Granth 09 Likhat 166: 14 Bhadro 2017 Bikarmi Raj Singh de Greh Faridkot Jila Ferozepur

੧੪ ਭਾਦਰੋਂ ੨੦੧੭ ਬਿਕ੍ਰਮੀ ਰਾਜ ਸਿੰਘ ਦੇ ਗ੍ਰਹਿ ਫਰੀਦ ਕੋਟ ਜ਼ਿਲਾ ਫਿਰੋਜ਼ ਪੁਰ

ਜੀਓ ਪਿੰਡ ਜਨ ਪਰਤੀਤ, ਜੀਵਨ ਜਗਤ ਜੁਗਤ ਹਰਿਜਨ ਜਸ ਗਾਈਆ। ਕਾਇਆ ਬ੍ਰਹਿਮੰਡ ਬੈਠਾ ਰਹੇ ਅਤੀਤ, ਤ੍ਰੈਗੁਣ ਭਿਨ ਅਨਡਿਠ ਰੂਪ ਸਮਾਈਆ। ਤਤਵ ਤਤ ਕਰਾਏ ਠੰਡਾਂ ਸੀਤ, ਚਰਨ ਪ੍ਰੀਤ ਇਕ ਸਮਝਾਈਆ। ਅਗੰਮੀ ਢੋਲਾ ਗਾਏ ਸੁਣਾਏ ਸੁਹਾਗੀ ਗੀਤ, ਧੁਨ ਅਨਹਦ ਆਪ ਉਪਜਾਈਆ। ਨਾਤਾ ਤੋੜ ਜਗਤ ਬੇਪ੍ਰੀਤ, ਮਨ ਬਿਪਰ ਲਏ ਸਮਝਾਈਆ। ਆਦਿ ਜੁਗਾਦਿ ਭਗਤ ਭਗਵੰਤ ਲੇਖਾ ਜਾਣੇ ਹਸਤ ਕੀਟ, ਊਚ ਨੀਚ ਵੇਖੇ ਸਰਬ ਘਟ ਥਾਈਂਆ। ਹੱਥ ਵਖਾਏ ਸੀਸ ਟਿਕਾਏ ਪਤੰਮਬਰ ਪੀਤ, ਪਤਿ ਪਰਮੇਸ਼ਵਰ ਵਡੀ ਵਡਿਆਈਆ। ਚੇਤਨ ਵਸੇ ਸਦਾ ਚੀਤ, ਚਾਤ੍ਰਿਕ ਰੂਪ ਸਦਾ ਬਿਲਲਾਈਆ। ਤਨ ਕਪੜ ਕਰੇ ਪਤਿਤ ਪੁਨੀਤ, ਦੁਰਮਤ ਮੈਲ ਆਪ ਧਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੀਓ ਪਿੰਡ ਵੇਖ ਵਖਾਈਆ। ਜੀਓ ਪਿੰਡ ਜਗਤ ਜੁਗ ਰਾਸ, ਜੋਤੀ ਜਾਤਾ ਵੇਖ ਵਖਾਇੰਦਾ। ਬ੍ਰਹਮ ਦਾਤਾ ਪਾਰਬ੍ਰਹਮ ਪੁਰਖ ਅਬਿਨਾਸ਼, ਪੁਰਖ ਬਿਧਾਤਾ ਖੇਲ ਖਿਲਾਇੰਦਾ। ਉਤਮ ਜਾਤਾ ਸਰਬ ਗੁਣਤਾਸ, ਆਪਣਾ ਰਾਥਾ ਆਪ ਚਲਾਇੰਦਾ। ਸੁਣਾਏ ਗਾਥਾ ਘਟ ਘਟ ਵਾਸ, ਸ਼ਬਦ ਅਨਾਦੀ ਧੁਨ ਵਜਾਇੰਦਾ। ਸਗਲਾ ਸਾਥਾ ਜੋਤ ਪਰਕਾਸ਼, ਨਿਰਗੁਣ ਸਰਗੁਣ ਮੇਲ ਮਿਲਾਇੰਦਾ। ਤ੍ਰੈ ਤ੍ਰੈ ਪੂਰੀ ਕਰੇ ਆਸ, ਚੌਥਾ ਗੇੜਾ ਆਪ ਰਖਾਇੰਦਾ। ਭਗਵੰਤ ਭਿਖਾਰੀ ਭਗਤ ਰਹੇ ਉਦਾਸ, ਦਿਵਸ ਰੈਣ ਰਾਹ ਤਕਾਇੰਦਾ। ਗਹਿਰ ਗੰਭੀਰਾ ਕਾਇਆ ਸਰੀਰਾ ਵਸੇ ਆਸ ਪਾਸ, ਆਸਨ ਸਿੰਘਾਸਣ ਸੋਭਾ ਪਾਇੰਦਾ। ਜੀਓ ਪਿੰਡ ਜਗਤ ਦਾਤਾ ਦਾਸ, ਸੇਵਕ ਸਾਚੀ ਸੇਵ ਕਮਾਇੰਦਾ। ਭਗਤੀ ਭਾਵ ਪੂਰੀ ਕਰੇ ਆਸ, ਭਗਵਨ ਆਪਣੀ ਵਸਤ ਝੋਲੀ ਪਾਇੰਦਾ। ਲੋਕਮਾਤ ਬੁਝਾਏ ਲੱਗੀ ਪਿਆਸ, ਅਗਨ ਤਤ ਨਾ ਕੋਇ ਤਪਾਇੰਦਾ। ਭਗਤ ਵਿਛੋੜਾ ਕਰੇ ਨਾਸ, ਆਸਤਕ ਆਪਣੇ ਅੰਗ ਲਗਾਇੰਦਾ। ਦੋ ਜਹਾਨਾਂ ਕਰੇ ਬੰਦ ਖ਼ਲਾਸ, ਬੰਧਨ ਬੰਦੀ ਤੋੜ ਦਇਆ ਕਮਾਇੰਦਾ। ਲੇਖਾ ਜਾਣੇ ਇਕ ਇਕ ਸਾਸ, ਸਾਲਸ ਬੈਠਾ ਲੇਖ ਲਿਖਾਇੰਦਾ। ਆਦਿ ਜੁਗਾਦਿ ਨਾ ਹੋਏ ਵਿਨਾਸ, ਅਬਿਨਾਸ਼ੀ ਆਪਣਾ ਨਾਉਂ ਧਰਾਇੰਦਾ। ਜੀਓ ਪਿੰਡ ਸਦ ਰੱਖੇ ਵਾਸ, ਘਰ ਮੰਦਰ ਸੋਭਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਖਿਲਾਇੰਦਾ। ਜੀਓ ਪਿੰਡ ਅੰਧੇਰਾ ਘੁਪ, ਰਵ ਸਸ ਨਾ ਕੋਇ ਰੁਸ਼ਨਾਈਆ। ਨਿਰਗੁਣ ਨਰਾਇਣ ਨਰ ਹਰਿ ਅੰਦਰ ਬੈਠਾ ਛੁਪ, ਮੁਖ ਆਪਣਾ ਪਰਦਾ ਪਾਈਆ। ਨਾ ਕੋਈ ਛਾਂ ਨਾ ਕੋਈ ਧੁੱਪ, ਦਿਵਸ ਰੈਣ ਨਾ ਕੋਇ ਵਖਾਈਆ। ਨਾ ਕੋਈ ਮਾਤ ਨਾ ਕੋਈ ਪਿਤ, ਪਿਤਾ ਗੋਦ ਨਾ ਕੋਇ ਸੁਹਾਈਆ। ਨਾ ਕੋਈ ਥਿਤ ਵਾਰ ਦਿਸੇ ਰੁਤ, ਘੜੀ ਪਲ ਨਾ ਵੰਡ ਵੰਡਾਈਆ। ਨਾ ਕੋਈ ਅੰਮ੍ਰਿਤ ਜਾਮ ਪਿਆਏ ਘੁੱਟ, ਪਿਆਲਾ ਸੁਰਾਹੀ ਨਾ ਹੱਥ ਉਠਾਈਆ। ਨਾ ਕੋਈ ਧਨ ਦੌਲਤ ਰਿਹਾ ਲੁੱਟ, ਠੱਗ ਚੋਰ ਯਾਰ ਦਿਸ ਕੋਇ ਨਾ ਆਈਆ। ਨਾ ਕੋਈ ਮੀਤ ਮੁਰਾਰ ਬਣ ਬਣ ਬਹੇ ਰੁੱਠ, ਨਾ ਕੋਈ ਰੁਠੜਾ ਰਿਹਾ ਮਨਾਈਆ। ਇਕ ਅਕੱਲਾ ਜੀਓ ਪਿੰਡ ਬ੍ਰਹਮ ਪਾਰਬ੍ਰਹਮ ਜਾਏ ਤੁਠ, ਆਪ ਆਪਣਾ ਲਏ ਮਿਲਾਈਆ। ਆਪਣੀ ਗੋਦੀ ਆਪੇ ਚੁੱਕ, ਆਪਣੀਆਂ ਭੁਜਾਂ ਆਪ ਸੁਹਾਈਆ। ਪਾਰਬ੍ਰਹਮ ਅਬਿਨਾਸ਼ੀ ਅਚੁਤ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਲੇਖਾ ਆਪ ਜਣਾਈਆ। ਜੀਓ ਪਿੰਡ ਜਗ ਜੀਵਨ ਦਾਤਾ, ਜੀਵਨ ਮੁਕਤ ਆਪ ਅਖਵਾਇੰਦਾ। ਆਠੇ ਪਹਿਰ ਏਕਾ ਗਾਥਾ, ਗਹਿਰ ਗੰਭੀਰ ਆਪ ਸੁਣਾਇੰਦਾ। ਜੁਗਾ ਜੁਗੰਤਰ ਸਗਲਾ ਸਾਥਾ, ਸਗਲਾ ਸੰਗ ਆਪ ਨਿਭਾਇੰਦਾ। ਦੀਪਕ ਜੋਤੀ ਜੋਤ ਪਰਕਾਸ਼ਾ, ਪਰਕਾਸ਼ ਪਰਕਾਸ਼ ਵਿਚ ਟਿਕਾਇੰਦਾ। ਦੀਨਾ ਨਾਥ ਅਨਾਥ ਅਨਾਥਾ, ਮਾਣ ਨਿਮਾਣਿਆਂ ਆਪ ਰਖਾਇੰਦਾ। ਚਰਨ ਕਵਲ ਕਵਲ ਭਰਵਾਸਾ, ਧਰਤ ਧਵਲ ਧਵਲ ਸੁਹਾਇੰਦਾ। ਲੇਖਾ ਜਾਣੇ ਪ੍ਰਿਥਮੀ ਆਕਾਸ਼ਾ, ਗਗਨ ਮੰਡਲ ਫੋਲ ਫੁਲਾਇੰਦਾ। ਅਪ ਤੇਜ ਵਾਏ ਰੱਖੇ ਵਾਸਾ, ਆਪਣਾ ਤਤ ਆਪ ਉਪਾਇੰਦਾ। ਜੀਓ ਪਿੰਡ ਕਰੇ ਖੇਲ ਤਮਾਸ਼ਾ, ਖੇਲਣਹਾਰਾ ਦਿਸ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣਾ ਮੰਦਰ ਆਪ ਸੁਹਾਇੰਦਾ। ਜੀਓ ਪਿੰਡ ਹਰੀ ਹਰਿ ਮੰਦਰ, ਹਰਿ ਕੰਚਨ ਗੜ੍ਹ ਸੁਹਾਈਆ। ਨਿਰਗੁਣ ਨਿਰਵੈਰ ਵੜਿਆ ਅੰਦਰ, ਮੂਰਤ ਅਕਾਲ ਕਰ ਰੁਸ਼ਨਾਈਆ। ਆਪਣਾ ਲਾਏ ਆਪੇ ਜਿੰਦਰ, ਨਾ ਕੋਇ ਤੋੜੇ ਤੋੜ ਤੁੜਾਈਆ। ਮਨ ਮਨੂਆ ਨੌਂ ਦਵਾਰੇ ਫਿਰੇ ਬੰਦਰ, ਦਹਿ ਦਿਸ਼ਾ ਫੇਰੀ ਪਾਈਆ। ਜਗਤ ਵਾਸਨਾ ਬਣ ਕਲੰਦਰ, ਚਾਰੋਂ ਕੁੰਟ ਰਹੀ ਨਚਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੀਓ ਪਿੰਡ ਆਪਣਾ ਆਪ ਧਰ, ਧੁਰ ਧਾਮ ਵੇਖ ਵਖਾਈਆ। ਜੀਓ ਪਿੰਡ ਹਰਿ ਮਹੱਲਾ ਹਰਿ, ਹਰਿ ਜੂ ਆਪ ਵਸਾਇੰਦਾ। ਏਕੰਕਾਰਾ ਬੈਠ ਅਕੱਲਾ, ਅਕਲ ਕਲ ਆਪਣੀ ਆਪ ਧਰਾਇੰਦਾ। ਅਨਭਵ ਪਰਕਾਸ਼ ਅਛੱਲ ਅਛੱਲਾ, ਵਲ ਛਲਧਾਰੀ ਖੇਲ ਖਿਲਾਇੰਦਾ। ਵਸਣਹਾਰਾ ਜਲਾਂ ਥਲਾਂ, ਜੰਗਲ ਜੂਹ ਉਜਾੜ ਪਹਾੜ ਡੂੰਘੀ ਕੰਦਰ ਫੋਲ ਫੁਲਾਇੰਦਾ। ਸਚ ਸਿੰਘਾਸਣ ਪੁਰਖ ਅਬਿਨਾਸ਼ਨ ਏਕਾ ਮੱਲਾ, ਆਤਮ ਸੇਜਾ ਸੇਜ ਸੁਹਾਇੰਦਾ। ਸੁਰਤ ਸਵਾਣੀ ਫੜਾਏ ਪੱਲਾ, ਸ਼ਬਦ ਗੁਰ ਹਾਣੀ ਵੇਖ ਵਖਾਇੰਦਾ। ਅੰਮ੍ਰਿਤ ਆਤਮ ਠੰਡਾ ਪਾਣੀ ਪਿਆਏ ਜਲਾ, ਨਿਝਰ ਝਿਰਨਾ ਆਪ ਝਿਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਰੰਗ ਆਪ ਰੰਗਾਇੰਦਾ। ਜੀਓ ਪਿੰਡ ਹਰਿ ਰੰਗ ਰੰਗੀਲਾ, ਸ਼ਾਹ ਪਾਤਸ਼ਾਹ ਵੱਡੀ ਵਡਿਆਈਆ। ਪਾਰਬ੍ਰਹਮ ਪ੍ਰਭ ਛੈਲ ਛਬੀਲਾ, ਆਪਣਾ ਜੋਬਨ ਆਪ ਹੰਢਾਈਆ। ਆਪਣੀ ਸੇਜੇ ਆਪੇ ਸੁਤਾ ਕਰ ਕਰ ਹੀਲਾ, ਆਪਣੀ ਕਰਵਟ ਆਪ ਬਦਲਾਈਆ। ਆਪਣਾ ਬਣਾਏ ਆਪ ਕਬੀਲਾ, ਨਾਰੀ ਕੰਤ ਆਪ ਅਖਵਾਈਆ। ਆਪਣੀ ਕਰੇ ਆਪ ਦਲੀਲਾ, ਇਛਿਆ ਆਪਣੀ ਵੰਡ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੀਓ ਪਿੰਡ ਆਪਣਾ ਜੋਬਨ ਵੇਖ ਵਖਾਈਆ। ਜੀਓ ਪਿੰਡ ਹਰਿ ਜੋਬਨ ਜਵਾਨੀ, ਸ਼ਬਦੀ ਸ਼ਬਦ ਸ਼ਬਦ ਹੰਢਾਇੰਦਾ। ਇਕ ਅਕੱਲਾ ਏਕੰਕਾਰਾ ਦਿਸੇ ਸਚ ਨਿਧਾਨੀ, ਆਪਣਾ ਪਰਦਾ ਆਪੇ ਲਾਹਿੰਦਾ। ਧੁਰ ਦੀ ਧਾਰ ਅਗੰਮੀ ਬਾਣੀ, ਦੋ ਜਹਾਨਾ ਆਪ ਸੁਣਾਇੰਦਾ। ਆਪਣਾ ਆਪ ਆਪਣੇ ਉਤੋਂ ਕਰ ਕੁਰਬਾਨੀ, ਕਾਇਆ ਕੁਰਾ ਵੇਖ ਵਖਾਇੰਦਾ। ਸਚ ਦਵਾਰਾ ਪਦ ਨਿਰਬਾਨੀ, ਪਰਮ ਪੁਰਖ ਪ੍ਰਭ ਆਸਣ ਲਾਇੰਦਾ। ਨਿਰਧਨ ਸਰਧਨ ਬਣੇ ਦਾਨੀ, ਨਾਮ ਦਾਨ ਆਪ ਵਰਤਾਇੰਦਾ। ਜੋਤ ਜਗਾਏ ਪੁਰਖ ਸੁਲਤਾਨੀ, ਅੰਧ ਅੰਧੇਰ ਗਵਾਇੰਦਾ। ਆਪਣੀ ਗਾਏ ਅਕਥ ਕਹਾਣੀ, ਰਸਨਾ ਜਿਹਵਾ ਨਾ ਕੋਇ ਹਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਬੰਕ ਆਪ ਸੁਹਾਇੰਦਾ। ਜੀਓ ਪਿੰਡ ਬੰਕ ਸੁਹਾਵਣਾ, ਹੱਡ ਮਾਸ ਨਾੜੀ ਰਤ ਪੰਜ ਤਤ ਜੋੜ ਜੁੜਾਈਆ। ਤਖ਼ਤ ਨਿਵਾਸੀ ਤਖ਼ਤ ਸੁਹਾਵਣਾ, ਆਤਮ ਸੇਜਾ ਪਾਰਬ੍ਰਹਮ ਵਡਿਆਈਆ। ਗਾਇਣ ਗੀਤ ਗੋਬਿੰਦ ਏਕਾ ਗਾਵਣਾ, ਨੇਤਰ ਲੋਚਣ ਨੈਣ ਨਿਜ ਆਪਣੇ ਦਰਸਨ ਪਾਈਆ। ਮੁਖ ਆਪਣਾ ਪਰਦਾ ਆਪੇ ਲਾਹਵਣਾ, ਸਵਛ ਸਰੂਪੀ ਰੂਪ ਪਰਗਟਾਈਆ। ਹਰਿਜਨ ਸਾਚੇ ਮੇਲ ਮਿਲਾਵਣਾ, ਵਰਨਾਂ ਬਰਨਾਂ ਕੱਟੇ ਫਾਹੀਆ। ਅੰਗੀਕਾਰ ਆਪ ਅਖਵਾਵਣਾ, ਆਪਣਾ ਅੰਗਨ ਲਏ ਸੁਹਾਈਆ । ਊਚ ਨੀਚ ਭੇਵ ਚੁਕਾਵਣਾ, ਭੇਵ ਖੁਲ੍ਹਾਏ ਬੇਪਰਵਾਹੀਆ। ਦੀਨਾਂ ਨਾਥਾ ਦਰਦ ਵੰਡਾਵਣਾ, ਦੁਖੀਆਂ ਦੁੱਖ ਆਪਣੀ ਝੋਲੀ ਪਾਈਆ। ਨਿਮਾਣ ਨਿਮਾਣਿਆਂ ਗਲੇ ਲਗਾਵਣਾ, ਨਿਤਾਨ ਨਿਤਾਨਿਆਂ ਹੋਏ ਸਹਾਈਆ। ਆਪ ਫੜਾਏ ਆਪਣਾ ਦਾਮਨਾ, ਦਾਮਨਗੀਰ ਸੱਚਾ ਸ਼ਹਿਨਸ਼ਾਹੀਆ। ਜੀਓ ਪਿੰਡ ਹਰਿਜਨ ਪੂਰੀ ਕਰੇ ਭਾਵਣਾ, ਭਾਵੀ ਭੇਵ ਨਾ ਕੋਇ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਮੇਲਾ ਏਕਾ ਘਰ, ਹਰਿਜਨ ਹਰਿ ਹਰਿ ਮਿਲਿਆ ਵਰ, ਵਰ ਨਰ ਕੰਤ ਕੰਤੂਲ ਆਤਮ ਸੇਜਾ ਸੁਹਾਏ ਬਰਖੇ ਸਾਚੇ ਫੂਲ, ਪਵਣ ਪਵਣੀ ਸੇਵਾ ਆਪ ਲਗਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਰਬ ਜੀਆਂ ਕਾ ਏਕਾ ਦਾਤਾ, ਦੇਵਣਹਾਰ ਸ੍ਰਿਸ਼ਟ ਸਬਾਈਆ।