Granth 10 Likhat 017: 6 Magh 2017 Bikarmi Gurdev Singh de Ghar Nava Pind Jila Jalandhar

੬ ਮਾਘ ੨੦੧੭ ਬਿਕਰਮੀ ਗੁਰਦੇਵ ਸਿੰਘ ਦੇ ਘਰ ਨਵਾਂ ਪਿੰਡ ਜ਼ਿਲਾ ਜਲੰਧਰ

ਸੋ ਪੁਰਖ ਨਿਰੰਜਣ ਖੇਲ ਅਪਾਰਾ, ਆਦਿ ਅੰਤ ਆਪ ਕਰਾਇੰਦਾ। ਹਰਿ ਪੁਰਖ ਨਿਰੰਜਣ ਭੇਵ ਨਿਆਰਾ, ਅਲਖ ਅਗੋਚਰ ਭੇਵ ਕੋਈ ਨਾ ਪਾਇੰਦਾ। ਏਕੰਕਾਰਾ ਨਿਰਾਕਾਰਾ, ਨਿਰਵੈਰ ਆਪਣਾ ਨਾਉਂ ਧਰਾਇੰਦਾ। ਆਦਿ ਨਿਰੰਜਣ ਨੂਰ ਉਜਿਆਰਾ, ਜੋਤੀ ਜੋਤ ਡਗਮਗਾਇੰਦਾ। ਅਬਿਨਾਸ਼ੀ ਕਰਤਾ ਬੇਐਬ ਪਰਵਰਦਿਗਾਰਾ, ਇਕ ਇਕੱਲਾ ਖੇਲ ਖਿਲਾਇੰਦਾ। ਅਬਿਨਾਸ਼ੀ ਕਰਤਾ ਆਪੇ ਜਾਣੇ ਆਪਣੀ ਧਾਰਾ, ਦੂਸਰ ਸੰਗ ਨਾ ਕੋਈ ਰਖਾਇੰਦਾ। ਪਾਰਬ੍ਰਹਮ ਪ੍ਰਭ ਆਪੇ ਜਾਣੇ ਆਪਣੀ ਕਾਰਾ, ਕਰਤਾ ਪੁਰਖ ਆਪ ਕਰਾਇੰਦਾ। ਸਚਖੰਡ ਸੁਹਾਏ ਸਚ ਦੁਆਰਾ, ਦਰ ਘਰ ਸਾਚੇ ਸੋਭਾ ਪਾਇੰਦਾ। ਸਤਿ ਸਰੂਪੀ ਖੇਲ ਨਿਆਰਾ, ਥਿਰ ਦਰਬਾਰਾ ਆਪ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਆਦਿ ਆਪਣੀ ਰਚਨਾ ਆਪ ਰਚਾਇੰਦਾ। ਸਚਖੰਡ ਦੁਆਰਾ ਸਾਚਾ ਘਰ, ਸੋ ਪੁਰਖ ਨਿਰੰਜਣ ਆਪ ਸੁਹਾਇੰਦਾ। ਹਰਿ ਪੁਰਖ ਨਿਰੰਜਣ ਕਿਰਪਾ ਕਰ, ਆਪਣਾ ਬਲ ਆਪ ਧਰਾਇੰਦਾ। ਏਕੰਕਾਰਾ ਘਾੜਨ ਘੜ, ਘੜਨ ਭੰਨਣਹਾਰ ਆਪ ਹੋ ਜਾਇੰਦਾ। ਆਦਿ ਨਿਰੰਜਣ ਜੋਤ ਉਜਿਆਰ ਕਰ, ਨੂਰ ਜ਼ਹੂਰ ਇਕ ਦਰਸਾਇੰਦਾ। ਅਬਿਨਾਸ਼ੀ ਕਰਤਾ ਨਿਰਭੌ ਭੈ ਨਾ ਰੱਖੇ ਕੋਇ ਡਰ, ਆਪ ਆਪਣਾ ਰੰਗ ਰੰਗਾਇੰਦਾ। ਸ੍ਰੀ ਭਗਵਾਨ ਸਚ ਦੁਆਰੇ ਆਪੇ ਖੜ, ਸਵਛ ਸਰੂਪੀ ਰੂਪ ਵਟਾਇੰਦਾ। ਪਾਰਬ੍ਰਹਮ ਆਪਣੀ ਸਰਨ ਸਰਨਾਈ ਆਪੇ ਪੜ੍ਹ, ਸੀਸ ਜਗਦੀਸ਼ ਆਪ ਝੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚੇ ਘਰ, ਸਚਖੰਡ ਦੁਆਰਾ ਇਕ ਵਡਿਆਇੰਦਾ। ਸਚਖੰਡ ਦੁਆਰਾ ਸੋਭਾਵੰਤ, ਪੁਰਖ ਅਕਾਲ ਆਪ ਉਪਜਾਈਆ। ਅਜੂਨੀ ਰਹਿਤ ਮਹਿਮਾ ਅਗਣਤ, ਲੇਖਾ ਲੇਖ ਨਾ ਕੋਈ ਲਿਖਾਈਆ। ਕਰੇ ਖੇਲ ਸ੍ਰੀ ਭਗਵੰਤ, ਭਗਵਾਨ ਆਪਣੀ ਧਾਰ ਚਲਾਈਆ। ਆਪੇ ਨਾਰੀ ਆਪੇ ਕੰਤ, ਆਪੇ ਸਾਚੀ ਸੇਜ ਹੰਢਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਚਖੰਡ ਦੁਆਰਾ ਆਪ ਸੁਹਾਈਆ। ਸਚਖੰਡ ਦੁਆਰ ਸੁਹਾਇੰਦਾ, ਇਕ ਇਕੱਲਾ ਏਕੰਕਾਰ। ਆਪੇ ਆਪਣਾ ਆਸਣ ਲਾਇੰਦਾ, ਸਚ ਸਿੰਘਾਸਣ ਕਰ ਤਿਆਰ। ਜੋਤੀ ਜਾਤਾ ਡਗਮਗਾਇੰਦਾ, ਅਲਖ ਅਗੋਚਰ ਅਗੰਮ ਅਪਾਰ। ਸਾਚਾ ਤਾਜ ਸੀਸ ਟਿਕਾਇੰਦਾ, ਤਖ਼ਤ ਨਿਵਾਸੀ ਸੱਚਾ ਸ਼ਾਹਕਾਰ। ਸ਼ਹਿਨਸ਼ਾਹ ਆਪਣਾ ਨਾਉਂ ਧਰਾਇੰਦਾ, ਰੂਪ ਰੰਗ ਰੇਖ ਤੋਂ ਵਸਿਆ ਬਾਹਰ। ਆਪਣਾ ਹੁਕਮ ਆਪ ਵਰਤਾਇੰਦਾ, ਦੇਵੇ ਹੁਕਮ ਸੱਚੀ ਸਰਕਾਰ। ਆਪਣੀ ਇਛਿਆ ਸਾਚੀ ਭਿਛਿਆ ਆਪੇ ਝੋਲੀ ਪਾਇੰਦਾ, ਦੇਵਣਹਾਰਾ ਸਚ ਭੰਡਾਰ। ਥਿਰ ਘਰ ਸਾਚਾ ਦਰ ਖੁਲ੍ਹਾਇੰਦਾ, ਸਚਖੰਡ ਨਿਵਾਸੀ ਖੇਲ ਅਪਾਰ। ਨਿਰਗੁਣ ਨਿਰਗੁਣ ਵਿਚ ਸਮਾਇੰਦਾ, ਨਿਰਗੁਣ ਅੰਦਰ ਨਿਰਗੁਣ ਬਾਹਰ ਨਿਰਗੁਣ ਗੁਪਤ ਨਿਰਗੁਣ ਜ਼ਾਹਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਪੁਰਖ ਅਬਿਨਾਸ਼ੀ ਕਰਤਾ, ਆਪਣੀ ਕਲ ਆਪ ਵਰਤਾਇੰਦਾ। ਸਚਖੰਡ ਦੁਆਰੇ ਸਾਚੀ ਕਲ, ਹਰਿ ਸਾਚਾ ਸਚ ਵਰਤਾਈਆ। ਸਚ ਸਿੰਘਾਸਣ ਬੈਠਾ ਮੱਲ, ਪੁਰਖ ਅਬਿਨਾਸ਼ੀ ਬੇਪਰਵਾਹੀਆ। ਆਪਣੀ ਜੋਤੀ ਆਪੇ ਰਲ, ਜੋਤੀ ਜੋਤ ਜੋਤ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਥਿਰ ਘਰ ਸਾਚੇ ਦਏ ਵਡਿਆਈਆ। ਥਿਰ ਘਰ ਸਾਚਾ ਹਰਿ ਸੁਹੰਜਣਾ, ਇਕ ਇਕੱਲਾ ਆਪ ਸੁਹਾਇੰਦਾ। ਕਰੇ ਖੇਲ ਆਦਿ ਨਿਰੰਜਣਾ, ਸ਼ਾਹ ਸੁਲਤਾਨਾ ਨਾਉਂ ਧਰਾਇੰਦਾ। ਆਦਿ ਜੁਗਾਦੀ ਦਰਦ ਦੁੱਖ ਭੈ ਭੰਜਣਾ, ਆਪ ਆਪਣਾ ਨਾਉਂ ਪਰਗਟਾਇੰਦਾ। ਆਪੇ ਬਣੇ ਸਾਚਾ ਸੱਜਣਾ, ਸਗਲਾ ਸੰਗ ਆਪ ਨਿਭਾਇੰਦਾ। ਆਪੇ ਘੜੇ ਆਪੇ ਭੰਨਣਾ, ਘੜਨ ਭੰਨਣਹਾਰ ਆਪਣੀ ਖੇਲ ਆਪ ਖਿਲਾਇੰਦਾ। ਆਪੇ ਚਰਨ ਧੂੜ ਕਰਾਏ ਸਾਚਾ ਮਜਨਾ, ਆਪੇ ਨਿਉਂ ਨਿਉਂ ਸੀਸ ਝੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਥਿਰ ਘਰ ਵਸੇ ਸਾਚਾ ਹਰਿ, ਹਰਿ ਬਿਨ ਅਵਰ ਨਾ ਕੋਈ ਵਖਾਇੰਦਾ। ਥਿਰ ਘਰ ਸਾਚਾ ਖੋਲ੍ਹ ਕਿਵਾੜਾ, ਹਰਿ ਸਾਚਾ ਵੇਖ ਵਖਾਇੰਦਾ। ਕਰੇ ਖੇਲ ਅਗੰਮ ਅਪਾਰਾ, ਅਗੰਮ ਅਗੰਮੜੀ ਚਾਲ ਚਲਾਇੰਦਾ। ਆਪ ਉਪਜਾਏ ਸੁਤ ਦੁਲਾਰਾ, ਸ਼ਬਦੀ ਸ਼ਬਦ ਪਰਗਟਾਇੰਦਾ। ਦੇਵੇ ਹੁਕਮ ਸੱਚੀ ਸਰਕਾਰਾ, ਧੁਰ ਫ਼ਰਮਾਨਾ ਆਪ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਜੁਗਾਦੀ ਏਕਾ ਹਰਿ, ਦਰ ਘਰ ਸਾਚੇ ਸੋਭਾ ਪਾਇੰਦਾ। ਦਰ ਘਰ ਸੁਹਾਇਆ, ਕਰ ਕਿਰਪਾ ਗੁਣ ਨਿਧਾਨ। ਪੂਤ ਸਪੂਤਾ ਏਕਾ ਜਾਇਆ, ਸ਼ਬਦ ਸੁਤ ਨੌਜਵਾਨ। ਸਿਰ ਆਪਣਾ ਹੱਥ ਟਿਕਾਇਆ, ਏਕੰਕਾਰਾ ਹੋਇਆ ਮਿਹਰਵਾਨ। ਆਪਣੇ ਰੰਗ ਆਪ ਰੰਗਾਇਆ, ਰੰਗ ਰੰਗਾਏ ਸ੍ਰੀ ਭਗਵਾਨ। ਸਾਚਾ ਮਰਦੰਗ ਇਕ ਵਜਾਇਆ, ਆਪ ਸੁਣਾਏ ਦੋ ਜਹਾਨ। ਆਪਣੇ ਪਲੰਘ ਆਪ ਬਹਾਇਆ, ਸਾਚੀ ਸੇਜਾ ਕਰ ਪਰਵਾਨ। ਗੁਣ ਨਿਧਾਨ ਵੇਖ ਵਖਾਇਆ, ਸਚਖੰਡ ਦੁਆਰਾ ਖੋਲ੍ਹ ਮਕਾਨ। ਆਪਣਾ ਮਾਰਗ ਆਪੇ ਲਾਇਆ, ਆਪੇ ਹੋਏ ਜਾਣੀ ਜਾਣ। ਵਸਤ ਅਮੋਲਕ ਆਪ ਵਰਤਾਇਆ, ਸਤਿ ਭੰਡਾਰਾ ਇਕ ਨਿਸ਼ਾਨ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਥਿਰ ਘਰ ਬੈਠ ਸੱਚੇ ਮਕਾਨ। ਥਿਰ ਘਰ ਸਾਚਾ ਵਸਿਆ, ਪੁਰਖ ਅਬਿਨਾਸ਼ੀ ਆਪ ਵਸਾਏ। ਸੁਤ ਦੁਲਾਰੇ ਸਾਚਾ ਮਾਰਗ ਏਕਾ ਦੱਸਿਆ, ਹੁਕਮੀ ਹੁਕਮ ਆਪ ਸੁਣਾਏ। ਅੰਤਰ ਅੰਤਰ ਆਪੇ ਵਸਿਆ, ਵਸਣਹਾਰਾ ਦਿਸ ਨਾ ਆਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਦੂਸਰ ਅਵਰ ਨਾ ਕੋਇ ਜਣਾਏ। ਸ਼ਬਦ ਦੁਲਾਰ ਉਠਾਇਆ, ਕਰ ਕਿਰਪਾ ਗੁਣ ਨਿਧਾਨ। ਏਕਾ ਹੁਕਮ ਸੁਣਾਇਆ, ਆਦਿ ਪੁਰਖ ਸ੍ਰੀ ਭਗਵਾਨ। ਤੇਰੀ ਮਹਿਮਾ ਆਪ ਜਣਾਇਆ, ਲੇਖਾ ਜਾਣੇ ਗੁਣ ਨਿਧਾਨ। ਤੇਰਾ ਰੂਪ ਲਏ ਪਰਗਟਾਇਆ, ਰੂਪ ਅਨੂਪਾ ਹੋ ਮਿਹਰਵਾਨ। ਤੇਰੀ ਕੁੱਖ ਦਏ ਸੁਹਾਇਆ, ਉਜਲ ਮੁਖ ਇਕ ਮਹਾਨ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਵਡ ਮਿਹਰਵਾਨ। ਸਫ਼ਲ ਕੁੱਖ ਸ਼ਬਦ ਦੁਲਾਰ, ਹਰਿ ਸਾਚਾ ਸਚ ਕਰਾਇੰਦਾ। ਰੂਪ ਅਨੂਪ ਕਰ ਤਿਆਰ, ਨਿਰਗੁਣ ਜੋਤੀ ਜੋਤ ਜਗਾਇੰਦਾ। ਆਪਣੇ ਅੰਦਰੋਂ ਆਪਾ ਕੱਢ ਬਾਹਰ, ਆਪੇ ਵਿਸ਼ਨੂੰ ਰੂਪ ਧਰਾਇੰਦਾ। ਆਪੇ ਅੰਮ੍ਰਿਤ ਕਵਲ ਭਰੇ ਭੰਡਾਰ, ਸਤਿ ਵਰਤਾਰਾ ਆਪ ਵਰਤਾਇੰਦਾ। ਆਪੇ ਪੰਖੜੀਆਂ ਬਣ ਖਿੜੇ ਗੁਲਜ਼ਾਰ, ਪੱਤ ਡਾਲੀ ਆਪ ਮਹਿਕਾਇੰਦਾ। ਆਪੇ ਬ੍ਰਹਮਾ ਕਰੇ ਪਸਾਰ, ਪਾਰਬ੍ਰਹਮ ਆਪਣੀ ਵੰਡ ਵੰਡਾਇੰਦਾ। ਆਪੇ ਸ਼ੰਕਰ ਵੇਖੇ ਧੂਆਂਧਾਰ, ਸੁੰਨ ਅਗੰਮ ਫੋਲ ਫੋਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਸ਼ਬਦ ਖੇਲ ਖਿਲਾਇੰਦਾ। ਹਰਿ ਸ਼ਬਦੀ ਖੇਲ ਖਿਲਾਇਆ, ਵਿਸ਼ਨ ਬ੍ਰਹਮਾ ਸ਼ਿਵ ਧਾਰ। ਧੁਰ ਦੀ ਧਾਰ ਆਪਣੇ ਹੱਥ ਰਖਾਇਆ, ਨਾ ਕੋਈ ਸਕੇ ਵਿਚਾਰ। ਹੁਕਮੀ ਹੁਕਮ ਇਕ ਵਰਤਾਇਆ, ਆਦਿ ਪੁਰਖ ਏਕੰਕਾਰ। ਸਚ ਸੁਨੇਹੜਾ ਇਕ ਸੁਣਾਇਆ, ਵਿਸ਼ਨੂੰ ਵਿਸ਼ਵ ਲਏ ਉਠਾਲ। ਸਤਿ ਭੰਡਾਰ ਝੋਲੀ ਪਾਇਆ, ਲੇਖਾ ਜਾਣੇ ਸ਼ਾਹ ਕੰਗਾਲ। ਬ੍ਰਹਮੇ ਬ੍ਰਹਮ ਜੋਤ ਜਗਾਇਆ, ਪਾਰਬ੍ਰਹਮ ਪ੍ਰਭ ਦੀਨ ਦਿਆਲ। ਸ਼ਬਦ ਚੋਟ ਇਕ ਲਗਾਇਆ, ਆਪ ਸੁਣਾਏ ਸੱਚੀ ਧੁਨਕਾਨ। ਸਚ ਸੰਦੇਸ਼ਾ ਇਕ ਸੁਣਾਇਆ, ਪੁਰਖ ਅਗੰਮੜਾ ਗੁਣ ਨਿਧਾਨ। ਲੱਖ ਚੁਰਾਸੀ ਘਾੜਨ ਲਏ ਘੜਾਇਆ, ਘਾੜਤ ਘੜੇ ਆਪ ਮਿਹਰਵਾਨ। ਸ਼ੰਕਰ ਤੇਰਾ ਵੇਸ ਵਟਾਇਆ, ਭੋਲੇ ਨਾਥ ਬਾਲ ਨਿਦਾਨ। ਤੇਰੀ ਸੇਵਾ ਇਕ ਜਣਾਇਆ, ਅੰਤਮ ਮੇਟੇ ਸਰਬ ਨਿਸ਼ਾਨ। ਤਿੰਨਾ ਵਿਚੋਲਾ ਇਕ ਰਘੁਰਾਇਆ, ਸ਼ਬਦ ਸਰੂਪੀ ਪਾਏ ਆਣ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਦੋ ਜਹਾਨ। ਵਿਸ਼ਨ ਬ੍ਰਹਮਾ ਸ਼ਿਵ ਦਇਆ ਕਮਾ, ਏਕਾ ਤੱਤ ਸਮਝਾਇੰਦਾ। ਲੱਖ ਚੁਰਾਸੀ ਰਚਨ ਰਚਾ, ਸ਼ਬਦੀ ਡੋਰ ਬੰਧਾਇੰਦਾ। ਤ੍ਰੈਗੁਣ ਮਾਇਆ ਵੰਡ ਵੰਡਾ, ਪੰਜ ਤੱਤ ਖੇਲ ਖਿਲਾਇੰਦਾ। ਆਪਣਾ ਨੂਰ ਆਪ ਧਰਾ, ਜੋਤੀ ਜੋਤ ਜੋਤ ਜਗਾਇੰਦਾ। ਕੰਚਨ ਕਾਇਆ ਗੜ੍ਹ ਸੁਹਾ, ਘੜ ਭਾਂਡੇ ਵੇਖ ਵਖਾਇੰਦਾ। ਨੌਂ ਦੁਆਰੇ ਜਗਤ ਖੁਲ੍ਹਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਸਿਖਿਆ ਇਕ ਜਣਾਇੰਦਾ। ਸਾਚੀ ਸਿਖਿਆ ਤ੍ਰੈ ਤ੍ਰੈ ਸਿਖ, ਦੋਏ ਦੋਏ ਜੋੜ ਸੀਸ ਝੁਕਾਇਆ। ਪ੍ਰਭ ਅਬਿਨਾਸ਼ੀ ਪਾਈ ਭਿਖ, ਸਤਿ ਭੰਡਾਰ ਇਕ ਵਰਤਾਇਆ। ਸਾਚਾ ਲੇਖਾ ਦੇਣਾ ਲਿਖ, ਕਵਣ ਜੁਗ ਸੇਵ ਕਮਾਇਆ। ਜੋ ਉਪਜੇ ਸੋ ਦੀਸੇ ਮਿਥ, ਥਿਰ ਕੋਇ ਰਹਿਣ ਨਾ ਪਾਇਆ। ਤੇਰਾ ਨਾਮ ਅੱਖਰ ਨਿਸ਼, ਲਿਖਣ ਪੜ੍ਹਣ ਵਿਚ ਨਾ ਆਇਆ। ਤੂੰ ਵਸੇਂ ਧਾਮ ਅਨਡਿਠ, ਸਚਖੰਡ ਦੁਆਰਾ ਇਕ ਸੁਹਾਇਆ। ਹਉਂ ਬਾਲਕ ਮੰਗਣ ਭਿਖ, ਭਿਖਕ ਭਿਖਾਰੀ ਦਰ ਤੇ ਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਤੇਰਾ ਨਾਉਂ ਭੁਲ ਕਦੇ ਨਾ ਜਾਇਆ। ਤੇਰਾ ਨਾਉਂ ਕਦੇ ਨਾ ਭੁੱਲੇ, ਵਿਸ਼ਨੂੰ ਰੋ ਰੋ ਸੀਸ ਝੁਕਾਈਆ। ਬ੍ਰਹਮੇ ਤੇਰੇ ਤੋਲ ਤੁਲੇ, ਪਾਰਬ੍ਰਹਮ ਸਾਚੇ ਕੰਡੇ ਲੈਣਾ ਤੁਲਾਈਆ। ਲੱਖ ਚੁਰਾਸੀ ਫੁਲ ਫਲਵਾੜੀ ਤੇਰੀ ਮੌਲੇ, ਧਰਤ ਧਵਲ ਮਿਲੇ ਵਡਿਆਈਆ। ਕਵਨ ਕੂਟ ਕਵਣ ਘਰ ਕਵਣ ਵਸੇ ਪਰਦੇ ਓਹਲੇ, ਕਵਣ ਰੂਪ ਅਨੂਪ ਛੁਪਾਈਆ। ਕਵਣ ਨਾਉਂ ਧਰਾਏ ਪੰਜ ਤੱਤ ਕਾਇਆ ਚੋਲੇ, ਲੋਕਮਾਤ ਵੱਜੇ ਵਧਾਈਆ। ਕਵਣ ਰੂਪ ਗਾਇਣ ਭਗਤ ਸੁਹਾਗੀ ਸੋਹਲੇ, ਅਨੰਦ ਮੰਗਲ ਦੇਣ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਬ੍ਰਹਮਾ ਵਿਸ਼ਨ ਸ਼ਿਵ ਬੈਠੇ ਸੀਸ ਝੁਕਾਈਆ। ਪੁਰਖ ਅਬਿਨਾਸ਼ੀ ਸ਼ਬਦ ਜਣਾਇਆ, ਤਿੰਨਾਂ ਆਪ ਉਠਾਇੰਦਾ। ਨੌਂ ਸੌ ਚੁਰਾਨਵੇ ਚੌਕੜੀ ਜੁਗ ਸੇਵਾ ਲਾਇਆ, ਜੁਗ ਜੁਗ ਗੇੜਾ ਆਪ ਦਵਾਇੰਦਾ। ਤ੍ਰੈਗੁਣ ਤੱਤ ਝੋਲੀ ਪਾਇਆ, ਰਜੋ ਤਮੋ ਸਤੋ ਮੇਲ ਮਿਲਾਇੰਦਾ। ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਲਏ ਉਪਾਇਆ, ਸਗਲਾ ਸੰਗ ਨਿਭਾਇੰਦਾ। ਮਨ ਮਤ ਬੁਧ ਵੰਡ ਵੰਡਾਇਆ, ਕਾਇਆ ਗੜ੍ਹ ਸੁਹਾਇੰਦਾ। ਬਹੱਤਰ ਨਾੜੀ ਜੋੜ ਜੁੜਾਇਆ, ਤਿੰਨ ਸੌ ਸੱਠ ਹਾਡੀ ਵੇਖ ਵਖਾਇੰਦਾ। ਡੂੰਘੀ ਕੰਦਰ ਫੋਲ ਫੁਲਾਇਆ, ਘਰ ਘਰ ਵਿਚ ਡੇਰਾ ਲਾਇੰਦਾ। ਨੌਂ ਦੁਆਰੇ ਰਾਹ ਚਲਾਇਆ, ਜਗਤ ਵਾਸਨਾ ਵਿਚ ਟਿਕਾਇੰਦਾ। ਪੰਚ ਵਿਕਾਰਾ ਗੋਦ ਬਹਾਇਆ, ਕਾਮ ਕਰੋਧ ਲੋਭ ਮੋਹ ਹੰਕਾਰ ਵੇਖ ਵਖਾਇੰਦਾ। ਆਸਾ ਤ੍ਰਿਸ਼ਨਾ ਨਾਲ ਬੰਧਾਇਆ, ਹਉਮੇ ਹੰਗਤਾ ਜੋੜ ਜੁੜਾਇੰਦਾ। ਸੁਖਮਨ ਟੇਡੀ ਬੰਕ ਸੁਹਾਇਆ, ਈੜਾ ਪਿੰਗਲ ਖੇਲ ਖਿਲਾਇੰਦਾ। ਅਨਹਦ ਸ਼ਬਦ ਵਿਚ ਛੁਪਾਇਆ, ਧੁਨ ਨਾਦ ਨਾ ਕੋਈ ਸੁਣਾਇੰਦਾ। ਅੰਮ੍ਰਿਤ ਆਤਮ ਕਵਲ ਧਰਾਇਆ, ਉਲਟਾ ਕਵਲ ਆਪ ਧਰਾਇੰਦਾ। ਬਜਰ ਕਪਾਟੀ ਪਰਦਾ ਲਾਇਆ, ਨਾ ਕੋਈ ਤੋੜ ਤੁੜਾਇੰਦਾ। ਦਸਮ ਦੁਆਰੀ ਵੇਸ ਵਟਾਇਆ, ਜੋਤ ਨਿਰੰਜਣ ਡਗਮਗਾਇੰਦਾ। ਅੰਧ ਅੰਧੇਰ ਰਹੇ ਨਾ ਰਾਇਆ, ਨੂਰ ਨੁਰਾਨਾ ਇਕ ਦਰਸਾਇੰਦਾ। ਨਿਰਗੁਣ ਬੈਠਾ ਆਸਣ ਲਾਇਆ, ਆਪ ਆਪਣਾ ਥਾਨ ਸੁਹਾਇੰਦਾ। ਈਸ਼ ਜੀਵ ਵੇਖ ਵਖਾਇਆ, ਜਗਦੀਸ਼ ਦਇਆ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬ੍ਰਹਮਾ ਵਿਸ਼ਨ ਸ਼ਿਵ ਦੇਵੇ ਵਰ, ਆਪਣਾ ਭੇਵ ਆਪ ਖੁਲ੍ਹਾਇੰਦਾ। ਹਰਿ ਹਰਿ ਭੇਵ ਖੁਲ੍ਹਾਇੰਦਾ, ਸ਼ਬਦ ਅਗੰਮੀ ਧਾੜ। ਨੌਂ ਸੌ ਚੁਰਾਨਵੇ ਜੁਗ ਸੇਵਾ ਲਾਇੰਦਾ, ਜੁਗ ਜੁਗ ਖੇਲ ਕਰੇ ਅਪਾਰ। ਲੱਖ ਚੁਰਾਸੀ ਘਾੜਨ ਆਪ ਘੜਾਇੰਦਾ, ਆਪੇ ਖੇਲੇ ਖੇਲ ਖੇਲਣਹਾਰ। ਆਪਣਾ ਨਾਮ ਆਪਣਾ ਕਾਮ ਆਪੇ ਮਾਰਗ ਲਾਇੰਦਾ, ਆਪੇ ਹੁਕਮੀ ਹੁਕਮ ਵਰਤੇ ਵਿਚ ਸੰਸਾਰ। ਆਪੇ ਬ੍ਰਹਮਾ ਬ੍ਰਹਮ ਬ੍ਰਹਿਮਾਦ ਜੋਤ ਜਗਾਇੰਦਾ, ਆਪੇ ਦੇਵੇ ਸਰਬ ਆਧਾਰ। ਆਪੇ ਚਾਰੇ ਕੁੰਟ ਵੇਖ ਵਖਾਇੰਦਾ, ਚਾਰੇ ਮੁਖ ਲਏ ਉਘਾੜ। ਆਪੇ ਚਾਰੇ ਵੇਦਾਂ ਗਾਇੰਦਾ, ਆਪ ਹਿਲਾਏ ਤਾਰ ਸਤਾਰ। ਆਪੇ ਚਾਰੇ ਖਾਣੀ ਵੰਡ ਵੰਡਾਇੰਦਾ, ਅੰਡਜ ਜੇਰਜ ਉਤਭੁਜ ਸੇਤਜ ਕਰ ਤਿਆਰ। ਆਪੇ ਚਾਰੇ ਬਾਣੀ ਬੋਲ ਸੁਣਾਇੰਦਾ, ਪਰਾ ਪਸੰਤੀ ਮਧਮ ਬੈਖ਼ਰੀ ਧਾਰ। ਆਪੇ ਚਾਰੇ ਜੁਗਾਂ ਵੰਡ ਵੰਡਾਇੰਦਾ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਕਰ ਵਿਚਾਰ। ਆਪੇ ਆਪਣਾ ਭੇਵ ਖੁਲ੍ਹਾਇੰਦਾ, ਲੋਕਮਾਤ ਲੈ ਅਵਤਾਰ। ਆਪੇ ਗੁਰ ਗੁਰ ਨਾਉਂ ਪਰਗਟਾਇੰਦਾ, ਸ਼ਬਦ ਅਨਾਦਿ ਬੋਲ ਜੈਕਾਰ। ਆਪੇ ਭਗਤ ਭਗਵੰਤ ਵੇਖ ਵਖਾਇੰਦਾ, ਧੁਰਦਰਗਾਹੀ ਸਾਚੀ ਕਾਰ। ਆਪੇ ਸੰਤ ਕੰਤ ਮਿਲਾਇੰਦਾ, ਨਾਤਾ ਤੁੱਟੇ ਦੁਹਾਗਣ ਨਾਰ। ਆਪੇ ਗੁਰਮੁਖ ਗੋਦ ਬਹਾਇੰਦਾ, ਆਤਮ ਅੰਤਰ ਦਏ ਆਧਾਰ। ਆਪੇ ਗੁਰਸਿਖ ਸੰਗ ਨਿਭਾਇੰਦਾ, ਜੁਗਾ ਜੁਗੰਤਰ ਸਾਚੀ ਕਾਰ। ਆਪੇ ਜੁਗ ਜੁਗ ਗੇੜਾ ਜਗਤ ਦਵਾਇੰਦਾ, ਲੇਖਾ ਜਾਣੇ ਆਪ ਨਿਰੰਕਾਰ। ਵਿਸ਼ਨ ਬ੍ਰਹਮਾ ਸ਼ਿਵ ਆਪ ਸਮਝਾਇੰਦਾ, ਪੁਰਖ ਅਬਿਨਾਸ਼ੀ ਕਰੇ ਖ਼ਬਰਦਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਕਰੇ ਕਰਾਏ ਸਾਚੀ ਕਾਰ। ਹਰਿ ਸਾਚੀ ਕਾਰ ਕਰਾਇੰਦਾ, ਕਰਤਾ ਪੁਰਖ ਦੀਨ ਦਿਆਲ। ਨੌਂ ਸੌ ਚੁਰਾਨਵਾਂ ਚੌਕੜੀ ਜੁਗ ਗੇੜਾ ਆਪਣੇ ਹੱਥ ਰਖਾਇੰਦਾ, ਸ਼ਬਦ ਸ਼ਬਦੀ ਬਣਿਆ ਰਹੇ ਦਲਾਲ। ਲੱਖ ਚੁਰਾਸੀ ਕੋਟਨ ਕੋਟ ਰੂਪ ਆਪ ਵਟਾਇੰਦਾ। ਆਪੇ ਸ਼ਾਹ ਆਪੇ ਕੰਗਾਲ। ਆਪੇ ਜੂਨੀ ਜੂਨ ਭਵਾਇੰਦਾ, ਆਪੇ ਸਚਖੰਡ ਵਸੇ ਸੱਚੀ ਧਰਮਸਾਲ। ਆਪੇ ਰਾਗੀ ਨਾਦੀ ਆਪਣਾ ਨਾਉਂ ਗਾਇੰਦਾ, ਆਪੇ ਸੁੰਨ ਅਗੰਮ ਕਰੇ ਖੇਲ ਨਿਰਾਲ। ਆਪੇ ਸਤਿਜੁਗ ਸਾਚਾ ਖੇਲ ਖਿਲਾਇੰਦਾ, ਲੋਕਮਾਤ ਹੋ ਪਰਧਾਨ। ਸਤਿ ਸਤਿਵਾਦੀ ਆਪਣਾ ਨਾਉਂ ਧਰਾਇੰਦਾ, ਏਕਾ ਦੇਵੇ ਸਚ ਗਿਆਨ। ਸਾਚੇ ਭਗਤਾਂ ਮੇਲ ਮਿਲਾਇੰਦਾ, ਵਡ ਦਾਤਾ ਗੁਣ ਨਿਧਾਨ। ਗਹਿਰ ਗੰਭੀਰ ਆਪਣਾ ਨਾਉਂ ਰਖਾਇੰਦਾ, ਧਰਮ ਵਖਾਏ ਇਕ ਨਿਸ਼ਾਨ। ਸਾਚੇ ਮਾਰਗ ਆਪੇ ਪਾਇੰਦਾ, ਏਕਾ ਵਿਦਿਆ ਕਰ ਬਲਵਾਨ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦੀ ਏਕਾ ਹਰਿ, ਵਿਸ਼ਨ ਬ੍ਰਹਮਾ ਸ਼ਿਵ ਦੇਵੇ ਦਾਨ। ਦਾਤਾ ਦਾਨੀ ਹਰਿ ਕਰਤਾਰਾ, ਸਾਚੀ ਵਸਤ ਆਪ ਵਰਤਾਈਆ। ਨਾਮ ਅਤੋਟ ਅਤੁੱਟ ਭੰਡਾਰਾ, ਜੁਗਾ ਜੁਗੰਤਰ ਹੱਥ ਰਖਾਈਆ। ਗੁਰ ਗੁਰ ਰੂਪ ਲੈ ਅਵਤਾਰਾ, ਆਪਣੀ ਧਾਰ ਆਪ ਬੰਧਾਈਆ। ਆਪੇ ਤੋੜੇ ਗੜ੍ਹ ਹੰਕਾਰਾ, ਆਪੇ ਗ਼ਰੀਬ ਨਿਮਾਣੇ ਗਲੇ ਲਗਾਈਆ। ਆਪੇ ਖੜਗ ਖੰਡਾ ਤੇਜ਼ ਕਟਾਰਾ, ਹੱਥ ਤ੍ਰਿਸੂਲ ਆਪ ਉਠਾਈਆ। ਆਪੇ ਚਿੱਲੇ ਤੀਰ ਕਮਾਨ ਖਿਚੇ ਆਪਣੀ ਵਾਰਾ, ਜੋਧਾ ਸੂਰਬੀਰ ਬਲੀ ਬਲਵਾਨ ਆਪਣਾ ਨਾਉਂ ਰਖਾਈਆ। ਆਪੇ ਸਤਿਜੁਗ ਤ੍ਰੇਤਾ ਕਰਿਆ ਪਾਰ ਕਿਨਾਰਾ, ਆਪੇ ਦੁਆਪਰ ਫੇਰਾ ਪਾਈਆ। ਆਪੇ ਸਖ਼ੀਆਂ ਮੰਗਲਾਚਾਰਾ, ਆਪੇ ਮੰਡਲ ਰਾਸ ਰਚਾਈਆ। ਆਪੇ ਬੰਸਰੀ ਨਾਦ ਧੁਨ ਸੱਚੀ ਧੁਨਕਾਰਾ, ਧੁਨ ਆਤਮਕ ਆਪ ਸੁਣਾਈਆ। ਆਪੇ ਭਗਤ ਭਗਵੰਤ ਦਏ ਸਹਾਰਾ, ਭਗਵਨ ਆਪਣੀ ਕਲ ਵਰਤਾਈਆ। ਕਲਜੁਗ ਵੇਖੇ ਹੋ ਉਜਿਆਰਾ, ਨਿਰਗੁਣ ਸਰਗੁਣ ਮੇਲ ਮਿਲਾਈਆ। ਆਪੇ ਲੇਖਾ ਜਾਣੇ ਈਸਾ ਮੂਸਾ ਸੰਗ ਮੁਹੰਮਦ ਚਾਰ ਯਾਰਾ, ਆਪੇ ਅੱਲਾ ਰਾਣੀ ਪਰਦਾ ਦਏ ਉਠਾਈਆ। ਆਪੇ ਹੋਏ ਬੇਐਬ ਪਰਵਰਦਿਗਾਰਾ, ਜਲਵਾ ਨੂਰ ਨੂਰ ਇਲਾਹੀਆ। ਆਪੇ ਵਸੇ ਮੁਕਾਮੇ ਹੱਕ ਠਾਂਡੇ ਦਰਬਾਰਾ, ਐਨਲਹੱਕ ਆਪਣਾ ਨਾਉਂ ਧਰਾਈਆ। ਆਪੇ ਤੀਸ ਬਤੀਸਾ ਬੋਲ ਜੈਕਾਰਾ, ਆਪਣਾ ਕਲਮਾ ਦਏ ਸੁਣਾਈਆ। ਆਪੇ ਨਿਰਗੁਣ ਨਿਰਗੁਣ ਕਰ ਪਿਆਰਾ, ਸਰਗੁਣ ਮੇਲਾ ਸਹਿਜ ਸੁਭਾਈਆ। ਪੁਰਖ ਅਬਿਨਾਸ਼ੀ ਖੇਲ ਨਿਆਰਾ, ਕਲਜੁਗ ਕਲ ਵੇਖ ਵਖਾਈਆ। ਨਾਨਕ ਨਾਮ ਕਰ ਉਜਿਆਰਾ, ਸਤਿਨਾਮ ਕਰੇ ਪੜ੍ਹਾਈਆ। ਏਕਾ ਅੱਖਰ ਏਕਾ ਧਾਰਾ, ਏਕਾ ਵਸਤ ਦਏ ਵਰਤਾਈਆ। ਚਾਰ ਵਰਨ ਕਰੇ ਪਿਆਰਾ, ਊਚਾਂ ਨੀਚਾਂ ਰਾਓ ਰੰਕਾਂ ਰਾਜ ਰਾਜਾਨਾਂ ਸ਼ਾਹ ਸੁਲਤਾਨਾਂ ਏਕਾ ਰੰਗ ਰੰਗਾਈਆ। ਏਕਾ ਜੋਤੀ ਦਸ ਅਵਤਾਰਾ, ਪੁਰਖ ਅਕਾਲ ਵੇਖ ਵਖਾਈਆ। ਏਕਾ ਸ਼ਬਦ ਸੁਤ ਦੁਲਾਰਾ, ਗੋਬਿੰਦ ਨਾਉਂ ਧਰਾਈਆ। ਏਕਾ ਨਾਦ ਧੁਨ ਜੈਕਾਰਾ, ਪੰਚਮ ਸ਼ਬਦ ਦਏ ਵਡਿਆਈਆ। ਪੰਚਮ ਚੁੱਕੇ ਮੋਹ ਵਿਕਾਰਾ, ਪੰਚਮ ਤੱਤ ਰਹਿਣ ਨਾ ਪਾਈਆ। ਪੰਚਮ ਮੇਲਾ ਵਿਚ ਸੰਸਾਰਾ, ਪੰਚ ਪਿਆਰੇ ਲਏ ਜਗਾਈਆ। ਪੰਚਮ ਦੇਵੇ ਅੰਮ੍ਰਿਤ ਠੰਡੀ ਠਾਰਾ, ਸਾਚਾ ਰਸ ਆਪ ਪਿਆਈਆ। ਪੰਚਮ ਬਣੇ ਦਰ ਭਿਖਾਰਾ, ਅੱਗੇ ਨਿਉਂ ਨਿਉਂ ਸੀਸ ਝੁਕਾਈਆ। ਪੰਚਮ ਛੋੜ ਸਰਬ ਸੰਸਾਰਾ, ਸੀਸ ਤਾਜ ਗਿਆ ਗਵਾਈਆ। ਮਿਲੇ ਮੇਲ ਇਕ ਨਿਰੰਕਾਰਾ, ਸੱਥਰ ਯਾਰ ਇਕ ਹੰਢਾਈਆ। ਉਚੀ ਕੂਕੇ ਕਰੇ ਪੁਕਾਰਾ, ਲੱਖ ਚੁਰਾਸੀ ਭੇਵ ਅਭੇਵ ਸਮਝਾਈਆ। ਵਿਸ਼ਨ ਬ੍ਰਹਮਾ ਸ਼ਿਵ ਤੇਰੀ ਪਾਏ ਸਾਰਾ, ਕੋਟਨ ਕੋਟ ਜੁਗ ਬੀਤੇ ਕਾਲ, ਪੁਰਖ ਅਬਿਨਾਸ਼ੀ ਵੇਖੇ ਚਾਈਂ ਚਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸੀਸ ਜਗਦੀਸ਼ ਆਪਣਾ ਹੱਥ ਟਿਕਾਈਆ। ਵਿਸ਼ਨ ਬ੍ਰਹਮਾ ਸ਼ਿਵ ਹਰਿ ਜਣਾਇਆ, ਭੇਵ ਅਭੇਦ ਖੁਲ੍ਹਾਇੰਦਾ। ਨਵ ਨੌਂ ਚਾਰ ਤੇਰਾ ਪੰਧ ਦਏ ਮੁਕਾਇਆ, ਚਾਰ ਵੇਦ ਵੇਖ ਵਖਾਇੰਦਾ। ਚਾਰ ਜੁਗ ਚੌਕੜੀ ਇਕ ਬਣਾਇਆ, ਜੁਗ ਗੇੜਾ ਆਪ ਗੜਾਇੰਦਾ। ਸ਼ਾਸਤਰ ਸਿਮਰਤ ਵਿਚ ਟਿਕਾਇਆ, ਪੁਰਾਨ ਅਠਾਰਾਂ ਰੰਗ ਰੰਗਾਇੰਦਾ। ਗੀਤਾ ਗਿਆਨ ਦਏ ਸਮਝਾਇਆ, ਅੰਜੀਲ ਕ਼ੁਰਾਨਾ ਆਪ ਸੁਣਾਇੰਦਾ। ਖਾਣੀ ਬਾਣੀ ਭੇਵ ਖੁਲ੍ਹਾਇਆ, ਧੁਰ ਦੀ ਬਾਣੀ ਬਾਣ ਲਗਾਇੰਦਾ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਅੰਤਮ ਦਏ ਮਿਟਾਇਆ, ਥਿਰ ਕੋਇ ਰਹਿਣ ਨਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਪਰਦਾ ਆਪ ਉਠਾਇੰਦਾ। ਹਰਿ ਪਰਦਾ ਆਪ ਉਠਾਵਣਾ, ਕਲਜੁਗ ਤੇਰੀ ਅੰਤਮ ਵਾਰ। ਵਿਸ਼ਨੂੰ ਵੰਸੀ ਆਪ ਜਗਾਵਣਾ, ਦੇਵੇ ਸ਼ਬਦ ਹੁਲਾਰ। ਬ੍ਰਹਮਾ ਸੋਇਆ ਰਹਿਣ ਨਾ ਪਾਵਣਾ, ਆਲਸ ਨਿੰਦਰਾ ਕਰੇ ਬਾਹਰ। ਭੋਲਾ ਨਾਥ ਆਪ ਹਿਲਾਵਣਾ, ਤਨ ਬਭੂਤੀ ਵੇਖੇ ਸ਼ਿੰਗਾਰ। ਕਰੋੜ ਤਤੀਸਾ ਪਕੜ ਜਗਾਵਣਾ, ਸੁਰਪਤ ਰਾਜਾ ਇੰਦ ਕਰੇ ਖ਼ਵਾਰ। ਗਣ ਗੰਧਰਬ ਵਕ਼ਤ ਚੁਕਾਵਣਾ, ਕਿਨਰ ਜੱਛਪ ਨਾ ਦਿਸੇ ਕੋਇ ਨਚਾਰ। ਨੌਂ ਸੌ ਚੁਰਾਨਵਾਂ ਚੌਕੜੀ ਜੁਗ ਤੇਰਾ ਪੰਧ ਮੁਕਾਵਣਾ, ਪੁਰਖ ਅਬਿਨਾਸ਼ੀ ਹੋ ਤਿਆਰ। ਕੋਟਨ ਕੋਟ ਰਾਮ ਕ੍ਰਿਸ਼ਨ ਆਪਣੇ ਦਰ ਵਖਾਵਣਾ, ਜੁਗ ਜੁਗ ਲੈਣ ਮਾਤ ਅਵਤਾਰ। ਕੋਟਨ ਕੋਟ ਈਸਾ ਮੂਸਾ ਮੁਹੰਮਦ ਅੱਧ ਵਿਚਕਾਰ ਰਖਾਵਣਾ, ਰਾਹ ਤੱਕਣ ਮੀਤ ਮੁਰਾਰ। ਨਿਉਂ ਨਿਉਂ ਸਯਦਾ ਸਰਬ ਕਰਾਵਣਾ, ਨਾਨਕ ਮਿਲਿਆ ਹਰਿ ਕਰਤਾਰ। ਸੱਚਖੰਡ ਦੁਆਰਾ ਇਕ ਸੁਹਾਵਣਾ, ਕਬੀਰਾ ਕੂਕੇ ਕਰੇ ਪੁਕਾਰ। ਸ੍ਰਿਸ਼ਟ ਸਬਾਈ ਏਕਾ ਤੱਤ ਜਣਾਵਣਾ, ਪੁਰਖ ਅਬਿਨਾਸ਼ੀ ਸਾਂਝਾ ਯਾਰ। ਆਦਿ ਜੁਗਾਦਿ ਜੁਗਾ ਜੁਗੰਤਰ ਸਾਚਾ ਕੰਤ ਹੰਢਾਵਣਾ, ਮਰੇ ਨਾ ਜੰਮੇ ਵਿਚ ਸੰਸਾਰ। ਆਵੇ ਜਾਵੇ ਧਾਰੇ ਭੇਖ ਜਿਉਂ ਬਲ ਬਾਵਣਾ, ਆਪੇ ਜਾਣੇ ਆਪਣੀ ਕਾਰ। ਆਪੇ ਦੁਸ਼ਟ ਸਿੰਘਾਰੇ ਮਾਰੇ ਰਾਮਾ ਰਾਵਣਾ, ਆਪਣਾ ਰੂਪ ਕਰੇ ਕਰਤਾਰ। ਕਾਹਨਾ ਕ੍ਰਿਸ਼ਨਾ ਦੁਆਪਰ ਤੇਰੀ ਅੰਤਮ ਵਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਿਸ਼ਨ ਬ੍ਰਹਮਾ ਸ਼ਿਵ ਤੇਰੀ ਪਾਏ ਸਾਰ। ਹਰਿ ਜੁਗ ਜੁਗ ਸਾਰ ਸਮਾਲਦਾ, ਨਿਰਗੁਣ ਦਾਤਾ ਬੇਪਰਵਾਹ। ਸਤਿਜੁਗ ਤ੍ਰੇਤਾ ਦੁਆਪਰ ਮਾਤ ਉਠਾਲਦਾ, ਕਲਜੁਗ ਦੇਵੇ ਜਗਤ ਵਸਾ। ਅੰਤਮ ਖੇਲ ਕਰੇ ਕਾਲ ਮਹਾਕਾਲ ਦਾ, ਦੀਨ ਦਿਆਲ ਭੇਵ ਨਾ ਰਾ। ਨਾਤਾ ਤੋੜੇ ਤ੍ਰੈਗੁਣ ਮਾਇਆ ਜਗਤ ਜੰਜਾਲ ਦਾ, ਪੰਜ ਤੱਤ ਵੇਖੇ ਥਾਉਂ ਥਾਂ। ਗੁਰਮੁਖ ਗੁਰਸਿਖ ਸੱਜਣ ਆਪੇ ਭਾਲਦਾ, ਨਿਰਗੁਣ ਸਰਗੁਣ ਲਏ ਮਿਲਾ। ਨਾਤਾ ਤੋੜੇ ਸ਼ਾਹ ਕੰਗਾਲ ਦਾ, ਸ਼ਹਿਨਸ਼ਾਹ ਸੱਚਾ ਪਾਤਸ਼ਾਹ। ਫਲ ਵੇਖੇ ਪੱਤ ਡਾਲ ਦਾ, ਨੌਂ ਖੰਡ ਪ੍ਰਿਥਮੀ ਫੇਰਾ ਪਾ। ਸੱਤਾਂ ਦੀਪਾਂ ਵੇਖ ਵਖਾਣ ਦਾ, ਲੋਆਂ ਪੁਰੀਆਂ ਚਰਨ ਟਿਕਾ। ਬ੍ਰਹਿਮੰਡ ਖੰਡ ਆਪੇ ਜਾਣਦਾ, ਜੇਰਜ ਅੰਡਾਂ ਰਿਹਾ ਸਮਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਿਸ਼ਨ ਬ੍ਰਹਮਾ ਸ਼ਿਵ ਦਿਤਾ ਵਰ, ਕਲਜੁਗ ਅੰਤਮ ਮੇਲਾ ਲਏ ਮਿਲਾ। ਕਲਜੁਗ ਅੰਤਮ ਮੇਲ ਮਿਲਾਵਣਾ, ਕੂੜੀ ਕਿਰਿਆ ਦਏ ਨਿਵਾਰ। ਚੌਥੇ ਜੁਗ ਮੁਖ ਛੁਪਾਵਣਾ, ਵੇਦ ਅਥਰਬਣ ਆਏ ਹਾਰ। ਚਾਰ ਯਾਰੀ ਰਹਿਣ ਨਾ ਪਾਵਣਾ, ਚਾਰੋਂ ਕੁੰਟ ਧੂਆਂਧਾਰ। ਸ਼ਾਹ ਸੁਲਤਾਨਾਂ ਖ਼ਾਕ ਮਿਲਾਵਣਾ, ਰਾਜ ਰਾਜਾਨਾਂ ਕਰੇ ਖ਼ਵਾਰ। ਜੀਵਾਂ ਜੰਤਾਂ ਭਰਮ ਮਿਟਾਵਣਾ, ਤੋੜੇ ਗੜ੍ਹ ਜਗਤ ਹੰਕਾਰ। ਏਕਾ ਡੰਕਾ ਨਾਮ ਵਜਾਵਣਾ, ਸ੍ਰਿਸ਼ਟ ਸਬਾਈ ਕਰੇ ਖ਼ਬਰਦਾਰ। ਰਾਓ ਰੰਕਾਂ ਆਪ ਸਮਝਾਵਣਾ, ਨਿਰਗੁਣ ਸਰਗੁਣ ਕਰ ਪਿਆਰ। ਸਾਚਾ ਮਾਰਗ ਇਕ ਵਖਾਵਣਾ, ਆਤਮ ਬ੍ਰਹਮ ਦਏ ਆਧਾਰ। ਸੋ ਪੁਰਖ ਨਿਰੰਜਣ ਘਟ ਘਟ ਨਜ਼ਰੀ ਆਵਣਾ, ਜ਼ਾਤ ਪਾਤ ਦੀਨ ਮਜ਼੍ਹਬ ਨਾ ਕੋਇ ਧਾਰ। ਵਿਸ਼ਨੂੰ ਤੇਰੀ ਸਾਚੀ ਸੇਵ ਵਖਾਵਣਾ, ਵਿਸ਼ਵ ਰੂਪ ਵਰਤੇ ਵਿਚ ਸੰਸਾਰ। ਬ੍ਰਹਮੇ ਤੇਰਾ ਬ੍ਰਹਮ ਨਾਦ ਵਜਾਵਣਾ, ਹੰ ਕਰੇ ਖ਼ਬਰਦਾਰ। ਸ਼ੰਕਰ ਤੇਰਾ ਸੰਗ ਰਖਾਵਣਾ, ਤਿੰਨਾ ਲੋਕਾਂ ਕਰੇ ਖ਼ਬਰਦਾਰ। ਤ੍ਰਿਲੋਕੀ ਆਪਣੇ ਚਰਨਾਂ ਹੇਠ ਦਬਾਵਣਾ, ਚੌਦਾਂ ਲੋਕਾਂ ਨੇਤਰ ਦਏ ਉਘਾੜ। ਚੌਦਾਂ ਤਬਕਾਂ ਪੰਧ ਮੁਕਾਵਣਾ, ਪਰਗਟ ਹੋ ਆਪ ਨਿਰੰਕਾਰ। ਕਲਜੁਗ ਅੰਤਮ ਵੇਸ ਵਟਾਵਣਾ, ਜੋਤੀ ਜਾਮਾ ਅਪਰ ਅਪਾਰ। ਵੇਦ ਵਿਆਸਾ ਲਿਖਿਆ ਪੂਰ ਕਰਾਵਣਾ, ਪੂਤ ਸਪੂਤਾ ਬ੍ਰਹਿਮਣ ਗੌੜਾ ਉਚੇ ਟਿੱਲੇ ਪਰਬਤ ਜੋਤੀ ਨੂਰ ਕਰੇ ਉਜਿਆਰ। ਨਾਨਕ ਲੇਖਾ ਇਕ ਸਮਝਾਵਣਾ, ਮਹਾਬਲੀ ਉਤਰੇ ਅਗੰਮ ਅਪਾਰ। ਗੋਬਿੰਦ ਖੇਲ ਆਪ ਖਿਲਾਵਣਾ, ਕਲਜੁਗ ਤੇਰੀ ਅੰਤਮ ਵਾਰ। ਨਿਹਕਲੰਕ ਨਾਉਂ ਰਖਾਵਣਾ, ਜੋਤੀ ਜਾਤਾ ਆਪ ਕਰਤਾਰ। ਮਾਤ ਪਿਤ ਨਾ ਕੋਇ ਬਣਾਵਣਾ, ਭਾਈ ਭੈਣ ਸਾਕ ਸੱਜਣ ਨਾ ਵਿਚ ਸੰਸਾਰ। ਸਾਚਾ ਹੁਕਮ ਆਪ ਸੁਣਾਵਣਾ, ਦੋ ਜਹਾਨਾਂ ਦਏ ਆਧਾਰ। ਕਲਜੁਗ ਅੰਤਮ ਮੇਟ ਮਿਟਾਵਣਾ, ਕੂੜੀ ਕਿਰਿਆ ਦਏ ਨਿਵਾਰ। ਸਤਿਜੁਗ ਸਾਚਾ ਮਾਰਗ ਲਾਵਣਾ, ਸਤਿ ਸਤਿਵਾਦੀ ਚਲੇ ਕਾਰ। ਸ੍ਰਿਸ਼ਟ ਸਬਾਈ ਏਕਾ ਰੰਗ ਰੰਗਾਵਣਾ, ਏਕਾ ਮੰਦਰ ਏਕਾ ਗੁਰੂਦੁਆਰ। ਏਕਾ ਮਸਜਿਦ ਮਠ ਸ਼ਿਵਦੁਆਲਾ ਵਖਾਵਣਾ, ਏਕਾ ਇਸ਼ਟ ਹੋਏ ਸੰਸਾਰ। ਏਕਾ ਭੂਪ ਹਰਿ ਉਪਜਾਵਣਾ, ਰਾਜ ਰਾਜਾਨਾ ਨਿਰਾਕਾਰ। ਚਾਰੇ ਕੂਟ ਵੇਖ ਵਖਾਵਣਾ, ਦਹਿ ਦਿਸ਼ਾ ਪਾਏ ਸਾਰ। ਸ਼ੰਕਰ ਤੇਰਾ ਵਕ਼ਤ ਚੁਕਾਵਣਾ, ਅੰਤਮ ਦੇਵੇ ਇਕ ਹੁਲਾਰ। ਸੁਰਪਤ ਰਾਜਾ ਇੰਦ ਤਖ਼ਤੋਂ ਲਾਹਵਣਾ, ਸ਼ਬਦ ਅਗੰਮੀ ਮਾਰੇ ਮਾਰ। ਬ੍ਰਹਮਾ ਪਾਰਬ੍ਰਹਮ ਜੋਤ ਮਿਲਾਵਣਾ, ਜੋਤ ਮਿਲਾਏ ਆਪ ਕਰਤਾਰ। ਵਿਸ਼ਨੂੰ ਵਿਸ਼ਵ ਰੰਗ ਵਖਾਵਣਾ, ਆਦਿ ਜੁਗਾਦੀ ਸਾਚੀ ਕਾਰ। ਸੋ ਪੁਰਖ ਨਿਰੰਜਣ ਆਪਣਾ ਧਾਮ ਸੁਹਾਵਣਾ, ਧੁਰ ਧਾਮ ਸੱਚੀ ਸਰਕਾਰ। ਹਰਿ ਪੁਰਖ ਨਿਰੰਜਣ ਵੇਸ ਵਟਾਵਣਾ, ਵੇਸ ਅਵੱਲਾ ਕਰੇ ਆਪ ਕਰਤਾਰ। ਏਕੰਕਾਰਾ ਸੰਗ ਰਖਾਵਣਾ, ਸਗਲਾ ਸਾਥੀ ਮੀਤ ਮੁਰਾਰ। ਆਦਿ ਜੁਗਾਦੀ ਆਦਿ ਨਿਰੰਜਣ ਡਗਮਗਾਵਣਾ, ਨੂਰੋ ਨੂਰ ਹੋਏ ਉਜਿਆਰ। ਅਬਿਨਾਸ਼ੀ ਕਰਤਾ ਸਾਚਾ ਤਖ਼ਤ ਸੁਹਾਵਣਾ, ਤਖ਼ਤ ਨਿਵਾਸੀ ਹੋ ਤਿਆਰ। ਸ੍ਰੀ ਭਗਵਾਨ ਸਾਚਾ ਤਾਜ ਸੀਸ ਟਿਕਾਵਣਾ, ਪੰਚਮ ਮੁਖ ਦਏ ਆਧਾਰ। ਪਾਰਬ੍ਰਹਮ ਪ੍ਰਭ ਆਪਣਾ ਗੀਤ ਆਪੇ ਗਾਵਣਾ, ਆਪੇ ਹੋਏ ਗਾਵਣਹਾਰ। ਥਿਰ ਘਰ ਸਾਚਾ ਆਪ ਸੁਹਾਵਣਾ, ਨਿਰਗੁਣ ਦੀਆ ਬਾਤੀ ਕਰ ਉਜਿਆਰ। ਕਮਲਾਪਾਤੀ ਸੋਭਾ ਪਾਵਣਾ, ਸੋਭਾਵੰਤ ਏਕੰਕਾਰ। ਕਲਕਾਤੀ ਮੇਟ ਮਿਟਾਵਣਾ, ਖੰਡਾ ਫੜ ਸ਼ਬਦ ਦੋ ਧਾਰ। ਲਹਿਣਾ ਦੇਣਾ ਬਾਕੀ ਸਰਬ ਚੁਕਾਵਣਾ, ਲੇਖਾ ਰਹੇ ਨਾ ਵਿਚ ਸੰਸਾਰ। ਗੁਰਮੁਖ ਵਿਰਲਾ ਔਖੀ ਘਾਟੀ ਆਪ ਚੜ੍ਹਾਵਣਾ, ਡੂੰਘੇ ਸਾਗਰ ਵਿਚੋਂ ਕੱਢੇ ਬਾਹਰ। ਆਤਮ ਤਾਕੀ ਆਪ ਖੁਲ੍ਹਾਵਣਾ, ਦੂਈ ਦਵੈਤੀ ਪਰਦਾ ਦਏ ਉਤਾਰ। ਸਾਚਾ ਸਾਕੀ ਬਣ ਬਣ ਜਾਮ ਪਿਆਵਣਾ, ਅੰਮ੍ਰਿਤ ਆਤਮ ਠੰਡਾ ਠਾਰ। ਸਾਚੇ ਰਾਕੀ ਆਪ ਚੜ੍ਹਾਵਣਾ, ਸ਼ਬਦ ਅਗੰਮਾ ਕਰ ਤਿਆਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਜੁਗ ਚੌਕੜੀ ਕਰੇ ਖ਼ਵਾਰ। ਜੁਗ ਜੁਗ ਪਾਰ ਉਤਾਰਿਆ, ਸਤਿਜੁਗ ਤ੍ਰੇਤਾ ਦੁਆਪਰ ਧਾਰ। ਕਲਜੁਗ ਅੰਤਮ ਵੇਸ ਵਟਾ ਲਿਆ, ਨਿਹਕਲੰਕ ਲੈ ਅਵਤਾਰ। ਸੰਬਲ ਨਗਰੀ ਧਾਮ ਸੁਹਾ ਲਿਆ, ਸਾਢੇ ਤਿੰਨ ਹੱਥ ਬੰਕ ਦੁਆਰ। ਸ਼ਬਦ ਸੂਰਾ ਆਸਣ ਲਾ ਰਿਹਾ, ਜੋਧਾ ਸੂਰਬੀਰ ਬਲਕਾਰ। ਚਾਰੇ ਕੁੰਟਾਂ ਵੇਖ ਵਖਾ ਰਿਹਾ, ਦਹਿ ਦਿਸ਼ਾ ਦਏ ਹੁਲਾਰ। ਬ੍ਰਹਮਾ ਵਿਸ਼ਨ ਸ਼ਿਵ ਉਠ ਉਠ ਰਾਹ ਤਕਾ ਰਿਹਾ, ਨੇਤਰ ਲੋਚਣ ਨੈਣ ਉਘਾੜ। ਕਵਣ ਕੂਟੇ ਹਰਿ ਹਰਿ ਡਗਮਗਾ ਰਿਹਾ, ਸ਼ਬਦ ਬੋਲੇ ਸਚ ਜੈਕਾਰ। ਸੋ ਪੁਰਖ ਨਿਰੰਜਣ ਆਪਣਾ ਨਾਉਂ ਪਰਗਟਾ ਲਿਆ, ਹੰ ਬ੍ਰਹਮ ਕਰੇ ਖ਼ਬਰਦਾਰ। ਏਕਾ ਦੂਜਾ ਭੌ ਚੁਕਾ ਲਿਆ, ਤੀਜਾ ਨੈਣ ਦਏ ਉਘਾੜ। ਚੌਥੇ ਪਦ ਆਪਣਾ ਆਸਣ ਲਾ ਲਿਆ, ਪੰਚਮ ਮੇਲਾ ਸਾਚੇ ਯਾਰ। ਛੇਵਾਂ ਛੱਪਰ ਛੰਨ ਨਾ ਕੋਇ ਛੁਹਾ ਲਿਆ, ਸੱਤਵਾਂ ਸਤਿ ਸਤਿਵਾਦੀ ਸਾਚੀ ਕਾਰ। ਅੱਠਵਾਂ ਅੱਠਾਂ ਤੱਤਾਂ ਪੰਧ ਮੁਕਾ ਲਿਆ, ਨਾਤਾ ਤੋੜੇ ਨੌਂ ਦੁਆਰ। ਗੁਰਮੁਖ ਦਸਮ ਦੁਆਰੀ ਮੇਲ ਮਿਲਾ ਲਿਆ, ਸੁਰਤੀ ਸ਼ਬਦ ਕਰ ਪਿਆਰ। ਸਾਚੀ ਸੇਜਾ ਆਪ ਸੁਹਾ ਲਿਆ, ਬ੍ਰਹਮ ਪਾਰਬ੍ਰਹਮ ਪਾਏ ਸਾਰ। ਘਰ ਗੀਤ ਗੋਬਿੰਦ ਅਲਾ ਲਿਆ, ਅਨਹਦ ਧੁਨ ਸੱਚੀ ਧੁਨਕਾਰ। ਕਲਜੁਗ ਜੀਵਾਂ ਨਜ਼ਰ ਕਿਸੇ ਨਾ ਆ ਰਿਹਾ, ਗ੍ਰਹਿ ਬੈਠਾ ਮੀਤ ਮੁਰਾਰ। ਮਾਇਆ ਮਮਤਾ ਹਉਮੇ ਹੰਗਤਾ ਜੂਠ ਝੂਠ ਪਰਦਾ ਪਾ ਲਿਆ, ਕਾਮ ਕਰੋਧ ਹੰਕਾਰ ਤਨ ਸ਼ੰਗਾਰ। ਗੁਰ ਕਾ ਸ਼ਬਦ ਹਿਰਦੇ ਨਾ ਕਿਸੇ ਵਸਾ ਲਿਆ, ਪੜ੍ਹ ਪੜ੍ਹ ਥੱਕੇ ਮੁਗਧ ਗਵਾਰ। ਕਾਗ ਹੰਸ ਨਾ ਰੂਪ ਵਟਾ ਲਿਆ, ਅੰਤਮ ਰਲਿਆ ਕਾਗਾਂ ਡਾਰ। ਜਨਮ ਜਨਮ ਦਾ ਦਾਗ਼ ਨਾ ਮਾਤ ਧਵਾ ਲਿਆ, ਅੰਮ੍ਰਿਤ ਮਿਲਿਆ ਨਾ ਠੰਡਾ ਠਾਰ। ਹਰਿ ਕੰਤ ਨਾ ਕਿਸੇ ਹੰਢਾ ਲਿਆ, ਲੱਖ ਚੁਰਾਸੀ ਦੁਹਾਗਣ ਨਾਰ। ਕਲਜੁਗ ਆਪਣਾ ਵੇਸ ਵਟਾ ਲਿਆ, ਕਾਲਾ ਸੂਸਾ ਤਨ ਸ਼ੰਗਾਰ। ਘਰ ਘਰ ਆਪਣਾ ਨਾਚ ਨਚਾ ਲਿਆ, ਨਟੂਆ ਨਟ ਖੇਲ ਕਰੇ ਅਪਾਰ। ਸਤਿਗੁਰ ਪੂਰੇ ਗੁਰਮੁਖ ਵਿਰਲਾ ਆਪ ਬਚਾ ਲਿਆ, ਜਿਸ ਸਿਰ ਹੱਥ ਧਰੇ ਕਰਤਾਰ। ਕੱਖੋਂ ਲੱਖ ਆਪ ਬਣਾ ਲਿਆ, ਕਰਤਾ ਕੀਮਤ ਪਾਏ ਆਪ ਨਿਰੰਕਾਰ। ਕਲਜੁਗ ਜੀਵ ਕੌਡੀ ਕੌਡੀ ਹੱਟ ਵਿਕਾ ਲਿਆ, ਮਾਣਸ ਜਨਮ ਜੂਏ ਗਏ ਹਾਰ। ਨੇਤਰ ਲੋਚਣ ਨੈਣ ਦਰਸ ਕਿਸੇ ਨਾ ਪਾ ਲਿਆ, ਕੋਟਨ ਕੋਟ ਕੋਟੀ ਰੋਵਣ ਜ਼ਾਰੋ ਜ਼ਾਰ। ਸੁਰਤ ਸੁਵਾਣੀ ਸੋਤੀ ਨਾ ਕੋਈ ਉਠਾ ਰਿਹਾ, ਸ਼ਬਦ ਪ੍ਰੀਤਮ ਕਰੇ ਪਿਆਰ। ਵਰਨ ਗੋਤੀ ਭਰਮ ਭੁਲਾ ਲਿਆ, ਆਤਮ ਬ੍ਰਹਮ ਨਾ ਪਾਵੇ ਕੋਇ ਸਾਰ। ਵਾਸ਼ਨਾ ਖੋਟੀ ਸਰਬ ਕਰਾ ਰਿਹਾ, ਕਲਜੁਗ ਹੋਇਆ ਪਹਿਰੇਦਾਰ। ਗੁਰਮੁਖ ਵਿਰਲੇ ਚੋਟੀ ਆਪ ਚੜ੍ਹਾ ਰਿਹਾ, ਕਿਰਪਾ ਕਰ ਸੱਚੀ ਸਰਕਾਰ। ਨਿਰਗੁਣ ਜੋਤੀ ਜੋਤ ਜਗਾ ਲਿਆ, ਜਾਗਰਤ ਜੋਤ ਕਰ ਉਜਿਆਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਕਰੇ ਖੇਲ ਸਾਚਾ ਹਰਿ, ਵਿਸ਼ਨ ਬ੍ਰਹਮਾ ਸ਼ਿਵ ਫੜਾਏ ਆਪਣਾ ਲੜ, ਆਪਣਾ ਪੱਲੂ ਆਪ ਵਖਾ ਰਿਹਾ। ਵਿਸ਼ਨ ਬ੍ਰਹਮਾ ਸ਼ਿਵ ਲੜ ਫੜੌਣਾ, ਕਲਜੁਗ ਵੇਲਾ ਅੰਤਮ ਆਇਆ। ਜੁਗ ਚੌਕੜੀ ਲੇਖਾ ਆਪ ਮੁਕੌਣਾ, ਪਾਂਧੀ ਪੰਧ ਮੁਕਾਵਣ ਆਪਣਾ ਫੇਰਾ ਪਾਇਆ। ਗੁਰਮੁਖ ਵਿਰਲਾ ਸੰਗ ਮਿਲੌਣਾ, ਜੁਗ ਜੁਗ ਵਿਛੜੇ ਲਏ ਮਿਲਾਇਆ। ਸਤਿਜੁਗ ਤ੍ਰੇਤਾ ਦੁਆਪਰ ਟੁੱਟੀ ਗੰਢ ਅੰਤਮ ਗੰਢ ਵਖੌਣਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਬ੍ਰਹਮਾ ਵਿਸ਼ਨ ਸ਼ਿਵ ਕਿਰਪਾ ਦੇਵੇ ਕਰ, ਸਿਰ ਆਪਣਾ ਹੱਥ ਟਿਕੌਣਾ। ਵਿਸ਼ਨ ਬ੍ਰਹਮਾ ਸ਼ਿਵ ਬਾਲਾ, ਪੁਰਖ ਅਬਿਨਾਸ਼ੀ ਆਪ ਉਠਾਈਆ। ਏਕਾ ਦੇਵੇ ਧੁਰ ਫ਼ਰਮਾਨਾ, ਧੁਰ ਦੀ ਬਾਣੀ ਬਾਣ ਸ਼ਬਦ ਜਣਾਈਆ। ਵਿਸ਼ਨੂੰ ਤੇਰਾ ਚੁਕਿਆ ਪੀਣਾ ਖਾਣਾ, ਆਪਣਾ ਭੰਡਾਰਾ ਆਪਣੇ ਵਿਚ ਟਿਕਾਈਆ। ਬ੍ਰਹਮੇ ਬ੍ਰਹਮ ਲੱਖ ਚੁਰਾਸੀ ਬੰਨ੍ਹਿਆ ਗਾਨਾ, ਲੋਕਮਾਤ ਵੇਖ ਵਖਾਈਆ। ਸ਼ੰਕਰ ਜੋ ਘੜਿਆ ਸੋ ਭੰਨ ਵਖਾਣਾ, ਭੁਲ ਕਦੇ ਨਾ ਜਾਈਆ। ਤਖ਼ਤ ਬੈਠਾ ਏਕਾ ਤਖ਼ਤ ਨਿਵਾਸੀ ਰਾਣਾ, ਦੋ ਜਹਾਨਾਂ ਰਈਯਤ ਵੇਖ ਵਖਾਈਆ। ਆਪੇ ਵਰਤੇ ਆਪਣਾ ਭਾਣਾ, ਆਪਣੇ ਭਾਣੇ ਸਦ ਸਮਾਈਆ। ਗੁਰਸਿਖਾਂ ਦੇਵੇ ਨਾਮ ਨਿਧਾਨਾ, ਅੰਮ੍ਰਿਤ ਅਮਿਉਂ ਰਸ ਜਾਮ ਪਿਆਈਆ। ਆਵਣ ਜਾਵਣ ਚੁੱਕੇ ਕਾਨਾ, ਰਾਏ ਧਰਮ ਨਾ ਦਏ ਸਜ਼ਾਈਆ। ਲੱਖ ਚੁਰਾਸੀ ਫੰਦ ਕਟਾਣਾ, ਮਾਤ ਗਰਭ ਨਾ ਫੇਰਾ ਪਾਈਆ। ਅੰਤਮ ਜੋਤੀ ਜੋਤ ਮਿਲਾਣਾ, ਮਿਲਿਆ ਮੇਲ ਵਿਛੜ ਨਾ ਜਾਈਆ। ਗੁਰਸਿਖ ਰੰਗ ਰੰਗਾਏ ਸ੍ਰੀ ਭਗਵਾਨਾ, ਰੰਗ ਮਜੀਠੀ ਇਕ ਚੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਆਦਿ ਜੁਗਾਦੀ ਏਕਾ ਹਰਿ, ਜੁਗਾ ਜੁਗੰਤਰ ਖੇਲ ਰਿਹਾ ਕਰ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਅੰਤਮ ਆਪਣੀ ਕਾਰ ਆਪ ਕਮਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੀਵਣ ਦਾਤਾ ਦੇਵੇ ਜੀਆ ਦਾਨ, ਜਗਤ ਜੁਗਤ ਜੋਗ ਆਪਣੇ ਹੱਥ ਰਖਾਈਆ। ਹਰਿ ਸੰਗਤ ਸੁਣਨਾ ਕੰਨ ਲਾ, ਏਕਾ ਏਕ ਏਕ ਜਣਾਈਆ। ਗੁਰ ਸ਼ਬਦ ਬਣੌਣਾ ਜਗਤ ਮਲਾਹ, ਦੂਜਾ ਦਰ ਨਾ ਮੰਗਣ ਜਾਈਆ। ਹਰਿ ਕਾ ਨਾਉਂ ਸਚ ਸਲਾਹ, ਸਿਫ਼ਤ ਸਾਲਾਹੀ ਇਕ ਅਖਵਾਈਆ। ਰਸਨਾ ਗਾਓ ਥਾਂ ਥਾਂ, ਭੁਲ ਕਦੇ ਨਾ ਜਾਈਆ। ਪੁਰਖ ਅਕਾਲ ਲੈਣਾ ਮਨਾ, ਦੂਜਾ ਇਸ਼ਟ ਨਾ ਕੋਈ ਮਨਾਈਆ। ਆਦਿ ਜੁਗਾਦੀ ਬਣੇ ਪਿਤਾ ਮਾਂ, ਗੁਰਸਿਖ ਬਾਲ ਅਞਾਣੇ ਗੋਦ ਉਠਾਈਆ। ਚਾਰ ਵਰਨ ਬਣਨਾ ਭੈਣ ਭਰਾ, ਨੇਤਰ ਨੈਣ ਨਾ ਕੋਈ ਤਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਸੰਗਤ ਦਏ ਸਮਝਾਈਆ। ਹਰਿ ਸੰਗਤ ਸਤਿ ਕਰੋ ਧਿਆਨ, ਏਕਾ ਸ਼ਬਦ ਜਣਾਇੰਦਾ। ਆਤਮ ਅੰਤਰ ਇਕ ਗਿਆਨ, ਏਕਾ ਏਕ ਰੂਪ ਨਜ਼ਰੀ ਆਇੰਦਾ। ਹਰ ਘਟ ਵਸੇ ਹਰਿ ਭਗਵਾਨ, ਘਟ ਘਟ ਆਪਣੀ ਜੋਤ ਜਗਾਇੰਦਾ। ਊਚਾਂ ਨੀਚਾਂ ਰਾਓ ਰੰਕਾਂ ਦੇਵੇ ਮਾਣ, ਜੋ ਜਨ ਰਸਨਾ ਗਾਇੰਦਾ। ਏਥੇ ਓਥੇ ਹੋਏ ਸਹਾਈ ਆਣ, ਭੁਲ ਕਦੇ ਨਾ ਜਾਇੰਦਾ। ਗੁਰ ਸ਼ਬਦ ਸਦਾ ਬਲਵਾਨ, ਜੁਗ ਜੁਗ ਸੇਵ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਸੰਗਤ ਸਤਿ ਵਡਿਆਇੰਦਾ। ਹਰਿ ਸੰਗਤ ਸਤਿ ਵਿਚਾਰ, ਸਤਿ ਸੰਤੋਖ ਦਏ ਜਣਾਈਆ। ਕਾਮ ਕਰੋਧ ਹੰਕਾਰ ਲੋਭ ਮੋਹ ਦਏ ਨਿਵਾਰ, ਜੂਠ ਝੂਠ ਰਹਿਣ ਨਾ ਪਾਈਆ। ਸਾਚੇ ਸ਼ਬਦ ਕਰਨਾ ਇਕ ਪਿਆਰ, ਘਰ ਵੱਜਦੀ ਰਹੇ ਵਧਾਈਆ। ਅੱਠੇ ਪਹਿਰ ਰਹੇ ਧੁਨਕਾਰ, ਆਤਮ ਧੁਨ ਸੱਚੀ ਸ਼ਨਵਾਈਆ। ਕਾਇਆ ਮੰਦਰ ਅੰਦਰ ਬੈਠਾ ਮੀਤ ਮੁਰਾਰ, ਅੱਠੇ ਪਹਿਰ ਰਾਹ ਤਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਸਿਖਿਆ ਸਿਖ ਸਮਝਾਈਆ। ਸਾਚੀ ਸਿਖਿਆ ਗੁਰ ਵਿਚਾਰ, ਗੁਰਮੁਖਾਂ ਬੂਝ ਬੁਝਾਇੰਦਾ। ਸ੍ਰਿਸ਼ਟ ਸਬਾਈ ਵੇਖੇ ਸੰਸਾਰ, ਥਿਰ ਕੋਇ ਰਹਿਣ ਨਾ ਪਾਇੰਦਾ। ਏਕਾ ਮਿਲਣਾ ਏਕੰਕਾਰ, ਏਕਾ ਘਰ ਹਰਿ ਸੁਹਾਇੰਦਾ। ਨਾਤਾ ਤੋੜ ਜਗਤ ਵਿਕਾਰ, ਆਤਮ ਧਾਰ ਇਕ ਦਰਸਾਇੰਦਾ। ਰਸਨਾ ਗੌਣਾ ਵਾਰੋ ਵਾਰ, ਰਸਨਾ ਜਿਹਵਾ ਗੁਣ ਇਕ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਸੰਗਤ ਸਾਚਾ ਤੱਤ ਇਕ ਵਖਾਇੰਦਾ। ਸਾਚਾ ਤੱਤ ਸ਼ਬਦ ਗੁਰ ਗਿਆਨ, ਗਹਿਰ ਗੰਭੀਰ ਵਡੀ ਵਡਿਆਈਆ। ਮੂਰਖ ਮੂੜ ਬਣਾਏ ਚਤੁਰ ਸੁਜਾਨ, ਜੋ ਜਨ ਬੈਠੇ ਧਿਆਨ ਲਗਾਈਆ। ਘਰ ਘਰ ਦਰਸ਼ਨ ਦੇਵੇ ਆਣ, ਦਾਸੀ ਦਾਸ ਸੇਵ ਕਮਾਈਆ। ਭਗਵੰਤ ਭਗਤ ਲਏ ਪਛਾਣ, ਜੁਗਾ ਜੁਗੰਤਰ ਵੇਸ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰ ਸੰਗਤ ਏਕਾ ਗੁਣ ਜਣਾਈਆ। ਹਰਿ ਸੰਗਤ ਤੇਰੀ ਵਡਿਆਈ ਵਡ, ਹਰਿ ਸਤਿਗੁਰ ਆਪ ਕਰਾਇੰਦਾ। ਕੂੜ ਕੁੜਿਆਰਾ ਵਿਚੋਂ ਦੇਣਾ ਕੱਢ, ਸਚ ਸੁੱਚ ਵਿਚ ਸਮਾਇੰਦਾ। ਆਪਣਾ ਭਾਰ ਆਪੇ ਲੈਣਾ ਲੱਦ, ਦੂਸਰ ਵੰਡ ਨਾ ਕੋਇ ਵੰਡਾਇੰਦਾ। ਆਪ ਸੁਹਾਵਣੀ ਆਪਣੀ ਯਦ, ਸਾਚਾ ਬੰਸ ਆਪ ਵਡਿਆਇੰਦਾ। ਅੰਮ੍ਰਿਤ ਪੀਣਾ ਸਾਚੀ ਮਦਿ, ਸਚ ਖ਼ੁਮਾਰ ਇਕ ਸਮਝਾਇੰਦਾ। ਧਰਮ ਨਿਸ਼ਾਨਾ ਆਤਮ ਅੰਤਰ ਲੈਣਾ ਗੱਡ, ਸਤਿ ਧਰਮ ਇਕ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰ ਸੰਗਤ ਏਕਾ ਰੰਗ ਰੰਗਾਇੰਦਾ। ਸੰਗਤ ਤੇਰਾ ਸਾਚਾ ਰੰਗ, ਗੁਰ ਸਤਿਗੁਰ ਆਪ ਰੰਗਾਇਆ। ਤੇਰੇ ਅੰਦਰ ਸਚ ਪਲੰਘ, ਸਾਚੀ ਸੇਜਾ ਆਪ ਸੁਹਾਇਆ। ਹਰਿ ਬੈਠਾ ਸੂਰਾ ਸਰਬੰਗ, ਦਿਵਸ ਰੈਣ ਤੇਰਾ ਰਾਹ ਤਕਾਇਆ। ਨੌਂ ਦੁਆਰੇ ਜਾਣਾ ਲੰਘ, ਗੁਰ ਸ਼ਬਦੀ ਸ਼ਬਦ ਕਮਾਇਆ। ਮਾਨਸ ਜਨਮ ਨਾ ਹੋਏ ਭੰਗ, ਲੱਖ ਚੁਰਾਸੀ ਵਿਚੋਂ ਮਾਣਕ ਮੋਤੀ ਹੱਥ ਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਸੰਗਤ ਦਏ ਸਾਲਾਹਿਆ। ਹਰਿ ਸੰਗਤ ਤੇਰੀ ਵਡੀ ਵਡਿਆਈ, ਜੁਗ ਜੁਗ ਆਪ ਕਰਾਇੰਦਾ। ਉਚਾ ਤੇਰਾ ਦਰ ਸਭ ਥਾਈਂ,  ਹਰਿਜੂ ਆਪ ਵਖਾਇੰਦਾ। ਵੇਖਣਹਾਰਾ ਭੇਵ ਨਾ ਰਾਈ, ਸਤਿ ਸੰਗ ਏਕਾ ਨਾਮ ਵਖਾਇੰਦਾ। ਇਕ ਇਕੱਲਾ ਬੇਪਰਵਾਹੀ, ਜੋ ਜਨ ਸਤਿ ਸੰਗਤ ਵਿਚ ਸਮਾਇੰਦਾ। ਨਿਵਣ ਸੁ ਅੱਖਰ ਆਪਣੀ ਝੋਲੀ ਪਾਈ, ਹੰਕਾਰ ਵਿਚ ਕਦੇ ਨਾ ਆਇੰਦਾ। ਸਾਧ ਸੰਗਤ ਵਡੀ ਵਡਿਆਈ, ਨਿਉਂ ਨਿਉਂ ਸਰਬ ਨਿਮਸਕਾਰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਚ ਉਪਦੇਸ਼ ਏਕਾ ਏਕ ਵਖਾਇੰਦਾ। ਸਤਿ ਉਪਦੇਸ਼ ਸਤਿਗੁਰ ਚਰਨ ਧੂੜ, ਧੂੜੀ ਟਿੱਕਾ ਮਸਤਕ ਲਾਈਆ। ਚਤੁਰ ਸੁਘੜ ਬਣੇ ਮੂੜ, ਜੋ ਗੁਰ ਸਤਿਗੁਰ ਦਰਸ਼ਨ ਪਾਈਆ। ਗੁਰ ਸੰਗਤ ਨਾਤਾ ਤੁੱਟੇ ਕੂੜੋ ਕੂੜ, ਕੂੜੀ ਕਿਰਿਆ ਮੇਟੇ ਝੂਠੀ ਸ਼ਾਹੀਆ। ਇਕ ਦੂਜੇ ਦੀ ਆਸ ਕਰਨ ਪੂਰ, ਮਿਲ ਭਈਆ ਭਈਆ ਸੰਗ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰ ਸੰਗਤ ਏਕਾ ਘਰ ਵਸਾਈਆ। ਗੁਰ ਸੰਗਤ ਘਰ ਏਕਾ ਵਸੇ, ਸਚ ਦੁਆਰ ਇਕ ਬਣਾਇੰਦਾ। ਏਕਾ ਅੰਮ੍ਰਿਤ ਏਕਾ ਰਸੇ, ਰਸ ਰਸੀਆ ਆਪ ਚਖਾਇੰਦਾ। ਮਿਟੇ ਰੈਣ ਅੰਧੇਰੀ ਮੱਸੇ, ਸਾਚਾ ਚੰਦ ਆਪ ਚਮਕਾਇੰਦਾ। ਗੁਰਸਿਖ ਗੁਰਮੁਖ ਬਹਿ ਬਹਿ ਹੱਸੇ, ਘਰ ਸਾਚਾ ਸਗਨ ਮਨਾਇੰਦਾ। ਮਨਮੁਖ ਗੁਰ ਸੰਗਤ ਤੇਰੇ ਕੋਲੋਂ ਨੱਸੇ, ਤੇਰਾ ਸੰਗ ਨਾ ਕੋਇ ਰਖਾਇੰਦਾ। ਜਿਸ ਜਨ ਹਿਰਦੇ ਹਰਿ ਜੂ ਵਸੇ, ਸੋ ਸੰਗਤ ਸਾਚਾ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਸੰਗਤ ਸਦ ਸੁਹਾਇੰਦਾ। ਹਰਿ ਸੰਗਤ ਤੇਰਾ ਉਚ ਮਕਾਨਾ, ਸਤਿ ਪੁਰਖ ਨਿਰੰਜਣ ਆਪ ਬਣਾਇਆ। ਗੁਰਸਿਖ ਤੇਰਾ ਸ਼ਬਦ ਬਿਬਾਨਾ, ਗੁਰ ਸਤਿਗੁਰ ਲਏ ਉਠਾਇਆ। ਬਣੇ ਵਿਚੋਲਾ ਸ੍ਰੀ ਭਗਵਾਨਾ, ਲੋਕਮਾਤ ਵੇਸ ਵਟਾਇਆ। ਦੇਵੇ ਨਾਮ ਸਤਿ ਨਿਸ਼ਾਨਾ, ਦਰਗਹਿ ਸਾਚੇ ਆਪ ਝੁਲਾਇਆ। ਹਰਿ ਹਰਿ ਨਾਉਂ ਮਿਲ ਮਿਲ ਗਾਣਾ, ਗੁਰ ਗੁਰ ਸੇਵ ਕਮਾਇਆ। ਏਥੇ ਓਥੇ ਮਿਲੇ ਥਾਉਂ ਟਿਕਾਣਾ, ਦਰਗਹਿ ਸਾਚੀ ਮਾਣ ਦਵਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰ ਸੰਗਤ ਮਾਰਗ ਇਕ ਵਖਾਇਆ। ਸੋਹੰ ਸ਼ਬਦ ਗੋਬਿੰਦ ਧਾਰ, ਪਿਤਾ ਪੂਤ ਵਡਿਆਈਆ। ਦਸਮ ਗ੍ਰੰਥ ਕਰੋ ਵਿਚਾਰ, ਅੰਤਮ ਅੰਕ ਲੇਖਾ ਗਿਆ ਲਿਖਾਈਆ। ਚਿੱਲਾ ਤੀਰ ਕਮਾਨ ਭੱਥਾ ਹੋਏ ਮੇਰੀ ਕਟਾਰ, ਸੋਹੰ ਸ਼ਬਦ ਵਡੀ ਵਡਿਆਈਆ। ਸ੍ਰਿਸ਼ਟ ਸਬਾਈ ਮਾਰੇ ਮਾਰ, ਕਲਜੁਗ ਅੰਤਮ ਵੇਸ ਧਰਾਈਆ। ਹੰ ਬ੍ਰਹਮ ਪਾਵੇ ਸਾਰ, ਪਾਰਬ੍ਰਹਮ ਸੱਚਾ ਸ਼ਹਿਨਸ਼ਾਹੀਆ। ਮੇਲ ਮਿਲਾਏ ਪੁਰਖ ਅਕਾਲ, ਦੀਨ ਦਿਆਲ ਇਕ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੋਹੰ ਰੂਪ ਰੂਪ ਦਰਸਾਈਆ । ਸੋਹੰ ਰੂਪ ਸਚ ਸਮਾਇਆ, ਹਰਿ ਸਾਚਾ ਖੇਲ ਖਿਲਾਈਆ। ਆਦਿ ਅੰਤ ਆਪਣੇ ਵਿਚ ਸਮਾਇਆ, ਆਪਣਾ ਵੇਸ ਵਟਾਈਆ। ਨਿਰਗੁਣ ਸਰਗੁਣ ਹੋ ਹੋ ਨਾਨਕ ਗਾਇਆ, ਸੋਹੰ ਸ਼ਬਦ ਏਕਾ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕੰਕਾਰਾ ਕਰ ਪਸਾਰਾ, ਸੋਹੰ ਧਾਰਾ ਆਪ ਚਲਾਈਆ। ਸੋਹੰ ਧਾਰ ਖੇਲ ਸੰਸਾਰਾ, ਪੁਰਖ ਅਕਾਲ ਆਪ ਚਲਾਇੰਦਾ। ਆਪੇ ਹੋਏ ਵੇਖਣਹਾਰਾ, ਅਜੂਨੀ ਰਹਿਤ ਵੇਸ ਵਟਾਇੰਦਾ। ਵਸਣਹਾਰਾ ਸਚ ਦੁਆਰਾ, ਦਰ ਘਰ ਸਾਚੇ ਸੋਭਾ ਪਾਇੰਦਾ। ਕਲਜੁਗ ਕਰੇ ਪਾਰ ਕਿਨਾਰਾ, ਚਾਰ ਜੁਗ ਮੂਲ ਚੁਕਾਇੰਦਾ। ਸਤਿਜੁਗ ਸਾਚਾ ਕਰੇ ਵਰਤਾਰਾ, ਸ੍ਰਿਸ਼ਟ ਸਬਾਈ ਆਪ ਸਮਝਾਇੰਦਾ। ਸੋਹੰ ਸ਼ਬਦ ਵਰਤੇ ਵਰਤਾਰਾ, ਲੱਖ ਚੁਰਾਸੀ ਝੋਲੀ ਪਾਇੰਦਾ। ਲੱਖ ਚੁਰਾਸੀ ਬੋਲੇ ਇਕ ਜੈਕਾਰਾ, ਨਿਸ਼ਅੱਖਰ ਆਪ ਪੜ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸੋਹੰ ਲੋਕਮਾਤ ਆਪ ਪਰਗਟਾਇੰਦਾ। ਸੋਹੰ ਸ਼ਬਦ ਮਾਤ ਪਰਗਟਾਇਆ, ਸਤਿਜੁਗ ਸਾਚੇ ਦਏ ਵਡਿਆਈਆ। ਚਾਰੇ ਵਰਨਾਂ ਦਏ ਸਮਝਾਇਆ, ਏਕਾ ਮੰਤਰ ਦਏ ਵਡਿਆਈਆ। ਪੁਰਖ ਅਕਾਲ ਅਤੁਟ ਇਕ ਰਖਾਇਆ, ਹੰ ਰੂਪ ਸਰਬ ਲੋਕਾਈਆ। ਸਰਗੁਣ ਨਿਰਗੁਣ ਨਿਰਗੁਣ ਸਰਗੁਣ ਇਕ ਮਰਦੰਗ ਵਜਾਇਆ, ਵਜਾਵਣਹਾਰ ਆਪ ਹੋ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸੋਹੰ ਸ਼ਬਦ ਸਚਖੰਡ ਹਰਿ ਪਾਈ ਵੰਡ, ਸਤਿਜੁਗ ਸਾਚੇ ਝੋਲੀ ਰਿਹਾ ਭਰਾਈਆ।