Granth 08 Likhat 180: 18 Kattak 2016 Bikarmi Bagga Singh de Ghar Natt Jila Ludhiana

੧੮ ਕੱਤਕ ੨੦੧੬ ਬਿਕ੍ਰਮੀ ਬੱਗਾ ਸਿੰਘ ਦੇ ਘਰ ਨੱਤ ਜ਼ਿਲਾ ਲੁਧਿਆਣਾ

ਹਰਿ ਪੁਰਖ ਅਗੰਮ ਅਗੰਮੜੀ ਕਾਰ, ਆਦਿ ਅਨਾਦਿ ਚਲਾਈਆ। ਹਰਿ ਪੁਰਖ ਆਪ ਨਿਰੰਕਾਰ, ਦੂਸਰ ਹੋਰ ਨਾ ਕੋਇ ਅਖਵਾਈਆ। ਹਰਿ ਪੁਰਖ ਨਿਰੰਜਣ ਜੋਤ ਉਜਿਆਰ, ਏਕਾ ਏਕ ਡਗਮਗਾਈਆ। ਹਰਿ ਪੁਰਖ ਆਦਿ ਨਿਰੰਜਣ ਖੇਲ ਅਪਾਰ, ਆਪ ਆਪਣੇ ਰੰਗ ਸਮਾਈਆ। ਹਰਿ ਪੁਰਖ ਅਬਿਨਾਸ਼ੀ ਕਰਤਾ ਸਿਰਜਣਹਾਰ, ਸਚ ਸਚ ਆਪ ਅਖਵਾਈਆ। ਹਰਿ ਪੁਰਖ ਪਾਰਬ੍ਰਹਮ ਹੋ ਉਜਿਆਰ, ਰੂਪ ਅਨੂਪ ਆਪ ਵਟਾਈਆ। ਹਰਿ ਪੁਰਖ ਆਪ ਆਪਣਾ ਕਰ ਪਸਾਰ, ਆਪ ਆਪਣਾ ਵੇਖ ਵਖਾਈਆ। ਹਰਿ ਪੁਰਖ ਨਿਰਾਕਾਰ, ਨਿਰਵੈਰ ਨਾਉਂ ਧਰਾਈਆ। ਹਰਿ ਪੁਰਖ ਪੁਰਖ ਅਕਾਲ, ਅਕਲ ਕਲਾ ਧਰਾਈਆ। ਹਰਿ ਪੁਰਖ ਅਜੂਨੀ ਰਹਿਤ ਵਡ ਸਿਕਦਾਰ, ਸਚ ਸੁਲਤਾਨ ਬਣਤ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਵੇਸ ਵਟਾਈਆ। ਹਰਿ ਹਰਿ ਪੁਰਖ ਕਰਤਾ ਅਬਿਨਾਸ਼, ਏਕਾ ਰੰਗ ਸਮਾਇੰਦਾ। ਹਰਿ ਪੁਰਖ ਸਰਬ ਪਰਕਾਸ਼, ਨੂਰੋ ਨੂਰ ਡਗਮਗਾਇੰਦਾ। ਹਰਿ ਪੁਰਖ ਆਪਣੇ ਅੰਦਰ ਕਰੇ ਆਪਣਾ ਵਾਸ, ਆਪ ਆਪਣਾ ਮੇਲ ਮਿਲਾਇੰਦਾ । ਹਰਿ ਪੁਰਖ ਏਕਾ ਬਣੇ ਆਪ ਦਾਸ, ਆਪ ਆਪਣੀ ਸੇਵ ਕਮਾਇੰਦਾ। ਹਰਿ ਪੁਰਖ ਆਪਣੀ ਵੇਖੇ ਆਪੇ ਰਾਸ, ਆਪੇ ਨਾਚ ਨਚਾਇੰਦਾ। ਹਰਿ ਪੁਰਖ ਆਪੇ ਵਸਿਆ ਆਪਣੇ ਪਾਸ, ਆਪ ਆਪਣਾ ਸੰਗ ਨਿਭਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿ ਪੁਰਖ ਅਲਖ ਅਭੇਵ ਏਕਾ ਏਕ ਏਕਾ ਨਾਉਂ ਉਪਜਾਇੰਦਾ। ਹਰਿ ਪੁਰਖ ਸਰਬ ਗੁਣਵੰਤ, ਏਕਾ ਏਕੰਕਾਰਿਆ। ਹਰਿ ਪੁਰਖ ਪੂਰਨ ਭਗਵੰਤ, ਪਾਰਬ੍ਰਹਮ ਜੋਤ ਨਿਰਾਕਾਰਿਆ। ਹਰਿ ਪੁਰਖ ਆਦਿ ਅੰਤ, ਆਪ ਆਪਣਾ ਵੇਸ ਵਟਾ ਲਿਆ। ਹਰਿ ਪੁਰਖ ਬਣਾਏ ਆਪਣੀ ਬਣਤ, ਆਪ ਆਪਣਾ ਰੂਪ ਧਰਾ ਲਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣੀ ਖੇਲ ਖਿਲਾ ਲਿਆ। ਹਰਿ ਪੁਰਖ ਜੋਤ ਉਜਾਲਾ, ਨਿਰਗੁਣ ਨੂਰ ਸਮਾਇੰਦਾ। ਹਰਿ ਪੁਰਖ ਦੀਨ ਦਿਆਲਾ, ਦਇਆਨਿਧ ਨਾਉਂ ਵਖਾਇੰਦਾ। ਹਰਿ ਪੁਰਖ ਕਰੇ ਆਪ ਆਪਣੀ ਪ੍ਰਿਤਪਾਲਾ, ਪ੍ਰਿਤਪਾਲਕ ਵੇਸ ਵਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣੇ ਨੂਰ ਡਗਮਗਾਇੰਦਾ। ਹਰਿ ਪੁਰਖ ਜੋਤ ਉਜਿਆਰ, ਆਪਣੀ ਖੇਲ ਖਿਲਾਈਆ। ਹਰਿ ਪੁਰਖ ਆਪਣੀ ਇਛਿਆ ਆਪੇ ਧਾਰ, ਆਪਣਾ ਹੁਕਮ ਆਪ ਜਣਾਈਆ। ਹਰਿ ਪੁਰਖ ਸੱਚੀ ਸਰਕਾਰ, ਰਾਜ ਰਾਜਾਨ ਵਡ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣੀ ਰਚਨ ਰਚਾਈਆ। ਹਰਿ ਪੁਰਖ ਹਰਿ ਮਲਾਹ, ਹਰਿ ਹਰਿ ਵੇਖ ਵਖਾਇੰਦਾ। ਹਰਿ ਪੁਰਖ ਹਰਿ ਸਲਾਹ, ਹਰਿ ਹਰਿ ਹੁਕਮ ਜਣਾਇੰਦਾ। ਹਰਿ ਪੁਰਖ ਹਰਿ ਹਰਿ ਨਾਂ, ਆਪਣਾ ਆਪ ਧਰਾਇੰਦਾ। ਹਰਿ ਪੁਰਖ ਕਰੇ ਸਚ ਨਿਆਂ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਾਕਾਰ ਨਿਰੰਕਾਰ ਏਕਾ ਵੇਸ ਵੇਸ ਵਟਾਇੰਦਾ। ਹਰਿ ਪੁਰਖ ਹਰਿ ਨਿਸ਼ਾਨਾ, ਅਵਰ ਨਾ ਦੂਜਾ ਕੋਇ। ਹਰਿ ਪੁਰਖ ਸ੍ਰੀ ਭਗਵਾਨ, ਆਪਣਾ ਨਾਮ ਆਪ ਬਲੋਏ। ਹਰਿ ਪੁਰਖ ਗੁਣ ਨਿਧਾਨ, ਗੁਣ ਕਹਿ ਨਾ ਸਕੇ ਕੋਇ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪੇ ਵੇਖੇ ਆਪਣੀ ਲੋਇ। ਹਰਿ ਪੁਰਖ ਇਛਿਆ ਧਾਰ, ਆਪਣੀ ਦਇਆ ਕਮਾਈਆ। ਆਪਣਾ ਮੰਦਰ ਕਰੇ ਤਿਆਰ, ਚਾਰ ਦੀਵਾਰ ਨਾ ਕੋਇ ਬਣਾਈਆ। ਆਪੇ ਹੋਏ ਸੇਵਾਦਾਰ, ਸੇਵਾ ਸਚ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਵੇਖ ਵਖਾਈਆ। ਹਰਿ ਪੁਰਖ ਕਿਰਪਾ ਧਾਰ, ਆਪਣੀ ਬਣਤ ਬਣਾਇੰਦਾ। ਆਪਣਾ ਬਣਾਏ ਆਪ ਦਵਾਰ, ਲੇਖਾ ਆਪਣੇ ਹੱਥ ਰਖਾਇੰਦਾ। ਲੰਬਾ ਚੌੜਾ ਕਦੇ ਨਾ ਕਰੇ ਵਿਚਾਰ, ਲੇਖਾ ਗਿਣਤ ਨਾ ਕੋਇ ਗਿਣਾਇੰਦਾ। ਸੰਸਾਰ ਵਿਚ ਨਾ ਪਾਵੇ ਕੋਈ ਸਾਰ, ਅਗੰਮ ਅਥਾਹ ਆਪ ਧਰਾਇੰਦਾ। ਆਪਣਾ ਮੰਦਰ ਕਰ ਤਿਆਰ, ਆਪੇ ਬਾਡੀ ਵੇਖ ਵਖਾਇੰਦਾ। ਆਪੇ ਅੰਦਰ ਵੜ ਹੋਏ ਉਜਿਆਰ, ਆਪਣਾ ਦੀਪਕ ਆਪ ਜਗਾਇੰਦਾ। ਆਪੇ ਵੇਖੇ ਆਪਣੇ ਦਵਾਰ, ਦਰ ਦਵਾਰ ਖੋਲ੍ਹ ਖੁਲ੍ਹਾਇੰਦਾ। ਆਪੇ ਹੋਏ ਗੁਪਤ ਜ਼ਾਹਰ, ਭੇਵ ਅਭੇਦ ਆਪ ਖੁਲ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਦਰ ਉਪਜਾਇੰਦਾ। ਆਪਣਾ ਮੰਦਰ ਕਰ ਤਿਆਰ, ਹਰਿ ਸਾਚੀ ਖ਼ੁਸ਼ੀ ਮਨਾਇੰਦਾ। ਸੋ ਪੁਰਖ ਨਿਰੰਜਣ ਖੇਲ ਅਪਾਰ, ਹਰਿ ਪੁਰਖ ਨਿਰੰਜਣ ਮੇਲ ਮਿਲਾਇੰਦਾ। ਹਰਿ ਪੁਰਖ ਨਿਰੰਜਣ ਕਿਰਪਾ ਧਾਰ, ਸੋ ਪੁਰਖ ਨਿਰੰਜਣ ਸਿਫ਼ਤ ਸਲਾਹਿੰਦਾ। ਸੋ ਪੁਰਖ ਨਿਰੰਜਣ ਹੋ ਉਜਿਆਰ, ਹਰਿ ਪੁਰਖ ਨਿਰੰਜਣ ਡਗਮਗਾਇੰਦਾ। ਹਰਿ ਪੁਰਖ ਨਿਰੰਜਣ ਕਰੇ ਸਚ ਪਿਆਰ, ਸੋ ਪੁਰਖ ਨਿਰੰਜਣ ਅੰਗ ਲਗਾਇੰਦਾ। ਸੋ ਪੁਰਖ ਨਿਰੰਜਣ ਮੀਤ ਮੁਰਾਰ, ਹਰਿ ਪੁਰਖ ਨਿਰੰਜਣ ਵਿਚ ਸਮਾਇੰਦਾ। ਹਰਿ ਪੁਰਖ ਨਿਰੰਜਣ ਬਣੇ ਕੰਤ ਭਤਾਰ, ਸੋ ਪੁਰਖ ਨਿਰੰਜਣ ਨਾਦੀ ਨਾਉਂ ਧਰਾਇੰਦਾ। ਅੰਦਰ ਵੜ ਕਰੇ ਪਿਆਰ, ਆਪ ਆਪਣਾ ਬੰਕ ਸੁਹਾਇੰਦਾ। ਸਾਚੇ ਮੰਦਰ ਖੇਲ ਅਪਾਰ, ਸੋ ਪੁਰਖ ਨਿਰੰਜਣ ਆਪ ਕਰਾਇੰਦਾ। ਨੌ ਸੌ ਚੁਰਾਨਵੇਂ ਚੌਕੜੀ ਜੁਗ ਕਿਸੇ ਨਾ ਪਾਈ ਸਾਰ, ਹਰਿ ਕਾ ਭੇਵ ਨਾ ਕੋਇ ਖੁਲ੍ਹਾਇੰਦਾ। ਬੇਅੰਤ ਬੇਅੰਤ ਬੇਅੰਤ ਕਹਿ ਕਹਿ ਗਏ ਪੁਕਾਰ, ਲਿਖਿਆ ਲੇਖ ਨਾ ਕੋਇ ਲਿਖਾਇੰਦਾ। ਬਿਨ ਹਰਿ ਆਪਣੀ ਬੰਨ੍ਹੇ ਨਾ ਕੋਈ ਧਾਰ, ਆਦਿ ਅੰਤ ਨਾ ਕੋਇ ਜਣਾਇੰਦਾ। ਸੋ ਪੁਰਖ ਨਿਰੰਜਣ ਖੇਲ ਅਪਾਰ, ਆਪਣੀ ਰਚਨਾ ਆਪ ਰਚਾਇੰਦਾ। ਆਪਣੇ ਮੰਦਰ ਹੋ ਉਜਿਆਰ, ਆਪ ਆਪਣਾ ਵੇਖ ਵਖਾਇੰਦਾ। ਸਾਚੇ ਮੰਦਰ ਧਰੇ ਨਾਉਂ ਅਪਰ ਅਪਾਰ, ਸਚਖੰਡ ਦਵਾਰਾ ਆਪ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣੇ ਰੰਗ ਰੰਗਾਇੰਦਾ। ਸਚਖੰਡ ਦਵਾਰ ਹੱਟ ਅਬਿਨਾਸ਼  ਖੁਲ੍ਹਾ, ਪੁਰਖ ਨਿਰੰਜਣ ਦਇਆ ਕਮਾਇੰਦਾ। ਹਰਿ ਪੁਰਖ ਨਿਰੰਜਣ ਡੇਰਾ ਲਾ, ਘਰ ਆਪਣੇ ਸੋਭਾ ਪਾਇੰਦਾ। ਹਰਿ ਪੁਰਖ ਨਿਰੰਜਣ ਸੇਜ ਵਛਾ, ਸੋ ਪੁਰਖ ਨਿਰੰਜਣ ਮੇਲ ਮਿਲਾਇੰਦਾ। ਸੋ ਪੁਰਖ ਨਿਰੰਜਣ ਅੰਗ ਲਗਾ, ਹਰਿ ਪੁਰਖ ਨਿਰੰਜਣ ਸੰਗ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਚਖੰਡ ਦਵਾਰ ਵੇਖ ਵਖਾਇੰਦਾ। ਸਚਖੰਡ ਦਵਾਰ ਰੱਖਿਆ ਨਾਉਂ, ਹਰਿ ਸਾਚੇ ਦਇਆ ਕਮਾਈਆ। ਸੋ ਪੁਰਖ ਨਿਰੰਜਣ ਰਚਿਆ ਗਾਉਂ, ਆਪਣਾ ਖੇੜਾ ਦਏ ਵਸਾਈਆ। ਹਰਿ ਪੁਰਖ ਨਿਰੰਜਣ ਵੇਖੇ ਆਪਣਾ ਨਾਉਂ, ਅਲਖ ਅਗੋਚਰ ਅਗੰਮ ਅਥਾਹ ਬੇਪਰਵਾਹੀਆ। ਸੋ ਪੁਰਖ ਨਿਰੰਜਣ ਪਕੜੇ ਬਾਂਹ, ਹਰਿ ਪੁਰਖ ਨਿਰੰਜਣ ਮੇਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵੇਖਣਹਾਰਾ ਸਾਚਾ ਘਰ, ਘਰ ਸਾਚੇ ਸੋਭਾ ਪਾਈਆ। ਸਾਚਾ ਘਰ ਸਚ ਮਹੱਲਾ, ਸੋ ਪੁਰਖ ਨਿਰੰਜਣ ਆਪ ਉਪਾਇਆ। ਹਰਿ ਪੁਰਖ ਨਿਰੰਜਣ ਬੈਠਾ ਇਕ ਅਕੱਲਾ, ਸਚਖੰਡ ਦਵਾਰਾ ਇਕ ਵਸਾਇਆ। ਹਰਿ ਪੁਰਖ ਨਿਰੰਜਣ ਆਪਣਾ ਆਸਣ ਆਪੇ ਮੱਲਾ, ਆਪ ਆਪਣਾ ਡੇਰਾ ਲਾਇਆ। ਹਰਿ ਪੁਰਖ ਨਿਰੰਜਣ ਨਿਹਚਲ ਵੇਖੇ ਇਕ ਅਟੱਲਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣਾ ਮੰਦਰ ਕਰ ਤਿਆਰ, ਪਾਵੇ ਸਾਰ ਹਰਿ ਨਿਰੰਕਾਰ, ਨਿਰਾਧਾਰ ਵੇਖ ਵਖਾਇਆ। ਸਚ ਮਹੱਲਾ ਸਚਖੰਡ, ਹਰਿ ਪੁਰਖ ਨਿਰੰਜਣ ਆਪ ਸੁਹਾਇੰਦਾ। ਸੋ ਪੁਰਖ ਨਿਰੰਜਣ ਕਰੇ ਵੰਡ, ਲਿਖਿਆ ਲੇਖ ਨਾ ਕੋਇ ਜਣਾਇੰਦਾ। ਹਰਿ ਪੁਰਖ ਨਿਰੰਜਣ ਮੰਗੇ ਆਪਣੀ ਮੰਗ, ਆਪੇ ਝੋਲੀ ਡਾਹਿੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਧਾਰ ਏਕੰਕਾਰ, ਦੀਪਕ ਬਾਤੀ ਕਰ ਉਜਿਆਰ, ਸਤਿ ਸਰੂਪੀ ਡਗਮਗਾਇੰਦਾ। ਸੋ ਪੁਰਖ ਨਿਰੰਜਣ ਸਤਿ ਸਰੂਪ, ਹਰਿ ਹਰਿ ਨਾਉਂ ਉਪਾਈਆ। ਹਰਿ ਪੁਰਖ ਨਿਰੰਜਣ ਆਪੇ ਜਾਣੇ ਆਪਣੀ ਕੂਟ, ਦਹਿ ਦਿਸ਼ਾ ਨਾ ਕੋਇ ਵਖਾਈਆ। ਸੋ ਪੁਰਖ ਨਿਰੰਜਣ ਜਾਏ ਤੁਠ, ਆਪ ਆਪਣੀ ਦਇਆ ਕਮਾਈਆ। ਹਰਿ ਪੁਰਖ ਨਿਰੰਜਣ ਆਪਣਾ ਜਾਮ ਆਪੇ ਪੀਵੇ ਘੁੱਟ, ਆਪਣੇ ਅੰਦਰ ਆਪ ਟਿਕਾਈਆ। ਹਰਿ ਪੁਰਖ ਨਿਰੰਜਣ ਆਪਣਾ ਰਸ ਆਪੇ ਲਏ ਲੁੱਟ, ਆਪ ਆਪਣੇ ਰੰਗ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕ ਵਖਾਏ ਸਾਚਾ ਘਰ, ਘਰ ਸਾਚੇ ਵਡ ਵਡਿਆਈਆ। ਵਡ ਵਡਿਆਈ ਸਚਖੰਡ ਦਵਾਰ, ਹਰਿ ਪੁਰਖ ਨਿਰੰਜਣ ਆਪ ਜਣਾਇੰਦਾ। ਨਿਰਗੁਣ ਨੂਰ ਕਰ ਉਜਿਆਰ, ਪੁਰਖ ਅਕਾਲਾ ਡਗਮਗਾਇੰਦਾ। ਸਚ ਸਿੰਘਾਸਣ ਕਰ ਤਿਆਰ, ਪੁਰਖ ਅਬਿਨਾਸ਼ਣ ਆਸਣ ਲਾਇੰਦਾ। ਸ਼ਾਹੋ ਭੂਪ ਵਡ ਸਿਕਦਾਰ, ਰਾਜਣ ਰਾਜ ਅਨਾਦਿ ਧਰਾਇੰਦਾ। ਛਤਰ ਸੀਸ ਬੇਐਬ ਪਰਵਰਦਿਗਾਰ, ਆਪਣਾ ਰੂਪ ਦਰਸਾਇੰਦਾ। ਕਾਗਜ ਕਲਮ ਨਾ ਪਾਵੇ ਸਾਰ, ਲੇਖਾ ਲੇਖ ਨਾ ਕੋਇ ਜਣਾਇੰਦਾ। ਸੋ ਪੁਰਖ ਨਿਰੰਜਣ ਆਪਣੀ ਕਰਨੀ ਕਰਤਾ ਕਰੇ ਕਰਤਾਰ, ਕਰਨਹਾਰ ਇਕ ਅਖਵਾਇੰਦਾ। ਹਰਿ ਪੁਰਖ ਨਿਰੰਜਣ ਭੇਵ ਨਿਆਰ, ਭੇਵ ਅਭੇਦਾ ਭੇਵ ਛੁਪਾਇੰਦਾ। ਵਸਣਹਾਰਾ ਇਕ ਘਰ ਬਾਰ, ਥਿਰ ਘਰ ਸਾਚਾ ਇਕ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਵੰਡ ਵੰਡਾਇੰਦਾ। ਸਚਖੰਡ ਵਸਿਆ ਸੋ ਪੁਰਖ ਨਿਰੰਜਣ, ਏਕਾ ਏਕ ਜੋਤ ਅਕਾਲਿਆ। ਥਿਰ ਘਰ ਵਾਸੀ ਹਰਿ ਪੁਰਖ ਨਿਰੰਜਣ, ਖੇਲੇ ਖੇਲ ਹਰਿ ਗੋਪਾਲਿਆ। ਦੋਹਾਂ ਮੇਲਾ ਏਕਾ ਸੱਜਣ, ਦੂਸਰ ਜਤ ਨਾ ਕੋਇ ਰਖਾ ਲਿਆ। ਇਕ ਦਵਾਰੇ ਏਕਾ ਮਜਨ, ਸਰੋਵਰ ਸੱਚਾ ਇਕ ਵਖਾ ਲਿਆ। ਇਕ ਦੂਜੇ ਗਲ ਆਪੇ ਲੱਗਣ, ਪ੍ਰੇਮ ਪਿਆਰ ਇਕ ਵਖਾ ਲਿਆ। ਨਿਰਗੁਣ ਧਾਰ ਸਾਚੇ ਨੇਤਰ ਨੀਰ ਵਗਣ, ਹਰਿ ਅੰਮ੍ਰਿਤ ਨਾਮ ਰਖਾ ਲਿਆ। ਸਚਖੰਡ ਦਵਾਰੇ ਮਨਾਇਆ ਸਾਚਾ ਸਗਨ, ਸੋ ਪੁਰਖ ਨਿਰੰਜਣ ਹਰਿ ਪੁਰਖ ਨਿਰੰਜਣ ਇਕ ਦੂਜੇ ਪਾਵਣ ਮਾਲਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਖੇਲੇ ਖੇਲ ਅਗੰਮ ਅਪਾਰ, ਨਾਰੀ ਕੰਤ ਕੰਤ ਭਤਾਰ, ਸਚਖੰਡ ਦਵਾਰੇ ਆਪ ਬਹਾ ਲਿਆ। ਆਪੇ ਨਾਰੀ ਆਪੇ ਕੰਤ, ਸਚਖੰਡ ਸੋਭਾ ਪਾਈਆ। ਸੋ ਪੁਰਖ ਨਿਰੰਜਣ ਖੇਲ ਬੇਅੰਤ, ਹਰਿ ਪੁਰਖ ਨਿਰੰਜਣ ਵੇਖ ਵਖਾਈਆ। ਆਪ ਬਣਾਈ ਆਪਣੀ ਬਣਤ, ਆਪਣੀ ਰਚਨਾ ਰਚ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੋਹਾਂ ਵੇਖਣਹਾਰਾ ਥਾਉਂ ਥਾਈਂਆ । ਹਰਿ ਪੁਰਖ ਨਿਰੰਜਣ ਵਸੇ ਥਿਰ ਘਰ, ਕੰਤੀ ਨਾਉਂ ਉਪਾਇੰਦਾ। ਸੋ ਪੁਰਖ ਨਿਰੰਜਣ ਸਚਖੰਡ ਵਸਿਆ ਏਕਾ ਦਰ, ਆਪ ਆਪਣਾ ਖੇਲ ਖਿਲਾਇੰਦਾ। ਹਰਿ ਪੁਰਖ ਨਿਰੰਜਣ ਆਪ ਆਪਣਾ ਰੂਪ ਧਰ, ਸਾਚਾ ਮੇਲ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੋਤ ਜੋਤ ਵਿਚ ਟਿਕਾਇੰਦਾ। ਜੋਤ ਅੰਦਰ ਜੋਤ ਧਰ, ਸਚਖੰਡ ਖੇਲ ਖਿਲਾਇਆ। ਨਿਰਗੁਣ ਅੰਦਰ ਨਿਰਗੁਣ ਵੜ, ਨਿਰਗੁਣ ਮੇਲ ਮਿਲਾਇਆ। ਸੋ ਪੁਰਖ ਨਿਰੰਜਣ ਪੌੜੇ ਚੜ੍ਹ, ਹਰਿ ਪੁਰਖ ਨਿਰੰਜਣ ਵੇਖ ਵਖਾਇਆ। ਹਰਿ ਪੁਰਖ ਨਿਰੰਜਣ ਸਾਚਾ ਘਾੜਨ ਘੜ, ਸੋ ਪੁਰਖ ਨਿਰੰਜਣ ਦਏ ਜਣਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਲੇਖਾ ਆਪ ਉਪਾਇਆ। ਸੋ ਪੁਰਖ ਨਿਰੰਜਣ ਘਾੜਨ ਘੜਿਆ, ਸਚ ਟਕਸਾਲ ਹੱਥ ਉਠਾਈਆ। ਹਰਿ ਪੁਰਖ ਨਿਰੰਜਣ ਨਾਲ ਰਲਿਆ, ਉਪਰ ਆਪਣੀ ਮੋਹਰ ਲਗਾਈਆ। ਆਪਣਾ ਵਿਚੋਲਾ ਆਪੇ ਬਣਿਆ, ਨਾ ਦੂਸਰ ਕੋਇ ਵਖਾਈਆ। ਆਪਣਾ ਤੋਲਾ ਆਪੇ ਬਣਿਆ, ਆਪਣਾ ਕੰਡਾ ਲਏ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣੀ ਰਚਨ ਰਚਾਈਆ। ਸੋ ਪੁਰਖ ਨਿਰੰਜਣ ਥਿਰ ਘਰ ਵਾਸ, ਹਰਿ ਆਪਣਾ ਆਪ ਰਖਾਇਆ। ਸਚਖੰਡ ਦਵਾਰ ਪੁਰਖ ਅਬਿਨਾਸ਼, ਹਰਿ ਪੁਰਖ ਨਿਰੰਜਣ ਡੇਰਾ ਲਾਇਆ। ਹਰਿ ਪੁਰਖ ਨਿਰੰਜਣ ਸੋ ਪੁਰਖ ਨਿਰੰਜਣ ਅੰਦਰ ਕਰਿਆ ਵਾਸ, ਆਪ ਆਪਣਾ ਬੀਜ ਬਜਾਇਆ। ਆਪੇ ਉਤਪਤ ਜੋਤ ਕਰੇ ਪਰਕਾਸ਼, ਆਪ ਆਪਣਾ ਰੂਪ ਵਟਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਸਾਚਾ ਇਕ ਸੁਹਾਇਆ। ਸੁਹਾਏ ਘਰ ਸਚ ਦਰਬਾਰ, ਹਰਿ ਸੱਚਾ ਸ਼ਾਹ ਸੁਲਤਾਨਿਆ। ਏਕਾ ਮੰਦਰ ਇਕ ਦਵਾਰ, ਏਕਾ ਵੇਖੇ ਸ੍ਰੀ ਭਗਵਾਨਿਆ। ਏਕਾ ਖੇਲ ਨਿਰਗੁਣ ਧਾਰ, ਏਕਾ ਜੋਤ ਜੋਤ ਜਗੇ ਮਹਾਨਿਆ। ਏਕਾ ਸੱਜਣ ਮੀਤ ਮੁਰਾਰ, ਏਕਾ ਰੂਪ ਅਨੂਪ ਦਰਸਾਨਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣੀ ਧਾਰ ਬੰਧਾਨਿਆ। ਸਚਖੰਡ ਸੋਭਾਵੰਤ ਸੁਭਾਗਣ, ਹਰਿ ਸਾਚਾ ਵੇਖ ਵਖਾਇੰਦਾ। ਸੋ ਪੁਰਖ ਨਿਰੰਜਣ ਹਰਿ ਪੁਰਖ ਨਿਰੰਜਣ ਏਕਾ ਰੰਗ ਰੰਗ ਬੈਰਾਗਣ, ਆਪ ਆਪਣਾ ਤਾਲ ਵਜਾਇੰਦਾ। ਨਾਰੀ ਕੰਤ ਹੋਈ ਸੁਹਾਗਣ, ਸੋਭਾਵੰਤੀ ਵੇਸ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਦੇਵਣਹਾਰਾ ਵਰ, ਆਪੇ ਬੂਝ ਬੁਝਾਇੰਦਾ। ਦੇਵਣਹਾਰਾ ਵਰ ਕਰਤਾਰ, ਆਪਣੀ ਭਿਛਿਆ ਝੋਲੀ ਪਾਈਆ। ਸੋ ਪੁਰਖ ਨਿਰੰਜਣ ਹੋ ਤਿਆਰ, ਬੈਠਾ ਰਾਹ ਤਕਾਈਆ। ਹਰਿ ਪੁਰਖ ਨਿਰੰਜਣ ਹੋ ਉਜਿਆਰ, ਆਪੇ ਵੇਖ ਵਖਾਈਆ। ਸਚਖੰਡ ਸੋਹੇ ਬੰਕ ਦਵਾਰ, ਥਿਰ ਘਰ ਆਪਣਾ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਮੰਦਰ ਅੰਦਰ ਆਪਣੇ ਸੋਭਾ ਪਾਈਆ। ਸੋਭਾ ਪਾਏ ਹਰਿ ਭਗਵਾਨ, ਸੋਹੇ ਦਰ ਦਰਬਾਰਾ। ਮੰਦਰ ਵਸੇ ਸਚ ਮਕਾਨ, ਉਚ ਅਟੱਲ ਮਨਾਰਾ। ਨਿਰਗੁਣ ਦੀਪ ਹੋਏ ਉਜਿਆਰ, ਵੇਖਣਹਾਰਾ ਕਮਲਾਪਾਤੀ ਏਕੰਕਾਰਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰ ਘਰ ਵੇਖੇ ਇਕ ਦਵਾਰਾ। ਸਚਖੰਡ ਵਸਿਆ ਹਰਿ ਨਿਰੰਕਾਰਾ, ਨਿਰਗੁਣ ਰੂਪ ਵਟਾਇੰਦਾ। ਸੋ ਪੁਰਖ ਨਿਰੰਜਣ ਖੇਲ ਅਪਾਰਾ, ਹਰਿ ਪੁਰਖ ਨਿਰੰਜਣ ਆਪ ਕਰਾਇੰਦਾ। ਆਪੇ ਸੁੱਤਾ ਕਰ ਉਜਿਆਰਾ, ਸ਼ਬਦੀ ਨਾਉਂ ਧਰਾਇੰਦਾ। ਖੇਲੇ ਖੇਲ ਅਪਰ ਅਪਾਰਾ, ਪੁਰੀਆਂ ਲੋਆਂ ਬ੍ਰਹਿਮੰਡਾਂ ਖੰਡਾਂ ਰਚਨ ਰਚਾਇੰਦਾ। ਆਪ ਉਪਜਾਏ ਰਵ ਸਸ ਸੂਰਜ ਚੰਦ ਸਤਾਰਾ, ਗਗਨ ਮੰਡਲ ਆਪ ਸੁਹਾਇੰਦਾ। ਪ੍ਰਿਥਮੀ ਅਕਾਸ਼ ਦਏ ਸਹਾਰਾ, ਜਲ ਧਾਰਾ ਰੂਪ ਵਟਾਇੰਦਾ। ਆਪਣਾ ਰੰਗ ਕਰ ਉਜਿਆਰਾ, ਵਿਸ਼ਨੂੰ ਨਾਉਂ ਵਟਾਇੰਦਾ। ਨਾਭੀ ਕਵਲੀ ਭਰ ਭੰਡਾਰਾ, ਅੰਮ੍ਰਿਤ ਧਾਰ ਚਲਾਇੰਦਾ। ਉਪਜਿਆ ਫੁੱਲ ਆਇਆ ਬਾਹਰਾ, ਆਪਣੀ ਪੰਖੜੀ ਆਪ ਖੁਲ੍ਹਾਇੰਦਾ। ਪਾਰਬ੍ਰਹਮ ਪ੍ਰਭ ਰੂਪ ਨਿਆਰਾ, ਬ੍ਰਹਮ ਰੂਪ ਵਟਾਇੰਦਾ। ਵਸਣਹਾਰਾ ਧੂੰਆਂਧਾਰ, ਸਤਿਗੁਰ ਨਾਉਂ ਉਪਜਾਇੰਦਾ। ਤਿੰਨਾਂ ਮੇਲਾ ਇਕ ਦਵਾਰਾ, ਏਕਾ ਹੁਕਮ ਸੁਣਾਇੰਦਾ। ਤ੍ਰੈਗੁਣ ਮਾਇਆ ਭਰ ਭੰਡਾਰਾ, ਪੰਚਮ ਤਤ ਮੇਲ ਮਿਲਾਇੰਦਾ। ਪੰਜੀ ਪ੍ਰਕਿਰਤੀ ਦਏ ਅਧਾਰਾ, ਨਿਰਗੁਣ ਸਰਗੁਣ ਵੇਖ ਵਖਾਇੰਦਾ। ਮਨ ਮਤ ਬੁਧ ਕਰ ਸ਼ਿੰਗਾਰਾ, ਸਾਚਾ ਮੇਲ ਮਿਲਾਇੰਦਾ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਖੇਲੇ ਖੇਲ ਸਚ ਘਰ, ਸਚਖੰਡ ਵਾਸੀ ਪੁਰਖ ਅਬਿਨਾਸ਼ੀ ਆਪ ਆਪਣੀ ਖੇਲ ਖਿਲਾਇੰਦਾ। ਸੇਵਾਦਾਰ ਸੇਵਕ ਲਾ, ਸਾਚਾ ਹੁਕਮ ਸੁਣਾਈਆ। ਬ੍ਰਹਮਾ ਵਿਸ਼ਨੂੰ ਸ਼ਿਵ ਲਏ ਉਠਾ, ਆਪ ਆਪਣੀ ਬਣਤ ਬਣਾਈਆ। ਲੱਖ ਚੁਰਾਸੀ ਰਚਨ ਰਚਾ, ਰਿਜ਼ਕ ਸਬਾਈ ਆਪ ਪੁਚਾਈਆ। ਆਪੇ ਦੇਵੇ ਅੰਤਮ ਢਾਹ, ਸਤਿਗੁਰ ਰੰਗ ਰੰਗਾਈਆ। ਲੋਕਮਾਤ ਹਰਿ ਖੇਲ ਖਿਲਾ, ਵਰਭੰਡੀ ਨਾਉਂ ਧਰਾਈਆ। ਬ੍ਰਹਿਮੰਡੀ ਡੇਰਾ ਆਪੇ ਲਾ, ਜੇਰਜ ਅੰਡ ਦਏ ਵਡਿਆਈਆ । ਉਤਭੁਜ ਸੇਤਜ ਖੇਲ ਖਿਲਾ, ਨਿਰਗੁਣ ਸਰਗੁਣ ਵੇਖ ਵਖਾਈਆ। ਅਜੂਨੀ ਰਹਿਤ ਲੱਖ ਚੁਰਾਸੀ ਅੰਦਰ ਡੇਰਾ ਲਾ, ਜੂਨੀ ਜੂਨ ਅਨੇਕਾ ਆਪ ਭਵਾਈਆ। ਪਾਰਬ੍ਰਹਮ ਬ੍ਰਹਮ ਲਏ ਉਪਜਾ, ਯਸ਼ ਜੇਵ ਆਪ ਅਖਵਾਈਆ। ਆਤਮ ਪਰਮਾਤਮ ਵੇਖ ਵਖਾ, ਪਰਮ ਪੁਰਖ ਵੱਡੀ ਵਡਿਆਈਆ। ਸੋ ਪੁਰਖ ਨਿਰੰਜਣ ਬੇਪਰਵਾਹ, ਏਕੰਕਾਰਾ ਆਪ ਆਪਣਾ ਨਾਉਂ ਧਰਾਈਆ। ਹਰਿ ਪੁਰਖ ਨਿਰੰਜਣ ਵਸਿਆ ਸਭਨੀ ਥਾਂ, ਘਟ ਘਟ ਬੈਠਾ ਆਸਣ ਲਾਈਆ। ਆਪਣੀ ਵੰਡ ਆਪ ਵੰਡਾ, ਆਪੇ ਹੁਕਮ ਸੁਣਾਈਆ। ਚਾਰੇ ਵੇਦਾਂ ਲਏ ਲਿਖਾ, ਚਾਰੇ ਯੁਗ ਰਚਨ ਰਚਾਈਆ। ਸਤਿਜੁਗ ਸਾਚਾ ਮਾਤ ਧਰਾ, ਸਤਿ ਸਤਿ ਕਰੇ ਪੜ੍ਹਾਈਆ। ਤ੍ਰੇਤਾ ਆਏ ਵੇਖਿਆ , ਆਪ ਆਪਣੀ ਕਲ ਵਰਤਾਈਆ। ਦੁਆਪਰ ਤੇਰਾ ਪੰਧ ਮੁਕਾ, ਪ੍ਰਭ ਬਣਿਆ ਪਾਂਧੀ  ਰਾਹੀਆ। ਕਲਜੁਗ ਤੇਰਾ ਕਰੇ ਨਿਆਂ, ਭੁੱਲ ਰਹੇ ਨਾ ਰਾਈਆ। ਗੁਰ ਪੀਰ ਸਾਧ ਬਣਨ ਗਵਾਹ, ਜੋ ਹਰਿ ਕਾ ਲੇਖਾ ਗਏ ਲਿਖਾਈਆ। ਬਿਨ ਹਰਿ ਗੋਬਿੰਦ ਨਾ ਦਿਸੇ ਕੋਇ ਮਲਾਹ, ਨਾ ਬੇੜਾ ਬੰਨੇ ਲਾਈਆ। ਚਾਰੋਂ ਕੁੰਟ ਅੰਧੇਰਾ ਰਿਹਾ ਛਾ, ਭੁਲ ਰਹੇ ਨਾ ਰਾਈਆ । ਮੰਝਧਾਰ ਬੇੜਾ ਕਲਜੁਗ ਕੂੜਾ ਰਿਹਾ ਰੁੜਾ, ਬੰਨੇ ਨਾ ਕੋਈ ਪਾਰ ਵਖਾਈਆ। ਸੋ ਪੁਰਖ ਨਿਰੰਜਣ ਜੋਤ ਜਗਾ, ਲੋਕਮਾਤ ਕਰੇ ਰੁਸ਼ਨਾਈਆ। ਹਰਿ ਪੁਰਖ ਨਿਰੰਜਣ ਗੁਰਸਿਖਾਂ ਅੰਦਰ ਡੇਰਾ ਲਾ, ਆਪ ਆਪਣੀ ਬੂਝ ਬੁਝਾਈਆ। ਬਾਲ ਅੰਞਾਣੇ ਲਏ ਉਠਾ, ਬਿਰਧ ਜਵਾਨ ਨਾ ਕੋਇ ਵਖਾਈਆ। ਕਾਲਖ ਟਿੱਕਾ ਮਸਤਕ ਦੇਵੇ ਲਾਹ, ਜੋ ਜਨ ਆਏ ਸਰਨਾਈਆ। ਨਿਥਾਵਿਆਂ ਦੇਵਣਹਾਰਾ ਸਾਚਾ ਥਾਂ, ਦਰਗਹਿ ਸਾਚੀ ਧਾਮ ਸੁਹਾਈਆ। ਸਚਖੰਡ ਬੈਠਾ ਆਸਣ ਲਾ, ਥਿਰ ਘਰ ਦਾਤਾ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸੋ ਪੁਰਖ ਨਿਰੰਜਣ ਦੇਵੇ ਵਰ, ਹਰਿ ਪੁਰਖ ਨਿਰੰਜਣ ਰਿਹਾ ਸਲਾਹੀਆ। ਸੋ ਪੁਰਖ ਵਰ ਵਰ ਦਾਤਾ, ਆਪਣੀ ਝੋਲੀ ਆਪ ਭਰਾਇੰਦਾ। ਹਰਿ ਪੁਰਖ ਨਿਰੰਜਣ ਸਰਬ ਗਿਆਤਾ, ਅੰਤਰਜਾਮੀ ਨਾਉਂ ਧਰਾਇੰਦਾ। ਜੁਗਾ ਜੁਗੰਤਰ ਆਪੇ ਜਾਣੇ ਆਪਣੀ ਗਾਥਾ, ਆਪ ਆਪਣਾ ਨਾਉਂ ਸੁਣਾਇੰਦਾ। ਆਦਿ ਜੁਗਾਦੀ ਚਲਾਏ ਰਾਥਾ, ਰਥ ਰਥਵਾਹੀ ਦਿਸ ਨਾ ਆਇੰਦਾ। ਸਦਾ ਸੁਹੇਲਾ ਵਸੇ ਸਾਥਾ, ਸਗਲਾ ਸੰਗ ਨਿਭਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਖੇਲ ਖਿਲਾਇੰਦਾ। ਸੋ ਪੁਰਖ ਨਿਰੰਜਣ ਹੋ ਮਿਹਰਬਾਨ, ਆਪਣੀ ਦਇਆ ਕਮਾਈਆ। ਹਰਿ ਪੁਰਖ ਨਿਰੰਜਣ ਫੜ ਨਿਸ਼ਾਨ, ਥਿਰ ਘਰ ਬੈਠਾ ਆਪ ਉਠਾਈਆ। ਕਲਜੁਗ ਵੇਖੇ ਮਾਰ ਧਿਆਨ, ਨੌ ਖੰਡ ਪ੍ਰਿਥਮੀ ਫੇਰਾ ਪਾਈਆ। ਸਚ ਨਾ ਦਿਸੇ ਕੋਇ ਦੁਕਾਨ, ਚੌਦਾਂ ਲੋਕ ਹੋਏ ਹਲਕਾਈਆ। ਚੌਦਾਂ ਤਬਕ ਹੋਏ ਵੈਰਾਨ, ਸਾਚਾ ਕਲਮਾ ਨਾ ਕੋਇ ਪੜ੍ਹਾਈਆ। ਸਾਧਾਂ ਸੰਤਾਂ ਅੰਦਰ ਬੀਆਬਾਨ, ਸਿੰਬਲ ਰੁਖ ਰਹੇ ਲਹਿਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪੇ ਹੋਇਆ ਨਿਗਹਬਾਨ ਆਪੇ ਵੇਖ ਵਖਾਈਆ। ਹਰਿ ਪੁਰਖ ਨਿਰੰਜਣ ਮਾਰ ਝਾਤ, ਲੋਕਮਾਤ ਵੇਖ ਵਖਾਇੰਦਾ। ਸੋ ਪੁਰਖ ਨਿਰੰਜਣ ਇਕ ਅਕਾਂਤ, ਏਕਾ ਰੰਗ ਸਮਾਇੰਦਾ। ਸੋ ਪੁਰਖ ਨਿਰੰਜਣ ਮੇਟਣਹਾਰਾ ਅੰਧੇਰੀ ਰਾਤ, ਹਰਿ ਪੁਰਖ ਨਿਰੰਜਣ ਸਾਚਾ ਚੰਦ ਚੜ੍ਹਾਇੰਦਾ। ਜਨ ਭਗਤਾਂ ਦੇਵੇ ਸਾਚੀ ਦਾਤ, ਏਕਾ ਵੰਡਣ ਨਾਮ ਵੰਡਾਇੰਦਾ। ਆਪਣੀ ਜਣਾਏ ਆਪੇ ਗਾਥ, ਆਪਣਾ ਮੰਤਰ ਆਪ ਪੜ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਖੇਲ ਖਿਲਾਇੰਦਾ। ਸੋ ਪੁਰਖ ਨਿਰੰਜਣ ਹਰਿ ਭਗਵਾਨਾ, ਆਪਣੀ ਕਲ ਵਰਤਾਇੰਦਾ। ਹਰਿ ਪੁਰਖ ਨਿਰੰਜਣ ਜੋਧਾ ਸੂਰ ਬਲੀ ਬਲਵਾਨਾ, ਆਪਣਾ ਬਲ ਧਰਾਇੰਦਾ। ਪਰਗਟ ਹੋਵੇ ਵਾਲੀ ਦੋ ਜਹਾਨਾਂ, ਲੋਕਮਾਤ ਵੇਸ ਵਟਾਇੰਦਾ। ਹਰਿ ਕਾ ਰੂਪ ਨਾ ਕਿਸੇ ਪਛਾਣਾ, ਨੇਤਰ ਨੈਣ ਦਿਸ ਨਾ ਆਇੰਦਾ। ਰਖਿਆ ਨਾਉਂ ਸ੍ਰੀ ਭਗਵਾਨਾ, ਨਿਹਕਲੰਕ ਆਪ ਹੋ ਜਾਇੰਦਾ। ਸਾਚਾ ਚਿੱਲਾ ਤੀਰ ਕਮਾਨਾ, ਗੋਬਿੰਦ ਹੱਥ ਰਖਾਇੰਦਾ। ਤ੍ਰੈ ਲੋਕਾਂ ਮਾਰੇ ਇਕ ਨਿਸ਼ਾਨਾ, ਚੌਦਾਂ ਲੋਕਾਂ ਜੜ ਉਖੜਾਇੰਦਾ। ਰਵ ਸਸ ਹੋਇਣ ਹੈਰਾਨਾ, ਬ੍ਰਹਮਾ ਵਿਸ਼ਨ ਸ਼ਿਵ ਕਰੋੜ ਤੇਤੀਸਾ ਸੁਰਪਤ ਰਾਜਾ ਇੰਦ ਧੀਰ ਨਾ ਕੋਇ ਧਰਾਇੰਦਾ। ਵੇਖਣਹਾਰਾ ਜੁਗ ਜੁਗ ਨਿਸ਼ਾਨਾ, ਆਪ ਆਪਣਾ ਖੇਲ ਖਿਲਾਇੰਦਾ। ਜਨ ਭਗਤਾਂ ਉਪਰ ਹੋਏ ਮਿਹਰਵਾਨਾ, ਸਿਰ ਆਪਣਾ ਹੱਥ ਟਿਕਾਇੰਦਾ। ਚਰਨ ਦਵਾਰ ਬਖ਼ਸ਼ੇ ਸਾਚਾ ਮਾਨਾ, ਸਚਖੰਡ ਦਵਾਰਾ ਇਕ ਸੁਹਾਇੰਦਾ। ਬਿਨ ਗੁਰਸਿਖ ਨਾ ਜਾਣੇ ਕੋਇ ਹਰਿ ਕਾ ਭਾਣਾ, ਭਰਮ ਭੁਲੇਖੇ ਸਗਲ ਸ੍ਰਿਸ਼ਟ ਭੁਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸੋ ਪੁਰਖ ਨਿਰੰਜਣ ਨਰ ਹਰਿ, ਸੋ ਪੁਰਖ ਨਿਰੰਜਣ ਵੇਖ ਵਖਾਇੰਦਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲੋਕਮਾਤ ਨਾ ਦਿਸੇ ਕੋਈ ਪੰਜ ਤੱਤ ਨਿਸ਼ਾਨ, ਨਿਰਗੁਣ ਦੇਵੇ ਨਿਰਗੁਣ ਦਾਨ, ਸਰਗੁਣ ਮੇਲ ਜਗਤ ਜਹਾਨ, ਆਉਂਦਾ ਜਾਂਦਾ ਪਾਂਧੀ ਰਾਹੀ ਪੰਥ ਮਾਰਗ ਦਿਸ ਕਿਸੇ ਨਾ ਆਇੰਦਾ।