੧੭ ਸਾਵਣ ੨੦੧੬ ਬਿਕ੍ਰਮੀ ਜਰਨੈਲ ਸਿੰਘ ਦੇ ਘਰ ਦਇਆ ਹੋਈ ਪਿੰਡ ਸ਼ਾਹ ਵਾਲਾ ਜ਼ਿਲਾ ਫ਼ਿਰੋਜ਼ਪੁਰ
ਏਕਾ ਹਰਿ ਹਰਿ ਪੁਰਖ ਕਰਤਾਰ, ਆਦਿ ਜੁਗਾਦੀ ਏਕਓਅੰਕਾਰਿਆ। ਨਿਰਗੁਣ ਦਾਤਾ ਬੇਐਬ ਪਰਵਰਦਿਗਾਰ, ਰਾਮ ਰਹੀਮ ਆਪ ਅਖਵਾ ਰਿਹਾ। ਦੋ ਜਹਾਨਾਂ ਸਾਂਝਾ ਯਾਰ, ਰੂਪ ਰੇਖ ਨਾ ਕੋਇ ਵਖਾ ਰਿਹਾ। ਜੋਤੀ ਨੂਰ ਹੋ ਉਜਿਆਰ, ਨੂਰ ਨੁਰਾਨਾ ਡਗਮਗਾ ਰਿਹਾ। ਪਾਰਬ੍ਰਹਮ ਪ੍ਰਭ ਭੇਵ ਅਪਾਰ, ਭੇਵ ਅਭੇਦਾ ਭੇਵ ਛੁਪਾ ਰਿਹਾ। ਕਮਲਾਪਾਤੀ ਖੇਲ ਅਪਾਰ, ਆਪ ਆਪਣਾ ਖੇਲ ਖਿਲਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਨਾਉਂ ਧਰਾ ਲਿਆ। ਜੋਤੀ ਨੂਰ ਨੂਰ ਉਜਿਆਰਾ, ਆਦਿ ਜੁਗਾਦਿ ਸਮਾਈਆ। ਖੇਲੇ ਖੇਲ ਅਗੰਮ ਅਪਾਰਾ, ਅਗੰਮ ਅਗੰਮੜੀ ਧਾਰ ਚਲਾਈਆ। ਏਕਾ ਵਸੇ ਨੇਹਚਲ ਧਾਮ ਨਿਆਰਾ, ਮਹੱਲ ਅਟੱਲ ਉਚ ਸਮਾਈਆ। ਨਿਰਗੁਣ ਦੀਆ ਬਾਤੀ ਕਰ ਉਜਿਆਰਾ, ਜੋਤੀ ਨੂਰ ਡਗਮਗਾਈਆ। ਆਪ ਸੁਹਾਏ ਬੰਕ ਦੁਵਾਰਾ, ਸਚਖੰਡ ਬੈਠਾ ਬੇਪਰਵਾਹੀਆ। ਸਤਿ ਸਿੰਘਾਸਣ ਅਪਰ ਅਪਾਰਾ, ਆਪਣੀ ਬਣਤ ਆਪ ਬਣਾਈਆ। ਸਚ ਸੁਲਤਾਨ ਵਡ ਸਿਕਦਾਰਾ, ਹਰਿ ਨਿਰੰਕਾਰਾ ਬੈਠਾ ਆਸਣ ਲਾਈਆ। ਆਪਣੇ ਮੰਦਰ ਬੋਲ ਜੈਕਾਰਾ, ਆਪਣਾ ਨਾਅਰਾ ਆਪ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣੀ ਕਲ ਵਰਤਾਈਆ। ਕਲ ਵਰਤੰਤਾ ਹਰਿ ਭਗਵੰਤਾ, ਹਰਿ ਵੱਡਾ ਵਡ ਵਡਿਆਈਆ। ਖੇਲੇ ਖੇਲ ਜੁਗਾ ਜੁਗੰਤਾ, ਜੁਗ ਜੁਗ ਆਪਣਾ ਨਾਉਂ ਧਰਾਈਆ। ਆਪੇ ਆਦਿਨ ਆਪੇ ਅੰਤਾ, ਆਪ ਆਪਣੀ ਖੇਲ ਖਲਾਈਆ। ਆਪ ਬਣਾਏ ਆਪਣੀ ਬਣਤਾ, ਆਪੇ ਵੇਖ ਵਖਾਈਆ। ਆਪਣਾ ਦਰ ਆਪ ਸੁਹੰਤਾ, ਸੋਭਾਵੰਤ ਆਪ ਹੋ ਜਾਈਆ। ਆਪੇ ਨਾਰੀ ਨਰ ਨਰਾਇਣ ਕੰਤਾ, ਰੁੱਤ ਬਸੰਤਾ ਆਪ ਸੁਹਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਜੁਗਾਦਿ ਇਕ ਅਖਵਾਈਆ। ਆਦਿ ਜੁਗਾਦੀ ਏਕਾ ਏਕ, ਇਕ ਇਕੱਲਾ ਏਕਓਅੰਕਾਰਿਆ। ਆਪਣੀ ਰੱਖੇ ਆਪੇ ਟੇਕ ਆਪੇ ਦੇਵੇ ਸਚ ਸਹਾਰਿਆ। ਆਪ ਬੈਠਾ ਆਪੇ ਲਏ ਵੇਖ, ਦੂਸਰ ਦਿਸ ਕਿਸੇ ਨਾ ਆ ਰਿਹਾ। ਆਪੇ ਲਿਖਣਹਾਰਾ ਲੇਖ, ਆਪੇ ਲੇਖ ਲਿਖਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਆਪਣਾ ਵੇਸ ਵਟਾ ਲਿਆ। ਵੇਸ ਅਵੱਲਾ ਹਰਿ ਇਕੱਲਾ, ਏਕਓਅੰਕਾਰਾ ਆਪ ਕਰਾਇੰਦਾ। ਆਪੇ ਵਸੇ ਸਚ ਮਹੱਲਾ, ਥਿਰ ਘਰ ਸਾਚਾ ਧਾਮ ਸੁਹਾਇੰਦਾ। ਆਪੇ ਵਸੇ ਜਲਾਂ ਥਲਾਂ, ਸਮੁੰਦ ਸਾਗਰ ਆਪ ਰਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਨਾਉਂ ਉਪਜਾਇੰਦਾ। ਹਰਿ ਨਾਮਾ ਆਪੇ ਨਾਮ ਰੱਖ, ਆਪਣੇ ਨਾਉਂ ਕਰੇ ਵਡਿਆਈਆ। ਆਦਿ ਜੁਗਾਦੀ ਏਕਓਅੰਕਾਰਾ ਬੰਨ੍ਹੇ ਧਾਰਾ, ਆਪਣਾ ਮਾਰਗ ਆਪੇ ਦੱਸ, ਆਪਣੀ ਮਤ ਆਪ ਸਮਝਾਈਆ। ਆਪੇ ਜੋਤੀ ਨੂਰ ਰਵ ਸਸ, ਘਟ ਪਰਕਾਸ਼ ਆਪ ਕਰਾਈਆ। ਆਪੇ ਹਰਿ ਹਰਿ ਹਿਰਦੇ ਰਿਹਾ ਵਸ, ਲੱਖ ਚੁਰਾਸੀ ਡੇਰਾ ਲਾਈਆ । ਆਪੇ ਨਵ ਸਤ ਰਿਹਾ ਨੱਸ, ਦਿਵਸ ਰੈਣ ਸੇਵ ਕਮਾਈਆ। ਆਪੇ ਤੀਰ ਨਿਰਾਲਾ ਮਾਰੇ ਕਸ, ਏਕਾ ਮੁਖੀ ਮੁਖ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਆਪਣੀ ਰਚਨ ਰਚਾਈਆ। ਜੁਗਾ ਜੁਗੰਤਰ ਹਰਿ ਹਰਿ ਕਾਰ, ਸਾਚੀ ਸਚ ਕਰਾਇੰਦਾ। ਅਲੱਖ ਅਗੋਚਰ ਅਗੰਮ ਅਪਾਰ, ਭੇਵ ਅਭੇਦਾ ਭੇਵ ਛੁਪਾਇੰਦਾ। ਲੋਕਮਾਤ ਹੋ ਉਜਿਆਰ, ਆਪ ਆਪਣਾ ਵੇਸ ਵਟਾਇੰਦਾ। ਏਕਾ ਨਾਮ ਸ਼ਬਦ ਜੈਕਾਰ, ਰਸਨਾ ਢੋਲਾ ਏਕਾ ਗਾਇੰਦਾ। ਏਕਾ ਸ਼ਬਦ ਸਚ ਪਿਆਰ, ਸਾਚਾ ਮਾਰਗ ਇਕ ਵਖਾਇੰਦਾ। ਏਕਾ ਇਸ਼ਟ ਦੇਵ ਗੁਰ ਕਰਤਾਰ, ਪੁਰਖ ਅਕਾਲ ਇਕ ਮਨਾਇੰਦਾ। ਏਕਾ ਬੰਕ ਇਕ ਦਵਾਰ, ਘਰ ਏਕਾ ਸੋਭਾ ਪਾਇੰਦਾ। ਏਕਾ ਸੱਜਣ ਮੀਤ ਮੁਰਾਰ, ਏਕਾ ਸੰਗ ਨਿਭਾਇੰਦਾ। ਨਾਤਾ ਤੁੱਟੇ ਸਰਬ ਸੰਸਾਰ, ਜੋ ਜਨ ਏਕਓਅੰਕਾਰਾ ਦਰਸ਼ਨ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣੀ ਦਇਆ ਕਮਾਇੰਦਾ। ਦਇਆਵਾਨ ਹਰਿ ਮਿਹਰਵਾਨ, ਆਦਿ ਜੁਗਾਦਿ ਸਮਾਈਆ। ਜਨ ਭਗਤਾਂ ਦੇਵੇ ਸਾਚਾ ਦਾਨ, ਅੰਤਰ ਆਤਮ ਝੋਲੀ ਰਿਹਾ ਭਰਾਈਆ। ਏਕਾ ਮੰਤਰ ਸਚ ਗਿਆਨ, ਬਿਰਹੋਂ ਰੋਗ ਇਕ ਗਵਾਈਆ। ਏਕਾ ਮਾਰੇ ਤੀਰ ਨਿਸ਼ਾਨ, ਹਉਮੇ ਹੰਗਤਾ ਗੜ੍ਹ ਤੁੜਾਈਆ। ਇਕ ਵਖਾਏ ਸਚ ਬਿਬਾਨ, ਗੁਰਮੁਖ ਸੱਜਣ ਲਏ ਚੜ੍ਹਾਈਆ। ਜੋਤੀ ਨੂਰ ਸ੍ਰੀ ਭਗਵਾਨ, ਏਕਓਅੰਕਾਰਾ ਨਿਰਾਕਾਰਾ ਨਿਰਗੁਣ ਸਰਗੁਣ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਖੇਲੇ ਖੇਲ ਬੇਪਰਵਾਹੀਆ। ਬੇਪਰਵਾਹ ਹਰਿ ਬੇਅੰਤ, ਏਕਾ ਰੰਗ ਸਮਾਇਆ। ਖੇਲੇ ਖੇਲ ਜੁਗਾ ਜੁਗੰਤ, ਜੁਗ ਜੁਗ ਆਪਣਾ ਵੇਸ ਵਟਾਇਆ। ਗੁਰਮੁਖ ਨਾਰੀ ਮੇਲਾ ਕੰਤ, ਘਰ ਸੱਜਣ ਸੱਚਾ ਪਾਇਆ। ਕਾਇਆ ਚੋਲੀ ਚਾੜ੍ਹੇ ਰੰਗ ਬਸੰਤ, ਉਤਰ ਕਦੇ ਨਾ ਜਾਇਆ। ਆਦਿ ਜੁਗਾਦਿ ਜੁਗਾ ਜੁਗੰਤ, ਹਰਿਜਨ ਤੇਰੀ ਮਹਿਮਾ ਅਗਣਤ, ਲੇਖਾ ਲੇਖ ਨਾ ਕੋਇ ਲਿਖਾਈਆ। ਲੇਖਾ ਜਾਣੇ ਸਾਧ ਸੰਤ, ਜੀਵ ਜੰਤ ਨਾ ਕੋਈ ਸਕੇ ਭੇਵ ਛੁਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਸ਼ਬਦ ਇਕ ਗਿਆਨ, ਏਕਾ ਬਖ਼ਸ਼ੇ ਚਰਨ ਧਿਆਨ, ਏਕਾ ਵਰ ਝੋਲੀ ਪਾਇਆ। ਸਾਚੀ ਵਸਤ ਨਾਮ ਭੰਡਾਰ, ਹਰਿ ਸਾਚੇ ਹੱਥ ਰਖਾਈਆ। ਜੁਗਾ ਜੁਗੰਤਰ ਲੈ ਅਵਤਾਰ, ਗੁਰਮੁਖਾਂ ਆਪ ਵਰਤਾਈਆ। ਫੜ ਫੜ ਬਾਹੋਂ ਲਾਏ ਪਾਰ, ਪਾਰ ਕਿਨਾਰਾ ਪਾਰ ਕਰਾਈਆ। ਘੜਣ ਭੰਨਣਹਾਰ ਸਰਬ ਸੰਸਾਰ, ਸਮਰਥ ਪੁਰਖ ਵੱਡੀ ਵਡਿਆਈਆ। ਗ਼ਰੀਬ ਨਿਮਾਣੇ ਲਾਏ ਪਾਰ, ਆਪਣੇ ਬੇੜੇ ਆਪ ਚੜ੍ਹਾਈਆ। ਚਾਰੋਂ ਕੁੰਟ ਜੀਵ ਜੰਤ ਸਾਧ ਸੰਤ ਲੱਖ ਚੁਰਾਸੀ ਹਾਹਾਕਾਰ, ਸਤਿ ਸੰਤੋਖ ਨਾ ਕੋਇ ਵਖਾਈਆ। ਖੇਲੇ ਖੇਲ ਪੁਰਖ ਕਰਤਾਰ, ਨਾ ਕੋਈ ਮੇਟੇ ਮੇਟ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦਰ ਘਰ ਸਾਚੇ ਸੋਹੇ ਬੰਕ ਦੁਵਾਰ, ਏਕਾ ਮੰਗਲ ਗਾਈਆ। ਏੇਕਾ ਮੰਗਲ ਏਕਾ ਗੀਤ, ਏਕਾ ਹਰਿ ਜਣਾਈਆ। ਏਕਾ ਦਾਤਾ ਠੰਡਾ ਸੀਤ, ਏਕਾ ਸਤਿਗੁਰ ਨਾਉਂ ਰਖਾਈਆ। ਏਕਾ ਹਸਤ ਏਕਾ ਕੀਟ, ਏਕਾ ਦਰ ਬਹਾਈਆ। ਏਕਾ ਨਾਮ ਦੇਵੇ ਜਗਤ ਅਨਡੀਠ, ਲੇਖਾ ਲੇਖ ਨਾ ਕੋਇ ਜਣਾਈਆ। ਏਕਾ ਠਾਂਡਾ ਏਕਾ ਸੀਤ, ਨਿਝਰ ਧਾਰਾ ਇਕ ਚਲਾਈਆ। ਏਕਾ ਪਤਿਤ ਇਕ ਪੁਨੀਤ, ਪਤਿਤ ਪਾਵਣ ਇਕ ਅਖਵਾਈਆ। ਆਪੇ ਜਾਣੇ ਆਪਣੀ ਰੀਤ, ਜਗਤ ਵਿਚੋਲਾ ਨਾ ਕੋਇ ਬਣਾਈਆ। ਪਾਵੇ ਸਾਰ ਮੰਦਰ ਮਸੀਤ, ਗੁਰੂਦੁਵਾਰ ਫੋਲ ਫੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਖੇਲੇ ਖੇਲ ਬੇਪਰਵਾਹੀਆ। ਖੇਲਣਹਾਰ ਹਰਿ ਭਗਵਾਨ, ਹਰ ਘਟ ਖੇਲ ਖਲਾਇੰਦਾ। ਕਾਇਆ ਮੰਦਰ ਸਚ ਮਕਾਨ, ਨਿਜ ਘਰ ਡੇਰਾ ਲਾਇੰਦਾ। ਦੇਵਣਹਾਰਾ ਧੁਰ ਫ਼ਰਮਾਣ, ਆਪਣਾ ਹੁਕਮ ਸੁਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਲਾਏ ਲੜ, ਪੱਲੂ ਮਾਤ ਨਾ ਕੋਇ ਛੁਡਾਇੰਦਾ। ਹਰਿਜਨ ਸਾਚਾ ਪੱਲਾ ਫੜਿਆ, ਹਰਿ ਹਰਿ ਆਪ ਫੜਾਈਆ। ਆਬਿਨਾਸ਼ੀ ਕਰਤਾ ਨਿਰਗੁਣ ਧਾਰ ਆਪੇ ਅੰਦਰ ਵੜਿਆ, ਕਾਇਆ ਮੰਦਰ ਵੇਖ ਵਖਾਈਆ। ਆਪਣੀ ਚੋਟੀ ਆਪੇ ਚੜ੍ਹਿਆ, ਅੱਧਵਿਚਕਾਰ ਨਾ ਕੋਇ ਡੁਬਾਈਆ। ਗੁਰਮੁਖ ਵਿਰਲਾ ਆਪੇ ਫੜਿਆ, ਜਿਸ ਜਨ ਬੂਝ ਬੁਝਾਈਆ। ਲੱਖ ਚੁਰਾਸੀ ਜੀਵ ਜੰਤ ਭਰਿਆ ਭੰਡਾਰ ਹਉਮੇ ਗੜ੍ਹਿਆ, ਗੜ੍ਹ ਹੰਕਾਰੀ ਰਹਿਣ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚੇ ਵੇਖ ਵਖਾਈਆ। ਹਰਿ ਸੱਜਣ ਹਰਿ ਸਿਖ ਹੈ, ਗੁਰਮੁਖ ਨਾਮ ਆਧਾਰ। ਸੰਤ ਸਾਜਣ ਦੇਵੇ ਸਾਚਾ ਸੁੱਖ ਹੈ, ਲੋਕਮਾਤ ਖੇਲ ਅਪਾਰ। ਭਗਤ਼ ਭਗਤੀ ਉਜਲ ਮੁਖ ਹੈ, ਗਾਵਣਹਾਰਾ ਗਾਏ ਵਾਰੋ ਵਾਰ। ਘਟ ਘਟ ਅੰਦਰ ਬੈਠਾ ਲੁਕ ਹੈ, ਗੁਰਮੁਖ ਵਿਰਲੇ ਪਰਦਾ ਦਏ ਉਤਾਰ। ਦੂਰ ਦੁਰਾਡਾ ਆਪੇ ਝੁਕ ਹੈ, ਗੁਰਮੁਖ ਸੱਜਣ ਲਏ ਉਭਾਰ। ਨਾ ਮਾਣਸ ਨਾ ਮਨੁਖ ਹੈ, ਹਰਿ ਕਾ ਰੂਪ ਅਪਰ ਅਪਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚੇ ਲਾਏ ਪਾਰ। ਹਰਿ ਸੱਜਣ ਹਰਿ ਰੰਗ ਰੱਤਿਆ, ਮਿਲਿਆ ਮੇਲ ਸ੍ਰੀ ਭਗਵਾਨ। ਬੀਜ ਬੀਜਿਆ ਸਾਚੇ ਵਤਿਆ, ਅੰਮ੍ਰਿਤ ਲੱਗਾ ਫਲ ਮਹਾਨ। ਵੇਖ ਵਖਾਣੇ ਡਾਲੀ ਪੱਤਿਆ, ਫਲ ਫੁਲਵਾੜੀ ਵਿਚ ਜਹਾਨ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਕਰੇ ਪਰਵਾਨ। ਹਰਿ ਸਾਜਣ ਸੁੱਖ ਪਾਇਆ, ਹਰਿ ਮਿਲਿਆ ਸਤਿਗੁਰ ਮੀਤ। ਅਨੰਦ ਮੰਗਲ ਏਕਾ ਗੁਣ ਗਾਇਆ, ਦਿਵਸ ਰੈਣ ਵਸਿਆ ਚੀਤ। ਦੂਈ ਦਵੈਤੀ ਭਰਮ ਮਿਟਾਇਆ, ਏਕਾ ਰੰਗ ਰੰਗਾਇਆ ਹਸਤ ਕੀਟ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਲਏ ਵਰ, ਦੇਵੇ ਨਾਮ ਸ਼ਬਦ ਅਨਡੀਠ। ਨਾਮ ਸ਼ਬਦ ਅਨਡਿਠ ਅਨਮੋਲਾ, ਹਰਿ ਸਤਿਗੁਰ ਹੱਟ ਵਿਕਾਇੰਦਾ। ਸਤਿ ਪੁਰਖ ਨਿਰੰਜਣ ਸ਼ਬਦ ਭੰਡਾਰਾ ਆਪੇ ਖੋਲ੍ਹਾ, ਪੁਰਖ ਅਕਾਲ ਪ੍ਰਭ ਆਪ ਵਰਤਾਇੰਦਾ। ਸੋਹੰ ਲਾਇਆ ਸਾਚਾ ਢੋਲਾ, ਆਪਣਾ ਚੋਲਾ ਆਪ ਬਦਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਸਾਜਣ ਮੇਲ ਮਿਲਾਇੰਦਾ। ਗੁਰਮੁਖ ਸਾਜਣ ਸਚ ਮੁਨਾਰਾ, ਸਾਢੇ ਤਿੰਨ ਹੱਥ ਬੰਕ ਸੁਹਾਈਆ। ਪਾਵੇ ਸਾਰ ਨੌਂ ਦਵਾਰਾ, ਨੌ ਦਰ ਖੋਜੇ ਖੋਜ ਖੁਜਾਈਆ। ਡੂੰਘੀ ਕੰਦਰ ਹੋ ਉਜਿਆਰਾ, ਨਿਰਗੁਣ ਜੋਤ ਕਰੇ ਰੁਸ਼ਨਾਈਆ। ਅੰਦਰ ਬਾਹਰ ਖੇਲ ਅਪਾਰਾ, ਭੇਵ ਜ਼ਾਹਰਾ ਵਡ ਵਡਿਆਈਆ। ਗੁਪਤੀ ਗੁਪਤ ਭਰੇ ਭੰਡਾਰਾ, ਦਿਸ ਕਿਸੇ ਨਾ ਆਈਆ। ਜੋ ਜਨ ਕਰੇ ਸਚ ਪਿਆਰਾ, ਸਾਚਾ ਮਾਰਗ ਇਕ ਵਖਾਈਆ। ਆਪ ਸੁਹਾਏ ਬੰਕ ਦੁਵਾਰਾ, ਬੰਕ ਅੰਕ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਡੰਕਾ ਸ਼ਬਦ ਉਠਾਈਆ। ਸ਼ਬਦ ਡੰਕਾ ਹਰਿ ਉਠਾਇਆ, ਆਪੇ ਤਾਲ ਵਜਾਇੰਦਾ। ਲੱਖ ਚੁਰਾਸੀ ਰਿਹਾ ਹਿਲਾਇਆ, ਧੀਰਜ ਧੀਰ ਨਾ ਕੋਇ ਧਰਾਇੰਦਾ। ਚਾਰੋਂ ਕੁੰਟ ਰਿਹਾ ਫਿਰਾਇਆ, ਦਹਿ ਦਿਸ਼ਾ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣਾ ਰਾਜ ਆਪ ਕਮਾਇੰਦਾ। ਆਪੇ ਰਾਜ ਜੋਗ ਸੁਲਤਾਨ, ਆਪੇ ਤਖ਼ਤ ਹੰਢਾਈਆ। ਆਪੇ ਦੇਵਣਹਾਰਾ ਧੁਰ ਫ਼ਰਮਾਣ, ਆਪੇ ਹੁਕਮ ਚਲਾਈਆ। ਆਪੇ ਵਸੇ ਪਦ ਨਿਰਬਾਣ, ਪਰਮ ਪੁਰਖ ਵੱਡੀ ਵਡਿਆਈਆ। ਹਰਿ ਕਾ ਮੰਤਰ ਨਾ ਵਿਕੇ ਕਿਸੇ ਜਗਤ ਹੱਟ ਮਕਾਨ, ਹੱਟੋ ਹੱਟ ਨਾ ਕੋਇ ਵਖਾਈਆ। ਜਿਸ ਜਨ ਕਰ ਕਿਰਪਾ ਬਖ਼ਸ਼ੇ ਚਰਨ ਧਿਆਨ, ਸੋ ਜਨ ਰਸਨਾ ਜਿਹਵਾ ਗਾਈਆ। ਏਕਾ ਪਾਏ ਪਦ ਨਿਰਬਾਣ, ਪਰਮ ਪੁਰਖ ਵਿਚ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੋਤੀ ਨੂਰ ਕਰੇ ਰੁਸ਼ਨਾਈਆ। ਜੋਤੀ ਨੂਰ ਨੂਰ ਧਰ, ਨੂਰੋ ਨੂਰ ਸਮਾਇਆ। ਆਪਣੀ ਕਰਨੀ ਆਪੇ ਕਰ, ਆਪੇ ਵੇਖ ਵਖਾਇਆ। ਆਪਣੀ ਸਰਨੀ ਆਪੇ ਪੜ੍ਹ, ਆਪੇ ਹੁਕਮ ਸੁਣਾਇਆ । ਆਪਣੀ ਵਿਦਿਆ ਆਪੇ ਪੜ੍ਹ, ਆਪੇ ਰਿਹਾ ਗਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚੇ ਲਏ ਤਰਾਇਆ। ਹਰਿ ਸੱਜਣ ਕਲ ਜਾਗਿਆ, ਸਤਿਗੁਰ ਪੂਰਾ ਆਪ ਜਗਾਇੰਦਾ। ਧੂੜੀ ਮਜਨ ਕਰਿਆ ਸਾਚਾ ਮਾਘਿਆ, ਸਚ ਦਵਾਰਾ ਇਕ ਸੁਹਾਇੰਦਾ। ਏਕਾ ਨਾਮ ਇਕ ਵੈਰਾਗਿਆ। ਹਰਿ ਏਕਾ ਵੇਖ ਵਖਾਇੰਦਾ, ਏਕਾ ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਦਹਿ ਦਿਸ਼ਾ ਫਿਰੇ ਭਾਜਿਆ, ਰੈਣ ਦਿਵਸ ਰਵ ਸਸ ਹੱਸ ਹੱਸ ਸੇਵ ਕਮਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਸਾਚੇ ਸੱਜਣ, ਦਰ ਸਾਚੇ ਵੇਖ ਵਖਾਇਆ। ਗੁਰਮੁਖ ਸੱਜਣ ਸੱਚਾ ਲਾਲ, ਗੁਰ ਸਤਿਗੁਰ ਵੇਖ ਵਖਾਇੰਦਾ। ਪਰਮ ਪੁਰਖ ਪ੍ਰਭ ਦੀਨ ਦਿਆਲ, ਦੀਨਾਂ ਅਨਾਥਾਂ ਸੰਗ ਨਿਭਾਇੰਦਾ। ਗ਼ਰੀਬ ਨਿਮਾਣੇ ਉਠਾਏ ਲਾਲ, ਅਮੁਲੜੇ ਲਾਲ ਆਪਣੇ ਹੱਟ ਵਿਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਸਾਚਾ ਦੇਵੇ ਵਰ, ਸਚ ਸੱਚਾ ਆਪ ਅਖਵਾਇੰਦਾ।
