੧੭ ਕੱਤਕ ੨੦੧੬ ਬਿਕ੍ਰਮੀ ਸਰਦੂਲ ਸਿੰਘ ਦੇ ਘਰ ਪਿੰਡ ਕਹੇਰੂ ਜ਼ਿਲਾ ਸੰਗਰੂਰ
ਏਕੰਕਾਰ ਰੂਪ ਨਿਰਾਕਾਰ, ਆਦਿ ਜੁਗਾਦਿ ਸਮਾਈਆ। ਆਦਿ ਪੁਰਖ ਨਿਰੰਜਣ ਖੇਲ ਅਪਾਰ, ਅਲਖ ਅਗੋਚਰ ਭੇਵ ਨਾ ਰਾਈਆ। ਨਿਰਗੁਣ ਜੋਤ ਨੂਰ ਉਜਿਆਰ, ਨੂਰੋ ਨੂਰ ਡਗਮਗਾਈਆ। ਪਾਰਬ੍ਰਹਮ ਪੁਰਖ ਪੁਰਖ ਕਰਤਾਰ, ਕਰਨੀ ਕਰਤਾ ਨਾਉਂ ਧਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣੇ ਰੰਗ ਸਮਾਈਆ। ਏਕੰਕਾਰ ਅਕਲ ਕਲ ਧਾਰਾ, ਏਕਾ ਏਕ ਏਕ ਅਖਵਾਇੰਦਾ। ਖੇਲੇ ਖੇਲ ਅਪਰ ਅਪਾਰਾ, ਭੇਵ ਅਭੇਦਾ ਭੇਵ ਰਖਾਇੰਦਾ। ਵਰਤੇ ਵਰਤਾਵੇ ਆਪਣੀ ਧਾਰਾ, ਧਾਰ ਨਿਰਾਲੀ ਆਪ ਚਲਾਇੰਦਾ। ਸੁਹਾਏ ਬੰਕ ਸੱਚਾ ਦਰਬਾਰਾ, ਸਚਖੰਡ ਸਾਚਾ ਆਸਣ ਲਾਇੰਦਾ। ਥਿਰ ਘਰ ਵਸੇ ਇਕ ਮੁਨਾਰਾ, ਨਿਰਗੁਣ ਆਪਣਾ ਆਪ ਉਪਾਇੰਦਾ। ਪੁਰਖ ਅਬਿਨਾਸ਼ੀ ਬੈਠ ਸੱਚੀ ਸਰਕਾਰਾ, ਸਚ ਸਿੰਘਾਸਣ ਆਸਣ ਲਾਇੰਦਾ। ਨਿਰਗੁਣ ਦੀਪਕ ਕਰ ਉਜਿਆਰਾ, ਆਦਿ ਜੁਗਾਦੀ ਡਗਮਗਾਇੰਦਾ। ਨਾ ਕੋਈ ਦੂਸਰ ਮੀਤ ਮੁਰਾਰਾ, ਨਾ ਕੋਈ ਸੰਗ ਰਖਾਇੰਦਾ। ਨਾ ਕੋਈ ਰਵ ਸਸ ਸੂਰਜ ਚੰਦ ਸਿਤਾਰਾ, ਮੰਡਲ ਮੰਡਪ ਨਾ ਕੋਇ ਉਪਾਇੰਦਾ। ਨਾ ਕੋਈ ਬ੍ਰਹਮਾ ਵਿਸ਼ਨ ਸ਼ਿਵ ਲਾਏ ਨਾਅਰਾ, ਤ੍ਰੈਗੁਣ ਰੂਪ ਨਾ ਕੋਇ ਪਰਗਟਾਇੰਦਾ। ਨਾ ਕੋਈ ਲੱਖ ਚੁਰਾਸੀ ਕਰੇ ਪਸਾਰਾ, ਅਪ ਤੇਜ਼ ਵਾਏ ਪ੍ਰਿਥਮੀ ਆਕਾਸ਼ ਤੱਤਵ ਤੱਤ ਨਾ ਕੋਇ ਬਣਾਇੰਦਾ। ਨਾ ਕੋਈ ਜੰਗਲ ਜੂਹ ਉਜਾੜ ਪਹਾੜਾ, ਬ੍ਰਹਿਮੰਡ ਖੰਡ ਨਾ ਕੋਇ ਰਖਾਇੰਦਾ। ਰਵ ਸਸ ਸੂਰਜ ਚੰਨ ਨਾ ਕੋਈ ਸਤਾਰਾ, ਮੰਡਲ ਮੰਡਪ ਨਾ ਕੋਈ ਵਖਾਇੰਦਾ। ਅਪ ਤੇਜ਼ ਵਾਏ ਖੰਡ ਨਾ ਕੋਇ ਵਿਚਾਰਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕੰਕਾਰਾ ਏਕੰਕਾਰ ਏਕ ਏਕ ਨਾਉਂ ਧਰਾਇੰਦਾ। ਏਕੰਕਾਰਾ ਇਕ ਅਕੱਲਾ, ਏਕ ਰੰਗ ਸਮਾਇੰਦਾ। ਵਸਣਹਾਰਾ ਉਚ ਅਟੱਲ ਮਹੱਲਾ, ਦਰ ਘਰ ਸਾਚੇ ਸੋਭਾ ਪਾਇੰਦਾ। ਪਾਵੇ ਸਾਰ ਜਲਾਂ ਥਲਾਂ, ਆਪ ਆਪਣਾ ਰੂਪ ਦਰਸਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕੰਕਾਰ ਕਰ ਪਸਾਰ, ਨਿਰਗੁਣ ਖੇਲ ਅਪਰ ਅਪਾਰ, ਆਪ ਆਪਣੀ ਖੇਲ ਖਿਲਾਇੰਦਾ। ਨਿਰਗੁਣ ਪੁਰਖ ਹਰਿ ਅਬਿਨਾਸ਼ਾ, ਏਕਾ ਏਕ ਅਖਵਾਇੰਦਾ। ਆਦਿ ਜੁਗਾਦੀ ਖੇਲੇ ਖੇਲ ਤਮਾਸ਼ਾ, ਆਪ ਆਪਣੀ ਰਚਨ ਰਚਾਇੰਦਾ। ਪਾਵੇ ਸਾਰ ਪ੍ਰਿਥਮੀ ਆਕਾਸ਼ਾ, ਗਗਨ ਮੰਡਲ ਫੋਲ ਫੁਲਾਇੰਦਾ। ਮੰਡਲ ਮੰਡਪ ਪਾਵੇ ਰਾਸਾ, ਆਪ ਆਪਣਾ ਵੇਸ ਵਟਾਇੰਦਾ। ਆਦਿ ਜੁਗਾਦਿ ਨਾ ਕਦੇ ਵਿਨਾਸਾ, ਅਬਿਨਾਸ਼ੀ ਪੁਰਸ਼ ਨਾਉਂ ਧਰਾਇੰਦਾ। ਨਾ ਕੋਈ ਰਸਨਾ ਜੇਹਵਾ ਪਵਣ ਸਵਾਸਾ, ਬੱਤੀ ਦੰਦ ਨਾ ਕੋਇ ਹਿਲਾਇੰਦਾ। ਪੰਜ ਤੱਤ ਨਾ ਕਾਇਆ ਕਾਸਾ, ਕੰਚਣ ਗੜ੍ਹ ਨਾ ਕੋਇ ਸੁਹਾਇੰਦਾ। ਨਾ ਕੋਈ ਇਸ਼ਟ ਦੇਵ ਰੱਖੇ ਭਰਵਾਸਾ, ਗੁਰ ਦੇਵ ਨਾ ਕੋਇ ਵਖਾਇੰਦਾ। ਪਾਰਬ੍ਰਹਮ ਅਬਿਨਾਸ਼ੀ ਕਰਤਾ ਏਕਾ ਏਕ ਸ਼ਾਹੋ ਸ਼ਬਾਸ਼ਾ, ਸ਼ਾਹ ਸੁਲਤਾਨਾਂ ਇਕ ਅਖਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਧਾਰ ਏਕੰਕਾਰ ਆਪਣੀ ਆਪ ਚਲਾਇੰਦਾ। ਏਕੰਕਾਰ ਏਕਾ ਧਾਰ, ਏਕੰਕਾਰ ਆਪਣੀ ਆਪ ਚਲਾਈਆ। ਅਗੰਮ ਅਗੰਮੜਾ ਅਗੰਮੜੀ ਕਰੇ ਕਾਰ, ਅਗੰਮੜੇ ਧਾਮ ਸੁਹਾਈਆ। ਇਕ ਸੁਹਾਏ ਸਚਖੰਡ ਸਚ ਦਰਬਾਰ, ਦਰ ਦਰਵਾਜਾ ਆਪ ਖੁਲ੍ਹਾਈਆ। ਥਿਰ ਘਰ ਮੇਲਾ ਏਕ ਨਿਰੰਕਾਰ, ਆਪ ਆਪਣਾ ਲਏ ਮਿਲਾਈਆ। ਏਕਾ ਸਚ ਕਰੇ ਪਿਆਰ, ਸਚ ਸੁਹੰਜਣੀ ਸੇਜ ਹੰਢਾਈਆ। ਆਪੇ ਪੁਰਖ ਆਪੇ ਬਣੇ ਨਾਰ, ਆਪ ਆਪਣਾ ਜੋੜ ਜੁੜਾਈਆ। ਆਪਣੇ ਮੰਦਰ ਆਪਣਾ ਕਰੇ ਸ਼ਿੰਗਾਰ, ਆਪ ਆਪਣਾ ਰੰਗ ਰੰਗਾਈਆ। ਆਪਣੇ ਘਰ ਹੋ ਤਿਆਰ, ਆਪ ਆਪਣੀ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਰੂਪ ਸਤਿ ਸਰੂਪ ਸਚਖੰਡ ਦਵਾਰਾ ਏਕੰਕਾਰਾ ਇਕ ਅਕੱਲਾ ਬੈਠਾ ਆਸਣ ਲਾਈਆ। ਸਚਖੰਡ ਦਵਾਰਾ ਸੋਭਾਵੰਤ, ਹਰਿ ਸਾਚਾ ਆਪ ਸੁਹਾਇੰਦਾ। ਏਕਾ ਏਕ ਰਹੇ ਭਗਵੰਤ, ਦੂਸਰ ਕੋਇ ਨਾ ਸੰਗ ਰਖਾਇੰਦਾ। ਨਾ ਕੋਈ ਜੀਵ ਨਾ ਕੋਈ ਜੰਤ, ਨਾ ਕੋਈ ਬਣਤ ਬਣਾਇੰਦਾ। ਨਾ ਕੋਈ ਸ਼ਬਦੀ ਇਸ਼ਟ ਨਾ ਕੋਈ ਮੰਤ, ਨਾ ਕੋਈ ਸੀਸ ਝੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਨਿਵਾਸੀ ਪੁਰਖ ਅਬਿਨਾਸ਼ੀ ਆਪਣੀ ਇਛਿਆ ਪਾਏ ਭਿਛਿਆ, ਆਪਣਾ ਭੰਡਾਰਾ ਆਪ ਵਰਤਾਇੰਦਾ। ਸਚਖੰਡ ਦਵਾਰ ਹਰਿ ਭਗਵਾਨ, ਆਪਣੀ ਇਛਿਆ ਪੂਰ ਕਰਾਈਆ। ਦੇਵਣਹਾਰਾ ਦਾਤਾ ਦਾਨੀ ਦਾਨ, ਆਪਣੇ ਹੱਥ ਰੱਖੇ ਵਡਿਆਈਆ। ਖੇਲੇ ਖੇਲ ਵਾਲੀ ਦੋ ਜਹਾਨ, ਜੁਗਤ ਆਪਣੇ ਹੱਥ ਰਖਾਈਆ। ਆਪਣੇ ਮੰਦਰ ਹੋ ਪਰਧਾਨ, ਆਪਣੀ ਕਲ ਆਪ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਵਾਸਾ ਪੁਰਖ ਅਬਿਨਾਸ਼ਾ ਇਕ ਅਕੱਲਾ ਆਪਣਾ ਆਪ ਰਖਾਈਆ। ਸਚਖੰਡ ਦਵਾਰ ਆਪ ਸੁਹਾਏ, ਹਰਿ ਸਤਿਗੁਰ ਵਡ ਵਡਿਆਈਆ। ਆਪਣੀ ਭਿਛਿਆ ਭਗਤੀ ਆਪ ਪਾਏ, ਪਾਰਬ੍ਰਹਮ ਭੇਵ ਨਾ ਰਾਈਆ। ਆਪਣੀ ਝੋਲੀ ਅੱਗੇ ਡਾਹੇ, ਆਦਿ ਨਿਰੰਜਣ ਦਰ ਦਰਵੇਸ਼ ਆਪ ਹੋ ਜਾਈਆ। ਆਪਣਾ ਭੰਡਾਰਾ ਆਪ ਵਰਤਾਏ, ਵਡ ਭੰਡਾਰੀ ਬੇਪਰਵਾਹੀਆ। ਸਚ ਦਵਾਰਾ ਸੋਭਾ ਪਾਏ, ਘਰ ਸਾਚਾ ਇਕ ਸੁਹਾਈਆ। ਦਰਸ ਆਪਣਾ ਏਕਾ ਰੰਗ ਰੰਗਾਏ, ਰੰਗ ਰੰਗੀਲਾ ਆਪ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਬਣਤ ਆਪ ਬਣਾਈਆ। ਸਚਖੰਡ ਦਵਾਰ ਪੁਰਖ ਕਰਤਾਰ, ਆਪਣੀ ਬਣਤ ਆਪ ਬਣਾਇੰਦਾ। ਆਪੇ ਬੈਠਾ ਬਣ ਪੁਰਖ ਨਾਰ, ਆਪ ਆਪਣਾ ਸੰਗ ਨਿਭਾਇੰਦਾ। ਆਪੇ ਭੋਗੀ ਭੋਗ ਕਰੇ ਨਿਰਗੁਣ ਧਾਰ, ਨਿਰਗੁਣ ਨਿਰਗੁਣ ਮੇਲ ਮਿਲਾਇੰਦਾ। ਨਿਰਗੁਣ ਨਿਰਗੁਣ ਕਰ ਪਿਆਰ, ਨਿਰਗੁਣ ਨਿਰਗੁਣ ਰੰਗ ਰੰਗਾਇੰਦਾ। ਨਿਰਗੁਣ ਅੰਦਰ ਨਿਰਗੁਣ ਧਾਰ, ਨਿਰਗੁਣ ਆਪ ਰਖਾਇੰਦਾ। ਨਿਰਗੁਣ ਨਿਰਗੁਣ ਪਾਵਣਹਾਰਾ ਸਾਰ, ਨਿਰਗੁਣ ਸੇਵ ਕਮਾਇੰਦਾ। ਨਿਰਗੁਣ ਨਿਰਗੁਣ ਕਰੇ ਪਿਆਰ, ਨਿਰਗੁਣ ਮੇਲ ਮਿਲਾਇੰਦਾ। ਨਿਰਗੁਣ ਨਿੰਮਿਆ ਨਿਰਗੁਣ ਜੰਮਿਆ ਨਿਰਗੁਣ ਨਾਉਂ ਰੱਖਿਆ ਆਪ ਕਰਤਾਰ, ਦੂਸਰ ਕੋਇ ਨਾ ਵੇਖ ਵਖਾਇੰਦਾ। ਸ਼ਬਦ ਸੁੱਤ ਦੁਲਾਰਾ ਕਰ ਤਿਆਰ, ਪ੍ਰਭ ਆਪਣੀ ਗੋਦ ਉਠਾਇੰਦਾ। ਸਾਚੇ ਬਾਲ ਕਰੇ ਪਿਆਰ, ਏਕਾ ਸਿਖਿਆ ਸਚ ਸਮਝਾਇੰਦਾ। ਲੋਆਂ ਪੁਰੀਆਂ ਕਰ ਤਿਆਰ, ਬ੍ਰਹਿਮੰਡ ਖੰਡ ਤੇਰੀ ਰਚਨ ਰਚਾਇੰਦਾ। ਮੇਰੀ ਇਛਿਆ ਤੇਰੀ ਧਾਰ, ਤੇਰਾ ਰੂਪ ਆਪ ਨਿਰੰਕਾਰ, ਆਪ ਆਪਣੀ ਕਲ ਵਰਤਾਇੰਦਾ। ਤੇਰਾ ਨਾਮ ਬੋਲ ਜੈਕਾਰ, ਸਚਖੰਡ ਵਖਾਏ ਸੱਚੀ ਧੁਨਕਾਰ, ਆਪਣਾ ਮੰਗਲ ਆਪੇ ਗਾਇੰਦਾ। ਤੇਰਾ ਰਾਗ ਸੁਨਣੇਹਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚਾ ਹੁਕਮ ਇਕ ਸੁਣਾਇੰਦਾ। ਸਾਚਾ ਹੁਕਮ ਧੁਰ ਫ਼ਰਮਾਨਾ, ਹਰਿ ਸ਼ਬਦੀ ਸੁੱਤ ਸੁਣਾਇੰਦਾ। ਤਖ਼ਤ ਤਾਜ ਬੈਠ ਹਰਿ ਸਾਚਾ ਦਾਨਾ, ਸਾਚਾ ਅਦਲ ਕਮਾਇੰਦਾ। ਆਦਿ ਜੁਗਾਦੀ ਏਕੰਕਾਰਾ ਆਪੇ ਵਰਤੇ ਆਪਣਾ ਭਾਣਾ, ਆਪਣਾ ਭਾਣਾ ਆਪ ਰਖਾਇੰਦਾ। ਤੇਰਾ ਪਿਆਰ ਮੇਰਾ ਮਾਣਾ, ਆਪ ਆਪਣਾ ਰੰਗ ਰੰਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸ਼ਬਦ ਸੁੱਤ ਦਿਤਾ ਵਰ, ਸਾਚੀ ਸੇਵਾ ਸੇਵ ਲਗਾਇੰਦਾ। ਸ਼ਬਦ ਸੁੱਤ ਉਠ ਜਵਾਨ, ਪ੍ਰਭ ਅੱਗੇ ਸੀਸ ਝੁਕਾਈਆ। ਪੁਰਖ ਅਬਿਨਾਸ਼ੀ ਸਦਾ ਹੋਣਾ ਨਿਗਹਬਾਨ, ਵਿਛੋੜਾ ਵਿਚ ਨਾ ਕੋਇ ਰਖਾਈਆ। ਆਪਣਾ ਦੇਣਾ ਆਪਣਾ ਧੁਰ ਫ਼ਰਮਾਣ, ਭੁੱਲ ਕਦੇ ਨਾ ਜਾਈਆ। ਬ੍ਰਹਿਮੰਡ ਖੰਡ ਲੋਆਂ ਪੁਰੀਆਂ ਚੌਦਾਂ ਲੋਕ ਬਣਾਵਾਂ ਇਕ ਦੁਕਾਨ, ਤੇਰੀ ਇਛਿਆ ਭਿਛਿਆ ਪੂਰ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਅਤੋਟ ਅਤੁਟ ਇਕ ਰਖਾਈਆ। ਹਰਿ ਭਗਵਾਨਾ ਹੋ ਮਿਹਰਵਾਨਾ, ਆਪਣੀ ਦਇਆ ਕਮਾਇੰਦਾ। ਸ਼ਬਦ ਅਨਾਦੀ ਦੇਵੇ ਇਕ ਤਰਾਨਾ, ਸਾਚਾ ਹੁਕਮ ਜਣਾਇੰਦਾ। ਤੇਰਾ ਰੂਪ ਤੇਰਾ ਰੰਗ ਤੇਰਾ ਸੁੱਤ ਵਾਲੀ ਦੋ ਜਹਾਨਾਂ, ਸਗਲਾ ਸੰਗ ਰਖਾਇੰਦਾ। ਤੇਰਾ ਨਾਮ ਪਾਏ ਆਣਾ, ਆਪ ਆਪਣਾ ਹੁਕਮ ਚਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਵਰ ਘਰ ਸਾਚੇ ਆਪ ਸੁਹਾਇੰਦਾ। ਸ਼ਬਦ ਸੁੱਤ ਵਰ ਘਰ ਪਾ, ਆਪਣੀ ਖ਼ੁਸ਼ੀ ਮਨਾਇੰਦਾ। ਪੁਰਖ ਅਬਿਨਾਸ਼ੀ ਬਣ ਮਲਾਹ, ਸਾਚਾ ਬੇੜਾ ਆਪ ਚਲਾਇੰਦਾ। ਤੂੰ ਦਾਤਾ ਕੋਈ ਨਾ ਜਾਣੇ ਤੇਰਾ ਭੇਦ ਅਥਾਹ, ਨਾ ਕੋਈ ਵੇਖ ਵਖਾਇੰਦਾ। ਨਾ ਕੋਈ ਦੇਵਣਹਾਰਾ ਹੋਰ ਸਲਾਹ, ਨਾ ਕੋਈ ਸੰਗ ਨਿਭਾਇੰਦਾ। ਨਾ ਕੋਈ ਪਕੜਨਹਾਰਾ ਬਾਂਹ, ਨਾ ਕੋਈ ਮੇਲ ਮਿਲਾਇੰਦਾ। ਤੂੰ ਕਰਤਾ ਪੁਰਖ ਕਰਨੇਹਾਰਾ ਸਚ ਨਿਆਂ, ਘਰ ਸਾਚਾ ਇਕ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੁੱਤ ਦੁਲਾਰੇ ਦੇਵੇ ਵਰ, ਆਪ ਆਪਣੀ ਬੂਝ ਬੁਝਾਇੰਦਾ। ਸੁੱਤ ਦੁਲਾਰਾ ਹਰਿ ਜਣਾਈ, ਏਕਾ ਬੂਝ ਬੁਝਾਇੰਦਾ। ਆਪਣੀ ਕਰੇ ਆਪ ਕੁੜਮਾਈ, ਆਪੇ ਸਗਨ ਮਨਾਇੰਦਾ। ਆਪਣੇ ਦਰ ਵੱਜੇ ਵਧਾਈ, ਆਪੇ ਵੇਖ ਵਖਾਇੰਦਾ। ਆਪੇ ਧੀ ਆਪ ਜਵਾਈ, ਸੌਹਰਾ ਪੇਈਆ ਆਪ ਬਣ ਜਾਇੰਦਾ। ਆਪਣੀ ਸੇਜ ਆਪ ਵਿਛਾਈ, ਆਪੇ ਸੋਭਾ ਪਾਇੰਦਾ। ਆਪਣੇ ਰੰਗ ਰਿਹਾ ਰੰਗਾਈ, ਰੰਗਣਹਾਰ ਆਪ ਹੋ ਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਖੇਲ ਖਿਲਾਇੰਦਾ। ਸ਼ਬਦ ਸੁੱਤ ਹੋ ਤਿਆਰ, ਪ੍ਰਭ ਸਾਚਾ ਰਚਨ ਰਚਾਇੰਦਾ। ਆਪ ਆਪਣਾ ਕਰ ਪਿਆਰ, ਆਪ ਆਪਣਾ ਰੂਪ ਵਟਾਇੰਦਾ। ਨਿਰਗੁਣ ਅੰਦਰਂ ਨਿਰਗੁਣ ਬਾਹਰ, ਵਿਸ਼ਨੂੰ ਨਾਉਂ ਧਰਾਇੰਦਾ। ਨਿਰਗੁਣ ਖੇਲ ਅਪਰ ਅਪਾਰ, ਆਪ ਆਪਣਾ ਵੇਸ ਵਟਾਇੰਦਾ। ਅੰਦਰ ਭਰ ਅੰਮ੍ਰਿਤ ਧਾਰ, ਕਵਲ ਕਵਲਾ ਫੁੱਲ ਖਿਲਾਇੰਦਾ। ਉਪਜਿਆ ਫੂਲ ਇਕ ਅਪਾਰ, ਹਰਿ ਸਾਚਾ ਆਪ ਉਪਜਾਇੰਦਾ। ਨਾਭੀ ਫਟੀ ਆਇਆ ਬਾਹਰ, ਹਰਿ ਸਾਚਾ ਰੰਗ ਵਖਾਇੰਦਾ। ਪ੍ਰਭ ਅਬਿਨਾਸ਼ੀ ਕਰੇ ਖੇਲ ਅਗੰਮ ਅਪਾਰ, ਵੇਦ ਕਤੇਬ ਭੇਵ ਨਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਸਣਹਾਰਾ ਸਚਖੰਡ ਦਵਾਰ, ਏਕੰਕਾਰਾ ਹਰਿ ਗਿਰਧਾਰਾ ਜੋਤ ਉਜਿਆਰਾ, ਆਦਿ ਜੁਗਾਦੀ ਡਗਮਗਾਇੰਦਾ। ਸ਼ਬਦ ਸੁੱਤ ਉਠ ਉਠ ਪੇਖ, ਹਰਿ ਸਾਚੇ ਦਇਆ ਕਮਾਈਆ। ਕਵਲ ਫੁਲ ਲੈਣਾ ਵੇਖ, ਸਤਿਗੁਰ ਪੂਰਾ ਆਪ ਖਿਲਾਈਆ। ਆਪਣੇ ਹੱਥੀਂ ਲਿਖੀ ਰੇਖ, ਲੇਖਾ ਆਪਣੇ ਹੱਥ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਵੇ ਆਪਣਾ ਵਰ, ਆਪ ਆਪਣਾ ਅੰਗ ਕਟਾਈਆ। ਆਪਣਾ ਅੰਗ ਕੱਟ ਕੱਟ ਕੀਤਾ ਵੱਖ, ਪਾਰਬ੍ਰਹਮ ਵੱਡੀ ਵਡਿਆਈਆ। ਬ੍ਰਹਮ ਬ੍ਰਹਮ ਬ੍ਰਹਮ ਹੋ ਪਰਤੱਖ, ਏਕਾ ਰੰਗ ਰੰਗਾਈਆ। ਆਪਣੀ ਇਛਿਆ ਆਪਣੀ ਭਿਛਿਆ ਆਪਣੀ ਵਸਤ ਆਪੇ ਲਏ ਰੱਖ, ਆਪੇ ਪੜਦਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਵਣਹਾਰਾ ਵਰ, ਆਪ ਆਪਣਾ ਸ਼ਬਦ ਜਣਾਈਆ। ਪਾਰਬ੍ਰਹਮ ਬ੍ਰਹਮ ਰੂਪ ਉਪਾਇਆ , ਅਕਲ ਕਲਾ ਕਲ ਧਾਰਿਆ। ਮਾਤ ਗਰਭ ਨਾ ਜਾਇਆ ਜੰਮ, ਖੇਲੇ ਖੇਲ ਵਡ ਸੰਸਾਰਿਆ। ਏਕੰਕਾਰਾ ਆਪੇ ਜਾਣੇ ਆਪਣਾ ਕੰਮ, ਕਰਨੀ ਕਰਤਾ ਆਪਣੀ ਆਪ ਕਮਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਵੇਸ ਵਟਾ ਲਿਆ। ਪਾਰਬ੍ਰਹਮ ਬ੍ਰਹਮ ਆਪ ਉਪਾਇਆ, ਦਰ ਘਰ ਸਾਚੇ ਵੱਜੀ ਵਧਾਈਆ। ਪੁਰਖ ਅਬਿਨਾਸ਼ੀ ਖੇਲ ਖਿਲਾ ਰਿਹਾ, ਆਪਣੀ ਰਚਨਾ ਆਪ ਰਚਾਈਆ। ਵਿਸ਼ਨੂੰ ਵਿਸ਼ਵ ਨਾਉਂ ਧਰਾਇਆ, ਆਪ ਆਪਣਾ ਬੰਸ ਸੁਹਾਈਆ। ਸੁੱਤ ਦੁਲਾਰਾ ਨਾਲ ਰਲਾਇਆ, ਦੇ ਸਿਖਿਆ ਇਕ ਸਮਝਾਈਆ। ਆਪਣਾ ਨਾਦ ਆਪ ਅਲ੍ਹਾਇਆ, ਆਪੇ ਰਿਹਾ ਸੁਣਾਈਆ। ਆਪਣੇ ਮੰਦਰ ਆਪ ਵਸਾਇਆ, ਆਪੇ ਰਿਹਾ ਵਿਛਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਵਰ ਦਾਤਾ ਆਪ ਹੋ ਜਾਈਆ। ਬ੍ਰਹਮਾ ਵੇਤਾ ਰਹੇ ਅਤੀਤਾ, ਹਰਿ ਸਾਚਾ ਰੰਗ ਰੰਗਾਇੰਦਾ। ਆਪ ਵਖਾਏ ਧਾਮ ਅਨਡੀਠਾ, ਦਿਸ ਕਿਸੇ ਨਾ ਆਇੰਦਾ। ਆਪ ਆਪਣਾ ਮੰਨੇ ਭਾਣਾ ਮੀਠਾ, ਹਰਿ ਭਾਣਾ ਵਡ ਵਡਿਆਇੰਦਾ। ਰੂਪ ਵਖਾਏ ਠਾਂਡਾ ਸੀਤਾ, ਸਤਿ ਸਤਿਵਾਦੀ ਨਾਉਂ ਧਰਾਇੰਦਾ। ਆਪ ਚਲਾਏ ਆਪਣੀ ਰੀਤਾ, ਆਪਣਾ ਖੇਲ ਆਪ ਖਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਬ੍ਰਹਮਾ ਮੇਲਾ ਸਾਚੇ ਘਰ, ਦਰ ਦਰਵਾਜ਼ਾ ਆਪ ਖੁਲ੍ਹਾਇੰਦਾ। ਦਰ ਦਰਵਾਜ਼ਾ ਏਕਾ ਖੋਲ੍ਹ, ਹਰਿ ਸਾਚਾ ਬੂਝ ਬੁਝਾਇੰਦਾ। ਸ਼ਬਦ ਅਨਾਦੀ ਏਕਾ ਢੋਲ, ਦਰ ਮੰਦਰ ਆਪ ਵਜਾਇੰਦਾ। ਏਕੰਕਾਰਾ ਆਪਣੇ ਕੰਡੇ ਆਪ ਤੋਲ, ਆਪੇ ਵੇਖ ਵਖਾਇੰਦਾ। ਆਪਣਾ ਪੜਦਾ ਆਪੇ ਫੋਲ, ਆਪੇ ਭੇਵ ਚੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵੇਖਣਹਾਰਾ ਸਾਚਾ ਘਰ, ਘਰ ਸਾਚੇ ਸੋਭਾ ਪਾਇੰਦਾ। ਬ੍ਰਹਮ ਰੂਪ ਆਪ ਨਿਰੰਕਾਰ, ਪਾਰਬ੍ਰਹਮ ਰੂਪ ਵਟਾਇੰਦਾ। ਦੇਵੇ ਨਾਦ ਸੱਚੀ ਧੁਨਕਾਰ, ਸ਼ਬਦ ਤਰਾਨਾ ਏਕਾ ਗਾਇੰਦਾ। ਸਾਚੀ ਸੇਵਾ ਕਰੇ ਸੇਵਾਦਾਰ, ਸੇਵਕ ਸੇਵਾ ਇਕ ਵਖਾਇੰਦਾ। ਏਕਾ ਘਰ ਭਰ ਭੰਡਾਰ, ਏਕਾ ਵਸਤ ਟਿਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸ਼ਬਦ ਰੰਗਲਾ ਕਿਸੇ ਤੋਲ ਨਾ ਤੁਲਾ, ਘਰ ਸਾਚੇ ਆਪ ਸੁਹਾਇੰਦਾ। ਸ਼ਬਦ ਭੰਡਾਰ ਨਾਮ ਭਰਪੂਰ, ਬ੍ਰਹਮੇ ਅੰਦਰ ਆਪ ਟਿਕਾਈਆ । ਖੇਲੇ ਖੇਲ ਹਾਜ਼ਰ ਹਜ਼ੂਰ, ਜ਼ਾਹਰ ਜ਼ਰੂਰ ਵੱਡੀ ਵਡਿਆਈਆ। ਅਨਾਦੀ ਵੱਜੇ ਏਕਾ ਤੂਰ, ਏਕਾ ਰੰਗ ਸੁਣਾਈਆ। ਏਕਾ ਬਖ਼ਸ਼ੇ ਨੁਰਾਨੀ ਨੂਰ, ਜੋਤੀ ਜੋਤ ਡਗਮਗਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਖੇਲੇ ਖੇਲ ਅਗੰਮ ਅਪਾਰ, ਧੂੰਆਂਧਾਰ ਵੇਖ ਵਖਾਈਆ। ਧੂੰਆਂਧਾਰ ਧੁੰਧੂਕਾਰਾ, ਹਰਿ ਸਾਚਾ ਵੇਖ ਵਖਾਇੰਦਾ। ਬ੍ਰਹਮਾ ਇਛਿਆ ਭਰੇ ਭੰਡਾਰਾ, ਮਸਤਕ ਲੇਖ ਲਿਖਾਇੰਦਾ। ਸਪਤਮ ਰੂਪ ਹੋਏ ਉਜਿਆਰਾ, ਆਪ ਆਪਣਾ ਰੰਗ ਰੰਗਾਇੰਦਾ। ਸ਼ੰਕਰ ਮੇਲਾ ਅਗੰਮ ਅਪਾਰਾ, ਆਪੇ ਬੰਧਨ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਖੇਲੇ ਖੇਲ ਹਰਿ ਨਿਰੰਕਾਰ ਏਕੰਕਾਰਾ ਰਚਨ ਰਚਾਇੰਦਾ। ਬ੍ਰਹਮਾ ਵਿਸ਼ਨ ਸ਼ਿਵ ਕਰ ਤਿਆਰ, ਹਰਿ ਸਾਚੇ ਸ਼ਬਦ ਜਣਾਈਆ। ਸੁੱਤ ਦੁਲਾਰਾ ਕਰੇ ਪਿਆਰ, ਤਿੰਨਾ ਇਹ ਸਮਝਾਈਆ। ਤ੍ਰੈਗੁਣ ਖੇਲ ਅਗੰਮ ਅਪਾਰ, ਆਪ ਆਪਣਾ ਦਏ ਵਖਾਈਆ। ਰਜੋ ਤਮੋ ਸਤੋ ਕਰ ਤਿਆਰ, ਏਕਾ ਕੰਨੀ ਰਿਹਾ ਬੰਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਸਿਖਿਆ ਇਕ ਸਮਝਾਈਆ। ਸਾਚੀ ਸਿਖਿਆ ਵਿਸ਼ਨੂੰ ਵੰਸੀ ਪ੍ਰਭ ਆਪਣੀ ਆਪ ਸਮਝਾਇੰਦਾ। ਹੋਇਆ ਖੇਲ ਏਕਾ ਦਸ, ਏਕਾ ਮਾਰਗ ਲਾਇੰਦਾ। ਸ਼ੰਕਰ ਮੇਲਾ ਸ਼ਾਹੋ ਸ਼ਬਾਸ, ਘਰ ਸਾਚਾ ਆਪ ਸੁਹਾਇੰਦਾ। ਤਿੰਨਾ ਦੇਵੇ ਚਰਨ ਦਰਸ, ਸਿਰ ਆਪਣਾ ਹੱਥ ਟਿਕਾਇੰਦਾ। ਖੇਲੇ ਖੇਲ ਪੁਰਖ ਅਬਿਨਾਸ਼, ਆਪ ਆਪਣਾ ਵੇਸ ਵਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਪੰਜ ਤੱਤ ਆਪਣੀ ਰੁਤ ਕਰ ਉਤਪਤ, ਬ੍ਰਹਮਾ ਝੋਲੀ ਪਾਇੰਦਾ। ਤ੍ਰੈਗੁਣ ਮਾਇਆ ਭਰ ਭੰਡਾਰ, ਪੰਜ ਤੱਤ ਜੋੜ ਜੁੜਾਇੰਦਾ। ਆਪ ਆਪਣੀ ਕਿਰਪਾ ਧਾਰ, ਰਕਤ ਬੂੰਦ ਮੇਲ ਮਿਲਾਇੰਦਾ। ਹੱਡ ਮਾਸ ਨਾੜੀ ਰਕਤ ਪਾਵੇ ਸਾਰ, ਆਪ ਆਪਣਾ ਸੰਗ ਨਿਭਾਇੰਦਾ। ਸਰਗੁਣ ਰੂਪ ਕਰ ਤਿਆਰ, ਸਾਚਾ ਵੇਸ ਧਰਾਇੰਦਾ। ਸਰਗੁਣ ਅੰਦਰ ਨਿਰਗੁਣ ਵਾੜ, ਆਪ ਆਪਣੀ ਵੰਡ ਵੰਡਾਇੰਦਾ। ਮਨ ਮਤ ਬੁਧ ਦਏ ਅਧਾਰ, ਆਪਣੀ ਖੇਲ ਖਿਲਾਇੰਦਾ। ਮੰਦਰ ਅੰਦਰ ਕਰ ਤਿਆਰ, ਆਪਣਾ ਮੰਦਰ ਆਪ ਉਪਜਾਇੰਦਾ। ਬ੍ਰਹਮਾ ਰੂਪ ਹਰਿ ਕਰਤਾਰ, ਘਟ ਘਟ ਆਪਣਾ ਆਸਣ ਲਾਇੰਦਾ। ਜੀਵ ਆਤਮ ਖ਼ਬਰਦਾਰ, ਪਰਮ ਆਤਮਾ ਵੇਖ ਵਖਾਇੰਦਾ। ਆਪਣੀ ਹੱਥੀਂ ਕਰ ਕਰ ਬੰਦ ਕਿਵਾੜ, ਘਟ ਘਟ ਆਪੇ ਮੁਖ ਛੁਪਾਇੰਦਾ। ਲੱਖ ਚੁਰਾਸੀ ਮੀਤ ਮੁਰਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੋਤ ਅਕਾਲਾ ਦੀਨ ਦਿਆਲਾ ਅਕਲ ਕਲ ਧਾਰੀ ਏਕੰਕਾਰੀ ਆਪ ਆਪਣੀ ਕਲ ਵਰਤਾਇੰਦਾ। ਏਕੰਕਾਰ ਖੇਲ ਅਪਾਰ, ਲੱਖ ਚੁਰਾਸੀ ਬਣਤ ਬਣਾਈਆ। ਬ੍ਰਹਮਾ ਵੇਤਾ ਪਾਵੇ ਸਾਰ, ਉਤਪਤ ਆਪਣੇ ਹੱਥ ਰਖਾਈਆ। ਵਿਸ਼ਨੂੰ ਦੇਵੇ ਸਚ ਭੰਡਾਰ, ਸਾਚੀ ਸੇਵਾ ਰਿਹਾ ਕਮਾਈਆ। ਸ਼ੰਕਰ ਕਰੇ ਅੰਤ ਸੰਘਾਰ, ਭੁੱਲ ਰਹੇ ਨਾ ਰਾਈਆ। ਪਾਰਬ੍ਰਹਮ ਪ੍ਰਭ ਕਿਰਪਾ ਧਾਰ, ਲੋਕਮਾਤ ਵੇਖ ਵਖਾਈਆ। ਮਨ ਮਤ ਬੁਧ ਪਾਵੇ ਸਾਰ, ਨਿਰਗੁਣ ਦਾਤਾ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਜੁਗਾਦਿ ਆਪਣੀ ਰਚਨ ਰਚਾਈਆ। ਆਦਿ ਜੁਗਾਦਿ ਸਾਚਾ ਹਰਿ, ਸਾਚਾ ਆਪਣਾ ਖੇਲ ਖਿਲਾਇੰਦਾ। ਲੱਖ ਚੁਰਾਸੀ ਕਰ ਤਿਆਰ, ਧਰਤ ਧਵਲ ਜਲ ਬਿੰਬ ਆਪ ਟਿਕਾਇੰਦਾ। ਕਰੇ ਪਰਕਾਸ਼ ਰਵ ਸਸ ਸੂਰਜ ਚੰਦ ਸਿਤਾਰ, ਮੰਡਲ ਮੰਡਪ ਆਪ ਸੁਹਾਇੰਦਾ। ਆਪੇ ਜ਼ਮੀਨ ਅਸਮਾਨਾਂ ਵੇਖੇ ਪਾੜ, ਆਪ ਆਪਣਾ ਪੰਧ ਮੁਕਾਇੰਦਾ। ਆਪੇ ਸ੍ਰਿਸ਼ਟ ਸਬਾਈ ਲਾਏ ਅਖਾੜ, ਆਪਣਾ ਨਾਚ ਆਪ ਨਚਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਆਪਣਾ ਖੇਲ ਕਰ, ਆਪ ਆਪਣਾ ਕਰਮ ਕਮਾਇੰਦਾ। ਲੱਖ ਚੁਰਾਸੀ ਵੰਡ ਵੰਡਾ, ਹਰਿ ਸਾਚਾ ਖੇਲ ਖਿਲਾਇੰਦਾ। ਨੌ ਦਸ ਗਿਆਰਾਂ ਬੀਸ ਤੀਸ ਚਾਰ ਨਾਲ ਰਲਾ, ਆਪੇ ਵੇਖ ਵਖਾਇੰਦਾ। ਤ੍ਰੈਗੁਣ ਮਾਇਆ ਬੰਧਨ ਪਾ, ਏਕਾ ਡੋਰੀ ਨਾਲ ਬੰਧਾਇੰਦਾ। ਪੰਜ ਤੱਤ ਜੋਤ ਜਗਾ, ਆਪ ਆਪਣਾ ਡਗਮਗਾਇੰਦਾ। ਪੰਚ ਵਿਕਾਰਾ ਨਾਲ ਰਲਾ, ਕਾਮ ਕਰੋਧ ਲੋਭ ਮੋਹ ਹੰਕਾਰ ਨਾਉਂ ਧਰਾਇੰਦਾ। ਪੰਚਮ ਸਖੀਆਂ ਮੰਗਲ ਗਾ, ਪੰਚ ਸ਼ਬਦ ਅਨਾਦੀ ਢੋਲ ਵਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੱਖ ਚੁਰਾਸੀ ਵੇਖ ਵਖਾਇੰਦਾ । ਲੱਖ ਚੁਰਾਸੀ ਉਤਮ ਜ਼ਾਤ, ਮਾਨਸ ਮਾਨੁਖ ਆਪ ਕਰਾਈਆ। ਪੁਰਖ ਅਬਿਨਾਸ਼ੀ ਦੇਵੇ ਦਾਤ, ਆਤਮ ਬ੍ਰਹਮ ਵੱਡੀ ਵਡਿਆਈਆ। ਵੇਖੇ ਮਾਰ ਝਾਤ ਕਾਇਨਾਤ, ਨਰ ਨਰਾਇਣ ਅੱਖ ਖੁਲ੍ਹਾਈਆ। ਆਪੇ ਹੋਏ ਅੰਧੇਰੀ ਰਾਤ, ਸਾਚਾ ਚੰਨ ਆਪ ਚੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਖੇਲੇ ਖੇਲ ਅਗੰਮ ਅਪਾਰ, ਬੇਪਰਵਾਹ ਆਪ ਅਖਵਾਈਆ। ਬੇਪਰਵਾਹ ਹਰਿ ਬੇਅੰਤ, ਭੇਵ ਕੋਇ ਨਾ ਪਾਇੰਦਾ। ਖੇਲੇ ਖੇਲ ਆਦਿ ਅੰਤ, ਜੁਗ ਜੁਗ ਆਪਣੀ ਵੰਡ ਵੰਡਾਇੰਦਾ। ਆਪੇ ਜਾਣੇ ਆਪਣੀ ਬਣਤ, ਆਪ ਆਪਣਾ ਨਾਉਂ ਧਰਾਇੰਦਾ। ਆਪੇ ਰੂਪ ਵਟਾਏ ਸਾਧ ਸੰਤ, ਗੁਰ ਪੀਰ ਅਵਤਾਰ ਹਰਿ ਆਪ ਅਖਵਾਇੰਦਾ। ਆਪੇ ਲੇਖਾ ਜਾਣੇ ਜੀਵ ਜੰਤ, ਲਿਖਣਹਾਰਾ ਦਿਸ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਵੇਸ ਧਰਾਇੰਦਾ। ਵੇਸ ਅਵੱਲਾ ਆਪੇ ਕਰ, ਆਪਣਾ ਖੇਲ ਖਿਲਾਈਆ। ਸਤਿਜੁਗ ਤ੍ਰੇਤਾ ਦੁਆਪਰ ਵੰਡੀ ਵੰਡ, ਵੰਡਣਹਾਰਾ ਬੇਪਰਵਾਹੀਆ। ਖੇਲੇ ਖੇਲ ਵਿਚ ਬ੍ਰਹਿਮੰਡ, ਵਰਭੰਡੀ ਫੇਰਾ ਪਾਈਆ। ਪਾਵੇ ਸਾਰ ਜੇਰਜ ਅੰਡ, ਉਤਭੁਜ ਸੇਤਜ ਫੋਲ ਫੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਕਰਤਾ ਆਪ ਅਖਵਾਈਆ। ਜੁਗ ਕਰਤਾ ਹਰਿ ਏਕੰਕਾਰ, ਏਕਾ ਏਕ ਅਖਵਾਇੰਦਾ। ਸਤਿਜੁਗ ਪਾਵੇ ਸਾਰ, ਸ਼ਬਦ ਸੁੱਤ ਵੇਖ ਵਖਾਇੰਦਾ। ਤ੍ਰੇਤਾ ਦੁਆਪਰ ਲਾਏ ਪਾਰ, ਆਪਣਾ ਬੇੜਾ ਆਪ ਚਲਾਇੰਦਾ। ਕਲਜੁਗ ਅੰਤਮ ਆਈ ਵਾਰ, ਹਰਿ ਸਾਚਾ ਖੇਲ ਖਿਲਾਇੰਦਾ । ਬੋਧ ਗਿਆਨ ਕਰ ਉਜਿਆਰ, ਏਕਾ ਮਤ ਸਮਝਾਇੰਦਾ। ਏਕਾ ਕਲਮਾ ਭਰ ਭੰਡਾਰ, ਨਬੀ ਰਸੂਲਾਂ ਆਪ ਸਿਖਾਇੰਦਾ। ਈਸਾ ਮੂਸਾ ਸਿਰਜਣਹਾਰ, ਸਿਰ ਸਿਰ ਰਿਜ਼ਕ ਸਬਾਇੰਦਾ। ਰਾਜ਼ਕ ਰਹੀਮ ਬੇਐਬ ਪਰਵਰਦਿਗਾਰ, ਲਾਸ਼ਰੀਕ ਇਕ ਅਖਵਾਇੰਦਾ। ਸੰਗ ਮੁਹੰਮਦ ਚਾਰ ਯਾਰ, ਸਚ ਸ਼ਰੀਅਤ ਆਪ ਜਣਾਇੰਦਾ। ਹੱਕ ਹਕੀਕਤ ਪਾਵੇ ਸਾਰ, ਭੇਵ ਅਭੇਦ ਭੇਵ ਖੁਲਾਇੰਦਾ। ਅੰਜੀਲ ਕੁਰਾਨ ਕਰ ਤਿਆਰ, ਤੀਸ ਬਤੀਸਾ ਆਪੇ ਗਾਇੰਦਾ। ਖ਼ਲਕ ਖ਼ੁਦਾਈ ਵੇਖ ਵਿਚਾਰ, ਖ਼ਾਲਕ ਖ਼ਲਕ ਰੂਪ ਵਟਾਇੰਦਾ। ਸਾਲਸ ਬਣੇ ਅੰਤਮ ਵਾਰ, ਚੌਦਾਂ ਲੋਕਾਂ ਫੋਲ ਫੁਲਾਇੰਦਾ। ਏਕਾ ਨਾਅਰਾ ਬੋਲ ਜੈਕਾਰ, ਐਨਲਹੱਕ ਸੁਣਾਇੰਦਾ। ਸਰਬ ਜੀਆਂ ਦਾ ਸਾਂਝਾ ਯਾਰ, ਘਰ ਸਾਚੇ ਆਸਣ ਲਾਇੰਦਾ। ਹੱਕ ਹੱਕ ਹੱਕ ਮੁਕਾਮੇ ਹੋ ਤਿਆਰ, ਆਪ ਆਪਣਾ ਦਰ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਰੰਗ ਰੰਗਾਇੰਦਾ । ਕਲਜੁਗ ਅੰਤਮ ਰੰਗ ਅਵੱਲਾ, ਹਰਿ ਸਾਚਾ ਆਪ ਰੰਗਾਇੰਦਾ। ਆਪੇ ਰੂਪ ਵਟਾਇਆ ਰਾਣੀ ਅੱਲਾ, ਨੂਰੋ ਨੂਰ ਡਗਮਗਾਇੰਦਾ। ਆਪੇ ਨਾਉਂ ਧਰਾਇਆ ਹਰਿ ਬਿਸਮਿਲਾ, ਬਿਸਮਲ ਰੂਪ ਆਪ ਹੋ ਜਾਇੰਦਾ। ਆਪ ਕੱਟੇ ਆਪਣਾ ਛਿਲਾ, ਆਪ ਆਪਣਾ ਮੁਖ ਛੁਪਾਇੰਦਾ। ਆਪੇ ਰੂਪ ਵਟਾਏ ਕੱਕਾ ਬੂਰਾ ਬਿਲਾ, ਆਪ ਆਪਣਾ ਰੰਗ ਚੜ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਸਾਚਾ ਵੇਖ ਵਖਾਇੰਦਾ। ਕਲਜੁਗ ਸੂਰਾ ਸੂਰਬੀਰ ਬਲਵਾਨ, ਲੋਕਮਾਤ ਲਏ ਅੰਗੜਾਈਆ। ਚਾਰੋਂ ਕੁੰਟ ਵੇਖੇ ਮਾਰ ਧਿਆਨ, ਆਪ ਆਪਣਾ ਬਲ ਧਰਾਈਆ। ਨਾਲ ਰਲਾਏ ਪੰਜ ਸ਼ੈਤਾਨ, ਘਰ ਸਾਚੇ ਵੱਜੀ ਵਧਾਈਆ। ਜੂਠ ਝੂਠ ਰਸਨਾ ਚਿਲੇ ਚੜ੍ਹੇ ਕਮਾਨ, ਮਾਇਆ ਮਮਤਾ ਲੋਭ ਮੋਹ ਹੰਕਾਰ ਇਕ ਨਿਸ਼ਾਨ ਬਣਾਈਆ। ਨੌ ਖੰਡ ਪ੍ਰਿਥਮੀ ਸੱਤ ਦੀਪ ਸਤਿ ਧਰਮ ਸਰਬ ਦਾ ਹੁੱਲੇ, ਧੀਰਜ ਧੀਰ ਨਾ ਕੋਇ ਧਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਖੇਲੇ ਖੇਲ ਬੇਪਰਵਾਹੀਆ। ਕਲਜੁਗ ਸਾਚਾ ਹੋ ਤਿਆਰ, ਲੋਕਮਾਤ ਵੇਸ ਵਟਾਇੰਦਾ। ਅੱਲਾ ਰਾਣੀ ਕਰੇ ਪਿਆਰ, ਸਾਚਾ ਸੰਗ ਨਿਭਾਇੰਦਾ। ਮਿਲਿਆ ਮੀਤ ਮੁਹੰਮਦ ਯਾਰ, ਘਰ ਸਾਚੇ ਖ਼ੁਸ਼ੀ ਮਨਾਇੰਦਾ। ਈਸਾ ਮੂਸਾ ਦਏ ਸਹਾਰ, ਆਪ ਆਪਣਾ ਰੰਗ ਰੰਗਾਇੰਦਾ। ਚਾਰੋਂ ਕੁੰਟ ਗੜ੍ਹ ਹੰਕਾਰ, ਝੂਠਾ ਬੁਰਜ ਬਣਾਇੰਦਾ। ਉਚਾ ਕੂਕੇ ਕਰੇ ਪੁਕਾਰ, ਆਪਣਾ ਨਾਅਰਾ ਲਾਇੰਦਾ। ਪਾਰਬ੍ਰਹਮ ਪ੍ਰਭ ਸੁਨਣੇਹਾਰ, ਲੋਆਂ ਪੁਰੀਆਂ ਵੇਖ ਵਖਾਇੰਦਾ। ਲੋਕਮਾਤ ਪਾਵੇ ਸਾਰ, ਜੀਵ ਜੰਤ ਸਰਬ ਕੁਰਲਾਇੰਦਾ। ਧਰਨੀ ਧਰਤ ਧਵਲ ਕਰੇ ਪੁਕਾਰ, ਨੇਤਰ ਨੀਰ ਸਰਬ ਵਹਾਇੰਦਾ। ਸਾਧ ਸੰਤ ਰੋ ਰੋ ਧਾਈ ਰਹੇ ਮਾਰ, ਧੀਰਜ ਧੀਰ ਨਾ ਕੋਇ ਧਰਾਇੰਦਾ। ਪੰਡਤ ਪਾਂਧੇ ਹੋਏ ਖ਼ਵਾਰ, ਤਿਲਕ ਲਲਾਟ ਨਾ ਕੋਇ ਜਗਾਇੰਦਾ। ਸਾਚਾ ਬ੍ਰਹਮ ਨਾ ਕਰੇ ਵਿਚਾਰ, ਬ੍ਰਹਿਮਣ ਸ਼ੱਤਰੀ ਸ਼ੂਦਰ ਵੈਸ਼ ਆਪਣੀ ਵੰਡ ਵੰਡਾਇੰਦਾ । ਖਾਲੀ ਹੋਏ ਭਰੇ ਭੰਡਾਰ, ਹਰਿ ਕਾ ਨਾਮ ਨਾ ਕੋਇ ਵਰਤਾਇੰਦਾ। ਚਾਰੋਂ ਕੁੰਟ ਦਹਿ ਦਿਸ਼ਾ ਕਾਮ ਕਰੋਧ ਲੋਭ ਮੋਹ ਹੰਕਾਰ, ਕਾਲੀ ਚੋਲੀ ਰੰਗ ਰੰਗਾਇੰਦਾ। ਕਾਲਾ ਸੂਸਾ ਤਨ ਸ਼ਿੰਗਾਰ, ਈਸਾ ਮੂਸਾ ਜੋਬਨ ਹੰਢਾਇੰਦਾ। ਪੁਰਖ ਅਬਿਨਾਸ਼ੀ ਵੇਖੇ ਜਗਤ ਤਮਾਸ਼ਾ, ਆਪ ਆਪਣਾ ਪੜਦਾ ਲਾਹਿੰਦਾ। ਸਚਖੰਡ ਦਵਾਰੇ ਪਾਏ ਸਾਚੀ ਰਾਸਾ, ਸੋਭਾਵੰਤ ਨਾਉਂ ਧਰਾਇੰਦਾ। ਸਾਧਾਂ ਸੰਤਾਂ ਜੀਆਂ ਜੰਤਾਂ ਦੇਵੇ ਇਕ ਭਰਵਾਸਾ, ਏਕਾ ਸ਼ਬਦ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕੰਕਾਰਾ ਕਰ ਆਕਾਰ, ਸਰਗੁਣ ਰੂਪ ਕਰ ਪਸਾਰ, ਲੋਕਮਾਤ ਫੇਰਾ ਪਾਇੰਦਾ। ਨਿਰਗੁਣ ਸਰਗੁਣ ਭੇਵ ਅਪਾਰਾ, ਹਰਿ ਸਾਚਾ ਆਪ ਰਖਾਈਆ। ਨਿਰਗੁਣ ਸਰਗੁਣ ਹੋ ਉਜਿਆਰਾ, ਪੰਜ ਤੱਤ ਮੇਲ ਮਿਲਾਈਆ। ਨਿਰਗੁਣ ਨੂਰ ਸਰਗੁਣ ਜੋਤ ਉਜਿਆਰਾ, ਨਾਨਕ ਨਾਮ ਮਿਲੇ ਵਡਿਆਈਆ। ਪੁਰਖ ਅਬਿਨਾਸ਼ੀ ਖਿਚ ਬਹਾਏ ਚਰਨ ਦਵਾਰਾ, ਅੰਤਰ ਆਤਮ ਇਕ ਲਿਵ ਲਾਈਆ। ਦੋ ਜਹਾਨਾਂ ਏਕਾ ਧਾਰਾ, ਸਚਖੰਡ ਦਵਾਰ ਧਰਨੀ ਧਰਤ ਵਖਾਈਆ। ਆਵੇ ਜਾਵੇ ਵਾਰੋ ਵਾਰ, ਦਿਸ ਕਿਸੇ ਨਾ ਆਈਆ। ਗੁਰ ਨਾਨਕ ਮਿਲਿਆ ਮੀਤ ਮੁਰਾਰ, ਘਰ ਸਾਚੇ ਵੱਜੇ ਵਧਾਈਆ। ਪਾਇਆ ਪੁਰਖ ਅਗੰਮ ਅਪਾਰ, ਵਿਛੜ ਕਦੇ ਨਾ ਜਾਈਆ। ਮੰਗੇ ਮੰਗ ਬਣ ਭਿਖਾਰ, ਪ੍ਰਭ ਭਿਛਿਆ ਝੋਲੀ ਪਾਈਆ। ਦੇਵੇ ਨਾਮ ਸਤਿ ਸਤਿ ਸਤਿ ਭੰਡਾਰ, ਲੋਕਮਾਤ ਆਵੇ ਚਾਈਂ ਚਾਈਂਆ। ਚਾਰ ਵਰਨਾਂ ਬਣ ਵਣਜਾਰ, ਏਕਾ ਵਣਜ ਰਿਹਾ ਕਰਾਈਆ। ਊਚਾਂ ਨੀਚਾਂ ਰਾਓ ਰੰਕਾਂ ਰਾਜ ਰਾਜਾਨਾਂ ਸ਼ਾਹ ਸੁਲਤਾਨਾਂ ਕਰੇ ਪਿਆਰ, ਹਸਤ ਕੀਟ ਏਕਾ ਰੰਗ ਰੰਗਾਈਆ। ਏਕਾ ਲਾਏ ਸਚ ਜੈਕਾਰ, ਨਾਮ ਸਤਿ ਕਰੇ ਪੜ੍ਹਾਈਆ। ਸ਼ੱਤਰੀ ਸ਼ੂਦਰ ਬ੍ਰਹਿਮਣ ਵੈਸ਼ ਸੋਹਿਣ ਇਕ ਦਵਾਰ, ਹਿੰਦੂ ਮੁਸਲਮ ਨਾਲ ਰਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਖੇਲ ਆਪ ਖਿਲਾਈਆ। ਸਤਿਗੁਰ ਨਾਨਕ ਸਚ ਗਿਆਨ ਚਾਰ ਵਰਨਾਂ ਆਪ ਜਣਾਇੰਦਾ। ਏਕਾ ਬਖ਼ਸ਼ੇ ਪੁਰਖ ਅਬਿਨਾਸ਼ੀ ਚਰਨ ਕਵਲ ਧਿਆਨ, ਦੂਸਰ ਇਸ਼ਟ ਨਾ ਕੋਇ ਵਖਾਇੰਦਾ। ਸਰਬ ਜੀਆਂ ਦਾ ਸਾਚਾ ਕਾਹਨ, ਲੱਖ ਚੁਰਾਸੀ ਗੋਪੀ ਆਪ ਨਚਾਇੰਦਾ। ਸਰਬ ਜੀਆਂ ਦਾ ਸਾਚਾ ਰਾਮ, ਸੀਤਾ ਸੁਰਤੀ ਆਪ ਪਰਨਾਇੰਦਾ। ਸਰਬ ਜੀਆਂ ਦਾ ਨਾਮ ਸਤਿ ਸਤਿ ਨਾਮ, ਨਾਮ ਸਤਿ ਮੰਤਰ ਆਪ ਦ੍ਰਿੜਾਇੰਦਾ। ਸਰਬ ਜੀਆਂ ਦਾ ਸਾਚਾ ਜਾਮ, ਅੰਮ੍ਰਿਤ ਪਿਆਲਾ ਜਾਮ ਪਿਆਇੰਦਾ। ਸਰਬ ਜੀਆਂ ਦਾ ਸਾਚਾ ਗਰਾਮ, ਨਗਰ ਖੇੜਾ ਸਚਖੰਡ ਦਵਾਰ ਆਪ ਵਖਾਇੰਦਾ। ਸਰਬ ਜੀਆਂ ਦਾ ਸਾਚਾ ਨਾਮ, ਨਾਮ ਅਧਾਰੀ ਦਇਆ ਕਮਾਇੰਦਾ। ਸਰਬ ਜੀਆਂ ਦਾ ਸਾਚਾ ਕਾਮ, ਰਸਨਾ ਜੇਹਵਾ ਹਰਿ ਗੁਣ ਗਾਇੰਦਾ। ਸਰਬ ਜੀਆਂ ਦਾ ਸਾਚਾ ਮਾਣ, ਨਾਮ ਨਿਸ਼ਾਨਾ ਏਕਾ ਲਾਇੰਦਾ। ਸਰਬ ਜੀਆਂ ਦਾ ਮਾਣ ਤਾਣ, ਹਰਿ ਸਤਿਗੁਰ ਆਪ ਅਖਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਖ ਆਪੇ ਧਰ, ਜੋਤੀ ਜੋਤ ਡਗਮਗਾਇੰਦਾ। ਜੋਤੀ ਨੂਰ ਜੋਤ ਉਜਾਲਾ, ਹਰਿ ਸ਼ਬਦ ਵੱਜੇ ਵਧਾਈਆ। ਆਪੇ ਸ਼ਾਹ ਆਪੇ ਕੰਗਾਲਾ, ਆਪੇ fਭੱਖਕ ਭਿਛਿਆ ਮੰਗਣ ਆਈਆ। ਆਪੇ ਸ਼ਬਦ ਸਰੂਪੀ ਬਣ ਦਲਾਲਾ, ਗੁਰਮੁਖ ਸਾਚੇ ਲਏ ਜਗਾਈਆ। ਆਪੇ ਸ਼ਬਦ ਅਨਾਦ ਵਜਾਏ ਤਾਲਾ, ਕਾਇਆ ਮੰਦਰ ਅੰਦਰ ਆਪਣੀ ਤਾਰ ਹਿਲਾਈਆ। ਆਪੇ ਦਰਸ ਆਪੇ ਬਣੇ ਰਖਵਾਲਾ, ਆਪਣੀ ਸੇਵਾ ਆਪ ਕਮਾਈਆ। ਆਪੇ ਨਿਵਾਸ ਲੱਖ ਚੁਰਾਸੀ ਜਗਤ ਜੰਜਾਲਾ, ਮਾਤ ਗਰਭ ਫੇਰ ਨਾ ਆਈਆ। ਗੁਰਮੁਖਾਂ ਦੇਵੇ ਨਾਮ ਸੱਚਾ ਧਨ ਮਾਲਾ, ਠਗ ਚੋਰ ਯਾਰ ਲੁੱਟ ਕੋਇ ਲੈ ਨਾ ਜਾਈਆ। ਆਪਣੀ ਚਲੇ ਅਵੱਲੜੀ ਚਾਲਾ, ਆਪਣਾ ਮਾਰਗ ਆਪੇ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਾਨਕ ਗੁਰ ਮੇਲਾ ਸਾਚੇ ਘਰ, ਘਰ ਸਾਚੇ ਵੱਜੀ ਵਧਾਈਆ। ਨਾਨਕ ਹਰਿ ਹਰਿ ਸਾਚਾ ਪਾਇਆ, ਵਿਛੜ ਕਦੇ ਨਾ ਜਾਈਆ। ਪੰਜ ਤੱਤ ਚੋਲਾ ਜਗਤ ਹੰਢਾਇਆ, ਅੰਤਮ ਸ੍ਰਿਸ਼ਟ ਸਬਾਈ ਗਿਆ ਸਮਝਾਈਆ। ਕਲਜੁਗ ਲੇਖਾ ਰਹੇ ਬਕਾਇਆ, ਸਾਚੀ ਵੰਡ ਵੰਡਾਈਆ। ਅੰਤਮ ਵੇਲਾ ਰਾਹ ਤਕਾਇਆ, ਏਕਾ ਨੈਣ ਉਠਾਈਆ। ਪੁਰਖ ਅਬਿਨਾਸ਼ੀ ਆਵੇ ਵਾਹੋ ਦਾਹਿਆ, ਨਿਰਗੁਣ ਜੋਤ ਕਰ ਰੁਸ਼ਨਾਈਆ। ਨਿਹਕਲੰਕ ਹਰਿ ਨਾਉਂ ਰਖਾਇਆ, ਮਾਤ ਗਰਭ ਨਾ ਫੇਰਾ ਪਾਈਆ। ਭੈਣ ਭਾਈ ਨਾ ਕੋਇ ਬਣਾਇਆ, ਪਿਤਾ ਪੂਤ ਨਾ ਕੋਇ ਅਖਵਾਈਆ। ਧੀ ਜਵਾਈ ਨਾ ਸੰਗ ਰਲਾਇਆ, ਘਰ ਬੈਠ ਨਾ ਕਰੇ ਸੰਭਾਲ, ਘਰ ਬੈਠ ਨਾ ਸੇਜ ਨਾ ਸੀਸ ਸਿਹਰਾ ਕੋਇ ਬੰਧਾਈਆ। ਜਗਤ ਖਜੂਰੇ ਨਾ ਕੋਈ ਚੜ੍ਹਾਇਆ, ਵਾਗ ਗੁੰਦਣ ਭੈਣ ਕੋਇ ਨਾ ਆਈਆ। ਨਾਈ ਨੈਣ ਨਾ ਕੋਇ ਰਖਾਇਆ, ਨਾ ਕੋਈ ਮੰਗੇ ਅੱਗੇ ਝੋਲੀ ਡਾਹੀਆ। ਚਾਰ ਕਹਾਰ ਲਾੜੀ ਡੋਲੀ ਨਾ ਕੋਈ ਉਠਾਇਆ, ਨਾ ਕੋਈ ਪੱਲੂ ਗੰਢ ਬੰਧਾਈਆ। ਕਲਜੁਗ ਵੇਲਾ ਪਾਰਬ੍ਰਹਮ ਏਕੰਕਾਰਾ ਆਪਣਾ ਆਪ ਦਏ ਸੁਹਾਇਆ, ਨਿਰਗੁਣ ਜੋਤ ਕਰੇ ਰੁਸ਼ਨਾਈਆ। ਸ਼ਬਦ ਡੰਕਾ ਏਕਾ ਦਏ ਵਜਾਇਆ, ਬ੍ਰਹਮਾ ਵਿਸ਼ਨ ਸ਼ਿਵ ਕਰੋੜ ਤੇਤੀਸਾ ਦੇਵਤ ਸੁਰ ਸੁਰਪਤ ਰਾਜਾ ਇੰਦ ਜਾਏ ਬੌਹੜ, ਗਣ ਗੰਧਰਬ ਕਿੰਨਰ ਯੱਛਪ ਆਪ ਉਠਾਈਆ। ਲੱਖ ਚੁਰਾਸੀ ਵੇਖੇ ਖੇਲ ਤਮਾਸ਼, ਪਾਰਬ੍ਰਹਮ ਵੱਡੀ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਅਜੂਨੀ ਰਹਿਤ ਮੂਰਤ ਅਕਾਲ ਨਿਰਗੁਣ ਰੂਪ ਦੀਨ ਦਿਆਲ, ਨਿਰਭੈ ਰੂਪ ਆਪ ਵਟਾਈਆ। ਸਤਿਗੁਰ ਨਾਨਕ ਸਾਚੀ ਧਾਰ, ਲੋਕਮਾਤ ਇਹ ਸਮਝਾਇੰਦਾ। ਏਕਾ ਜੋਤ ਦਸ ਅਵਤਾਰ, ਗੁਰ ਗੋਬਿੰਦ ਖੇਲ ਖਿਲਾਇੰਦਾ। ਗੋਬਿੰਦ ਸਤਿ ਪੁਰਖ ਅਕਾਲ, ਘਰ ਸਾਚੇ ਸੋਭਾ ਪਾਇੰਦਾ। ਫਲ ਲਗਾਏ ਚਾਰ ਵਰਨ ਡਾਲ੍ਹ, ਪੰਚਮ ਮੇਲ ਮਿਲਾਇੰਦਾ। ਆਪ ਬਣਾਏ ਆਪਣੇ ਲਾਲ, ਅੰਮ੍ਰਿਤ ਸਾਚਾ ਜਾਮ ਪਿਆਇੰਦਾ। ਸਤਿ ਸਤਿਵਾਦੀ ਬੰਨ੍ਹੇ ਸੀਸ ਦਸਤਾਰ, ਸਾਚਾ ਰੰਗ ਰੰਗਾਇੰਦਾ। ਸ਼ਬਦ ਤਨ ਗਾਤਰੇ ਇਕ ਕਟਾਰ, ਧੀਰਜ ਜਤ ਆਪ ਬੰਧਾਇੰਦਾ। ਕੰਗਣ ਪਾਏ ਅਪਰ ਅਪਾਰ, ਨਾਮ ਬੰਧਨ ਬੰਧ ਬੰਧਾਇੰਦਾ। ਆਪ ਆਪਣਾ ਉਤੋਂ ਵਾਰ, ਆਪ ਆਪਣੀ ਮੰਗ ਮੰਗਾਇੰਦਾ। ਗੁਰਮੁਖਾਂ ਅੱਗੇ ਬਣੇ ਭਿਖਾਰ, ਆਪ ਆਪਣੀ ਇਛਿਆ ਪੂਰ ਕਰਾਇੰਦਾ। ਆਪੇ ਨਾਤਾ ਤੋੜ ਸੰਸਾਰ, ਪੁਰਖ ਅਕਾਲ ਏਕ ਮਨਾਇੰਦਾ। ਆਪੇ ਸੱਥਰ ਸੇਜ ਕੰਤ ਪਸਾਰ, ਆਪ ਆਪਣਾ ਰਾਹ ਤਕਾਇੰਦਾ। ਪਾਰਬ੍ਰਹਮ ਪ੍ਰਭ ਪਾਵੇ ਸਾਰ, ਆਪ ਆਪਣਾ ਮੇਲ ਮਿਲਾਇੰਦਾ। ਦੋਹਾਂ ਵਿਚੋਲਾ ਨਿਰਗੁਣ ਧਾਰ, ਦਿਸ ਕਿਸੇ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦਵਾਰੇ ਬੈਠਾ ਵੜ, ਘਰ ਸਾਚਾ ਆਪ ਸੁਹਾਇੰਦਾ। ਪੁਰਖ ਅਕਾਲ ਗੋਬਿੰਦ ਮੇਲਾ, ਹਰਿ ਸਤਿਗੁਰ ਆਪ ਕਰਾਈਆ। ਆਪੇ ਗੁਰੂ ਗੁਰੂ ਗੁਰ ਚੇਲਾ, ਗੁਰ ਚੇਲਾ ਨਾਉਂ ਧਰਾਈਆ। ਸਤਿ ਪੁਰਖ ਨਿਰੰਜਣ ਸੱਜਣ ਸੁਹੇਲਾ, ਦਰ ਘਰ ਸਾਚਾ ਇਕ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਵੇਖੇ ਆਪਣਾ ਘਰ, ਆਪੇ ਬੰਦ ਕਰਾਈਆ। ਪਾਰਬ੍ਰਹਮ ਬ੍ਰਹਮ ਰੂਪ ਹਰਿ ਸੱਜਣ ਵਡ ਵਡਿਆਈਆ। ਆਦਿ ਜੁਗਾਦੀ ਠੰਡਾ ਸੀਤ, ਸਤਿ ਰੂਪ ਆਪ ਹੋ ਜਾਈਆ। ਕਰੇ ਕਰਾਏ ਪਤਿਤ ਪੁਨੀਤ, ਪਤਿਤ ਪਾਵਣ ਵਡ ਵਡਿਆਈਆ। ਸ਼ਬਦ ਜਣਾਏ ਸੁਹਾਗੀ ਗੀਤ, ਵਾਹਵਾ ਵਾਹਿਗੁਰੂ ਫਤਿਹ ਗਜਾਈਆ। ਸਾਚਾ ਦੇਹੁਰਾ ਮੰਦਰ ਮਸੀਤ, ਗੁਰਸਿਖ ਤੇਰਾ ਕਾਇਆ ਹੱਟ ਵਖਾਈਆ। ਅੱਠੇ ਪਹਿਰ ਪਰਖਣਹਾਰਾ ਨੀਤ, ਘਰ ਬੈਠਾ ਆਸਣ ਲਾਈਆ। ਦਿਵਸ ਰੈਣ ਵਸੇ ਚੀਤ, ਵਿਛੜ ਕਦੇ ਨਾ ਜਾਈਆ। ਸੁਣਾਉਂਦਾ ਅੰਦਰ ਰਹੇ ਸੁਹਾਗੀ ਗੀਤ, ਅਨਹਦ ਤਾਲ ਤਲਵਾੜਾ ਰਿਹਾ ਵਜਾਈਆ। ਜੋਤੀ ਜਗੇ ਪਤਿਤ ਪੁਨੀਤ, ਸਤਿਗੁਰ ਪੂਰਾ ਆਪ ਜਗਾਈਆ। ਗੁਰਸਿਖ ਤੇਰੀ ਕੋਇ ਨਾ ਕਰੇ ਰੀਸ, ਤੇਰੇ ਅੰਦਰ ਵੜਿਆ ਸਾਚਾ ਮਾਹੀਆ। ਤੇਰਾ ਰੂਪ ਹਰਿ ਹਰਿ ਧਰਿਆ ਹਸਤ ਕੀਟ, ਊਚ ਨੀਚ ਨਾ ਕੋਈ ਵਡਿਆਈਆ। ਲੱਖ ਚੁਰਾਸੀ ਸੁੱਤਾ ਦੇ ਕਰ ਪੀਠ, ਪੰਜ ਪਿਆਰੇ ਅੰਦਰ ਬੈਠਾ ਜੋਤ ਜਗਾਈਆ। ਕਲਜੁਗ ਅੰਤ ਚਲਾਈ ਸਾਚੀ ਰੀਤ, ਸਾਚਾ ਪੰਥ ਇਕ ਸਜਾਈਆ। ਏਕਾ ਗ੍ਰੰਥ ਗੁਰੂ ਇਸ਼ਟ ਚਰਨ ਪ੍ਰੀਤ, ਦੂਜਾ ਦਰ ਨਾ ਕੋਇ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਰਚਨ ਆਪ ਰਚਾਈਆ। ਸਤਿਗੁਰ ਗੋਬਿੰਦ ਹੋ ਮਿਹਰਵਾਨ, ਘਰ ਸਾਚੇ ਖ਼ੁਸ਼ੀ ਮਨਾਇੰਦਾ। ਸਭਨਾ ਦੇਵੇ ਸਿਖੀ ਦਾਨ, ਸਾਚੀ ਸਿਖਿਆ ਇਕ ਸਮਝਾਇੰਦਾ। ਗੁਰਸਿਖ ਤੇਰੇ ਕਾਇਆ ਮੰਦਰ ਹੋਵੇ ਪਰਕਾਸ਼, ਜੋਤ ਨਿਰੰਜਣ ਸਹਾਏ ਰਵ ਸਸ ਚੰਦ ਸ਼ਰਮਾਇੰਦਾ। ਤੇਰਾ ਰਾਹ ਤੱਕਣ ਗੋਪੀ ਕਾਹਨ, ਦਿਵਸ ਰੈਣ ਨੈਣ ਉਠਾਇੰਦਾ। ਤੇਰੇ ਚਰਨ ਧਿਆਨ ਲਗਾਇਣ ਬ੍ਰਹਮਾ ਵਿਸ਼ਨ ਸ਼ਿਵ ਕਰ ਧਿਆਨ, ਦਰ ਤੇਰਾ ਉਚ ਸੁਹਾਇੰਦਾ। ਮੇਰਾ ਮੰਦਰ ਤੇਰਾ ਮਕਾਨ, ਸਚਖੰਡ ਦਵਾਰਾ ਸੋਭਾ ਪਾਇੰਦਾ। ਭੁੱਲ ਨਾ ਜਾਏ ਸਚ ਨਿਸ਼ਾਨ, ਸੀਸ ਦਸਤਾਰ ਇਕ ਬੰਨਾਇੰਦਾ। ਏਕਾ ਢਈਆ ਆਪੇ ਵੇਖੇ ਵਿਚ ਜਹਾਨ, ਕਲਜੁਗ ਰੇਖਾ ਅੰਤ ਮੁਕਾਇੰਦਾ। ਪਰਗਟ ਹੋਵੇ ਵਾਲੀ ਦੋ ਜਹਾਨ, ਨਿਹਕਲੰਕਾ ਨਾਉਂ ਰਖਾਇੰਦਾ। ਗੁਰ ਗੋਬਿੰਦ ਸੂਰਬੀਰ ਸੁਲਤਾਨ, ਗੁਰ ਸਤਿਗੁਰ ਸਾਚਾ ਨਾਲ ਰਖਾਇੰਦਾ। ਪੰਜ ਤੱਤ ਨਾ ਵੇਖੇ ਕੋਇ ਕਰ ਧਿਆਨ, ਹੱਡ ਮਾਸ ਨਾੜੀ ਰਤ ਨਾ ਰਚਨ ਰਚਾਇੰਦਾ। ਏਕਾ ਚਿੱਲਾ ਤੀਰ ਕਮਾਨ, ਹਰਿ ਸ਼ਬਦੀ ਰੰਗ ਰੰਗਾਇੰਦਾ। ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਮਾਰੇ ਏਕਾ ਬਾਣ, ਲੱਖ ਚੁਰਾਸੀ ਬਚਿਆ ਕੋਇ ਰਹਿਣ ਨਾ ਪਾਇੰਦਾ। ਨਿਮਾਣਿਆਂ ਦੇਵੇ ਏਕਾ ਮਾਣ, ਗਰੀਬ ਨਿਮਾਣਿਆਂ ਗਲੇ ਲਗਾਇੰਦਾ। ਰਾਜ ਰਾਜਾਨਾਂ ਸ਼ਾਹ ਸੁਲਤਾਨਾਂ ਮੇਟੇ ਜਗਤ ਨਿਸ਼ਾਨ, ਸੀਸ ਤਾਜ ਨਾ ਕੋਇ ਰਖਾਇੰਦਾ। ਨੌ ਖੰਡ ਪ੍ਰਿਥਮੀ ਸੱਤਾਂ ਦੀਪਾਂ ਦੇਵੇ ਇਕ ਗਿਆਨ, ਪੁਰਖ ਅਕਾਲ ਏਕਾ ਇਸ਼ਟ ਵਖਾਇੰਦਾ। ਪਾਰਬ੍ਰਹਮ ਸਰਨਾਈ ਚਾਰ ਵਰਨ ਡਿਗਣ ਆਣ, ਬ੍ਰਹਮਾ ਵਿਸ਼ਨ ਸ਼ਿਵ ਨਾ ਕੋਇ ਧਿਆਇੰਦਾ। ਲੇਖਾ ਚੁਕਾਏ ਵੇਦ ਪੁਰਾਨ, ਅੰਜੀਲ ਕੁਰਾਨ ਨਾ ਕੋਇ ਪੜ੍ਹਾਇੰਦਾ। ਸ਼ਾਸਤਰ ਸਿਮਰਤ ਨਾ ਕਰੇ ਕੋਇ ਧਿਆਨ, ਤਿਲਕ ਲਲਾਟ ਨਾ ਕੋਇ ਵਖਾਇੰਦਾ। ਸ਼ਬਦ ਅਨਾਦੀ ਕਰ ਪਰਵਾਨ, ਘਰ ਘਰ ਮੰਗਲ ਸਾਚਾ ਗਾਇੰਦਾ। ਪੰਜ ਤੱਤ ਨਾ ਪੂਜਾ ਕਰੇ ਕੋਇ ਜਹਾਨ, ਨਿਰਗੁਣ ਸਤਿਗੁਰ ਇਕ ਅਖਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਆਪਣਾ ਖੇਲ ਖਿਲਾਇੰਦਾ। ਸਤਿਗੁਰ ਪੂਰਾ ਹਰਿ ਮਿਹਰਵਾਨ, ਵਡ ਵੱਡਾ ਵਡਿਆਈਆ। ਖੇਲੇ ਖੇਲ ਸਰਬ ਜਹਾਨ, ਘਟ ਘਟ ਬੈਠਾ ਆਸਣ ਲਾਈਆ। ਚੌਥੇ ਜੁਗ ਚਾਰ ਕੁੰਟ ਚਾਰ ਯਾਰੀ ਹੋਈ ਪਰਧਾਨ, ਜਗ ਪੂਜਾ ਰਹੀ ਕਰਾਈਆ। ਪੰਚਮ ਭੁੱਲਿਆ ਹਰਿ ਭਗਵਾਨ, ਪੰਚ ਵਿਕਾਰ ਕਰੀ ਕੁੜਮਾਈਆ। ਭੈਣਾਂ ਭਈਆ ਨਾ ਕੋਇ ਪਿਆਰ, ਪਿਤਾ ਪੂਤ ਪੁੱਤਰ ਧੀ ਨਾ ਕੋਇ ਅਖਵਾਈਆ। ਨਾਰੀ ਕੰਤ ਨਾ ਕਰੇ ਧਿਆਨ, ਵਿਭਚਾਰ ਕਰੇ ਸਰਬ ਲੋਕਾਈਆ। ਪਾਏ ਦਰਸ ਨਾ ਹਰਿ ਭਗਵਾਨ, ਆਤਮ ਹਿਰਸ ਨਾ ਕੋਇ ਮਿਟਾਈਆ। ਅੰਮ੍ਰਿਤ ਆਤਮ ਮਿਲੇ ਨਾ ਪੀਣ ਖਾਣ, ਮਦਿਰਾ ਜਾਮ ਪਿਆਲਾ ਮੁਖ ਲਗਾਈਆ । ਮਨੂਆ ਮਨ ਭੁੰਨ ਕਬਾਬ ਕੋਇ ਨਾ ਖਾਣ, ਜੀਵਾਂ ਹੱਤਿਆ ਸਰਬ ਕਮਾਈਆ। ਨਾ ਹੋਏ ਸਹਾਈ ਕ੍ਰਿਸ਼ਨਾ ਰਾਮ, ਜੋ ਜਨ ਬੈਠੇ ਹਰਿ ਭੁਲਾਈਆ। ਈਸਾ ਮੂਸਾ ਨਾ ਕਰੇ ਕਲਿਆਣ, ਜੋ ਜਨ ਬੈਠਾ ਮੁਖ ਭੁਵਾਈਆ। ਨਾਨਕ ਗੋਬਿੰਦ ਨਾ ਮਾਰੇ ਬਾਣ, ਤੀਰ ਜੋ ਗੁਰਮਤ ਰਹੇ ਗਵਾਈਆ। ਬਿਨ ਹਿਰਦੇ ਨਾ ਕੋਈ ਹੋਰ ਨਿਸ਼ਾਨ, ਨਾ ਕੋਈ ਬੇੜਾ ਬੰਨੇ ਲਾਈਆ। ਜੁਗਾ ਜੁਗੰਤਰ ਜੁਗ ਜੁਗ ਆਪ ਚੁਕਾਏ ਪਿਛਲੀ ਕਾਣ, ਅਗਲਾ ਲੇਖਾ ਆਪਣੇ ਹੱਥ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਖੇਲੇ ਖੇਲ ਬੇਪਰਵਾਹੀਆ। ਆਪੇ ਹਰਿ ਦਵਾਰ ਹਰਿ ਖੇਲ ਖਿਲਾਉਣਾ, ਪਰਬ੍ਰਹਮ ਪ੍ਰਭ ਬੇਅੰਤਿਆ। ਕਲਜੁਗ ਕੂੜਾ ਮੇਟ ਮਿਟਾਉਣਾ, ਮਿਥਿਆ ਜਾਣੇ ਸਾਧ ਸੰਤਿਆ। ਜੂਠ ਝੂਠ ਰਹਿਣ ਨਾ ਪਾਉਣਾ, ਮਾਇਆ ਮਮਤਾ ਮੋਹ ਚੁਕੰਤਿਆ। ਗੜ੍ਹ ਹੰਕਾਰੀ ਆਪੇ ਢਾਉਣਾ, ਘਰ ਸਾਚਾ ਇਕ ਸੁਹੰਤਿਆ। ਚਾਰ ਵਰਨਾਂ ਰੰਗ ਇਕ ਰੰਗਾਉਣਾ, ਭਰਮ ਭੁਲੇਖਾ ਦੂਰ ਕਢੰਤਿਆ। ਏਕਾ ਜੋਤੀ ਲੱਖ ਚੁਰਾਸੀ ਦੀਪਕ ਆਪ ਜਗਾਉਣਾ, ਆਪੇ ਜੋਤ ਪਰਕਾਸ਼ ਕਰੰਤਿਆ। ਨੌ ਖੰਡ ਪ੍ਰਿਥਮੀ ਇਕ ਗਿਆਨ ਦ੍ਰਿੜਾਉਣਾ, ਏਕਾ ਢੋਲਾ ਇਕ ਸੁਣੰਤਿਆ। ਸੱਤਾਂ ਦੀਪਾਂ ਏਕਾ ਮਾਰਗ ਲਾਉਣਾ, ਸੱਤ ਰੰਗ ਨਿਸ਼ਾਨਾ ਆਪ ਚੜੰਤਿਆ। ਸ੍ਰਿਸ਼ਟ ਸਬਾਈ ਏਕਾ ਸ਼ਾਹ ਅਖਵਾਉਣਾ, ਦੂਸਰ ਕੋਏ ਨਾ ਬਣਤ ਬਨੰਤਿਆ। ਰਾਜ ਜੋਗ ਏਕਾ ਰੰਗ ਰੰਗਾਉਣਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਆਪ ਆਪਣਾ ਵੇਸ ਵਟੰਤਿਆ। ਕਲਜੁਗ ਤੇਰਾ ਰੰਗ ਚਲੂਲ, ਹਰਿ ਸਾਚਾ ਵੇਖ ਵਖਾਈਆ। ਸ਼ੰਕਰ ਵੇਖੇ ਹੱਥ ਤ੍ਰਿਸੂਲ, ਬਾਸ਼ਕ ਤਸ਼ਕਾ ਗਲ ਲਟਕਾਈਆ। ਬ੍ਰਹਮਾ ਵੇਤਾ ਆਪਣਾ ਮਨਮੰਤਰ ਰਿਹਾ ਭੂਲ, ਆਪਣੇ ਦਰ ਕਰੇ ਪੜ੍ਹਾਈਆ। ਵਿਸ਼ਨੂੰ ਚੁੱਕੇ ਆਪਣਾ ਮੂਲ, ਲਹਿਣਾ ਲਹਿਣੇ ਝੋਲੀ ਪਾਈਆ। ਖੇਲੇ ਖੇਲ ਕੰਤ ਕੰਤੂਹਲ, ਹਰਿ ਸਾਚਾ ਬੇਪਰਵਾਹੀਆ। ਆਪਣੀ ਰਚਨਾ ਆਦਿ ਜੁਗਾਦੀ ਕਦੇ ਨਾ ਜਾਏ ਭੂਲ, ਅਭੁੱਲ ਆਪ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਤੋਲਣਹਾਰਾ ਸਾਚਾ ਤੋਲ, ਨਾਮ ਕੰਡੇ ਲਏ ਤੁਲਾਈਆ। ਕਲਜੁਗ ਅੰਤਮ ਤੋਲਣ ਆਇਆ, ਨਿਰਗੁਣ ਨੂਰ ਨੂਰ ਉਜਾਲਿਆ। ਏਕਾ ਧਾਰ ਬੋਲਣ ਆਇਆ, ਸੋ ਪੁਰਖ ਨਿਰੰਜਣ ਖੇਲ ਨਿਰਾਲਿਆ। ਏਕਾ ਚੋਲਾ ਬਦਲਣ ਆਇਆ, ਆਪੇ ਚਲੇ ਅਵੱਲੜੀ ਚਾਲਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਖੇਲੇ ਖੇਲ ਆਦਿ ਸ਼ਕਤ ਜੋਤ ਜਵਾਲਿਆ। ਆਦਿ ਸ਼ਕਤ ਜੋਤ ਭਵਾਨੀ, ਅਸ਼ਟਭੁਜ ਉਠਾਇੰਦਾ। ਸਤਿ ਸਰੂਪੀ ਸ਼ਾਹੋ ਭੂਪੀ ਇਕ ਸੁਣਾਏ ਆਪਣੀ ਬਾਣੀ, ਆਪਣਾ ਰਾਗ ਅਨਹਦ ਸ਼ਬਦ ਆਪੇ ਜਾਣੇ ਅਕਥ ਕਹਾਣੀ ਆਪੇ ਆਪਣੀ ਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਵੇਖ ਵਖਾਇੰਦਾ। ਆਪੇ ਵਿਸ਼ਵ ਵਾਸਦੇਵ, ਵਾਸਤਕ ਰੂਪ ਅਨਭਵ ਰੂਪ ਵਟਾਇੰਦਾ। ਆਪੇ ਅਬਿਨਾਸ਼ੀ ਕਰਤਾ ਅਲਖ ਨਿਰੰਜਣ ਅਲਖ ਅਭੇਵ, ਵੇਸ ਅਨੇਕਾ ਰੂਪ ਧਰਾਇੰਦਾ। ਆਪੇ ਪਾਰਬ੍ਰਹਮ ਬ੍ਰਹਮ ਹੋਏ ਨਿਹਕੇਵ, ਨਿਰਗੁਣ ਸਰਗੁਣ ਖੇਲ ਖਿਲਾਇੰਦਾ। ਆਪੇ ਰੰਗ ਰਲੀਆਂ ਮਾਣੇ ਰਸਨਾ ਜੇਹਵ, ਬੱਤੀ ਦੰਦ ਆਪ ਹਿਲਾਇੰਦਾ। ਆਪੇ ਅੰਮ੍ਰਿਤ ਫਲ ਬਣੇ ਸਾਚਾ ਮੇਵ, ਆਪੇ ਕੌੜਾ ਰੰਗ ਚੜ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਆਪ ਆਪਣਾ ਵੇਸ ਵਟਾਇੰਦਾ। ਵੇਸ ਵਖੰਦੜਾ ਹਰਿ ਮਿਹਰਵਾਨ, ਆਪਣੀ ਕਲ ਵਰਤਾਈਆ। ਜੋਤ ਜਗੰਦੜਾ ਸ੍ਰੀ ਭਗਵਾਨ, ਨਿਰਗੁਣ ਨਾਉਂ ਧਰਾਈਆ। ਸ੍ਰਿਸ਼ਟ ਸਬਾਈ ਸਾਚਾ ਮਾਰਗ ਇਕ ਵਖੰਦੜਾ, ਏਕਾ ਪੰਥ ਬਣਾਈਆ। ਰਾਗ ਅਨਾਦੀ ਇਕ ਸੁਨੰਦੜਾ, ਏਕਾ ਢੋਲਾ ਗਾਈਆ। ਦੀਪਕ ਜੋਤੀ ਗਿਆਨ ਦ੍ਰਿੜੰਦੜਾ, ਦਿਭ ਦ੍ਰਿਸ਼ਟੀ ਇਕ ਖੁਲ੍ਹਾਈਆ। ਨੇਤਰ ਨੈਣ ਮੇਲ ਮਿਲੰਦੜਾ, ਲੋਚਨ ਕਰੇ ਸਰਬ ਰੁਸ਼ਨਾਈਆ। ਕਾਇਆ ਕਵਰੀ ਭਵਰੀ ਫੋਲ ਫੋਲੰਦੜਾ, ਡੂੰਘੀ ਕਵਰੀ ਵੇਖ ਵਖਾਈਆ। ਟੇਢੀ ਬੰਕ ਪਾਰ ਕਰਿੰਦੜਾ, ਸੁਖਮਨ ਪੰਧ ਮੁਕਾਈਆ। ਪੰਚਮ ਧਾੜ ਮੇਟ ਮਿਟੰਦੜਾ, ਆਸਾ ਤ੍ਰਿਸਨਾ ਰਿਹਾ ਗਵਾਈਆ। ਅੰਮ੍ਰਿਤ ਸਾਚਾ ਜਾਮ ਪਿਅੰਦੜਾ, ਕਾਗੋਂ ਹੰਸ ਬਣਾਈਆ। ਸ਼ਬਦ ਗੁਰ ਨਾਉਂ ਰਖੰਦੜਾ, ਪੰਜ ਤੱਤ ਨਾ ਮੇਲ ਮਿਲਾਈਆ। ਅੰਦਰ ਮੰਦਰ ਰਾਗ ਸੁਨੰਦੜਾ, ਅਨਹਦ ਸੇਵਾ ਲਾਈਆ। ਤਾਲ ਤਲਵਾੜਾ ਆਪ ਵਜੰਦੜਾ, ਗਹਿਰ ਗੰਭੀਰ ਵੱਡੀ ਵਡਿਆਈਆ। ਸੁਰਤ ਸਵਾਣੀ ਮੇਲ ਮਿਲੰਦੜਾ, ਆਪ ਆਪਣਾ ਬੰਧਨ ਪਾਈਆ। ਬਜਰ ਕਪਾਟੀ ਤੋੜ ਤfੜੰਦੜਾ, ਦੂਈ ਦਵੈਤੀ ਪੜਦਾ ਲਾਹੀਆ। ਆਤਮ ਸੇਜਾ ਇਕ ਸੁਹਿੰਦੜਾ, ਫੂਲਨ ਬਰਖਾ ਲਾਈਆ। ਦਸਮ ਦਵਾਰੀ ਘਰ ਵਸੰਦੜਾ, ਘਰ ਸਾਚੇ ਸੋਭਾ ਪਾਈਆ। ਸ਼ਬਦ ਕੰਤ ਹਰਿ ਮੇਲ ਮਿਲੰਦੜਾ, ਗੁਰਮੁਖ ਨਾਰੀ ਵੱਜੇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਹਰਿਜਨ ਸਾਚੇ ਵੇਖ ਵਖਾਈਆ। ਸਿਰਜਣਹਾਰ ਹਰਿ ਜਹਾਨਿਆ, ਪਾਰਬ੍ਰਹਮ ਬ੍ਰਹਮ ਗੁਰ ਕਰਤਾਰ। ਦੇਵੇੇ ਦਰਸ ਸ੍ਰੀ ਭਗਵਾਨਿਆ, ਆਪ ਆਪਣੀ ਕਿਰਪਾ ਧਾਰ। ਆਵਣ ਜਾਵਣ ਚੁੱਕੇ ਕਾਨਿਆ, ਨਾਤਾ ਤੁਟੇ ਸਰਬ ਸੰਸਾਰ। ਪਾਇਆ ਪੁਰਖ ਇਕ ਸੁਲਤਾਨਿਆ, ਦਰ ਘਰ ਸਾਚੇ ਮੇਲਾ ਕੰਤ ਭਤਾਰ। ਪਾਇਆ ਪਦ ਇਕ ਨਿਰਬਾਨਿਆ, ਘਰ ਚੌਥੇ ਮੀਤ ਮੁਰਾਰ। ਪੰਚਮ ਰਾਗ ਬਹਿ ਬਹਿ ਗਾਇਆ ਗਾਨਿਆ, ਘਰ ਸਖੀਆਂ ਮੰਗਲਚਾਰ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਸੰਤ ਸੁਹੇਲਾ ਲਾਏ ਪਾਰ। ਸੰਤ ਸੁਹੇਲੇ ਹਰਿ ਹਰਿ ਬੂਝਿਆ, ਆਪਣੀ ਬੂਝ ਬੁਝਾਇੰਦਾ । ਸਤਿਗੁਰ ਪੂਰਾ ਭੇਵ ਕੋਇ ਨਾ ਗੂਝਿਆ, ਆਪ ਆਪਣਾ ਰਾਗ ਅਲਾਇੰਦਾ। ਲੇਖ ਚੁਕਾਏ ਏਕਾ ਦੂਜਿਆ, ਤੀਜਾ ਨੇਤਰ ਇਕ ਦਰਸਾਇੰਦਾ। ਚੌਥੇ ਪਦ ਜੋ ਜਨ ਝੂਜਿਆ, ਆਵਣ ਜਾਵਣ ਨਾ ਕੋਇ ਗਣਾਇੰਦਾ। ਸਰਨ ਸਰਨਾਈ ਜੋ ਜਨ ਲੂਝਿਆ, ਦਰ ਪੰਚਮ ਸੋਭਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਦੇਵੇ ਸਾਚਾ ਵਰ, ਸਚ ਗਿਆਨ ਬ੍ਰਹਮ ਧਿਆਨ ਪਾਰਬ੍ਰਹਮ ਸਲਾਹਿੰਦਾ। ਆਤਮ ਬ੍ਰਹਮ ਬ੍ਰਹਮ ਗਿਆਨਾ, ਹਰਿਜਨ ਵੱਡੀ ਵਡਿਆਈਆ। ਆਤਮ ਅੰਤਰ ਇਕ ਧਿਆਨਾ, ਏਕਾ ਹਰਿ ਹਰਿ ਹਰਿ ਲਿਵ ਲਾਈਆ। ਆਤਮ ਅੰਤਰ ਸ਼ਬਦ ਬਬਾਨਾ, ਹਰਿ ਸਾਚਾ ਆਪ ਉਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਜੋਤੀ ਜਾਮਾ ਭੇਖ ਧਰ, ਨਿਹਕਲੰਕ ਨਰਾਇਣ ਨਰ, ਨਿਰਗੁਣ ਆਪਣਾ ਨਾਉਂ ਰਖਾਈਆ। ਨਿਰਗੁਣ ਦਾਤਾ ਬੇਪਰਵਾਹ, ਸ਼ਾਹੋ ਭੂਪ ਵਡ ਸੁਲਤਾਨਿਆ । ਕਲਜੁਗ ਅੰਤਮ ਬਣੇ ਜਗਤ ਮਲਾਹ, ਜਨ ਭਗਤਾਂ ਸੰਤਾਂ ਗੁਰਮੁਖਾਂ ਗੁਰਸਿਖਾਂ ਦੇਵੇ ਧੁਰ ਫ਼ਰਮਾਨਿਆ। ਚਾਰ ਕੁੰਟ ਦਹਿ ਦਿਸ਼ਾ ਨੌ ਖੰਡ ਪ੍ਰਿਥਮੀ ਘਰ ਘਰ ਉਡਨੇ ਕਾਂ, ਦੀਵਾ ਬੱਤੀ ਨਾ ਕੋਇ ਜਗਾਨਿਆ। ਮਾਂਵਾਂ ਪੁੱਤਰਾਂ ਨਾ ਪਕੜੇ ਕੋਈ ਬਾਂਹ, ਸਗਲਾ ਸੰਗ ਨਾ ਕੋਇ ਵਖਾਇੰਦਾ। ਕਲਜੁਗ ਜੂਠੇ ਝੂਠੇ ਜੀਵ ਜੰਤ ਸਾਧ ਸੰਤ ਕਰ ਜਾਣ ਨਾਂਹ, ਵੇਲੇ ਅੰਤ ਬਿਨ ਸਤਿਗੁਰ ਪੂਰੇ ਕੋਇ ਨਾ ਪਾਰ ਕਰਾਨਿਆ। ਨਿਥਾਵਿਆਂ ਦੇਵੇ ਨਾ ਕੋਈ ਥਾਂ, ਚਾਰੋਂ ਕੁੰਟ ਸਰਬ ਕੁਰਲਾਨਿਆ। ਏਕੰਕਾਰਾ ਹਰਿ ਨਿਰੰਕਾਰਾ ਨਿਰਗੁਣ ਧਾਰਾ ਜੁਗ ਜੁਗ ਆਵੇ ਕਰਨ ਨਿਆਂ, ਨਿਰਗੁਣ ਸਰਗੁਣ ਰੂਪ ਵਟਾਨਿਆ। ਗੁਰਮੁਖਾਂ ਲੱਖ ਚੁਰਾਸੀ ਨਿਵਾਏ ਲਿਆ, ਆਪਣੇ ਦਰ ਕਰੇ ਪਰਵਾਨਿਆ। ਜੋ ਜਨ ਰਸਨਾ ਜੇਹਵਾ ਹਰਿ ਹਰਿ ਰਹੇ ਗਾ, ਅੰਤਮ ਸੌਣਾ ਦੇ ਬਾਂਹ ਸਰਹਾਨਿਆ। ਜਗਤ ਸ਼ਕਤੀ ਨਾ ਸਕੇ ਕੋਈ ਮਿਟਾ, ਰੱਖੇ ਲਾਜ ਜੀਵਾਂ ਹਰਿ ਬਾਲ ਅੰਜਾਨਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਖੇਲੇ ਖੇਲ ਅਗੰਮੜਾ ਸ੍ਰਿਸ਼ਟ ਸਬਾਈ ਭੁੱਜੇ ਵਾਂਗਰ ਦਾਣਿਆਂ। ਕਲਜੁਗ ਅੰਤਮ ਹਰਿ ਨਿਰੰਕਾਰ ਆਪਣੀ ਖੇਲ ਖਿਲਾਇੰਦਾ। ਗੋਬਿੰਦ ਗੁਰ ਸੂਰਬੀਰ ਕਰ ਤਿਆਰ, ਸ਼ਬਦ ਅਗੰਮੀ ਧਾਰ ਨਾਲ ਵਖਾਇੰਦਾ। ਲੋਆਂ ਪੁਰੀਆਂ ਕਰੇ ਪਾਰ ਕਿਨਾਰ, ਨੀਲੀ ਧਾਰੋਂ ਨੀਲਾ ਪਾਰ ਕਰਾਇੰਦਾ। ਛੈਲ ਛਬੀਲਾ ਹੋ ਤਿਆਰ, ਗੁਰਸਿਖ ਕਬੀਲਾ ਵੇਖ ਵਖਾਇੰਦਾ। ਬਸਤਰ ਪੀਲਾ ਤਨ ਸ਼ਿੰਗਾਰ, ਆਪਣਾ ਹੀਲਾ ਆਪ ਕਰਾਇੰਦਾ। ਨਾਮ ਖੰਡਾ ਤੇਜ਼ ਕਟਾਰ, ਬਹੱਤਰ ਨਾੜੀ ਖੋਜ ਖੁਜਾਇੰਦਾ। ਲੱਖ ਚੁਰਾਸੀ ਮਾਰੇ ਮਾਰ, ਨਿਤ ਨਵਿਤ ਫੇਰਾ ਪਾਇੰਦਾ। ਸ਼ਾਹ ਸੁਲਤਾਨਾ ਕਰੇ ਖਵਾਰ, ਸੀਸ ਤਾਜ ਨਾ ਕੋਇ ਬੰਧਾਇੰਦਾ। ਬੀਸ ਬੀਸਾ ਮੰਗੇ ਮੰਗ ਬਣ ਭਿਖਾਰ, ਕਲਜੁਗ ਅੰਤਮ ਰਾਹ ਤਕਾਇੰਦਾ। ਜਗਤ ਜਗਦੀਸਾ ਹੋਏ ਸੱਚਾ ਸਿਕਦਾਰ, ਸਿਰ ਆਪਣੇ ਛਤਰ ਝੁਲਾਇੰਦਾ। ਨੌ ਖੰਡ ਪ੍ਰਿਥਮੀ ਬੋਲੇ ਇਕ ਜੈਕਾਰ, ਖ਼ਾਲਸ ਖ਼ਾਲਸਾ ਆਪ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਨਿਰਗੁਣ ਦਾਤਾ ਪੁਰਖ ਬਿਧਾਤਾ ਉਤਮ ਜ਼ਾਤਾ ਏਕਾ ਏਕ ਵਖਾਇੰਦਾ। ਉਤਮ ਜ਼ਾਤ ਚਾਰ ਵਰਨ, ਹਰਿ ਸਾਚਾ ਸਚ ਸਮਝਾਈਆ। ਉਤਮ ਜ਼ਾਤ ਸਤਿਗੁਰ ਸਰਨ, ਜਗਤ ਵਰਨ ਨਾ ਕੋਇ ਵਡਿਆਈਆ। ਉਤਮ ਜ਼ਾਤ ਖੁਲ੍ਹੇ ਹਰਨ ਫਰਨ, ਪ੍ਰਭ ਮਿਲੇ ਬੇਪਰਵਾਹੀਆ। ਉਤਮ ਜ਼ਾਤ ਚੁਕੇ ਮਰਨ ਡਰਨ, ਆਵਣ ਜਾਵਣ ਰਹਿਣ ਨਾ ਪਾਈਆ। ਉਤਮ ਜ਼ਾਤ ਮਿਲੇ ਮੇਲ ਹਰਿ ਕਰਨੀ ਕਰਨ, ਕਰਤਾ ਪੁਰਖ ਮੇਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਸ਼ਬਦ ਸਰੂਪੀ ਆਇਆ ਕਰਨ ਲੜਾਈਆ। ਸ਼ਬਦ ਸਰੂਪੀ ਸਚ ਮਰਦੰਗ, ਨੌ ਖੰਡ ਆਪ ਵਜਾਇੰਦਾ। ਸੰਮਤ ਵੀਹ ਸਦ ਸੋਲਾਂ ਬਿਕ੍ਰਮੀ ਵੰਡੇ ਵੰਡ, ਵਰਭੰਡੀ ਜੋਤ ਡਗਮਗਾਇੰਦਾ। ਵਰਨਾਂ ਬਰਨਾਂ ਕਰੇ ਖੰਡ ਖੰਡ, ਸਾਚਾ ਖੰਡਾ ਨਾਮ ਚਮਕਾਇੰਦਾ। ਲੱਖ ਚੁਰਾਸੀ ਨਾਰ ਦੋਹਾਗਣ ਰੰਡ, ਸਾਚਾ ਕੰਤ ਨਾ ਕੋਇ ਹੰਢਾਇੰਦਾ। ਦਰ ਦਰ ਵੇਖੇ ਭੇਖ ਪਾਖੰਡ, ਭੇਖ ਪਾਖੰਡੀ ਡੌਰੂ ਵਾਹਿੰਦਾ। ਪਾਵੇ ਸਾਰ ਵਿਚ ਬ੍ਰਹਿਮੰਡ, ਹਰਿ ਸਾਚੀ ਜੋਤ ਜਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਏਕੰਕਾਰਾ ਇਕ ਅਖਵਾਇੰਦਾ। ਨਿਹਕਲੰਕ ਧਾਮ ਅਵੱਲਾ, ਨਗਰ ਗਰਾਮ ਆਪਣਾ ਆਪ ਵਸਾਈਆ। ਸਾਢੇ ਤਿੰਨ ਹੱਥ ਅੰਦਰ ਕਰੇ ਬਿਸਰਾਮ, ਸੰਬਲ ਨਗਰੀ ਆਪ ਉਪਜਾਈਆ। ਆਪਣਾ ਫੜਿਆ ਨਿਰਗੁਣ ਬਾਣ, ਨਿਰਗੁਣ ਚਿੱਲੇ ਰਿਹਾ ਚੜ੍ਹਾਈਆ। ਨਿਰਗੁਣ ਬਣਿਆ ਲੋਹਾਰ ਤਰਖਾਨ, ਸ਼ਸਤਰ ਸ਼ਸਤਰ ਜੋੜ ਜੁੜਾਈਆ। ਨਿਰਗੁਣ ਚਾੜ੍ਹੀ ਆਪਣੀ ਪਾਣ, ਏਕਾ ਜੋਤੀ ਭੱਠੀ ਰਿਹਾ ਤਪਾਈਆ। ਨਿਰਗੁਣ ਪਾਣੀ ਠੰਡਾ ਪਾਏ ਆਣ, ਸਰ ਸਰੋਵਰ ਇਕ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਸਣਹਾਰਾ ਸਾਚੇ ਘਰ ਖੇਲ ਅਪਾਰ, ਨਾਮ ਖੰਡਾ ਕਰੇ ਤਿਆਰ, ਸੰਮਤ ਸੋਲਾਂ ਵੇਖ ਵਿਚਾਰ, ਪੰਦਰਾਂ ਕੱਤਕ ਹੋ ਖ਼ਬਰਦਾਰ, ਏਕਾ ਦੂਜਾ ਵੰਡ ਵੰਡਾਈਆ। ਸਾਚਾ ਖੰਡਾ ਕਰੇ ਤਿਆਰ, ਹਰਿ ਸਾਚੀ ਬਣਤ ਬਣਾਇੰਦਾ। ਤਿਖੀਆਂ ਰੱਖੇ ਦੋਵੇਂ ਧਾਰ, ਦੋਵੇਂ ਮੁਖ ਸਲਾਹਿੰਦਾ। ਚਾਰੋਂ ਕੁੰਟ ਮਾਰੇ ਮਾਰ, ਬ੍ਰਹਮਾ ਚਾਰੇ ਮੁਖ ਭਵਾਇੰਦਾ। ਦਹਿ ਦਿਸ਼ਾ ਕਰੇ ਖ਼ਵਾਰ, ਚਾਰ ਦੀਵਾਰੀ ਵੇਖ ਵਖਾਇੰਦਾ। ਪਾਏ ਹਿੱਸਾ ਹਰਿ ਗਿਰਧਾਰ, ਗ੍ਰਹਿ ਗ੍ਰਹਿ ਵੰਡ ਵੰਡਾਇੰਦਾ। ਕਿਸੇ ਨਾ ਦਿਸਾ ਵਿਚ ਸੰਸਾਰ, ਕੋਟਨ ਕੋਟੀ ਰਾਹ ਤਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਆਪੇ ਦਿਵਸ ਦਿਤਾ ਵਰ, ਦੂਜੇ ਦਿਵਸ ਘਾੜਨ ਦਏ ਘੜ, ਗੁਰਸਿਖ ਸਾਚੀ ਬਣਤ ਬਣਾਇੰਦਾ। ਗੁਰਸਿਖ ਕਾਇਆ ਘਾੜਨ ਘੜਿਆ, ਗੁਰ ਸਤਿਗੁਰ ਵਡ ਵਡਿਆਈਆ। ਗੁਰਮੁਖ ਗੁਰ ਗੁਰ ਆਪੇ ਫੜਿਆ, ਆਪ ਆਪਣਾ ਮੇਲ ਮਿਲਾਈਆ। ਗੁਰਸਿਖ ਅੰਦਰ ਗੁਰ ਗੁਰ ਆਪੇ ਵੜਿਆ, ਆਪ ਆਪਣਾ ਰੂਪ ਵਟਾਈਆ। ਗੁਰਸਿਖ ਮੰਦਰ ਗੁਰ ਗੁਰ ਆਪੇ ਚੜ੍ਹਿਆ, ਆਪਣਾ ਕੁੰਡਾ ਲਾਹੀਆ। ਗੁਰਸਿਖ ਅੰਦਰ ਗੁਰ ਗੁਰ ਆਪਣਾ ਅੱਖਰ ਆਪੇ ਪੜ੍ਹਿਆ, ਛੱਤੀ ਰਾਗ ਭੇਵ ਨਾ ਰਾਈਆ। ਗੁਰਸਿਖ ਅੰਦਰ ਗੁਰ ਗੁਰ ਆਪੇ ਖੜਿਆ, ਸਵੱਛ ਸਰੂਪੀ ਰੂਪ ਵਟਾਈਆ। ਗੁਰਸਿਖ ਸਾਚੀ ਤਰਨੀ ਜਗਤ ਤਰਿਆ, ਜੋ ਸਤਿਗੁਰ ਸਰਨਾਈ ਆਈਆ। ਕਲਜੁਗ ਮਰਨੀ ਕਦੇ ਨਾ ਮਰਿਆ, ਰਾਏ ਧਰਮ ਨਾ ਦਏ ਸਜਾਈਆ। ਚਿਤਰ ਗੁਪਤ ਕਿਸੇ ਨਾ ਫੜਿਆ, ਲਾੜੀ ਮੌਤ ਨਾ ਸਗਨ ਮਨਾਈਆ। ਦਰ ਘਰ ਸਾਚੇ ਦਰਗਹਿ ਸਾਚੀ ਚੜ੍ਹਿਆ, ਸਚਖੰਡ ਦਵਾਰੇ ਸੋਭਾ ਪਾਈਆ। ਸੰਤ ਭਗਵੰਤ ਕੰਤ ਗੁਰਮੁਖ ਨਾਰੀ ਆਪੇ ਖੜਿਆ, ਆਪਣੀ ਡੋਲੀ ਆਪੇ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਗੁਰਸਿਖ ਸਾਚੇ ਰਿਹਾ ਤਰਾਈਆ। ਤਾਰਨਹਾਰਾ ਪੁਰਖ ਸਮਰਥ, ਹਰਿ ਸਤਿਗੁਰ ਗੁਰ ਅਖਵਾਇੰਦਾ। ਸਦਾ ਸੁਹੇਲਾ ਰੱਖੇ ਦੇ ਕਰ ਹੱਥ, ਆਪ ਆਪਣੀ ਦਇਆ ਕਮਾਇੰਦਾ। ਪੰਚ ਵਿਕਾਰਾ ਦੇਵੇ ਮਥ, ਪੰਚ ਸ਼ਬਦ ਧੁਨ ਉਪਜਾਇੰਦਾ। ਪੰਚ ਜਣਾਏ ਸਾਚੀ ਗਾਥ, ਬੋਧ ਅਗਾਧ ਅਲ੍ਹਾਇੰਦਾ। ਪੰਚ ਚੁਕਾਏ ਲਹਿਣਾ ਦੇਣਾ ਮਸਤਕ ਮਾਥ, ਪੂਰਬ ਲਹਿਣਾ ਵੇਖ ਵਖਾਇੰਦਾ। ਸਤਿਗੁਰ ਪੂਰਾ ਇਕ ਕਰਾਏ ਪੂਜਾ ਪਾਠ, ਏਕਾ ਮੰਤਰ ਨਾਮ ਸੁਣਾਇੰਦਾ। ਏਕਾ ਤੀਰਥ ਏਕਾ ਤਾਟ, ਅਠਸਠ ਪੰਧ ਮੁਕਾਇੰਦਾ । ਚੌਦਾਂ ਲੋਕ ਵਖਾਏ ਏਕਾ ਹਾਟ, ਚਰਨ ਦਵਾਰਾ ਜਨ ਦਰਸਾਇੰਦਾ। ਜੁਗ ਜੁਗ ਵਿਛੜੇ ਜਨਮ ਜਨਮ ਦਾ ਪੂਰਾ ਕਰੇ ਘਾਟ, ਘਾਟਾ ਕੋਇ ਰਹਿਣ ਨਾ ਪਾਇੰਦਾ। ਲਹਿਣਾ ਦੇਣਾ ਚੁਕਾਏ ਸੀਆਂ ਸਾਢੇ ਤਿੰਨ ਤਿੰਨ ਹਾਥ, ਆਪ ਆਪਣੇ ਲੇਖੇ ਲਾਇੰਦਾ। ਗੁਰਸਿਖ ਪੰਜ ਤੱਤ ਸੜੇ ਅਗਨੀ ਕਾਠ, ਆਤਮ ਬ੍ਰਹਮ ਨਾ ਕੋਇ ਜਲਾਇੰਦਾ। ਜੇਹਵਾ ਯਸ ਹਿਲਾ ਰਘੁਨਾਥ, ਰਘੁਪਤ ਆਪੇ ਵੇਖ ਵਖਾਇੰਦਾ। ਥਿਰ ਘਰ ਸਾਚੇ ਸਚ ਨਿਵਾਸ, ਬ੍ਰਹਮ ਪਾਰਬ੍ਰਹਮ ਸਮਾਇੰਦਾ। ਜਨ ਭਗਤਾਂ ਪੂਰੀ ਕਰੇ ਆਸ, ਵੇਲੇ ਅੰਤਮ ਦਰਸ ਵਖਾਇੰਦਾ। ਹਰਿ ਸੰਤਾਂ ਸਚ ਘਰ ਕਰੇ ਵਾਸ, ਦਰਗਹਿ ਸਾਚੀ ਸੋਭਾ ਪਾਇੰਦਾ। ਗੁਰਮੁਖਾਂ ਬੁਝਾਏ ਲੱਗੀ ਪਿਆਸ, ਅੰਮ੍ਰਿਤ ਮੇਘ ਇਕ ਬਰਸਾਇੰਦਾ। ਗੁਰਸਿਖਾਂ ਦਵਾਰੇ ਦਾਸੀ ਦਾਸ, ਗੁਰ ਸਤਿਗੁਰ ਸੇਵ ਕਮਾਇੰਦਾ। ਅੰਤਮ ਕਰੇ ਬੰਦ ਖਲਾਸ, ਬੰਦੀ ਛੋੜ ਨਾਮ ਧਰਾਇੰਦਾ। ਸਦ ਬਲਿਹਾਰੀ ਬਲ ਬਲ ਜਾਸ, ਜੋ ਗੁਰ ਕਾ ਹੁਕਮ ਕਮਾਇੰਦਾ। ਆਦਿ ਜੁਗਾਦਿ ਨਾ ਹੋਏ ਵਿਨਾਸ, ਹਰਿ ਸਾਚਾ ਆਪਣੇ ਵਿਚ ਸਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਗੁਰ ਗੋਬਿੰਦ ਮੇਲ ਮਿਲਾਇੰਦਾ। ਗੋਬਿੰਦ ਮੇਲਾ ਹਰਿ ਦਵਾਰ, ਹਰਿ ਸੰਤਨ ਆਪ ਕਰਾਈਆ। ਜੋ ਜਨ ਮੰਗਣ ਬਣ ਭਿਖਾਰ, ਪ੍ਰਭ ਸਾਚੀ ਭਿਛਿਆ ਝੋਲੀ ਦਏ ਭਰਾਈਆ। ਦਰਸ ਵਖਾਏ ਖੋਲ੍ਹ ਕਿਵਾੜ, ਅੰਦਰ ਮੰਦਰ ਨਿਰਗੁਣ ਜੋਤ ਕਰ ਰੁਸ਼ਨਾਈਆ। ਕਲਜੁਗ ਅਗਨੀ ਤਪੇ ਨਾ ਤੱਤੀ ਹਾੜ, ਰੁੱਤ ਬਸੰਤ ਇਕ ਸੁਹਾਈਆ। ਹੋਏ ਪਰਕਾਸ਼ ਬਹੱਤਰ ਨਾੜ, ਨਾੜੀ ਨਾੜ ਕਰੇ ਰੁਸ਼ਨਾਈਆ। ਸਾਚੇ ਮੰਦਰ ਵਖਾਏ ਇਕ ਅਖਾੜ, ਪ੍ਰਭ ਲਾਇਆ ਬੇਪਰਵਾਹੀਆ। ਮੂਰਛਾਗਤ ਹੋਈ ਪੰਚਮ ਧਾੜ, ਮੂਧੇ ਭਾਰ ਸੁਟਾਈਆ। ਗੁਰ ਕਾ ਸ਼ਬਦ ਦਏ ਲਤਾੜ, ਤ੍ਰਿਲੋਕੀ ਭਾਰ ਉਪਰ ਰਖਾਈਆ। ਗੁਰਮੁਖਾਂ ਫਿਰੇ ਅੱਗੇ ਪਿੱਛੇ ਅਗਾੜ, ਸਤਿਗੁਰ ਪੂਰੇ ਹੱਥ ਵਡਿਆਈਆ। ਆਪੇ ਪੌੜੇ ਦੇਵੇ ਚਾੜ, ਅਧ ਵਿਚਕਾਰ ਨਾ ਕੋਇ ਲਟਕਾਈਆ। ਗੁਰਸਿਖ ਬਣਾਏ ਸਾਚੇ ਲਾੜ, ਘਰ ਸਾਚੇ ਵੱਜੇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਸੰਮਤ ਸੋਲਾਂ ਖੇਲੇ ਖੇਲ ਅਗੰਮ ਅਪਾਰ, ਹਰਿਜਨ ਸਾਚੇ ਲਏ ਉਠਾਈਆ। ਹਰਿਜਨ ਸੱਜਣ ਉਠਾਵਣ ਆਇਆ, ਵਡ ਦਾਤਾ ਬੇਅੰਤ। ਕਲਜੁਗ ਜੀਵ ਗੂੜ੍ਹੀ ਨੀਂਦ ਸਵਾਵਣ ਆਇਆ, ਮਾਇਆ ਪੜਦਾ ਪਾਏ ਸਾਧ ਸੰਤ। ਤ੍ਰੈਗੁਣ ਵੇਸ ਵਟਾਵਣ ਆਇਆ, ਆਦਿ ਜੁਗਾਦੀ ਮਹਿਮਾ ਅਗਣਤ। ਪੰਜ ਵਿਕਾਰਾ ਵੇਖ ਵਖਾਵਣ ਆਇਆ, ਵੇਖਣਹਾਰ ਹਉਮੇ ਹੰਗਤ। ਲੱਖ ਚੁਰਾਸੀ ਮਨਮੁਖ ਜੀਵ ਮਿਟਾਵਣ ਆਇਆ, ਆਪ ਬਣਾਈ ਆਪਣੀ ਬਣਤ। ਗੁਰਸਿਖ ਸੱਚੇ ਆਪ ਤਰਾਵਣ ਆਇਆ, ਨਾਉਂ ਰਖਾਇਆ ਹਰਿ ਸੰਗਤ। ਕਾਂਗੋਂ ਹੰਸ ਬਣਾਵਣ ਆਇਆ, ਜਿਉਂ ਨਾਨਕ ਅੰਗੀਕਾਰ ਲਾਇਆ ਅੰਗਦ। ਏਕਾ ਬਸਤਰ ਭੂਸ਼ਣ ਤਨ ਪਹਿਨਾਵਣ ਆਇਆ, ਦੂਸਰ ਦਰ ਨਾ ਹੋਏ ਮੰਗਤ। ਕਾਇਆ ਚੋਲੀ ਰੰਗ ਚੜ੍ਹਾਵਣ ਆਇਆ, ਲੇਖ ਮੁਕਾਏ ਭੁੱਖ ਨੰਗਤ। ਨਾਮ ਕੰਗਣ ਇਕ ਵਖਾਵਣ ਆਇਆ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਜਾਣੇ ਆਪਣੀ ਰੰਗਤ। ਆਪਣਾ ਅੰਕ ਆਪੇ ਜਾਣ, ਆਪਣਾ ਮੂਲ ਵੇਖ ਵਖਾਈਆ। ਆਪਣਾ ਅੰਕ ਆਪ ਪਛਾਨ, ਆਪੇ ਨਿਵ ਨਿਵ ਸੀਸ ਝੁਕਾਈਆ। ਆਪਣਾ ਜਨਕ ਕਰ ਪਰਧਾਨ, ਗੁਰਮੁਖ ਸਾਚੇ ਦਏ ਵਡਿਆਈਆ। ਆਪਣਾ ਡੰਕ ਦੋ ਜਹਾਨ, ਨੌਜਵਾਨ ਦਏ ਵਜਾਈਆ। ਸਾਲ ਸੋਲ੍ਹਵੇਂ ਹੋ ਪਰਧਾਨ, ਆਪਣਾ ਪੜਦਾ ਰਿਹਾ ਉਠਾਈਆ। ਸਾਲ ਸਤਾਰਵਾਂ ਫੜੇ ਤੀਰ ਕਮਾਨ, ਏਕਾ ਚਿਲਾ ਦਏ ਚੜ੍ਹਾਈਆ। ਸਾਲ ਅਠਾਰਵIੇ ਮਾਰੇ ਬਾਨ, ਜਲ ਬਿੰਬ ਵੇਖ ਵਖਾਈਆ। ਸਾਲ ਉਨੀਵਾਂ ਕਲਜੁਗ ਤੇਰੀ ਲਾਹੇ ਮਕਾਣ, ਈਸਾ ਮੂਸਾ ਰਹਿਣ ਨਾ ਪਾਈਆ। ਸਾਲ ਬੀਸਵੇ ਝੁਲਾਏ ਨਿਸ਼ਾਨ, ਸੱਤ ਰੰਗ ਨਿਸ਼ਾਨਾ ਦਏ ਚੜ੍ਹਾਈਆ। ਤਖ਼ਤ ਤਾਜ ਸੋਹੇ ਸੁਲਤਾਨ, ਪੁਰਖ ਅਕਾਲ ਵੱਜੇ ਵਧਾਈਆ। ਚਾਰੋਂ ਕੁੰਟ ਪੰਥ ਪਰਧਾਨ, ਵਡ ਪਰਵਾਨਗੀ ਆਪ ਸਖਾਈਆ। ਰਸਨਾ ਗੂੰਜੇ ਇਕ ਅਕਾਲ, ਸੋ ਪੁਰਖ ਨਿਰੰਜਣ ਢੋਲਾ ਗਾਈਆ। ਹੰ ਬ੍ਰਹਮ ਬਣੇ ਵਿਧਾਨ, ਸਤਿਗੁਰ ਪੂਰਾ ਦਏ ਜਣਾਈਆ। ਸੋਹੰ ਰੂਪ ਚਤੁਰ ਸੁਜਾਨ, ਚਾਰ ਜੁਗ ਨਾ ਮਰੇ ਨਾ ਜਾਈਆ। ਆਦਿ ਅੰਤ ਰਹੇ ਵਿਚ ਜਹਾਨ, ਏਕਾ ਕੁਦਰਤ ਦੂਜਾ ਰੂਪ ਹਰਿ ਨੂਰ ਅਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਬੀਸ ਇਕੀਸਾ ਹਰਿ ਜਗਦੀਸਾ ਏਕਾ ਛਤਰ ਸੀਸ ਝੁਲਾਈਆ। ਛੱਤਰ ਝੁਲਾਨਾ ਹਰਿ ਮਿਹਰਵਾਨ, ਹਰਿ ਆਪਣਾ ਆਪ ਝੁਲਾਈਆ। ਸ੍ਰਿਸ਼ਟ ਸਬਾਈ ਪਾਵੇ ਆਣ, ਚਾਰ ਵਰਨ ਆਏ ਸਰਨਾਈਆ। ਸ਼ਾਹ ਸੁਲਤਾਨ ਰਾਜ ਰਾਜਾਨ, ਨਿਉਂ ਨਿਉਂ ਸੀਸ ਰਹੇ ਝੁਕਾਈਆ। ਗਰੀਬ ਨਿਮਾਣਿਆਂ ਦੇਵੇ ਮਾਣ, ਦਰ ਘਰ ਸਾਚੇ ਸੋਭਾ ਪਾਈਆ। ਹਿੰਦੂ ਮੁਸਲਮ ਸਿਖ ਈਸਾਈ ਚੁੱਕੇ ਕਾਨ, ਸ਼ੱਤਰੀ ਬ੍ਰਹਿਮਣ ਸ਼ੂਦਰ ਵੈਸ਼ ਨਾ ਕੋਇ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਏਕਾ ਡੰਕਾ ਦਏ ਵਜਾਈਆ। ਡੰਕਾ ਵੱਜਣਾ ਚਾਰ ਕੁੰਟ, ਹਰਿ ਸਾਚੇ ਆਪ ਵਜਾਵਣਾ। ਲੋਕਮਾਤ ਬਨਾਵਣਾ ਧਾਮ ਬੈਕੁੰਠ, ਸਾਚਾ ਮਾਰਗ ਏਕਾ ਲਾਵਣਾ। ਨਾ ਕੋਈ ਲਿੰਗ ਕਟਾਏ ਨਾ ਕਰੇ ਸੁੰਨਤ, ਨਾ ਕੋਇ ਮੂੰਡ ਮੁੰਡਾਵਣਾ। ਪ੍ਰਭ ਆਪ ਬਣਾਏ ਆਪਣੀ ਬਣਤ, ਏਕਾ ਰੂਪ ਸਚ ਦਰਸਾਵਣਾ। ਏਕਾ ਰੰਗ ਸਾਧ ਸੰਤ, ਦੂਜਾ ਰੰਗ ਨਾ ਕੋਇ ਵਟਾਵਣਾ। ਨਾ ਕੋਈ ਗੜ੍ਹ ਦਿਸੇ ਹਉਮੇ ਹੰਗਤ, ਕਾਮ ਕਰੋਧ ਲੋਭ ਮੋਹ ਹੰਕਾਰ ਨਾ ਦਰ ਨਚਾਵਣਾ। ਨਾ ਕੋਈ ਬ੍ਰਹਮਾ ਵਿਸ਼ਨ ਸ਼ਿਵ ਗਣਪਤ ਗਣੇਸ਼ ਹੋਏ ਮੰਗਤ, ਦੂਜੇ ਦਰ ਨਾ ਪੱਲੂ ਡਾਹਵਣਾ। ਉਚੇ ਦਰ ਨਾ ਬਹੇ ਕੋਇ ਪੰਗਤ, ਵੰਡੀ ਵੰਡ ਨਾ ਕੋਇ ਵੰਡਾਵਣਾ। ਨੌ ਖੰਡ ਬਣਾਏ ਸਾਚੀ ਸੰਗਤ, ਹਰਿ ਸੰਗਤ ਨਾਮ ਧਰਾਵਣਾ। ਪ੍ਰਭ ਕਾਇਆ ਮਜੀਠੀ ਚਾੜ੍ਹੇ ਰੰਗਤ, ਚੋਲਾ ਚੋਲੀ ਆਪ ਰੰਗਾਵਣਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਇਕ ਇਕੀਸਾ ਆਪ ਅਖਵਾਵਣਾ । ਇਕ ਇਕੀਸਾ ਖੇਲ ਅਪਾਰਾ, ਹਰਿ ਸਾਚਾ ਆਪ ਕਰਾਈਆ। ਸਤਿਜੁਗ ਸਾਚੀ ਬੰਨ੍ਹੇ ਧਾਰਾ, ਆਪਣਾ ਸੰਮਤ ਦਏ ਚਲਾਈਆ। ਸੋ ਪੁਰਖ ਨਿਰੰਜਣ ਹੋ ਉਜਿਆਰਾ, ਆਪਣੀ ਵਿਦਿਆ ਕਰੇ ਪੜ੍ਹਾਈਆ। ਵੇਦ ਕਤੇਬਾਂ ਵਸੇ ਬਾਹਰਾ, ਖਾਣੀ ਬਾਣੀ ਭੇਵ ਨਾ ਰਾਈਆ। ਗੁਰ ਪੀਰ ਅਵਤਾਰ ਸਾਧਾਂ ਸੰਤਾਂ ਚਲੌਣਹਾਰਾ, ਸਹਾਰ ਏਕੰਕਾਰਾ ਅਖਵਾਈਆ । ਪੁਰਖ ਅਕਾਲ ਬੋਲ ਜੈਕਾਰਾ, ਨਿਰਗੁਣ ਸਰਗੁਣ ਨਾਮ ਧਰਾਈਆ। ਸ਼ੱਤਰੀ ਬ੍ਰਹਿਮਣ ਸ਼ੂਦਰ ਵੈਸ਼ ਆਪੇ ਨਜ਼ਰੀ ਆਏ ਰਾਮ ਅਵਤਾਰਾ, ਆਪੇ ਕ੍ਰਿਸ਼ਨਾ ਰੂਪ ਵਟਾਈਆ। ਆਪੇ ਈਸਾ ਮੂਸਾ ਹੋ ਉਜਿਆਰਾ, ਆਪਣਾ ਕਲਮਾ ਆਪ ਸੁਣਾਈਆ। ਆਪੇ ਆਬੇਹਯਾਤ ਕਰੇ ਤਿਆਰਾ, ਭਰ ਪਿਆਲਾ ਜਾਮ ਪਿਆਈਆ। ਆਪੇ ਮੁਖ ਨਕਾਬ ਪੜਦਾ ਲਾਏ ਭਾਰਾ, ਅਗਲਾ ਲੇਖਾ ਵੇਖ ਵਖਾਈਆ। ਆਪੇ ਦੋ ਦੋ ਆਬਾ ਦੇਵੇ ਧਾਰਾ, ਆਪਣਾ ਮੇਲ ਮਿਲਾਈਆ। ਆਪੇ ਲੇਖਾ ਜਾਣੇ ਮੁਹੰਮਦੀ ਯਾਰਾ, ਚਾਰ ਯਾਰੀ ਰੂਪ ਵਟਾਈਆ। ਆਪੇ ਨਿਰਗੁਣ ਨਾਨਕ ਖੇਲ ਅਪਾਰਾ, ਜੋਤ ਨਿਰੰਕਾਰਾ ਡਗਮਗਾਈਆ। ਆਪੇ ਸਤਿਨਾਮ ਭਰੇ ਭੰਡਾਰਾ, ਵਡ ਭੰਡਾਰੀ ਬੇਪਰਵਾਹੀਆ। ਆਪੇ ਵਾਹਿਗੁਰੂ ਬੋਲ ਜੈਕਾਰਾ, ਵਾਹ ਵਾਹ ਗੁਰੂ ਆਪ ਅਖਵਾਈਆ। ਆਪੇ ਫਤਿਹ ਵੱਜੇ ਨਗਾਰ, ਆਪੇ ਡੰਕਾ ਰਿਹਾ ਲਾਈਆ। ਆਪੇ ਖਾਲਸ ਖਾਲਸਾ ਕਰ ਤਿਆਰਾ, ਚਾਰ ਵਰਨਾਂ ਰੰਗ ਚੜ੍ਹਾਈਆ। ਚੌਹੁ ਜੁਗਾਂ ਤੋਂ ਪੰਥ ਚਲਾਏ ਆਪਣਾ ਨਿਆਰਾ, ਪੁਰਖ ਅਕਾਲ ਵੱਡੀ ਵਡਿਆਈਆ। ਕਰੋੜ ਛਿਆਨਵੇ ਅਗੰਮੀ ਧਾੜਾ, ਆਪਣੀ ਆਪ ਲਏ ਉਪਜਾਈਆ। ਲੋਕਮਾਤ ਬਣਾਏ ਸਚ ਅਖਾੜਾ, ਮਾਨਸ ਜਨਮ ਰੂਪ ਵਟਾਈਆ। ਵਿਚ ਸੋਹੇ ਹਰਿ ਹਰਿ ਲਾੜਾ, ਆਪ ਆਪਣਾ ਜੋਬਨ ਰਿਹਾ ਵਖਾਈਆ। ਸੰਮਤ ਲਗਾਏ ਸਤਾਰਾਂ ਹਾੜਾ, ਅਗਲਾ ਲੇਖਾ ਬੰਦ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦਿ ਜੁਗਾ ਜੁਗ ਆਪਣੇ ਗਾਏ ਆਪੇ ਛੰਦ, ਦੂਸਰ ਹੱਥ ਨਾ ਰੱਖੀ ਕਿਸੇ ਵਡਿਆਈਆ। ਸੋਲਾਂ ਕਲ ਅਕਲ ਕਲਧਾਰ, ਸੋਲਾਂ ਇਛਿਆ ਬੰਦ ਕਰਾਈਆ। ਸੋਲਾਂ ਕਲ ਆਪ ਨਿਰੰਕਾਰ, ਆਪਣੀ ਵੰਡ ਵੰਡਾਈਆ। ਸੋਲਾਂ ਕਲਾਂ ਭਰ ਭੰਡਾਰ, ਲੋਕਮਾਤ ਵੇਖ ਵਖਾਈਆ। ਸੋਲਾਂ ਕਲਾਂ ਦਏ ਅਧਾਰ, ਆਪ ਆਪਣੀ ਜੋਤ ਜਗਾਈਆ। ਸੋਲਾਂ ਕਲ ਕਲ ਉਜਿਆਰ, ਲੱਖ ਚੁਰਾਸੀ ਰਚਨ ਰਚਾਈਆ। ਸੋਲਾਂ ਕਲ ਬੰਨੇ ਧਾਰ, ਬ੍ਰਹਮਾ ਵਿਸ਼ਨੂੰ ਸ਼ਿਵ ਸੇਵ ਕਮਾਈਆ। ਸੋਲਾਂ ਕਲ ਖੇਲ ਅਪਾਰ, ਤ੍ਰਿਲੋਕੀ ਆਪਣੇ ਵੇਸ ਵਖਾਈਆ। ਸੋਲਾਂ ਕਲਾਂ ਦਏ ਅਧਾਰ, ਨੌ ਖੰਡ ਰਚਨ ਰਚਾਈਆ। ਸੋਲਾਂ ਕਲਾਂ ਕਲ ਕਰ ਪਸਾਰ, ਸੱਤ ਦੀਪ ਨਾਲ ਰਲਾਈਆ। ਸੱਤਾਂ ਦੀਪਾਂ ਨਵਾਂ ਖੰਡਾਂ ਤਿੰਨਾਂ ਲੋਕਾਂ ਕਰੇ ਆਰ ਪਾਰ, ਸੋਲਾਂ ਕਲ ਸੋ ਅਖਵਾਈਆ। ਕ੍ਰਿਸ਼ਨ ਬਣਿਆ ਮਾਤ ਅਵਤਾਰ, ਪੁਰਖ ਅਬਿਨਾਸ਼ੀ ਹੋਏ ਸਹਾਈਆ। ਆਪਣੀ ਸ਼ਕਤੀ ਭਰ ਭੰਡਾਰ, ਆਪੇ ਵੇਖ ਵਖਾਈਆ। ਆਪ ਕਰੇ ਆਪਣਾ ਮੰਗਲਾਚਾਰ, ਆਪੇ ਦਏ ਸੁਣਾਈਆ। ਆਪ ਆਪਣਾ ਗਿਆਨ ਦਏ ਭੰਡਾਰ, ਆਪੇ ਰਿਹਾ ਸੁਣਾਈਆ। ਏਕਾ ਸਾਜਨ ਮੀਤ ਮੁਰਾਰ, ਸਿਖਿਆ ਸਿਖ ਸਮਝਾਈਆ। ਸੋਲਾਂ ਇਛਿਆ ਰਿਹਾ ਵਿਚਾਰ, ਸਤਾਰਾਂ ਦਰਸੀ ਸੋਲਾਂ ਮੁਖ ਸਤਾਰਵਾਂ ਦਿਵਸ ਦੁਆਪਰ ਵੇਲਾ ਅੰਤ ਅਕਲ ਅਠਾਰਾਂ ਦਿਵਸ ਬੋਲ ਜੈਕਾਰ, ਤ੍ਰਿਲੋਕੀ ਨਾਥ ਆਪਣੀ ਖੇਲ ਖਿਲਾਈਆ। ਸੋਲਾਂ ਕਲੀਆਂ ਤਨ ਸ਼ਿੰਗਾਰ, ਤ੍ਰੈਗੁਣ ਵਿਚ ਦਿਸ ਨਾ ਆਈਆ। ਨਿਰਗੁਣ ਸਰਗੁਣ ਖੇਲ ਅਪਾਰ, ਪਾਰਬ੍ਰਹਮ ਆਪ ਅਖਵਾਈਆ। ਲੇਖਾ ਲੇਖ ਨਾ ਸਕੇ ਕੋਇ ਵਿਚਾਰ, ਵੇਦ ਪੁਰਾਨ ਸਿਮਰਤ ਸ਼ਾਸਤਰ ਭੇਵ ਨਾ ਰਾਈਆ। ਜਿਸ ਜਨ ਆਤਮ ਅੰਤਰ ਬਖ਼ਸ਼ੇ ਬ੍ਰਹਮ ਗਿਆਨ, ਸੋ ਜਨ ਬੂਝ ਬੂਝ ਬੁਝਾਈਆ। ਚੌਦਾਂ ਲੋਕ ਵੇਖੇ ਮਾਰ ਧਿਆਨ, ਚੌਦਾਂ ਲੋਕ ਆਪਣਾ ਰੰਗ ਵਖਾਈਆ। ਸੱਤ ਦੀਪ ਹੋ ਪਰਧਾਨ, ਆਪਣੀ ਜੋਤ ਕਰੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅਕਲ ਕਲ ਧਾਰ ਹਰਿ ਨਿਰੰਕਾਰ, ਸੋਲਾਂ ਕਲ ਵੇਖ ਸੰਸਾਰ, ਨੌ ਸੱਤ ਸੱਤ ਨੌ ਸੋਲਾਂ ਚੋਲਾ ਇਕ ਬਦਲਾਈਆ।
