੮ ਭਾਦਰੋਂ ੨੦੧੭ ਬਿਕ੍ਰਮੀ ਗੁਰਦਿਆਲ ਸਿੰਘ ਸੌਦਾਗਰ ਸਿੰਘ ਨਾਜ਼ਰ ਸਿੰਘ ਪੂਰਨ ਸਿੰਘ ਦੇ ਘਰ ਨਾਥੇਵਾਲ ਜ਼ਿਲਾ ਫਿਰੋਜ਼ਪੁਰ
ਅਗੰਮ ਸਰੂਪ ਅਨਭਵ ਪ੍ਰਕਾਸ਼, ਅਲੱਖ ਅਗੋਚਰ ਕਥਨ ਨਾ ਜਾਈਆ। ਅਚਲ ਮੂਰਤ ਸਰਬ ਘਟ ਨਿਵਾਸ, ਨੂਰ ਜ਼ਹੂਰ ਇਕ ਦਰਸਾਈਆ। ਮਹੱਲ ਅਟੱਲ ਸਰਬ ਪਰਭਾਸ, ਪ੍ਰਿਥਮੀ ਆਕਾਸ਼ ਸੋਭਾ ਪਾਈਆ। ਜਲ ਥਲ ਮੰਡਲ ਰਾਸ, ਸਮੁੰਦ ਸਾਗਰ ਸੇਜ ਵਿਛਾਈਆ। ਪੁਰੀਆਂ ਲੋਆਂ ਖੇਲ ਤਮਾਸ਼, ਬ੍ਰਹਿਮੰਡ ਖੰਡ ਖੋਜ ਖੁਜਾਈਆ। ਸਚਖੰਡ ਨਿਵਾਸੀ ਥਿਰ ਘਰ ਸਾਚੇ ਪੂਰੀ ਕਰੇ ਆਸ, ਸੁੰਨ ਸਮਾਧ ਰੂਪ ਸਮਾਈਆ। ਜੋਤੀ ਸ਼ਬਦੀ ਕਰ ਕਰ ਦਾਸ, ਸੇਵਕ ਸੇਵਾ ਕਮਾਈਆ। ਬ੍ਰਹਮਾ ਵਿਸ਼ਨ ਸ਼ਿਵ ਉਪਾਏ ਬਿਨ ਬਿਨ ਸਵਾਸ, ਰਸਨਾ ਜਿਹਵਾ ਨਾ ਕੋਇ ਹਿਲਾਈਆ। ਤ੍ਰੈਗੁਣ ਮਾਇਆ ਨਾ ਹੋਏ ਵਿਨਾਸ, ਤ੍ਰੈ ਤ੍ਰੈ ਝੋਲੀ ਆਪ ਭਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅਨਭਵ ਆਪਣੀ ਧਾਰ ਚਲਾਈਆ। ਸਤਿ ਪੁਰਖ ਨਿਰੰਜਣ ਅਨਭਵ ਧਾਰ, ਪਾਰਬ੍ਰਹਮ ਪ੍ਰਭ ਆਪ ਚਲਾਇੰਦਾ। ਨਿਰਗੁਣ ਨਰਾਇਣ ਖੇਲ ਅਪਾਰ, ਨੇਤਰ ਨੈਣ ਆਪ ਖੁਲ੍ਹਾਇੰਦਾ। ਜੂਨੀ ਰਹਿਤ ਖੇਲ ਅਪਾਰ, ਅਕਲ ਕਲ ਧਾਰ ਆਪ ਵਖਾਇੰਦਾ। ਪੁਰਖ ਅਕਾਲ ਹੋ ਤਿਆਰ, ਰੂਪ ਅਨੂਪ ਆਪ ਵਟਾਇੰਦਾ। ਭੌ ਨਾ ਰੱਖੇ ਕੋਇ ਗਿਰਧਾਰ, ਭੈ ਆਪਣਾ ਸਰਬ ਵਖਾਇੰਦਾ। ਪੰਜ ਤਤ ਕਾਇਆ ਕਰ ਪਿਆਰ, ਸਾਚਾ ਮੰਦਰ ਬੰਕ ਸੁਹਾਇੰਦਾ। ਪੰਜ ਤਤ ਪਾਏ ਸਾਰ, ਰੱਤੀ ਰੱਤ ਜੋੜ ਜੁੜਾਇੰਦਾ। ਅੰਦਰ ਬਾਹਰ ਹਰਿ ਕਰਤਾਰ, ਨਿਰਗੁਣ ਧਾਰ ਆਪ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅਨਭਵ ਆਪਣਾ ਰੂਪ ਵਟਾਇੰਦਾ । ਅਨਭਵ ਰੂਪ ਪੁਰਖ ਅਕਾਲਾ, ਆਪਣਾ ਆਪ ਆਪ ਦ੍ਰਿੜਾਈਆ। ਜੋਤੀ ਨੂਰ ਬੇਮਿਸਾਲਾ, ਨੇਤਰ ਨੈਣ ਨਾ ਕੋਈ ਰਖਾਈਆ। ਆਪੇ ਵਸੇ ਸਚ ਸੱਚੀ ਧਰਮਸਾਲਾ, ਆਪੇ ਮੰਦਰ ਰਿਹਾ ਸੁਹਾਈਆ। ਆਪੇ ਬਣੇ ਸਦ ਰਖਵਾਲਾ, ਆਦਿ ਜੁਗਾਦਿ ਸੇਵ ਕਮਾਈਆ। ਆਪੇ ਬਣੇ ਸਚ ਦਲਾਲਾ, ਜੁਗਾ ਜੁਗੰਤਰ ਵੇਸ ਵਟਾਈਆ। ਆਪੇ ਨੂਰ ਉਪਾਏ ਮਹਾਂਕਾਲਾ, ਕਾਲ ਦਿਆਲ ਆਪ ਹੋ ਜਾਈਆ। ਆਪੇ ਮਾਰਗ ਲਾਏ ਇਕ ਸੁਖਾਲਾ, ਥਿਰ ਘਰ ਸਾਚੇ ਬੈਠਾ ਕਰੇ ਸਲਾਹੀਆ। ਆਪੇ ਚਲੇ ਅਵਲੜੀ ਚਾਲਾ, ਨਿਰਗੁਣ ਸਰਗੁਣ ਲਏ ਉਪਜਾਈਆ। ਆਪ ਵਜਾਏ ਸ਼ਬਦੀ ਤਾਲਾ, ਜੋਤੀ ਸ਼ਬਦ ਸ਼ਬਦ ਅਲਾਈਆ। ਆਪੇ ਕਰੇ ਖੇਲ ਨਿਰਾਲਾ, ਨਿਰਗੁਣ ਨੂਰ ਨੂਰ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅਨਭਵ ਆਪਣੀ ਧਾਰ ਬੰਧਾਈਆ। ਅਨਭਵ ਆਪਣੀ ਧਾਰ ਬੰਧਾਇੰਦਾ, ਰੂਪ ਰੇਖ ਨਾ ਕੋਈ ਜਣਾਈਆ। ਪ੍ਰਕਾਸ਼ ਪ੍ਰਕਾਸ਼ ਵਿਚ ਟਿਕਾਇੰਦਾ, ਪਰਮ ਪੁਰਖ ਵੱਡੀ ਵਡਿਆਈਆ। ਅਕਾਸ਼ ਅਕਾਸ਼ ਆਪਣੇ ਰੰਗ ਰੰਗਾਇੰਦਾ, ਰੰਗ ਰੰਗੀਲਾ ਬੇਪਰਵਾਹੀਆ। ਦਾਸੀ ਦਾਸ ਸੇਵ ਕਮਾਇੰਦਾ, ਸੇਵਕ ਸੇਵਾਦਾਰ ਸਹਿਜ ਸੁਖਦਾਈਆ। ਨਿਰਗੁਣ ਸਰਗੁਣ ਆਪਣਾ ਨਾਉਂ ਧਰਾਇੰਦਾ, ਦਿਸ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਓਮ ਰੂਪ ਆਪ ਹੋ ਜਾਈਆ। ਓਮ ਰੂਪ ਸ੍ਰੀ ਭਗਵਾਨਾ, ਬ੍ਰਹਮੇ ਵਿਸ਼ਨ ਸ਼ਿਵ ਦਰਸ਼ਨ ਪਾਇਆ। ਜੋ ਤ੍ਰੈਗੁਣ ਦੇਵੇ ਮਾਨਾ, ਆਪ ਆਪਣਾ ਰੰਗ ਰੰਗਾਇਆ। ਖੇਲੇ ਖੇਲ ਦੋ ਜਹਾਨਾ, ਦੋ ਜਹਾਨੀ ਵੇਸ ਵਟਾਇਆ। ਸਚਖੰਡ ਦਵਾਰੇ ਗਾਏ ਹਰਿ ਰਘਰਾਏ ਸਚ ਤਰਾਨਾ, ਨਿਰਗੁਣ ਆਪਣਾ ਰਾਗ ਅਲਾਇਆ। ਵਿਸ਼ਨੂੰ ਕਹੇ ਗੁਣ ਨਿਧਾਨਾ, ਗੁਣਵੰਤਾ ਭੇਵ ਨਾ ਰਾਇਆ। ਬ੍ਰਹਮਾ ਜੈ ਜੈ ਜੈਕਾਰ ਕਰ ਧਿਆਨਾ, ਚਾਰੇ ਮੁਖ ਸਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅਨਭਵ ਆਪਣੀ ਧਾਰ ਚਲਾਨਾ। ਅਨਭਵ ਧਾਰ ਕਹਿਣ ਨਾ ਜਾਈ, ਸੋ ਪੁਰਖ ਨਿਰੰਜਣ ਰੂਪ ਅਨੂਪ ਸਮਾਇਆ। ਹਰਿ ਪੁਰਖ ਨਿਰੰਜਣ ਗਹਿਰ ਗੰਭੀਰ ਵਡ ਵਡਿਆਈ, ਵਡ ਵਡਾ ਸਿਫ਼ਤ ਸਲਾਹਿਆ। ਏਕੰਕਾਰਾ ਦਿਸੇ ਸਭਨੀ ਥਾਈਂ, ਨਾ ਮਰੇ ਨਾ ਜਾਇਆ। ਆਦਿ ਨਿਰੰਜਣ ਜੋਤ ਜਗਾਏ ਅਗੰਮ ਅਥਾਹੀ, ਜੁਗਾ ਜੁਗੰਤਰ ਡਗਮਗਾਇਆ। ਸ੍ਰੀ ਭਗਵਾਨ ਸਚ ਗੋਸਾਈਂ, ਨਿਝ ਘਰ ਬੈਠਾ ਸੇਜ ਹੰਢਾਇਆ। ਅਬਿਨਾਸ਼ੀ ਕਰਤਾ ਵੇਖੇ ਵਿਗਸੇ ਚਾਈਂ ਚਾਈਂ, ਚਾਰ ਜੁਗ ਆਪਣੀ ਧਾਰ ਬੰਧਾਇਆ। ਪਾਰਬ੍ਰਹਮ ਪ੍ਰਭ ਦੇਵੇ ਸਚ ਸਲਾਹੀ, ਸਾਲਸ ਸਾਚਾ ਰੂਪ ਵਟਾਇਆ। ਬ੍ਰਹਮ ਬ੍ਰਹਮ ਵੇਖੇ ਥਾਉਂ ਥਾਈਂ, ਲੱਖ ਚੁਰਾਸੀ ਫੋਲ ਫੁਲਾਇਆ। ਘਟ ਘਟ ਦੀਪਕ ਰਿਹਾ ਜਗਾਈ, ਨਿਰਗੁਣ ਜੋਤੀ ਨੂਰ ਰੁਸ਼ਨਾਇਆ। ਸਰਗੁਣ ਅੰਦਰ ਵੜ ਪਕੜੇ ਬਾਂਹੀ, ਔਂਦਾ ਜਾਂਦਾ ਦਿਸ ਨਾ ਆਇਆ। ਅਨਭਵ ਪ੍ਰਕਾਸ਼ ਸਰਬ ਘਟ ਰਿਹਾ ਸਮਾਈ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅਨਭਵ ਆਪਣਾ ਨਾਉਂ ਧਰਾਇਆ। ਅਨਭਵ ਹਰਿ ਕਾ ਰੂਪ, ਦਿਸ ਕਿਸੇ ਨਾ ਆਇੰਦਾ। ਆਦਿ ਜੁਗਾਦੀ ਸਤਿ ਸਰੂਪ, ਸਤਿ ਸਤਿਵਾਦੀ ਨਾਉਂ ਧਰਾਇੰਦਾ। ਵਸਣਹਾਰਾ ਚਾਰੇ ਕੂਟ, ਦਹਿ ਦਿਸ਼ਾ ਫੇਰੀ ਪਾਇੰਦਾ। ਆਪਣੇ ਉਪਰ ਆਪੇ ਤੁਠ, ਆਪ ਆਪਣੀ ਸੇਵ ਕਮਾਇੰਦਾ। ਆਪੇ ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਥਿਰ ਘਰ ਵਾਸੀ ਸਚਖੰਡ ਦਵਾਰੇ ਬਹੇ ਲੁਕ, ਆਪੇ ਲੱਖ ਚੁਰਾਸੀ ਵੇਖ ਵਖਾਇੰਦਾ। ਆਪੇ ਸ਼ਬਦ ਦੁਲਾਰਾ ਚੁੱਕੇ ਆਪਣੀ ਕੁੱਖ, ਆਪੇ ਉਜਲ ਮੁਖ ਵਖਾਇੰਦਾ। ਆਪੇ ਨਿਰਭੈ ਚੁਕਾਏ ਜਗਤ ਦੁਖ, ਸੁਖ ਆਪਣੀ ਵੰਡ ਵੰਡਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅਨਭਵ ਆਪਣਾ ਬੰਧਨ ਪਾਇੰਦਾ। ਅਨਭਵ ਹਰਿ ਹਰਿ ਬੰਧਨ, ਆਦਿ ਜੁਗਾਦੀ ਪਾਇਆ। ਰੂਪ ਵਟਾਏ ਵਿਚ ਬ੍ਰਹਿਮੰਡਨ, ਬ੍ਰਹਿਮੰਡ ਖੰਡ ਆਪਣਾ ਵੇਸ ਵਟਾਇਆ। ਲੇਖਾ ਜਾਣੇ ਜੇਰਜ ਅੰਡਨ, ਉਤਭੁਜ ਸੇਤਜ ਵੇਖ ਵਖਾਇਆ। ਸ਼ਬਦ ਸੁਣਾਏ ਸੁਹਾਗੀ ਛੰਦਨ, ਸ਼ਰਅ ਸ਼ਰੀਅਤ ਨਾ ਕੋਈ ਬਣਾਇਆ। ਭਗਤਨ ਰਸ ਵਖਾਏ ਪਰਮਾਨੰਦਨ, ਰਸਕ ਬੈਰਾਗੀ ਆਪ ਹੋ ਜਾਇਆ। ਸੰਤਾਂ ਲਾਏ ਮਸਤਕ ਚੰਦਨ, ਨਿਮ ਵਾਸ ਆਪ ਮਹਿਕਾਇਆ। ਗੁਰਮੁਖਾਂ ਕਰੇ ਦੋਏ ਬੰਦਨ, ਦੋਏ ਦੋਏ ਲੋਚਨ ਵੇਖ ਵਖਾਇਆ। ਗੁਰਸਿਖ ਮੰਗ ਏਕਾ ਮੰਗਣ, ਮਨ ਇਛਿਆ ਪੂਰ ਕਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅਨਭਵ ਘਰ ਘਰ ਡੇਰਾ ਲਾਇਆ। ਅਨਭਵ ਘਰ ਘਰ ਵਸਿਆ, ਪਾਰਬ੍ਰਹਮ ਕਰਤਾਰ। ਆਪਣਾ ਰੂਪ ਰਵ ਸਸ ਨਿਰਗੁਣ ਜੋਤ ਦੱਸਿਆ, ਸੀਸ ਧੜ ਕਰ ਪਰਕਾਸ਼। ਤ੍ਰੈ ਤ੍ਰੈ ਦੇਸਾਂ ਫਿਰੇ ਨੱਸਿਆ, ਜੁਗਾ ਜੁਗੰਤਰ ਪਾਵੇ ਸਾਚੀ ਰਾਸ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਖੁਲ੍ਹਾਏ ਅਨਭਵ ਪਰਕਾਸ਼। ਅਨਭਵ ਹਰਿ ਖੇਲ ਨਿਆਰਾ, ਜੁਗਾ ਜੁਗੰਤਰ ਆਪ ਕਰਾਈਆ। ਨਿਰਗੁਣ ਸਰਗੁਣ ਲਏ ਅਵਤਾਰਾ, ਪੰਜ ਤਤ ਕਰੇ ਕੁੜਮਾਈਆ। ਆਪਣਾ ਨੂਰ ਆਪਣਾ ਜ਼ਹੂਰ ਕਰੇ ਬੰਦ ਕਿਵਾੜਾ, ਦਿਸ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਆਪ ਖੁਲਾਈਆ। ਅਨਭਵ ਰੂਪ ਸਤਿਗੁਰ ਖੇਲ, ਗੁਰ ਗੁਰ ਆਪ ਕਰਾਈਆ। ਨਾ ਕੋਈ ਵਕਤ ਨਾ ਕੋਈ ਵੇਲ, ਥਿਤ ਵਾਰ ਨਾ ਕੋਈ ਜਣਾਈਆ। ਅਬਿਨਾਸ਼ੀ ਕਰਤਾ ਸੱਜਣ ਸਹੇਲ, ਜੁਗ ਜੁਗ ਆਪਣੀ ਰਚਨ ਰਚਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਆਪਣੇ ਵਿਚ ਟਿਕਾਈਆ। ਆਪਣੇ ਮੰਦਰ ਆਪੇ ਵੜਿਆ, ਅਨਭਵ ਨਜ਼ਰ ਨਾ ਆਇਆ। ਆਪਣਾ ਘਾੜਨ ਆਪੇ ਘੜਿਆ, ਬਾਢੀ ਕੋਇ ਨਾ ਬਣਤ ਬਣਾਇਆ। ਆਪਣੇ ਦਵਾਰੇ ਆਪ ਖੜਿਆ, ਆਪ ਆਪਣਾ ਰੂਪ ਵਟਾਇਆ। ਆਪਣਾ ਅੱਖਰ ਆਪੇ ਪੜ੍ਹਿਆ, ਨਿਸ਼ਅੱਖਰ ਨਾਉਂ ਧਰਾਇਆ। ਆਪਣਾ ਪੱਲੂ ਆਪੇ ਫੜਿਆ, ਆਪ ਆਪਣਾ ਬੰਧਨ ਪਾਇਆ। ਆਪਣਾ ਖੇਲ ਆਪੇ ਕਰਿਆ, ਹਰਿ ਆਪੇ ਵੇਖ ਵਖਾਇਆ। ਆਪੇ ਨਾਰੀ ਆਪੇ ਨਰਿਆ, ਨਰ ਨਰਾਇਣ ਆਪ ਹੋ ਜਾਇਆ। ਆਪਣਾ ਵਰ ਆਪੇ ਵਰਿਆ, ਆਪ ਆਪਣਾ ਮੇਲ ਮਿਲਾਇਆ। ਆਪਣੀ ਧਰਨੀ ਆਪਣਾ ਆਪ ਆਪੇ ਧਰਿਆ, ਧਰਤ ਧਵਲ ਦਏ ਸੁਹਾਇਆ। ਨਿਰਭੌ ਆਪ ਚੁਕਾਏ ਆਪਣਾ ਡਰਿਆ, ਨਿਰਭੈ ਆਪਣੀ ਖੇਲ ਖਿਲਾਇਆ। ਆਪਣਾ ਵਸਿਆ ਆਪੇ ਘਰਿਆ, ਘਰ ਬੰਕ ਆਪ ਸੁਹਾਇਆ। ਆਪਣੀ ਤਰਨੀ ਆਪੇ ਤਰਿਆ, ਤਾਰਨਹਾਰ ਸ੍ਰਿਸ਼ਟ ਸਬਾਇਆ। ਆਪਣਾ ਘਾੜਨ ਆਪੇ ਘੜਿਆ, ਪੁਰਖ ਅਬਿਨਾਸ਼ੀ ਵੇਸ ਵਟਾਇਆ। ਨਿਰਗੁਣ ਸਰਗੁਣ ਅਗੰਮ ਅਪਰਿਆ, ਨਾ ਮਰੇ ਨਾ ਜਾਇਆ। ਪੰਜ ਤਤ ਅਨਭਵ ਸਰੂਪ ਆਪਣਾ ਆਪੇ ਅੰਦਰ ਧਰਿਆ, ਗੁਰ ਗੁਰ ਨਾਉਂ ਜਗਤ ਵਡਿਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬ੍ਰਹਮ ਪਾਰਬ੍ਰਹਮ ਸਮਾਇਆ। ਅਨਭਵ ਰੂਪ ਪਾਰਬ੍ਰਹਮ, ਅਵਰ ਨਾ ਕੋਇ ਜਣਾਈਆ। ਪੰਜ ਤਤ ਕਾਇਆ ਮੰਦਰ ਗੁਰ ਗੁਰ ਰੂਪ ਪਏ ਜੰਮ, ਮਾਤ ਪਿਤ ਨਾ ਕੋਈ ਬਣਾਈਆ। ਹਰਖ ਸੋਗ ਨਾ ਖ਼ੁਸ਼ੀ ਗ਼ਮ, ਨੇਤਰ ਨੈਣ ਨਾ ਨੀਰ ਵਹਾਈਆ। ਲਾਟ ਨਾ ਰੱਖੇ ਸੂਰਜ ਚੰਨ, ਦਿਵਸ ਰੈਣ ਸਦਾ ਰੁਸ਼ਨਾਈਆ। ਆਪਣਾ ਬੇੜਾ ਆਪੇ ਬੰਨ੍ਹ, ਖੇਵਟ ਖੇਟਾ ਲਏ ਚਲਾਈਆ। ਆਪਣੀ ਵਸਤ ਨਾਮ ਅਮੋਲਕ ਵੇਖੇ ਧਨ, ਘਰ ਖ਼ਜ਼ੀਨਾ ਆਪ ਭਰਾਈਆ। ਭਾਗ ਲਗਾਏ ਕਾਇਆ ਤਨ, ਸਤਿਗੁਰ ਗੁਰ ਗੁਰ ਰੂਪ ਧਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅਨਭਵ ਨਜ਼ਰ ਕਿਸੇ ਨਾ ਆਈਆ। ਅਨਭਵ ਹਰਿ ਹਰਿ ਧਾਰ ਅਵੱਲੀ, ਆਦਿ ਜੁਗਾਦਿ ਚਲਾਇੰਦਾ। ਕਰੇ ਖੇਲ ਨਿਰਗੁਣ ਜੋਤ ਇਕੱਲੀ, ਦੂਸਰ ਸੰਗ ਨਾ ਕੋਇ ਵਖਾਇੰਦਾ। ਗੁਰ ਗੁਰ ਮੰਦਰ ਬੈਠੀ ਮੱਲੀ, ਪੰਜ ਤਤ ਕਿਲਾ ਕੋਟ ਬਣਾਇੰਦਾ। ਕਰੇ ਖੇਲ ਵਲ ਛਲੀ, ਅਛਲ ਛਲ ਧਾਰੀ ਦਿਸ ਨਾ ਆਇੰਦਾ। ਧਾਮ ਵਸਾਏ ਨੇਹਚਲ ਅਟੱਲੀ, ਉਚ ਮੁਨਾਰ ਡੇਰਾ ਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪੇ ਸੂਰਾ ਆਪੇ ਬਲੀ, ਬਲ ਬਲਵਾਨ ਆਪ ਅਖਵਾਇੰਦਾ। ਅਨਭਵ ਰੂਪ ਸ੍ਰੀ ਭਗਵਾਨਾ, ਘਰ ਸਹਿਜੇ ਸਹਿਜ ਸਮਾਇਆ। ਕਰੇ ਖੇਲ ਦੋ ਜਹਾਨਾ, ਦੋਏ ਦੋਏ ਆਪਣੀ ਧਾਰ ਚਲਾਇਆ। ਨਿਰਗੁਣ ਸਰਗੁਣ ਕਰ ਪਰਵਾਨਾ, ਧੁਰ ਫਰਮਾਣਾ ਦਏ ਸੁਣਾਇਆ। ਘਰ ਨਾਦ ਘਰ ਸਤਾਰ ਘਰ ਉਪਜਾਏ ਇਕ ਤਰਾਨਾ, ਘਰ ਤੁਰੀਆ ਰਾਗ ਅਲਾਇਆ। ਘਰ ਮੰਦਰ ਘਰ ਮਕਾਨਾ, ਘਰ ਮਿਲੇ ਹਰਿ ਪੁਰਖ ਸੁਜਾਨਾ, ਸੋਭਾਵੰਤ ਆਪ ਆਪਣੀ ਦਇਆ ਕਮਾਇਆ। ਘਰ ਯਾਚਕ ਘਰ ਮੰਗੇ ਦਾਨਾ, ਘਰ ਭਿਖਾਰੀ ਘਰ ਭਿਖਕ, ਭਿਛਿਆ ਝੋਲੀ ਪਾਇਆ। ਘਰ ਮਰਦ ਘਰ ਮਰਦਾਨਾ, ਘਰ ਸੂਰਾ ਸਰਬੰਗ ਘਰ ਸ਼ਾਹ ਸੁਲਤਾਨਾ, ਘਰ ਸਾਚੀ ਸੇਜ ਸੁਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਰੂਪ ਵਟਾਇਆ। ਅਨਭਵ ਰੂਪ ਸੋ ਪੁਰਖ ਨਿਰੰਜਣ, ਨਰ ਹਰਿ ਮਹਿਮਾ ਕਥਨ ਨਾ ਜਾਈਆ। ਨਾ ਕੋਈ ਨੇਤਰ ਨਾ ਕੋਈ ਅੰਜਨ, ਕਜਲ ਧਾਰ ਨਾ ਕੋਇ ਬੰਧਾਈਆ। ਨਾ ਕੋਈ ਸਖਾ ਨਾ ਕੋਈ ਸੱਜਣ, ਸਖੀ ਸੀਸ ਨਾ ਕੋਇ ਗੁੰਦਾਈਆ। ਨਾ ਕੋਈ ਸਰੋਵਰ ਨਾ ਕੋਈ ਮਜਨ, ਤੀਰਥ ਤਟ ਨਾ ਕੋਇ ਵਖਾਈਆ। ਪੁਰਖ ਅਬਿਨਾਸ਼ੀ ਏਕੰਕਾਰ ਖੇਲ ਅਪਾਰ, ਆਪੇ ਰੱਖੇ ਆਪਣੀ ਲੱਜਣ, ਅਨਭਵ ਆਪਣਾ ਨਾਮ ਧਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਆਪੇ ਵੇਖ ਵਖਾਇਆ। ਅਨਭਵ ਅਮ ਅਮ ਵੇਖਦਾ, ਬ੍ਰਹਮਾ ਵਿਸ਼ਨ ਸ਼ਿਵ ਕਰ ਪਿਆਰ। ਜੋ ਤ੍ਰੈਗੁਣ ਲੇਖਾ ਲਿਖੇ ਲੇਖ ਦਾ, ਲੇਖਾ ਹੱਥ ਕਿਸੇ ਨਾ ਆਇਆ। ਦੂਰ ਦੁਰਾਡਾ ਧੁਰ ਦਰਗਾਹੀ ਸਾਚਾ ਮਾਹੀ ਅਨਭਵ ਰੂਪ ਆਪੇ ਵੇਖਦਾ, ਆਪਣਾ ਨੈਣ ਆਪ ਖੁਲਾਇਆ। ਕਰੇ ਖੇਲ ਸਚ ਨਰੇਸ਼ ਦਾ, ਤਖ਼ਤ ਨਿਵਾਸੀ ਤਖ਼ਤ ਸੁਹਾਇਆ। ਮਾਣ ਰਖਾਏ ਆਪਣੇ ਭੇਖ ਦਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਖਲਾਇੰਦਾ। ਅਨਭਵ ਖੇਲ ਖਿਲਾਇਆ, ਜੁਗਾ ਜੁਗੰਤਰ ਕਾਰ। ਗੁਰ ਸਤਿਗੁਰ ਮਾਤ ਪਰਗਟਾਇਆ, ਸਰਗੁਣ ਨਿਰਗੁਣ ਲੈ ਅਵਤਾਰ। ਭਗਤ ਭਗਵੰਤ ਵੇਖ ਵਖਾਇਆ, ਕਾਇਆ ਮੰਦਰ ਡੂੰਘੀ ਗਾਰ। ਸੰਤ ਕੰਤ ਲਏ ਮਿਲਾਇਆ, ਲੇਖਾ ਜਾਣੇ ਸੁਹਾਗਣ ਨਾਰ। ਗੁਰਮੁਖ ਸਾਚੇ ਲਏ ਉਠਾਇਆ, ਸ਼ਬਦ ਸੁਣਾਏ ਸੱਚੀ ਧੁਨਕਾਰ। ਗੁਰਸਿਖ ਆਪਣੀ ਗੋਦ ਬਹਾਇਆ, ਆਪਣੀਆਂ ਭੁਜਾਂ ਮਾਤ ਉਭਾਰ। ਸਤਿਜੁਗ ਤ੍ਰੇਤਾ ਵੇਖ ਵਖਾਇਆ, ਦਵਾਪਰ ਕਰੀ ਸਾਚੀ ਕਾਰ। ਕਲਜੁਗ ਆਪਣਾ ਨਾਉਂ ਪਰਗਟਾਇਆ, ਨਿਰਗੁਣ ਸਰਗੁਣ ਕਰ ਵਿਚਾਰ। ਸਚ ਦੁਲਾਰਾ ਏਕਾ ਜਾਇਆ, ਗੋਬਿੰਦ ਰੂਪ ਅਗੰਮ ਅਪਾਰ। ਤ੍ਰੈ ਤ੍ਰੈ ਅੱਖਰ ਨਾਉਂ ਧਰਾਇਆ, ਗੋਰ ਮੜੀ ਵਸਿਆ ਬਾਹਰ। ਬਿੰਦ ਆਪਣੀ ਆਪ ਉਪਜਾਇਆ, ਮਾਤ ਪਿਤਾ ਕਰ ਪਿਆਰ। ਦਸ ਦਸ ਮਾਸ ਨਾ ਡੇਰਾ ਲਾਇਆ, ਅੰਦਰ ਵੜਿਆ ਨਾ ਹਰਿ ਕਰਤਾਰ। ਮਾਤਾ ਗੁਜਰੀ ਬਾਲਕ ਜਾਇਆ, ਬ੍ਰਹਮ ਸੁਤ ਕਰ ਪਿਆਰ। ਪੁਰਖ ਅਬਿਨਾਸ਼ੀ ਦਇਆ ਕਮਾਇਆ, ਬ੍ਰਹਮ ਪਾਰਬ੍ਰਹਮ ਕਰੇ ਪਸਾਰ। ਆਪਣਾ ਰੂਪ ਕਾਇਆ ਮੰਦਰ ਆਪ ਟਿਕਾਇਆ, ਕਰੇ ਖੇਲ ਅਗੰਮ ਅਪਾਰ। ਚੇਲਾ ਬ੍ਰਹਮ ਨਾਲ ਮਿਲਾਇਆ, ਸਤਿਗੁਰ ਮਿਲਿਆ ਹਰਿ ਕਰਤਾਰ। ਦੋਹਾਂ ਵਿਚੋਲਾ ਭੇਵ ਖੁਲਾਇਆ, ਅਨਭਵ ਰੂਪ ਹੋਏ ਉਜਿਆਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਕਰਾਏ ਆਪਣੀ ਕਾਰ। ਅਨਭਵ ਹਰਿ ਪਰਕਾਸਿਆ, ਗੁਰ ਗੋਬਿੰਦ ਕਰ ਪਿਆਰ। ਸਾਚੇ ਮੰਦਰ ਕਰੇ ਨਿਵਾਸਿਆ, ਨਿਰਗੁਣ ਜੋਤੀ ਜਾਮਾ ਧਾਰ। ਸਾਚੇ ਮੰਡਲ ਪਾਵੇ ਰਾਸਿਆ, ਆਠ ਪਹਿਰ ਮੰਗਲਾਚਾਰ। ਬ੍ਰਹਮਾ ਵਿਸ਼ਨ ਸ਼ਿਵ ਦਰ ਮੰਗਣ ਭਿਖਕ ਹੋਏ ਦਾਸੀ ਦਾਸਿਆ, ਨਿਉਂ ਨਿਉਂ ਕਰਨ ਨਿਮਸਕਾਰ। ਕਰੇ ਸ਼ਬਦ ਸਰਬ ਗੁਣ ਤਾਸਿਆ, ਤ੍ਰੈਗੁਣ ਮਾਇਆ ਜਗਤ ਵਿਹਾਰ। ਜੈ ਜੈਕਾਰ ਹੋਏ ਪਰਭਾਸਿਆ, ਕਲਜੁਗ ਤੇਰੀ ਅੰਤਮ ਵਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਲਏ ਵਿਚਾਰ। ਆਪਣਾ ਹਰਿ ਵਿਚਾਰਿਆ, ਕਿਰਪਾ ਨਿਧ ਗੁਣਵੰਤ। ਅਨਭਵ ਰੂਪ ਕਰ ਉਜਿਆਰਿਆ, ਲੇਖਾ ਜਾਣੇ ਸਾਚੇ ਸੰਤ। ਗ੍ਰਹਿ ਮੰਦਰ ਕਰ ਪਸਾਰਿਆ, ਰੁਤ ਸੁਹਾਏ ਇਕ ਬਸੰਤ। ਆਪ ਲਗਾਏ ਸਚ ਫੁਲਵਾੜਿਆ, ਅਬਿਨਾਸ਼ੀ ਕਰਤਾ ਮਹਿਮਾ ਅਗਣਤ। ਜੋਤੀ ਜੋਤ ਕਰ ਪਸਾਰਿਆ, ਵੇਖਣਹਾਰ ਸ੍ਰੀ ਭਗਵੰਤ। ਨਾਦ ਸ਼ਬਦ ਧੁਨ ਜੈਕਾਰਿਆ, ਆਪ ਵਜਾਏ ਆਦਿ ਅੰਤ। ਗੋਬਿੰਦ ਸੂਰਾ ਇਕ ਲਲਕਾਰਿਆ, ਗੜ੍ਹ ਤੋੜੇ ਹਉਮੇ ਹੰਗਤ। ਕਲਜੁਗ ਅੰਤਮ ਪਾਵੇ ਸਾਰਿਆ, ਨੌਂ ਖੰਡ ਪ੍ਰਿਥਮੀ ਏਕਾ ਰੰਗ ਰੰਗਾਏ ਆਤਮ ਬੋਧ ਹੋਏ ਪੰਡਤ। ਮੁਲਾਂ ਸ਼ੇਖ਼ ਕਰੇ ਵਿਚਾਰਿਆ, ਸ਼ਰਅ ਸ਼ਰੀਅਤ ਲਾਸ਼ਰੀਕ ਮੰਗਣ ਭੇਖ ਬਣ ਬਣ ਮੰਗਤ। ਏਕਾ ਨਾਮ ਕਰੇ ਜੈਕਾਰਿਆ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅਨਭਵ ਏਕਾ ਰੂਪ ਪਸਾਰਿਆ। ਅਨਭਵ ਖੇਲ ਖਿਲਾਇੰਦਾ, ਪੁਰਖ ਅਬਿਨਾਸ਼ੀ ਬੇਪਰਵਾਹ। ਤਖ਼ਤ ਨਿਵਾਸੀ ਤਖ਼ਤ ਸੁਹਾਇੰਦਾ, ਸਤਿਗੁਰ ਸੱਚਾ ਸ਼ਹਿਨਸ਼ਾਹ। ਸਚਖੰਡ ਦਵਾਰਾ ਆਪ ਖੁਲ੍ਹਾਇੰਦਾ, ਦਰ ਦਰਵਾਜ਼ਾ ਦਏ ਤੁੜਾ। ਥਿਰ ਘਰ ਸਾਚਾ ਰਾਹ ਵਖਾਇੰਦਾ, ਪੁਰਖ ਅਗੰਮਾ ਬਣ ਮਲਾਹ। ਕਲਜੁਗ ਅੰਤਮ ਵੇਸ ਵਟਾਇੰਦਾ, ਬ੍ਰਹਮਾ ਵਿਸ਼ਨ ਸ਼ਿਵ ਦਏ ਸਲਾਹ । ਗੋਬਿੰਦ ਸਾਚਾ ਸੰਗ ਨਿਭਾਇੰਦਾ, ਹਰਿ ਜੂ ਪੱਲੂ ਲਏ ਫੜਾ। ਅਨਭਵ ਆਪਣਾ ਮੇਲ ਮਿਲਾਇੰਦਾ, ਪੁਰੀਆਂ ਲੋਆਂ ਜਲਾਂ ਥਲਾਂ ਰਿਹਾ ਸਮਾ। ਉਚੀ ਕੂਕ ਏਕਾ ਨਾਅਰਾ ਲਾਇੰਦਾ, ਵਾਹਿਗੁਰੂ ਅੱਲਾ ਰਾਮ ਵੇਖੇ ਆਪ ਖ਼ੁਦਾ। ਨਾਮ ਸਤਿ ਆਪ ਜਣਾਇੰਦਾ, ਸਭ ਦੀ ਜਣੇਂਦੀ ਜੋਤੀ ਏਕਾ ਮਾਂ। ਪੁਰਖ ਅਕਾਲ ਪਿਤਾ ਆਪ ਅਖਵਾਇੰਦਾ, ਜੁਗ ਜੁਗ ਦੇਵੇ ਠੰਡੀ ਛਾਂ। ਕਲਜੁਗ ਅੰਤਮ ਵੇਖ ਵਖਾਇੰਦਾ, ਨੌਂ ਖੰਡ ਪ੍ਰਿਬਮੀ ਥਾਂ ਥਾਂ। ਲੱਖ ਚੁਰਾਸੀ ਘਟ ਘਟ ਡੇਰਾ ਲਾਇੰਦਾ, ਆਪ ਆਪਣਾ ਮੁਖ ਛੁਪਾ। ਗੁਰਮੁਖ ਸਾਚੇ ਪਕੜ ਉਠਾਇੰਦਾ, ਦਿਵਸ ਰੈਣ ਸੇਵ ਕਮਾ। ਚਾਰੇ ਕੂਟਾਂ ਫੇਰੀ ਪਾਇੰਦਾ, ਹਿੰਦੂ ਮੁਸਲਮ ਸਿੱਖ ਇਸਾਈ ਨਾ ਕੋਈ ਰਿਹਾ ਵੰਡ ਵੰਡਾ। ਚਾਰੇ ਵਰਨਾਂ ਏਕਾ ਰੰਗ ਰੰਗਾਇੰਦਾ, ਜੋ ਰਸਨਾ ਜਿਹਵਾ ਰਹੇ ਧਿਆ। ਕਾਲੀ ਚੋਲੀ ਏਕਾ ਰੰਗ ਚੜ੍ਹਾਇੰਦਾ, ਦੁਰਮਤ ਮੈਲ ਦਏ ਧਵਾ। ਸਾਚੀ ਅਲਫ਼ੀ ਗਲ ਹੰਢਾਇੰਦਾ, ਜਗਤ ਆਰਫ਼ ਦਏ ਸਮਝਾ। ਉਲਫ਼ਤ ਵਿਚ ਕਦੇ ਨਾ ਆਇੰਦਾ, ਸਾਚੀ ਮਾਰਫ਼ਤ ਮਾਰਗ ਦਏ ਵਖਾ। ਕਲਜੁਗ ਰੁਸਤਮ ਆਪੇ ਢਾਇੰਦਾ, ਸ਼ਬਦ ਸਰੂਪੀ ਗੁਰਜ ਉਠਾ। ਲੰਕਾ ਗੜ੍ਹ ਆਪ ਤੁੜਾਇੰਦਾ, ਮਨ ਹੰਕਾਰੀ ਮੁਰਛਾ ਦਏ ਕਰਾ। ਸ਼ਬਦ ਖੰਡਾ ਇਕ ਚਮਕਾਇੰਦਾ, ਜੋਧਾ ਸੂਰਬੀਰ ਆਪਣਾ ਨਾਉਂ ਧਰਾ। ਏਕਾ ਡੰਕਾ ਨਾਮ ਵਜਾਇੰਦਾ, ਸ਼ਬਦ ਸ਼ਬਦੀ ਚੋਟ ਲਗਾ। ਅਨਭਵ ਆਪਣਾ ਰੂਪ ਆਪ ਪਰਗਟਾਇੰਦਾ, ਆਪੇ ਵੇਖਣਹਾਰ ਹੋਏ ਮਿਹਰਵਾਂ। ਨੌਂ ਖੰਡ ਪ੍ਰਿਥਮੀ ਫੇਰਾ ਪਾਇੰਦਾ, ਸੱਤਾਂ ਦੀਪਾਂ ਦੀਪ ਜਗਾ। ਗ਼ਰੀਬ ਨਿਮਾਣੇ ਗਲੇ ਲਗਾਇੰਦਾ, ਹੰਸ ਬਣਾਏ ਫੜ ਫੜ ਕਾਂ। ਮਾਣਕ ਮੋਤੀ ਚੋਗ ਚੁਗਾਇੰਦਾ, ਸੋਹੰ ਸ਼ਬਦ ਸਾਚਾ ਨਾਂ। ਕਲਜੁਗ ਦੁਖੜੇ ਅੰਤ ਮਿਟਾਇੰਦਾ, ਮੁਖੜੇ ਉਜਲ ਦਏ ਕਰਾ। ਸੁੱਕੇ ਰੁਖੜੇ ਹਰੇ ਕਰਾਇੰਦਾ, ਅੰਮ੍ਰਿਤ ਸਿੰਚੇ ਕਰੇ ਨਿਆਂ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣੀ ਕਲ ਵਰਤਾਇੰਦਾ। ਅਨਭਵ ਰੂਪ ਅਕਲ ਕਲ ਧਾਰ, ਤ੍ਰੈਗੁਣ ਮਾਇਆ ਬੰਧਨ ਤੋੜ ਤੁੜਾਈਆ। ਸਗਲ ਸਮਗਰੀ ਵੇਖੇ ਸਗਲ ਪਸਾਰ, ਜੋਤ ਇਕਗਰੀ ਬੇਪਰਵਾਹੀਆ। ਕਲਜੁਗ ਨਗਰੀ ਪਾਵੇ ਸਾਰ, ਰੂਪ ਅਨੂਪ ਸਤਿ ਸਰੂਪ ਆਪਣਾ ਆਪ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅਨਭਵ ਆਪਣਾ ਨਾਉਂ ਧਰਾਈਆ। ਅਨਭਵ ਨਾਉਂ ਆਪਣਾ ਰੱਖ, ਦਿਸ ਕਿਸੇ ਨਾ ਆਇੰਦਾ। ਸਰਗੁਣ ਅੰਦਰ ਹੋ ਪਰਤਖ, ਨਿਰਗੁਣ ਆਪਣੀ ਜੋਤ ਜਗਾਇੰਦਾ। ਗੁਰਮੁਖ ਵਿਰਲੇ ਮਾਰਗ ਦੱਸ, ਆਪ ਆਪਣਾ ਮੇਲ ਮਿਲਾਇੰਦਾ। ਤੀਰ ਨਿਰਾਲਾ ਮਾਰੇ ਕਸ, ਸ਼ਬਦ ਕਮਾਨ ਹੱਬ ਉਠਾਇੰਦਾ। ਦੋ ਜਹਾਨਾਂ ਰਿਹਾ ਨੱਸ, ਕਲਜੁਗ ਅੰਤਮ ਪੰਧ ਮੁਕਾਇੰਦਾ। ਪੰਚ ਵਿਕਾਰਾ ਦੇਵੇ ਝੱਸ, ਗੁਰਮੁਖਾਂ ਮਾਇਆ ਮਮਤਾ ਮੋਹ ਚੁਕਾਇੰਦਾ। ਮੇਲ ਮਿਲਾਵਾ ਹੱਸ ਹੱਸ, ਹੰਸ ਮੁਖ ਆਪ ਸਾਲਾਹਿੰਦਾ। ਆਤਮ ਰਸੀਆ ਅੰਤਰ ਆਤਮ ਰਸ ਰਸ, ਅੰਮ੍ਰਿਤ ਝਿਰਨਾ ਆਪ ਝਿਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅਨਭਵ ਆਪਣਾ ਪਰਦਾ ਲਾਹਿੰਦਾ। ਅਨਭਵ ਆਪਣਾ ਪਰਦਾ ਲਾਹਿਆ, ਕਲਜੁਗ ਅੰਤਮ ਵੱਜੀ ਵਧਾਈਆ। ਸਰਗੁਣ ਨਿਰਗੁਣ ਬਣ ਕੇ ਆਇਆ, ਨਿਰਗੁਣ ਸਰਗੁਣ ਲਏ ਉਠਾਈਆ। ਪੂਤ ਸਪੂਤਾ ਜਨਨੀ ਬਣ ਕੇ ਜਣਕੇ ਆਇਆ, ਗੋਬਿੰਦ ਸੂਰਾ ਨਾਉਂ ਧਰਾਈਆ। ਆਪਣਾ ਭਾਣਾ ਆਪੇ ਮੰਨ ਕੇ ਆਇਆ, ਸ੍ਰਿਸ਼ਟ ਸਬਾਈ ਦਏ ਮਨਾਈਆ। ਗੁਰਸਿਖਾਂ ਅੰਦਰ ਰਲ ਕੇ ਆਇਆ, ਜੋਤੀ ਜੋਤ ਰਿਹਾ ਸਮਾਈਆ। ਆਪਣਾ ਨੇਹਚਲ ਧਾਮ ਅਟੱਲ ਛੱਡ ਕੇ ਆਇਆ, ਗੁਰਸਿਖ ਵਛੋੜਾ ਛੱਡਿਆ ਨਾ ਜਾਈਆ। ਨਿਰਵੈਰ ਘੋੜੇ ਚੜ੍ਹ ਕੇ ਆਇਆ, ਕਲਜੁਗ ਕਹਿਰ ਵੇਖੇ ਖ਼ਲਕ ਖ਼ੁਦਾਈਆ। ਫ਼ਲਕ ਆਫ਼ਤਾਬ ਰੂਪ ਬਣ ਕੇ ਆਇਆ, ਜਗਤ ਮਹਿਤਾਬ ਕਰੇ ਰੁਸ਼ਨਾਈਆ। ਮੁਖ ਨਕਾਬ ਏਕਾ ਪੱਲੂ ਧਰ ਕੇ ਆਇਆ, ਤ੍ਰੇਗੁਣ ਮਾਇਆ ਪਰਦਾ ਪਾਈਆ। ਆਬ ਹਯਾਤ ਪਿਆਲਾ ਫੜ ਕੇ ਆਇਆ, ਸਚ ਮਹਿਬੂਬ ਸੱਚਾ ਹਰਿ ਮਾਹੀਆ। ਏਕਾ ਹਰੂਫ਼ ਪੜ੍ਹ ਕੇ ਆਇਆ, ਏਕਾ ਅਲਫ਼ ਦਏ ਵਖਾਈਆ। ਏਕਾ ਨੁਕਤਾ ਅਗੇ ਰੱਖ ਤੇ ਆਇਆ, ਕਲਜੁਗ ਨੁਕਤਾ ਦਏ ਮਿਟਾਈਆ। ਸਾਚਾ ਮੁਕਤਾ ਬਣ ਕੇ ਆਇਆ, ਮੁਕਤੀ ਗੁਰਸਿਖਾਂ ਪੈਰਾਂ ਹੇਠ ਝਸਾਈਆ। ਸਾਚਾ ਬਕਤਾ ਬਣ ਕੇ ਆਇਆ, ਪਾਰਬ੍ਰਹਮ ਵੱਡੀ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅਨਭਵ ਆਪਣਾ ਖੇਲ ਖਿਲਾਈਆ। ਅਨਭਵ ਖੇਲ ਖਿਲਾਇੰਦਾ, ਖੇਲਣਹਾਰ ਪੁਰਖ ਕਰਤਾਰ। ਜੋਤੀ ਜਾਮਾ ਭੇਖ ਵਟਾਇੰਦਾ, ਲੋਕਮਾਤ ਲੈ ਅਵਤਾਰ। ਤ੍ਰੈ ਤ੍ਰੈ ਲੇਖਾ ਇਕ ਸਮਝਾਇੰਦਾ, ਸਿਫ਼ਰਾ ਰੂਪ ਸਰਬ ਸੰਸਾਰ। ਏਕਾ ਆਪਣਾ ਨਾਉਂ ਅੱਗੇ ਲਾਇੰਦਾ, ਅੱਗੇ ਪਿਛੇ ਖੇਲ ਕਰੇ ਖੇਲਣਹਾਰ। ਦੋਏ ਦੋਏ ਧਾਰਾ ਆਪ ਬੰਧਾਇੰਦਾ, ਅਲੱਖ ਅਗੰਮ ਅਗੋਚਰ ਕਰੇ ਸਾਚੀ ਕਾਰ। ਨੌਂ ਨੌਂ ਲੇਖਾ ਆਪ ਸਮਝਾਇੰਦਾ, ਨਵ ਨਵ ਬੈਠਾ ਮੀਤ ਮੁਰਾਰ। ਸਤ ਸਤ ਬੰਧਨ ਆਪੇ ਪਾਇੰਦਾ, ਸਤਿ ਸਤਿਵਾਦੀ ਹੋ ਉਜਿਆਰ। ਬੋਧ ਅਗਾਧੀ ਸ਼ਬਦ ਚਲਾਇੰਦਾ, ਭੇਵ ਅਭੇਦਾ ਖੇਲ ਨਿਆਰ। ਸਾਚਾ ਹਾਜੀ ਏਕਾ ਹੱਜ ਕਰਾਇੰਦਾ, ਇਕ ਵਖਾਏ ਪਰਵਰਦਿਗਾਰ। ਏਕਾ ਪੰਡਤ ਗਿਆਨ ਦ੍ਰਿੜਾਇੰਦਾ, ਏਕਾ ਰਾਮ ਰੂਪ ਅਵਤਾਰ। ਏਕਾ ਸਖ਼ੀਆਂ ਮੰਗਲ ਗਾਇੰਦਾ, ਏਕਾ ਨਾਮ ਬੰਸਰੀ ਵਜਾਏ ਮਧੁਰ ਸੁਰ ਤਾਲ ਕਰੇ ਵਿਚਾਰ। ਏਕਾ ਉਚੀ ਕੂਕ ਨਾਅਰਾ ਲਾਇੰਦਾ, ਹਕ ਹਕ ਕਹੇ ਪੁਕਾਰ। ਏਕਾ ਸਤਿ ਨਾਮ ਦ੍ਰਿੜਾਇੰਦਾ, ਸਤਿ ਸਤਿਵਾਦੀ ਸਾਚੀ ਕਾਰ। ਏਕਾ ਵਾਹਿਗੁਰੂ ਫ਼ਤਹਿ ਗਜਾਇੰਦਾ, ਰਸਨਾ ਜਿਹਵਾ ਗੁਣ ਵਿਚਾਰ। ਏਕਾ ਨਿਰਗੁਣ ਅਨਭਵ ਆਪਣਾ ਰੂਪ ਵਖਾਇੰਦਾ, ਰੇਖ ਰੰਗ ਦਿਸੇ ਨਾ ਵਿਚ ਸੰਸਾਰ। ਗੁਰੂਆਂ ਪੀਰਾਂ ਸ਼ਬਦ ਸੁਣਾਇੰਦਾ, ਜੁਗ ਜੁਗ ਕਰੇ ਕਰਾਏ ਸਚ ਗੁਫ਼ਤਾਰ। ਅੱਖਰ ਵੱਖਰ ਆਪ ਪੜ੍ਹਾਇੰਦਾ, ਐਨ ਗ਼ੈਨ ਨਾ ਕੋਈ ਰਹੀ ਮੁਖ ਉਘਾੜ। ਨੁਕਤਾ ਨੂਨ ਨਾ ਕੋਈ ਸਮਝਾਇੰਦਾ, ਮੀਮ ਮੁਖ ਮੋੜੇ ਨਾ ਕੋਇ ਦਰਬਾਰ। ਹਮਜ਼ਾ ਅੰਗ ਨਾ ਕੋਇ ਭਵਾਇੰਦਾ, ਵਾਵਾਸਤਾ ਪਾਏ ਨਾ ਕੋਈ ਅਵਗੁਣ ਹਾਰ। ਬਸਤਾ ਬੰਨ੍ਹ ਨਾ ਮਕਤਬ ਜਾਇੰਦਾ, ਬੇ ਬਲ ਨਾ ਸਕੇ ਕੋਈ ਧਾਰ। ਪੇ ਪੁਸਤਕ ਨਾ ਕੋਇ ਪੜ੍ਹਾਇੰਦਾ, ਤੇ ਤਲਬ ਨਾ ਮੰਗੇ ਤਲਬਗਾਰ। ਸੇ ਸਾਬਤ ਰੂਪ ਨਾ ਕੋਇ ਜਣਾਇੰਦਾ, ਸਖ਼ੀ ਸਕਵਰ ਖੇਲ ਨਿਆਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਖੇਲ ਆਪ ਖਲਾਇੰਦਾ। ਕਰੇ ਖੇਲ ਓਅੰਕਾਰ, ਏਕੰਕਾਰ ਆਪਣੀ ਕਲ ਵਰਤਾਈਆ। ਏਕਾ ਊੜਾ ਕਰ ਤਿਆਰ, ਤ੍ਰੈ ਤ੍ਰੈ ਮੰਦਰ ਦਏ ਸੁਹਾਈਆ। ਤਿੰਨਾਂ ਬਣਾਏ ਆਪ ਸਿਕਦਾਰ, ਸਤਿਗੁਰ ਸੱਚਾ ਸ਼ਹਿਨਸ਼ਾਹੀਆ। ਐੜਾ ਅੱਖ ਲਏ ਉਘਾੜ, ਨੇਤਰ ਲੋਚਣ ਆਪ ਖੁਲ੍ਹਾਈਆ। ਸੱਸਾ ਕਿਲਾ ਕਰ ਤਿਆਰ, ਸਤਿਗੁਰ ਆਪਣਾ ਆਸਣ ਲਾਈਆ। ਈੜੀ ਇਸ਼ਟ ਇਕ ਕਰਤਾਰ, ਦੂਸਰ ਰੂਪ ਨਾ ਕੋਇ ਦਰਸਾਈਆ। ਹਾਹਾ ਹਰਿ ਕਾ ਪੌੜਾ ਕਰ ਤਿਆਰ, ਹਰਿ ਮੰਦਰ ਆਪ ਸੁਹਾਈਆ। ਕੱਕਾ ਕਾਗਦ ਕਲਮ ਲਿਖਣਹਾਰ, ਖੱਖਾ ਖੋਲ੍ਹ ਦੁਕਾਨ ਨਾ ਕੋਇ ਵਖਾਈਆ। ਗੱਗਾ ਗੋਬਿੰਦ ਜਾਣੇ ਆਪਣੀ ਧਾਰ, ਘੱਘਾ ਘੋੜਾ ਨਾ ਕੋਇ ਦੌੜਾਈਆ। ਨਨਾ ਨਿਗਹਬਾਨ ਕਰੇ ਆਪ ਆਪਣੇ ਸੱਚੇ ਦਰਬਾਰ, ਨਿਰਗੁਣ ਨਿਰਗੁਣ ਕਰੇ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਪੰਡਤ ਆਪੇ ਪਾਂਧਾ, ਆਪਣੀ ਪਾਠਸ਼ਾਲਾ ਆਪ ਸੁਹਾਈਆ। ਸਾਚੀ ਸ਼ਾਲਾ ਸਾਚਾ ਪਾਠ, ਸਾਚਾ ਮਕਤਬ ਆਪ ਸੁਹਾਇੰਦਾ। ਸਾਚਾ ਤੀਰਥ ਸਾਚਾ ਘਾਟ, ਸਚ ਮਹੱਲਾ ਆਪ ਵਸਾਇੰਦਾ। ਸਾਚਾ ਬਸਤਰ ਸਾਚੀ ਖਾਟ, ਸਚ ਸਿੰਘਾਸਣ ਆਸਣ ਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਮੰਦਰ ਇਕ ਆਕਾਰ, ਏਕਾ ਅੱਖਰ ਇਕ ਵਿਚਾਰ, ਏਕਾ ਅਲਫ਼ ਇਕ ਪਿਆਰ, ਆਪਣਾ ਭੇਵ ਆਪਣੇ ਵਿਚ ਟਿਕਾਇੰਦਾ। ਆਪਣਾ ਭੇਵ ਅਭੇਦ ਰਖਾਇਆ, ਜੋਤੀ ਜੋਤ ਕਰੇ ਰੁਸ਼ਨਾਈਆ। ਜੋਤੀ ਧਾਰ ਆਪ ਵਹਾਇਆ, ਆਪ ਆਪਣਾ ਲਏ ਪਰਗਟਾਈਆ। ਏਕਾ ਨੂਰ ਨੂਰ ਜਣਾਇਆ, ਨੂਰੋ ਨੂਰ ਨੂਰ ਉਪਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਪਰਕਾਸ਼ ਆਪਣੇ ਵਿਚ ਟਿਕਾਈਆ। ਸਚ ਪਰਕਾਸ਼ ਪੁਰਖ ਅਬਿਨਾਸ਼, ਆਪਣੇ ਵਿਚ ਰਖਾਇੰਦਾ। ਦਾਸੀ ਦਾਸ ਸ਼ਾਹੋ ਸ਼ਾਬਾਸ, ਆਪਣੀ ਆਸ ਆਪੇ ਪੂਰ ਕਰਾਇੰਦਾ। ਮੰਡਲ ਰਾਸ ਪ੍ਰਿਥਮੀ ਆਕਾਸ਼, ਗਗਨ ਮੰਡਲ ਸੋਭਾ ਪਾਇੰਦਾ। ਲੱਖ ਚੁਰਾਸੀ ਵਾਸ ਵਸੇ ਜਲ ਥਲ ਪਰਭਾਸ, ਘਟ ਘਟ ਵਾਸ ਆਪ ਕਰਾਇੰਦਾ। ਗੁਰ ਸਤਿਗੁਰ ਪੂਰੀ ਕਰੇ ਆਸ, ਦੇਵੇ ਸ਼ਬਦ ਸਚ ਧਰਵਾਸ, ਧਰਤ ਧਵਲ ਆਪ ਵਡਿਆਇੰਦਾ। ਜਨ ਭਗਤਾਂ ਵਸੇ ਪਾਸ, ਲੇਖ ਚੁਕਾਏ ਦਸ ਦਸ ਮਾਸ, ਦਹਿ ਦਿਸ਼ਾ ਫੇਰੀ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅਨਭਵ ਖੇਲ ਅਗੰਮ ਅਪਾਰਾ, ਆਪ ਕਰਾਏ ਕਰਨੇਹਾਰਾ, ਕਾਦਰ ਕੁਦਰਤ ਵਿਚ ਸਮਾਇੰਦਾ। ਕੁਦਰਤ ਕਾਦਰ ਵੇਖਣਹਾਰਾ, ਘਟ ਘਟ ਜੋਤ ਜਗਾਇੰਦਾ। ਕਲਜੁਗ ਅੰਤਮ ਖੇਲ ਅਪਾਰਾ, ਰੂਪ ਅਨੂਪ ਆਪ ਧਰਾਇੰਦਾ। ਨੀਲੇ ਬਸਤਰ ਕਰ ਸ਼ਿੰਗਾਰ, ਨਾਮ ਮਹਿੰਦੀ ਰੰਗ ਰੰਗਾਇੰਦਾ। ਸਿਰ ਅਮਾਮਾ ਪਰਵਰਦਿਗਾਰਾ, ਸ਼ਬਦ ਦਮਾਮਾ ਇਕ ਵਜਾਇੰਦਾ। ਕਰੇ ਕਾਇਆ ਰੂਪ ਸੰਸਾਰਾ, ਸੰਸਾ ਰੋਗ ਨਾ ਕੋਇ ਜਣਾਇੰਦਾ। ਗੜ੍ਹ ਤੋੜੇ ਕਾਮ ਕਰੋਧ ਲੋਭ ਮੋਹ ਹੰਕਾਰਾ, ਉਚੇ ਟਿਲੇ ਪਰਬਤ ਚੜ੍ਹ ਚੜ੍ਹ ਫੇਰਾ ਪਾਇੰਦਾ। ਲੇਖਾ ਵੇਖੇ ਸਿਰਜਣਹਾਰਾ, ਮੁਲਾ ਸ਼ੇਖ਼ ਮਸਾਇਕ ਪੀਰ ਦਸਤਗੀਰ ਫੋਲ ਫੁਲਾਇੰਦਾ। ਹਾਜ਼ਰ ਹਜ਼ੂਰ ਗੁਪਤ ਜ਼ਾਹਰਾ, ਹਜ਼ਰਤ ਹਰਿ ਜੂ ਆਪਣਾ ਨਾਉਂ ਧਰਾਇੰਦਾ। ਕਲਜੁਗ ਅੰਤਮ ਕਰਨ ਆਇਆ ਜਗਤ ਮੁਸ਼ਾਅਰਾ, ਗੁਰਮੁਖ ਸਾਚੇ ਸੰਗ ਰਲਾਇੰਦਾ। ਸਵਾ ਪਹਿਰ ਏਕਾ ਕਹਿਰਾ, ਲਹਿਰ ਬਹਿਰ ਆਪਣੀ ਆਪ ਵੇਖ ਵਖਾਇੰਦਾ। ਪੁਰਖ ਅਬਿਨਾਸ਼ੀ ਕਰੇ ਸੈਰਾ, ਸੈਰਗਾਹ ਲੋਕਮਾਤ ਉਪਾਇੰਦਾ। ਕਲਜੁਗ ਸਾਗਰ ਦਿਸੇ ਗਹਿਰਾ, ਬੇੜਾ ਪਾਰ ਨਾ ਕੋਇ ਕਰਾਇੰਦਾ। ਨਵ ਨਵ ਤੇਰਾ ਢਾਏ ਡੇਰਾ, ਸ਼ਬਦ ਘੇਰਾ ਇਕ ਵਖਾਇੰਦਾ। ਗੋਬਿੰਦ ਉਠਿਆ ਸੁਤ ਦਲੇਰਾ, ਸਿੰਘ ਸ਼ੇਰਾ ਨਾਲ ਰਲਾਇੰਦਾ। ਲੱਖ ਚੁਰਾਸੀ ਚੁੱਕੇ ਮੇਰਾ ਤੇਰਾ, ਤੂੰ ਮੈਂ ਨਾ ਕੋਇ ਵਖਾਇੰਦਾ। ਗੁਰਸਿਖ ਵਸੇ ਤੇਰਾ ਏਕਾ ਖੇੜਾ, ਦੂਜਾ ਨਗਰ ਕੋਇ ਨਾ ਸੋਭਾ ਪਾਇੰਦਾ। ਪੁਰਖ ਅਬਿਨਾਸ਼ੀ ਹੱਥ ਵਿਚ ਫੜਿਆ ਏਕਾ ਜੇਵੜਾ, ਲੱਖ ਚੁਰਾਸੀ ਬੰਧਨ ਪਾਇੰਦਾ। ਧਰਤ ਮਾਤ ਦਾ ਕਰੇ ਖੁਲ੍ਹਾ ਵੇਹੜਾ, ਲਾੜੀ ਮੌਤ ਨਾਚ ਨਚਾਇੰਦਾ। ਅੰਤਮ ਕਰੇ ਹਕ ਨਬੇੜਾ, ਖ਼ਾਲਕ ਖ਼ਲਕ ਮਖ਼ਲੂਕ ਆਪ ਸਮਝਾਇੰਦਾ। ਆਵਣ ਜਾਵਣ ਚੁੱਕੇ ਝੇੜਾ, ਕਲਜੁਗ ਆਫ਼ਤਾਬ ਤਲੂਅ ਗ਼ਰੂਬ ਆਪ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰੇ ਖੇਲ ਅਗੰਮ ਅਪਾਰ, ਅਨਭਵ ਆਪਣਾ ਬੰਧਨ ਪਾਇੰਦਾ। ਅਨਭਵ ਰੂਪ ਸ਼ਬਦ ਜਣਾਇਆ, ਗੁਰ ਗੋਬਿੰਦ ਰਸਨ ਉਚਾਰਿਆ। ਜਾਪੁ ਸਾਹਿਬ ਜਪੁ ਸਾਹਿਬ ਉਪਜਾਇਆ, ਜੀਵ ਜੰਤ ਨਾ ਕਰੇ ਵਿਚਾਰਿਆ। ਇਕ ਨੌਂ ਨੌਂ ਛੰਦ ਬੰਦ ਸੁਣਾਇਆ, ਬੰਦੀ ਬੰਦ ਨਾ ਕੋਇ ਅਪਾਰਿਆ। ਅਮਿਤੋਜ ਆਪਣੇ ਵਿਚ ਟਿਕਾਇਆ, ਕਹਿ ਕਹਿ ਢੋਲਾ ਏਕਾ ਗਾ ਲਿਆ। ਜੈ ਜੈਕਾਰ ਸ੍ਰਿਸ਼ਟ ਸਬਾਇਆ, ਕਲਜੁਗ ਵੇਲਾ ਅੰਤ ਸੁਹਾ ਲਿਆ। ਨਿਰਗੁਣ ਆਪਣਾ ਰੂਪ ਆਪ ਪਰਗਟਾਇਆ, ਅਨਭਵ ਨਜ਼ਰ ਕਿਸੇ ਨਾ ਆ ਰਿਹਾ। ਗੁਰਮੁਖ ਵਿਰਲੇ ਮੇਲ ਮਿਲਾਇਆ, ਪੂਰਬ ਲਹਿਣਾ ਵੇਖ ਵਖਾ ਰਿਹਾ। ਮਾਣਸ ਜਨਮ ਲਏ ਤਰਾਇਆ, ਤ੍ਰੈਗੁਣ ਮਾਇਆ ਫੰਦ ਕਟਾ ਲਿਆ। ਆਪਣੇ ਨੇਤਰ ਆਪਣੇ ਨੈਣ ਆਪਣੇ ਲੋਚਣ ਵੇਖਣ ਆਇਆ, ਦੋ ਜਹਾਨਾਂ ਪੰਧ ਮੁਕਾ ਲਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਸਾਚੇ ਲਏ ਫੜ, ਆਪਣਾ ਪਰਦਾ ਆਪ ਉਠਾ ਲਿਆ। ਗੁਰਸਿਖ ਪਰਦਾ ਉਠਿਆ, ਚੁਕਿਆ ਜਮ ਕਾ ਭੌ। ਸਤਿਗੁਰ ਪੂਰਾ ਤੁਠਿਆ, ਘਰ ਘਰ ਪਕੜੇ ਆਏ ਬਾਹੋਂ। ਗੁਰਮੁਖ ਕਦੇ ਨਾ ਜਾਏ ਲੁੱਟਿਆ, ਸਤਿਗੁਰ ਪੂਰਾ ਸਿਰ ਰੱਖੇ ਠੰਡੀ ਛਾਉਂ। ਅੰਮ੍ਰਿਤ ਆਤਮ ਦੇਵੇ ਘੁੱਟਿਆ, ਹੰਸ ਬਣਾਏ ਕਾਉਂ। ਅੰਤਮ ਭਾਗ ਨਾ ਕੋਇ ਨਿਖੁਟਿਆ, ਲੇਖੇ ਲਾਏ ਪਿਤਾ ਮਾਉਂ। ਗੁਰਮੁਖ ਸਾਚਾ ਸੂਰਯਾ ਲੋਕਮਾਤ ਫੁੱਟਿਆ, ਦਿਵਸ ਰੈਣ ਕਰੇ ਰੁਸ਼ਨਾਓ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਮੇਲੇ ਥਾਈਂ ਥਾਉਂ। ਥਾਨ ਥਨੰਤਰ ਸੁਹਾਵਣਾ, ਹਰਿ ਸੰਗਤ ਮੇਲ ਅਪਾਰ। ਸਤਿਗੁਰ ਦਰਦੀ ਦਰਦ ਵੰਡਾਵਣਾ, ਦੀਨਾਂ ਨਾਥਾਂ ਕਰੇ ਪਿਆਰ। ਗੁਰਸਿਖ ਆਤਮ ਜਗਤ ਮਰਦੀ ਆਪ ਬਚਾਵਣਾ, ਹਿਕਮਤ ਕਰੇ ਅਪਰ ਅਪਾਰ। ਗਰਮੀ ਸਰਦੀ ਪੰਧ ਮੁਕਾਵਣਾ, ਏਕਾ ਰੰਗ ਰੰਗੇ ਕਰਤਾਰ। ਬੇੜੀ ਰੁੜ੍ਹਦੀ ਪਾਰ ਕਰਾਵਣਾ, ਵੰਜ ਮੁਹਾਣਾ ਕਰ ਤਿਆਰ। ਕਾਇਆ ਸੜਦੀ ਅਗਨ ਬੁਝਾਵਣਾ, ਅੰਮ੍ਰਿਤ ਪਾਏ ਠੰਡੀ ਠਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਕਰੇ ਪਿਆਰ। ਮਿਤਰ ਪਿਆਰਾ ਮੀਤੜਾ, ਪਿਆ ਪ੍ਰੀਤਮ ਇਕ ਭਗਵੰਤ। ਕਾਇਆ ਚੋਲੀ ਚਾੜ੍ਹੇ ਰੰਗ ਮਜੀਠੜਾ, ਪੁਰਖ ਅਬਿਨਾਸ਼ੀ ਸਾਚਾ ਕੰਤ। ਆਪ ਜਣਾਏ ਆਪਣੀ ਰੀਤੜਾ, ਲੇਖਾ ਜਾਣੇ ਜੁਗਾ ਜੁਗੰਤ। ਪਤਿਤ ਪਾਪੀ ਆਪ ਪੁਨੀਤੜਾ, ਖੇਲੇ ਖੇਲ ਆਪ ਬੇਅੰਤ। ਕਲਜੁਗ ਸਤਿਜੁਗ ਆਪ ਚਲਾਏ ਰੀਤੜਾ, ਲੇਖਾ ਜਾਣੇ ਜੀਵ ਜੰਤ। ਗੁਰਸਿਖਾਂ ਧਾਮ ਵਖਾਏ ਇਕ ਅਨਡੀਠੜਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਬਣਾਏ ਸਾਚੀ ਬਣਤ। ਸਾਚੀ ਬਣਤ ਬਣਾਇੰਦਾ, ਸਾਚੀ ਦਰਗਹਿ ਸਚ ਨਿਵਾਸ। ਸਾਚੇ ਸੰਤ ਮਿਲਾਇੰਦਾ, ਕਲਜੁਗ ਜੰਗਲ ਜੂਹ ਵੇਖ ਪ੍ਰਭਾਸ। ਏਕਾ ਮੰਤ ਕੰਤ ਪੜ੍ਹਾਇੰਦਾ, ਹੰ ਬ੍ਰਹਮ ਕਰੇ ਪਰਕਾਸ਼। ਸਾਚਾ ਮੰਦਰ ਇਕ ਵਖਾਇੰਦਾ, ਅਨਭਵ ਸਤਿ ਪੁਰਖ ਅਬਿਨਾਸ਼। ਸੀਸ ਚਵਰ ਨਾ ਕੋਇ ਝੁਲਾਇੰਦਾ, ਨਾ ਕੋਈ ਚੇਲਾ ਨਾ ਦਾਸੀ ਦਾਸ। ਗੁਰ ਪੀਰ ਕੋਇ ਨਜ਼ਰ ਨਾ ਆਇੰਦਾ, ਤਖ਼ਤ ਨਿਵਾਸੀ ਸ਼ਾਹੋ ਸ਼ਾਬਾਸ। ਆਪਣੀ ਜੋਤ ਡਗਮਗਾਇੰਦਾ, ਦਿਵਸ ਰੈਣ ਨਾ ਕੋਇ ਰਾਤ। ਸੋ ਪੁਰਖ ਨਿਰੰਜਣ ਆਪ ਅਖਵਾਇੰਦਾ, ਸਚਖੰਡ ਦਵਾਰੇ ਕਰੇ ਸਚ ਨਵਾਸ। ਜੁਗ ਜੁਗ ਹਰਿਜਨ ਸਾਚੇ ਮੇਲ ਮਿਲਾਇੰਦਾ, ਜਨ ਭਗਤਾਂ ਪੂਰੀ ਕਰੇ ਆਸ। ਗੁਰਮੁਖਾਂ ਬੰਧਨ ਤੋੜ ਤੁੜਾਇੰਦਾ, ਗੁਰਸਿਖਾਂ ਲੇਖੇ ਲਾਏ ਰਸਨ ਸਵਾਸ। ਕਲਜੁਗ ਵੇਲਾ ਆਪ ਸੁਹਾਇੰਦਾ, ਨਿਰਗੁਣ ਸਰਗੁਣ ਵਸੇ ਪਾਸ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਰੂਪ ਰੰਗ ਨਾ ਦਿਸੇ ਰੇਖ, ਮੇਲ ਮਿਲਾਵਾ ਦਸ ਦਸਮੇਸ, ਰੂਪ ਵਟਾਏ ਅਨਭਵ ਪਰਕਾਸ਼।
