Granth 06 Likhat 013: Pahili Assu 2013 Bikarmi Baba Partap Singh de Dere ja ke Shabad Ucharia Bhaini Sahib Jila Ludhiana

ਪਹਿਲੀ ਅੱਸੂ ੨੦੧੩ ਬਿਕ੍ਰਮੀ ਬਾਬਾ ਪਰਤਾਪ ਸਿੰਘ ਦੇ ਡੇਰੇ ਜਾ ਕੇ ਸ਼ਬਦ ਉਚਾਰਿਆ ਭੈਣੀ ਸਾਹਿਬ ਜ਼ਿਲਾ ਲੁਧਿਆਣਾ

ਰਾਮ ਸਿੰਘ ਗੁਰ ਰਾਮ ਗੜ੍ਹ। ਪ੍ਰਭ ਅਬਿਨਾਸ਼ੀ ਵੇਖੇ ਅੰਦਰ ਵੜ। ਜੋਤ ਸਰੂਪ ਨਾ ਕੋਈ ਸੀਸ ਨਾ ਕੋਈ ਧੜ। ਨਾ ਕੋਈ ਮਾਤ ਪਤਾਲ ਆਕਾਸ਼ ਵੇਖ ਸਕੇ ਲੱਗੀ ਜੜ੍ਹ। ਸੰਤ ਜਨਾਂ ਸਦ ਵਸੇ ਅੰਦਰ, ਭਾਗ ਲਗਾਏ ਸਾਚੇ ਮੰਦਰ, ਜੋ ਜਨ ਸ਼ਬਦ ਚਹੁ ਅੱਖਰ ਜਾਇਣ ਪੜ੍ਹ। ਪੰਚਾਂ ਨਾਲ ਰਿਹਾ ਲੜ। ਪੰਚਾਂ ਜੋੜ ਜੁੜਾਏ, ਜੋਤ ਜਗਾਏ ਬਹੱਤਰ ਨੜ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿ ਸੰਤ ਸੁਹੇਲੇ ਆਪ ਬੰਨ੍ਹਾਏ ਆਪਣੇ ਲੜ। ਆਪਣੇ ਲੜ ਬੰਨ੍ਹਣਹਾਰ, ਜੁਗ ਜੁਗ ਹਰਿ ਭਗਵੰਤਾ। ਸੰਤ ਸੁਹੇਲੇ ਮੇਲਣਹਾਰਾ, ਦੇਵੇ ਦਾਨ ਜੀਆਂ ਜੰਤਾਂ। ਕਰਮ ਕੁਕਰਮਾਂ ਪਰਖਣਹਾਰਾ, ਭੇਖਾਧਾਰੀ ਭੇਖ ਵਟੰਤਾ। ਨਾਨਕ ਗੋਬਿੰਦ ਸ਼ਬਦ ਧਾਰ ਲਿਖਣਹਾਰਾ, ਸ੍ਰਿਸ਼ਟ ਸਬਾਈ ਸਾਚਾ ਕੰਤਾ। ਜੋਤੀ ਜੋਤ ਸਰੂਪ ਹਰਿ, ਜੁਗ ਜੁਗ ਜੋਤੀ ਜਾਮਾ ਭੇਖ ਧਰ, ਵੇਸ ਅਨੇਕ ਏਕ ਕਰ, ਕਰੇ ਖੇਲ ਆਦਿਨ ਅੰਤਾ। ਆਦਿ ਅੰਤ ਜਗਤ ਪ੍ਰਭ ਰੀਤੀ, ਜੁਗ ਜੁਗ ਕਰਦਾ ਆਇਆ। ਗੁਰਮੁਖਾਂ ਕਰੇ ਕਾਇਆ ਪਤਤ ਪੁਨੀਤੀ, ਆਪ ਆਪਣਾ ਦਰਸ ਦਿਖਾਇਆ। ਮਾਨਸ ਦੇਹੀ ਹਰਿਜਨ ਜੀਤੀ, ਰਸਨਾ ਹਰਿ ਹਰਿ ਗੁਣ ਗਾਇਆ। ਕਾਇਆ ਹੋਏ ਸੀਤਲ ਸੀਤੀ, ਗੋਬਿੰਦ ਗੋਬਿੰਦ ਰੂਪ ਸਮਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਜੋਤੀ ਭੇਖ ਧਰ, ਸਤਿਜੁਗ ਸਾਚੇ ਜੀਵ ਜੰਤ ਸਭ ਭਾਂਡੇ ਕਾਚੇ, ਸਾਚੀ ਸਰਨ ਲਗਾਏ ਲਏ ਤਰਾਇਆ। ਸਤਿਗੁਰ ਸਾਚਾ ਹੱਟ ਹੈ, ਖੋਲ੍ਹੇ ਵਿਚ ਸੰਸਾਰ। ਨਾਮ ਰਖਾਏ ਸਾਚਾ ਪੱਟ ਹੈ, ਗੁਰਮੁਖਾਂ ਕਰੇ ਤਨ ਸ਼ਿੰਗਾਰ। ਗੁਰ ਚਰਨ ਤੀਰਥ ਸਾਚਾ ਤੱਟ ਹੈ, ਗੁਰਮੁਖ ਨੁਹਾਵਣ ਉਤਰਨ ਪਾਰ। ਆਪੇ ਜਾਣੇ ਘਟ ਘਟ ਹੈ, ਆਪੇ ਅੰਦਰ ਆਪੇ ਬਾਹਰ। ਆਪੇ ਜੋਤ ਜਗਾਏ ਲਟ ਲਟ ਹੈ, ਆਪੇ ਦੇਵੇ ਸ਼ਬਦ ਧੁਨਕਾਰ। ਭਾਗ ਲਗਾਏ ਕਾਇਆ ਮੱਟ ਹੈ, ਜਿਸ ਜਨ ਕਿਰਪਾ ਦੇਵੇ ਧਾਰ। ਦੁਰਮਤ ਮੈਲ ਦੇਵੇ ਕੱਟ ਹੈ, ਜਿਸ ਜਨ ਦੇਵੇ ਚਰਨ ਪਿਆਰ। ਸ਼ਬਦ ਮਾਰੇ ਏਕਾ ਸੱਟ ਹੈ, ਬਜਰ ਕਪਾਟੀ ਪੱਥਰ ਦੇਵੇ ਪਾੜ। ਸਿੰਘ ਰਾਮ ਕਲਜੁਗ ਜੀਆਂ ਕੱਢੇ ਭਰਮਾਂ ਵੱਟ ਹੈ, ਪਰਗਟ ਹੋਏ ਵਿਚ ਸੰਸਾਰ। ਸੰਤ ਸੁਹੇਲੇ ਲਾਹਾ ਰਹੇ ਖੱਟ ਹੈ, ਕਲਜੁਗ ਤੇਰੀ ਅੰਤਮ ਵਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸੰਬਲ ਨਗਰੀ ਧਾਮ ਅਪਾਰ। ਧਾਮ ਅਵੱਲਾ, ਪ੍ਰਭ ਸਾਚੀ ਜੋਤ ਜਗਾਇੰਦਾ। ਗੁਰਮੁਖ ਵਸਾਏ ਇਕ ਮਹੱਲਾ, ਹਰਿ ਹਰਿ ਸੇਵਾ ਲਾਇੰਦਾ। ਆਪੇ ਜਾਣੇ ਜਲ ਥਲਾ, ਜੰਗਲ ਜੂਹ ਉਜਾੜ ਪਹਾੜ ਡੂੰਘੀ ਕੰਦਰ ਵੇਖ ਵਖਾਇੰਦਾ। ਲੱਖ ਚੁਰਾਸੀ ਆਪੇ ਚਬਾਏ ਆਪਣੀ ਦਾੜ੍ਹਾ, ਵਰਤੇ ਖੇਲ ਸਤਾਰਾਂ ਹਾੜਾ, ਸੰਮਤ ਸੋਲਾਂ ਹਾਹਾਕਾਰ ਸ੍ਰਿਸ਼ਟ ਮਾਤ ਕਰਾਇੰਦਾ। ਗੁਰਮੁਖ ਸਾਚਾ ਸਾਚਾ ਲਾੜਾ, ਪੁਰਖ ਅਬਿਨਾਸ਼ੀ ਘਟ ਘਟ ਵਾਸੀ ਗੁਰ ਗੋਬਿੰਦਾ ਸਗਲੀ ਲਾਹੇ ਚਿੰਦਾ, ਆਪ ਆਪਣੀ ਸੇਵ ਕਮਾਇੰਦਾ। ਸਿੰਘ ਪਰਤਾਪ ਹਰਿ ਸਾਚਾ ਜਾਪ, ਆਪ ਪਛਾਣੇ ਆਪਾ ਆਪ, ਨਾ ਭੇਵ ਕੋਈ ਛੁਪਾਇੰਦਾ। ਲੋਕਮਾਤ ਵਡ ਪਰਤਾਪ, ਜਿਸ ਜਨ ਸੀਸ ਆਪਣਾ ਹੱਥ ਟਿਕਾਇੰਦਾ। ਤ੍ਰੈਗੁਣ ਮਾਇਆ ਰਹੀ ਕਾਂਪ, ਬ੍ਰਹਮਾ ਵਿਸ਼ਨ ਮਹੇਸ਼ ਸੀਸ ਦਰ ਝੁਕਾਇੰਦਾ। ਮਾਇਆ ਡੱਸਣੀ ਨਾ ਡੱਸੇ ਸਾਂਪ, ਏਕਾ ਸ਼ਬਦ ਸਾਚੀ ਵਸਤ ਆਤਮ ਝੋਲੀ ਪਾਇੰਦਾ। ਦੁਰਮਤ ਮੈਲ ਧੋਵੇ ਦਾਗ਼, ਹੰਸ ਬਣਾਏ ਫੜ ਫੜ ਕਾਗ, ਆਤਮ ਜੋਤੀ ਜਗੇ ਚਿਰਾਗ, ਧੁਨ ਅਨਾਦੀ ਬੋਧ ਅਗਾਧੀ ਸ਼ਬਦੀ ਇਕ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਰਾਮ ਸਿੰਘ ਗੁਰ ਸਾਚਾ ਗੜ੍ਹ, ਸ਼ਬਦ ਸਰੂਪੀ ਵੇਖੇ ਅੰਦਰ ਵੜ, ਜਗਤ ਵਿਕਾਰਾ ਜਾਏ ਸੜ, ਸਾਂਤਕ ਸਤਿ ਜੋ ਵਰਤਾਇੰਦਾ। ਸਤਿ ਸਤਿ ਵਰਤੇ, ਹਰਿ ਵਰਤਾਵਣਹਾਰਾ। ਜਨ ਭਗਤਾਂ ਰੱਖੇ ਪਤ ਉਪਰ ਧਰਤੇ, ਪਰਗਟ ਹੋਏ ਨਿਹਕਲੰਕ ਨਰਾਇਣ ਨਰ ਅਵਤਾਰਾ। ਸਤਿਗੁਰ ਸਾਚੇ ਸਰਨ ਸਰਨਾਈ ਪਰਤੇ, ਜੀਵ ਜੰਤ ਜਗ ਉਤਰੇ ਪਾਰਾ। ਗੁਰਮੁਖ ਸਾਚੇ ਸੰਤ ਜਨ ਪ੍ਰਭ ਭਾਣਾ ਸਿਰ ਤੇ ਜਰਤੇ, ਆਦਿ ਅੰਤ ਜੁਗਾ ਜੁਗੰਤ ਪੂਰਨ ਭਗਵੰਤ ਸਾਧ ਸੰਤ ਕਰੇ ਸ਼ਬਦ ਪਿਆਰਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਅੰਤਮ ਵੇਖੇ ਸਚ ਘਰ, ਸਾਚਾ ਵਣਜ ਕਰੇ ਕਰਾਏ ਨਾਮ ਅਪਾਰਾ। ਆਉਣਾ ਜਾਣਾ ਵਲ ਛਲ, ਅਚਰਜ ਰੀਤ ਚਲਾਈਆ। ਖੇਲੇ ਖੇਲ ਘੜੀ ਘੜੀ ਪਲ ਪਲ, ਸ਼ਬਦ ਸਿੰਘਾਸਣ ਡੇਰਾ ਲਾਈਆ। ਜੋਤ ਨਿਰੰਜਣ ਰਹੀ ਬਲ, ਅਗਿਆਨ ਅੰਧੇਰ ਮਿਟਾਈਆ। ਗੁਰ ਸੰਗਤ ਜੋ ਜਾਏ ਰਲ, ਗੁਰ ਪੂਰਾ ਸਾਚੀ ਨਈਆ ਨਾਮ ਚੜ੍ਹਾਈਆ। ਸਾਚੇ ਸੰਤ ਹਰਿ ਜਾਏ ਬਲ ਬਲ, ਏਕਾ ਟੇਕ ਹਰਿ ਰਘੁਰਾਈਆ। ਜੋਤੀ ਜੋਤ ਸਰੂਪ ਹਰਿ, ਵੇਖ ਵਖਾਣੇ ਸਚ ਘਰ, ਬੰਦ ਕਿਵਾੜ ਕਵਣ ਕਰਾਈਆ। ਸਤਿਗੁਰ ਸਾਚਾ ਧੰਨ ਹੈ, ਹੋਏ ਸ਼ਬਦ ਜੈਕਾਰ। ਜਿਸ ਜਨ ਆਤਮ ਗਿਆ ਮੰਨ ਹੈ, ਦੋ ਜਹਾਨਾਂ ਬੇੜਾ ਪਾਰ। ਚੇਲਾ ਗੁਰੂ ਧੰਨ ਹੈ, ਮੇਲਾ ਇਕ ਦਵਾਰ। ਨਾ ਵਸੇਰਾ ਛੱਪਰੀ ਛੰਨ ਹੈ, ਨਾ ਕੋਈ ਬੰਕ ਦਵਾਰ। ਸੱਚਾ ਦੇਵੇ ਨਾਮ ਧਨ ਹੈ, ਕੋਈ ਲੁੱਟੇ ਨਾ ਚੋਰ ਯਾਰ। ਰਾਗ ਸੁਣੇ ਸੁਣਾਏ ਸਾਚਾ ਕੰਨ ਹੈ, ਧੁਨ ਅਨਾਦੀ ਅਗੰਮ ਅਪਾਰ। ਸਭ ਦਾ ਬੇੜਾ ਰਿਹਾ ਬੰਨ੍ਹ ਹੈ, ਭੇਖਾਧਾਰੀ ਭੇਖ ਅਪਾਰ। ਜੋਤੀ ਜੋਤ ਸਰੂਪ ਹਰਿ, ਆਏ ਦਰ ਵੇਖੇ ਸਰ, ਚੁੱਕੇ ਡਰ ਨੌ ਦਵਾਰੇ ਵਸੇ ਬਾਹਰ। ਪਹਿਲੀ ਅੱਸੂ ਵੀਹ ਸੌ ਤੇਰਾਂ, ਤੇਰੀ ਰੁਤ ਸੁਹਾਈਆ। ਸਾਧ ਭੈਣੀ ਦਰ ਸਾਚਾ ਫੇਰਾ, ਹਰਿ ਹਰਿ ਆਪੇ ਪਾਈਆ। ਗਊ ਗਰੀਬ ਨਿਮਾਣਿਆਂ ਕਟੇ ਜਮ ਕਾ ਜੇੜਾ, ਫੜ ਫੜ ਰਾਹੇ ਪਾਈਆ। ਅੰਤਮ ਕਰੇ ਸਚ ਨਿਬੇੜਾ, ਸਾਚਾ ਪੱਲਾ ਨਾਮ ਫੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਅੰਤਮ ਮੇਲਾ ਲਏ ਮਿਲਾਇਆ।

Leave a Reply

This site uses Akismet to reduce spam. Learn how your comment data is processed.