੧੮ ਸਾਵਣ ੨੦੧੬ ਬਿਕ੍ਰਮੀ ਸਰਦਾਰਾ ਸਿੰਘ ਪਿੰਡ ਮਨਾਵਾਂ ਜ਼ਿਲਾ ਫ਼ਿਰੋਜ਼ਪੁਰ
ਆਦਿ ਨਿਰੰਜਣ ਹਰਿ ਭਗਵਾਨਾ, ਏਕਾ ਏਕ ਓਅੰਕਾਰਿਆ। ਜੋਤੀ ਨੂਰ ਨੂਰ ਮਹਾਨਾ, ਨੂਰੋ ਨੂਰ ਡਗਮਗਾ ਰਿਹਾ। ਸ਼ਾਹੋ ਭੂਪ ਵਡ ਸੁਲਤਾਨਾ, ਰਾਜ ਰਾਜਾਨਾ ਆਪ ਅਖਵਾ ਰਿਹਾ। ਆਦਿ ਜੁਗਾਦੀ ਇਕ ਨਿਸ਼ਾਨਾ, ਇਕ ਓਅੰਕਾਰਾ ਆਪਣਾ ਆਪ ਝੁਲਾ ਰਿਹਾ। ਖੇਲੇ ਖੇਲ ਦੋ ਜਹਾਨਾਂ, ਭੇਵ ਅਭੇਦਾ ਭੇਵ ਛੁਪਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣੀ ਬਣਤ ਬਣਾ ਲਿਆ। ਪਾਰਬ੍ਰਹਮ ਹਰਿ ਹਰਿ ਬੇਅੰਤ, ਏਕਾ ਏਕ ਅਖਵਾਈਆ। ਖੇਲੇ ਖੇਲ ਜੁਗਾ ਜੁਗੰਤ, ਜੁਗ ਜੁਗ ਵੱਡੀ ਵਡਿਆਈਆ। ਆਪ ਬਣਾਏ ਆਪਣੀ ਬਣਤ, ਆਪਣੀ ਮਹਿਮਾ ਆਪ ਜਣਾਈਆ। ਆਪੇ ਖੇਲੇ ਖੇਲ ਸ੍ਰੀ ਭਗਵੰਤ, ਨਿਰਗੁਣ ਨੂਰ ਨੂਰ ਇਲਾਹੀਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਦਾਤਾ ਬੇਪਰਵਾਹੀਆ। ਨਿਰਗੁਣ ਦਾਤਾ ਪੁਰਖ ਬਿਧਾਤਾ, ਏਕਾ ਏਕ ਓਅੰਕਾਰਿਆ। ਆਦਿ ਜੁਗਾਦੀ ਜੁਗਾ ਜੁਗੰਤਰ ਆਪ ਚਲਾਏ ਆਪਣਾ ਰਾਥਾ, ਰਥ ਰਥਵਾਹੀ ਆਪ ਅਖਵਾ ਰਿਹਾ। ਦੀਨ ਦਿਆਲਾ ਗੁਰ ਗੋਪਾਲਾ ਸਗਲਾ ਸਾਥਾ, ਪਾਰਬ੍ਰਹਮ ਆਪਣਾ ਆਪ ਨਿਭਾ ਰਿਹਾ। ਪੁਰਖ ਅਬਿਨਾਸ਼ਾ ਖੇਲ ਤਮਾਸ਼ਾ, ਜੁਗਾ ਜੁਗੰਤਰ ਵੇਖ ਵਖਾ ਰਿਹਾ। ਆਪਣੇ ਮੰਡਲ ਪਾਵੇ ਰਾਸਾ, ਆਪ ਆਪਣੀ ਜੋਤ ਡਗਮਗਾ ਰਿਹਾ। ਨਾ ਕੋਈ ਪ੍ਰਿਥਮੀ ਨਾ ਅਕਾਸ਼ਾ, ਗਗਨ ਮੰਡਲ ਨਾ ਕੋਇ ਵਖਾ ਰਿਹਾ। ਸ਼ਾਹੋ ਭੂਪ ਹਰਿ ਸ਼ਾਹੋ ਸ਼ਾਬਾਸ਼ਾ, ਸਤਿ ਸਰੂਪ ਸਮਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਅੰਤਾ ਵੇਸ ਵਟਾ ਲਿਆ। ਆਦਿਨ ਅੰਤਾ ਹਰਿ ਭਗਵਾਨਾ, ਅਕਲ ਕਲਾ ਅਖਵਾਈਆ। ਖੇਲੇ ਖੇਲ ਖੇਲ ਮਹਾਨਾ, ਲੇਖਾ ਲੇਖ ਨਾ ਕੋਇ ਜਣਾਈਆ। ਸਚ ਤਖ਼ਤ ਸਚ ਸੁਲਤਾਨਾ, ਹਰਿ ਸਾਚਾ ਬੈਠਾ ਆਸਣ ਲਾਈਆ। ਸਾਚਾ ਮੰਦਰ ਸਚ ਮਕਾਨਾ, ਸਚਖੰਡ ਦਵਾਰਾ ਬੰਕ ਸੁਹਾਈਆ। ਸਚ ਘਰ ਸਾਚੇ ਦੇਵੇ ਮਾਣਾ, ਥਿਰ ਘਰ ਵੱਡੀ ਵਡਿਆਈਆ। ਰਾਗ ਅਨਾਦੀ ਏਕਾ ਤਰਾਨਾ, ਏਕਾ ਸ਼ਬਦ ਅਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਨੂਰ ਨੂਰ ਰੁਸ਼ਨਾਈਆ। ਨਿਰਗੁਣ ਦਾਤਾ ਏਕਓਅੰਕਾਰ, ਆਦਿ ਜੁਗਾਦਿ ਸਮਾਇਆ। ਪਾਰਬ੍ਰਹਮ ਪ੍ਰਭ ਮੀਤ ਮੁਰਾਰ, ਸਗਲਾ ਸੰਗ ਨਿਭਾਇਆ। ਨਾ ਕੋਈ ਦੂਸਰ ਹੋਰ ਪਸਾਰ, ਨਾ ਕੋਈ ਦਰ ਸੁਹਾਇਆ। ਸਚਖੰਡ ਵਸੇ ਆਪ ਨਿਰੰਕਾਰ, ਦੀਵਾ ਬਾਤੀ ਇਕ ਜਗਾਇਆ। ਕਮਲਾਪਾਤੀ ਖੇਲ ਅਪਾਰ, ਆਪ ਆਪਣਾ ਖੇਲ ਖਲਾਇਆ। ਨਾਰੀ ਕੰਤਾ ਬਣ ਭਤਾਰ, ਸਾਚੀ ਸੇਜ ਹੰਢਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅਗੰਮ ਅਗੰਮੜਾ ਅਗੰਮੜੀ ਕਾਰ ਕਮਾਇਆ। ਪੁਰਖ ਅਗੰਮੜਾ ਅਗੰਮੜੀ ਕਾਰ, ਨਿਰਗੁਣ ਨਿਰਗੁਣ ਆਪ ਕਰਾਈਆ। ਅਲੱਖ ਨਿਰੰਜਣ ਅਲੱਖ ਜੈਕਾਰ, ਆਪਣੀ ਆਪ ਜਗਾਈਆ। ਬੰਕ ਸੁਹਾਏ ਸਚਖੰਡ ਦਵਾਰ, ਥਿਰ ਘਰ ਬੈਠਾ ਆਸਣ ਲਾਈਆ। ਆਦਿ ਨਿਰੰਜਣ ਭੇਵ ਨਿਆਰ, ਆਦਿ ਸ਼ਕਤ ਵੇਸ ਵਟਾਈਆ। ਕਰਤਾ ਪੁਰਖ ਕਰਨੀ ਕਰੇ ਆਪਣੀ ਕਾਰ, ਕਰਨਹਾਰ ਆਪ ਹੋ ਜਾਈਆ। ਅਜੂਨੀ ਰਹਿਤ ਨਿਰਾਕਾਰ, ਮੂਰਤ ਅਕਾਲ ਆਪ ਅਖਵਾਈਆ। ਆਪੇ ਜਾਣੇ ਆਪਣੀ ਧਾਰ, ਆਪਣੀ ਧਾਰਾ ਆਪ ਵਹਾਈਆ। ਆਪ ਆਪਣਾ ਕਰ ਪਸਾਰ, ਆਪੇ ਵੇਖ ਵਖਾਈਆ। ਵਸਣਹਾਰਾ ਉਚ ਮਹੱਲ ਅਟੱਲ ਮੁਨਾਰ, ਊਚੋ ਊਚ ਆਪ ਹੋ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਨੂਰ ਕਰੇ ਰੁਸ਼ਨਾਈਆ। ਨੂਰ ਉਜਾਲਾ ਗੁਰ ਗੋਪਾਲਾ, ਏਕਾ ਰੰਗ ਰੰਗਾਇਆ। ਦੀਨਾਂ ਬੰਧਪ ਦੀਨ ਦਿਆਲਾ, ਭੇਵ ਅਭੇਦਾ ਭੇਵ ਛੁਪਾਇਆ। ਆਦਿ ਜੁਗਾਦਿ ਚਲੇ ਅਵੱਲੜੀ ਚਾਲਾ, ਲੇਖਾ ਲੇਖ ਨਾ ਕਿਸੇ ਜਣਾਇਆ। ਸ਼ਬਦ ਸਰੂਪੀ ਬਣ ਦਲਾਲਾ, ਆਪਣਾ ਵਣਜ ਕਰਾਇਆ। ਖੇਲੇ ਖੇਲ ਪੁਰਖ ਅਕਾਲਾ, ਅਕਲ ਕਲਾ ਵਰਤਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੋਤੀ ਨੂਰ ਡਗਮਗਾਇਆ। ਜੋਤੀ ਨੂਰ ਜੋਤ ਨਿਰੰਕਾਰਾ, ਨਿਰਗੁਣ ਨਾਉਂ ਰਖਾਇੰਦਾ। ਅਲੱਖ ਅਗੋਚਰ ਅਗੰਮ ਅਪਾਰਾ, ਭੇਵ ਅਗਾਧ ਬੋਧ ਜਣਾਇੰਦਾ। ਸਤਿ ਪੁਰਖ ਨਿਰੰਜਣ ਸਤਿ ਸਤਿਵਾਦੀ ਸਾਚੀ ਧਾਰਾ, ਘਰ ਸਾਚੇ ਆਪ ਚਲਾਇੰਦਾ। ਕੰਤ ਕੰਤੂਹਲ ਮੀਤ ਮੁਰਾਰਾ, ਨਰ ਨਰੈਣ ਨਾਉਂ ਧਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਵਸਣਹਾਰਾ ਸਚਖੰਡ ਸਚ ਦਵਾਰਾ ਇਕ ਸੁਹਾਇੰਦਾ। ਸਚਖੰਡ ਵਸੇ ਨਿਰੰਕਾਰਾ, ਨਿਰਗੁਣ ਜੋਤ ਨੂਰ ਰੁਸ਼ਨਾਈਆ। ਆਪ ਆਪਣਾ ਕਰ ਪਸਾਰਾ, ਆਪੇ ਵੇਖ ਵਖਾਈਆ। ਆਪੇ ਦੀਵਾ ਬਾਤੀ ਹੋ ਉਜਿਆਰਾ, ਆਪੇ ਡਗਮਗਾਈਆ। ਆਪੇ ਸਚ ਸਿੰਘਾਸਣ ਸੋਹੇ ਬੰਕ ਦਵਾਰਾ, ਹਰਿ ਬੈਠਾ ਆਸਣ ਲਾਈਆ। ਆਪੇ ਦੋ ਜਹਾਨਾਂ ਬਣ ਸਿਕਦਾਰਾ, ਆਪਣਾ ਹੁਕਮ ਚਲਾਈਆ। ਆਪੇ ਵਰਤੇ ਸਤਿ ਵਰਤਾਰਾ, ਸਤਿ ਸਰੂਪ ਵੱਡੀ ਵਡਿਆਈਆ। ਆਪੇ ਕਰੇ ਆਪਣਾ ਆਪ ਖ਼ਬਰਦਾਰਾ, ਆਪੇ ਲਏ ਅੰਗੜਾਈਆ। ਆਪੇ ਬਣਿਆ ਚੋਬਦਾਰਾ, ਆਪੇ ਸੇਵ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਅਕਲ ਕਲ ਧਾਰ ਹਰਿ ਨਿਰੰਕਾਰ, ਨਿਰਗੁਣ ਆਪਣੀ ਖੇਲ ਖਲਾਈਆ। ਖੇਲ ਖਲੰਦੜਾ ਪਾਰਬ੍ਰਹਮ, ਗੁਣ ਅਵਗੁਣ ਨਾ ਕੋਇ ਜਣਾਇੰਦਾ। ਨਾ ਮਰੇ ਨਾ ਪਏ ਜੰਮ, ਮਾਤ ਪਿਤ ਨਾ ਕੋਇ ਰਖਾਇੰਦਾ। ਆਦਿ ਜੁਗਾਦੀ ਆਪੇ ਜਾਣੇ ਆਪਣਾ ਕੰਮ, ਕਰਤਾ ਪੁਰਖ ਨਾਉਂ ਧਰਾਇੰਦਾ। ਸਤਿ ਸਰੂਪੀ ਬੇੜਾ ਬੰਨ੍ਹ, ਸਾਚੇ ਸਾਗਰ ਆਪ ਤਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿਨ ਅੰਤਾ ਹਰਿ ਭਗਵੰਤਾ, ਏਕਾ ਜੋਤੀ ਜੋਤ ਜਗਾਇੰਦਾ। ਜੋਤੀ ਨੂਰ ਪੁਰਖ ਅਕਾਲਾ, ਪਰਮ ਪੁਰਖ ਅਖਵਾਈਆ। ਆਪੇ ਬਣਿਆ ਹਰਿ ਰਖਵਾਲਾ, ਆਪਣੀ ਸੇਵਾ ਆਪ ਕਮਾਈਆ। ਨਿਰਗੁਣ ਨਿਰਗੁਣ ਬਣ ਦਲਾਲਾ, ਏਕਾ ਵਣਜ ਕਰਾਈਆ। ਇਕ ਉਪਾਏ ਸਾਚਾ ਲਾਲਾ, ਲਾਲ ਅਮੋਲਕ ਹੀਰਾ ਨਾਉਂ ਧਰਾਈਆ। ਸ਼ਬਦੀ ਸ਼ਬਦ ਵੱਜੇ ਤਾਲਾ, ਤਾਲ ਤਲਵਾੜਾ ਇਕ ਵਖਾਈਆ। ਆਪਣਾ ਫਲ ਲਾਇਆ ਡਾਲਾ, ਆਪੇ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਦਾਤਾ ਆਪ ਅਖਵਾਈਆ। ਸਾਚਾ ਸ਼ਬਦ ਸੱਚੀ ਧੁਨਕਾਰ, ਘਰ ਸਾਚੇ ਆਪ ਉਪਾਇੰਦਾ। ਹਰਿ ਮੰਦਰ ਹਰਿ ਖੇਲ ਅਪਾਰ, ਥਿਰ ਘਰ ਵਾਸੀ ਵੇਖ ਵਖਾਇੰਦਾ। ਨਾ ਕੋਈ ਦੀਸੇ ਚਾਰ ਦੀਵਾਰ, ਛੱਪਰ ਛੰਨ ਨਾ ਕੋਇ ਛੁਹਾਇੰਦਾ। ਰਵ ਸਸ ਨਾ ਕੋਇ ਉਜਿਆਰ, ਮੰਡਲ ਮੰਡਪ ਨਾ ਕੋਇ ਸੁਹਾਇੰਦਾ। ਬ੍ਰਹਮਾ ਵਿਸ਼ਨ ਸ਼ਿਵ ਨਾ ਕੋਇ ਅਕਾਰ, ਕਰੋੜ ਤੇਤੀਸ ਨਾ ਨਜ਼ਰੀ ਆਇੰਦਾ। ਲੱਖ ਚੁਰਾਸੀ ਨਾ ਕੋਇ ਪਸਾਰ, ਤ੍ਰੈ ਗੁਣ ਮੇਲ ਨਾ ਕੋਇ ਮਿਲਾਇੰਦਾ। ਪੰਜ ਤੱਤ ਨਾ ਕੋਇ ਆਧਾਰ, ਰਕਤ ਬੂੰਦ ਨਾ ਸੰਗ ਨਿਭਾਇੰਦਾ। ਧਰਤ ਧਵਲ ਨਾ ਕੋਇ ਪਸਾਰ, ਜਲ ਬਿੰਬ ਨਾ ਕੋਇ ਟਿਕਾਇੰਦਾ। ਅਕਾਸ਼ ਪਰਕਾਸ਼ ਨਾ ਕੋਇ ਉਜਿਆਰ, ਬ੍ਰਹਿਮੰਡ ਖੰਡ ਨਾ ਕੋਇ ਸੁਹਾਇੰਦਾ। ਲੋਆਂ ਪੁਰੀਆਂ ਨਾ ਕੋਇ ਧਾਰ, ਨਾ ਕੋਈ ਰਚਨ ਰਚਾਇੰਦਾ। ਆਦਿ ਜੁਗਾਦੀ ਏਕਓਅੰਕਾਰ, ਆਪ ਆਪਣੀ ਕਲ ਵਰਤਾਇੰਦਾ। ਥਿਰ ਘਰ ਵਸੇ ਸਚ ਦਵਾਰ, ਹਰਿ ਸਾਚਾ ਸੋਭਾ ਪਾਇੰਦਾ। ਪਰਮ ਪੁਰਖ ਹਰਿ ਮੀਤ ਮੁਰਾਰ, ਪਾਰਬ੍ਰਹਮ ਸਗਲਾ ਸੰਗ ਨਿਭਾਇੰਦਾ। ਆਦਿ ਨਿਰੰਜਣ ਸਾਚਾ ਯਾਰ, ਸਾਚਾ ਦਰ ਸੁਹਾਇੰਦਾ। ਨਿਰਗੁਣ ਦੀਵਾ ਨਿਰਗੁਣ ਬਾਤੀ, ਨਿਰਗੁਣ ਮੀਤ ਕਮਲਾਪਾਤੀ, ਨਿਰਗੁਣ ਸਾਚੀ ਸੇਜ ਹੰਢਾਇੰਦਾ। ਨਿਰਗੁਣ ਖੋਲ੍ਹਣਹਾਰਾ ਅਬਿਨਾਸ਼ੀ ਕਰਤਾ ਆਪਣੀ ਤਾਕੀ, ਆਪਣਾ ਭੇਵ ਖੁਲ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਾਦ ਅਨਾਦੀ ਧੁਰ ਫ਼ਰਮਾਣਾ ਏਕਾ ਸ਼ਬਦ ਸੁਣਾਇੰਦਾ। ਧੁਨ ਅਨਾਦੀ ਧੁਰ ਫ਼ਰਮਾਣ, ਹਰਿ ਹਰਿ ਆਪ ਅਲ੍ਹਾਈਆ। ਆਪੇ ਵੇਖੇ ਦੋ ਜਹਾਨ, ਬ੍ਰਹਿਮੰਡਾਂ ਖੰਡਾਂ ਰਚਨ ਰਚਾਈਆ। ਲੋਆਂ ਪੁਰੀਆਂ ਮਾਰ ਧਿਆਨ, ਬ੍ਰਹਮਾ ਵਿਸ਼ਨ ਸ਼ਿਵ ਸੇਵਾ ਲਾਈਆ। ਨਿਰਗੁਣ ਜੋਤ ਸ੍ਰੀ ਭਗਵਾਨ, ਨਿਰਾਕਾਰ ਵੱਡੀ ਵਡਿਆਈਆ। ਪਾਰਬ੍ਰਹਮ ਪੁਰਖ ਸੁਲਤਾਨ, ਸਤਿਗੁਰ ਸੱਚਾ ਏਕਾ ਸ਼ਹਿਨਸ਼ਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਾਗਰਤ ਜੋਤ ਕਰੇ ਰੁਸ਼ਨਾਈਆ। ਜਾਗਰਤ ਜੋਤ ਹਰਿ ਕਰਤਾਰ, ਆਪਣੀ ਆਪ ਜਗਾਇੰਦਾ। ਨਿਰਗੁਣ ਸਰਗੁਣ ਖੇਲ ਅਪਾਰ, ਲੋਕਮਾਤ ਵੇਸ ਵਟਾਇੰਦਾ। ਪੰਜ ਤੱਤ ਕਰ ਪਿਆਰ, ਘਰ ਘਰ ਵਿਚ ਆਸਣ ਲਾਇੰਦਾ। ਘਰ ਮੰਦਰ ਸੋਹੇ ਬੰਕ ਦਵਾਰ, ਦਰ ਦਰਵਾਜ਼ਾ ਆਪ ਖੁਲ੍ਹਾਇੰਦਾ। ਏਕਾ ਸ਼ਬਦ ਸੱਚੀ ਧੁਨਕਾਰ, ਅਨਹਦ ਰਾਗ ਅਲਾਇੰਦਾ। ਡੂੰਘੀ ਕੰਦਰ ਕਰ ਉਜਿਆਰ, ਜੋਤ ਨਿਰੰਜਣ ਆਪ ਜਗਾਇੰਦਾ। ਅੰਮ੍ਰਿਤ ਆਤਮ ਠੰਡੀ ਠਾਰ, ਨਿਝਰ ਝਿਰਨਾ ਆਪ ਝਿਰਾਇੰਦਾ। ਬੂੰਦ ਸਵਾਂਤੀ ਕਰ ਪਿਆਰ, ਹਰਿਜਨ ਸਾਚੇ ਆਪ ਪਿਆਇੰਦਾ। ਬਜ਼ਰ ਕਪਾਟੀ ਖੋਲ੍ਹ ਕਿਵਾੜ, ਦੂਈ ਦਵੈਤੀ ਪਰਦਾ ਲਾਹਿੰਦਾ। ਆਤਮ ਸੇਜਾ ਕਰ ਸ਼ਿੰਗਾਰ, ਆਪਣਾ ਵੇਸ ਵਟਾਇੰਦਾ। ਜਨ ਭਗਤਾਂ ਕਰੇ ਸਚ ਪਿਆਰ, ਸਾਚਾ ਮਾਰਗ ਆਪ ਵਖਾਇੰਦਾ। ਸੁਰਤੀ ਸ਼ਬਦ ਮੀਤ ਮੁਰਾਰ, ਜੋੜੀ ਜੋੜਾ ਮੇਲ ਮਿਲਾਇੰਦਾ। ਏਕਾ ਘਰ ਸੁੱਤੇ ਪੈਰ ਪਸਾਰ, ਏਕਾ ਰੰਗ ਰੰਗਾਇੰਦਾ। ਨਾਰੀ ਕੰਤ ਕੰਤ ਭਤਾਰ, ਸਗਲਾ ਸੰਗ ਨਿਭਾਇੰਦਾ। ਆਪੇ ਅੰਦਰ ਆਪੇ ਬਾਹਰ, ਗੁਪਤ ਜ਼ਾਹਰ ਆਪ ਅਖਵਾਇੰਦਾ। ਆਪੇ ਸੁੰਨ ਅਗੰਮੀ ਜਾਏ ਬਾਹਰ, ਦਿਸ ਕਿਸੇ ਨਾ ਆਇੰਦਾ। ਆਪੇ ਵਸੇ ਧੂੰਆਂਧਾਰ, ਅਕਾਸ਼ ਪਰਕਾਸ਼ ਆਪ ਸਮਾਇੰਦਾ। ਆਪੇ ਸੋਹੇ ਸਚਖੰਡ ਦਵਾਰ, ਥਿਰ ਘਰ ਸਾਚੇ ਆਸਣ ਲਾਇੰਦਾ। ਆਪੇ ਅਲੱਖ ਨਿਰੰਜਣ ਬੋਲ ਜੈਕਾਰ, ਆਪਣਾ ਨਾਅਰਾ ਲਾਇੰਦਾ। ਸਤਿ ਪੁਰਖ ਨਿਰੰਜਣ ਸਾਚੀ ਕਾਰ, ਅਗੰਮ ਅਗੰਮੜਾ ਆਪ ਕਰਾਇੰਦਾ। ਜੁਗਾ ਜੁਗੰਤਰ ਲੈ ਅਵਤਾਰ, ਲੋਕਮਾਤ ਵੇਸ ਵਟਾਇੰਦਾ। ਸਤਿਜੁਗ ਤ੍ਰੇਤਾ ਦੁਵਾਪਰ ਕਰਿਆ ਪਾਰ, ਕਲਜੁਗ ਵੇਲਾ ਅੰਤਮ ਆਇੰਦਾ। ਚਾਰੋਂ ਕੁੰਟ ਅੰਧ ਅੰਧਿਆਰ, ਕੂੜ ਕੁੜਿਆਰਾ ਡੰਕ ਵਜਾਇੰਦਾ। ਨਾਤਾ ਤੁਟਾ ਸਰਬ ਸੰਸਾਰ, ਹਰਿ ਕਾ ਨਾਉਂ ਨਾ ਕੋਇ ਧਿਆਇੰਦਾ। ਪੰਡਤ ਪਾਂਧੇ ਗਏ ਹਾਰ, ਇਸ਼ਟ ਦੇਵ ਨਾ ਕੋਇ ਮਨਾਇੰਦਾ। ਮੁਲਾਂ ਸ਼ੇਖ਼ ਮੁਸਾਇਕ ਪੀਰ ਕਰਨ ਪੁਕਾਰ, ਦਸਤਗੀਰ ਨਾ ਕੋਇ ਮਿਲਾਇੰਦਾ। ਵਰਨ ਬਰਨ ਹੋਏ ਖ਼ੁਵਾਰ, ਸਾਚੀ ਸਰਨ ਨਾ ਕੋਇ ਤਕਾਇੰਦਾ। ਸ਼ੱਤ੍ਰੀ ਬ੍ਰਹਿਮਣ ਸ਼ੂਦਰ ਵੈਸ਼ ਹਾਹਾਕਾਰ, ਘਰ ਬੰਕ ਨਾ ਕੋਇ ਸੁਹਾਇੰਦਾ। ਲੱਖ ਚੁਰਾਸੀ ਦੁਹਾਗਣ ਨਾਰ, ਸਾਚਾ ਕੰਤ ਨਾ ਕੋਇ ਹੰਢਾਇੰਦਾ। ਭੈਣ ਭੱਯਾ ਨਾ ਕੋਇ ਪਿਆਰ, ਮਾਤਾ ਪੁੱਤਰ ਸੇਜ ਹੰਢਾਇੰਦਾ। ਚਾਰੋਂ ਕੁੰਟ ਜੂਠ ਝੂਠ ਵਣਜ ਵਪਾਰ, ਕਲਜੁਗ ਆਪਣਾ ਗੜ੍ਹ ਸੁਹਾਇੰਦਾ। ਪੰਜ ਤੱਤ ਹਾਹਾਕਾਰ, ਕਾਮ ਕਰੋਧ ਲੋਭ ਮੋਹ ਹੰਕਾਰ, ਦਿਵਸ ਰੈਣ ਕੁਰਲਾਇੰਦਾ। ਅਗਨੀ ਤੱਤ ਰਿਹਾ ਸਾੜ, ਅੰਮ੍ਰਿਤ ਜਲ ਨਾ ਕੋਇ ਪਿਆਇੰਦਾ। ਕਲਜੁਗ ਅਗਨੀ ਲੱਗੀ ਹਾੜ, ਸਿਰ ਹੱਥ ਨਾ ਕੋਇ ਰਖਾਇੰਦਾ। ਨਾ ਕੋਈ ਸੱਜਣ ਮੀਤ ਮੁਰਾਰ, ਸਗਲਾ ਸੰਗ ਨਾ ਕੋਇ ਨਿਭਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਜੁਗਾਦਿ ਜੁਗਾ ਜੁਗੰਤ, ਖੇਲੇ ਖੇਲ ਸ੍ਰੀ ਭਗਵੰਤ, ਨਿਰਗੁਣ ਸਰਗੁਣ ਮੇਲ ਮਿਲਾਇੰਦਾ। ਨਿਰਗੁਣ ਮੇਲਾ ਪੁਰਖ ਕਰਤਾਰ, ਪਾਰਬ੍ਰਹਮ ਵੱਡੀ ਵਡਿਆਈਆ। ਸਰਗੁਣ ਚੇਲਾ ਸੋਹੇ ਬੰਕ ਦਵਾਰ, ਗੋਬਿੰਦ ਮੇਲਾ ਸਹਿਜ ਸੁਭਾਈਆ। ਦੋਹਾਂ ਵਿਚੋਲਾ ਸ਼ਬਦੀ ਧਾਰ, ਨਾਮ ਨਾਮਾ ਨਾਉਂ ਧਰਾਈਆ। ਲੋਆਂ ਪੁਰੀਆਂ ਕਰੇ ਖ਼ਬਰਦਾਰ, ਬ੍ਰਹਮਾ ਵਿਸ਼ਨ ਸ਼ਿਵ ਰਿਹਾ ਉਠਾਈਆ। ਨੌ ਸਤ ਪਾਵੇ ਸਾਰ, ਬ੍ਰਹਮ ਮਤ ਵੇਖ ਵਖਾਈਆ। ਸਾਧਾਂ ਸੰਤਾਂ ਜੀਆਂ ਜੰਤਾਂ ਦਏ ਹੁਲਾਰ, ਸੋਇਆ ਕੋਇ ਰਹਿਣ ਨਾ ਪਾਈਆ। ਖੜਗ ਖੰਡਾ ਤੇਜ਼ ਕਟਾਰ, ਸਤਿਗੁਰ ਪੂਰਾ ਆਪਣੇ ਹੱਥ ਉਠਾਈਆ। ਚਾਰ ਕੁੰਟ ਦਹਿ ਦਿਸ਼ਾ ਪਾਵੇ ਸਾਰ, ਪੁਰਾਨ ਅਠਾਰਾਂ ਰਿਹਾ ਉਠਾਈਆ। ਭੇਖ ਪਖੰਡਾ ਕੂੜ ਕੁੜਿਆਰਾ ਦਏ ਨਿਵਾਰ, ਜੂਠ ਝੂਠ ਰਹਿਣ ਨਾ ਪਾਈਆ। ਪਾਵੇ ਵੰਡਾਂ ਹਰਿ ਕਰਤਾਰ, ਵੰਡਣਹਾਰਾ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਲੱਖ ਚੁਰਾਸੀ ਵੇਖ ਵਖਾਈਆ। ਲੱਖ ਚੁਰਾਸੀ ਵੇਖਣਹਾਰਾ, ਏਕਾ ਏਕਓਅੰਕਾਰਿਆ। ਆਦਿ ਜੁਗਾਦੀ ਖੇਲ ਅਪਾਰਾ, ਜੁਗਾ ਜੁਗੰਤਰ ਵੇਸ ਵਟਾ ਲਿਆ। ਆਪੇ ਰਾਮਾ ਕ੍ਰਿਸ਼ਨਾ ਬਣ ਅਵਤਾਰਾ, ਆਪ ਆਪਣਾ ਖੇਲ ਖਲਾ ਲਿਆ। ਆਪੇ ਈਸਾ ਮੂਸਾ ਕਰ ਸ਼ਿੰਗਾਰਾ, ਪੰਜ ਤੱਤ ਚੋਲਾ ਆਪ ਹੰਢਾ ਲਿਆ। ਆਪੇ ਸੰਗ ਮੁਹੰਮਦ ਚਾਰ ਯਾਰਾ, ਨਾਤਾ ਜੋੜ ਜੁੜਾ ਲਿਆ। ਆਪੇ ਵੇਦ ਪੁਰਾਨਾ ਲਾਏ ਨਾਅਰਾ, ਸ਼ਾਸਤਰ ਸਿਮਰਤ ਆਪੇ ਗਾ ਲਿਆ। ਆਪੇ ਗੀਤਾ ਗਿਆਨ ਭਰ ਭੰਡਾਰਾ, ਆਪਣੇ ਹੱਥੀਂ ਆਪ ਵਰਤਾ ਲਿਆ। ਆਪੇ ਅੰਜੀਲ ਕੁਰਾਨਾਂ ਕਰ ਤਿਆਰਾ, ਐਨਲਹੱਕ ਨਾਅਰਾ ਲਾ ਲਿਆ। ਆਪੇ ਨੂਰ ਇਲਾਹੀ ਬੇਐਬ ਪਰਵਰਦਿਗਾਰਾ, ਸ਼ਾਹ ਨਵਾਬ ਆਪ ਅਖਵਾ ਲਿਆ। ਆਪੇ ਵਸੇ ਅਗੰਮੜੀ ਧਾਰਾ, ਅਗੰਮ ਪੁਰਖ ਵੇਸ ਵਟਾ ਲਿਆ। ਆਪੇ ਬੋਲ ਸਚ ਜੈਕਾਰਾ, ਆਪਣੀ ਅਲੱਖ ਜਗਾ ਲਿਆ। ਆਪੇ ਖੋਲ੍ਹ ਥਿਰ ਘਰ ਦਵਾਰਾ, ਸਚਖੰਡ ਇਕ ਸੁਹਾ ਲਿਆ। ਆਪੇ ਸ਼ਬਦ ਧੁਨ ਹੋ ਉਜਿਆਰਾ, ਆਪਣਾ ਰੂਪ ਵਟਾ ਲਿਆ। ਆਪੇ ਨਿਰਗੁਣ ਨਿਰਗੁਣ ਕਰ ਪਿਆਰਾ, ਆਪਣਾ ਹੁਕਮ ਸੁਣਾ ਲਿਆ। ਆਪੇ ਨਾਮ ਆਪ ਸਤਾਰਾ, ਆਪੇ ਤਾਲ ਵਜਾ ਲਿਆ। ਆਪੇ ਦੇਵਣਹਾਰਾ ਧੁਰ ਫ਼ਰਮਾਣਾ, ਆਪਣਾ ਹੁਕਮ ਵਖਾ ਲਿਆ। ਆਪੇ ਜਾਣੇ ਆਪਣਾ ਭਾਣਾ, ਆਪਣੇ ਭਾਣੇ ਹਰਿ ਸਮਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਮੰਦਰ ਵੇਸ ਵਟਾ ਲਿਆ। ਥਿਰ ਘਰ ਵਾਸੀ ਪੁਰਖ ਅਬਿਨਾਸ਼ੀ, ਆਪਣੀ ਕਲ ਵਰਤਾਈਆ। ਹਰਿ ਪੁਰਖ ਨਿਰੰਜਣ ਸ਼ਾਹੋ ਸ਼ਾਬਾਸ਼ੀ, ਸ਼ਾਹ ਸੁਲਤਾਨਾ ਖੇਲ ਖਲਾਈਆ। ਆਪਣੀ ਜੋਤ ਆਪ ਪਰਕਾਸ਼ੀ, ਅਨਭਵ ਪਰਕਾਸ਼ ਰਖਾਈਆ। ਖੇਲੇ ਖੇਲ ਪ੍ਰਿਥਮੀ ਆਕਾਸ਼ੀ, ਨੂਰੋ ਨੂਰ ਡਗਮਗਾਈਆ। ਆਪਣੇ ਅੰਦਰ ਆਪਣਾ ਕਰਿਆ ਵਾਸੀ, ਵਾਸ ਨਿਵਾਸਾ ਆਪ ਹੋ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਜੋਤ ਕਰੇ ਰੁਸ਼ਨਾਈਆ। ਏਕਾ ਜੋਤ ਨੂਰੀ ਧਾਰ, ਨਿਰਗੁਣ ਨਿਰਾਕਾਰ ਆਪਣੀ ਆਪ ਉਪਜਾਈਆ। ਪੰਜ ਤੱਤ ਤੱਤ ਕਰ ਪਿਆਰ, ਰੱਤੀ ਰੱਤ ਸਮਾਈਆ। ਬ੍ਰਹਮ ਮਤ ਦਏ ਆਧਾਰ ਬ੍ਰਹਮ ਬ੍ਰਹਮ ਬ੍ਰਹਮ ਵੱਡੀ ਵਡਿਆਈਆ। ਪਾਰਬ੍ਰਹਮ ਜੋਤ ਨਿਰੰਕਾਰ, ਨਿਰਗੁਣ ਸਰਗੁਣ ਮੇਲ ਮਿਲਾਈਆ। ਤ੍ਰੈਗੁਣ ਮੇਲਾ ਵਿਚ ਸੰਸਾਰ, ਨਾਨਕ ਨਾਉਂ ਧਰਾਈਆ। ਸ਼ਬਦੀ ਡੰਕਾ ਅਪਰ ਅਪਾਰ, ਨਾਮ ਸਤਿ ਵਜਾਈਆ। ਏਕਾ ਗਾਇਆ ਕਰਤਾ ਕਰਤਾਰ, ਦੂਸਰ ਹੋਰ ਨਾ ਕੋਇ ਵਖਾਈਆ। ਵਰਨਾਂ ਬਰਨਾਂ ਤੋੜ ਹੰਕਾਰ, ਚਾਰ ਵਰਨਾਂ ਬਖ਼ਸ਼ੇ ਸੱਚੀ ਸਰਨਾਈਆ। ਊਚਾਂ ਨੀਚਾਂ ਕਰ ਪਿਆਰ, ਰਾਓ ਰੰਕਾਂ ਏਕਾ ਧਾਮ ਬਹਾਈਆ। ਲੇਖਾ ਲਿਖਿਆ ਅਗੰਮ ਅਪਾਰ, ਹਰਿ ਹਰਿ ਮਹਿਮਾ ਸਾਚਾ ਢੋਲਾ ਆਪਣੀ ਜੇਹਵਾ ਗਾਈਆ। ਪੁਰਖ ਅਬਿਨਾਸ਼ੀ ਬਣਿਆ ਤੋਲਾ, ਤੋਲੇ ਤੋਲ ਬੇਪਰਵਾਹੀਆ। ਨਿਰਗੁਣ ਸਰਗੁਣ ਬਦਲਿਆ ਚੋਲਾ, ਭੇਵ ਕੋਇ ਨਾ ਪਾਈਆ। ਆਪੇ ਜਾਣੇ ਪਰਦਾ ਓਹਲਾ, ਕਾਇਆ ਕੱਪੜ ਇਕ ਹੰਢਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦ ਅਨਾਦੀ ਏਕ ਬੋਲਾ, ਸੋਹੰ ਰਸਨਾ ਗਾਈਆ। ਸੋਹੰ ਗਾਇਆ ਹਰਿ ਘਰ ਪਾਇਆ, ਪਾਇਆ ਹਰਿ ਬੇਅੰਤ। ਏਕਾ ਦੂਜਾ ਭੌ ਚੁਕਾਇਆ, ਰੰਗ ਰੰਗਾਇਆ ਇਕ ਬਸੰਤ। ਨਿਜ ਨੇਤਰ ਹਰਿ ਦਰਸ਼ਨ ਪਾਇਆ, ਤੁਟਾ ਗੜ੍ਹ ਹਉਮੇ ਹੰਗਤ। ਹਰਿ ਮੰਦਰ ਹਰਿ ਵੇਸ ਵਟਾਇਆ, ਖੇਲੇ ਖੇਲ ਜੁਗਾ ਜੁਗੰਤ। ਨਾਰੀ ਪੁਰਖ ਪੁਰਖ ਨਾਰ ਆਪ ਅਖਵਾਇਆ, ਆਪ ਆਪਣੀ ਸੇਜ ਹਢੰਤ। ਆਪਣਾ ਅੰਗ ਆਪ ਕਟਾਇਆ, ਆਪੇ ਬ੍ਰਹਮਾ ਵਿਸ਼ਨੂੰ ਸ਼ਿਵ ਬਣਾਏ ਬਣਤ। ਆਪਣੀ ਜੋਤੀ ਨੂਰ ਜਗਾਇਆ, ਆਪੇ ਲੱਖ ਚੁਰਾਸੀ ਉਪਾਏ ਜੀਵ ਜੰਤ। ਜੁਗ ਜੁਗ ਆਪਣਾ ਖੇਲ ਖਲਾਇਆ, ਖੇਲੇ ਖੇਲ ਜੁਗਾ ਜੁਗੰਤ। ਨਾਨਕ ਪੁਰਖ ਅਬਿਨਾਸ਼ੀ ਦਰ ਏਕਾ ਪਾਇਆ, ਆਦਿ ਨਿਰੰਜਣ ਸ੍ਰੀ ਭਗਵੰਤ। ਹਰਿ ਭਗਵੰਤ ਪੁਰਖ ਅਥਾਹ, ਪਾਰਬ੍ਰਹਮ ਅਖਵਾਈਆ। ਲੋਕਮਾਤ ਬਣ ਮਲਾਹ, ਨਾਨਕ ਸਿਫ਼ਤ ਸਲਾਹੀਆ । ਸਾਚਾ ਮਾਰਗ ਏਕਾ ਲਾ, ਚਾਰ ਵਰਨਾਂ ਗਿਆ ਸਮਝਾਈਆ। ਕਲਜੁਗ ਜੀਵ ਕੋਈ ਜਾਣੇ ਨਾ, ਭਰਮੇ ਭੁੱਲੀ ਸਰਬ ਲੋਕਾਈਆ। ਅੰਤਮ ਲੇਖਾ ਗਿਆ ਚੁਕਾ, ਆਪਣਾ ਹੁਕਮ ਸੁਣਾਈਆ। ਕਲਜੁਗ ਲਹਿਣਾ ਰਹਿਣ ਨਾ ਪਾ, ਅੰਧ ਅੰਧੇਰਾ ਦਏ ਮਿਟਾਈਆ। ਨਿਹਕਲੰਕ ਕਲ ਜਾਮਾ ਪਾ, ਸਾਚਾ ਮਾਰਗ ਇਕ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਜੋਤ ਕਰੇ ਰੁਸ਼ਨਾਈਆ। ਏਕਾ ਜੋਤੀ ਦਸ ਅਵਤਾਰਾ, ਦੀਪਕ ਦੀਪਕ ਆਪ ਜਗਾਇਆ। ਘਰ ਵਿਚ ਘਰ ਕਰ ਉਜਿਆਰਾ, ਘਰ ਮੰਦਰ ਆਪ ਸੁਹਾਇਆ। ਘਰ ਸ਼ਬਦ ਸੱਚੀ ਧੁਨਕਾਰਾ, ਘਰ ਰਾਗ ਅਨਾਦੀ ਆਪੇ ਗਾਇਆ। ਘਰ ਅੰਮ੍ਰਿਤ ਸਰ ਭਰ ਭੰਡਾਰਾ, ਸਰ ਅੰਮ੍ਰਿਤ ਆਪ ਭਰਾਇਆ । ਘਰ ਪੰਚਮ ਸਖੀਆਂ ਲਾਇਆ ਅਖਾੜਾ, ਘਰ ਪੰਚਮ ਸਖੀਆਂ ਰਾਗ ਅਲਾਇਆ। ਘਰ ਮੇਲਾ ਹਰਿ ਸਾਚਾ ਲਾੜਾ, ਸਾਚੀ ਸੇਜਾ ਬੈਠਾ ਆਸਣ ਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਜੋਤੀ ਦਸ ਅਵਤਾਰਾ, ਗੋਬਿੰਦ ਨੂਰ ਕਰੇ ਰੁਸ਼ਨਾਇਆ। ਗੋਬਿੰਦ ਸੁੱਤ ਦੁਲਾਰ, ਪੁਰਖ ਅਕਾਲ ਮਨਾਇੰਦਾ। ਇਕ ਸੁਹਾਏ ਸਚ ਦਵਾਰ, ਬੰਕ ਦਵਾਰੀ ਵੇਖ ਵਖਾਇੰਦਾ। ਪੰਚਮ ਮੀਤਾ ਕਰ ਪਿਆਰ, ਪੰਚਮ ਮੋਹ ਚੁਕਾਇੰਦਾ। ਨਾਮ ਖੰਡਾ ਤੇਜ ਕਟਾਰ, ਤਨ ਗਾਤਰੇ ਆਪ ਸੁਹਾਇੰਦਾ। ਸਾਚੀ ਸਿਖਿਆ ਗੁਰ ਵਿਚਾਰ, ਸਿੰਘ ਰੂਪ ਆਪ ਦਰਸਾਇੰਦਾ। ਆਪ ਆਇਆ ਉਤੋਂ ਵਾਰ, ਆਪੇ ਨਿਉਂ ਨਿਉਂ ਸੀਸ ਝੁਕਾਇੰਦਾ। ਆਪੇ ਗੁਰਮੁਖਾਂ ਸੀਸ ਧਰੇ ਦਸਤਾਰ, ਸਰਤਾਜ ਆਪ ਬਣਾਇੰਦਾ। ਆਪੇ ਲੇਖਾ ਲਿਖ ਸ਼ੰਗਾਰ, ਦੇ ਮਤ ਆਪ ਸਮਝਾਈਆ। ਕਲਜੁਗ ਅੰਤਮ ਔਣਾ ਹਰਿ ਕਰਤਾਰ, ਨਿਹਕਲੰਕਾ ਨਾਉਂ ਰਖਾਇੰਦਾ। ਸੰਬਲ ਨਗਰੀ ਧਾਮ ਨਿਆਰ, ਹਰਿ ਜੂ ਹਰਿ ਮੰਦਰ ਡੇਰਾ ਲਾਇੰਦਾ।ਗੋਬਿੰਦ ਮੀਤਾ ਮੀਤ ਮੁਰਾਰ, ਸਗਲਾ ਸੰਗ ਨਿਭਾਇੰਦਾ। ਖੇਲੇ ਖੇਲ ਅਗੰਮ ਅਪਾਰ, ਅਗੰਮੜੀ ਧਾੜ ਉਠਾਇੰਦਾ। ਹੱਡ ਮਾਸ ਨਾੜੀ ਚੰਮੜੇ ਵਸਿਆ ਬਾਹਰ, ਤੱਤਵ ਤੱਤ ਨਾ ਕੋਇ ਜਣਾਇੰਦਾ। ਮਾਤ ਪਿਤ ਨਾ ਕੋਇ ਪਿਆਰ, ਭੈਣ ਭੱਯਾ ਸਾਕ ਸੱਜਣ ਸੈਣ ਸੱਯਾ, ਲੋਕਮਾਤ ਨਾ ਕੋਇ ਰਖਾਇੰਦਾ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੋਤੀ ਜਾਮਾ ਭੇਖ ਵਟਾਇੰਦਾ। ਜੋਤੀ ਜਾਮਾ ਹਰਿ ਭਗਵਾਨਾ, ਕਲਜੁਗ ਅੰਤਮ ਪਾਈਆ। ਏਕਾ ਚਿਲਾ ਤੀਰ ਕਮਾਨਾ, ਏਕਾ ਹੱਥ ਉਠਾਈਆ। ਏਕਾ ਜੋਧਾ ਸੂਰ ਬਲੀ ਬਲਵਾਨਾ, ਮਰਦ ਮਰਦਾਨਾ ਇਕ ਅਖਵਾਈਆ। ਏਕਾ ਖੇਲੇ ਖੇਲ ਦੋ ਜਹਾਨਾਂ, ਏਕਾ ਲੋਕਮਾਤ ਕਰੇ ਰੁਸ਼ਨਾਈਆ। ਨੌ ਖੰਡ ਪ੍ਰਿਥਮੀ ਵੇਖੇ ਮਾਰ ਧਿਆਨਾ, ਸੱਤਾਂ ਦੀਪਾਂ ਫੋਲ ਫੁਲਾਈਆ। ਲੱਖ ਚੁਰਾਸੀ ਬਾਲ ਨਿਧਾਨਾ, ਭੇਵ ਕੋਇ ਨਾ ਪਾਈਆ। ਪੜ੍ਹ ਪੜ੍ਹ ਥੱਕੇ ਵੇਦ ਪੁਰਾਨਾ, ਪੰਡਤ ਪਾਂਧੇ ਦਿਸ ਨਾ ਆਈਆ। ਅੰਜੀਲ ਕੁਰਾਨ ਨਾ ਕਿਸੇ ਪਛਾਣਾ, ਕੂਕੇ ਬਾਂਗ ਦਏ ਦੁਹਾਈਆ। ਖਾਣੀ ਬਾਣੀ ਹੋਈ ਹੈਰਾਨਾ, ਹਰਿ ਕਾ ਭੇਵ ਕੋਇ ਨਾ ਪਾਈਆ। ਪੜ੍ਹ ਪੜ੍ਹ ਥੱਕੇ ਵਡ ਵਿਦਵਾਨਾ, ਗਿਆਨ ਧਿਆਨ ਰਹੇ ਲਗਾਈਆ। ਦਿਸ ਨਾ ਆਏ ਸ੍ਰੀ ਭਗਵਾਨਾ, ਗੁਰ ਦਰ ਮੰਦਰ ਬੈਠੇ ਆਸਣ ਲਾਈਆ। ਪਾਰਬ੍ਰਹਮ ਪ੍ਰਭ ਸਦ ਮਿਹਰਵਾਨਾ, ਮਿਹਰਵਾਨ ਆਪ ਅਖਵਾਈਆ। ਗੁਰਮੁਖ ਵਿਰਲੇ ਬਖ਼ਸ਼ੇ ਚਰਨ ਧਿਆਨਾ, ਪੂਰਬ ਲਹਿਣਾ ਝੋਲੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਮੇਲਾ ਸਰਗੁਣ ਕਰ, ਕਲਜੁਗ ਅੰਤਮ ਵੇਸ ਵਟਾਈਆ। ਨਿਹਕਲੰਕਾ ਨਾਉਂ ਨਿਰੰਕਾਰ, ਦੂਸਰ ਹੋਰ ਨਾ ਕੋਇ ਜਣਾਇੰਦਾ। ਸ਼ਬਦ ਖੰਡਾ ਤੇਜ਼ ਕਟਾਰ, ਬ੍ਰਹਿਮੰਡਾਂ ਵੇਖ ਵਖਾਇੰਦਾ। ਜੇਰਜ ਅੰਡਾਂ ਪਾਵੇ ਸਾਰ, ਉਤਭੁਜ ਸੇਹਤਜ ਫੋਲ ਫੁਲਾਇੰਦਾ। ਵੰਡੇ ਵੰਡਾਂ ਕਿਰਪਾ ਧਾਰ, ਕਲਜੁਗ ਵੰਡ ਵੰਡਾਇੰਦਾ। ਲਹਿੰਦੀ ਦਿਸ਼ਾ ਕਰ ਖ਼ਵਾਰ, ਆਪਣਾ ਹੁਕਮ ਸੁਣਾਇੰਦਾ। ਲਾਲ ਮਹਿੰਦੀ ਰੰਗ ਅਪਾਰ, ਘਰ ਘਰ ਸਗਨ ਮਨਾਇੰਦਾ। ਅੰਜੀਲ ਕੁਰਾਨ ਇਕ ਦੂਜੇ ਦੇ ਨਾਲ ਖਹਿੰਦੀ, ਨਾ ਕੋਈ ਪਰੇ ਹਟਾਇੰਦਾ। ਆਪੇ ਜਾਣੇ ਧਾਰ ਵਹਿੰਦੀ, ਆਪੇ ਵੇਖ ਵਖਾਇੰਦਾ। ਆਪੇ ਲੇਖਾ ਜਾਣੇ ਅਮਾਮ ਮਹਿੰਦੀ, ਸਚ ਅਮਾਮ ਆਪ ਹੋ ਜਾਇੰਦਾ। ਕਾਇਨਾਤ ਰਸਨਾ ਕਹਿੰਦੀ, ਕਾਇਆ ਗੜ੍ਹ ਨਾ ਕੋਇ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਾਉਂ ਰਖਾਇੰਦਾ। ਨਿਹਕਲੰਕ ਜੋਤ ਚਮਤਕਾਰਾ, ਚਾਰ ਕੁੰਟ ਦਰਸਾਈਆ। ਖੇਲੇ ਖੇਲ ਸਿਰਜਣਹਾਰਾ, ਨੌ ਖੰਡ ਵੱਜੇ ਵਧਾਈਆ। ਦੀਪ ਲੋਆਂ ਕਰੇ ਇਕ ਜੈਕਾਰਾ, ਏਕਾ ਨਾਅਰਾ ਲਾਈਆ। ਏਕਾ ਨਾਮ ਬਣ ਵਰਤਾਰਾ, ਵਰਨਾਂ ਬਰਨਾਂ ਆਪ ਵਰਤਾਈਆ। ਸਤਿ ਸਤਿਵਾਦੀ ਭਰ ਭੰਡਾਰਾ, ਘਰ ਸਾਚੇ ਆਪ ਟਿਕਾਈਆ। ਗੁਰਮੁਖਾਂ ਦੇਵੇ ਕਰ ਪਿਆਰਾ, ਗੁਰਸਿਖਾਂ ਝੋਲੀ ਆਪ ਭਰਾਈਆ। ਦੋਵਾਂ ਰੱਖੇ ਤਿਖੀਆਂ ਧਾਰਾ, ਮਨਮੁਖਾਂ ਮੁਖ ਭੁਵਾਈਆ। ਦਿਸ ਨਾ ਆਏ ਵਿਚ ਸੰਸਾਰਾ, ਗੂੜੀ ਨੀਂਦ ਸੁਵਾਈਆ। ਤ੍ਰੈਗੁਣ ਮਾਇਆ ਪਰਦਾ ਭਾਰਾ, ਪੰਜ ਤੱਤ ਮੁਖ ਛੁਪਾਈਆ। ਜਗਤ ਵਿਕਾਰਾ ਧੂਆਂਧਾਰਾ, ਰੈਣ ਅੰਧੇਰੀ ਛਾਈਆ। ਮੁਖ ਸ਼ਰਮਾਇਣ ਰਵ ਸਸ ਸਤਾਰਾ, ਕਾਲਖ ਟਿੱਕਾ ਦੁਰਮਤ ਲੱਗੀ ਛਾਹੀਆ। ਗੁਰਮੁਖ ਵਿਰਲਾ ਬੋਲੇ ਸੋਹੰ ਇਕ ਜੈਕਾਰਾ, ਮਿਲਿਆ ਪਾਰਬ੍ਰਹਮ ਬ੍ਰਹਮ ਸਾਚਾ ਮਾਹੀਆ। ਲੱਖ ਚੁਰਾਸੀ ਉਤਰੇ ਪਾਰਾ, ਜਮ ਕੀ ਫਾਸ ਕਟਾਈਆ। ਸ਼ੌਹ ਦਰਯਾ ਨਾ ਸੁੱਟੇ ਕੋਈ ਧਾਰਾ, ਵਹਿੰਦੇ ਵਹਿਣ ਨਾ ਕੋਇ ਵਹਾਈਆ। ਜਿਸ ਜਨ ਬਖ਼ਸ਼ੇ ਚਰਨ ਪਿਆਰਾ, ਘਰ ਸਾਚੇ ਮੇਲ ਮਿਲਾਏ ਸਹਿਜ ਸੁਭਾਈਆ। ਦੇਵੇ ਦਰਸ ਅਗੰਮ ਅਪਾਰਾ, ਸਵਛ ਸਰੂਪੀ ਰੂਪ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਏਕਾ ਡੰਕ ਰਿਹਾ ਵਜਾਈਆ। ਏਕਾ ਡੰਕਾ ਰਾਓ ਰੰਕਾ, ਹਰਿ ਹਰਿ ਆਪ ਸੁਣਾਇੰਦਾ। ਆਪ ਸੁਹਾਏ ਸਾਚਾ ਬੰਕਾ, ਬਾਰ ਅਨਕਾ ਜੋਤ ਜਗਾਇੰਦਾ। ਸੋ ਪੁਰਖ ਨਿਰੰਜਣ ਹੱਥ ਉਠਾਏ ਏਕਾ ਧਨੁਖਾ, ਹੰ ਬ੍ਰਹਮ ਵੇਖ ਵਖਾਇੰਦਾ। ਪਰਗਟ ਹੋਇਆ ਵਾਸੀ ਪੁਰੀ ਘਨਕਾ, ਘਨਕ ਪੁਰ ਵਾਸੀ ਜੋਤ ਜਗਾਇੰਦਾ। ਜਨ ਭਗਤਾਂ ਮਾਰੇ ਏਕਾ ਤਨਕਾ, ਚਰਨ ਦਵਾਰਾ ਇਕ ਵਖਾਇੰਦਾ। ਆਪੇ ਫੇਰੇ ਮਨ ਕਾ ਮਣਕਾ, ਮਨ ਮਮਤਾ ਮੋਹ ਚੁਕਾਇੰਦਾ। ਲੇਖਾ ਜਾਣੇ ਜਨਨੀ ਜਨ ਕਾ, ਜਾਨਣਹਾਰ ਆਪ ਹੋ ਜਾਇੰਦਾ। ਨੌ ਖੰਡ ਪ੍ਰਿਥਮੀ ਕੱਢੇ ਸ਼ੰਕਾ, ਸਾਖਯਾਤ ਰੂਪ ਵਟਾਇੰਦਾ। ਏਕਾ ਨਾਅਰਾ ਏਕਾ ਡੰਕਾ, ਏਕਾ ਹਰਿ ਸੁਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਭਗਤਨ ਮੀਤਾ ਏਕਓਅੰਕਾਰ, ਆਦਿ ਜੁਗਾਦੀ ਲੈ ਅਵਤਾਰ, ਨਿਤ ਨਵਿਤ ਕਰ ਕਰ ਹਿੱਤ, ਸਾਚਾ ਮੇਲ ਮਿਲਾਇੰਦਾ। ਹਰਿ ਸਤਿਗੁਰ ਸੱਚਾ ਪਾਤਸ਼ਾਹ, ਜੁਗ ਜੁਗ ਮੇਲਣਹਾਰ। ਜਨ ਭਗਤਾਂ ਬਣ ਲੋਕਮਾਤ ਮਲਾਹ, ਬੇੜਾ ਜਾਏ ਤਾਰ। ਦੇਵੇ ਨਾਮ ਸੱਚੀ ਸਿਫ਼ਤ ਸਲਾਹ, ਰਾਮ ਨਾਮਾ ਇਕ ਉਰਧਾਰ। ਆਪ ਜਪਾਵੇ ਆਪਣਾ ਨਾਂ, ਭੇਵ ਅਭੇਦਾ ਭੇਵ ਨਿਵਾਰ। ਗੁਰਮੁਖਾਂ ਪਕੜੇ ਆਪੇ ਬਾਂਹ, ਹਰਿ ਸੱਜਣ ਮੀਤ ਮੁਰਾਰ। ਨਿਥਾਵਿਆਂ ਦੇਵੇ ਸਾਚਾ ਥਾਂ, ਦਰਗਹਿ ਸਾਚੀ ਧਾਮ ਨਿਆਰ। ਫੜ ਫੜ ਹੰਸ ਬਣਾਏ ਕਾਂ, ਜਿਸ ਜਨ ਬਖ਼ਸ਼ੇ ਚਰਨ ਪਿਆਰ। ਆਪੇ ਪਿਤਾ ਆਪੇ ਮਾਂ, ਪੂਤ ਸਪੂਤਾ ਵੇਖੇ ਹਰਿ ਕਰਤਾਰ। ਜੁਗਾ ਜੁਗੰਤਰ ਕਰੇ ਸਚ ਨਿਆਂ, ਹੱਕ ਨਬੇੜਾ ਵਿਚ ਸੰਸਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਖੇਲੇ ਖੇਲ ਹਰਿ ਕਲਕੀ ਅਵਤਾਰ। ਕਲਕੀ ਅਵਤਾਰ ਖੇਲ ਨਿਰਾਲਾ, ਆਪਣੀ ਕਲ ਵਰਤਾਇੰਦਾ। ਜਗਤ ਜੁਗਤ ਚਲਾਏ ਆਪਣੀ ਚਾਲਾ, ਭਗਤ ਭਗਤੀ ਵੇਖ ਵਖਾਇੰਦਾ। ਸਾਚਾ ਮੰਦਰ ਸਚੀ ਧਰਮਸਾਲਾ, ਗੁਰਸਿਖ ਕਾਇਆ ਘਰ ਵਖਾਇੰਦਾ। ਪਹਿਲਾਂ ਤੋੜ ਜਗਤ ਜੰਜਾਲਾ, ਦੂਜਾ ਮੋਹ ਚੁਕਾਇੰਦਾ। ਤੀਜਾ ਨੇਤਰ ਖੋਲ੍ਹ ਗੋਪਾਲਾ, ਗੋਬਿੰਦ ਮੇਲ ਮਿਲਾਇੰਦਾ। ਚੌਥੇ ਘਰ ਬਣ ਰਖਵਾਲਾ, ਚੌਥੇ ਪਦ ਸਮਾਇੰਦਾ। ਪੰਚਮ ਮੀਤਾ ਸ਼ਾਹ ਕੰਗਾਲਾ, ਨਿਰਗੁਣ ਆਪਣਾ ਨਾਉਂ ਧਰਾਇੰਦਾ। ਛੇਵਾਂ ਛੱਪਰ ਛੰਨ ਨਾ ਕੋਇ ਸੁਹਾਨਾ, ਸਚਖੰਡ ਡੇਰਾ ਲਾਇੰਦਾ। ਸਤਿ ਪੁਰਖ ਨਿਰੰਜਣ ਜੋਤੀ ਨੂਰ ਡਗਮਗਾਨਾ, ਜੋਤੀ ਨੂਰ ਇਕ ਰੁਸ਼ਨਾਇੰਦਾ। ਅੱਠਾਂ ਤੱਤਾਂ ਕਰ ਪਰਵਾਨਾ, ਅਪ ਤੇਜ਼ ਵਾਏ ਪ੍ਰਿਥਮੀ ਅਕਾਸ਼ ਮਨ ਮਤ ਬੁੱਧ ਮੇਲ ਮਿਲਾਇੰਦਾ। ਨੌ ਦਵਾਰੇ ਖੋਲ੍ਹ ਦੁਕਾਨਾ, ਨੌ ਖੰਡ ਫੇਰਾ ਪਾਇੰਦਾ। ਦਸਵਾਂ ਨੂਰ ਸ੍ਰੀ ਭਗਵਾਨਾ, ਨੂਰੋ ਨੂਰ ਨੂਰ ਚਮਕਾਇੰਦਾ। ਆਪੇ ਗੋਪੀ ਆਪੇ ਕਾਹਨਾ, ਆਪੇ ਰਾਸ ਰਚਾਇੰਦਾ। ਗੁਰਮੁਖ ਸਾਜਣ ਕਰ ਪਰਵਾਨਾ, ਆਪਣੇ ਲੜ ਬੰਧਾਇੰਦਾ। ਦੇਵੇ ਨਾਮ ਸੱਚਾ ਧਨ ਮਾਲਾ, ਸਚ ਖ਼ਜ਼ੀਨਾ ਇਕ ਭਰਾਇੰਦਾ। ਆਦਿ ਜੁਗਾਦਿ ਜੁਗਾ ਜੁਗੰਤ ਹਰਿ ਭਗਤ ਕਰੇ ਸਦਾ ਪ੍ਰਿਤਪਾਲਾ, ਪ੍ਰਿਤਪਾਲਕ ਨਾਉਂ ਧਰਾਇੰਦਾ। ਕਲਜੁਗ ਅੰਤਮ ਚਾਰ ਵਰਨਾਂ ਦੱਸੇ ਰਾਹ ਸੁਖਾਲਾ, ਸੋਹੰ ਸਾਚਾ ਜਾਪ ਜਪਾਇੰਦਾ। ਏਕਾ ਮੰਤਰ ਪਾਏ ਮਾਲਾ, ਸਾਚਾ ਕੰਠ ਸੁਹਾਇੰਦਾ। ਜਲਵਾ ਨੂਰ ਨੂਰ ਜਲਾਲਾ, ਆਪਣਾ ਆਪ ਦਰਸਾਇੰਦਾ। ਮੂਰਤ ਅਕਾਲ ਅਕਾਲ ਅਕਾਲਾ, ਅਕਲ ਕਲ ਵਰਤਾਇੰਦਾ। ਰਾਮ ਰਾਮ ਗੁਰ ਗੋਪਾਲਾ, ਹਰਿ ਹਰਿ ਵੇਸ ਵਟਾਇੰਦਾ। ਰਾਗ ਅਨਾਦੀ ਸਚ ਤਰਾਨਾ, ਧੁਨੀ ਨਾਦ ਵਜਾਇੰਦਾ। ਸਤਿ ਸਤਿਵਾਦੀ ਸਾਚਾ ਗਾਣਾ, ਏਕਾ ਮੁਖ ਸਲਾਹਿੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੋਤੀ ਜਾਮਾ ਵੇਸ ਵਟਾਇੰਦਾ। ਜੋਤੀ ਜਾਮਾ ਆਦਿ ਨਿਰੰਜਣ, ਕਲਜੁਗ ਅੰਤਮ ਪਾਈਆ। ਦਾਤਾ ਦਾਨੀ ਦਰਦ ਦੁੱਖ ਭੈ ਭੰਜਣ, ਸਤਿਗੁਰ ਪੂਰਾ ਇਕ ਅਖਵਾਈਆ। ਗੁਰਮੁਖਾਂ ਨੇਤਰ ਨਾਮ ਪਾਏ ਅੰਜਣ, ਅੰਧ ਅੰਧੇਰ ਮਿਟਾਈਆ। ਧੁਰਦਰਗਾਹੀ ਸਾਚਾ ਸੱਜਣ, ਸਾਖਯਾਤ ਜੋਤ ਕਰੇ ਰੁਸ਼ਨਾਈਆ। ਜਿਸ ਜਨ ਚਰਨ ਧੂੜ ਕਰਾਏ ਸਾਚਾ ਮਜਨ, ਅਠਸਠ ਪੰਧ ਮੁਕਾਈਆ। ਜੁਗਾ ਜੁਗੰਤਰ ਰੱਖੇ ਲੱਜਣ, ਸਿਰ ਆਪਣਾ ਹੱਥ ਟਿਕਾਈਆ। ਅਨਹਦ ਤਾਲ ਨਗਾਰੇ ਵੱਜਣ, ਧੁਨ ਆਤਮਕ ਆਪ ਸੁਣਾਈਆ। ਜੋ ਘੜੇ ਸੋ ਸਰਬ ਭੱਜਣ, ਥਿਰ ਕੋਇ ਰਹਿਣ ਨਾ ਪਾਈਆ। ਕਲਜੁਗ ਅੰਤਮ ਨਰ ਨਰੇਸ਼ ਦਰ ਦਰਵੇਸ਼ ਖੇਲੇ ਖੇਲ ਦੇਸ ਮਾਝਨ, ਵਡ ਦਾਤਾ ਬੇਪਰਵਾਹੀਆ। ਆਪ ਚਲਾਏ ਕਲਜੁਗ ਤੇਰਾ ਕੂੜ ਜਹਾਜ਼ਨ, ਰਥ ਰਥਵਾਹੀ ਆਪ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਚਾਰ ਵਰਨਾਂ ਦੇਵੇ ਜੀਆ ਦਾਨ, ਆਦਿ ਬ੍ਰਹਮ ਜੁਗਾਦਿ ਬ੍ਰਹਮ ਮਧ ਬ੍ਰਹਮ ਪਾਰਬ੍ਰਹਮ ਆਪ ਅਖਵਾਈਆ। ਆਦਿ ਗੁਰ ਨਮੋ ਦੇਵਾ, ਪਰਮ ਪੁਰਖ ਅਬਿਨਾਸ਼ਿਆ। ਅਬਿਨਾਸ਼ੀ ਕਰਤਾ ਅਲੱਖ ਅਭੇਵਾ, ਖੇਲੇ ਖੇਲ ਖੇਲ ਤਮਾਸ਼ਿਆ। ਸਰਬ ਗੁਣਵੰਤਾ ਨਿਹਕੇਵਾ, ਸਰਬ ਜੋਤ ਨੂਰ ਪਰਕਾਸ਼ਿਆ। ਆਪੇ ਕਰੇ ਕਰਾਏ ਆਪਣੀ ਸੇਵਾ, ਆਪੇ ਘਟ ਘਟ ਰੱਖੇ ਵਾਸਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਦੇਵੇ ਅੰਮ੍ਰਿਤ ਆਤਮ ਸਾਚਾ ਮੇਵਾ, ਕਿਸੇ ਹੱਥ ਨਾ ਆਏ ਪ੍ਰਿਥਮੀ ਅਕਾਸ਼ਿਆ।
