Granth 08 Likhat 026: 29 Magh 2015 Bikarmi Kaptan Banta Singh de Ghar Panj Garahi Jila Gurdaspur

੨੯ ਮਾਘ ੨੦੧੫ ਬਿਕ੍ਰਮੀ ਕਪਤਾਨ ਬੰਤਾ ਸਿੰਘ ਦੇ ਘਰ ਪੰਜ ਗਰਾਈ ਜ਼ਿਲਾ ਗੁਰਦਾਸਪੁਰ

ਸਤਿਗੁਰ ਪੂਰਾ ਹਰਿ ਮਿਹਰਬਾਨ, ਸਤਿ ਸਰੂਪ ਸਮਾਇਆ। ਵਸਣਹਾਰਾ ਸਚ ਮਕਾਨ, ਭੇਵ ਕਿਸੇ ਨਾ ਪਾਇਆ। ਏਕਉਂਕਾਰ ਸ੍ਰੀ ਭਗਵਾਨ, ਨਿਰਗੁਣ ਜੋਤ ਨੂਰ ਰੁਸ਼ਨਾਇਆ। ਦਾਤਾ ਦਾਨੀ ਦੋ ਜਹਾਨ, ਦੋ ਜਹਾਨਾ ਡੇਰਾ ਲਾਇਆ। ਆਦਿ ਸ਼ਕਤ ਰੂਪ ਮਹਾਨ, ਸੁਤੇ ਪਰਕਾਸ਼ ਕਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਜੁਗਾਦਿ ਆਪ ਅਖਵਾਇਆ। ਆਦਿ ਜੁਗਾਦਿ ਹਰਿ ਭਗਵਾਨਾ, ਏਕਾ ਏਕ ਅਖਵਾਇੰਦਾ। ਸਤਿਗੁਰ ਪੂਰਾ ਗੁਣ ਨਿਧਾਨਾ, ਆਪ ਆਪਣਾ ਨਾਉਂ ਰਖਾਇੰਦਾ। ਆਪੇ ਦੇਵਣਹਾਰਾ ਦਾਨਾ, ਆਪਣੀ ਝੋਲੀ ਆਪ ਭਰਾਇੰਦਾ। ਆਪੇ ਦੇਵੇ ਆਪਣਾ ਮਾਣਾ, ਦਰਗਹਿ ਸਾਚੀ ਧਾਮ ਸੁਹਾਇੰਦਾ। ਆਪ ਵਖਾਏ ਧੁਰ ਨਿਸ਼ਾਨਾ, ਸਚ ਨਿਸ਼ਾਨਾ ਆਪ ਝੁਲਾਇੰਦਾ। ਆਪੇ ਸ਼ਾਹੋ ਭੂਪ ਸੁਲਤਾਨਾ, ਰਾਜ ਰਾਜਾਨ ਆਪ ਹੋ ਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਜੁਗਾਦਿ ਖੇਲ ਖਿਲਾਇੰਦਾ। ਆਦਿ ਜੁਗਾਦੀ ਏਕਉਂਕਾਰਾ, ਏਕਾ ਰੂਪ ਸਮਾਈਆ। ਆਪ ਆਪਣਾ ਕਰ ਪਸਾਰਾ, ਆਪੇ ਵੇਖ ਵਖਾਈਆ। ਨਿਰਗੁਣ ਦੀਪਕ ਕਰ ਉਜਿਆਰਾ, ਸਚ ਮਹੱਲ ਕਰੇ ਰੁਸ਼ਨਾਈਆ। ਥਿਰ ਘਰ ਬੈਠਾ ਇਕ ਦਵਾਰਾ, ਏਕਾ ਘਰ ਵਸਾਈਆ। ਸਚ ਸਿੰਘਾਸਣ ਭੇਵ ਅਪਾਰਾ, ਹਰਿ ਸਾਚੀ ਬਣਤ ਬਣਾਈਆ। ਨਾ ਕੋਈ ਦੀਸੇ ਚੋਬਦਾਰਾ, ਨਾ ਕੋਈ ਅਲਖ ਜਗਾਈਆ। ਨਾ ਕੋਈ ਸੱਜਣ ਮੀਤ ਮੁਰਾਰਾ, ਸਖਾ ਸਖਾਈ ਨਾ ਕੋਇ ਵਖਾਈਆ। ਨਾ ਕੋਈ ਸੱਜਣ ਮੀਤ ਮੁਰਾਰਾ, ਭੈਣ ਭਾਈ ਨਾ ਕੋਇ ਉਪਜਾਈਆ। ਮਾਤ ਪਿਤ ਨਾ ਸੁੱਤ ਦੁਲਾਰਾ, ਜਨਣੀ ਗੋਦ ਨਾ ਕੋਇ ਉਠਾਈਆ। ਨਾ ਕੋਈ ਦੇਵੇ ਪਵਣ ਹੁਲਾਰਾ, ਜਲ ਧਾਰ ਨਾ ਕੋਇ ਵਗਾਈਆ। ਨਾ ਕੋਈ ਦੀਸੇ ਰਵ ਸਸ ਸਤਾਰਾ, ਗਗਨ ਮੰਡਲ ਨਾ ਕੋਇ ਜਣਾਈਆ। ਨਾ ਕੋਈ ਧਰਤ ਧਵਲ ਦਏ ਸਹਾਰਾ, ਨਾ ਕੋਇ ਸ਼ੇਸ਼ ਮੁਖ ਖੁਲ੍ਹਾਈਆ। ਨਾ ਕੋਈ ਬ੍ਰਹਮਾ ਵੇਦ ਵਿਚਾਰਾ, ਨਾ ਵਿਸ਼ਨੂੰ ਰਿਜ਼ਕ ਸਬਾਈਆ। ਨਾ ਕੋਈ ਸ਼ੰਕਰ ਕਰੇ ਸੰਘਾਰਾ, ਦੇਵਤ ਸੁਰ ਨਾ ਕੋਇ ਗਾਈਆ। ਨਾ ਕੋਈ ਇੰਦਰ ਬਰਖੇ ਧਾਰਾ, ਨਾ ਕੋਈ ਛਹਿਬਰ ਵੇਖ ਵਖਾਈਆ। ਗਣ ਗੰਧਰਬ ਨਾ ਕੋਈ ਅਖਾੜਾ, ਅਪੱਛਰਾਂ ਨਾਚ ਨਾ ਕੋਇ ਨਚਾਈਆ। ਤ੍ਰੈਗੁਣ ਮਾਇਆ ਨਾ ਕੋਇ ਪਸਾਰਾ, ਰਾਜਸ ਤਾਮਸ ਸਤਿ ਨਾ ਕੋਇ ਜਣਾਈਆ। ਨਾ ਕੋਈ ਪੰਚਮ ਮੋਹ ਪਿਆਰਾ, ਪੰਚਮ ਜੜਤ ਨਾ ਕੋਇ ਜੜਾਈਆ। ਅਪ ਤੇਜ਼ ਵਾਏ ਪ੍ਰਿਥਮੀ ਅਕਾਸ਼, ਮਨ ਮਤ ਬੁਧ ਨਾ ਕੋਇ ਵਖਾਈਆ। ਨਾ ਕੋਈ ਦੀਸੇ ਨੌ ਦਵਾਰਾ, ਦਸਵਾਂ ਆਸਣ ਕੋਇ ਨਾ ਲਾਈਆ। ਨਾ ਕੋਈ ਉਤਭੁਜ ਸੇਤਜ ਜੇਰਜ ਅੰਡ ਵਰਤਾਰਾ, ਨਾ ਕੋਈ ਖਾਣੀ ਰਚਨ ਰਚਾਈਆ। ਨਾ ਕੋਈ ਸ਼ਬਦ ਨਾ ਧੁਨਕਾਰਾ, ਨਾ ਕੋਈ ਤਾਲ ਵਜਾਈਆ। ਨਾ ਕੋਈ ਰਾਮ ਕ੍ਰਿਸ਼ਨ ਅਵਤਾਰਾ, ਨਾ ਕੋਈ ਤੱਤਵ ਤੱਤ ਸਮਾਈਆ। ਨਾ ਕੋਈ ਵੇਦ ਵਿਆਸ ਬਣੇ ਲਿਖਾਰਾ, ਆਪ ਆਪਣੀ ਕਰ ਵਡਿਆਈਆ। ਨਾ ਕੋਈ ਗੀਤਾ ਗਿਆਨ ਉਜਿਆਰਾ, ਵਿਸ਼ਨ ਵਰਾਟ ਨਾ ਕੋਇ ਉਪਾਈਆ। ਈਸਾ ਮੂਸਾ ਨਾ ਕੋਈ ਸਹਾਰਾ, ਅਹਿਮਦ ਮੁਹੰਮਦ ਨਾ ਕੋਇ ਕੁੜਮਾਈਆ। ਨਾ ਕੋਈ ਨਿਰਗੁਣ ਤੱਤ ਕਰੇ ਪਿਆਰਾ, ਨਾਨਕ ਨਾਮ ਨਾ ਕੋਇ ਧਰਾਈਆ। ਨਾ ਕੋਈ ਗੋਬਿੰਦ ਬੋਲ ਜੈਕਾਰਾ, ਫਤਹਿ ਡੰਕ ਵਜਾਈਆ। ਲੋਆਂ ਪੁਰੀਆਂ ਨਾ ਕੋਇ ਮੁਨਾਰਾ, ਨੌ ਖੰਡ ਨਾ ਰਚਨ ਰਚਾਈਆ। ਸੱਤ ਦੀਪ ਨਾ ਕੋਇ ਸਹਾਰਾ, ਸਤਿ ਸਫ਼ੈਦ ਨਾ ਕੋਇ ਰਖਾਈਆ। ਛੱਤੀ ਰਾਗ ਨਾ ਕੋਇ ਗਾਣਾ, ਗਾਵਣਹਾਰ ਦਿਸ ਨਾ ਆਈਆ। ਨਾ ਕੋਈ ਪਵਣੀ ਪਵਣ ਮਸਾਣਾ, ਅਕਾਸ਼ ਪਰਕਾਸ਼ ਨਾ ਕੋਇ ਟਿਕਾਈਆ। ਅਵਨ ਗਵਨ ਨਾ ਕੋਇ ਨਗਾਰਾ, ਨਾ ਕੋਈ ਤਾਲ ਵਜਾਈਆ। ਚਿਤਰ ਗੁਪਤ ਨਾ ਕੋਇ ਲਿਖਾਰਾ, ਰਾਏ ਧਰਮ ਨਾ ਦਏ ਸਜ਼ਾਈਆ। ਲਾੜੀ ਮੌਤ ਨਾ ਕਰੇ ਸ਼ੰਗਾਰਾ, ਨਾ ਕੋਈ ਘੁੰਗਟ ਮੁਖ ਤੇ ਪਾਈਆ। ਨਰਕ ਸੁਰਗ ਨਾ ਕੋਇ ਵਿਹਾਰਾ, ਨਾ ਕੋਈ ਰਾਹ ਵਖਾਈਆ। ਗੁਰ ਪੀਰ ਨਾ ਕੋਇ ਅਵਤਾਰਾ, ਸਾਧ ਸੰਤ ਨਾ ਕੋਇ ਜਣਾਈਆ। ਅਬਿਨਾਸ਼ੀ ਕਰਤਾ ਇਕ ਅਕੱਲਾ ਏਕਉਂਕਾਰਾ, ਆਪ ਆਪਣਾ ਰੂਪ ਉਪਾਈਆ। ਜੋਤੀ ਨੂਰ ਨੂਰ ਉਜਿਆਰਾ, ਨੂਰ ਨੂਰ ਵਿਚ ਸਮਾਈਆ। ਆਦਿ ਨਿਰੰਜਣ ਖੇਲ ਅਪਾਰਾ, ਖੇਲੇ ਖੇਲ ਬੇਪਰਵਾਹੀਆ। ਅਲਖ ਅਗੋਚਰ ਭੇਵ ਨਿਆਰਾ, ਅਲੱਖ ਅਲੱਖਣਾ ਲਖਿਆ ਨਾ ਜਾਈਆ। ਪਾਰਬ੍ਰਹਮ ਪ੍ਰਭ ਪੁਰਖ ਅਪਾਰਾ, ਪਰਮ ਪੁਰਖ ਅਖਵਾਈਆ। ਆਪੇ ਜਾਣੇ ਆਪਣੀ ਕਾਰਾ, ਆਪ ਆਪਣੀ ਰਚਨ ਰਚਾਈਆ । ਆਪ ਆਪਣਾ ਕਰ ਪਸਾਰਾ, ਆਪੇ ਵੇਖ ਵਖਾਈਆ। ਲੋਆਂ ਪੁਰੀਆਂ ਦਏ ਸਹਾਰਾ, ਲੋਕਮਾਤ ਵੰਡ ਵੰਡਾਈਆ। ਜੁਗ ਜੁਗ ਲੈ ਆਪ ਅਵਤਾਰਾ, ਖੇਲੇ ਖੇਲ ਹਰਿ ਘਟ ਥਾਈਂਆ। ਸ਼ਬਦੀ ਸ਼ਬਦ ਸ਼ਬਦ ਜੈਕਾਰਾ, ਗੁਰ ਸ਼ਬਦੀ ਨਾਉਂ ਧਰਾਈਆ। ਸਾਧਾਂ ਸੰਤਾਂ ਕਰ ਪਿਆਰਾ, ਆਪ ਆਪਣਾ ਮੇਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਜੁਗਾਦਿ ਵੇਸ ਕਰ, ਜੁਗ ਜੁਗ ਆਪਣਾ ਰਾਹ ਤਕਾਈਆ। ਆਤਮ ਅੰਤਰ ਹਰਿ ਹਰਿ ਜਾਣ, ਆਪੇ ਬੂਝ ਬੁਝਾਇੰਦਾ। ਸੁਰਤੀ ਅੰਦਰ ਸੁਰਤ ਧਿਆਨ, ਸੁਰਤੀ ਸੁਰਤ ਸਮਾਇੰਦਾ। ਸ਼ਬਦੀ ਸ਼ਬਦ ਸ਼ਬਦ ਨਿਗਹਬਾਨ, ਸ਼ਬਦੀ ਨਾਮ ਦ੍ਰਿੜਾਇੰਦਾ। ਅੰਦਰ ਮੰਦਰ ਮੰਗੇ ਦਾਨ, ਡੂੰਘੀ ਕੰਦਰ ਵੇਖ ਵਖਾਇੰਦਾ। ਸੁਣੇ ਸੁਣਾਏ ਆਪਣੇ ਕਾਨ, ਰਾਗ ਅਨਾਦੀ ਤਾਲ ਅਲਾਇੰਦਾ। ਅਨਹਦ ਸੁਨੇਹੜਾ ਸਚ ਮਕਾਨ, ਆਪਣਾ ਆਪ ਜਣਾਇੰਦਾ। ਬੰਨੇ ਬੇੜਾ ਵਿਚ ਜਹਾਨ, ਸਾਚਾ ਖੇੜਾ ਆਪ ਵਸਾਇੰਦਾ। ਦਰ ਦਵਾਰੇ ਬਖ਼ਸ਼ੇ ਮਾਣ, ਆਤਮ ਭਿਛਿਆ ਇਛਿਆ ਝੋਲੀ ਪਾਇੰਦਾ। ਸਾਚਾ ਲੇਖਾ ਧੁਰ ਫ਼ਰਮਾਣ, ਅਗਾਧ ਬੋਧ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਤਮ ਅੰਤਰ ਵਸੇ ਘਰ, ਘਰ ਸਾਚਾ ਇਕ ਸੁਹਾਇੰਦਾ। ਆਤਮ ਅੰਤਰ ਹਰਿਜਨ ਆਸ, ਆਪਣੀ ਆਪ ਉਪਜਾਈਆ। ਆਪ ਬੁਝਾਏ ਜਗਤ ਪਿਆਸ, ਜਗਤ ਪਿਆਸ ਆਪ ਬੁਝਾਈਆ। ਦਾਤਾ ਦਾਨੀ ਸਰਬ ਗੁਣਤਾਸ, ਦਇਆਵਾਨ ਅਖਵਾਈਆ। ਵੇਖਣਹਾਰਾ ਪ੍ਰਿਥਮੀ ਅਕਾਸ਼, ਕਾਇਆ ਡੂੰਘੀ ਕੰਦਰ ਫੋਲ ਫੋਲਾਈਆ। ਕਰੇ ਕਰਾਏ ਪੂਰੀ ਆਸ, ਸਤਿਗੁਰ ਪੂਰੇ ਹੱਥ ਵਡਿਆਈਆ। ਮਾਇਆ ਮਮਤਾ ਮੋਹ ਦਏ ਨਿਵਾਸ, ਮਨ ਡੋਰੀ ਸ਼ਬਦ ਬੰਨਾਈਆ। ਬੁਧ ਬਿਬੇਕੀ ਕਰ ਪਰਕਾਸ਼, ਅਗਿਆਨ ਅੰਧੇਰ ਮਿਟਾਈਆ। ਮਤ ਮਤਵਾਲੀ ਪਾਵੇ ਰਾਸ, ਰਸ ਰਸੀਆ ਵੇਖ ਵਖਾਈਆ। ਵਸਣਹਾਰਾ ਵਿਚ ਸਵਾਸ ਸਵਾਸ, ਪਵਣ ਪਵਣ ਰੂਪ ਹੋ ਜਾਈਆ। ਬਾਲ ਅੰਞਾਣੀ ਜਗਤ ਨਿਮਾਣੀ ਨਾ ਰਹੇ ਉਦਾਸ, ਕਿਰਪਾ ਕਰੇ ਕਰਨੇਹਾਰ ਵਡ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦੇਵਣਹਾਰਾ ਸਾਚਾ ਵਰ, ਘਰ ਸਾਚੇ ਸੋਝੀ ਪਾਈਆ। ਘਰ ਸੁਝਿਆ ਹਰਿ ਹਰਿ ਬੁਝਿਆ, ਆਪਣਾ ਮੂਲ ਪਛਾਨ। ਲਹਿਣਾ ਦੇਣ ਚੁਕਾਏ ਭੇਵ ਗੁਝਿਆ, ਗੁਰਮੁਖ ਸਕੇ ਨਾ ਰਸਨਾ ਗਾਣ। ਚਰਨ ਪ੍ਰੀਤੀ ਆਤਮ ਨੀਤੀ ਸਾਚੀ ਰੀਤੀ ਜੋ ਜਨ ਲੁਝਿਆ, ਅੰਮ੍ਰਿਤ ਮਿਲੇ ਪੀਣ ਖਾਣ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਲੇਖਾ ਜਾਣੇ ਬਾਲ ਨਿਧਾਨ। ਬਾਲ ਬਾਲਾ ਬਾਲੀ ਬੁਧ, ਰਸਨ ਕਹਿਣ ਨਾ ਜਾਈਆ। ਅੰਦਰ ਵਸੇ ਦੇਵੇ ਸੁਧ, ਆਪਣੀ ਬੂਝ ਬੁਝਾਈਆ। ਸਚ ਸਿੰਘਾਸਣ ਆਤਮ ਸੇਜਾ ਬਹੇ ਕੁੱਦ, ਗੁਰ ਸ਼ਬਦ ਵੱਡੀ ਵਡਿਆਈਆ। ਪੰਚ ਵਿਕਾਰਾ ਕਰੇ ਯੁੱਧ, ਸ਼ਬਦ ਖੰਡੇ ਭੇਟ ਚੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵੇਖਣਹਾਰਾ ਸਾਚਾ ਘਰ, ਜੀਓ ਪਿੰਡ ਇੰਡ ਬ੍ਰਹਿਮੰਡੇ ਖੋਜ ਖੋਜਾਈਆ। ਕਾਇਆ ਮੰਦਰ ਆਤਮ ਝਾਕੀ, ਹਰਿ ਹਰਿ ਖੋਲ੍ਹਣਹਾਰਾ ਤਾਕੀ, ਦੂਈ ਦਵੈਤੀ ਪੜਦਾ ਲਾਹੀਆ । ਪਤਤ ਪੁਨੀਤ ਕਰੇ ਪਾਕਨ ਪਾਕੀ, ਪਤਤ ਪਵਣ ਆਪ ਅਖਵਾਇਆ। ਸਤਿਗੁਰ ਪੂਰਾ ਸੱਜਣ ਸਾਕੀ, ਸਗਲਾ ਸੰਗ ਰਖਾਇਆ। ਏਕਾ ਰੱਖੇ ਚਾਲ ਬਾਂਕੀ, ਬੇਹੰਗਮ ਰੂਪ ਵਟਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਦੇਵੇ ਆਪਣਾ ਵਰ, ਪੂਰਨ ਆਸਾ ਜਗਤ ਭਰਵਾਸਾ ਸ਼ਬਦ ਦਿਲਾਸਾ ਕਾਇਆ ਮੰਦਰ ਸਾਚੇ ਅੰਦਰ ਕਰ ਪਿਆਰ, ਹਰਿ ਨਿਰੰਕਾਰ ਜਨ ਪਾਏ ਸਾਰ, ਆਰ ਪਾਰ ਅਧਵਿਚਕਾਰ ਵੇਖ ਵਖਾਇਆ।