੨੬ ਅੱਸੂ ੨੦੧੬ ਬਿਕ੍ਰਮੀ ਪ੍ਰੀਤਮ ਸਿੰਘ ਦੇ ਘਰ ੧੨ ਏ, ੧੬ ਕਰੋਲ ਬਾਗ ਨਵੀਂ ਦਿਲੀ
ਹਰਿ ਸੂਰਾ ਬਲਵਾਨ, ਆਦਿ ਜੁਗਾਦਿ ਸਮਾਇਆ। ਜੁਗ ਜੁਗ ਉਠਾਏ ਸਚ ਨਿਸ਼ਾਨ, ਲੋਆਂ ਪੁਰੀਆਂ ਆਪ ਝੁਲਾਇਆ। ਬ੍ਰਹਮਾ ਵਿਸ਼ਨ ਦੇਵੇ ਆਣ, ਏਕਾ ਹੁਕਮ ਸੁਣਾਇਆ। ਖੇਲੇ ਖੇਲ ਵਾਲੀ ਦੋ ਜਹਾਨ, ਭੇਵ ਅਭੇਦਾ ਭੇਵ ਨਾ ਰਾਇਆ। ਸਚਖੰਡ ਨਿਵਾਸੀ ਸਚ ਸੁਲਤਾਨ, ਨਿਰਗੁਣ ਨਿਰਗੁਣ ਆਪਣਾ ਨਾਉਂ ਧਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਇਕ ਇਕੱਲਾ ਵੇਸ ਵਟਾਇਆ। ਇਕ ਇਕੱਲਾ ਪੁਰਖ ਸੁਲਤਾਨਾ, ਏਕਾ ਰੰਗ ਰੰਗਾਇੰਦਾ। ਜੁਗਾ ਜੁਗੰਤਰ ਖੇਲ ਮਹਾਨਾ, ਜੁਗ ਕਰਤਾ ਵੇਸ ਵਟਾਇੰਦਾ। ਸ਼ਬਦ ਅਨਾਦੀ ਇਕ ਤਰਾਨਾ, ਏਕਾ ਰਾਗ ਸੁਣਾਇੰਦਾ। ਵਸਣਹਾਰਾ ਸਚ ਮਕਾਨਾ, ਮਹੱਲ ਅਟੱਲ ਅਗੰਮ ਅਥਾਹ ਇਕ ਰਖਾਇੰਦਾ। ਸ਼ਾਹੋ ਭੂਪ ਵਡ ਸੁਲਤਾਨਾ, ਸਚ ਸਿਕਦਾਰ ਆਪ ਅਖਵਾਇੰਦਾ। ਬ੍ਰਹਿਮੰਡਾਂ ਖੰਡਾਂ ਬੰਨ੍ਹੇ ਗਾਨਾ, ਅਕਾਸ਼ ਪ੍ਰਕਾਸ਼ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣੀ ਰਚਨ ਰਚਾਇੰਦਾ। ਆਪਣੀ ਰਚਨਾ ਆਪ ਰਚਾਏ, ਹਰਿ ਸੱਚਾ ਵਡ ਵਡਿਆਈਆ। ਬ੍ਰਹਿਮੰਡ ਖੰਡ ਬਣਤ ਬਣਾਏ, ਗਗਨ ਮੰਡਲ ਆਪ ਸੁਹਾਈਆ। ਲੋਆਂ ਪੁਰੀਆਂ ਵੇਖ ਵਖਾਏ, ਆਪ ਆਪਣਾ ਰੰਗ ਰੰਗਾਈਆ। ਆਪਣਾ ਰੂਪ ਆਪ ਵਟਾਏ, ਨਿਰਾਕਾਰ ਸਾਕਾਰ ਹੋ ਜਾਈਆ। ਆਪਣੀ ਅੰਸ ਆਪ ਉਪਜਾਏ, ਵਿਸ਼ਨੂੰ ਵੰਸੀ ਨਾਉਂ ਧਰਾਈਆ। ਆਪਣਾ ਅੰਗ ਆਪ ਕਟਾਏ, ਆਪ ਆਪਣੇ ਵਿਚ ਸਮਾਈਆ। ਆਪ ਆਪਣਾ ਰੂਪ ਵਟਾਏ, ਆਪ ਆਪਣਾ ਖੇਲ ਖਲਾਈਆ । ਆਪ ਆਪਣੀ ਜੋਤ ਜਗਾਏ, ਜੋਤੀ ਜੋਤ ਡਗਮਗਾਈਆ। ਪਾਰਬ੍ਰਹਮ ਬ੍ਰਹਮ ਨਾਮ ਧਰਾਏ, ਨਿਰਗੁਣ ਸਰਗੁਣ ਵੇਖ ਵਖਾਈਆ। ਜੋਤੀ ਜੋਤ ਆਪ ਹੋ ਜਾਏ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਇਕ ਇਕੱਲਾ ਕਰ ਪਸਾਰ, ਆਦਿ ਜੁਗਾਦੀ ਖੇਲ ਅਪਾਰ, ਨਿਰਗੁਣ ਸਰਗੁਣ ਬੰਨ੍ਹੇ ਧਾਰ, ਦੂਸਰ ਕੋਈ ਨਾ ਸੰਗ ਰਖਾਈਆ। ਨਾ ਕੋਈ ਸੰਗ ਨਾ ਕੋਈ ਸਾਥਾ, ਨਾ ਕੋਈ ਮੀਤ ਮੁਰਾਰਿਆ। ਇਕ ਇਕੱਲਾ ਪੁਰਖ ਸਮਰਾਥਾ, ਖੇਲੇ ਖੇਲ ਅਗੰਮ ਅਪਾਰਿਆ। ਆਪ ਚਲਾਏ ਆਪਣਾ ਰਾਥਾ, ਰਥ ਰਥਵਾਹੀ ਨਾਉਂ ਧਰਾ ਲਿਆ। ਆਪੇ ਜਾਣੇ ਆਪਣੀ ਗਾਥਾ, ਆਪਣਾ ਮੰਤਰ ਆਪ ਦ੍ਰਿੜਾ ਲਿਆ। ਆਪੇ ਪੂਜਾ ਆਪੇ ਪਾਠਾ, ਆਪੇ ਆਪਣਾ ਨਾਉਂ ਉਪਾ ਲਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਖੇਲ ਖਿਲਾ ਰਿਹਾ। ਖੇਲਣਹਾਰਾ ਦੀਨ ਦਿਆਲਾ, ਏਕਾ ਏਕ ਅਖਵਾਈਆ। ਆਦਿ ਸ਼ਕਤ ਜੋਤ ਅਕਾਲਾ, ਅਕਲ ਕਲ ਵਡਿਆਈਆ। ਅਜੂਨੀ ਰਹਿਤ ਸਰਬ ਪ੍ਰਿਤਪਾਲਾ, ਪ੍ਰਿਤਪਾਲਕ ਆਪ ਹੋ ਜਾਈਆ। ਚਰਨ ਕਵਲ ਰਖਾਏ ਕਾਲ ਮਹਾਂਕਾਲਾ, ਆਪ ਆਪਣਾ ਹੁਕਮ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਜੁਗਾਦਿ ਬ੍ਰਹਮ ਬ੍ਰਹਿਮਾਦ, ਨਾਦ ਅਨਾਦੀ ਤੁਰੀਆ ਆਪ ਵਜਾਈਆ। ਇਕ ਨਾਦ ਸ਼ਬਦ ਬ੍ਰਹਿਮਾਦ, ਹਰਿ ਸਾਚਾ ਸਚ ਉਪਜਾਇੰਦਾ। ਏਕਾ ਜਾਣੇ ਆਦਿ ਜੁਗਾਦਿ, ਜੁਗ ਜੁਗ ਆਪਣਾ ਭੇਵ ਖੁਲ੍ਹਾਇੰਦਾ। ਨਰ ਨਰਾਇਣ ਮਾਧਵ ਮਾਧ, ਮੋਹਣ ਮੋਹਣੀ ਰੂਪ ਵਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਵੇਸ ਅਵੱਲਾ ਇਕ ਇਕੱਲਾ ਏਕਾ ਏਕ ਧਰਾਇੰਦਾ। ਇਕ ਇਕੱਲਾ ਅਕਲ ਕਲ ਧਾਰ, ਲੋਕਮਾਤ ਕਰੇ ਰੁਸ਼ਨਾਈਆ । ਲੱਖ ਚੁਰਾਸੀ ਪਸਰ ਪਸਾਰ, ਤ੍ਰੈਗੁਣ ਮਾਇਆ ਬੰਧਨ ਪਾਈਆ। ਪੰਜ ਤੱਤ ਤਨ ਸ਼ਿੰਗਾਰ, ਤੱਤਵ ਤੱਤ ਵਿਚ ਟਿਕਾਈਆ। ਮਨ ਮਤ ਬੁੱਧ ਦਏ ਅਧਾਰ, ਨੌ ਦਰ ਖੋਜ ਖੁਜਾਈਆ। ਘਰ ਵਿਚ ਘਰ ਕਰ ਤਿਆਰ, ਨਿਝ ਆਤਮ ਬੈਠਾ ਆਸਣ ਲਾਈਆ। ਪਾਰਬ੍ਰਹਮ ਬ੍ਰਹਮ ਰੂਪ ਅਪਾਰ, ਪ੍ਰਕਾਸ਼ ਪ੍ਰਕਾਸ਼ ਸਮਾਈਆ। ਨਾਦ ਧੁਨ ਸ਼ਬਦ ਜੈਕਾਰ, ਅਨਹਦ ਰਾਗ ਅਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਆਪਣਾ ਖੇਲ ਖਲਾਈਆ। ਜੁਗ ਜੁਗ ਖੇਲ ਹਰਿ ਹਰਿ ਖੇਲਾ, ਅਕਲ ਕਲਾ ਅਖਵਾਇੰਦਾ। ਆਪੇ ਗੁਰੂ ਗੁਰ ਚੇਲਾ, ਆਪ ਆਪਣਾ ਨਾਉਂ ਧਰਾਇੰਦਾ। ਆਪੇ ਜੋਤ ਨਿਰੰਜਣ ਚਾੜ੍ਹੇ ਤੇਲਾ, ਆਦਿ ਨਿਰੰਜਣ ਵੇਖ ਵਖਾਇੰਦਾ। ਆਪ ਸੁਹੇਲਾ ਆਪੇ ਸੱਜਣ, ਹਰਿ ਭਗਤਨ ਆਪ ਉਪਾਇੰਦਾ। ਆਪੇ ਚਰਨ ਧੂੜ ਕਰਾਏ ਮਜਨ, ਆਪਣਾ ਲੇਖਾ ਆਪ ਲਿਖਾਇੰਦਾ। ਆਪੇ ਹੋਏ ਪਰਦੇ ਕੱਜਣ, ਆਪਣਾ ਪਰਦਾ ਏਕਾ ਪਾਇੰਦਾ। ਆਪੇ ਘੜੇ ਭੰਨੇ, ਭੰਨਣਹਾਰਾ ਆਪ ਅਖਵਾਇੰਦਾ। ਆਪੇ ਰਵ ਸਸ ਸੂਰਜ ਚੰਨ ਸਤਾਰਾ, ਬ੍ਰਹਮਾ ਵਿਸ਼ਨ ਸ਼ਿਵ ਦੇਵਤ ਸੁਰ ਗਣ ਗੰਧਰਬ ਹਰਿ ਹਰਿ ਭਾਣਾ ਮੰਨਣ, ਹਰਿ ਭਾਣੇ ਸਰਬ ਸਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਰੰਗ ਰੰਗਾਇੰਦਾ। ਆਪਣਾ ਰੰਗ ਹਰਿ ਰੰਗ ਰਾਤਾ, ਹਰਿ ਹਰਿ ਵੱਡੀ ਵਡਿਆਈਆ। ਮਾਨਸ ਮਾਨੁਖ ਦੇਵੇ ਦਾਤਾ, ਆਪ ਆਪਣੀ ਦਇਆ ਕਮਾਈਆ। ਆਪੇ ਰੈਣ ਅੰਧੇਰੀ ਰਾਤਾ, ਆਪੇ ਅਗਿਆਨ ਅੰਧੇਰ ਗਵਾਈਆ। ਆਪੇ ਅੰਮ੍ਰਿਤ ਬੂੰਦ ਸਵਾਂਤਾ, ਸਾਂਤਕ ਸਤਿ ਸਤਿ ਕਰਾਈਆ। ਬੰਦ ਕਿਵਾੜੀ ਖੋਲ੍ਹੇ ਤਾਕਾ, ਦੂਈ ਦਵੈਤੀ ਮੇਟ ਮਿਟਾਈਆ। ਇਕ ਚਲਾਏ ਸਾਚੀ ਗਾਥਾ, ਏਕਾ ਨਾਮ ਵੱਡੀ ਵਡਿਆਈਆ। ਸ੍ਰਿਸ਼ਟ ਸਬਾਈ ਪਿਤਾ ਮਾਤਾ, ਪੂਤ ਸਪੂਤਾ ਗੋਦ ਉਠਾਈਆ। ਬੈਠਾ ਰਹੇ ਇਕ ਇਕਾਂਤਾ, ਦਿਸ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਆਪਣਾ ਨਾਉਂ ਵਟਾਈਆ। ਆਪਣਾ ਨਾਉਂ ਆਪੇ ਰੱਖ, ਆਪਣਾ ਲੇਖ ਲਿਖਾਇੰਦਾ। ਪੁਰਖ ਅਬਿਨਾਸ਼ੀ ਹੋ ਪ੍ਰਤੱਖ, ਲੋਕਮਾਤ ਵੇਸ ਵਟਾਇੰਦਾ। ਆਪੇ ਲੱਖੋਂ ਕਰਨਹਾਰਾ ਕੱਖ, ਆਪੇ ਕੱਖੋਂ ਲੱਖ ਕਰਾਇੰਦਾ। ਜਨ ਭਗਤਾਂ ਮਾਰਗ ਸਾਚਾ ਦੱਸ, ਸਾਚੇ ਮਾਰਗ ਆਪੇ ਲਾਇੰਦਾ। ਮਨਮੁਖਾਂ ਤੀਰ ਨਿਰਾਲਾ ਮਾਰੇ ਕਸ, ਜਗਤ ਰੋਗ ਨਾ ਮਾਤ ਮਿਟਾਇੰਦਾ। ਤੱਤ ਵਿਕਾਰਾ ਲੱਗੇ ਅੱਗ, ਪੰਜ ਤੱਤ ਧੀਰ ਨਾ ਕੋਈ ਧਰਾਇੰਦਾ। ਹਉਮੇ ਹੰਗਤਾ ਰਹੇ ਮਘ, ਸ਼ਾਂਤਕ ਸਤਿ ਨਾ ਕੋਈ ਵਰਤਾਇੰਦਾ। ਮਾਨਸ ਦੇਹੀ ਹੋਏ ਕੱਗ, ਹੰਸ ਚੋਗ ਨਾ ਕੋਈ ਚੁਗਾਇੰਦਾ। ਜਿਸ ਜਨ ਕਿਰਪਾ ਕਰ ਦੇਵੇ ਦਰਸ ਉਪਰ ਸ਼ਾਹ ਰਗ, ਆਪ ਆਪਣੀ ਬੂਝ ਬੁਝਾਇੰਦਾ। ਆਪੇ ਲੱਖ ਚੁਰਾਸੀ ਅੰਦਰ ਨਿਰਗੁਣ ਜੋਤ ਬਣ ਬਣ ਰਿਹਾ ਜਗ, ਆਪੇ ਦੀਪਕ ਗੁਲ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਕਰਤਾ ਖੇਲ ਖਲਾਇੰਦਾ। ਜੁਗ ਕਰਤਾ ਕਰਨੇ ਜੋਗ, ਭੇਵ ਕੋਈ ਨਾ ਪਾਇੰਦਾ। ਲੱਖ ਚੁਰਾਸੀ ਧੁਰ ਸੰਜੋਗ, ਸੰਜੋਗ ਵਿਜੋਗ ਆਪਣੇ ਹੱਥ ਰਖਾਇੰਦਾ। ਜੁਗਾ ਜੁਗੰਤਰ ਕੱਟਣਹਾਰਾ ਰੋਗ, ਨਾਮ ਪਿਆਲਾ ਇਕ ਪਿਆਇੰਦਾ। ਜਿਸ ਜਨ ਦੇਵੇ ਸਾਚਾ ਜੋਗ, ਸਾਚੀ ਭਗਤੀ ਇਕ ਸਿਖਾਇੰਦਾ। ਦਰਸ ਦਿਖਾਏ ਇਕ ਅਮੋਘ, ਹਉਮੇ ਹੰਗਤਾ ਗੜ੍ਹ ਤੁੜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਆਪਣਾ ਵੇਸ ਕਰਾਇੰਦਾ। ਵੇਸ ਵਟੰਦੜਾ ਹਰਿ ਭਗਵੰਤ, ਭਗਵਾਨ ਭੇਵ ਨਾ ਰਾਇਆ। ਗੁਰਮੁਖ ਵਿਰਲਾ ਜਾਣੇ ਸੰਤ, ਜਿਸ ਜਨ ਆਪਣੀ ਬੂਝ ਬੁਝਾਇਆ। ਲੱਖ ਚੁਰਾਸੀ ਬਣਿਆ ਗੜ੍ਹ ਹਉਮੇ ਹੰਗਤ, ਮਾਇਆ ਮੋਹ ਵਧਾਇਆ। ਰਾਜ ਰਾਜਾਨ ਹੋਏ ਨੰਗਤ, ਸਾਚਾ ਬਸਤਰ ਨਾ ਤਨ ਕੋਈ ਹੰਢਾਇਆ। ਦਰ ਦਰ ਭਿਖਾਰੀ ਬਣੇ ਮੰਗਤ, ਸਾਚੀ ਭਿਛਿਆ ਕੋਇ ਨਾ ਪਾਇਆ। ਸਾਚਾ ਚੜ੍ਹਿਆ ਰੰਗ ਗੂੜ੍ਹਾ ਰੰਗਤ, ਥਿਰ ਰਹਿਣ ਨਾ ਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਆਪਣਾ ਵੇਸ ਵਟਾਇਆ। ਜੁਗ ਜੁਗ ਵੇਸ ਹਰਿ ਨਿਰੰਕਾਰ, ਆਪਣਾ ਰੂਪ ਵਟਾਇੰਦਾ। ਸਤਿਜੁਗ ਤ੍ਰੇਤਾ ਬੰਨ੍ਹੀ ਧਾਰ, ਦੁਆਪਰ ਖੇਲ ਖਿਲਾਇੰਦਾ। ਕਲਜੁਗ ਅੰਤਮ ਵੇਖ ਸੰਸਾਰ, ਨਿਰਗੁਣ ਸਰਗੁਣ ਸਰਗੁਣ ਨਿਰਗੁਣ ਵਿਚ ਸਮਾਇੰਦਾ। ਦੋਹਾਂ ਵਿਚੋਲਾ ਸਿਰਜਣਹਾਰ, ਸ਼ਬਦ ਅਗੰਮੀ ਡੰਕ ਵਜਾਇੰਦਾ। ਵੇਦ ਕਤੇਬ ਸ਼ਾਸਤਰ ਸਿਮਰਤ ਅੰਜੀਲ ਕੁਰਾਨ ਖਾਣੀ ਬਾਣੀ ਨਾ ਪਾਏ ਕੋਈ ਸਾਰ, ਹਰਿ ਕਾ ਭੇਵ ਕਿਸੇ ਨਾ ਆਇੰਦਾ। ਸਾਧ ਸੰਤ ਗੁਰ ਪੀਰ ਅਵਤਾਰ ਗਾ ਗਾ ਥੱਕੇ ਹਾਰ, ਗਾਵਣਹਾਰਾ ਏਕੰਕਾਰਾ ਏਕਾ ਹੁਕਮ ਸੁਣਾਇੰਦਾ। ਜੀਵ ਜੰਤ ਜੁਗਾ ਜੁਗੰਤ ਨਾ ਹੋਏ ਖੁਵਾਰ, ਧੀਰਜ ਧੀਰ ਨਾ ਕੋਈ ਧਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਆਪ ਆਪਣਾ ਰੰਗ ਰੰਗਾਇੰਦਾ। ਕਲਜੁਗ ਤੇਰਾ ਅੰਤਮ ਵੇਸ, ਹਰਿ ਸਾਚਾ ਰੂਪ ਵਟਾਈਆ। ਨਾ ਕੋਈ ਮੁੱਛ ਦਾੜ੍ਹੀ ਦਿਸੇ ਕੇਸ, ਨਾ ਕੋਈ ਮੂੰਡ ਮੁੰਡਾਈਆ। ਨਾ ਕੋਈ ਪੂਜੇ ਬ੍ਰਹਮਾ ਵਿਸ਼ਨ ਮਹੇਸ਼ ਗਣੇਸ਼, ਸੁਰਪਤ ਕਰੋੜ ਤੇਤੀਸ ਨਾ ਕੋਈ ਮਨਾਈਆ। ਰਾਮ ਕ੍ਰਿਸ਼ਨ ਨਾ ਕੋਈ ਅਦੇਸ਼, ਈਸਾ ਮੂਸਾ ਸੰਗ ਮੁਹੰਮਦ ਚਾਰ ਯਾਰ ਨਾਨਕ ਗੋਬਿੰਦ ਨਾ ਕੋਈ ਮਿਲਾਈਆ। ਪਾਵੇ ਸਾਰ ਨੌ ਖੰਡ ਸੱਤਾਂ ਦੀਪਾਂ ਬ੍ਰਹਮ ਬ੍ਰਹਿਮਾਦ, ਚਾਰੇ ਕੂਟਾਂ ਆਪਣਾ ਡੰਕ ਵਜਾਈਆ। ਨਾ ਕੋਈ ਸੁੱਤਾ ਬਾਸ਼ਕ ਸੇਜ, ਸਾਂਗੋ ਪਾਂਗ ਨਾ ਕੋਈ ਹੰਢਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਆਦਿ ਨਿਰੰਜਣ ਕਰ ਅਕਾਰ, ਲੋਕਮਾਤ ਕਰੇ ਰੁਸ਼ਨਾਈਆ। ਜੋਤ ਉਜਾਲਾ ਦੀਨ ਦਿਆਲਾ, ਆਪ ਅਖਵਾਇੰਦਾ। ਕਲਜੁਗ ਤੋੜੇ ਅੰਤ ਜੰਜਾਲਾ, ਸੇਵਾ ਲਾਏ ਕਾਲ ਮਹਾਂਕਾਲਾ, ਸ੍ਰਿਸ਼ਟ ਸਬਾਈ ਵੇਖ ਵਖਾਇੰਦਾ। ਜਨ ਭਗਤਾਂ ਬਣੇ ਆਪ ਰਖਵਾਲਾ, ਸ਼ਬਦ ਸਰੂਪੀ ਬਣ ਦਲਾਲਾ, ਵਰਨ ਬਰਨ ਨਾ ਕੋਈ ਜਣਾਇੰਦਾ। ਧਰਮ ਰਾਏ ਵਜਾਏ ਤਾਲਾ, ਚਾਰੋਂ ਕੁੰਟ ਖੇਲ ਨਿਰਾਲਾ, ਕਾਲੀ ਧਾਰ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਰੂਪ ਅਨੂਪਾ ਸਤਿ ਸਰੂਪਾ ਸ਼ਾਹੋ ਭੂਪਾ ਆਪ ਅਖਵਾਇੰਦਾ। ਹਰਿ ਹਰਿ ਭੇਵ ਆਪਣਾ ਖੋਲ੍ਹ, ਹਰਿਜਨ ਦਏ ਬੁਝਾਈਆ। ਆਪੇ ਤੋਲੇ ਆਪਣੇ ਤੋਲ, ਨਾਮ ਕੰਡਾ ਹੱਥ ਉਠਾਈਆ। ਖੰਡਾਂ ਬ੍ਰਹਿਮੰਡਾਂ ਵਜਾਏ ਢੋਲ, ਅੰਡਜ ਜੇਰਜ ਉਤਭੁਜ ਸੇਹਤਜ ਚਾਰੇ ਖਾਣੀ ਦਏ ਉਠਾਈਆ। ਜੀਵਾਂ ਜੰਤਾਂ ਸਾਧਾਂ ਸੰਤਾਂ ਆਤਮ ਅੰਤਰ ਵੇਖੇ ਸਚ ਵਸਤ ਕਵਣ ਰੱਖੇ ਕੋਲ, ਨਾਮ ਭੰਡਾਰਾ ਕਵਣ ਕਾਇਆ ਮੰਦਰ ਵਿਚ ਸੁਹਾਈਆ। ਕਵਣ ਨਿਰਗੁਣ ਸਰਗੁਣ ਕਰੇ ਚੋਲ੍ਹ, ਕਾਇਆ ਚੋਲਾ ਰੰਗ ਚੜ੍ਹਾਈਆ। ਕਵਣ ਗੁਰਮੁਖ ਬੈਠਾ ਰਹੇ ਅਡੋਲ, ਕਲਜੁਗ ਮਾਇਆ ਪੋਹ ਨਾ ਸਕੇ ਰਾਈਆ। ਕਵਣ ਕਾਹਨਾ ਕ੍ਰਿਸ਼ਨਾ ਸਾਚੀ ਸਖੀਆਂ ਖੇਲੇ ਖੇਲ ਹੋਲ, ਲਾਲ ਗੁਲਾਲਾ ਰੰਗ ਕਵਣ ਤੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਆਪਣੀ ਚਾਲ ਆਪਣੇ ਹੱਥ ਰਖਾਈਆ। ਚਾਲ ਨਿਰਾਲੀ ਜੋਤ ਅਕਾਲ, ਆਪਣੀ ਆਪ ਚਲਾਇੰਦਾ। ਸੰਤ ਸੁਹੇਲੇ ਗੁਰੂ ਗੁਰ ਚੇਲੇ ਆਪੇ ਭਾਲ, ਸੰਤ ਸਾਧ ਵੇਖ ਵਖਾਇੰਦਾ। ਮੁਲਾਂ ਸ਼ੇਖ਼ ਮੁਸਾਇਕ ਪੀਰ ਦਸਤਗੀਰ ਵੇਖੇ ਫਲ ਕਿਹੜੇ ਡਾਲ, ਅੰਦਰ ਮੰਦਰ ਖੋਜ ਖੁਜਾਇੰਦਾ। ਪੰਡਤ ਪਾਂਧੇ ਵੇਖੇ ਸ਼ਾਹ ਕੰਗਾਲ, ਸਚ ਨਾਮ ਕਵਣ ਹੱਟ ਵਿਕਾਇੰਦਾ। ਗ੍ਰੰਥੀ ਪੰਥੀ ਵੇਖੇ ਤੋੜੇ ਕਵਣ ਜੰਜਾਲ, ਮਾਇਆ ਮਮਤਾ ਕਵਣ ਮਿਟਾਇੰਦਾ। ਕਵਣ ਬੈਠਾ ਗੁਰ ਦਰ ਮੰਦਰ ਮਸਜਿਦ ਸੱਚੀ ਧਰਮਸਾਲ, ਮੱਠ ਸ਼ਿਵਦੁਆਲਾ ਕਵਣ ਸੁਹਾਇੰਦਾ। ਕਵਣ ਵਣਜ ਕਰਾਏ ਅਨਮੁਲੜੇ ਲਾਲ, ਨਾਮ ਅਮੋਲਕ ਹੀਰਾ ਨਾਮ ਝੋਲੀ ਪਾਇੰਦਾ। ਕਵਣ ਸਰ ਸਰੋਵਰ ਸਾਚੇ ਮਾਰ ਛਾਲ, ਅਠਸਠ ਬੇੜਾ ਪਾਰ ਕਰਾਇੰਦਾ। ਕਵਣ ਘਾਲਣ ਰਿਹਾ ਘਾਲ, ਇਸ਼ਟ ਦੇਵ ਇਕ ਮਨਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਲੱਖ ਚੁਰਾਸੀ ਫੋਲ ਫੁਲਾਇੰਦਾ। ਲੱਖ ਚੁਰਾਸੀ ਫੋਲਣਹਾਰਾ, ਘਰ ਘਰ ਆਪ ਸਮਾਇਆ। ਇਕ ਇਕੱਲਾ ਏਕੰਕਾਰਾ, ਅਕਲ ਕਲ ਅਖਵਾਇਆ। ਅੰਦਰ ਮੰਦਰ ਗੁਪਤ ਜ਼ਾਹਰਾ, ਦਿਸ ਕਿਸੇ ਨਾ ਆਇਆ। ਲੇਖਾ ਲਿਖੇ ਵਿਚ ਸੰਸਾਰਾ, ਸਾਰਿੰਗ ਧਰ ਭਗਵਾਨ ਬੀਠਲੋ ਭੇਵ ਕੋਈ ਨਾ ਪਾਇਆ। ਆਪੇ ਹੋਏ ਆਰ ਪਾਰ ਕਿਨਾਰਾ, ਜੁਗ ਜੁਗ ਬੇੜਾ ਰਿਹਾ ਚਲਾਇਆ। ਆਪੇ ਡੋਬਣਹਾਰਾ ਵਿਚ ਮੰਝਧਾਰਾ, ਆਪਣਾ ਧੱਕਾ ਲਾਇਆ। ਆਪੇ ਲਏ ਸਤਿ ਹੁਲਾਰਾ, ਸਤਿ ਸਤਿਵਾਦੀ ਨਾਉਂ ਧਰਾਇਆ। ਆਪੇ ਬੋਧ ਅਗਾਧੀ ਬੋਲ ਜੈਕਾਰਾ, ਸੋ ਪੁਰਖ ਨਿਰੰਜਣ ਏਕਾ ਨਾਉਂ ਧਰਾਇਆ। ਹੰ ਬ੍ਰਹਮ ਕਰ ਨਿਆਰਾ, ਪਾਰਬ੍ਰਹਮ ਸੇਵਾ ਲਾਇਆ। ਨਿਰਗੁਣ ਰੂਪ ਅਨੂਪ ਸੱਚੀ ਸਰਕਾਰਾ, ਸਾਚੇ ਤਖ਼ਤ ਸੁਲਤਾਨ ਹਰਿ ਸਾਚਾ ਆਪ ਸੁਹਾਇਆ। ਰਾਜ ਜੋਗ ਜਗਤ ਭਗਤ ਜਾਣੇ ਸ੍ਰੀ ਭਗਵਾਨ, ਜੋਗ ਜੁਗੀਸ਼ਰ ਨਾਉਂ ਧਰਾਇਆ। ਤਪੀ ਤਪੀਸ਼ਰ ਖੇਲ ਮਹਾਨ, ਰਿਖੀ ਰਿਖੇਸ਼ਰ ਕੇਸ਼ਵ ਰੂਪ ਵਟਾਇਆ। ਸਤਿ ਸੰਤੋਖੀ ਬ੍ਰਹਮ ਗਿਆਨ, ਸਤਿ ਮੰਤਰ ਨਾਮ ਦ੍ਰਿੜਾਇਆ । ਜਤ ਸਤਿ ਧੀਰਜ ਵਿਚ ਜਹਾਨ, ਆਤਮ ਤੱਤ ਇਕ ਬੁਝਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਆਪਣਾ ਡੰਕ ਵਜਾਇਆ। ਕਲਜੁਗ ਡੰਕ ਹਰਿ ਭਗਵਾਨ, ਆਪਣਾ ਆਪ ਵਜਾਈਆ। ਆਪ ਉਠਾਏ ਰਾਓ ਰੰਕ ਸ਼ਾਹ ਸੁਲਤਾਨ, ਸੋਇਆ ਕੋਇ ਰਹਿਣ ਨਾ ਪਾਈਆ। ਨੌ ਖੰਡ ਪ੍ਰਿਥਮੀ ਮਾਰੇ ਏਕਾ ਬਾਣ, ਦੀਪ ਮਹਾਂਦੀਪ ਫੋਲ ਫੁਲਾਈਆ। ਖ਼ਾਲਕ ਖ਼ਲਕ ਵੇਖ ਰਹੀਮ ਰਹਿਮਾਨ, ਆਪਣੀ ਰਹਿਮਤ ਦਏ ਬੁਝਾਈਆ। ਲੇਖਾ ਜਾਣੇ ਅੰਜੀਲ ਕੁਰਾਨ, ਬੀਸ ਬੀਸਾ ਆਪੇ ਗਾਈਆ। ਸ਼ਰਅ ਸ਼ਰੀਅਤ ਵੇਖ ਦੁਕਾਨ, ਜੁਗ ਜੁਗ ਦਏ ਚੁਕਾਈਆ। ਹੱਕ ਹਕੀਕਤ ਹੋਈ ਕੁਰਬਾਨ, ਕੂੜੀ ਕਿਰਿਆ ਵੇਖ ਵਖਾਈਆ। ਐਨਲਹੱਕ ਕੂਕੇ ਇਕ ਜ਼ਬਾਨ, ਏਕਾ ਕਲਮਾ ਕਾਇਨਾਤ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹੱਕ ਬਹੱਕ ਖੇਲ ਬਹੱਕ ਹਰਿ ਸਾਚਾ ਆਪ ਕਰਾਈਆ। ਸਾਚਾ ਖੇਲ ਖਲਾਵਣਹਾਰਾ ਏਕੰਕਾਰਾ ਪਰਵਰਦਿਗਾਰਾ, ਨੂਰ ਇਲਾਹੀ ਨੂਰ ਉਜਿਆਰਾ, ਖੇਲੇ ਖੇਲ ਵਿਚ ਸੰਸਾਰਿਆ। ਈਸਾ ਮੂਸਾ ਦਏ ਹੁਲਾਰਾ, ਸੰਗ ਮੁਹੰਮਦ ਚਾਰ ਯਾਰ ਬੰਨ੍ਹੇ ਧਾਰਾ, ਅੱਲਾ ਰਾਣੀ ਪਾਵੇ ਸਾਰਾ, ਰੂਪ ਅਨੂਪ ਆਪ ਵਟਾ ਲਿਆ। ਰਾਮ ਰੂਪ ਹੋ ਉਜਿਆਰਾ, ਖੇਲੇ ਖੇਲ ਅਗੰਮ ਅਪਾਰਿਆ। ਕਾਹਨਾ ਕ੍ਰਿਸ਼ਨਾ ਬੋਲ ਜੈਕਾਰਾ, ਜੈ ਜੈ ਵੰਤੀ ਨਾਮ ਧਰਾ ਰਿਹਾ। ਨਾਨਕ ਗੋਬਿੰਦ ਦਏ ਹੁਲਾਰ, ਨਿਰਗੁਣ ਸਰਗੁਣ ਵੇਸ ਵਟਾ ਲਿਆ। ਖੇਲੇ ਖੇਲ ਵਿਚ ਸੰਸਾਰਾ, ਅਲੱਖ ਨਿਰੰਜਣ ਆਪ ਆਪਣੀ ਅਲੱਖ ਜਗਾ ਰਿਹਾ। ਏਕਾ ਸ਼ਬਦ ਇਕ ਧੁਨਕਾਰਾ, ਏਕਾ ਗੀਤ ਸੁਣਾ ਰਿਹਾ। ਆਦਿ ਜੁਗਾਦੀ ਕਰ ਪਸਾਰਾ, ਜਗਤ ਵੇਸ ਵਟਾ ਲਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਨਾਮ ਖੰਡਾ ਤੇਜ਼ ਪ੍ਰਚੰਡਾ ਆਪਣਾ ਆਪ ਉਠਾ ਲਿਆ। ਨਾਮ ਖੰਡਾ ਤੀਰ ਕਟਾਰ, ਹਰਿ ਸਾਚਾ ਹੱਥ ਉਠਾਈਆ। ਲੱਖ ਚੁਰਾਸੀ ਆਰ ਪਾਰ, ਜੀਵ ਜੰਤ ਨਾ ਕੋਈ ਸਹਾਈਆ। ਕੂੜੀ ਕਿਰਿਆ ਦਏ ਨਿਵਾਰ, ਜੂਠ ਝੂਠ ਦਏ ਮਿਟਾਈਆ। ਗੜ੍ਹ ਤੋੜੇ ਮਾਇਆ ਮਮਤਾ ਲੋਭ ਮੋਹ ਹੰਕਾਰ, ਕਾਮ ਕਰੋਧ ਰਹਿਣ ਨਾ ਪਾਈਆ। ਹਰਿਜਨ ਨਾਮ ਮੰਗਤ ਰਹੇ ਭਿਖਾਰ, ਏਕਾ ਵੰਡੀ ਨਾਮ ਵੰਡਾਈਆ। ਸਾਚੀ ਸੰਗਤਾ ਕਰ ਤਿਆਰ, ਸ਼ੱਤਰੀ ਬ੍ਰਹਿਮਣ ਸ਼ੂਦਰ ਵੈਸ਼ ਏਕਾ ਰੰਗ ਰੰਗਾਈਆ। ਹਿੰਦੂ ਮੁਸਲਿਮ ਸਿਖ ਈਸਾਈ ਸਰਬ ਜੀਆਂ ਦਾ ਯਾਂਝਾ ਯਾਰ, ਇਕ ਅਖਵਾਈਆ। ਵਰਨਾਂ ਬਰਨਾਂ ਵਸਿਆ ਬਾਹਰ, ਅਠਾਰਾਂ ਬਰਨ ਨਾ ਕੋਈ ਉਪਾਈਆ । ਕਾਗਦ ਕਲਮ ਨਾ ਲਿਖਣਹਾਰ, ਲੇਖਾ ਲੇਖ ਬੇਪਰਵਾਹੀਆ। ਕੋਟਨ ਕੋਟ ਕੋਟੀ ਗਏ ਹਾਰ, ਵੇਦ ਪੁਰਾਨ ਸ਼ਾਸਤਰ ਸਿਮਰਤ ਦੇਣ ਗੁਵਾਹੀਆ। ਜੁਗਾ ਜੁਗੰਤਰ ਲੋਕਮਾਤ ਲੈ ਅਵਤਾਰ, ਜਨ ਭਗਤਾਂ ਹੋਏ ਸਹਾਈਆ। ਫੜ ਫੜ ਬਾਹੋਂ ਲਾਏ ਪਾਰ, ਡੁੱਬਦਾ ਬੇੜਾ ਆਪ ਤਰਾਈਆ। ਦੇਵੇ ਦਰਸ ਅਗੰਮ ਅਪਾਰ, ਸਤਿ ਸਰੂਪੀ ਨਾਉਂ ਧਰਾਈਆ। ਮੇਟਣਹਾਰਾ ਅੰਧ ਅੰਧਿਆਰ, ਸਾਚਾ ਚੰਨ ਆਪ ਚੜ੍ਹਾਈਆ। ਰਵ ਸਸ ਕਰਨ ਨਿਮਸਕਾਰ, ਦੋਏ ਜੋੜ ਸੀਸ ਝੁਕਾਈਆ। ਬ੍ਰਹਿਮੰਡ ਖੰਡ ਚਰਨਾਂ ਹੇਠ ਦਏ ਲਤਾੜ, ਪਾਰਬ੍ਰਹਮ ਵੱਡੀ ਵਡਿਆਈਆ। ਵਸਣਹਾਰਾ ਸਚਖੰਡ ਨਿਆਰ, ਸਚ ਮਹੱਲਾ ਇਕ ਸੁਹਾਈਆ। ਜੋਤੀ ਨੂਰ ਕਰ ਉਜਿਆਰ, ਅੰਧੇਰੀ ਰੈਣ ਨਾ ਕੋਈ ਵਖਾਈਆ। ਕਮਲਾਪਾਤੀ ਖੇਲ ਅਪਾਰ, ਘਰ ਬੈਠਾ ਡਗਮਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਅਬਿਨਾਸ਼ੀ ਕਰਤਾ ਕਰਨੇਹਾਰਾ, ਜੁਗਾ ਜੁਗੰਤਰ ਲਏ ਅਵਤਾਰਾ, ਲਹਿਣਾ ਦੇਣਾ ਦਏ ਚੁਕਾਈਆ। ਕਲਜੁਗ ਅੰਤਮ ਚੁੱਕਿਆ ਲਹਿਣਾ, ਹਰਿ ਸਾਚੇ ਆਪ ਚੁਕਾਵਣਾ। ਪੰਜ ਤੱਤ ਵਿਕਾਰਾ ਪਾਇਆ ਗਹਿਣਾ, ਮਨ ਮਤ ਵੇਸ ਕਰਾਵਣਾ। ਜੂਠ ਝੂਠ ਲਾਗੇ ਹੋ ਹੋ ਬਹਿਣਾ, ਕੂੜੀ ਕਿਰਿਆ ਗੀਤ ਸੁਣਾਵਣਾ। ਕਾਮੀ ਕਰੋਧੀ ਦਰਸ਼ਨ ਨੈਣਾ, ਜੋਤੀ ਧੀ ਧਾਰ ਨਾ ਕੋਈ ਵਖਾਵਣਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਖੇਲ ਖਲਾਵਣਾ। ਕਲਜੁਗ ਲਹਿਣਾ ਜਾਏ ਚੁੱਕ, ਹਰਿ ਸਾਚਾ ਆਪ ਚੁਕਾਈਆ। ਧਰਤ ਮਾਤ ਦੀ ਸੁਫਲ ਕਰਾਏ ਕੁੱਖ, ਹਰਿਜਨ ਸਾਚੇ ਦਏ ਉਪਜਾਈਆ। ਜਨ ਭਗਤਾਂ ਕਰੇ ਉਜਲ ਮੁੱਖ, ਦੇਵੇ ਨਾਮ ਵੱਡੀ ਵਡਿਆਈਆ। ਸੁੱਕੇ ਕਰੇ ਹਰੇ ਰੁੱਖ, ਅੰਮ੍ਰਿਤ ਆਤਮ ਸਿੰਚ ਹਰਾ ਕਰਾਈਆ। ਚਾਰ ਵਰਨਾਂ ਮੇਟੇ ਭੁੱਖ, ਦੀਨਾਂ ਅਨਾਥਾਂ ਹੋਏ ਸਹਾਈਆ। ਅੰਮ੍ਰਿਤ ਆਤਮ ਦੇਵੇ ਸੁੱਖ, ਬਿਰਹੋਂ ਰੋਗ ਕਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਕੂੜਾ ਦਏ ਮਿਟਾਈਆ। ਕਲਜੁਗ ਕੂੜਾ ਬੁਰਜ ਹੰਕਾਰ, ਹਰਿ ਸਾਚਾ ਆਪੇ ਢਾਇੰਦਾ। ਰਾਜ ਰਾਜਾਨਾਂ ਕਰੇ ਖ਼ਵਾਰ, ਸ਼ਾਹ ਸੁਲਤਾਨ ਨਾ ਕੋਈ ਵਖਾਇੰਦਾ। ਜੀਵ ਜੰਤ ਨਾ ਦਿਸੇ ਕੋਈ ਮੀਤ ਮੁਰਾਰ, ਨਾ ਕੋਈ ਸੰਗ ਨਿਭਾਇੰਦਾ। ਉਮਤ ਉਮਤੀ ਮਾਰੇ ਮਾਰ, ਹਰਿ ਭਾਣਾ ਭਾਣੇ ਵਿਚ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਵਸਣਹਾਰਾ ਸਾਚੇ ਘਰ, ਰਵ ਸਸ ਸੂਰਜ ਚੰਨ ਆਪਣੀ ਸੇਵਾ ਆਪੇ ਲਾਇੰਦਾ। ਰਵ ਸਸ ਤਾਰ ਸਤਾਰ, ਕੋਟਨ ਕੋਟ ਰਹੇ ਡਗਮਗਾਈਆ। ਪੁਰਖ ਅਬਿਨਾਸ਼ੀ ਵੇਖਣਹਾਰ, ਆਪੇ ਵੇਖੇ ਬੇਪਰਵਾਹੀਆ। ਸਿਫ਼ਤ ਸਲਾਹੀ ਸਲਾਹਕਾਰ, ਲੇਖਾ ਲਿਖ ਨਾ ਸਕੇ ਕੋਈ ਰਾਈਆ। ਅਲੱਖ ਅਗੋਚਰ ਅਗੰਮ ਅਥਾਹ ਬੇਪਰਵਾਹ ਭੇਵ ਨਾ ਪਾਏ ਕੋਈ ਜੀਵ ਵਿਚ ਸੰਸਾਰ, ਬੁੱਧੀ ਰੋਵੇ ਦਏ ਦੁਹਾਈਆ। ਬੁੱਧ ਨਿਮਾਣੀ ਬਾਲੀ ਵੇਲੇ ਅੰਤ ਜਾਏ ਹਾਰ, ਤਨ ਸ਼ਿੰਗਾਰ ਨਾ ਕੋਈ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਵੇਖ ਵਖਾਈਆ। ਬੁੱਧੀ ਬਲ ਬਲਵਾਨ, ਤੱਤਵ ਤੱਤ ਵਿਚ ਸਮਾਇੰਦਾ। ਆਪਣਾ ਖੇਲ ਜਾਣੇ ਭਗਵਾਨ, ਦੂਸਰ ਹੱਥ ਕਿਸੇ ਨਾ ਆਇੰਦਾ। ਕੋਟਨ ਕੋਟੀ ਲੱਭਦੇ ਫਿਰਨ ਨਿਸ਼ਾਨ, ਹਰਿ ਕਾ ਨਿਸ਼ਾਨਾ ਕੋਈ ਨਾ ਪਾਇੰਦਾ। ਕੋਟਨ ਕੋਟੀ ਰਸਨਾ ਗਾਣ, ਬੱਤੀ ਦੰਦ ਜਿਹਵਾ ਰਸਨ ਹਿਲਾਇੰਦਾ। ਕੋਟਨ ਕੋਟੀ ਅੰਦਰ ਵੜ ਵੜ ਬੈਠੇ ਜਗਤ ਮਕਾਨ, ਆਸਣ ਸਿੰਘਾਸਣ ਨਾ ਕੋਈ ਵਿਛਾਇੰਦਾ। ਕੋਟਨ ਕੋਟੀ ਚੜ੍ਹ ਚੜ੍ਹ ਥੱਕੇ ਵਿਚ ਜਹਾਨ, ਹਰਿ ਭਗਵਾਨ ਦਿਸ ਨਾ ਆਇੰਦਾ। ਕੋਟਨ ਕੋਟੀ ਲੋਕਮਾਤ ਝੁਲਾਇਣ ਨਿਸ਼ਾਨ, ਅੰਤ ਨਿਸ਼ਾਨ ਕੋਈ ਰਹਿਣ ਨਾ ਪਾਇੰਦਾ। ਸਰਬ ਜੀਆਂ ਦਾ ਦਾਤਾ ਸ੍ਰੀ ਭਗਵਾਨ, ਮਨ ਮਤ ਬੁੱਧ ਜੀਆਂ ਦਾਤਾ ਝੋਲੀ ਪਾਇੰਦਾ। ਆਪੇ ਦੇਵਣਹਾਰਾ ਜਗਤ ਗਿਆਨ, ਜਗਤ ਜੁਗਤੀ ਆਪ ਜਣਾਇੰਦਾ। ਆਪੇ ਸ਼ਕਤੀ ਖਿਚੇ ਕਰੇ ਸੁੰਞ ਮਸਾਣ, ਧੂਆਂਧਾਰ ਆਪ ਵਖਾਇੰਦਾ। ਆਪੇ ਮਾਰਨਹਾਰਾ ਬਾਣ, ਆਪੇ ਚਿੱਲਾ ਕਮਾਨ ਉਠਾਇੰਦਾ। ਆਪੇ ਢਹਿ ਢਹਿ ਮੰਗੇ ਚਰਨ ਧਿਆਨ, ਚਰਨ ਚਰਨੋਦਕ ਆਪ ਵਖਾਇੰਦਾ। ਆਪੇ ਦੇਵੇ ਮਾਣ ਅਭਿਮਾਣ, ਮਾਇਆ ਮਮਤਾ ਆਪੇ ਮੋਹ ਵਧਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਖੇਲੇ ਖੇਲ ਅਗੰਮ ਅਪਾਰ, ਆਪਣੀ ਹੋਂਦ ਆਪਣੇ ਵਿਚ ਟਿਕਾਇੰਦਾ। ਸਾਚਾ ਭਾਣਾ ਹਰਿ ਕਰਤਾਰ, ਕਾਦਰ ਕਰਤਾ ਕੁਦਰਤ ਖੇਲ ਖਲਾਈਆ। ਬੁੱਧ ਬਬੇਕੀ ਕਰ ਤਿਆਰ, ਬਾਵਨ ਭੇਖੀ ਭੇਖ ਵਟਾਈਆ। ਅਲਖ ਅਲੇਖੀ ਖੇਲ ਨਿਆਰ, ਅਲੱਖ ਅਗੋਚਰ ਖੇਲ ਖਲਾਈਆ। ਵੇਖਾ ਵੇਖੀ ਜਾਣੇ ਸੰਸਾਰ, ਪੇਖਤ ਦਰਸ ਨਾ ਕੋਈ ਪਾਈਆ। ਦੇਸ ਪ੍ਰਦੇਸ ਹੋਏ ਖ਼ਵਾਰ, ਨਰ ਨਰੇਸ਼ ਦਏ ਦੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਸ਼ਬਦ ਭਾਣਾ ਸਾਚਾ ਰਾਣਾ ਧੁਰ ਫ਼ਰਮਾਣਾ ਕੋਟ ਬ੍ਰਹਿਮੰਡ ਵਿਚ ਵਰਭੰਡ, ਜੇਰਜ ਅੰਡ ਜੀਵ ਜੰਤ ਸਾਧ ਸੰਤ ਪਸ਼ੂ ਪੰਖੀ ਪੰਛੀ ਆਪਣੇ ਹੁਕਮੇ ਰਿਹਾ ਫਿਰਾਈਆ।
