੧੮ ਭਾਦਰੋਂ ੨੦੧੫ ਬਿਕ੍ਰਮੀ ਹਾਕਮ ਸਿੰਘ ਦੇ ਘਰ ਪਿੰਡ ਸਮਾਲ ਸਰ ਜ਼ਿਲਾ ਫ਼ਿਰੋਜ਼ਪੁਰ
ਤ੍ਰੈਗੁਣ ਮਾਇਆ ਰੂਪ ਅਪਾਰ, ਹਰਿ ਹਰਿ ਬਣਤ ਬਣਾਈਆ। ਬ੍ਰਹਮਾ ਵਿਸ਼ਨ ਸ਼ਿਵ ਲਾਏ ਸੇਵਾਦਾਰ, ਸੇਵਕ ਸੇਵ ਕਮਾਈਆ। ਪੰਚ ਤਤ ਕਰ ਪਿਆਰ, ਪੰਚਮ ਜੋੜ ਜੁੜਾਈਆ। ਰਕਤ ਬੂੰਦ ਹੱਡ ਮਾਸ ਨਾੜੀ ਚੰਮ ਮੇਲ ਅਪਾਰ, ਹਾਡੀ ਹਾਡੀ ਜੋੜ ਜੁੜਾਈਆ। ਮਨ ਮਤ ਕਰ ਤਿਆਰ, ਬੁੱਧੀ ਸੰਗ ਰਲਾਈਆ। ਨੂਰੋ ਨੂਰ ਹਰਿ ਉਜਿਆਰ, ਜੋਤੀ ਜੋਤ ਜਗਾਈਆ। ਨੌਂ ਦਰ ਖੋਲ੍ਹੇ ਆਪ ਕਿਵਾੜ, ਦਸਵਾਂ ਬੰਦ ਕਰਾਈਆ। ਮਾਨੁਖ ਮਾਨੁਸ ਮੇਲ ਸੰਸਾਰ, ਮਾਤਲੋਕ ਵਡਿਆਈਆ। ਆਲਸ ਨਿੰਦਰਾ ਦੇ ਵਿਚਾਰ, ਜਾਗਰਤ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਪੰਚਮ ਦੇਵੇ ਧਰਤ ਵਡਿਆਈਆ। ਪੰਚਮ ਤਤ ਤਨ ਬਣਾ, ਹਰਿ ਹਰਿ ਜੋਤ ਜਗਾਈਆ। ਜੀਵ ਜੰਤ ਅਗਣਤ ਗਣਾ, ਭੇਵ ਅਭੇਦ ਭੇਵ ਛੁਪਾਈਆ। ਸਾਚੇ ਸੰਤਾਂ ਹਿੱਸਾ ਦਏ ਵੰਡਾ, ਆਪਣੀ ਵੰਡ ਵੰਡਾਈਆ। ਦਹਿ ਦਿਸ਼ਾ ਚਾਰੇ ਕੁੰਟਾਂ ਫੇਰਾ ਪਾ, ਦਿਵਸ ਰੈਣ ਕਰੇ ਰੁਸ਼ਨਾਈਆ। ਰਵ ਸਸ ਸੂਰਜ ਚੰਨ ਰਹੇ ਸ਼ਰਮਾ, ਨੇਤਰ ਨੈਣ ਬੰਦ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿ ਸੰਤਨ ਵੇਖ ਵਖਾਈਆ। ਗੁਰਮੁਖ ਸਾਜਣ ਤੇਰੀ ਰਾਸ, ਹਰਿ ਸਾਚੇ ਆਪ ਬਣਾਈਆ। ਵੇਖ ਵਖਾਣੇ ਪ੍ਰਿਥਮੀ ਅਕਾਸ਼, ਗਗਨ ਮੰਡਲ ਵਡ ਵਡਿਆਈਆ। ਖੇਲੇ ਖੇਲ ਸਰਬ ਗੁਣਤਾਸ, ਗੁਣ ਦਾਤਾ ਬੇਪਰਵਾਹੀਆ। ਆਦਿ ਜੁਗਾਦਿ ਜਗਤ ਤਮਾਸ਼, ਵੇਖਣਹਾਰ ਹਰ ਘਟ ਥਾਈਂਆ। ਲੇਖਾ ਜਾਣੇ ਪਵਣ ਸਵਾਸ, ਆਪਣੀ ਜਿਹਵਾ ਵੇਖ ਵਖਾਈਆ। ਵਾਸਨਾ ਵੇਖੇ ਨਾਸਕਾ ਨਾਸ, ਸਰਵਨ ਕੰਨ ਸੁਣੇ ਸ਼ਨਵਾਈਆ। ਦੰਦ ਬਤੀਸਾ ਕਰੇ ਹਾਸ, ਮੁਖੜਾ ਮੁਖ ਬਿਗਸਾਈਆ। ਨੇਤਰ ਨੈਣਾਂ ਵਸੇ ਪਾਸ, ਨਿਝ ਨੇਤਰ ਡੇਰਾ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿ ਸੱਜਣ ਵੇਖ ਵਖਾਈਆ। ਗੁਰਮੁਖ ਸਾਜਣ ਤੇਰੀ ਧਾਰ, ਹਰਿ ਹਰਿ ਆਪ ਚਲਾਈਆ। ਪੰਚ ਤਤ ਤੱਤ ਕਰ ਪਿਆਰ, ਆਤਮ ਬ੍ਰਹਮ ਜਣਾਈਆ। ਹਉਮੇ ਹੰਗਤਾ ਰੋਗ ਨਿਵਾਰ, ਚਿੰਤਾ ਸੋਗ ਮਿਟਾਈਆ। ਮਾਇਆ ਮਮਤਾ ਦਏ ਦੁਰਕਾਰ, ਦਰ ਦਵਾਰ ਰਹਿਣ ਨਾ ਪਾਈਆ। ਆਸਾ ਮਨਸਾ ਤ੍ਰਿਸ਼ਨਾ ਦੇਵੇ ਮਾਰ, ਕਾਮ ਕਰੋਧ ਲੋਭ ਮੋਹ ਹੰਕਾਰ ਨਾ ਹੋਏ ਹਲਕਾਈਆ। ਮਨ ਮਨਸਾ ਨਾ ਕਹੇ ਲਲਕਾਰ, ਏਕਾ ਖੰਡਾ ਰਿਹਾ ਵਖਾਈਆ। ਮਤ ਮਤਵਾਲੀ ਕਰੇ ਵਿਚਾਰ, ਏਕਾ ਵਿਦਿਆ ਸਚ ਪੜ੍ਹਾਈਆ। ਬੁੱਧ ਬਬੇਕੀ ਵਿਚ ਸੰਸਾਰ, ਏਕਾ ਏਕੀ ਰਿਹਾ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਸੱਜਣ ਸਾਚੇ ਤੇਰੀ ਰਿਹਾ ਬਣਤ ਬਣਾਈਆ। ਪੰਜ ਤਤ ਹਰਿ ਸਮਰਥ, ਆਪਣਾ ਆਪ ਟਿਕਾਇੰਦਾ। ਹਰਿਜਨ ਰਾਖੇ ਦੇ ਕਰ ਹੱਥ, ਹਰਿ ਆਪੇ ਵੇਖ ਵਖਾਇੰਦਾ। ਸ਼ਬਦ ਜਣਾਈ ਅਕੱਥਨਾ ਅਕੱਥ, ਕਥਨੀ ਕਥ ਕਥ ਨਾ ਕੋਈ ਸੁਣਾਇੰਦਾ। ਨਾਮ ਚੜ੍ਹਾਏ ਸਾਚੇ ਰਥ, ਰਥ ਰਥਵਾਹੀ ਆਪ ਅਖਵਾਇੰਦਾ। ਪੰਚ ਵਿਕਾਰਾ ਪਾਏ ਨੱਥ, ਏਕਾ ਡੋਰੀ ਨਾਮ ਬੰਧਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿ ਸੱਜਣ ਵੇਖ ਵਖਾਇੰਦਾ। ਗੁਰਮੁਖ ਸੱਜਣ ਕਾਇਆ ਚੋਲਾ, ਗੁਰ ਸਤਿਗੁਰ ਆਪ ਰੰਗਾਇਆ। ਪੰਜ ਤਤ ਦਵਾਰੇ ਹੋਇਆ ਗੋਲਾ, ਦਿਵਸ ਰੈਣ ਵੇਖ ਵਖਾਇਆ। ਨਾਦੀ ਸ਼ਬਦ ਵਜਾਏ ਸਾਚਾ ਢੋਲਾ, ਏਕਾ ਮੰਗਲ ਗਾਇਆ। ਦਰ ਦਵਾਰਾ ਏਕਾ ਖੋਲ੍ਹਾ, ਏਕਾ ਭਿਛਿਆ ਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿ ਸੱਜਣ ਵੇਖ ਵਖਾਇਆ। ਗੁਰਸਿਖ ਸਾਚੇ ਤੇਰੀ ਪ੍ਰੀਤ, ਹਰਿ ਹਰਿ ਆਪ ਉਪਾਈਆ। ਆਪੇ ਵੇਖੇ ਹਸਤ ਕੀਟ, ਊਚਾਂ ਨੀਚਾਂ ਆਪ ਸਮਾਈਆ। ਆਪੇ ਜਾਣੇ ਆਪਣੀ ਰੀਤ, ਹਰਿਜਨ ਸਾਚੇ ਰਿਹਾ ਸਮਝਾਈਆ। ਸਦਾ ਸੁਹੇਲਾ ਹੋਏ ਪਤਤ ਪੁਨੀਤ, ਪਤਤ ਪਾਵਣ ਪਤਤ ਪਾਪੀ ਰਿਹਾ ਤਰਾਈਆ। ਇਕ ਵਖਾਏ ਧਾਮ ਅਨਡੀਠ, ਹਰਿ ਸਾਚੇ ਜੋਤ ਜਗਾਈਆ। ਦਿਵਸ ਰੈਣ ਅੱਠੇ ਪਹਿਰ ਲੱਖ ਚੁਰਾਸੀ ਪਰਖੇ ਨੀਤ, ਲੇਖਾ ਆਪਣੇ ਹੱਥ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿ ਸੱਜਣ ਵੇਖੇ ਸਹਿਜ ਸੁਭਾਈਆ। ਗੁਰਸਿਖ ਸਾਜਣ ਤੇਰਾ ਬਾਣਾ, ਹਰਿ ਹਰਿ ਆਪ ਸੁਹਾਇਆ। ਕੋਟਨ ਕੋਟ ਕੋਟੀ ਤਰਸੇ ਰਾਜਾ ਰਾਣਾ, ਹੱਥ ਕਿਸੇ ਨਾ ਆਇਆ। ਕੋਟਨ ਕੋਟ ਵਸਣ ਜਗਤ ਮਕਾਨਾ, ਉਚ ਮਹੱਲਾ ਨਜ਼ਰ ਨਾ ਆਇਆ। ਗੁਰਮੁਖਾਂ ਦੇਵੇ ਨਾਮ ਬਬਾਨਾ, ਘਰ ਘਰ ਫੇਰਾ ਪਾਇਆ। ਮੂਰਖ ਮੂੜ ਮੁਗਧ ਬਣਾਏ ਚਤੁਰ ਸੁਘੜ ਸਿਆਣਾ, ਏਕਾ ਮੰਤਰ ਨਾਮ ਦ੍ਰਿੜਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਤੇਰੀ ਸੇਵਾ ਸੇਵਕ ਆਪ ਕਮਾਇਆ। ਗੁਰਮੁਖ ਸਾਚਾ ਸੱਜਣ ਸ਼ਾਹ, ਹਰਿ ਸੋਹੇ ਬੰਕ ਦਵਾਰ। ਦਰ ਦਰ ਮੰਗੇ ਬੇਪਰਵਾਹ, ਭੇਖੀ ਭੇਖ ਅਪਾਰ। ਸਿਫ਼ਤੀ ਸਿਫ਼ਤ ਕਰੇ ਸਲਾਹ, ਲੇਖਾ ਲਿਖ ਲਿਖੇ ਵਿਚ ਸੰਸਾਰ, ਦੋ ਜਹਾਨੀ ਬਣ ਮਲਾਹ, ਬੇੜਾ ਕਰਨ ਆਇਆ ਪਾਰ। ਨਿਥਾਵਿਆਂ ਦੇਵੇ ਸਾਚਾ ਥਾਂ, ਸਾਚਾ ਧਾਮ ਚਰਨ ਦਵਾਰ। ਆਪੇ ਪਿਤਾ ਆਪੇ ਮਾਂ, ਗੁਰਮੁਖ ਉਠਾਏ ਬਾਲ ਅੰਞਾਣ। ਸਦਾ ਸੁਹੇਲਾ ਦੇਵੇ ਠੰਡੀ ਛਾਂ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਸਿਖ ਤੇਰਾ ਵੇਖੇ ਦਰ, ਦਰ ਸਾਚਾ ਘਰ ਸਾਚਾ ਹਰਿ ਹਰਿ ਕਰੇ ਪਰਵਾਨ। ਗੁਰਮੁਖ ਤੇਰਾ ਸਾਚਾ ਰਾਜ, ਹਰਿ ਹਰਿ ਚਰਨ ਦਵਾਰਿਆ। ਕਲਜੁਗ ਅੰਤਮ ਧਰੂ ਪ੍ਰਹਿਲਾਦ ਆਵੇ ਲਾਜ, ਨਿਉਂ ਨਿਉਂ ਵੇਖਣ ਨੈਣ ਉਘਾੜਿਆ। ਪਾਰਬ੍ਰਹਮ ਪ੍ਰਭ ਲੋਕਮਾਤ ਰਚਿਆ ਕਾਜ, ਕਵਣ ਦਵਾਰੇ ਜੋਤ ਜਗਾ ਰਿਹਾ। ਕਵਣ ਭਗਤ ਕਵਣ ਗੁਰਸਿਖ ਕਵਣ ਸੰਤ ਕਵਣ ਗੁਰਮੁਖ ਮਾਰੇ ਵਾਜ, ਸੋਏ ਆਪ ਉਠਾ ਰਿਹਾ। ਧੁਰਦਰਗਾਹੀ ਸੋਹੰ ਸ਼ਬਦ ਦੇਵੇ ਸਾਚੀ ਦਾਤ, ਦਾਤਾ ਦਾਨੀ ਝੋਲੀ ਪਾ ਰਿਹਾ। ਹਰਿਸੰਗਤ ਬਣਾਏ ਸਚ ਬਰਾਤ, ਗੁਰਮੁਖ ਆਤਮ ਨਾਰੀ ਇਕ ਪਰਨਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਮਲਾਪਾਤੀ ਸਗਨ ਮਨਾ ਰਿਹਾ। ਕਮਲਾਪਾਤੀ ਸਾਜਣ ਹਰਿ, ਹਰਿ ਰਚਨ ਰਚਾਇੰਦਾ। ਆਪੇ ਫੂਲਣ ਮਾਲਾ ਹਾਰ ਪਾਏ ਗਲ, ਆਪੇ ਵੇਖ ਵਖਾਇੰਦਾ। ਆਪ ਸੀਸ ਸੇਹਰਾ ਲਏ ਧਰ, ਆਪ ਵਾਗ ਗੁੰਦਾਇੰਦਾ। ਆਪੇ ਰਾਂਗਲੀ ਮਹਿੰਦੀ ਹੱਥ ਲਾਲ ਲਏ ਕਰ, ਆਪੇ ਗਾਨਾ ਤੰਦ ਰਖਾਇੰਦਾ। ਸ਼ਬਦ ਵਿਚੋਲਾ ਵੇਖੇ ਦੋਵੇਂ ਦਰ, ਏਕਾ ਦੂਜੇ ਘਰ ਫੇਰੀ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਦਰਸ ਦਿਖਾਇੰਦਾ। ਸ਼ਬਦ ਰੰਗੀਲਾ ਸਾਚਾ ਲਾੜਾ, ਹਰਿ ਸਾਚੇ ਆਪ ਸਜਾਇਆ। ਆਪਣੇ ਘੋੜੇ ਆਪੇ ਚਾੜ੍ਹਾ, ਆਪੇ ਵੇਖਣ ਆਇਆ। ਬਹੱਤਰ ਨਾੜੀ ਵੱਜੇ ਤਾੜਾ, ਸਾਚਾ ਵਾਜਾ ਇਕ ਵਜਾਇਆ। ਪੰਚਮ ਸਖੀਆਂ ਲਾਇਆ ਅਖਾੜਾ, ਗੀਤ ਸੁਹਾਗੀ ਗਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਸਗਨ ਮਨਾਇਆ। ਸੁਰਤ ਸਵਾਣੀ ਕਰ ਪਿਆਰੀ, ਗੁਰਮੁਖ ਘਰ ਵਧਾਈਆ। ਚੜ੍ਹਿਆ ਤ਼ੇਲ ਹਾਣੀਆਂ ਹਾਣੀ, ਏਕਾ ਵਟਨਾ ਲਾਈਆ। ਹੱਥ ਕਲੀਰੇ ਬੈਠੀ ਬੰਨ੍ਹ ਸਵਾਣੀ, ਸਾਚਾ ਸਗਨ ਮਨਾਇਆ। ਮਾਤਾ ਉਤੋਂ ਵਾਰੇ ਪਾਣੀ, ਅੰਮ੍ਰਿਤ ਧਾਰਾ ਇਕ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਘਰ ਆਪਣਾ ਆਪ ਸੁਹਾਈਆ। ਸਾਚਾ ਲਾੜਾ ਹੋ ਤਿਆਰ, ਸੀਸ ਦਸਤਾਰ ਟਿਕਾਇੰਦਾ। ਪੁਰਖ ਅਗੰਮਾ ਕਰ ਪਿਆਰ, ਆਪਣੇ ਰਾਹੇ ਪਾਇੰਦਾ। ਆਪੇ ਹੋਇਆ ਅਸਵ ਅਸਵਾਰ, ਸ਼ਾਹ ਅਸਵਾਰਾ ਨਾਉਂ ਧਰਾਇੰਦਾ। ਲੋਆਂ ਪੁਰੀਆਂ ਆਇਆ ਬਾਹਰ, ਲੋਕਮਾਤ ਵੇਖ ਵਖਾਇੰਦਾ। ਗੁਰਮੁਖ ਵੇਖੇ ਤੇਰਾ ਇਕ ਦਵਾਰ, ਦਰ ਦਵਾਰੇ ਡੇਰਾ ਲਾਇੰਦਾ। ਸ਼ਬਦ ਵਿਚੋਲਾ ਖ਼ਬਰਦਾਰ, ਘਰ ਸੁਤਿਆਂ ਜਾ ਜਗਾਇੰਦਾ। ਬਾਹਰ ਬੈਠਾ ਹਰਿ ਨਿਰੰਕਾਰ, ਆਪਣੇ ਨੂਰ ਸਮਾਇੰਦਾ। ਜੋਤੀ ਚਮਕੇ ਅਪਰ ਅਪਾਰ, ਭੇਵ ਕੋਈ ਨਾ ਪਾਇੰਦਾ। ਲਸ਼ਕਰ ਫੌਜ ਨਾ ਕੋਈ ਸ਼ਾਹੀ ਦਰਬਾਰ, ਦਰ ਦਰਬਾਨ ਨਾ ਕੋਈ ਵਖਾਇੰਦਾ। ਬਰਛੀ ਤੀਰ ਨਾ ਕੋਈ ਕਟਾਰ, ਖੰਡਾ ਖੜਗ ਨਾ ਕੋਈ ਚਮਕਾਇੰਦਾ। ਇਕ ਇਕੱਲਾ ਏਕਾ ਏਕੰਕਾਰ, ਆਪ ਆਪਣੀ ਕਲ ਵਰਤਾਇੰਦਾ। ਆਦਿ ਨਿਰੰਜਣ ਲੈ ਅਵਤਾਰ, ਜੋਤ ਨਿਰੰਜਣ ਵੇਖਣ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸ਼ਬਦ ਵਿਚੋਲਾ ਏਹ ਸਮਝਾਇੰਦਾ। ਸ਼ਬਦ ਵਿਚੋਲਾ ਧੁਰ ਸੰਦੇਸ਼ਾ ਏਕਾ ਏਕ ਸੁਣਾਈਆ। ਦਰ ਦਵਾਰ ਆਇਆ ਹਰਿ ਨਰ ਨਰ ਨਰੇਸ਼ਾ, ਸੀਸ ਸੇਹਰਾ ਇਕ ਬੰਧਾਈਆ। ਸਰਬਾਲਾ ਬਣਿਆ ਗੁਰ ਦਸਮੇਸ਼ਾ, ਦੋਹਾਂ ਜੋੜ ਜੁੜਾਈਆ। ਲੱਖ ਚੁਰਾਸੀ ਕਿਸੇ ਨਾ ਦੇਖਾ, ਨਾ ਕੋਈ ਸੀਸ ਝੁਕਾਈਆ । ਪੰਡਤ ਪਾਂਧਾ ਨਾ ਕੋਈ ਦੱਸੇ ਰੇਖਾ, ਨਾ ਕੋਈ ਦਿਵਸ ਸੁਹਾਈਆ। ਨਾ ਕੋਈ ਮੁੱਛ ਦਾੜ੍ਹੀ ਨਾ ਰੱਖੇ ਕੇਸਾ, ਨਾ ਕੋਈ ਮੂੰਡ ਮੁੰਡਾਈਆ। ਤਿਸ ਪੁਰਖ ਕੋ ਸਦਾ ਅਦੇਸਾ, ਨਿਰਗੁਣ ਜੋਤ ਜਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦਏ ਸੁਨੇਹੜਾ ਕਾਇਆ ਘਰ, ਘਰ ਸਾਚਾ ਆਪ ਸੁਹਾਈਆ। ਕਾਇਆ ਘਰ ਵੇਖ ਮਹੱਲਾ, ਸੁਰਤੀ ਸੁਰਤ ਜਗਾਈਆ। ਵਰੁਨ ਆਇਆ ਇਕ ਅਕੱਲਾ, ਬਾਹਰ ਬੈਠਾ ਬੇਪਰਵਾਹੀਆ। ਆਪਣੇ ਤਨ ਵਟਨਾ ਆਪੇ ਮਲਾ, ਆਪੇ ਮੈਲ ਗਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਾਚੀ ਸਖੀਆਂ ਰਿਹਾ ਉਠਾਈਆ। ਸਾਚੀ ਸਖੀ ਉਠ ਨਿਧਾਨ, ਸ਼ਬਦੀ ਸ਼ਬਦ ਜਣਾਇਆ। ਬਸਤਰ ਕਰ ਤਨ ਪਰਵਾਨ, ਸੋਲਾਂ ਸ਼ਿੰਗਾਰ ਵਖਾਇਆ। ਨੇਤਰ ਕਜਲਾ ਨਾਮ ਦਾਨ, ਏਕਾ ਧਾਰ ਬੰਧਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸੁਰਤ ਸਵਾਣੀ ਦਏ ਵਖਾਇਆ। ਸੁਰਤ ਸਵਾਣੀ ਲੈ ਅੰਗੜਾਈ, ਆਪਣਾ ਨੈਣ ਉਘਾੜਿਆ। ਸਾਚੇ ਘਰ ਹੋਈ ਕੁੜਮਾਈ, ਕੰਤ ਵੇਖਿਆ ਹਾਣੀ ਹਾਣੀਆਂ। ਮਾਪਿਆਂ ਘਰ ਬੈਠੀ ਧੀ ਬਾਹਰ ਬੈਠਾ ਇਕ ਜਵਾਈ, ਨਾ ਮੰਗੇ ਪੀਣਾ ਖਾਣਿਆਂ। ਨਾ ਬੋਲੇ ਕਿਸੇ ਨਾਲ ਚਾਚੀ ਤਾਈ, ਭੈਣ ਭਾਈ ਨਾ ਕੋਈ ਸਿਆਣਿਆਂ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਗਤ ਵਿਚੋਲਾ ਵੇਖ ਵਖਾਣਿਆਂ। ਜਗਤ ਵਿਚੋਲਾ ਸ਼ਬਦ ਗੁਰ, ਏਕਾ ਏਕ ਰਖਾਇਆ। ਦੋਹਾਂ ਮਿਲਾਵਾ ਕਰੇ ਧੁਰ, ਸਾਚਾ ਰਾਹ ਜਣਾਇਆ। ਸਾਚੀ ਜੋੜੀ ਜਾਏ ਜੁੜ, ਵਿਛੜ ਕਦੇ ਨਾ ਜਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਵੇਖ ਵਖਾਇਆ। ਕੰਤ ਭਤਾਰਾ ਹਰਿ ਭਗਵੰਤ, ਵੇਖੇ ਦਰ ਦਰਵਾਜਿਆ। ਕਵਣ ਦਵਾਰੇ ਸਾਜਣ ਸੰਤ, ਗੁਰਮੁਖ ਗ਼ਰੀਬ ਨਿਵਾਜ਼ਿਆ। ਆਪੇ ਜਾਣੇ ਆਪਣੀ ਖੇਲ ਭੇਵ ਨਾ ਜਾਣੇ ਜੀਵ ਜੰਤ, ਖੇਲੇ ਖੇਲ ਆਦਿ ਜੁਗਾਦਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪੇ ਪਾਰਬ੍ਰਹਮ ਬ੍ਰਹਮ ਬ੍ਰਹਿਮਾਦਿਆ। ਸੁਰਤ ਸਵਾਣੀ ਕਰ ਸ਼ਿੰਗਾਰ, ਨੇਤਰ ਨੈਣ ਰਹੀ ਸ਼ਰਮਾਈਆ। ਆਪਣੇ ਅੰਦਰੋਂ ਆਈ ਬਾਹਰ, ਨੌਂ ਦਵਾਰੇ ਦਏ ਤਜਾਈਆ। ਮਿਲੇ ਮੇਲ ਮੀਤ ਮੁਰਾਰ, ਏਕਾ ਆਸ ਰਖਾਈਆ। ਪੁਰਖ ਅਬਿਨਾਸ਼ੀ ਪਾਵੇ ਸਾਰ, ਆਪ ਆਪਣੀ ਭੁਜਾਂ ਉਠਾਈਆ। ਅੰਦਰ ਮੰਦਰ ਖੋਲ੍ਹ ਕਿਵਾੜ, ਏਕਾ ਧਾਮ ਰਖਾਈਆ। ਸਾਚੀ ਸੇਜਾ ਕਰ ਪਿਆਰ, ਆਤਮ ਵੇਖ ਵਖਾਈਆ। ਮੇਲ ਮਿਲਾਵਾ ਹਰਿ ਮੀਤ ਮੁਰਾਰ, ਕੰਤ ਕੰਤੂਹਲਾ ਨਾਉਂ ਧਰਾਈਆ। ਸ਼ਬਦ ਝੂਲਾ ਝੁਲਾਏ ਅਪਰ ਅਪਾਰ, ਇਕ ਹੁਲਾਰਾ ਰਿਹਾ ਦਵਾਈਆ। ਨਿਰਮਲ ਜੋਤੀ ਜਗੇ ਅਗੰਮ ਅਪਾਰ, ਦੀਵਾ ਬਾਤੀ ਨਾ ਕੋਈ ਰਖਾਈਆ। ਗੁਰਮੁਖ ਨਾਰੀ ਕਰ ਪਿਆਰ, ਹਰਿ ਹਰਿ ਕੰਤ ਰਹੀ ਹੰਢਾਈਆ। ਮਿਲਿਆ ਮੇਲ ਵਿਚ ਸੰਸਾਰ, ਲੋਕਮਾਤ ਵੱਜੀ ਵਧਾਈਆ। ਕਲਜੁਗ ਅੰਤਮ ਲੈ ਅਵਤਾਰ, ਨਿਹਕਲੰਕ ਵੱਡੀ ਵਡਿਆਈਆ। ਗੁਰਮੁਖਾਂ ਸੁਹਾਏ ਬੰਕ ਦਵਾਰ, ਦਰ ਦਵਾਰਾ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਿਰਪਾਨਿਧ ਨਾਉਂ ਰਖਾਈਆ। ਹਰਿ ਚਰਨ ਦਵਾਰਾ ਸਚ ਹੈ, ਸਾਚੋ ਸਾਚ ਸਮਾਏ। ਕਾਇਆ ਮਾਟੀ ਭਾਂਡਾ ਕੱਚ ਹੈ, ਥਿਰ ਰਹਿਣ ਨਾ ਪਾਏ। ਨੌਂ ਦਵਾਰੇ ਰਿਹਾ ਨੱਚ ਹੈ, ਮਨ ਮਨੂਆ ਹੋ ਹਲਕਾਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਸਾਜਣ ਲਏ ਤਰਾਏ। ਹਰਿ ਚਰਨ ਦਵਾਰਾ ਹਰਿ ਰੰਗ, ਹਰਿ ਹਰਿ ਰੰਗ ਰੰਗਾਇੰਦਾ। ਗੁਰਮੁਖ ਮੰਗੀ ਸਾਚੀ ਮੰਗ, ਪ੍ਰਭ ਪੂਰਨ ਭਿਛਿਆ ਪਾਇੰਦਾ। ਆਤਮ ਵਖਾਏ ਸਚ ਪਲੰਘ, ਸਚ ਸਿੰਘਾਸਣ ਆਸਣ ਲਾਇੰਦਾ। ਏਕਾ ਸ਼ਬਦ ਇਕ ਤਰੰਗ, ਏਕਾ ਧਾਰ ਵਹਾਇੰਦਾ। ਏਕਾ ਤੀਰਥ ਏਕਾ ਤਟ, ਏਕਾ ਗੋਦਾਵਰੀ ਏਕਾ ਗੰਗ, ਏਕਾ ਜਲ ਸਮਾਇੰਦਾ। ਏਕਾ ਰੂਪ ਏਕਾ ਰੰਗ ਕੱਟਣਹਾਰਾ ਭੁੱਖ ਨੰਗ, ਜਨ ਭਗਤਾਂ ਦਇਆ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਚਰਨ ਦਵਾਰ ਇਕ ਵਖਾਇੰਦਾ । ਚਰਨ ਦਵਾਰ ਹਰਿ ਰੰਗ ਰਾਤਾ, ਗੁਰਮੁਖਾਂ ਮੁਖ ਸਲਾਹੀਆ। ਮੇਟ ਮਿਟਾਏ ਅੰਧੇਰੀ ਰਾਤਾ, ਏਕਾ ਚੰਦ ਚੜ੍ਹਾਈਆ। ਚਰਨ ਕਵਲ ਬੰਧਾਏ ਸਾਚਾ ਨਾਤਾ, ਦੋ ਜਹਾਨਾਂ ਵੇਖ ਵਖਾਈਆ। ਦਰਸ ਦਿਖਾਏ ਇਕ ਇਕਾਂਤਾ, ਏਕਾ ਰੂਪ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਚਰਨ ਦਵਾਰਾ ਏਕਾ ਬੂਝ ਬੁਝਾਈਆ । ਚਰਨ ਦਵਾਰ ਹਰਿ ਸਾਚਾ ਸੱਜਣ, ਗੁਰਮੁਖਾਂ ਮੇਲ ਮਿਲਾਇੰਦਾ। ਨੇਤਰ ਨੈਣ ਪਾਏ ਕੱਜਲ, ਅੰਧ ਅੰਧੇਰ ਗਵਾਇੰਦਾ। ਦੁਰਮਤ ਮੈਲ ਧਵਾਏ ਕਰਾਏ ਮਜਨ, ਸਾਚਾ ਧਾਮ ਸੁਹਾਇੰਦਾ। ਆਦਿ ਜੁਗਾਦੀ ਆਇਆ ਪਰਦੇ ਕੱਜਣ, ਨਾਮ ਪਰਦਾ ਏਕਾ ਪਾਇੰਦਾ। ਕਾਲ ਨਗਾਰੇ ਘਰ ਘਰ ਸਿਰ ਸਿਰ ਵੱਜਣ, ਧਰਮ ਰਾਏ ਡੌਰੂ ਵਾਇੰਦਾ । ਕਿਸੇ ਨਾ ਮੇਲ ਕੋਈ ਸੱਜਣ, ਨਾ ਕੋਈ ਮੇਲ ਮਿਲਾਇੰਦਾ। ਲਾੜੀ ਮੌਤ ਚਾਰੇ ਕੁੰਟ ਆਏ ਨੱਚਣ, ਲੋਕਮਾਤ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਚਰਨ ਦਵਾਰ ਹਰਿ ਨਿਰੰਕਾਰ ਏਕਾ ਬੂਝ ਬੁਝਾਇੰਦਾ। ਚਰਨ ਦਵਾਰ ਹਰਿ ਗੋਬਿੰਦ, ਹਰਿ ਹਰਿ ਨਜ਼ਰੀ ਆਇਆ। ਮੇਟ ਮਿਟਾਏ ਸਗਲੀ ਚਿੰਦ, ਚਿੰਤਾ ਚਿਖਾ ਗਵਾਇਆ। ਗੁਰਮੁਖ ਉਪਜਾਏ ਆਪਣੀ ਬਿੰਦ, ਆਪ ਆਪਣੀ ਰਕਤ ਤਰਾਇਆ। ਅੰਮ੍ਰਿਤ ਧਾਰ ਵਹਾਏ ਸਾਗਰ ਸਿੰਧ, ਗਹਿਰ ਗੰਭੀਰ ਸਮਾਇਆ। ਮਨਮੁਖ ਲਗਾਏ ਆਪਣੀ ਨਿੰਦ, ਨਿੰਦਕ ਨਿੰਦਿਆ ਮੁਖ ਭਰਾਇਆ। ਜੋਧਾ ਸੂਰਾ ਵਡ ਮਰਗਿੰਦ, ਗੁਰਮੁਖ ਲਏ ਉਠਾਇਆ। ਦਾਤਾ ਦਾਨੀ ਦੇਵੇ ਦਾਨ ਗੁਣੀ ਗਹਿੰਦ, ਨਾਮ ਝੋਲੀ ਦਏ ਭਰਾਇਆ। ਪ੍ਰਗਟ ਹੋਏ ਧਰਤ ਧਵਲ ਹਿੰਦ, ਭਾਰਤ ਖੰਡੀ ਵੇਖ ਵਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਚਰਨ ਨਾਤਾ ਇਕ ਬੰਧਾਇਆ। ਚਰਨ ਨਾਤਾ ਧੁਰ ਸੰਜੋਗ, ਗੁਰਮੁਖ ਵਡ ਵਡਿਆਈਆ। ਆਦਿ ਜੁਗਾਦਿ ਨਾ ਹੋਏ ਵਿਜੋਗ, ਨਾ ਕੋਈ ਮੁਖ ਭਵਾਈਆ। ਆਤਮ ਰਸ ਸਾਚਾ ਭੋਗੇ ਭੋਗ, ਰਸ ਰਸੀਆ ਆਪ ਅਖਵਾਈਆ। ਸ਼ਬਦ ਚੁਗਾਏ ਸਾਚੀ ਚੋਗ, ਮਾਣਕ ਮੋਤੀ ਹੰਸ ਸੁਹਾਈਆ। ਏਕਾ ਦੇਵੇ ਸਾਚਾ ਜੋਗ, ਚਰਨ ਪ੍ਰੀਤੀ ਇਕ ਸਿਖਾਈਆ। ਪ੍ਰਗਟ ਹੋ ਦਰਸ ਦੇਵੇ ਹਰਿ ਅਮੋਘ, ਗੁਰਮੁਖਾਂ ਵੱਜੇ ਵਧਾਈਆ। ਦੂਈ ਦਵੈਤੀ ਹਉਂਮੇ ਹੰਗਤਾ ਕਟੇ ਰੋਗ, ਮਹੱਲ ਅਟੱਲ ਅਚਲ ਉਚ ਕਰੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਚਰਨ ਕਵਲ ਉਪਰ ਧਵਲ, ਜਨ ਭਗਤਾਂ ਮੇਲ ਮਿਲਾਈਆ। ਧਰਤ ਧਵਲ ਸਹਾਰਾ, ਬ੍ਰਹਿਮੰਡਾਂ ਰਾਹ ਤਕਾਈਆ। ਗਗਨ ਮੰਡਲ ਰੋਵੇ ਜ਼ਾਰੋ ਜ਼ਾਰਾ, ਨੇਤਰ ਨੀਰ ਵਹਾਈਆ। ਬ੍ਰਹਮਾ ਚਾਰੇ ਮੁਖ ਕਰੇ ਪੁਕਾਰਾ, ਅੱਠੇ ਪਹਿਰ ਗਾਈਆ। ਸ਼ਿਵ ਸ਼ੰਕਰ ਮੁੰਡੀਆਂ ਪਾਵੇ ਹਾਰਾ, ਸੀਸ ਆਪਣਾ ਭੇਟ ਚੜ੍ਹਾਈਆ। ਕਰੋੜ ਤੇਤੀਸਾ ਕਰੇ ਵਿਚਾਰਾ, ਸੁਰਪਤ ਰਾਜਾ ਇੰਦ ਵੇਖ ਵਖਾਈਆ। ਨੌਂ ਖੰਡ ਪ੍ਰਿਥਮੀ ਕਰੇ ਕਾਰਾ, ਕਰਨ ਕਾਰਨ ਆਪ ਹੋ ਜਾਈਆ। ਲੱਖ ਚੁਰਾਸੀ ਜਨਮ ਹਾਰਾ, ਜੂਏ ਜਨਮ ਗਵਾਈਆ। ਗੁਰਮੁਖ ਵਿਰਲੇ ਪਾਵੇ ਸਾਰਾ, ਜਿਸ ਜਨ ਬੂਝ ਬੁਝਾਈਆ। ਚਰਨ ਕਵਲ ਕਵਲ ਚਰਨ ਢਹਿ ਪਏ ਦਵਾਰਾ, ਮੋਖ ਮੁਕਤ ਗੁਰਚਰਨ ਹੇਠਾਂ ਰਹੀ ਸ਼ਰਮਾਈਆ। ਗੁਰਮੁਖ ਤੇਰਾ ਉਚ ਮੁਨਾਰਾ, ਦਿਸ ਕਿਸੇ ਨਾ ਆਈਆ। ਭਰਿਆ ਰਹੇ ਹਰਿ ਭੰਡਾਰਾ, ਪ੍ਰਭ ਸਾਚਾ ਆਪ ਵਰਤਾਈਆ। ਦੀਪਕ ਜੋਤੀ ਜਗੇ ਅਪਾਰਾ, ਨੂਰੋ ਨੂਰ ਸਮਾਈਆ। ਇਕ ਇਕੱਲਾ ਬੈਠਾ ਏਕਾ ਏਕੰਕਾਰਾ, ਗੁਰਮੁਖਾਂ ਰਾਹ ਤਕਾਈਆ। ਆਦਿ ਜੁਗਾਦਿ ਜੁਗਾ ਜੁਗੰਤਰ ਜੁਗ ਜੁਗ ਪਾਵੇ ਸਾਰਾ, ਦਰ ਦਰ ਘਰ ਘਰ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਚਰਨ ਦਵਾਰਾ ਸਾਚਾ ਘਰ, ਘਰ ਸਾਚਾ ਇਕ ਸੁਹਾਈਆ। ਚਰਨ ਦਵਾਰ ਹਰਿਜਨ ਵੇਖ, ਆਪਣਾ ਮੂਲ ਚੁਕਾਈਆ। ਨੇਤਰ ਲੋਚਣ ਨੈਣ ਪੇਖ, ਤ੍ਰਿਸ਼ਨਾ ਤ੍ਰਿਪਤ ਕਰਾਇਆ। ਮੇਟਣਹਾਰਾ ਬਿਧਨਾ ਲੇਖ, ਲੇਖਾ ਲੇਖੇ ਲਏ ਲਗਾਇਆ। ਵੇਖ ਵਖਾਏ ਦੇਸ ਪ੍ਰਦੇਸ਼, ਦੂਰ ਨੇੜ ਨਾ ਕੋਈ ਜਣਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਸਾਚੇ ਵੇਖ ਵਖਾਈਆ। ਪਾਰਬ੍ਰਹਮ ਪੁਰਖ ਅਬਿਨਾਸ਼ਾ, ਘਟ ਘਟ ਆਪ ਸਮਾਇਆ। ਖੇਲੇ ਖੇਲ ਪ੍ਰਿਥਮੀ ਆਕਾਸ਼ਾ, ਅਕਾਸ਼ ਅਕਾਸ਼ਾ ਵਿਚ ਸਮਾਇਆ। ਭਗਤ ਸੁਹੇਲਾ ਹੋਏ ਦਾਸਨ ਦਾਸਾ, ਲੋਕਮਾਤ ਫੇਰਾ ਪਾਇਆ। ਨਿਝ ਘਰ ਆਤਮ ਰੱਖੇ ਵਾਸਾ, ਦਰ ਦਰਵਾਜ਼ਾ ਵੇਖ ਵਖਾਇਆ। ਸ਼ਾਹੋ ਭੂਪ ਹਰਿ ਗ਼ਰੀਬ ਨਿਵਾਜ਼ਾ, ਸ਼ਾਹ ਸੁਲਤਾਨਾ ਆਪ ਅਖਵਾਇਆ। ਸ਼ਬਦ ਅਨਾਦੀ ਧੁਨ ਵਜਾਏ ਅਨਹਦ ਵਾਜਾ, ਰਾਗ ਰਾਗਨੀ ਸੇਵਾ ਲਾਇਆ। ਸ਼ਬਦ ਰੱਖੇ ਚਿੱਟਾ ਅਸਵ ਤਾਜਾ, ਸਚ ਸਿੰਘਾਸਣ ਆਸਣ ਲਾਇਆ। ਜਨ ਭਗਤ ਸਵਾਰੇ ਆਪੇ ਕਾਜਾ, ਪੁਰਖ ਅਬਿਨਾਸ਼ੀ ਡੇਰਾ ਲਾਇਆ। ਸ਼ਬਦ ਸ਼ਬਦੀ ਮਾਰੇ ਵਾਜਾ, ਦਿਵਸ ਰੈਣ ਰਿਹਾ ਜਗਾਇਆ। ਕਲਜੁਗ ਜੋਤ ਅੰਤਮ ਪ੍ਰਗਟਾਏ ਦੇਸ ਮਾਝਾ, ਸੰਬਲ ਨਗਰੀ ਧਾਮ ਸੁਹਾਇਆ। ਧੁਰਦਰਗਾਹੀ ਆਇਆ ਭਾਜਾ, ਰਾਮ ਰਾਮਾ ਰੂਪ ਵਟਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਲੇਖ ਲਿਖਾਇਆ। ਪਾਰਬ੍ਰਹਮ ਪ੍ਰਭ ਪੁਰਖ ਸੁਲਤਾਨਾ, ਏਕਾ ਏਕੰਕਾਰਿਆ। ਜੋਤੀ ਨੂਰ ਜਗੇ ਮਹਾਨਾ, ਜੋਤੀ ਜੋਤ ਡਗਮਗਾ ਰਿਹਾ। ਸ਼ਬਦੀ ਸ਼ਬਦ ਇਕ ਤਰਾਨਾ, ਏਕਾ ਨਾਦ ਵਜਾ ਰਿਹਾ। ਲੋਆਂ ਪੁਰੀਆਂ ਵੇਖ ਵਖਾਣਾ, ਬ੍ਰਹਿਮੰਡਾਂ ਖੰਡਾਂ ਆਪ ਸਮਾ ਰਿਹਾ। ਬ੍ਰਹਮਾ ਵਿਸ਼ਨ ਸ਼ਿਵ ਦੇਵਤ ਸੁਰ ਦੇਵੇ ਦਾਨਾ, ਨਾਮ ਭਿਛਿਆ ਝੋਲੀ ਪਾ ਰਿਹਾ। ਲੱਖ ਚੁਰਾਸੀ ਕਰ ਪਛਾਣਾ, ਗੁਰਮੁਖ ਸੋਏ ਮਾਤ ਉਠਾ ਰਿਹਾ। ਆਦਿ ਜੁਗਾਦਿ ਜੁਗ ਜੁਗ ਜਨ ਭਗਤਾਂ ਹੱਥੀਂ ਬੰਨ੍ਹੇ ਗਾਨਾ, ਭਗਤ ਵਛਲ ਨਾਮ ਧਰਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਰੰਗ ਰੰਗਾ ਰਿਹਾ। ਪਾਰਬ੍ਰਹਮ ਹਰਿ ਦਾਤਾਰ, ਨਿਰਗੁਣ ਰੂਪ ਸਮਾਇਆ। ਨਿਰਗੁਣ ਖੇਲ ਅਪਰ ਅਪਾਰ, ਵੇਦ ਕ਼ਤੇਬ ਭੇਵ ਨਾ ਰਾਇਆ। ਇਕ ਇਕੱਲਾ ਏਕੰਕਾਰ, ਅਕਲ ਕਲਾ ਸਮਾਇਆ। ਆਵੇ ਜਾਵੇ ਵਿਚ ਸੰਸਾਰ, ਆਪ ਆਪਣਾ ਵੇਸ ਵਟਾਇਆ। ਜਲਾਂ ਥਲਾਂ ਪਾਵੇ ਸਾਰ, ਜੰਗਲ ਜੂਹ ਉਜਾੜ ਪਹਾੜ ਡੂੰਘੀ ਕੰਦਰ ਫੋਲ ਫੁਲਾਇਆ। ਲੱਖ ਚੁਰਾਸੀ ਮੀਤ ਮੁਰਾਰ, ਘਟ ਘਟ ਬੈਠਾ ਆਸਣ ਲਾਇਆ। ਭਰਮ ਭੁਲਾਏ ਜੀਵ ਗਵਾਰ, ਮਾਇਆ ਮਮਤਾ ਮੋਹ ਰਖਾਇਆ। ਹਉਮੇ ਹੰਗਤਾ ਗੜ੍ਹ ਹੰਕਾਰ, ਤਨ ਅੰਦਰ ਇਕ ਟਿਕਾਇਆ। ਗੁਰਮੁਖ ਸਾਚੇ ਕਰ ਉਜਿਆਰ, ਮਨ ਮਨੂਆ ਬੰਧ ਬੰਧਾਇਆ। ਮਤ ਬੁੱਧ ਕਰ ਪਿਆਰ, ਏਕਾ ਬੂਝ ਬੁਝਾਇਆ। ਸ਼ਬਦ ਧੁਨ ਸੱਚੀ ਧੁਨਕਾਰ, ਅੰਦਰ ਮੰਗਲ ਏਕਾ ਗਾਇਆ। ਗਾਵਤ ਗਾਏ ਮੀਤ ਮੁਰਾਰ, ਪੰਚਮ ਪੰਚਮ ਵੇਖ ਵਖਾਇਆ। ਜੋਤ ਨਿਰੰਜਣ ਸੇਵਾਦਾਰ, ਜੋਤੀ ਨੂਰ ਕਰੇ ਰੁਸ਼ਨਾਇਆ। ਆਪੇ ਖੋਲਣਹਾਰਾ ਬੰਦ ਕਵਾੜ, ਆਪੇ ਕੁੰਡਾ ਲਾਹਿਆ। ਗੁਰਮੁਖ ਸਾਜਣ ਸੰਤ ਸੁਹੇਲੇ ਕਰ ਪਿਆਰ, ਆਪ ਆਪਣਾ ਰਾਹ ਰਖਾਇਆ। ਜੁਗ ਜੁਗ ਜੋਤੀ ਜਗੇ ਅਪਾਰ, ਦਸਮ ਦਵਾਰੀ ਡੇਰਾ ਲਾਇਆ। ਅਲੱਖ ਅਗੋਚਰ ਭੇਵ ਨਿਆਰ, ਹੱਥ ਕਿਸੇ ਨਾ ਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਤਮ ਸੇਜਾ ਇਕ ਸੁਹਾਇਆ। ਆਤਮ ਸੇਜਾ ਸਚ ਸਿੰਘਾਸਣ, ਹਰਿ ਸਾਚੀ ਜੋਤੀ ਜੋਤ ਜਗਾਈਆ। ਬੈਠਾ ਇਕ ਪੁਰਖ ਅਬਿਨਾਸ਼ਣ, ਪਾਰਬ੍ਰਹਮ ਵੱਡੀ ਵਡਿਆਈਆ। ਸਾਚੇ ਮੰਡਲ ਪਾਵੇ ਰਾਸਨ, ਗੋਪੀ ਕਾਹਨ ਆਪ ਅਖਵਾਈਆ। ਖੇਲੇ ਖੇਲ ਸ਼ਾਹੋ ਸ਼ਬਾਸ਼ਣ, ਤਖ਼ਤ ਤਾਜ ਇਕ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿਨ ਅੰਤਾ ਹਰਿ ਭਗਵੰਤਾ, ਭਗਵਨ ਰੂਪ ਆਪ ਹੋ ਜਾਈਆ। ਆਦਿ ਪੁਰਖ ਸ਼ਾਹ ਸੁਲਤਾਨਾ, ਨਰ ਨਰਾਇਣ ਅਖਵਾਇਆ। ਖੇਲੇ ਖੇਲ ਦੋ ਜਹਾਨਾਂ, ਪਤਿਤ ਪਾਵਣ ਨਾਮ ਧਰਾਇਆ। ਨੌਂ ਖੰਡ ਪ੍ਰਿਥਮੀ ਵੇਖੇ ਮਾਰ ਧਿਆਨਾ, ਸੱਤਾਂ ਦੀਪਾਂ ਡੇਰਾ ਲਾਇਆ। ਲੱਖ ਚੁਰਾਸੀ ਕਰ ਪਰਧਾਨਾ, ਤ੍ਰੈਗੁਣ ਮਾਇਆ ਜੋੜ ਜੁੜਾਇਆ। ਪੰਚਮ ਮੇਲਾ ਖੇਲ ਮਹਾਨਾ, ਪੰਚਮ ਪੰਚਮ ਵੇਖ ਵਖਾਇਆ। ਦਰ ਘਰ ਬੈਠਾ ਹਰਿ ਭਗਵਾਨਾ, ਦਿਸ ਕਿਸੇ ਨਾ ਆਇਆ। ਗੁਰਮੁਖ ਵਿਰਲਾ ਚਤੁਰ ਸੁਜਾਨਾ, ਜਿਸ ਜਨ ਆਪਣੀ ਬੂਝ ਬੁਝਾਇਆ। ਆਤਮ ਅੰਤਰ ਦੇਵੇ ਨਾਮ ਨਿਧਾਨਾ, ਰਸਨਾ ਜਿਹਵਾ ਨਾ ਕੋਈ ਹਿਲਾਇਆ। ਏਕਾ ਰਾਗ ਇਕ ਤਰਾਨਾ, ਏਕਾ ਕਾਨ ਸੁਣਾਇਆ। ਏਕਾ ਘਰ ਇਕ ਟਿਕਾਣਾ, ਏਕਾ ਏਕ ਹਰਿ ਹਰਿ ਨਜ਼ਰੀ ਆਇਆ। ਏਕਾ ਸ਼ਬਦ ਇਕ ਬਿਬਾਨਾ, ਏਕਾ ਰਿਹਾ ਚੜ੍ਹਾਇਆ। ਭੇਵ ਨਾ ਪਾਏ ਕੋਈ ਰਾਜਾ ਰਾਣਾ, ਰਾਜ ਰਾਜਾਨਾਂ ਦਿਸ ਨਾ ਆਇਆ। ਮੇਲ ਮਿਲਾਏ ਗ਼ਰੀਬ ਨਿਮਾਣਾ, ਗ਼ਰੀਬ ਨਿਵਾਜ਼ਾ ਨਾਉਂ ਰਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਜੁਗਾਦਿ ਜੁਗ ਜੁਗ ਆਪ ਆਪਣਾ ਵੇਸ ਵਟਾਇਆ। ਵੇਸ ਵਟਾਏ ਹਰਿ ਨਿਰੰਕਾਰ, ਅਕਲ ਕਲਾ ਅਖਵਾਇਆ। ਜੁਗ ਜੁਗ ਲੋਕਮਾਤ ਲੈ ਅਵਤਾਰ, ਆਪ ਆਪਣੀ ਰਚਨ ਰਚਾਈਆ। ਨਿਰਗੁਣ ਸਰਗੁਣ ਕਰ ਉਜਿਆਰ, ਧਰਤ ਮਾਤ ਵੇਖ ਵਖਾਈਆ। ਚਾਰ ਕੁੰਟ ਦਹਿ ਦਿਸ਼ਾ ਪਾਵੇ ਸਾਰ, ਅਗੰਮ ਅਥਾਹ ਬੇਪਰਵਾਹ ਖੇਲੇ ਖੇਲ ਹਰ ਘਟ ਥਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਪੁਰਖ ਆਦਿ ਨਿਰੰਜਣ ਦਾਤਾ ਦਾਨੀ ਦਰਦ ਦੁੱਖ ਭੈ ਭੰਜਨ, ਸਗਲਾ ਸੰਗ ਨਿਭਾਈਆ। ਸਗਲ ਸੰਗ ਸਗਲ ਹਰਿ ਸਾਥਾ, ਆਪਣੀ ਕਲ ਵਰਤਾਈਆ। ਆਪੇ ਪੂਤ ਸਪੂਤਾ ਰਾਮਾ ਦਸਰਾਥਾ, ਲੰਕਾ ਗੜ੍ਹ ਆਪ ਤੁੜਾਈਆ। ਆਪੇ ਹੋਏ ਮੁਕੰਦ ਮਨੋਹਰ ਲਖ਼ਮੀ ਨਰਾਇਣ ਰਥ ਰਥਵਾਹੀ ਆਪ ਅਖਵਾਈਆ। ਆਪੇ ਨਾਨਕ ਗੋਬਿੰਦ ਗਾਏ ਗਾਥਾ, ਗੁਰ ਗੁਰ ਵੱਡੀ ਵਡਿਆਈਆ। ਆਪੇ ਪੂਜਾ ਆਪੇ ਪਾਠਾ, ਆਪੇ ਮੰਤਰ ਨਾਮ ਦ੍ਰਿੜਾਈਆ। ਆਪੇ ਸਰ ਸਰੋਵਰ ਮਾਰੇ ਠਾਠਾ, ਜਲ ਧਾਰਾ ਆਪ ਵਹਾਈਆ। ਆਪੇ ਖੇਲੇ ਖੇਲ ਬਾਜ਼ੀਗਰ ਨਾਟਾ, ਨਟੂਆ ਸਾਂਗ ਵਰਤਾਈਆ। ਆਪੇ ਜੋਤ ਜਵਾਲਾ ਅਗਨੀ ਲਟ ਲਾਟਾ, ਆਦਿ ਸ਼ਕਤ ਆਪ ਅਖਵਾਈਆ। ਆਪੇ ਜੁਗ ਜੁਗ ਪੂਰਾ ਕਰਣਹਾਰਾ ਘਾਟਾ, ਜੀਵਾਂ ਜੰਤਾਂ ਵੇਖ ਵਖਾਈਆ। ਵੇਖ ਵਖਾਣੇ ਤੀਰਥ ਤਾਟਾ, ਤੱਟ ਕਿਨਾਰਾ ਵੇਖ ਵਖਾਈਆ। ਚੌਦਾਂ ਲੋਕਾਂ ਖੋਲ੍ਹੇ ਹਾਟਾ, ਲੁਕਿਆ ਕੋਈ ਰਹਿਣ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਕਰਤਾ ਆਪ ਅਖਵਾਈਆ। ਜੁਗ ਕਰਤਾ ਹਰਿ ਕਰਨੇਹਾਰਾ, ਏਕਾ ਏਕ ਅਖਵੰਤਿਆ। ਆਦਿ ਅੰਤ ਲੈ ਅਵਤਾਰਾ, ਖੇਲੇ ਖੇਲ ਸੂਰਾ ਸਰਬੰਗਿਆ। ਚਲੇ ਚਲਾਏ ਆਪਣੀ ਧਾਰਾ, ਆਪੇ ਸ਼ਾਹ ਕੰਗਾਲ ਆਪੇ ਭੁੱਖਾ ਨੰਗਿਆ। ਆਪੇ ਰਾਜ ਜੋਗ ਸ਼ਾਹ ਸੁਲਤਾਨ ਸਚ ਸਿਕਦਾਰਾ, ਆਪਣਾ ਦਰ ਆਪੇ ਮੰਗਿਆ। ਆਪੇ ਲੋਆਂ ਪੁਰੀਆਂ ਆਪੇ ਖੰਡ ਮੰਡਲ ਬ੍ਰਹਿਮੰਡ ਜੇਰਜ ਅੰਡ ਉਤਭੁਜ ਸੇਤਜ ਦੇ ਸਹਾਰਾ, ਆਪੇ ਵੇਖ ਵਿਖੰਤਿਆ। ਆਪੇ ਜਾਣੇ ਆਪਣਾ ਆਰ ਪਾਰ ਕਿਨਾਰਾ, ਡੂੰਘਾ ਸਾਗਰ ਖੋਜ ਖੁਜੰਤਿਆ। ਜੋਤੀ ਨੂਰ ਕਰ ਉਜਿਆਰਾ, ਖੇਲੇ ਖੇਲ ਸ੍ਰੀ ਭਗਵੰਤਿਆ। ਭਗਤਨ ਮੀਤਾ ਵਿਚ ਸੰਸਾਰਾ, ਦੇਵੇ ਨਾਮ ਸਚ ਸੁਗੰਤਿਆ। ਕਲਜੁਗ ਤੇਰੀ ਅੰਤਮ ਵਾਰਾ, ਸ੍ਰਿਸ਼ਟ ਸਬਾਈ ਵੇਖ ਵਖੰਤਿਆ। ਚਾਰ ਵਰਨ ਲਗਾਇਣ ਆਪਣਾ ਨਾਅਰਾ, ਏਕਾ ਸ਼ਬਦ ਨਾ ਕੋਈ ਰਖੰਤਿਆ। ਪਾਰਬ੍ਰਹਮ ਪ੍ਰਭ ਲੈ ਅਵਤਾਰਾ, ਲੱਖ ਚੁਰਾਸੀ ਬੂਝ ਬੁਝੰਤਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਭੇਵ ਖੁਲ੍ਹਾਏ ਸਾਚੇ ਸੰਤਿਆ। ਸਾਚਾ ਸੰਤ ਹਰਿ ਰੰਗ ਰਾਤਾ, ਦਿਵਸ ਰੈਣ ਪ੍ਰਭਾਤ। ਹੋਏ ਸਹਾਈ ਪਿਤਾ ਮਾਤਾ, ਮੇਟ ਮਿਟਾਏ ਜਾਤ ਪਾਤ। ਸ਼ਬਦ ਦੇਵੇ ਸਾਚੀ ਦਾਤਾ, ਬੈਠਾ ਰਹੇ ਇਕ ਇਕਾਂਤ। ਚਾਰ ਵਰਨ ਬੰਧਾਏ ਏਕਾ ਨਾਤਾ, ਅੰਮ੍ਰਿਤ ਆਤਮ ਪਿਆਏ ਬੂੰਦ ਸਵਾਂਤ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪੇ ਜਾਣੇ ਆਪਣੀ ਵਾਟ। ਕਲਜੁਗ ਅੰਤਮ ਅੰਧੇਰੀ ਰੈਣ, ਜਗਤ ਅੰਧੇਰਾ ਛਾਇਆ। ਰਸਨਾ ਕਿਸੇ ਨਾ ਸਕੇ ਕਹਿਣ, ਨਾ ਕੋਈ ਲੇਖ ਲਿਖਾਇਆ। ਗੁਰਮੁਖ ਆਤਮ ਪਾਏ ਵੈਣ, ਨੇਤਰ ਰੋ ਰੋ ਨੀਰ ਵਹਾਇਆ। ਨਾਤਾ ਤੁਟਾ ਮਾਤ ਪਿਤ ਭਾਈ ਭੈਣ ਸਾਕ ਸੱਜਣ ਸੈਣ, ਸਤਿਗੁਰ ਪੂਰਾ ਦਿਸ ਨਾ ਆਇਆ। ਮੰਦਰ ਮਸਜਿਦ ਗੁਰੂਦੁਆਰੇ ਸਾਰੇ ਬਹਿਣ, ਗੁਰ ਕਾ ਸ਼ਬਦ ਨਾ ਕਿਸੇ ਕਮਾਇਆ। ਖਾਣੀ ਬਾਣੀ ਵੇਖੇ ਨੈਣ, ਨੈਣ ਨੈਣਾਂ ਇਕ ਦਰਸਾਇਆ। ਕਲਜੁਗ ਮਾਇਆ ਮਮਤਾ ਲੋਭ ਮੋਹ ਹੰਕਾਰ ਕਿਸੇ ਲੈਣ ਨਾ ਦੇਵੇ ਚੈਨ, ਚਾਰੋਂ ਕੁੰਟ ਫਿਰੇ ਦੁਹਾਇਆ। ਵਰ ਵੇਖੇ ਲਾੜੀ ਮੌਤ ਡੈਣ, ਉਚੇ ਟਿੱਲੇ ਡੇਰਾ ਲਾਇਆ। ਧਰਮ ਰਾਏ ਚੁਕਾਏ ਲਹਿਣ ਦੇਣ, ਲੇਖਾ ਆਪਣਾ ਵੇਖ ਵਖਾਇਆ। ਚਿਤਰ ਗੁਪਤ ਅੱਗੇ ਹੋ ਸਾਰੇ ਕਹਿਣ, ਨਾ ਕੋਈ ਮੇਟੇ ਮੇਟ ਮਿਟਾਇਆ। ਕਲਜੁਗ ਤੇਰੀ ਅੰਤਮ ਧਾਰ, ਕਲਜੁਗ ਵਰਤੀ ਵਿਚ ਸੰਸਾਰ, ਪੁਰਖ ਅਬਿਨਾਸ਼ੀ ਆਇਆ ਲੈਣ, ਜੋਤੀ ਜਾਮਾ ਭੇਖ ਵਟਾਇਆ। ਜੋਤੀ ਜਾਮਾ ਹਰਿ ਭਗਵਾਨਾ, ਜੋਤੀ ਜੋਤ ਜਗਾਈਆ। ਸ਼ਬਦ ਖੰਡਾ ਸ਼ਬਦ ਤੀਰ ਕਮਾਨਾ, ਸ਼ਬਦ ਗੁਰ ਰਿਹਾ ਉਠਾਈਆ। ਸ਼ਬਦ ਜੋਧਾ ਸ਼ਬਦ ਸੂਰਬੀਰ ਬਲਵਾਨਾ, ਸ਼ਬਦ ਸ਼ਬਦੀ ਨਾਉਂ ਉਪਾਈਆ। ਸ਼ਬਦੀ ਆਏ ਵਿਚ ਮੈਦਾਨਾ, ਸ਼ਬਦ ਸ਼ਬਦ ਕਰੇ ਕੁੜਮਾਈਆ। ਨੌਂ ਖੰਡ ਪ੍ਰਿਥਮੀ ਲੱਖ ਚੁਰਾਸੀ ਹੋਈ ਨਿਧਾਨਾ, ਕਲਜੁਗ ਕੂੜਾ ਰਿਹਾ ਸਵਾਈਆ। ਰਾਜ ਰਾਜਾਨਾ ਸ਼ਾਹ ਸੁਲਤਾਨਾ ਭੁੱਲੇ ਪੀਣਾ ਖਾਣਾ, ਮਦਿਰਾ ਜਾਮ ਇਕ ਪਿਆਈਆ। ਅੰਦਰ ਮੰਦਰ ਨਾ ਸੁਣਿਆ ਗਾਣਾ, ਰਾਗ ਤਾਲ ਰਹੇ ਵਜਾਈਆ। ਪਾਇਆ ਪਦ ਨਾ ਇਕ ਨਿਰਬਾਣਾ, ਭਰਮੇ ਭੁੱਲੀ ਸਰਬ ਲੋਕਾਈਆ। ਜਗਤ ਭੇਖ ਨਾ ਪਾਰ ਕਰਾਨਾ, ਬਿਨ ਗੁਰ ਪੂਰੇ ਨਾ ਕੋਈ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਏਕਾ ਡੰਕਾ ਰਿਹਾ ਵਜਾਈਆ। ਏਕਾ ਡੰਕਾ ਹਰਿ ਨਿਰੰਕਾਰ, ਆਪਣਾ ਆਪ ਵਜਾਇੰਦਾ। ਲੋਆਂ ਪੁਰੀਆਂ ਕਰੇ ਖ਼ਬਰਦਾਰ, ਬ੍ਰਹਮਾ ਵਿਸ਼ਨ ਸ਼ਿਵ ਦੇਵਤ ਸੁਰ ਸੋਇਆ ਕੋਈ ਰਹਿਣ ਨਾ ਪਾਇੰਦਾ। ਸੱਤਾਂ ਦੀਪਾਂ ਨੌਆਂ ਖੰਡਾਂ ਬੰਨ੍ਹੇ ਧਾਰ, ਏਕਾ ਨਾਅਰਾ ਲਾਇੰਦਾ। ਵਰਨਾਂ ਬਰਨਾਂ ਰਿਹਾ ਵੇਖ ਵਿਚਾਰ, ਚਾਰ ਯਾਰੀ ਫੋਲ ਫੁਲਾਇੰਦਾ। ਸੰਗ ਮੁਹੰਮਦ ਚੁੱਕਣਾ ਪਏ ਭਾਰ, ਵੇਲਾ ਅੰਤਮ ਆਇੰਦਾ। ਅੱਲਾ ਰਾਣੀ ਕਰੇ ਵਿਚਾਰ, ਨੇਤਰ ਰੋ ਰੋ ਨੀਰ ਵਹਾਇੰਦਾ। ਪ੍ਰਗਟ ਹੋਇਆ ਬੇਐਬ ਪਰਵਰਦਿਗਾਰ, ਹੱਕ ਹਕੀਕਤ ਵੇਖ ਵਖਾਇੰਦਾ। ਖ਼ਲਕ ਖ਼ੁਦਾਈ ਸਾਂਝਾ ਯਾਰ, ਖ਼ਾਲਕ ਖ਼ਲਕ ਵਿਚ ਸਮਾਇੰਦਾ। ਐਨਲਹੱਕ ਨਾ ਕਰੇ ਕੋਈ ਪੁਕਾਰ, ਮੁਕਾਮੇ ਹੱਕ ਨਾ ਕੋਈ ਵਖਾਇੰਦਾ। ਪੜ੍ਹ ਪੜ੍ਹ ਥੱਕੇ ਅੰਜੀਲ ਕੁਰਾਨ, ਕਾਇਆ ਕੁਰਾ ਨਾ ਕੋਈ ਪਾਰ ਕਰਾਇੰਦਾ।
