੀ ਸੇਜ ਨਾ ਕੋਈ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਵੇਖੇ ਕਾਲੀ ਸ਼ਾਹੀਆ। ਕਲਜੁਗ ਤੇਰਾ ਕੂੜ ਪਸਾਰਾ, ਚਾਰੋਂ ਕੁੰਟ ਅੰਧੇਰਾ ਛਾਇਆ। ਸ੍ਰਿਸ਼ਟ ਸਬਾਈ ਅੰਧ ਅੰਧਿਆਰਾ, ਸਤਿ ਪ੍ਰਕਾਸ਼ ਨਾ ਕੋਈ ਕਰਾਇਆ। ਮਨਮੁਖ ਜੀਵ ਹੋਏ ਹੰਕਾਰਾ, ਕਾਮ ਕਰੋਧ ਲੋਭ ਮੋਹ ਹੰਕਾਰ ਵਸਾਇਆ। ਮਨਮਤ ਏਕਾ ਜਗਤ ਪਸਾਰਾ, ਗੁਰਮਤ ਗਏ ਭੁਲਾਇਆ। ਇਕ ਤ੍ਰਿਸ਼ਨਾ ਖੇਲ ਨਿਆਰਾ, ਹਉਮੇ ਹੰਗਤਾ ਨਾਲ ਰਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਤੇਰਾ ਲਹਿਣਾ ਤੇਰੀ ਝੋਲੀ ਪਾਇਆ। ਕਲਜੁਗ ਕੂੜ ਕੁੜਿਆਰਾ ਡੰਕ, ਚਾਰੋਂ ਕੁੰਟ ਵਜਾਇੰਦਾ। ਜੂਠ ਝੂਠ ਰਾਓ ਰੰਕ, ਰਾਜ ਰਾਜਾਨ ਨਾ ਕੋਈ ਦਿਸਾਇੰਦਾ। ਕਰ ਕਰ ਭੇਖ ਵੇਖੇ ਵਾਰ ਅਨਕ, ਧਰਤ ਮਾਤ ਮੁਖ ਸ਼ਰਮਾਇੰਦਾ। ਗੁਰਮੁਖ ਕੋਈ ਨਾ ਦਿਸੇ ਜਿਉਂ ਜਨ ਜਨਕ, ਜਨਕ ਸਪੁਤਰੀ ਸੀਤਾ ਨਾ ਕੋਈ ਜਣਾਇੰਦਾ। ਰਾਮ ਨਾਮ ਨਾ ਉਠਾਏ ਕੋਈ ਧਨੁਖ, ਤੀਰ ਪਾਰ ਨਾ ਕੋਈ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਤੇਰੀ ਧਾਰ ਵਿਚ ਸੰਸਾਰ, ਆਪੇ ਵੇਖ ਵਖਾਇੰਦਾ। ਕਲਜੁਗ ਕੂੜ ਨਾਤਾ, ਜਗਤ ਰਾਸ ਚਲਾਈਆ। ਦਿਸ ਨਾ ਆਇਆ ਪੁਰਖ ਬਿਧਾਤਾ, ਰੈਣ ਅੰਧੇਰੀ ਛਾਈਆ। ਲੱਖ ਚੁਰਾਸੀ ਭਰਮੇ ਭੁੱਲੇ ਜਾਤਾ ਪਾਤਾ, ਆਤਮ ਬ੍ਰਹਮ ਨਾ ਕੋਈ ਜਣਾਈਆ। ਨਜ਼ਰ ਨਾ ਆਏ ਇਕ ਇਕਾਂਤਾ, ਹਰਿ ਬੈਠਾ ਆਸਣ ਲਾਈਆ। ਦੇਵਣਹਾਰਾ ਜੀਆ ਦਾਤਾ, ਜੀਆਂ ਦਾਨ ਝੋਲੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਨਿਰਗੁਣ ਜੋਤ ਕਰੇ ਰੁਸ਼ਨਾਈਆ। ਨਿਰਗੁਣ ਜੋਤ ਪੁਰਖ ਇਕ ਇਕੱਲਾ, ਏਕਾ ਏਕ ਅਖਵਾਇੰਦਾ। ਸ੍ਰਿਸ਼ਟ ਸਬਾਈ ਵੇਖੇ ਜਗਤ ਮਹੱਲਾ, ਨੌਂ ਖੰਡ ਫੇਰਾ ਪਾਇੰਦਾ। ਮੇਲ ਮਿਲਾਵਾ ਰਾਣੀ ਅੱਲਾ, ਐਨਲਹੱਕ ਮੇਲ ਮਿਲਾਇੰਦਾ। ਵੇਖ ਵਖਾਏ ਜੰਗਲ ਜੂਹ ਉਜਾੜ ਪਹਾੜ ਡੂੰਘੀ ਡੱਲਾ, ਜਲ ਥਲ ਵਿਰੋਲ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਤੇਰਾ ਡੌਰੂ ਤੇਰੀ ਧਾਰ, ਤੇਰੇ ਹੱਥ ਰਖਾਇੰਦਾ। ਸਤਿਗੁਰ ਸ਼ਬਦ ਦੀਨ ਦਿਆਲ, ਸਰਬ ਗੁਣਾ ਗੁਣ ਭਰਪੂਰਿਆ। ਆਦਿ ਜੁਗਾਦਿ ਕਰੇ ਪ੍ਰਿਤਪਾਲ, ਹਰਿਜਨ ਹਾਜ਼ਰ ਹਜ਼ੂਰਿਆ। ਕਾਇਆ ਬੈਠ ਸੱਚੀ ਧਰਮਸਾਲ, ਜੋਤੀ ਵੇਖੇ ਨੂਰੋ ਨੂਰਿਆ। ਧੁਨ ਅਨਾਦੀ ਵਜਾਏ ਸ਼ਬਦ ਤਾਲ, ਅਨਹਦ ਸੇਵਾ ਲਾ ਰਿਹਾ। ਦੇਵੇ ਨਾਮ ਸੱਚਾ ਧਨ ਮਾਲ, ਸਚ ਖ਼ਜ਼ਾਨਾ ਇਕ ਵਖਾ ਰਿਹਾ। ਤੋੜਣਹਾਰਾ ਜਗਤ ਜੰਜਾਲ, ਜਾਗਰਤ ਜੋਤ ਇਕ ਜਗਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਅੰਤਰ ਮੰਤਰ ਇਕ ਵਖਾ ਰਿਹਾ। ਅੰਤਰ ਆਤਮ ਸ਼ਬਦ ਗਿਆਨ, ਗੁਰ ਪੂਰੇ ਹੱਥ ਵਡਿਆਈਆ। ਜਿਸ ਜਨ ਦੇਵੇ ਹੋ ਮਿਹਰਵਾਨ, ਸੋ ਜਨ ਬੂਝ ਬੁਝਾਈਆ। ਭਰਮੇ ਭੁੱਲੇ ਜੀਵ ਨਾਦਾਨ, ਮਾਇਆ ਮਮਤਾ ਮੋਹ ਹਲਕਾਈਆ। ਨਾਤਾ ਨਾ ਛੁੱਟੇ ਪੰਜ ਸ਼ੈਤਾਨ, ਪੰਚਮ ਮੇਲ ਨਾ ਕੋਈ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਿਸ ਜਨ ਦੇਵੇ ਆਪਣਾ ਵਰ, ਆਪ ਆਪਣਾ ਰੰਗ ਰੰਗਾਈਆ। ਆਪਣਾ ਰੰਗ ਹਰਿ ਕਰਤਾਰ, ਹਰਿਜਨ ਆਪ ਰੰਗਾਇੰਦਾ। ਪਹਿਲੇ ਬਖ਼ਸ਼ੇ ਚਰਨ ਪਿਆਰ, ਸਾਚਾ ਰਾਹ ਵਖਾਇੰਦਾ। ਦੂਜੇ ਮੇਲ ਅਪਰ ਅਪਾਰ, ਘਰ ਮੰਦਰ ਇਕ ਸੁਹਾਇੰਦਾ। ਤੀਜੇ ਨੇਤਰ ਖੋਲ੍ਹ ਕਿਵਾੜ, ਨਿਝ ਦਰਸ ਦਰਸ ਦਿਖਾਇੰਦਾ। ਚੌਥੇ ਘਰ ਦੇਵੇ ਵਾੜ, ਪਰਮਾਨੰਦ ਸਮਾਇੰਦਾ। ਪੰਚਮ ਵਾ ਨਾ ਲੱਗੇ ਤੱਤੀ ਹਾੜ, ਜਿਸ ਜਨ ਹੱਥ ਸਮਰਥ ਟਿਕਾਇੰਦਾ। ਧਰਮ ਵਿਖਾਏ ਇਕ ਅਖਾੜ, ਨਾਮ ਬੰਸਰੀ ਇਕ ਵਜਾਇੰਦਾ। ਧੁਰਦਰਗਾਹੀ ਸਾਚਾ ਲਾੜ, ਹਰਿ ਸੱਜਣ ਮੇਲ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਮੰਤਰ ਨਾਮ ਦ੍ਰਿੜਾਇੰਦਾ। ਏਕਾ ਸ਼ਬਦ ਇਕ ਗਿਆਨ, ਏਕਾ ਗੁਰ ਵਡਿਆਈਆ। ਏਕਾ ਚਰਨ ਇਕ ਧਿਆਨ, ਏਕਾ ਹਰਿ ਲਿਵ ਲਾਈਆ। ਏਕਾ ਜੋਤੀ ਬ੍ਰਹਮ ਗਿਆਨ, ਏਕਾ ਪਾਰਬ੍ਰਹਮ ਸਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇ ਮੱਤ ਰਿਹਾ ਸਮਝਾਈਆ। ਦੇਵੇ ਮੱਤ ਪੁਰਖ ਅਕਾਲਾ, ਹਰਿ ਹਰਿ ਵਡ ਵੱਡੀ ਵਡਿਆਈਆ। ਨੇੜ ਨਾ ਆਏ ਕਾਲ ਮਹਾਂਕਾਲਾ, ਜੋ ਜਨ ਨੇਤਰ ਲੋਚਣ ਦਰਸ਼ਨ ਪਾਈਆ। ਸ਼ਬਦੀ ਗੁਰ ਬਣ ਦਲਾਲਾ, ਆਪ ਆਪਣਾ ਵੇਖ ਵਿਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਏਕ ਆਪ ਅਖਵਾਈਆ। ਸਾਚੀ ਮੱਤ ਜਗਤ ਸੰਸਾਰ, ਹਰਿਜਨ ਹਰਿ ਜਣਾਇੰਦਾ। ਏਕਾ ਤਤ ਅਪਰ ਅਪਾਰ, ਏਕਾ ਦਰ ਨਾ ਕੋਈ ਵਖਾਇੰਦਾ। ਤੀਰਥ ਤਟ ਪਾਰ ਕਿਨਾਰ, ਥਿਰ ਘਰ ਡੇਰਾ ਲਾਇੰਦਾ। ਮਸਜਿਦ ਮੰਦਰ ਮੱਠ ਗੁਰਦਵਾਰ, ਕਾਇਆ ਗੜ੍ਹ ਸੁਹਾਇੰਦਾ। ਦੀਵਾ ਬਾਤੀ ਕਰ ਉਜਿਆਰ, ਪ੍ਰਕਾਸ਼ ਪ੍ਰਕਾਸ਼ ਵਖਾਇੰਦਾ। ਅੰਮ੍ਰਿਤ ਆਤਮ ਭਰ ਭੰਡਾਰ, ਸਰ ਸਰੋਵਰ ਇਕ ਜਣਾਇੰਦਾ। ਆਪੇ ਬਣ ਜਗਤ ਵਰਤਾਰ, ਨਾਮ ਪਿਆਲਾ ਇਕ ਪਿਆਇੰਦਾ। ਭਰਮੇ ਭੁੱਲੇ ਨਾ ਜੀਵ ਸੰਸਾਰ, ਜੀਵਣ ਮਰਨ ਫੰਦ ਕਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਅੱਖਰ ਜਗਤ ਵੱਖਰ, ਸਾਚੀ ਸਿਖਿਆ ਸਿਖ ਸਮਝਾਇੰਦਾ। ਨਾਮ ਅੱਖਰ ਨਾਮ ਵੱਖਰ , ਪ੍ਰਭ ਨਾਮ ਮੇਲ ਮਿਲਾਇਆ। ਆਪਣੇ ਡੰਡੇ ਨਾ ਕੋਈ ਜਾਏ ਚੜ੍ਹ, ਹਰਿ ਸਾਚੇ ਆਪ ਦਿਖਾਇਆ। ਦਰਸ ਦਿਖਾਏ ਨਾ ਕੋਈ ਸੀਸ ਨਾ ਕੋਈ ਧੜ, ਨਿਰਗੁਣ ਜੋਤ ਕਰੇ ਰੁਸ਼ਨਾਇਆ। ਗੁਰਮੁਖ ਆਪਣੇ ਆਪੇ ਲਏ ਫੜ, ਆਪ ਆਪਣਾ ਮੇਲ ਮਿਲਾਇਆ। ਅਗਨੀ ਹਵਨ ਨਾ ਜਾਏ ਸੜ, ਮੜ੍ਹੀ ਗੋਰ ਨਾ ਕਿਸੇ ਦਬਾਇਆ। ਆਪ ਬੰਧਾਏ ਆਪਣੇ ਲੜ, ਨਾ ਕੋਈ ਤੋੜੇ ਤੋੜ ਤੁੜਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੋ ਪੁਰਖ ਨਿਰੰਜਣ ਏਕਾ ਏਕ ਨਾਮ ਦਰਸਾਇਆ। ਸੋ ਪੁਰਖ ਨਿਰੰਜਣ ਹਰਿ ਭਗਵਾਨ, ਸਰ ਸਰੋਵਰ ਇਕ ਸੁਹਾਇਆ। ਹੰ ਬ੍ਰਹਮ ਪਾਰਬ੍ਰਹਮ ਕਰ ਧਿਆਨ, ਓਅੰ ਸੋਹੰ ਏਕਾ ਰੰਗ ਰੰਗਾਇਆ। ਕਰਮ ਧਰਮ ਜਰਮ ਮਿਟੇ ਨਿਸ਼ਾਨ, ਜਿਸ ਜਨ ਆਪਣਾ ਨਾਮ ਦ੍ਰਿੜਾਇਆ। ਕਿਰਪਾ ਕਰ ਗੁਣ ਨਿਧਾਨ, ਲੇਖਾ ਲੇਖ ਦਏ ਮਿਟਾਇਆ। ਜਗਤ ਵਖਾਏ ਸਚ ਨਿਸ਼ਾਨ, ਸਚ ਵਸਤ ਝੋਲੀ ਪਾਇਆ। ਜੋਧਾ ਸੂਰਬੀਰ ਹੋਏ ਬਲਵਾਨ, ਸੁਤ ਦੁਲਾਰਾ ਆਪ ਉਪਾਇਆ। ਦੂਜਾ ਦੇਵੇ ਜੀਆ ਦਾਨ, ਜਗਤ ਜੋੜੀ ਜੋੜ ਜੁੜਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਿਸ ਜਨ ਦੇਵੇ ਸ਼ਬਦੀ ਵਰ, ਪੂਤ ਸਪੂਤਾ ਮੇਲ ਮਿਲਾਇਆ। ਮਾਤਾ ਸੀਰ ਬੱਤੀ ਦੰਦ, ਪਿਤਾ ਪੂਤ ਵਡਿਆਈਆ। ਸਾਚੇ ਦਰ ਚੜ੍ਹੇ ਚੰਦ, ਜਗਤ ਹੋਏ ਰੁਸ਼ਨਾਈਆ। ਖ਼ੁਸ਼ੀ ਕਰੇ ਬੰਦ ਬੰਦ, ਸੰਸਾ ਰੋਗ ਗਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਗਤ ਰੋਗ ਢਾਹੇ ਕੰਧ, ਸੁਖ ਸੁਖ ਸਹਿਜ ਸਹਿਜ ਸਮਾਈਆ। ਨਿਰਗੁਣ ਰੂਪ ਨਿਰਾਕਾਰ, ਹਰਿ ਹਰਿ ਆਪ ਅਖਵਾਇਆ। ਸਤਿਗੁਰ ਰੂਪ ਅਪਾਰ, ਸ਼ਬਦੀ ਸ਼ਬਦ ਧਰਾਇਆ। ਭਗਤਨ ਮੀਤ ਮੁਰਾਰ, ਨਾਮਾ ਨਾਮ ਦ੍ਰਿੜਾਇਆ। ਗੁਰਮੁਖਾਂ ਮੇਲ ਸੰਸਾਰ, ਗੁਰਮਤ ਇਕ ਜਣਾਇਆ। ਮਨਮੁਖ ਸੁੱਤੇ ਪੈਰ ਪਸਾਰ, ਕਲਜੁਗ ਅੰਧੇਰਾ ਛਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਅਕਲ ਕਲ ਅਖਵਾਇਆ। ਹਰਿ ਹਰਿ ਰੂਪ ਅਪਾਰ, ਜੋਤੀ ਅਕਲ ਕਲ ਆਪ ਅਖਵਾਇਆ। ਹਰਿ ਹਰਿ ਰੂਪ ਅਪਾਰ, ਜੋਤੀ ਜੋਤ ਰੁਸ਼ਨਾਈਆ। ਸਤਿਗੁਰ ਸ਼ਬਦ ਅਧਾਰ, ਪਾਰਬ੍ਰਹਮ ਜਣਾਈਆ। ਗੁਰਮੁਖਾਂ ਚਰਨ ਪਿਆਰ, ਏਕਾ ਬੂਝ ਬੁਝਾਈਆ। ਮਨਮੁਖ ਜੀਵ ਗਵਾਰ, ਨੇਤਰ ਨੈਣ ਨਾ ਦਰਸ਼ਨ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦਾਤਾ ਦਾਨੀ ਸੂਰਾ ਸਰਬੱਗ, ਏਕਾ ਏਕ ਅਖਵਾਇਆ। ਹਰਿ ਹਰਿ ਹਰਿ ਭਗਵਾਨ, ਨਿਰਗੁਣ ਰੂਪ ਅਪਾਰਿਆ। ਸਤਿਗੁਰ ਦਾਤਾ ਮਿਹਰਬਾਨ, ਆਪ ਆਪਣਾ ਨਾਉਂ ਧਰਾ ਰਿਹਾ। ਗੁਰਮੁਖਾਂ ਦੇਵੇ ਜੀਆ ਦਾਨ, ਆਤਮ ਬ੍ਰਹਮ ਜਣਾ ਲਿਆ। ਮਨਮੁਖ ਭੁੱਲੇ ਜੀਵ ਨਾਦਾਨ, ਭਰਮੇ ਗੜ੍ਹ ਨਾ ਕੋਈ ਤੁੜਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਖੇਲ ਖਿਲਾ ਰਿਹਾ। ਕਲਜੁਗ ਜੀਵ ਜਗਤ ਨਾਦਾਨ, ਮਾਇਆ ਮੋਹ ਰਖਾਈਆ। ਗੁਰਮੁਖ ਸਾਚੇ ਹਰਿ ਹਰਿ ਗਾਣ, ਹਰਿ ਨਾਮੇ ਲਿਵ ਲਾਈਆ। ਸਤਿਗੁਰ ਪੂਰਾ ਵੇਖੇ ਮਾਰ ਧਿਆਨ, ਆਲਸ ਨਿੰਦਰਾ ਵਿਚ ਨਾ ਆਈਆ। ਹਰਿਜਨ ਮੇਲਾ ਦੋ ਜਹਾਨ, ਹਰਿ ਹਰਿ ਸਾਚਾ ਆਪ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣੇ ਹੱਥ ਰੱਖੇ ਵਡਿਆਈਆ। ਹਰਿ ਦਾਤਾ ਬਲਵਾਨ, ਏਕਾ ਏਕੰਕਾਰਿਆ। ਸਤਿਗੁਰ ਪੁਰਖ ਸੁਲਤਾਨ, ਸ਼ਾਹ ਸ਼ਹਾਨਾ ਆਪ ਅਖਵਾ ਰਿਹਾ। ਗੁਰਮੁਖ ਸੁਘੜ ਸਿਆਨ, ਘਰ ਸਾਚੇ ਮੰਗਲ ਗਾ ਰਿਹਾ। ਮਨਮੁਖ ਮੁਗਧ ਅੰਞਾਨ, ਹਉਮੇ ਰੋਗ ਵਧਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰਾ ਮੂਲ ਚੁਕਾ ਰਿਹਾ। ਮਨਮੁਖ ਜੀਵ ਜਗਤ ਅੰਧਿਆਰ, ਕਾਮ ਕਰੋਧ ਹਲਕਾਇਆ। ਗੁਰਮੁਖ ਬੂਝੇ ਗੁਰ ਵਿਚਾਰ, ਗੁਰ ਮੰਤਰ ਨਾਮ ਦ੍ਰਿੜਾਇਆ। ਸਤਿਗੁਰ ਪੂਰਾ ਪਾਵੇ ਸਾਰ, ਘਰ ਸਾਚੇ ਮੇਲ ਮਿਲਾਇਆ। ਨਰ ਨਰਾਇਣ ਆਪ ਕਰਤਾਰ, ਨਿਰਗੁਣ ਜੋਤ ਕਰੇ ਰੁਸ਼ਨਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਅੰਤਮ ਵੇਖ ਵਿਖਾਇਆ। ਹਰਿ ਨਰਾਇਣ ਹਰਿ ਕਰਤਾਰ, ਏਕਾ ਏਕੰਕਾਰਿਆ। ਸਤਿਗੁਰ ਪੂਰਾ ਵਿਚ ਸੰਸਾਰ, ਲੱਖ ਚੁਰਾਸੀ ਦਏ ਅਧਾਰਿਆ। ਗੁਰਮੁਖਾਂ ਭਰੇ ਨਾਮ ਭੰਡਾਰ, ਜਗਤ ਤ੍ਰਿਸ਼ਨਾ ਮੇਟ ਮਿਟਾ ਰਿਹਾ। ਮਨਮੁਖਾਂ ਮਾਰੇ ਅੰਤਮ ਮਾਰੇ ਮਾਰ, ਧਰਮ ਰਾਏ ਹੱਥ ਫੜਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵੰਡ ਵੰਡਾਇਆ। ਮਨਮੁਖ ਜੀਵ ਆਤਮ ਅੰਧ, ਜਗਤ ਅੰਧੇਰਾ ਛਾਇਆ। ਗੁਰਸਿਖ ਗਾਇਣ ਸੁਹਾਗੀ ਛੰਦ, ਹਰਿ ਹਰਿ ਨਾਮ ਧਿਆਇਆ। ਸਤਿਗੁਰ ਪੂਰਾ ਸਦ ਬਖ਼ਸ਼ਿੰਦ, ਬਖ਼ਸ਼ਣਹਾਰ ਆਪ ਹੋ ਜਾਇਆ। ਹਰਿ ਹਰਿ ਲਖ਼ਮੀ ਨਰਾਇਣ ਮੁਕੰਦ, ਭਗਵਨ ਭਗਵਾਨ ਰੂਪ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਕਿਰਿਆ ਆਪ ਮਿਟਾਇਆ। ਨਰ ਨਰਾਇਣ ਦੀਨਾਂ ਨਾਥ, ਏਕਾ ਜੋਤ ਅਕਾਲਿਆ। ਸਤਿਗੁਰ ਪੂਰਾ ਸਗਲਾ ਸਾਥ, ਦੀਨਾਂ ਬੰਧਪ ਦੀਨ ਦਿਆਲਿਆ। ਗੁਰਮੁਖ ਸਗਲ ਵਸੂਰੇ ਜਾਇਣ ਲਾਥ, ਤੁੱਟਾ ਜਗਤ ਜੰਜਾਲਿਆ। ਮਨਮੁਖ ਕੁਛ ਨਾ ਆਇਆ ਹਾਥ, ਅੰਤ ਖਾਏ ਜਮ ਕਾਲਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਖੇਲੇ ਖੇਲ ਨਿਰਾਲਿਆ। ਮਨਮੁਖ ਜੀਵ ਰਹੇ ਰੋ, ਕਲਜੁਗ ਰੈਣ ਅੰਧੇਰੀ ਛਾਈਆ। ਗੁਰਮੁਖਾਂ ਦੁਰਮਤ ਮੈਲ ਧੋ, ਆਪ ਆਪਣਾ ਵੇਖ ਵਖਾਈਆ। ਸਤਿਗੁਰ ਪੂਰਾ ਅੱਗੇ ਹੋ, ਦੇਵੇ ਦਰਸ ਹਰ ਘਟ ਥਾਈਂਆ। ਪੁਰਖ ਅਕਾਲ ਅਗੰਮ ਅਥਾਹ ਆਪੇ ਵਸੇ ਪੁਰੀਆਂ ਲੋਅ, ਗਗਨ ਪਤਾਲਾ ਆਪ ਸਮਾਈਆ। ਹਰੀ ਹਰਿ ਹਰਿ ਆਪੇ ਵੰਡ, ਬ੍ਰਹਿਮੰਡ ਖੰਡ ਵੰਡ ਵੰਡਾਇਆ। ਸਤਿਗੁਰ ਪੂਰਾ ਵੇਖੇ ਜੇਰਜ ਅੰਡ, ਉਤਭੁਜ ਸੇਤਜ ਡੇਰਾ ਲਾਈਆ। ਗੁਰਮੁਖ ਨਾਰ ਨਾ ਹੋਏ ਰੰਡ, ਕੰਤ ਸੁਹਾਗੀ ਇਕ ਹੰਢਾਇਆ। ਮਨਮੁਖਾਂ ਸੁੱਤਾ ਦੇ ਕਰ ਕੰਡ, ਦਿਸ ਕਿਸੇ ਨਾ ਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਏਕਾ ਜੋਤੀ ਨੂਰ ਕਰੇ ਰੁਸ਼ਨਾਇਆ। ਜੋਤੀ ਨੂਰ ਹਰਿ ਉਪਾ, ਆਪਣਾ ਕਰਮ ਕਮਾਇਆ। ਸੰਤਨ ਸਾਜਣ ਮੇਲ ਮਿਲਾ, ਆਪ ਆਪਣਾ ਰੰਗ ਰੰਗਾਇਆ। ਰਾਜਨ ਰਾਜ ਆਪ ਅਖਵਾ, ਸ਼ਾਹ ਸੁਲਤਾਨ ਵੇਸ ਵਟਾਇਆ। ਦੇਸ ਮਾਝਨ ਧਾਮ ਸੁਹਾ, ਸੰਬਲ ਨਗਰੀ ਡੇਰਾ ਲਾਇਆ। ਗੋਬਿੰਦ ਗੁਰ ਦਏ ਵਡਿਆ, ਨਾਮ ਖੰਡਾ ਹੱਥ ਉਠਾਇਆ। ਪੂਤ ਸਪੂਤਾ ਬ੍ਰਹਿਮਣ ਗੌੜਾ ਰੂਪ ਵਟਾ, ਆਪ ਆਪਣਾ ਨਾਉਂ ਰਖਾਇਆ। ਵੇਦ ਵਿਆਸਾ ਗਿਆ ਲਿਖਾ, ਨਾ ਕੋਈ ਮੇਟੇ ਮੇਟ ਮਿਟਾਇਆ। ਉਚੇ ਟਿੱਲੇ ਡੇਰਾ ਲਾ, ਬੈਠਾ ਮੁਖ ਛੁਪਾਇਆ। ਸੱਸਾ ਕਿਲਾ ਇਕ ਬਣਾ, ਸਤਿਗੁਰ ਰੂਪ ਸਮਾਇਆ। ਉਪਰ ਹੋੜਾ ਦਏ ਲਗਾ, ਨਿਰਗੁਣ ਸਰਗੁਣ ਵੇਖ ਵਖਾਇਆ। ਜੋਤੀ ਜੋੜਾ ਮੇਲ ਮਿਲਾ, ਸ਼ਬਦੀ ਡੰਕ ਵਜਾਇਆ। ਅਸਵ ਘੋੜਾ ਆਪ ਦੌੜਾ, ਬ੍ਰਹਮਾ ਵਿਸ਼ਨ ਸ਼ਿਵ ਸੇਵਾ ਲਾਇਆ। ਦੋ ਜਹਾਨੀ ਪੌੜਾ ਇਕ ਲਗਾ, ਏਕਾ ਮਾਰਗ ਦਏ ਵਿਖਾਇਆ। ਚਾਰ ਵਰਨਾਂ ਬਣਾਏ ਭੈਣ ਭਰਾ, ਹਉਮੇ ਹੰਗਤਾ ਰੋਗ ਗਵਾਇਆ। ਕਲਜੁਗ ਨਾਤਾ ਕੂੜਾ ਦਏ ਤੁੜਾ, ਥਿਰ ਕੋਈ ਰਹਿਣ ਨਾ ਪਾਇਆ। ਸ੍ਰਿਸ਼ਟ ਸਬਾਈ ਏਕਾ ਅੱਖਰ ਦਏ ਪੜ੍ਹਾ, ਨਾਮ ਮੰਤਰ ਇਕ ਜਣਾਇਆ। ਏਕਾ ਮਾਰਗ ਦਏ ਲਗਾ, ਏਕਾ ਚੰਦ ਰਿਹਾ ਵਖਾਇਆ। ਏਕਾ ਕਾਦਰ ਕਰਤਾ ਕਰੀਮ ਆਪ ਅਖਵਾ, ਬੇਐਬ ਪਰਵਰਦਿਗਾਰ ਨਾਮ ਧਰਾਇਆ। ਇਕ ਮੁਕਾਮੇ ਹੱਕ ਖ਼ੁਦਾਏ ਦਏ ਵਖਾ, ਹੱਕ ਹਕੀਕਤ ਫੋਲ ਫੁਲਾਇਆ। ਏਕਾ ਕਲਮਾ ਦਏ ਪੜ੍ਹਾ, ਕਾਇਨਾਤ ਆਪ ਸਮਝਾਇਆ। ਗਾਇਤ੍ਰੀ ਮੰਤਰ ਇਕ ਸਿਖਾ, ਏਕਾ ਵੇਦ ਪੁਰਾਨ ਉਪਾਇਆ। ਸ਼ਾਸਤਰ ਸਿਮਰਤ ਇਕ ਜਣਾ, ਏਕਾ ਰੂਪ ਦਰਸਾਇਆ। ਏਕਾ ਇਸ਼ਟ ਦੇਵ ਦਏ ਵਖਾ, ਦੇਵੀ ਦੇਵਾ ਆਪ ਹੋ ਜਾਇਆ। ਅਲੱਖ ਨਿਰੰਜਣ ਆਪ ਆਪਣੀ ਜੋਤ ਜਗਾ, ਹਰ ਘਟ ਵੇਖੇ ਥਾਉਂ ਥਾਇਆ। ਖਾਣੀ ਬਾਣੀ ਡੇਰਾ ਲਾ, ਦੂਈ ਦਵੈਤੀ ਪਰਦਾ ਦਏ ਚੁਕਾਇਆ। ਮੇਰਾ ਤੇਰਾ ਭੇਵ ਚੁੱਕਾ, ਸੰਞ ਸਵੇਰਾ ਇਕ ਵਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਲੱਖ ਚੁਰਾਸੀ ਦੇਵੇ ਵਰ, ਚਾਰ ਵਰਨਾਂ ਅਠਾਰਾਂ ਬਰਨਾਂ ਰਾਜ ਰਾਜਾਨਾਂ ਸ਼ਾਹ ਸੁਲਤਾਨਾਂ ਏਕਾ ਰੰਗ ਰੰਗਾਇਆ। ਏਕਾ ਰੰਗ ਹਰਿ ਰੰਗਾ, ਚਾਰ ਵਰਨ ਪ੍ਰਨਾਇੰਦਾ। ਜਮਨਾ ਸੁਰਸਤੀ ਵੇਖੇ ਗੰਗਾ, ਚਰਨ ਦਵਾਰ ਇਕ ਸੁਹਾਇੰਦਾ। ਅਠਸਠ ਤੀਰਥ ਵੱਜੇ ਮਰਦੰਗਾ, ਅਨਹਦ ਸੇਵਾ ਲਾਇੰਦਾ। ਅਲੱਖ ਅਗੋਚਰ ਸੂਰਬੀਰ ਸੂਰਾ ਸਰਬੰਗਾ, ਆਪ ਆਪਣਾ ਨਾਉਂ ਰਖਾਇੰਦਾ। ਅਕਾਸ਼ ਪਤਾਲਾ ਗਗਨ ਮੰਡਲ ਲੋਕ ਪ੍ਰਲੋਕ ਚੌਦਾਂ ਹੱਟ ਪ੍ਰਿਥਮੀ ਆਕਾਸ਼ ਆਪ ਲੰਘਾ, ਲੱਖ ਚੁਰਾਸੀ ਡੇਰਾ ਲਾਇੰਦਾ। ਚਿੱਟੇ ਅਸਵ ਕਸਿਆ ਤੰਗਾ, ਸੋਲਾਂ ਕਲੀਆਂ ਆਸਣ ਪਾਇੰਦਾ। ਜੀਵ ਜੰਤ ਵੇਖੇ ਭੁੱਖਾ ਨੰਗਾ, ਨੌਂ ਖੰਡ ਫੋਲ ਫੁਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਜੋਤੀ ਦੀਪਕ ਇਕ ਜਗਾਇੰਦਾ। ਜੋਤੀ ਦੀਪਕ ਇਕ ਉਜਿਆਰਾ, ਹਰਿ ਸਾਚੀ ਜੋਤ ਜਗਾਈਆ। ਸ੍ਰਿਸ਼ਟ ਸਬਾਈ ਪਾਵੇ ਸਾਰਾ, ਚਾਰੋਂ ਕੁੰਟ ਵੇਖ ਵਖਾਈਆ। ਦਹਿ ਦਿਸ਼ਾ ਮੇਟੇ ਅੰਧ ਅੰਧਿਆਰਾ, ਰਵ ਸਸ ਇਕ ਰੁਸ਼ਨਾਈਆ। ਪੰਚਮ ਮੀਤਾ ਪੰਚਮ ਕਰ ਪਿਆਰਾ, ਪੰਚਮ ਮੋਹ ਚੁਕਾਈਆ। ਗਣ ਗਧੰਰਬ ਯਖ ਗਾਇਨ ਸਭ ਵਾਰੋ ਵਾਰਾ, ਦਿਵਸ ਰੈਣ ਸੇਵ ਕਮਾਈਆ। ਇੰਦ ਇੰਦਰਾਸਨ ਵਸਿਆ ਬਾਹਿਰਾ, ਕਲਜੁਗ ਕੂਕੇ ਦਏ ਦੁਹਾਈਆ। ਸ਼ਿਵ ਸ਼ੰਕਰ ਰੋਵੇ ਜ਼ਾਰੋ ਜ਼ਾਰਾ, ਬਾਸ਼ਕ ਤਸ਼ਕਾ ਗਲੋਂ ਲਾਹੀਆ। ਬ੍ਰਹਮਾ ਨੇਤਰ ਰਿਹਾ ਉਘਾੜਾ, ਚਾਰੋਂ ਕੁੰਟ ਮੁਖ ਭਵਾਈਆ। ਲੋਕਮਾਤ ਲਏ ਅਵਤਾਰਾ, ਨਿਰਗੁਣ ਜੋਤ ਕਰੇ ਰੁਸ਼ਨਾਈਆ। ਚੌਦਾਂ ਤਬਕਾਂ ਵੇਖੇ ਪਾੜਾ, ਖ਼ਲਕ ਖ਼ੁਦਾਏ ਫੋਲ ਫੁਲਾਈਆ। ਮੰਗੀ ਮੰਗ ਮੁਹਮੰਦੀ ਯਾਰਾ, ਅੰਤਮ ਪੂਰ ਕਰਾਈਆ। ਗੋਬਿੰਦ ਮੇਲਾ ਮੀਤ ਮੁਰਾਰਾ, ਘਰ ਸਾਚੇ ਵੱਜੀ ਵਧਾਈਆ। ਨਿਹਕਲੰਕ ਪੁਰਖ ਕਰਤਾਰਾ, ਆਪ ਆਪਣਾ ਨਾਉਂ ਧਰਾਈਆ। ਰੂਪ ਰੰਗ ਨਾ ਕੋਈ ਵਿਚਾਰਾ, ਵਰਨ ਗੋਤ ਨਾ ਕੋਈ ਰਖਾਈਆ। ਮਾਤ ਪਿਤਾ ਘਰ ਨਾ ਸੁਤ ਦੁਲਾਰਾ, ਬੱਤੀ ਦੰਦ ਨਾ ਸੀਰ ਲਗਾਈਆ। ਰੱਤੀ ਰੱਤ ਨਾ ਕੋਈ ਰਕਤ ਬੂੰਦ ਗਾਰਾ, ਇੱਟਾਂ ਨਾ ਬਣਤ ਕੋਈ ਬਣਾਈਆ। ਹੱਡ ਮਾਸ ਨਾੜੀ ਚੰਮ ਨਾ ਕੀਆ ਤਿਆਰਾ, ਨਾ ਕੋਈ ਬਣਤ ਬਣਾਈਆ। ਮਨ ਮਤ ਨਾ ਕੋਈ ਆਧਾਰਾ, ਬੁੱਧ ਬਿਬੇਕ ਨਾ ਕੋਈ ਵਖਾਈਆ। ਜੋਤ ਨਿਰੰਜਣ ਨਾ ਹੋਏ ਉਜਿਆਰਾ, ਬ੍ਰਹਮ ਬ੍ਰਹਮ ਨਾ ਕੋਈ ਸਰਨਾਈਆ। ਪਾਰਬ੍ਰਹਮ ਹਰਿ ਲਏ ਅਵਤਾਰਾ, ਆਪ ਆਪਣਾ ਨਾਉਂ ਧਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਆਪ ਅਖਵਾਈਆ। ਨਿਹਕਲੰਕ ਪੁਰਖ ਅਬਿਨਾਸ਼ਾ, ਏਕਾ ਏਕ ਅਖਵਾਇੰਦਾ। ਏਕਾ ਵੇਖੇ ਖੇਲ ਤਮਾਸ਼ਾ, ਸ੍ਰਿਸ਼ਟ ਸਬਾਈ ਖੇਲ ਖਿਲਾਇੰਦਾ। ਮਾਤ ਗਰਭ ਨਾ ਆਏ ਦਸ ਦਸ ਮਾਸਾ, ਜਨਨੀ ਜਨ ਨਾ ਕੋਈ ਰਖਾਇੰਦਾ। ਕਿਸੇ ਤੋਲ ਨਾ ਤੁਲੇ ਤੋਲੇ ਮਾਸਾ, ਮਣ ਸੇਰ ਨਾ ਕੋਈ ਰਖਾਇੰਦਾ। ਭੇਵ ਨਾ ਪਾਇਣ ਪ੍ਰਿਥਮੀ ਅਕਾਸ਼ਾ, ਜਲ ਥਲ ਆਪ ਸਮਾਇੰਦਾ। ਆਪਣੇ ਮੰਦਰ ਆਪੇ ਕਰਿਆ ਵਾਸਾ, ਸੰਬਲ ਨਗਰੀ ਇਕ ਉਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਨਰ ਨਰਾਇਣ ਆਪ ਅਖਵਾਇੰਦਾ। ਨਰ ਨਰਾਇਣ ਮੂਰਤ ਅਕਾਲ, ਨਿਰਭੌ ਰੂਪ ਸਮਾਇਆ। ਪ੍ਰਗਟ ਹੋ ਦੀਨ ਦਿਆਲ, ਏਕਾ ਦੂਜਾ ਭੌ ਚੁਕਾਇਆ। ਤੀਜੇ ਨੈਣ ਵੇਖ ਸੱਚੀ ਧਰਮਸਾਲ, ਸਾਚੇ ਮੰਦਰ ਡੇਰਾ ਲਾਇਆ। ਚੌਥੇ ਪਦ ਰਿਹਾ ਸਮਾਲ, ਪੰਚਮ ਮੇਲਾ ਸਹਿਜ ਸੁਭਾਇਆ। ਛੇਵੇਂ ਛੱਪਰ ਛੰਨ ਨਾ ਕੋਈ ਵਖਾਲ, ਚਾਰ ਦਿਵਾਰ ਨਾ ਕੋਈ ਰਖਾਇਆ। ਸਤਵੇਂ ਸਤਿ ਪੁਰਖ ਨਿਰੰਜਣ ਖੇਲ ਨਿਰਾਲ, ਦੀਪਕ ਜੋਤ ਇਕ ਜਗਾਇਆ। ਗੋਬਿੰਦ ਫਲ ਲਗਾਏ ਸਾਚੇ ਡਾਲ, ਅੰਮ੍ਰਿਤ ਮੇਵਾ ਦਏ ਖੁਆਇਆ। ਨਾਨਕ ਨਿਰਗੁਣ ਆਪੇ ਪਾਲ, ਨਾਮ ਨਿਧਾਨਾ ਵੇਖ ਵਿਖਾਇਆ। ਗੁਰਮੁਖ ਸਾਚੇ ਬਾਲ ਅੰਞਾਨ, ਆਪ ਆਪਣੀ ਗੋਦ ਉਠਾਇਆ। ਸ਼ਬਦ ਜਣਾਈ ਧੁਰ ਫ਼ਰਮਾਣ, ਬੋਧ ਅਗਾਧ ਆਪ ਸੁਣਾਇਆ। ਏਕਾ ਧੁਨੀ ਰਾਗ ਸੁਣਾਏ ਸਾਚੇ ਕਾਨ, ਅਨਹਦ ਵੇਖ ਵਿਖਾਇਆ। ਪੰਚਮ ਮੇਲਾ ਮੀਤ ਜਹਾਨ, ਮੇਲ ਮਿਲਾਵਾ ਆਪ ਕਰਾਇਆ। ਰਿਖੀ ਕੇਸ ਸ੍ਰੀ ਭਗਵਾਨ, ਦਰ ਦਵਾਰਕਾ ਦਏ ਸੁਹਾਇਆ। ਸੀਤਾ ਸੁਰਤੀ ਕਰ ਪ੍ਰਵਾਨ, ਰਾਮ ਰਾਮਾ ਘਰ ਵਸਾਇਆ। ਗੁਰਮੁਖ ਸਾਚਾ ਚਤੁਰ ਸੁਜਾਨ, ਘਰ ਸਾਚੇ ਮੰਗਲ ਗਾਇਆ। ਪਾਇਆ ਪੁਰਖ ਸ਼ਾਹ ਸੁਲਤਾਨ, ਵਿਛੜ ਕਦੇ ਨਾ ਜਾਇਆ। ਲੇਖਾ ਚੁੱਕੇ ਵਿਚ ਜਹਾਨ, ਆਵਣ ਜਾਵਣ ਪੰਧ ਮੁਕਾਇਆ। ਸਤਿਗੁਰ ਪੂਰਾ ਹੋ ਮਿਹਰਵਾਨ, ਗ਼ਰੀਬ ਨਿਮਾਣੇ ਰਿਹਾ ਗਲੇ ਲਗਾਇਆ। ਸਤਿਜੁਗ ਝੁਲਾਏ ਸਤਿ ਨਿਸ਼ਾਨ, ਸਤ ਰੰਗ ਆਪ ਵਖਾਇਆ। ਪੰਚਮ ਸੀਸ ਸੋਹੇ ਤਾਜ ਮਹਾਨ, ਪੰਚਮ ਮੁੱਖੀ ਉਪਾਇਆ । ਪੰਚਮ ਰਾਗ ਜੋਗ ਸੁਲਤਾਨ, ਸ਼ਬਦ ਖੰਡਾ ਹੱਥ ਉਠਾਇਆ। ਪੰਚਮ ਜੋਧਾ ਸੂਰਬੀਰ ਬਲਵਾਨ, ਪੰਚਮ ਚਰਨ ਕਵਲ ਧਿਆਨ ਰਖਾਇਆ। ਪੰਚਮ ਰਖਾਏ ਇਕ ਨਿਸ਼ਾਨ, ਪੰਚਮ ਏਕਾ ਰਾਹ ਚਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਸ਼ਬਦ ਡੰਕ ਰਾਓ ਰੰਕ, ਏਕਾ ਏਕ ਰਿਹਾ ਸੁਣਾਇਆ। ਸ਼ਬਦ ਡੰਕਾ ਧੁਰ ਦਰਗਾਹ, ਹਰਿ ਸਾਚਾ ਆਪ ਵਜਾਇੰਦਾ। ਅਗੰਮ ਅਗੰਮੜਾ ਬੇਪਰਵਾਹ, ਭੇਵ ਕੋਈ ਨਾ ਪਾਇੰਦਾ। ਸ੍ਰਿਸ਼ਟ ਸਬਾਈ ਬਣ ਮਲਾਹ, ਲੋਕਮਾਤ ਵੇਖ ਵਖਾਇੰਦਾ। ਦਰ ਘਰ ਜਪਾਏ ਏਕਾ ਨਾਂ, ਸੋ ਪੁਰਖ ਨਿਰੰਜਣ ਦਇਆ ਕਮਾਇੰਦਾ। ਚਾਰ ਵਰਨਾਂ ਬਹਾਏ ਏਕਾ ਥਾਂ, ਏਕਾ ਧਰਮ ਰਖਾਇੰਦਾ। ਫੜ ਫੜ ਹੰਸ ਬਣਾਏ ਕਾਂ, ਦੁਰਮਤ ਮੈਲ ਗਵਾਇੰਦਾ। ਆਪ ਉਠਾਏ ਫੜ ਫੜ ਬਾਂਹ, ਦਿਵਸ ਰੈਣ ਸੇਵ ਕਮਾਇੰਦਾ। ਕਰਨਹਾਰਾ ਸਚ ਨਿਆਂ, ਸਾਚੇ ਤਖ਼ਤ ਆਪ ਸੁਹਾਇੰਦਾ। ਥਿਰ ਘਰ ਬੈਠਾ ਏਕਾ ਥਾਂ, ਦੂਜਾ ਦਰ ਨਾ ਕੋਈ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸ੍ਰਿਸ਼ਟ ਸਬਾਈ ਆਪੇ ਪਿਤਾ ਮਾਂ, ਪਿਤਾ ਪੂਤ ਆਪ ਹੋ ਜਾਇੰਦਾ। ਮਾਤ ਪਿਤਾ ਮੀਤ ਸੁਤ ਦੁਲਾਰਾ, ਹਰਿਜਨ ਹਰਿ ਅਖਵਾਇੰਦਾ। ਭਗਤਨ ਮੀਤਾ ਹੋ ਉਜਿਆਰਾ, ਸਤ ਲੋਕ ਫੇਰਾ ਪਾਇੰਦਾ। ਸ਼ਬਦੀ ਸ਼ਬਦ ਧੁੰਨਕਾਰਾ, ਨਾਦੀ ਨਾਦ ਵਜਾਇੰਦਾ। ਬਾਤੀ ਦੀਪ ਜੋਤ ਉਜਿਆਰਾ, ਮੰਦਰ ਅੰਦਰ ਕਰਾਇੰਦਾ। ਖੰਡਾ ਖੜਗ ਤੇਜ਼ ਕਟਾਰਾ, ਚੰਡ ਪ੍ਰਚੰਡ ਵਰਤਾਇੰਦਾ। ਤੀਰ ਕਮਾਨ ਰਸਨਾ ਚਿੱਲਾ ਏਕੰਕਾਰਾ, ਇਕ ਕਮਾਨ ਖਿਚਾਇੰਦਾ। ਪੰਜ ਤਤ ਵਿਕਾਰਾ ਮਾਰੇ ਮਾਰਾ, ਬਜ਼ਰ ਕਪਾਟੀ ਚੀਰ ਚਿਰਾਇੰਦਾ। ਜੂਠੀ ਝੂਠੀ ਮੇਟੇ ਧਾੜਾ, ਸਚ ਸੁੱਚ ਇਕ ਦਰਸਾਇੰਦਾ। ਸਤਿਜੁਗ ਤੇਰਾ ਸਚ ਅਖਾੜਾ, ਘਰ ਸਾਚੇ ਆਪ ਲਗਾਇੰਦਾ। ਦਿਵਸ ਸੁਹਾਏ ਸਤਾਰਾਂ ਹਾੜਾ, ਹਰਿਸੰਗਤ ਮੇਲ ਮਿਲਾਇੰਦਾ। ਜਗੇ ਜੋਤ ਬਹੱਤਰ ਨਾੜਾ, ਅਕਾਸ਼ ਪ੍ਰਕਾਸ਼ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਨਿਰਗੁਣ ਸਰਗੁਣ ਖੇਲੇ ਖੇਲ ਗੁਰਮੁਖ ਮੇਲ ਜੋਤ ਨਿਰੰਜਣ ਚਾੜ੍ਹੇ ਤੇਲ, ਆਦਿ ਨਿਰੰਜਣ ਸਗਨ ਮਨਾਇੰਦਾ।
