Granth 07 Likhat 036: 20 Chet 2015 Bikarmi Mala Singh de Ghar Pind SamalSar Jila Ferozepur Nirgun Jot Anak roop wich

੨੧ ਚੇਤ ੨੦੧੫ ਬਿਕ੍ਰਮੀ ਮਾਲਾ ਸਿੰਘ ਦੇ ਘਰ ਪਿੰਡ ਸਮਾਲ ਸਰ ਜ਼ਿਲਾ ਫੀਰੋਜ਼ਪੁਰ ਨਿਰਗੁਣ ਜੋਤ ਅਨਕ ਰੂਪ ਵਿਚ

ਹਰਿ ਨਿਰਗੁਣ ਰੂਪ ਅਗੰਮ, ਪਰਮ ਪੁਰਖ ਸੁਲਤਾਨਿਆ। ਅਲਖ ਨਿਰਜੰਣ ਜਾਣੇ ਆਪਣਾ ਕੰਮ, ਆਪ ਆਪਣਾ ਵੇਖੇ ਭਾਣਿਆ। ਨਿਰਮਲ ਜੋਤੀ ਪਾਰਬ੍ਰਹਮ, ਨੂਰੋ ਨੂਰ ਮਹਾਨਿਆ। ਏਕਾ ਦਰ ਸੁਹਾਏ ਨਾ ਕੋਈ ਛੱਪਰ ਨਾ ਕੋਈ ਛੰਨ, ਆਪ ਆਪਣਾ ਖੇਲ ਖਿਲਾਨਿਆ। ਮਾਤ ਪਿਤ ਨਾ ਲਏ ਕੋਈ ਜੰਮ, ਨਾ ਕੋਈ ਗੋਦ ਉਠਾਨਿਆ। ਖਾਣ ਪੀਣ ਨਾ ਕੋਈ ਤਮ, ਤ੍ਰਿਸਨਾ ਭੁੱਖ ਨਾ ਕੋਈ ਵਖਾਨਿਆ। ਨੇਤਰ ਨੀਰ ਨਾ ਕੋਈ ਛੰਮ ਛੰਮ, ਪੰਜ ਤਤ ਨਾ ਕੋਈ ਵਖਾਨਿਆ। ਆਪ ਆਪਣਾ ਜਾਣੇ ਨਾਮ, ਨਾਉਂ ਨਿਰੰਕਾਰ ਆਪ ਅਖਵਾਨਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਪਰਗਟ ਹੋਏ ਸ੍ਰੀ ਭਗਵਾਨਿਆ। ਪਰਗਟ ਹੋ ਹਰਿ ਭਗਵਾਨਾ, ਆਪਣੀ ਜੋਤ ਜਗਾਇੰਦਾ। ਨਿਰਮਲ ਜੋਤੀ ਕਰ ਮਹਾਨਾ, ਪਰਕਾਸ਼ ਪਰਕਾਸ਼ ਸਮਾਇੰਦਾ। ਆਪ ਆਪਣਾ ਹੋਏ ਜਾਣੀ ਜਾਣਾ, ਆਪਣੀ ਸਿਖਿਆ ਆਪ ਪੜ੍ਹਾਇੰਦਾ। ਆਪ ਆਪਣਾ ਬਣ ਵਿਦਵਾਨਾ, ਆਪ ਆਪਣੀ ਬੂਝ ਬੁਝਾਇੰਦਾ। ਆਪ ਆਪਣਾ ਕਰੇ ਮਾਣਾ, ਆਪ ਆਪਣਾ ਮਾਣ ਧਰਾਇੰਦਾ। ਆਪ ਆਪਣਾ ਵੇਖ ਨਿਸ਼ਾਨਾ, ਆਪ ਆਪਣਾ ਛਤਰ ਝੁਲਾਇੰਦਾ। ਆਪ ਆਪਣਾ ਬਣ ਸ਼ਾਹ ਸੁਲਤਾਨਾ, ਸ਼ਾਹ ਸੁਲਤਾਨ ਆਪ ਅਖਵਾਇੰਦਾ। ਆਪ ਆਪਣਾ ਬਣ ਮਿਹਰਵਾਨਾ, ਆਪ ਆਪਣੀ ਦਇਆ ਕਮਾਇੰਦਾ। ਆਪ ਆਪਣਾ ਵਡ ਸਿਕਦਾਰ ਅਖਵਾਨਾ, ਆਪ ਆਪਣਾ ਹੁਕਮ ਚਲਾਇੰਦਾ। ਆਪ ਆਪਣਾ ਬਣ ਮਰਦਾਨਾ, ਆਪ ਆਪਣਾ ਹੁਕਮ ਚਲਾਇੰਦਾ। ਆਪ ਆਪਣਾ ਬੰਨ ਗਾਨਾ, ਆਪ ਆਪਣਾ ਸਗਨ ਮਨਾਇੰਦਾ। ਆਪ ਆਪਣਾ ਕਰ ਪਰਵਾਨਾ, ਆਪ ਆਪਣਾ ਅੰਗ ਲਗਾਇੰਦਾ। ਆਪ ਆਪਣਾ ਮੇਲ ਕਰ ਗੁਣ ਨਿਧਾਨਾ, ਗੁਣ ਆਪਣੀ ਝੋਲੀ ਪਾਇੰਦਾ। ਆਪ ਆਪਣਾ ਥਾਨ ਸੁਹਾਨਾ, ਥਿਰ ਘਰ ਵੇਖ ਵਖਾਇੰਦਾ। ਆਪ ਆਪਣਾ ਮੇਲ ਮਿਲਾਨਾ, ਆਪ ਆਪਣਾ ਆਪ ਉਪਾਇੰਦਾ। ਪਰਗਟ ਹੋਏ ਵਾਲੀ ਦੋ ਜਹਾਨਾਂ, ਨਿਰਗੁਣ ਨਿਰਗੁਣ ਧਾਰ ਚਲਾਇੰਦਾ। ਖੇਲੇ ਖੇਲਣਹਾਰ ਖੇਲ ਮਹਾਨਾ, ਨਾ ਕੋਈ ਦੂਸਰ ਸੰਗ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਥਾਨ ਸੁਹਾਇੰਦਾ। ਆਪ ਆਪਣਾ ਥਾਨ ਸੁਹਾਏ, ਪਾਰਬ੍ਰਹਮ ਬੇਅੰਤਾ। ਚਾਰ ਦਿਵਾਰ ਨਾ ਕੋਈ ਦਿਸਾਏ, ਮਹਿਮਾ ਅਗਣਤ ਅਗਣਤਾ। ਬਹਿਮੰਡ ਖੰਡ ਨਾ ਕੋਈ ਵਖਾਏ, ਨਾ ਕੋਈ ਜੀਵ ਜੰਤਾ। ਜੇਰਜ ਅੰਡ ਨਾ ਬਣਤ ਬਣਾਏ, ਨਾ ਕੋਈ ਸਾਧਨ ਸੰਤਾ। ਗਗਨ ਪਤਾਲ ਨਾ ਕੋਈ ਰਖਾਏ, ਆਪ ਆਪਣਾ ਵੇਖ ਵਖੰਤਾ। ਮੰਡਲ ਮੰਡਪ ਨਾ ਕੋਈ ਦਿਸਾਏ, ਨਾ ਕੋਈ ਜੋਗੀ ਜੋਗ ਕਮੰਤਾ। ਰਵ ਸਸ ਨਾ ਕੋਈ ਟਿਕਾਏ, ਦਿਵਸ ਰੈਣ ਨਾ ਕੋਈ ਬਣੰਤਾ। ਧਰਤ ਧਵਲ ਨਾ ਕੋਈ ਜਣਾਏ, ਅਕਾਸ਼ ਪਰਕਾਸ਼ ਨਾ ਵੇਖ ਵਖੰਤਾ। ਜੰਗਲ ਜੂਹ ਉਜਾੜ ਪਹਾੜ ਨਾ ਕੋਈ ਡੇਰਾ ਲਾਏ, ਜਲ ਥਲ ਨਾ ਕੋਈ ਰਹੰਤਾ। ਸਾਗਰ ਸਿੰਧ ਨਾ ਕੋਈ ਨੀਰ ਵਹਾਏ, ਨਾ ਕੋਈ ਗਾਗਰ ਤਾਲ ਸੁਹੰਤਾ। ਨਾਮ ਰੱਤੀ ਰਤਨਾਗਰ ਨਾ ਕੋਈ ਰਸਨਾ ਗਾਏ, ਨਾ ਕੋਈ ਜਿਹਵਾ ਮੂਲ ਚੁਕੰਤਾ। ਪੰਜ ਤਤ ਨਾ ਕੋਈ ਵਖਾਏ, ਤ੍ਰੈਗੁਣ ਨਾ ਵੇਖ ਵਖੰਤਾ। ਅੱਠ ਤਤ ਨਾ ਰੂਪ ਵਟਾਏ, ਨੌਂ ਦਰ ਨਾ ਕੋਈ ਖਿਲੰਤਾ। ਦਸਮ ਦਵਾਰੀ ਨਾ ਡੇਰਾ ਲਾਏ, ਨਾ ਕੋਈ ਤਾਲ ਵਜੰਤਾ। ਸ਼ਬਦ ਧੁਨ ਨਾ ਕੋਈ ਉਪਜਾਏ, ਰਾਗ ਨਾਦ ਨਾ ਕੋਈ ਸੁਣੰਤਾ। ਰਾਗ ਰਾਗਨੀ ਨਾ ਕੋਈ ਗਾਏ, ਤਾਲ ਤਲਵਾੜਾ ਨਾ ਕੋਈ ਵਜੰਤਾ। ਬ੍ਰਹਮਾ ਵਿਸ਼ਨ ਸ਼ਿਵ ਕੋਈ ਦਿਸ ਨਾ ਆਏ, ਨਾ ਕੋਈ ਵੇਸ ਵਟੰਤਾ। ਖਾਣੀ ਬਾਣੀ ਨਾ ਕੋਈ ਅਲਾਏ, ਨਾ ਕੋਈ ਧਾਮ ਸੁਹੰਤਾ। ਮੰਦਰ ਮਸਜਿਦ ਗੁਰੂਦਵਾਰਾ ਕੋਈ ਦਿਸ ਨਾ ਆਏ, ਨਾ ਕੋਈ ਵੇਖ ਵਖੰਤਾ। ਸਰ ਸਰੋਵਰ ਨਾ ਕੋਈ ਵਖਾਏ, ਤੀਰਥ ਤਟ ਨਾ ਕੋਈ ਰਖੰਤਾ। ਵਰਨ ਗੋਤ ਨਾ ਕੋਈ ਉਪਾਏ, ਨਾ ਕੋਈ ਵੰਡ ਵਡੰਤਾ। ਭੇਖ ਪਖੰਡ ਨਾ ਕੋਈ ਰਚਾਏ, ਨਾਰ ਸੁਹਾਗਣ ਨਾ ਦੀਸੇ ਕੋਈ ਕੰਤਾ। ਰੰਗ ਮਜੀਠ ਨਾ ਕੋਈ ਚੜ੍ਹਾਏ, ਨਾ ਕੋਈ ਚੋਲੀ ਰੰਗੀ ਵੇਖ ਬਸੰਤਾ । ਆਦਿ ਅੰਤ ਨਾ ਕੋਈ ਵਖਾਏ, ਆਪ ਬਣਾਏ ਆਪਣੀ ਬਣਤਾ। ਏਕੰਕਾਰਾ ਇਕ ਅਕੱਲਾ ਆਪ ਹੋ ਜਾਏ, ਜੋਗ ਜੁਗਤ ਜਗਤ ਨਾ ਕੋਈ ਵਖੰਤਾ। ਨਿਰਗੁਣ ਸਾਚੀ ਧਾਰ ਚਲਾਏ, ਥਿਰ ਘਰ ਮੇਲਾ ਸ੍ਰੀ ਭਗਵੰਤਾ। ਅਗੰਮ ਅਗੰਮੜੀ ਕਾਰ ਕਮਾਏ, ਆਪ ਆਪਣਾ ਮਾਣ ਰਖੰਤਾ। ਅਲਖ ਅਲਖਣਾ ਅਲਖ ਜਗਾਏ, ਆਪ ਆਪਣਾ ਦਰ ਸੁਹੰਤਾ। ਪਾਰਬ੍ਰਹਮ ਪ੍ਰਭ ਦਇਆ ਕਮਾਏ, ਆਪ ਆਪਣਾ ਮੇਲ ਮਿਲੰਤਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਖੇਲ ਏਕਾ ਘਰ, ਥਿਰ ਘਰ ਧਾਮ ਵਖੰਤਾ। ਥਿਰ ਘਰ ਸਾਚਾ ਹਰਿ ਟਿਕਾਣਾ, ਏਕਾ ਏਕ ਰਖਾਇਆ। ਆਪੇ ਬੈਠ ਸ੍ਰੀ ਭਗਵਾਨਾ, ਆਪਣਾ ਥਾਨ ਸੁਹਾਇਆ। ਇਕ ਵਖਾਏ ਸਚ ਨਿਸ਼ਾਨਾ, ਧਰਮੀ ਧਰਮ ਚਲਾਇਆ। ਇਕ ਜਣਾਏ ਹਰਿ ਬਿਬਾਨਾ, ਨਿਹਕਰਮੀ ਕਰਮ ਅਖਵਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਦਰ ਸੁਹਾਇਆ। ਥਿਰ ਘਰ ਸਾਚਾ ਹਰਿ ਦਰਬਾਰਾ, ਆਪ ਆਪਣਾ ਸੁਹਾਇੰਦਾ। ਉਪਰ ਬੈਠ ਸੱਚੀ ਸਰਕਾਰਾ, ਸ਼ਬਦ ਸਿੰਘਾਸਣ ਆਸਣ ਲਾਇੰਦਾ। ਨਿਰਗੁਣ ਰੂਪ ਹਰਿ ਨਿਰੰਕਾਰਾ, ਆਦਿ ਨਿਰੰਜਣ ਵੇਖ ਵਖਾਇੰਦਾ। ਆਪ ਆਪਣੀ ਜਾਣੇ ਕਾਰਾ, ਆਪ ਆਪਣੀ ਧਾਰ ਬੰਧਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣੀ ਚਾਲ ਚਲਾਇੰਦਾ। ਸਾਚਾ ਘਰ ਥਿਰ ਦਰਬਾਰੀ, ਏਕਾ ਏਕ ਸੁਹਾਇਆ। ਪਰਗਟ ਜੋਤ ਹਰਿ ਨਿਰੰਕਾਰੀ, ਨਿਰਗੁਣ ਵੇਖ ਵਖਾਇਆ। ਆਪੇ ਹੋਇਆ ਬੰਕ ਦਵਾਰੀ, ਆਪ ਆਪਣਾ ਆਸਣ ਲਾਇਆ। ਆਪੇ ਹੋਇਆ ਛਤਰ ਝੁਲਾਰੀ, ਸੀਸ ਤਾਜ ਇਕ ਟਿਕਾਇਆ। ਨਿਰਮਲ ਜੋਤੀ ਕਰ ਉਜਿਆਰੀ, ਆਪ ਆਪਣਾ ਕਰ ਰੁਸ਼ਨਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਘਰ ਸਾਚਾ ਇਕ ਸੁਹਾਇਆ। ਸਾਚਾ ਘਰ ਹਰਿ ਸੁਹਾਵਣਾ, ਪਾਰਬ੍ਰਹਮ ਕਰਤਾਰ । ਦੀਪਕ ਜੋਤੀ ਇਕ ਜਗਾਵਣਾ, ਆਦਿ ਜੁਗਾਦਿ ਅਕਾਰ। ਸ਼ਾਹੋ ਸੁਲਤਾਨ ਭੂਪ ਅਖਵਾਵਣਾ, ਹਰਿ ਸਚ ਸੱਚੀ ਸਰਕਾਰ। ਆਪ ਆਪਣਾ ਪਕੜੇ ਦਾਮਨਾ, ਆਪ ਆਪਣਾ ਮੀਤ ਮੁਰਾਰ। ਆਪ ਆਪਣਾ ਹੋਏ ਜਾਮਨਾ, ਆਪ ਆਪਣਾ ਕਰ ਤਕਰਾਰ। ਆਪ ਆਪਣਾ ਉਚਾਰੇ ਨਾਮਨਾ, ਰੱਖੇ ਨਾਉਂ ਹਰਿ ਨਿਰੰਕਾਰ। ਆਪ ਆਪਣੀ ਪੂਰੀ ਕਰੇ ਕਾਮਨਾ, ਮਾਣੇ ਸੇਜ ਅਪਰ ਅਪਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਲਏ ਉਭਾਰ। ਥਿਰ ਘਰ ਸਾਚਾ ਹਰਿ ਭਰਵਾਸਾ, ਆਪਣਾ ਆਪ ਰਖਾਇਆ। ਪਰਗਟ ਹੋ ਪੁਰਖ ਅਬਿਨਾਸ਼ਾ, ਪਾਰਬ੍ਰਹਮ ਅਖਵਾਇਆ। ਆਦਿ ਜੁਗਾਦਿ ਨਾ ਕਦੇ ਵਿਨਾਸਾ, ਆਦਿ ਅੰਤ ਸਮਾਇਆ। ਏਕਾ ਮੰਡਲ ਪਾਏ ਰਾਸਾ, ਏਕਾ ਵੇਖ ਵਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਨਾਉਂ ਧਰਾਇਆ। ਥਿਰ ਘਰ ਵੇਖ ਸਚ ਮਹੱਲਾ, ਹਰਿ ਆਪਣੀ ਬਣਤ ਬਣਾਈਆ। ਆਪੇ ਵਸਿਆ ਇਕ ਅਕੱਲਾ, ਨਾ ਕੋਈ ਦੂਸਰ ਸੰਗ ਰਖਾਈਆ। ਨਿਹਚਲ ਧਾਮ ਉਚ ਅਟੱਲਾ, ਅਨਭਵ ਪਰਕਾਸ਼ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣੀ ਵੰਡ ਵੰਡਾਈਆ। ਥਿਰ ਘਰ ਬੈਠ ਆਦਿ ਨਿਰੰਜਣ, ਆਪਣੀ ਵੰਡ ਵੰਡਾਇੰਦਾ। ਆਪ ਆਪਣਾ ਬਣਿਆ ਸੱਜਣ, ਆਪ ਆਪਣੀ ਗੰਢ ਕਟਾਇੰਦਾ। ਆਪ ਆਪਣਾ ਕਰਿਆ ਮਜਨ, ਆਪ ਆਪਣਾ ਰੰਡ ਵਖਾਇੰਦਾ। ਆਪ ਆਪਣੇ ਚੜ੍ਹਿਆ ਤਾਜਨ, ਆਪ ਆਪਣਾ ਬ੍ਰਹਿਮੰਡ ਰਚਾਇੰਦਾ। ਆਪ ਆਪਣਾ ਚਲਾਏ ਜਹਾਜਨ, ਆਪ ਆਪਣਾ ਵੇੇਖ ਵਖਾਇੰਦਾ। ਆਪ ਆਪਣਾ ਰਚਿਆ ਕਾਜਨ, ਮੰਗਲਾਚਾਰ ਆਪ ਅਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਆਪ ਉਪਾਇੰਦਾ। ਆਪ ਆਪਣਾ ਹਰਿ ਉਪਾ, ਆਪਣਾ ਨਾਉਂ ਧਰਾਇਆ। ਜੋਤੀ ਮਾਤਾ ਇਕ ਬਣਾ, ਸ਼ਬਦੀ ਸੁਤ ਉਠਾਇਆ। ਸ਼ਬਦੀ ਸੁਤ ਝੋਲੀ ਪਾ, ਆਪਣੀ ਰੁੱਤ ਸੁਹਾਇਆ। ਆਪਣੀ ਰੁੱਤ ਆਪ ਸੁਹਾ, ਅਬਿਨਾਸ਼ੀ ਅਚੁੱਤ ਅਖਵਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਅੰਗ ਕਟਾਇਆ। ਆਪ ਆਪਣਾ ਅੰਗ ਕਟਾਏ, ਆਪਣੀ ਕਲ ਵਰਤਾਈਆ। ਸ਼ਬਦ ਸੁਤ ਨਾਉਂ ਧਰਾਏ, ਪੁਰੀਆਂ ਲੋਆਂ ਫੇਰਾ ਪਾਈਆ। ਗਗਨ ਪਤਾਲਾਂ ਰਚਨ ਰਚਾਏ, ਮਾਤ ਪਤਾਲ ਅਕਾਸ਼ ਸੁਹਾਈਆ। ਤ੍ਰੈ ਤ੍ਰੈ ਤ੍ਰੈ ਤੇਰੀ ਸੇਵਾ ਲਾਏ, ਤ੍ਰੈ ਲੋਆਂ ਧਾਰ ਬੰਧਾਈਆ। ਪੰਚਮ ਪੰਚਮ ਪ੍ਰਭ ਵੇਖ ਵਖਾਏ, ਪੰਚਮ ਮੇਲ ਮਿਲਾਈਆ। ਲੱਖ ਚੁਰਾਸੀ ਤਤ ਸਮਾਏ, ਨਿਰਗੁਣ ਨੂਰ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣੀ ਬਣਤ ਬਣਾਈਆ। ਬਣਤ ਬਣਾ ਹਰਿ ਭਗਵਾਨਾ, ਆਪਣਾ ਰੰਗ ਰੰਗਾਇਆ। ਲੱਖ ਚੁਰਾਸੀ ਕਰ ਪਰਧਾਨਾ, ਲੋਕਮਾਤ ਵੇਖ ਵਖਾਇਆ। ਖੇਲੇ ਖੇਲ ਗੁਣ ਨਿਧਾਨਾ, ਗੁਣਵੰਤਾ ਭੇਖ ਵਟਾਇਆ। ਪਰਗਟ ਹੋਏ ਵਾਲੀ ਦੋ ਜਹਾਨਾਂ, ਜੀਵ ਜੰਤਾਂ ਵਿਚ ਸਮਾਇਆ। ਆਪੇ ਪਾਏ ਆਪਣੀ ਆਣਾ, ਆਪਣੇ ਭਾਣੇ ਵਿਚ ਸਮਾਇਆ। ਆਪੇ ਆਤਮ ਬ੍ਰਹਮ ਪਛਾਨਾ, ਪਾਰਬ੍ਰਹਮ ਅਖਵਾਇਆ। ਆਪੇ ਰਸਨਾ ਦਮੋ ਦਮ ਚਲਾਣਾ, ਸਵਾਸ ਸਵਾਸ ਆਪੇ ਗਾਇਆ। ਆਪ ਆਪਣਾ ਕਰ ਪਰਵਾਨਾ, ਆਪ ਆਪਣਾ ਪਦ ਸਮਝਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਲੱਖ ਚੁਰਾਸੀ ਸੁਹਾਏ ਦਰ, ਅੰਦਰ ਮੰਦਰ ਸਾਚੇ ਘਰ ਏਕਾ ਤਾਲ ਵਜਾਇਆ। ਏਕਾ ਤਾਲ ਹਰਿ ਵਜਾਏ, ਆਪਣੀ ਦਇਆ ਕਮਾਈਆ। ਅਨਹਦ ਸਾਚਾ ਰਾਗ ਸੁਣਾਏ, ਨਾੜ ਸਤਾਰੀ ਆਪ ਹਿਲਾਇਆ। ਜੋਤ ਨਿਰੰਜਣ ਸੇਵਾ ਲਾਏ, ਅੱਠੇ ਪਹਿਰ ਡਗਮਗਾਈਆ। ਧੂੰਆਂਧਾਰੀ ਪਰੇ ਹਟਾਏ, ਅੰਧ ਅੰਧੇਰ ਨਾ ਕੋਈ ਰਖਾਈਆ। ਪੰਚਮ ਧਾੜੀ ਡੇਰਾ ਢਾਹੇ, ਪੰਚਮ ਲਏ ਜਗਾਈਆ। ਪੰਚਮ ਮੇਲਾ ਸਹਿਜ ਸੁਭਾਏ, ਪੰਚਮ ਸਖੀਆਂ ਮੰਗਲ ਗਾਈਆ। ਬੰਕ ਦਵਾਰਾ ਇਕ ਸੁਹਾਏ, ਦਰ ਦਰਵੇਸਾ ਵੇਖ ਵਖਾਏ। ਇਕ ਅਕੱਲਾ ਏਕੰਕਾਰਾ ਨਿਰਗੁਣ ਰੂਪ ਆਪ ਵਟਾਏ, ਸਰਗੁਣ ਬੂਝ ਬੁਝਾਈਆ। ਸਰਗੁਣ ਏਕਾ ਦੂਜਾ ਭੌ ਚੁਕਾਏ, ਤੀਜੇ ਨੇਤਰ ਦਰਸ ਦਿਖਾਈਆ। ਚੌਥੇ ਪਦ ਆਪ ਸਮਾਏ, ਪਰਮ ਪੁਰਖ ਅਖਵਾਈਆ। ਪਰਮਾਨੰਦ ਡੇਰਾ ਲਾਏ, ਨਿਜਾਨੰਦ ਨਿਝ ਘਰ ਵੇਖ ਵਖਾਈਆ। ਸਾਚੇ ਮੰਦਰ ਕੁੰਡਾ ਲਾਹੇ, ਗੁਰ ਗੋਪਾਲਾ ਦਏ ਮਿਲਾਈਆ। ਦੀਨ ਦਿਆਲਾ ਦਇਆ ਕਮਾਏ, ਆਤਮ ਸੇਜਾ ਇਕ ਸੁਹਾਈਆ। ਸ਼ਬਦ ਦੋਸ਼ਾਲਾ ਤਨ ਪਹਿਨਾਏ, ਨਾਰ ਸਵਾਣੀ ਵੇਖ ਵਖਾਈਆ। ਸੁਰਤ ਸਵਾਣੀ ਗਲੇ ਲਗਾਏ, ਆਪ ਆਪਣੇ ਅੰਕ ਸਮਾਈਆ। ਸਾਚੀ ਸੇਜਾ ਹਰਿ ਸ਼ਬਦ ਹਰਿ ਸ਼ਬਦ ਹੰਢਾਏ, ਆਪ ਆਪਣੀ ਦਇਆ ਕਮਾਈਆ। ਅੰਮ੍ਰਿਤ ਮੇਘ ਇਕ ਬਰਸਾਏ, ਸੀਤਲ ਧਾਰ ਚਲਾਈਆ। ਸੋ ਪੁਰਖ ਨਿਰੰਜਣ ਆਪ ਆਪਣਾ ਵੇਖ ਵਖਾਏ, ਆਪ ਆਪਣਾ ਸੰਗ ਨਿਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਸਰਗੁਣ ਖੇਲ ਹਰਿ, ਹਰਿ ਸਾਚਾ ਖੇਲ ਖਿਲਾਈਆ। ਸਾਚਾ ਖੇਲ ਕਰਾਵਣਹਾਰਾ, ਆਦਿ ਪੁਰਖ ਅਬਿਨਾਸ਼ਾ। ਲੋਕਮਾਤ ਜੋਤ ਜਗਾਵਣਹਾਰਾ, ਜੀਵਾਂ ਜੰਤਾਂ ਦਏ ਭਰਵਾਸਾ। ਜੁਗ ਜੁਗ ਵੇਸ ਵਟਾਵਣਹਾਰਾ, ਵੇਖਣਹਾਰਾ ਜਗਤ ਤਮਾਸ਼ਾ। ਸਤਿਜੁਗ ਸਾਚੇ ਦਏ ਸੁਹਾ, ਆਪੇ ਪਾਏ ਆਪਣੀ ਰਾਸਾ। ਤ੍ਰੇਤਾ ਤੇਰਾ ਪਾਰ ਕਿਨਾਰਾ, ਰਾਮ ਰਮਈਆ ਬਲ ਬਲ ਜਾਸਾ। ਦੁਆਪਰ ਮੰਗਿਆ ਇਕ ਦਵਾਰਾ, ਭਗਤ ਵਛਲ ਜਗਤ ਭਰਵਾਸਾ। ਕਲਜੁਗ ਤੇਰੀ ਅੰਤਮ ਵਾਰਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪੇ ਵੇਖੇ ਆਪਣਾ ਵਾਸਾ। ਕਲਜੁਗ ਤੇਰੀ ਅੰਤਮ ਧਾਰ, ਹਰਿ ਸਾਚਾ ਵੇਖ ਵਖਾਈਆ। ਅਕਾਲ ਮੂਰਤ ਏਕੰਕਾਰ, ਅਕਲ ਕਲਾ ਅਖਵਾਈਆ। ਨਾਦ ਤੂਰਤ ਅਪਰ ਅਪਾਰ, ਅਨਾਦੀ ਧੁਨ ਵਜਾਈਆ। ਸਾਚੀ ਸੂਰਤ ਸਿਰਜਣਹਾਰ, ਦਿਸ ਕਿਸੇ ਨਾ ਆਈਆ। ਨਾਤਾ ਤੋੜੇ ਕੂੜੋ ਕੂੜਤ, ਕੂੜੀ ਕਿਰਿਆ ਰਹਿਣ ਨਾ ਪਾਈਆ। ਜੂਠ ਝੂਠ ਮੂਰਖ ਮੂੜ੍ਹਤ, ਮਾਇਆ ਮੋਹ ਵਧਾਈਆ। ਗੁਰਮੁਖ ਵਿਰਲਾ ਮੰਗੇ ਪ੍ਰਭ ਚਰਨ ਧੂੜਤ, ਨੇਤਰ ਲੋਚਣ ਨੈਣ ਰਿਹਾ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਅੰਤਮ ਵੇਖ ਵਖਾਈਆ। ਕਲਜੁਗ ਤੇਰੀ ਕਾਲੀ ਧਾਰ, ਚਾਰੋਂ ਕੁੰਟ ਅੰਧੇਰਾ। ਨਾ ਕੋਈ ਸਾਜਨ ਮੀਤ ਮੁਰਾਰ, ਨਾ ਕੋਈ ਤੇਰਾ ਮੇਰਾ। ਏਕਾ ਭੁੱਲਿਆ ਹਰਿ ਕਰਤਾਰ, ਹਉਮੇ ਹੰਗਤਾ ਪਾਇਆ ਘੇਰਾ। ਨੇਤਰ ਦਿਸੇ ਨਾ ਸਚ ਦਵਾਰਾ, ਮਾਇਆ ਮਮਤਾ ਭਰਮਾ ਡੇਰਾ। ਆਤਮ ਖੁਲ੍ਹੇ ਨਾ ਬੰਦ ਕਿਵਾੜਾ, ਆਵਣ ਜਾਵਣ ਨਾ ਚੁੱਕੇ ਗੇੜਾ। ਲੱਗੇ ਵਾ ਨਾ ਤੱਤੀ ਹਾੜ, ਨਾ ਕੋਈ ਦੀਸੇ ਸੰਝ ਸਵੇਰਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪੇ ਕਰੇ ਹੱਕ ਨਿਬੇੜਾ। ਕਲਜੁਗ ਤੇਰਾ ਕਾਲਾ ਰੰਗ, ਲੱਖ ਚੁਰਾਸੀ ਰੰਗ ਰੰਗਾਈਆ। ਨਾ ਕੋਈ ਦੂਸਰ ਦਿਸੇ ਸੰਗ, ਨਾ ਕੋਈ ਸੰਗ ਨਿਭਾਈਆ। ਚਾਰ ਯਾਰੀ ਹੋਈ ਨੰਗ, ਸੰਗ ਮੁਹੰਮਦ ਇਕ ਕੁਰਲਾਈਆ। ਅੱਲਾ ਰਾਣੀ ਮੰਗਾਂ ਰਹੀ ਮੰਗ, ਦਰ ਭਿਛਿਆ ਕੋਈ ਨਾ ਪਾਈਆ। ਪੁਰਖ ਅਬਿਨਾਸ਼ੀ ਘਟ ਘਟ ਵਾਸੀ ਸ਼ਬਦ ਰੰਗੀਲੇ ਬੈਠ ਪਲੰਘ, ਥਿਰ ਘਰ ਦੋ ਜਹਾਨਾਂ ਵੇਖ ਵਖਾਈਆ। ਚਿੱਟੇ ਅਸਵ ਕਸਿਆ ਤੰਗ, ਲੋਆਂ ਪੁਰੀਆਂ ਫੇਰਾ ਪਾਈਆ। ਨਾਮ ਵਜਾਏ ਇਕ ਮਰਦੰਗ, ਬ੍ਰਹਮਾ ਵਿਸ਼ਨ ਸ਼ਿਵ ਦੇਵਤ ਸੁਰ ਆਪ ਜਗਾਈਆ । ਲੋਕਮਾਤ ਦਵਾਰਾ ਆਏ ਲੰਘ, ਗੁਰ ਗੋਬਿੰਦ ਸੰਗ ਨਿਭਾਈਆ। ਕੂੜ ਕੁੜਿਆਰਾ ਚੜ੍ਹੀ ਕੰਗ, ਮਾਇਆ ਮਮਤਾ ਦਏ ਦੁਹਾਈਆ। ਪੰਜ ਤਤ ਵਿਕਾਰਾ ਲਗਾ ਜੰਗ, ਤ੍ਰੈ ਦੇਸ਼ਾ ਭੇੜ ਭਿੜਾਈਆ। ਕਾਇਆ ਮਾਟੀ ਕਾਚੀ ਵੰਗ, ਅੰਤਮ ਭੰਨ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਤੇਰਾ ਮੁਖ ਵਖਾਈਆ। ਕਲਜੁਗ ਤੇਰਾ ਕਾਲਾ ਮੁੱਖ, ਲੱਖ ਚੁਰਾਸੀ ਵੇਖ ਵਖਾਈਆ। ਲੱਖ ਚੁਰਾਸੀ ਘਰ ਘਰ ਧੂੰਏ ਰਹੇ ਧੁਖ, ਪੰਖੀ ਪੰਛੀ ਤਰਵਰ ਸਰਵਰ ਰਹੇ ਕੁਰਲਾਈਆ। ਮਾਨੁਖ ਮਾਨਸ ਰੋਵਣ ਮਾਤ ਕੁੱਖ, ਸਾਚਾ ਸੁਖ ਨਾ ਕੋਈ ਦਿਸਾਈਆ। ਜੂਠ ਝੂਠ ਪਿਆ ਥੁੱਕ, ਮੁਖ ਕਾਲੀ ਸ਼ਾਹੀ ਲਾਈਆ। ਹਰਿਆ ਬੂਟਾ ਰਿਹਾ ਸੁੱਕ, ਅੰਮ੍ਰਿਤ ਧਾਰ ਨਾ ਕੋਈ ਚਵਾਈਆ। ਅੰਤਮ ਵੇਲਾ ਰਿਹਾ ਢੁਕ, ਹਰਿ ਗੋਬਿੰਦ ਲੇਖ ਲਿਖਾਈਆ। ਕੂੜਾ ਪੈਂਡਾ ਰਿਹਾ ਮੁੱਕ, ਕੂੜ ਕੁੜਿਆਰਾ ਦਏ ਖਪਾਈਆ। ਮਨਮੁਖ ਜੀਵ ਲੁਕਿਆ ਰਹੇ ਨਾ ਕੋਈ ਗੁਠ, ਚਾਰੋਂ ਕੁੰਟ ਦਹਿ ਦਿਸ਼ਾ ਫੋਲ ਫੋਲਾਈਆ। ਪੁਰਖ ਅਬਿਨਾਸ਼ੀ ਆਪੇ ਤੁਠ, ਗੁਰਮੁਖ ਸਾਚੇ ਲਏ ਤਰਾਈਆ। ਤੀਰ ਨਿਰਾਲਾ ਜਾਏ ਛੁੱਟ, ਰਸਨਾ ਚਿਲਾ ਇਕ ਚਲਾਈਆ। ਨੌਂ ਖੰਡ ਪ੍ਰਿਥਮੀ ਲਏ ਲੁੱਟ, ਸੱਤਾਂ ਦੀਪਾਂ ਇਕ ਲੜਾਈਆ। ਰਾਜ ਰਾਜਾਨਾਂ ਸ਼ਾਹ ਸੁਲਤਾਨਾ ਖਾਲੀ ਹੱਥ ਫੜਾਏ ਠੁੱਠ, ਦਰ ਦਰ ਮੰਗਣ ਭਿਛਿਆ ਕੋਈ ਨਾ ਪਾਈਆ। ਸਚ ਦਵਾਰਿਉਂ ਗਏ ਰੁੱਠ, ਰਾਏ ਧਰਮ ਦਏ ਸਜਾਈਆ। ਸਚ ਦਵਾਰਿਉਂ ਕੱਢੇ ਕੁੱਟ, ਕਰਮਖੰਡ ਨਾ ਕੋਈ ਵਡਿਆਈਆ। ਧਰਮ ਖੰਡ ਜੜ ਦੇਵੇ ਪੁੱਟ, ਨਾ ਕੋਈ ਦੂਸਰ ਮਾਤ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਵੇਖੇ ਤੇਰੀ ਕਾਲੀ ਸ਼ਾਹੀਆ। ਕਲਜੁਗ ਤੇਰਾ ਕੂੜ ਪਸਾਰਾ, ਚਾਰੋਂ ਕੁੰਟ ਪਸਾਰਿਆ। ਜੂਠਾ ਝੂਠਾ ਮੀਤ ਮੁਰਾਰਾ, ਨਾ ਕੋਈ ਦੀਸੇ ਮੀਤ ਮੁਰਾਰਿਆ। ਏਕਾ ਭੁੱਲਿਆ ਹਰਿ ਨਿਰੰਕਾਰਾ, ਨਿਰਗੁਣ ਮੇਲ ਨਾ ਕੋਈ ਕਰਾ ਰਿਹਾ। ਮਨ ਮਤ ਕਰੇ ਖਵਾਰਾ, ਗੁਰਮਤ ਨਾ ਕੋਈ ਜਣਾ ਰਿਹਾ। ਜਗਤ ਤਤ ਕਰ ਪਿਆਰਾ, ਨਾੜੀ ਰੱਤ ਤਪਾ ਰਿਹਾ। ਧੀਰਜ ਸਤਿ ਨਾ ਕੋਈ ਸਹਾਰਾ, ਸਤਿ ਸੰਤੋਖ ਨਾ ਕੋਈ ਵਖਾ ਰਿਹਾ। ਅਠ ਸਠ ਨਾ ਕੋਈ ਕਿਨਾਰਾ, ਤੀਰਥ ਤਟ ਨਾ ਕੋਈ ਬਚਾ ਰਿਹਾ। ਸਾਧ ਸੰਤ ਨਾ ਪਾਵੇ ਸਾਰਾ, ਜੀਵ ਜੰਤ ਕੁੁਰਲਾ ਰਿਹਾ। ਮੰਦਰ ਮਸਜਿਦ ਮਠ ਸ਼ਿਵਦਵਾਲਾ, ਗੁਰਦਵਾਰਾ ਨਾ ਕੋਈ ਸੁਹਾ ਰਿਹਾ। ਮਾਇਆ ਮਮਤਾ ਕਰ ਪਿਆਰਾ, ਮੁਲਾ ਸ਼ੇਖ਼ ਮਸਾਇਕ ਪੰਡਤ ਪਾਂਧਾ ਆਪ ਆਪਣਾ ਕਰਮ ਕਮਾ ਰਿਹਾ। ਕਲਜੁਗ ਕੂੜਾ ਥੱਕਾ ਮਾਂਦਾ, ਨੇਤਰ ਨੀਰ ਰੋ ਰੋ ਵਹਾ ਰਿਹਾ। ਕੀਤੀ ਕਰਨੀ ਅੰਤ ਪਛਤਾਂਦਾ, ਕਰਮਾਂ ਗੇੜ ਨਾ ਕੋਈ ਕਟਾ ਰਿਹਾ। ਜੂਠ ਝੂਠ ਰਸਨਾ ਗਾਂਦਾ, ਈਸਾ ਮੂਸਾ ਵੇਖ ਵਖਾ ਰਿਹਾ। ਸਦੀ ਚੌਧਵੀ ਵੇਖੇ ਚੌਧਵਾਂ ਚੰਦ, ਅਕਾਸ਼ ਅਕਾਸ਼ਾ ਰਾਹ ਤਕਾ ਰਿਹਾ। ਸੰਗ ਮੁਹੰਮਦ ਚਾਰ ਯਾਰੀ ਬੈਠਾ ਬੰਦ, ਬੰਦੀ ਛੋੜ ਬੰਧਨ ਪਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਨੌਂ ਦਵਾਰੇ ਵੇਖ ਵਖਾ ਰਿਹਾ। ਨੌਂ ਦਰ ਜਗਤ ਦਵਾਰਾ, ਹਰਿ ਹਰਿ ਬਣਤ ਬਣਾਈਆ। ਕਲਜੁਗ ਭੁੱਲੇ ਜੀਵ ਗਵਾਰਾ, ਪੂਰਨ ਬ੍ਰਹਮ ਨਾ ਕੋਈ ਜਣਾਈਆ। ਆਤਮ ਬ੍ਰਹਮ ਨਾ ਪਾਇਣ ਸਾਰਾ, ਪਾਰਬ੍ਰਹਮ ਨਾ ਮੇਲ ਮਿਲਾਈਆ। ਵਰਨ ਬਰਨ ਨਾ ਦਏ ਅਧਾਰਾ, ਜੂਠੀ ਝੂਠੀ ਵੰਡ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਤੇਰਾ ਰੂਪ ਸ਼ਾਹੋ ਭੂਪ, ਵੇਖ ਵਖਾਏ ਚਾਰੇ ਕੂਟ, ਦਹਿ ਦਿਸ਼ਾ ਫੇਰੀ ਪਾਈਆ।