Granth 09 Likhat 163: 12 Bhadro 2017 Bikarmi Vadhva Singh de Greh Pind Mahraj Jila Bathinda

੧੨ ਭਾਦਰੋਂ ੨੦੧੭ ਬਿਕ੍ਰਮੀ ਵਧਾਵਾ ਸਿੰਘ ਦੇ ਗ੍ਰਹਿ ਪਿੰਡ ਮਹਰਾਜ ਜ਼ਿਲਾ ਬਠਿੰਡਾ

ਇਕ ਅਕੱਲਾ ਗੁਣ ਨਿਧਾਨ, ਅਕਲ ਕਲ ਹਰਿ ਅਖਵਾਇੰਦਾ। ਇਕ ਅਕੱਲਾ ਸ੍ਰੀ ਭਗਵਾਨ, ਨਿਰਗੁਣ ਦੀਪ ਜੋਤ ਜਗਾਇੰਦਾ। ਇਕ ਅਕੱਲਾ ਜੋਧਾ ਸੂਰਬੀਰ ਬਲਵਾਨ, ਅਕਲ ਕਲ ਆਪਣੀ ਖੇਲ ਖਿਲਾਇੰਦਾ। ਇਕ ਅਕੱਲਾ ਸਚਖੰਡ ਵਸੇ ਸਚ ਮਕਾਨ, ਛੱਪਰ ਛੰਨ ਨਾ ਕੋਈ ਛੁਹਾਇੰਦਾ। ਇਕ ਅਕੱਲਾ ਵਡ ਮਿਹਰਵਾਨ, ਆਪਣੀ ਦਇਆ ਆਪ ਕਮਾਇੰਦਾ। ਇਕ ਅਕੱਲਾ ਨੌਜਵਾਨ, ਰੂਪ ਰੰਗ ਰੇਖ ਨਾ ਕੋਈ ਵਖਾਇੰਦਾ। ਇਕ ਅਕੱਲਾ ਸ਼ਾਹੋ ਭੂਪ ਬਣ ਰਾਜ ਰਾਜਾਨ, ਦਰ ਘਰ ਸਾਚੇ ਸੋਭਾ ਪਾਇੰਦਾ। ਇਕ ਅਕੱਲਾ ਆਪ ਵਖਾਏ ਸਚ ਨਿਸ਼ਾਨ, ਦੋ ਜਹਾਨਾਂ ਆਪ ਝੁਲਾਇੰਦਾ। ਇਕ ਅਕੱਲਾ ਵਡ ਦਾਨੀ ਦਾਨ, ਦੇਵਣਹਾਰਾ ਇਕ ਅਖਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੋਤੀ ਨੂਰ ਡਗਮਗਾਇੰਦਾ। ਇਕ ਅਕੱਲਾ ਸ੍ਰੀ ਭਗਵਾਨ, ਭੇਵ ਅਭੇਦ ਆਪ ਛੁਪਾਇੰਦਾ। ਇਕ ਅਕੱਲਾ ਸ਼ਾਹ ਸੁਲਤਾਨ, ਤਖ਼ਤ ਨਿਵਾਸੀ ਖੇਲ ਖਿਲਾਇੰਦਾ। ਇਕ ਅਕੱਲਾ ਰਾਜ ਰਾਜਾਨ, ਸੀਸ ਆਪਣੇ ਤਾਜ ਟਿਕਾਇੰਦਾ। ਇਕ ਅਕੱਲਾ ਜੋਤੀ ਨੂਰ ਜੋਤ ਮਹਾਨ, ਅਨਭਵ ਪਰਕਾਸ਼ ਸਮਾਇੰਦਾ। ਇਕ ਅਕੱਲਾ ਦੇਵਣਹਾਰਾ ਧੁਰ ਫ਼ਰਮਾਣ, ਸ਼ਬਦ ਅਗੰਮੀ ਨਾਦ ਵਜਾਇੰਦਾ। ਇਕ ਅਕੱਲਾ ਦਰ ਦਰਵੇਸ਼ ਬਣੇ ਦਰਬਾਨ, ਦਰ ਘਰ ਸਾਚੇ ਆਪਣਾ ਹੁਕਮ ਆਪ ਅਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਰੂਪ ਆਪ ਪਰਗਟਾਇੰਦਾ। ਇਕ ਅਕੱਲਾ ਸ਼ਾਹੋ ਭੂਪ, ਆਦਿ ਜੁਗਾਦਿ ਵੱਡੀ ਵਡਿਆਈਆ । ਇਕ ਅਕੱਲਾ ਸਤਿ ਸਰੂਪ, ਸਤਿ ਸਤਿਵਾਦੀ ਬੇਪਰਵਾਹੀਆ। ਇਕ ਅਕੱਲਾ ਮਹਿਮਾ ਅਨੂਪ, ਨਾ ਮਰੇ ਨਾ ਜਾਈਆ। ਏਕਾ ਵਸੇ ਚਾਰੇ ਕੂਟ, ਦਹਿ ਦਿਸ਼ਾ ਫੇਰੀ ਪਾਈਆ। ਏਕਾ ਆਪ ਆਪਣੇ ਉਪਰ ਜਾਏ ਤੁਠ, ਆਪਣਾ ਭੇਵ ਆਪ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰਗਹਿ ਸਾਚੀ ਧਾਮ ਸੁਹਾਈਆ। ਏਕਾ ਏਕ ਸ਼ਾਹ ਸੁਲਤਾਨਾ, ਦਰਗਹਿ ਸਾਚੀ ਧਾਮ ਸੁਹਾਇੰਦਾ। ਏਕਾ ਏਕ ਜੀਆ ਦਾਨਾ, ਜੀਵਨ ਜੁਗਤ ਆਪ ਬਣਾਇੰਦਾ। ਏਕਾ ਏਕ ਪੀਣਾ ਖਾਣਾ, ਅੰਮ੍ਰਿਤ ਏਕਾ ਧਾਰ ਵਹਾਇੰਦਾ। ਏਕਾ ਏਕ ਸ਼ਬਦ ਬਬਾਣਾ, ਪੁਰਖ ਅਕਾਲ ਆਪ ਉਡਾਇੰਦਾ। ਏਕਾ ਏਕ ਵੇਖੇ ਮਾਰ ਧਿਆਨਾ, ਨਿਰਗੁਣ ਆਪਣਾ ਨੇਤਰ ਆਪ ਖੁਲ੍ਹਾਇੰਦਾ। ਏਕਾ ਏਕ ਚਤਰ ਸੁਘੜ ਸਿਆਣਾ, ਮਨ ਮਤ ਬੁਧ ਨਾ ਕੋਈ ਧਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਖੇਲ ਖਿਲਾਇੰਦਾ। ਇਕ ਅਕੱਲਾ ਖੇਲ ਖਿਲਾਏ, ਮਹਿਮਾ ਅਗਣਤ ਗਣੀ ਨਾ ਜਾਈਆ। ਸਚਖੰਡ ਦਵਾਰੇ ਸੋਭਾ ਪਾਏ, ਦਰਗਹਿ ਸਾਚੀ ਜੋਤ ਜਗਾਈਆ। ਥਿਰ ਘਰ ਸਾਚਾ ਆਪ ਖੁਲ੍ਹਾਏ, ਦਰ ਦਰਵਾਜ਼ਾ ਬੇਪਰਵਾਹੀਆ। ਆਪਣਾ ਕਾਜਾ ਆਪ ਰਚਾਏ, ਸਾਚਾ ਸਗਨ ਆਪ ਮਨਾਈਆ। ਆਪਣਾ ਤਾਜਾ ਆਪ ਸੁਹਾਏ, ਤਖਤ ਨਾਮ ਵੱਡੀ ਵਡਿਆਈਆ। ਆਪਣਾ ਰਾਜਾ ਆਪ ਅਖਵਾਏ, ਰਈਅਤ ਆਪਣਾ ਰੂਪ ਵਟਾਈਆ। ਆਪਣਾ ਤਾਜਾ ਆਪ ਦੌੜਾਏ, ਸ਼ਾਹ ਅਸਵਾਰ  ਸ਼ਹਿਨਸ਼ਾਹੀਆ। ਆਪਣਾ ਰਾਗਾ ਆਪ ਅਲ੍ਹਾਏ, ਤੁਰੀਆ ਰਾਗ ਆਪ ਸੁਣਾਈਆ। ਆਪਣੀ ਰਬਾਬਾ ਆਪ ਵਜਾਏ, ਸੁਰ ਤਾਲ ਨਾ ਕੋਇ ਰਖਾਈਆ। ਆਪਣਾ ਰਹਿਬਾਬਾ ਆਪ ਅਖਵਾਏ, ਮਹਿਬੂਬ ਨੂਰ ਅਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕ ਅਕੱਲਾ ਖੇਲ ਅਪਾਰਾ, ਕਰੇ ਕਰਾਏ ਹਰਿ ਨਿਰਾਕਾਰਾ, ਨਿਰਗੁਣ ਨਿਰਵੈਰ ਆਪਣਾ ਬਲ ਧਰਾਈਆ। ਆਪਣਾ ਬਲ ਆਪੇ ਰੱਖ, ਆਪਣਾ ਵੇਸ ਵਟਾਇੰਦਾ। ਨਿਰਗੁਣ ਅੰਦਰ ਨਿਰਗੁਣ ਹੋ ਪਰਤੱਖ, ਨਿਰਗੁਣ ਦੀਵਾ ਬਾਤੀ ਕਮਲਾਪਾਤੀ ਆਪ ਜਗਾਇੰਦਾ। ਨਿਰਗੁਣ ਨਿਰਗੁਣ ਵਿਚੋਂ ਹੋਏ ਵਖ, ਆਪਣਾ ਆਪ ਪਰਗਟਾਇੰਦਾ। ਨਿਰਗੁਣ ਨਿਰਗੁਣ ਹੋਏ ਸਰਬ ਕਲ ਸਮਰਥ, ਆਪਣੀ ਕਥਾ ਅਕਥ ਆਪ ਸੁਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣੀ ਧਾਰ ਆਪ ਬੰਧਾਇੰਦਾ। ਇਕ ਅਕੱਲਾ ਏਕਾ ਧਾਰ, ਏਕੰਕਾਰਾ ਆਪ ਚਲਾਈਆ। ਅਬਿਨਾਸ਼ੀ ਕਰਤਾ ਖੇਲ ਅਪਾਰ, ਅਲੱਖ ਅਗੋਚਰ ਭੇਵ ਕੋਇ ਨਾ ਪਾਈਆ। ਸ੍ਰੀ ਭਗਵਾਨ ਹੋ ਉਜਿਆਰ, ਆਦਿ ਨਿਰੰਜਣ ਡਗਮਗਾਈਆ। ਸੋ ਪੁਰਖ ਨਿਰੰਜਣ ਵਸਣਹਾਰਾ ਧਾਮ ਨਿਆਰ, ਨਿਹਚਲ ਧਾਮ ਅਟੱਲ ਆਪ ਸੁਹਾਈਆ। ਹਰਿ ਪੁਰਖ ਨਿਰੰਜਣ ਆਦਿ ਜੁਗਾਦੀ ਖ਼ਬਰਦਾਰ, ਜਨਮ ਮਰਨ ਵਿਚ ਨਾ ਆਈਆ। ਸ੍ਰੀ ਭਗਵਾਨ ਲੇਖਾ ਜਾਣੇ ਧੁਰ ਦਰਬਾਰ, ਧੁਰ ਦੀ ਬਾਣ ਆਪਣੇ ਹੱਥ ਰਖਾਈਆ। ਪਾਰਬ੍ਰਹਮ ਪ੍ਰਭ ਮੀਤ ਮੁਰਾਰ, ਮੇਲ ਮਿਲਾਵਾ ਸਹਿਜ ਸੁਖਦਾਈਆ। ਕਰੇ ਖੇਲ ਸੱਚੀ ਸਰਕਾਰ, ਸ਼ਾਹ ਪਾਤਸ਼ਾਹ ਬੇਪਰਵਾਹ ਆਪ ਅਖਵਾਈਆ। ਨਿਰਗੁਣ ਬਣੇ ਨਿਰਗੁਣ ਮਲਾਹ, ਨਿਰਗੁਣ ਬੇੜਾ ਆਪ ਚਲਾਈਆ। ਨਿਰਗੁਣ ਦੇਵੇ ਸੱਚੀ ਸਲਾਹ, ਸਿਫ਼ਤ ਸਲਾਹ ਆਪਣਾ ਨਾਉਂ ਧਰਾਈਆ। ਬੋਧ ਅਗਾਧਾ ਸ਼ਬਦ ਸੁਣਾ, ਘਰ ਮੰਦਰ ਨਾਦ ਵਜਾਈਆ। ਸਚਖੰਡ ਦਵਾਰਾ ਵੇਖ ਵਖਾ, ਵੇਖਣਹਾਰਾ ਦਿਸ ਨਾ ਆਈਆ। ਤਖ਼ਤ ਨਿਵਾਸੀ ਸੱਚਾ ਪਾਤਸ਼ਾਹ, ਹੁਕਮੀ ਹੁਕਮ ਆਪ ਚਲਾਈਆ। ਆਪਣੀ ਵਸਤ ਆਪੇ ਝੋਲੀ ਪਾ, ਆਪਣੀ ਹੱਥੀਂ ਭਿਖਿਆ ਮੰਗ ਮੰਗਾਈਆ। ਆਪ ਆਪਣੀ ਰਛਿਆ ਕਰੇ ਸਭਨੀ ਥਾਂ, ਸਿਰ ਆਪਣਾ ਹੱਥ ਆਪ ਟਿਕਾਈਆ। ਅਜੂਨੀ ਰਹਿਤ ਪੁਰਖ ਅਕਾਲ ਦੀਨ ਦਿਆਲ ਅਨਭਵ ਪਰਕਾਸ਼ ਆਪ ਕਰਾ, ਮੂਰਤ ਅਕਾਲ ਵੱਡੀ ਵਡਿਆਈਆ। ਥਿਰ ਘਰ ਸਾਚਾ ਮੰਦਰ ਦਏ ਸੁਹਾ, ਧੁਰ ਦਰਬਾਰ ਆਪ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦਵਾਰਾ ਏਕਾ ਖੋਲ੍ਹ, ਸ਼ਬਦ ਅਨਾਦੀ ਆਪੇ ਬੋਲ, ਆਪਣਾ ਨਾਮ ਆਪ ਜਣਾਈਆ। ਇਕ ਅਕੱਲਾ ਏਕਾ ਨਾਉਂ, ਨਿਰਗੁਣ ਆਪਣਾ ਨਾਉਂ ਧਰਾਇੰਦਾ। ਇਕ ਮਹੱਲਾ ਇਕ ਗਰਾਉਂ, ਸਚ ਸਿੰਘਾਸਣ ਸੋਭਾ ਪਾਇੰਦਾ। ਏਕਾ ਪਿਤਾ ਏਕਾ ਮਾਉਂ, ਏਕਾ ਬਾਲਕ ਰੂਪ ਵਟਾਇੰਦਾ। ਏਕਾ ਰੱਖੇ ਠੰਡੀ ਛਾਂ, ਸਮਰਥ ਪੁਰਖ ਇਕ ਅਖਵਾਇੰਦਾ। ਏਕਾ ਕਰੇ ਸਚ ਨਿਆਉਂ, ਅਦਲ ਆਦਲ ਆਪ ਹੋ ਜਾਇੰਦਾ। ਏਕਾ ਹੰਸ ਬਣਾਏ ਕਾਉਂ, ਕਾਗ ਹੰਸ ਆਪ ਉਡਾਇੰਦਾ। ਏਕਾ ਪਕੜਨਹਾਰਾ ਬਾਹੋਂ, ਇਕ ਅਕੱਲਾ ਆਪਣੀ ਸੇਵ ਆਪ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦੀ ਖੇਲ ਅਪਾਰ, ਕਰੇ ਕਰਾਏ ਕਰਨੇਹਾਰ, ਆਪਣੀ ਕਲ ਆਪ ਧਰਾਇੰਦਾ। ਅਕਲ ਕਲਧਾਰਾ ਹਰਿ ਨਿਰੰਕਾਰਾ, ਮਹਿਮਾ ਕਥ ਕਥੀ ਨਾ ਜਾਈਆ। ਨਿਰਗੁਣ ਨਰਾਇਣ ਨਿਰਭੈ ਹੋ ਉਜਿਆਰਾ, ਦਰ ਘਰ ਸਾਚੇ ਜੋਤੀ ਜੋਤ ਕਰੀ ਰੁਸ਼ਨਾਈਆ। ਇਕ ਵਸਾਏ ਠਾਂਡਾ ਦਰਬਾਰਾ, ਅਗਨੀ ਤਤ ਨਾ ਕੋਇ ਤਪਾਈਆ। ਸੂਰਜ ਚੰਨ ਨਾ ਕੋਇ ਉਜਿਆਰਾ, ਮੰਡਲ ਰਾਸ ਨਾ ਕੋਇ ਵਖਾਈਆ। ਗਗਨ ਮੰਡਲ ਨਾ ਕੋਇ ਅਧਾਰਾ, ਪੁਰੀਆਂ ਲੋਆਂ ਨਾ ਬੰਧਨ ਪਾਈਆ। ਜ਼ਿਮੀ ਅਸਮਾਨ ਨਾ ਕੋਈ ਪਾੜਾ, ਧਰਤ ਧਵਲ ਨਾ ਕੋਇ ਵਖਾਈਆ। ਜਲ ਬਿੰਬ ਨਾ ਕੋਇ ਧਾਰਾ, ਸਿੰਧ ਸਾਗਰ ਨਾ ਫੇਰਾ ਪਾਈਆ। ਬ੍ਰਹਮਾ ਵਿਸ਼ਨ ਸ਼ਿਵ ਨਾ ਕੋਇ ਪਸਾਰਾ, ਤ੍ਰੈਗੁਣ ਮਾਇਆ ਵੰਡਨ ਨਾ ਕੋਇ ਵੰਡਾਈਆ। ਬ੍ਰਹਮਾ ਵੇਦ ਨਾ ਕੋਇ ਲਿਖਾਰਾ, ਚਾਰੇ ਬਾਣੀ ਨਾ ਕੋਇ ਸੁਣਾਈਆ। ਚਾਰੇ ਖਾਣੀ ਨਾ ਕੋਇ ਵਣਜਾਰਾ, ਉਤਭੁਜ ਸੇਤਜ ਜੇਰਜ ਅੰਡ ਨੌਂ ਖੰਡ ਵੰਡ ਨਾ ਕੋਇ ਵਖਾਈਆ। ਲੱਖ ਚੁਰਾਸੀ ਨਾ ਕੋਇ ਪਸਾਰਾ, ਕਾਇਆ ਖੇਤ ਨਾ ਕੋਇ ਵਖਾਈਆ। ਅਠਸਠ ਸਰੋਵਰ ਨਾ ਕੋਇ ਠੰਡੀ ਠਾਰਾ, ਤੀਰਥ ਤਟ ਨਾ ਕੋਇ ਉਪਾਈਆ। ਮੰਦਰ ਮਸਜਿਦ ਮਠ ਸ਼ਿਵਦਵਾਲਾ ਨਾ ਕੋਇ ਗੁਰੂਦਵਾਰਾ, ਗੁਰ ਪੀਰ ਅਵਤਾਰ ਸਾਧ ਸੰਤ ਕੋਇ ਨਾ ਨਜ਼ਰੀ ਆਈਆ। ਆਦਿ ਆਦਿ ਪੁਰਖ ਅਗੰਮ ਅਲੱਖ ਅਗੋਚਰ ਅਗੰਮ ਅਪਾਰਾ, ਆਪ ਆਪਣਾ ਰੂਪ ਆਪ ਵਖਾਈਆ। ਸਚਖੰਡ ਸੁਹਾਏ ਇਕ ਮਨਾਰਾ, ਨਿਹਚਲ ਬੈਠਾ ਆਸਣ ਲਾਈਆ । ਧਾਮ ਅਵੱਲੜਾ ਕਰ ਪਸਾਰਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਆਦਿ ਆਪਣਾ ਨਾਉਂ ਆਪ ਉਪਜਾਈਆ। ਆਪਣਾ ਨਾਉਂ ਰੱਖ ਨਿਰੰਕਾਰ, ਨਿਰਗੁਣ ਆਪਣਾ ਬਲ ਧਰਾਇਆ। ਆਪੇ ਵਣਜ ਆਪ ਵਣਜਾਰ, ਆਪੇ ਆਪਣਾ ਹੱਟ ਖੁਲ੍ਹਾਇਆ। ਆਪੇ ਵਸੇ ਰੱਖੇ ਹਰ ਥਾਂ, ਥਿਰ ਘਰ ਸਾਚੇ ਆਪ ਵਰਤਾਇਆ । ਆਪੇ ਜੋਤੀ ਜਾਤਾ ਕਰੇ ਪਿਆਰ, ਜਾਗਰਤ ਜੋਤ ਕਰ ਰੁਸ਼ਨਾਇਆ। ਆਪੇ ਪੁਰਖ ਬਿਧਾਤਾ ਬਣੇ ਨਾਰ, ਨਰ ਨਰਾਇਣ ਕੰਤ ਆਪ ਅਖਵਾਇਆ। ਆਪੇ ਦੋਹਾਂ ਵਿਚੋਲਾ ਸਿਰਜਣਹਾਰ, ਰੂਪ ਰੰਗ ਨਾ ਕੋਇ ਪਰਗਟਾਇਆ। ਆਪੇ ਆਪਣਾ ਚੋਲਾ ਜਾਣੇ ਗਿਰਵਰ ਗਿਰਧਾਰ, ਗਹਿਰ ਗੰਭੀਰ ਵੱਡੀ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਮੰਦਰ ਏਕਾ ਘਰ, ਏਕਾ ਵਸੇ ਸਾਚਾ ਹਰਿ, ਦੂਸਰ ਸੰਗ ਨਾ ਕੋਇ ਰਖਾਇਆ। ਨਾ ਕੋਈ ਦੂਸਰਾ ਸੰਗ, ਮੀਤ ਸੱਜਣ ਨਾ ਕੋਇ ਅਖਵਾਈਆ। ਪੁਰਖ ਅਬਿਨਾਸ਼ੀ ਬੈਠਾ ਸਚ ਪਲੰਘ, ਨੂਰ ਨੁਰਾਨੀ ਸੇਜ ਹੰਢਾਈਆ। ਇਕ ਵਜਾਏ ਨਾਮ ਮਰਦੰਗ, ਨਾਮ ਨਿਧਾਨਾ ਇਕ ਸਤਾਰ ਹਿਲਾਈਆ। ਆਪਣੇ ਮੰਦਰ ਆਪੇ ਲੰਘ, ਆਪੇ ਵੇਖੇ ਆਪਣਾ ਪਰਦਾ ਲਾਹੀਆ। ਆਪਣੀ ਭਿਛਿਆ ਆਪੇ ਮੰਗ, ਆਪੇ ਝੋਲੀ ਰਿਹਾ ਭਰਾਈਆ। ਆਪੇ ਭੁੱਖ ਆਪੇ ਨੰਗ, ਸ਼ਾਹ ਪਾਤਸ਼ਾਹ ਆਪ ਹੋ ਜਾਈਆ। ਆਪੇ ਸੂਰਾ ਸਰਬੰਗ, ਆਪੇ ਨਿਉਂ ਨਿਉਂ ਸੀਸ ਝੁਕਾਈਆ। ਆਪੇ ਅਸਵ ਘੋੜੇ ਕਸੇ ਤੰਗ, ਆਪੇ ਚਾਰੇ ਕੁੰਟ ਰਿਹਾ ਦੌੜਾਈਆ। ਆਪੇ ਆਪਣਾ ਕਰੇ ਖੰਡ ਖੰਡ, ਆਪੇ ਜੋੜੀ ਜੋੜਾ ਜੋੜ ਜੁੜਾਈਆ। ਆਪੇ ਮੇਟੇ ਅੰਧੇਰਾ ਅੰਧ, ਸਤਿ ਪਰਕਾਸ਼ ਆਪ ਕਰਾਈਆ। ਆਪੇ ਗਾਏ ਸੁਹਾਗੀ ਛੰਦ, ਆਪਣੀ ਮਹਿਮਾ ਆਪ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕ ਅਕੱਲਾ ਸਚ ਮਹੱਲਾ, ਦਰ ਘਰ ਸਾਚਾ ਆਪ ਸੁਹਾਈਆ। ਸਚ ਮਹੱਲ ਸੁਹੰਜਣਾ, ਪੁਰਖ ਅਬਿਨਾਸ਼ੀ ਆਪ ਸੁਹਾਇੰਦਾ। ਦੀਪ ਜਗਾਏ ਇਕ ਨਿਰੰਜਣਾ, ਨਰ ਨਰਾਇਣ ਵੇਖ ਵਖਾਇੰਦਾ। ਦਾਤਾ ਦਾਨੀ ਦਰਦ ਦੁੱਖ ਭੈ ਭੰਜਨਾ, ਨਿਰਭਉ ਆਪਣਾ ਖੇਲ ਕਰਾਇੰਦਾ। ਸਚਖੰਡ ਨਿਵਾਸੀ ਸਾਚਾ ਸੱਜਣਾ, ਘਰ ਸਾਚੇ ਸੋਭਾ ਪਾਇੰਦਾ। ਨਾ ਘੜਿਆ ਨਾ ਭੱਜਣਾ, ਘੜਨ ਭਨਣਹਾਰ ਆਪ ਅਖਵਾਇੰਦਾ। ਆਪਣਾ ਮੰਦਰ ਆਪੇ ਤਜਣਾ, ਆਪਣਾ ਰੂਪ ਆਪ ਧਰਾਇੰਦਾ। ਆਪ ਚਲਾਏ ਆਪਣਾ ਸਚ ਜਹਾਜਨਾ, ਸਾਚੀ ਸੇਵਾ ਆਪ ਕਮਾਇੰਦਾ। ਆਪੇ ਹੋਏ ਗ਼ਰੀਬ ਨਿਵਾਜਨਾ, ਆਪੇ ਨਿਉਂ ਨਿਉਂ ਸੀਸ ਝੁਕਾਇੰਦਾ। ਆਪੇ ਰੱਖਣਹਾਰਾ ਲਾਜਨਾ, ਏਕਾ ਪਰਦਾ ਹੱਥ ਉਠਾਇੰਦਾ। ਆਪੇ ਦੋ ਜਹਾਨਾਂ ਮਾਰੇ ਵਾਜਨਾ, ਬੋਧ ਅਗਾਧ ਸ਼ਬਦ ਸੁਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕ ਅਕੱਲਾ ਸੱਚਾ ਸ਼ਹਿਨਸ਼ਾਹ, ਆਪਣਾ ਬਣੇ ਆਪ ਮਲਾਹ, ਸਾਚਾ ਬੇੜਾ ਆਪ ਚਲਾਇੰਦਾ। ਨਿਰਗੁਣ ਨਿਰਗੁਣ  ਬਣ ਮਲਾਹ, ਘਰ ਮੰਦਰ ਸੋਭਾ ਪਾਈਆ। ਨਿਰਗੁਣ ਅੰਦਰ ਨਿਰਗੁਣ ਆਸਣ ਲਾ, ਨਿਰਗੁਣ ਵੇਖੇ ਸਹਿਜ ਸੁਭਾਈਆ। ਨਿਰਗੁਣ ਪਿਤਾ ਨਿਰਗੁਣ ਮਾਂ, ਨਿਰਗੁਣ ਪੂਤ ਸਪੂਤਾ ਬਾਲ ਏਕਾ ਸ਼ਬਦ ਜਾਈਆ। ਨਿਰਗੁਣ ਧੁਰ ਫ਼ਰਮਾਣਾ ਦਏ ਸੁਣਾ, ਸਾਚੇ ਬਾਲ ਸਚ ਵਖਾਈਆ। ਲੋਆਂ ਪੁਰੀਆਂ ਰਚਨ ਰਚਾ, ਬ੍ਰਹਿਮੰਡ ਖੰਡ ਤੇਰੀ ਵੰਡ ਵੰਡਾਈਆ। ਬ੍ਰਹਮਾ ਵਿਸ਼ਨ ਸ਼ਿਵ ਤੇਰੀ ਝੋਲੀ ਦਿਤਾ ਪਾ, ਵਿਸ਼ਵ ਤੇਰਾ ਰੂਪ ਸਮਾਈਆ। ਵਾਸਤਕ ਏਕਾ ਰੰਗ ਦਏ ਰੰਗਾ, ਰੰਗਣਹਾਰਾ ਬੇਪਰਵਾਹੀਆ। ਆਪਣਾ ਅੰਗ ਆਪ ਕਟਾ, ਨਿਰਗੁਣ ਵੰਡ ਏਕਾ ਦਏ ਵਖਾਈਆ। ਵਿਸ਼ਨੂੰ ਵਿਸ਼ਨੂੰ ਨਾਉਂ ਧਰਾ, ਵਿਸ਼ਨੂੰ ਮਹਿਮਾ ਕਥੀ ਨਾ ਜਾਈਆ। ਅੰਮ੍ਰਿਤ ਪਿਆਲਾ ਸਾਚਾ ਜਾਮ ਪਿਆ, ਘਰ ਕਵਲਾ ਕਵਲ ਖੁਲ੍ਹਾਈਆ। ਬ੍ਰਹਮਾ ਵੇਤਾ ਨਾਉਂ ਧਰਾ, ਬ੍ਰਹਮ ਵਿਦਿਆ ਕਰੇ ਪੜ੍ਹਾਈਆ। ਏਕਾ ਅੱਖਰ ਆਪ ਸੁਣਾ, ਨਿਝ ਅੱਖਰ ਦਏ ਵਖਾਈਆ। ਇਕ ਅਕੱਲਾ ਦੇਵੇ ਸਚ ਸਲਾਹ, ਧੂਆਂਧਾਰ ਸੁੰਨ ਅਗੰਮ ਕਰਤਾ ਪੁਰਖ ਆਪੇ ਜਨਮ ਆਪਣਾ ਰੂਪ ਲਏ ਪਰਗਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਵਿਸ਼ਨ ਬ੍ਰਹਮਾ ਕਰ ਪਿਆਰ, ਆਪੇ ਸ਼ੰਕਰ ਅੰਦਰੋਂ ਕੱਢੇ ਬਾਹਰ, ਰੂਪ ਅਨੂਪ ਆਪ ਦਰਸਾਈਆ। ਆਪੇ ਸ਼ਬਦ ਆਪ ਵਰਤਾਰਾ, ਆਪੇ ਝੋਲੀ ਹਰਿ ਭਰਾਇੰਦਾ। ਆਪੇ ਵਿਸ਼ਨੂੰ ਕਰ ਉਜਿਆਰਾ, ਜੋਤੀ ਜੋਤ ਜਗਾਇੰਦਾ। ਆਪੇ ਬ੍ਰਹਮਾ ਕਰ ਪਸਾਰਾ, ਪਾਰਬ੍ਰਹਮ ਵੇਖ ਵਖਾਇੰਦਾ। ਆਪੇ ਸ਼ੰਕਰ ਬਖ਼ਸ਼ੇ ਚਰਨ ਪਿਆਰਾ, ਚਰਨ ਚਰਨੋਦਕ ਮਸਤਕ ਟਿੱਕਾ ਏਕਾ ਲਾਇੰਦਾ। ਆਪੇ ਤੱਤਾਂ ਵਸੇ ਬਾਹਰਾ, ਦਰਗਹਿ ਸਾਚੀ ਧਾਮ ਸੁਹਾਇੰਦਾ। ਆਪੇ ਹੋਏ ਸਚ ਭੰਡਾਰਾ, ਸਾਚੀ ਵਸਤ ਵਿਸ਼ਨੂੰ ਝੋਲੀ ਪਾਇੰਦਾ। ਆਪੇ ਬ੍ਰਹਮਾ ਬਣਾਏ ਸੁਤ ਦੁਲਾਰਾ, ਸਾਚਾ ਹੁਕਮੀ ਹੁਕਮ ਸੁਣਾਇੰਦਾ। ਲੱਖ ਚੁਰਾਸੀ ਕਰ ਤਿਆਰਾ, ਘੜ ਭਾਂਡੇ ਵੇਖ ਵਖਾਇੰਦਾ। ਆਪੇ ਸ਼ੰਕਰ ਦਏ ਹੁਲਾਰਾ, ਹੱਥ ਤ੍ਰਸ਼ੂਲ ਵਖਾਇੰਦਾ। ਬਾਸ਼ਕ ਤਸ਼ਕਾ ਗਲ ਸ਼ੰਗਾਰਾ, ਆਪ ਆਪਣਾ ਮੇਲ ਮਿਲਾਇੰਦਾ। ਆਪੇ ਸ਼ਾਂਗੋ ਪਾਂਗ ਲਏ ਹੁਲਾਰਾ, ਸਾਚੀ ਸੇਜ ਆਪ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਆਦਿ ਆਪਣਾ ਬੰਧਨ ਆਪੇ ਪਾਇੰਦਾ। ਆਪਣਾ ਬੰਧਨ ਆਪੇ ਪਾ, ਸੋ ਪੁਰਖ ਨਿਰੰਜਣ ਵੇਖ ਵਖਾਈਆ। ਹਰਿ ਪੁਰਖ ਨਿਰੰਜਣ ਜੋਤ ਜਗਾ, ਜਾਗਰਤ ਜੋਤ ਕਰੇ ਰੁਸ਼ਨਾਈਆ। ਏਕੰਕਾਰਾ ਬਣ ਮਲਾਹ, ਆਪਣਾ ਬੇੜਾ ਆਪ ਚਲਾਈਆ। ਆਦਿ ਨਿਰੰਜਣ ਦੀਪਕ ਜਗਾ, ਸਾਚੇ ਮਾਰਗ ਕਰੇ ਰੁਸ਼ਨਾਈਆ। ਸ੍ਰੀ ਭਗਵਾਨ ਸਗਲਾ ਸੰਗ ਰਖਾ, ਸਗਲਾ ਸਾਥੀ ਫਿਰੇ ਵਾਹੋ ਦਾਹੀਆ। ਪੁਰਖ ਅਬਿਨਾਸ਼ੀ ਸੇਵਕ ਸੇਵ ਰਿਹਾ ਕਮਾ, ਸੇਵਕ ਸੇਵਾ ਸੱਚੀ ਬਣ ਆਈਆ। ਪਾਰਬ੍ਰਹਮ ਆਪਣੀ ਵੰਡ ਵੰਡਾ, ਬ੍ਰਹਮ ਬ੍ਰਹਮ ਬ੍ਰਹਮ ਆਪਣਾ ਰੂਪ ਧਰਾਈਆ। ਏਕਾ ਵਸਤ ਆਪਣੇ ਹੱਥ ਲਗਾ, ਤ੍ਰੈਗੁਣ ਮਾਇਆ ਖੇਲ ਖਿਲਾ, ਤਿੰਨਾ ਮੇਲਾ ਸਹਿਜ ਸੁਭਾ, ਵਿਚੋਲਾ ਬਣੇ ਬੇਪਰਵਾਹੀਆ। ਇਕ ਅਕੱਲਾ ਖੇਲ ਖਿਲਾ, ਖ਼ਾਲਕ ਖ਼ਲਕ ਰੂਪ ਵਟਾਈਆ। ਲੱਖ ਚੁਰਾਸੀ ਭਾਂਡਾ ਘਾੜਨ ਲਿਆ ਘੜਾ, ਪੰਜ ਤਤ ਮੇਲਾ ਸਹਿਜ ਸੁਭਾਈਆ। ਨੌਂ ਦਵਾਰੇ ਆਪ ਖੁਲਾ, ਜਗਤ ਵਾਸਨਾ ਵਿਚ ਟਿਕਾਈਆ। ਕਾਮ ਕ੍ਰੋਧ ਲੋਭ ਮੋਹ ਹੰਕਾਰ ਰਲਾ, ਤਤਵ ਤਤ ਇਕ ਸਮਝਾਈਆ। ਆਸਾ ਤ੍ਰਿਸ਼ਨਾ ਝੋਲੀ ਪਾ, ਮਾਇਆ ਮਮਤਾ ਕਰੀ ਕੁੜਮਾਈਆ। ਪੰਜ ਦਸ ਮੇਲਾ ਏਕਾ ਥਾਂ, ਪੰਜੀ ਵੇਖੇ ਥਾਉਂ ਥਾਈਆ। ਨਿਰਗੁਣ ਆਪਣਾ ਸਚ ਆਪ ਛੁਪਾ, ਆਪੇ ਬੈਠਾ ਮੁਖ ਛੁਪਾਈਆ। ਸੁਖਮਨ ਨਾੜੀ ਟੇਢਾ ਬੰਕ ਬਣਾ, ਡੂੰਘੀ ਗਾਰ ਆਪ ਰਖਾਈਆ। ਈੜਾ ਪਿੰਗਲਾ ਅੱਗੇ ਰਖਾ, ਆਪਣਾ ਦਰਵਾਜ਼ਾ ਬੰਦ ਕਰਾਈਆ। ਸਰ ਸਰੋਵਰ ਆਤਮ ਅੰਮ੍ਰਿਤ ਜਲ ਭਰਾ, ਉਲਟੀ ਨਾਭੀ ਕਵਲ ਭਵਾਈਆ। ਸ਼ਬਦ ਅਨਾਦ ਧੁਨ ਵੱਜੇ ਸਹਿਜ ਸਭਾ, ਦਿਵਸ ਰੈਣ ਏਕਾ ਰਾਗ ਸੁਣਾਈਆ। ਬਜਰ ਕਪਾਟੀ ਪਰਦਾ ਲਾਹ, ਬੰਦ ਕਿਵਾੜਾ ਆਪ ਖੁਲ੍ਹਾਈਆ। ਦਸਮ ਦਵਾਰੀ ਸਚ ਵਖਾ, ਸਚ ਸਿੰਘਾਸਣ ਸੋਭਾ ਪਾਈਆ। ਨਿਰਮਲ ਜੋਤੀ ਜੋਤ ਡਗਮਗਾ, ਏਕਾ ਨੂਰ ਕਰੇ ਰੁਸ਼ਨਾਈਆ। ਹਰਿ ਹਰਿ ਰੂਪ ਆਪ ਪਰਗਟਾ, ਘਰ ਘਰ ਵਿਚ ਰਿਹਾ ਸਮਾਈਆ। ਰਵ ਸਸ ਰਹੇ ਸ਼ਰਮਾ, ਨੇਤਰ ਲੋਚਣ ਨੈਣ ਨਾ ਸਕੇ ਕੋਈ ਉਠਾਈਆ। ਪੁਰਖ ਅਬਿਨਾਸ਼ੀ ਬੇਪਰਵਾਹ, ਘਟ ਘਟ ਆਪਣੀ ਜੋਤ ਰਿਹਾ ਜਗਾਈਆ। ਜੋਤ ਨਿਰੰਜਣ ਡਗਮਗਾ, ਦਿਵਸ ਰੈਣ ਕਰੇ ਰੁਸ਼ਨਾਈਆ। ਸਾਚਾ ਮੰਦਰ ਆਪ ਸੁਹਾ, ਹਰਿ ਮੰਦਰ ਦੇਵੇ ਮਾਣ ਵਡਿਆਈਆ। ਧੂਆਂਧਾਰ ਪਰੇ ਹਟਾ, ਸੁੰਨ ਅਗੰਮ ਪੰਧ ਮੁਕਾਈਆ। ਸਚਖੰਡ ਦਵਾਰੇ ਜੋਤ ਜਗਾ, ਨੂਰੋ ਨੂਰ ਨੂਰ ਰੁਸ਼ਨਾਈਆ। ਅਲੱਖ ਅਲੱਖਣਾ ਆਪਣੀ ਅਲੱਖ ਦਏ ਸੁਣਾ, ਅਲੱਖ ਅਗੋਚਰ ਆਪਣੇ ਹੱਥ ਰੱਖੇ ਵਡਿਆਈਆ। ਸਤਿ ਸਤਿਵਾਦੀ ਆਪਣਾ ਥਾਨ ਰਿਹਾ ਸੁਹਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕ ਅਕੱਲਾ ਖੇਲ ਨਿਆਰਾ, ਆਦਿ ਜੁਗਾਦੀ ਕਰ ਪਸਾਰਾ, ਬ੍ਰਹਮਾ ਵਿਸ਼ਨ ਸ਼ਿਵ ਦਏ ਭੰਡਾਰਾ, ਆਪਣੀ ਵਸਤ ਆਪ ਵਰਤਾਈਆ। ਸਾਚੀ ਵਸਤ ਹਰਿ ਅਨਮੋਲ, ਆਪਣੇ ਹੱਥ ਰਖਾਇੰਦਾ। ਨਿਰਗੁਣ ਨਿਰਵੈਰ ਤੋਲੇ ਤੋਲ, ਏਕਾ ਖੰਡਾ ਹੱਥ ਉਠਾਇੰਦਾ। ਲੱਖ ਚੁਰਾਸੀ ਲਏ ਵਰੋਲ, ਕਾਇਆ ਖੇੜਾ ਵੇਖ ਵਖਾਇੰਦਾ। ਲੇਖਾ ਜਾਣੇ ਧਰਤ ਧੌਲ, ਧਵਲ ਧਰਨੀ ਆਪਣੇ ਲੇਖੇ ਪਾਇੰਦਾ। ਅੰਮ੍ਰਿਤ ਵੇਖੇ ਭਰਿਆ ਕੌਲ, ਕਵਲਾ ਆਪਣਾ ਮੁਖ ਖੁਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕ ਅਕੱਲਾ ਖੇਲ ਖਿਲਾਇੰਦਾ। ਇਕ ਅਕੱਲਾ ਖੇਲ ਅਪਾਰਾ, ਹਰਿ ਨਿਰੰਕਾਰਾ ਨਿਰਗੁਣ ਨਿਰਾਧਾਰ ਆਪ ਚਲਾਈਆ। ਲੱਖ ਚੁਰਾਸੀ ਕਰ ਪਸਾਰਾ, ਵੇਖਣਹਾਰਾ ਘਟ ਘਟ ਬੈਠਾ ਆਸਣ ਲਾਈਆ। ਬ੍ਰਹਮਾ ਵਿਸ਼ਨ ਸ਼ਿਵ ਕਰ ਪਿਆਰਾ, ਸੇਵਾਦਾਰ ਦਿਵਸ ਰੈਣ ਸੇਵ ਕਮਾਈਆ। ਕਾਇਆ ਮੰਦਰ ਬੰਕ ਦਵਾਰਾ ਅੰਮ੍ਰਿਤ ਠਾਂਡਾ ਠਾਰਾ ਸਚ ਪਿਆਲਾ ਇਕ ਵਖਾਈਆ। ਸ਼ਬਦ ਅਨਾਦੀ ਨਾਦ ਧੁਨਕਾਰਾ, ਅਨਹਦ ਕੂਕੇ ਬੋਲੇ ਬੋਲ ਸੁਣਾਏ ਇਕ ਜੈਕਾਰਾ, ਜੈ ਜੈਕਾਰ ਆਪ ਕਰਾਈਆ। ਖੇਲ ਖੇਲ ਅਗੰਮ ਅਪਾਰਾ, ਨਿਰਗੁਣ ਸਰਗੁਣ ਲਏ ਅਵਤਾਰਾ, ਲੋਕਮਾਤ ਕਰੇ ਕੁੜਮਾਈਆ। ਬ੍ਰਹਮ ਪਾਰਬ੍ਰਹਮ ਮੇਲਾ ਨਾਰੀ ਕੰਤ ਭਤਾਰਾ, ਗੁਰ ਸਤਿਗੁਰ ਆਪਣਾ ਰੂਪ ਵਟਾਈਆ। ਸਾਧਾਂ ਦੇਵੇ ਇਕ ਅਧਾਰਾ, ਸੰਤਨ ਏਕਾ ਬੂਝ ਬੁਝਾਈਆ। ਭਗਤਨ ਵਖਾਏ ਇਕ ਦਵਾਰਾ, ਦਰ ਦਰਵਾਜ਼ਾ ਆਪ ਖੁਲ੍ਹਾਈਆ। ਗੁਰਮੁਖਾਂ ਬਖ਼ਸ਼ੇ ਚਰਨ ਪਿਆਰਾ, ਚਰਨ ਕਵਲ ਸੱਚੀ ਸਰਨਾਈਆ। ਸਿੱਖ ਸਿਖ਼ਿਆ ਗੁਰ ਗੁਰ ਧਾਰਾ, ਧਾਰਨ ਗੁਰ ਆਪ ਬੰਧਾਈਆ। ਏਕਾ ਸ਼ਬਦ ਗੁਰ ਅਵਤਾਰਾ, ਜੁਗਾ ਜੁਗੰਤਰ ਵੇਸ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਇਕ ਅਕੱਲਾ ਖੇਲ ਅਪਾਰਾ, ਜੁਗਾ ਜੁਗੰਤਰ ਲਏ ਅਵਤਾਰਾ, ਲੋਕਮਾਤ ਹੋਏ ਉਜਿਆਰਾ, ਸ੍ਰਿਸ਼ਟ ਸਬਾਈ ਪਾਏ ਸਾਰਾ, ਨੌਂ ਨੌਂ ਸਤ ਸਤ ਵੇਖ ਵਖਾਈਆ। ਸ਼ਬਦ ਗੁਰ ਵਡ ਬਲਵਾਨਾ, ਸਤਿ ਸਤਿ ਆਪ ਉਪਾਇਆ। ਸੋ ਪੁਰਖ ਨਿਰੰਜਣ ਹਰਿ ਮਿਹਰਵਾਨਾ, ਸਾਚਾ ਹੁਕਮੀ ਹੁਕਮ ਸੁਣਾਇਆ। ਹਰਿ ਪੁਰਖ ਨਿਰੰਜਣ ਧੁਰ ਫ਼ਰਮਾਣਾ, ਧੁਰ ਦੀ ਦਾਤ ਵੰਡ ਵੰਡਾਇਆ । ਏਕੰਕਾਰਾ ਗਾਏ ਤਰਾਨਾ, ਆਪਣਾ ਨਾਮ ਆਪ ਸੁਣਾਇਆ। ਆਦਿ ਨਿਰੰਜਣ ਕਰੇ ਖੇਲ ਮਹਾਨਾ, ਘਰ ਘਰ ਕਰੇ ਰੁਸ਼ਨਾਇਆ। ਸਰਬ ਜੀਆਂ ਦਾਨਾ ਬੀਨਾ, ਬੀਨਾ ਦਾਨਾ ਭੇਵ ਨਾ ਰਾਇਆ। ਅਬਿਨਾਸ਼ੀ ਕਰਤਾ ਲੇਖਾ ਪਾਵੇ ਤ੍ਰੈਗੁਣ ਤੀਨਾ, ਤੀਨਾ ਮਾਰਗ ਇਕ ਵਖਾਇਆ। ਪਾਰਬ੍ਰਹਮ ਲੇਖਾ ਜਾਣੇ ਮਰਨਾ ਜੀਣਾ, ਜਗਤ ਜੁਗਤ ਆਪ ਬੰਧਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਸ਼ਬਦ ਇਕ ਵਰਤਾਰ, ਏਕਾ ਨਾਮ ਵਣਜ ਵਪਾਰ, ਸ੍ਰਿਸ਼ਟ ਸਬਾਈ ਵੇਖ ਵਖਾਇਆ। ਸ੍ਰਿਸ਼ਟ ਸਬਾਈ ਏਕਾ ਵਸਿਆ, ਪਾਰਬ੍ਰਹਮ ਗੁਰ ਕਰਤਾਰ। ਜੁਗਾ ਜੁਗੰਤਰ ਫਿਰੇ ਨੱਸਿਆ, ਨਿਰਗੁਣ ਸਰਗੁਣ ਲਏ ਅਵਤਾਰ। ਮਿਟੇ ਰੈਣ ਅੰਧੇਰੀ ਮੱਸਿਆ, ਸਾਚਾ ਚੰਨ ਕਰ ਉਜਿਆਰ। ਜਨ ਭਗਤਾਂ ਮਾਰਗ ਏਕਾ ਦੱਸਿਆ, ਦੂਈ ਦਵੈਤੀ ਕਰ ਖ਼ਵਾਰ। ਆਤਮ ਰਸ ਮਾਣੇ ਰਸੀਆ, ਰਸ ਆਤਮ ਕਰ ਵਿਚਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਜਾਣੇ ਆਪਣੀ ਕਾਰ। ਜੁਗ ਜੁਗ ਕਾਰ ਕਮਾਇੰਦਾ, ਇਕ ਅਕੱਲਾ ਏਕੰਕਾਰ। ਸਚਖੰਡ ਸਾਚੀ ਵੰਡ ਵੰਡਾਇੰਦਾ, ਆਪ ਆਪਣੀ ਕਰ ਵਿਚਾਰ। ਵਿਸ਼ਨੂੰ ਵਿਸ਼ਵ ਲੇਖਾ ਆਪ ਸਮਝਾਇੰਦਾ, ਸ੍ਰਿਸ਼ਟ ਸਬਾਈ ਭਰੇ ਭੰਡਾਰ। ਬ੍ਰਹਮੇ ਬ੍ਰਹਮ ਰੂਪ ਪਰਗਟਾਇੰਦਾ, ਲੱਖ ਚੁਰਾਸੀ ਕਰ ਪਸਾਰ। ਸ਼ੰਕਰ ਅੰਤਮ ਮੇਟ ਮਿਟਾਇੰਦਾ, ਸੇਵਾ ਕਰੇ ਅਪਾਰ ਅਪਾਰ। ਚਾਰੇ ਵੇਦ ਮੁਖ ਸਲਾਹਿੰਦਾ, ਦੇਵੇ ਨਾਮ ਧਨ ਨਿਰੰਕਾਰ। ਚਾਰੇ ਜੁਗ ਵੰਡ ਵੰਡਾਇੰਦਾ, ਚਾਰੇ ਖਾਣੀ ਕਰ ਪਿਆਰ। ਚਾਰੇ ਬਾਣੀ ਧਾਰ ਬੰਧਾਇੰਦਾ, ਪਰਾ ਪਸੰਤੀ ਮਧਮ ਬੈਖਰੀ ਕਰ ਉਜਿਆਰ। ਸਤਿਜੁਗ ਸਾਚਾ ਨਾਮ ਧਰਾਇੰਦਾ, ਧਰਨੀ ਧਰਤ ਧਵਲ ਦਏ ਸਹਾਰ। ਭਗਤ ਭਗਵੰਤ ਮੇਲ ਮਿਲਾਇੰਦਾ, ਨਿਤ ਨਵਿਤ ਖੇਲ ਅਪਾਰ। ਤ੍ਰੇਤਾ ਆਪਣਾ ਬੰਧਨ ਪਾਇੰਦਾ, ਤ੍ਰੈ ਤ੍ਰੈ ਲੇਖਾ ਕਰੇ ਖ਼ਵਾਰ। ਤੁਰੀਆ ਵੇਸ ਆਪ ਕਰਾਇੰਦਾ, ਰਾਮ ਰਾਮਾ ਕੰਤ ਭਤਾਰ। ਹੰਕਾਰੀ ਗੜ੍ਹ ਆਪ ਤੁੜਾਇੰਦਾ, ਦੁਸ਼ਟ ਰਾਵਨ ਦੇਵੇ ਮਾਰ। ਦਵਾਪਰ ਆਪਣਾ ਵੇਸ ਵਟਾਇੰਦਾ, ਕਾਹਨਾ ਕ੍ਰਿਸ਼ਨਾ ਮੀਤ ਮੁਰਾਰ। ਨਾਮ ਬੰਸਰੀ ਇਕ ਵਜਾਇੰਦਾ, ਸਖ਼ੀਆਂ ਗਾਏ ਮੰਗਲਾਚਾਰ । ਮੁਕੰਦ ਮਨੋਹਰ ਲਖ਼ਮੀ ਨਰਾਇਣ ਆਪ ਅਖਵਾਇੰਦਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਕਰੇ ਖੇਲ ਅਪਾਰ। ਇਕ ਅਕੱਲਾ ਖੇਲ ਖਿਲਾਇੰਦਾ, ਚਾਰ ਵੇਦ ਭੇਵ ਨਾ ਰਾਈਆ। ਸਤਿਜੁਗ ਤ੍ਰੇਤਾ ਦਵਾਪਰ ਪਾਰ ਕਰਾਇੰਦਾ, ਕਲਜੁਗ ਨੂਰ ਕਰੇ ਰੁਸ਼ਨਾਈਆ। ਜਲਵਾ ਆਪਣਾ ਆਪ ਪਰਗਟਾਇੰਦਾ, ਬੇਤਾਬ ਸਾਚਾ ਮਾਹੀਆ। ਆਬੇ ਹਯਾਤ ਹੱਥ ਰਖਾਇੰਦਾ, ਏਕਾ ਫੜੀ ਨਾਮ ਸੁਰਾਹੀਆ। ਭਰ ਪਿਆਲਾ ਜਾਮ ਪਿਆਇੰਦਾ, ਸਚ ਸਰੂਰ ਇਕ ਚੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਏਕਾ ਕਾਰ ਕਰਾਈਆ। ਇਕ ਅਕੱਲਾ ਪਰਵਰਦਿਗਾਰ, ਬੇਐਬ ਆਪਣਾ ਨਾਉਂ ਧਰਾਇੰਦਾ । ਸਰਬ ਜੀਆਂ ਦਾ ਸਾਂਝਾ ਯਾਰ, ਸਾਲਸ ਆਪਣਾ ਪਰਦਾ ਆਪੇ ਲਾਹਿੰਦਾ। ਲੋਕਮਾਤ ਪਾਵੇ ਸਾਰ, ਕਾਇਨਾਤ ਵੇਖ ਵਖਾਇੰਦਾ। ਆਲਮ ਉਲਮਾ ਲਏ ਵਿਚਾਰ, ਜਗਤ ਤੁਲਬਾ ਆਪ ਪੜ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕ ਇਕੱਲਾ ਏਕੰਕਾਰਾ, ਕਰੇ ਖੇਲ ਵਿਚ ਸੰਸਾਰਾ, ਸਤਿਗੁਰ ਆਪਣਾ ਰੂਪ ਵਟਾਇੰਦਾ। ਆਪੇ ਸਤਿਗੁਰ ਸਾਚਾ ਦੀਨ, ਦਇਆਨਿਧ ਆਪ ਅਖਵਾਇੰਦਾ। ਆਪੇ ਜਲ ਆਪੇ ਮੀਨ, ਆਪੇ ਥਲ ਵਿਚ ਤੜਫਾਇੰਦਾ। ਏਕਾ ਲੇਖਾ ਜਾਣੇ ਤ੍ਰੈ ਤੀਨ, ਤ੍ਰੈਗੁਣ ਆਪਣੀ ਵੰਡ ਵੰਡਾਇੰਦਾ। ਆਪੇ ਹੋਏ ਨੇਤਰਹੀਣ, ਨੈਣ ਮੂੰਦ ਆਪ ਅਖਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗਾ ਜੁਗੰਤਰ ਸਾਚੀ ਕਾਰ, ਕਰਤਾ ਪੁਰਖ ਆਪ ਕਰਾਇੰਦਾ। ਕਰਤਾ ਪੁਰਖ ਕਰਨੇ ਯੋਗ, ਕਾਦਰ ਕੁਦਰਤ ਵੇਖ ਵਖਾਈਆ। ਲੇਖਾ ਜਾਣੇ ਧੁਰ ਸੰਜੋਗ, ਧੁਰ ਦਾ ਮੇਲ ਸਹਿਜ ਸਬਾਈਆ। ਜੁਗ ਜੁਗ ਕੱਟੇ ਮਾਇਆ ਮਮਤਾ ਹਉਮੇ ਹੰਗਤਾ ਰੋਗ, ਸਾਚੀ ਸਿਖ਼ਿਆ ਇਕ ਪੜ੍ਹਾਈਆ। ਨਾਤਾ ਤੋੜੇ ਚੌਦਾਂ ਲੋਕ, ਚੌਦਾਂ ਤਬਕਾਂ ਵੇਖ ਵਖਾਈਆ। ਇਕ ਅਕੱਲਾ ਇਕ ਸੁਣਾਏ ਸਚ ਸਲੋਕ, ਢੋਲਾ ਗਾਏ ਬੇਪਰਵਾਹੀਆ। ਪ੍ਰਭ ਕਾ ਭਾਣਾ ਸਕੇ ਕੋਈ ਨਾ ਰੋਕ, ਸਤਿਜੁਗ ਤ੍ਰੇਤਾ ਦੁਆਪਰ ਗਏ ਮੁਖ ਸ਼ਰਮਾਈਆ। ਲੱਖ ਚੁਰਾਸੀ ਦੇਵੇ ਝੋਕ, ਜੋਤੀ ਸ਼ਬਦੀ ਅਗਨੀ ਏਕਾ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰ ਸਤਿਗੁਰ ਆਪਣਾ ਵੇਸ ਵਟਾਈਆ। ਗੁਰ ਸਤਿਗੁਰ ਮੀਤ ਹਰਿ ਕਰਤਾਰਾ, ਕਾਦਰ ਕੁਦਰਤ ਵਿਚ ਸਮਾਇੰਦਾ। ਰਾਮ ਰੂਪ ਹੋ ਉਜਿਆਰਾ, ਏਕਾ ਡੰਕਾ ਨਾਮ ਵਜਾਇੰਦਾ। ਨੀਲ ਬਸਤਰ ਕਰ ਸ਼ੰਗਾਰਾ, ਬਨ ਬਨਵਾਰੀ ਫੇਰਾ ਪਾਇੰਦਾ। ਹਕ ਹਕੀਕਤ ਖੋਲ੍ਹ ਕਿਵਾੜਾ, ਲਾਸ਼ਰੀਕ ਦਰ ਸੁਹਾਇੰਦਾ। ਏਕਾ ਜੋਤੀ ਜੋਤ ਉਜਿਆਰਾ, ਪੰਜ ਤਤ ਕਾਇਆ ਚੋਲੀ ਆਪ ਹੰਢਾਇੰਦਾ। ਨਾਨਕ ਨਿਰਵੈਰ ਪਾਵੇ ਸਾਰਾ, ਗੋਬਿੰਦ ਸਾਚਾ ਮੇਲ ਮਿਲਾਇੰਦਾ। ਕਰੇ ਖੇਲ ਅਗੰਮ ਅਪਾਰਾ, ਪੁਰਖ ਅਕਾਲ ਵੇਸ ਵਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗਾਂ ਜੁਗੰਤਰ ਜੁਗ ਪੈਂਡਾ ਆਪ ਮੁਕਾਇੰਦਾ। ਸਤਿਜੁਗ ਤ੍ਰੇਤਾ ਪੰਧ ਚੁਕਾਇਆ, ਦਵਾਪਰ ਲੋਕਮਾਤ ਰਹਿਣ ਨਾ ਪਾਈਆ। ਪੁਰਖ ਅਬਿਨਾਸ਼ੀ ਵੇਖੇ ਥਾਉਂ ਥਾਇਆ, ਥਾਨ ਥਨੰਤਰ ਖੋਜ ਖੁਜਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਆਪਣੀ ਮਹਿਮਾ ਆਪੇ ਲਾਇਆ, ਗੁਰ ਪੀਰ ਅਵਤਾਰ ਸਾਧ ਸੰਤ ਰਹੇ ਜਸ ਗਾਈਆ। ਬੇਅੰਤ ਬੇਅੰਤ ਆਪ ਅਖਵਾਇਆ, ਇਕ ਅਕੱਲਾ ਸੱਚਾ ਸ਼ਹਿਨਸ਼ਾਹੀਆ, ਜਲਾਂ ਥਲਾਂ ਡੇਰਾ ਲਾਇਆ, ਜੰਗਲ ਜੂਹ ਉਜਾੜ ਪਹਾੜ ਡੂੰਘੀ ਕੰਦਰ ਵੇਖ ਵਖਾਈਆ। ਲੱਖ ਚੁਰਾਸੀ ਫੋਲ ਫੁਲਾਇਆ, ਕਾਇਆ ਮੰਦਰ ਝੂਠਾ ਜੂਠਾ ਡੇਰਾ ਢਾਹੀਆ। ਮਨ ਪੰਖੀ ਦਹਿ ਦਿਸ਼ਾਂ ਉਡਦਾ ਫੜ ਵਖਾਇਆ, ਨਾਮ ਡੋਰੀ ਹੱਥ ਰਖਾਈਆ। ਮਤ ਮਤਵਾਲੀ ਨੈਣ ਸ਼ਰਮਾਇਆ, ਨੇਤਰ ਨੀਰ ਰਹੀ ਵਹਾਈਆ। ਬੁਧੀ ਭੇਵ ਨਾ ਹਰਿ ਹਰਿ ਪਾਇਆ, ਹਰਿ ਹਰਿ ਰੂਪ ਦਿਸ ਨਾ ਆਈਆ। ਘਰ ਘਰ ਦਰ ਦਰ ਮੰਦਰ ਬਹਿ ਬਹਿ ਸਭ ਨੇ ਗਾਇਆ, ਰਸਨਾ ਜਿਹਵਾ ਜਗਤ ਹਿਲਾਈਆ। ਅੰਦਰ ਵੜ ਦਰਸ ਕਿਸੇ ਨਾ ਪਾਇਆ, ਕਲਜੁਗ ਭੁੱਲੀ ਸਰਬ ਲੋਕਾਈਆ। ਜੂਠਾ ਝੂਠਾ ਮੋਹ ਵਧਾਇਆ, ਨਾਤਾ ਜੁੜਿਆ ਮਾਤ ਪਿਤ ਭੈਣਾ ਭਾਈਆ। ਸਾਕ ਸੱਜਣ ਸੈਣ ਸੰਗ ਰਖਾਇਆ, ਨਾਰੀ ਕੰਤ ਸੇਜ ਸੁਹਾਈਆ। ਪੀਆ ਪ੍ਰੀਤਮ ਪਰਮ ਪੁਰਖ ਦਿਆਲਾ ਦੀਨਾਂ ਨਾਥਾ ਦਰਦ ਦੁਖ ਭੈ ਭੰਜਨ ਦਿਸ ਕਿਸੇ ਨਾ ਆਇਆ, ਚਾਰੋਂ ਕੁੰਟ ਅੰਧੇਰਾ ਛਾਈਆ। ਨਾਮ ਨੇਤਰ ਗਿਆਨ ਅੰਜਨ ਕਿਸੇ ਨਾ ਪਾਇਆ, ਕਲਜੁਗ ਕਜਲ ਧਾਰ ਵੇਖੇ ਕਾਲੀ ਸ਼ਾਹੀਆ। ਮਸਤਕ ਚੰਦਨ ਪੰਡਤ ਪਾਂਧੇ ਰਹੇ ਲਗਾਇਆ,। ਜੋਤ ਲਿਲਾਟ ਨਾ ਕੋਈ ਜਗਾਈਆ। ਬਾਰਾ ਅੱਖਰ ਰਹੇ ਸੁਣਾਇਆ, ਵੇਦ ਵਿਆਸਾ ਰੂਪ ਵਟਾਈਆ। ਅਠਸਠ ਤੀਰਥ ਰਹੇ ਨੁਹਾਇਆ, ਹਰਿ ਕਾ ਪੌੜਾ ਨਾ ਕੋਈ ਚੜ੍ਹਾਈਆ। ਗੁਰ ਦਰ ਮੰਦਰ ਫੇਰਾ ਪਾਇਆ, ਹਰਿ ਮੰਦਰ ਪਰਦਾ ਕੋਈ ਨਾ ਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕ ਅਕੱਲਾ ਖੇਲ ਅਪਾਰਾ, ਕਲਜੁਗ ਕਰੇ ਅੰਤਮ ਵਾਰਾ, ਨਿਰਗੁਣ ਆਪਣਾ ਨਾਉਂ ਪਰਗਟਾਈਆ। ਕਲਜੁਗ ਕਾਲੀ ਵੇਖੀ ਧਾਰ, ਪੁਰਖ ਅਬਿਨਾਸ਼ੀ ਜੋਤ ਜਗਾਇੰਦਾ। ਰਵ ਸਸ ਹੋਏ ਸ਼ਰਮਸਾਰ, ਜੂਠਾ ਝੂਠਾ ਨਾਤਾ ਤੋੜ ਤੁੜਾਇੰਦਾ। ਸਚ ਸੁਚ ਕਰੇ ਵਰਤਾਰ, ਚਾਰ ਵਰਨਾਂ ਏਕਾ ਧਾਮ ਬਹਾਇੰਦਾ। ਸ਼ੱਤਰੀ ਬ੍ਰਹਿਮਣ ਸ਼ੂਦਰ ਵੈਸ਼ ਨਾ ਕੋਈ ਵਿਚਾਰ, ਏਕਾ ਮੰਤਰ ਨਾਮ ਦ੍ਰਿੜਾਇੰਦਾ। ਏਕਾ ਗੁਰ ਇਕ ਅਵਤਾਰ, ਏਕਾ ਵਿਦਿਆ ਆਪ ਪੜ੍ਹਾਇੰਦਾ। ਚੌਦਾਂ ਵਿਦਿਆ ਮਾਰੇ ਮਾਰ, ਚੌਦਾਂ ਤਬਕਾਂ ਫੋਲ ਫੁਲਾਇੰਦਾ। ਚੌਦਾਂ ਲੋਕਾਂ ਪਾਵੇ ਸਾਰ, ਚੌਦਸ ਚੰਦ ਆਪ ਚੜ੍ਹਾਇੰਦਾ। ਸਦੀ ਚੌਦਵੀਂ ਆਏ ਹਾਰ, ਈਦ ਦੀਦ ਆਪ ਮਨਾਇੰਦਾ। ਬਈਦ ਪਰਵਰਦਿਗਾਰ, ਸਾਚਾ ਸਜਦਾ ਸੀਸ ਝੁਕਾਇੰਦਾ। ਜਗਤ ਮਸੱਲਾ ਧਰਤ ਧਵਲ ਕਰੇ ਵਿਚਾਰ, ਏਕਾ ਕੂਜ਼ਾ ਹੱਥ ਉਠਾਇੰਦਾ। ਰੋਜ਼ਾ ਬਾਂਗ ਪਾਵੇ ਸਾਰ, ਨਿਮਾਜ਼ ਨਿਮਾਜ਼ੀ ਆਪ ਹੋ ਜਾਇੰਦਾ। ਮੱਕੇ ਕਾਅਬੇ ਹੱਜ ਰਿਹਾ ਗੁਜਾਰ, ਏਕਾ ਏਕ ਕੂਕ ਬਾਂਗ ਸੁਣਾਇੰਦਾ। ਸਚ ਮਹਿਰਾਬੇ ਸਾਚਾ ਯਾਰ, ਮੁਖ ਨਕਾਬ ਆਪ ਉਠਾਇੰਦਾ। ਆਪਣਾ ਪਰਦਾ ਦਏ ਉਤਾਰ, ਆਲਮ ਉਲਮਾ ਵੇਖ ਵਖਾਇੰਦਾ। ਕਲਜੁਗ ਤੇਰੀ ਅੰਤਮ ਵਾਰ, ਸਾਚੀ ਅਲਫ਼ ਇਕ ਸਿਖਾਇੰਦਾ। ਆਰਫ ਜਗਤ ਜਾਇਣ ਹਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕ ਅਕੱਲਾ ਕਰੇ ਖੇਲ ਨਿਆਰ, ਖੇਲ ਨਿਆਰਾ ਹਰਿ ਕਰਾਇੰਦਾ। ਕਲਜੁਗ ਤੇਰੀ ਅੰਤਮ ਵਾਰ, ਲੱਖ ਚੁਰਾਸੀ ਵੇਖ ਵਖਾਇੰਦਾ। ਨੌਂ ਖੰਡ ਪ੍ਰਿਥਮੀ ਪਾਵੇ ਸਾਰ, ਸੱਤਾਂ ਦੀਪਾਂ ਆਪ ਜਗਾਇੰਦਾ। ਸ੍ਰਿਸ਼ਟ ਸਬਾਈ ਦਏ ਹੁਲਾਰ, ਮਨ ਮਤ ਆਪ ਦੁਰਕਾਇੰਦਾ। ਦਰ ਦਵਾਰਿਉਂ ਕੱਢੇ ਬਾਹਰ, ਕਲਜੁਗ ਕੂੜ ਕੁੜਿਆਰਾ ਸਰਬ ਕੁਰਲਾਇੰਦਾ। ਨੇਤਰ ਰੋਵੇ ਜ਼ਾਰੋ ਜ਼ਾਰ, ਕਾਮ ਕ੍ਰੋਧ ਲੋਭ ਮੋਹ ਹੰਕਾਰ ਘਰ ਘਰ ਸਰਬ ਤੜਫਾਇੰਦਾ। ਜੀਵ ਜੰਤ ਪਾਸਾ ਗਏ ਹਾਰ, ਸਾਧ ਸੰਤ ਉਠ ਉਠ ਰਾਹ ਤਕਾਇੰਦਾ। ਕੌਣ ਕੂਟ ਹਰਿ ਸਾਚਾ ਲਏ ਅਵਤਾਰ, ਗੋਬਿੰਦ ਲੇਖਾ ਇਕ ਸਮਝਾਇੰਦਾ। ਲਿਖਿਆ ਲੇਖ ਅਪਰ ਅਪਾਰ, ਵੇਦ ਵਿਆਸਾ ਮੇਲ ਮਿਲਾਇੰਦਾ। ਪੂਤ ਸਪੂਤਾ ਬ੍ਰਹਿਮਣ ਗੌੜਾ ਕਰ ਵਿਚਾਰ, ਉਚੇ ਟਿਲੇ ਪਰਬਤ ਜੋਤ ਜਗਾਇੰਦਾ। ਆਦਿ ਸ਼ਕਤ ਨੂਰ ਉਜਿਆਰ, ਹਰਨ ਫਰਨ ਆਪ ਸਮਾਇੰਦਾ। ਸਚ ਸਮਗਰੀ ਇਕ ਦਾਤਾਰ, ਜੋਤ ਅਕਗਰੀ ਡਗਮਗਾਇੰਦਾ। ਤ੍ਰੈਗੁਣ ਵਸਿਆ ਸਦਾ ਬਾਹਰ, ਜੂਨੀ ਰਹਿਤ ਆਪਣਾ ਨਾਉਂ ਧਰਾਇੰਦਾ। ਪੁਰਖ ਅਕਾਲ ਸੱਚੀ ਸਰਕਾਰ, ਸਾਚੀ ਨਗਰੀ ਆਪ ਵਡਿਆਇੰਦਾ। ਨਿਰਮਲ ਦੀਆ ਧਰ ਨਿਰੰਕਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਆਪਣਾ ਰੂਪ ਪਰਗਟਾਇੰਦਾ। ਜੁਗ ਜੁਗ ਖੇਲ ਅਵੱਲੜਾ, ਸਤਿ ਪੁਰਖ ਨਿਰੰਜਣ ਆਪ ਕਰਾਈਆ। ਜਨ ਭਗਤਾਂ ਫੜਾਏ ਨਾਮ ਪੱਲੜਾ, ਜਗਤ ਨਾਤਾ ਦਏ ਤੁੜਾਈਆ। ਏਕਾ ਮਾਰਗ ਦਿਸੇ ਸੁਖੱਲੜਾ, ਚਰਨ ਕਵਲ ਸੱਚੀ ਸਰਨਾਈਆ। ਪੰਚ ਵਿਕਾਰ ਨਾ ਕਰੇ ਹਲੜਾ, ਹੌਲਾ ਭਾਰ ਆਪ ਰਖਾਈਆ। ਬ੍ਰਹਮ ਪਾਰਬ੍ਰਹਮ ਹਰਿ ਨਿਰਗੁਣ ਸਰਗੁਣ ਰਲੜਾ, ਈਸ਼ ਜੀਵ ਕਰੇ ਕੁੜਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਏਕਾ ਨੂਰ ਕਰੇ ਰੁਸ਼ਨਾਈਆ। ਨੂਰ ਉਜਾਲਾ ਹਰਿ ਗੋਪਾਲਾ, ਹਰਿ ਗੋਬਿੰਦ ਵੇਸ ਵਟਾਇਆ। ਵਸੇ ਸਚਖੰਡ ਸੱਚੀ ਧਰਮਸਾਲਾ, ਦੀਨ ਦਿਆਲਾ ਦਇਆਨਿਧ ਨਾਮ ਧਰਾਇਆ। ਸੰਗ ਰਖਾਏ ਕਾਲ ਮਹਾਂਕਾਲਾ, ਅਵੱਲੜੀ ਚਾਲਾ ਲੋਕਮਾਤ ਵੇਖ ਵਖਾਇਆ। ਗੁਰਮੁਖ ਵੇਖੇ ਸਾਚੇ ਲਾਲਾ, ਰੰਗ ਚੜ੍ਹਾਏ ਇਕ ਗੁਲਾਲਾ, ਰੰਗ ਰੰਗੀਲਾ ਦਇਆ ਕਮਾਇਆ। ਲੇਖਾ ਚੁੱਕੇ ਸ਼ਾਹ ਕੰਗਾਲਾ, ਬਖ਼ਸ਼ਣਹਾਰਾ ਨਾਮ ਸੱਚਾ ਧਨ ਮਾਲਾ, ਧਨ ਧਨਾਡ ਆਪ ਵਰਤਾਇਆ। ਗੁਰਮੁਖਾਂ ਫਲ ਲਗਾਏ ਕਾਇਆ ਡਾਲ੍ਹਾ, ਭਗਤੀ ਮੇਵਾ ਨਾਮ ਖਵਾਇਆ। ਸੰਤ ਸਾਜਨ ਸਾਚੀ ਘਾਲ ਰਹੇ ਘਾਲਾ, ਦਿਵਸ ਰੈਣ ਹਰਿ ਹਰਿ ਨਾਉਂ ਰਸਨਾ ਜਿਹਵਾ ਗਾਇਆ। ਲੱਖ ਚੁਰਾਸੀ ਤੋੜ ਜੰਜਾਲਾ, ਰਾਏ ਧਰਮ ਫੰਦ ਰਹਿਣ ਨਾ ਪਾਇਆ। ਏਕਾ ਗਲ ਪਾਏ ਸੋਹੰ ਸਾਚੀ ਮਾਲਾ, ਹੰ ਬ੍ਰਹਮ ਮੇਲ ਮਿਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਇਕ ਅਕੱਲਾ ਵੇਸ ਵਟਾਇਆ। ਇਕ ਅਕੱਲਾ ਨਿਹਕਲੰਕ, ਨਿਰਗੁਣ ਨਿਰਵੈਰ ਆਪਣੀ ਖੇਲ ਖਿਲਾਇੰਦਾ। ਇਕ ਅਕੱਲਾ ਵਜਾਏ ਡੰਕ, ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਸ੍ਰਿਸ਼ਟ ਸਬਾਈ ਆਪ ਸੁਣਾਇੰਦਾ। ਪਰਗਟ ਹੋਇਆ ਵਾਸੀ ਪੁਰੀ ਘਨਕ, ਬਾਰ ਅਨਕ ਆਪਣੀ ਕਲ ਵਰਤਾਇੰਦਾ। ਗੁਰਮੁਖ ਲੇਖੇ ਲਾਏ ਜਿਉਂ ਜਨ ਜਨਕ, ਜਨ ਜਨਨੀ ਵੇਖ ਵਖਾਇੰਦਾ। ਨੌਂ ਖੰਡ ਪ੍ਰਿਥਮੀ ਕੱਢੇ ਸ਼ੰਕ, ਸ਼ੰਕਰ ਬ੍ਰਹਮਾ ਵਿਸ਼ਨ ਆਪਣੀ ਸੇਵਾ ਲਾਇੰਦਾ। ਇਕ ਸੁਹਾਏ ਦਵਾਰ ਬੰਕ, ਬੰਕ ਦਵਾਰੀ ਵੇਖ ਵਖਾਇੰਦਾ। ਲੇਖਾ ਚੁੱਕੇ ਕਾਮਨੀ ਕਨਕ, ਪੁਰਖ ਅਬਿਨਾਸ਼ੀ ਆਪ ਚੁਕਾਇੰਦਾ। ਸਾਚਾ ਉਠਾਏ ਏਕਾ ਧੁਨਸ਼, ਧਨਖ ਆਪਣੇ ਹੱਥ ਰਖਾਇੰਦਾ। ਪਾਵੇ ਸਾਰ ਮਾਨਸ ਮਾਨੁਖ, ਮਾਤ ਕੁੱਖ ਫੋਲ ਫੁਲਾਇੰਦਾ। ਲੇਖਾ ਜਾਣੇ ਉਲਟਾ ਰੁਖ, ਦਸ ਦਸ ਮਾਸ ਅਗਨ ਤਪਾਇੰਦਾ। ਕਲਜੁਗ ਵੇਲਾ ਅੰਤਮ ਗਿਆ ਢੁਕ, ਹਰਿ ਕਾ ਭੇਵ ਕੋਇ ਨਾ ਪਾਇੰਦਾ। ਕਲਜੁਗ ਬੂਟਾ ਜਾਣਾ ਸੁੱਕ, ਹਰਿਆ ਸਿੰਚ ਨਾ ਕੋਇ ਕਰਾਇੰਦਾ। ਪੁਰਖ ਅਬਿਨਾਸ਼ੀ ਸਤਿ ਸਰੂਪਾ ਸ਼ਾਹੋ ਭੂਪਾ ਅਨਰੰਗ ਰੂਪਾ ਏਕਾ ਰਿਹਾ ਬੁੱਕ, ਚਾਰੋਂ ਕੁੰਟ ਆਵਾਜ਼ ਸੁਣਾਇੰਦਾ। ਅੰਦਰ ਵੜ ਬਹੇ ਨਾ ਲੁਕ, ਪਰਬਤ ਟਿੱਲੇ ਫੋਲ ਫੁਲਾਇੰਦਾ। ਵਿਸ਼ਨੂੰ ਭੰਡਾਰਾ ਰਿਹਾ ਮੁੱਕ, ਰਾਜ਼ਕ ਰਿਜਕ ਨਾ ਕੋਇ ਪੁਚਾਇੰਦਾ। ਬ੍ਰਹਮਾ ਮੋੜਨਹਾਰਾ ਮੁਖ, ਬ੍ਰਹਮ ਪਾਰਬ੍ਰਹਮ ਝੋਲੀ ਪਾਇੰਦਾ। ਸ਼ੰਕਰ ਸੁਖਨਾ ਰਿਹਾ ਸੁਖ, ਕੌਣ ਵੇਲਾ ਹਰਿ ਜੂ ਮੇਲ ਮਿਲਾਇੰਦਾ। ਰਾਏ ਧਰਮ ਨਿਉਂ ਨਿਉਂ ਨਿਮਸਕਾਰ ਕਰੇ ਝੁਕ, ਏਕਾ ਭਿਛਿਆ ਮੰਗ ਮੰਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਲੇਖਾ ਆਪਣੇ ਹੱਥ ਰਖਾਇੰਦਾ। ਕਲਜੁਗ ਅੰਤਮ ਪਾਰ ਕਰਾਉਂਣਾ, ਪਾਂਧੀ ਆਪਣਾ ਪੰਧ ਮੁਕਾਇੰਦਾ। ਨੌਂ ਨੌਂ ਚਾਰ ਲੇਖਾ ਰਹਿਣ ਨਾ ਪਾਉਣਾ, ਨੌਂ ਨੌਂ ਆਪਣਾ ਮੂਲ ਵਖਾਇੰਦਾ। ਦਹਿ ਦਿਸ਼ ਧਾਰ ਇਕ ਬੰਧੌਣਾ, ਦਰ ਦਵਾਰਾ ਇਕ ਸੁਹਾਇੰਦਾ। ਸਚਖੰਡ ਦਵਾਰਾ ਇਕ ਵਡਿਆਉਣਾ, ਥਿਰ ਘਰ ਸਾਚੇ ਮੇਲ ਮਿਲਾਇੰਦਾ। ਸੋਇਆ ਸੁਤ ਆਪ ਉਠੌਣਾ, ਚੌਥੇ ਜੁਗ ਵੇਖ ਵਖਾਇੰਦਾ। ਧਰਤ ਮਾਤ ਦੀ ਗੋਦ ਬਹੌਣਾ, ਸਿਰ ਆਪਣਾ ਹੱਥ ਧਰਾਇੰਦਾ। ਪੂਤ ਸਪੂਤਾ ਇਕ ਉਪਜੌਣਾ, ਸਤਿਜੁਗ ਨਾਉਂ ਰਖਾਇੰਦਾ। ਸਾਧਾਂ ਸੰਤਾਂ ਸੰਗ ਨਿਭੌਣਾ, ਮਨਮੁਖਾਂ ਮੇਟ ਮਿਟਾਇੰਦਾ। ਚਾਰ ਵਰਨਾਂ ਏਕਾ ਰੰਗ ਚੜ੍ਹਾਉਣਾ, ਊਚ ਨੀਚ ਏਕਾ ਧਾਮ ਬਹਾਇੰਦਾ। ਅੰਮ੍ਰਿਤ ਏਕਾ ਜਾਮ ਪਿਆਉਣਾ, ਦੁਰਮਤ ਮੈਲ ਆਪ ਧਵਾਇੰਦਾ। ਸੋਹੰ ਸੋ ਸਾਚਾ ਜਾਪ ਜਪੌਣਾ, ਅਜੱਪਾ ਜਾਪ ਆਪ ਵਖਾਇੰਦਾ। ਤੀਨੋ ਤਾਪ ਮਗਰੋਂ ਲਾਹੁਣਾ, ਤ੍ਰੈਗਣ ਅੱਗ ਨਾ ਕੋਇ ਤਪਾਇੰਦਾ। ਕਾਗ ਹੰਸ ਆਪ ਬਣਾਉਣਾ, ਸੋਹੰ ਹੰਸਾ ਸਾਚੀ ਚੋਗ ਚੁਗਾਇੰਦਾ। ਆਤਮ ਜੋਤੀ ਚਰਾਗ ਆਪ ਜਗੌਣਾ, ਤੇਲ ਬਾਤੀ ਨਾ ਕੋਇ ਰਖਾਇੰਦਾ। ਸ਼ਬਦ ਨਾਦ ਧੁਨ ਆਪ ਉਪਜੌਣਾ, ਘਰ ਅਨਹਦ ਰਾਗ ਸੁਣਾਇੰਦਾ। ਸਰ ਅੰਮ੍ਰਿਤ ਆਤਮ ਆਪ ਨਹਾਉਣਾ, ਕਾਇਆ ਮੰਦਰ ਸੋਭਾ ਪਾਇੰਦਾ। ਦਰ ਘਰ ਸਾਚੇ ਮੇਲ ਮਿਲੌਣਾ, ਆਪ ਆਪਣੀ ਗੋਦ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਹਰਿਜਨ ਸਾਚੇ ਆਪ ਜਗਾਇੰਦਾ। ਕਲਜੁਗ ਜੀਵ ਉਠ ਉਠ ਜਾਗ, ਚਾਰੋਂ ਕੁੰਟ ਅੰਧੇਰਾ ਛਾਇਆ। ਸਤਿ ਸੰਤੋਖੀ ਬੁਝਿਆ ਚਿਰਾਗ, ਧੀਰਜ ਜਤ ਤੇਲ ਕੋਇ ਨਾ ਪਾਇਆ। ਮਨਮੁਖ ਜੀਵ ਹੋਏ ਕਾਗ, ਜੂਠ ਝੂਠ ਵਿਸ਼ਟਾ ਮੁਖ ਰਖਾਇਆ। ਬਿਨ ਸਤਿਗੁਰ ਪੂਰੇ ਕੋਇ ਨਾ ਪਕੜੇ ਵਾਗ, ਵੇਦ ਕਤੇਬ ਰਹੇ ਸੁਣਾਇਆ। ਸਚ ਸਰਨਾਈ ਏਕਾ ਲਾਗ, ਪੁਰਖ ਅਕਾਲ ਇਕ ਮਨਾਇਆ। ਜਨਮ ਜਨਮ ਦਾ ਧੋਵੇ ਦਾਗ, ਜੋ ਜਨ ਸਰਨਾਈ ਆਇਆ। ਲੱਖ ਚੁਰਾਸੀ ਵਿਚੋਂ ਲਏ ਕਾਢ, ਰਾਏ ਧਰਮ ਨਾ ਦਏ ਸਜਾਇਆ। ਸਾਚੀ ਗੋਦ ਲਡਾਏ ਲਾਡ, ਜਿਉਂ ਮਾਤ ਪਿਤਾ ਗੋਦ ਪੂਤ ਸੁਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਹਰਿਜਨ ਸਾਚੇ ਵੇਖਣ ਆਇਆ। ਵੇਖਣਹਾਰਾ ਗੁਰ ਗੋਬਿੰਦ, ਕਲਜੁਗ ਅੰਤਮ ਵੇਸ ਵਟਾਇੰਦਾ। ਗੁਰਮੁਖਾਂ ਮੇਟੇ ਸਗਲੀ ਚਿੰਦ, ਚਿੰਤਾ ਚਿਖਾ ਨਾ ਕੋਇ ਤਪਾਇੰਦਾ। ਆਪ ਉਪਜਾਏ ਆਪਣੀ ਬਿੰਦ, ਆਪ ਆਪਣੇ ਗਲੇ ਲਗਾਇੰਦਾ। ਅੰਮ੍ਰਿਤ ਦੇਵੇ ਸਾਗਰ ਸਿੰਧ, ਅਤੋਟ ਅਤੁਟ ਆਪ ਰਖਾਇੰਦਾ। ਗਹਿਰ ਗੰਭੀਰ ਗੁਣੀ ਗਹਿੰਦ, ਗੁਰ ਸਾਗਰ ਆਪ ਹੋ ਜਾਇੰਦਾ। ਮਨਮੁਖ ਲਗਾਏ ਆਪਣੀ ਨਿੰਦ, ਨਿੰਦਕ ਮੁਖ ਭਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਬੇੜਾ ਪਾਰ ਕਰਾਇੰਦਾ। ਜੁਗ ਜੁਗ ਬੇੜਾ ਪਾਰ ਉਤਾਰਨਰਾਹਾ, ਤ੍ਰੈਗੁਣ ਵਿਚ ਕਦੇ ਨਾ ਆਇਆ। ਇਕ ਅਕੱਲਾ ਸ਼ਾਹ ਸਿਕਦਾਰਾ, ਸਾਚੇ ਤਖਤ ਆਪ ਸੁਹਾਇਆ। ਸੀਸ ਰੱਖ ਜਗਦੀਸ ਦਸਤਾਰਾ, ਤਖ਼ਤ ਤਾਜ ਦਏ ਵਡਿਆਇਆ। ਜੁਗਾ ਜੁਗੰਤਰ ਲੈ ਅਵਤਾਰਾ, ਲੋਕਮਾਤ ਖੇਲ ਖਿਲਾਇਆ। ਕੂੜਾ ਮੇਟੇ ਧੁੰਧੂਕਾਰਾ, ਧਰੂ ਪ੍ਰਹਿਲਾਦ ਆਪ ਉਠਾਇਆ। ਕਲਜੁਗ ਕਰੇ ਖੇਲ ਅਪਾਰਾ, ਗ਼ਰੀਬ ਨਿਮਾਣੇ ਗਲੇ ਲਗਾਇਆ। ਏਕਾ ਬਖ਼ਸ਼ੇ ਚਰਨ ਪਿਆਰਾ, ਚਾਤ੍ਰਕ ਤ੍ਰਿਖਾ ਦਏ ਬੁਝਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਨਰ ਹਰਿ ਨਰਾਇਣ ਬਨ ਬਨਵਾਰੀ, ਭਗਤ ਭਗਵੰਤ ਸੰਤ ਕੰਤ ਰਿਹਾ ਤਾਰੀ, ਗੁਰਮੁਖਾਂ ਪੈਜ ਸਵਾਰੀ, ਗੁਰਮੁਖ ਆਪਣੇ ਲੇਖੇ ਲਾਈਆ। ਗੁਰਸਿਖ ਲੇਖੇ ਲਾਵਣਾ, ਪੂਰਬ ਕਰਮਾਂ ਆਪ ਵਿਚਾਰ। ਜੁਗ ਜੁਗ ਵਿਛੜੇ ਮੇਲ ਮਿਲਾਵਣਾ, ਜਗਤ ਵਿਛੋੜਾ ਕਰ ਖਵਾਰ। ਸਾਚੇ ਘੋੜੇ ਆਪ ਚੜ੍ਹਾਵਣਾ, ਸ਼ਬਦੀ ਘੋੜਾ ਕਰ ਤਿਆਰ। ਜੋਤੀ ਜੋੜੇ ਮੇਲ ਮਿਲਾਵਣਾ, ਸੁਰਤ ਸਵਾਣੀ ਨਾ ਹੋਏ ਖ਼ਵਾਰ। ਸ਼ਬਦ ਹਾਣੀ ਗਲੇ ਲਗਾਵਣਾ, ਦਿਵਸ ਰੈਣ ਕਰੇ ਪਿਆਰ। ਠੰਡਾ ਪਾਣੀ ਆਪ ਪਿਆਵਣਾ, ਅੰਮ੍ਰਿਤ ਆਤਮ ਇਕ ਉਛਾਲ। ਧੁਰ ਦੀ ਬਾਣੀ ਆਪ ਸੁਣਾਵਣਾ, ਲੇਖਾ ਲਿਖਿਆ ਪੜ੍ਹੇ ਨਾ ਵਿਚ ਸੰਸਾਰ। ਪੁਰਖ ਅਬਿਨਾਸ਼ੀ ਦਰਸ ਵਖਾਵਣਾ, ਸਵਛ ਸਰੂਪੀ ਹੋ ਤਿਆਰ। ਘਰ ਘਰ ਸੋਏ ਆਪ ਜਗਾਵਨਾ, ਆਲਸ ਨਿੰਦਰਾ ਦਏ ਉਤਾਰ। ਆਤਮ ਸੁਹਾਵੀ ਸੇਜ ਸੁਹਾਵਣਾ, ਫੂਲਨ ਬਰਖਾ ਕਰੇ ਆਪ ਕਰਤਾਰ। ਸਚ ਸੋਗੰਧੀ ਆਪ ਮਹਿਕਾਵਣਾ, ਭਵਰਾ ਗੂੰਜੇ ਆਪਣੀ ਧਾਰ। ਪਰਮਾਨੰਦੀ ਨੰਦ ਸਮਾਵਨਾ, ਨੰਦ ਚੰਦ ਸੁਤ ਦੁਲਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਹਰਿਜਨ ਸਾਚੇ ਲਏ ਉਭਾਰ। ਭਗਤ ਅਧਾਰੀਅਨ ਸਹਿਜ ਸੁਖ ਪਿਆਰ, ਪੀਆ ਪ੍ਰੀਤਮ ਵੇਖ ਵਖਾਇੰਦਾ। ਪੈਜ ਸਵਾਰੀਅਨ ਵਿਚ ਸੰਸਾਰ, ਨਿਤ ਨਵਿਤ ਸੇਵ ਕਮਾਇੰਦਾ। ਸ਼ਬਦ ਅਧਾਰੀਅਨ ਨਾਦ ਧੁਨਕਾਰ, ਧੁਨ ਆਤਮਕ ਆਪ ਅਲਾਇੰਦਾ। ਏਕਾ ਜੋਗ ਜਗਤ ਵਿਚਾਰੀਅਨ, ਦੇਵਣਹਾਰਾ ਦਾਦ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚੇ ਮੇਲ ਮਿਲਾਏ ਸਾਚੇ ਘਰ, ਕਲਜੁਗ ਤੇਰੀ ਅੰਤਮ ਵਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਵਿਸ਼ਵ ਰੂਪ ਸਤਿ ਸਰੂਪ, ਤਖ਼ਤ ਨਿਵਾਸੀ ਸ਼ਾਹੋ ਭੂਪ, ਇਕ ਅਕੱਲਾ ਸਚ ਮਹੱਲਾ, ਧਾਮ ਨਿਆਰਾ ਕਰ ਪਸਾਰਾ ਏਕੰਕਾਰਾ ਮੂਰਤ ਅਕਾਲ ਦੀਨ ਦਿਆਲ ਜਲਵਾ ਜਲਾਲ ਨੂਰ ਅਲਾਹੀ ਜਗਤ ਮਲਾਹੀ ਸ਼ਬਦ ਸਲਾਹੀ ਦੀਨਾ ਨਾਥ, ਸਗਲਾ ਸਾਥ ਘਟ ਘਟ ਵਾਸ, ਪੁਰਖ ਅਬਿਨਾਸ਼ੀ ਪ੍ਰਿਥਮੀ ਅਕਾਸ਼ ਮੰਡਲ ਰਾਸ, ਹਰਿਜਨ ਸਾਚੇ ਸਦਾ ਵਸੇ ਪਾਸ, ਗੁਰਸਿਖ ਤੇਰਾ ਸੰਗ ਆਪ ਨਿਭਾਈਆ। ਐਥੇ ਉਥੇ ਰੱਖੇ ਸੰਗ, ਦੋ ਜਹਾਨਾ ਵੇਖ ਵਖਾਇੰਦਾ। ਜਗਤ ਜੁਗਤ ਜੁਗ ਗਏ ਕੇਤ ਲੰਘ, ਮਾਇਆ ਮਮਤਾ ਆਸਾ ਤ੍ਰਿਸ਼ਨਾ ਹਉਮੇ ਹੰਗਤਾ ਭੁਖਾ ਨੰਗਤਾ ਆਪਣੀ ਝੋਲੀ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੰਤ ਸਾਜਨ ਸਾਚੇ ਮੀਤ, ਆਦਿ ਜੁਗਾਦਿ ਰੱਖੇ ਅਤੀਤ, ਕਾਇਆ ਅੰਤਰ ਆਤਮ ਠਾਂਡਾ ਸੀਤ, ਸੀਤਲ ਧਾਰ ਨਰ ਨਿਰੰਕਾਰ, ਨਿਰਗੁਣ ਸਰਗੁਣ ਸਰਗੁਣ ਨਿਰਗੁਣ ਆਪਣੀ ਆਪ ਚਲਾਈਆ। ਸਾਚੀ ਧਾਰਾ ਹਰਿ ਕਰਤਾਰਾ, ਅਗੰਮ ਅਪਾਰਾ ਹੋ ਉਜਿਆਰਾ, ਲੋਕਮਾਤ ਚਲਾਇੰਦਾ। ਵਿਸ਼ਨ ਭੰਡਾਰਾ ਹਰਿ ਹਰਿ ਦਾਤਾਰਾ, ਸ਼ੰਕਰ ਸੰਘਾਰਾ ਦੇਵਤ ਪੁਕਾਰਾ, ਗਣ ਗੰਧਰਬ ਧੁਨਕਾਰਾ, ਨੌਂ ਖੰਡ ਹੁਲਾਰਾ ਦਹਿ ਦਿਸ਼ਾ ਪਸਾਰਾ, ਚਾਰ ਕੂਟਾਂ ਵੇਖ ਵਖਾਇੰਦਾ। ਵਰਭੰਡ ਸਿਕਦਾਰਾ ਬ੍ਰਹਿਮੰਡ ਪਸਾਰਾ, ਜੇਰਜ ਅੰਡ ਅਧਾਰਾ, ਉਤਭੁਜ ਸੇਤਜ ਮੇਲ ਮਿਲਾਇੰਦਾ। ਰਾਓ ਰੰਕ ਹੰਕਾਰਾ, ਜੀਵ ਜੰਤ ਵਿਭਚਾਰਾ, ਸਾਧ ਸੰਤ ਖਵਾਰਾ, ਭਗਤ ਭਗਵੰਤ ਮੇਲ ਨਾ ਕੋਇ ਮਿਲਾਇੰਦਾ। ਦਹਿ ਦਿਸ਼ਾ ਧੂਆਂਧਾਰਾ, ਧਰਨੀ ਧਰਤ ਧਵਲ ਕਰੇ ਪੁਕਾਰਾ, ਖੁਲੜੇ ਕੇਸ ਰੋਵੇ ਜ਼ਾਰੋ ਜ਼ਾਰ, ਧੀਰਜ ਧੀਰ ਨਾ ਕੋਇ ਧਰਾਇੰਦਾ। ਪੁਰਖ ਅਬਿਨਾਸ਼ੀ ਲੈ ਅਵਤਾਰਾ, ਕਰੇ ਖੇਲ ਅਗੰਮ ਅਪਾਰਾ, ਸ਼ਬਦ ਅਗੰਮੀ ਬੋਲ ਜੈਕਾਰਾ, ਗੁਰਮੁਖ ਸਾਚੇ ਪਾਵੇ ਸਾਰਾ, ਦਰਸ ਵਖਾਏ ਗੁਪਤ ਜ਼ਾਹਰਾ, ਸ੍ਰਿਸ਼ਟ ਸਬਾਈ ਦਿਸ ਨਾ ਆਇੰਦਾ। ਚਰਨ ਕਵਲ ਉਪਰ ਧਵਲ ਵਖਾਏ ਸੱਚਾ ਦਰਬਾਰਾ, ਆਵਣ ਜਾਵਣ ਨਾਤਾ ਛੁੱਟੇ ਸਰਬ ਸੰਸਾਰਾ, ਜੂਨੀ ਜੂਨ ਨਾ ਕੋਇ ਭਵਾਇੰਦਾ। ਆਪ ਸੁਹਾਏ ਬੰਕ ਦਵਾਰਾ, ਦਰ ਘਰ ਆਏ ਸੇਵਾਦਾਰਾ, ਸੇਵਕ ਚਾਕਰ ਪਾਕੀ ਪਾਕ ਖ਼ਾਕੀ ਖ਼ਾਕ ਆਪ ਅਖਵਾਇੰਦਾ। ਰਾਮ ਕ੍ਰਿਸ਼ਨ ਹੋਏ ਉਜਿਆਰ, ਈਸਾ ਮੂਸਾ ਸੰਗ ਮੁਹੰਮਦ ਲਾਏ ਨਾਅਰਾ, ਨਾਨਕ ਗੋਬਿੰਦ ਬੰਨ੍ਹੇ ਧਾਰਾ, ਕਲਜੁਗ ਅੰਤਮ ਲੈ ਅਵਤਾਰਾ, ਨਿਹਕਲੰਕ ਆਪਣਾ ਡੰਕ ਆਪ ਵਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੋਤੀ ਜਾਤਾ ਪੁਰਖ ਬਿਧਾਤਾ, ਮੇਟੇ ਰੈਣ ਅੰਧੇਰੀ ਰਾਤਾ, ਸਤਿਜੁਗ ਸਾਚਾ ਚੰਦ ਆਪ ਚੜ੍ਹਾਇੰਦਾ। ਸਤਿਜੁਗ ਸਾਚਾ ਚੜ੍ਹੇ ਚੰਦ, ਬੀਸ ਬੀਸਾ ਰਾਹ ਤਕਾਈਆ। ਗੁਰਸਿਖਾਂ ਖ਼ੁਸ਼ੀ ਕਰਾਏ ਬੰਦ ਬੰਦ, ਸ੍ਰਿਸ਼ਟ ਸਬਾਈ ਅਗਨੀ ਤਤ ਤਪਾਈਆ। ਲੇਖਾ ਚੁੱਕੇ ਬੱਤੀ ਦੰਦ, ਰਸਨਾ ਜਿਹਵਾ ਨਾ ਕੋਇ ਹਿਲਾਈਆ। ਪੁਰਖ ਅਕਾਲ ਕਰੇ ਪ੍ਰਿਤਪਾਲ ਇਕ ਸੁਣਾਏ ਸੁਹਾਗੀ ਛੰਦ, ਸੋਹੰ ਸ਼ਬਦ ਕਰੇ ਪੜ੍ਹਾਈਆ। ਚਰਨ ਬਹਾਏ ਕਾਲ ਮਹਾਂਕਾਲ, ਦੋ ਜਹਾਨਾ ਬਣੇ ਦਯਾਲ, ਦੀਨਾਂ ਨਾਥ ਦੀਨਨ ਹੋਏ ਆਪ ਸਹਾਈਆ। ਨਾ ਕੋਈ ਪੂਜਾ ਨਾ ਕੋਈ ਪਾਠ, ਸਰ ਸਰੋਵਰ ਨਾ ਕੋਈ ਮਾਰੇ ਠਾਠ, ਇਕ ਜੈਕਾਰਾ ਹਰਿ ਨਿਰੰਕਾਰਾ, ਆਪਣਾ ਨਾਉਂ ਵਡਿਆਈਆ। ਵਰਨਾ ਬਰਨਾ ਵਸੇ ਬਾਹਰਾ, ਮਾਰਗ ਦੱਸੇ ਇਕ ਸੰਸਾਰਾ, ਹਿੰਦੂ ਮੁਸਲਮ ਸਿੱਖ ਈਸਾਈ ਏਕਾ ਮਾਰਗ ਦਏ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਨਿਰਾਕਾਰ ਸਰਗੁਣ ਸਾਕਾਰ, ਦੋਹਾਂ ਵਿਚੋਲਾ ਬਣ ਕਰਤਾਰ, ਕੁਦਰਤ ਕਾਦਰ ਕਾਦਰ ਕੁਦਰਤ ਦੀਨ ਦੁਨੀ ਦੋਵੇਂ ਏਕਾ ਰੰਗ ਵਖਾਈਆ।