੨੫ ਭਾਦਰੋਂ ੨੦੧੭ ਬਿਕ੍ਰਮੀ ਬਗੀਚਾ ਸਿੰਘ ਦੇ ਗ੍ਰਹਿ ਪਿੰਡ ਮੁੰਡੀ ਜਮਾਲ ਜ਼ਿਲਾ ਫਿਰੋਜ਼ ਪੁਰ
ਦੀਨ ਦਿਆਲ ਠਾਕਰ ਗੁਣਵੰਤ, ਪ੍ਰਿਤਪਾਲ ਸਰਬ ਸੁਖਦਾਈਆ। ਖੇਲੇ ਖੇਲ ਜੁਗਾ ਜੁਗੰਤ, ਨਿਤ ਨਵਿਤ ਕਾਰ ਕਮਾਈਆ। ਹਰਿਜਨ ਵੇਖੇ ਸਾਚੇ ਸੰਤ, ਗੁਰ ਸਤਿਗੁਰ ਰੂਪ ਪਰਗਟਾਈਆ। ਦੇਵੇ ਨਾਮ ਮਣੀਆ ਮੰਤ, ਮੰਤ ਨਾਮ ਇਕ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਬੇਪਰਵਾਹ ਗਹਿਰ ਗੁਣ ਸਾਗਰ, ਪਾਰਬ੍ਰਹਮ ਵੱਡੀ ਵਡਿਆਈਆ। ਜਨ ਭਗਤਾਂ ਨਿਰਮਲ ਕਰਮ ਕਰੇ ਉਜਾਗਰ, ਜੁਗਾ ਜੁਗੰਤਰ ਸੇਵ ਕਮਾਈਆ। ਲੇਖਾ ਜਾਣੇ ਕਾਇਆ ਸਾਗਰ, ਪੰਚਮ ਵਿਚੋਲਾ ਸੱਚਾ ਸ਼ਹਿਨਸ਼ਾਹੀਆ। ਨਾਮ ਵਣਜ ਕਰਾਏ ਸਚ ਸੁਦਾਗਰ, ਹੱਟ ਹਟਵਾਨਾ ਇਕ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਕਰਤਾ ਵੇਸ ਵਟਾਈਆ। ਨਾਮ ਖ਼ਜ਼ਾਨਾ ਸ਼ਬਦ ਭਰਪੂਰ, ਗੁਰ ਸਤਿਗੁਰ ਆਪ ਵਰਤਾਇੰਦਾ। ਆਦਿ ਜੁਗਾਦਿ ਹਾਜ਼ਰ ਹਜ਼ੂਰ, ਜੁਗ ਜੁਗ ਖੇਲ ਖਿਲਾਇੰਦਾ। ਗੁਰਮੁਖਾਂ ਆਸਾ ਮਨਸਾ ਕਰੇ ਪੂਰ, ਸਾਚੀ ਭਿਛਿਆ ਝੋਲੀ ਪਾਇੰਦਾ। ਨਾਤਾ ਤੋੜੇ ਕੂੜੋ ਕੂੜ, ਸਾਚਾ ਮਾਰਗ ਇਕ ਵਖਾਇੰਦਾ। ਜਿਸ ਜਨ ਬਖ਼ਸ਼ੇ ਚਰਨ ਧੂੜ, ਜਨਮ ਜਨਮ ਦੀ ਦੁਰਮਤ ਮੈਲ ਮਿਟਾਇੰਦਾ। ਦਰਸ ਦਿਖਾਏ ਦਾਤਾ ਸੂਰ, ਸੂਰਬੀਰ ਆਪਣਾ ਬਲ ਧਰਾਇੰਦਾ। ਜੋਤੀ ਜਾਤਾ ਬਖ਼ਸ਼ੇ ਨੂਰ, ਅੰਧ ਅੰਧੇਰ ਅਗਿਆਨ ਚੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗਾ ਜੁਗੰਤਰ ਖੇਲ ਖਿਲਾਇੰਦਾ। ਖੇਲ ਅਵੱਲੜਾ ਬੇਪਰਵਾਹ, ਆਦਿ ਜੁਗਾਦਿ ਕਰਾਇੰਦਾ । ਨਿਰਗੁਣ ਨਿਰਵੈਰ ਬਣ ਮਲਾਹ, ਲੋਕਮਾਤ ਵੇਸ ਵਟਾਇੰਦਾ। ਭਗਤ ਭਗਵੰਤ ਲਏ ਉਠਾ, ਲੱਖ ਚੁਰਾਸੀ ਫੋਲ ਫੁਲਾਇੰਦਾ। ਸ਼ਬਦ ਅਗੰਮੀ ਦਏ ਸਲਾਹ, ਸਾਚੇ ਮੰਦਰ ਆਪ ਸੁਹਾਇੰਦਾ। ਗ਼ਰੀਬ ਨਿਮਾਣਿਆਂ ਪਕੜੇ ਬਾਂਹ, ਸਿਰ ਆਪਣਾ ਹੱਥ ਟਿਕਾਇੰਦਾ । ਸਦਾ ਸੁਹੇਲਾ ਸਿਰ ਰੱਖੇ ਠੰਡੀ ਛਾਂ, ਸਮਰਥ ਪੁਰਖ ਆਪਣੀ ਦਇਆ ਕਮਾਇੰਦਾ। ਫੜ ਫੜ ਹੰਸ ਬਣਾਏ ਕਾਂ, ਅੰਮ੍ਰਿਤ ਆਤਮ ਜਾਮ ਪਿਆਇੰਦਾ। ਗੁਰਸਿਖ ਬਾਲ ਅੰਞਾਣੇ ਉਠਾਏ ਜਿਉਂ ਬਾਲਕ ਗੋਦੀ ਮਾਂ, ਪਿਤਾ ਪੂਤ ਵੇਖ ਵਖਾਇੰਦਾ। ਫੜ ਫੜ ਹੰਸ ਬਣਾਏ ਕਾਂ, ਸੋਹੰ ਹੰਸਾ ਚੋਗ ਚੁਗਾਇੰਦਾ। ਲੇਖਾ ਜਾਣੇ ਕਾਇਆ ਨਗਰ ਖੇੜਾ ਗਰਾਂ, ਸਚ ਬੰਕ ਆਪ ਸੁਹਾਇੰਦਾ। ਨਿਥਾਵਿਆਂ ਦੇਵੇ ਸਾਚਾ ਥਾਂ, ਚਰਨ ਦੁਆਰਾ ਇਕ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਧਨ ਸਰਧਨ ਆਪਣੇ ਰੰਗ ਰੰਗਾਇੰਦਾ। ਨਿਰਧਨ ਮੀਤੜਾ ਹਰਿ ਨਿਰੰਕਾਰ, ਮਹਿਮਾ ਅਕਥ ਕਥੀ ਨਾ ਜਾਈਆ। ਗੁਰਸਿਖ ਕਾਇਆ ਚੋਲੜਾ ਰੰਗੇ ਵਿਚ ਸੰਸਾਰ, ਰੰਗ ਮਜੀਠੀ ਇਕ ਚੜ੍ਹਾਈਆ। ਸਾਚਾ ਤੋਲਾ ਬਣੇ ਆਪ ਨਿਰੰਕਾਰ, ਨਾਮ ਕੰਡਾ ਹੱਥ ਉਠਾਈਆ। ਗੁਰਮੁਖ ਸੱਜਣ ਕਰ ਤਿਆਰ, ਵੇਖਣਹਾਰਾ ਥਾਉਂ ਥਾਈਆ। ਬਨਾਸਪਤ ਵੰਡ ਵੰਡਾਏ ਅਠਾਰਾਂ ਭਾਰ, ਗੁਰਸਿਖ ਚਰਨ ਧੂੜ ਤੁਲ ਨਾ ਰਾਈਆ। ਕਰੇ ਖੇਲ ਅਗੰਮ ਆਪਾਰ, ਅਲੱਖ ਅਗੋਚਰ ਦਿਸ ਨਾ ਆਈਆ। ਆਦਿ ਜੁਗਾਦੀ ਕਰ ਪਸਾਰ, ਜੁਗਾ ਜੁਗੰਤਰ ਵੇਖ ਵਖਾਈਆ। ਸਤਿਜੁਗ ਤ੍ਰੇਤਾ ਦਵਾਪਰ ਕਰਿਆ ਪਾਰ, ਕਲਜੁਗ ਅੰਤਮ ਵੱਜੀ ਵਧਾਈਆ। ਬ੍ਰਹਮਾ ਵਿਸ਼ਨ ਸ਼ਿਵ ਕਰਨ ਪੁਕਾਰ, ਨੇਤਰ ਨੈਣ ਰਹੇ ਉਠਾਈਆ। ਕ੍ਰੋੜ ਤੇਤੀਸਾ ਹਾਹਾਕਾਰ, ਉਚੀ ਕੂਕ ਦੇਣ ਦੁਹਾਈਆ। ਸੁਰਪਤ ਰਾਜਾ ਇੰਦਰ ਧਾਹਾਂ ਰਿਹਾ ਮਾਰ, ਤਖ਼ਤ ਤਾਜ ਨਾ ਸੋਭਾ ਪਾਈਆ। ਧਰਤ ਧਵਲ ਕਰੇ ਪੁਕਾਰ, ਪਾਪੀ ਜੀਵ ਰਹੇ ਕੁਰਲਾਈਆ। ਚਾਰੋਂ ਕੁੰਟ ਹੋਇਆ ਵਿਭਚਾਰ, ਸਤਿ ਧਰਮ ਨਾ ਕੋਇ ਰਖਾਈਆ। ਜੀਵਾਂ ਜੰਤਾਂ ਆਈ ਹਾਰ, ਹਰਿ ਕਾ ਨਾਮ ਨਾ ਕੋਇ ਧਿਆਈਆ। ਪੜ੍ਹ ਪੜ੍ਹ ਵਿਦਿਆ ਹੋਏ ਖ਼ੁਆਰ, ਆਤਮਕ ਵਿਦਿਆ ਨਾ ਕੋਇ ਜਣਾਈਆ। ਬਿਨ ਸਤਿਗੁਰ ਪੂਰੇ ਕੋਇ ਨਾ ਉਤਰੇ ਪਾਰ, ਕਲਜੁਗ ਚਾਰੋਂ ਕੁੰਟ ਅੰਧੇਰਾ ਛਾਈਆ। ਸ਼ਾਹ ਪਾਤਸ਼ਾਹ ਹੋਇਣ ਖ਼ੁਆਰ, ਰਾਜ ਰਾਜਾਨ ਰਹਿਣ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਧਨ ਮੇਲਾ ਸਹਿਜ ਸੁਭਾਈਆ। ਨਿਰਧਨ ਹਰਿ ਹਰਿ ਮੇਲਿਆ, ਕਰ ਕਿਰਪਾ ਆਪ ਕਰਤਾਰ। ਲੇਖਾ ਜਾਣੇ ਗੁਰੂ ਗੁਰ ਚੇਲਿਆ, ਸੋਹੇ ਸਚ ਦਰਬਾਰ। ਧੁਰ ਦਰਗਾਹੀ ਸੱਜਣ ਸੁਹੇਲਿਆ, ਬੇਐਬ ਪਰਵਰਦਿਗਾਰ। ਆਪਣਾ ਮੇਲ ਆਪੇ ਮੇਲਿਆ, ਪੂਰਬ ਲਹਿਣਾ ਕਰਮ ਵੀਚਾਰ। ਅਚਰਜ ਖੇਲ ਪਾਰਬ੍ਰਹਮ ਪ੍ਰਭ ਖੇਲਿਆ, ਭੇਵ ਨਾ ਪਾਇਣ ਵੇਦ ਚਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣੇ ਧੁਰ ਦਰਬਾਰ। ਧੁਰ ਦਰਬਾਰ ਸੁਹੰਜਣਾ, ਹਰਿ ਸਾਚਾ ਆਪ ਸੁਹਾਏ। ਜੋਤ ਜਗਾਏ ਆਦਿ ਨਿਰੰਜਣਾ, ਕਵਲ ਨੈਣ ਡਗਮਗਾਏ। ਦਾਤਾ ਦਾਨੀ ਦਰਦ ਦੁੱਖ ਭੈ ਭੰਜਣਾ, ਭੈ ਭਿਆਨਕ ਵੇਖ ਵਖਾਏ। ਲੋਕਮਾਤ ਜਨ ਭਗਤਾਂ ਬਣੇ ਸਾਚਾ ਸੱਜਣਾ, ਜੁਗਾ ਜੁਗੰਤਰ ਸਾਚੀ ਸੇਵ ਕਮਾਏ। ਨੇਤਰ ਪਾਏ ਨਾਮ ਅੰਜਣਾ, ਅੰਧ ਅੰਧੇਰ ਦਏ ਮਿਟਾਏ। ਚਰਨ ਧੂੜ ਕਰਾਏ ਮਜਨਾ, ਕੋਟਨ ਕੋਟ ਜਨਮ ਦੀ ਮੈਲ ਧੁਆਏ। ਜੋ ਘੜਿਆ ਸੋ ਭੱਜਣਾ, ਥਿਰ ਕੋਇ ਰਹਿਣ ਨਾ ਪਾਏ। ਬਿਨ ਸਤਿਗੁਰ ਪੂਰੇ ਪਰਦਾ ਕਿਸੇ ਨਾ ਕੱਜਣਾ, ਲੱਖ ਚੁਰਾਸੀ ਰਹੀ ਕੁਰਲਾਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਧਨ ਮੇਲਾ ਸਹਿਜ ਸੁਭਾਏ। ਨਿਰਧਨ ਆਸਾ ਪੂਰੀਆ, ਪੂਰਨ ਬ੍ਰਹਮ ਵੀਚਾਰ। ਪੁਰਖ ਅਬਿਨਾਸ਼ੀ ਹਾਜ਼ਰ ਹਜ਼ੂਰੀਆ, ਦਰ ਦਰਵੇਸ਼ ਬਣੇ ਭਿਖਾਰ। ਨਾਦ ਵਜਾਏ ਏਕਾ ਤੂਰੀਆ, ਤੁਰੀਆ ਧਾਰ ਅਗੰਮ ਅਪਾਰ। ਲੇਖਾ ਚੁੱਕੇ ਨੇੜਾ ਦੂਰੀਆ, ਦੂਰ ਨੇੜੇ ਨਾ ਕੋਇ ਵਿਚਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਕਰੇ ਪਿਆਰ। ਹਰਿਜਨ ਪ੍ਰੇਮ ਪੀਆ ਪ੍ਰੀਤੀ, ਪਰਮ ਪੁਰਖ ਇਕ ਜਣਾਈਆ। ਆਦਿ ਜੁਗਾਦਿ ਪਰਖਣਹਾਰਾ ਨੀਤੀ, ਘਰ ਘਰ ਵਿਚ ਆਸਣ ਲਾਈਆ। ਗੁਰਮੁਖ ਵਿਰਲੇ ਕਾਇਆ ਕਰੇ ਠੰਡੀ ਸੀਤੀ, ਜਿਸ ਜਨ ਤ੍ਰੈਗੁਣ ਅਗਨ ਬੁਝਾਈਆ। ਏਕਾ ਰੰਗ ਰੰਗਾਏ ਹਸਤ ਕੀਟੀ, ਊਚ ਨੀਚ ਨਾ ਕੋਇ ਵਡਿਆਈਆ। ਇਕ ਸੁਣਾਏ ਸੁਹਾਗੀ ਗੀਤੀ, ਗ੍ਰਹਿ ਮੰਦਰ ਵੱਜੇ ਵਧਾਈਆ। ਪੰਜ ਤਤ ਕਾਇਆ ਹੋਏ ਪਤਿਤ ਪੁਨੀਤੀ, ਪਤਿਤ ਪਾਵਨ ਸਤਿਗੁਰ ਪੂਰਾ ਮਿਲਿਆ ਸਾਚਾ ਮਾਹੀਆ। ਵਿਖ ਨਿਕਲੇ ਕੌੜੀ ਰੀਠੀ, ਮਿੱਠਾ ਰਸ ਇਕ ਚਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਲਏ ਮਿਲਾਈਆ। ਹਰਿਜਨ ਸ਼ਬਦ ਮਿਲਾਇਆ, ਮੇਲ ਮਿਲਾਵਾ ਧੁਰ ਸੰਯੋਗ। ਗੁਰ ਸਤਿਗੁਰ ਵੇਖ ਵਖਾਇਆ, ਕੱਟੇ ਹਉਮੇ ਰੋਗ। ਏਕਾ ਮੰਤਰ ਨਾਮ ਦ੍ਰਿੜਾਇਆ, ਸੋਹੰ ਸ਼ਬਦ ਅਗੰਮੀ ਚੋਗ। ਧੁਰ ਦਰਗਾਹੀ ਜੋਗ ਇਕ ਵਖਾਇਆ, ਸ਼ਬਦ ਅਨਾਦੀ ਗਾਏ ਸਲੋਕ। ਹਰਖ ਸੋਗ ਰਹੇ ਨਾ ਰਾਇਆ, ਚਰਨ ਦਾਸੀ ਮੁਕਤੀ ਮੋਖ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣੇ ਲੋਕ ਪਰਲੋਕ। ਲੋਕ ਪਰਲੋਕ ਵਖਾਣਦਾ, ਦੋ ਜਹਾਨਾ ਖੇਲ ਅਪਾਰ। ਬ੍ਰਹਿਮੰਡਾਂ ਖੰਡਾਂ ਪੁਣ ਛਾਣਦਾ, ਲੋਆਂ ਪੁਰੀਆਂ ਖ਼ਬਰਦਾਰ। ਲੱਖ ਚੁਰਾਸੀ ਖੇਲ ਸ੍ਰੀ ਭਗਵਾਨ ਦਾ, ਬ੍ਰਹਮ ਪਾਰਬ੍ਰਹਮ ਕਰੇ ਉਜਿਆਰ। ਵਿਸ਼ਨੂੰ ਕੰਮ ਕਰੇ ਪ੍ਰਿਤਪਾਲਦਾ, ਬ੍ਰਹਮਾ ਜੋਤ ਹੋਏ ਉਜਿਆਰ। ਸ਼ੰਕਰ ਹੁਕਮ ਅੰਤਮ ਸੰਘਾਰਦਾ, ਹੁਕਮੀ ਹੁਕਮ ਵਰਤਾਰ। ਤਿੰਨਾਂ ਬੇੜਾ ਆਪੇ ਤਾਰਦਾ, ਤ੍ਰੈਗੁਣ ਅਤੀਤਾ ਹਰਿ ਨਿਰੰਕਾਰ। ਗੁਰਮੁਖ ਸਾਚੇ ਪੈਜ ਸੁਆਰਦਾ, ਜੁਗਾਂ ਜੁਗੰਤਰ ਲਏ ਅਵਤਾਰ। ਨਿਰਗੁਣ ਸਰਗੁਣ ਮੇਲਾ ਨਾਰੀ ਕੰਤ ਭਤਾਰ ਦਾ, ਪੰਜ ਤਤ ਕਾਇਆ ਕਰੇ ਸ਼ਿੰਗਾਰ। ਸ਼ਬਦ ਸੁਨੇਹੜਾ ਸਾਚੇ ਯਾਰ ਦਾ, ਲੋਕਮਾਤ ਸੁਣਾਏ ਵਾਰੋ ਵਾਰ। ਸਤਿਜੁਗ ਤ੍ਰੇਤਾ ਦੁਆਪਰ ਪਾਰ ਉਤਾਰਦਾ, ਕਲਜੁਗ ਆਈ ਅੰਤਮ ਵਾਰ। ਲੇਖਾ ਜਾਣੇ ਧੁਰ ਦਰਬਾਰ ਦਾ, ਧੁਰ ਦਰਗਾਹੀ ਸੱਚੀ ਸਰਕਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਖੇਲੇ ਖੇਲ ਅਗੰਮ ਅਪਾਰ। ਅਲੱਖ ਅਗੰਮ ਅਗੰਮੜਾ, ਨਿਰਗੁਣ ਨਿਰਵੈਰ ਅਕਾਲ। ਹੱਡ ਮਾਸ ਨਾੜੀ ਨਾ ਦਿਸੇ ਚਮੜਾ, ਜੋਤੀ ਜਲਵਾ ਨੂਰ ਜਲਾਲ। ਮਾਇਆ ਮਮਤਾ ਨਾ ਦਮੜੀ ਦਮੜਾ, ਦੋਵੇਂ ਹੱਥ ਖ਼ਾਲੀ ਰਿਹਾ ਵਖਾਲ। ਜਨ ਭਗਤਾਂ ਦੱਸੇ ਰਾਹ ਇਕ ਸੁਖ਼ਲੜਾ, ਜੁਗਤ ਜਗ ਅਵੱਲੜੀ ਚਾਲ। ਸਚ ਸਿੰਘਾਸਣ ਆਪੇ ਮਲੜਾ, ਸਚਖੰਡ ਦੁਆਰ ਸੱਚੀ ਧਰਮਸਾਲ। ਹਰਿਜਨ ਫੜਾਏ ਆਪਣਾ ਪੱਲੜਾ, ਜੁਗਾ ਜੁਗੰਤਰ ਚਲੇ ਨਾਲ। ਹਰਖ ਸੋਗ ਨਾ ਖ਼ੁਸ਼ੀ ਗਮੜਾ, ਆਲਸ ਨਿੰਦਰਾ ਨਾ ਖਾਏ ਕਾਲ ਮਹਾਂਕਾਲ। ਸਾਚੇ ਧਾਮ ਆਪ ਸੁਹੰਦੜਾ, ਉਚ ਮਹੱਲ ਅਟੱਲ ਮੁਨਾਰ ਏਕੰਕਾਰ। ਸ਼ਬਦ ਅਨਾਦੀ ਨਾਦ ਵਜੰਦੜਾ, ਧੁਰ ਦੀ ਬਾਣੀ ਸੱਚੀ ਧੁਨਕਾਰ। ਕਲਜੁਗ ਅੰਤਮ ਵੇਸ ਵਟੰਦੜਾ, ਨਿਹਕਲੰਕਾ ਲੈ ਅਵਤਾਰ। ਹਰਿਜਨ ਸਾਚੇ ਵੇਖ ਵਖੰਦੜਾ, ਡੁੱਬਦੇ ਪਾਥਰ ਲਾਏ ਪਾਰ। ਜਿਸ ਦੁਆਰੇ ਚਰਨ ਛੁਹੰਦੜਾ, ਹੋਏ ਬੰਕ ਮਾਤ ਉਜਿਆਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚੇ ਪਾਵੇ ਸਾਰ। ਹਰਿਜਨ ਸਾਰ ਸਮਾਲ ਦਾ, ਸਰਬ ਗੁਣਾਂ ਗੁਣਵੰਤ। ਕਰੇ ਖੇਲ ਸਦਾ ਪ੍ਰਿਤਪਾਲ ਦਾ, ਪਾਰਬ੍ਰਹਮ ਪੂਰਨ ਭਗਵੰਤ। ਰੂਪ ਪਰਗਟਾਏ ਦੀਨ ਦਿਆਲ ਦਾ, ਲੇਖਾ ਚੁਕਾਏ ਜੀਵ ਜੰਤ। ਮਾਣ ਗੁਆਏ ਕਾਲ ਮਹਾਂਕਾਲ ਦਾ, ਹਰਿਜਨ ਵਡਿਆਏ ਸਾਚੇ ਸੰਤ। ਧਰਮਸਾਲ ਇਕ ਵਖਾਲਦਾ, ਹਰਿ ਮੰਦਰ ਮੇਲ ਮਿਲਾਵਾ ਨਾਰੀ ਕੰਤ। ਨਾਤਾ ਤੋੜ ਜਗਤ ਜੰਜਾਲ ਦਾ, ਕਾਇਆ ਚੋਲੀ ਚਾੜ੍ਹੇ ਰੰਗ ਬਸੰਤ। ਜੋ ਜਨ ਚਰਨ ਪ੍ਰੀਤੀ ਘਾਲਣ ਘਾਲਦਾ, ਸਤਿਗੁਰ ਪੂਰਾ ਹੋਏ ਸਹਾਈ ਅੰਤ। ਲੇਖਾ ਜਾਣੇ ਪਤ ਪਤ ਡਾਲ੍ਹ ਦਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣੀ ਮਹਿਮਾ ਜਾਣੇ ਅਗਣਤ। ਮਹਿਮਾ ਅਗਣਤ ਪੁਰਖ ਅਕਾਲ, ਲੇਖਾ ਲਿਖ ਨਾ ਸਕੇ ਕੋਈ ਰਾਈਆ। ਜੁਗਾ ਜੁਗੰਤਰ ਵੇਸ ਵਟਾਏ ਦੀਨ ਦਿਆਲ, ਦਇਆਨਿਧ ਬੇਪਰਵਾਹੀਆ। ਭਗਤ ਭਗਵੰਤ ਲਏ ਉਠਾਲ, ਪੂਰਬ ਕਰਮਾਂ ਵੇਖ ਵਖਾਈਆ। ਸੰਤਨ ਬਣੇ ਆਪ ਦਲਾਲ, ਸ਼ਬਦ ਵਿਚੋਲਾ ਫੇਰਾ ਪਾਈਆ। ਗੁਰਮੁਖ ਵੇਖੇ ਸਾਚੇ ਲਾਲ, ਲਾਲ ਅਣਮੁਲੜੇ ਗੋਦ ਬਹਾਈਆ। ਗੁਰਸਿਖ ਫਲ ਲਗਾਏ ਕਾਇਆ ਡਾਲ੍ਹ, ਪਤ ਡਾਲ੍ਹੀ ਆਪ ਮਹਿਕਾਈਆ। ਚਲੇ ਚਲਾਏ ਅਵੱਲੜੀ ਚਾਲ, ਵੇਦ ਕਤੇਬ ਭੇਵ ਨਾ ਰਾਈਆ। ਖਾਣੀ ਬਾਣੀ ਕਰੇ ਪੁਕਾਰ, ਬੇਅੰਤ ਸੱਚਾ ਸ਼ਹਿਨਸ਼ਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਮੇਲੇ ਸਹਿਜ ਸੁਭਾਈਆ। ਹਰਿਜਨ ਗੁਰਮੁਖ ਗੁਰਸਿਖ, ਨਿਵਣ ਸੁ ਅੱਖਰ ਇਕ ਪੜ੍ਹਾਇੰਦਾ। ਧੁਰ ਦੀ ਬਾਣੀ ਧੁਰ ਦਾ ਲੇਖਾ ਲਿਖ, ਮਸਤਕ ਲੇਖਾ ਆਪ ਚੁਕਾਇੰਦਾ। ਨਾਮ ਅਨਾਦੀ ਪਾਏ ਭਿੱਖ, ਸਾਚੀ ਝੋਲੀ ਆਪ ਭਰਾਇੰਦਾ। ਜਗਤ ਤ੍ਰਿਸ਼ਨਾ ਮੇਟੇ ਤ੍ਰਿਖ, ਮਾਇਆ ਮਮਤਾ ਮੋਹ ਚੁਕਾਇੰਦਾ। ਹਉਮੇ ਹੰਗਤਾ ਲਹੇ ਵਿਸ, ਅੰਮ੍ਰਿਤ ਆਤਮ ਜਾਮ ਪਿਆਇੰਦਾ। ਹਰਿ ਮੰਦਰ ਘਰ ਵਿਚ ਘਰ ਪਏ ਦਿਸ, ਸਤਿਗੁਰ ਪੂਰਾ ਆਪ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਮੇਲ ਮਿਲਾਇੰਦਾ। ਹਰਿ ਮੰਦਰ ਸੋਹੇ ਕਾਇਆ ਗੜ੍ਹ, ਗੁਰ ਸਤਿਗੁਰ ਆਪ ਸੁਹਾਇੰਦਾ। ਨਿਰਗੁਣ ਸਰਗੁਣ ਅੰਦਰ ਬੈਠਾ ਵੜ, ਦਿਸ ਕਿਸੇ ਨਾ ਆਇੰਦਾ। ਆਪਣੇ ਪੌੜੇ ਆਪੇ ਚੜ੍ਹ, ਆਪਣਾ ਬੰਕ ਸੁਹਾਇੰਦਾ। ਆਪਣੀ ਵਿਦਿਆ ਆਪੇ ਪੜ੍ਹ, ਆਪਣਾ ਜਾਪ ਆਪ ਜਪਾਇੰਦਾ। ਨਾ ਕੋਈ ਸੀਸ ਨਾ ਕੋਈ ਧੜ, ਨਿਰਗੁਣ ਆਪਣਾ ਰੂਪ ਪਰਗਟਾਇੰਦਾ। ਦਰਸ ਦਿਖਾਏ ਅਗੇ ਖੜ, ਸਵਛ ਸਰੂਪੀ ਖੇਲ ਖਿਲਾਇੰਦਾ। ਨਾ ਜਨਮੇ ਨਾ ਜਾਏ ਮਰ, ਜੂਨੀ ਜੂਨ ਨਾ ਕੋਇ ਭੁਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਵੇਖ ਵਖਾਇੰਦਾ। ਹਰਿਜਨ ਸਾਚੇ ਵੇਖਣਹਾਰਾ, ਘਟ ਘਟ ਰਿਹਾ ਸਮਾਈਆ। ਲੱਖ ਚੁਰਾਸੀ ਕਰੇ ਖੇਲ ਨਿਆਰਾ, ਨਿਰਗੁਣ ਸਰਗੁਣ ਜੋਤ ਜਗਾਈਆ। ਗੁਰਮੁਖ ਵਿਰਲੇ ਪਾਏ ਸਾਰਾ, ਜਿਸ ਜਨ ਆਪਣੀ ਬੂਝ ਬੁਝਾਈਆ। ਅੰਧ ਅੰਧੇਰ ਮਿਟਾਏ ਧੂੰਆਂਧਾਰਾ, ਜੋਤ ਨਿਰੰਜਣ ਕਰ ਰੁਸ਼ਨਾਈਆ। ਸ਼ਬਦ ਅਨਾਦ ਸੁਣਾਏ ਸੱਚੀ ਧੁਨਕਾਰਾ, ਧੁਨ ਆਤਮਕ ਆਪ ਵਜਾਈਆ। ਅੰਮ੍ਰਿਤ ਬਖ਼ਸ਼ੇ ਠੰਡੀ ਠਾਰਾ, ਚਰਨ ਚਰਨੋਦਕ ਮੁਖ ਚੁਆਈਆ। ਦੇਵੇ ਦਰਸ ਨੈਣ ਮੁੰਧਾਰਾ, ਨੇਤਰ ਨੈਣ ਆਪ ਖੁਲ੍ਹਾਈਆ। ਰੋਗਾਂ ਸੋਗਾਂ ਕਰੇ ਪਾਰਾ, ਚਿੰਤਾ ਸੋਗ ਰਹੇ ਨਾ ਰਾਈਆ। ਜਿਸ ਮਿਲਿਆ ਗੁਰ ਕਰਤਾਰਾ, ਕਰਤਾ ਕੀਮਤ ਆਪੇ ਪਾਈਆ। ਕਾਗਦ ਕਲਮ ਨਾ ਲਿਖਣਹਾਰਾ, ਹਰਿ ਕਾ ਭੇਵ ਨਾ ਸਕੇ ਕੋਇ ਜਣਾਈਆ। ਜੁਗਾ ਜੁਗੰਤਰ ਇਕ ਅਵਤਾਰਾ, ਗੁਰ ਇਸ਼ਟ ਇਕ ਅਖਵਾਈਆ। ਜਨ ਭਗਤਾਂ ਦੇਵੇ ਨਾਮ ਆਧਾਰਾ, ਨਾਮ ਨਿਧਾਨਾ ਝੋਲੀ ਪਾਈਆ। ਸ੍ਰਿਸ਼ਟ ਸਬਾਈ ਕਰੇ ਖ਼ੁਆਰਾ, ਚਾਰੋਂ ਕੁੰਟ ਕੁੰਟ ਹਲਕਾਈਆ। ਨਾਮ ਖੰਡਾ ਤੇਜ਼ ਕਟਾਰਾ, ਚੰਡ ਪਰਚੰਡ ਆਪ ਚਮਕਾਈਆ। ਨੌਂ ਸਤਿ ਦਏ ਹੁਲਾਰਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਲੇਖਾ ਜਾਣੇ ਬੇਪਰਵਾਹੀਆ। ਬੇਪਰਵਾਹ ਗਹਿਰ ਗੰਭੀਰ, ਗੁਣ ਅਵਗੁਣ ਨਾ ਕੋਇ ਰਖਾਇੰਦਾ। ਲੇਖਾ ਜਾਣੇ ਅੰਤ ਅਖੀਰ, ਲਿਖਿਆ ਲੇਖ ਨਾ ਕੋਇ ਵਖਾਇੰਦਾ। ਸ਼ਬਦ ਨਿਰਾਲਾ ਪਕੜੇ ਤੀਰ, ਚਿਲਾ ਹੱਥ ਨਾ ਕੋਇ ਉਠਾਇੰਦਾ। ਲੱਖ ਚੁਰਾਸੀ ਮਾਰੇ ਜ਼ੰਜ਼ੀਰ, ਆਪਣੀ ਆਪੇ ਗੰਢ ਪੁਆਇੰਦਾ। ਨਾਤਾ ਤੋੜੇ ਪੀਰ ਫ਼ਕੀਰ, ਸ਼ਾਹ ਹਕੀਰ ਰਹਿਣ ਨਾ ਪਾਇੰਦਾ। ਰਾਜ ਰਾਜਾਨ ਹੋਏ ਦਿਲਗੀਰ, ਧੀਰਜ ਧੀਰ ਨਾ ਕੋਇ ਰਖਾਇੰਦਾ। ਅਠਸਠ ਤੀਰਥ ਵਰੋਲੇ ਨੀਰ, ਨਾਮ ਮਧਾਣਾ ਏਕਾ ਪਾਇੰਦਾ। ਮਾਇਆ ਮਮਤਾ ਹਉਮੇ ਹੰਗਤਾ ਕੱਢੇ ਪੀੜ, ਸਾਚੀ ਸੰਗਤਾ ਮੇਲ ਮਿਲਾਇੰਦਾ। ਜੂਠਾ ਝੂਠਾ ਵੇਖੇ ਬਸਤਰ ਚੀਰ, ਤਨ ਕਫ਼ਨੀ ਕੌਣ ਹੰਢਾਇੰਦਾ। ਆਪੇ ਚੋਟੀ ਚੜ੍ਹੇ ਅਖ਼ੀਰ, ਦਰਗਹਿ ਸਾਚੀ ਧਾਮ ਸੁਹਾਇੰਦਾ। ਗੁਰਮੁਖਾਂ ਬਖ਼ਸ਼ੇ ਸਾਚਾ ਸੀਰ, ਭਰ ਪਿਆਲਾ ਆਪ ਪਿਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਆਪਣੀ ਕਾਰ ਕਮਾਇੰਦਾ। ਜੁਗ ਜੁਗ ਕਾਰ ਕਮਾਇੰਦਾ, ਨਿਹਕਰਮੀ ਕਰਮ ਵੀਚਾਰ। ਗ਼ਰੀਬ ਨਿਮਾਣੇ ਗਲੇ ਲਗਾਇੰਦਾ, ਸ਼ਾਹ ਸੁਲਤਾਨਾ ਮਾਰੇ ਮਾਰ। ਰਾਓ ਰੰਕ ਏਕਾ ਰੰਗ ਰੰਗਾਇੰਦਾ, ਇਕ ਸੁਹਾਏ ਬੰਕ ਦੁਆਰ। ਸ਼ਬਦ ਅਗੰਮੀ ਡੰਕ ਵਜਾਇੰਦਾ, ਚਾਰ ਕੁੰਟ ਹੋਏ ਜੈਕਾਰ। ਭਗਤ ਭਗਵੰਤ ਵੇਖ ਵਖਾਇੰਦਾ, ਨੇਤਰ ਨੈਣ ਖੋਲ੍ਹ ਕਿਵਾੜ। ਸਾਚੇ ਸੰਤਾਂ ਆਪ ਉਠਾਇੰਦਾ, ਵਾ ਲੱਗੇ ਨਾ ਤੱਤੀ ਹਾੜ। ਗੁਰਮੁਖ ਆਪਣੀ ਗੋਦ ਸੁਹਾਇੰਦਾ, ਦਰ ਘਰ ਸਾਚੇ ਲਏ ਵਾੜ। ਗੁਰਸਿਖ ਆਪਣੇ ਅੰਗ ਲਗਾਇੰਦਾ, ਕਰੇ ਪਰਕਾਸ਼ ਬਹੱਤਰ ਨਾੜ। ਲਾੜੀ ਮੌਤ ਦਰ ਦੁਰਕਾਇੰਦਾ, ਰਾਏ ਧਰਮ ਨਾ ਕਰੇ ਖ਼ੁਆਰ। ਚਿਤਰ ਗੁਪਤ ਨਾ ਲੇਖ ਵਿਖਾਇੰਦਾ, ਜੋ ਜਨ ਚਰਨ ਸਰਨ ਕਰੇ ਨਿਮਸਕਾਰ। ਵੇਲੇ ਅੰਤ ਮੇਲ ਮਿਲਾਇੰਦਾ, ਲੱਖ ਚੁਰਾਸੀ ਉਤਰੇ ਪਾਰ। ਸਤਿਗੁਰ ਪੂਰਾ ਦਇਆ ਕਮਾਇੰਦਾ, ਭਵ ਜਲ ਬੇੜਾ ਲਾਏ ਪਾਰ। ਮਾਨਸ ਜਨਮ ਲੇਖੇ ਲਾਇੰਦਾ, ਨਾਤਾ ਤੋੜ ਸਰਬ ਸੰਸਾਰ। ਪੁਰਖ ਬਿਧਾਤਾ ਵੇਖ ਵਖਾਇੰਦਾ, ਕਲਜੁਗ ਤੇਰੀ ਅੰਤਮ ਵਾਰ। ਉਤਮ ਜ਼ਾਤਾ ਆਪ ਧਰਾਇੰਦਾ, ਵਰਨ ਬਰਨ ਨਾ ਕੋਇ ਅਧਾਰ। ਜੋਤੀ ਜਾਤਾ ਆਪ ਅਖਵਾਇੰਦਾ, ਜੋਤੀ ਜੋਤ ਕਰੇ ਪਿਆਰ। ਇਕ ਇਕਾਂਤਾ ਵੇਖ ਵਖਾਇੰਦਾ, ਦਿਸ ਨਾ ਆਏ ਵੇਖਣਹਾਰ। ਅੰਦਰ ਮੰਦਰ ਜਾਮ ਪਿਆਇੰਦਾ, ਭਰ ਪਿਆਲਾ ਠੰਡਾ ਠਾਰ। ਗੁਰਮੁਖ ਨਾਰੀ ਕੰਤ ਮਿਲਾਇੰਦਾ, ਘਰ ਸਖ਼ੀਆਂ ਮੰਗਲਚਾਰ। ਜਗਤ ਵਿਛੋੜਾ ਪੰਧ ਮੁਕਾਇੰਦਾ, ਟੁੱਟੀ ਗੰਢੇ ਗੰਢਣਹਾਰ। ਆਪਣਾ ਲੇਖਾ ਲੇਖੇ ਪਾਇੰਦਾ, ਲੇਖਾ ਕੋਇ ਨਾ ਮੰਗੇ ਦੂਜੀ ਵਾਰ। ਜਿਸ ਜਨ ਆਪਣੀ ਸਰਨ ਲਗਾਇੰਦਾ, ਦੋ ਜਹਾਨਾਂ ਦਏ ਅਧਾਰ। ਅੰਤਮ ਜੋਤੀ ਜੋਤ ਮਿਲਾਇੰਦਾ, ਬ੍ਰਹਮ ਪਾਰਬ੍ਰਹਮ ਕਰੇ ਪਿਆਰ। ਦਰਗਹਿ ਸਾਚੀ ਧਾਮ ਬਹਾਇੰਦਾ, ਸਚਖੰਡ ਦੁਆਰਾ ਖੋਲ੍ਹ ਕਿਵਾੜ। ਗੁਰਸਿਖ ਜਨਮ ਮਰਨ ਵਿਚ ਨਾ ਆਇੰਦਾ, ਜਿਸ ਪਾਇਆ ਹਰਿ ਨਿਰੰਕਾਰ। ਜੁਗ ਜੁਗ ਲੇਖਾ ਆਪ ਮੁਕਾਇੰਦਾ, ਸ਼ਾਹੋ ਭੂਪ ਬਣ ਸੱਚੀ ਸਰਕਾਰ। ਸਾਚੇ ਤਖ਼ਤ ਆਪ ਸੁਹਾਇੰਦਾ, ਸਚਖੰਡ ਨਿਵਾਸੀ ਏਕੰਕਾਰ। ਕਲਜੁਗ ਅੰਤਮ ਵੇਖ ਵਖਾਇੰਦਾ, ਰੈਣ ਅੰਧੇਰੀ ਧੂੰਆਂਧਾਰ। ਗੁਰਸਿਖ ਗੁਰਮੁਖ ਆਪ ਜਗਾਇੰਦਾ, ਸੰਤ ਭਗਤ ਭਗਵੰਤ ਕਰੇ ਪਿਆਰ। ਏਕਾ ਮੰਦਰ ਸੋਭਾ ਪਾਇੰਦਾ, ਹਰਿ ਜੂ ਹਰੀ ਹਰਿ ਖੇਲ ਨਿਆਰ। ਗੁਰਮੁਖ ਸਾਚੇ ਚਰਨ ਬਹਾਇੰਦਾ, ਆਪ ਆਪਣੀ ਕਿਰਪਾ ਧਾਰ। ਨਿਰਧਨ ਸਰਧਨ ਵੇਖ ਵਖਾਇੰਦਾ, ਦੋਹਾਂ ਵਿਚੋਲਾ ਸਿਰਜਣਹਾਰ। ਘਰ ਘਰ ਆਪੇ ਰਿਜ਼ਕ ਸਬਾਇੰਦਾ, ਵਿਸ਼ਨੂੰ ਵੰਸੀ ਸੇਵਾਦਾਰ। ਸਚ ਭੰਡਾਰ ਆਪ ਵਰਤਾਇੰਦਾ, ਅਤੋਟ ਅਤੁਟ ਵਰਤੇ ਵਿਚ ਸੰਸਾਰ। ਗੁਰਸਿਖ ਸਾਚੇ ਮੇਲ ਮਿਲਾਇੰਦਾ, ਗੁਰ ਪੂਰਾ ਕਰ ਪਿਆਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੇਵਣਹਾਰਾ ਜੀਆ ਦਾਨ, ਦਾਤਾ ਦਾਨੀ ਆਪ ਕਰਤਾਰ।
