Granth 09 Likhat 168: 15 Bhadro 2017 Bikarmi Dharam Singh de Greh Pind Pippli Jila Ferozepur

੧੫ ਭਾਦਰੋਂ ੨੦੧੭ ਬਿਕ੍ਰਮੀ ਧਰਮ ਸਿੰਘ ਦੇ ਗ੍ਰਹਿ ਪਿੰਡ ਪਿਪਲੀ ਜ਼ਿਲਾ ਫਿਰੋਜ਼ ਪੁਰ

ਸਤਿ ਪੁਰਖ ਨਿਰੰਜਣ ਬੇਪਰਵਾਹ, ਇਕ ਇਕੱਲਾ ਵਡ ਵਡਿਆਈਆ। ਸੋ ਪੁਰਖ ਨਿਰੰਜਣ ਸੱਚਾ ਸ਼ਹਿਨਸ਼ਾਹ, ਸਾਚੇ ਤਖ਼ਤ ਸਿੰਘਾਸਣ ਸੋਭਾ ਪਾਈਆ। ਹਰਿ ਪੁਰਖ ਨਿਰੰਜਣ ਅਗੰਮ ਅਥਾਹ, ਅਲੱਖ ਅਗੋਚਰ ਭੇਵ ਨਾ ਰਾਈਆ। ਏਕੰਕਾਰਾ ਵਸੇ ਸਾਚੇ ਥਾਂ, ਸਚਖੰਡ ਦਵਾਰਾ ਆਪ ਸੁਹਾਈਆ। ਆਦਿ ਨਿਰੰਜਣ ਨੂਰ ਨੁਰਾਨਾ ਡਗਮਗਾ, ਅਨਭਵ ਪਰਕਾਸ਼ ਆਪ ਕਰਾਈਆ। ਅਬਿਨਾਸ਼ੀ ਕਰਤਾ ਸਾਚਾ ਮੰਦਰ ਰਿਹਾ ਸੁਹਾ, ਥਿਰ ਦਰਬਾਰਾ ਵੇਖ ਵਖਾਈਆ। ਸ੍ਰੀ ਭਗਵਾਨ ਨਾ ਕੋਈ ਪਿਤਾ ਨਾ ਕੋਈ ਮਾਂ, ਗੋਦੀ ਗੋਦ ਨਾ ਕੋਇ ਸੁਹਾਈਆ। ਪਾਰਬ੍ਰਹਮ ਪ੍ਰਭ ਆਪੇ ਜਾਣੇ ਆਪਣਾ ਨਾਂ, ਨਾਉਂ ਨਿਰੰਕਾਰਾ ਆਪ ਧਰਾਈਆ। ਆਦਿ ਜੁਗਾਦੀ ਕਰੇ ਸਚ ਨਿਆਂ, ਸ਼ਾਹੋ ਭੂਪ ਵੱਡੀ ਵਡਿਆਈਆ। ਆਪਣੇ ਭਾਣੇ ਸੋਹਿਆ , ਦੂਸਰ ਹੋਰ ਨਾ ਹੁਕਮ ਜਣਾਈਆ। ਜੂਨੀ ਰਹਿਤ ਨਾਉਂ ਧਰਾ, ਦੀਪਕ ਜੋਤ ਕਰੇ ਰੁਸ਼ਨਾਈਆ। ਪੁਰਖ ਅਕਾਲ ਆਪ ਅਖਵਾ, ਆਪਣਾ ਬਲ ਆਪ ਰਖਾਈਆ। ਕਰਤਾ ਪੁਰਖ ਵੇਸ ਵਟਾ, ਆਪਣੀ ਕਰਨੀ ਕਰੇ ਦਿਸ ਨਾ ਆਈਆ। ਆਦਿ ਜੁਗਾਦੀ ਇਕ ਮਲਾਹ, ਨਿਰਗੁਣ ਬੇੜਾ ਰਿਹਾ ਚਲਾਈਆ। ਵੰਜ ਮੁਹਾਣਾ ਇਕ ਰਖਾ, ਏਕਾ ਚੱਪੂ ਹੱਥ ਉਠਾਈਆ। ਨਾਮ ਸਹਾਰਾ ਦਏ ਲਗਾ, ਸ਼ਬਦ ਅਨਾਦੀ ਆਪ ਪਰਗਟਾਈਆ। ਬੋਧ ਅਗਾਧੀ ਭੇਵ ਖੁਲ੍ਹਾ, ਆਪਣਾ ਰਾਗ ਆਪ ਸੁਣਾਈਆ। ਆਪਣਾ ਮੰਤਰ ਆਪ ਦ੍ਰਿੜਾ, ਆਪਣੀ ਬੂਝ ਆਪ ਬੁਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦਰ ਘਰ ਸਾਚਾ ਆਪ ਸੁਹਾਈਆ। ਸਤਿ ਪੁਰਖ ਨਿਰੰਜਣ ਊਚ ਅਪਾਰਾ, ਬੇਅੰਤ ਭੇਵ ਨਾ ਆਇੰਦਾ। ਸੋ ਪੁਰਖ ਨਿਰੰਜਣ ਖੇਲ ਨਿਆਰਾ, ਨਿਰਗੁਣ ਨਰਾਇਣ ਨਿਰਵੈਰ ਆਪ ਕਰਾਇੰਦਾ। ਹਰਿ ਪੁਰਖ ਨਿਰੰਜਣ ਸੁਹਾਏ ਇਕ ਮੁਨਾਰਾ, ਅਸਥਲ ਚੁਬਾਰਾ ਆਪ ਬਣਾਇੰਦਾ। ਏਕੰਕਾਰਾ ਆਪੇ ਬਣੇ ਸ਼ਾਹੋ ਭੂਪ ਸੱਚਾ ਸਿਕਦਾਰਾ, ਤਖ਼ਤ ਨਿਵਾਸੀ ਤਖ਼ਤ ਸੁਹਾਇੰਦਾ। ਆਦਿ ਨਿਰੰਜਣ ਕਰ ਪਸਾਰਾ, ਜੋਤ ਉਜਾਲਾ ਜੋਤ ਕਰਾਇੰਦਾ। ਸ੍ਰੀ ਭਗਵਾਨ ਵੇਖੇ ਸਚ ਅਖਾੜਾ, ਦਰਗਹਿ ਸਾਚੀ ਆਪ ਲਗਾਇੰਦਾ। ਅਬਿਨਾਸ਼ੀ ਕਰਤਾ ਏਕਾ ਲਾੜਾ, ਆਪਣਾ ਜੋਬਨ ਆਪ ਸੁਹਾਇੰਦਾ। ਪਾਰਬ੍ਰਹਮ ਪ੍ਰਭ ਮੀਤ ਮੁਰਾਰਾ, ਆਪਣਾ ਸੰਗ ਆਪ ਨਿਭਾਇੰਦਾ। ਆਦਿ ਜੁਗਾਦੀ ਸਾਚੀ ਕਾਰਾ, ਕਰਤਾ ਪੁਰਖ ਆਪ ਕਰਾਇੰਦਾ। ਨਾਦ ਅਨਾਦੀ ਬੋਲ ਜੈਕਾਰਾ, ਸ਼ਬਦ ਸ਼ਬਦੀ ਡੰਕ ਵਜਾਇੰਦਾ। ਸ਼ਬਦ ਸ਼ਬਦੀ ਕਰ ਪਿਆਰਾ, ਦਰ ਘਰ ਸਾਚੇ ਮੇਲ ਮਿਲਾਇੰਦਾ। ਦਰ ਘਰ ਸਾਚੇ ਬਣ ਵਣਜਾਰਾ, ਵਣਜ ਵਪਾਰ ਇਕ ਕਰਾਇੰਦਾ। ਵਣਜ ਵਪਾਰੀ ਪਰਵਰਦਿਗਾਰਾ, ਗਹਿਰ ਗੰਭੀਰ ਆਪ ਅਖਵਾਇੰਦਾ। ਗਹਿਰ ਗੰਭੀਰ ਸਭ ਤੋਂ ਵਸੇ ਨਿਆਰਾ, ਨਿਰਾਕਾਰ ਦਿਸ ਨਾ ਆਇੰਦਾ। ਨਿਰਾਕਾਰ ਕਰ ਪਸਾਰਾ, ਆਪਣੀ ਧਾਰਾ ਆਪ ਬੰਧਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦਰ ਘਰ ਸਾਚਾ ਆਪ ਵਡਿਆਇੰਦਾ। ਸਤਿ ਪੁਰਖ ਨਿਰੰਜਣ ਪਰਵਰਦਿਗਾਰ, ਬੇਐਬ ਨਾਉਂ ਧਰਾਇੰਦਾ। ਸੋ ਪੁਰਖ ਨਿਰੰਜਣ ਸਾਂਝਾ ਯਾਰ, ਦਰ ਘਰ ਸਾਚੇ ਡੇਰਾ ਲਾਇੰਦਾ। ਹਰਿ ਪੁਰਖ ਨਿਰੰਜਣ ਕਰੇ ਖੇਲ ਅਪਰ ਅਪਾਰ, ਅਪਰ ਅਪਰੰਪਰ ਆਪਣਾ ਮੁਖ ਛੁਪਾਇੰਦਾ। ਆਦਿ ਨਿਰੰਜਣ ਵੇਖੇ ਵਿਗਸੇ ਪਾਵੇ ਸਾਰ, ਵੇਖਣਹਾਰਾ ਦਿਸ ਨਾ ਆਇੰਦਾ। ਸ੍ਰੀ ਭਗਵਾਨ ਰੂਪ ਰੰਗ ਤੋਂ ਵਸਿਆ ਬਾਹਰ, ਰੇਖ ਭੇਖ ਨਾ ਕੋਇ ਬਣਾਇੰਦਾ। ਅਬਿਨਾਸ਼ੀ ਕਰਤਾ ਖੜਗ ਖੰਡਾ ਨਾ ਕੋਇ ਕਟਾਰ, ਬਸਤਰ ਸ਼ਸਤਰ ਨਾ ਕੋਇ ਉਠਾਇੰਦਾ। ਪਾਰਬ੍ਰਹਮ ਜੋਧਾ ਸੂਰਬੀਰ ਬਲੀ ਬਲਕਾਰ, ਬਲਧਾਰੀ ਆਪ ਹੋ ਜਾਇੰਦਾ। ਅਛਲ ਅਛੱਲ ਕਰੇ ਕਰਾਏ ਆਪਣੀ ਕਾਰ, ਆਪਣੀ ਕਲ ਆਪ ਵਰਤਾਇੰਦਾ। ਅਕਲ ਕਲਾ ਹੋ ਉਜਿਆਰ, ਹੁਕਮੀ ਹੁਕਮ ਆਪ ਵਰਤਾਇੰਦਾ। ਹੁਕਮੀ ਹੁਕਮ ਕਰ ਪਸਾਰ, ਇਕ ਇਕੱਲਾ ਵੇਖ ਵਖਾਇੰਦਾ। ਧੁਰ ਦਰਗਾਹੀ ਦਰ ਦਰਬਾਰ, ਸਾਚਾ ਤਖ਼ਤ ਆਪ ਸੁਹਾਇੰਦਾ। ਰਾਜ ਰਾਜਾਨਾ ਹੋ ਤਿਆਰ, ਸ਼ਾਹ ਸੁਲਤਾਨਾ ਆਸਣ ਲਾਇੰਦਾ। ਸਤਿ ਸਤਿਵਾਦੀ ਸਚ ਨਿਸ਼ਾਨਾ ਦੇਵੇ ਚਾੜ੍ਹ, ਨਾਮ ਡੋਰੀ ਇਕ ਰਖਾਇੰਦਾ। ਪੰਚਮ ਮੁਖ ਤਾਜ ਸੀਸ ਧਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਆਦਿ ਆਪਣੀ ਕਾਰ ਆਪ ਕਮਾਇੰਦਾ। ਕਾਰ ਕਰਾਵਣਹਾਰਾ ਏਕੰਕਾਰ, ਮਹਿਮਾ ਅਕਥ ਕਥੀ ਨਾ ਜਾਈਆ। ਸਚਖੰਡ ਦਵਾਰਾ ਕਰ ਪਸਾਰ, ਨਿਰਗੁਣ ਬੈਠਾ ਜੋਤ ਜਗਾਈਆ। ਨਾ ਕੋਈ ਸਾਜਣ ਮੀਤ ਮੁਰਾਰ, ਸਗਲਾ ਸੰਗ ਨਾ ਕੋਇ ਵਖਾਈਆ। ਨਾ ਕੋਈ ਗੁਰ ਪੀਰ ਅਵਤਾਰ, ਸਾਧ ਸੰਤ ਨਾ ਰੂਪ ਵਟਾਈਆ। ਨਾ ਕੋਈ ਭਗਤ ਕਰੇ ਜੈ ਜੈਕਾਰ, ਭਗਵਨ ਮੇਲ ਨਾ ਕੋਇ ਮਿਲਾਈਆ। ਰਾਮ ਨਾਮ ਨਾ ਕੋਇ ਪਿਆਰ, ਕਾਹਨਾ ਬੰਸਰੀ ਨਾ ਕੋਇ ਵਜਾਈਆ। ਐਨਲਹੱਕ ਨਾ ਕੋਇ ਨਾਅਰ, ਮੁਕਾਮੇ ਹਕ ਨਾ ਕੋਇ ਖ਼ੁਦਾਈਆ। ਨਾਮ ਸਤਿ ਨਾ ਕੋਇ ਪਿਆਰ, ਫ਼ਤਿਹ ਵਾਹਿਗੁਰੂ ਨਾ ਕੋਇ ਬੁਲਾਈਆ। ਨਾਨਕ ਗੋਬਿੰਦ ਨਾ ਕੋਇ ਧਾਰ, ਪੰਜ ਤਤ ਨਾ ਕੋਇ ਵਖਾਈਆ। ਬ੍ਰਹਮਾ ਵਿਸ਼ਨ ਸ਼ਿਵ ਨਾ ਕਰੇ ਕੋਇ ਪੁਕਾਰ, ਤ੍ਰੈਗੁਣ ਵੰਡ ਨਾ ਕੋਇ ਵੰਡਾਈਆ। ਇਕ ਇਕੱਲਾ ਏਕੰਕਾਰ, ਕਰੇ ਕਰਾਏ ਖੇਲ ਅਪਾਰ, ਬਲਧਾਰੀ ਆਪ ਹੋ ਜਾਈਆ। ਇਕ ਇਕੱਲਾ ਸ੍ਰੀ ਭਗਵਾਨ, ਦਰ ਘਰ ਸਾਚੇ ਸੋਭਾ ਪਾਇੰਦਾ। ਨਾ ਕੋਈ ਸ਼ਾਸਤਰ ਸਿਮਰਤ ਵੇਦ ਪੁਰਾਨ, ਗੀਤਾ ਗਿਆਨ ਨਾ ਕੋਇ ਦ੍ਰਿੜਾਇੰਦਾ। ਨਾ ਕੋਈ ਅੰਜੀਲ ਨਾ ਕੁਰਾਨ, ਤੀਸ ਬਤੀਸ ਨਾ ਕੋਇ ਗਾਇੰਦਾ। ਖਾਣੀ ਬਾਣੀ ਨਾ ਗਾਏ ਗਾਨ, ਰਸਨਾ ਜਿਹਵਾ ਨਾ ਕੋਇ ਹਲਾਇੰਦਾ। ਅਠਸਠ ਨਾ ਪਾਣੀ ਕੋਈ ਰਿਹਾ ਛਾਣ, ਸਰ ਸਰੋਵਰ ਨਾ ਕੋਇ ਉਪਾਇੰਦਾ। ਚਾਰ ਜੁਗ ਨਾ ਕੋਇ ਨਿਸ਼ਾਨ, ਸਤਿਜੁਗ ਤ੍ਰੇਤਾ ਦਵਾਪਰ ਕਲਜੁਗ ਰੂਪ ਨਾ ਕੋਇ ਵਟਾਇੰਦਾ। ਚਾਰੇ ਮੁਖ ਨਾ ਕੋਇ ਪਰਧਾਨ, ਚਾਰੇ ਕੁੰਟ ਬ੍ਰਹਮਾ ਰਾਗ ਨਾ ਕੋਇ ਅਲਾਇੰਦਾ। ਸਾਂਗੋ ਪਾਂਗ ਨਾ ਕੋਇ ਸੁਹਾਨ, ਵਿਸ਼ਨੂੰ ਸੇਜ ਨਾ ਕੋਇ ਹੰਢਾਇੰਦਾ। ਬਾਸ਼ਕ ਤਸ਼ਕਾ ਨਾ ਕੋਇ ਕਲਿਆਣ, ਸ਼ੰਕਰ ਗਲ ਨਾ ਕੋਇ ਲਟਕਾਇੰਦਾ। ਅੱਖਰ ਵੱਖਰ ਨਾ ਜਾਣੇ ਕੋਈ ਕਲਾਮ, ਗਾਇਤਰੀ ਮੰਤਰ ਨਾ ਕੋਇ ਪੜ੍ਹਾਇੰਦਾ। ਨਿਉਂ ਨਿਉਂ ਕਰੇ ਨਾ ਕੋਈ ਪਰਨਾਮ, ਸੀਸ ਜਗਦੀਸ ਨਾ ਕੋਇ ਝੁਕਾਇੰਦਾ। ਨਾ ਕੋਈ ਰਸਨਾ ਕਹੇ ਰਾਮ ਰਾਮ, ਜਨਕ ਸਪੁਤਰੀ ਸੀਤਾ ਨਾ ਕੋਇ ਪਰਨਾਇੰਦਾ। ਨਾ ਕੋਈ ਬਣ ਨਾ ਬਨਬਾਸ, ਜੰਗਲ ਜੂਹ ਉਜਾੜ ਪਹਾੜ ਫੇਰੀ ਕੋਇ ਨਾ ਪਾਇੰਦਾ। ਨਾ ਕੋਈ ਨਗਰ ਨਾ ਗਰਾਮ, ਬੰਕ ਦਵਾਰ ਨਾ ਕੋਇ ਵਖਾਇੰਦਾ। ਨਾ ਕੋਈ ਸੁਬਾਹ ਨਾ ਕੋਈ ਸ਼ਾਮ, ਦਿਵਸ ਰੈਣ ਨਾ ਵੰਡ ਵੰਡਾਇੰਦਾ। ਨਾ ਕੋਈ ਤ੍ਰਿਸ਼ਨਾ ਨਾ ਕੋਈ ਤਾਮ, ਆਲਸ ਨਿੰਦਰਾ ਨਾ ਕੋਇ ਬਣਾਇੰਦਾ। ਨਾ ਕੋਈ ਮਦਿ ਨਾ ਕੋਈ ਜਾਮ, ਨਾ ਕੋਈ ਸਾਕੀ ਬਣ ਪਿਆਇੰਦਾ। ਨਾ ਕੋਈ ਪੱਲੂ ਨਾ ਕੋਈ ਦਾਮ, ਦਾਮਨਗੀਰ ਨਾ ਕੋਇ ਅਖਵਾਇੰਦਾ। ਨਾ ਕੋਈ ਚਿਲਾ ਤੀਰ ਕਮਾਨ, ਧਨੁਸ਼ ਹੱਥ ਨਾ ਕੋਇ ਰਖਾਇੰਦਾ। ਨਾ ਕੋਈ ਰਥ ਰਥਵਾਹੀ ਕਰੇ ਕਲਿਆਣ, ਮਹਾਂਸਾਰਥੀ ਨਾ ਕੋਇ ਅਖਵਾਇੰਦਾ। ਇਕ ਇਕੱਲਾ ਸ੍ਰੀ ਭਗਵਾਨ, ਅਕਾਲ ਪੁਰਖ ਖੇਲ ਮਹਾਨ, ਸਚਖੰਡ ਦਵਾਰੇ ਆਪੇ ਸੋਭਾ ਪਾਇੰਦਾ। ਨਾ ਕੋਈ ਧਰਤ ਧਵਲ ਆਕਾਸ਼, ਪ੍ਰਿਥਵੀ ਰੂਪ ਨਾ ਕੋਇ ਵਟਾਈਆ। ਨਾ ਕੋਈ ਦਿਸੇ ਜਗਤ ਬਨਾਸਪਤ ਬਨਾਸ, ਫੁਲ ਫੁਲਵਾੜੀ ਨਾ ਕੋਇ ਮਹਿਕਾਈਆ। ਨਾ ਕੋਈ ਨੰਦਨ ਨਾ ਕੋਈ ਰਾਸ, ਗੋਪੀ ਕਾਹਨ ਨਾ ਕੋਇ ਨਚਾਈਆ। ਨਾ ਕੋਈ ਸੇਵਕ ਦਾਸੀ ਦਾਸ, ਦਰ ਦਰਬਾਨ ਨਾ ਕੋਇ ਅਖਵਾਈਆ। ਨਾ ਕੋਈ ਕਰੇ ਬੰਦ ਖ਼ਲਾਸ, ਲੱਖ ਚੁਰਾਸੀ ਨਾ ਕੋਇ ਭਵਾਈਆ। ਨਾ ਕੋਈ ਰਾਏ ਧਰਮ ਪਾਏ ਗਲ ਫਾਸ ਚਿਤਰ ਗੁਪਤ ਹਿਸਾਬ ਨਾ ਕੋਈ ਵਖਾਈਆ। ਨਾ ਕੋਈ ਬਰਸ ਨਾ ਕੋਈ ਮਾਸ, ਘੜੀ ਪਲ ਵੰਡ ਨਾ ਕੋਇ ਵੰਡਾਈਆ। ਨਾ ਕੋਈ ਸੂਰਜ ਚੰਦ ਕਰੇ ਪਰਕਾਸ਼, ਕਿਰਨ ਕਿਰਨ ਨਾ ਕੋਇ ਚਮਕਾਈਆ । ਨਾ ਕੋਈ ਥਲ ਨਾ ਅਸਗਾਹ, ਜਲ ਜਲ ਰੂਪ ਨਾ ਕੋਇ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਇਕ ਇਕੱਲਾ ਏਕੰਕਾਰ, ਸਚਖੰਡ ਵਸੇ ਧਾਮ ਨਿਆਰ, ਨਿਰਗੁਣ ਆਪਣਾ ਨੂਰ ਧਰਾਈਆ। ਨਿਰਗੁਣ ਨੂਰ ਉਜਾਲਾ ਹਰਿ ਗੋਪਾਲਾ, ਪਾਰਬ੍ਰਹਮ ਭੇਵ ਨਾ ਆਇੰਦਾ। ਆਦਿ ਜੁਗਾਦੀ ਖੇਲ ਨਿਰਾਲਾ, ਚਲੇ ਅਵੱਲੜੀ ਚਾਲਾ, ਚਾਲ ਨਿਰਾਲੀ ਇਕ ਰਖਾਇੰਦਾ। ਸਚਖੰਡ ਦਵਾਰ ਵਸੇ ਸੱਚੀ ਧਰਮਸਾਲਾ, ਜੋਤੀ ਨੂਰ ਰੰਗ ਗੁਲਾਲਾ, ਨੂਰੋ ਨੂਰ ਡਗਮਗਾਇੰਦਾ। ਇਕ ਇਕੱਲਾ ਬਣ ਰਖਵਾਲਾ, ਜੁਗ ਜੁਗ ਕਰੇ ਸੱਚੀ ਪ੍ਰਿਤਪਾਲਾ, ਪ੍ਰਿਤਪਾਲਕ ਆਪਣਾ ਨਾਉਂ ਧਰਾਇੰਦਾ। ਅਬਿਨਾਸ਼ੀ ਆਪਣਾ ਨਾਉਂ ਆਪੇ ਮਾਲਾ, ਆਪ ਆਪਣੀ ਸੇਵ ਕਮਾਇੰਦਾ। ਆਪੇ ਮਾਤ ਪਿਤ ਕਰੇ ਹਿਤ, ਆਪੇ ਸੁਤ ਦੁਲਾਰ ਬਣੇ ਲਾਲਾ, ਬਾਲਕ ਬਾਲ ਆਪਣਾ ਰੂਪ ਵਟਾਇੰਦਾ। ਆਪੇ ਕਾਲ ਆਪੇ ਮਹਾਂਕਾਲਾ, ਆਪੇ ਘਾਲੇ ਆਪਣੀ ਘਾਲਾ, ਘਾਲੀ ਘਾਲ ਆਪੇ ਲੇਖੇ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਵਾਸਾ ਪੁਰਖ ਅਬਿਨਾਸ਼ਾ, ਖੇਲ ਤਮਾਸ਼ਾ ਪੁਰਖ ਬਿਧਾਤਾ ਆਪ ਕਰਾਈਆ। ਪੁਰਖ ਬਿਧਾਤਾ ਇਕ ਅਕੱਲੜਾ, ਏਕਾ ਰੰਗ ਸਮਾਇਆ। ਸਚਖੰਡ ਦਵਾਰਾ ਸਾਚਾ ਮਲੜਾ, ਥਿਰ ਘਰ ਸਾਚੇ ਸੋਭਾ ਪਾਇਆ। ਆਪ ਵਸਾਏ ਨੇਹਚਲ ਧਾਮ ਅਟੱਲੜਾ, ਉਚ ਮਹੱਲ ਅਟੱਲ ਆਪ ਵਖਾਇਆ। ਆਪਣੇ ਨੂਰ ਆਪੇ ਬਲੜਾ, ਜੋਤੀ ਜੋਤ ਆਪ ਜਗਾਇਆ। ਨਿਰਗੁਣ ਨਿਰਵੈਰ ਨਰ ਹਰਿ ਆਪਣਾ ਫੜੇ ਆਪੇ ਪੱਲੜਾ, ਆਪਣਾ ਬੰਧਨ ਆਪ ਰਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦਵਾਰਾ ਸੋਭਾਵੰਤ, ਹਰਿ ਹਰਿ ਸੋਹੇ ਏਕਾ ਕੰਤ, ਹਰਿ ਮੰਦਰ ਆਪ ਉਪਾਇਆ। ਹਰਿ ਮੰਦਰ ਹਰਿ ਉਪਾਇੰਦਾ, ਸੋਭਾਵੰਤ ਸੱਚਾ ਪਾਤਸ਼ਾਹ। ਨਿਰਾਕਾਰ ਆਸਣ ਲਾਇੰਦਾ, ਬੇਐਬ ਨਾਉਂ ਖ਼ੁਦਾ। ਆਪਣਾ ਨੂਰ ਆਪ ਪਰਗਟਾਇੰਦਾ, ਆਪੇ ਮੇਲ ਮਿਲਾਏ ਆਪੇ ਹੋਏ ਜੁਦਾ। ਸਚ ਸਿੰਘਾਸਣ ਸੋਭਾ ਪਾਇੰਦਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅਗੰਮ ਅਗੰਮ ਆਪਣਾ ਖੇਲ ਖਿਲਾਇੰਦਾ। ਅਗੰਮ ਪੁਰਖ ਵਡਿਆਈ ਵਡ, ਵਡਾ ਆਪ ਸਲਾਹਿਆ। ਆਪਣੇ ਵਿਚੋਂ ਆਪਣਾ ਆਪ ਕੱਢ, ਹਰਿ ਆਪੇ ਵੇਖ ਵਖਾਇਆ। ਆਪ ਲਡਾਏ ਆਪਣਾ ਲਡ, ਸਮਰਥ ਪੁਰਖ ਆਪਣਾ ਨਾਉਂ ਧਰਾਇਆ। ਸਤਿ ਨਿਸ਼ਾਨਾ ਆਪੇ ਗੱਡ, ਸਤਿ ਸਤਿਵਾਦੀ ਆਪੇ ਰਿਹਾ ਸਮਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅਗੰਮ ਅਗੰਮੜਾ ਆਪ ਅਖਵਾਇਆ। ਅਗੰਮ ਪੁਰਖ ਭੇਵ ਅਵੱਲਾ, ਸਚਖੰਡ ਦਵਾਰਾ ਰਿਹਾ ਤਕਾਈਆ। ਆਪਣੇ ਸਿੰਘਾਸਣ ਬੈਠਾ ਇਕ ਅਕੱਲਾ, ਅਕਲ ਕਲ ਆਪਣਾ ਬਲ ਧਰਾਈਆ। ਆਪੇ ਹੋਏ ਅਛਲ ਅਛੱਲਾ, ਵਲ ਛਲ ਆਪਣਾ ਆਪ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਅਗੰਮ ਆਪਣਾ ਵੇਸ ਵਟਾਈਆ। ਅਗੰਮ ਧਾਮ ਧਾਮ ਨਿਆਰਾ, ਨਿਰਗੁਣ ਨਿਰਵੈਰ ਆਪ ਉਪਾਇੰਦਾ। ਚਾਰ ਕੁੰਟ ਨਾ ਕੋਈ ਸਹਾਰਾ, ਛੱਪਰ ਛੰਨ ਦਾ ਕੋਈ ਉਪਾਇੰਦਾ। ਕਮਲਾਪਾਤੀ ਏਕਾ ਏਕ ਹੋ ਉਜਿਆਰਾ, ਏਕ ਏਕੰਕਾਰਾ ਖੇਲ ਖਿਲਾਇੰਦਾ। ਆਪ ਆਪਣਾ ਕਰ ਪਸਾਰਾ, ਆਪਣੀ ਰਚਨਾ ਆਪ ਰਚਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਲੇਖਾ ਆਪਣੇ ਹੱਥ ਰਖਾਇੰਦਾ। ਆਪਣਾ ਲੇਖਾ ਆਪਣੇ ਰੱਖ ਹੱਥ, ਦਰਗਹਿ ਸਾਚੀ ਸੋਭਾ ਪਾਇੰਦਾ। ਸੋ ਪੁਰਖ ਨਿਰੰਜਣ ਸਾਹਿਬ ਸਮਰਥ, ਮਹਿਮਾ ਅਕਥ ਆਪ ਜਣਾਇੰਦਾ। ਹਰਿ ਪੁਰਖ ਨਿਰੰਜਣ ਸਾਚੇ ਧਾਮ ਵਸੇ ਨਾ ਜਾਏ ਢੱਠ, ਘਾੜਨ ਘੜਤ ਨਾ ਕੋਈ ਘੜਾਇੰਦਾ। ਏਕੰਕਾਰਾ ਏਕ ਉਤਪਤ, ਆਪਣੀ ਪਤ ਆਪ (ਰਖਾਇੰਦਾ)। ਆਦਿ ਨਿਰੰਜਣ ਆਪਣੇ ਬੈਠ ਆਪੇ ਰਥ, ਸਾਚਾ ਦਰ ਆਪ ਸੁਹਾਇੰਦਾ। ਸ੍ਰੀ ਭਗਵਾਨ ਆਪਣੀ ਵੇਖੇ ਆਪੇ ਵਥ, ਸਚ ਸਮਗਰੀ ਆਪ ਉਪਾਇੰਦਾ। ਅਬਿਨਾਸ਼ੀ ਕਰਤਾ ਆਪਣਾ ਪੰਧ ਮੁਕਾਏ ਨੱਠ ਨੱਠ, ਆਪਣੀ ਕਾਰ ਆਪ ਕਰਾਇੰਦਾ। ਪਾਰਬ੍ਰਹਮ ਪਤਿ ਪਰਮੇਸ਼ਵਰ ਇਕ ਅਕੱਲਾ ਵਸੇ ਸਚ ਮਹੱਲਾ ਸਚ ਸੁਲਤਾਨਾ ਗ਼ਰੀਬ ਨਿਮਾਣਾ ਆਪਣੇ ਦੁਆਰੇ ਆਪੇ ਜਾਏ ਢੱਠ, ਆਪਣੀ ਭਿਖਿਆ ਮੰਗ ਮੰਗਾਇੰਦਾ। ਨਿਰਗੁਣ ਨਿਰਾਕਾਰ ਆਪਣਾ ਮਾਰਗ ਆਪੇ ਦੱਸ, ਆਪਣਾ ਰਾਹ ਆਪ ਚਲਾਇੰਦਾ। ਆਪਣਾ ਮੇਲ ਮਿਲਾਵਾ ਕਰੇ ਹੱਸ ਹੱਸ, ਹਰਿ ਮੰਦਰ ਸੋਭਾ ਪਾਇੰਦਾ। ਆਪਣਾ ਮਾਣੇ ਆਪੇ ਰਸ, ਰਸਕ ਬੈਰਾਗੀ ਆਪ ਹੋ ਜਾਇੰਦਾ। ਆਪਣੇ ਤਖ਼ਤ ਆਪੇ ਬਹਿ ਸਜ, ਸਚ ਸਿੰਘਾਸਣ ਸੋਭਾ ਪਾਇੰਦਾ। ਆਪਣੇ ਨਗਾਰੇ ਆਪੇ ਜਾਏ ਵੱਜ, ਏਕਾ ਧੌਸਾਂ ਨਾਮ ਵਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕ ਸੁਹਾਏ ਸਾਚਾ ਦਰ, ਦਰ ਦਰਵਾਜਾ ਆਪ ਸੁਹਾਇੰਦਾ। ਦਰ ਦਵਾਰ ਸੁਹਾਵਨਾ, ਹਰਿ ਠਾਂਡਾ ਦਰਬਾਰ। ਪੁਰਖ ਅਬਿਨਾਸ਼ੀ ਡੇਰਾ ਲਾਵਨਾ, ਇਕ ਅਕੱਲਾ ਕਰ ਪਸਾਰ। ਤਖ਼ਤ ਤਾਜ ਸੀਸ ਟਿਕਾਵਨਾ, ਰਾਜ ਰਾਜਾਨਾ ਹਰਿ ਨਿਰੰਕਾਰ। ਵਡ ਭਾਣਾ ਹੁਕਮੀ ਹੁਕਮ ਸੁਣਾਵਨਾ, ਸ਼ਬਦ ਅਗੰਮੀ ਬੋਲ ਜੈਕਾਰ। ਨਿਰਗੁਣ ਨਿਰਵੈਰ ਨਿਰਾਕਾਰ ਆਪਣਾ ਸੀਸ ਆਪ ਝੁਕਾਵਨਾ, ਰਾਜ ਰਾਜਾਨਾ ਹਰਿ ਨਿਰੰਕਾਰ। ਧੁਰ ਫ਼ਰਮਾਣਾ ਆਪਣੀ ਝੋਲੀ ਆਪੇ ਪਾਵਨਾ, ਆਪੇ ਵਰਤੇ ਵਰਤਾਵੇ ਸਾਚੀ ਕਾਰ। ਸਾਚਾ ਸ਼ਬਦ ਆਪ ਵਡਿਆਵਨਾ, ਵਡ ਵਡਾ ਕਰ ਪਸਾਰ। ਬ੍ਰਹਿਮੰਡ ਖੰਡ ਲੋਆਂ ਪੁਰੀਆਂ ਰਚਨ ਰਚਾਵਨਾ, ਅਕਾਸ਼ ਪਰਕਾਸ਼ ਦਏ ਸਹਾਰ। ਵਿਸ਼ਨ ਬ੍ਰਹਮਾ ਸ਼ਿਵ ਅੰਸ ਬਣਾਵਨਾ, ਤ੍ਰੈਗੁਣ ਮਾਇਆ ਭਰ ਭੰਡਾਰ। ਪ੍ਰਿਥਮੀ ਪ੍ਰਕਾਸ਼ ਆਪ ਕਰਾਵਨਾ, ਜਲ ਬਿੰਬ ਦਏ ਅਧਾਰ। ਬ੍ਰਹਮ ਆਪਣਾ ਨਾਉਂ ਧਰਾਵਣਾ, ਪਾਰਬ੍ਰਹਮ ਕਰੇ ਖੇਲ ਨਿਆਰ। ਲੋਕਮਾਤ ਜੋਤ ਜਗਾਵਣਾ, ਲੱਖ ਚੁਰਾਸੀ ਹੋ ਉਜਿਆਰ। ਚਾਰ ਜੁਗ ਵੰਡ ਵੰਡਾਵਣਾ, ਨੌਂ ਖੰਡ ਪ੍ਰਿਥਮੀ ਬੰਨੇ ਧਾਰ। ਸੱਤਾਂ ਦੀਪਾਂ ਰੰਗ ਚੜ੍ਹਾਵਣਾ, ਰਾਜਸ ਵਰਤੇ ਆਪਣੀ ਕਾਰ। ਸਾਂਤਕ ਸਤਿ ਸਰੂਪ ਭੇਵ ਨਾ ਆਵਣਾ, ਸਤਿ ਸਤਿਵਾਦੀ ਖੇਲ ਨਿਆਰ। ਤਾਮਸ ਆਪਣਾ ਤਤ ਤਪਾਵਣਾ, ਲੇਖਾ ਜਾਣੇ ਜਾਨਣਹਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਕਰੇ ਆਪ ਪਸਾਰ। ਜੁਗ ਪਸਾਰਾ ਜਗਤ ਜੋਗ, ਹਰਿ ਸਾਚਾ ਰਚਨ ਰਚਾਇੰਦਾ। ਆਪੇ ਭੋਗੇ ਸਾਚਾ ਭੋਗ, ਬ੍ਰਹਮਾ ਵਿਸ਼ਨ ਸ਼ਿਵ ਆਪ ਉਪਜਾਇੰਦਾ। ਆਪੇ ਲੱਖ ਚੁਰਾਸੀ ਦੇਵੇ ਚੋਗ, ਵਸਤ ਅਮੋਲਕ ਝੋਲੀ ਪਾਇੰਦਾ। ਆਪੇ ਲੇਖਾ ਜਾਣੇ ਚੌਦਾਂ ਲੋਕ, ਲੋਕ ਪਰਲੋਕ ਆਪ ਸੁਹਾਇੰਦਾ। ਆਪ ਸੁਣਾਏ ਸਚ ਸਲੋਕ, ਸ਼ਬਦ ਨਾਦ ਆਪ ਵਜਾਇੰਦਾ। ਆਪੇ ਬਖ਼ਸ਼ਣਹਾਰਾ ਮੋਖ, ਆਪੇ ਗੇੜਾ ਗੇੜ ਦਵਾਇੰਦਾ। ਆਪੇ ਲੱਖ ਚੁਰਾਸੀ ਦੇਵੇ ਝੋਕ, ਆਪੇ ਜੋਤੀ ਜੋਤ ਮਿਲਾਇੰਦਾ। ਆਪੇ ਨਾਤਾ ਜੋੜੇ ਹਰਖ ਸੋਗ, ਆਪੇ ਹਉਮੇਂ ਰੋਗ ਵਖਾਇੰਦਾ। ਆਪੇ ਰੂਪ ਪਰਗਟਾਏ ਕੋਟਨ ਕੋਟ, ਕੋਟਨ ਕੋਟੀ ਆਪਣਾ ਰੰਗ ਰੰਗਾਇੰਦਾ। ਆਪੇ ਤਨ ਨਗਾਰੇ ਲਾਏ ਸ਼ਬਦ ਚੋਟ, ਅਨਹਦ ਸਾਚਾ ਤਾਲ ਵਜਾਇੰਦਾ। ਆਪੇ ਵਾਸਨਾ ਕੱਢੇ ਝੂਠੀ ਖੋਟ, ਆਪੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਹਲਕਾਇੰਦਾ। ਆਪੇ ਖੋਲ੍ਹਣਹਾਰਾ ਬੰਦ ਸੋਤ, ਆਪੇ ਦੂਈ ਦਵੈਤੀ ਪਰਦਾ ਪਾਇੰਦਾ। ਆਪੇ ਕਰੇ ਪਰਕਾਸ਼ ਨਿਰਮਲ ਜੋਤ, ਅੰਧ ਅੰਧੇਰ ਆਪ ਰਖਾਇੰਦਾ। ਆਪੇ ਬੰਧਨ ਪਾਏ ਵਰਨ ਗੋਤ, ਦੀਨ ਮਜ਼੍ਹਬ ਆਪ ਵੰਡਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਇਕ ਅਕੱਲਾ ਏਕੰਕਾਰਾ, ਆਦਿ ਜੁਗਾਦੀ ਖੇਲੇ ਖੇਲ ਵਿਚ ਸੰਸਾਰਾ, ਵਡ ਸੰਸਾਰੀ ਆਪ ਹੋ ਜਾਇੰਦਾ। ਵਡ ਸੰਸਾਰੀ ਖੇਲ ਕਰੰਦੜਾ, ਖ਼ਾਲਕ ਖ਼ਲਕ ਰਿਹਾ ਸਮਾਏ। ਜੁਗ ਜੁਗ ਆਪਣਾ ਵੇਸ ਵਟੰਦੜਾ, ਜੋਤੀ ਜੋਤ ਕਰੇ ਰੁਸ਼ਨਾਏ। ਗੁਰ ਸਤਿਗੁਰ ਨਾਉਂ ਰਖੰਦੜਾ, ਪੰਜ ਤਤ ਚੋਲਾ ਆਪ ਹੰਢਾਏ। ਸ਼ਬਦ ਗਿਆਨ ਇਕ ਦ੍ਰਿੜੰਦੜਾ, ਧੁਰ ਦੀ ਬਾਣੀ ਬਾਣ ਲਗਾਏ। ਹਰਿ ਭਗਵਨ ਮੇਲ ਮਿਲੰਦੜਾ, ਹਰਿ ਸੰਤਨ ਲਏ ਜਗਾਏ। ਗੁਰਮੁਖ ਏਕਾ ਧਾਮ ਸੁਹੰਦੜਾ, ਚਰਨ ਕਵਲ ਸੱਚੀ ਸਰਨਾਏ। ਗੁਰਸਿਖ ਸਾਚੇ ਧੰਦੇ ਆਪ ਲਗੰਦੜਾ, ਏਕਾ ਮਾਰਗ ਦਏ ਵਖਾਏ। ਜੁਗਾ ਜੁਗੰਤਰ ਵੇਸ ਵਟੰਦੜਾ, ਨਿਰਗੁਣ ਸਰਗੁਣ ਮੇਲਾ ਸਹਿਜ ਸੁਭਾਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਕਰੇ ਸਚ ਨਿਆਂਏ। ਜੁਗ ਜੁਗ ਜੋਤ ਜਗਾਇੰਦਾ, ਜੋਤੀ ਜਾਤਾ ਆਪ ਨਿਰੰਕਾਰ। ਲੱਖ ਚੁਰਾਸੀ ਵੇਖ ਵਖਾਇੰਦਾ, ਨੌਂ ਨੌਂ ਸਤ ਸਤ ਪਾਵੇ ਸਾਰ। ਦਰ ਦਰ ਆਪਣੀ ਅਲੱਖ ਜਗਾਇੰਦਾ, ਊਚੀ ਕੂਕ ਕਰੇ ਪੁਕਾਰ। ਆਪਣਾ ਢੋਲਾ ਆਪੇ ਗਾਇੰਦਾ, ਆਪਣਾ ਅੱਖਰ ਆਪ ਵਿਚਾਰ। ਆਪਣਾ ਸੋਹਲਾ ਆਪ ਸੁਣਾਇੰਦਾ, ਸ੍ਰਿਸ਼ਟ ਸਬਾਈ ਕਰ ਪਿਆਰ। ਸਾਚਾ ਤੋਲਾ ਆਪ ਹੋ ਜਾਇੰਦਾ, ਨਾਮ ਕੰਡਾ ਫੜ ਦਾਤਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਕਰੇ ਅਵੱਲੜੀ ਕਾਰ। ਜੁਗ ਜੁਗ ਕਾਰ ਕਮਾਇੰਦਾ, ਕਰਤਾ ਪੁਰਖ ਕਰਨੇਯੋਗ। ਸਤਿਜੁਗ ਆਪਣਾ ਰੂਪ ਵਟਾਇੰਦਾ, ਬਾਵਨ ਭੋਗੇ ਆਪਣਾ ਭੋਗ। ਆਪਣੀ ਸੇਜਾ ਆਪ ਹੰਢਾਇੰਦਾ, ਆਪ ਉਸਾਰੇ ਆਪਣਾ ਕਿਲਾ ਕੋਟ। ਆਪਣਾ ਖੇਲ ਆਪ ਕਰਾਇੰਦਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਆਪਣਾ ਬੰਧਨ ਪਾਇੰਦਾ। ਹਰਿ ਹਰਿ ਬੰਧਨ ਆਪਣਾ ਪਾ, ਜੁਗ ਜੁਗ ਬੰਦੀ ਤੋੜ ਤੁੜਾਈਆ। ਲੱਖ ਚੁਰਾਸੀ ਵੇਖੇ ਥਾਉਂ ਥਾਂ, ਥਾਨ ਥਨੰਤਰ ਫੋਲ ਫੁਲਾਈਆ। ਲੱਗੀ ਬਸੰਤਰ ਦਏ ਬੁਝਾ, ਗੁਰਮੁਖ ਹਰਿ ਭਗਤ ਅੰਮ੍ਰਿਤ ਮੇਘ ਬਰਸਾਈਆ। ਸਾਚਾ ਸਗਨ ਲਏ ਮਨਾ, ਨਿਰਗੁਣ ਸਰਗੁਣ ਵੇਖ ਵਖਾਈਆ। ਆਪਣਾ ਚੋਲਾ ਲਏ ਬਦਲਾ, ਰੂਪ ਰੰਗ ਰੇਖ ਨਾ ਕੋਈ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਆਪਣਾ ਮਾਰਗ ਆਪ ਵਖਾਈਆ। ਸਤਿਜੁਗ ਆਪਣਾ ਮਾਰਗ ਲਾਇਆ, ਸਚ ਸਚ ਵਰਤਾਇੰਦਾ। ਭਗਤ ਭਗਵੰਤ ਵੇਖ ਵਖਾਇਆ, ਦੁਰਬਾਸ਼ਾ ਦਰ ਦੁਰਕਾਇੰਦਾ। ਭਗਤ ਲੇਖਾ ਲੇਖੇ ਲਾਇਆ, ਏਕਾ ਮੰਤਰ ਨਾਮ ਦ੍ਰਿੜਾਇੰਦਾ। ਹਰਿ ਕੇ ਪੌੜੇ ਲਏ ਚੜ੍ਹਾਇਆ, ਸਾਚਾ ਮੰਦਰ ਆਪ ਸੁਹਾਇੰਦਾ। ਰੂਪ ਅਨੂਪ ਆਪ ਪਰਗਟਾਇਆ, ਦਸ ਅੱਠ ਖੇਲ ਖਿਲਾਇੰਦਾ। ਅਠ ਦਸ ਮਾਤ ਪਿਤ ਕਿਸੇ ਨਾ ਜਾਇਆ, ਗੋਦੀ ਗੋਦ ਨਾ ਕੋਈ ਵਖਾਇੰਦਾ। ਆਲਮ ਇਲਮ ਨਾ ਕਿਸੇ ਪੜ੍ਹਾਇਆ, ਪੰਡਤ ਪਾਂਧਾ ਗਿਆਨ ਨਾ ਕੋਈ ਦ੍ਰਿੜਾਇੰਦਾ। ਮਸਤਕ ਤਿਲਕ ਨਾ ਕੋਈ ਲਗਾਇਆ, ਜੋਤੀ ਜੋਤ ਡਗਮਗਾਇੰਦਾ। ਅਲੱਖ ਅਗੋਚਰ ਅਗੰਮ ਅਥਾਹ ਆਪਣਾ ਰਥ ਰਿਹਾ ਚਲਾਇਆ, ਆਪਣੀ ਸੇਵਾ ਆਪ ਕਮਾਇੰਦਾ। ਆਪਣੀ ਮਹਿਮਾ ਅਕਥ ਕਹਾਣੀ ਆਪੇ ਰਿਹਾ ਗਾਇਆ, ਚਾਰ ਵੇਦ ਭੇਦ ਨਾ ਰਾਇਆ। ਬ੍ਰਹਮਾ ਵਿਸ਼ਨ ਸ਼ਿਵ ਨਿਉਂ ਨਿਉਂ ਰਹੇ ਸੀਸ ਝੁਕਾ, ਚਰਨ ਕਵਲ ਧਿਆਨ ਰਖਾਇਆ। ਜੁਗਾ ਜੁਗੰਤਰ ਆਪਣੀ ਬਣਤ ਬਣਾ, ਲੋਕਮਾਤ ਫੇਰਾ ਪਾਇਆ। ਤ੍ਰੇਤਾ ਤੇਰਾ ਤਖ਼ਤ ਸੁਹਾ, ਤਖ਼ਤ ਨਿਵਾਸੀ ਚਰਨ ਟਿਕਾਇਆ। ਆਪਣਾ ਲੇਖਾ ਆਪ ਗਿਣਾ, ਆਪਣੀ ਝੋਲੀ ਆਪੇ ਪਾਇਆ। ਆਪਣਾ ਮਾਣ ਆਪ ਧਰਾ, ਅਭਿਮਾਨ ਆਪੇ ਮੇਟ ਮਿਟਾਇਆ। ਆਪਣਾ ਚਿਲਾ ਆਪ ਉਠਾ, ਆਪਣਾ ਨਿਸ਼ਾਨ ਆਪ ਵਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗਾ ਜੁਗੰਤਰ ਆਪਣੀ ਵੰਡ ਵੰਡਾਇਆ। ਜੁਗ ਜੁਗ ਪਾਰ ਕਰਾਇੰਦਾ, ਸਤਿਜੁਗ ਤ੍ਰੇਤਾ ਪਾਰ ਕਿਨਾਰ। ਦੁਆਪਰ ਲੇਖਾ ਵੇਖ ਵਖਾਇੰਦਾ, ਮੋਹਣ ਰੂਪ ਕਰ ਕਰਤਾਰ। ਕਾਹਨਾ ਕ੍ਰਿਸ਼ਨਾ ਵੇਸ ਵਟਾਇੰਦਾ, ਰਥ ਰਥਵਾਹੀ ਤਨ ਸ਼ੰਗਾਰ। ਗੀਤਾ ਗਿਆਨ ਇਕ ਦ੍ਰਿੜਾਇੰਦਾ, ਵਿਸ਼ਵ ਵੈਰਾਟੀ ਹੋ ਤਿਆਰ। ਆਪਣਾ ਕਾਲ ਆਪ ਵਰਤਾਇੰਦਾ, ਆਪੇ ਮਾਰਨਹਾਰਾ ਮਾਰ। ਅਠ ਦਸ ਆਪ ਖਪਾਇੰਦਾ, ਅਠ ਦਸ ਕਰ ਅਧਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗਾ ਜੁਗੰਤਰ ਕਰੇ ਕਰਾਏ ਸਾਚੀ ਕਾਰ। ਸਾਚੀ ਕਾਰ ਕਰੰਦੜਾ, ਪਾਰਬ੍ਰਹਮ ਬੇਪਰਵਾਹ। ਦੁਆਪਰ ਪੰਧ ਮੁਕੰਦੜਾ, ਲੇਖਾ ਲੇਖੇ ਲਏ ਪਾ। ਕਲਜੁਗ ਲੋਕਮਾਤ ਉਠੰਦੜਾ, ਏਕ ਦੇਵੇ ਜਗਤ ਸਲਾਹ। ਜੂਠਾ ਝੂਠਾ ਰੰਗ ਰੰਗਦੜਾ, ਮਾਇਆ ਮਮਤਾ ਚੋਲੀ ਲਏ ਹੰਢਾ। ਮਨ ਮਤ ਮੇਲ ਮਿਲੰਦੜਾ, ਬੁਧ ਨਿਮਾਣੀ ਰਹੀ ਸ਼ਰਮਾ। ਮਨ ਰਾਜ ਜੋਗ ਕਮੰਦੜਾ, ਉਚੀ ਕੂਕ ਰਿਹਾ ਗਾ। ਸ੍ਰਿਸ਼ਟ ਸਬਾਈ ਆਪ ਹਿਲੰਦੜਾ, ਉਲਟਾ ਗੇੜਾ ਦਏ ਗਿੜਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਆਪਣੀ ਖੇਲ ਰਿਹਾ ਖਲਾ। ਜੁਗ ਜੁਗ ਖੇਲ ਅਵੱਲਾ, ਹਰਿ ਸਾਚਾ ਆਪ ਕਰਾਇੰਦਾ। ਆਪੇ ਰੂਪ ਪਰਗਟਾਏ ਰਾਣੀ ਅੱਲਾ, ਬਿਸਮਲ ਆਪਣਾ ਨਾਉਂ ਧਰਾਇੰਦਾ। ਆਪੇ ਹੋਏ ਵਲ ਛਲਾ, ਜਲ ਥਲ ਮਹੀਅਲ ਆਪ ਸਮਾਇੰਦਾ। ਆਪ ਫੜਾਏ ਆਪਣਾ ਪੱਲਾ, ਚਾਰੋਂ ਕੁੰਟ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਫੜਾਏ ਆਪਣਾ ਆਪੇ ਪੱਲਾ, ਆਪਣਾ ਸੰਗ ਆਪ ਨਿਭਾਇੰਦਾ। ਕਲਜੁਗ ਅੰਤਮ ਪੱਲੂ ਆਪ ਫੜੌਣਾ, ਨਿਰਗੁਣ ਨਿਰਵੈਰ ਖੇਲ ਕਰਾਈਆ। ਪੁਰਖ ਅਕਾਲ ਵੇਖ ਵਖੌਣਾ, ਵਾਹ ਵਾਹ ਵਜਦੀ ਰਹੇ ਵਧਾਈਆ। ਏਕਾ ਮੰਤਰ ਨਾਮ ਦ੍ਰਿੜੌਣਾ, ਵਾਹ ਵਾਹ ਸਤਿ ਸਤਿ ਰਸਨਾ ਜਿਹਵਾ ਗਾਈਆ। ਨਾਨਕ ਵਿਚੋਲਾ ਇਕ ਰਖੌਣਾ, ਗੋਬਿੰਦ ਵੇਖੇ ਥਾਉਂ ਥਾਈਆ। ਅੰਤਮ ਚੋਲਾ ਆਪ ਬਦਲੌਣਾ, ਜੋਤੀ ਜਾਮਾ ਭੇਖ ਵਟਾਈਆ। ਪੁਰਖ ਅਬਿਨਾਸ਼ੀ ਖੇਲ ਖਿਲੌਣਾ, ਨਰ ਨਰਾਇਣ ਬੇਪਰਵਾਹੀਆ। ਸਾਲਸ ਬਣਕੇ ਆਪੇ ਔਣਾ, ਕੂੜੀ ਕਿਰਿਆ ਦਏ ਮੁਕਾਈਆ। ਚਾਰ ਕੁੰਟ ਨੌਂ ਖੰਡ ਪ੍ਰਿਥਮੀ ਖ਼ਾਲਸ ਰੂਪ ਆਪ ਪਰਗਟੌਣਾ, ਏਕਾ ਅੱਖਰ ਕਰੇ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਏਕਾ ਜੋਤ ਕਰੇ ਰੁਸ਼ਨਾਈਆ। ਏਕਾ ਜੋਤ ਹਰਿ ਉਜਾਗਰ, ਜਾਗਰਤ ਜੋਤੀ ਜੋਤ ਡਗਮਗਾਇੰਦਾ। ਏਕਾ ਨਾਮ ਰਤੀ ਰਤਨਾਗਰ, ਰਤੀ ਰਤ ਵਿਚ ਸਮਾਇੰਦਾ। ਏਕਾ ਸ਼ਬਦ ਸੱਚਾ ਸੁਦਾਗਰ, ਵਣਜ ਵਣਜਾਰਾ ਹਟ ਖੁਲਾਇੰਦਾ। ਏਕਾ ਭਾਂਡਾ ਕਾਇਆ ਗਾਗਰ, ਪੰਜ ਤਤ ਆਪ ਘੜਾਇੰਦਾ। ਕਰਤਾ ਪੁਰਖ ਦੇਵੇ ਆਦਰ, ਘਰ ਘਰ ਵਿਚ ਡੇਰਾ ਲਾਇੰਦਾ। ਮੇਲ ਮਿਲਾਵਾ ਕਰੀਮ ਕਾਦਰ, ਰਹਿਮਤ ਰਹਿਮਾਨ ਆਪ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਆਪਣਾ ਵੇਸ ਆਪ ਧਰਾਇੰਦਾ। ਵੇਸ ਵਟੰਦੜਾ ਹਰਿ ਭਗਵੰਤ, ਭੇਵ ਕੋਇ ਨਾ ਪਾਇੰਦਾ। ਕਲਜੁਗ ਵੇਖੇ ਵੇਲਾ ਅੰਤ, ਅੰਤਮ ਆਪਣੀ ਧਾਰ ਚਲਾਇੰਦਾ। ਗੁਰਮੁਖ ਵਿਰਲਾ ਉਠਾਏ ਸੰਤ, ਜਿਸ ਜਨ ਆਪਣੀ ਬੂਝ ਬੁਝਾਇੰਦਾ। ਜੀਆਂ ਜੰਤਾਂ ਸਾਧਾਂ ਸੰਤਾਂ ਮਾਇਆ ਪਾਏ ਬੇਅੰਤ, ਕਾਇਆ ਗੋਦੜੀ ਫੋਲ ਨਾ ਕੋਈ ਵਖਾਇੰਦਾ। ਨਰ ਨਰਾਇਣ ਨਜ਼ਰ ਨਾ ਆਏ ਸਾਚਾ ਕੰਤ, ਜਗਤ ਦੁਹਾਗਣ ਸਰਬ ਕੁਰਲਾਇੰਦਾ। ਚੋਲੀ ਨਾ ਚੜ੍ਹੇ ਰੰਗ ਬਸੰਤ, ਨਾਮ ਭੱਠੀ ਨਾ ਕੋਈ ਤਪਾਇੰਦਾ। ਮਾਨਸ ਜਨਮ ਨਾ ਬਣੇ ਬਣਤ, ਲੱਖ ਚੁਰਾਸੀ ਫੰਦ ਨਾ ਕੋਈ ਕਟਾਇੰਦਾ। ਕਲਜੁਗ ਕੂੜ ਕੁੜਿਆਰਾ ਗੜ੍ਹ ਬਣਿਆ ਹਉਮੇ ਹੰਗਤ, ਹੰਕਾਰੀ ਬੁਰਜ ਕੋਈ ਨਾ ਢਾਇੰਦਾ। ਦਰ ਦਰ ਮੰਗਨ ਰਾਜ ਰਾਜਾਨ ਹੋਏ ਮੰਗਤ, ਸਾਚੀ ਭਿਛਿਆ ਝੋਲੀ ਕੋਈ ਨਾ ਪਾਇੰਦਾ। ਚਾਰ ਵਰਨ ਕਿਸੇ ਹੱਥ ਨਾ ਆਏ ਸਾਚੀ ਸੰਗਤ, ਚਾਰ ਕੁੰਟ ਸਰਬ ਕੁਰਲਾਇੰਦਾ। ਪਾਟਾ ਚੀਥੜਾ ਦਿਸੇ ਨੰਗਤ, ਕਲਜੁਗ ਪਰਦਾ ਨਾ ਕੋਈ ਰਖਾਇੰਦਾ। ਰਸਨਾ ਜਿਹਵਾ ਹੋਈ ਗੰਦਤ, ਗੀਤ ਗੋਬਿੰਦ ਨਾ ਕੋਈ ਅਲਾਇੰਦਾ। ਕਾਇਆ ਮੰਦਰ ਅੰਦਰ ਕਵਲ ਫੁਲ ਨਾ ਦਿਸੇ ਸਚ ਸੁਗੰਧਤ, ਕਾਗ ਵਿਸ਼ਟਾ ਸਰਬ ਫੁਲਾਇੰਦਾ। ਸਤਿਗੁਰ ਪੂਰਾ ਕਿਸੇ ਨਾ ਲਾਏ ਅੰਗਤ, ਅੰਗੀਕਾਰ ਨਾ ਕੋਇ ਕਰਾਇੰਦਾ। ਮਾਨਸ ਜਨਮ ਨਾ ਹੋਏ ਭੰਗਤ, ਮਨਮੁਖ ਜੀਵ ਲੇਖਾ ਲੇਖ ਨਾ ਕੋਈ ਮੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਆਪਣਾ ਰੂਪ ਪਰਗਟਾਇੰਦਾ। ਕਲਜੁਗ ਅੰਤਮ ਵੇਖਣ ਆਇਆ, ਨਿਹਕਲੰਕਾ ਜਾਮਾ ਧਾਰ। ਜੋਤੀ ਜਾਮਾ ਭੇਖ ਵਟਾਇਆ, ਪੁਰਖ ਅਬਿਨਾਸ਼ੀ ਹੋ ਤਿਆਰ। ਸਾਚੇ ਅਸਵ ਤੰਗ ਕਸਾਇਆ, ਸੋਲਾਂ ਕਲੀਆਂ ਕਰ ਸ਼ੰਗਾਰ। ਸੋਲਾਂ ਇਛਿਆ ਝੋਲੀ ਪਾਇਆ, ਦਾਤਾ ਦਾਨੀ ਦੇਵੇ ਵਡ ਭੰਡਾਰ। ਸਰਬ ਰੱਛਿਆ ਆਪ ਕਰਾਇਆ, ਰਖ਼ਸ਼ਕ ਹੋਏ ਆਪ ਨਿਰੰਕਾਰ। ਸਾਚੀ ਸਿਖ਼ਿਆ ਦਏ ਸਮਝਾਇਆ, ਕਲਜੁਗ ਤੇਰੀ ਅੰਤਮ ਵਾਰ। ਧੁਰ ਦਾ ਲੇਖਾ ਸਕੇ ਨਾ ਕੋਈ ਮਿਟਾਇਆ, ਚੌਥੇ ਜੁਗ ਆਈ ਹਾਰ। ਕਲਜੁਗ ਰੁੱਠਿਆ ਨਾ ਕਿਸੇ ਮਨਾਇਆ, ਨੇਤਰ ਰੋਵੇ ਜ਼ਾਰੋ ਜ਼ਾਰ। ਧਨ ਮਾਲ ਲੁੱਟਿਆ ਨਾ ਕੋਇ ਸਹਾਇਆ, ਨਾਤਾ ਜੁੜਿਆ ਠੱਗ ਚੋਰ ਯਾਰ। ਗੁਰਮੁਖ ਬੈਠੇ ਮੁਖ ਛੁਪਾਇਆ, ਉਪਰ ਆਪਣਾ ਪਰਦਾ ਡਾਰ। ਕਲਜੁਗ ਜੀਵ ਦੇਣ ਦੁਹਾਇਆ, ਤਾਨਾ ਰਹੇ ਮਾਰ। ਪੁਰਖ ਅਬਿਨਾਸ਼ੀ ਦਇਆ ਕਮਾਇਆ, ਵੇਲੇ ਅੰਤਮ ਹੋਏ ਸਹਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗਾ ਜੁਗੰਤਰ ਲਏ ਅਵਤਾਰ। ਕਲਜੁਗ ਕੂੜਾ ਰਿਹਾ ਕੁਰਲਾ, ਕੂਕ ਕੂਕ ਸੁਣਾਈਆ। ਨਾਤਾ ਤੁਟਾ ਭੈਣ ਭਰਾ, ਸੱਜਣ ਸਾਕ ਸੈਣ ਦਿਸ ਨਾ ਆਈਆ। ਚਾਰ ਯਾਰੀ ਬੈਠੀ ਮੁਖ ਭਵਾ, ਨਾ ਕੋਈ ਦੇਵੇ ਜਗਤ ਸਲਾਹੀਆ। ਮਦਿ ਪਿਆਲਾ ਰਿਹਾ ਰੁੜਾ, ਭਰ ਜਾਮ ਨਾ ਕੋਈ ਪਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਲੱਖ ਚੁਰਾਸੀ ਦਏ ਸਜਾਈਆ। ਲੱਖ ਚੁਰਾਸੀ ਵੇਖਣਹਾਰਾ, ਘਟ ਘਟ ਆਸਣ ਲਾਇੰਦਾ। ਜੁਗਾ ਜੁਗੰਤਰ ਇਕ ਅਵਤਾਰਾ, ਗੁਰ ਗੁਰ ਰੂਪ ਵਟਾਇੰਦਾ। ਕਲਜੁਗ ਵੇਖੇ ਪਾਰ ਕਿਨਾਰਾ, ਰੁਤੜੀ ਰੁਤ ਸੁਹਾਇੰਦਾ। ਫਲ ਫੁਲਵਾੜੀ ਵੇਖੇ ਜਗਤ ਕਿਆਰਾ, ਪਤ ਟਹਿਣੀ ਫੋਲ ਫੁਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਅੰਤਮ ਵੇਖ ਵਖਾਇੰਦਾ। ਕਲਜੁਗ ਤੇਰਾ ਅੰਤਮ ਲੇਖਾ, ਹਰਿ ਸਾਚਾ ਵੇਖ ਵਖਾਈਆ। ਅੰਤਮ ਮਿਟਦੀ ਜਾਏ ਰੇਖਾ, ਜਗਤ ਚਿੰਨ ਰਹਿਣ ਨਾ ਪਾਈਆ। ਦਰ ਮੰਗਣ ਦਰ ਦਰਵੇਸ਼ਾ, ਬ੍ਰਹਮਾ ਵਿਸ਼ਨ ਮਹੇਸ਼ਾ ਦਰ ਬੈਠੇ ਨਿਉਂ ਨਿਉਂ ਸੀਸ ਝੁਕਾਈਆ। ਧਰਤ ਮਾਤ ਕਰੇ ਅਦੇਸਾ, ਰੋ ਰੋ ਨੇਤਰ ਨੀਰ ਵਹਾਈਆ। ਗੁਰਮਤ ਰੋਵੇ ਵਿਖਾਏ ਖੁਲੜੇ ਕੇਸਾ, ਸਾਚਾ ਸੀਸ ਨਾ ਕੋਈ ਗੁੰਦਾਈਆ। ਰਾਹ ਤਕੇ ਦਸ ਦਸਮੇਸਾ, ਦਹਿਸਿਰ ਰਾਵਣ ਕਲਜੁਗ ਰਿਹਾ ਘਾਈਆ। ਦੋ ਸਹੰਸਰ ਜਿਹਵਾ ਕੰਮ ਨਾ ਕਰੇ ਸ਼ੇਸ਼ਾ, ਸਹੰਸਰ ਮੁਖ ਬੈਠਾ ਬੰਦ ਕਰਾਈਆ। ਪਾਰਬ੍ਰਹਮ ਆਪਣਾ ਪੱਖ ਆਪੇ ਵੇਖਾ, ਕਿਸ਼ਨਾ ਸੁਖਲਾ ਨਾ ਕੋਈ ਦ੍ਰਿੜਾਈਆ। ਪਰਗਟ ਹੋਏ ਨਰ ਨਰੇਸ਼ਾ, ਨਿਰਗੁਣ ਜੋਤ ਕਰ ਰੁਸ਼ਨਾਈਆ। ਕਰੇ ਪਰਕਾਸ਼ ਦੇਸ ਪਰਦੇਸਾ, ਦਹਿ ਦਿਸ਼ਾ ਫੇਰੀ ਪਾਈਆ। ਆਦਿ ਜੁਗਾਦੀ ਏਕੋ ਏਕਾ, ਦੂਸਰ ਨਜ਼ਰ ਨਾ ਕੋਈ ਆਈਆ। ਸ੍ਰਿਸ਼ਟ ਸਬਾਈ ਦੇਵੇ ਟੇਕਾ, ਗਿਆਨ ਧਿਆਨ ਇਕ ਦ੍ਰਿੜਾਈਆ। ਤ੍ਰੈਗੁਣ ਮਾਇਆ ਚੁਕਾਏ ਲੇਖਾ, ਲਿਖਣਹਾਰਾ ਬੇਪਰਵਾਹੀਆ। ਕਲਜੁਗ ਮਤ ਕਬੁਧ ਡੂਮਨੀ ਕਮਾਇਆ ਪੈਸਾ, ਨਾਰ ਵੇਸਵਾ ਰੂਪ ਵਟਾਈਆ। ਨਰ ਨਰਾਇਣ ਆਪਣੇ ਨੇਤਰ ਪੇਖਾ, ਨਿਰਗੁਣ ਜੋਤ ਕਰ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਲਹਿਣਾ ਝੋਲੀ ਪਾਈਆ। ਕਲਜੁਗ ਤੇਰਾ ਜਗਤ ਲਹਿਣਾ, ਹਰਿ ਸਾਚਾ ਆਪ ਚੁਕਾਇੰਦਾ। ਕਾਮ ਕ੍ਰੋਧ ਤੇਰੇ ਨੈਣਾਂ, ਕਜਲ ਧਾਰ ਵਖਾਇੰਦਾ। ਜੂਠ ਝੂਠ ਝੂਠੀ ਸੇਜੇ ਬਹਿਣਾ, ਮਾਇਆ ਮਮਤਾ ਭੋਗ ਬਿਲਾਸ ਕਰਾਇੰਦਾ। ਲੋਕਮਾਤ ਅੰਤ ਨਾ ਰਹਿਣਾ, ਕੂੜੀ ਕਿਰਿਆ ਮੇਟ ਮਿਟਾਇੰਦਾ। ਵਰਨ ਬਰਨ ਤੇਰਾ ਮੰਨਿਆ ਕਹਿਣਾ, ਦੂਈ ਦਵੈਤੀ ਜੜ ਉਖੜਾਇੰਦਾ। ਹਰਿ ਕਾ ਭਾਣਾ ਸਹਿਣਾ ਪੈਣਾ, ਗੁਰ ਪੀਰ ਅਵਤਾਰ ਸਾਧ ਸੰਤ ਨਾ ਕੋਈ ਬਚਾਇੰਦਾ। ਹਉਮੇ ਹੰਗਤਾ ਬੁਰਜ ਅੰਤਮ ਢਹਿਣਾ, ਕੱਲਰ ਕੰਧ ਆਪ ਵਖਾਇੰਦਾ। ਸਤਿਗੁਰ ਪੂਰੇ ਦਾ ਮੰਨਣਾ ਕਹਿਣਾ, ਵੇਲਾ ਗਿਆ ਹੱਥ ਨਾ ਆਇੰਦਾ। ਬਾਕੀ ਰਹੇ ਨਾ ਕਿਸੇ ਦਾ ਦੇਣਾ, ਲੱਖ ਚੁਰਾਸੀ ਫੋਲ ਫੁਲਾਇੰਦਾ। ਕਰੇ ਸ਼ੰਗਾਰ ਲਾੜੀ ਮੌਤ ਡੈਣਾ, ਰਾਏ ਧਰਮ ਹੁਕਮ ਸੁਣਾਇੰਦਾ। ਚਿਤਰ ਗੁਪਤ ਲੇਖਾ ਕੱਢ ਕੱਢ ਅੱਗੇ ਬਹਿਣਾ, ਸੰਮਤ ਸਤਾਰਾਂ ਵਕਤ ਲਿਆਇੰਦਾ। ਮਹੱਲ ਅਟੱਲ ਰਾਜ ਰਾਜਾਨ ਸ਼ਾਹ ਸੁਲਤਾਨ ਦਿਸੇ ਨਾ ਬਹਿਣਾ, ਖ਼ਾਕੀ ਖ਼ਾਕ ਸਰਬ ਰੁਲਾਇੰਦਾ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣਾ ਬੰਧਨ ਆਪੇ ਪਾਇੰਦਾ। ਕਲਜੁਗ ਮਿਟੇ ਕੂੜ ਪਸਾਰਾ, ਕੂੜੀ ਕਿਰਿਆ ਰਹਿਣ ਨਾ ਪਾਈਆ। ਚਾਰੋਂ ਕੁੰਟ ਇਕ ਜੈਕਾਰਾ, ਚਾਰ ਵਰਨ ਦਏ ਸੁਣਾਈਆ। ਚਾਰੇ ਜੁਗ ਕਰਨ ਪੁਕਾਰਾ, ਕਲਜੁਗ ਅੰਤਮ ਰਿਹਾ ਕੁਰਲਾਈਆ। ਪਰਗਟ ਹੋਏ ਹਰਿ ਕਰਤਾਰਾ, ਨਿਰਗੁਣ ਦਾਤਾ ਬੇਪਰਵਾਹੀਆ। ਸ਼ਬਦ ਅਸਵ ਹੋ ਅਸਵਾਰਾ, ਲੋਆਂ ਪੁਰੀਆਂ ਫੇਰਾ ਪਾਈਆ। ਬ੍ਰਹਿਮੰਡਾਂ ਖੰਡਾਂ ਦਏ ਹੁਲਾਰਾ, ਸੂਰਜ ਚੰਨ ਆਪ ਜਗਾਈਆ। ਬ੍ਰਹਮਾ ਵਿਸ਼ਨ ਸ਼ਿਵ ਨੇਤਰ ਇਕ ਉਘਾੜਾ, ਏਕਾ ਹੁਕਮ ਦਏ ਸੁਣਾਈਆ। ਤ੍ਰੈਗੁਣ ਮਾਇਆ ਜਗਤ ਅਖਾੜਾ, ਪੰਜ ਤਤ ਕਰੇ ਲੜਾਈਆ। ਮੇਲ ਮਿਲਾਏ ਰਕਤ ਬੂੰਦ ਗਾਰਾ, ਹੱਡ ਮਾਸ ਨਾੜੀ ਵੇਖ ਵਖਾਈਆ। ਮਨ ਮਤ ਰੋਵੇਂ ਜ਼ਾਰੋ ਜ਼ਾਰਾ, ਨੇਤਰ ਨੈਣਾ ਨੀਰ ਵਹਾਈਆ। ਚਾਰ ਵਰਨ ਨਾ ਕੋਈ ਸਹਾਰਾ, ਘਰ ਘਰ ਜੀਵ ਜੰਤ ਕਰੇ ਲੜਾਈਆ। ਸਾਧ ਸੰਤ ਕਿਸੇ ਨਾ ਮਿਲਿਆ ਮੀਤ ਮੁਰਾਰਾ, ਪਾਂਧੀ ਭੁੱਲੇ ਆਪਣਾ ਰਾਹੀਆ। ਪੁਰਖ ਅਬਿਨਾਸ਼ੀ ਖੇਲ ਨਿਆਰਾ, ਨਿਰਗੁਣ ਨਿਰਵੈਰ ਏਕਾ ਜੋਤ ਕਰੇ ਰੁਸ਼ਨਾਈਆ। ਸ਼ਬਦ ਵਜਾਏ ਸਚ ਨਗਾਰਾ, ਤਾਲ ਤਲਵਾੜਾ ਹੱਥ ਉਠਾਈਆ। ਗੁਰਮੁਖ ਸਾਚੇ ਪਾਏ ਸਾਰਾ, ਘਰ ਘਰ ਦਰ ਦਰ ਮੰਦਰ ਫੋਲ ਫੁਲਾਈਆ। ਲੱਖ ਚੁਰਾਸੀ ਵਿਚੋਂ ਕਰ ਪਿਆਰਾ, ਆਪ ਆਪਣਾ ਮੇਲ ਮਿਲਾਈਆ। ਕਲਜੁਗ ਮਿਟੇ ਧੂਆਂਧਾਰਾ, ਧੁੰਧੂਕਾਰ ਰਹਿਣ ਨਾ ਪਾਈਆ। ਅੰਮ੍ਰਿਤ ਬਖ਼ਸ਼ੇ ਠੰਡਾ ਠਾਰਾ, ਚਰਨ ਚਰਨੋਦਕ ਆਪ ਪਿਆਈਆ। ਏਕਾ ਵਣਜ ਕਰਾਏ ਸਚ ਵਣਜਾਰਾ, ਸੋਹੰ ਸ਼ਬਦ ਕਰੇ ਪੜ੍ਹਾਈਆ। ਸ਼ੱਤਰੀ ਬ੍ਰਹਿਮਣ ਸ਼ੂਦਰ ਵੈਸ਼ ਬਹਾਏ ਇਕ ਦਰਬਾਰਾ, ਹੰ ਪਾਰਬ੍ਰਹਮ ਆਪ ਸਮਝਾਈਆ। ਪੰਚਮ ਮੇਲਾ ਕੰਤ ਭਤਾਰਾ, ਆਤਮ ਸੇਜਾ ਦਏ ਵਡਿਆਈਆ। ਸਾਰੰਗੀ ਸਾਰੰਗ ਵਿਚ ਸੰਸਾਰਾ, ਵਜਾਵਣਹਾਰ ਆਪ ਵਜਾਈਆ। ਗਾਵਣਹਾਰਾ ਗਾਏ ਆਪਣੀ ਵਾਰਾ, ਧੁਨ ਆਤਮਕ ਧੁਨ ਸੁਣਾਈਆ। ਕਲਜੁਗ ਅੰਤਮ ਪਰਗਟ ਹੋਇਆ ਨਿਹਕਲੰਕ ਨਰਾਇਣ ਨਰ ਅਵਤਾਰਾ, ਮਾਤ ਪਿਤ ਨਾ ਕੋਈ ਬਣਾਈਆ। ਮਾਤ ਪਿਤ ਨਾ ਕੀਆ ਪਿਆਰਾ, ਪੁਤਰ ਧੀ ਨਾ ਕੋਈ ਵਡਿਆਈਆ। ਗੁਰਮੁਖਾਂ ਦਰ ਮੰਗੇ ਬਣ ਭਿਖਾਰਾ, ਅਗੇ ਆਪਣੀ ਝੋਲੀ ਡਾਹੀਆ। ਆਪਣਾ ਕਰੇ ਖੇਲ ਕਰਤਾਰਾ, ਕਰਤਾ ਕੀਮਤ ਆਪੇ ਪਾਈਆ। ਗੁਰਮੁਖ ਤੇਰਾ ਉਚ ਮੁਨਾਰਾ, ਪਾਰਬ੍ਰਹਮ ਅਬਿਨਾਸ਼ੀ ਕਰਤਾ ਆਪੇ ਰਿਹਾ ਸੁਹਾਈਆ। ਬਣੇ ਦਰਵੇਸ਼ ਦਰ ਦਰਬਾਨ ਜੁਗਾ ਜੁਗੰਤਰ ਸਾਚੀ ਕਾਰਾ, ਕਲਜੁਗ ਅੰਤਮ ਵੇਸ ਵਟਾਈਆ। ਖਾਲੀ ਹੱਥ ਰੱਖੇ ਗਿਰਵਰ ਗਿਰਧਾਰਾ, ਗੁਰਮੁਖਾਂ ਨਾਮ ਭੰਡਾਰਾ ਝੋਲੀ ਪਾਈਆ। ਅਲੱਖ ਅਗੋਚਰ ਅਗੰਮ ਅਪਾਰਾ, ਜਮ ਕੀ ਫਾਸੀ ਦਏ ਕਟਾਈਆ । ਗੁਰਸਿਖ ਤੇਰੇ ਚਰਨ ਰਾਏ ਧਰਮ ਕਰੇ ਨਿਮਸਕਾਰਾ, ਚਿਤਰ ਗੁਪਤ ਮੰਗਣ ਹਿਸਾਬ ਕੋਈ ਨਾ ਆਈਆ। ਸਤਿਗੁਰ ਪੂਰੇ ਏਕਾ ਸ਼ਬਦ ਸੀਸ ਧਰਿਆ ਦਸਤਾਰਾ, ਜਗਦੀਸ਼ ਆਪਣੇ ਹੱਥ ਰੱਖੇ ਵਡਿਆਈਆ। ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਕਰੇ ਤੇਰਾ ਪਾਰ ਕਿਨਾਰਾ, ਤੇਰਾ ਧਾਮ ਅਵੱਲੜਾ ਇਕ ਵਖਾਈਆ। ਸ਼ਾਹ ਪਾਤਸ਼ਾਹ ਬੈਠਾ ਹਰਿ ਸੱਚਾ ਸਿਕਦਾਰਾ, ਸਾਚੇ ਤਖ਼ਤ ਆਸਣ ਲਾਈਆ। ਗੁਰਸਿਖ ਗੁਰਮੁਖ ਹਰਿਭਗਤ ਹਰਿਜਨ ਸਾਚੇ ਸੰਤ ਸੋਹਿਣ ਇਕ ਦਵਾਰਾ, ਸਚਖੰਡ ਸਾਚਾ ਸੋਭਾ ਪਾਈਆ। ਕਲਜੁਗ ਅੰਤਮ ਪੂਰਬ ਕਰਜਾ ਲਾਹੇ ਸਿਰ ਰੱਖੇ ਨਾ ਕੋਈ ਅਧਾਰਾ, ਮਕਰੂਜ਼ ਆਪਣਾ ਕਰਜ਼ਾ ਪੂਰਾ ਦਏ ਕਰਾਈਆ। ਨਾਤਾ ਤੋੜ ਸਰਬ ਸੰਸਾਰਾ, ਆਪਣੇ ਚਰਨ ਜੋੜ ਜੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਗੁਰਮੁਖ ਸਾਚੇ ਲਏ ਜਗਾਈਆ। ਗੁਰਮੁਖ ਸੱਜਣ ਮੀਤ ਪਿਆਰਾ ਉਠਿਆ, ਕਿਰਪਾ ਕਰੀ ਗੁਣ ਨਿਧਾਨ। ਸਾਹਿਬ ਸੁਲਤਾਨ ਗੁਰ ਪੂਰਾ ਤੁਠਿਆ, ਪੁਰਖ ਅਬਿਨਾਸ਼ੀ ਵਡ ਮਿਹਰਵਾਨ। ਅੰਮ੍ਰਿਤ ਜਾਮ ਪਿਆਏ ਘੁੱਟਿਆ, ਧੁਰ ਧਾਮ ਵਖਾਏ ਇਕ ਨਿਸ਼ਾਨ। ਦੇਵੇ ਨਾਮ ਖ਼ਜ਼ਾਨਾ ਅਤੁਟਿਆ, ਮੁਕ ਨਾ ਜਾਏ ਵਿਚ ਜਹਾਨ। ਚੋਰ ਯਾਰ ਕਿਸੇ ਨਾ ਲੁੱਟਿਆ, ਜੋ ਜਨ ਚਰਨੀ ਡਿਗੇ ਆਣ। ਮਾਨਸ ਜਨਮ ਨਾ ਭਾਗ ਨਖੁਟਿਆ, ਸਤਿਗੁਰ ਪੂਰਾ ਕਰੇ ਪਛਾਣ। ਵਿਚੋਂ ਭੁੱਲੇ ਕੋਟਨ ਕੋਟਿਆ, ਆਪ ਆਪਣਾ ਦੇਵੇ ਦਾਨ। ਹਉਮੇ ਕੱਢੇ ਵਾਸਨਾ ਖੋਟੀਆ, ਆਤਮ ਉਪਜਾਏ ਬ੍ਰਹਮ ਗਿਆਨ। ਬਾਹੋਂ ਪਕੜ ਚੜ੍ਹਾਏ ਚੋਟੀਆ, ਲੇਖਾ ਮੰਗੇ ਨਾ ਕੋਈ ਆਣ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਕਲਜੁਗ ਗੁਰਮੁਖ ਉਠਾਏ ਬਾਲ ਅੰਞਾਣ। ਗੁਰਸਿਖ ਅੰਞਾਣਾ ਬਾਲਾ, ਬਾਲੀ ਬੁਧ ਭੇਵ ਨਾ ਆਇੰਦਾ। ਪੁਰਖ ਅਬਿਨਾਸ਼ੀ ਦੀਨ ਦਿਆਲਾ, ਪੂਰਬ ਲਹਿਣਾ ਵੇਖ ਵਖਾਇੰਦਾ। ਨਿਰਗੁਣ ਅੰਦਰ ਪਾਏ ਮਾਲਾ, ਬ੍ਰਹਮ ਪਾਰਬ੍ਰਹਮ ਜਪਾਇੰਦਾ। ਕਾਇਆ ਮੰਦਰ ਵੇਖ ਧਰਮਸਾਲਾ, ਸਚ ਦਰਵਾਜ਼ਾ ਆਪ ਖੁਲਾਇੰਦਾ। ਅੰਮ੍ਰਿਤ ਠਾਠ ਮਾਰੇ ਉਛਾਲਾ, ਨਿਝਰ ਝਿਰਨਾ ਆਪ ਝਿਰਾਇੰਦਾ। ਸ਼ਬਦ ਦਮਾਮਾ ਵੱਜੇ ਤਾਲਾ, ਤਾਲ ਤਲਵਾੜਾ ਆਪ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਹਰਿਜਨ ਹਰਿ ਭਗਤ ਸ਼ਬਦ ਜੋੜੀ ਜੋੜ ਜੁੜਾਇੰਦਾ। ਸੁਰਤ ਸ਼ਬਦ ਹਰਿ ਹਰਿ ਜੋੜ, ਸੁਰਤ ਸ਼ਬਦ ਸੰਗ ਰਖਾਈਆ। ਪੰਚਮ ਵਿਕਾਰਾ ਹੋਏ ਖਵਾਰ, ਪੰਚਮ ਮੋਹ ਰਹੇ ਨਾ ਰਾਈਆ। ਪੰਚਮ ਸ਼ਬਦ ਸੁਣਾਏ ਅਨਹਦ ਸੱਚੀ ਘਨਘੋਰ, ਪੰਚਮ ਨਾਦ ਆਪ ਵਜਾਈਆ। ਪੰਚਮ ਆਪਣੇ ਹੱਥ ਰੱਖੇ ਡੋਰ, ਪੰਚਮ ਚਾਰ ਕੁੰਟ ਭਵਾਈਆ। ਪੰਚਮ ਡੂੰਘੀ ਕੰਦਰ ਪਾਵਣ ਸ਼ੋਰ, ਦਿਵਸ ਰੈਣ ਰਹੇ ਕੁਰਲਾਈਆ। ਪੰਚਮ ਠੱਗ ਚੋਰ ਹਰਾਮ ਖੋਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਲੇਖਾ ਲੇਖੇ ਪਾਈਆ। ਹਰਿਜਨ ਲੇਖ ਅਪਾਰੜਾ, ਵੇਦ ਕਤੇਬ ਭੇਵ ਨਾ ਆਇਆ। ਗੁਰਮੁਖ ਵਸੇ ਧਾਮ ਨਿਆਰੜਾ, ਨਿਰਗੁਣ ਸਾਚੇ ਆਪ ਸੁਹਾਇਆ। ਮਿਲਿਆ ਮੇਲ ਮਿਤਰ ਪਿਆਰੜਾ, ਯਾਰ ਸੱਥਰ ਰਿਹਾ ਹੰਢਾਇਆ। ਜੋਤੀ ਜੋਤ ਸਰੂਪ ਹਰਿ, ਹਰਿਜਨ ਸਾਚੇ ਵੇਖ ਵਖਾਇਆ। ਹਰਿਜਨ ਗੁਰਸਿਖ ਸਾਚਾ ਮੀਤ, ਪੀਆ ਪ੍ਰੀਤਮ ਵੇਖ ਵਖਾਈਆ। ਕਾਇਆ ਕਰੇ ਠੰਡੀ ਸੀਤ, ਸਤਿ ਸੰਤੋਖ ਨਾਮ ਦ੍ਰਿੜਾਈਆ। ਚਾਰ ਵਰਨ ਕਰਾਏ ਅਤੀਤ, ਤ੍ਰੈ ਤ੍ਰੈ ਅਗਨ ਨਾ ਕੋਈ ਤਪਾਈਆ । ਏਕਾ ਇਸ਼ਟ ਗੁਰਦੇਵ ਸਚ ਪ੍ਰੀਤ, ਏਕਾ ਮੰਦਰ ਦਏ ਵਸਾਈਆ। ਏਕਾ ਰੰਗ ਰੰਗਾਏ ਹਸਤ ਕੀਟ, ਊਚ ਨੀਚ ਨਾ ਕੋਈ ਵਡਿਆਈਆ। ਗੁਰਸਿਖ ਧਾਮ ਰਖਾਏ ਇਕ ਅਨਡੀਠ, ਜਗਤ ਨੇਤਰ ਦਿਸ ਨਾ ਆਈਆ। ਪਾਰ ਕਰਾਏ ਦਇਆ ਕਮਾਏ ਪਤਿਤ ਪੁਨੀਤ, ਪਤਿਤ ਪਾਵਨ ਰੂਪ ਪਰਗਟਾਈਆ। ਲੱਖ ਚੁਰਾਸੀ ਪਰਖੇ ਨੀਤ, ਘਰ ਘਰ ਲੇਖਾ ਰਿਹਾ ਗਿਣਾਈਆ। ਸਤਿਜੁਗ ਚਲਾਏ ਸਾਚੀ ਰੀਤ, ਸਤਿਜੁਗ ਸਾਚੀ ਧਾਰ ਬੰਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਸੱਜਣ ਮੇਲ ਮਿਲਾਈਆ। ਗੁਰਸਿਖ ਸੱਜਣ ਸਹੇਲਿਆ, ਜਗਤ ਵਿਛੋੜਾ ਕੱਟ। ਏਕਾ ਰੰਗ ਰੰਗਾਏ ਗੁਰੂ ਗੁਰ ਚੇਲਿਆ, ਸ਼ਬਦ ਲਗਾਈ ਸਾਚੀ ਸੱਟ। ਧਾਮ ਰਖਾਇਆ ਇਕ ਨਵੇਲਿਆ, ਨਿਰਗੁਣ ਸਰਗੁਣ ਹੋ ਪਰਗਟ। ਆਦਿ ਨਿਰੰਜਣ ਚਾੜ੍ਹੇ ਤੇਲਿਆ, ਜੋਤ ਨਿਰੰਜਣ ਮੇਲਾ ਘਟ ਘਟ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਹਰਿਜਨ ਸਾਚੇ ਲਏ ਰੱਖ। ਰੱਖਣਹਾਰਾ ਦੀਨਾਂ ਨਾਥ ਦਰਦ ਦੁਖ ਭੈ ਭੰਜਣ, ਭਵ ਸਾਗਰ ਆਪ ਤਰਾਈਆ। ਨੇਤਰ ਪਾਏ ਗਿਆਨ ਨਾਮ ਅੰਜਨ, ਅੰਧ ਅੰਧੇਰ ਰਹਿਣ ਨਾ ਪਾਈਆ। ਚਰਨ ਧੂੜ ਕਰਾਏ ਸਾਚਾ ਮਜਨ, ਦੁਰਮਤ ਮੈਲ ਕੱਟ ਵਖਾਈਆ। ਅੰਤਮ ਆਇਆ ਪਰਦੇ ਕੱਜਣ, ਨਿਹਕਲੰਕ ਨਰਾਇਣ ਨਰ ਆਪਣਾ ਰੂਪ ਆਪ ਪਰਗਟਾਈਆ। ਲੱਖ ਚੁਰਾਸੀ ਭਾਂਡੇ ਭੱਜਨ, ਜੋ ਘੜਿਆ ਭੰਨ ਵਖਾਈਆ। ਗੁਰਸਿਖ ਸਤਿਗੁਰ ਦਵਾਰੇ ਬਹਿ ਬਹਿ ਸਜਣ, ਸਤਿਗੁਰ ਪੂਰਾ ਸਿਰ ਆਪਣਾ ਹੱਥ ਟਿਕਾਇੰਦਾ। ਅੰਮ੍ਰਿਤ ਜਾਮ ਪੀ ਪੀ ਰੱਜਣ, ਸਚ ਪਿਆਲਾ ਇਕ ਵਖਾਈਆ। ਨਾਮ ਚੜ੍ਹਾਏ ਇਕ ਜਹਾਜ਼ਨ, ਪਾਰ ਕਿਨਾਰਾ ਦਏ ਜਣਾਈਆ। ਸ਼ਬਦ ਅਗੰਮੀ ਮਾਰੇ ਵਾਜਣ, ਸੁਤਿਆਂ ਲਏ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਰੂਪ ਰੰਗ ਨਾ ਕੋਈ ਨਿਸ਼ਾਨ, ਜੀਵ ਜੰਤ ਨਾ ਸਕੇ ਕੋਈ ਪਛਾਣ, ਦਾਤਾ ਦਾਨੀ ਆਪ ਅਖਵਾਈਆ।