Granth 10 Likhat 025: 12 Magh 2017 Bikarmi Om Parkash de Greh Jalandhar

੧੨ ਮਾਘ ੨੦੧੭ ਬਿਕਰਮੀ ਓਮ ਪ੍ਰਕਾਸ਼ ਦੇ ਗ੍ਰਹਿ ਜਲੰਧਰ

ਇਕ ਇਕੱਲਾ ਰੱਖਣਹਾਰਾ, ਆਦਿ ਜੁਗਾਦਿ ਸਮਾਇੰਦਾ। ਸਚਖੰਡ ਵਸੇ ਧਾਮ ਨਿਆਰਾ, ਸਚ ਦੁਆਰੇ ਸੋਭਾ ਪਾਇੰਦਾ। ਥਿਰ ਘਰ ਸਾਚੇ ਹੋ ਉਜਿਆਰਾ, ਨੂਰ ਨੁਰਾਨਾ ਡਗਮਗਾਇੰਦਾ। ਸ਼ਾਹੋ ਭੂਪ ਬਣ ਸਿਕਦਾਰਾ, ਤਖ਼ਤ ਨਿਵਾਸੀ ਸਾਚਾ ਤਖ਼ਤ ਹੰਢਾਇੰਦਾ। ਹੁਕਮੀ ਹੁਕਮ ਕਰੇ ਵਰਤਾਰਾ, ਹੁਕਮੀ ਹੁਕਮ ਖੇਲ ਖਿਲਾਇੰਦਾ। ਦਰ ਦਰਵੇਸ਼ ਬਣ ਭਿਖਾਰਾ, ਆਪਣੀ ਮੰਗ ਆਪ ਮੰਗਾਇੰਦਾ। ਆਪ ਕਰਾਏ ਸਾਚਾ ਵਣਜ ਵਣਜਾਰਾ, ਆਪਣਾ ਵਣਜ ਆਪੇ ਵੇਖ ਵਖਾਇੰਦਾ। ਨਿਰਗੁਣ ਰੂਪ ਅਗੰਮ ਅਪਾਰਾ, ਅਲਖ ਅਗੋਚਰ ਅਗੰਮ ਅਥਾਹ, ਬੇਪਰਵਾਹ ਆਪਣੀ ਕਲ ਆਪ ਧਰਾਇੰਦਾ। ਅਜੂਨੀ ਰਹਿਤ ਆਦਿ ਜੁਗਾਦਿ ਕਰੇ ਸਚ ਨਿਆਂ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਖੇਲ ਆਪ ਖਿਲਾਇੰਦਾ। ਇਕ ਇਕੱਲਾ ਖੇਲ ਅਪਾਰਾ, ਆਦਿ ਜੁਗਾਦਿ ਕਰਾਇੰਦਾ। ਸਚਖੰਡ ਵਸਾਏ ਇਕ ਦੁਆਰਾ, ਦਰ ਘਰ ਸਾਚੇ ਸੋਭਾ ਪਾਇੰਦਾ। ਸ਼ਬਦ ਸੁਤ ਸੁਤ ਦੁਲਾਰਾ, ਹਰਿ ਨਿਰੰਕਾਰਾ ਆਪ ਉਠਾਇੰਦਾ। ਦੇਵੇ ਵਰ ਏਕਾ ਹਰਿ, ਵਸਤ ਅਮੋਲਕ ਝੋਲੀ ਪਾਇੰਦਾ। ਤ੍ਰੈ ਤ੍ਰੈ ਨੂਰ ਕਰ ਉਜਿਆਰਾ, ਤ੍ਰੈ ਤ੍ਰੈ ਮੇਲ ਆਪ ਧਰਾਇੰਦਾ। ਲੱਖ ਚੁਰਾਸੀ ਕਰ ਪਸਾਰਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਬਲ ਰਖਾਇੰਦਾ। ਆਪਣਾ ਬਲ ਆਪੇ ਧਾਰ, ਆਪਣੀ ਦਇਆ ਆਪ ਕਮਾਈਆ। ਲੱਖ ਚੁਰਾਸੀ ਕਰ ਪਸਾਰ, ਤ੍ਰੈਗੁਣ ਬੰਧਨ ਏਕਾ ਪਾਈਆ। ਪੰਜ ਤੱਤ ਘਾੜਨ ਘੜੇ ਅਪਾਰ, ਘੜਣਹਾਰਾ ਆਪ ਹੋ ਜਾਈਆ। ਰਕਤ ਬੂੰਦ ਅਪਰ ਅਪਾਰ, ਹੱਡ ਮਾਸ ਨਾੜੀ ਜੋੜ ਜੁੜਾਈਆ। ਕਾਇਆ ਗੜ੍ਹ ਕਰ ਤਿਆਰ, ਵੇਖਣਹਾਰ ਆਪ ਹੋ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਇਕ ਇਕੱਲਾ ਆਪਣੀ ਖੇਲ ਆਪ ਖਿਲਾਈਆ। ਇਕ ਇਕੱਲਾ ਹਰਿ ਬੇਅੰਤ, ਮਹਿਮਾ ਅਕਥ ਕਥੀ ਨਾ ਜਾਈਆ। ਕਰੇ ਖੇਲ ਸ੍ਰੀ ਭਗਵੰਤ, ਸ਼ਾਹ ਪਾਤਸ਼ਾਹ ਵਡੀ ਵਡਿਆਈਆ। ਆਦਿ ਜੁਗਾਦੀ ਨਾਰੀ ਕੰਤ, ਏਕਾ ਆਪਣੀ ਸੇਜ ਹੰਢਾਈਆ। ਆਪੇ ਜਾਣੇ ਆਪਣੀ ਬਣਤ, ਆਪਣਾ ਰੂਪ ਆਪ ਧਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਇਕ ਇਕੱਲਾ ਆਪਣੇ ਹੱਥ ਰੱਖੇ ਵਡਿਆਈਆ। ਇਕ ਇਕੱਲਾ ਖੇਲ ਅਪਾਰ, ਰੱਖਣਹਾਰ ਲੱਖ ਚੁਰਾਸੀ ਕਰ ਪਸਾਰ, ਵਿਸ਼ਨ ਬ੍ਰਹਮਾ ਸ਼ਿਵ ਸੇਵਾ ਲਾਇੰਦਾ। ਨਿਰਗੁਣ ਤੱਤ ਤੱਤ ਕਰ ਪਿਆਰ, ਬ੍ਰਹਮ ਮਤ ਇਕ ਟਿਕਾਇੰਦਾ। ਵਸਣਹਾਰਾ ਧਾਮ ਨਿਆਰ, ਜਾਗਰਤ ਜੋਤ ਕਰ ਉਜਿਆਰ, ਜੋਤੀ ਜਾਤਾ ਆਪਣਾ ਨਾਉਂ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਗਲਾ ਸੰਗ ਆਪ ਨਿਭਾਇੰਦਾ। ਲੱਖ ਚੁਰਾਸੀ ਹਰਿ ਹਰਿ ਧਾਰ, ਨਿਰਗੁਣ ਸਰਗੁਣ ਆਪ ਚਲਾਈਆ। ਦੇਵੇ ਹੁਕਮ ਸੱਚੀ ਸਰਕਾਰ, ਸ਼ਾਹ ਪਾਤਸ਼ਾਹ ਵਡੀ ਵਡਿਆਈਆ। ਜੁਗ ਜੁਗ ਗੇੜਾ ਅਪਰ ਅਪਾਰ, ਜਗਤ ਵੰਡਣ ਵੰਡ ਵੰਡਾਈਆ। ਲੇਖਾ ਜਾਣੇ ਧੁਰ ਦਰਬਾਰ, ਧੁਰ ਦੀ ਬਾਣੀ ਬਾਣ ਸ਼ਬਦ ਅਲਾਈਆ। ਸ਼ਬਦ ਨਾਦ ਸੱਚੀ ਧੁੰਨਕਾਰ, ਆਪਣਾ ਰਾਗ ਆਪ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਵੇਸ ਆਪ ਵਟਾਈਆ। ਹਰਿ ਹਰਿ ਵੇਸ ਵਟਾਇੰਦਾ, ਇਕ ਇਕੱਲਾ ਬੇਪਰਵਾਹ। ਚਾਰੇ ਖਾਣੀ ਆਪ ਸੁਣਾਇੰਦਾ, ਆਪਣਾ ਆਸਣ ਬੈਠਾ ਲਾ। ਘਟ ਘਟ ਦੀਪਕ ਜੋਤ ਜਗਾਇੰਦਾ, ਆਪਣੀ ਧੁਨ ਆਪ ਉਪਜਾ। ਘਰ ਘਰ ਸ਼ਬਦ ਨਾਦ ਵਜਾਇੰਦਾ, ਆਪਣੀ ਧੁੰਨ ਆਪ ਜਣਾ। ਆਪਣਾ ਭੇਵ ਆਪ ਖੁਲ੍ਹਾਇੰਦਾ, ਆਪੇ ਬਣਤ ਲਏ ਬਣਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਸਣਹਾਰਾ ਏਕਾ ਘਰ, ਘਰ ਸੁਹੰਜਣਾ ਆਪ ਸੁਹਾ। ਘਰ ਘਰ ਹਰਿ ਸੁਹੰਜਣਾ, ਹਰਿ ਸਾਚੇ ਸਚ ਵਡਿਆਈਆ। ਦੀਪਕ ਜਗੇ ਆਦਿ ਨਿਰੰਜਣਾ, ਤੇਲ ਬਾਤੀ ਨਾ ਕੋਇ ਪਾਈਆ। ਕਰੇ ਖੇਲ ਦਰਦ ਦੁੱਖ ਭੈ ਭੰਜਣਾ, ਦਰਦੀ ਦਰਦ ਨਾ ਕੋਇ ਜਣਾਈਆ। ਆਦਿ ਜੁਗਾਦੀ ਸਾਚਾ ਸੱਜਣਾ, ਸਗਲਾ ਸੰਗ ਨਿਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕ ਇਕੱਲਾ ਸਾਚਾ ਹਰਿ, ਏਕਾ ਧਾਮ ਸੁਹਾਈਆ। ਏਕਾ ਧਾਮ ਸੁਹੰਦੜਾ, ਹਰਿ ਸਾਚਾ ਵਡ ਮਿਹਰਵਾਨ। ਸੱਚਖੰਡ ਦੁਆਰੇ ਆਸਣ ਲੰਦੜਾ, ਜੋਤੀ ਨੂਰ ਜਗੇ ਮਹਾਨ। ਸਾਚੇ ਤਖ਼ਤ ਸੋਭਾ ਪੰਦੜਾ, ਉਪਰ ਬੈਠ ਸ੍ਰੀ ਭਗਵਾਨ। ਆਪਣਾ ਹੁਕਮ ਆਪ ਸੁਣੰਦੜਾ, ਆਪਣਾ ਭਾਣਾ ਧੁਰ ਫ਼ਰਮਾਨ। ਆਪਣਾ ਭਾਣਾ ਆਪ ਰਖੰਦੜਾ, ਆਪੇ ਕਰੇ ਪਰਵਾਨ। ਆਪੇ ਲੱਖ ਚੁਰਾਸੀ ਵੇਖ ਵਖੰਦੜਾ, ਆਪੇ ਨਿਰਗੁਣ ਸਰਗੁਣ ਹੋਏ ਮਿਹਰਵਾਨ। ਆਪੇ ਸ਼ਬਦ ਸੰਦੇਸ਼ ਸੁਣੰਦੜਾ, ਲੱਖ ਚੁਰਾਸੀ ਵੇਖ ਨਿਸ਼ਾਨ । ਆਪੇ ਆਪਣਾ ਪਰਦਾ ਉਠੰਦੜਾ, ਪੰਜ ਤੱਤ ਹੋਏ ਆਪ ਮਿਹਰਵਾਨ। ਆਪੇ ਭਗਤ ਭਗਵੰਤ ਵੇਖ ਵਖੰਦੜਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਮਹਾਨ। ਇਕ ਇਕੱਲਾ ਏਕੰਕਾਰਾ, ਜੁਗ ਜੁਗ ਖੇਲ ਖਿਲਾਇੰਦਾ। ਵਸਣਹਾਰਾ ਧਾਮ ਨਿਆਰਾ, ਮਹੱਲ ਅਟਲ ਉਚ ਮੁਨਾਰ ਦਰ ਘਰ ਸਾਚੇ ਸੋਭਾ ਪਾਇੰਦਾ। ਨਿਰਗੁਣ ਜੋਤੀ ਕਰ ਉਜਿਆਰਾ, ਨੂਰ ਨੁਰਾਨਾ ਡਗਮਗਾਇੰਦਾ। ਸ਼ਬਦ ਅਨਾਦਿ ਸੱਚੀ ਧੁੰਨਕਾਰਾ, ਨਾਦ ਅਨਾਦੀ ਆਪ ਵਜਾਇੰਦਾ। ਲੋਕਮਾਤ ਕਰੇ ਖੇਲ ਨਿਆਰਾ, ਆਪਣਾ ਰੂਪ ਆਪ ਧਰਾਇੰਦਾ। ਭਗਤ ਭਗਵੰਤ ਖੋਲ੍ਹੇ ਬੰਦ ਕਿਵਾੜਾ, ਆਪਣਾ ਪਰਦਾ ਆਪ ਉਠਾਇੰਦਾ। ਮੇਟ ਮਿਟਾਏ ਪੰਚਮ ਧਾੜਾ, ਮਾਇਆ ਮਮਤਾ ਮੋਹ ਚੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦੀ ਏਕਾ ਹਰਿ, ਏਕਾ ਖੇਲ ਖਿਲਾਇੰਦਾ। ਇਕ ਇਕੱਲਾ ਬੇਪਰਵਾਹ, ਆਦਿ ਜੁਗਾਦਿ ਸਮਾਇਆ। ਜੁਗ ਜੁਗ ਬਣੇ ਮਾਤ ਮਲਾਹ, ਹਰਿ ਸੰਤਨ ਦਏ ਮਿਲਾਇਆ। ਇਕ ਜਣਾਏ ਆਪਣਾ ਨਾਉਂ, ਨਿਸ਼ਅੱਖਰ ਆਪ ਪੜ੍ਹਾਇਆ। ਸਦਾ ਸੁਹੇਲਾ ਬਣੇ ਪਿਤਾ ਮਾਉਂ, ਸੀਸ ਆਪਣਾ ਹੱਥ ਟਿਕਾਇਆ। ਵੇਖਣਹਾਰਾ ਨਗਰ ਖੇੜਾ ਗਰਾਉਂ, ਪੰਜ ਤੱਤ ਕਾਇਆ ਚੋਲਾ ਫੋਲ ਫੁਲਾਇਆ। ਗੁਰਮੁਖ ਵਿਰਲੇ ਆਪ ਉਠਾਏ ਫੜ ਫੜ ਬਾਹੋਂ, ਜਿਸ ਜਨ ਆਪਣੀ ਦਇਆ ਕਮਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕ ਇਕੱਲਾ ਏਕੰਕਾਰ ਕਰੇ ਖੇਲ ਅਗੰਮ ਅਪਾਰ, ਦੂਸਰ ਸੰਗ ਨਾ ਕੋਇ ਰਲਾਇਆ। ਸੋ ਪੁਰਖ ਨਿਰੰਜਣ ਇਕ ਇਕੱਲਾ, ਦਰ ਘਰ ਸਾਚੇ ਸੋਭਾ ਪਾਈਆ। ਹਰਿ ਪੁਰਖ ਨਿਰੰਜਣ ਵਸਣਹਾਰਾ ਸਚ ਮਹੱਲਾ, ਦਰ ਦਰਬਾਰਾ ਇਕ ਵਡਿਆਈਆ। ਏਕੰਕਾਰਾ ਆਪ ਫੜਾਏ ਆਪਣਾ ਪੱਲਾ, ਆਪਣਾ ਸੰਗ ਆਪ ਨਿਭਾਈਆ। ਆਦਿ ਨਿਰੰਜਣ ਆਪਣੇ ਦੀਪਕ ਆਪੇ ਬਲਾ, ਨਿਰਗੁਣ ਨਿਰਗੁਣ ਨਿਰਗੁਣ ਕਰੇ ਰੁਸ਼ਨਾਈਆ। ਅਬਿਨਾਸ਼ੀ ਕਰਤਾ ਵਸਣਹਾਰਾ ਜਲਾ ਥਲਾ, ਜਲ ਥਲ ਮਹੀਅਲ ਆਪ ਸਮਾਈਆ। ਸ੍ਰੀ ਭਗਵਾਨ ਸਚ ਸੰਦੇਸ਼ ਨਰ ਨਰੇਸ਼ ਏਕਾ ਘੱਲਾ, ਘਟ ਘਟ ਧੁਨ ਨਾਦ ਵਜਾਈਆ। ਪਾਰਬ੍ਰਹਮ ਬ੍ਰਹਮ ਆਪੇ ਰਲਾ, ਅਭੇਦ ਅਭੇਦ ਆਪ ਹੋ ਜਾਈਆ। ਹਰਿ ਭਗਤ ਫੜਾਏ ਆਪੇ ਪੱਲਾ, ਛੁੱਟ ਕਦੇ ਨਾ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਇਕ ਇਕੱਲਾ ਸ੍ਰਿਸ਼ਟ ਸਬਾਈ ਪਿਤਾ ਮਾਈਆ। ਸ੍ਰਿਸ਼ਟ ਸਬਾਈ ਏਕਾ ਦਾਤਾ, ਏਕਾ ਰੰਗ ਸਮਾਇੰਦਾ। ਜਨ ਭਗਤਾਂ ਸੁਣਾਏ ਸਾਚੀ ਗਾਥਾ, ਜਗਤ ਵਿਦਿਆ ਨਾ ਕੋਇ ਪੜ੍ਹਾਇੰਦਾ। ਆਤਮ ਅੰਤਰ ਵਖਾਏ ਤੀਰਥ ਤਾਟਾ, ਸਰ ਸਰੋਵਰ ਆਪ ਨੁਹਾਇੰਦਾ। ਆਪੇ ਪੂਰਾ ਕਰੇ ਘਾਟਾ, ਦੂਸਰ ਦਰ ਮੰਗਣ ਗੁਰਸਿਖ ਕਦੇ ਨਾ ਜਾਇੰਦਾ। ਨਿਰਗੁਣ ਜੋਤ ਜਗਾਏ ਲਲਾਟਾ, ਅੰਧ ਅੰਧੇਰ ਮਿਟਾਇੰਦਾ। ਅਨਹਦ ਸ਼ਬਦ ਮਾਰੇ ਸਾਟਾ, ਤਨ ਨਗਾਰਾ ਆਪ ਵਜਾਇੰਦਾ। ਆਤਮ ਸੇਜਾ ਵੇਖੇ ਖਾਟਾ, ਸਚ ਸਿੰਘਾਸਣ ਆਸਣ ਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤ ਚਾੜ੍ਹੇ ਤਨ ਰੰਗਤ, ਰੰਗ ਰੰਗੀਲਾ ਆਪਣਾ ਰੰਗ ਆਪ ਰੰਗਾਇੰਦਾ। ਜੁਗ ਜੁਗ ਭਗਤ ਤਰਾਇੰਦਾ, ਹਰਿ ਸਾਚਾ ਸਾਚੀ ਕਾਰ। ਏਕਾ ਹੁਕਮ ਆਪ ਸੁਣਾਇੰਦਾ, ਹੁਕਮੀ ਹੁਕਮ ਸੱਚੀ ਸਰਕਾਰ। ਆਪਣੇ ਭਾਣੇ ਸਦ ਰਹਾਇੰਦਾ, ਸਿਰ ਹੱਥ ਰੱਖ ਸਮਰਥ ਕਰਤਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕ ਇਕੱਲਾ ਕਰੇ ਖੇਲ ਅਗੰਮ ਅਪਾਰ। ਅਗੰਮ ਅਪਾਰ ਖੇਲ ਖਿਲਾਇੰਦਾ, ਨਿਰਗੁਣ ਸਰਗੁਣ ਹਰਿ ਹਰਿ ਮੀਤ। ਸੰਤ ਕੰਤ ਭਗਵੰਤ ਆਪਣੇ ਥਾਨ ਬਹਾਇੰਦਾ, ਧਾਮ ਵਖਾਏ ਇਕ ਅਨਡੀਠ। ਅੱਠੇ ਪਹਿਰ ਵੇਖ ਵਖਾਇੰਦਾ, ਦਿਵਸ ਰੈਣ ਵਸੇ ਚੀਤ। ਆਪਣਾ ਰਾਗ ਆਪ ਅਲਾਇੰਦਾ, ਤੁਰੀਆ ਨਾਦ ਵਜਾਏ ਇਕ ਅਤੀਤ। ਸੁਫ਼ਨ ਸਖੋਪਤ ਖੇਲ ਖਿਲਾਇੰਦਾ, ਜਾਗਰਤ ਵੇਖੇ ਠਾਂਡਾ ਸੀਤ। ਤ੍ਰੈਗੁਣ ਵਿਚ ਕਦੇ ਨਾ ਆਇੰਦਾ, ਹਰਿਜਨ ਕਰੇ ਪਤਿਤ ਪੁਨੀਤ। ਹਸਤ ਕੀਟ ਖੇਲ ਖਿਲਾਇੰਦਾ, ਇਕ ਇਕੱਲਾ ਗਾਏ ਸੁਹਾਗੀ ਗੀਤ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਏਕਾ ਹਰਿ, ਲੱਖ ਚੁਰਾਸੀ ਪਰਖੇ ਨੀਤ। ਲੱਖ ਚੁਰਾਸੀ ਪਰਖਣਹਾਰਾ, ਏਕਾ ਰੰਗ ਸਮਾਇੰਦਾ। ਕਰੇ ਖੇਲ ਵਿਚ ਸੰਸਾਰਾ, ਭਗਤ ਭਗਵੰਤ ਆਪ ਉਠਾਇੰਦਾ। ਸੰਤਨ ਦੇਵੇ ਸਤਿ ਸਹਾਰਾ, ਸਾਚੀ ਸਿਖਿਆ ਇਕ ਵਖਾਇੰਦਾ। ਗੁਰਮੁਖਾਂ ਅੰਤਰ ਖੋਲ੍ਹ ਕਿਵਾੜਾ, ਦੂਈ ਦਵੈਤੀ ਪਰਦਾ ਲਾਹਿੰਦਾ। ਗੁਰਸਿਖਾਂ ਮੇਟੇ ਪੰਚਮ ਧਾੜਾ, ਕਾਮ ਕਰੋਧ ਲੋਭ ਮੋਹ ਹੰਕਾਰ ਨੇੜ ਨਾ ਆਇੰਦਾ। ਜੁਗ ਜੁਗ ਕਰੇ ਸਾਚੀ ਕਾਰਾ, ਕਰਨੀ ਕਰਤਾ ਆਪ ਕਰਾਇੰਦਾ। ਸਤਿਜੁਗ ਤਰੇਤਾ ਦੁਆਪਰ ਪਾਰ ਉਤਾਰਾ, ਆਪਣੇ ਲੇਖੇ ਪਾਇੰਦਾ। ਲੇਖਾ ਜਾਣੇ ਗੁਰ ਅਵਤਾਰਾ, ਸ਼ਬਦ ਗੁਰ ਗੁਰ ਸਤਿਗੁਰ ਆਪ ਵਡਿਆਇੰਦਾ। ਪੰਜ ਤੱਤ ਦਏ ਸਹਾਰਾ, ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਮੇਲ ਮਿਲਾਇੰਦਾ। ਮਨ ਮਤ ਬੁਧ ਪਾਵੇ ਸਾਰਾ, ਆਪ ਆਪਣੀ ਖੇਲ ਖਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਬੰਧਨ ਆਪੇ ਪਾਇੰਦਾ। ਇਕ ਇਕੱਲਾ ਬੰਧਨ ਪਾਏ, ਬੰਦੀ ਛੋੜ ਆਪ ਹੋ ਜਾਈਆ। ਲੱਖ ਚੁਰਾਸੀ ਘਟ ਘਟ ਅੰਦਰ ਮਰਦੰਗਣ ਆਪ ਵਜਾਏ, ਨਾਮ ਮਰਦੰਗਾ ਇਕ ਵਖਾਈਆ । ਜਨ ਭਗਤਾਂ ਕੰਗਣ ਤਨ ਇਕ ਪਹਿਨਾਏ, ਸਤਿ ਸੰਤੋਖ ਵਡੀ ਵਡਿਆਈਆ। ਆਤਮ ਅੰਤਰ ਪਰਮਾਨੰਦਨ ਇਕ ਉਪਜਾਏ, ਜਗਤ ਤ੍ਰਿਸ਼ਨਾ ਹਰਸ ਰਹੇ ਨਾ ਰਾਈਆ। ਗੀਤ ਸੁਹਾਗੀ ਛੰਦਨ ਇਕ ਸੁਣਾਏ, ਨਾ ਕੋਈ ਲੇਖਾ ਲਿਖੇ ਕ਼ਲਮ ਜਗਤ ਸ਼ਾਹੀਆ। ਮਸਤਕ ਤਿਲਕ ਚੰਦਨ ਆਪ ਲਗਾਏ, ਨਿਰਗੁਣ ਜੋਤ ਨੂਰ ਲਲਾਟ ਕਰ ਰੁਸ਼ਨਾਈਆ। ਦੂਈ ਦਵੈਤੀ ਭਰਮਾਂ ਕੰਧਨ ਆਪੇ ਢਾਏ, ਨਿਰਭੌ ਭੈ ਨਾ ਕੋਇ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕ ਇਕੱਲਾ ਆਪਣੀ ਧਾਰਾ ਆਪ ਚਲਾਈਆ। ਇਕ ਇਕੱਲਾ ਧਾਰ ਚਲਾਇੰਦਾ, ਸਤਿਜੁਗ ਤਰੇਤਾ ਦੁਆਪਰ ਕਰਿਆ ਪਾਰ। ਕਲਜੁਗ ਅੰਤਮ ਵੇਖ ਵਖਾਇੰਦਾ, ਲੇਖਾ ਜਾਣੇ ਧੁਰ ਦਰਬਾਰ। ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਫੇਰਾ ਪਾਇੰਦਾ। ਗਗਨ ਪਾਤਾਲਾਂ ਚਰਨਾਂ ਹੇਠ ਲਤਾੜ। ਵਿਸ਼ਨ ਬ੍ਰਹਮਾ ਸ਼ਿਵ ਆਪ ਉਠਾਇੰਦਾ, ਕਰੋੜ ਤੇਤੀਸਾ ਦਏ ਹੁਲਾਰ। ਸੁਰਪਤ ਰਾਜਾ ਇੰਦ ਨਾਲ ਮਿਲਾਇੰਦਾ, ਨਿਰਗੁਣ ਖੇਲ ਅਗੰਮ ਅਪਾਰ। ਦਹਿ ਦਿਸ਼ਾ ਫੇਰਾ ਪਾਇੰਦਾ, ਚਾਰ ਕੁੰਟ ਹੋਏ ਉਜਿਆਰ। ਤ੍ਰੈਗੁਣ ਮਾਇਆ ਵੇਖ ਵਖਾਇੰਦਾ, ਪੰਜ ਤੱਤ ਜਾਨਣਹਾਰਾ ਧਾਰ। ਨਿਰਗੁਣ ਨਿਰਗੁਣ ਸਰਗੁਣ ਮੇਲ ਮਿਲਾਇੰਦਾ, ਸ਼ਬਦੀ ਗੁਰ ਗੁਰ ਅਵਤਾਰ। ਗੁਰ ਸ਼ਬਦੀ ਡੰਕ ਵਜਾਇੰਦਾ, ਨਾਦ ਅਨਾਦੀ ਏਕੰਕਾਰ। ਕਲਜੁਗ ਜੀਵ ਭੇਵ ਕੋਇ ਨਾ ਪਾਇੰਦਾ, ਅੰਤਮ ਸੁੱਤਾ ਪੈਰ ਪਸਾਰ। ਮਨ ਕਾ ਮਣਕਾ ਨਾ ਕੋਇ ਭਵਾਇੰਦਾ, ਪੜ੍ਹ ਪੜ੍ਹ ਥੱਕੇ ਜੀਵ ਗਵਾਰ। ਗੁਰ ਗੁਰ ਸ਼ਬਦ ਦਿਸ ਕਿਸੇ ਨਾ ਆਇੰਦਾ, ਪੰਜ ਤੱਤ ਕਰਨ ਪਿਆਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਏਕਾ ਵਾਰ। ਇਕ ਇਕੱਲਾ ਏਕਾ ਵਾਰ, ਆਪਣਾ ਖੇਲ ਖਿਲਾਇੰਦਾ। ਜੁਗ ਚੌਕੜੀ ਦਏ ਸਹਾਰ, ਗੇੜਾ ਗੇੜੇ ਆਪ ਭਵਾਇੰਦਾ। ਆਪ ਪ੍ਰਗਟਾਏ ਗੁਰ ਅਵਤਾਰ, ਹੁਕਮੀ ਹੁਕਮ ਸਰਬ ਫਿਰਾਇੰਦਾ। ਕਲਜੁਗ ਅੰਤਮ ਹੋ ਤਿਆਰ, ਨਿਰਗੁਣ ਨਿਰਵੈਰ ਪੁਰਖ ਅਕਾਲ ਲੋਕਮਾਤ ਜੋਤ ਜਗਾਇੰਦਾ। ਸ਼ਬਦ ਸਰੂਪੀ ਬਣ ਦਲਾਲ, ਹਰਿਜਨ ਸਾਚੇ ਮੇਲ ਮਿਲਾਇੰਦਾ। ਤੋੜਣਹਾਰਾ ਜਗਤ ਜੰਜਾਲ, ਜਾਗਰਤ ਜੋਤ ਇਕ ਜਗਾਇੰਦਾ। ਲੇਖਾ ਜਾਣੇ ਸ਼ਾਹ ਕੰਗਾਲ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਆਪ ਜਣਾਇੰਦਾ। ਹਰਿ ਹਰਿ ਭੇਵ ਜਣਾਇੰਦਾ, ਕਰ ਕਿਰਪਾ ਦੀਨਨ ਦੀਨ। ਸੰਤ ਸਾਜਣ ਵੇਖ ਵਖਾਇੰਦਾ, ਜੋ ਜਨ ਆਤਮ ਅੰਤਰ ਰਹੇ ਚੀਨ। ਚਾਰੋਂ ਕੁੰਟ ਫੇਰਾ ਪਾਇੰਦਾ, ਹਰਿਜਨ ਵੇਖੇ ਲਾਏ ਆਪਣੇ ਲੇਖੇ ਜਗਤ ਵਿਛੋੜਾ ਕੱਟੇ ਜਿਉਂ ਜਲ ਮੀਨ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਲੋਕ ਤੀਨ। ਤ੍ਰੈਗੁਣ ਮਾਇਆ ਖੇਲ ਅਪਾਰਾ, ਹਰਿ ਅੰਤਮ ਪਾਰ ਕਰਾਇੰਦਾ। ਕਲਜੁਗ ਅੰਤਮ ਹੋ ਉਜਿਆਰਾ, ਇਕ ਇਕੱਲਾ ਵੇਖ ਵਖਾਇੰਦਾ। ਸੰਮਤ ਸੰਮਤੀ ਭੇਵ ਨਿਆਰਾ, ਬੀਸ ਸਤਾਰਾਂ ਆਪਣਾ ਬਲ ਧਰਾਇੰਦਾ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਆਪਣਾ ਹੁਕਮ ਆਪ ਵਰਤਾਇੰਦਾ। ਏਕਾ ਹੁਕਮ ਹਰਿ ਵਰਤੰਤ, ਸ਼ਬਦੀ ਸ਼ਬਦ ਵੱਜੇ ਵਧਾਈਆ। ਗੁਰਮੁਖ ਵਿਰਲਾ ਜਾਣੇ ਸੰਤ, ਦੂਸਰ ਬੂਝੇ ਨਾ ਕੋਇ ਰਾਈਆ। ਆਪਣੀ ਮਹਿਮਾ ਜਾਣੇ ਅਗਣਤ, ਲੇਖਾ ਲੇਖ ਵਿਚ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਸਰਗੁਣ ਵੇਖੇ ਥਾਉਂ ਥਾਈਂਆ। ਨਿਰਗੁਣ ਸਰਗੁਣ ਕਾਇਆ ਮੰਦਰ, ਹਰਿ ਸਾਚਾ ਵੇਖ ਵਖਾਇੰਦਾ। ਭਰਮ ਭੁਲੇਖੇ ਆਇਆ ਸ਼ਹਿਰ ਜਲੰਧਰ, ਭਗਤਾਂ ਲੇਖਾ ਆਪ ਚੁਕਾਇੰਦਾ। ਵਸਣਹਾਰਾ ਡੂੰਘੀ ਕੰਦਰ, ਅਨੁਭਵ ਪਰਕਾਸ਼ ਆਪ ਕਰਾਇੰਦਾ। ਜਿਸ ਜਨ ਤੋੜੇ ਆਪਣਾ ਜੰਦਰ, ਤਿਸ ਆਪਣਾ ਦਰਸ ਦਖਾਇੰਦਾ। ਜੀਵ ਜੰਤ ਚਾਰ ਕੁੰਟ ਦਹਿ ਦਿਸ਼ਾ ਮਨ ਵਾਸਨਾ ਭੌਂਦਾ ਬੰਦਰ, ਬਿਨ ਗੁਰ ਸ਼ਬਦ ਬੰਧਨ ਕੋਇ ਨਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕ ਇਕੱਲਾ ਪੁਰਖ ਅਕਾਲ ਆਦਿ ਜੁਗਾਦੀ ਦੀਨ ਦਿਆਲ, ਵਸਣਹਾਰਾ ਸਚਖੰਡ ਸੱਚੀ ਧਰਮਸਾਲ, ਜੁਗ ਜੁਗ ਭਗਤ ਭਗਵੰਤ ਲੋਕਮਾਤ ਕਰੇ ਪ੍ਰਿਤਪਾਲ, ਲੱਖ ਚੁਰਾਸੀ ਵਿਚੋਂ ਭਾਲ ਆਪਣਾ ਭੇਵ ਖੁਲ੍ਹਾਇੰਦਾ। ਇਕ ਇਕੱਲਾ ਖੇਲ ਕਰਾਇੰਦਾ, ਖੇਲਣਹਾਰ ਆਪ ਭਗਵਾਨ। ਘਟ ਘਟ ਅੰਦਰ ਵੇਖ ਵਖਾਇੰਦਾ, ਵੇਖਣਹਾਰਾ ਸਚ ਨਿਸ਼ਾਨ। ਡੂੰਘੀ ਭਵਰੀ ਫੋਲ ਫੁਲਾਇੰਦਾ, ਸੁਖਮਨ ਨਾੜੀ ਜਾਣੇ ਦੁਕਾਨ। ਈੜਾ ਪਿੰਗਲ ਪੰਧ ਕਟਾਇੰਦਾ, ਆਤਮ ਅੰਤਰ ਹੋ ਮਿਹਰਵਾਨ। ਨਿਝਰ ਝਿਰਨਾ ਆਪ ਝਿਰਾਇੰਦਾ, ਕਵਲ ਕਵਲਾ ਕਰ ਪਰਵਾਨ। ਅਨਹਦ ਸ਼ਬਦ ਨਾਦ ਵਜਾਇੰਦਾ, ਧੁੰਨ ਅਨਾਦੀ ਏਕਾ ਗਾਨ। ਜੋਤ ਨਿਰੰਜਣ ਆਪ ਜਗਾਇੰਦਾ, ਕਿਰਪਾ ਕਰ ਹੋ ਮਿਹਰਵਾਨ। ਕਾਗੋਂ ਹੰਸ ਆਪ ਬਣਾਇੰਦਾ, ਸਰ ਸਰੋਵਰ ਨੁਹਾਏ ਇਕ ਨਹਾਨ। ਬਜਰ ਕਪਾਟੀ ਤੋੜ ਤੁੜਾਇੰਦਾ, ਸਤਿ ਸਰੂਪੀ ਆਪ ਵਖਾਏ ਇਕ ਨਿਸ਼ਾਨ। ਆਤਮ ਸੇਜਾ ਆਪ ਸੁਹਾਇੰਦਾ, ਆਤਮ ਬ੍ਰਹਮ ਹੋ ਪਰਧਾਨ। ਈਸ਼ ਜੀਵ ਖੇਲ ਖਿਲਾਇੰਦਾ, ਖੇਲੇ ਖੇਲ ਗੁਣ ਨਿਧਾਨ। ਆਪੇ ਸੁਰਤੀ ਆਪੇ ਸ਼ਬਦ ਆਪੇ ਆਪਣਾ ਬੰਧਨ ਪਾਇੰਦਾ, ਆਪੇ ਮੇਲ ਮਿਲਾਵਾ ਵੇਖੇ ਆਣ। ਏਕਾ ਹੁਕਮ ਆਪ ਵਰਤਾਇੰਦਾ, ਗੁਰਮੁਖ ਵਿਰਲਾ ਜਾਣੇ ਚਤੁਰ ਸੁਜਾਨ। ਕੋਟਨ ਕੋਟ ਚਾਰ ਕੁੰਟ ਦਹਿ ਦਿਸ਼ਾ ਉਠ ਉਠ ਧਾਇੰਦਾ, ਪੰਧ ਮੁਕੇ ਨਾ ਵਿਚ ਜਹਾਨ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕ ਇਕੱਲਾ ਨੌਜਵਾਨ। ਇਕ ਇਕੱਲਾ ਨੌਜਵਾਨਾ, ਹਰਿ ਵੱਡਾ ਵਡ ਵਡਿਆਈਆ। ਆਦਿ ਜੁਗਾਦੀ ਖੇਲ ਮਹਾਨਾ, ਜੁਗ ਜੁਗ ਆਪਣਾ ਵੇਸ ਵਟਾਈਆ। ਲੇਖਾ ਜਾਣੇ ਧੁਰ ਦੀਬਾਨਾ, ਧੁਰ ਫ਼ਰਮਾਨਾ ਆਪਣੀ ਗਾਥ ਅਲਾਈਆ। ਕਲਜੁਗ ਅੰਤਮ ਹੋਏ ਪਰਧਾਨਾ, ਪਾਰਬ੍ਰਹਮ ਵਡੀ ਵਡਿਆਈਆ। ਗੁਰਮੁਖ ਵਿਰਲੇ ਦੇਵੇ ਆਪਣਾ ਦਾਨਾ, ਜੀਵਣ ਦਾਤ ਝੋਲੀ ਪਾਈਆ। ਘਰ ਘਰ ਮਿਲੇ ਸਾਚਾ ਕਾਹਨਾ, ਰੂਪ ਅਨੂਪ ਆਪ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੰਤਨ ਅੰਦਰ ਜਾਏ ਵੜ, ਔਂਦਾ ਜਾਂਦਾ ਦਿਸ ਨਾ ਆਈਆ। ਸੰਤਨ ਵੇਖੇ ਜਗਤ ਲਿਬਾਸ, ਕਾਇਆ ਚੋਲੀ ਖੇਲ ਖਿਲਾਇੰਦਾ। ਮੰਦਰ ਅੰਦਰ ਖੇਲ ਪਰਭਾਸ, ਜੰਗਲ ਜੂਹ ਉਜਾੜ ਰੂਪ ਵਟਾਇੰਦਾ। ਤੇਈ ਘੰਟੇ ਮਨ ਉਦਾਸ, ਚਵੀ ਪਲ ਖੇਲ ਖਿਲਾਇੰਦਾ। ਰਸਨਾ ਗਾਵੇ ਜਗਤ ਸਵਾਸ, ਪਵਣ ਹਵਾਸ ਨਾਲ ਰਲਾਇੰਦਾ। ਨੈਣ ਤੱਕਣ ਪ੍ਰਿਥਮੀ ਆਕਾਸ਼, ਮਨ ਚਾਰ ਕੁੰਟ ਫੇਰਾ ਪਾਇੰਦਾ। ਸੁਰਤੀ ਸਦ ਰਹੇ ਉਦਾਸ, ਧੀਰਜ ਧੀਰ ਨਾ ਕੋਇ ਧਰਾਇੰਦਾ। ਸਚ ਵਸਤ ਨਾ ਦਿਸੇ ਪਾਸ, ਚੌਦਾਂ ਹੱਟ ਵੇਖ ਵਖਾਇੰਦਾ। ਗੋਪੀ ਕਾਹਨ ਨਾ ਪਾਵੇ ਰਾਸ, ਸੁਰਤੀ ਸ਼ਬਦ ਨਾ ਮੰਗਲ ਗਾਇੰਦਾ। ਲੇਖਾ ਲਿਖੇ ਚਮਾਰ ਰਵਿਦਾਸ, ਕਲਜੁਗ ਲੇਖਾ ਸਰਬ ਮੁਕਾਇੰਦਾ। ਅੰਦਰੇ ਅੰਦਰ ਬੈਠੇ ਰਹਿਣ ਨਿਰਾਸ, ਹਰਿ ਜੂ ਹੱਥ ਕਿਸੇ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣੇ ਜਗਤ ਬਸਤਰ ਕਾਇਆ ਚੋਲੀ ਆਤਮ ਅੰਤਰ, ਤ੍ਰੈਗੁਣ ਮਾਇਆ ਵੇਖੇ ਬਸੰਤਰ, ਅਗਨੀ ਅੱਗ ਨਾ ਕੋਇ ਬੁਝਾਇੰਦਾ। ਆਤਮ ਅੰਤਰ ਡੂੰਘਾ ਖਾਤਾ, ਹਰਿ ਸਾਚਾ ਆਪਣੇ ਹੱਥ ਰਖਾਇੰਦਾ। ਚੌਦਾਂ ਵਿਦਿਆ ਜਗਤ ਗਾਥਾ, ਕਲਜੁਗ ਜੀਵਾਂ ਆਪ ਪੜ੍ਹਾਇੰਦਾ। ਕੋਈ ਕਹੇ ਰਾਮ ਨਾਮ ਸਾਥਾ, ਕੋਈ ਮੰਗੇ ਦਾਨ ਤ੍ਰਿਲੋਕੀ ਨਾਥਾ, ਕੋਈ ਨਾਨਕ ਨਾਮ ਕਹਾਇੰਦਾ। ਕੋਈ ਕਹੇ ਗੋਬਿੰਦ ਚਲਾਏ ਰਾਥਾ, ਕੋਈ ਈਸਾ ਮੂਸਾ ਸੰਗ ਮੁਹੰਮਦ ਚਾਰ ਯਾਰੀ ਰਾਹ ਤਕਾਇੰਦਾ। ਇਕ ਇਕੱਲਾ ਆਦਿ ਜੁਗਾਦਿ ਪਾਰਬ੍ਰਹਮ ਪੁਰਖ ਸਮਰਾਥਾ, ਜਨਮ ਮਰਨ ਵਿਚ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦ ਸ਼ਬਦ ਗੁਰ ਬਲਵਾਨ, ਆਦਿ ਜੁਗਾਦਿ ਝੁਲਾਏ ਇਕ ਨਿਸ਼ਾਨ, ਸਚ ਨਿਸ਼ਾਨਾ ਇਕ ਵਖਾਇੰਦਾ। ਕਾਇਆ ਅੰਤਰ ਲੱਗੀ ਅੱਗ, ਕਲਜੁਗ ਜੀਵ ਭੇਵ ਨਾ ਰਾਈਆ। ਸੀਸ ਦਸਤਾਰ ਨਾ ਸੋਹੇ ਪੱਗ, ਜਿਸ ਮਿਲਿਆ ਨਾ ਬੇਪਰਵਾਹੀਆ। ਦਰਸ ਨਾ ਪਾਇਆ ਉਪਰ ਸ਼ਾਹ ਰਗ, ਨੌਂ ਦੁਆਰ ਜਗਤ ਵਾਸਨਾ ਫਿਰੇ ਹਲਕਾਈਆ। ਹੰਸ ਨਾ ਬਣਿਆ ਜੀਵ ਕੱਗ, ਵਾਸਨਾ ਕਾਂਗ ਵਾਂਗ ਕੁਰਲਾਈਆ। ਜਿਸ ਸਤਿਗੁਰ ਮਿਲਿਆ ਸੂਰਾ ਸਰਬੱਗ, ਸੋ ਸੰਤ ਸਾਜਣ ਘਰ ਵੱਜਦੀ ਰਹੇ ਵਧਾਈਆ। ਕਿਆ ਕੋਈ ਤਾਅਨਾ ਮੇਹਣਾ ਦੇਵੇ ਜਗ, ਜਿਸ ਜਗਤ ਈਸ਼ਵਰ ਆਪਣੇ ਅੰਗ ਲਗਾਈਆ। ਮਾਣਸ ਜਨਮ ਨਾ ਹੋਏ ਭੰਗ, ਜਿਸ ਭਗਤ ਭਗਵੰਤ ਆਪਣੀ ਗੋਦ ਬਹਾਈਆ। ਕਾਇਆ ਚੋਲੀ ਚੜ੍ਹੇ ਰੰਗ ਬਸੰਤ, ਬਸੰਤ ਰੁੱਤ ਦਏ ਗਵਾਹੀਆ। ਗੜ੍ਹ ਤੋੜੇ ਹਉਮੇ ਹੰਗਤ, ਹੰ ਬ੍ਰਹਮ ਇਕ ਦਰਸਾਈਆ। ਨਾਤਾ ਤੋੜੇ ਭੁੱਖ ਨੰਗਤ, ਨਾਮ ਖ਼ਜ਼ਾਨਾ ਇਕ ਵਖਾਈਆ। ਚਾਰ ਵਰਨ ਹਰਿ ਕਾ ਰੂਪ ਸਾਚੀ ਸੰਗਤ, ਈਸ਼ ਜੀਵ ਜੀਵ ਈਸ਼ ਬ੍ਰਹਮ ਪਾਰਬ੍ਰਹਮ, ਏਕਾ ਨੂਰ ਨੂਰ ਨੂਰ ਲਏ ਉਪਜਾਈਆ। ਨੂਰ ਉਪਾਇਆ ਨੂਰ ਧਾਰ, ਨੂਰੀ ਨੂਰ ਖੇਲ ਖਿਲਾਇੰਦਾ। ਨੂਰ ਨਿਰਗੁਣ ਹੋਏ ਉਜਿਆਰ, ਨੂਰ ਸਰਗੁਣ ਸੰਗ ਨਿਭਾਇੰਦਾ। ਨੂਰ ਕਰੇ ਸਰਬ ਪਸਾਰ, ਨੂਰ ਧੂਆਂਧਾਰ ਡੇਰਾ ਲਾਇੰਦਾ। ਨੂਰ ਆਦਿ ਅੰਤ ਕਰੇ ਖੇਲ ਅਪਾਰ, ਨੂਰ ਮਧ ਆਪਣਾ ਰੂਪ ਵਟਾਇੰਦਾ। ਨੂਰ ਗੁਰ ਨੂਰ ਅਵਤਾਰ, ਨੂਰ ਜੀਵ ਜੰਤ ਸਮਾਇੰਦਾ। ਨੂਰ ਭਗਤ ਨੂਰ ਸੰਤ, ਨੂਰ ਗੁਰਮੁਖ ਨੂਰ ਗੁਰਸਿਖ ਨੂਰ ਨਾਰੀ ਨੂਰ ਕੰਤ, ਨੂਰ ਨੂਰ ਸੇਜ ਹੰਢਾਇੰਦਾ। ਨੂਰ ਗੜ੍ਹ ਹਉਮੇ ਹੰਗਤ, ਨੂਰ ਕਾਮ ਕਰੋਧ ਲੋਭ ਮੋਹ ਹੰਕਾਰ ਬਣਤ ਬਣਾਇੰਦਾ। ਨੂਰ ਆਸਾ ਤ੍ਰਿਸ਼ਨਾ ਬਣੇ ਮੰਗਤ, ਨੂਰ ਦਰ ਦਰਵੇਸ਼ ਫੇਰੀ ਪਾਇੰਦਾ। ਨੂਰ ਨੂਰ ਕਰੇ ਖੰਡਤ, ਨੂਰ ਖੰਡਾ ਨੂਰ ਕਟਾਰ, ਨੂਰ ਹੁਕਮ ਨੂਰ ਅਵਤਾਰ, ਨੂਰ ਸ਼ਬਦ ਨੂਰ ਦੀਬਾਨ, ਆਪ ਆਪਣਾ ਸੰਗ ਨਿਭਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕ ਇਕੱਲਾ ਖੇਲ ਅਪਾਰ, ਸੰਤਨ ਵਖਾਏ ਇਕ ਦੁਆਰ, ਦੂਜਾ ਦਰ ਨਾ ਕੋਇ ਵਖਾਇੰਦਾ। ਅੰਤਸ਼ਕਰਨ ਕਰੇ ਜਨ ਵਿਚਾਰ। ਚਾਰੋਂ ਕੁੰਟ ਸ੍ਰਿਸ਼ਟ ਸਬਾਈ ਧੂਆਂਧਾਰ। ਨਾ ਕੋਈ ਸੱਜਣ ਨਾ ਕੋਈ ਮੀਤ, ਨਾ ਕੋਈ ਪੁਰਖ ਨਾ ਕੋਈ ਨਾਰ। ਨਾ ਕੋਈ ਗਾਏ ਸੁਹਾਗੀ ਗੀਤ, ਦਰ ਦਰ ਦਿਸੇ ਵਿਭਚਾਰ। ਬਿਨ ਗੁਰਮੁਖ ਗੁਰਸਿਖ ਕੋਇ ਨਾ ਦਿਸੇ ਮਾਤ ਅਤੀਤ, ਨੌਂ ਖੰਡ ਪ੍ਰਿਥਮੀ ਨਾਤਾ ਜੁੜਿਆ ਕਾਮ ਕਰੋਧ ਲੋਭ ਮੋਹ ਹੰਕਾਰ। ਅੰਤਸਕਰਨ ਹਰਿ ਹਰਿ ਧਿਆਨ, ਆਤਮ ਅੰਤਰ ਇਕ ਲਿਵ ਲਾਈਆ। ਜਿਸ ਜਨ ਦੇਵੇ ਆਪਣਾ ਦਾਨ, ਨਾਮ ਨਿਧਾਨਾ ਝੋਲੀ ਪਾਈਆ। ਚਰਨ ਕਵਲ ਪੁਰਖ ਅਬਿਨਾਸ਼ੀ ਘਟ ਘਟ ਵਾਸੀ ਇਕ ਵਖਾਏ ਸਚ ਧਿਆਨ, ਬ੍ਰਹਮ ਗਿਆਨ ਇਕ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਟ ਘਟ ਵੇਖੇ ਥਾਉਂ ਥਾਈਂਆ। ਅੰਤਰ ਆਤਮ ਜਗਤ ਵਿਚਾਰ, ਕਾਮ ਕਰੋਧ ਲੋਭ ਮੋਹ ਹੰਕਾਰ ਹਲਕਾਇਆ। ਸਚ ਸੁੱਚ ਨਾ ਦਿਸੇ ਕੋਇ ਵਿਹਾਰ, ਕਾਇਆ ਮੰਦਰ ਹਰਿਮੰਦਰ ਰੂਪ ਨਾ ਕੋਇ ਬਣਾਇਆ। ਚਾਰੋਂ ਕੁੰਟ ਕੁੰਟ ਕਰੇ ਵਿਚਾਰ, ਦਹਿ ਦਿਸ਼ਾ ਨੇਤਰ ਲੋਚਣ ਨੈਣ ਰਹੇ ਉਠਾਇਆ। ਗੁਰਮੁਖਾਂ ਗੁਰ ਗੁਰ ਸ਼ਬਦੀ ਆਪੇ ਪਾਇਆ ਹਿੱਸਾ, ਆਪ ਆਪਣੀ ਵੰਡ ਵੰਡਾਇਆ। ਜੋ ਜਨ ਸਿਖਿਆ ਸਾਚੀ ਸਿਖਾ, ਸਿੱਖੀ ਸਿਖਿਆ ਇਕ ਵਖਾਇਆ। ਆਪੇ ਜਾਣੇ ਧੁਰ ਦਾ ਲੇਖਾ ਲਿਖਾ, ਲਿਖਿਆ ਲੇਖ ਨਾ ਕੋਈ ਮੇਟ ਮਿਟਾਇਆ। ਸਤਿਗੁਰ ਰੂਪ ਇਕ ਅਨਡਿਠਾ, ਜਗਤ ਨੇਤਰ ਦਿਸ ਕਿਸੇ ਨਾ ਆਇਆ । ਆਤਮ ਸੇਜਾ ਸੁੱਤਾ ਦੇ ਕਰ ਪਿੱਠਾ, ਆਪਣੀ ਕਰਵਟ ਨਾ ਲਏ ਬਦਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅੰਤਸ਼ਕਰਨ ਜਾਣੇ ਹਰਿ ਹਰਿ, ਕਾਇਆ ਮੰਦਰ ਆਪੇ ਵੜ ਵੜ, ਪਹਿਲੇ ਦੂਜੇ ਤੀਜੇ ਚੌਥੇ ਪੌੜੇ ਚੜ੍ਹ ਚੜ੍ਹ, ਪੰਚਮ ਸ਼ਬਦ ਨਾਦ ਸੁਣਾਏ ਖੜ ਖੜ, ਸੁਰਤ ਸੁਵਾਣੀ ਸ਼ਬਦ ਹਾਣੀ ਆਪੇ ਫੜ ਫੜ, ਅੰਮ੍ਰਿਤ ਆਤਮ ਠੰਡਾ ਪਾਣੀ ਇਕ ਵਖਾਏ ਸਰ ਸਰ, ਹਰਿ ਹਰਿ ਨਰ ਨਰ ਨਾਰੀ ਕੰਤ ਸੰਤ ਭਗਵੰਤ ਏਕਾ ਰੂਪ ਸਮਾਇਆ।