Granth 08 Likhat 139: 14 Savan 2016 Bikarmi Sucha Singh de Ghar Dayea Hoyi Pind Pippli Jila Ferozepur

੧੪ ਸਾਵਣ ੨੦੧੬ ਬਿਕ੍ਰਮੀ ਸੁੱਚਾ ਸਿੰਘ ਦੇ ਘਰ ਦਇਆ ਹੋਈ ਪਿੰਡ ਪਿਪਲੀ ਜ਼ਿਲਾ ਫ਼ਿਰੋਜ਼ਪੁਰ

ਹਰਿ ਸਤਿਗੁਰ ਸੂਰਾ ਨੌਜਵਾਨ, ਆਪ ਆਪਣਾ ਬਲ ਰਖਾਈਆ। ਨਿਰਗੁਣ ਜੋਤ ਸ੍ਰੀ ਭਗਵਾਨ, ਪਰਮ ਪੁਰਖ ਵੱਡੀ ਵਡਿਆਈਆ। ਸਚ ਵਖਾਏ ਇਕ ਨਿਸ਼ਾਨ, ਦੋ ਜਹਾਨਾਂ ਰਿਹਾ ਝੁਲਾਈਆ। ਦਾਤਾ ਦਾਨੀ ਵਡ ਮਿਹਰਬਾਨ, ਪਾਰਬ੍ਰਹਮ ਗੁਰ ਅਖਵਾਈਆ। ਖੇਲੇ ਖੇਲ ਖੇਲ ਮਹਾਨ, ਘਰ ਸਾਚੇ ਵੱਜੇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸੂਰਬੀਰ ਇਕ ਅਖਵਾਈਆ। ਸਤਿਗੁਰ ਉਠਿਆ ਜੋਧਾ ਸੂਰ, ਸਤਿ ਪੁਰਖ ਲਏ ਅੰਗੜਾਈਆ। ਕਰੇ ਪਰਕਾਸ਼ ਜੋਤੀ ਨੂਰ, ਜ਼ਾਹਰ ਜ਼ਹੂਰ ਵੱਡੀ ਵਡਿਆਈਆ। ਸਰਬ ਕਲ ਆਪੇ ਭਰਪੂਰ, ਸਮਰਥ ਪੁਰਖ ਅਖਵਾਈਆ। ਆਪੇ ਵਸੇ ਨੇੜੇ ਦੂਰ, ਆਪ ਆਪਣਾ ਪੰਧ ਮੁਕਾਈਆ। ਆਪੇ ਸ਼ਬਦ ਅਨਾਦੀ ਵੱਜੇ ਤੂਰ, ਨਾਦ ਅਨਾਦੀ ਆਪ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਬਲਧਾਰੀ ਆਪ ਅਖਵਾਈਆ। ਆਪੇ ਜੋਧਾ ਹਰਿ ਬਲਵਾਨ, ਪਰਮ ਪੁਰਖ ਅਖਵਾਇੰਦਾ। ਖੇਲੇ ਖੇਲ ਦੋ ਜਹਾਨ, ਲੋਕਮਾਤ ਵੇਸ ਵਟਾਇੰਦਾ। ਪਾਵਣਹਾਰਾ ਸਾਚੀ ਆਣ, ਏਕਾ ਹੁਕਮ ਸੁਣਾਇੰਦਾ। ਦੇਵਣਹਾਰਾ ਧੁਰ ਫ਼ਰਮਾਣ, ਸਾਚਾ ਸ਼ਬਦ ਅਲਾਇੰਦਾ। ਲੱਖ ਚੁਰਾਸੀ ਹੋ ਪਰਧਾਨ, ਆਪਣਾ ਆਸਣ ਲਾਇੰਦਾ। ਦਿਸ ਨਾ ਆਏ ਜੀਵ ਜਹਾਨ, ਜੰਤ ਕੰਤ ਨਾ ਕੋਇ ਮਿਲਾਇੰਦਾ। ਦਾਤਾ ਦਾਨੀ ਗੁਣ ਨਿਧਾਨ, ਗੁਣਵੰਤਾ ਨਾਉਂ ਰਖਾਇੰਦਾ। ਜੋਤੀ ਨੂਰ ਕੋਟਨ ਭਾਨ, ਅਕਾਸ਼ ਪਰਕਾਸ਼ ਸਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਤਿਗੁਰ ਪੂਰਾ ਇਕ ਅਖਵਾਇੰਦਾ। ਏਕਾ ਸੂਰਾ ਸਤਿਗੁਰ ਪੁਰਖ ਸਮਰਥ, ਪਾਰਬ੍ਰਹਮ ਵੱਡੀ ਵਡਿਆਈਆ। ਮਹਿਮਾ ਗਾਏ ਅਕੱਥਨਾ ਅਕੱਥ, ਕਥਨੀ ਕਥ ਨਾ ਸਕੇ ਰਾਈਆ। ਚਲਾਵਣਹਾਰਾ ਸਾਚਾ ਰਥ, ਜੁਗ ਜੁਗ ਗੇੜਾ ਆਪ ਦਵਾਈਆ। ਆਪੇ ਦੇਵਣਹਾਰਾ ਸਾਚੀ ਵੱਥ, ਆਪਣੀ ਭਿਛਿਆ ਝੋਲੀ ਪਾਈਆ। ਆਪੇ ਲੱਖ ਚੁਰਾਸੀ ਪਾਏ ਨੱਥ, ਸ਼ਬਦ ਡੋਰੀ ਹੱਥ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਤਿਗੁਰ ਸੱਜਣ ਏਕਾ ਏਕ ਹੋ ਜਾਈਆ। ਸਤਿਗੁਰ ਸਾਜਣ ਪੂਰਾ ਉਠਿਆ, ਨਿਰਗੁਣ ਜੋਤੀ ਨੂਰ ਉਜਿਆਰ। ਜਨ ਭਗਤਾਂ ਉਪਰ ਆਪੇ ਤੁਠਿਆ, ਦੇਵੇ ਨਾਮ ਸ਼ਬਦ ਅਧਾਰ। ਲੁਕਿਆ ਰਹਿਣ ਨਾ ਦੇਵੇ ਕਿਸੇ ਗੱੁਠਿਆ, ਵੇਖ ਵਖਾਏ ਨੌ ਖੰਡ ਪ੍ਰਿਥਮੀ ਸਰਬ ਸੰਸਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਖੇਲੇ ਖੇਲ ਅਗੰਮ ਅਪਾਰ। ਅਗੰਮੜਾ ਖੇਲ ਹਰਿ ਮਿਹਰਵਾਨਾ, ਆਪਣਾ ਆਪ ਖਲਾਈਆ। ਪ੍ਰਗਟ ਹੋ ਦੋ ਜਹਾਨਾਂ, ਤਿੰਨ ਲੋਕ ਕਰੇ ਰੁਸ਼ਨਾਈਆ। ਚੌਦਾਂ ਹੱਟਾਂ ਵੇਖ ਵਖਾਣਾ, ਚੌਦਾਂ ਚੌਦਾਂ ਸੰਗ ਨਿਭਾਈਆ। ਚਾਰੋਂ ਕੁੰਟ ਮਾਰੇ ਇਕ ਧਿਆਨਾ, ਏਕਾ ਨੈਣ ਉਠਾਈਆ। ਲੱਖ ਚੁਰਾਸੀ ਜਾਣੀ ਜਾਣਾ, ਸੰਤ ਸਾਧ ਭੇਵ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਰਗੁਣ ਦਾਤਾ ਸੂਰ, ਸਤਿਗੁਰ ਸਾਚਾ ਇਕ ਅਖਵਾਈਆ । ਸਤਿਗੁਰ ਭਰਿਆ ਨਾਮ ਭੰਡਾਰਾ, ਨਰ ਹਰਿ ਝੋਲੀ ਪਾਇੰਦਾ। ਪਰਮ ਪੁਰਖ ਪ੍ਰਭ ਬਣ ਵਰਤਾਰਾ, ਗੁਰਮੁਖਾਂ ਆਪ ਵਰਤਾਇੰਦਾ। ਵਣਜ ਕਰਾਏ ਸਚ ਵਣਜਾਰਾ, ਸਾਚਾ ਦਰ ਖੁਲ੍ਹਾਇੰਦਾ। ਏਥੇ ਓਥੇ ਦਏ ਸਹਾਰਾ, ਸਗਲਾ ਸੰਗ ਨਿਭਾਇੰਦਾ। ਬੇੜਾ ਕਰੇ ਪਾਰ ਕਿਨਾਰਾ, ਸ਼ੌਹ ਦਰਯਾਏ ਨਾ ਕੋਇ ਡੁਬਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਤਿਗੁਰ ਪੂਰਾ ਨਾਉਂ ਧਰਾਇੰਦਾ। ਸਤਿਗੁਰ ਪੂਰਾ ਹਰਿ ਹਰਿ ਮੀਤਾ, ਹਰਿ ਹਰਿ ਵੱਡੀ ਵਡਿਆਈਆ। ਏਕਾ ਰੰਗ ਰੰਗਾਏ ਹਸਤ ਕੀਟਾ, ਕੀਟ ਕੀਟਾਂ ਵਿਚ ਸਮਾਈਆ। ਪਾਰਬ੍ਰਹਮ ਪ੍ਰਭ ਠਾਂਡਾ ਸੀਤਾ, ਸੀਤਲ ਧਾਰ ਰਿਹਾ ਵਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਆਪਣਾ ਖੇਲ ਖਲਾਈਆ। ਖੇਲ ਖਲਾਵਣਹਾਰ ਬੇਅੰਤਾ, ਆਦਿ ਜੁਗਾਦਿ ਸਮਾਇਆ। ਖੇਲੇ ਖੇਲ ਜੁਗਾ ਜੁਗੰਤਾ, ਜੁਗ ਜੁਗ ਵੇਸ ਵਟਾਇਆ। ਲੇਖਾ ਜਾਣੇ ਸਾਧਨ ਸੰਤਾ, ਸੰਤ ਸਾਧ ਆਪ ਹੋ ਆਇਆ। ਜੋਤੀ ਨੂਰ ਸ੍ਰੀ ਭਗਵੰਤਾ, ਭਗਵਨ ਜੋਤੀ ਨੂਰ ਵਟਾਇਆ। ਤੋੜਣਹਾਰਾ ਹਉਮੇ ਗੜ੍ਹ ਹੰਗਤਾ, ਨਾਮ ਖੰਡਾ ਤੇਜ ਕਟਾਰ ਹੱਥ ਉਠਾਇਆ। ਗੁਰਮੁਖਾਂ ਕਾਇਆ ਚੋਲੀ ਰੰਗਦਾ, ਰੰਗ ਮਜੀਠੀ ਇਕ ਚੜ੍ਹਾਇਆ। ਮਨਮੁੱਖ ਦੁਵਾਰੇ ਕਦੇ ਨਾ ਲੰਘਦਾ, ਦਰ ਦਵਾਰਾ ਰਿਹਾ ਤਜਾਇਆ। ਜਨ ਭਗਤਾਂ ਅੱਗੇ ਫਿਰੇ ਮੰਗਦਾ, ਜੁਗ ਜੁਗ ਆਪਣੀ ਝੋਲੀ ਅੱਗੇ ਡਾਹਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਆਪਣਾ ਬਲ ਧਰਾਇਆ। ਬਲ ਧਰਾਏ ਹਰਿ ਭਗਵਾਨਾ, ਹਰਿ ਸੱਜਣ ਵਡ ਵਡਿਆਈਆ। ਅੰਤਮ ਦੇਵੇ ਧੁਰ ਫ਼ਰਮਾਣਾ, ਵਿਸ਼ਨੂੰ ਕਰੇ ਜਣਾਈਆ। ਉਠ ਬਾਲ ਬਾਲ ਨਿਧਾਨਾ, ਹਰਿ ਸਾਚੀ ਸੇਵਾ ਲਾਈਆ। ਤੇਰਾ ਜੋਗ ਤੇਰਾ ਭੋਗ ਤੇਰਾ ਰਸ ਵੇਖ ਵਖਾਣਾ, ਤੇਰੀ ਧਾਰ ਬੰਧਾਈਆ। ਤੇਰਾ ਚਿਲਾ ਤੀਰ ਕਮਾਨਾ, ਤੇਰੇ ਹੱਥ ਉਠਾਈਆ। ਤੇਰਾ ਪੀਣਾ ਤੇਰਾ ਖਾਣਾ ਤੇਰਾ ਅੰਨ ਤੇਰਾ ਦਾਣਾ, ਤੇਰੀ ਝੋਲੀ ਪਾਈਆ। ਤੇਰਾ ਭੂਪਾ ਤੇਰਾ ਰਾਜਾ ਤੇਰਾ ਰਾਣਾ, ਤੇਰੀ ਰਈਅਤ ਰਿਹਾ ਵਖਾਈਆ। ਪੁਰਖ ਅਬਿਨਾਸ਼ੀ ਵਰਤੇ ਆਪਣਾ ਭਾਣਾ, ਆਪਣਾ ਭਾਣਾ ਰਿਹਾ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਿਸ਼ਨੂੰ ਰਿਹਾ ਉਠਾਈਆ। ਉਠ ਵਿਸ਼ਨੂੰ ਲੈ ਅੰਗੜਾਈ, ਹਰਿ ਸਾਚਾ ਆਪ ਜਗਾਇੰਦਾ। ਅੰਤਮ ਵੇਲਾ ਪਏ ਦੁਹਾਈ, ਨਾ ਕੋਈ ਧੀਰ ਧਰਾਇੰਦਾ। ਰਵ ਸਸ ਪੇਖਣ ਮੁੱਖ ਸ਼ਰਮਾਈ, ਸਾਚਾ ਚੰਦ ਨਾ ਕੋਇ ਚੜ੍ਹਾਇੰਦਾ। ਸਾਚੇ ਦਰ ਮੰਗਲ ਕੋਇ ਨਾ ਗਾਈ, ਨਾ ਕੋਈ ਨਾਦ ਵਜਾਇੰਦਾ। ਪੁਰਖ ਅਬਿਨਾਸ਼ੀ ਖੇਲ ਖਿਲਾਈ, ਖੇਲਣਹਾਰਾ ਭੇਵ ਛੁਪਾਇੰਦਾ। ਜੋਤੀ ਜੋਤ ਸਰੂਪ ਹਰਿ, ਵਿਸ਼ਨੂੰ ਦੇਵੇ ਏਕਾ ਵਰ, ਸੋਇਆ ਆਪ ਉਠਾਇੰਦਾ। ਵਿਸ਼ਨੂੰ ਸੋਇਆ ਉਠ ਖਲੋਤਾ, ਨੇਤਰ ਨੈਣ ਉਘਾੜਿਆ। ਪੁਰਖ ਅਬਿਨਾਸ਼ੀ ਹੱਥ ਵਿਚ ਫੜਿਆ ਸੋਟਾ, ਏਕਾ ਹੱਥ ਹਿਲਾ ਰਿਹਾ। ਤੇਰੇ ਭੰਡਾਰੇ ਆਵੇ ਤੋਟਾ, ਤੇਰਾ ਮੂਲ ਚੁਕਾ ਰਿਹਾ। ਸਚ ਨਗਾਰੇ ਲੱਗੇ ਚੋਟਾ, ਏਕਾ ਤਾਲ ਵਜਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਏਕਾ ਓਟ ਸਮਝਾ ਰਿਹਾ। ਵਿਸ਼ਨੂੰ ਨੇਤਰ ਆਪਣਾ ਖੋਲ੍ਹ, ਸਾਂਗੋ ਪਾਂਗ ਸੁਹਾਇੰਦਾ। ਨਿਉਂ ਨਿਉਂ ਸੀਸ ਰਿਹਾ ਬੋਲ, ਚਰਨ ਕਵਲ ਬਿਗਸਾਇੰਦਾ। ਪਾਰਬ੍ਰਹਮ ਪ੍ਰਭ ਪੂਰੇ ਤੋਲੀਂ ਤੋਲ, ਸਾਚਾ ਤੋਲਾ ਤੂੰ ਅਖਵਾਇੰਦਾ। ਮੈਂ ਸੁੱਤਾ ਰਿਹਾ ਅਨਭੋਲ, ਛੱਤੀ ਜੁਗ ਨਾ ਕੋਇ ਉਠਾਇੰਦਾ। ਤੂੰ ਸਤਿਗੁਰ ਦਾਤਾ ਸਦਾ ਅਡੋਲ, ਹਰਿ ਹਰਿ ਤੇਰਾ ਭੇਵ ਕੋਇ ਨਾ ਪਾਇੰਦਾ। ਮੈਂ ਵਸਾਂ ਸਦਾ ਤੇਰੇ ਕੋਲ, ਤੇਰਾ ਵਿਛੋੜਾ ਨਾ ਮੋਹੇ ਸੁਖਾਇੰਦਾ। ਤੇਰਾ ਰੂਪ ਜਾਏ ਮੌਲ, ਮੇਰਾ ਕਵਲ ਖਿਲਾਇੰਦਾ। ਮੇਰਾ ਕਵਲ ਜਾਏ ਫੂਲ, ਬ੍ਰਹਮਾ ਉਤਪਤ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਉਪਾਏ ਖੇਲ ਖਲਾਏ, ਆਪੇ ਮੇਟ ਮਿਟਾਇੰਦਾ। ਵਿਸ਼ਨੂੰ ਸੁਣ ਹਰਿ ਜਣਾਈ, ਹਰਿ ਸਾਚਾ ਸਚ ਅਲਾਇੰਦਾ। ਤੇਰੀ ਮੇਰੀ ਹੋਏ ਕੁੜਮਾਈ, ਸਾਚਾ ਸਗਨ ਮਨਾਇੰਦਾ। ਤੇਰਾ ਰੂਪ ਮੈਂ ਲਵਾਂ ਪਰਨਾਈ, ਅੰਗੀਕਾਰ ਕਰਾਇੰਦਾ। ਆਪੇ ਧੀ ਆਪ ਜਵਾਈ, ਸੌਹਰੇ ਪੇਈਏ ਆਪ ਸੁਹਾਇੰਦਾ। ਆਪੇ ਸੇਜਾ ਰਿਹਾ ਹੰਢਾਈ, ਆਪੇ ਗੋਦ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਆਪ ਆਪਣਾ ਖੇਲ ਖਿਲਾਇੰਦਾ। ਵਿਸ਼ਨੂੰ ਬਾਲਾ ਲਾਲ ਗੁਲਾਲਾ, ਹਰਿ ਹਰਿ ਰੰਗ ਰੰਗਾਈਆ। ਮੇਲ ਮਿਲਾਵਾ ਦੀਨ ਦਿਆਲਾ, ਗੁਰ ਗੋਪਾਲਾ ਸਹਿਜ ਸੁਭਾਈਆ। ਆਪੇ ਬਣੇ ਸਚ ਦਲਾਲਾ, ਆਪੇ ਸੇਵ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਨਿਰਗੁਣ ਨਿਰਗੁਣ ਰਿਹਾ ਉਠਾਈਆ । ਵਿਸ਼ਨੂੰ ਉਠਿਆ ਹਰਿ ਹਰਿ ਤੁਠਿਆ, ਲੋਕਮਾਤ ਉਠ ਧਾਇਆ। ਤੀਰ ਨਿਰਾਲਾ ਏਕਾ ਛੁਟਿਆ, ਹਰਿ ਸਾਚੇ ਆਪ ਚਲਾਇਆ। ਅੰਤਮ ਅੰਤ ਮੈਂ ਗਿਆ ਲੁੱਟਿਆ, ਮੇਰਾ ਭੰਡਾਰਾ ਖ਼ਾਲੀ ਰਿਹਾ ਕਰਾਇਆ। ਅਬਿਨਾਸ਼ੀ ਕਰਤਾ ਏਕਾ ਰੁਠਿਆ, ਨਾ ਸਕੇ ਕੋਈ ਮਨਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਰ ਦਾਤਾ ਆਪ ਅਖਵਾਇਆ। ਆਪੇ ਬ੍ਰਹਮੇ ਖੋਲ੍ਹੇ ਜਾਗ, ਆਪੇ ਅੱਖ ਖੁਲ੍ਹਾਈਆ। ਆਪੇ ਮਾਰੇ ਆਪਣੀ ਵਾਜ, ਆਪੇ ਰਿਹਾ ਉਠਾਈਆ। ਆਪੇ ਰੱਖਣਹਾਰਾ ਲਾਜ, ਆਪੇ ਵੇਖ ਵਖਾਈਆ। ਆਪੇ ਸਾਜਣ ਲਏ ਸਾਜ, ਆਪੇ ਮੇਟ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਪਾਰਬ੍ਰਹਮ ਬ੍ਰਹਮ ਰਿਹਾ ਸਮਝਾਈਆ। ਉਠ ਬ੍ਰਹਮ ਕਰ ਧਿਆਨ, ਪਾਰਬ੍ਰਹਮ ਸਮਝਾਇੰਦਾ। ਚਾਰ ਵੇਦਾਂ ਜਗਤ ਗਿਆਨ, ਅੰਤਮ ਪੰਧ ਮੁਕਾਇੰਦਾ। ਤੇਰਾ ਨਾਤਾ ਛੁੱਟੇ ਦੋ ਜਹਾਨ, ਨੌ ਨੌ ਚਾਰ ਵੇਸ ਵਟਾਇੰਦਾ। ਅੰਤਮ ਜੋਤੀ ਮੇਲ ਮਿਲਾਣ, ਜੋਤੀ ਜੋਤ ਜੋਤ ਸਮਾਇੰਦਾ। ਤੇਰੀ ਕਿਰਿਆ ਕਰੇ ਕਲਿਆਣ, ਤੇਰਾ ਅੰਤ ਵਖਾਇੰਦਾ। ਤੇਰਾ ਮੰਦਰ ਵੇਖ ਵਖਾਣ, ਹਰਿ ਸਾਚਾ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਲੇਖਾ ਆਪਣੇ ਹੱਥ ਰਖਾਇੰਦਾ। ਬ੍ਰਹਮਾ ਵੇਤਾ ਅੱਖ ਉਘਾੜ, ਹਰਿ ਸਾਚੇ ਆਪ ਸੁਣਾਇਆ। ਲਹਿਣਾ ਦੇਣਾ ਚੁੱਕਿਆ ਸਤਾਰਾਂ ਹਾੜ, ਵੀਹ ਸੌ ਬੀਸਾ ਦਏ ਦੁਹਾਇਆ। ਤੇਰੀ ਵੱਜੇ ਨਾ ਕੋਇ ਸਤਾਰ, ਰਾਗ ਰਾਗਨੀ ਨਾ ਕੋਇ ਸੁਹਾਇਆ। ਤੇਰਾ ਬੇੜਾ ਆਰ ਪਾਰ, ਨਾਰਦ ਮੁਨ ਨਾ ਵੇਖ ਵਖਾਇਆ। ਸੁਰਸਤੀ ਕਰੇ ਨਾ ਕੋਇ ਪਿਆਰ, ਅੰਕ ਸਹੇਲੀ ਨਾ ਗਲੇ ਲਗਾਇਆ। ਤ੍ਰੈਗੁਣ ਬੰਨ੍ਹੇ ਨਾ ਕੋਈ ਧਾਰ, ਪੰਚਮ ਨਾਤਾ ਨਾ ਜੋੜ ਜੁੜਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤੇਰਾ ਅੰਗ ਕਰੇ ਭੰਗ, ਆਪਣੇ ਰੰਗ ਰੰਗਾਇਆ। ਬ੍ਰਹਮੇ ਤੇਰਾ ਸਾਚਾ ਰੂਪ, ਹਰਿ ਹਰਿ ਵੇਖ ਵਖਾਇੰਦਾ। ਲੱਖ ਚੁਰਾਸੀ ਚਾਰੇ ਕੂਟ, ਦਹਿ ਦਿਸ਼ਾ ਫੇਰੀ ਪਾਇੰਦਾ। ਕਲਜੁਗ ਅੰਤਮ ਲਏ ਲੁੱਟ, ਆਪਣਾ ਨਾਅਰਾ ਏਕਾ ਲਾਇੰਦਾ। ਦੋ ਜਹਾਨਾਂ ਚੋਗ ਗਈ ਨਿਖੁੱਟ, ਅੰਮ੍ਰਿਤ ਪਿਆਲਾ ਨਾ ਕੋਇ ਪਿਆਇੰਦਾ। ਅੰਤਮ ਰੱਖਣੀ ਏਕਾ ਓਟ, ਵੇਲਾ ਅੰਤਮ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਸਿਖਿਆ ਇਕ ਸਮਝਾਇੰਦਾ। ਬ੍ਰਹਮਾ ਵੇਤਾ ਨੇਤਰ ਰੋ ਰੋ, ਨੈਣ ਨੀਰ ਵਹਾਇੰਦਾ। ਆਪਣਾ ਮੁੱਖੜਾ ਆਪੇ ਧੋ ਧੋ, ਆਪੇ ਵੇਸ ਵਟਾਇੰਦਾ। ਆਪਣਾ ਅੰਮ੍ਰਿਤ ਆਪੇ ਚੋ ਚੋ, ਆਪੇ ਕਵਲ ਖਿਲਾਇੰਦਾ। ਆਪੇ ਕਰ ਕਰ ਆਪਣਾ ਮੋਹ, ਆਪੇ ਅੰਤ ਤੁੜਾਇੰਦਾ। ਹਰਿ ਕਾ ਭੇਵ ਨਾ ਜਾਣੇ ਕੋ, ਬ੍ਰਹਮਾ ਰੋ ਰੋ ਨੀਰ ਵਹਾਇੰਦਾ। ਪ੍ਰਗਟ ਹੋਇਆ ਹਰਿ ਹਰਿ ਸੋ, ਸੋ ਪੁਰਖ ਨਿਰੰਜਣ ਨਾਉਂ ਧਰਾਇੰਦਾ। ਹੰ ਬ੍ਰਹਮ ਆਪੇ ਹੋ, ਆਪੇ ਨਾਮ ਧਰਾਇੰਦਾ। ਆਪੇ ਢੋਆ ਦੇਵੇ ਢੋਅ, ਆਪੇ ਖੇਲ ਖਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬ੍ਰਹਮਾ ਵੇਤਾ ਏਕਾ ਮੀਤਾ, ਨੇਤਰ ਨੈਣ ਨਜ਼ਰੀ ਆਇੰਦਾ। ਸਾਚਾ ਮੀਤਾ ਹਰਿ ਨਿਰੰਕਾਰ, ਨਿਰਗੁਣ ਰੂਪ ਸਮਾਈਆ। ਬ੍ਰਹਮਾ ਵੇਤਾ ਦਏ ਅਧਾਰ, ਆਤਮ ਬ੍ਰਹਮ ਜਣਾਈਆ। ਬ੍ਰਹਮ ਬ੍ਰਹਮ ਬ੍ਰਹਮ ਕਰ ਪਸਾਰ, ਜੀਵ ਜੀਵ ਸਮਝਾਈਆ। ਅੰਤਮ ਮਾਰੇ ਆਪਣੀ ਮਾਰ, ਆਪਣੇ ਹੱਥ ਰੱਖੇ ਵਡਿਆਈਆ । ਲੱਖ ਚੁਰਾਸੀ ਆਰ ਪਾਰ, ਆਪਣੀ ਨੈਂ ਚਲਾਈਆ। ਨੱਯਾ ਡੋਬੇ ਅੱਧਵਿਚਕਾਰ, ਸਾਚਾ ਸਈਂਆ ਵੇਸ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਸ਼ੰਕਰ ਰਿਹਾ ਸਮਝਾਈਆ। ਸ਼ੰਕਰ ਸ਼ਿਵ ਉਠ ਮੀਤ, ਬਾਸ਼ਕ ਤਸ਼ਕਾ ਗਲ ਸੁਹਾਈਆ। ਹੱਥ ਤ੍ਰਸੂਲ ਆਪਣਾ ਆਪ ਰਿਹਾ ਜੀਤ, ਦਰ ਆਪਣਾ ਸੋਭਾ ਪਾਈਆ । ਭੋਲਾ ਨਾਥ ਬੈਠਾ ਅਤੀਤ, ਤ੍ਰੈਗੁਣ ਮਾਇਆ ਫੰਦ ਕਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇ ਮਤ ਰਿਹਾ ਸਮਝਾਈਆ। ਭੋਲੇ ਨਾਥ ਨਾਥ ਅਨਾਥਾ, ਹਰਿ ਹਰਿ ਜੋਤ ਜਗਾਇੰਦਾ। ਤੇਰਾ ਅੰਤਮ ਤੁਟੇ ਸਾਥਾ, ਅੰਗੀ ਅੰਗ ਸਮਾਇੰਦਾ। ਆਪ ਚਲਾਏ ਆਪਣਾ ਰਾਥਾ, ਜੁਗ ਜੁਗ ਵੇਸ ਧਰਾਇੰਦਾ। ਆਪੇ ਪੂਜਾ ਆਪੇ ਪਾਠਾ, ਆਪੇ ਨਾਉਂ ਉਪਜਾਇੰਦਾ। ਤੇਰੀ ਜੋਤੀ ਖਿਚ ਲਲਾਟਾ, ਆਪਣੇ ਵਿਚ ਮਿਲਾਇੰਦਾ। ਚੌਥੇ ਜੁਗ ਆਇਆ ਘਾਟਾ, ਨਾ ਕੋਈ ਪੂਰ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਿਸ਼ਨੂੰ ਰੂਪ ਆਪੇ ਧਰ, ਬ੍ਰਹਮਾ ਵੇਤਾ ਲਏ ਫੜ, ਸ਼ੰਕਰ ਚੋਟੀ ਰਿਹਾ ਚੜ੍ਹ, ਆਪਣੀ ਖੇਲ ਖਲਾਇੰਦਾ। ਸ਼ੰਕਰ ਚੋਟੀ ਹਰਿ ਹਰਿ ਚੜ੍ਹਿਆ, ਬ੍ਰਹਮੇ ਬੰਧਨ ਪਾਈਆ। ਵਿਸ਼ਨੂੰ ਰੂਪ ਆਪੇ ਧਰਿਆ, ਭਗਵਨ ਸੰਗ ਨਿਭਾਈਆ। ਸੋਹੰ ਅੱਖਰ ਆਪੇ ਪੜ੍ਹਿਆ, ਸੋ ਪੁਰਖ ਨਿਰੰਜਣ ਵੱਜੀ ਵਧਾਈਆ। ਹੰ ਬ੍ਰਹਮ ਪ੍ਰਭ ਘਾੜਣ ਘੜਿਆ, ਆਪ ਆਪਣੇ ਵਿਚ ਟਿਕਾਈਆ। ਨਿਰਗੁਣ ਨਿਰਗੁਣ ਨਾਲ ਲੜਿਆ, ਖੰਡਾ ਤੀਰ ਕਮਾਨ ਨਾ ਹੱਥ ਉਠਾਈਆ। ਨਾ ਕੋਈ ਸੀਸ ਨਾ ਕੋਈ ਧੜਿਆ, ਦੋ ਧਾਰ ਨਾ ਕੋਇ ਚਲਾਈਆ। ਹੁਕਮੇ ਅੰਦਰ ਤੋੜੇ ਗੜ੍ਹਿਆ, ਹਰਿ ਹੁਕਮ ਵੱਡੀ ਸ਼ਹਿਨਸ਼ਾਹੀਆ। ਬ੍ਰਹਮਾ ਵਿਸ਼ਨ ਸ਼ਿਵ ਆਪੇ ਫੜਿਆ, ਆਪ ਆਪਣੇ ਲੜ ਬੰਧਾਈਆ। ਕਰੋੜ ਤੇਤੀਸਾ ਏਕਾ ਅੱਖਰ ਪੜ੍ਹਿਆ, ਹਰਿ ਸਾਚੀ ਕਰੇ ਪੜ੍ਹਾਈਆ। ਸੁਰਪਤ ਰਾਜਾ ਅੰਦਰ ਵੜਿਆ, ਬੈਠਾ ਮੁਖ ਛੁਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲਹਿਣਾ ਦੇਣਾ ਰਿਹਾ ਚੁਕਾਈਆ। ਉਠ ਇੰਦ ਇੰਦਰਾਸਣ ਦੇਣਾ ਤਜ, ਹਰਿ ਸਾਚਾ ਹੁਕਮ ਸੁਣਾਇੰਦਾ। ਸਚ ਸਿੰਘਾਸਣ ਨਾ ਬਹਿਣਾ ਸਜ, ਵੇਲਾ ਅੰਤਮ ਆਇੰਦਾ। ਕੋਈ ਨਾ ਪਰਦਾ ਸਕੇ ਕੱਜ, ਹਰਿ ਸਾਚਾ ਪਰਦਾ ਲਾਹਿੰਦਾ। ਹਰਿ ਸ਼ਬਦ ਨਗਾਰਾ ਰਿਹਾ ਵੱਜ, ਕਰੋੜ ਤੇਤੀਸਾ ਆਪ ਉਠਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੋਤੀ ਨੂਰ ਡਗਮਗਾਇੰਦਾ। ਇੰਦ ਇੰਦਰਾਸਣ ਅੰਤ ਤਜੌਣਾ, ਸਚ ਸਿੰਘਾਸਣ ਨਾ ਆਸਣ ਲਾਈਆ। ਅੰਮ੍ਰਿਤ ਜਾਮ ਨਾ ਕਿਸੇ ਪਿਔਣਾ, ਚੌਦਾਂ ਰਤਨ ਨਾ ਕੋਇ ਵਖਾਈਆ। ਦਰ ਅਪੱਛਰਾਂ ਨਾ ਕੋਈ ਗੌਣਾ, ਨਾ ਕੋਈ ਵੇਸ ਵੇਸ ਵਟਾਈਆ। ਤਾਰ ਸਤਾਰ ਨਾ ਕੋਇ ਹਲੌਣਾ, ਕਲਜੁਗ ਕੂਕੇ ਦਏ ਦੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗਾ ਜੁਗੰਤਰ ਬਣਾਏ ਬਣਤਰ, ਆਦਿ ਅੰਤ ਹਰਿ ਭਗਵੰਤ, ਆਪਣੀ ਖੇਲ ਖਲਾਈਆ। ਇੰਦਰ ਰੋਵੇ ਮਾਰੇ ਧਾਹ, ਧੀਰਜ ਧੀਰ ਨਾ ਕੋਇ ਧਰਾਇੰਦਾ। ਅੱਠੇ ਪਹਿਰ ਉਭੇ ਸਾਹ, ਸਾਚਾ ਸੰਗ ਨਾ ਕੋਇ ਨਿਭਾਇੰਦਾ। ਨਾ ਕੋਈ ਪਕੜੇ ਅੰਤਮ ਬਾਂਹ, ਹਰਿ ਸਾਚਾ ਦਿਸ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣੀ ਖੇਲ ਖਲਾਇੰਦਾ। ਆਪਣੀ ਖੇਲ ਖਲਾਵਣਹਾਰਾ, ਏਕਾ ਏਕਓਂਕਾਰਿਆ । ਆਪ ਆਪਣਾ ਕਰ ਪਸਾਰਾ, ਆਪੇ ਵੇਖ ਵਖਾ ਰਿਹਾ। ਆਪੇ ਸੇਵਕ ਸੇਵਾਦਾਰਾ, ਸਾਚੀ ਸੇਵਾ ਆਪ ਕਰਾ ਰਿਹਾ, ਆਪੇ ਵਿਸ਼ਨੂੰ ਦੇਵੇ ਭੰਡਾਰਾ, ਆਪਣੀ ਦਇਆ ਕਮਾ ਰਿਹਾ, ਆਪੇ ਬ੍ਰਹਮ ਕਰ ਪਸਾਰਾ, ਆਪੇ ਅੰਤ ਵਖਾ ਰਿਹਾ। ਆਪੇ ਸ਼ੰਕਰ ਬੰਨ੍ਹੇ ਧਾਰਾ, ਸਚ ਸੰਘਾਰਾ ਆਪ ਕਰਾ ਰਿਹਾ। ਆਪੇ ਵਸੇ ਸਭ ਤੋਂ ਬਾਹਰਾ, ਦਿਸ ਕਿਸੇ ਨਾ ਆ ਰਿਹਾ। ਆਦਿ ਜੁਗਾਦੀ ਇਕ ਅਵਤਾਰਾ, ਹਰਿ ਸਾਚਾ ਆਪ ਅਖਵਾ ਰਿਹਾ। ਲੋਕਮਾਤ ਲੱਖ ਚੁਰਾਸੀ ਜੀਵ ਜੰਤ ਪਾਏ ਸਾਰਾ, ਥਿਰ ਘਰ ਸਾਚਾ ਇਕ ਸੁਹਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਦਾਤਾ ਬੇਪਰਵਾਹ, ਸ਼ਬਦ ਸਰੂਪੀ ਬਣ ਮਲਾਹ, ਆਪਣਾ ਬੇੜਾ ਆਪ ਚਲਾ ਰਿਹਾ। ਸਤਿਜੁਗ ਸਾਚਾ ਬੇੜਾ ਆਪ ਚਲਾਇਆ, ਹਰਿ ਸਾਚੀ ਸਚ ਵਡਿਆਈਆ। ਤ੍ਰੇਤਾ ਲਹਿਣਾ ਦੇਣ ਮੁਕਾਇਆ, ਏਕਾ ਨਾਮ ਵੱਜੇ ਵਧਾਈਆ। ਦੁਵਾਪਰ ਤੇਰਾ ਖੇਲ ਖਲਾਇਆ, ਖੇਲਣਹਾਰਾ ਬੇਪਰਵਾਹੀਆ। ਕਲਜੁਗ ਸਾਚਾ ਵੇਸ ਵਟਾਇਆ, ਚਾਰੋਂ ਕੁਟ ਅੰਧੇਰਾ ਛਾਈਆ। ਨਾਨਕ ਨਿਰਗੁਣ ਜੋਤੀ ਜੋਤ ਜਗਾਇਆ, ਕਰੇ ਸਚ ਰੁਸ਼ਨਾਈਆ। ਏਕਾ ਮੰਤਰ ਸਤਿਨਾਮ ਪੜ੍ਹਾਇਆ, ਚਾਰ ਵਰਨਾਂ ਕਰੇ ਪੜ੍ਹਾਈਆ। ਜੀਵਾਂ ਜੰਤਾਂ ਆਪ ਸਮਝਾਇਆ, ਥਿਰ ਕੋਇ ਰਹਿਣ ਨਾ ਪਾਈਆ। ਆਦਿ ਜੁਗਾਦੀ ਇਕ ਅਖਵਾਇਆ, ਪਾਰਬ੍ਰਹਮ ਵੱਡੀ ਵਡਿਆਈਆ। ਕਲਜੁਗ ਮੇਟੇ ਮੇਟ ਮਿਟਾਇਆ, ਨਿਰਗੁਣ ਜੋਤ ਕਰੇ ਰੁਸ਼ਨਾਈਆ। ਵਰਨ ਗੋਤ ਨਾ ਕੋਇ ਰਖਾਇਆ, ਮਾਤ ਪਿਤ ਨਾ ਭੈਣ ਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਰੰਗ ਰੰਗਾਈਆ। ਨਿਰਗੁਣ ਰੰਗਿਆ ਸਾਚਾ ਰੰਗ, ਹਰਿ ਘਰ ਸਾਚੇ ਵੱਜੀ ਵਧਾਈਆ। ਗੋਬਿੰਦ ਸੇਜਾ ਸਚ ਪਲੰਘ, ਪੁਰਖ ਅਕਾਲ ਸੇਜ ਵਛਾਈਆ। ਵਾਹਿਗੁਰੂ ਫਤਿਹ ਡੰਕਾ ਵੱਜੇ ਮਰਦੰਗ, ਵਾਹ ਵਾ ਗੁਰੂ ਵੱਡੀ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦਿ ਜੁਗਾ ਜੁਗੰਤ, ਨਿਰਗੁਣ ਸਰਗੁਣ ਖੇਲ ਖਲਾਈਆ। ਨਿਰਗੁਣ ਖੇਲੇ ਖੇਲ ਅਪਾਰ, ਆਦਿ ਜੁਗਾਦੀ ਏਕਉਂਕਾਰਿਆ। ਸਰਗੁਣ ਕਰੇ ਸਚ ਪਿਆਰ, ਲੋਕਮਾਤ ਲੈ ਅਵਤਾਰਿਆ। ਸ਼ਬਦ ਰੱਖੇ ਤਿਖੀ ਧਾਰ, ਸਾਚਾ ਖੰਡਾ ਇਕ ਅਪਾਰਿਆ। ਗੁਰਮੁਖ ਸਾਜਣ ਲਾਏ ਪਾਰ, ਮਨਮੁਖਾਂ ਮੇਟ ਮਿਟਾ ਰਿਹਾ। ਕਲਜੁਗ ਅੰਤਮ ਰੈਣ ਅੰਧਿਆਰ, ਚਾਰੋਂ ਕੁੰਟ ਅੰਧੇਰਾ ਛਾ ਰਿਹਾ। ਗੁਰ ਗੋਬਿੰਦ ਹੋਇਆ ਖ਼ਬਰਦਾਰ, ਸਿੰਘ ਆਪਣਾ ਰੂਪ ਵਟਾ ਲਿਆ। ਏਕਾ ਖੰਡਾ ਤੇਜ ਕਟਾਰ, ਏਕਾ ਸੰਗ ਰਖਾ ਲਿਆ। ਕਮਲਾਪਾਤੀ ਜੋਤੀ ਨੂਰ ਉਜਿਆਰ, ਨੂਰੋ ਨੂਰ ਡਗਮਗਾ ਲਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਦਾਤਾ ਬੇਪਰਵਾਹ, ਹਰਿਜਨ ਦੇਵੇ ਸਚ ਸਲਾਹ, ਏਕਾ ਮੰਤਰ ਨਾਮ ਦ੍ਰਿੜਾ ਲਿਆ। ਏਕਾ ਮੰਤਰ ਹਰਿ ਹਰਿ ਨਾਂ ਰਸਨਾ ਗੌਣਾ, ਚਾਰ ਵਰਨ ਜਣਾਈਆ। ਊਚ ਨੀਚ ਨਾ ਕੋਇ ਰਖੌਣਾ, ਗੁਰਮੁਖ ਸੱਜਣ ਮੇਲ ਮਿਲਾਈਆ। ਪੰਡਤ ਪਾਂਧਾ ਕੋਈ ਦਿਸ ਨਾ ਔਣਾ, ਮੁਲਾਂ ਸ਼ੇਖ਼ ਮੁਸਾਇਕ ਕਲਮਾ ਨਬੀ ਨਾ ਕੋਇ ਪੜ੍ਹਾਈਆ। ਹੂ ਹੂ ਨਾਅਰਾ ਕਿਸੇ ਨਾ ਲੌਣਾ, ਐਨਲਹੱਕ ਨਾ ਕੋਇ ਸੁਣਾਈਆ। ਕਲਜੁਗ ਅੰਤਮ ਸਾਚੀ ਖੇਲ ਖਲੌਣਾ, ਗੁਰ ਗੋਬਿੰਦ ਨਿਰਗੁਣ ਜੋਤ ਕਰੇ ਰੁਸ਼ਨਾਈਆ। ਨੌ ਖੰਡ ਪ੍ਰਿਥਮੀ ਫੇਰਾ ਪੌਣਾ, ਸੱਤਾਂ ਦੀਪਾਂ ਦਏ ਉਠਾਈਆ। ਏਕਾ ਖੰਡਾ ਨਾਮ ਚਮਕੌਣਾ, ਚਾਰ ਕੁੰਟ ਵਖਾਈਆ। ਸ਼ਬਦ ਅਗੰਮੀ ਫੌਜ ਉਠੌਣਾ, ਦਿਸ ਕਿਸੇ ਨਾ ਆਈਆ। ਸੰਮਤ ਸੋਲਾਂ ਸਾਹ ਸੁਧੌਣਾ, ਵੀਹ ਸੌ ਬਿਕ੍ਰਮੀ ਨਾਲ ਰਲਾਈਆ। ਵੀਹ ਸਦ ਸਤਾਰਾਂ ਵੇਸ ਵਟੌਣਾ, ਜੋਤੀ ਨੂਰ ਕਰ ਰੁਸ਼ਨਾਈਆ। ਗੁਰਮੁਖ ਸੱਜਣ ਆਪ ਉਠੌਣਾ, ਘਰ ਘਰ ਦੇਵੇ ਦਰਸ ਬੇਪਰਵਾਹੀਆ। ਜਾਗਰਤ ਜੋਤ ਇਕ ਜਗੌਣਾ, ਜੋਤੀ ਨੂਰ ਕਰੇ ਰੁਸ਼ਨਾਈਆ। ਸਾਚਾ ਮਾਰਗ ਇਕ ਵਖੌਣਾ, ਰਾਜ ਰਾਜਾਨਾਂ ਸ਼ਾਹ ਸੁਲਤਾਨਾਂ ਖ਼ਾਕ ਮਿਲਾਈਆ। ਵੀਹ ਸੌ ਅਠਾਰਾਂ ਅੱਠਾਂ ਤੱਤਾਂ ਮੂਲ ਚੁਕੌਣਾ, ਤੱਤਵ ਤੱਤ ਸਮਾਈਆ। ਉਨੀ ਉਨੀਸਾ ਸ਼ਾਹ ਸੁਲਤਾਨਾਂ ਖ਼ਾਲੀ ਖ਼ੀਸਾ, ਮੁਸਲਮ ਸੁੰਨੀ ਚੋਟੀ ਜਾਏ ਮੁਨੀ, ਅੱਲ੍ਹਾ ਰਾਣੀ ਮੁਖ ਸ਼ਰਮਾਈਆ। ਬੀਸ ਬੀਸਾ ਹਰਿ ਜਗਦੀਸ਼ਾ ਸ਼ਾਹੋ ਸ਼ਾਹਬੀਸਾ, ਏਕਾ ਛਤਰ ਸੀਸ ਟਿਕਾਈਆ। ਚਾਰ ਵਰਨ ਇਕ ਹਦੀਸਾ, ਏਕਾ ਹੁਕਮ ਸੁਣਾਈਆ। ਪ੍ਰਗਟ ਹੋਏ ਪੰਚਮ ਮੀਤਾ, ਪੰਚ ਨਿਸ਼ਾਨਾ ਹੱਥ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਨਿਰਗੁਣ ਨੂਰ ਆਪ ਅਖਵਾਈਆ। ਨਿਹਕਲੰਕ ਹਰਿ ਨਿਰੰਕਾਰ, ਏਕਾ ਏਕ ਓਅੰਕਾਰਿਆ। ਦੂਜਾ ਦਿਸੇ ਨਾ ਕੋਇ ਸੰਸਾਰ, ਪੰਜ ਤੱਤ ਨਾ ਕੋਇ ਬਣਾ ਰਿਹਾ। ਗੋਬਿੰਦ ਗੁਰ ਸਾਚੀ ਧਾਰ, ਪੁਰਖ ਅਕਾਲ ਆਪ ਚਲਾ ਰਿਹਾ। ਸਿੰਘ ਰੂਪ ਸੱਚੀ ਸਰਕਾਰ, ਸਾਚਾ ਖੰਡਾ ਹੱਥ ਉਠਾ ਰਿਹਾ। ਸ਼ਾਹੋ ਭੂਪ ਭੂਪ ਅਸਵਾਰ, ਸਚ ਸਿੰਘਾਸਣ ਆਸਣ ਲਾ ਰਿਹਾ। ਸਚਖੰਡ ਦੁਵਾਰਿਉਂ ਆਏ ਬਾਹਰ, ਲੋਆਂ ਪੁਰੀਆਂ ਚਰਨਾਂ ਹੇਠ ਦਬਾ ਰਿਹਾ। ਲੋਕਮਾਤ ਪਾਵੇ ਸਾਰ, ਸਾਚੀ ਜੋਤੀ ਡਗਮਗਾ ਰਿਹਾ। ਕਲਗੀ ਤੋੜਾ ਸੀਸ ਦਸਤਾਰ, ਜੋਤੀ ਜੋੜਾ ਮੇਲ ਮਿਲਾ ਰਿਹਾ। ਜਨ ਭਗਤਾਂ ਅੰਤਰ ਆਏ ਬੌਹੜਾ, ਜਗਤ ਸੰਦੇਸ਼ਾ ਰੋਗ ਮਿਟਾ ਲਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖਾਂ ਦੇਵੇ ਸਾਚਾ ਵਰ, ਘਰ ਮੰਦਰ ਇਕ ਵਖਾ ਲਿਆ । ਗੁਰਮੁਖ ਤੇਰਾ ਸਚ ਦਰਵਾਜ਼ਾ, ਸਚਖੰਡ ਹਰਿ ਸੁਹਾਈਆ। ਪਾਰਬ੍ਰਹਮ ਪ੍ਰਭ ਗ਼ਰੀਬ ਨਿਵਾਜ਼ਾ, ਗ਼ਰੀਬ ਨਿਮਾਣੇ ਗਲੇ ਲਗਾਈਆ। ਧੁਨ ਅਨਾਦੀ ਅਨਹਦ ਮਾਰੇ ਵਾਜਾ, ਸੁੰਨ ਸਮਾਧ ਖੁਲ੍ਹਾਈਆ। ਹਰਿ ਸੁਲਤਾਨ ਵਡ ਰਾਜਨ ਰਾਜਾ, ਅਦਲੀ ਅਦਲ ਕਮਾਈਆ। ਕਲਜੁਗ ਅੰਤਮ ਰਚਿਆ ਕਾਜਾ, ਤ੍ਰੈਗੁਣ ਰੋਵੇ ਦਏ ਦੁਹਾਈਆ। ਜਨ ਭਗਤਾਂ ਸਾਚਾ ਸਾਜਣ ਸਾਜਾ, ਮਿਲੇ ਮੇਲ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਸਿਖ ਤੇਰੀ ਰੱਖੇ ਲਾਜਾ, ਸਿਰ ਆਪਣਾ ਹੱਥ ਟਿਕਾਈਆ। ਗੁਰਸਿਖ ਤੇਰੀ ਵਡਿਆਈ ਧੰਨ, ਹਰਿ ਗੋਬਿੰਦ ਦਰਸ਼ਨ ਪਾਇਆ। ਸਤਿਗੁਰ ਪੂਰਾ ਬੇੜਾ ਦੇਵੇ ਬੰਨ੍ਹ, ਜਿਸ ਜਨ ਹਰਿ ਹਰਿ ਰਸਨਾ ਗਾਇਆ। ਜਨਨੀ ਜਣਿਆ ਸਾਚਾ ਜਨ, ਧੰਨ ਧੰਨ ਧੰਨ ਜਣੇਂਦੀ ਮਾਇਆ। ਏਕਾ ਰਾਗ ਸੁਣਿਆ ਕੰਨ, ਪੁਰਖ ਅਕਾਲ ਇਕ ਮਨਾਇਆ। ਰਾਏ ਧਰਮ ਨਾ ਦੇਵੇ ਡੰਨ, ਲੱਖ ਚੁਰਾਸੀ ਫੰਦ ਕਟਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਸਰਗੁਣ ਦੇਵੇ ਵਰ, ਵਰ ਦਾਤਾ ਇਕ ਅਖਵਾਇਆ।