Granth 09 Likhat 157: 8 Bhadro 2017 Bikarmi Inder Singh de Ghar Nathewal Ferozepur

੮ ਭਾਦਰੋਂ ੨੦੧੭ ਬਿਕ੍ਰਮੀ ਇੰਦਰ ਸਿੰਘ ਦੇ ਘਰ ਨਾਥੇਵਾਲ ਫਿਰੋਜ਼ਪੁਰ

ਸਤਿਗੁਰ ਪੂਰਾ ਸਰਬ ਗੁਣ ਠਾਕਰ, ਪੁਰਖ ਅਕਾਲ ਨਾਉਂ ਧਰਾਇੰਦਾ। ਜੁਗ ਜੁਗ ਵੇਖੇ ਜਗਤ ਸਾਗਰ, ਕਲਜੁਗ ਅੰਤਮ ਫੇਰਾ ਪਾਇੰਦਾ। ਵਸਤ ਅਮੋਲਕ ਦੇਵੇ ਨਾਮ ਰੱਤੀ ਰਤਨਾਗਰ, ਰੱਤੀ ਰੱਤ ਮੇਟ ਮਿਟਾਇੰਦਾ। ਗੁਰਮੁਖ ਬਣਾਏ ਸਾਚੇ ਸੌਦਾਗਰ, ਦਰ ਘਰ ਸਾਚਾ ਹੱਟ ਇਕ ਖੁਲਾਇੰਦਾ। ਨਿਰਮਲ ਕਰਮ ਕਰੇ ਉਜਾਗਰ, ਦੁਰਮਤ ਮੈਲ ਧਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਆਪਣਾ ਖੇਲ ਖਿਲਾਇੰਦਾ। ਦੀਨਾ ਨਾਥ ਸਰਬ ਗੁਣਵੰਤਾ, ਦੀਨਨ ਦਇਆ ਆਪ ਕਮਾਈਆ। ਜੁਗਾ ਜੁਗੰਤਰ ਵੇਸ ਵਟੰਤਾ, ਕਲਜੁਗ ਅੰਤਮ ਫੇਰਾ ਪਾਈਆ। ਲੱਖ ਚੁਰਾਸੀ ਤ੍ਰੈਗੁਣ ਮਾਇਆ ਵੇਖੇ ਸੰਸਥਾ, ਜਗਤ ਸਮਾਜ ਫੋਲ ਫੁਲਾਈਆ। ਵਰਨਾਂ ਬਰਨਾਂ ਬਣਿਆ ਬੰਸਾ, ਸਾਚਾ ਬੰਸ ਨਾ ਕੋਇ ਸੁਹਾਈਆ। ਤ੍ਰੈਗੁਣ ਮਾਈ ਬਣੀ ਅੰਸਾ, ਪਿਆਰ ਆਧਾਰ ਇਕ ਵਖਾਈਆ। ਮਨ ਹੰਕਾਰੀ ਬਣਿਆ ਕੰਸਾ, ਜੂਠਾ ਝੂਠਾ ਖੰਡਾ ਹੱਥ ਚਮਕਾਈਆ। ਜੀਵ ਵਿਕਾਰੀ ਹੋਏ ਸਹੰਸਾ, ਸਹੰਸਰ ਗੁਣ ਨਾ ਕੋਇ ਗਾਈਆ। ਕਾਇਆ ਮੇਲਾ ਮਾਇਆ ਮੋਹ ਜਗਤ ਅਹਿੰਸਾ, ਸਗਲਾ ਸੰਗ ਨਾ ਕੋਇ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਖੇਲ ਕਰੇ ਬੇਪਰਵਾਹੀਆ। ਪੁਰਖ ਅਬਿਨਾਸ਼ੀ ਦੀਨ ਦਿਆਲਣ, ਦਇਆ ਨਿਧ ਠਾਕਰ ਗਹਿਰ ਗੰਭੀਰਿਆ। ਆਦਿ ਜੁਗਾਦੀ ਖੇਲ ਨਿਰਾਲਣ, ਜੋਤ ਅਕਾਲਣ ਲੋਕਮਾਤ ਲਏ ਅਵਤਾਰਿਆ। ਚਲੇ ਚਲਾਏ ਅਵੱਲੜੀ ਚਾਲਣ, ਵੇਦ ਕਤੇਬ ਭੇਵ ਨਾ ਪਾ ਰਿਹਾ। ਖੇਲੇ ਖੇਲ ਦੋ ਜਹਾਨਣ, ਦੋ ਜਹਾਨਾਂ ਵਾਲੀ ਆਪਣਾ ਨਾਉਂ ਧਰਾ ਰਿਹਾ। ਜਨ ਭਗਤਾਂ ਕਰੇ ਹਰਿ ਹਰਿ ਪਾਲਣ, ਹਰਿ ਜੂ ਮੰਦਰ ਆਪ ਸੁਹਾ ਰਿਹਾ। ਸੰਤਨ ਮੇਟੇ ਅੰਧੇਰੀ ਸ਼ਾਮਨ, ਸ਼ਮਾ ਦੀਪਕ ਇਕ ਜਗਾ ਰਿਹਾ। ਗੁਰਮੁਖਾਂ ਬਖ਼ਸ਼ੇ ਨਾਮ ਨਿਧਾਨਨ, ਸਚ ਮੰਤਰ ਆਪ ਦ੍ਰਿੜਾ ਰਿਹਾ। ਗੁਰਸਿਖਾਂ ਕਰੇ ਪ੍ਰਕਾਸ਼ ਕੋਟਨ ਭਾਨਨ, ਭਾਵੀ ਭਰਮ ਭੌ ਚੁਕਾ ਰਿਹਾ। ਏਕਾ ਸ਼ਬਦ ਫੜਾਏ ਸਾਚਾ ਦਾਮਨ, ਦਾਮਨਗੀਰ ਆਪਣੀ ਸੇਵ ਕਮਾ ਰਿਹਾ। ਨੇੜ ਨਾ ਆਏ ਕਾਮਨੀ ਕਾਮਨ, ਕਾਦਰ ਕਰਤਾ ਆਪਣੀ ਕਿਰਤ ਆਪ ਕਮਾ ਰਿਹਾ। ਦੋ ਜਹਾਨਾ ਬਣੇ ਜ਼ਾਮਨ, ਲੋਕਮਾਤ ਵੇਖ ਵਖਾ ਰਿਹਾ। ਨਾ ਕੋਈ ਸ਼ੱਤਰੀ ਨਾ ਕੋਈ ਬ੍ਰਹਿਮਣ, ਸ਼ੂਦਰ ਵੈਸ਼ ਨਾ ਕੋਇ ਉਪਾ ਲਿਆ। ਨਿਰਗੁਣ ਰੂਪ ਸਰਬ ਘਟ ਚਾਨਣ, ਗ੍ਰਹਿ ਮੰਦਰ ਘਰ ਘਰ ਡੇਰਾ ਲਾ ਲਿਆ। ਤਾਣਾ ਪੇਟਾ ਤਣਿਆ ਤਾਨਣ, ਤ੍ਰੈਗੁਣ ਮਾਇਆ ਤੰਦ ਉਣਾ ਲਿਆ। ਕਰੇ ਖੇਲ ਸ੍ਰੀ ਭਗਵਾਨਨ, ਭੇਵ ਅਭੇਦਾ ਆਪ ਚਲਾ ਰਿਹਾ। ਜੁਗਾ ਜੁਗੰਤਰ ਬਣੇ ਦਲਾਲਣ, ਜਗਤ ਦਲੀਲ ਵੇਖ ਵਖਾ ਰਿਹਾ। ਭਗਤ ਭਿਖਾਰੀ ਹੋਏ ਸਵਾਲਣ, ਇਛਿਆ ਭਿਛਿਆ ਮੰਗ ਮੰਗਾ ਰਿਹਾ। ਮੰਗੇ ਵਸਤ ਨਾਮ ਧਨ ਮਾਲਣ, ਧਨ ਧਨਾਡੀ ਆਪ ਅਖਵਾ ਰਿਹਾ। ਪੰਜ ਤਤ ਵਿਕਾਰਾ ਕਲਜੁਗ ਅਗਨੀ ਜਾਲੇ ਬਾਲਣ, ਧੂਆਂਧਾਰ ਸਰਬ ਸਮਾ ਲਿਆ। ਹਰਿ ਕਾ ਰੂਪ ਨਾ ਕੋਇ ਪਛਾਨਣ, ਹਰਿ ਕੇ ਪੌੜੇ ਨਾ ਕੋਇ ਚੜ੍ਹਾ ਰਿਹਾ। ਅਨਹਦ ਸ਼ਬਦ ਨਾ ਕੋਇ ਗਾਨਣ, ਰਸਨਾ ਜਿਹਵਾ ਸਰਬ ਹਿਲਾ ਰਿਹਾ। ਤੁੱਟੇ ਮਾਣ ਨਾ ਜਗਤ ਅਭਿਮਾਨਣ, ਹਉਮੇ ਹੰਗਤਾ ਗੜ੍ਹ ਸੁਹਾ ਲਿਆ। ਗੁਰ ਚਰਨ ਧੂੜ ਕਰਿਆ ਨਾ ਸਚ ਅਸਨਾਨਣ, ਅਠਸਠ ਭੌ ਭੌ ਵਕਤ ਲੰਘਾ ਲਿਆ। ਆਤਮ ਉਪਜਿਆ ਨਾ ਬ੍ਰਹਮ ਗਿਆਨਣ, ਪੜ੍ਹ ਪੜ੍ਹ ਰਸਨਾ ਜਗਤ ਸੁਣਾ ਲਿਆ। ਵੱਜਾ ਤੀਰ ਨਾ ਸਚ ਨਿਸ਼ਾਨਣ, ਝੂਠਾ ਖੰਡਾ ਹੱਥ ਵਖਾ ਲਿਆ। ਮਿਲਿਆ ਮੇਲ ਨਾ ਗੁਣ ਨਿਧਾਨਣ, ਕੋਟ ਕੋਟੀ ਰੂਪ ਵਟਾ ਲਿਆ। ਕਲਜੁਗ ਅੰਤਮ ਰੈਣ ਅੰਧੇਰੀ ਵੇਖੇ ਕਾਲਣ, ਪੁਰਖ ਅਬਿਨਾਸ਼ੀ ਆਪਣਾ ਨੈਣ ਖੁਲ੍ਹਾ ਲਿਆ। ਨਿਰਗੁਣ ਸਰਗੁਣ ਚੜ੍ਹਿਆ ਭਾਲਣ, ਲੋਕਮਾਤ ਫੇਰਾ ਪਾ ਲਿਆ। ਸੁਰਤੀ ਸੋਈ ਆਇਆ ਉਠਾਲਣ, ਸ਼ਬਦ ਡੰਡਾ ਹੱਥ ਰਖਾ ਲਿਆ। ਸਵਛ ਸਰੂਪੀ ਆਇਆ ਦਰਸ ਦਿਖਾਲਣ, ਨਿਰਵੈਰ ਆਪਣਾ ਨਾਉਂ ਉਪਜਾ ਲਿਆ। ਧੁਰ ਦਰਗਾਹੀ ਸਾਚਾ ਮਾਹੀ ਆਪੇ ਆਇਆ ਬਣ ਕੇ ਮਾਲਣ, ਸਾਚੀ ਖਾਰੀ ਫੂਲਨ ਸੀਸ ਉਠਾ ਲਿਆ। ਗੁਰਮੁਖ ਵੇਖੇ ਸਾਚੇ ਲਾਲਣ, ਰਤਨ ਅਮੋਲਕ ਹੀਰਾ ਲਾਲ ਲਖ ਚੁਰਾਸੀ ਵਿਚੋਂ ਆਪ ਉਠਾ ਲਿਆ। ਏਕਾ ਗਲ ਪਾਏ ਸੋਹੰ ਸਾਚੀ ਮਾਲਨ, ਬ੍ਰਹਮ ਪਾਰਬ੍ਰਹਮ ਸਗਨ ਮਨਾ ਲਿਆ। ਚੌਥੇ ਜੁਗ ਆਪਣੇ ਨਾਉਂ ਪੂਰਾ ਕਰੇ ਸਵਾਲਣ, ਯੋਗ ਅਭਿਆਸ ਨਾ ਕੋਈ ਵਖਾ ਰਿਹਾ। ਚਰਨ ਕਵਲ ਇਕ ਧਿਆਨਣ, ਚਰਨ ਚਰਨੋਦਕ ਮੁਖ ਚਵਾ ਰਿਹਾ। ਫਲ ਲਗਾਏ ਸਾਚੇ ਡਾਲਣ, ਪਤ ਡਾਲ੍ਹੀ ਆਪ ਮਹਿਕਾ ਰਿਹਾ। ਗੁਰਮੁਖਾਂ ਦੱਸੇ ਰਾਹ ਸੁਖਾਲਣ, ਸੁਖ ਸਾਗਰ ਆਪਣਾ ਰੂਪ ਵਟਾ ਲਿਆ। ਕਲਜੁਗ ਜੀਵ ਡਿਗੇ ਪੰਛੀ ਆਹਲਣ, ਫੜ ਬਾਹੋਂ ਨਾ ਕੋਇ ਟਿਕਾ ਲਿਆ। ਲਾੜੀ ਮੌਤ ਪਾਏ ਧਮਾਲਣ, ਘਰ ਘਰ ਆਪਣਾ ਨਾਚ ਨਚਾ ਲਿਆ। ਵੇਖਣਹਾਰੀ ਜੋਤ ਅਕਾਲਣ, ਕਲਜੁਗ ਅੰਤਮ ਵੇਸ ਵਟਾ ਲਿਆ। ਵਿਸ਼ਨੂੰ ਭੰਡਾਰਾ ਕਰੇ ਖਾਲਣ, ਖਾਲਕ ਖਲਕ ਸਰਬ ਤੜਫਾ ਰਿਹਾ। ਬ੍ਰਹਮਾ ਬ੍ਰਹਮ ਤੁੱਟੇ ਮਾਨਣ, ਵੇਲਾ ਅੰਤਮ ਇਕ ਜਣਾ ਲਿਆ। ਸ਼ੰਕਰ ਪੂਰੀ ਕਰੇ ਘਾਲਣ, ਕੀਤੀ ਘਾਲ ਲੇਖੇ ਲਾ ਰਿਹਾ। ਚਿਤਰ ਗੁਪਤ ਵੇਖੇ ਖੋਲ੍ਹ ਦੁਕਾਨਣ, ਲਖ ਚੁਰਾਸੀ ਲੇਖਾ ਜਗਤ ਹਿਸਾਬ ਆਪ ਗਿਣਾ ਲਿਆ। ਰਾਏ ਧਰਮ ਉਠਿਆ ਨੌਜਵਾਨਣ, ਪੁਰਖ ਅਬਿਨਾਸ਼ੀ ਹੁਕਮ ਸੁਣਾ ਲਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਹਰਿਜਨ ਆਪਣੇ ਖਾਤੇ ਪਾ ਲਿਆ। ਹਰਿ ਜੂ ਰੱਖੇ ਆਪਣਾ ਖਾਤਾ, ਦੂਸਰ ਹੱਥ ਨਾ ਕੋਇ ਵਡਿਆਈਆ। ਜੁਗ ਜੁਗ ਵਰਤਾਵੇ ਆਪਣੀ ਦਾਤਾ, ਦਾਤਾ ਦਾਨੀ ਨਾਉਂ ਧਰਾਈਆ। ਆਪਣੇ ਅੰਦਰੋਂ ਆਪਣੀ ਵਸਤ ਆਪੇ ਕੱਢੇ ਬਹੁ ਬਹੁ ਭਾਂਤਾ, ਭੇਵ ਅਭੇਦਾ ਭੇਵ ਨਾ ਰਾਈਆ। ਆਪੇ ਗਾਏ ਸੁਣਾਏ ਸਾਚੀ ਗਾਥਾ, ਸੱਚਖੰਡ ਦਵਾਰ ਵੱਜੇ ਵਧਾਈਆ। ਖੇਲੇ ਖੇਲ ਤ੍ਰੈਲੋਕੀ ਨਾਥਾ, ਤ੍ਰੈ ਤ੍ਰੈ ਵੇਸ ਅਨੇਕ ਵਟਾਈਆ। ਏਕਾ ਮੰਤਰ ਪੂਜਾ ਪਾਠਾ, ਜੁਗਾ ਜੁਗੰਤਰ ਜਗਤ ਪੜ੍ਹਾਈਆ। ਏਕਾ ਖੋਲ੍ਹਣਹਾਰਾ ਹਾਟਾ, ਏਕਾ ਵਸਤ ਨਾਮ ਵਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਾਮ ਅਨਮੋਲਾ ਪੁਰਖ ਅਬਿਨਾਸ਼ੀ ਬਣਿਆ ਤੋਲਾ, ਏਕਾ ਕੰਡਾ ਹੱਥ ਉਠਾਈਆ। ਸਾਚਾ ਕੰਡਾ ਹਰਿ ਨਿਰੰਕਾਰ, ਆਪਣੇ ਹੱਥ ਰਖਾਇੰਦਾ। ਨਾਮ ਵਸਤ ਅਗੰਮ ਅਪਾਰ, ਅਤੋਲ ਅਤੁਲ ਆਪਣੇ ਛਾਬੇ ਆਪੇ ਪਾਇੰਦਾ। ਆਦਿ ਜੁਗਾਦਿ ਰੱਖੇ ਅਡੋਲ, ਜੁਗ ਜੁਗ ਨਾ ਕੋਇ ਡੁਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਾਮ ਨਾਮ ਵਸਤ ਅਪਾਰ, ਦੇਵਣਹਾਰ ਹਰਿ ਦਾਤਾਰ, ਦਰ ਘਰ ਸਾਚੇ ਆਪ ਵਰਤਾਇੰਦਾ। ਨਾਮ ਵਰਤੰਦੜਾ ਹਰਿ ਭਗਵੰਤਾ, ਦੀਨ ਦਿਆਲਾ ਦਇਆ ਕਮਾਇੰਦਾ। ਜੁਗ ਜੁਗ ਮੇਲਾ ਸਾਚੇ ਸੰਤਾ, ਸੰਤ ਸਾਜਣ ਵੇਖ ਵਖਾਇੰਦਾ। ਤੋੜੇ ਗੜ ਹਉਮੇ ਹੰਗਤਾ, ਮਾਇਆ ਮਮਤਾ ਮੋਹ ਚੁਕਾਇੰਦਾ। ਦਰ ਭਿਖਾਰੀ ਬਣਾਏ ਮੰਗਤਾ, ਦਰ ਦਰਵੇਸ਼ਾ ਅਲੱਖ ਜਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਆਪਣਾ ਨਾਮ ਵਡਿਆਇੰਦਾ। ਜਗਤ ਵਡਿਆਈ ਹਰਿ ਹਰਿ ਨਾਉਂ, ਵੇਦ ਪੁਰਾਨ ਰਹੇ ਜਸ ਗਾਈਆ। ਆਦਿ ਜੁਗਾਦਿ ਜੁਗਾ ਜੁਗੰਤ ਜਨ ਭਗਤਾਂ ਦੱਸੇ ਸਾਚਾ ਥਾਉਂ, ਥਾਨ ਥਨੰਤਰ ਇਕ ਸੁਹਾਈਆ। ਸੰਤਨ ਮੇਲਾ ਅਗੰਮ ਅਥਾਹੋ, ਅਲੱਖ ਅਗੋਚਰ ਬੇਪਰਵਾਹ ਵੇਖ ਵਖਾਈਆ। ਗੁਰਮੁਖਾਂ ਪਕੜੇ ਆਪੇ ਬਾਹੋਂ, ਮੇਲ ਮਿਲਾਏ ਸਹਿਜ ਸੁਭਾਈਆ। ਗੁਰਸਿਖ ਬਣਾਏ ਹੰਸ ਕਾਉਂ, ਕਾਗੋਂ ਹੰਸ ਆਪ ਉਡਾਈਆ। ਸਤਿਗੁਰ ਪੂਰਾ ਸਦਾ ਸਦਾ ਸਦ ਰੱਖੇ ਚਾਓ, ਹਰਿਜਨ ਵੇਖੇ ਆਪਣਾ ਨੈਣ ਉਠਾਈਆ। ਆਪੇ ਫੜ ਫੜ ਪਾਏ ਰਾਹੋ, ਰਾਹ ਖੇੜਾ ਆਪ ਜਣਾਈਆ। ਜੁਗ ਜੁਗ ਕਰੇ ਸਚ ਨਿਆਉਂ, ਕਲਜੁਗ ਅੰਤਮ ਫੇਰਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਜੂ ਹਰਿ ਮੰਦਰ ਬੈਠਾ ਸੋਭਾ ਪਾਈਆ। ਕਲਜੁਗ ਅੰਤਮ ਆਇਆ, ਵੇਲਾ ਵਕਤ ਵਿਚਾਰ। ਗੁਰਮੁਖ ਲਏ ਜਗਾਇਆ, ਕਰ ਕਿਰਪਾ ਆਪ ਨਿਰੰਕਾਰ। ਲੱਖ ਚੁਰਾਸੀ ਦਏ ਮਿਟਾਇਆ, ਫੰਦਨ ਤੋੜ ਸੱਚੀ ਸਰਕਾਰ। ਬੰਦ ਖੁਲਾਸੀ ਆਪ ਕਰਾਇਆ, ਜਮ ਕੀ ਫ਼ਾਸੀ ਦਏ ਉਤਾਰ। ਪਵਣ ਸਵਾਸੀ ਸ਼ਬਦ ਚਲਾਇਆ, ਦਿਵਸ ਰੈਣ ਰਹੇ ਧੁਨਕਾਰ। ਸਾਚਾ ਮੰਦਰ ਆਪ ਸੁਹਾਇਆ, ਹਰਿਮੰਦਰ ਕਾਇਆ ਸੱਚਾ ਘਰ ਬਾਰ। ਦੀਆ ਦੀਪਕ ਜੋਤੀ ਇਕ ਟਿਕਾਇਆ, ਜੋਤ ਨਿਰੰਜਣ ਰਹੇ ਉਜਿਆਰ। ਆਤਮ ਸੇਜਾ ਇਕ ਸੁਹਾਇਆ, ਸ਼ਬਦ ਵਿਛੋੜਾ ਅਪਰ ਅਪਾਰ। ਸਤਿ ਸਰੂਪੀ ਆਸਣ ਲਾਇਆ, ਆਪੇ ਸੁੱਤਾ ਪੈਰ ਪਸਾਰ, ਦਿਵਸ ਰੈਣ ਜਨ ਭਗਤਾਂ ਰਾਹ ਰਿਹਾ ਤਕਾਇਆ, ਆਪ ਆਪਣਾ ਨੈਣ ਉਘਾੜ। ਕਲਜੁਗ ਅੰਤਮ ਵੇਖ ਵਖਾਇਆ, ਗੁਰਮੁਖ ਗੁਰਸਿਖ ਗ਼ਰੀਬ ਨਿਮਾਣੇ ਸਾਚੇ ਲਾੜ। ਸਾਚੇ ਘੋੜੇ ਲਏ ਚੜ੍ਹਾਇਆ, ਸ਼ਬਦ ਅਗੰਮੀ ਕਰ ਤਿਆਰ। ਹੰ ਬ੍ਰਹਮ ਆਪ ਸਮਝਾਇਆ, ਸੋ ਪੁਰਖ ਨਿਰੰਜਣ ਕਿਰਪਾ ਧਾਰ। ਜੋਤੀ ਜਾਮਾ ਮੇਲ ਮਿਲਾਇਆ, ਮੇਲ ਮਿਲਾਵਾ ਕੰਤ ਭਤਾਰ। ਸੁਰਤ ਸਵਾਣੀ ਪਕੜ ਉਠਾਇਆ, ਸੋਈ ਰਹੇ ਨਾ ਨਾਰ ਵਿਭਚਾਰ। ਏਕਾ ਕੱਜਲ ਨੈਣ ਪਵਾਇਆ, ਤਿਖੀ ਰੱਖੀ ਆਪੇ ਧਾਰ। ਸਾਚਾ ਭੂਸ਼ਨ ਤਨ ਸੁਹਾਇਆ, ਰੰਗੇ ਰੰਗ ਲਾਲ ਗੁਲਾਲ। ਏਕਾ ਪੀਹੜਾ ਰੰਗੀਲ ਵਛਾਇਆ, ਬਾਢੀ ਬਣ ਆਪ ਕਰਤਾਰ। ਸਾਚੇ ਡੋਲੇ ਆਪੇ ਪਾਇਆ, ਬਣਿਆ ਰਹੇ ਆਪ ਕਹਾਰ। ਸਾਢੇ ਤਿੰਨ ਹੱਥ ਲੰਮਾਂ ਆਪ ਰਖਾਇਆ, ਅੰਦਰ ਲੁਕਿਆ ਲੁਕਣਹਾਰ। ਆਪਣੇ ਕੰਧ ਆਪ ਟਿਕਾਇਆ, ਆਪੇ ਚੁੱਕੇ ਸੱਚਾ ਭਾਰ। ਆਪਣੇ ਰਾਹ ਆਪ ਚਲਾਇਆ, ਡੂੰਘੀ ਗਾਰੋਂ ਕੱfਢਆ ਬਾਹਿਰ। ਪੰਜ ਤਤ ਤ੍ਰੈਗੁਣ ਅੱਗਨੀ ਦਏ ਬੁਝਾਇਆ, ਅੰਮ੍ਰਿਤ ਪਿਆਇਆ ਠੰਡਾ ਠਾਰ। ਸੁਰਤ ਸਵਾਣੀ ਨੈਣ ਖੁਲਾਇਆ, ਇਕ ਵਖਾਇਆ ਸਚ ਦਰਬਾਰ। ਗੁਰ ਸ਼ਬਦੀ ਮਾਤ ਪਰਨਾਵਣ ਆਇਆ, ਆਪ ਆਪਣਾ ਸਗਨ ਵਿਚਾਰ। ਏਕਾ ਪੱਲੂ ਹੱਥ ਫੜਾਇਆ, ਚੌਥੇ ਜੁਗ ਲਾਵਾਂ ਲਏ ਚਾਰ। ਉਲਟਾ ਗੇੜਾ ਆਪ ਗੜਾਇਆ, ਕਾਇਆ ਕਵਰੀ ਕੱਢੇ ਬਾਹਿਰ। ਸੌਹਰੇ ਪੇਇਏ ਵੇਖ ਵਖਾਇਆ, ਪਿਆ ਪ੍ਰੀਤਮ ਮੀਤ ਮੁਰਾਰ। ਸਾਚੀ ਜੋਤੀ ਆਪ ਜਗਾਇਆ, ਥਿਰ ਘਰ ਬੈਠ ਸੱਚੇ ਦਰਬਾਰ। ਸਾਚਾ ਸਗਨ ਇਕ ਵਖਾਇਆ, ਅੰਮ੍ਰਿਤ ਏਕਾ ਉਤੋਂ ਵਾਰ। ਸਚ ਸਵਾਣੀ ਪਰਦਾ ਦਏ ਉਠਾਇਆ, ਮੁਖ ਘੁੰਗਟ ਦਏ ਉਤਾਰ। ਸਾਚੀ ਸੇਜ ਇਕ ਸੁਹਾਇਆ, ਬੇਐਬ ਪਰਵਰਦਿਗਾਰ। ਮਹਿੰਦੀ ਰੰਗਣ ਰੰਗ ਰੰਗਾਇਆ, ਉਤਰ ਨਾ ਜਾਏ ਦੂਜੀ ਵਾਰ। ਸਾਚਾ ਸਾਲੂ ਸੀਸ ਟਿਕਾਇਆ, ਮੇਂਡੀ ਗੁੰਦੇ ਸਿਰਜਣਹਾਰ। ਮਸਤਕ ਟਿੱਕਾ ਇਕ ਲਗਾਇਆ, ਜੋਤ ਨਿਰੰਜਣ ਕਰ ਉਜਿਆਰ। ਛੋਟਾ ਬਾਲਾ ਗੋਦ ਬਹਾਇਆ, ਦੇਵਰ ਭਾਬੀ ਕਰੇ ਪਿਆਰ। ਸਾਚਾ ਮੇਲਾ ਮੇਲ ਮਿਲਾਇਆ, ਕਰੇ ਖੇਲ ਆਪ ਕਰਤਾਰ। ਆਪਣੀ ਹੱਥੀਂ ਦੀਪ ਜਗਾਇਆ, ਘਰ ਮੰਦਰ ਹੋਏ ਉਜਿਆਰ। ਤੇਲ ਬਾਤੀ ਨਾ ਕੋਇ ਟਿਕਾਇਆ, ਨਾ ਕੋਈ ਮਾਰੇ ਫੂਕ ਫੁਕਾਰ। ਚਾਰੇ ਕੁੰਟ ਉਤਰ ਪੂਰਬ ਪੱਛਮ ਦੱਖਣ ਆਪਣਾ ਦਰਵਾਜ਼ਾ ਆਪੇ ਬੰਦ ਕਰਾਇਆ, ਨਾ ਕੋਈ ਖੋਲ੍ਹੇ ਬੰਦ ਕਿਵਾੜ। ਲਾੜੀ ਲਾੜਾ ਏਕਾ ਰੰਗ ਸਮਾਇਆ, ਕਰੇ ਖੇਲ ਖੇਲਣਹਾਰ। ਗੁਰਸਿਖ ਤੇਰਾ ਕਾਇਆ ਖੇੜਾ ਆਪ ਵਸਾਇਆ, ਆਪੇ ਬਣਿਆ ਚੋਬਦਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਜਨ ਭਗਤਾਂ ਕਰਜ਼ਾ ਦਏ ਉਤਾਰ। ਗੁਰਸਿਖ ਤੇਰਾ ਕਰਜ਼ ਉਤਾਰਨਾ, ਮਕਰੂਜ਼ ਹਰਿ ਕਰਤਾਰ। ਤੇਰੀ ਗਰਜ਼ ਪੂਰ ਕਰਾਵਣਾ, ਫ਼ਰਜ਼ ਪੂਰਾ ਕਰੇ ਸੰਸਾਰ। ਤੇਰੀ ਝੂਠੀ ਮਰਜ਼ ਮਿਟਾਵਨਾ, ਤਰਜ਼ ਸੁਣਾਏ ਸ਼ਬਦ ਧੁਨਕਾਰ। ਤੇਰਾ ਹਰਜ਼ ਨਾ ਕੋਇ ਵਖਾਵਣਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਸਿਖ ਸਾਚੇ ਲਾਏ ਪਾਰ। ਗੁਰਸਿਖ ਸਾਚਾ ਪਾਰ ਉਤਾਰਨਾ, ਕਲਜੁਗ ਡੂੰਘਾ ਸਾਗਰ ਗਾਰ। ਏਕਾ ਚੱਪੂ ਨਾਮ ਲਗਾਵਣਾ, ਵੇਖ ਵਖਾਏ ਵਹਿਦੀ ਧਾਰ। ਸਾਚੇ ਬੇੜੇ ਆਪ ਚੜ੍ਹਾਵਨਾ, ਨਿਰਗੁਣ ਨੱਯਾ ਕਰ ਤਿਆਰ। ਸਾਚਾ ਸੱਯਾ ਸੰਗ ਨਿਭਾਵਣਾ, ਛੁੱਟ ਨਾ ਜਾਏ ਅੰਤਮ ਵਾਰ। ਫੜ ਫੜ ਬਹੀਆ ਮੇਲ ਮਿਲਾਵਣਾ, ਭੈਣਾ ਭਇਆ ਇਕ ਆਧਾਰ। ਧਰਮ ਰਾਏ ਵਹੀਆ ਕੱਢ ਨਾ ਕੋਇ ਵਖਾਵਣਾ, ਲੇਖਾ ਮੰਗੇ ਨਾ ਅੰਤਮ ਵਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਸਾਚੇ ਧਾਮ ਲਏ ਬਹਾਲ। ਧਾਮ ਅਵੱਲੜਾ ਪੁਰਖ ਅਕਾਲਾ, ਗੁਰਮੁਖਾਂ ਗੁਰ ਗੁਰ ਆਪ ਸਮਝਾਈਆ। ਆਦਿ ਜੁਗਾਦੀ ਖੇਲ ਨਿਰਾਲਾ, ਸ਼ਬਦ ਸਰੂਪੀ ਬਣੇ ਦਲਾਲਾ, ਲੱਖ ਚੁਰਾਸੀ ਵੇਖ ਵਖਾਈਆ। ਲੇਖਾ ਜਾਣੇ ਕਾਲ ਮਹਾਂਕਾਲਾ, ਤ੍ਰੈਗੁਣ ਤੋੜੇ ਤਤ ਜੰਜਾਲਾ, ਏਕਾ ਮੰਤਰ ਅੰਤਰ ਨਾਮ ਦ੍ਰਿੜਾਈਆ। ਦਿਵਸ ਰੈਣ ਕਰੇ ਪ੍ਰਿਤਪਾਲਾ, ਗਲ ਪਾਏ ਸੋਹੰ ਸਾਚੀ ਮਾਲਾ, ਅਠ ਤਤ ਅਠੋਤਰੀ ਨਾ ਕੋਇ ਫਿਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਇਕ ਅਕੋਤਰੀ ਆਪਣੀ ਹੱਥੀਂ ਆਪੇ ਪਾਈਆ। ਏਕਾ ਸਿਫ਼ਰਾ ਏਕਾ ਲਿਖ, ਇਕ ਇਕ ਨਾਲ ਮਿਲਾਇੰਦਾ। ਏਕਾ ਦੇਵਣਹਾਰਾ ਭਿੱਖ, ਏਕਾ ਝੋਲੀ ਡਾਹਿੰਦਾ। ਏਕਾ ਮੇਟੇ ਤ੍ਰਿਸ਼ਨਾ ਤ੍ਰਿਖ, ਏਕਾ ਅੰਮ੍ਰਿਤ ਜਾਮ ਪਿਆਇੰਦਾ। ਏਕਾ ਧਾਰੇ ਆਪਣਾ ਭੇਖ, ਏਕਾ ਰੂਪ ਵੇਸ ਅਨੇਕ ਕਰਾਇੰਦਾ। ਏਕਾ ਦਾਤਾ ਇਕ ਨਰੇਸ਼, ਏਕਾ ਨਿਰਧਨ ਨਾਉਂ ਧਰਾਇੰਦਾ। ਏਕਾ ਬ੍ਰਹਮਾ ਵਿਸ਼ਨ ਮਹੇਸ਼, ਏਕਾ ਤ੍ਰੈਗੁਣ ਝੋਲੀ ਪਾਇੰਦਾ। ਏਕਾ ਆਦਿ ਜੁਗਾਦਿ ਕਰੇ ਆਦੇਸ਼, ਏਕਾ ਨਿਉਂ ਨਿਉਂ ਸੀਸ ਝੁਕਾਇੰਦਾ। ਏਕਾ ਸੁੱਤਾ ਬਾਸ਼ਕ ਸੇਜ, ਏਕਾ ਦੋਏ ਸਹੰਸਰ ਜਿਹਵਾ ਆਪ ਹਿਲਾਇੰਦਾ। ਏਕਾ ਬ੍ਰਹਮ ਕਰੇ ਪਰਵੇਸ਼, ਏਕਾ ਪਾਰਬ੍ਰਹਮ ਰੂਪ ਵਟਾਇੰਦਾ। ਏਕਾ ਸ਼ੰਕਰ ਬਿਭੂਤੀ ਧਾਰੇ ਭੇਸ, ਖ਼ਾਕੀ ਖ਼ਾਕ ਰਮਾਇੰਦਾ। ਏਕਾ ਕਰੋੜ ਤੇਤੀਸਾ ਰਿਹਾ ਵੇਖ, ਏਕਾ ਆਪਣਾ ਨੈਣ ਬੰਦ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕ ਅਕੋਤਰ ਆਪਣਾ ਨਾਉਂ ਧਰਾਇੰਦਾ। ਇਕ ਇਕੋਤਰ ਕੱਲਾ ਯਾਰ, ਇਕ ਇਕ ਨਾਲ ਦੋ ਜੁੜਾਇੰਦਾ। ਦੋ ਜਹਾਨਾਂ ਹੋ ਉਜਿਆਰ, ਅਧਵਿਚਕਾਰ ਨਾ ਕੋਇ ਉਪਾਇੰਦਾ। ਆਪੇ ਨਿਰਗੁਣ ਆਪੇ ਸਰਗੁਣ ਆਪੇ ਦੋਹਾਂ ਤਂੋ ਵਸੇ ਬਾਹਿਰ, ਦੋਹਾਂ ਵਿਚ ਆਪ ਸਮਾਇੰਦਾ। ਆਪੇ ਖੇਲ ਕਰੇ ਅਗੰਮ ਅਪਾਰ, ਆਪੇ ਪਰਗਟ ਹੋ ਹੋ ਰੂਪ ਵਟਾਇੰਦਾ। ਆਪੇ ਤਖ਼ਤ ਨਿਵਾਸੀ ਬੈਠੇ ਸੱਚੀ ਸਰਕਾਰ, ਆਪੇ ਦਰ ਦਰ ਮੰਗਣ ਭਿਖਿਆ ਜਾਇੰਦਾ। ਆਪੇ ਆਪਣੀ ਅਲਫੀ ਕਰੇ ਤਨ ਸ਼ਿੰਗਾਰ, ਆਪੇ ਲੱਖ ਚੁਰਾਸੀ ਕਾਇਆ ਚੋਲਾ ਹੰਢਾਇੰਦਾ। ਆਪੇ ਆਪਣੀ ਬਰਸੀ ਮਨਾਏ ਜੁਗ ਜੁਗ ਏਕਾ ਵਾਰ, ਚਾਰ ਜੁਗ ਏਕਾ ਬਰਸੀ ਨਾਉਂ ਧਰਾਇੰਦਾ। ਨੌਂ ਨੌਂ ਇਕ ਇਕ ਜੋੜਾ ਜੋੜੇ ਆਪ ਕਰਤਾਰ, ਜੋੜਨਹਾਰਾ ਦਿਸ ਨਾ ਆਇੰਦਾ। ਨੌਂ ਇਕ ਦਸ ਵਰਤੇ ਵਰਤਾਰ, ਗੁਰਮੁਖ ਸਾਚੇ ਮੇਲ ਮਿਲਾਇੰਦਾ। ਦਸ ਦਸ ਮੇਲਾ ਦਸਮ ਦਵਾਰ, ਦਹਿ ਦਿਸ਼ਾ ਫੇਰੀ ਪਾਇੰਦਾ। ਏਕਾ ਏਕਾ ਕਰ ਤਿਆਰ, ਦਸ ਅੱਗੇ ਆਪ ਲਗਾਇੰਦਾ। ਇਕ ਅਕੋਤਰ ਹੋਇਆ ਖ਼ਬਰਦਾਰ, ਜੋਜਨ ਵੰਡ ਨਾ ਕੋਇ ਵੰਡਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗਾ ਜੁਗੰਤਰ ਸਾਚੀ ਕਾਰ ਕਰੇ ਕਰਾਏ ਕਰਨੇਹਾਰ। ਕਰਤਾ ਪੁਰਖ ਦੀਨ ਦਿਆਲਾ, ਗੁਰਮੁਖ ਵੇਖੇ ਸਾਚੇ ਲਾਲਾ, ਲਾਲਣ ਆਪਣੇ ਰੰਗ ਰੰਗਾਇੰਦਾ। ਰੰਗ ਰਤੜਾ ਪਾਰਬ੍ਰਹਮ ਪੁਰਖ ਬਿਧਾਤਾ, ਬੇਅੰਤ ਅੰਤ ਆਪ ਹੋ ਜਾਈਆ। ਕਲਜੁਗ ਅੰਤਮ ਵੇਖੇ ਖੇਲ ਤਮਾਸ਼ਾ, ਸਾਧ ਸੰਤ ਜੀਵ ਜੰਤ ਆਤਮ ਅੰਤਰ ਖੋਜ ਖੁਜਾਈਆ। ਗੁਰਮੁਖ ਗੁਰਸਿਖ ਬਣਾਏ ਸਾਚੀ ਬਣਤ, ਆਪਣਾ ਭਾਂਡਾ ਆਪੇ ਘੜ ਵਖਾਈਆ। ਸ਼ਬਦ ਜਣਾਈ ਮਣੀਆ ਮੰਤ, ਮਨ ਦਾ ਸੰਸਾ ਦਏ ਗਵਾਈਆ। ਸੋਹੰ ਸੋ ਮੇਲਾ ਹਰਿ ਹਰਿ ਕੰਤ, ਏਕਾ ਸਿਫ਼ਰਾ ਏਕਾ ਵੱਜੇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਗੁਰਮੁਖ ਸਾਚੇ ਆਪ ਤਰਾਈਆ। ਤਾਰਨਹਾਰਾ ਗ਼ਰੀਬ ਨਿਵਾਜ਼ਾ, ਗੁਰਮੁਖ ਸਾਚੇ ਆਪ ਨਿਵਾਜ਼ਦਾ। ਧੁਰ ਦਰਗਾਹੀ ਸਾਚਾ ਰਾਜਾ, ਹਰਿਜਨ ਸਾਚੇ ਵਾਜਾਂ ਮਾਰਦਾ। ਸਾਚੇ ਅਸਵ ਚੜ੍ਹੇ ਤਾਜਾ, ਕਰੇ ਖੇਲ ਸ਼ਾਹ ਅਸਵਾਰ ਦਾ। ਪਰਗਟ ਹੋਏ ਦੇਸ ਮਾਝਾ, ਕਲਜੁਗ ਰੂਪ ਅਨੂਪ ਸੱਚੀ ਸਰਕਾਰ ਦਾ। ਗੁਰਮੁਖਾਂ ਰੱਖੇ ਅੰਤਮ ਲਾਜਾ, ਫੜ ਫੜ ਬਾਂਹੋ ਪਾਰ ਉਤਾਰਦਾ। ਸੋ ਪੁਰਖ ਨਿਰੰਜਣ ਵਖਾਏ ਇਕ ਜਹਾਜਾ, ਬੇੜਾ ਚਲੇ ਪਰਵਰਦਿਗਾਰ ਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲੇਖਾ ਜਾਣੇ ਆਰ ਪਾਰ ਦਾ।