੧੪ ਸਾਵਣ ੨੦੧੬ ਬਿਕ੍ਰਮੀ
ਅਬਿਨਾਸ਼ੀ ਕਰਤਾ ਹਰਿ ਨਿਰੰਕਾਰ, ਆਦਿ ਜੁਗਾਦਿ ਸਮਾਇੰਦਾ। ਖੇਲੇ ਖੇਲ ਅਗੰਮ ਅਪਾਰ, ਭੇਵ ਕੋਇ ਨਾ ਪਾਇੰਦਾ। ਨਿਰਗੁਣ ਜੋਤੀ ਨੂਰ ਉਜਿਆਰ, ਨੂਰ ਨੁਰਾਨਾ ਡਗਮਗਾਇੰਦਾ। ਅਕਲ ਕਲ ਕਲ ਆਪੇ ਧਾਰ, ਆਪਣੀ ਕਲ ਵਰਤਾਇੰਦਾ। ਆਦਿ ਨਿਰੰਜਣ ਖ਼ਬਰਦਾਰ, ਸੋ ਪੁਰਖ ਨਿਰੰਜਣ ਨਾਉਂ ਧਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਆਪਣਾ ਨਾਉਂ ਰਖਾਇੰਦਾ। ਨਿਰਗੁਣ ਨੂਰ ਪੁਰਖ ਅਕਾਲਾ, ਏਕਾ ਏਕ ਰੰਗ ਸਮਾਈਆ। ਆਪੇ ਚਲੇ ਅਵੱਲੜੀ ਚਾਲਾ, ਚਾਲ ਨਿਰਾਲੀ ਆਪ ਰਖਾਈਆ। ਆਪੇ ਜੋਤੀ ਨੂਰ ਜਵਾਲਾ, ਆਦਿ ਸ਼ਕਤ ਆਪ ਵਡਿਆਈਆ। ਆਪੇ ਵਸੇ ਸਚ ਸੱਚੀ ਧਰਮਸਾਲਾ, ਸਚਖੰਡ ਦੁਵਾਰ ਇਕ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਬੈਠਾ ਬੇਪਰਵਾਹੀਆ। ਨਿਰਗੁਣ ਹਰਿ ਇਕ ਇਕੱਲਾ, ਏਕਾ ਏਕਓਂਕਾਰਿਆ। ਏਕਾ ਬੈਠਾ ਸਚ ਮਹੱਲਾ, ਦਰ ਘਰ ਸਾਚਾ ਆਪ ਸੁਹਾ ਰਿਹਾ। ਆਪਣੀ ਜੋਤੀ ਆਪੇ ਬਲਾ, ਆਪਣਾ ਦੀਪਕ ਆਪ ਜਗਾ ਰਿਹਾ। ਆਪਣਾ ਸਿੰਘਾਸਣ ਆਪੇ ਮੱਲਾ, ਦਰ ਦਰਬਾਨ ਨਾ ਕੋਇ ਵਖਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੁੱਤੇ ਪਰਕਾਸ਼ ਆਪ ਕਰਾ ਲਿਆ। ਪਾਰਬ੍ਰਹਮ ਹਰਿ ਬੇਅੰਤ, ਆਦਿ ਜੁਗਾਦਿ ਭੇਵ ਨਾ ਆਇਆ। ਆਪ ਬਣਾਏ ਆਪਣੀ ਬਣਤ, ਨਾ ਕੋਈ ਦੂਸਰ ਸੰਗ ਰਲਾਇਆ। ਨਾ ਕੋਈ ਨਾਰੀ ਨਾ ਕੋਈ ਕੰਤ, ਨਾਰੀ ਕੰਤ ਆਪ ਹੋ ਜਾਇਆ। ਆਪੇ ਜਾਣੇ ਮਣੀਆ ਮੰਤ, ਆਪ ਆਪਣਾ ਨਾਮ ਦ੍ਰਿੜਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੂਨੀ ਰਹਿਤ ਨਾਉਂ ਰਖਾਇਆ। ਜੂਨੀ ਰਹਿਤ ਪਰਵਰਦਿਗਾਰ, ਏਕਾ ਏਕ ਨੂਰ ਇਲਾਹੀਆ। ਆਦਿ ਜੁਗਾਦਿ ਭੇਵ ਅਪਾਰ, ਲੇਖਾ ਲੇਖ ਨਾ ਕੋਇ ਜਣਾਈਆ। ਅਗੰਮ ਅਗੰਮੜਾ ਅਗੰਮੜੀ ਕਾਰ, ਏਕਉਂਕਾਰ ਆਪ ਅਖਵਾਈਆ। ਅਲੱਖ ਨਿਰੰਜਣ ਆਪਣੀ ਅਲੱਖ ਆਪ ਜਗਾ, ਆਪ ਆਪਣੀ ਫੇਰੀ ਪਾਈਆ। ਸਚਖੰਡ ਦੁਵਾਰ ਆਪ ਸੁਹਾ, ਨਿਰਗੁਣ ਆਪਣੀ ਜੋਤ ਕਰੇ ਰੁਸ਼ਨਾਈਆ। ਸ਼ਬਦ ਅਗੰਮੀ ਡੰਕ ਵਜਾ, ਆਪਣਾ ਨਾਦ ਆਪ ਵਜਾਈਆ। ਜੁਗਾ ਜੁਗੰਤਰ ਖੇਲ ਖਿਲਾ, ਨਿਰਗੁਣ ਸਰਗੁਣ ਰੂਪ ਵਟਾਈਆ। ਪੰਜ ਤੱਤ ਚੋਲਾ ਆਪ ਹੰਢਾ, ਲੋਕਮਾਤ ਰੂਪ ਦਰਸਾਈਆ। ਗੁਰ ਅਵਤਾਰ ਸੇਵਾ ਲਾ, ਸਾਧ ਸੰਤ ਦਏ ਵਡਿਆਈਆ। ਭਗਤ ਭਗਵੰਤ ਮੇਲ ਮਿਲਾ, ਆਪ ਆਪਣੀ ਬੂਝ ਬੁਝਾਈਆ। ਪਾਰਬ੍ਰਹਮ ਬ੍ਰਹਮ ਮੇਲ ਮਿਲਾ, ਏਕਾ ਮੰਦਰ ਦਏ ਵਡਿਆਈਆ। ਆਪਣਾ ਪਰਦਾ ਆਪੇ ਲਾਹ, ਆਪੇ ਵੇਖ ਵਖਾਈਆ। ਸਤਿਜੁਗ ਤ੍ਰੇਤਾ ਦੁਆਪਰ ਪਾਰ ਕਰਾ, ਕਲਜੁਗ ਅੰਤਮ ਜੋਤ ਪ੍ਰਗਟਾਈਆ। ਠਾਂਡਾ ਦਰ ਇਕ ਵਖਾ, ਸ੍ਰਿਸ਼ਟ ਸਬਾਈ ਦਏ ਸਮਝਾਈਆ। ਗੁਰਮੁਖ ਸਾਚੇ ਗੋਦ ਬਹਾ, ਆਪ ਆਪਣੇ ਅੰਗ ਲਗਾਈਆ। ਜਗਤ ਤ੍ਰਿਸ਼ਨਾ ਦਏ ਬੁਝਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਆਪਣੀ ਕਲ ਆਪ ਵਰਤਾਈਆ।
