Granth 08 Likhat 181: 19 Kattak 2016 Bikarmi Gajjan Singh de Ghar Pind Rurka Kalan Jila Jalandhar

੧੯ ਕੱਤਕ ੨੦੧੬ ਬਿਕ੍ਰਮੀ ਗੱਜਣ ਸਿੰਘ ਦੇ ਘਰ ਪਿੰਡ ਰੁੜਕਾ ਕਲਾਂ ਜ਼ਿਲਾ ਜਲੰਧਰ

ਆਦਿ ਪੁਰਖ ਨਿਰੰਜਣ ਹਰਿ ਭਗਵਾਨ, ਪਾਰਬ੍ਰਹਮ ਪੁਰਖ ਸੁਲਤਾਨਿਆ। ਖੇਲੇ ਖੇਲ ਵਾਲੀ ਦੋ ਜਹਾਨ, ਨਿਰਗੁਣ ਜੋਤ ਨੂਰ ਮਹਾਨਿਆ। ਵਸਣਹਾਰਾ ਸਚਖੰਡ ਸਚ ਮਕਾਨ, ਥਿਰ ਘਰ ਸਾਚਾ ਇਕ ਸੁਹਾਨਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣੇ ਘਰ ਹੋਏ ਪਰਧਾਨਿਆ। ਸਤਿ ਪੁਰਖ ਨਿਰੰਜਣ ਏਕੰਕਾਰ, ਆਦਿ ਜੁਗਾਦਿ ਸਮਾਈਆ। ਪੁਰਖ ਨਿਰੰਜਣ ਹੋ ਤਿਆਰ, ਭੇਵ ਕੋਇ ਨਾ ਪਾਈਆ। ਖੇਲੇ ਖੇਲ ਅਗੰਮ ਅਪਾਰ, ਅਲਖ ਅਗੋਚਰ ਦਿਸ ਨਾ ਆਈਆ। ਨਿਰਗੁਣ ਜੋਤ ਕਮਲਾਪਾਤੀ ਕਰ ਉਜਿਆਰ, ਆਪ ਆਪਣਾ ਡਗਮਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਖੇਲ ਖਿਲਾਈਆ। ਹਰਿ ਪੁਰਖ ਨਿਰੰਜਣ ਖੇਲ ਖਿਲੰਤਾ, ਏਕਾ ਰੰਗ ਸਮਾਇੰਦਾ। ਸੋ ਪੁਰਖ ਨਿਰੰਜਣ ਦੀਪ ਜਗੰਤਾ, ਸਚ ਘਰ ਪਰਕਾਸ਼ ਕਰਾਇੰਦਾ। ਹਰਿ ਪੁਰਖ ਨਿਰੰਜਣ ਵੇਖ ਵਖੰਤਾ, ਆਪ ਆਪਣਾ ਨੈਣ ਖੁਲ੍ਹਾਇੰਦਾ। ਸੋ ਪੁਰਖ ਨਿਰੰਜਣ ਸੋਭਾਵੰਤਾ, ਹਰਿ ਭਗਵੰਤਾ ਨਾਉਂ ਧਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਮੇਲ ਮਿਲਾਇੰਦਾ। ਹਰਿ ਪੁਰਖ ਨਿਰੰਜਣ ਏਕੰਕਾਰ, ਏਕਾ ਰੰਗ ਸਮਾਇਆ। ਸੋ ਪੁਰਖ ਨਿਰੰਜਣ ਜੋਤ ਉਜਿਆਰ, ਅਜੂਨੀ ਰਹਿਤ ਭੇਵ ਨਾ ਰਾਇਆ। ਹਰਿ ਪੁਰਖ ਨਿਰੰਜਣ ਆਪ ਆਪਣਾ ਬਣੇ ਮੀਤ ਮੁਰਾਰ, ਦੂਸਰ ਸੰਗ ਨਾ ਕੋਇ ਰਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਘਰ ਸਾਚੇ ਸੋਭਾ ਪਾਇਆ। ਹਰਿ ਪੁਰਖ ਨਿਰੰਜਣ ਹਰਿ ਮੰਦਰ ਵਸਿਆ, ਪਾਰਬ੍ਰਹਮ ਕਰਤਾਰ। ਸੋ ਪੁਰਖ ਨਿਰੰਜਣ ਮਾਰਗ ਆਪਣਾ ਆਪ ਦੱਸਿਆ, ਆਪ ਆਪਣੀ ਕਿਰਪਾ ਧਾਰ। ਹਰਿ ਪੁਰਖ ਨਿਰੰਜਣ ਦਰ ਘਰ ਸਾਚੇ ਬਹਿ ਬਹਿ ਆਪੇ ਹੱਸਿਆ, ਖੇਲੇ ਖੇਲ ਖੇਲਣਹਾਰ। ਹਰਿ ਪੁਰਖ ਨਿਰੰਜਣ ਆਦਿ ਜੁਗਾਦੀ ਨਿਰਾਕਾਰ ਆਪੇ ਫਿਰੇ ਨੱਸਿਆ, ਸੇਵਕ ਹੋਏ ਸੇਵਾਦਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਪੁਰਖ ਅਕਾਲਾ ਦੀਨ ਦਿਆਲਾ, ਖੇਲੇ ਖੇਲ ਗੁਰ ਗੋਪਾਲਾ, ਹਰਿ ਪੁਰਖ ਨਿਰੰਜਣ ਨਾਉਂ ਰਖਾਇੰਦਾ। ਹਰਿ ਪੁਰਖ ਨਿਰੰਜਣ ਇਕ, ਏਕਾ ਏਕ ਅਖਵਾਈਆ। ਸੋ ਪੁਰਖ ਨਿਰੰਜਣ ਨਾ ਮਰੇ ਨਾ ਪਏ ਜੰਮ, ਜੂਨੀ ਜੂਨ ਨਾ ਕੋਇ ਭਵਾਈਆ। ਹਰਿ ਪੁਰਖ ਨਿਰੰਜਣ ਨਾ ਕੋਈ ਪਵਣ ਸਵਾਸੀ ਲਏ ਦਮ, ਰਸਨਾ ਜੇਹਵਾ ਨਾ ਕੋਇ ਹਿਲਾਈਆ। ਹਰਿ ਪੁਰਖ ਨਿਰੰਜਣ ਨਾ ਕੋਈ ਖ਼ੁਸ਼ੀ ਨਾ ਕੋਈ ਗ਼ਮ, ਚਿੰਤਾ ਸੋਗ ਨਾ ਕੋਇ ਰਖਾਈਆ। ਸੋ ਪੁਰਖ ਨਿਰੰਜਣ ਆਪੇ ਜਾਣੇ ਆਪਣਾ ਕੰਮ, ਕਰਤਾ ਪੁਰਖ ਨਾਉਂ ਧਰਾਈਆ। ਹਰਿ ਪੁਰਖ ਨਿਰੰਜਣ ਆਪਣਾ ਬੇੜਾ ਆਪੇ ਬੰਨ, ਆਪੇ ਰਿਹਾ ਚਲਾਈਆ। ਹਰਿ ਪੁਰਖ ਨਿਰੰਜਣ ਆਪੇ ਜਨਣੀ ਜਣੇ ਜਨ, ਆਪਣੀ ਗੋਦ ਸੁਹਾਈਆ। ਸੋ ਪੁਰਖ ਨਿਰੰਜਣ ਦਰ ਘਰ ਸਾਚੇ ਜਾਏ ਮੰਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਘਰ ਸਾਚਾ ਇਕ ਸੁਹਾਈਆ। ਦਰ ਘਰ ਹਰਿ ਸੁਹੰਜਣਾ, ਏਕਾ ਰੰਗ ਰੰਗਾਇਆ। ਜਗੇ ਜੋਤ ਆਦਿ ਨਿਰੰਜਣਾ, ਦੀਪਕ ਬਾਤੀ ਡਗਮਗਾਇਆ। ਪੁਰਖ ਅਬਿਨਾਸ਼ੀ ਦਰਦ ਦੁੱਖ ਭੈ ਭੰਜਣਾ, ਪਾਰਬ੍ਰਹਮ ਅਬਿਨਾਸ਼ੀ ਕਰਤਾ ਬੈਠਾ ਆਸਣ ਲਾਇਆ। ਆਦਿ ਜੁਗਾਦੀ ਸਾਚਾ ਸੱਜਣਾ, ਵਿਛੜ ਕਦੇ ਨਾ ਜਾਇਆ। ਨਾ ਘੜਿਆ ਨਾ ਭੱਜਣਾ, ਨਾ ਕੋਈ ਰੂਪ ਵਟਾਇਆ। ਆਪੇ ਰੱਖੇ ਆਪਣੀ ਲੱਜਣਾ, ਸਮਰਥ ਪੁਰਖ ਵਡ ਵਡਿਆਇਆ। ਹਰਿ ਪੁਰਖ ਨਿਰੰਜਣ ਆਪਣੇ ਮੰਦਰ ਸਾਚੇ ਘਰ ਬਹਿ ਬਹਿ ਆਪੇ ਗੱਜਣਾ, ਆਪ ਆਪਣਾ ਨਾਅਰਾ ਲਾਇਆ। ਸੋ ਪੁਰਖ ਨਿਰੰਜਣ ਸ਼ਾਹੋ ਭੂਪ ਵਡ ਰਾਜਨ ਰਾਜਣਾ, ਸ਼ਾਹ ਸੁਲਤਾਨ ਆਪ ਅਖਵਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਘਰ ਸੁਹੰਜਣਾ ਇਕ ਵਖਾਇਆ। ਸਚ ਘਰ ਸੁਹੰਜਣਾ ਹਰਿ ਨਿਰੰਕਾਰ, ਆਪਣਾ ਆਪ ਉਪਾਈਆ। ਨਿਰਗੁਣ ਦੀਪਕ ਕਰ ਉਜਿਆਰ, ਸਚਖੰਡ ਬੈਠਾ ਜੋਤ ਜਗਾਈਆ। ਨਿਰਾਕਾਰ ਨਿਰਾਧਾਰ ਨਿਰਵੈਰ ਰੂਪ ਅਪਰ ਅਪਾਰ, ਸਤਿ ਸਰੂਪ ਆਪ ਅਖਵਾਈਆ। ਸਚ ਸਿੰਘਾਸਣ ਪੁਰਖ ਅਬਿਨਾਸ਼ਣ ਆਪੇ ਬੈਠਾ ਹੋ ਤਿਆਰ, ਚੋਬਦਾਰ ਨਾ ਕੋਇ ਜਣਾਈਆ। ਨਾ ਕੋਈ ਮੰਦਰ ਚਾਰ ਦੀਵਾਰ, ਛੱਪਰ ਛੰਨ ਨਾ ਕੋਇ ਛੁਹਾਈਆ। ਨਾ ਕੋਇ ਖੰਡਾ ਨਾ ਕੋਇ ਕਟਾਰ, ਸ਼ਮਸੀਰ ਨਾ ਕੋਇ ਖਿਚਾਈਆ। ਰਾਜ ਮੰਤਰੀ ਨਾ ਪਾਵੇ ਸਾਰ, ਬਿਰਧ ਬਾਲ ਨਾ ਕੋਇ ਰਖਾਈਆ। ਸ਼ਾਹ ਕੰਗਾਲ ਨਾ ਕੋਇ ਸਿਕਦਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿ ਪੁਰਖ ਨਿਰੰਜਣ ਵਡ ਮਿਹਰਵਾਨ, ਸੋ ਪੁਰਖ ਨਿਰੰਜਣ ਦੇਵੇ ਦਾਨ, ਘਰ ਸਾਚੇ ਵੱਜੇ ਵਧਾਈਆ। ਘਰ ਸਾਚਾ ਹਰਿ ਉਪਾਇਆ, ਪਾਰਬ੍ਰਹਮ ਕਰਤਾਰ। ਆਪਣੀ ਰੁਤੜੀ ਆਪ ਸੁਹਾਇਆ, ਆਪੇ ਵੇਖਣਹਾਰ। ਆਪਣਾ ਰੰਗ ਆਪ ਰੰਗਾਇਆ, ਰੰਗ ਰੰਗੀਲਾ ਅਪਰ ਅਪਾਰ। ਛੈਲ ਛਬੀਲਾ ਆਪੇ ਬਣ ਕੇ ਆਇਆ, ਨਿਰਗੁਣ ਜੋਤ ਕਰ ਉਜਿਆਰ। ਸਚ ਵਸੀਲਾ ਇਕ ਵਖਾਇਆ, ਹਰਿ ਆਪਣੀ ਕਿਰਪਾ ਧਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਘਰ ਵਿਚ ਕਰੇ ਪਸਾਰ। ਘਰ ਵਿਚ ਘਰ ਘਰ ਤਿਆਰ, ਹਰਿ ਪੁਰਖ ਨਿਰੰਜਣ ਆਪ ਉਪਜਾਇੰਦਾ। ਘਰ ਘਰ ਵਿਚ ਮੰਦਰ ਕਰ ਤਿਆਰ, ਸੋ ਪੁਰਖ ਨਿਰੰਜਣ ਆਪ ਵਸਾਇੰਦਾ। ਘਰ ਵਿਚ ਘਰ ਖੇਲ ਅਪਾਰ, ਹਰਿ ਪੁਰਖ ਨਿਰੰਜਣ ਆਪ ਕਰਾਇੰਦਾ। ਘਰ ਵਿਚ ਘਰ ਸੋਹੇ ਬੰਕ ਦਵਾਰ, ਸੋ ਪੁਰਖ ਨਿਰੰਜਣ ਵੇਖ ਵਖਾਇੰਦਾ। ਬਣ ਵਿਚੋਲਾ ਏਕੰਕਾਰ, ਆਪਣੀ ਕਲ ਵਰਤਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਖੇਲ ਖਿਲਾਇੰਦਾ। ਘਰ ਵਿਚ ਘਰ ਸਚਖੰਡ ਦਰਬਾਰਾ, ਹਰਿ ਸਾਚਾ ਆਪ ਸੁਹਾਈਆ। ਘਰ ਵਿਚ ਘਰ ਘਰ ਥਿਰ ਘਰ ਕਰ ਉਜਿਆਰਾ, ਦੀਪਕ ਜੋਤ ਕਰੇ ਰੁਸ਼ਨਾਈਆ। ਘਰ ਵਿਚ ਘਰ ਸੋਹੇ ਸਾਚਾ ਲਾੜਾ, ਸੋ ਪੁਰਖ ਨਿਰੰਜਣ ਹਰਿ ਪੁਰਖ ਬੇਪਰਵਾਹੀਅ। ਘਰ ਵਿਚ ਘਰ ਸਖੀਆਂ ਲਾਇਆ ਅਖਾੜਾ, ਹਰਿ ਪੁਰਖ ਨਿਰੰਜਣ ਸਗਨ ਮਨਾਈਆ। ਏਕੰਕਾਰਾ ਖੇਲ ਅਪਾਰਾ, ਨਿਰਾਕਾਰ ਆਪ ਕਰਾਈਆ। ਆਪਣੇ ਮੰਦਰ ਪਾਵੇ ਸਾਰਾ, ਦੂਸਰ ਕੋਇ ਦਿਸ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅਗੰਮ ਅਗੰਮੜਾ ਹਡ ਮਾਸ ਨਾੜੀ ਨਾ ਦਿਸੇ ਚਮੜਾ, ਘਰ ਬੈਠਾ ਜੋਤ ਜਗਾਈਆ। ਜੋਤ ਉਜਾਲਾ ਹਰਿ ਗੋਪਾਲਾ, ਦੀਨ ਦਿਆਲਾ ਵਡ ਵਡਿਆਇਆ। ਖੇਲ ਨਿਰਾਲਾ ਅਵੱਲੜੀ ਚਾਲਾ, ਭੇਵ ਕਿਸੇ ਨਾ ਆਇਆ। ਬਣ ਦਲਾਲਾ ਹੋਏ ਰਖਵਾਲਾ, ਆਪ ਆਪਣਾ ਵੇਸ ਧਰਾਇਆ। ਆਪਣਾ ਮੰਦਰ ਆਪੇ ਭਾਲਾ, ਆਪੇ ਦਸੇ ਰਾਹ ਸੁਖਾਲਾ, ਆਪਣਾ ਡੰਡਾ ਆਪੇ ਲਾਇਆ। ਆਪੇ ਫਲ ਫੁਲ ਹੋਏ ਫੁਲ ਡਾਲ੍ਹਾ, ਫੁਲ ਫੁਲਵਾੜੀ ਆਪ ਮਹਿਕਾਇਆ। ਆਪੇ ਹੋਏ ਸਰ ਸਰੋਵਰ ਤਾਲਾ, ਅੰਮ੍ਰਿਤ ਜਾਮ ਆਪ ਭਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਘਰ ਸਾਚਾ ਸਗਨ ਮਨਾਇਆ। ਸਚਖੰਡ ਨਿਵਾਸੀ ਹਰਿ ਪੁਰਖ, ਹਰਿ ਹਰਿ ਆਪ ਕਰਾਇੰਦਾ। ਥਿਰ ਘਰ ਵਾਸੀ ਸੋ ਪੁਰਖ, ਘਰ ਸਾਚੇ ਸੋਭਾ ਪਾਇੰਦਾ। ਆਪਣਾ ਆਪ ਆਪੇ ਲਏ ਪਰਖ, ਆਪਣੀ ਘਸਵਟੀ ਆਪੇ ਲਾਇੰਦਾ। ਨਾ ਕੋਈ ਸੋਗ ਨਾ ਕੋਈ ਹਰਖ, ਚਿੰਤਾ ਗ਼ਮ ਨਾ ਕੋਈ ਜਣਾਇੰਦਾ। ਆਪਣੇ ਉਪਰ ਆਪੇ ਖਾਦਾ ਤਰਸ, ਆਪ ਆਪਣੀ ਦਇਆ ਕਮਾਇੰਦਾ। ਆਪਣੀ ਮੇਟੇ ਆਪੇ ਹਰਸ, ਆਪ ਆਪਣਾ ਮੇਲ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਨਿਰਗੁਣ ਨਿਰਗੁਣ ਨਾਉਂ ਰਖਾਇੰਦਾ। ਨਿਰਗੁਣ ਸੋ ਪੁਰਖ ਨਿਰੰਜਣ ਦਾਤਾ, ਹਰਿ ਪੁਰਖ ਨਿਰੰਜਣ ਨਿਰਗੁਣ ਰੂਪ ਵਟਾਈਆ। ਆਪੇ ਜਾਣੇ ਆਪਣੀ ਗਾਥਾ, ਆਪਣੀ ਰਚਨਾ ਆਪ ਰਚਾਈਆ। ਸਰਬ ਕਲਾ ਹਰਿਜਨ ਸਮਰਾਥਾ, ਸਮਰਥ ਪੁਰਖ ਨਾਉਂ ਧਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦਰ ਮੇਲਾ ਸਹਿਜ ਸੁਭਾਈਆ। ਦਰ ਘਰ ਮੇਲਾ ਪਰਮ ਪੁਰਖ, ਆਪਣਾ ਆਪ ਕਰਾਇਆ। ਆਪਣਾ ਮੇਘ ਆਪੇ ਬਰਸ, ਆਪੇ ਤ੍ਰਿਖਾ ਬੁਝਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣਾ ਨਾਉਂ ਆਪ ਉਪਜਾਇਆ। ਸੋ ਪੁਰਖ ਨਿਰੰਜਣ ਕਰਨੇਹਾਰਾ, ਕਰਨੀ ਕਿਰਤ ਕਮਾਇੰਦਾ। ਹਰਿ ਪੁਰਖ ਨਿਰੰਜਣ ਪਾਵਣਹਾਰਾ ਸਾਰਾ, ਆਪ ਆਪਣਾ ਬਿਰਧ ਧਰਾਇੰਦਾ। ਏਕੰਕਾਰਾ ਨਿਰਾਧਾਰਾ, ਜੋਤੀ ਜੋਤ ਡਗਮਗਾਇੰਦਾ । ਪਾਰਬ੍ਰਹਮ ਰੂਪ ਅਪਰ ਅਪਾਰਾ, ਆਪ ਆਪਣਾ ਵੇਸ ਵਟਾਇੰਦਾ। ਆਦਿ ਨਿਰੰਜਣ ਖੇਲ ਨਿਆਰਾ, ਆਦਿ ਜੁਗਾਦੀ ਖੇਲ ਖਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣੀ ਰਚਨ ਰਚਾਇੰਦਾ। ਸੋ ਪੁਰਖ ਨਿਰੰਜਣ ਰਚਨ ਰਚਾਏ, ਵਿਸ਼ਨ ਬ੍ਰਹਮਾ ਸ਼ਿਵ ਉਪਜਾਈਆ। ਹਰਿ ਪੁਰਖ ਨਿਰੰਜਣ ਸੇਵ ਕਮਾਏ, ਵਡ ਦਾਤਾ ਬੇਪਰਵਾਹੀਆ। ਏਕੰਕਾਰਾ ਹੁਕਮ ਚਲਾਏ, ਥਿਰ ਘਰ ਬੈਠਾ ਆਸਣ ਲਾਈਆ। ਆਦਿ ਨਿਰੰਜਣ ਜੋਤ ਜਗਾਏ, ਜੋਤ ਨਿਰੰਜਣ ਵੰਡ ਵੰਡਾਈਆ। ਸ੍ਰੀ ਭਗਵਾਨ ਅੰਮ੍ਰਿਤ ਜਾਮ ਪਿਆਏ, ਸਚ ਪਿਆਲਾ ਹੱਥ ਉਠਾਈਆ। ਪਾਰਬ੍ਰਹਮ ਰੂਪ ਵਟਾਏ, ਘਟ ਘਟ ਬੈਠਾ ਆਸਣ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਖੇਲ ਖਿਲਾਈਆ। ਸੋ ਪੁਰਖ ਨਿਰੰਜਣ ਸਾਚਾ ਮੀਤਾ, ਬ੍ਰਹਮਾ ਵਿਸ਼ਨ ਸ਼ਿਵ ਰਹੇ ਧਿਆਈਆ। ਹਰਿ ਪੁਰਖ ਨਿਰੰਜਣ ਬੈਠਾ ਰਹੇ ਇਕ ਅਤੀਤਾ, ਦਰ ਘਰ ਸਾਚੇ ਜੋਤ ਜਗਾਈਆ। ਏਕੰਕਾਰਾ ਆਪ ਚਲਾਏ ਆਪਣੀ ਰੀਤਾ, ਆਪਣੇ ਹੱਥ ਰੱਖੇ ਵਡਿਆਈਆ। ਆਦਿ ਨਿਰੰਜਣ ਠਾਂਡਾ ਸੀਤਾ, ਸਾਂਤਕ ਸਤਿ ਸਤਿ ਕਰਾਈਆ। ਸ੍ਰੀ ਭਗਵਾਨ ਵਸਿਆ ਚੀਤਾ, ਘਰ ਮੰਦਰ ਸੋਭਾ ਪਾਈਆ। ਪਾਰਬ੍ਰਹਮ ਹੋਏ ਪੁਨੀਤਾ, ਨਾ ਪਤਿਤ ਕੋਈ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣੇ ਹੱਥ ਰੱਖੀ ਵਡਿਆਈਆ। ਸੋ ਪੁਰਖ ਨਿਰੰਜਣ ਸਰਬ ਜੀਆਂ ਦਾਤਾ, ਏਕਾ ਏਕ ਅਖਵਾਇੰਦਾ। ਹਰਿ ਪੁਰਖ ਨਿਰੰਜਣ ਇਕ ਅਕਾਂਤਾ, ਦਰ ਘਰ ਸੋਭਾ ਪਾਇੰਦਾ। ਏਕੰਕਾਰਾ ਚਲਾਏ ਆਪ ਆਪਣੀ ਗਾਥਾ, ਆਪਣਾ ਸ਼ਬਦ ਉਪਾਇੰਦਾ। ਆਦਿ ਨਿਰੰਜਣ ਦੇਵੇ ਸਾਥਾ, ਸਗਲਾ ਸੰਗ ਨਿਭਾਇੰਦਾ। ਪੁਰਖ ਅਬਿਨਾਸ਼ੀ ਵੇਖੇ ਖੇਲ ਤਮਾਸ਼ਾ, ਲੱਖ ਚੁਰਾਸੀ ਅੰਦਰ ਡੇਰਾ ਲਾਇੰਦਾ। ਪਾਰਬ੍ਰਹਮ ਬ੍ਰਹਮ ਕਰ ਨਿਵਾਸਾ, ਨਿਝ ਆਤਮ ਰੂਪ ਵਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਖੇਲ ਖਿਲਾਇੰਦਾ। ਸੋ ਪੁਰਖ ਨਿਰੰਜਣ ਗਹਿਰ ਗੰਭੀਰ, ਏਕਾ ਰੰਗ ਸਮਾਈਆ। ਹਰਿ ਪੁਰਖ ਨਿਰੰਜਣ ਬੈਠਾ ਚੋਟੀ ਚੜ੍ਹ ਅਖ਼ੀਰ, ਦਿਸ ਕਿਸੇ ਨਾ ਆਈਆ। ਏਕੰਕਾਰਾ ਵਡ ਪੀਰਨ ਪੀਰ, ਸਤਿਗੁਰ ਸਾਚਾ ਨਾਉਂ ਧਰਾਈਆ। ਆਦਿ ਨਿਰੰਜਣ ਕੱਟਣਹਾਰਾ ਭੀੜ, ਹਰਿਜਨ ਸਾਚੇ ਲਏ ਉਠਾਈਆ। ਅਬਿਨਾਸ਼ੀ ਕਰਤਾ ਬਸਤਰ ਪਹਿਨਾਏ ਸਾਚੇ ਚੀਰ, ਸ਼ਬਦ ਗਹਿਣਾ ਤਨ ਪਹਿਨਾਈਆ। ਪਾਰਬ੍ਰਹਮ ਪ੍ਰਭ ਬਖ਼ਸ਼ੇ ਸਾਚਾ ਸੀਰ, ਏਕਾ ਜਾਮ ਮੁਖ ਚੁਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣੀ ਸਿਖਿਆ ਆਪ ਸਮਝਾਈਆ। ਸੋ ਪੁਰਖ ਨਿਰੰਜਣ ਦਾਨੀ ਦਾਨਾ, ਦੇਵਣਹਾਰ ਅਖਵਾਇਆ। ਹਰਿ ਪੁਰਖ ਨਿਰੰਜਣ ਹਰਿ ਮਿਹਰਬਾਨਾ, ਆਪ ਆਪਣੇ ਰੰਗ ਰੰਗਾਇਆ। ਏਕੰਕਾਰਾ ਵਡ ਬਲਵਾਨਾ, ਬਲ ਧਾਰੀ ਭੇਵ ਨਾ ਰਾਇਆ। ਆਦਿ ਨਿਰੰਜਣ ਸਚ ਨਿਸ਼ਾਨਾ, ਦੋ ਜਹਾਨਾਂ ਆਪ ਚਲਾਇਆ। ਅਬਿਨਾਸ਼ੀ ਕਰਤਾ ਰੱਖੇ ਮਾਣਾ, ਮਾਣ ਨਿਮਾਣਿਆਂ ਗਲੇ ਲਗਾਇਆ। ਪਾਰਬ੍ਰਹਮ ਹੋ ਪਰਧਾਨਾ, ਪੰਜ ਤੱਤ ਡੇਰਾ ਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਵੇਖ ਵਖਾਇਆ। ਸੋ ਪੁਰਖ ਨਿਰੰਜਣ ਸਾਚੀ ਧਾਰ, ਲੱਖ ਚੁਰਾਸੀ ਆਪ ਟਿਕਾਈਆ। ਹਰਿ ਪੁਰਖ ਨਿਰੰਜਣ ਕਰੇ ਜੋਤ ਉਜਿਆਰ, ਦੀਵਾ ਬਾਤੀ ਇਕ ਜਗਾਈਆ। ਏਕੰਕਾਰਾ ਦਏ ਅਧਾਰ, ਸ਼ਬਦ ਅਗੰਮੀ ਆਪ ਸੁਣਾਈਆ। ਆਦਿ ਨਿਰੰਜਣ ਕਰ ਉਜਿਆਰ, ਜੋਤ ਨਿਰੰਜਣ ਕਰੇ ਰੁਸ਼ਨਾਈਆ। ਸ੍ਰੀ ਭਗਵਾਨ ਖ਼ਬਰਦਾਰ, ਸਗਲਾ ਸੰਗ ਨਿਭਾਈਆ। ਪਾਰਬ੍ਰਹਮ ਪ੍ਰਭ ਖੇਲ ਨਿਆਰ, ਆਪਣੀ ਸੋਭਾ ਆਪ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਵੇਸ ਵਟਾਈਆ। ਸੋ ਪੁਰਖ ਨਿਰੰਜਣ ਤ੍ਰੈਗੁਣ ਦਾਤਾ, ਲੋਕਮਾਤ ਵੰਡ ਵੰਡਾਈਆ। ਹਰਿ ਪੁਰਖ ਨਿਰੰਜਣ ਪੰਚਮ ਬੰਨੇ ਸਾਚਾ ਨਾਤਾ, ਅਪ ਤੇਜ਼ ਵਾਏ ਪ੍ਰਿਥਮੀ ਆਕਾਸ਼ ਨਾਲ ਰਲਾਈਆ। ਏਕੰਕਾਰਾ ਚਲਾਏ ਸਾਚਾ ਰਾਥਾ, ਰਥ ਰਥਵਾਹੀ ਦਿਸ ਨਾ ਆਈਆ। ਆਦਿ ਨਿਰੰਜਣ ਪੂਜਾ ਪਾਠਾ, ਆਪਣੀ ਕਰੇ ਪੜ੍ਹਾਈਆ। ਸ੍ਰੀ ਭਗਵਾਨ ਤੀਰਥ ਤਾਟਾ, ਸਰ ਸਰੋਵਰ ਇਕ ਨੁਹਾਈਆ। ਪਾਰਬ੍ਰਹਮ ਬ੍ਰਹਮ ਇਕ ਪਛਾਤਾ, ਬ੍ਰਹਮ ਰੂਪ ਆਪ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣੀ ਕਲ ਵਰਤਾਈਆ। ਸੋ ਪੁਰਖ ਨਿਰੰਜਣ ਸਦਾ ਉਰਧਾਰੀ, ਊਰਧ ਕਵਲ ਪਰਕਾਸ਼ਿਆ। ਹਰਿ ਪੁਰਖ ਨਿਰੰਜਣ ਕਿਰਪਾ ਧਾਰੀ, ਦੇਵੇ ਨਾਮ ਸ਼ਬਦ ਧਰਵਾਸਿਆ। ਏਕੰਕਾਰਾ ਪਾਵੇ ਸਾਰੀ, ਹਰਿ ਸੱਜਣ ਸ਼ਾਹੋ ਸ਼ਬਾਸਿਆ। ਆਦਿ ਨਿਰੰਜਣ ਚੜ੍ਹੇ ਖੁਮਾਰੀ, ਸਗਲਾ ਭੌ ਨਿਵਾਸਿਆ। ਪੁਰਖ ਅਬਿਨਾਸ਼ੀ ਦਏ ਅਧਾਰੀ, ਚਰਨ ਕਵਲ ਇਕ ਭਰਵਾਸਿਆ। ਪਾਰਬ੍ਰਹਮ ਪ੍ਰਭ ਬ੍ਰਹਮ ਵੇਖ ਵਿਚਾਰੀ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪੇ ਪਾਵੇ ਆਪਣੀ ਰਾਸਿਆ। ਸੋ ਪੁਰਖ ਨਿਰੰਜਣ ਤ੍ਰੈਗੁਣ ਤੱਤ ਪੰਚ, ਹਰਿ ਪੁਰਖ ਨਿਰੰਜਣ ਮੇਲ ਮਿਲਾਇਆ। ਏਕੰਕਾਰਾ ਜਾਣੇ ਗਥ, ਆਦਿ ਨਿਰੰਜਣ ਰਾਗ ਅਲਾਇਆ। ਅਬਿਨਾਸ਼ੀ ਕਰਤਾ ਹੋ ਪਰਤੱਖ, ਪਾਰਬ੍ਰਹਮ ਬ੍ਰਹਮ ਦਏ ਮਿਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣੀ ਰਚਨ ਰਚਾਇਆ। ਸੋ ਪੁਰਖ ਨਿਰੰਜਣ ਵਿਸ਼ਨ ਅਕਾਰ, ਨਿਰਾਕਾਰ ਰੂਪ ਵਟਾਇੰਦਾ। ਹਰਿ ਪੁਰਖ ਨਿਰੰਜਣ ਬ੍ਰਹਮਾ ਧਾਰ, ਕਵਲਾ ਕਵਲਾ ਫੁਲ ਖਿਲਾਇੰਦਾ। ਏਕੰਕਾਰਾ ਵੇਖਣਹਾਰ ਧੂੰਆਂਧਾਰ, ਸ਼ੰਕਰ ਸ਼ਾਹ ਬਣਾਇੰਦਾ। ਆਦਿ ਨਿਰੰਜਣ ਦਏ ਸਹਾਰ, ਘਰ ਘਰ ਜੋਤ ਟਿਕਾਇੰਦਾ। ਅਬਿਨਾਸ਼ੀ ਕਰਤਾ ਕਰ ਪਸਾਰ, ਆਪਣੇ ਅੰਗ ਲਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਹੁਕਮ ਜਣਾਇੰਦਾ। ਸੋ ਪੁਰਖ ਨਿਰੰਜਣ ਸ਼ਬਦ ਜਣਾਈ, ਵਿਸ਼ਨੂੰ ਵਿਸ਼ਵ ਉਠਾਇਆ। ਹਰਿ ਪੁਰਖ ਨਿਰੰਜਣ ਕਰ ਕੁੜਮਾਈ, ਬ੍ਰਹਮਾ ਮੇਲ ਮਿਲਾਇਆ। ਏਕੰਕਾਰਾ ਦਏ ਵਧਾਈ, ਸਚਖੰਡ ਬੈਠਾ ਆਸਣ ਲਾਇਆ। ਆਦਿ ਨਿਰੰਜਣ ਮੰਗੇ ਚਾਈਂ ਚਾਈਂ, ਘਰ ਸਾਚਾ ਇਕ ਸੁਹਾਇਆ। ਸ੍ਰੀ ਭਗਵਾਨ ਪਕੜ ਉਠਾਏ ਫੜ ਫੜ ਬਾਂਹੀਂ, ਸ਼ੰਕਰ ਨਾਲ ਰਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਥਿਰ ਘਰ ਵਾਸੀ ਆਪਣਾ ਖੇਲ ਖਿਲਾਇਆ। ਥਿਰ ਘਰ ਵਸੇਰਾ ਸੋ ਪੁਰਖ ਅਨਾਦੀ, ਨਾਦੀ ਤਾਲ ਵਜਾਇੰਦਾ। ਸਚਖੰਡ ਡੇਰਾ ਹਰਿ ਪੁਰਖ ਨਿਰੰਜਣ ਬਣਿਆ ਬਾਢੀ, ਆਪਣੀ ਰਚਨਾ ਆਪ ਰਚਾਇੰਦਾ। ਏਕੰਕਾਰਾ ਸਾਚਾ ਗਾਡੀ, ਸਾਚਾ ਹੁਕਮ ਸੁਣਾਇੰਦਾ। ਆਦਿ ਨਿਰੰਜਣ ਲਡਾਏ ਲਾਡੀ, ਦਿਸ ਕਿਸੇ ਨਾ ਆਇੰਦਾ। ਸ੍ਰੀ ਭਗਵਾਨ ਨਾ ਭੁੱਲੇ ਆਪਣੀ ਵਾਦੀ, ਆਪਣੀ ਰਚਨਾ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਸਾਂਗ ਵਰਤਾਇੰਦਾ। ਸੋ ਪੁਰਖ ਨਿਰੰਜਣ ਹਰਿ ਭਗਵੰਤ, ਅੰਤ ਆਦਿ ਨਾ ਕੋਇ ਜਣਾਈਆ। ਹਰਿ ਪੁਰਖ ਨਿਰੰਜਣ ਮਹਿਮਾ ਅਗਣਤ, ਲੇਖਾ ਲੇਖ ਨਾ ਕੋਇ ਲਿਖਾਈਆ। ਏਕੰਕਾਰਾ ਨਾ ਕੋਈ ਬਣਾਏ ਬਣਤ, ਨਾ ਕੋਇ ਵੇਸ ਵਟਾਈਆ। ਆਦਿ ਨਿਰੰਜਣ ਬਣ ਬਣ ਕੰਤ, ਆਪਣੀ ਸੇਜ ਆਪ ਹੰਢਾਈਆ। ਸ੍ਰੀ ਭਗਵਾਨ ਆਪੇ ਜਾਣੇ ਆਪਣਾ ਮੰਤ, ਆਪੇ ਦਏ ਉਪਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਧਾਰ ਆਪ ਬੰਧਾਈਆ। ਸੋ ਪੁਰਖ ਨਿਰੰਜਣ ਲਏ ਅੰਗੜਾਈ, ਆਪਣਾ ਬਿਰਧ ਧਰਾਇੰਦਾ। ਹਰਿ ਪੁਰਖ ਨਿਰੰਜਣ ਕਰ ਕੁੜਮਾਈ, ਸਾਚਾ ਸਗਨ ਮਨਾਇੰਦਾ। ਏਕੰਕਾਰ ਲੇਖ ਲਖਾਈ, ਸਚ ਮਹੱਲਾ ਸੋਭਾ ਪਾਇੰਦਾ। ਆਦਿ ਨਿਰੰਜਣ ਗਾਏ ਸ਼ਨਵਾਈ, ਆਪਣਾ ਢੋਲਾ ਆਪ ਅਲ੍ਹਾਇੰਦਾ। ਸ੍ਰੀ ਭਗਵਾਨ ਵੇਖੇ ਚਾਈਂ ਚਾਈਂ, ਆਪ ਆਪਣਾ ਨੈਣ ਖੁਲ੍ਹਾਇੰਦਾ। ਦੂਸਰ ਕੋਇ ਦਿਸੇ ਨਾਹੀ, ਨਾ ਕੋਈ ਸੰਗ ਨਿਭਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਰੰਗ ਰੰਗਾਇੰਦਾ। ਸੋ ਪੁਰਖ ਨਿਰੰਜਣ ਕਿਰਪਾ ਧਾਰ, ਆਪਣਾ ਰੰਗ ਰੰਗਾਇਆ। ਹਰਿ ਪੁਰਖ ਨਿਰੰਜਣ ਕਰ ਪਸਾਰ, ਥਿਰ ਘਰ ਸਾਚੇ ਮੇਲ ਮਿਲਾਇਆ। ਆਦਿ ਨਿਰੰਜਣ ਉਠ ਉਠ ਕਰੇ ਪਿਆਰ, ਆਪਣੇ ਗਲੇ ਲਗਾਇਆ। ਅਬਿਨਾਸ਼ੀ ਕਰਤਾ ਅਧ ਵਿਚਕਾਰ, ਬੈਠਾ ਦੀਪ ਜਗਾਇਆ। ਸ੍ਰੀ ਭਗਵਾਨ ਪਾਵੇ ਸਾਰ, ਆਪ ਆਪਣਾ ਫੇਰਾ ਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਵੰਡਣ ਆਪ ਵੰਡਾਇਆ। ਸੋ ਪੁਰਖ ਨਿਰੰਜਣ ਵੰਡੇ ਵੰਡ, ਹਰਿ ਪੁਰਖ ਨਿਰੰਜਣ ਦਇਆ ਕਮਾਈਆ। ਆਦਿ ਨਿਰੰਜਣ ਖੋਲ੍ਹੇ ਗੰਢ, ਸ੍ਰੀ ਭਗਵਾਨ ਆਪ ਖੁਲ੍ਹਾਈਆ। ਪਾਰਬ੍ਰਹਮ ਆਪਣੀ ਰਚਨਾ ਰਚ ਬ੍ਰਹਿਮੰਡ, ਆਪੇ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰ ਘਰ ਸਾਚਾ ਇਕ ਸੁਹਾਈਆ। ਦਰ ਘਰ ਸਾਚਾ ਸਚ ਦਰਵਾਜ਼ਾ ਖੋਲ੍ਹ, ਹਰਿ ਪੁਰਖ ਨਿਰੰਜਣ ਵੇਸ ਵਟਾਇੰਦਾ। ਸੋ ਪੁਰਖ ਨਿਰੰਜਣ ਅੰਦਰ ਪਏ ਬੋਲ, ਆਪਣਾ ਜੈਕਾਰਾ ਆਪੇ ਲਾਇੰਦਾ। ਆਦਿ ਨਿਰੰਜਣ ਬੈਠਾ ਕੋਲ, ਆਪਣਾ ਧਿਆਨ ਲਗਾਇੰਦਾ। ਅਬਿਨਾਸ਼ੀ ਕਰਤਾ ਰਿਹਾ ਮੌਲ, ਰੂਪ ਰੰਗ ਨਾ ਕੋਇ ਵਖਾਇੰਦਾ। ਪਾਰਬ੍ਰਹਮ ਬੈਠ ਅਡੋਲ, ਆਪਣਾ ਧਿਆਨ ਆਪੇ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਵਸੇਰਾ ਬਿਨ ਹਰਿ ਅਵਰ ਨਾ ਦਿਸੇ ਕੋਇ, ਘਰ ਸਾਚਾ ਇਕ ਸੁਹਾਇੰਦਾ। ਸਚਖੰਡ ਪਰਕਾਸ਼ ਪੁਰਖ ਅਬਿਨਾਸ਼, ਸੋ ਪੁਰਖ ਨਿਰੰਜਣ ਜੋਤ ਜਗਾਈਆ। ਹਰਿ ਪੁਰਖ ਨਿਰੰਜਣ ਨਾ ਜਾਏ ਵਿਨਾਸ, ਆਦਿ ਅੰਤ ਵੱਡੀ ਵਡਿਆਈਆ। ਏਕੰਕਾਰਾ ਪਾਵੇ ਰਾਸ, ਆਪਣੀ ਮਹਿਮਾ ਆਪ ਗਣਾਈਆ। ਆਦਿ ਨਿਰੰਜਣ ਕਰ ਨਿਵਾਸ, ਬੈਠਾ ਡੇਰਾ ਲਾਈਆ। ਸ੍ਰੀ ਭਗਵਾਨ ਸ਼ਾਹੋ ਸਾਬਾਸ, ਤਖ਼ਤ ਤਾਜ ਇਕ ਸੁਹਾਈਆ। ਪਾਰਬ੍ਰਹਮ ਆਪਣੀ ਪੂਰੀ ਕਰੇ ਆਪੇ ਆਸ, ਆਪਣੀ ਇਛਿਆ ਭਿਛਿਆ ਝੋਲੀ ਪਾਈਆ। ਪਾਰਬ੍ਰਹਮ ਪ੍ਰਭ ਮੰਗੇ ਭਿਛਿਆ, ਆਪਣੇ ਅੱਗੇ ਆਪਣੀ ਝੋਲੀ ਡਾਹੀਆ। ਸ੍ਰੀ ਭਗਵਾਨ ਕਰੇ ਰਛਿਆ, ਆਪ ਆਪਣੀ ਦਇਆ ਕਮਾਈਆ। ਆਦਿ ਨਿਰੰਜਣ ਲੇਖਾ ਲਿਖਿਆ, ਨਾ ਕੋਈ ਮੇਟੇ ਮੇਟ ਮਿਟਾਈਆ । ਏਕੰਕਾਰਾ ਕਿਸੇ ਨਾ ਦਿਸਿਆ, ਨਾ ਕੋਈ ਲੋਚਣ ਦਰਸ਼ਨ ਪਾਈਆ। ਹਰਿ ਪੁਰਖ ਨਿਰੰਜਣ ਵੰਡਾਇਆ ਹਿਸਿਆ, ਆਪ ਆਪਣੀ ਵੰਡ ਕਰਾਈਆ। ਸੋ ਪੁਰਖ ਨਿਰੰਜਣ ਦੇਵੇ ਸਾਚੀ ਸਿਖਿਆ, ਭੁੱਲ ਕੋਇ ਨਾ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਆਪੇ ਵਰ, ਆਪੇ ਹੁਕਮ ਚਲਾਈਆ। ਸੋ ਪੁਰਖ ਨਿਰੰਜਣ ਹੁਕਮ ਚਲਾਇਆ, ਏਕਾ ਏਕ ਸੁਣਾਇੰਦਾ। ਹਰਿ ਪੁਰਖ ਨਿਰੰਜਣ ਸੀਸ ਨਿਵਾਇਆ, ਘਰ ਸਾਚੇ ਖ਼ੁਸ਼ੀ ਵਖਾਇੰਦਾ। ਏਕੰਕਾਰਾ ਵੇਖਣ ਆਇਆ, ਆਪ ਆਪਣਾ ਦਰ ਸੁਹਾਇੰਦਾ। ਆਦਿ ਨਿਰੰਜਣ ਨੈਣ ਸ਼ਰਮਾਇਆ, ਅੱਖ ਨਾ ਕੋਇ ਉਠਾਇੰਦਾ। ਅਬਿਨਾਸ਼ੀ ਕਰਤਾ ਇਕ ਧਿਆਨ ਲਗਾਇਆ, ਸ੍ਰੀ ਭਗਵਾਨ ਸੰਗ ਰਲਾਇੰਦਾ। ਪਾਰਬ੍ਰਹਮ ਤੇਰੀ ਮਨਸਾ ਪੂਰੀ ਦਏ ਕਰਾਇਆ, ਸੋ ਪੁਰਖ ਨਿਰੰਜਣ ਆਪ ਸਮਝਾਇੰਦਾ। ਸਚ ਵਸਤ ਤੇਰੀ ਝੋਲੀ ਪਾਇਆ, ਸੁੱਤ ਦੁਲਾਰਾ ਇਕ ਉਪਜਾਇੰਦਾ। ਹਰਿ ਪੁਰਖ ਨਿਰੰਜਣ ਗੋਦ ਉਠਾਇਆ, ਏਕੰਕਾਰਾ ਸੀਰ ਪਿਆਇੰਦਾ। ਆਦਿ ਨਿਰੰਜਣ ਆਪਣੀ ਭੁੱਜਾਂ ਚੁਕ ਉਠਾਇਆ, ਅਬਿਨਾਸ਼ੀ ਕਰਤਾ ਖੇਲ ਖਲਾਇੰਦਾ। ਸ੍ਰੀ ਭਗਵਾਨ ਬਾਂਹੋਂ ਪਕੜ ਉਂਗਲੀ ਲਾਇਆ, ਪਾਰਬ੍ਰਹਮ ਤੇਰੇ ਅੱਗੇ ਆਪ ਫਿਰਾਇੰਦਾ। ਤੇਰੀ ਇਛਿਆ ਰਹੇ ਨਾ ਰਾਇਆ, ਤੇਰੀ ਆਸਾ ਸਰਬ ਮਿਟਾਇੰਦਾ। ਤੇਰਾ ਪੂਤ ਸਪੂਤਾ ਆਪ ਉਪਜਾਇਆ, ਸ਼ਬਦੀ ਨਾਉਂ ਧਰਾਇੰਦਾ। ਸ਼ਬਦ ਸੁੱਤ ਉਠ ਉਠ ਦਰਸ਼ਨ ਪਾਇਆ, ਪਾਰਬ੍ਰਹਮ ਨਜ਼ਰੀ ਆਇੰਦਾ। ਪਾਰਬ੍ਰਹਮ ਸਚ ਰਾਹ ਵਖਾਇਆ, ਸ੍ਰੀ ਭਗਵਾਨ ਵੇਖ ਵਖਾਇੰਦਾ। ਸ੍ਰੀ ਭਗਵਾਨ ਦਏ ਜਣਾਇਆ, ਆਦਿ ਨਿਰੰਜਣ ਮੇਲ ਮਿਲਾਇੰਦਾ। ਆਦਿ ਨਿਰੰਜਣ ਏਕਾ ਧਾਮ ਵਖਾਇਆ, ਏਕੰਕਾਰਾ ਸੋਭਾ ਪਾਇੰਦਾ। ਏਕੰਕਾਰਾ ਦੇ ਮਤ ਰਿਹਾ ਸਮਝਾਇਆ ਸਾਚੇ ਸੁੱਤ ਦੁਲਾਰ, ਬਿਨ ਹਰਿ ਪੁਰਖ ਤੇਰਾ ਕੋਇ ਨਾ ਹੋਏ ਸਹਾਇਆ। ਹਰਿ ਪੁਰਖ ਬੋਲ ਜੈਕਾਰ, ਸੋ ਪੁਰਖ ਨਿਰੰਜਣ ਅੱਗੇ ਸੀਸ ਨਿਵਾਇਆ। ਸੋ ਪੁਰਖ ਨਿਰੰਜਣ ਕਿਰਪਾ ਧਾਰ, ਬਾਲ ਅੰਞਾਣੇ ਆਪਣੀ ਗੋਦ ਬਿਠਾਇਆ। ਸਾਚੇ ਸੁੱਤ ਕਰੇ ਪਿਆਰ, ਸ਼ਬਦ ਸ਼ਬਦੀ ਗਲੇ ਲਗਾਇਆ। ਬਾਂਹੋਂ ਫੜ ਦਏ ਹੁਲਾਰ, ਹਰਿ ਪੁਰਖ ਨਿਰੰਜਣ ਨਾਲ ਮਿਲਾਇਆ। ਹਰਿ ਪੁਰਖ ਨਿਰੰਜਣ ਏਕੰਕਾਰ, ਸਰਨ ਸਰਨਾਈ ਦੇਵੇ ਵਾੜ, ਸਿਰ ਆਪਣਾ ਹੱਥ ਟਿਕਾਇਆ। ਏਕੰਕਾਰ ਏਕੰਕਾਰਾ ਆਦਿ ਨਿਰੰਜਣ ਮਿਲਾਏ ਮੀਤ ਮੁਰਾਰ, ਦਿਵਸ ਰੈਣ ਕਰੇ ਰੁਸ਼ਨਾਇਆ। ਆਦਿ ਨਿਰੰਜਣ ਹੋਇਆ ਖ਼ਬਰਦਾਰ, ਆਪ ਆਪਣਾ ਭੇਵ ਖੁਲ੍ਹਾਇਆ। ਅਬਿਨਾਸ਼ੀ ਕਰਤਾ ਬੰਨੇ ਧਾਰ, ਦੂਸਰ ਕੋਇ ਨਾ ਸੰਗ ਰਲਾਇਆ। ਅਬਿਨਾਸ਼ੀ ਕਰਤਾ ਹੋਇਆ ਖ਼ਬਰਦਾਰ, ਸੁੱਤ ਦੁਲਾਰੇ ਕਰੇ ਪਿਆਰ, ਸ੍ਰੀ ਭਗਵਾਨ ਝੋਲੀ ਪਾਇਆ। ਸ੍ਰੀ ਭਗਵਾਨ ਦੇਵੇ ਦਾਨ, ਪਾਰਬ੍ਰਹਮ ਬਖ਼ਸ਼ੀ ਸੱਚੀ ਸਰਨਾਇਆ। ਪਾਰਬ੍ਰਹਮ ਪ੍ਰਭ ਖੇਲ ਅਪਾਰ, ਸ਼ਬਦੀ ਰਿਹਾ ਹੁਕਮ ਸੁਣਾਇਆ। ਤੇਰਾ ਕਰੇ ਤੇਰੀ ਕਾਰ, ਤੇਰਾ ਤੇਰੇ ਰੰਗ ਸਮਾਇਆ। ਤੇਰਾ ਖੇਲ ਅਗੰਮ ਅਪਾਰ, ਭੇਵ ਕੋਇ ਨਾ ਪਾਇਆ। ਤੂੰ ਜੋਧਾ ਸੂਰਬੀਰ ਬਲਕਾਰ, ਸਿਰ ਤੇਰੇ ਹੱਥ ਟਿਕਾਇਆ। ਤੇਰੀ ਰਚਨਾ ਵੇਖੇ ਆਪ ਕਰਤਾਰ, ਰਚਨਹਾਰ ਆਪ ਹੋ ਜਾਇਆ। ਲੋਆਂ ਪੁਰੀਆਂ ਮਹੱਲ ਉਸਾਰ, ਬ੍ਰਹਿਮੰਡ ਖੰਡ ਬਣਤ ਬਣਾਇਆ। ਗਗਨ ਮੰਡਲ ਦਏ ਆਧਾਰ, ਆਪ ਆਪਣੀ ਧਾਰ ਬੰਧਾਇਆ। ਰਵ ਸਸ ਕਰ ਤਿਆਰ, ਪਾਰਬ੍ਰਹਮ ਹੁਕਮ ਸੁਣਾਇਆ। ਸ੍ਰੀ ਭਗਵਾਨ ਹੋਏ ਉਜਿਆਰ, ਆਦਿ ਨਿਰੰਜਣ ਦੇਵੇ ਜੋਤ ਜਗਾਇਆ। ਏਕੰਕਾਰਾ ਕਰੇ ਕਾਰ, ਆਪ ਆਪਣੀ ਕੁਦਰਤ ਵੇਖ ਵਖਾਇਆ। ਹਰਿ ਪੁਰਖ ਨਿਰੰਜਣ ਸੇਵਾਦਾਰ, ਘਰ ਸਾਚੇ ਸਾਚੀ ਸੇਵ ਕਮਾਇਆ। ਸੋ ਪੁਰਖ ਨਿਰੰਜਣ ਅਗੰਮ ਅਪਾਰ, ਊਚੋ ਊਚ ਨਾਮ ਧਰਾਇਆ। ਤੇਰਾ ਨਾਤਾ ਜੋੜੇ ਆਪ ਨਿਰੰਕਾਰ, ਨਾ ਕੋਈ ਤੋੜੇ ਤੋੜ ਤੁੜਾਇਆ। ਤੇਰਾ ਰੂਪ ਧਰੇ ਵਿਚ ਸੰਸਾਰ, ਬ੍ਰਹਮਾ ਵੇਤਾ ਲਏ ਉਠਾਇਆ। ਪਾਰਬ੍ਰਹਮ ਬਿੰਦ ਆਪਣੇ ਵਿਚੋਂ ਉਪਜੇ ਬਾਹਰ, ਮਾਤ ਪਿਤ ਨਾ ਕੋਇ ਬਣਾਇਆ। ਗੁਣੀ ਗਹਿੰਦ ਖੇਲ ਨਿਆਰ, ਸਾਗਰ ਸਿੰਧ ਇਕ ਵਖਾਇਆ। ਵਿਸ਼ਨੂੰ ਵੰਸੀ ਕਰ ਪਿਆਰ, ਆਪਣਾ ਵੰਸ ਸੁਹਾਇਆ। ਨਾਭੀ ਕਵਲਾ ਖਿਲ ਗੁਲਜ਼ਾਰ, ਫੁਲ ਫਲਵਾੜੀ ਆਪ ਮਹਿਕਾਇਆ। ਆਪਣੀ ਵੰਡ ਵੰਡੇ ਗਿਰਧਾਰ, ਪਾਰਬ੍ਰਹਮ ਬ੍ਰਹਮ ਅੰਗ ਕਟਾਇਆ। ਬ੍ਰਹਮਾ ਉਪਜਿਆ ਵਿਚ ਸੰਸਾਰ, ਹਰਿ ਪੁਰਖ ਨਿਰੰਜਣ ਲੇਖ ਲਿਖਾਇਆ। ਸ਼ਬਦ ਸੁੱਤ ਤੇਰੀ ਸਾਚੀ ਧਾਰ, ਬ੍ਰਹਮੇ ਅੰਦਰ ਦਏ ਵਖਾਇਆ। ਤੇਰਾ ਰੂਪ ਕਰ ਪਰਧਾਨ, ਸਚ ਨਿਸ਼ਾਨ ਦਏ ਗਡਾਇਆ। ਹੰ ਬ੍ਰਹਮ ਗੁਣ ਨਿਧਾਨ, ਗੁਣਵੰਤਾ ਇਕ ਵਖਾਇਆ। ਸੋ ਪੁਰਖ ਨਿਰੰਜਣ ਦਿਤਾ ਦਾਨ, ਜੀਆ ਦਾਨ ਝੋਲੀ ਪਾਇਆ। ਸੋਹੰ ਸ਼ਬਦ ਨਾ ਸਕੇ ਕੋਈ ਪਛਾਨ, ਇਕ ਅਕਾਲ ਦੀਨ ਦਿਆਲ ਏਕੰਕਾਰ ਨਿਰਾਧਾਰ, ਸਤਿ ਸਰੂਪ ਸ਼ਾਹੋ ਭੂਪ ਅਨ ਰੰਗ ਰੂਪ ਹੰ ਬ੍ਰਹਮ ਪਾਰਬ੍ਰਹਮ ਘਰ ਗਿਆ ਜੰਮ, ਨਾ ਕੋਈ ਤ੍ਰਿਸਨਾ ਨਾ ਕੋਈ ਤਮ, ਨਾ ਕੋਈ ਪਵਣ ਸਵਾਸੀ ਨਾ ਕੋਈ ਦਮ, ਨਾ ਕੋਈ ਨੇਤਰ ਨੀਰ ਨਾ ਰੋਵੇ ਛੰਮ ਛੰਮ, ਨਿਰਗੁਣ ਧਾਰਾ ਹੋ ਉਜਿਆਰ, ਹਰਿ ਨਿਰੰਕਾਰ ਆਪਣਾ ਨਾਉਂ ਰਖਾਇਆ। ਸੋ ਪੁਰਖ ਨਿਰੰਜਣ ਵਡ ਬਲਕਾਰ, ਏਕਾ ਏਕ ਏਕ ਪੁਰਖ ਅਬਿਨਾਸਿਆ। ਪਾਰਬ੍ਰਹਮ ਪ੍ਰਭ ਬੋਲ ਜੈਕਾਰ, ਆਪਣੇ ਮੰਡਲ ਪਾਏ ਰਾਸਿਆ। ਨਿਰਗੁਣ ਅੰਦਰ ਨਿਰਗੁਣ ਬਾਹਰ, ਨਿਰਗੁਣ ਗੁਪਤ ਨਿਰਗੁਣ ਜ਼ਾਹਰ, ਨਿਰਗੁਣ ਖੇਲੇ ਖੇਲ ਤਮਾਸਿਆ। ਨਿਰਗੁਣ ਕੰਤ ਨਿਰਗੁਣ ਭਤਾਰ, ਨਿਰਗੁਣ ਨਾਰੀ ਸਤਾ ਕਰੇ ਪਿਆਰ, ਨਿਰਗੁਣ ਭੋਗੀ ਭੋਗ ਭੋਗੰਤਿਆ। ਨਿਰਗੁਣ ਮਹੱਲ ਨਿਰਗੁਣ ਅਟਾਰ, ਨਿਰਗੁਣ ਦੀਵਾ ਨਿਰਗੁਣ ਬਾਤੀ, ਨਿਰਗੁਣ ਕਮਲਾ ਵਸੇ ਪਾਤੀ, ਨਿਰਗੁਣ ਕਰੇ ਉਜਿਆਰ, ਨਿਰਗੁਣ ਸੇਵ ਕਮੰਤਿਆ। ਨਿਰਗੁਣ ਮੰਦਰ ਨਿਰਗੁਣ ਅੰਦਰ ਨਿਰਗੁਣ ਕੰਦਰ, ਨਿਰਗੁਣ ਆਪੇ ਖੋਜ ਖੁਜੰਤਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਇਕ ਅਕੱਲਾ ਏਕੰਕਾਰ ਆਦਿ ਜੁਗਾਦਿ ਖੇਲ ਅਪਾਰ, ਆਪ ਆਪਣਾ ਖੇਲ ਖਿਲੰਤਿਆ। ਸੋ ਪੁਰਖ ਨਿਰੰਜਣ ਹਰਿ ਭਗਵਾਨਾ, ਏਕਾ ਰੰਗ ਸਮਾਇੰਦਾ। ਆਪਣਾ ਦੇਵੇ ਆਪਣਾ ਦਾਨ, ਦਾਤਾ ਦਾਨੀ ਨਾਉਂ ਧਰਾਇੰਦਾ। ਸਚਖੰਡ ਨਿਵਾਸੀ ਹੋ ਪਰਧਾਨਾ, ਆਪ ਆਪਣਾ ਹੁਕਮ ਚਲਾਇੰਦਾ। ਥਿਰ ਘਰ ਝੁਲਾਏ ਇਕ ਨਿਸ਼ਾਨਾ, ਸਤਿ ਸਤਿਵਾਦੀ ਆਪਣੇ ਹੱਥ ਉਠਾਇੰਦਾ। ਜੋਧਾ ਸੂਰ ਬਲੀ ਬਲਵਾਨਾ, ਆਪ ਆਪਣਾ ਬਲ ਧਰਾਇੰਦਾ। ਸ਼ਾਹੋ ਭੂਪ ਸਚ ਸੁਲਤਾਨਾ, ਤਖ਼ਤ ਨਿਵਾਸੀ ਡੇਰਾ ਲਾਇੰਦਾ। ਆਪਣਾ ਵੇਸ ਆਪ ਵਟਾਨਾ, ਆਪ ਆਪਣਾ ਖੇਲ ਖਿਲਾਇੰਦਾ। ਵਿਸ਼ਨ ਬ੍ਰਹਮਾ ਕਰ ਪਰਧਾਨਾ, ਸਾਚਾ ਹੁਕਮ ਸੁਣਾਇੰਦਾ। ਆਪਣਾ ਬੱਧਾ ਆਪੇ ਗਾਨਾ, ਆਪੇ ਸਗਨ ਮਨਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਨਾਉਂ ਧਰਾਇੰਦਾ। ਸੋ ਪੁਰਖ ਨਿਰੰਜਣ ਹਰਿ ਭਗਵੰਤ, ਆਪਣੀ ਦਇਆ ਕਮਾਇੰਦਾ। ਆਪ ਬਣਾਈ ਆਪਣੀ ਬਣਤ, ਪਾਰਬ੍ਰਹਮ ਵੰਡ ਵੰਡਾਇੰਦਾ। ਥਿਰ ਘਰ ਹੋਏ ਸੋਭਾਵੰਤ, ਘਰ ਸਾਚੇ ਆਪ ਸੁਹਾਇੰਦਾ। ਏਕਾ ਦੇਵੇ ਸਾਚਾ ਮੰਤ, ਸਾਚਾ ਸ਼ਬਦ ਸੁਣਾਇੰਦਾ। ਆਦਿ ਜੁਗਾਦੀ ਮਹਿਮਾ ਅਗਣਤ, ਭੇਵ ਕੋਇ ਨਾ ਪਾਇੰਦਾ। ਦਰ ਘਰ ਸਾਚੇ ਬਣੀ ਬਣਤ, ਆਪ ਆਪਣਾ ਅੰਗ ਕਟਾਇੰਦਾ। ਲੱਖ ਚੁਰਾਸੀ ਉਪਾਏ ਜੀਵ ਜੰਤ, ਜੀਵ ਆਤਮ ਆਪ ਅਖਵਾਇੰਦਾ। ਆਪੇ ਹੰ ਬ੍ਰਹਮ ਹੋਏ ਸਾਧ ਸੰਤ, ਆਪ ਆਪਣੇ ਰੰਗ ਰੰਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੋਹੰ ਆਪਣਾ ਨਾਮ ਧਰਾਇੰਦਾ। ਸੋ ਪੁਰਖ ਨਿਰੰਜਣ ਏਕੰਕਾਰ, ਆਦਿ ਜੁਗਾਦਿ ਸਮਾਇਆ। ਸ੍ਰਿਸ਼ਟ ਸਬਾਈ ਕਰ ਤਿਆਰ, ਹੰ ਬ੍ਰਹਮ ਵੰਡ ਵੰਡਾਇਆ। ਸੋ ਪੁਰਖ ਨਿਰੰਜਣ ਹੋ ਉਜਿਆਰ, ਘਰ ਘਰ ਦੀਪਕ ਰਿਹਾ ਜਗਾਇਆ। ਹੰ ਬ੍ਰਹਮ ਕਰੇ ਪਿਆਰ, ਸ਼ਬਦ ਅਨਾਦੀ ਰਾਗ ਸੁਣਾਇਆ। ਮੰਦਰ ਅੰਦਰ ਕਰ ਪਿਆਰ, ਘਰ ਘਰ ਵਿਚ ਦਏ ਟਿਕਾਇਆ। ਭੁੱਲ ਨਾ ਜਾਏ ਵਿਚ ਸੰਸਾਰ, ਬੰਸ ਬੰਸਾ ਆਪ ਅਖਵਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸੋਹੰ ਸ਼ਬਦ ਦਏ ਵਡਿਆਇਆ। ਸੋਹੰ ਸ਼ਬਦ ਹਰਿ ਭੰਡਾਰਾ, ਸੋ ਪੁਰਖ ਨਿਰੰਜਣ ਆਪ ਵਰਤਾਇਆ । ਹਰਿ ਪੁਰਖ ਨਿਰੰਜਣ ਬਣਿਆ ਸੇਵਾਦਾਰਾ, ਸਾਚੀ ਸੇਵ ਕਮਾਇਆ। ਏਕੰਕਾਰਾ ਭੇਵ ਨਿਆਰਾ, ਨਿਰਗੁਣ ਆਪੇ ਵੇਖ ਵਖਾਇਆ। ਆਦਿ ਨਿਰੰਜਣ ਘੜਨ ਭੰਨਣਹਾਰਾ, ਆਪੇ ਭੰਨ ਵਖਾਇਆ। ਪੁਰਖ ਅਬਿਨਾਸ਼ੀ ਨਿਰਾਕਾਰਾ, ਨਿਰਧਨ ਆਪਣਾ ਨਾਉਂ ਧਰਾਇਆ। ਸ੍ਰੀ ਭਗਵਾਨ ਸਾਂਝਾ ਯਾਰਾ, ਸਚ ਕੁਦਰਤ ਵਿਚ ਟਿਕਾਇਆ। ਪਾਰਬ੍ਰਹਮ ਖੋਲ੍ਹੇ ਬੰਦ ਕਿਵਾੜਾ, ਆਪਣਾ ਕੁੰਡਾ ਆਪੇ ਲਾਹਿਆ। ਏਕਾ ਨਾਮ ਸਚ ਭੰਡਾਰਾ, ਸ੍ਰਿਸ਼ਟ ਸਬਾਈ ਆਪ ਵਰਤਾਇਆ। ਸੋ ਪੁਰਖ ਨਿਰੰਜਣ ਏਕਾ ਰੂਪ ਮੀਤ ਮੁਰਾਰਾ, ਦੂਜੀ ਕੁਦਰਤ ਹੰ ਸਾਚਾ ਨਾਉਂ ਧਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਘਾੜਨ ਆਪੇ ਘੜ, ਆਪਣੇ ਮੰਦਰ ਆਪੇ ਚੜ੍ਹ, ਆਪੇ ਵੇਖ ਵਖਾਇਆ। ਸੋ ਪੁਰਖ ਨਿਰੰਜਣ ਤੇਰੀ ਸਾਰ, ਤੇਰਾ ਭੇਵ ਕੋਇ ਨਾ ਪਾਇੰਦਾ। ਹਰਿ ਪੁਰਖ ਨਿਰੰਜਣ ਤੇਰੇ ਅੱਗੇ ਬਣੇ ਭਿਖਾਰ, ਵਿਸ਼ਨੂੰ ਨਿਉਂ ਨਿਉਂ ਸੀਸ ਝੁਕਾਇੰਦਾ। ਏਕੰਕਾਰਾ ਤੇਰਾ ਵਡ ਭੰਡਾਰ, ਆਦਿ ਜੁਗਾਦਿ ਵਰਤਾਇੰਦਾ। ਆਦਿ ਨਿਰੰਜਣ ਖੇਲ ਨਿਆਰ, ਬ੍ਰਹਮਾ ਵੇਤਾ ਰਾਹ ਤਕਾਇੰਦਾ। ਪੁਰਖ ਅਬਿਨਾਸ਼ੀ ਨਿਰਾਕਾਰ, ਘਰ ਘਰ ਦੀਵਾ ਬਾਤੀ ਆਪ ਜਗਾਇੰਦਾ। ਸ੍ਰੀ ਭਗਵਾਨ ਠੰਡਾ ਠਾਰ, ਠਾਕਰ ਅਬਿਨਾਸ਼ੀ ਆਪ ਅਖਵਾਇੰਦਾ। ਪਾਰਬ੍ਰਹਮ ਕਰ ਵਿਚਾਰ, ਬ੍ਰਹਮ ਮੇਲਾ ਮੇਲ ਮਿਲਾਇੰਦਾ । ਹੰ ਰੂਪ ਸਰਬ ਸੰਸਾਰ, ਗੁਰ ਪੀਰ ਅਵਤਾਰ ਪੰਜ ਤੱਤ ਜੋ ਰਖਾਇੰਦਾ। ਸੋ ਪੁਰਖ ਨਿਰੰਜਣ ਸਭ ਤੋਂ ਵਸਿਆ ਬਾਹਰ, ਆਪਣੀ ਕਲਾ ਆਪ ਜਣਾਇੰਦਾ। ਨਿਰਗੁਣ ਜੋਤ ਦਏ ਆਧਾਰ, ਆਦਿ ਨਿਰੰਜਣ ਨਾਲ ਰਲਾਇੰਦਾ। ਜੋਤ ਨਿਰੰਜਣ ਤੇਰੀ ਸੁਣ ਪੁਕਾਰ, ਤੇਰਾ ਸਗਲਾ ਸੰਗ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਖੇਲੇ ਖੇਲ ਅਗੰਮ ਅਪਾਰ ਨਾ ਕੋਈ ਸੀਸ ਨਾ ਕੋਈ ਧੜ, ਨਾ ਕੋਈ ਚੋਟੀ ਨਾ ਕੋਈ ਜੜ, ਆਦਿ ਜੁਗਾਦਿ ਨਾ ਸਕੇ ਕੋਈ ਫੜ, ਹੱਥ ਕਿਸੇ ਨਾ ਆਇੰਦਾ। ਪਾਰਬ੍ਰਹਮ ਕਿਸੇ ਨਾ ਫੜਿਆ, ਹੱਥੋ ਹੱਥ ਨਾ ਕੋਇ ਵਖਾਈਆ। ਸ੍ਰੀ ਭਗਵਾਨ ਆਪਣੇ ਪੌੜੇ ਆਪੇ ਚੜ੍ਹਿਆ, ਆਪਣਾ ਮਾਰਗ ਆਪੇ ਲਾਈਆ। ਅਬਿਨਾਸ਼ੀ ਕਰਤਾ ਰਾਹ ਵਿਚ ਨਾ ਕਿਤੇ ਅੜਿਆ, ਨਾ ਕੋਈ ਦੇਵੇ ਬੰਦ ਕਰਾਈਆ। ਆਦਿ ਨਿਰੰਜਣ ਅਗਨੀ ਹਵਨ ਕਦੇ ਨਾ ਸੜਿਆ, ਨਿਰਗੁਣ ਜੋਤ ਡਗਮਗਾਈਆ। ਏਕੰਕਾਰ ਨਾ ਭੰਨਿਆ ਨਾ ਕਿਸੇ ਘੜਿਆ, ਸਮਰਥ ਹੱਥ ਵਡ ਵਡਿਆਈਆ। ਪੁਰਖ ਨਿਰੰਜਣ ਆਪਣੇ ਦਰ ਦਵਾਰੇ ਅੱਗੇ ਖੜਿਆ, ਥਿਰ ਘਰ ਸਾਚੇ ਸੋਭਾ ਪਾਈਆ। ਸੋ ਪੁਰਖ ਨਿਰੰਜਣ ਸਚਖੰਡ ਨਿਵਾਸਾ ਪੁਰਖ ਅਬਿਨਾਸ਼ਾ ਆਪਣਾ ਅੱਖਰ ਆਪੇ ਪੜ੍ਹਿਆ, ਨਾ ਦੂਸਰ ਕਰੇ ਪੜ੍ਹਾਈਆ। ਹੰ ਬ੍ਰਹਮ ਲੱਖ ਚੁਰਾਸੀ ਜੀਵ ਆਤਮ ਬੰਨ੍ਹਾਏ ਆਪਣੇ ਲੜਿਆ, ਈਸ਼ ਰੂਪ ਆਪ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਵਜਾਏ ਸਚ ਵਧਾਈਆ। ਨਿਰਗੁਣ ਢੋਲ ਮਰਦੰਗ, ਸੋ ਪੁਰਖ ਨਿਰੰਜਣ ਆਪ ਵਜਾਇੰਦਾ। ਹਰਿ ਪੁਰਖ ਨਿਰੰਜਣ ਚੜ੍ਹਿਆ ਰੰਗ, ਇਕਉਂਕਾਰਾ ਵੇਖ ਵਖਾਇੰਦਾ। ਆਦਿ ਨਿਰੰਜਣ ਮੰਗੇ ਮੰਗ, ਅਬਿਨਾਸ਼ੀ ਕਰਤਾ ਝੋਲੀ ਡਾਹਿੰਦਾ। ਸ੍ਰੀ ਭਗਵਾਨ ਸੂਰਾ ਸਰਬੰਗ, ਆਪਣਾ ਖੇਲ ਖਿਲਾਇੰਦਾ। ਪਾਰਬ੍ਰਹਮ ਪਰਗਟ ਹੋ ਵਿਚ ਬ੍ਰਹਿਮੰਡ, ਆਪਣੀ ਰਚਨਾ ਆਪ ਰਚਾਇੰਦਾ। ਹੰ ਬ੍ਰਹਮ ਨਵ ਖੰਡ, ਸੱਤ ਦੀਪ ਗਗਨ ਪਾਤਾਲ ਪ੍ਰਿਥਮੀ ਆਕਾਸ਼ ਮੰਡਲ ਮੰਡਪ ਜ਼ਿਮੀ ਅਸਮਾਨ ਹੋ ਮਿਹਰਵਾਨ ਦੇਵੇ ਵੰਡ, ਆਪਣੀ ਦਇਆ ਆਪ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣੇ ਮੰਡਲ ਆਪਣੀ ਰਾਸ ਆਪੇ ਹਰਿ ਰਚਾਇੰਦਾ। ਰਾਸ ਮੰਡਲ ਹਰਿ ਭਗਵਾਨ, ਘਰ ਸਾਚੇ ਆਪ ਰਚਾਈਆ। ਸੋ ਪੁਰਖ ਨਿਰੰਜਣ ਬਣ ਬਣ ਕਾਹਨ, ਹਰਿ ਪੁਰਖ ਨਿਰੰਜਣ ਸਾਚਾ ਤਿਲਕ ਸੀਸ ਲਗਾਈਆ। ਏਕੰਕਾਰਾ ਅਗੰਮ ਅਗੰਮੜਾ ਨੌਜਵਾਨ, ਆਪਣੀਆਂ ਸਖੀਆਂ ਵੇਖ ਵਖਾਈਆ। ਆਦਿ ਨਿਰੰਜਣ ਗਾਏ ਗਾਣ, ਪੁਰਖ ਅਬਿਨਾਸ਼ੀ ਤਾਲ ਵਜਾਈਆ। ਸ੍ਰੀ ਭਗਵਾਨ ਹੱਥ ਫੜ ਮਸਾਲ, ਪਾਰਬ੍ਰਹਮ ਰਿਹਾ ਨਚਾਈਆ। ਹੰ ਬ੍ਰਹਮ ਚਰਨੀ ਡਿਗਣ ਆਣ, ਦੋਏ ਜੋੜ ਪੜਨ ਸਰਨਾਈਆ। ਸੋਹੰ ਸ਼ਬਦ ਨੌਜਵਾਨ, ਨਾ ਮਰੇ ਨਾ ਜਾਈਆ। ਭੇਵ ਨਾ ਪਾਏ ਕੋਇ ਜੀਵ ਜਹਾਨ, ਲੱਭਿਆਂ ਹੱਥ ਕਿਸੇ ਨਾ ਆਈਆ। ਬ੍ਰਹਮਾ ਵਿਸ਼ਨ ਸ਼ਿਵ ਰਾਹ ਤਕਾਣ, ਨੇਤਰ ਨੈਣ ਰਹੇ ਉਠਾਈਆ। ਉਚ ਮਹੱਲ ਅਟੱਲ ਮੁਨਾਰਾ, ਹਰਿ ਭਗਵਾਨ ਸਚਖੰਡ ਨਿਵਾਸੀਆ। ਪੁਰਖ ਅਬਿਨਾਸ਼ੀ ਸ਼ਾਹੋ ਸਬਾਸਾ, ਬੈਠਾ ਆਸਣ ਲਾਈਆ। ਵੇਖਣਹਾਰਾ ਖੇਲ ਤਮਾਸ਼ਾ, ਬ੍ਰਹਿਮੰਡ ਖੰਡ ਰਵ ਸਸ ਪਾਵੇ ਰਾਸਾ, ਆਪ ਆਪਣੀ ਰਚਨ ਰਚਾਈਆ। ਹੰ ਬ੍ਰਹਮ ਦੇਵੇ ਇਕ ਭਰਵਾਸਾ, ਸੋ ਪੁਰਖ ਨਿਰੰਜਣ ਵਡ ਰਘੁਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦੋਏ ਰੂਪ ਆਪ ਹੋ ਜਾਈਆ। ਸੋ ਪੁਰਖ ਨਿਰੰਜਣ ਨਿਰਗੁਣ ਧਾਰ, ਹਰਿ ਪੁਰਖ ਨਿਰੰਜਣ ਆਪ ਰਖਾਈਆ। ਸੋ ਪੁਰਖ ਨਿਰੰਜਣ ਨਿਰਗੁਣ ਰੂਪ, ਹਰਿ ਪੁਰਖ ਨਿਰੰਜਣ ਆਪ ਰਖਾਈਆ। ਏਕੰਕਾਰਾ ਵੇਖਣਹਾਰਾ ਚਾਰੇ ਕੂਟ, ਦਹਿ ਦਿਸ਼ਾ ਫੇਰੀ ਪਾਈਆ। ਆਦਿ ਨਿਰੰਜਣ ਜਾਏ ਤੁਠ, ਆਪ ਆਪਣੇ ਰੰਗ ਰੰਗਾਈਆ। ਅਬਿਨਾਸ਼ੀ ਕਰਤਾ ਅੰਮ੍ਰਿਤ ਜਾਮ ਦੇਵੇ ਘੁੱਟ, ਭਰ ਪਿਆਲਾ ਆਪ ਪਿਆਈਆ। ਸ੍ਰੀ ਭਗਵਾਨ ਬਖ਼ਸ਼ੇ ਏਕਾ ਨਾਮ ਮਿਠ, ਸਚ ਵਸਤ ਝੋਲੀ ਪਾਈਆ। ਪਾਰਬ੍ਰਹਮ ਘਰ ਪਏ ਲੁੱਟ, ਬ੍ਰਹਮ ਬ੍ਰਹਮ ਬ੍ਰਹਮ ਆਪ ਲੁਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਸਰਗੁਣ ਵੇਖ ਵਖਾਈਆ। ਸੋ ਪੁਰਖ ਨਿਰੰਜਣ ਨਿਰਗੁਣ ਰੰਗ, ਹਰਿ ਸਾਚਾ ਆਪ ਰੰਗਾਇੰਦਾ। ਸਰਗੁਣ ਮੰਗੇ ਆਪਣੀ ਮੰਗ, ਹੰ ਬ੍ਰਹਮ ਨਾਉਂ ਧਰਾਇੰਦਾ। ਲੱਖ ਚੁਰਾਸੀ ਕਾਚੀ ਵੰਗ, ਭਾਂਡੇ ਆਪ ਘੜਾਇੰਦਾ। ਸ਼ਬਦ ਘੋੜਾ ਲਏ ਤੁਰੰਗ, ਹਰਿ ਸਾਚਾ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦੇਵਣਹਾਰਾ ਸਾਚਾ ਵਰ, ਸਾਚੀ ਵਸਤ ਪੰਜ ਤੱਤ ਅਕਾਰ ਨਿਰਗੁਣ ਸਰਗੁਣ ਜੋੜ ਜੁੜਾਇੰਦਾ। ਰਕਤ ਬੂੰਦ ਕਰ ਪਿਆਰ, ਹੱਡ ਮਾਸ ਨਾੜੀ ਵੇਖ ਵਖਾਇੰਦਾ। ਨੱਕ ਮੂੰਹ ਹੱਥ ਕਰ ਤਿਆਰ, ਨੇਤਰ ਨੈਣ ਡਗਮਗਾਇੰਦਾ। ਗੁਦਾ ਲਿੰਗ ਬੰਨ੍ਹੇ ਧਾਰ, ਦੋਏ ਦੋਏ ਪਾਉਂ ਆਪ ਚਲਾਇੰਦਾ। ਅੰਗ ਅੰਗ ਅੰਗੀ ਕਰੇ ਕਾਰ, ਰਸਨਾ ਜੇਹਵਾ ਆਪ ਚਲਾਇੰਦਾ। ਬੱਤੀ ਦੰਦ ਕਰ ਸ਼ਿੰਗਾਰ, ਸਾਚਾ ਗਰਾਮ ਵਸਾਇੰਦਾ। ਸਰਵਣ ਸੁਣੇ ਆਪਣੀ ਕਾਰ, ਆਪੇ ਖੇਲ ਖਿਲਾਇੰਦਾ। ਆਪਣੀਆਂ ਭੁਜਾਂ ਵੇਖ ਵਿਚਾਰ, ਚਤੁਰਭੁਜ ਵੇਸ ਵਟਾਇੰਦਾ। ਪੰਜ ਦਸ ਬੀਸ ਕਰ ਪਿਆਰ, ਪੈਰ ਹੱਥ ਮੇਲ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹੰ ਬਣਾਏ ਤੇਰਾ ਦਰ, ਨੌ ਦਵਾਰੇ ਖੋਲ੍ਹ ਖੁਲ੍ਹਾਇੰਦਾ। ਨੌ ਦਵਾਰੇ ਦਰਵਾਜਾ ਆਪੇ ਖੋਲ੍ਹ, ਸਾਚੀ ਬਣਤ ਬਣਾਇੰਦਾ। ਸੋ ਪੁਰਖ ਨਿਰੰਜਣ ਖਾਲੀ ਰੱਖਿਆ ਕਾਇਆ ਢੋਲ, ਹਰਿਜਨ ਅਵਰ ਨਾ ਕੋਇ ਵਜਾਇੰਦਾ। ਪੰਜ ਤੱਤ ਬ੍ਰਹਮੇ ਤੋਲਿਆ ਆਪਣਾ ਤੋਲ, ਆਪਣਾ ਕੰਡਾ ਆਪ ਉਠਾਇੰਦਾ। ਸਚ ਵਸਤ ਨਾ ਦਿਸੀ ਕੋਲ, ਪ੍ਰਭ ਅੱਗੇ ਸੀਸ ਨਿਵਾਇੰਦਾ। ਵੁਹ ਵਸਤ ਹਰਿ ਨਾਮ ਅਨਮੋਲ, ਤੁਧ ਬਿਨ ਕੋਇ ਨਾ ਖੇਲ ਖਿਲਾਇੰਦਾ। ਪੁਰਖ ਅਬਿਨਾਸ਼ੀ ਅੱਗੋਂ ਸ਼ਬਦ ਅਗੰਮੀ ਕਹਿੰਦਾ ਬੋਲ, ਮੇਰਾ ਭਾਣਾ ਭੇਵ ਕੋਇ ਨਾ ਪਾਇੰਦਾ। ਏਕਾ ਵਸਤ ਦੇਵਾਂ ਅਡੋਲ, ਤੇਰੇ ਹੱਥ ਫੜਾਇੰਦਾ। ਮਨ ਮਤ ਬੁਧ ਪਹਿਲੇ ਵਸਾਉਣੀ ਕਾਇਆ ਚੋਲ, ਨਿਰਗੁਣ ਆਪਣੀ ਵੰਡ ਵੰਡਾਇੰਦਾ। ਸਾਢੇ ਤਿੰਨ ਹੱਥ ਅੰਤਮ ਰਹਿਣਾ ਪੋਲ, ਪ੍ਰਿਥਮੀ ਆਕਾਸ਼ ਆਪ ਸੁਹਾਇੰਦਾ। ਆਪਣੀ ਕਿਰਤੀ ਪ੍ਰਕਿਰਤੀ ਆਪੇ ਜਾਏ ਮੌਲ, ਆਪ ਆਪਣਾ ਵੇਖ ਵਖਾਇੰਦਾ। ਪਹਿਲੇ ਅੰਦਰ ਉਲਟਾ ਕਰੇ ਨਾਭ ਕਵਲ, ਅੰਮ੍ਰਿਤ ਆਪਣਾ ਆਪ ਭਰਾਇੰਦਾ। ਘਰ ਵਿਚ ਘਰ ਰਚਾਏ ਸਾਚਾ ਧਵਲ, ਧਵਲ ਰੂਪ ਦਿਸ ਨਾ ਆਇੰਦਾ। ਆਤਮ ਰੂਪ ਹੋ ਜਾਏ ਮਵਲ, ਬ੍ਰਹਮਾ ਆਪਣਾ ਨਾਉਂ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣੀ ਅੰਸ ਉਪਜਾਇੰਦਾ। ਪਾਰਬ੍ਰਹਮ ਬ੍ਰਹਮ ਸਾਚੀ ਅੰਸ, ਆਪਣੀ ਆਪ ਉਪਜਾਈਆ। ਵਿਸ਼ਨੂੰ ਰਾਖਾ ਬਣਿਆ ਸਰਬ ਸਰਬੰਸ, ਦੇਵੇ ਰਿਜ਼ਕ ਸਬਾਈਆ। ਬ੍ਰਹਮਾ ਵੇਤਾ ਬਣਿਆ ਮੰਗਤ, ਮੰਗੇ ਭਿਛਿਆ ਝੋਲੀ ਡਾਹੀਆ। ਸ਼ਿਵ ਸ਼ੰਕਰ ਅੰਤਮ ਚਾੜ੍ਹੇ ਰੰਗਤ, ਨਿਤ ਚੋਲਾ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬ੍ਰਹਮੇ ਦਿਤਾ ਸਾਚਾ ਵਰ, ਮਨ ਮਤ ਬੁਧ ਜੀਵ ਆਤਮ ਨਾਲ ਰਲਾਈਆ। ਨਿਰਗੁਣ ਵਸਤ ਅੰਦਰ ਧਰ, ਹਰਿ ਸਾਚਾ ਵੇਖ ਵਖਾਇੰਦਾ। ਬ੍ਰਹਮਾ ਸਰਨੀ ਗਿਆ ਪੜ, ਪ੍ਰਭ ਅੱਗੇ ਸੀਸ ਝੁਕਾਇੰਦਾ। ਦੋਏ ਜੋੜ ਨਿਮਸਕਾਰ ਕਰ, ਨੇਤਰ ਨੈਣਾਂ ਨੀਰ ਵਹਾਇੰਦਾ। ਬ੍ਰਹਮ ਬ੍ਰਹਮ ਬ੍ਰਹਮ ਸ੍ਰਿਸ਼ਟ ਸਬਾਈ ਦਿਤੀ ਕਰ, ਲੱਖ ਚੁਰਾਸੀ ਗੇੜਾ ਤੋਲ ਤੁਲਾਇੰਦਾ। ਤੇਰੇ ਅੰਦਰੋਂ ਨਿਕਲੇ ਤੇਰੇ ਅੰਦਰ ਜਾਣ ਵੜ, ਮੇਰਾ ਕਾਰਜ ਸਿਧ ਨਾ ਆਇੰਦਾ। ਕੌਣ ਗੁਣ ਲਿਆਵਾਂ ਫੜ, ਸਾਚੀ ਹਿਕਮਤ ਕੌਣ ਸਲਾਹਿੰਦਾ। ਪੁਰਖ ਅਬਿਨਾਸ਼ੀ ਕਿਰਪਾ ਕਰ, ਦੇ ਮਤ ਆਪ ਸਮਝਾਇੰਦਾ। ਬ੍ਰਹਮੇ ਮੂਲ ਨਾ ਡਰ, ਸਾਚੀ ਬਿਧ ਆਪ ਅਖਵਾਇੰਦਾ। ਪੰਚ ਵਕਾਰਾ ਬੰਨ੍ਹਾਵਾਂ ਤੇਰੇ ਲੜ, ਕਾਮ ਕਰੋਧ ਲੋਭ ਮੋਹ ਹੰਕਾਰ ਨਾਲ ਰਲਾਇੰਦਾ। ਆਸਾ ਤ੍ਰਿਸਨਾ ਫੜਾਏ ਲੜ, ਪੱਲੂ ਫੇਰ ਨਾ ਕੋਇ ਛੁਡਾਇੰਦਾ। ਹਉਮੇ ਹੰਗਤ ਬਣੇ ਗੜ੍ਹ, ਦਿਸ ਕਿਸੇ ਨਾ ਆਇੰਦਾ। ਜੂਠ ਝੂਠ ਵੇਖੇ ਖੜ, ਹਰਿ ਸਾਚਾ ਹੁਕਮ ਸੁਣਾਇੰਦਾ। ਭਾਗ ਲਗਾਏ ਕਾਇਆ ਧੜ, ਪੰਜ ਤੱਤ ਵਿਚ ਮਿਲਾਇੰਦਾ। ਨਾ ਕੋਈ ਪੁਰਖ ਨਾ ਨਾਰੀ ਨਰ, ਨਰ ਰੂਪ ਰੰਗ ਨਾ ਕੋਇ ਜਣਾਇੰਦਾ। ਰੱਤੀ ਰੱਤ ਰੱਤ ਵਿਚ ਜਾਇਣ ਰਲ, ਰਕਤ ਬੂੰਦ ਵਿਚ ਸਮਾਇੰਦਾ। ਬਿਨ ਹਰਿ ਕੋਇ ਨਾ ਸਕੇ ਫੜ, ਆਪਣੀ ਰਚਨਾ ਤੋਹੇ ਸਮਝਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣੀ ਬੂਝ ਬੁਝਾਇੰਦਾ। ਬ੍ਰਹਮਾ ਵੇਤਾ ਸੁਣ ਸ਼ਬਦ ਜੈਕਾਰ, ਘਰ ਸਾਚੇ ਖ਼ੁਸ਼ੀ ਮਨਾਇੰਦਾ। ਪੁਰਖ ਅਬਿਨਾਸ਼ੀ ਲੱਖ ਚੁਰਾਸੀ ਤੇਰਾ ਪਰਵਾਰ, ਹਉਂ ਸੇਵਕ ਸੇਵ ਕਮਾਇੰਦਾ। ਤੇਰਾ ਘਰ ਤੇਰਾ ਦਰਬਾਰ, ਤੂੰ ਮਾਲਕ ਸਰਬ ਅਖਵਾਇੰਦਾ। ਤੂੰ ਖ਼ਾਲਕ ਤੇਰੀ ਖ਼ਲਕ ਕਰਾਂ ਤਿਆਰ, ਮਖਲੂਕ, ਤੇਰੇ ਰੰਗ ਰੰਗਾਇੰਦਾ। ਤੂੰ ਆਸ਼ਕ ਤੇਰੀ ਮਾਸ਼ੂਕ ਕਰੇ ਤੇਰਾ ਪਿਆਰ, ਤੇਰਾ ਤੇਰਾ ਰਾਹ ਤਕਾਇੰਦਾ। ਤੂੰ ਕਾਹਨ ਬਣ ਵਣਜਾਰ, ਜਗਤ ਹੱਟ ਜੀਵ ਖੁਲ੍ਹਾਇੰਦਾ। ਤੇਰਾ ਭਾਂਡਾ ਮੈਂ ਘੁਮਿਆਰ, ਕਾਚੀ ਮਾਟੀ ਆਪ ਲਗਾਇੰਦਾ। ਸੋ ਪੁਰਖ ਨਿਰੰਜਣ ਬਣਿਆ ਤੂੰ ਠਠਿਆਰ, ਆਪਣੀ ਹੱਥੀਂ ਵੇਖ ਵਖਾਇੰਦਾ। ਤਨ ਬਸਤਰ ਕਰੇ ਸਚ ਸ਼ਿੰਗਾਰ, ਮਾਟੀ ਚਾਮ ਗਹਿਣਾ ਇਕ ਹੰਢਾਇੰਦਾ। ਨਾ ਕੋਈ ਘੜੇ ਹੋਰ ਸੰਸਾਰ, ਕਿਸੇ ਹੱਟ ਨਾ ਕੋਇ ਵਿਕਾਇੰਦਾ। ਆਪਣੀ ਵਿਦਿਆ ਕਰ ਉਜਿਆਰ, ਤੇਰਾ ਨਾਉਂ ਪੜ੍ਹਾਇੰਦਾ। ਤੇਰਾ ਸ਼ਬਦ ਮੇਰਾ ਪਿਆਰ, ਤੇਰਾ ਹੰ ਮੇਰਾ ਸੰਗ ਰਖਾਇੰਦਾ। ਤੇਰਾ ਮਰਦੰਗ ਮੇਰੀ ਕਿੰਗ ਸਿਤਾਰ, ਜੀਵ ਜੰਤ ਅੰਦਰ ਮੰਦਰ ਆਪ ਸੁਣਾਇੰਦਾ। ਤੇਰਾ ਛੰਦ ਮੈਂ ਸਾਰੰਗ ਧਾਰ, ਆਪਣਾ ਗੀਤ ਆਪ ਅਲ੍ਹਾਇੰਦਾ। ਤੂੰ ਦਾਤਾ ਦਾਤਾਰ ਕੋਇ ਕਰੇ ਵਿਚਾਰ, ਤੇਰਾ ਰੰਗ ਮੋਹੇ ਭਾਇੰਦਾ। ਤੂੰ ਸਾਹਿਬ ਸੁਲਤਾਨ ਸੱਚੀ ਸਰਕਾਰ, ਦਰ ਦਰਬਾਨ ਮੈਂ ਅਖਵਾਇੰਦਾ। ਤੇਰਾ ਹੁਕਮ ਧੁਰ ਫ਼ਰਮਾਨ, ਲੱਖ ਚੁਰਾਸੀ ਮੈਂ ਸੁਣਾਇੰਦਾ। ਪਾਰਬ੍ਰਹਮ ਤੇਰੀ ਏਕਾ ਆਣ, ਹਉਂ ਨਿਉਂ ਨਿਉਂ ਸੀਸ ਝੁਕਾਇੰਦਾ। ਲੋਆਂ ਪੁਰੀਆਂ ਬਿਨ ਤੇਰੇ ਚੁੱਕੇ ਨਾ ਕਿਸੇ ਕਾਨ, ਬ੍ਰਹਮਾ ਵਿਸ਼ਨ ਸ਼ਿਵ ਤੇਰੇ ਚਰਨ ਧਿਆਨ ਰਖਾਇੰਦਾ। ਤੇਰੀ ਓਟ ਰੱਖਣ ਰਵ ਸਸ ਸੂਰਜ ਚੰਨ ਭਾਨ, ਮੰਡਲ ਮੰਡਪ ਵੇਖ ਵਖਾਇੰਦਾ। ਤੇਰਾ ਮੰਦਰ ਜਗਤ ਮਕਾਨ, ਫਨਾਹ ਰੂਪ ਮੈਂ ਜਣਾਇੰਦਾ। ਤੇਰਾ ਹੁਕਮ ਸਚ ਨਿਸ਼ਾਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬ੍ਰਹਮਾ ਵੇਤਾ ਮੁਖ ਸਲਾਹਿੰਦਾ। ਪੁਰਖ ਅਬਿਨਾਸ਼ੀ ਦਏ ਸਹਾਰ, ਬ੍ਰਹਮੇ ਆਖ ਸੁਣਾਇਆ। ਤੇਰਾ ਬੰਕ ਤੇਰਾ ਦਵਾਰ, ਲੱਖ ਚੁਰਾਸੀ ਗੜ੍ਹ ਬਣਾਇਆ। ਤੇਰੀ ਵੰਡ ਬ੍ਰਹਿਮੰਡ ਸਰਬ ਸੰਸਾਰ, ਨੌ ਖੰਡ ਤੇਰੀ ਝੋਲੀ ਪਾਇਆ। ਜੇਰਜ ਅੰਡ ਤੇਰਾ ਭੰਡਾਰ, ਉਤਭੁਜ ਸੇਤਜ ਨਾਲ ਰਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਵਸਤ ਅਨਮੋਲ ਪੁਰਖ ਅਬਿਨਾਸ਼ੀ ਆਪਣੇ ਕੰਡੇ ਤੋਲ, ਸੋ ਪੁਰਖ ਨਿਰੰਜਣ ਇਕ ਜੈਕਾਰਾ ਬੋਲ, ਹੰ ਰੂਪ ਏਕਾ ਦਰਸਾਇਆ। ਸੋ ਪੁਰਖ ਨਿਰੰਜਣ ਹਰਿ ਭਗਵੰਤ, ਪਰਮ ਪੁਰਖ ਅਖਵਾਇੰਦਾ। ਹੰ ਰੂਪ ਜੀਵ ਜੰਤ, ਲੋਕਮਾਤ ਆਪ ਉਪਜਾਇੰਦਾ। ਨੌ ਦਸ ਗਿਆਰਾਂ ਬੀਸ ਤੀਸ, ਲੱਖ ਚਾਰ ਜੂਨੀ ਨਾਲ ਰਲਾਇੰਦਾ। ਸ੍ਰਿਸ਼ਟ ਸਬਾਈ ਇਕ ਹਦੀਸ, ਪੁਰੀਆਂ ਲੋਆਂ ਹੁਕਮ ਸੁਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਧਾਰ ਏਕੰਕਾਰ ਅਕਲ ਕਲਾ ਕਲ ਪਸਾਰ, ਆਪੇ ਵੇਖ ਵਖਾਇੰਦਾ। ਵੇਖਣਹਾਰ ਪੁਰਖ ਸਮਰਥ, ਵਡ ਵੱਡੀ ਵਡਿਆਈਆ। ਆਪ ਚਲਾਏ ਆਪਣਾ ਰਥ, ਰਥ ਰਥਵਾਹੀ ਭੇਵ ਨਾ ਰਾਈਆ। ਜੁਗਾ ਜੁਗੰਤਰ ਪਾਵੇ ਨੱਥ, ਜੁਗ ਕਰਤਾ ਵੇਸ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵੇਖਣਹਾਰ ਸ੍ਰਿਸ਼ਟ ਸਬਾਈਆ। ਨਿਰਗੁਣ ਸਰਗੁਣ ਜੋਤ ਜਗਾਏ, ਭਗਤਾਂ ਦੇਵੇ ਬ੍ਰਹਮ ਗਿਆਨਾ। ਹੰਕਾਰੀ ਦੁਸ਼ਟਾਂ ਮੇਟ ਮਿਟਾਏ, ਮਾਰੇ ਤੀਰ ਨਿਸ਼ਾਨਾ। ਗ਼ਰੀਬ ਨਿਮਾਣੇ ਗਲੇ ਲਗਾਏ, ਦੇਵੇ ਮਾਣ ਨਿਮਾਣਾ। ਫੜ ਫੜ ਕਾਗੋਂ ਹੰਸ ਬਣਾਏ, ਜੋ ਜਨ ਰੱਖੇ ਚਰਨ ਧਿਆਨਾ। ਅੰਮ੍ਰਿਤ ਸਾਚਾ ਜਾਮ ਪਿਆਏ, ਹਉਮੇ ਰੋਗ ਮਿਟਾਨਾ। ਘਰ ਵਿਚ ਦੀਪਕ ਇਕ ਜਗਾਏ, ਅੰਧ ਅੰਧੇਰ ਰਹਿਣ ਨਾ ਪਾਨਾ। ਬਜਰ ਕਪਾਟੀ ਤੋੜ ਤੁੜਾਏ, ਦੂਈ ਦਵੈਤੀ ਪੜਦਾ ਲਾਹਣਾ। ਆਤਮ ਸੇਜਾ ਆਪ ਵਛਾਏ, ਫੂਲਨ ਬਰਖਾ ਲਾਨਾ। ਗੁਰਮੁਖ ਨਾਰੀ ਹਰਿ ਸ਼ਬਦ ਕੰਤ ਪਰਨਾਏ, ਅੰਗੀਕਾਰ ਕਰੇ ਪਰਵਾਨਾ। ਧੁਨ ਅਨਾਦੀ ਰਾਗ ਸੁਣਾਏ, ਅਨਹਦ ਤਾਲ ਮਹਾਨਾ। ਕੂੜਾ ਕਪੜ ਤਨੋ ਲਾਹੇ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਖੇਲੇ ਖੇਲ ਵਾਲੀ ਦੋ ਜਹਾਨਾਂ। ਸਤਿਜੁਗ ਤ੍ਰੇਤਾ ਦੁਆਪਰ ਪਾਰ ਕਰਾਨਾ, ਰਾਮਾ ਕ੍ਰਿਸ਼ਨਾ ਵੇਖ ਵਖਾਈਆ। ਲੱਖ ਚੁਰਾਸੀ ਬੱਧਾ ਗਾਨਾ, ਨਾ ਕੋਈ ਤੋੜੇ ਤੋੜ ਤੁੜਾਈਆ। ਖੇਲੇ ਖੇਲ ਵਿਚ ਜਹਾਨਾ, ਵਰਭੰਡੀ ਵੇਖੇ ਖੇਲ ਜੇਰਜ ਅੰਡੀ ਮਾਰੇ ਇਕ ਨਿਸ਼ਾਨਾ, ਨਾਮ ਤੀਰ ਇਕ ਚਲਾਈਆ। ਲੇਖਾ ਜਾਣੇ ਗੋਪੀ ਕਾਹਨਾ, ਨਾਮ ਬੰਸਰੀ ਇਕ ਸੁਣਾਈਆ। ਕਲਜੁਗ ਅੰਤਮ ਖੇਲ ਮਹਾਨਾ, ਈਸਾ ਮੂਸਾ ਕਰੀ ਕੁੜਮਾਈਆ। ਚਾਰ ਯਾਰੀ ਵੇਖ ਵਖਾਨਾ, ਸੰਗ ਮੁਹੰਮਦ ਵੱਜੇ ਵਧਾਈਆ। ਅੱਲਾ ਰਾਣੀ ਗਾਏ ਤਰਾਨਾ, ਏਕਾ ਨਾਅਰਾ ਲਾਈਆ। ਏਕਾ ਕਲਮਾ ਨਬੀ ਆਪ ਪੜ੍ਹਾਨਾ, ਏਕਾ ਰਾਗ ਸੁਣਾਈਆ। ਅੰਜੀਲ ਕੁਰਾਨਾ ਖੇਲ ਮਹਾਨਾ, ਤੀਸ ਬਤੀਸਾ ਇਕ ਸੁਣਾਈਆ। ਮੁਕਾਮੇ ਹੱਕ ਨੌਜਵਾਨਾ, ਜਲਵਾ ਨੂਰ ਡਗਮਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਵੇਖੇ ਖੇਲ ਮਹਾਨਾ, ਨਿਰਗੁਣ ਜੋਤ ਕਰੇ ਰੁਸ਼ਨਾਈਆ। ਨਿਰਗੁਣ ਜੋਤ ਨਾਨਕ ਨਿਰੰਕਾਰ, ਆਪਣੀ ਆਪ ਜਣਾਈਆ। ਸਚਖੰਡ ਮੇਲਾ ਸਚ ਦਵਾਰ, ਦੂਸਰ ਦਰ ਨਾ ਕੋਇ ਵਖਾਈਆ। ਨਾਮ ਸਤਿ ਭਰ ਭੰਡਾਰ, ਲੋਕਮਾਤ ਸੇਵ ਲਗਾਈਆ। ਚਾਰ ਵਰਨਾਂ ਇਕ ਪਿਆਰ, ਹਿੰਦੂ ਮੁਸਲਮ ਸਿਖ  ਈਸਾਈ ਨਾ ਕੋਇ ਜਣਾਈਆ। ਸ਼ੱਤਰੀ ਬ੍ਰਹਿਮਣ ਸ਼ੂਦਰ ਵੈਸ਼ ਰੰਗੇ ਏਕਾ ਧਾਰ, ਰੰਗਣਹਾਰ ਇਕ ਅਖਵਾਈਆ। ਚਾਰੋਂ ਕੁੰਟ ਦਹਿ ਦਿਸ਼ਾ ਪਾਵੇ ਸਾਰ, ਆਪ ਆਪਣਾ ਵੇਸ ਵਟਾਈਆ। ਹੰਕਾਰੀਆਂ ਤੋੜੇ ਗੜ੍ਹ ਹੰਕਾਰ, ਗਊ ਗ਼ਰੀਬ ਨਿਮਾਣੇ ਗਲੇ ਲਗਾਈਆ। ਅੰਗਦ ਕੀਆ ਅੰਗੀਕਾਰ, ਅਮਰਦਾਸ ਰਾਮ ਮਿਲਾਈਆ। ਰਾਮਦਾਸ ਹੋ ਉਜਿਆਰ, ਸਰ ਅੰਮ੍ਰਿਤ ਦਏ ਭਰਾਈਆ। ਗੁਰ ਅਰਜਨ ਸਾਚਾ ਮੀਤ ਮੁਰਾਰ, ਏਕਾ ਸ਼ਬਦ ਕਰੇ ਕੁੜਮਾਈਆ। ਗੁਰੂ ਗ੍ਰੰਥ ਗੁਰ ਕਰ ਤਿਆਰ, ਚਾਰ ਵਰਨਾਂ ਗਿਆ ਸਮਝਾਈਆ। ਨਿਰਗੁਣ ਜੋਤ ਨੂਰ ਉਜਿਆਰ, ਹਰਿ ਗੋਬਿੰਦ ਕਰੇ ਰੁਸ਼ਨਾਈਆ। ਹਰਿਰਾਏ ਮੇਲਾ ਵਿਚ ਸੰਸਾਰ, ਹਰਿਕ੍ਰਿਸ਼ਨ ਵੱਜੀ ਵਧਾਈਆ। ਗੁਰ ਤੇਗ ਬਹਾਦਰ ਸਾਂਝਾ ਯਾਰ, ਆਪਣਾ ਭੇਟਾ ਸੀਸ ਚੜ੍ਹਾਈਆ। ਦਸ ਦਸਮੇਸਾ ਖ਼ਬਰਦਾਰ, ਪੁਰਖ਼ ਅਕਾਲ ਆਪ ਕਰਾਈਆ। ਸੁੱਤ ਦੁਲਾਰਾ ਕਰ ਤਿਆਰ, ਦੇ ਮਤ ਰਿਹਾ ਸਮਝਾਈਆ। ਕੂੜ ਕੁੜਿਆਰਾ ਕਰ ਖੁਵਾਰ, ਏਕਾ ਸਾਚਾ ਡੰਕ ਵਜਾਈਆ । ਜੋਧਾ ਸੂਰ ਬਲੀ ਬਲਕਾਰ, ਲੋਕਮਾਤ ਲਏ ਅੰਗੜਾਈਆ। ਪੰਚ ਪਿਆਰ ਕਰ ਤਿਆਰ, ਅੰਮ੍ਰਿਤ ਏਕਾ ਜਾਮ ਪਿਆਈਆ। ਸਾਚਾ ਖੰਡਾ ਖਿਚ ਕਟਾਰ, ਤਨ ਗਾਤਰੇ ਆਪ ਲਟਕਾਈਆ। ਆਪ ਆਪਣਾ ਉਤੋਂ ਵਾਰ, ਗੁਰਸਿਖਾਂ ਨੀਂਹ ਧਰਾਈਆ। ਸਾਚਾ ਖੇਲ ਕਰ ਵਿਚ ਸੰਸਾਰ, ਸਾਚੀ ਗਿਆ ਸਿਖ ਸਮਝਾਈਆ। ਅੰਤਮ ਆਉਂਣਾ ਦੂਜੀ ਵਾਰ, ਭੇਵ ਅਭੇਦਾ ਭੇਵ ਛੁਪਾਈਆ। ਨਾਲ ਰਲਾਏ ਹਰਿ ਕਰਤਾਰ, ਕਰਤਾ ਪੁਰਖ ਸੰਗ ਨਿਭਾਈਆ। ਸੰਬਲ ਨਗਰੀ ਧਾਮ ਨਿਆਰ, ਬੈਠੇ ਆਸਣ ਲਾਈਆ। ਖੜਗ ਖੰਡਾ ਤੇਜ਼ ਪਰਚੰਡਾ ਨਾਮ ਕਟਾਰ, ਬ੍ਰਹਿਮੰਡਾਂ ਆਪ ਚਮਕਾਈਆ। ਭੇਖ ਪਾਖੰਡਾ ਦਏ ਨਿਵਾਰ, ਕੂੜੀ ਕਿਰਿਆ ਮੇਟ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਖੇਲੇ ਖੇਲ ਅਗੰਮ ਅਪਾਰ, ਅਲੱਖ ਅਗੋਚਰ ਆਪਣੇ ਹੱਥ ਰੱਖੀ ਵਡਿਆਈਆ। ਕਲਜੁਗ ਅੰਤਮ ਵਕ਼ਤ ਸੁਹਾਉਣਾ, ਭੇਵ ਕੋਇ ਨਾ ਪਾਇੰਦਾ। ਅਬਿਨਾਸ਼ੀ ਕਰਤੇ ਆਪਣਾ ਭੇਵ ਖੁਲ੍ਹਾਉਣਾ, ਆਪਣਾ ਪੜਦਾ ਆਪੇ ਲਾਹਿੰਦਾ। ਨਿਰਗੁਣ ਰੂਪ ਡਗਮਗਾਉਣਾ, ਜੋਤੀ ਜਾਮਾ ਵੇਸ ਵਟਾਇੰਦਾ। ਸ਼ਬਦ ਅਨਾਦੀ ਡੰਕ ਵਜਾਉਣਾ, ਸ਼ਾਹ ਸੁਲਤਾਨਾ ਰਾਜ ਰਾਜਾਨਾ ਆਪ ਉਠਾਇੰਦਾ। ਨੌ ਖੰਡ ਪ੍ਰਿਥਮੀ ਆਪ ਹਿਲਾਉਣਾ, ਸੱਤਾਂ ਦੀਪਾਂ ਆਪ ਭੁਵਾਇੰਦਾ। ਗੁਰਮੁਖ ਸੋਇਆ ਆਪ ਜਗੌਣਾ, ਘਰ ਘਰ ਦਰ ਦਰ ਜਾ ਜਾ ਦਰਸ ਦਿਖਾਇੰਦਾ। ਕਲਜੁਗ ਜੀਵ ਫੜ ਫੜ ਕਾਗੋਂ ਹੰਸ ਬਣਾਉਣਾ, ਸੋਹੰ ਹੰਸਾ ਚੋਗ ਚੁਗਾਉਣਾ, ਮਾਨਕ ਮੋਤੀ ਹੱਥ ਉਠਾਇੰਦਾ। ਹੀਰਾ ਰਤਨ ਜਵਾਹਰ ਅਮੋਲਕ, ਲਾਲ ਰੱਤੀ ਜੜਤ ਜੜਾਇੰਦਾ। ਪਾਰਬ੍ਰਹਮ ਸਚਖੰਡ ਦਵਾਰ ਤੇਰੀ ਸਾਚੀ ਗੋਲਕ ਵਿਚ ਆਪ ਪਾਉਣਾ, ਦੂਜੀ ਵਾਰ ਬਾਹਰ ਨਾ ਕੋਇ ਕਢਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਆਪ ਆਪਣਾ ਨਾਉਂ ਧਰਾਇੰਦਾ। ਨਾਉਂ ਧਰਾਏ ਨਿਹਕਲੰਕ, ਹਰਿ ਸਤਿਗੁਰ ਵਡ ਵਡਿਆਈਆ। ਸ਼ਬਦ ਅਗੰਮੀ ਵੱਜੇ ਡੰਕ, ਪੁਰਖ ਅਬਿਨਾਸ਼ੀ ਆਪ ਸੁਣਾਈਆ। ਗੁਰਸਿਖ ਉਧਾਰੇ ਜਿਉਂ ਜਨ ਜਨਕ, ਜਨ ਜਨਣੀ ਲੇਖੇ ਲਾਈਆ। ਸੁਹਾਏ ਦਵਾਰ ਸਾਚਾ ਬੰਕ, ਜਿਸ ਦਵਾਰੇ ਆਏ ਦਰਸ ਦਿਖਾਈਆ। ਖੇਲੇ ਖੇਲੇ ਜੁਗਾਂ ਜੁਗੰਤ, ਜੁਗ ਜੁਗ ਆਪਣਾ ਨਾਉਂ ਧਰਾਈਆ। ਹਰਿਜਨ ਬਣਾਏ ਤੇਰੀ ਬਣਤ, ਤੇਰੇ ਨਾਮ ਵੱਜੇ ਵਧਾਈਆ। ਪ੍ਰਭ ਦਰਸ਼ਨ ਕੋ ਲੋਚਨ ਸੰਤ, ਮਨਮੁਖ ਸੁੱਤੇ ਗੂੜ੍ਹੀ ਨੀਂਦ ਆਪਣੀ ਅੱਖ ਨਾ ਕਿਸੇ ਖੁਲ੍ਹਾਈਆ। ਹੋਇਆ ਵਿਛੋੜਾ ਨਾਰ ਦੁਹਾਗਣ ਸਾਚੇ ਕੰਤ, ਵਿਭਚਾਰ ਕਰੀ ਕੁੜਮਾਈਆ। ਮਾਇਆ ਭਰਮੇ ਭੁਲਾ ਜੀਵ ਜੰਤ, ਜਾਗਰਤ ਜੋਤ ਨਾ ਕੋਇ ਜਗਾਈਆ। ਬਣਿਆ ਗੜ੍ਹ ਹਉਮੇ ਹੰਗਤ, ਸਾਚੀ ਸੰਗਤ ਨਾ ਮਿਲੀ ਸਰਨਾਈਆ। ਨੌ ਦਵਾਰੇ ਫਿਰਦਾ ਨੰਗਤ, ਦਸਵਾਂ ਰਾਹ ਨਾ ਕੋਇ ਵਖਾਈਆ। ਤਨ ਮਾਇਆ ਕੱਪੜ ਭੁੱਖਾ ਨੰਗਤ, ਨਾਮ ਦੋਸ਼ਾਲਾ ਉਪਰ ਕੋਇ ਨਾ ਪਾਈਆ। ਜੂਠ ਝੂਠ ਚੜ੍ਹੀ ਰੰਗਤ, ਮਜੀਠੀ ਰੰਗ ਨਾ ਕੋਇ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਆਪ ਆਪਣੇ ਅੰਗ ਲਗਾਈਆ। ਅੰਗੀਕਾਰ ਕਰੇ ਗੁਰਦੇਵ, ਗੁਰਮੁਖ ਸਦਾ ਸਲਾਹਿਆ। ਬਿਰਥਾ ਜਾਏ ਨਾ ਹਰਿਜਨ ਸੇਵ, ਸਤਿਗੁਰ ਪੂਰਾ ਲਹਿਣਾ ਦਏ ਚੁਕਾਇਆ। ਲੇਖੇ ਲਾਏ ਰਸਨਾ ਗਾਇਆ ਜੇਹਵ, ਲੱਖ ਚੁਰਾਸੀ ਫੰਦ ਕਟਾਇਆ। ਮੇਲ ਮਿਲਾਏ ਅਲੱਖ ਅਭੇਵ, ਵਿਛੜ ਕਦੇ ਨਾ ਜਾਇਆ। ਸਤਿਗੁਰ ਪੂਰਾ ਹਾਜ਼ਰ ਹਜ਼ੂਰਾ ਵਡ ਦੇਵੀ ਦੇਵ, ਏਕਉਂਕਾਰਾ ਆਪ ਅਖਵਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਨਿਰਗੁਣ ਧਾਰਾ ਆਪ ਚਲਾਇਆ। ਨਿਰਗੁਣ ਧਾਰ ਗੁਰਸਿਖ ਅੰਦਰ, ਹਰਿ ਸਤਿਗੁਰ ਆਪ ਚਲਾਇੰਦਾ। ਭਾਗ ਲਗਾਏ ਪੰਜ ਤੱਤ ਮੰਦਰ, ਦੀਪਕ ਨੂਰ ਡਗਮਗਾਇੰਦਾ। ਵੇਖਣਹਾਰਾ ਡੂੰਘੀ ਕੰਦਰ, ਡੂੰਘੀ ਭਵਰੀ ਫੋਲ ਫੋਲਾਇੰਦਾ। ਢਾਏ ਡੇਰਾ ਭਰਮਾਂ ਕੰਧੜ, ਹੰਕਾਰੀ ਗੜ੍ਹ ਤੁੜਾਇੰਦਾ। ਸ਼ਬਦ ਸੁਣਾਏ ਸੁਹਾਗੀ ਛੰਦੜ, ਸਾਚਾ ਢੋਲਾ ਆਪ ਅਲਾਇੰਦਾ। ਮਨਮੁਖ ਜੀਵ ਭਾਗਾਂ ਮੰਦੜ, ਘਰ ਅੰਦਰ ਹਰਿ ਕਾ ਰੂਪ ਨਾ ਕੋਇ ਪਾਇੰਦਾ। ਮਦਿਰਾ ਮਾਸੀ ਪਾਪੀ ਗੰਦੜ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚੇ ਲਏ ਵਰ, ਆਪ ਆਪਣੇ ਦਰ ਸੁਹਾਇੰਦਾ। ਗੁਰਮੁਖ ਤੇਰਾ ਸਚ ਮਹੱਲਾ, ਹਰਿ ਸਤਿਗੁਰ ਆਪ ਵਸਾਇਆ। ਸ਼ਬਦ ਫੜਾਇਆ ਏਕਾ ਪੱਲਾ ਕਲਜੁਗ ਨੇਤਰ ਦਿਸ ਕਿਸੇ ਨਾ ਆਇਆ। ਤੇਰਾ ਮੰਦਰ ਸਾਚਾ ਅੰਦਰ, ਹਰਿ ਸਾਚੇ ਆਸਣ ਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਅਗਿਆਨ ਅੰਧੇਰਾ ਆਪ ਮਿਟਾਇਆ। ਮਿਟਿਆ ਅਗਿਆਨ ਚੁੱਕੇ ਅੰਧੇਰ, ਗੁਰ ਸਤਿਗੁਰ ਦਇਆ ਕਮਾਈਆ। ਮਿਲੇ ਮਾਣ ਦਿਸੇ ਸੰਝ ਸਵੇਰ, ਬਿਨ ਰਵ ਸਸ ਹੋਏ ਰੁਸ਼ਨਾਈਆ। ਚੁਕੇ ਕਾਣ ਵਸੇ ਕਾਇਆ ਖੇੜ, ਖੇਵਟ ਖੇਟਾ ਮਿਲਿਆ ਬੇਪਰਵਾਹੀਆ। ਪਾਇਆ ਗੁਣ ਨਿਧਾਨ ਸ੍ਰੀ ਭਗਵਾਨ, ਆਵਣ ਜਾਵਣ ਲੱਖ ਚੁਰਾਸੀ ਤੁੱਟੀ ਫਾਹੀਆ। ਅੰਤਮ ਦੇਵੇ ਨਾਮ ਬਿਬਾਨ, ਆਪਣੀ ਹੱਥੀਂ ਲਏ ਚੜ੍ਹਾਈਆ। ਦਰਗਹਿ ਸਾਚੀ ਕਰੇ ਪਰਵਾਨ, ਜੋਤੀ ਜੋਤ ਮੇਲ ਮਿਲਾਈਆ। ਝੁਲਦਾ ਜਾਏ ਇਕ ਨਿਸ਼ਾਨ, ਹਰਿ ਸਤਿਗੁਰ ਆਪ ਝੁਲਾਈਆ। ਪਵਣ ਪਾਣੀ ਤੇਰੀ ਸੇਵ ਕਮਾਣ, ਬ੍ਰਹਮਾ ਵਿਸ਼ਨ ਸ਼ਿਵ ਰਾਹ ਤਕਾਈਆ। ਗਣ ਗੰਧਰਬ ਗੀਤ ਸੁਹਾਗੀ ਗਾਣ, ਕਿੰਨਰ ਯੱਛਪ ਤਾਲ ਵਜਾਈਆ। ਜਿਸ ਜਨ ਸਤਿਗੁਰ ਪੂਰਾ ਹੋਇਆ ਆਪ ਮਿਹਰਵਾਨ, ਭੁੱਲੀ ਸਰਬ ਲੋਕਾਈਆ। ਜਗਤ ਨਾਤਾ ਜਾਏ ਤੁੱਟ, ਜਿਸ ਪਾਇਆ ਸਤਿਗੁਰ ਦੀਨ ਦਿਆਲ। ਅੰਮ੍ਰਿਤ ਪੀਵੇ ਸਾਚਾ ਘੁੱਟ, ਮਾਤਾ ਕੁੱਖ ਉਪਜੇ ਸਾਚਾ ਲਾਲ। ਆਵਣ ਜਾਵਣ ਜਾਏ ਛੁੱਟ, ਫਲ ਲੱਗੇ ਕਾਇਆ ਡਾਲ੍ਹ। ਸਤਿਗੁਰ ਪੂਰਾ ਦੇਵੇ ਨਾਮ ਖ਼ਜ਼ਾਨਾ ਅਤੁਟ, ਲੋਕਮਾਤ ਸੱਚਾ ਧਨ ਮਾਲ। ਹਰਿ ਦਰਸ਼ਨ ਨੈਣ ਲੱਭਦੇ ਫਿਰਦੇ ਕੋਟੀ ਕੋਟ, ਪਾਤਸ਼ਾਹ ਬਣ ਕੰਗਾਲ। ਬਿਨ ਹਰਿ ਕਿਰਪਾ ਕੋਈ ਨਾ ਚੜ੍ਹੇ ਸਾਚੀ ਚੋਟ, ਬਿਨ ਸਤਿਗੁਰ ਦਿਸੇ ਨਾ ਕੋਇ ਦਲਾਲ। ਕਲਜੁਗ ਜੀਵਾਂ ਮਾਇਆ ਮਮਤਾ ਤ੍ਰਿਸਨਾ ਭਰੀ ਨਾ ਪੋਟ, ਮਾਇਆਧਾਰੀ ਹੋਏ ਕੰਗਾਲ। ਪੁਰਖ ਅਬਿਨਾਸ਼ੀ ਘਟ ਘਟ ਅੰਤਮ ਵੇਖਣ ਆਇਆ ਖੋਟ, ਨਿਰਗੁਣ ਚਲੀ ਅਵੱਲੜੀ ਚਾਲ। ਗੁਰਸਿਖਾਂ ਬਖ਼ਸ਼ੇ ਚਰਨ ਪ੍ਰੀਤੀ ਏਕਾ ਓਟ, ਲੱਖ ਚੁਰਾਸੀ ਵਿਚੋਂ ਆਪੇ ਭਾਲ। ਆਪਣੀ ਗੋਦ ਉਠਾਏ ਆਲਣਿਉਂ ਡਿਗੇ ਬੋਟ, ਨੇੜ ਨਾ ਆਏ ਕਾਲ ਮਹਾਂਕਾਲ। ਨਿਰਗੁਣ ਚੇਲਾ ਨਿਰਗੁਣ ਮੇਲਾ ਨਿਰਗੁਣ ਗੁਰ ਨਿਰਗੁਣ ਸੁਰ ਨਿਰਗੁਣ ਸ਼ਬਦ ਨਿਰਗੁਣ ਤਾਲ ਨਿਰਗੁਣ ਹਰਿ ਨਿਰਗੁਣ ਨੂਰ ਜਲਵਾ ਜਲਾਲ, ਨਿਰਗੁਣ ਜੋਤ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਕਰੇ ਸਦਾ ਪ੍ਰਿਤਪਾਲ। ਪ੍ਰਿਤਪਾਲਕ ਹਰਿ ਭਗਵਾਨਾ, ਅੰਗ ਸੰਗ ਸਮਾਇਆ। ਗੁਰਸਿਖਾਂ ਬੱਧੇ ਸਾਚਾ ਗਾਨਾ, ਏਕਾ ਤੰਦਨ ਬੰਧ ਬੰਧਾਇਆ। ਤੋੜੇ ਮਾਣ ਜਗਤ ਅਭਿਮਾਨਾ, ਮਾਇਆ ਮਮਤਾ ਰਹੇ ਨਾ ਰਾਇਆ। ਦੇਵੇ ਦਰਸ ਗੁਣ ਨਿਧਾਨਾ, ਨਿਰਗੁਣ ਆਪਣਾ ਵੇਸ ਵਟਾਇਆ। ਦਰਗਹਿ ਸਾਚੀ ਸਾਚੇ ਦਰ ਕਰੇ ਪਰਵਾਨਾ, ਸਚਖੰਡ ਦਵਾਰਾ ਇਕ ਸੁਹਾਇਆ। ਕਲਜੁਗ ਜੀਵ ਮਾਰਨ ਤਾਨਾ, ਗੁਰਸਿਖ ਪੱਥਰ ਹਿਰਦਾ ਅੱਗੇ ਡਾਹਿਆ। ਪੁਰਖ ਅਬਿਨਾਸ਼ੀ ਵਰਤੇ ਆਪਣਾ ਭਾਣਾ, ਹਰਿ ਭਾਣੇ ਸਰਬ ਰਖਾਇਆ। ਤਖ਼ਤੋਂ ਲਾਹੇ ਰਾਜਾ ਰਾਣਾ, ਸੀਸ ਤਾਜ ਨਾ ਕੋਇ ਟਿਕਾਇਆ। ਗੁਰਮੁਖ ਹੋਏ ਮਾਤ ਪਰਧਾਨਾ, ਸਤਿਜੁਗ ਸਾਚੀ ਵੰਡ ਵੰਡਾਇਆ। ਮਨਮੁਖ ਜੀਵਾਂ ਨੈਣ ਸ਼ਰਮਾਣਾ, ਰਾਏ ਧਰਮ ਦਏ ਸਜ਼ਾਇਆ। ਲਾੜੀ ਮੌਤ ਕਰੇ ਪਛਾਨਾ, ਵੇਲਾ ਅੰਤਮ ਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਰਾਏ ਧਰਮ ਰਿਹਾ ਜਗਾਇਆ। ਰਾਏ ਧਾਰਮ ਉਠ ਬਲ ਧਾਰ, ਹਰਿ ਸਤਿਗੁਰ ਪੁਰਖ ਸੁਣਾਇੰਦਾ। ਕਲਜੁਗ ਅੰਤਮ ਆਈ ਤੇਰੀ ਵਾਰ, ਤੇਰਾ ਲਹਿਣਾ ਮੂਲ ਚੁਕਾਇੰਦਾ। ਲੱਖ ਚੁਰਾਸੀ ਕਰ ਵਿਚਾਰ, ਪਸੂ ਪੰਖੀ ਪੰਛੀ ਤੇਰੇ ਦਰ ਸੁਹਾਇੰਦਾ। ਚਾਰੇ ਖਾਣੀ ਖੇਲ ਅਪਾਰ, ਚੌਥੇ ਜੁਗ ਵੇਸ ਵਟਾਇੰਦਾ। ਹਾਣੀਆਂ ਹਾਣੀ ਵਿਛੜੇ ਯਾਰ, ਨਾਰ ਕੰਤ ਨਾ ਕੋਇ ਹੰਢਾਇੰਦਾ। ਭੈਣ ਭੱਯਾ ਨਾ ਕੋਇ ਪਿਆਰ, ਸਾਚਾ ਸੱਯਾ ਨਾ ਕੋਇ ਜਣਾਇੰਦਾ। ਪਿਤਾ ਪੂਤ ਹੋਏ ਖ਼ੁਆਰ, ਸ਼ਾਹ ਸੁਲਤਾਨ ਲਜ ਪਤ ਨਾ ਕੋਇ ਰਖਾਇੰਦਾ। ਚਾਰੋਂ ਕੁੰਟ ਧੂੰਆਂਧਾਰ, ਸਾਚਾ ਚੰਨ ਨਾ ਕੋਇ ਚੜ੍ਹਾਇੰਦਾ। ਪਰਮਾਨੰਦ ਨਾ ਦਿਸੇ ਵਿਚ ਸੰਸਾਰ, ਨਿਜਾਨੰਦ ਨਾ ਕੋਇ ਸਮਾਇੰਦਾ। ਕੂੜ ਕੁੜਿਆਰਾ ਕਰੇ ਹਾਹਾਕਾਰ, ਸਤਿ ਨਾਮ ਭੋਜਨ ਕੋਇ ਨਾ ਖਾਇੰਦਾ। ਹਰਿ ਹਰਿ ਨਾਤਾ ਤੋੜ ਜੀਵ ਗਵਾਰ, ਹਰਿ ਕਾ ਪੌੜਾ ਨਾ ਹੱਥ ਰਖਾਇੰਦਾ। ਪੰਜ ਤੱਤ ਵਿਕਾਰਾ ਵਾਸਨਾ ਵੜ ਖੇਲੇ ਖੇਲ ਬਣ ਹੰਕਾਰ, ਨਰ ਨਰਾਇਣ ਸਰਬ ਭੁਲਾਇੰਦਾ। ਮਿਲਿਆ ਮੇਲ ਨਾ ਮੀਤ ਮੁਰਾਰ, ਜੋ ਤਨ ਮਨ ਧਨ ਆਪਣੀ ਵਸਤ ਜਣਾਇੰਦਾ। ਅੰਤਮ ਬਾਜ਼ੀ ਜਾਣੀ ਹਾਰ, ਥਿਰ ਕੋਇ ਰਹਿਣ ਨਾ ਪਾਇੰਦਾ। ਲਸ਼ਕਰ ਘੋੜਾ ਦਿਸੇ ਨਾ ਕੋਇ ਸਵਾਰ, ਸੀਸ ਛੱਤਰ ਨਾ ਕੋਇ ਝੁਲਾਇੰਦਾ। ਕੰਠ ਮਾਲਾ ਨਾ ਦਿਸੇ ਹਾਰ, ਸਾਚੀ ਮੇਂਢੀ ਨਾ ਕੋਇ ਗੁੰਦਾਇੰਦਾ। ਨੇਤਰ ਨੈਣਾਂ ਜਗਤ ਕੱਜਲ ਧਾਰ, ਰਾਮ ਨਾਮ ਨਾ ਕੋਇ ਪਾਇੰਦਾ। ਕਾਮਨੀ ਕਾਮ ਰੰਗ ਰਲੀਆਂ ਮਾਣੇ ਵਿਚ ਸੰਸਾਰ, ਸਾਚੀ ਸੇਜ ਨਾ ਕੋਇ ਸੁਹਾਇੰਦਾ। ਰੋਗ ਸੋਗ ਚਿੰਤਾ ਦੁੱਖ ਭਰਿਆ ਭੰਡਾਰ, ਕਲਜੁਗ ਜੀਵ ਆਪਣੀ ਕਾਇਆ ਗਠੜੀ ਬੰਧ ਰਖਾਇੰਦਾ। ਦੂਈ ਦਵੈਤੀ ਚੁਕਿਆ ਭਾਰ, ਦਿਵਸ ਰੈਣ ਰੈਣ ਦਿਵਸ ਸਰਬ ਕੁਰਲਾਇੰਦਾ। ਪਾਪਾਂ ਮਤੀ ਜਗਤ ਗਈ ਹਾਰ, ਮਾਇਆ ਮੋਹ ਨਾ ਕੋਇ ਤੁੜਾਇੰਦਾ। ਵਾ ਤੱਤੀ ਰਹੀ ਸਾੜ, ਠੰਡਾ ਠਾਰ ਨਾ ਕੋਇ ਬਣਾਇੰਦਾ। ਪੰਚ ਵਿਕਾਰਾ ਲਗਾ ਅਖਾੜ, ਜੂਠ ਝੂਠ ਵਿਚ ਨਚਾਇੰਦਾ। ਸਾਚਾ ਮੰਦਰ ਹੋਇਆ ਉਜਾੜ, ਪਰਭਾਸ ਡੇਰਾ ਸਰਬ ਵਖਾਇੰਦਾ। ਜਗਤ ਦੁਹਾਗਣ ਨਾਰ ਵਿਭਚਾਰ, ਕੁੜਿਆਰ ਵੇਸ ਸਰਬ ਕਰਾਇੰਦਾ। ਮਿਲਿਆ ਮੀਤ ਨਾ ਹਰਿ ਨਿਰੰਕਾਰ, ਪੰਜ ਤੱਤ ਲੇਖੇ ਕਿਸੇ ਨਾ ਆਇੰਦਾ। ਖ਼ਾਕੀ ਖ਼ਾਕ ਉਡੇ ਜਗ ਛਾਰ, ਖ਼ਾਕੀ ਖ਼ਾਕ ਮਿਲਾਇੰਦਾ। ਬਿਨ ਸਤਿਗੁਰ ਪੂਰੇ ਕੋਇ ਨਾ ਉਤਰੇ ਪਾਰ, ਸਤਿਗੁਰ ਨਾਨਕ ਇਹ ਸਮਝਾਇੰਦਾ। ਗੁਰ ਗੋਬਿੰਦ ਬੇੜਾ ਕਰੇ ਪਾਰ, ਸਚ ਮਲਾਹ ਆਪ ਅਖਵਾਇੰਦਾ। ਗੁਰਮੁਖਾਂ ਉਪਰ ਲਏ ਚਾੜ੍ਹ, ਜੋ ਜਨ ਹਰਿ ਹਰਿ ਨਾਮ ਧਿਆਇੰਦਾ। ਵਰਨ ਬਰਨ ਨਾ ਕਰੇ ਵਿਚਾਰ, ਹਿੰਦੂ ਮੁਸਲਮ ਸਿਖ ਈਸਾਈ ਏਕਾ ਰੰਗ ਰੰਗਾਇੰਦਾ। ਸਰਬ ਜੀਆਂ ਦਾ ਸਾਂਝਾ ਯਾਰ, ਹਰਿ ਸਤਿਗੁਰ ਆਪ ਅਖਵਾਇੰਦਾ। ਖੇਵਟ ਖੇਟਾ ਹੋ ਤਿਆਰ, ਵੰਝ ਮੁਹਾਣਾਂ ਹੱਥ ਉਠਾਇੰਦਾ। ਸੋ ਪੁਰਖ ਨਿਰੰਜਣ ਚੱਪੂ ਕਰ ਤਿਆਰ, ਹੰ ਬੇੜਾ ਆਪ ਤਰਾਇੰਦਾ। ਆਪੇ ਬ੍ਰਹਮ ਪਾਰਬ੍ਰਹਮ ਕਰਤਾਰ, ਆਪ ਆਪਣੇ ਰੰਗ ਰੰਗਾਇੰਦਾ। ਗੁਰਸਿਖ ਤੇਰਾ ਹੌਲਾ ਕਰਿਆ ਭਾਰ, ਸਤਿਗੁਰ ਪੂਰਾ ਆਪਣੇ ਕੰਧ ਉਠਾਇੰਦਾ। ਛੋਟੇ ਬਾਲੇ ਨੀਹਾਂ ਹੇਠਾਂ ਦਏ ਉਸਾਰ, ਗੁਰਸਿਖ ਤੇਰਾ ਮੰਦਰ ਆਪ ਸੁਹਾਇੰਦਾ। ਤੇਰੇ ਅੰਦਰ ਜੋਤ ਕਰ ਉਜਿਆਰ, ਆਪਣੇ ਦੀਪਕ ਆਪ ਜਗਾਇੰਦਾ। ਨੌ ਦਵਾਰੇ ਮੇਟੇ ਪੰਚਮ ਧਾੜ, ਦਸਵਾਂ ਆਪਣਾ ਦਰਸ ਦਿਖਾਇੰਦਾ। ਵਾ ਨਾ ਲੱਗੇ ਕਲਜੁਗ ਤੱਤੀ ਹਾੜ, ਹਰਿ ਕੇ ਪੌੜੇ ਆਪ ਚੜ੍ਹਾਇੰਦਾ। ਲੇਖਾ ਚੁੱਕੇ ਬਹੱਤਰ ਨਾੜ, ਤਿੰਨ ਸੌ ਸੱਠ ਹਾਡੀ ਆਪਣੇ ਲੇਖੇ ਲਾਇੰਦਾ। ਜਨ ਭਗਤਾਂ ਫਿਰੇ ਪਿਛੇ ਅਗਾੜ, ਜੁਗ ਜੁਗ ਸਾਚੀ ਸੇਵ ਕਮਾਇੰਦਾ। ਫੜ ਫੜ ਬਾਂਹੋਂ ਜਾਏ ਤਾਰ, ਜੋ ਜਨ ਸਰਨਾਈ ਆਇੰਦਾ। ਲੇਖਾ ਜਾਣੇ ਨਰ ਨਾਰ, ਨਰ ਨਰਾਇਣ ਰੂਪ ਵਟਾਇੰਦਾ। ਹਰਿਜਨ ਨਾ ਡੁੱਬੇ ਵਿਚ ਮੰਝਧਾਰ, ਸ਼ੌਹ ਦਰਯਾਏ ਨਾ ਕੋਇ ਡੁਬਾਇੰਦਾ। ਹਰਿ ਸੰਗਤ ਬਣਾਏ ਸਚ ਪਿਆਰ, ਭੈਣਾਂ ਭੱਯਾ ਨਾਤਾ ਜੋੜ ਜੁੜਾਇੰਦਾ। ਕੋਈ ਨੇਤਰ ਨੈਣ ਨਾ ਤੱਕੇ ਧੀ ਮੁਟਿਆਰ, ਪੁੱਤਰ ਧੀਆਂ ਏਕਾ ਸੰਗ ਨਿਭਾਇੰਦਾ। ਬਿਨ ਨਾਰ ਨਾ ਕਰੇ ਕੋਇ ਪਿਆਰ, ਦੂਸਰ ਸੇਜ ਨਾ ਕੋਇ ਵਖਾਇੰਦਾ। ਜੋ ਜਨ ਭੁੱਲੇ ਹਰਿ ਕੀ ਧਾਰ, ਲੱਖ ਚੁਰਾਸੀ ਜੂਨੀ ਆਪ ਫਿਰਾਇੰਦਾ। ਬਣ ਵਿਚੋਲਾ ਕੋਇ ਨਾ ਕਰੇ ਪਾਰ, ਹਰਿ ਭਾਣੇ ਸਰਬ ਰਹਾਇੰਦਾ। ਗੁਰ ਚਰਨ ਪ੍ਰੀਤੀ ਏਕਾ ਘਰ ਬਾਰ, ਹਰਿ ਮੰਦਰ ਇਕ ਵਖਾਇੰਦਾ। ਨਰਬਦਾ ਕੰਢੇ ਜੋ ਕਰੇ ਪੁਕਾਰ, ਪ੍ਰਭ ਸਾਚਾ ਦਰਸ ਦਿਖਾਇੰਦਾ। ਉਨੀ ਕੱਤਕ ਬਾਰਾਂ ਵੇਖੇ ਸਾਚੀ ਧਾਰ, ਆਪ ਆਪਣਾ ਰੂਪ ਵਟਾਇੰਦਾ। ਬਣਿਆ ਪੱਥਰ ਦੇਵੇ ਤਾਰ, ਸਰਬੰਗ ਅੰਗ ਲਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਉਨੀ ਬੀਸ ਬੀਸ ਉਨੀਸ ਅੱਧੀ ਰਾਤ ਜਾਏ ਇਕਾਂਤ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣਾ ਸੰਗ ਆਪ ਨਿਭਾਇੰਦਾ।