੧੧ ਭਾਦਰੋਂ ੨੦੧੭ ਬਿਕ੍ਰਮੀ ਮਕੰਦ ਸਿੰਘ ਦੇ ਗ੍ਰਹਿ ਪਿੰਡ ਮਹਰਾਜ ਜ਼ਿਲਾ ਬਠਿੰਡਾ
ਪੁਰਖ ਅਕਾਲ ਸਰਬ ਗੁਣਵੰਤਾ, ਸਤਿ ਸਤਿ ਵੱਡੀ ਵਡਿਆਈਆ। ਸੋ ਪੁਰਖ ਨਿਰੰਜਣ ਜੁਗਾ ਜੁਗੰਤਾ, ਜਾਗਰਤ ਜੋਤ ਕਰੇ ਰੁਸ਼ਨਾਈਆ। ਹਰਿ ਪੁਰਖ ਨਿਰੰਜਣ ਸਾਚਾ ਧਾਮ ਸਹੰਤਾ, ਨਿਰਗੁਣ ਦਾਤਾ ਬੇਪਰਵਾਹੀਆ। ਏਕੰਕਾਰਾ ਏਕਾ ਧਾਮ ਵਸੰਤਾ, ਥਿਰ ਘਰ ਸਾਚੇ ਸੋਭਾ ਪਾਈਆ। ਆਦਿ ਨਿਰੰਜਣ ਜੋਤੀ ਨੂਰ ਵਖੰਤਾ, ਨੂਰ ਨੁਰਾਨਾ ਡਗਮਗਾਈਆ। ਅਬਿਨਾਸ਼ੀ ਕਰਤਾ ਬੇਅੰਤ ਬੇਅੰਤਾ, ਮਹਿਮਾ ਅਕਥ ਕਥੀ ਨਾ ਜਾਈਆ। ਸ੍ਰੀ ਭਗਵਾਨ ਆਪ ਆਪਣਾ ਅੰਗੀਕਾਰ ਕਰੇ ਲਾਏ ਅੰਗ ਅੰਗਦਾ, ਮੇਲ ਮਿਲਾਵਾ ਸਹਿਜ ਸੁਭਾਈਆ। ਪਾਰਬ੍ਰਹਮ ਦਰ ਦਰਬਾਨ ਦਰ ਦਰਵੇਸ਼ ਬਣੇ ਮ਼ੰਗਤਾ, ਆਪਣੀ ਭਿਖਿਆ ਆਪੇ ਝੋਲੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਨੂਰ ਆਪ ਪਰਗਟਾਈਆ। ਆਪੇ ਜੋਤ ਆਪੇ ਜਾਤਾ, ਜੋਤੀ ਜੋਤ ਆਪ ਜਗਾਇੰਦਾ। ਆਪੇ ਪੁਰਖ ਆਪ ਬਿਧਾਤਾ, ਆਪਣੀ ਬੁਧ ਆਪ ਰਖਾਇੰਦਾ। ਆਪੇ ਪਿਤਾ ਆਪੇ ਮਾਤਾ, ਆਪੇ ਬਾਲਕ ਗੋਦ ਸੁਹਾਇੰਦਾ। ਆਪੇ ਦੇਵਣਹਾਰਾ ਸਾਚੀ ਦਾਤਾ, ਦਾਤਾ ਦਾਨੀ ਆਪ ਅਖਵਾਇੰਦਾ। ਆਪੇ ਨਿਰਗੁਣ ਰੱਖੇ ਨਿਰਗੁਣ ਸਾਥਾ, ਆਦਿ ਜੁਗਾਦਿ ਸੰਗ ਨਿਭਾਇੰਦਾ। ਤ੍ਰੈ ਤ੍ਰੈ ਭਵਨ ਚਲਾਏ ਰਾਥਾ, ਰਥ ਰਥਵਾਹੀ ਸੇਵ ਕਮਾਇੰਦਾ। ਆਪੇ ਸ਼ਬਦ ਅਨਾਦੀ ਗਾਏ ਗਾਥਾ, ਨਾਉਂ ਨਿਰੰਕਾਰਾ ਆਪ ਅਲਾਇੰਦਾ। ਆਪੇ ਖੇਲੇ ਖੇਲ ਤਮਾਸ਼ਾ, ਮੰਡਲ ਮੰਡਪ ਆਪ ਸੁਹਾਇੰਦਾ। ਆਪੇ ਰਵ ਸਸ ਕਰੇ ਪਰਕਾਸ਼ਾ, ਸੂਰਜ ਚੰਨ ਆਪ ਚੜ੍ਹਾਇੰਦਾ। ਆਪੇ ਦਿਵਸ ਆਪੇ ਰਾਤਾ, ਘੜੀ ਪਲ ਆਪਣੀ ਵੰਡ ਵੰਡਾਇੰਦਾ। ਆਪੇ ਪੂਜਾ ਆਪੇ ਪਾਠਾ, ਇਸ਼ਟ ਗੁਰਦੇਵ ਆਪ ਹੋ ਜਾਇੰਦਾ। ਆਪੇ ਸਰੋਵਰ ਮਾਰੇ ਠਾਠਾ, ਅੰਮ੍ਰਿਤ ਤਾਲ ਆਪ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣੀ ਕਲ ਆਪ ਧਰਾਇੰਦਾ। ਆਪੇ ਆਪਣੀ ਕਲ ਧਾਰ, ਆਪਣੀ ਮਹਿਮਾ ਆਪ ਜਣਾਈਆ। ਆਪੇ ਰੂਪ ਅਨੂਪ ਸੱਚੀ ਸਰਕਾਰ, ਸਾਚੇ ਤਖ਼ਤ ਆਪ ਸੁਹਾਈਆ। ਆਪੇ ਅਬਿਨਾਸ਼ੀ ਕਰਤਾ ਹੋ ਉਜਿਆਰ, ਨੂਰ ਨੁਰਾਨਾ ਡਗਮਗਾਈਆ। ਆਪੇ ਵਸੇ ਸਚਖੰਡ ਸੱਚੇ ਦਰਬਾਰ, ਸਚ ਸਿੰਘਾਸਣ ਸੋਭਾ ਪਾਈਆ। ਆਪੇ ਰਾਜਨ ਭੂਪ ਬਣ ਸਿਕਦਾਰ, ਸ਼ਹਿਨਸ਼ਾਹ ਆਪ ਹੋ ਜਾਈਆ। ਆਪੇ ਹੁਕਮੀ ਹੁਕਮ ਵਰਤੇ ਵਰਤਾਰ, ਆਪੇ ਭਾਣੇ ਰਿਹਾ ਸਮਾਈਆ। ਆਪੇ ਸੀਸ ਬੰਨ੍ਹ ਦਸਤਾਰ, ਸਾਚਾ ਤਾਜ ਆਪ ਉਠਾਈਆ। ਆਪੇ ਸਤਿ ਸਤਿਵਾਦੀ ਨਿਸ਼ਾਨਾ ਦੇਵੇ ਚਾੜ੍ਹ, ਦਰਗਹਿ ਸਾਚੀ ਵੱਜੇ ਵਧਾਈਆ। ਆਪੇ ਬਣੇ ਸਾਚਾ ਲਾੜ, ਨਿਰਗੁਣ ਨਰਾਇਣ ਵਡ ਵਡਿਆਈਆ। ਆਪੇ ਘੜੇ ਆਪਣਾ ਘਾੜ, ਘੜਨ ਭੰਨਣਹਾਰ ਆਪ ਹੋ ਜਾਈਆ। ਆਪੇ ਗੁਪਤ ਆਪੇ ਜ਼ਾਹਿਰ, ਜ਼ਾਹਿਰ ਜ਼ਹੂਰ ਆਪਣੀ ਖੇਲ ਖਿਲਾਈਆ। ਆਪੇ ਸ਼ਬਦ ਨਾਦ ਤੂਰ ਵਜਾਏ ਸਤਾਰ, ਸ਼ਬਦ ਜੈਕਾਰਾ ਆਪ ਕਰਾਈਆ। ਆਪੇ ਥਿਰ ਘਰ ਖੋਲ੍ਹੇ ਬੰਦ ਕਿਵਾੜ, ਥਿਰ ਘਰ ਵਾਸੀ ਆਪਣੀ ਮਹਿਮਾ ਆਪ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਜੁਗਾਦਿ ਇਕ ਅਕੱਲਾ, ਕਰੇ ਖੇਲ ਉਚ ਮਹੱਲਾ, ਨੇਹਚਲ ਅਟੱਲਾ ਆਪ ਸੁਹਾਈਆ। ਆਪੇ ਮਹੱਲ ਆਪ ਅਟਾਰ, ਨਿਰਗੁਣ ਨਿਰੰਕਾਰ ਆਪ ਅਖਵਾਇੰਦਾ। ਆਪੇ ਜੋਤੀ ਜੋਤ ਹੋ ਉਜਿਆਰ, ਨੂਰੋ ਨੂਰ ਨੂਰ ਸਮਾਇੰਦਾ। ਆਪੇ ਸ਼ਬਦ ਸ਼ਬਦ ਜੈਕਾਰ, ਆਪੇ ਧੁਨ ਧੁਨ ਉਪਜਾਇੰਦਾ। ਆਪੇ ਸਤਿ ਸਤਿ ਵਰਤੇ ਵਰਤਾਰ, ਸਤਿ ਸਤਿਵਾਦੀ ਆਪ ਅਖਵਾਇੰਦਾ। ਅਗੰਮ ਅਗੰਮੜੀ ਕਰੇ ਕਾਰ, ਅਗੰਮ ਅਥਾਹ ਭੇਵ ਨਾ ਆਇੰਦਾ। ਆਪੇ ਅਲੱਖ ਅਲੱਖਣਾ ਉਚੀ ਕੂਕ ਕਰੇ ਪੁਕਾਰ, ਆਪਣੀ ਅਲੱਖ ਆਪ ਜਗਾਇੰਦਾ। ਆਪੇ ਸਚ ਮਹੱਲਾ ਪੈਜ ਸਵਾਰ, ਆਪੇ ਆਪਣੀ ਬਣਤ ਬਣਾਇੰਦਾ। ਆਪੇ ਜਲਾਂ ਥਲਾਂ ਕਰੇ ਵਿਚਾਰ, ਮਹੀਅਲ ਆਪਣਾ ਰੂਪ ਵਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਸਣਹਾਰਾ ਸਾਚੇ ਘਰ, ਘਰ ਸੁਹੰਜਣਾ ਆਦਿ ਨਿਰੰਜਣ ਇਕ ਵਖਾਇੰਦਾ। ਆਪੇ ਦਾਤਾ ਧੁਰ ਸੰਜੋਗੀ, ਜੁਗਤ ਆਪਣੇ ਹੱਥ ਰਖਾਇੰਦਾ। ਆਪੇ ਰਸੀਆ ਰਸ ਰਸ ਭੋਗੀ, ਭਸਮੜ ਰੂਪ ਨਾ ਕੋਈ ਵਟਾਇੰਦਾ। ਆਪੇ ਦੇਵੇ ਦਰਸ ਅਮੋਘੀ, ਸਵਛ ਸਰੂਪ ਆਪ ਪਰਗਟਾਇੰਦਾ। ਆਪੇ ਹੋਏ ਅਗਾਧ ਬੋਧੀ, ਬੋਧ ਅਗਾਧਾ ਸ਼ਬਦ ਅਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਸਣਹਾਰਾ ਸਾਚੇ ਦਰ, ਦਰ ਦਰਵਾਜਾ ਆਪ ਖੁਲ੍ਹਾਇੰਦਾ। ਆਪੇ ਦਰ ਆਪ ਦਰਵਾਜਾ, ਖੋਲ੍ਹਣਹਾਰ ਆਪ ਹੋ ਜਾਈਆ। ਆਪੇ ਹੋਏ ਗ਼ਰੀਬ ਨਿਵਾਜਾ, ਗਹਿਰ ਗੰਭੀਰ ਵੱਡੀ ਵਡਿਆਈਆ। ਆਪਣਾ ਸਾਜਣ ਆਪੇ ਸਾਜਾ, ਤਖ਼ਤ ਨਿਵਾਸੀ ਸੱਚਾ ਪਾਤਸ਼ਾਹੀਆ। ਆਪੇ ਭੂਪ ਆਪੇ ਰਾਜਾ, ਆਪੇ ਨਿਉਂ ਨਿਉਂ ਸੀਸ ਝੁਕਾਈਆ। ਆਪੇ ਦਰ ਦਰਵੇਸ਼ ਬਣ ਬਣ ਮਾਰੇ ਵਾਜਾ, ਸਚਖੰਡ ਦਵਾਰੇ ਸੇਵ ਕਮਾਈਆ। ਆਪੇ ਰੱਖੇ ਆਪਣੀ ਲਾਜਾ, ਆਦਿ ਜੁਗਾਦਿ ਵੱਡੀ ਵਡਿਆਈਆ। ਆਪੇ ਅਸਵ ਚੜ੍ਹੇ ਤਾਜਾ, ਸਾਚਾ ਘੋੜਾ ਆਪ ਦੌੜਾਈਆ। ਆਪੇ ਚਲਾਏ ਨਾਮ ਜਹਾਜਾ, ਏਕਾ ਚੱਪੂ ਹੱਥ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕ ਅਕੱਲਾ ਏਕੰਕਾਰ, ਕਰੇ ਖੇਲ ਅਪਰ ਅਪਾਰ, ਅਲੱਖ ਅਗੋਚਰ ਭੇਵ ਨਾ ਆਈਆ। ਆਪੇ ਰਾਜ ਜੋਗ ਸਿਕਦਾਰ, ਸ਼ਾਹ ਪਾਤਸ਼ਾਹ ਆਪ ਅਖਵਾਇੰਦਾ। ਆਪੇ ਰਈਯਤ ਕਰੇ ਪਿਆਰ, ਰਾਮ ਰੂਪ ਆਪ ਵਟਾਇੰਦਾ। ਆਪੇ ਵਿਸ਼ਨੂੰ ਵਿਸ਼ਵ ਕਰ ਅਕਾਰ, ਨਿਰਾਕਾਰ ਸਾਕਾਰ ਖੇਲ ਖਿਲਾਇੰਦਾ। ਆਪੇ ਕਵਲਾ ਬੰਨ੍ਹੇ ਧਾਰ, ਅੰਮ੍ਰਿਤ ਨਾਭੀ ਆਪ ਟਿਕਾਇੰਦਾ। ਆਪੇ ਫੂਲ ਫੂਲਨ ਹੋਏ ਉਜਿਆਰ, ਸਾਚੀ ਮਾਲਨ ਆਪ ਹੋ ਜਾਇੰਦਾ। ਆਪੇ ਪਤ ਡਾਲ੍ਹੀ ਪਾਏ ਸਾਰ, ਸਾਚੀ ਖਾਰੀ ਸੀਸ ਉਠਾਇੰਦਾ। ਸ਼ਬਦ ਦਲਾਲਣ ਬਣ ਵਣਜਾਰ, ਵਿਸ਼ਨੂੰ ਅੰਦਰ ਫੇਰਾ ਪਾਇੰਦਾ। ਜੋਤ ਅਕਾਲਣ ਸੇਵਾਦਾਰ, ਰੂਪ ਰੰਗ ਨਾ ਕੋਈ ਵਖਾਇੰਦਾ। ਆਪੇ ਸ਼ਾਹੋ ਭੂਪ ਹਰਿ ਨਿਰੰਕਾਰ, ਸਾਚੇ ਮੰਦਰ ਸੋਭਾ ਪਾਇੰਦਾ। ਆਪੇ ਪੰਖੜੀਆਂ ਆਪੇ ਗੁਲਜ਼ਾਰ, ਆਪੇ ਗੁੰਚਾ ਮੁਖ ਖੁਲ੍ਹਾਇੰਦਾ। ਆਪੇ ਭਵਰਾ ਗੂੰਜੇ ਦਰ ਦਵਾਰ, ਅਜੂਨੀ ਰਹਿਤ ਅਨਭਵ ਪਰਕਾਸ਼ ਆਪ ਕਰਾਇੰਦਾ। ਆਪੇ ਬ੍ਰਹਮਾ ਪਾਰਬ੍ਰਹਮ ਕਰੇ ਨਿਆਰ, ਨਿਰਗੁਣ ਆਪਣੀ ਵੰਡ ਵੰਡਾਇੰਦਾ। ਆਪੇ ਸਾਜਣ ਸਾਚੇ ਕਰੇ ਪਿਆਰ, ਸਾਚੇ ਮੇਲਾ ਆਪ ਮਿਲਾਇੰਦਾ। ਆਪੇ ਤਾਕੀ ਖੋਲ੍ਹੇ ਬੰਦ ਕਿਵਾੜ, ਧੁਰ ਫ਼ਰਮਾਣਾ ਆਪ ਸੁਣਾਇੰਦਾ। ਆਪੇ ਚਾਰੇ ਮੁਖ ਲਏ ਉਘਾੜ, ਰਸਨਾ ਜਿਹਵਾ ਆਪ ਹਿਲਾਇੰਦਾ। ਆਪੇ ਨਿਸ਼ਅੱਖਰ ਵੱਖਰ ਦੇਵੇ ਧਾਰ, ਆਪਣੀ ਮਹਿਮਾ ਆਪ ਸੁਣਾਇੰਦਾ। ਆਪੇ ਚਾਰੇਂ ਵੇਦਾਂ ਭਰ ਭੰਡਾਰ, ਵਿਦਤ ਆਪਣੇ ਵਿਚ ਟਿਕਾਇੰਦਾ। ਆਪੇ ਖੇਲ ਕਰੇ ਨਿਰੰਕਾਰ, ਖੇਲ ਖਿਲਾੜੀ ਵੇਸ ਵਟਾਇੰਦਾ। ਨਿਰਗੁਣ ਨਿਰਗੁਣ ਪਾਵੇ ਸਾਰ, ਰੂਪ ਰੰਗ ਰੇਖ ਆਪਣੇ ਵਿਚ ਟਿਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਵਿਸ਼ਨ ਆਪੇ ਬ੍ਰਹਮਾ, ਆਪਣੇ ਮੰਦਰ ਆਪੇ ਜੰਮਾ, ਮਾਤ ਪਿਤ ਨਾ ਕੋਈ ਰਖਾਇੰਦਾ। ਆਪੇ ਵਿਸ਼ਨੂੰ ਕਰੇ ਪਿਆਰ, ਸੋ ਪੁਰਖ ਨਿਰੰਜਣ ਏਕਾ ਮੰਤਰ ਨਾਮ ਦ੍ਰਿੜਾਈਆ। ਹਉਮੇ ਹੰਗਤਾ ਬ੍ਰਹਮ ਕਰ ਪਸਾਰ, ਪਾਰਬ੍ਰਹਮ ਆਪਣੀ ਵੰਡ ਵੰਡਾਈਆ। ਆਪੇ ਸ਼ੰਕਰ ਦੇਵੇ ਧਾਰ, ਧੂਆਂਧਾਰ ਆਪ ਸਮਾਈਆ। ਆਪੇ ਸੁੰਨ ਸਮਾਧੀ ਹੋਏ ਉਜਿਆਰ, ਨਿਰਗੁਣ ਜੋਤ ਕਰ ਰੁਸ਼ਨਾਈਆ। ਆਪੇ ਅੰਦਰ ਬਾਹਰ ਗੁਪਤ ਜ਼ਾਹਿਰ, ਚਾਰੇ ਕੂਟਾਂ ਵੇਖ ਵਖਾਈਆ। ਆਪੇ ਦਹਿ ਦਿਸ਼ਾ ਦਏ ਹੁਲਾਰ, ਲੋਆਂ ਪੁਰੀਆਂ ਖੋਜ ਖੁਜਾਈਆ। ਆਪੇ ਬ੍ਰਹਿਮੰਡ ਖੰਡ ਵਰਤੇ ਵਰਤਾਰ, ਗਗਨ ਪਤਾਲਾਂ ਆਪ ਸਮਾਈਆ। ਆਪੇ ਨਿਰਗੁਣ ਸਰਗੁਣ ਕਰੇ ਖੇਲ ਅਗੰਮ ਅਪਾਰ, ਲੇਖਾ ਲਿਖ ਨਾ ਸਕੇ ਕੋਈ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਜੁਗਾਦੀ ਏਕਾ ਹਰਿ, ਹਰਿ ਜੂ ਹਰਿ ਮੰਦਰ ਰਿਹਾ ਸਮਾਈਆ। ਹਰਿ ਮੰਦਰ ਹਰਿ ਸੁਹਾਇੰਦਾ, ਆਪ ਆਪਣੀ ਕਿਰਪਾ ਧਾਰ। ਨਿਰਗੁਣ ਦੀਵਾ ਬਾਤੀ ਇਕ ਜਗਾਇੰਦਾ, ਪੁਰਖ ਅਕਾਲ ਹੋ ਉਜਿਆਰ। ਦੀਨ ਦਿਆਲਾ ਦਇਆ ਕਮਾਇੰਦਾ, ਸਤਿ ਸਰੂਪੀ ਸਾਚੀ ਧਾਰ। ਸਚ ਸਿੰਘਾਸਣ ਇਕ ਸੁਹਾਇੰਦਾ, ਨਿਰਗੁਣ ਰਾਜਾ ਬਣ ਸਿਕਦਾਰ। ਸਾਚਾ ਛਤਰ ਆਪ ਝੁਲਾਇੰਦਾ, ਉਣੰਜਾ ਪਵਣ ਨਾ ਕੋਈ ਹੁਲਾਰ। ਬ੍ਰਹਮਾ ਵਿਸ਼ਨ ਸ਼ਿਵ ਸੀਸ ਝੁਕਾਇੰਦਾ, ਤ੍ਰੈ ਤ੍ਰੈ ਮੀਤਾ ਕਰਨ ਚਰਨ ਨਿਮਸਕਾਰ। ਏਕਾ ਮੰਤਰ ਨਾਮ ਦ੍ਰਿੜਾਇੰਦਾ, ਸੋਹੰ ਸ਼ਬਦ ਸੱਚੀ ਜੈਕਾਰ। ਪਾਰਬ੍ਰਹਮ ਆਪਣਾ ਰੂਪ ਆਪ ਪਰਗਟਾਇੰਦਾ, ਏਕਾ ਬ੍ਰਹਮ ਕਰ ਪਸਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਖੇਲੇ ਖੇਲ ਅਪਰ ਅਪਾਰ। ਆਪੇ ਤ੍ਰੈਗੁਣ ਦਾਤਾ ਹਰਿ ਨਿਰੰਕਾਰ, ਕਰਤਾ ਪੁਰਖ ਵਡ ਵਡਿਆਈਆ। ਆਪੇ ਤ੍ਰੈਗੁਣ ਮਾਇਆ ਕਰੇ ਪਸਾਰ, ਰਜੋ ਤਮੋ ਸਤੋ ਆਪ ਪਰਗਟਾਈਆ। ਆਪੇ ਪੰਜ ਤਤ ਕਰੇ ਅਕਾਰ, ਅਪ ਤੇਜ ਵਾਏ ਪ੍ਰਿਥਮੀ ਅਕਾਸ਼ ਆਪ ਉਪਾਈਆ। ਆਪੇ ਲੱਖ ਚੁਰਾਸੀ ਭਾਂਡੇ ਘੜੇ ਵਿਚ ਸੰਸਾਰ, ਬ੍ਰਹਮਾ ਵਿਸ਼ਨ ਸ਼ਿਵ ਸੇਵ ਲਗਾਈਆ। ਆਪੇ ਰਕਤ ਬੂੰਦ ਕਰੇ ਪਿਆਰ, ਨਾਰੀ ਕੰਤ ਆਪ ਸੁਹਾਈਆ। ਆਪੇ ਮਨ ਮਤ ਬੁਧ ਦਏ ਅਧਾਰ, ਆਸਾ ਤ੍ਰਿਸ਼ਨਾ ਆਪ ਭਰਾਈਆ। ਆਪੇ ਕਾਮ ਕ੍ਰੋਧ ਮੋਹ ਲੋਭ ਹੰਕਾਰ, ਆਪੇ ਹੰਗਤਾ ਗੜ੍ਹ ਵਸਾਈਆ। ਆਪੇ ਵਸਿਆ ਅੰਧ ਅੰਧ ਅੰਧਿਆਰ, ਡੂੰਘੀ ਕੰਦਰ ਡੇਰਾ ਲਾਈਆ। ਆਪੇ ਜੋਤੀ ਜੋਤ ਕਰੇ ਉਜਿਆਰ, ਆਦਿ ਨਿਰੰਜਣ ਸੇਵ ਕਮਾਈਆ। ਆਪੇ ਸੁਖਮਨ ਟੇਡੀ ਗਾਰ, ਈੜਾ ਪਿੰਗਲ ਆਪਣਾ ਰਾਹ ਵਖਾਈਆ। ਆਪੇ ਅੰਮ੍ਰਿਤ ਠੰਡੀ ਠਾਰ, ਕਾਇਆ ਮੰਦਰ ਆਪ ਟਿਕਾਈਆ। ਆਪੇ ਸ਼ਬਦ ਧੁਨ ਸਚ ਜੈਕਾਰ, ਅਨਹਦ ਤਾਲ ਆਪ ਵਜਾਈਆ। ਆਪੇ ਸਖ਼ੀਆਂ ਮੰਗਲਾਚਾਰ, ਗੀਤ ਗੋਬਿੰਦ ਆਪੇ ਗਾਈਆ। ਆਪੇ ਬਜਰ ਕਪਾਟੀ ਲਾਏ ਪਾੜ, ਦੂਈ ਦਵੈਤੀ ਦਏ ਚੁਕਾਈਆ। ਆਪੇ ਆਤਮ ਸੇਜਾ ਹੋ ਉਜਿਆਰ, ਨਿਝ ਘਰ ਸਾਚਾ ਆਪ ਸੁਹਾਈਆ। ਆਪੇ ਬ੍ਰਹਮ ਪਾਰਬ੍ਰਹਮ ਹੋ ਪਾਵੇ ਸਾਰ, ਈਸ਼ ਜੀਵ ਵੇਖ ਵਖਾਈਆ। ਆਪੇ ਜਗਦੀਸ਼ ਸੱਚੀ ਸਰਕਾਰ, ਜਗਤ ਜੋਤੀ ਜੋਤ ਕਰੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਦਾਤਾ ਦਾਨੀ ਦਰਦ ਭੰਡਾਰੀ, ਆਪਣੀ ਵੰਡਨ ਆਪ ਵੰਡਾਈਆ। ਆਪੇ ਭੰਡਾਰੀ ਆਪੇ ਦਾਤਾ, ਦੇਵਣਹਾਰ ਆਪ ਅਖਵਾਇੰਦਾ। ਆਪੇ ਸੰਸਾਰੀ ਆਪੇ ਗਿਆਤਾ, ਗਿਆਨ ਧਿਆਨ ਆਪ ਜਣਾਇੰਦਾ। ਆਪੇ ਸ਼ਬਦ ਆਪੇ ਰਾਥਾ, ਆਪੇ ਜੁਗ ਜੁਗ ਸੇਵ ਕਮਾਇੰਦਾ। ਆਪੇ ਜੋਤੀ ਨੂਰ ਲਿਲਾਟਾ, ਨੂਰ ਨੁਰਾਨਾ ਡਗਮਗਾਇੰਦਾ। ਆਪੇ ਜਾਣੇ ਆਦਿ ਜੁਗਾਦੀ ਵਾਟਾ, ਆਪਣਾ ਪੰਧ ਆਪ ਮੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਖੇਲੇ ਖੇਲ ਸਾਚੇ ਘਰ, ਦਰ ਦਰ ਘਰ ਘਰ ਆਪ ਸੁਹਾਇੰਦਾ। ਆਪੇ ਦਰ ਆਪ ਦਰਵੇਸ਼, ਦੀਨਾ ਨਾਥ ਵੱਡੀ ਵਡਿਆਈਆ। ਆਪੇ ਨਰ ਆਪ ਨਰੇਸ਼, ਨਰ ਨਰਾਇਣ ਆਪ ਅਖਵਾਈਆ। ਆਪੇ ਵਿਸ਼ਨ ਬ੍ਰਹਮਾ ਬਣੇ ਮਹੇਸ਼, ਆਪਣੀ ਕਲ ਆਪ ਧਰਾਈਆ। ਆਪੇ ਤ੍ਰੈਗੁਣ ਮਾਇਆ ਧਾਰੇ ਭੇਖ, ਪੰਚਮ ਆਪਣਾ ਰੰਗ ਰੰਗਾਈਆ। ਆਪੇ ਬਾਸ਼ਕ ਸੁਤਾ ਸੇਜ, ਸਾਂਗੋ ਪਾਂਗ ਆਪ ਹੰਢਾਈਆ। ਆਪੇ ਬ੍ਰਹਮਾ ਨੇਤਰ ਰਿਹਾ ਪੇਖ, ਆਪਣਾ ਨੈਣ ਆਪ ਖੁਲ੍ਹਾਈਆ। ਆਪੇ ਪੂਜਾ ਗਣਪਤ ਗਣੇਸ਼, ਬਾਸ਼ਕ ਤਸ਼ਕਾ ਗਲ ਹੰਢਾਈਆ । ਆਪੇ ਦੋ ਜਹਾਨਾਂ ਧਾਰੇ ਭੇਖ, ਗੁਰ ਪੀਰ ਅਵਤਾਰ ਆਪਣਾ ਨਾਉਂ ਧਰਾਈਆ। ਆਪੇ ਭਗਤਾਂ ਦੇਵੇ ਭਗਤੀ ਟੇਕ, ਭਗਵਨ ਭਾਵਨੀ ਆਪ ਪੂਰ ਕਰਾਈਆ। ਆਪੇ ਸੰਤਨ ਕਰੇ ਬੁਧ ਬਿਬੇਕ, ਦੁਰਮਤ ਮੈਲ ਆਪ ਧੁਆਈਆ। ਆਪੇ ਗੁਰਮੁਖਾਂ ਲਿਖਣਹਾਰਾ ਲੇਖ, ਲੇਖਾ ਆਪਣੇ ਹੱਥ ਰਖਾਈਆ। ਆਪੇ ਗੁਰਮੁਖ ਸੱਜਣ ਲਏ ਪੇਖ, ਜੁਗ ਜੁਗ ਆਪਣਾ ਮੇਲ ਮਿਲਾਈਆ। ਆਪੇ ਮੇਟਣਹਾਰਾ ਜਗਤ ਲੱਗੀ ਮੇਖ, ਲੱਖ ਚੁਰਾਸੀ ਫੋਲ ਫੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰ ਕਿਰਪਾ ਹੋਏ ਸਹਾਈਆ। ਆਪ ਸਹਾਇਕ ਸਰਬ ਗੁਣਵੰਤਾ, ਆਪੇ ਰਛਕ ਰਿਛਿਆ ਭਗਤ ਕਰਾਇੰਦਾ। ਆਪੇ ਮੇਲ ਮਿਲਾਵਾ ਸਾਚੇ ਸੰਤਾ, ਜੁਗ ਜੁਗ ਆਪਣੀ ਧਾਰ ਬੰਧਾਇੰਦਾ। ਆਪੇ ਸ਼ਬਦ ਮਣੀਆ ਮੰਤਾ, ਰਸਨਾ ਜਿਹਵਾ ਆਪ ਸੁਣਾਇੰਦਾ । ਆਪੇ ਤੋੜੇ ਗੜ੍ਹ ਹਉਮੇ ਹੰਗਤਾ, ਨਿਵਣ ਸੁ ਅੱਖਰ ਆਪ ਪੜ੍ਹਾਇੰਦਾ। ਆਪੇ ਦਰ ਦਰਵੇਸ਼ ਬਣੇ ਮੰਗਤਾ, ਜੁਗ ਜੁਗ ਜਨ ਭਗਤ ਦੁਆਰੇ ਆਇੰਦਾ। ਆਪੇ ਕਾਇਆ ਚੋਲੀ ਸਾਚੀ ਰੰਗਦਾ, ਨਾਮ ਮਜੀਠੀ ਇਕ ਚੜ੍ਹਾਇੰਦਾ। ਆਪੇ ਲੋਆਂ ਪੁਰੀਆਂ ਲੰਘਦਾ, ਬ੍ਰਹਿਮੰਡ ਖੰਡ ਚਰਨਾਂ ਹੇਠ ਦਬਾਇੰਦਾ। ਆਪੇ ਕਰੇ ਖੇਲ ਸੂਰੇ ਸਰਬੰਗ ਦਾ, ਸਤਿਗੁਰ ਪੂਰਾ ਆਪਣਾ ਨਾਉਂ ਧਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣਾ ਮੇਲ ਆਪ ਮਿਲਾਇੰਦਾ। ਆਪੇ ਪਾਰਬ੍ਰਹਮ ਬਲ ਬਾਵਨ ਭੇਖਾ ਧਾਰ, ਪਾਰਬ੍ਰਹਮ ਵੱਡੀ ਵਡਿਆਈਆ। ਆਪੇ ਦਰ ਦਰ ਮੰਗੇ ਮੰਗ ਕਰਤਾਰ, ਕਿਰਤੀ ਆਪਣੀ ਕਿਰਤ ਕਮਾਈਆ। ਆਪੇ ਧਰਤ ਧਵਲ ਕਰ ਉਜਿਆਰ, ਜਲ ਬਿੰਬ ਆਪ ਟਿਕਾਈਆ। ਆਪੇ ਸੇਵਕ ਕਰੇ ਸੇਵਾਦਾਰ, ਸ਼ਾਸਤਰ ਸਿਮਰਤ ਦੇਣ ਗਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭਾਣਾ ਆਪ ਵਖਾਈਆ। ਆਪੇ ਭਾਣਾ ਆਪੇ ਰਾਣਾ, ਆਪੇ ਹੁਕਮ ਚਲਾਇੰਦਾ। ਆਪੇ ਚਤਰ ਸੁਘੜ ਸਿਆਣਾ, ਮੂਰਖ ਮੂੜ ਆਪ ਅਖਵਾਇੰਦਾ। ਆਪੇ ਰਾਗ ਆਪੇ ਗਾਣਾ, ਨਾਦ ਧੁਨ ਆਪ ਵਜਾਇੰਦਾ। ਆਪੇ ਪਵਣ ਆਪੇ ਮਸਾਣਾ, ਪਵਣ ਪਵਣੀ ਆਪ ਸਮਾਇੰਦਾ। ਆਪੇ ਪੀਣਾ ਆਪੇ ਖਾਣਾ, ਆਪੇ ਘਰ ਘਰ ਰਿਜ਼ਕ ਪੁਚਾਇੰਦਾ। ਆਪੇ ਦਾਨਾ ਆਪੇ ਬੀਨਾ, ਬੀਨਾ ਦਾਨਾ ਆਪ ਹੋ ਆਇੰਦਾ। ਆਪੇ ਜਲ ਆਪੇ ਮੀਨਾ, ਆਪੇ ਬਾਲੂ ਤਤ ਤਪਾਇੰਦਾ। ਆਪੇ ਅੰਮ੍ਰਿਤ ਆਤਮ ਠੰਡਾ ਸੀਤਾ, ਸਰ ਸਰੋਵਰ ਆਪ ਅਖਵਾਇੰਦਾ। ਆਪੇ ਲੇਖਾ ਜਾਣੇ ਲੋਕਾਂ ਤੀਨਾਂ, ਚੌਦਾਂ ਹੱਟ ਫੋਲ ਫੁਲਾਇੰਦਾ। ਆਪੇ ਆਪਣੇ ਰੰਗ ਹੋਏ ਭੀਨਾ, ਭਿੰਨੜੀ ਰੈਣ ਆਪ ਸੁਹਾਇੰਦਾ। ਆਪੇ ਮਰਨਾ ਆਪੇ ਜੀਣਾ, ਲੱਖ ਚੁਰਾਸੀ ਆਪ ਭਵਾਇੰਦਾ। ਆਪੇ ਪਾਟਾ ਆਪੇ ਸੀਣਾ, ਆਪੇ ਦੋਏ ਦੋਏ ਜੋੜ ਜੁੜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਰੰਗ ਰੰਗਾਇੰਦਾ। ਆਪੇ ਰੰਗ ਰੰਗੀਲਾ, ਛੈਲ ਛਬੀਲਾ ਸਾਚਾ ਮਾਹੀਆ। ਆਪੇ ਕਰੇ ਆਪਣਾ ਹੀਲਾ, ਹਲਤ ਪਲਤ ਆਪ ਸਮਾਈਆ। ਆਪੇ ਰੂਪ ਵਟਾਏ ਲਾਲ ਕੰਚਨ ਸੂਹਾ ਪੀਲਾ, ਚਿੱਟੀ ਧਾਰ ਆਪ ਸਮਾਈਆ। ਆਪੇ ਕਾਲਾ ਰੰਗ ਹੋਏ ਅਧੀਨਾ, ਆਪੇ ਨੀਲੀ ਧਾਰ ਪਾਰ ਕਰਾਈਆ। ਆਪੇ ਭੰਨੇ ਹੰਕਾਰੀ ਬੀਨਾ, ਗੜ੍ਹ ਹੰਕਾਰ ਆਪ ਤੁੜਾਈਆ। ਆਪੇ ਮਜ਼੍ਹਬ ਆਪੇ ਦੀਨਾ, ਸ਼ਰਅ ਸ਼ਰੀਯਤ ਆਪ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਰਚਨਾ ਆਪ ਰਚਾਈਆ। ਆਪੇ ਬੇਐਬ ਪਰਵਰਦਿਗਾਰ, ਆਪੇ ਨੂਰੋ ਨੂਰ ਅਖਵਾਇੰਦਾ। ਆਪੇ ਮੁਕਾਮੇ ਹੱਕ ਵਸੇ ਸਾਚਾ ਯਾਰ, ਸਾਂਝਾ ਯਾਰ ਨਾਉਂ ਵਡਿਆਇੰਦਾ। ਆਪੇ ਹੱਕ ਹਕੀਕਤ ਰਾਹ ਰਿਹਾ ਤੱਕ, ਆਪਣੀ ਤਦਬੀਰ ਆਪ ਬਣਾਇੰਦਾ। ਆਪੇ ਵੇਖੇ ਖ਼ਲਕ ਖ਼ੁਦਾਈ ਹੋ ਪਰਗਟ, ਨੂਰੋ ਨੂਰ ਡਗਮਗਾਇੰਦਾ। ਆਪੇ ਚੌਦਾਂ ਤਬਕਾਂ ਖੋਲ੍ਹੇ ਹੱਟ, ਜ਼ਿਮੀ ਅਸਮਾਨਾ ਡੇਰਾ ਢਾਹਿੰਦਾ। ਆਪੇ ਪੀਰ ਫ਼ਕੀਰ ਦਸਤਗੀਰ ਸ਼ਾਹ ਹਕੀਰ ਖੇਲ ਬਾਜ਼ੀਗਰ ਨਟ, ਸਵਾਂਗੀ ਸਵਾਂਗ ਆਪਣਾ ਆਪ ਵਖਾਇੰਦਾ। ਆਪੇ ਕੁਤਬ ਗੌਂਸ਼ ਮੁਲਾਂ ਸ਼ੇਖ਼ ਨਟੂਆ ਨਟ, ਤਸਬੀ ਮਾਲਾ ਆਪ ਲਟਕਾਇੰਦਾ। ਆਪੇ ਅੰਜੀਲ ਕੁਰਾਨਾਂ ਏਕਾ ਮਸਲਾ ਰਿਹਾ ਰਟ, ਕਾਇਨਾਤ ਆਪ ਸੁਣਾਇੰਦਾ। ਏਕਾ ਆਬੇਹਯਾਤ ਪੀਏ ਗਟ ਗਟ, ਸਤਿ ਪਿਆਲਾ ਹੱਥ ਰਖਾਇੰਦਾ। ਏਕਾ ਮੱਕਾ ਕਾਅਬਾ ਬੈਠਾ ਡਟ, ਸਚ ਮਹਿਰਾਬੇ ਆਸਣ ਲਾਇੰਦਾ। ਏਕਾ ਦੂਈ ਦਵੈਤੀ ਲਾਏ ਫਟ, ਏਕਾ ਕਲਮਾ ਨਬੀ ਆਪ ਸਿਖਾਇੰਦਾ। ਏਕਾ ਅਹਿਬਾਬ ਰਬਾਬ ਵਜਾਏ ਸੱਟ, ਸਤਿ ਸਤਾਰ ਆਪ ਹਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕ ਅਕੱਲਾ ਆਪਣੀ ਕਲ ਵਰਤਾਇੰਦਾ। ਆਪੇ ਜਲਵਾ ਨੂਰ ਜਲਾਲ, ਬਿਸਮਲ ਆਪਣਾ ਨਾਉਂ ਧਰਾਈਆ। ਆਪੇ ਫ਼ਲਕ ਆਪੇ ਖ਼ਲਕ ਆਪੇ ਅਰਸ਼ ਆਪੇ ਕੁਰਸ਼ ਆਪੇ ਧਮਾਲ, ਮਲੰਗ ਆਪਣਾ ਅੰਗ ਆਪ ਪਰਗਟਾਈਆ। ਆਪੇ ਪਤ ਡਾਲ੍ਹੀ ਡਾਲ੍ਹ, ਫੁਲ ਫਲਵਾੜੀ ਆਪ ਮਹਿਕਾਈਆ। ਆਪੇ ਸੰਗ ਮੁਹੰਮਦ ਚਾਰ ਯਾਰ ਚਲੇ ਨਾਲ ਨਾਲ, ਹਕ ਹਕੀਕਤ ਦਏ ਗਵਾਹੀਆ। ਆਪੇ ਅੱਲਾ ਰਾਣੀ ਬਣੇ ਦਲਾਲ, ਮੁਖ ਘੁੰਘਟ ਮਾਤ ਉਠਾਈਆ। ਆਪੇ ਕਾਲ ਆਪੇ ਮਹਾਂਕਾਲ, ਦੀਨ ਦਿਆਲ ਆਪ ਅਖਵਾਈਆ। ਆਪੇ ਰਾਏ ਧਰਮ ਲਏ ਉਠਾਲ, ਅਠਾਈ ਕੁੰਡਾ ਆਪ ਖੁਲਾਈਆ। ਆਪੇ ਚਿਤਰ ਗੁਪਤ ਦਏ ਵਿਖਾਲ, ਲੱਖ ਚੁਰਾਸੀ ਭੁੱਲ ਨਾ ਰਾਈਆ। ਆਪੇ ਲਾੜੀ ਮੌਤ ਸਿਰ ਚੁਨੀ ਰੰਗੇ ਲਾਲ, ਹੱਥੀਂ ਮਹਿੰਦੀ ਮਾਤ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦਿ ਜੁਗਾ ਜੁਗੰਤਰ, ਜੁਗ ਜੁਗ ਆਪਣੀ ਕਾਰ ਕਮਾਈਆ। ਜੁਗ ਜੁਗ ਕਾਰ ਕਰਾਇੰਦਾ, ਇਕ ਅਕੱਲਾ ਏਕੰਕਾਰ। ਆਪਣੇ ਮਾਰਗ ਆਪੇ ਪਾਇੰਦਾ, ਆਪ ਆਪਣੀ ਕਿਰਪਾ ਧਾਰ। ਆਪਣਾ ਸ਼ਬਦ ਆਪ ਅਲ੍ਹਾਇੰਦਾ, ਨਾਮ ਨਿਧਾਨਾ ਬੋਲ ਜੈਕਾਰ। ਆਪਣਾ ਰੂਪ ਆਪ ਪਰਗਟਾਇੰਦਾ, ਗੁਰ ਸਤਿਗੁਰ ਲਏ ਅਵਤਾਰ। ਭਗਤ ਭਗਵੰਤ ਵੇਖ ਵਖਾਇੰਦਾ, ਸੰਤਨ ਮੇਲਾ ਕੰਤ ਭਤਾਰ। ਗੁਰਮੁਖ ਚੋਲੀ ਰੰਗ ਰੰਗਾਇੰਦਾ, ਗੁਰਸਿਖ ਸੋਹੇ ਬੰਕ ਦਵਾਰ। ਸਤਿਜੁਗ ਤ੍ਰੇਤਾ ਖੇਲ ਖਿਲਾਇੰਦਾ, ਤ੍ਰੈਗੁਣ ਮਾਇਆ ਵਸਿਆ ਬਾਹਰ। ਰਾਮ ਰਾਮਾ ਨਾਉਂ ਧਰਾਇੰਦਾ, ਲੰਕਾ ਗੜ੍ਹ ਤੋੜ ਹੰਕਾਰ। ਰਾਵਣ ਆਪਣੇ ਲੇਖੇ ਪਾਇੰਦਾ, ਨਾਤਾ ਤੁਟੇ ਸਰਬ ਸੰਸਾਰ। ਸਾਚਾ ਚਿਲਾ ਹੱਥ ਉਠਾਇੰਦਾ, ਧਨੁਸ਼ ਧਨਾਡੀ ਮਾਰੇ ਮਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਰਾਮਾ ਆਪੇ ਰਾਮ, ਆਪੇ ਜਾਣੇ ਆਪਣਾ ਕਾਮ, ਆਪੇ ਸੀਤਾ ਸੁਰਤੀ ਕਰੇ ਪਰਨਾਮ, ਆਪੇ ਜੰਗਲ ਜੂਹ ਉਜਾੜ ਪਹਾੜ ਬਨਬਾਸ ਫੇਰਾ ਪਾਇੰਦਾ। ਆਪੇ ਬਨ ਆਪੇ ਬਨਬਾਸ, ਆਪੇ ਦਰ ਦਰ ਅਲੱਖ ਜਗਾਈਆ। ਆਪੇ ਪ੍ਰਿਥਮੀ ਆਪੇ ਅਕਾਸ਼, ਆਪੇ ਗਗਨ ਗਗਨੰਤਰ ਰਿਹਾ ਸਮਾਈਆ। ਆਪੇ ਮੰਡਲ ਆਪੇ ਰਾਸ, ਆਪੇ ਗੋਪੀ ਕਾਹਨ ਨਚਾਈਆ। ਆਪੇ ਪਵਣ ਆਪ ਸਵਾਸ, ਸਵਾਸ ਸਵਾਸਾ ਆਪ ਸਮਾਈਆ। ਆਪੇ ਜੁਗ ਜੁਗ ਪੂਰੀ ਕਰੇ ਆਸ, ਆਪਣੀ ਇਛਿਆ ਆਪ ਭਰਾਈਆ। ਆਪੇ ਦਾਤਾ ਸਰਬ ਗੁਣਤਾਸ, ਗੁਣਵੰਤਾ ਵਡ ਵਡਿਆਈਆ । ਆਪੇ ਪੁਰਖ ਪੁਰਖ ਅਬਿਨਾਸ਼ੀ, ਨਾ ਮਰੇ ਨਾ ਜਾਈਆ। ਆਪੇ ਤ੍ਰੇਤਾ ਤ੍ਰੀਆ ਕਰਿਆ ਵਾਸੀ, ਆਪਣਾ ਲੇਖਾ ਦਏ ਚੁਕਾਈਆ। ਆਪੇ ਦੁਆਪਰ ਕਰੇ ਬੰਦ ਖ਼ੁਲਾਸੀ, ਵੇਦ ਵਿਆਸਾ ਆਪ ਪੜ੍ਹਾਈਆ। ਆਪੇ ਪੁਰਾਨ ਅਠਾਰਾਂ ਕਰ ਪਰਕਾਸ਼ੀ, ਚਾਰ ਲੱਖ ਹਜ਼ਾਰ ਸਤਾਰਾਂ ਸਲੋਕ ਗਿਣਾਈਆ । ਆਪੇ ਗ਼ਰੀਬ ਨਿਮਾਣਿਆਂ ਕਰੇ ਬੰਦ ਖ਼ੁਲਾਸੀ, ਆਪਣਾ ਪਰਦਾ ਆਪੇ ਪਾਈਆ। ਆਪੇ ਰਥ ਰਥਵਾਹੀ ਬਣੇ ਦਾਸ ਦਾਸੀ, ਸੇਵਕ ਸੇਵਾ ਆਪ ਕਰਾਈਆ। ਆਪੇ ਭਗਤ ਭਗਵੰਤ ਪੂਰੀ ਕਰੇ ਆਸੀ, ਅਰਜਨ ਗੀਤਾ ਇਕ ਪੜ੍ਹਾਈਆ। ਆਪੇ ਲੱਖ ਚੁਰਾਸੀ ਕਰੇ ਵਾਸੀ, ਆਪੇ ਘੜ੍ਹੇ ਭੰਨ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣੇ ਜੁਗਾ ਜੁਗੰਤਰ, ਆਪ ਬੁਝਾਏ ਲੱਗੀ ਬਸੰਤਰ, ਏਕਾ ਨਾਮ ਚਲਾਏ ਸਾਚਾ ਮੰਤਰ, ਮਤ ਮਤਵਾਲੀ ਭੇਵ ਨਾ ਪਾਈਆ। ਮਤ ਮਤਵਾਲੀ ਨਾ ਪਾਵੇ ਭੇਵ, ਗਹਿਰ ਗੰਭੀਰ ਹਰਿ ਅਖਵਾਇੰਦਾ। ਪੁਰਖ ਅਬਿਨਾਸ਼ੀ ਅਲੱਖ ਅਭੇਵ, ਗੁਣਵੰਤਾ ਨਾਉਂ ਧਰਾਇੰਦਾ। ਬੁਧ ਨਿਮਾਣੀ ਕਰੇ ਸੇਵ, ਜਗਤ ਬਿਬੇਕ ਨਾ ਕੋਈ ਰਖਾਇੰਦਾ। ਇਕ ਅਕੱਲਾ ਵਡ ਦੇਵੀ ਦੇਵ, ਦੇਵ ਆਤਮਾ ਆਪਣਾ ਨਾਉਂ ਧਰਾਇੰਦਾ। ਪਰਮ ਆਤਮਾ ਸਦਾ ਨੇਹਕੇਵ, ਨੇਹਚਲ ਆਪਣਾ ਧਾਮ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਪੂਜਾ ਆਪ ਪੁਜਾਰੀ, ਆਪੇ ਇਸ਼ਟ ਗੁਰ ਅਵਤਾਰੀ, ਆਪੇ ਨਿਉਂ ਨਿਉਂ ਕਰੇ ਨਿਮਸਕਾਰੀ, ਸੀਸ ਜਗਦੀਸ ਆਪ ਝੁਕਾਇੰਦਾ। ਆਪ ਜਗਦੀਸ ਹਰਿ ਜੂ ਹਰਿ, ਪਾਰਬ੍ਰਹਮ ਵੱਡੀ ਵਡਿਆਈਆ। ਆਪਣੀ ਜੋਤ ਆਪੇ ਧਰ, ਨਿਰਗੁਣ ਨਿਰਗੁਣ ਕਰੇ ਰੁਸ਼ਨਾਈਆ। ਸਾਚੇ ਮੰਦਰ ਆਪੇ ਵੜ, ਪੰਜ ਤਤ ਕਾਇਆ ਬੰਕ ਵਡਿਆਈਆ। ਸ਼ਬਦ ਅਗੰਮੀ ਅੱਖਰ ਪੜ੍ਹ, ਨਿਸ਼ਅੱਖਰ ਆਪ ਸੁਣਾਈਆ। ਨਾ ਕੋਈ ਸੀਸ ਨਾ ਕੋਈ ਧੜ, ਚੋਟੀ ਜੜ ਨਾ ਕੋਇ ਰਖਾਈਆ। ਸਤਿਜੁਗ ਤ੍ਰੇਤਾ ਦੁਆਪਰ ਬੰਧਾਇਆ ਆਪਣੇ ਲੜ, ਆਪਣਾ ਬੇੜਾ ਆਪ ਚਲਾਈਆ। ਜੁਗ ਜੁਗ ਕਰਤਾ ਕਰਨੀ ਰਿਹਾ ਕਰ, ਕਰਨਹਾਰ ਇਕ ਅਖਵਾਈਆ। ਨਿਰਭੌ ਚੁਕਾਇਆ ਆਪਣਾ ਡਰ, ਨਿਰਭੈ ਵਖਾਏ ਸ੍ਰਿਸ਼ਟ ਸਬਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਆਪਣੀ ਵੰਡ ਵੰਡਾਈਆ। ਆਪੇ ਸਤਿਜੁਗ ਆਪੇ ਤ੍ਰੇਤਾ, ਆਪੇ ਦੁਆਪਰ ਪਾਰ ਕਰਾਇੰਦਾ। ਆਪੇ ਬਣੇ ਸਾਚਾ ਨੇਤਾ, ਆਪੇ ਹੁਕਮੀ ਹੁਕਮ ਸੁਣਾਇੰਦਾ। ਆਪੇ ਲੇਖਾ ਜਾਣੇ ਬ੍ਰਹਮਾ ਵੇਤਾ, ਬ੍ਰਹਮ ਵਿਦਿਆ ਆਪ ਪੜ੍ਹਾਇੰਦਾ। ਆਪੇ ਬੰਧਨ ਪਾਏ ਕ੍ਰੋੜ ਤੇਤੀਸਾ ਦੇਵੀ ਦੇਵਤਾ, ਗਣ ਗੰਧਰਬ ਆਪਣੇ ਅੰਦਰ ਆਪੇ ਬੰਦ ਕਰਾਇੰਦਾ। ਆਪੇ ਨੌਂ ਖੰਡ ਪ੍ਰਿਥਮੀ ਵੇਖੇ ਝੁਕ ਝੁਕ, ਸਚ ਕਿਰਸਾਨਾ ਆਪਣਾ ਰੂਪ ਵਟਾਇੰਦਾ। ਆਪੇ ਸੱਤਾਂ ਦੀਪਾਂ ਰੂਪ ਪਰਗਟਾਏ ਚੁਣ ਚੁਣ, ਚਿਤਵਤ ਠਗੌਰੀ ਕੋਇ ਨਾ ਪਾਇੰਦਾ। ਆਪੇ ਖੇਵਟ ਆਪੇ ਖੇਟਾ, ਸਚ ਮਲਾਹ ਆਪ ਹੋ ਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਆਪਣਾ ਰੂਪ ਪਰਗਟਾਇੰਦਾ। ਆਪੇ ਕਾਲਾ ਤਨ ਸ਼ੰਗਾਰ ਸੂਸਾ, ਆਪਣੀ ਰੰਗਨ ਆਪ ਰੰਗਾਈਆ। ਆਪੇ ਮੂਸਾ ਆਪੇ ਈਸਾ, ਈਸ ਅਸੱਲਾ ਹਰਿ ਆਪਣੀ ਰਹਿਮਤ ਵਿਚ ਟਿਕਾਈਆ। ਆਪੇ ਸ਼ਬਦ ਆਪ ਹਦੀਸਾ, ਆਪੇ ਅਲਫ ਉਲਫਤ ਫੇਰ ਕਰਾਈਆ । ਆਪੇ ਜਗਤ ਆਪ ਜਗਦੀਸਾ, ਆਪੇ ਜੋਤ ਕਰੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਖੇਲ ਆਪ ਕਰਾਈਆ। ਆਪੇ ਅੰਜੀਲ ਆਪੇ ਕੁਰਾਨ, ਆਲਮ ਇਲਮੀ ਆਪ ਅਖਵਾਇੰਦਾ। ਆਪੇ ਮਸਜਿਦ ਕਾਅਬਾ ਦੋ ਦੋ ਆਬਾ ਕਰੇ ਪਹਿਚਾਣ, ਆਪੇ ਨਿਉਂ ਨਿਉਂ ਸਯਦਾ ਸੀਸ ਝੁਕਾਇੰਦਾ। ਆਪੇ ਸ਼ਰਅ ਆਪੇ ਈਮਾਨ, ਆਪੇ ਉਮਤ ਵੇਖ ਵਖਾਇੰਦਾ। ਆਪੇ ਆਸ਼ਕ ਆਪੇ ਮਾਸ਼ੂਕ ਆਪੇ ਅਬਾ ਆਪੇ ਹੈਵਾਨ, ਮਹਿਬਾਨ ਬੀਦੋ ਆਪ ਅਖਵਾਇੰਦਾ। ਆਪੇ ਮਜਲਸ ਆਪੇ ਮਹਿਮਾਨ, ਆਪੇ ਆਪਣੀ ਆਣ ਜਣਾਇੰਦਾ। ਆਪੇ ਤੀਸ ਬਤੀਸਾ ਗਾਏ ਗਾਣ, ਆਪਣੀ ਤਸਬੀ ਆਪ ਫਰਾਇੰਦਾ। ਆਪੇ ਮੁਲਾ ਸ਼ੇਖ਼ ਮਸਾਇਕ ਪੀਰ ਦਸਤਗੀਰ ਹੋਏ ਪਰਧਾਨ, ਅਮਾਮ ਅਮਾਮਾ ਆਪ ਹੋ ਜਾਇੰਦਾ। ਆਪੇ ਸੰਗ ਮੁਹੰਮਦ ਚਾਰ ਯਾਰੀ ਦੇਵੇ ਮਾਣ, ਚੌਦਾਂ ਤਬਕਾਂ ਆਪ ਹਿਲਾਇੰਦਾ। ਆਪੇ ਚੌਦਾਂ ਸਦੀ ਕਰੇ ਪਰਵਾਨ, ਲੋਕਮਾਤ ਖੇਲ ਖਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਰੂਪ ਹਰਿ ਰਘਰਾਏ, ਬਿਸਮਲ ਆਪਣਾ ਨਾਉਂ ਧਰਾਏ, ਧਰਨੀ ਧਰਤ ਧਵਲ ਦਏ ਵਡਿਆਈਆ। ਆਪੇ ਨਿਰਗੁਣ ਧਾਰ, ਸਰਗੁਣ ਆਪਣਾ ਨਾਉਂ ਧਰਾਇੰਦਾ। ਆਪੇ ਨਾਨਕ ਗੁਰ ਲੈ ਅਵਤਾਰ, ਲੋਕਮਾਤ ਫੇਰਾ ਪਾਇੰਦਾ। ਆਪੇ ਵਸੇ ਸਚਖੰਡ ਦਵਾਰ, ਸਚਖੰਡ ਸਿੰਘਾਸਣ ਸੋਭਾ ਪਾਇੰਦਾ। ਆਪੇ ਖਿਚੇ ਚਰਨ ਦਵਾਰ, ਨਾਮ ਡੋਰੀ ਹੱਥ ਰਖਾਇੰਦਾ । ਆਪੇ ਦਰਸ ਵਖਾਏ ਅਗੰਮ ਅਪਾਰ, ਨਿਰਗੁਣ ਸਰਗੁਣ ਵੇਖ ਵਖਾਇੰਦਾ। ਨਾਨਕ ਪਾਇਆ ਸਤਿਗੁਰ ਏਕਾ ਘਰ ਬਾਰ, ਦਰ ਘਰ ਮੰਦਰ ਆਪ ਸੁਹਾਇੰਦਾ। ਜਗੇ ਜੋਤ ਸੱਚੀ ਸਰਕਾਰ, ਤਖ਼ਤ ਸ਼ਬਦ ਆਪ ਸੁਹਾਇੰਦਾ। ਉਚੀ ਕੂਕ ਕਰੇ ਪੁਕਾਰ, ਹਉਂ ਸੇਵਕ ਠਾਕਰ ਅਬਿਨਾਸ਼ ਦਰ ਦਵਾਰੇ ਮੰਗਣ ਆਇੰਦਾ। ਪੁਰਖ ਅਬਿਨਾਸ਼ੀ ਕਿਰਪਾ ਧਾਰ, ਸਾਚੀ ਵਸਤ ਨਾਮ ਅਮੋਲਕ ਝੋਲੀ ਪਾਇੰਦਾ। ਨਾਮ ਸਤਿ ਜਗਤ ਵਰਤਾਰ, ਸਾਚੀ ਸਿਖ਼ਿਆ ਇਕ ਸਮਝਾਇੰਦਾ। ਤੇਰਾ ਮੇਰਾ ਰੂਪ ਅਪਾਰ, ਬ੍ਰਹਮ ਪਾਰਬ੍ਰਹਮ ਸਮਾਇੰਦਾ। ਮੇਰਾ ਨਾਉਂ ਤੇਰੀ ਧਾਰ, ਨਿਰਗੁਣ ਨਾਨਕ ਆਪ ਪੜ੍ਹਾਇੰਦਾ। ਸੋਹੰ ਸ਼ਬਦ ਸੱਚਾ ਜੈਕਾਰਾ, ਦਰ ਘਰ ਸਾਚੇ ਆਪ ਸੁਣਾਇੰਦਾ। ਮਿਲੀ ਵਸਤ ਅਪਰ ਅਪਾਰ, ਚੋਰ ਯਾਰ ਠੱਗ ਕੋਇ ਲੁਟ ਨਾ ਜਾਇੰਦਾ। ਨਾਨਕ ਸਤਿਗੁਰ ਹੋ ਤਿਆਰ, ਲੋਕਮਾਤ ਫੇਰਾ ਪਾਇੰਦਾ। ਚਾਰ ਵਰਨਾਂ ਕਰੇ ਪਿਆਰ, ਊਚਾਂ ਨੀਚਾਂ ਰਾਓ ਰੰਕਾਂ, ਰਾਜ ਰਾਜਾਨਾ ਸ਼ਾਹ ਸੁਲਤਾਨਾਂ ਏਕਾ ਰੰਗ ਰੰਗਾਇੰਦਾ। ਸ਼ੱਤਰੀ ਬ੍ਰਹਿਮਣ ਸ਼ੂਦਰ ਵੈਸ਼ ਫੜ ਫੜ ਬਾਂਹੋ ਦੇਵੇ ਤਾਰ, ਤਾਰਨਹਾਰਾ ਆਪ ਹੋ ਜਾਇੰਦਾ। ਗ਼ਰੀਬ ਨਿਮਾਣੇ ਬਣਾਏ ਗਲ ਦਾ ਹਾਰ, ਖਿਮਾਂ ਗ਼ਰੀਬੀ ਆਪ ਹੰਢਾਇੰਦਾ। ਹੰਕਾਰੀਆਂ ਤੋੜ ਗੜ੍ਹ ਹੰਕਾਰ, ਸਾਚੀ ਵਿਦਿਆ ਆਤਮ ਅੰਤਰ ਆਪ ਪੜ੍ਹਾਇੰਦਾ। ਸਤਿ ਨਾਮ ਸਚ ਜੈਕਾਰ, ਵਾਹ ਵਾਹ ਸਤਿਗੁਰ ਆਪ ਸੁਣਾਇੰਦਾ। ਹਠੀਆਂ ਤਪੀਆਂ ਪਾਵੇ ਸਾਰ, ਜਪੀ ਤਪੀ ਹਠੀ ਸਤੀ ਵੇਖ ਵਖਾਇੰਦਾ। ਆਤਮ ਬ੍ਰਹਮ ਜੋਤ ਉਜਿਆਰ, ਦੀਵਾ ਬਾਤੀ ਡਗਮਗਾਇੰਦਾ। ਕਮਲਾਪਾਤੀ ਮੀਤ ਮੁਰਾਰ, ਹਰਿ ਨਿਰੰਕਾਰ ਘਰ ਸਾਚੇ ਸੋਭਾ ਪਾਇੰਦਾ। ਗੁਰਮੁਖ ਹੋਏ ਸੁਹਾਗਣ ਨਾਰ, ਸਾਚੀ ਮੇਂਢੀ ਸੀਸ ਗੁੰਦਾਇੰਦਾ। ਨੇਤਰ ਨੈਣਾਂ ਕਜਲ ਧਾਰ, ਨਾਮ ਨਿਧਾਨਾ ਆਪ ਮਟਕਾਇੰਦਾ। ਹੱਥੀਂ ਮਹਿੰਦੀ ਰੰਗ ਚਾੜ੍ਹੇ ਅਪਾਰ, ਚਰਨ ਕਵਲ ਸੇਵ ਕਮਾਇੰਦਾ। ਤਨ ਬਸਤਰ ਵਖਾਏ ਇਕ ਸ਼ੰਗਾਰ, ਸੋਲਾਂ ਇਛਿਆ ਪੂਰ ਕਰਾਇੰਦਾ। ਹੱਥ ਕੰਗਨ ਗਹਿਣਾ ਪਾਏ ਕਰਤਾਰ, ਆਪਣੇ ਅੰਗਨ ਗੋਦ ਬਹਾਇੰਦਾ। ਸੇਜ ਸੁਹਾਵੀ ਕਰੇ ਪਿਆਰ, ਆਪਣਾ ਮੇਲਾ ਆਪ ਮਿਲਾਇੰਦਾ। ਗੁਰ ਚੇਲਾ ਸੋਹਨ ਇਕ ਦਵਾਰ, ਲੱਖ ਚੁਰਾਸੀ ਫੰਦ ਕਟਾਇੰਦਾ। ਧਰਮ ਰਾਏ ਨਾ ਮਾਰੇ ਮਾਰ, ਚਿਤਰ ਗੁਪਤ ਨਾ ਹਿਸਾਬ ਵਖਾਇੰਦਾ। ਲਾੜੀ ਮੌਤ ਦੇਵੇ ਦੁਰਕਾਰ, ਨਾਮ ਖੰਡਾ ਹੱਥ ਚਮਕਾਇੰਦਾ। ਗੁਰਮੁਖ ਸਾਚੇ ਕਰੇ ਪਿਆਰ, ਸਾਚੀ ਸੇਜਾ ਆਪ ਹੰਢਾਇੰਦਾ। ਸਾਚੀ ਸੇਜਾ ਸੁਤੇ ਪੈਰ ਪਸਾਰ, ਆਪਣੀ ਕਰਵਟ ਆਪ ਬਦਲਾਇੰਦਾ। ਨਾਨਕ ਨਿਰਗੁਣ ਸਰਗੁਣ ਕਰੇ ਪਿਆਰ, ਮਹੱਲ ਅਟੱਲ ਉਚ ਮਨਾਰ ਹਰਿ ਮੰਦਰ ਹਰਿ ਦਵਾਰ ਆਪ ਵਡਿਆਇੰਦਾ। ਮਿਲਿਆ ਮੇਲ ਏਕਾ ਵਾਰ, ਮਿਲਿਆ ਮੇਲ ਵਿਛੜ ਨਾ ਜਾਇੰਦਾ। ਦੂਜੀ ਕੁਦਰਤ ਪਾਵੇ ਸਾਰ, ਤੀਜੇ ਬ੍ਰਹਮਾ ਵਿਸ਼ਨ ਸ਼ਿਵ ਆਪ ਜਗਾਇੰਦਾ। ਚੌਥੇ ਪਦ ਹੋ ਤਿਆਰ, ਚੌਥੇ ਘਰ ਸੋਭਾ ਪਾਇੰਦਾ। ਪੰਚਮ ਨਾਦ ਸ਼ਬਦ ਧੁਨਕਾਰ, ਸਾਚੀ ਸਖੀਆਂ ਮਿਲ ਬਹਿ ਬਹਿ ਮੰਗਲ ਗਾਇੰਦਾ। ਛੇਵੇਂ ਛੱਪਰ ਛੰਨ ਨਾ ਕੋਇ ਉਸਾਰ, ਮੰਦਰ ਗੁਰਦਵਾਰ ਨਾ ਕੋਇ ਵਖਾਇੰਦਾ। ਸਤਵੇਂ ਸਤਿ ਸਤਿਵਾਦੀ ਸਾਚੀ ਕਾਰ, ਸਚਖੰਡ ਦਵਾਰੇ ਆਪ ਕਰਾਇੰਦਾ। ਅੱਠਾਂ ਤੱਤਾਂ ਵਸਿਆ ਬਾਹਰ, ਮਨ ਮਤ ਬੁਧ ਬੰਧਨ ਕੋਇ ਨਾ ਪਾਇੰਦਾ। ਨੌਂ ਦਰ ਨਾ ਕਰੇ ਕੋਇ ਖ਼ਵਾਰ, ਜਗਤ ਵਾਸਨਾ ਨਾ ਕੋਇ ਵਖਾਇੰਦਾ। ਨਾਤਾ ਤੁੱਟੇ ਕਾਮ ਕ੍ਰੋਧ ਲੋਭ ਮੋਹ ਹੰਕਾਰ, ਮਾਇਆ ਮਮਤਾ ਹਉਮੇ ਹੰਗਤਾ ਆਸਾ ਤ੍ਰਿਸ਼ਨਾ ਅਗਨੀ ਜੋਤ ਆਪ ਜਲਾਇੰਦਾ। ਏਕਾ ਬਖ਼ਸ਼ੇ ਚਰਨ ਪਿਆਰ, ਪੁਰਖ ਅਬਿਨਾਸ਼ੀ ਕਿਰਪਾ ਧਾਰ, ਨਰ ਨਰਾਇਣ ਪੈਜ ਸਵਾਰ, ਆਤਮ ਬ੍ਰਹਮ ਕਰ ਪਿਆਰ, ਪਾਰਬ੍ਰਹਮ ਵੇਖ ਵਖਾਇੰਦਾ। ਪਾਰਬ੍ਰਹਮ ਬ੍ਰਹਮ ਜਾਇਆ, ਆਪਣੀ ਗੋਦ ਸੁਹਾ। ਸਾਚਾ ਸੁਤ ਉਪਜਾਇਆ, ਬ੍ਰਹਮ ਮਤ ਇਕ ਪੜ੍ਹਾ। ਸਾਚੇ ਮੰਦਰ ਆਪ ਟਿਕਾਇਆ, ਪੰਜ ਤਤ ਕਾਇਆ ਜੜਤ ਜੜਾ। ਏਕਾ ਦੀਪਕ ਹੱਥ ਫੜਾਇਆ, ਜੋਤ ਨਿਰੰਜਣ ਕਰ ਰੁਸ਼ਨਾ। ਸ਼ਬਦ ਅਨਾਦੀ ਨਾਦ ਸੁਣਾਇਆ, ਧੁਨ ਆਤਮਕ ਰਾਗ ਅਲਾ। ਸ੍ਰਿਸ਼ਟ ਸਬਾਈ ਦਏ ਜਣਾਇਆ, ਨਾਨਕ ਸਤਿਗੁਰ ਬੇਪਰਵਾਹ। ਚੌਥਾ ਜੁਗ ਦਏ ਦੁਹਾਇਆ, ਕਲਜੁਗ ਕੂਕੇ ਥਾਉਂ ਥਾਂ। ਦਹਿ ਦਿਸ਼ਾ ਅੰਧੇਰਾ ਛਾਇਆ, ਰਵ ਸਸ ਰਹੇ ਸ਼ਰਮਾ। ਸਾਧਾ ਸੰਤਾਂ ਮੁਖ ਭਵਾਇਆ, ਨਾਤਾ ਤੁਟਾ ਪਿਤਾ ਮਾਂ। ਪਿਤਾ ਪੂਤ ਨਾ ਗੋਦ ਸੁਹਾਇਆ, ਨਾਰੀ ਕੰਤ ਨਾ ਲਏ ਹੰਢਾ। ਜਗਤ ਦੁਹਾਗਣ ਨਾਰ ਸ੍ਰਿਸ਼ਟ ਸਬਾਇਆ, ਵਿਭਚਾਰ ਰਹੀ ਕਮਾ। ਚਾਰੇ ਵੇਦ ਨਾ ਕਰਨ ਸਹਾਇਆ, ਪੁਰਾਨ ਅਠਾਰਾਂ ਬੈਠਣ ਮੁਖ ਛੁਪਾ। ਗੀਤਾ ਗਿਆਨ ਨਾ ਕੋਈ ਦ੍ਰਿੜਾਇਆ, ਨੌਂ ਅਠਾਰਾਂ ਪੰਧ ਨਾ ਸਕੇ ਕੋਈ ਮੁਕਾ। ਬਹੱਤਰ ਨਾੜ ਨਾ ਹੋਏ ਰੁਸ਼ਨਾਇਆ, ਤਿੰਨ ਸੌ ਸੱਠ ਹਾਡੀ ਲੇਖਾ ਸਕੇ ਨਾ ਕੋਈ ਗਿਣਾ। ਵੇਦ ਸ਼ਾਸਤਰ ਸਾਚੀ ਸਿਖ਼ਿਆ ਨਾ ਕੋਈ ਪੜ੍ਹਾਇਆ, ਧੁਰ ਦਾ ਲੇਖਾ ਨਾ ਦਏ ਮੁਕਾ। ਅੰਜੀਲ ਕੁਰਾਨਾ ਰੋ ਰੋ ਨਾਅਰਾ ਏਕਾ ਲਾਇਆ, ਈਸਾ ਮੂਸਾ ਸੰਗ ਮੁਹੰਮਦ ਕੂਕ ਰਹੀ ਸੁਣਾ। ਵੇਲੇ ਅੰਤ ਰੱਛਿਆ ਨਾ ਕੋਈ ਕਰਾਇਆ, ਨਾਤਾ ਜੋੜੇ ਨਾ ਨਾਲ ਖ਼ੁਦਾ। ਖ਼ਾਲਕ ਖ਼ੁਦੀ ਰੂਪ ਵਟਾਇਆ, ਖ਼ਲਕ ਵੇਖੇ ਬੇਪਰਵਾਹ। ਸਾਲਸ ਆਪਣਾ ਨਾਉਂ ਧਰਾਇਆ, ਸ੍ਰਿਸ਼ਟ ਸਬਾਈ ਵੇਖੇ ਥਾਉਂ ਥਾਂ। ਨਾਨਕ ਅੱਖਰ ਏਕਾ ਗਾਇਆ, ਨੌਂ ਖੰਡ ਪ੍ਰਿਥਮੀ ਕਰ ਰੁਸ਼ਨਾ। ਕਲਜੁਗ ਵੇਲਾ ਅੰਤ ਦਏ ਸਹਾਇਆ, ਪੁਰਖ ਅਬਿਨਾਸ਼ੀ ਬੇਪਰਵਾਹ। ਨਿਹਕਲੰਕਾ ਜਾਮਾ ਪਾਇਆ, ਜੋਤੀ ਜੋਤ ਲਏ ਜਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਲਏ ਖਲਾਇਆ। ਆਪੇ ਨਾਨਕ ਨਿਰਗੁਣ ਧਾਰ, ਸਤਿਨਾਮ ਆਪ ਪੜ੍ਹਾਈਆ। ਆਪੇ ਜੋਤੀ ਗੁਰ ਅਵਤਾਰ, ਅੰਗਦ ਅਮਰਦਾਸ ਸਹਾਈਆ। ਆਪੇ ਰਾਮਦਾਸ ਕਰ ਪਿਆਰ, ਸਰ ਸਰੋਵਰ ਇਕ ਸੁਹਾਈਆ। ਆਪੇ ਅਰਜਨ ਖੋਲ੍ਹ ਕਿਵਾੜ, ਸ਼ਬਦ ਨਾਦ ਧੁਨ ਵਜਾਈਆ। ਆਪੇ ਗੁਰੂ ਗ੍ਰੰਥ ਗੁਰ ਕਰ ਤਿਆਰ, ਗੁਰਮੁਖਾਂ ਏਹ ਸਮਝਾਈਆ। ਆਪੇ ਹਰਿ ਗੋਬਿੰਦ ਹੋ ਅਸਵਾਰ, ਦੋਏ ਧਾਰਾ ਰੂਪ ਵਟਾਈਆ। ਆਪੇ ਹਰਿਰਾਏ ਸੱਚੀ ਸਰਕਾਰ, ਆਪੇ ਬਾਲੀ ਬੁਧ ਹਰਿਕ੍ਰਿਸ਼ਨ ਲੇਖੇ ਲਾਈਆ। ਆਪੇ ਤੇਗ ਬਹਾਦਰ ਹੋ ਉਜਿਆਰ, ਹਿੰਦ ਚਾਦਰ ਰੂਪ ਵਟਾਈਆ। ਆਪੇ ਕਰਤਾ ਕਾਦਰ ਕਰੇ ਕਾਰ, ਅਜ਼ਮਤ ਆਪਣੇ ਹੱਥ ਰਖਾਈਆ। ਆਪੇ ਸੁਤ ਦੁਲਾਰਾ ਹੋ ਉਜਿਆਰ, ਗੁਰ ਗੋਬਿੰਦ ਨਾਉਂ ਪਰਗਟਾਈਆ। ਆਪੇ ਪੁਰਖ ਅਕਾਲ ਪਾਵੇ ਸਾਰ, ਦੀਨ ਦਿਆਲ ਦਇਆ ਕਮਾਈਆ। ਆਪੇ ਅੰਮ੍ਰਿਤ ਬਖ਼ਸ਼ੇ ਠੰਡੀ ਠਾਰ, ਭਰ ਪਿਆਲਾ ਜਾਮ ਪਿਆਈਆ। ਆਪੇ ਖੜਗ ਖੰਡਾ ਚੰਡ ਪਰਚੰਡ ਤੇਜ਼ ਕਟਾਰ, ਆਪੇ ਨੈਣਾਂ ਹਵਨ ਕਰਾਈਆ। ਆਪੇ ਪੰਜਾਂ ਕਰੇ ਇਕ ਪਿਆਰ, ਇਕ ਨਾਲ ਇਕ ਸੀਸ ਗੁੰਦਾਈਆ। ਆਪੇ ਨਿਉਂ ਨਿਉਂ ਪਏ ਚਰਨ ਦਵਾਰ, ਆਪੇ ਢਹਿ ਢਹਿ ਮੰਗੇ ਸਚ ਸਰਨਾਈਆ। ਆਪੇ ਚਾਰ ਚਾਰੇ ਜੁਗ ਕਰੇ ਪਾਰ, ਚਾਰ ਦੁਲਾਰੇ ਸੇਵ ਕਮਾਈਆ। ਆਪੇ ਜਾਣੇ ਸਰਸਾ ਧਾਰ, ਸਤਿਗੁਰ ਆਪਣਾ ਇਸ਼ਟ ਵਿਚ ਰਖਾਈਆ। ਆਪੇ ਭਗਤ ਭਵਿਖਤੀ ਰਖੇ ਕਰ ਪਿਆਰ, ਚਰਨ ਕਵਲ ਸੱਚੀ ਸਰਨਾਈਆ। ਆਪੇ ਜੁਗਤ ਜਗਤ ਕਰੇ ਵਿਚਾਰ, ਆਪੇ ਸੱਥਰ ਸੂਲਾਂ ਸੇਜ ਹੰਢਾਈਆ। ਆਪੇ ਸਨੇਹੜਾ ਦੇਵੇ ਮੀਤ ਮੁਰਾਰ, ਆਪਣਾ ਢੋਲਾ ਆਪੇ ਗਾਈਆ। ਆਪੇ ਪੁਰਖ ਪੁਰਖੋਤਮ ਪਾਵੇ ਸਾਰ, ਪਰਮ ਪੁਰਖ ਬੇਪਰਵਾਹੀਆ। ਆਪੇ ਗੋਬਿੰਦ ਹਰਿ ਹਰਿ ਕਰੇ ਪਿਆਰ, ਸਿੰਘ ਰੂਪ ਸਹਿਜ ਸੁਖਦਾਈਆ। ਆਪੇ ਖੋਲ੍ਹੇ ਆਪਣਾ ਭੇਵ ਨਿਆਰ, ਭੇਵ ਅਭੇਦ ਭੇਵ ਜਣਾਈਆ। ਸੁਤ ਦੁਲਾਰਾ ਸਚ ਵਿਹਾਰ, ਸੱਚੀ ਸਰਕਾਰ ਆਪ ਕਰਾਈਆ। ਨਾਤਾ ਛੁਟਣਾ ਸਰਬ ਸੰਸਾਰ, ਪੰਜ ਤਤ ਰਹਿਣ ਨਾ ਪਾਈਆ। ਏਕਾ ਜੋਤੀ ਦਸ ਅਵਤਾਰ, ਗੁਰੂ ਗ੍ਰੰਥ ਦਏ ਵਡਿਆਈਆ। ਕਲਜੁਗ ਆਵੇ ਅੰਤਮ ਵਾਰ, ਚਾਰੋਂ ਕੁੰਟ ਅੰਧੇਰਾ ਛਾਈਆ। ਪੁਰਖ ਅਬਿਨਾਸ਼ੀ ਲਏ ਅਵਤਾਰ, ਨਿਹਕਲੰਕਾ ਨਾਉਂ ਧਰਾਈਆ। ਗੋਬਿੰਦ ਸੂਰਾ ਵਡ ਬਲਕਾਰ, ਗੁਰ ਚੇਲਾ ਵੇਖ ਵਖਾਈਆ। ਕਲਗੀ ਤੋੜਾ ਸੀਸ ਦਸਤਾਰ, ਤੀਰ ਕਮਾਨ ਹੱਥ ਉਠਾਈਆ। ਏਕਾ ਚਿਲਾ ਵੇਖ ਨਿਸ਼ਾਨ, ਸਚ ਨਿਸ਼ਾਨਾ ਇਕ ਲਗਾਈਆ। ਵਲੀਆ ਛਲੀਆ ਹਰਿ ਭਗਵਾਨ, ਉਚ ਅਟਲੀਆ ਸਾਚੇ ਮਹੱਲੇ ਡੇਰਾ ਲਾਈਆ। ਸੰਬਲ ਨਗਰੀ ਕਰੇ ਮੁਕਾਮ, ਜਗਤ ਕਿਆਮਤ ਦਏ ਵਖਾਈਆ। ਲੇਖਾ ਜਾਣੇ ਰਮਈਆ ਕਾਹਨ, ਕ੍ਰਿਸ਼ਨਾ ਬੰਸਰੀ ਆਪ ਵਜਾਈਆ। ਈਸਾ ਮੂਸਾ ਦਏ ਪੈਗ਼ਾਮ, êਰਾਈਲ ਮਕਾਈਲ ਅਸਰਾਫੀਲ ਅਸਰਾਈਲ ਆਪ ਵਡਿਆਈਆ। ਪੂਰਨ ਕਰੇ ਆਪਣਾ ਕਾਮ, ਪੂਰਨ ਪਰਮੇਸ਼ਵਰ ਬੇਪਰਵਾਹੀਆ। ਆਪ ਉਠਾਏ ਆਪਣਾ ਸਚ ਨਿਸ਼ਾਨ, ਸਤਿ ਸਤਿਵਾਦੀ ਆਪ ਝੁਲਾਈਆ। ਨੌਂ ਖੰਡ ਪ੍ਰਿਥਮੀ ਵੇਖੇ ਮਾਰ ਧਿਆਨ, ਨੌਂ ਦਵਾਰੇ ਖੋਜ ਖੁਜਾਈਆ। ਚਾਰੇ ਵੇਦਾਂ ਕਰੇ ਪਰਵਾਨ, ਆਪ ਆਪਣੇ ਵਿਚ ਟਿਕਾਈਆ। ਚਾਰੇ ਖਾਣੀ ਦਏ ਗਿਆਨ, ਚਾਰੇ ਬਾਣੀ ਦਏ ਪੜ੍ਹਾਈਆ। ਚਾਰੇ ਜੁਗ ਬਣ ਨਾਦਾਨ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਬਾਲ ਬਾਲਾ ਰੂਪ ਵਟਾਈਆ। ਪੁਰਖ ਅਬਿਨਾਸ਼ੀ ਹੋ ਮਿਹਰਵਾਨ, ਆਪਣਾ ਚੋਲਾ ਲਏ ਬਦਲਾਈਆ। ਏਕਾ ਢੋਲਾ ਗਾਏ ਦੋ ਜਹਾਨ, ਸੋ ਪੁਰਖ ਨਿਰੰਜਣ ਬੇਪਰਵਾਹੀਆ। ਹੰ ਬ੍ਰਹਮ ਕਰੇ ਪਛਾਣ, ਸੋਹੰ ਲਾਲ ਮੰਤਰ ਇਕ ਸਮਝਾਈਆ । ਅੱਲਾ ਵਾਹਿਗੁਰੂ ਰਾਮ ਕ੍ਰਿਸ਼ਨ ਏਕਾ ਰੂਪ ਸ੍ਰੀ ਭਗਵਾਨ, ਵਾਹ ਵਾ ਸਿਫ਼ਤੀ ਕਰਨ ਸਿਫ਼ਤ ਸਲਾਹੀਆ। ਅਬਿਨਾਸ਼ੀ ਕਰਤਾ ਇਕਉਂਕਾਰ ਆਪ ਪਕੜਾਏ ਆਪਣਾ ਦਾਮਨ, ਦਾਮਨਗੀਰ ਸ੍ਰਿਸ਼ਟ ਸਬਾਈਆ। ਲੇਖਾ ਜਾਣੇ ਹੱਡ ਮਾਸ ਨਾੜੀ ਚਾਮ, ਤਤਵ ਤਤ ਵੇਖ ਵਖਾਈਆ। ਪੰਜ ਤਤ ਕਾਇਆ ਖੇੜਾ ਨਗਰ ਗਰਾਮ, ਘਰ ਬੈਠਾ ਸਾਚਾ ਮਾਹੀਆ। ਜਨ ਭਗਤਾਂ ਭਰ ਪਿਆਲਾ ਪਿਆਏ ਜਾਮ, ਅੱਠੇ ਪਹਿਰ ਖ਼ੁਮਾਰ ਇਕ ਵਖਾਈਆ। ਮਨਮੁਖ ਜੀਵ ਸਰਬ ਪਛਤਾਨ, ਜੁਗ ਜੁਗ ਵੇਲਾ ਗਿਆ ਹੱਥ ਨਾ ਆਈਆ। ਮਾਨਸ ਮਾਨੁਖ ਹੋਣ ਹੈਰਾਨ, ਮਨ ਮਤ ਕੂਕ ਰਹੀ ਕੁਰਲਾਈਆ। ਕਲਜੁਗ ਅੰਤਮ ਅੰਤ ਹਰਿ ਭਗਵੰਤ ਸਾਚੇ ਸੰਤ ਲਏ ਪਛਾਣ, ਲੋਕਮਾਤ ਵੇਸ ਵਟਾਈਆ। ਨਿਹਕਲੰਕ ਬਲੀ ਬਲਵਾਨ, ਨਿਰਗੁਣ ਆਪਣਾ ਬਲ ਧਰਾਈਆ। ਕਲਜੁਗ ਮੇਟੇ ਝੂਠ ਦੁਕਾਨ, ਕੂੜੀ ਕਿਰਿਆ ਰਹਿਣ ਨਾ ਪਾਈਆ। ਹੰਕਾਰੀਆਂ ਤੋੜੇ ਮਾਣ ਅਭਿਮਾਣ, ਸ਼ਾਹ ਸੁਲਤਾਨਾਂ ਖ਼ਾਕ ਮਿਲਾਈਆ। ਗੁਰਸਿਖ ਵੇਖੇ ਚਤਰ ਸੁਜਾਨ, ਜਿਸ ਜਨ ਆਤਮ ਅੰਤਰ ਇਕ ਲਿਵ ਲਾਈਆ। ਚਾਰ ਵਰਨਾਂ ਦੇਵੇ ਮਾਣ, ਊਚ ਨੀਚ ਨਾ ਕੋਇ ਵਖਾਈਆ। ਚਾਰ ਵੇਦ ਸਦਾ ਜਸ ਗਾਨ, ਹਰਿ ਕਾ ਭੇਵ ਕੋਇ ਨਾ ਪਾਈਆ। ਆਪਣੀ ਕਰਨੀ ਕਰੇ ਆਪ ਭਗਵਾਨ, ਭਗਵਨ ਸਾਚੀ ਖੇਲ ਖਿਲਾਈਆ। ਸਤਿਜੁਗ ਦੇਵੇ ਸਾਚੇ ਦਾਨ, ਜੀਆ ਦਾਨ ਝੋਲੀ ਪਾਈਆ। ਆਪੇ ਵੇਖੇ ਭਿੰਨੜੀ ਰੈਣ ਆਣ, ਗੁਰਸਿਖਾਂ ਸੰਗ ਸਮਾਈਆ। ਦੋਏ ਦੋਏ ਲੋਚਣ ਨੈਣ ਉਠ ਉਠ ਵੇਖੇ ਮਾਰ ਧਿਆਨ, ਕਵਣ ਕੂਟੇ ਹਰਿ ਪਰਗਟਿਆ ਪਾਰਬ੍ਰਹਮ ਇਕ ਰਘਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਆਪ ਅਖਵਾਈਆ। ਆਪੇ ਨਿਹਕਲੰਕ ਨਿਰੰਕਾਰ, ਨਿਰਗੁਣ ਆਪਣਾ ਰੂਪ ਪਰਗਟਾਇੰਦਾ। ਆਪੇ ਸ਼ਬਦ ਡੰਕਾ ਅਗੰਮ ਅਪਾਰ, ਲੋਆਂ ਪੁਰੀਆਂ ਬ੍ਰਹਿਮੰਡ ਖੰਡ ਆਪ ਸੁਣਾਇੰਦਾ। ਆਪੇ ਬਾਰ ਅਨੇਕਾ ਕਰੇ ਖੇਲ ਕਰਤਾਰ, ਖ਼ਾਲਕ ਖ਼ਲਕ ਰੂਪ ਵਟਾਇੰਦਾ। ਆਪੇ ਹਰਿਜਨ ਜਨਕਾ ਜਾਏ ਤਾਰ, ਜਨਕ ਸਪੁਤਰੀ ਸੀਤਾ ਸੁਰਤੀ ਆਪ ਪਰਨਾਇੰਦਾ। ਆਪੇ ਕਾਹਨਾ ਕ੍ਰਿਸ਼ਨਾ ਨਾਮ ਬੰਸਰੀ ਵਜਾਏ ਸਤ ਸਤਾਰ, ਮੁਕੰਦ ਮਨੋਹਰ ਲਖ਼ਮੀ ਨਰਾਇਣ ਸੀਸ ਮੁਕਟ ਆਪਣੇ ਆਪ ਸੁਹਾਇੰਦਾ। ਆਪੇ ਕਾਲਾ ਸੂਸਾ ਕਰ ਸ਼ੰਗਾਰ, ਚੁਰਾਸੀ ਕਲੀਆਂ ਵੇਖ ਵਖਾਇੰਦਾ। ਆਪੇ ਅਸਵ ਸ਼ਾਹ ਹੋ ਅਸਵਾਰ, ਚਾਰ ਕੁੰਟ ਫੇਰਾ ਪਾਇੰਦਾ। ਆਪੇ ਨਾਮ ਨਾਮਾ ਬੋਲ ਜੈਕਾਰ, ਜੈ ਜੈਕਾਰ ਆਪ ਕਰਾਇੰਦਾ। ਆਪੇ ਸ੍ਰਿਸ਼ਟ ਸਬਾਈ ਕਰੇ ਖਵਾਰ, ਥਿਰ ਕੋਇ ਰਹਿਣ ਨਾ ਪਾਇੰਦਾ। ਆਪੇ ਕਲਜੁਗ ਪਾਸਾ ਕਰੇ ਹਾਰ, ਹਾਰ ਜਿਤ ਆਪਣੇ ਹੱਥ ਰਖਾਈਆ। ਆਪੇ ਸ਼ਬਦ ਖੰਡਾ ਫੜ ਤੇਜ ਕਟਾਰ, ਲੋਕ ਪਰਲੋਕ ਵੇਖ ਵਖਾਇੰਦਾ। ਆਪੇ ਬ੍ਰਹਿਮੰਡ ਖੰਡ ਜੇਰਜ ਅੰਡ ਲਏ ਵਿਚਾਰ, ਉਤਭੁਜ ਸੇਤਜ ਆਪੇ ਪੰਧ ਮੁਕਾਇੰਦਾ। ਆਪੇ ਸਤਿਜੁਗ ਸਾਚੇ ਕਰੇ ਪਿਆਰ, ਸਤਿਜੁਗ ਆਪੇ ਦਇਆ ਕਮਾਇੰਦਾ। ਆਪੇ ਲੱਖ ਚੁਰਾਸੀ ਵਿਚੋਂ ਗੁਰਸਿਖ ਸਾਚੇ ਲਏ ਉਭਾਰ, ਦਰ ਘਰ ਸਾਚੇ ਮੇਲ ਮਿਲਾਇੰਦਾ। ਆਪੇ ਆਪਣੇ ਗਲ ਪਾਏ ਫੂਲਨ ਹਾਰ, ਗੁਰਸਿਖ ਕਲੀ ਕਲੀ ਆਪ ਮਹਿਕਾਇੰਦਾ। ਆਪੇ ਤਾਗਾ ਸੂਤ ਦੇਵੇ ਡਾਰ, ਨਾਮ ਸੋਟੀ ਹੱਥ ਉਠਾਇੰਦਾ। ਆਪੇ ਮਾਲਣ ਬਣੇ ਨਰ ਨਿਰੰਕਾਰ, ਜਗਤ ਬਾਗੀਚਾ ਵੇਖ ਵਖਾਇੰਦਾ। ਜੋਤ ਅਕਾਲਣ ਸੇਵਾਦਾਰ, ਸਾਚੀ ਸੇਵਾ ਆਪ ਕਰਾਇੰਦਾ। ਘਾਲਣ ਘਾਲੀ ਦਰ ਦਰਬਾਰ, ਧੁਰ ਦੀ ਘਾਲ ਲੇਖੇ ਲਾਇੰਦਾ। ਪਾਲੀ ਬਣਿਆ ਆਪ ਗਿਰਧਾਰ, ਆਦਿ ਜੁਗਾਦਿ ਖੇਲ ਕਰਾਇੰਦਾ। ਕਲਜੁਗ ਸਵਾਲੀ ਰੋਵੇ ਜ਼ਾਰੋ ਜ਼ਾਰ, ਵੇਲਾ ਅੰਤ ਸਰਬ ਪਛਤਾਇੰਦਾ। ਨਾਤਾ ਤੁਟਾ ਸਾਕ ਸੱਜਣ ਸੈਣ ਮੀਤ ਮੁਰਾਰ, ਸਗਲਾ ਸੰਗ ਨਾ ਕੋਇ ਨਿਭਾਇੰਦਾ। ਕਾਇਆ ਕੰਤੀ ਹੋਈ ਦੁਖਿਆਰ, ਦਰਦੀ ਦੁੱਖ ਨਾ ਕੋਇ ਵੰਡਾਇੰਦਾ । ਆਪਣਾ ਹਲਫ਼ੀਆ ਦਏ ਬਿਆਨ, ਸਾਚਾ ਕਰਮ ਨਾ ਕੋਇ ਗਣਾਇੰਦਾ। ਵਰਨ ਬਰਨ ਭੁਲਾਇਆ ਜੀਵ ਜਹਾਨ, ਚਾਰ ਵਰਨ ਅਠਾਰਾਂ ਬਰਨ ਧੀਰਜ ਧੀਰ ਨਾ ਕੋਇ ਵਖਾਇੰਦਾ। ਕਲਜੁਗ ਅੰਤਮ ਏਕਾ ਏਕ ਕਰਨੀ ਕਰਨ, ਕਰਤਾ ਪੁਰਖ ਨਾਉਂ ਧਰਾਇੰਦਾ। ਜਿਸ ਜਨ ਬਖ਼ਸ਼ੇ ਆਪਣੀ ਸਰਨ, ਜਨਮ ਮਰਨ ਫੰਦ ਕਟਾਇੰਦਾ। ਨੇਤਰ ਖੋਲ੍ਹੇ ਹਰਨ ਫਰਨ, ਗੁਰ ਗੋਬਿੰਦ ਦਰਸ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਬੇੜਾ ਆਪ ਚਲਾਇੰਦਾ। ਜੁਗ ਜੁਗ ਬੇੜਾ ਆਪ ਚਲਾਇਆ, ਸਤਿਗੁਰ ਸਾਚਾ ਵਡ ਵਡਿਆਈਆ। ਕਲਜੁਗ ਖੇਵਟ ਬਣ ਕੇ ਆਇਆ, ਖੇਲੇ ਖੇਲ ਖ਼ਲਕ ਖੁਦਾਈਆ। ਆਲਸ ਨਿੰਦਰਾ ਤਜ ਕੇ ਆਇਆ, ਦਿਵਸ ਰੈਣ ਏਕਾ ਰੰਗ ਸਮਾਈਆ। ਬਨ ਬਿੰਦਰਾ ਗੋਪੀ ਕਾਹਨ ਬਣ ਕੇ ਆਇਆ, ਗੋਕਲ ਮਥਰਾ ਰਾਸ ਰਚਾਈਆ। ਸਾਚੀ ਸਖੀਆਂ ਰਲ ਕੇ ਆਇਆ, ਗੁਰਮੁਖ ਸਾਚੇ ਨਾਲ ਪਰਗਟਾਈਆ। ਸੋਲਾਂ ਹਜ਼ਾਰ ਕੰਨਿਆਂ ਵਰ ਕੇ ਆਇਆ, ਸੰਮਤ ਸੋਲਾਂ ਬੀਸ ਬੀਸਾ ਖੇਲ ਖਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕ ਅਕੱਲਾ ਆਪਣੇ ਹੱਥ ਰੱਖੇ ਵਡਿਆਈਆ। ਈਸਾ ਮੂਸਾ ਬਣ ਕੇ ਆਇਆ, ਰਾਮ ਰਾਮਾ ਆਪ ਅਖਵਾਇੰਦਾ। ਸਾਚਾ ਤਾਣਾ ਤਣ ਕੇ ਆਇਆ, ਤਾਣਾ ਪੇਟਾ ਆਪੇ ਪਾਇੰਦਾ। ਸਾਚਾ ਰਾਜਾ ਬਣ ਕੇ ਆਇਆ, ਕਲਜੁਗ ਅੰਤਮ ਹੁਕਮ ਸੁਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਲ ਛਲਧਾਰੀ ਆਪ ਅਖਵਾਇੰਦਾ। ਸਾਚਾ ਬਣਿਆ ਮਹੰਮਦ ਮਲਾਹ, ਚਾਰ ਯਾਰੀ ਮਤਾ ਪਕਾਈਆ। ਅੱਲਾ ਰਾਣੀ ਦਏ ਸਲਾਹ, ਸਲਾਹਗੀਰ ਇਕ ਖ਼ੁਦਾਈਆ। ਖ਼ਾਲਕ ਖ਼ਲਕ ਵੇਖੇ ਆਪ ਖ਼ੁਦਾ, ਅਜਮਤੋ ਕਸਮਤੋ ਮਿਹਰਬਾਨ ਮਿਹਬਾਂ ਨੂਰ ਜਲਵਾ ਆਪ ਅਲਾਹੀਆ। ਉਚੀ ਕੂਕ ਦਏ ਸਦਾ, ਆਪਣਾ ਕਰੇ ਫਰਜ਼ ਅਦਾ, ਸਾਚੇ ਹੁਜਰੇ ਆਪੇ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਭੇਵ ਖੁਲਾਈਆ। ਨਾਨਕ ਨਿਰਗੁਣ ਬਣ ਕੇ ਆਇਆ, ਜਨਣੀ ਜਨ ਗੋਦ ਬਹਾਈਆ। ਪੁਰਖ ਅਕਾਲ ਦੀਨ ਦਿਆਲ ਪਿਤਾ ਬਣ ਕੇ ਆਇਆ, ਪਿਤਾ ਪੂਤ ਦਏ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਅੰਤਮ ਵੇਖ ਵਖਾਈਆ। ਕਲਜੁਗ ਅੰਤਮ ਵੇਖਣ ਆਇਆ, ਨਿਹਕਲੰਕ ਬਲੀ ਬਲਕਾਰ। ਫਲ ਰੇਖਾ ਮੇਟਣ ਆਇਆ, ਨਾਤਾ ਤੋੜ ਸਰਬ ਸੰਸਾਰ। ਜੂਠ ਝੂਠ ਮਾਇਆ ਮਮਤਾ ਹਉਮੇ ਹੰਗਤਾ ਭੇਖ ਪੇਖਣ ਆਇਆ, ਨੇਤਰ ਨੈਣ ਆਪ ਉਘਾੜ। ਮੁਲਾਂ ਸ਼ੇਖ਼ ਮਸਾਇਕ ਪੀਰ ਕੁਤਬ ਗੌਂਸ ਮੇਟਣ ਆਇਆ, ਚੌਦਾਂ ਤਬਕਾਂ ਤੋੜ ਜੰਜੀਰ। ਬ੍ਰਹਮਾ ਵਿਸ਼ਨ ਸ਼ਿਵ ਲੇਖਾ ਮੰਗਣ ਆਪ ਲਗਾਇਆ, ਚਾਰੇ ਵੇਦਾਂ ਕਰੇ ਅਖ਼ੀਰ। ਪੰਡਤ ਪਾਂਧੇ ਆਪ ਪੜ੍ਹਾਵਨ ਆਇਆ, ਚੌਦਾਂ ਵਿਦਿਆ ਕੱਟੇ ਭੀੜ। ਗੁਰਮੁਖ ਸਾਚੇ ਆਪ ਸੁਹਾਵਣ ਆਇਆ, ਵਡ ਦਾਤਾ ਗਹਿਰ ਗੰਭੀਰ। ਸਾਚਾ ਮਾਰਗ ਇਕ ਵਖਾਇਆ, ਠਾਂਡਾ ਘਰ ਅੰਮ੍ਰਿਤ ਠਾਂਡਾ ਸੀਰ। ਗੁਰਮੁਖ ਵਿਰਲੇ ਮੁਖ ਚਵਾਇਆ, ਦੂਈ ਦਵੈਤੀ ਕੱਢੀ ਪੀੜ। ਸਾਚੇ ਮੰਦਰ ਆਪ ਬਹਾਇਆ, ਚੋਟੀ ਚਾੜ੍ਹ ਇਕ ਅਖ਼ੀਰ। ਨਿਰਮਲ ਦੀਪਕ ਆਪ ਜਗਾਇਆ, ਮੇਲ ਮਿਲਾਵਾ ਪੀਰਨ ਪੀਰ। ਪੀਤ ਪਤੰਬਰ ਸੀਸ ਸੁਹਾਇਆ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਜਨ ਭਗਤਾਂ ਕੱਟੇ ਭੀੜ। ਜਨ ਭਗਤਾਂ ਸੁਰਤ ਸੰਭਾਲਦਾ, ਜੁਗਾ ਜੁਗੰਤਰ ਸਾਚੀ ਕਾਰ। ਸਤਿਜੁਗ ਤ੍ਰੇਤਾ ਦਵਾਪਰ ਆਪਣੇ ਚਰਨਾਂ ਹੇਠ ਲਤਾੜਦਾ, ਕਲਜੁਗ ਆਈ ਅੰਤਮ ਵਾਰ। ਲੇਖਾ ਜਾਣੇ ਅਗਨੀ ਤਤ ਹਾੜ ਦਾ, ਤ੍ਰੈਗੁਣ ਤਪੇ ਮਾਤ ਅੰਗਿਆਰ। ਗੁਰਮੁਖ ਸਾਚੇ ਲੱਖ ਚੁਰਾਸੀ ਵਿਚੋਂ ਕੱਢ ਦਰਗਹਿ ਸਾਚੀ ਆਪੇ ਵਾੜਦਾ, ਆਪ ਆਪਣਾ ਕਰੇ ਪਿਆਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਹਰਿਜਨ ਸਾਚੇ ਲਏ ਉਭਾਰ। ਹਰਿਜਨ ਪੈਜ ਸਵਾਰੀਅਨ, ਕਲਜੁਗ ਤੇਰੀ ਅੰਤਮ ਵਾਰ। ਏਕਾ ਦੇਵੇ ਨਾਮ ਅਧਾਰੀਅਨ, ਚਰਨ ਕਵਲ ਸਚ ਪਿਆਰ। ਆਪੇ ਖੋਲ੍ਹੇ ਬੰਦ ਕਿਵਾੜੀਅਨ, ਨਾਤਾ ਤੁਟੇ ਜਗਤ ਵਿਕਾਰ। ਪੰਚ ਵਿਕਾਰਾ ਆਪ ਪਛਾੜੀਅਨ, ਆਪੇ ਮਾਰਨ ਹਾਰਾ ਮਾਰ। ਆਪੇ ਗੁਰਮੁਖਾਂ ਫਿਰੇ ਪਿਛੇ ਅਗਾੜੀਅਨ, ਏਥੇ ਓਥੇ ਪਾਵੇ ਸਾਰ। ਆਪੇ ਲਹਿਣਾ ਚੁਕਾਏ ਚਰਨ ਛੁਹਾਈ ਦਾੜ੍ਹੀਅਨ, ਨਾਰੀ ਪੁਰਖ ਪੁਰਸ਼ ਏਕਾ ਧਾਰ। ਬਿਰਧ ਬਾਲ ਪਾਰ ਉਤਾਰੀਅਨ, ਮੰਝਧਾਰ ਨਾ ਡੋਬੇ ਕੋਈ ਵਿਚ ਸੰਸਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਨਰ ਹਰਿ ਪਾਵੇ ਸਾਚੀ ਸਾਰ। ਨਰ ਹਰਿ ਬਨਵਾਰੀ ਨਮੋ ਸਤਿ, ਨਮੋ ਦੇਵ ਵਾਸਤਕ ਰੂਪ ਸਰਬ ਸਮਾਈਆ। ਏਕਾ ਜੋਤ ਨਿਰੰਕਾਰੀ ਆਸਤਕ, ਵਿਸ਼ਵ ਧਾਰ ਇਕ ਬੰਧਾਈਆ। ਸਤਿਜੁਗ ਸਾਚੀ ਕਰੇ ਕਾਰੀ, ਚਾਰ ਵਰਨਾਂ ਇਕ ਆਧਾਰੀ, ਦਰ ਦਰਬਾਰਾ ਇਕ ਵਖਾਈਆ। ਸੋਹੰ ਸ਼ਬਦ ਜੈਕਾਰੀ, ਗੁਰ ਗੁਰ ਚੇਲਾ ਲਾਵਣ ਵਾਹੋ ਦਾਹੀਆ। ਬ੍ਰਹਮਾ ਵਿਸ਼ਨ ਸ਼ਿਵ ਕਰਨ ਨਿਮਸਕਾਰੀ, ਜਗਤ ਜਗਦੀਸ਼ ਵੱਡੀ ਵਡਿਆਈਆ। ਸ੍ਰਿਸ਼ਟ ਸਬਾਈ ਹੋਏ ਪਨਹਾਰੀ, ਕਾਗਦ ਕਲਮ ਨਾ ਲਿਖਣਹਾਰੀ, ਨੇਤਰ ਰੋਵੇ ਧਰਤ ਬਸੁਧਾ, ਸਤਿ ਸਰੋਵਰ ਲੇਖਾ ਚੁੱਕੇ ਨਾ ਜਗਤ ਛਾਹੀਆ। ਭਗਤ ਕਬੀਰ ਵਾਜਾਂ ਰਿਹਾ ਮਾਰੀ, ਸਚ ਮਹੱਲੇ ਬੈਠ ਅਟਾਰੀ, ਗੁਰਸਿਖਾਂ ਰਾਹ ਤਕਾਈਆ। ਕਲਜੁਗ ਤੇਰੀ ਆਈ ਅੰਤਮ ਵਾਰੀ, ਸਤਿਗੁਰ ਪੂਰਾ ਜਾਏ ਪੈਜ ਸਵਾਰੀ, ਗੁਰਮੁਖ ਸਾਚੇ ਪੌੜੇ ਗਿਆ ਚਾੜ੍ਹੀ, ਉੱਚਾ ਡੰਡਾ ਵਿਚ ਬ੍ਰਹਿਮੰਡਾ ਹਰਿ ਸਾਚਾ ਆਪ ਲਗਾਈਆ। ਗੁਰਮੁਖ ਸੁਰਤੀ ਰਹੇ ਨਾ ਕਵਾਰੀ, ਮਿਲਿਆ ਮੇਲ ਹਰਿ ਕੰਤ ਭਤਾਰੀ, ਦਰਗਹਿ ਵਸੇ ਸਚ ਅਟਾਰੀ, ਜੋਤੀ ਜੋਤ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਗੁਰਸਿਖ ਸੱਜਣ ਲਏ ਫੜ, ਫੜਨਹਾਰਾ ਦਿਸ ਨਾ ਆਈਆ। ਗੁਰਮੁਖ ਫੜਿਆ ਕਿਰਪਾ ਨਿਧ, ਕਰ ਕਿਰਪਾ ਮੇਲ ਮਿਲਾਇਆ। ਅੰਤਮ ਕਾਰਜ ਕਰੇ ਸਿਧ, ਸਿਦਕ ਸਬੂਰੀ ਇਕ ਵਖਾਇਆ। ਚਰਨ ਦਾਸ ਕਰਾਏ ਨੌਂ ਨਿਧ, ਅਠਾਰਾਂ ਸਿਧ ਫਿਰੇ ਹਲਕਾਇਆ। ਆਪ ਜਣਾਏ ਆਪਣੀ ਬਿਧ, ਆਪਣਾ ਮੰਤਰ ਆਪ ਪੜ੍ਹਾਇਆ। ਮਨ ਮਤ ਅੰਤਰ ਆਤਮ ਜਾਏ ਵਿਧ, ਤੀਰ ਨਿਰਾਲਾ ਏਕਾ ਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਵੇਖੇ ਥਾਉਂ ਥਾਂਇਆ। ਥਾਨ ਥਨੰਤਰ ਸੁਹਾਇਆ, ਕਰ ਕਿਰਪਾ ਆਪ ਨਿਰੰਕਾਰ। ਗੁਰਸਿਖ ਬੰਕ ਵੇਖ ਵਖਾਇਆ, ਲੋਕਮਾਤ ਲੈ ਅਵਤਾਰ। ਆਪਣੇ ਅੰਕ ਆਪ ਲਗਾਇਆ, ਅੰਗੀਕਾਰ ਕਰੇ ਨਿਰੰਕਾਰ। ਧੁਰ ਦਾ ਸਾਚਾ ਸੰਗ ਨਿਭਾਇਆ, ਜੁਗ ਜੁਗ ਵਿਛੜਿਆ ਮਿਲਿਆ ਸਾਚਾ ਯਾਰ। ਬਿਰਹੋਂ ਵਿਛੋੜਾ ਆਪ ਕਟਾਇਆ, ਅੱਠੇ ਪਹਿਰ ਦਰਸ ਦੀਦਾਰ। ਨਿਝ ਆਤਮ ਸਾਚੀ ਸੇਜਾ ਡੇਰਾ ਲਾਇਆ, ਪੁਰਖ ਅਬਿਨਾਸ਼ੀ ਕਿਰਪਾ ਧਾਰ। ਆਪਣਾ ਗੇੜਾ ਆਪ ਦਵਾਇਆ, ਚਾਰੋਂ ਕੁੰਟ ਗੇੜਨਹਾਰ। ਹਰਿਜਨ ਖੇੜਾ ਆਪ ਵਸਾਇਆ, ਕਾਇਆ ਮੰਦਰ ਖੋਲ੍ਹ ਕਿਵਾੜ। ਧੁੰਧੂਕਾਰ ਅੰਧੇਰ ਆਪ ਮਿਟਾਇਆ, ਦੀਪ ਜੋਤੀ ਬਾਤੀ ਕਰ ਉਜਿਆਰ। ਕਮਲਾਪਾਤੀ ਰੂਪ ਪਰਗਟਾਇਆ, ਅੰਮ੍ਰਿਤ ਬੂੰਦ ਸਵਾਂਤੀ ਪਿਆਏ ਠੰਡੀ ਠਾਰ। ਰਾਤੀਂ ਸੁਤਿਆ ਲਏ ਉਠਾਇਆ, ਸੁਫਨ ਸਖੋਪਤ ਜਾਗਤ ਤੁਰੀਆ ਏਕਾ ਧਾਰ। ਆਪਣਾ ਮੇਲਾ ਲਏ ਮਿਲਾਇਆ, ਹਰਿ ਸੰਗਤ ਬਖ਼ਸ਼ੇ ਚਰਨ ਪਿਆਰ। ਗੁਰ ਚੇਲਾ ਏਕਾ ਧਾਮ ਸੁਹਾਇਆ, ਸੰਬਲ ਨਗਰੀ ਕਰ ਵਿਚਾਰ। ਰਵਦਾਸ ਚੁਮਿਆਰ ਲੇਖ ਲਿਖਾਇਆ, ਸਾਢੇ ਤਿੰਨ ਹੱਥ ਮੰਦਰ ਮੁਨਾਰ। ਜਗਤ ਬਾਢੀ ਨਾ ਕਿਸੇ ਬਣਾਇਆ, ਘਾੜਨ ਘੜੇ ਨਾ ਕੋਈ ਵਿਚ ਸੰਸਾਰ। ਰਕਤ ਬੂੰਦ ਮੇਲ ਮਿਲਾਇਆ, ਸੇਵਾ ਕਰੇ ਸੇਵਾਦਾਰ। ਗੁਰ ਗੋਬਿੰਦ ਵਿਚ ਵਸਾਇਆ, ਸ਼ਬਦ ਗੁਰ ਵਡ ਬਲਕਾਰ। ਪੁਰਖ ਅਕਾਲ ਆਪ ਅਖਵਾਇਆ, ਜੋਤੀ ਜਾਮਾ ਭੇਖ ਅਪਾਰ। ਏਕਾ ਸੋਟੀ ਹੱਥ ਰਖਾਇਆ, ਸ਼ਬਦ ਖੰਡਾ ਨਾਮ ਕਟਾਰ। ਕੋਟੀ ਕੋਟ ਜੀਵ ਜਗਾਇਆ, ਜਗਤ ਜੁਗਤ ਕਰ ਕਰਤਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੇ ਖੇੜੇ ਦੇਵੇ ਵਰ, ਗੁਰਸਿਖ ਬੰਧਾਏ ਆਪਣੇ ਲੜ, ਏਕਾ ਪੱਲੂ ਹੱਥ ਵਖਾਇਆ। ਏਕਾ ਪੱਲੂ ਸਾਚੀ ਡੋਰ, ਨਾਮ ਨਾਮਾ ਹੱਥ ਫੜਾਇੰਦਾ। ਲੇਖਾ ਜਾਣੇ ਪੰਜ ਚੋਰ, ਤਤਵ ਤਤ ਮੇਟ ਮਿਟਾਇੰਦਾ। ਪਾਵੇ ਸਾਰ ਅੰਧਘੋਰ, ਅਗਿਆਨ ਅੰਧੇਰ ਗਵਾਇੰਦਾ। ਜਗਤ ਵਿਕਾਰਾ ਦੇਵੇ ਹੋੜ, ਮਾਇਆ ਮਮਤਾ ਮੋਹ ਮਿਟਾਇੰਦਾ। ਆਪਣੇ ਮਾਰਗ ਦੇਵੇ ਤੋਰ, ਸਾਚਾ ਮਾਰਗ ਇਕ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਸਾਚੇ ਮੇਲ ਮਿਲਾਇਆ। ਗੁਰਮੁਖ ਮੇਲ ਮਿਲਾਇਆ, ਕਰ ਕਿਰਪਾ ਆਪ ਨਿਰੰਕਾਰ। ਪੂਰਬ ਲਹਿਣਾ ਝੋਲੀ ਪਾਇਆ, ਮਾਨਸ ਜਨਮ ਕਰ ਵਿਚਾਰ। ਨੇਤਰ ਨੈਣਾਂ ਦਰਸ ਦਿਖਾਇਆ, ਜੋਤੀ ਜਾਮਾ ਭੇਖ ਅਪਾਰ। ਸਾਕ ਸੱਜਣ ਸੈਣ ਇਕ ਅਖਵਾਇਆ, ਮਾਤ ਪਿਤ ਭਾਈ ਭੈਣ ਆਪ ਨਿਰੰਕਾਰ। ਪਿਤਾ ਪੂਤ ਗੁਰਮੁਖ ਜੋੜ ਜੁੜਾਇਆ, ਨਾਤਾ ਤੋੜ ਸਰਬ ਸੰਸਾਰ। ਵਰਨ ਗੋਤੀ ਪੰਧ ਮੁਕਾਇਆ, ਜ਼ਾਤ ਪਾਤ ਨਾ ਕੋਈ ਵਿਚਾਰ। ਵਾਸਨਾ ਖੋਟੀ ਆਪ ਕਢਾਇਆ, ਏਕਾ ਰੰਗ ਰੰਗਾਏ ਸੱਚੀ ਸਰਕਾਰ। ਜੋਤੀ ਜੋਤ ਜਗਾਇਆ, ਜੀਵਣ ਮਰਨ ਦਏ ਅਧਾਰ। ਓਤ ਪੋਤ ਆਪ ਬਣਾਇਆ, ਵਿਸ਼ਨੂੰ ਵੰਸੀ ਖੇਲ ਅਪਾਰ। ਬੰਸ ਸਰਬੰਸਾ ਆਪ ਸੁਹਾਇਆ, ਸਹੰਸ ਸਹੰਸਾ ਰੂਪ ਕਰਤਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਕਲਜੁਗ ਤੇਰੀ ਅੰਤਮ ਵਰ, ਸਾਚੀ ਸਿਖ਼ਿਆ ਕਰ ਵਿਚਾਰ। ਸਿਖ਼ਿਆ ਸਿੱਖ ਵਿਚਾਰ, ਸ਼ਬਦ ਜਣਾਇੰਦਾ। ਧੁਰ ਦਰਗਾਹੀ ਧਾਰ, ਧਰਮ ਵਖਾਇੰਦਾ। ਨੇਹਕਰਮੀ ਕਰਮ ਵਿਚਾਰ, ਪਾਰ ਕਰਾਇੰਦਾ। ਵਰਨੀ ਬਰਨੀ ਵਸਿਆ ਬਾਹਰ, ਏਕਾ ਰੰਗ ਸਮਾਇੰਦਾ। ਹਰਨ ਫਰਨ ਖੋਲ੍ਹ ਕਿਵਾੜ, ਨੇਤਰ ਨੈਣ ਦਰਸ ਕਰਾਇੰਦਾ। ਸਾਚੇ ਘੋੜੇ ਦੇਵੇ ਚਾੜ੍ਹ, ਵਾਗਾਂ ਆਪਣੇ ਹੱਥ ਰਖਾਇੰਦਾ। ਗੁਰਮੁਖ ਗੁਰਸਿਖ ਹਰਿਭਗਤ ਹਰਿਜਨ ਆਪਣੇ ਮੰਦਰ ਦੇਵੇ ਵਾੜ, ਹਰਿ ਮੰਦਰ ਆਪ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਬਹਾਏ ਆਪਣੇ ਦਰ, ਦਰ ਦਰਵਾਜ਼ਾ ਆਪ ਸੁਹਾਇੰਦਾ।
