੯ ਕੱਤਕ ੨੦੧੫ ਬਿਕ੍ਰਮੀ ਜਗਨ ਨਾਥ ਪੁਰੀ ਮੰਦਰ ਸ਼ਬਦ ਲਿਖਾਏ
ਅਕੱਥ ਕਥਾ ਹਰਿ ਮਿਹਰਵਾਨ, ਹਰਿ ਹਰਿ ਆਪ ਰਖਾਈਆ। ਆਦਿ ਅੰਤ ਸ੍ਰੀ ਭਗਵਾਨ, ਨਿਰਗੁਣ ਜੋਤ ਕਰੇ ਰੁਸ਼ਨਾਈਆ। ਦੋ ਜਹਾਨਾਂ ਵੇਖ ਵਿਖਾਣ, ਲੋਆਂ ਪੁਰੀਆਂ ਫੋਲ ਫੁਲਾਈਆ। ਲੱਖ ਚੁਰਾਸੀ ਵੇਖੇ ਮਾਰ ਧਿਆਨ, ਨੌਂ ਖੰਡ ਖੇਲ ਖਿਲਾਈਆ। ਜੇਰਜ ਅੰਡ ਕਰ ਪਛਾਣ, ਗੁਰਮੁਖ ਸਾਚੇ ਲਏ ਜਗਾਈਆ। ਉਤਭੁਜ ਸੇਤਜ ਕਰ ਪਰਵਾਨ, ਆਪ ਆਪਣੇ ਚਰਨ ਛੁਹਾਈਆ। ਨਿਰਗੁਣ ਸਰਗੁਣ ਖੇਲ ਮਹਾਨ, ਆਦਿ ਅੰਤ ਵੱਡੀ ਵਡਿਆਈਆ। ਜੁਗਾ ਜੁਗੰਤ ਵਖਾਏ ਇਕ ਨਿਸ਼ਾਨ, ਆਦਿ ਪੁਰਖ ਨਿਰੰਜਣ ਆਪ ਬੁਝਾਈਆ। ਸਤਿਜੁਗ ਤ੍ਰੇਤਾ ਰੂਪ ਮਹਾਨ, ਦੁਆਪਰ ਵੇਸ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਅੰਤ ਹਰਿ ਰਘੁਰਾਈਆ। ਇਕ ਇਕੱਲਾ ਦੀਨ ਦਿਆਲਾ, ਏਕਾ ਏਕੰਕਾਰਿਆ। ਜੁਗ ਜੁਗ ਖੇਲੇ ਖੇਲ ਨਿਰਾਲਾ, ਆਦਿ ਅੰਤ ਇਕ ਅਵਤਾਰਿਆ। ਕਲਜੁਗ ਚਲੇ ਅਵੱਲੜੀ ਚਾਲਾ, ਭੇਵ ਕੋਈ ਨਾ ਪਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਖੇਲ ਖਿਲਾ ਰਿਹਾ। ਆਪੇ ਹਰਿ ਹਰਿ ਖੇਲ ਖਿਲੰਦੜਾ, ਆਪੇ ਵੇਖ ਵਿਖਾਏ। ਆਪੇ ਭੇਖੀ ਭੇਖ ਵਟੰਦੜਾ, ਭੇਖਾਧਾਰੀ ਨਾਮ ਧਰਾਏ। ਆਪੇ ਜੁਗ ਜੁਗ ਧਾਰ ਚਲੰਦੜਾ, ਆਪੇ ਮੇਟ ਮਿਟਾਏ। ਆਪੇ ਮੰਦਰ ਮਸਜਿਦ ਮੱਠ ਸ਼ਿਵਦਵਾਲੇ ਧਾਮ ਰਚੰਦੜਾ, ਆਪੇ ਲੇਖੇ ਲਾਏ। ਆਪੇ ਰੂਪ ਅਨੂਪ ਕਰੰਦੜਾ, ਸ਼ਾਹੋ ਭੂਪ ਭੇਵ ਨਾ ਰਾਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਕਰਮ ਕਮਾਏ। ਆਦਿ ਪੁਰਖ ਅਬਿਨਾਸ਼ੀ ਕਰਤਾ, ਕਰਨਹਾਰ ਅਖਵਾਇਆ। ਸ੍ਰਿਸ਼ਟ ਸਬਾਈ ਵੇਖੇ ਧਰਨੀ ਧਰਤ, ਧਵਲ ਸੁਹਾਇਆ। ਜਾਣੇ ਭੇਵ ਲੋਆਂ ਪੁਰੀਆਂ ਦਰ ਦਰ ਘਰ ਘਰ, ਦਰ ਦਰ ਘਰ ਘਰ ਬੈਠਾ ਵੇਖ ਵਿਖਾਏ। ਖੇਲੇ ਖੇਲ ਨਾਰੀ ਨਰ, ਨਰ ਨਰਾਇਣ ਰੂਪ ਵਟਾਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਖੇਲ ਖਿਲਾਏ। ਖੇਲਣਹਾਰ ਹਰਿ ਨਿਰੰਕਾਰਾ, ਏਕਾ ਏਕੰਕਾਰਿਆ। ਕਲਜੁਗ ਤੇਰੀ ਧਾਰ ਵਖਾਨਾ, ਰੂਪ ਅਨੂਪ ਵਿਚ ਸੰਸਾਰਿਆ। ਕਾਹਨਾ ਕ੍ਰਿਸ਼ਨਾ ਜੋਤ ਮਹਾਨਾ, ਜੋਤੀ ਜੋਤ ਉਜਿਆਰਿਆ। ਵਲ ਛਲ ਸ੍ਰਿਸ਼ਟ ਸੁਹਾਨਾ, ਜੀਵ ਜੰਤ ਵੇਖ ਵਖਾ ਰਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦੇਵੀ ਦੇਵਾ ਰੂਪ ਵਟਾ ਰਿਹਾ। ਆਤਮ ਆਤਮਾ ਵਾਸਦੇਵ, ਨਿਰਗੁਣ ਹਰਿ ਨਿਰੰਕਾਰਿਆ। ਪਾਰਬ੍ਰਹਮ ਅਲੱਖ ਅਭੇਵ, ਵੇਦ ਕਤੇਬ ਭੇਵ ਕੋਈ ਨਾ ਪਾ ਰਿਹਾ। ਆਪੇ ਜਾਣੇ ਆਪਣੀ ਪੂਜਾ ਸੇਵ, ਆਪ ਆਪਣੀ ਸੇਵ ਕਮਾ ਰਿਹਾ। ਆਪੇ ਵਸੇ ਨਿਹਚਲ ਧਾਮ ਨਿਹਕੇਵ, ਨਿਰਗੁਣ ਸਰਗੁਣ ਵੇਖ ਵਖਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣੀ ਰਚਨ ਰਚਾ ਰਿਹਾ। ਰਚਨਹਾਰ ਹਰਿ ਰਘੁਨਾਥਾ, ਏਕਾ ਏਕ ਅਖਵਾਇੰਦਾ। ਆਪ ਚਲਾਏ ਆਪਣਾ ਰਾਥਾ, ਰਥ ਰਥਵਾਹੀ ਆਪ ਹੋ ਜਾਇੰਦਾ। ਪ੍ਰਗਟ ਹੋ ਤ੍ਰਲੋਕੀ ਨਾਥਾ, ਤ੍ਰੈਲੋਕਾਂ ਵੇਖ ਵਖਾਇੰਦਾ। ਬ੍ਰਹਮਾ ਵਿਸ਼ਨ ਸ਼ਿਵ ਗਾਇਨ ਗਾਥਾ, ਕਰੋੜ ਤੇਤੀਸਾ ਰਸਨ ਅਲਾਇੰਦਾ। ਰਾਜ ਰਾਜਾਨ ਸ਼ਾਹ ਸੁਲਤਾਨ ਨਿਉਂ ਨਿਉਂ ਟੇਕਨ ਮਾਥਾ, ਸਰਨ ਸਰਨਾਈ ਇਕ ਵਖਾਇੰਦਾ। ਸਮਰਥ ਕਲਾ ਆਪੇ ਸਮਰਾਥਾ, ਭੇਵ ਕੋਈ ਨਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਨਾਮ ਧਰਾਇੰਦਾ। ਆਪ ਆਪਣਾ ਨਾਮ ਧਰਾ, ਆਪਣੀ ਕਲਾ ਵਰਤਾਈਆ। ਜੱਜਾਯ ਜਗ ਗਿਆ ਸਮਾ, ਜਾਗਰਤ ਦਿਸ ਨਾ ਆਈਆ। ਗੱਗਾਯ ਗੋਬਿੰਦ ਵੇਸ ਵਟਾ, ਰੂਪ ਰੇਖ ਨਾ ਰਾਈਆ। ਨੱਨਾਯ ਨਿਰਗੁਣ ਫੇਰੀ ਪਾ, ਨਰ ਹਰਿ ਵੱਡੀ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣੀ ਲਗਨ ਲਗਾਈਆ। ਨੱਨਾਯ ਨਾਮ ਨਿਰਗੁਣ ਧਾਰ, ਨਰ ਹਰਿ ਆਪ ਉਪਾਈਆ । ਥੱਥਾਯ ਥਿਰ ਘਰ ਬੈਠ ਦਰਬਾਰ, ਖੇਲੇ ਖੇਲ ਹਰ ਘਟ ਥਾਈਂਆ। ਜਗਨ ਨਾਥ ਜਗਤ ਭਿਖਾਰ, ਦਰ ਦਰ ਫੇਰਾ ਪਾਈਆ। ਬਲਦੇਵ ਸੁਭਦਰਾ ਕ੍ਰਿਸ਼ਨ ਮੁਰਾਰ, ਨੇਤਰ ਰੋ ਰੋ ਨੀਰ ਵਹਾਈਆ। ਲਹਿਣਾ ਦੇਣਾ ਵਿਚ ਸੰਸਾਰ, ਲੋਕਮਾਤ ਵੇਖ ਵਖਾਈਆ। ਜੀਵ ਜੋਤ ਜਗਤ ਅਧਾਰ, ਦੇ ਮੱਤ ਸਮਝਾਈਆ। ਨਾਰੀ ਨਰ ਨਾ ਹੋਏ ਖਵਾਰ, ਨਾਰਦ ਮੁੰਨ ਵੇਖ ਵਿਖਾਈਆ। ਸੁਖਦੇਵ ਬੋਲੇ ਕਰ ਪਿਆਰ, ਬ੍ਰਹਮ ਸਲੋਕ ਚਾਰ ਜਣਾਈਆ। ਬਾਰਾਂ ਅੱਖਰ ਬੰਨ੍ਹੇ ਧਾਰ, ਦੁਆਪਰ ਵਡ ਵਡਿਆਈਆ। ਕਲਜੁਗ ਕੂੜਾ ਵੇਖ ਪਸਾਰ, ਕੂੜਾ ਟਿੱਕਾ ਕਾਲੀ ਮਸਤਕ ਛਾਹੀਆ। ਆਪ ਆਪਣੇ ਨੈਣ ਉਘਾੜ, ਆਪ ਆਪਣੀ ਬੂਝ ਬੁਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਗਤ ਕਿਰਿਆ ਵੇਖ ਵਿਖਾਈਆ। ਜਗਤ ਕਿਰਿਆ ਚਾਰ ਜੁਗ, ਹਰਿ ਨਾਤਾ ਜੋੜ ਜੁੜਾਇਆ। ਸਿਲ ਪੂਜਸ ਪਾਹਨ ਬੁੱਤ, ਦਰ ਦਰਵੇਸ਼ ਵੇਖ ਵਖਾਇਆ। ਕਰੇ ਭੇਖ ਅਬਿਨਾਸ਼ੀ ਰੂਪ, ਆਪ ਆਪਣਾ ਭੇਖ ਵਟਾਇਆ। ਆਪ ਉਪਾਇਆ ਆਪਣਾ ਸੁੱਤ, ਆਪੇ ਦੇ ਮੱਤ ਸਮਝਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਅੰਤਮ ਡੇਰਾ ਲਾਇਆ। ਆਪਣਾ ਸੁਤ ਦੁਲਾਰ, ਧਰਮੀ ਧਰਮ ਜੈਕਾਰਿਆ। ਖੇਲੇ ਖੇਲ ਅਗੰਮ ਅਪਾਰ, ਪੰਡਤ ਪਾਂਧਾ ਭੇਵ ਕੋਈ ਨਾ ਪਾ ਰਿਹਾ। ਰਾਜ ਰਾਜਾਨ ਸੁੱਤੇ ਪੈਰ ਪਸਾਰ, ਆਤਮ ਬ੍ਰਹਮ ਗਿਆਨ ਨਾ ਕੋਈ ਵਖਾ ਲਿਆ। ਆਦਿ ਨਿਰੰਜਣ ਵੇਖੇ ਮਾਰ ਧਿਆਨ, ਦਰ ਦਵਾਰ ਇਕ ਸੁਹਾ ਰਿਹਾ। ਜੋਤ ਨਿਰੰਜਣ ਮਿਹਰਵਾਨ, ਭੁੱਲ ਭੁਲਾਵਾ ਆਪ ਕਰਾ ਰਿਹਾ। ਭਗਤ ਭਗਤੀ ਕਰ ਪ੍ਰਵਾਨ, ਭਗਵਾਨ ਦਰਸ ਦਿਖਾ ਰਿਹਾ। ਇਕ ਵਖਾਏ ਸਚ ਨਿਸ਼ਾਨ, ਤ੍ਰੈ ਤ੍ਰੈ ਵੇਸ ਵਟਾ ਲਿਆ। ਏਕੰਕਾਰਾ ਰੰਗ ਮਹਾਨ, ਓਅੰਕਾਰਾ ਸੰਗ ਰਖਾ ਲਿਆ। ਸ਼ਬਦ ਸ਼ਬਦ ਜੈਕਾਰ, ਤ੍ਰੈ ਤ੍ਰੈ ਲੋਕ ਵਖਾ ਲਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਬੰਧਨ ਪਾ ਰਿਹਾ। ਜਗਨ ਨਾਥ ਕਰਿਆ ਗੁਰ ਮੀਤਾ, ਪਰਮ ਪੁਰਖ ਵਡਿਆਈਆ। ਸੇਵਕ ਸੇਵਾ ਲਾਏ ਰਾਮਾ ਸੀਤਾ, ਕਾਹਨਾ ਕ੍ਰਿਸ਼ਨਾ ਵੇਖ ਵਖਾਈਆ। ਲੇਖਾ ਜਾਣੇ ਅਠਾਰਾਂ ਧਿਆਏ ਗੀਤਾ, ਪੁਰਾਨ ਅਠਾਰਾਂ ਫੋਲ ਫੁਲਾਈਆ। ਰਿਖ ਮੁਨ ਵੇਖ ਅਤੀਤਾ, ਬ੍ਰਹਮ ਬ੍ਰਹਮ ਫੋਲ ਫੁਲਾਈਆ। ਵਾਸਦੇਵ ਹਸਤ ਕੀਟਾ, ਊਚ ਨੀਚ ਸਮਾਈਆ। ਕਰੇ ਖੇਲ ਇਕ ਅਨਡੀਠਾ, ਦਿਸ ਕਿਸੇ ਨਾ ਆਈਆ। ਜਨ ਭਗਤਾਂ ਮੁਖ ਰਸ ਲਗਾਏ ਮੀਠਾ, ਮਨਮੁੱਖ ਹੋਏ ਹਲਕਾਈਆ। ਕਲਜੁਗ ਕਾਇਆ ਕੌੜਾ ਰੀਠਾ, ਮਿੱਠਾ ਫਲ ਨਾ ਕੋਈ ਖਵਾਈਆ। ਆਪਣਾ ਮਨ ਨਾ ਕਿਸੇ ਜੀਤਾ, ਜੂਠਾ ਝੂਠਾ ਮਸਤਕ ਤਿਲਕ ਲਗਾਈਆ। ਨਾਮ ਨਿਧਾਨ ਕਿਸੇ ਨਾ ਪੀਤਾ, ਆਤਮ ਅਤੀਤਾ ਨਾ ਕੋਈ ਜਣਾਈਆ। ਹਰਿ ਹਰਿ ਮਿਲਿਆ ਨਾ ਸਾਚਾ ਮੀਤਾ, ਘਰ ਘਰ ਬੈਠੇ ਟੱਲੀਆਂ ਰਹੇ ਖੜਕਾਈਆ। ਆਪ ਅਪਰੰਪਰ ਪਤਿਤ ਪੁਨੀਤਾ, ਭੇਖਾਧਾਰੀ ਬਾਵਣ ਰੂਪ ਵਟਾਈਆ। ਲੱਖ ਚੁਰਾਸੀ ਪਰਖਣਹਾਰਾ ਨੀਤਾ, ਇਕ ਗਿਆਨ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣੀ ਬੂਝ ਬੁਝਾਈਆ। ਏਕਾ ਬੂਝ ਸ਼ਬਦ ਗਿਆਨ, ਹਰਿਜਨ ਆਪ ਜਣਾਇੰਦਾ। ਵੇਖ ਵਖਾਏ ਮਾਰ ਧਿਆਨ, ਨੇਤਰ ਇਕ ਖੁਲ੍ਹਾਇੰਦਾ। ਏਕਾ ਏਕ ਸ੍ਰੀ ਭਗਵਾਨ, ਵਰਨ ਬਰਨ ਨਾ ਕੋਈ ਜਣਾਇੰਦਾ। ਧਰਮ ਝੁਲਾਏ ਇਕ ਨਿਸ਼ਾਨ, ਦੋ ਜਹਾਨਾ ਵੇਖ ਵਖਾਇੰਦਾ। ਚੌਦਾਂ ਲੋਕਾਂ ਹਰਿ ਪ੍ਰਧਾਨ, ਚੌਦਾਂ ਹੱਟ ਖੁਲ੍ਹਾਇੰਦਾ। ਪੁਰਖ ਅਗੰਮਾ ਹਰਿ ਮਿਹਰਬਾਨ, ਆਪ ਆਪਣੀ ਕਲ ਵਰਤਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵੇਖਣਹਾਰਾ ਦਰ ਦਰ, ਮੰਦਰ ਮੱਠ ਸ਼ਿਵਦਵਾਲਾ ਦੀਨਾ ਬੰਧਪ ਦੀਨ ਦਿਆਲਾ, ਗੁਰ ਗੋਪਾਲਾ ਆਪ ਆਪਣਾ ਮੇਲ ਮਿਲਾਇੰਦਾ। ਜਗਤ ਮੱਠ ਕਰ ਤਿਆਰ, ਕਲਜੁਗ ਬਣਤ ਬਣਾਈਆ। ਚਰਨ ਰਖਾਏ ਅਠਸਠ, ਹਰਿ ਵੱਡੀ ਵਡਿਆਈਆ। ਕਰੋੜ ਤੇਤੀਸਾ ਕਰ ਇਕੱਠ, ਅੰਦਰ ਮੰਦਰ ਬੰਧਨ ਪਾਈਆ। ਬ੍ਰਹਮਾ ਵਿਸ਼ਨ ਸ਼ਿਵ ਗਣਪਤ ਗਣੇਸ਼ਾ ਵੇਖਣ ਨੱਠ ਨੱਠ, ਦਿਵਸ ਰੈਣ ਸੇਵ ਕਮਾਈਆ। ਰਵ ਸਸ ਛੱਡਿਆ ਹਠ, ਬੈਠੈ ਮੁਖ ਛੁਪਾਈਆ। ਧਰਮ ਰਾਏ ਬੰਨ੍ਹੇ ਗੱਠ, ਆਪ ਆਪਣਾ ਪੰਧ ਮੁਕਾਈਆ। ਪਾਰਬ੍ਰਹਮ ਪ੍ਰਭ ਕਰ ਇਕੱਠ, ਆਪਣੇ ਹੱਥ ਰੱਖੇ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਗਤ ਕਿਰਿਆ ਬੰਦ ਕਰਾਈਆ। ਕਲਜੁਗ ਕਿਰਿਆ ਜਗਤ ਪਸਾਰ, ਹਰਿ ਸਾਚਾ ਵੇਖ ਵਖਾਇੰਦਾ। ਮੰਦਰ ਮੱਠ ਕਰ ਤਿਆਰ, ਅੰਦਰ ਮੰਦਰ ਡੇਰਾ ਲਾਇੰਦਾ। ਨੱਠ ਨੱਠ ਵੇਖ ਦਵਾਰ, ਨਾਨਕ ਨਿਰਗੁਣ ਫੇਰਾ ਪਾਇੰਦਾ। ਮੰਗੀ ਮੰਗ ਮੱਠ ਢਹਿ ਦਵਾਰ, ਰਾਜਸ ਤਾਮਸ ਸਾਂਤਕ ਲੇਖੇ ਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਸ਼ਬਦ ਇਕ ਗਿਆਨ, ਏਕਾ ਮੰਤਰ ਹਰਿ ਭਗਵਾਨ, ਏਕਾ ਤੀਰ ਇਕ ਨਿਸ਼ਾਨ, ਏਕਾ ਚਿੱਲੇ ਆਪ ਚੜ੍ਹਾਇੰਦਾ। ਨਾਨਕ ਗੁਰ ਜਗਤ ਤਿਆਗ, ਨਿਰਗੁਣ ਵਿਚ ਸਮਾਇਆ। ਆਏ ਚਲ ਬਣ ਭਿਖਾਰ, ਵੇਸ ਅਨੇਕਾ ਇਕ ਕਰਾਇਆ। ਪੰਡਤ ਪਾਂਧੇ ਮਾਰੇ ਮਾਰ, ਭੇਵ ਅਭੇਦਾ ਭੇਵ ਛੁਪਾਇਆ। ਉਤਰ ਪੂਰਬ ਪੱਛਮ ਦੱਖਣ ਚਾਰੇ ਦਿਸ਼ਾਂ ਵਿਚਾਰ, ਪੂਰਬ ਡੇਰਾ ਲਾਇਆ। ਆਪ ਆਪਣੀ ਕਿਰਪਾ ਧਾਰ, ਨੇਤਰ ਨੈਣ ਆਪ ਖੁਲ੍ਹਾਇਆ। ਏਕਾ ਵੇਖੇ ਮੀਤ ਮੁਰਾਰ, ਸ੍ਰਿਸ਼ਟ ਸਬਾਈ ਕੂੜ ਕੂੜਾ ਧੰਦਾ ਵੇਖ ਵਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਰੰਗ ਰੰਗਾਇਆ। ਨਾਨਕ ਗੁਰ ਸ਼ਬਦ ਵਰਤਾਰ, ਏਕਾ ਸ਼ਬਦ ਜਣਾਈਆ। ਸਾਰੰਗ ਬੋਲੇ ਨਿਰੰਕਾਰ ਨਿਰੰਕਾਰ ਨਿਰੰਕਾਰ, ਨਿਰਗੁਣ ਵੇਖ ਵਿਖਾਈਆ। ਮੱਠ ਦਵਾਲਾ ਖ਼ਬਰਦਾਰ, ਮੰਦਰ ਅੰਦਰ ਪਏ ਦੁਹਾਈਆ। ਰਾਜ ਰਾਜਾਨ ਚਰਨ ਦਵਾਰ, ਦੋਏ ਜੋੜ ਸੀਸ ਝੁਕਾਈਆ। ਗੁਰ ਗੁਰ ਮਿਹਰਵਾਨ, ਆਪ ਆਪਣੀ ਦਇਆ ਕਮਾਈਆ। ਅੰਦਰ ਬਾਹਿਰ ਏਕੋ ਜਾਣ, ਏਕਾ ਰੰਗ ਸਮਾਈਆ। ਘਟ ਘਟ ਵੇਖ ਸ੍ਰੀ ਭਗਵਾਨ, ਦੇ ਮਤ ਰਿਹਾ ਸਮਝਾਈਆ। ਕਾਇਆ ਮੰਦਰ ਸਚ ਮਕਾਨ, ਘਰ ਬੈਠਾ ਬੇਪਰਵਾਹੀਆ। ਉਤਰ ਦਿਸ਼ਾ ਕਰ ਪ੍ਰਧਾਨ, ਆਪ ਆਪਣਾ ਚਰਨ ਕਢਾਈਆ। ਵੇਖੇ ਰਾਹ ਦੋ ਜਹਾਨ, ਆਪ ਆਪਣਾ ਮੁਖ ਸਾਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਸ਼ਬਦ ਦਿਤਾ ਵਰ, ਏਕਾ ਤਾਲ ਵਜਾਈਆ। ਸ਼ਬਦ ਹਰਿ ਜਗਤ ਮਲਾਹ, ਨਾਨਕ ਮੇਲ ਮਿਲਾਇੰਦਾ। ਨਿਰਗੁਣ ਸਰਗੁਣ ਇਕ ਸਲਾਹ, ਏਕਾ ਰੂਪ ਸਮਾਇੰਦਾ। ਏਕਾ ਅੱਖਰ ਏਕਾ ਨਾਉਂ, ਏਕਾ ਜਾਪ ਜਪਾਇੰਦਾ। ਏਕਾ ਪਿਤਾ ਏਕਾ ਮਾਂ, ਸ੍ਰਿਸ਼ਟ ਸਬਾਈ ਇਕ ਰਖਾਇੰਦਾ। ਏਕਾ ਦੇਵਣਹਾਰਾ ਠੰਡੀ ਛਾਂ, ਏਕਾ ਧਾਰ ਚਲਾਇੰਦਾ। ਨਾਨਕ ਨਿਰਗੁਣ ਵੇਖੇ ਥਾਂ ਥਾਂ, ਹਰ ਘਟ ਹਰਿ ਹਰਿ ਨਜ਼ਰੀ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਸ਼ਬਦ ਜਣਾਇੰਦਾ। ਨਾਨਕ ਨਿਰਗੁਣ ਜੈਕਾਰ, ਸ਼ਬਦੀ ਸ਼ਬਦ ਜਣਾਇਆ। ਤੇਰਾ ਮੇਰਾ ਇਕ ਪਿਆਰ, ਏਕਾ ਰੂਪ ਸਮਾਇਆ। ਤੇਰਾ ਚਰਨ ਸੱਚਾ ਦਰਬਾਰ, ਥਿਰ ਘਰ ਇਕ ਵਿਖਾਇਆ। ਤੇਰਾ ਤੇਰੀ ਪਾਵੇ ਸਾਰ, ਕਲਜੁਗ ਅੰਤਮ ਵੇਖ ਵਖਾਇਆ। ਨਿਹਕਲੰਕ ਲਏ ਅਵਤਾਰ, ਜੋਤੀ ਨੂਰ ਦਰਸਾਇਆ। ਜੋਤੀ ਖਿਚ ਲਿਆਏ ਚਰਨ ਦਵਾਰ, ਪੂਜਾ ਪਾਠ ਨਾ ਕੋਈ ਜਣਾਇਆ। ਕਰੋੜ ਤੇਤੀਸਾ ਰੋਵੇ ਜ਼ਾਰੋ ਜ਼ਾਰ, ਬ੍ਰਹਮਾ ਵਿਸ਼ਨ ਸ਼ਿਵ ਕੁਰਲਾਇਆ। ਸੇਵਕ ਲਾਇਆ ਮੰਦਰ ਮੱਠ ਨਾ ਕੋਈ ਧਾਰ, ਪੰਡਤ ਪਾਂਧਾ ਨਾ ਕੋਈ ਜਣਾਇਆ । ਅਠਸਠ ਲੇਖਾ ਚੁੱਕੇ ਅਗੰਮ ਅਪਾਰ, ਨੱਠ ਨੱਠ ਫੇਰਾ ਪਾਇਆ। ਤੱਟ ਕਿਨਾਰਾ ਨਾ ਕੋਈ ਵਿਚਾਰ, ਸਰ ਸਰੋਵਰ ਨਾ ਕੋਇ ਨੁਹਾਇਆ। ਜੋਤ ਲਟ ਲਟ ਲਟ ਜਗੇ ਕਰਤਾਰ, ਨਿਰਗੁਣ ਨਰ ਨਰਾਇਣ ਹਰਿ ਫੇਰਾ ਪਾਇਆ। ਘਟ ਘਟ ਮੇਲਾ ਮੀਤ ਮੁਰਾਰ, ਬ੍ਰਹਮ ਪਾਰਬ੍ਰਹਮ ਮਿਲਾਇਆ। ਦੁਰਮਤ ਮੈਲ ਕੱਟ ਕੱਟ, ਹਰਿਜਨ ਸਾਚੇ ਵੇਖ ਵਖਾਇਆ। ਨੇਤਰ ਲੋਚਣ ਦੱਸੇ ਧੀਰਜ ਸਾਚਾ ਜਤ, ਚਰਨ ਕਵਲ ਸਤਿ ਸੰਤੋਖ ਵਖਾਇਆ। ਗੁਰਮਤ ਦੇਵੇ ਸਾਚੀ ਮੱਤ, ਝੂਠੀ ਰੱਤ ਰਹੇ ਨਾ ਰਾਇਆ। ਏਕਾ ਏਕ ਮਿਲਾਵਾ ਕਮਲਾਪਤ, ਨਾਰੀ ਕੰਤਾ ਰੂਪ ਸਮਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਤੇਰਾ ਲਹਿਣਾ ਤੇਰਾ ਭੇਖ, ਆਪੇ ਵੇਖੇ ਵੇਖਣਹਾਰ ਦਿਸ ਕਿਸੇ ਨਾ ਆਇਆ। ਮੱਠ ਦਵਾਲਾ ਜਗਤ ਮੰਦਰ, ਹਰਿ ਹਰਿ ਜੋਤ ਖਿਚਾਈਆ। ਜਾਗਰਤ ਜੋਤੀ ਰਹੇ ਨਾ ਕਿਸੇ ਅੰਦਰ, ਪੰਡਤ ਪਾਂਧਾ ਨਾ ਕੋਈ ਵਡਿਆਈਆ। ਦਸਮ ਦਵਾਰੀ ਮਾਰੇ ਜੰਦਰ, ਨਾ ਕੋਈ ਖੋਲ੍ਹੇ ਖੋਲ੍ਹ ਖੁਲ੍ਹਾਈਆ। ਨੌਂ ਦਵਾਰੇ ਨੱਚੇ ਬੰਦਰ, ਹਰਿ ਕਲੰਦਰ ਆਪ ਨਚਾਈਆ । ਬੀਸ ਬੀਸਾ ਆਪੇ ਕਰੇ ਕਰਾਏ ਖੰਡਰ, ਜਗਤ ਢੇਰ ਨਾ ਕੋਇ ਉਠਾਈਆ। ਲੇਖਾ ਚੁਕਾਏ ਬਿਕ੍ਰਮੀ ਬੀਸ ਸੌ ਪੰਦਰਾਂ ਅੰਦਰੇ ਅੰਦਰ, ਭੇਵ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਆਪਣੇ ਹੱਥ ਰੱਖੀ ਵਡਿਆਈਆ।
