Granth 10 Likhat 015: 4 Magh 2017 Bikarmi Pritam Singh de Greh Pind Jhander

੪ ਮਾਘ ੨੦੧੭ ਬਿਕਰਮੀ ਪ੍ਰੀਤਮ ਸਿੰਘ ਦੇ ਗ੍ਰਹਿ ਪਿੰਡ ਝੰਡੇਰ

ਸੋ ਪੁਰਖ ਨਿਰੰਜਣ ਦੀਨ ਦਿਆਲਾ, ਦਾਤਾ ਦਾਨੀ ਵਡ ਵਡਿਆਈਆ। ਆਦਿ ਜੁਗਾਦੀ ਖੇਲ ਨਿਰਾਲਾ, ਜੁਗਾ ਜੁਗੰਤਰ ਆਪ ਕਰਾਈਆ। ਵਸਣਹਾਰਾ ਸਚਖੰਡ ਸੱਚੀ ਧਰਮਸਾਲਾ, ਥਿਰ ਘਰ ਸਾਚੇ ਸੋਭਾ ਪਾਈਆ। ਸ਼ਬਦ ਅਨਾਦ ਵਜਾਏ ਏਕਾ ਤਾਲਾ, ਨਾਦ ਆਨਾਦੀ ਧੁਨ ਉਪਜਾਈਆ। ਵਿਸ਼ਨ ਬ੍ਰਹਮਾ ਸ਼ਿਵ ਕਰੇ ਪ੍ਰਿਤਪਾਲਾ, ਤ੍ਰੈ ਤ੍ਰੈ ਮੀਤਾ ਇਕ ਸ਼ਹਿਨਸ਼ਾਹੀਆ। ਤ੍ਰੈਗੁਣ ਦੇਵੇ ਧੰਨ ਸੱਚਾ ਧੰਨਮਾਲਾ, ਵਸਤ ਅਮੋਲਕ ਝੋਲੀ ਪਾਈਆ। ਪੰਜ ਤੱਤ ਚਲੇ ਅਵੱਲੜੀ ਚਾਲਾ, ਲੱਖ ਚੁਰਾਸੀ ਘਾੜਨ ਲਏ ਘੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਪੁਰਖ ਅਬਿਨਾਸ਼ੀ ਕਰਤਾ ਆਪਣਾ ਖੇਲ ਆਪ ਖਿਲਾਈਆ। ਲੱਖ ਚੁਰਾਸੀ ਘਾੜਨ ਘੜ, ਹਰਿ ਸਤਿਗੁਰ ਖੇਲ ਖਿਲਾਇੰਦਾ। ਨਿਰਗੁਣ ਸਰਗੁਣ ਅੰਦਰ ਵੜ, ਨਿਰਵੈਰ ਪੁਰਖ ਆਪਣਾ ਰੂਪ ਆਪ ਪਰਗਟਾਇੰਦਾ। ਪਾਰਬ੍ਰਹਮ ਬ੍ਰਹਮ ਫੜਾਏ ਲੜ, ਆਤਮ ਸੇਜਾ ਆਪ ਸੁਹਾਇੰਦਾ। ਨਿਸ਼ਅੱਖਰ ਵਿਦਿਆ ਆਪੇ ਪੜ੍ਹ, ਸਾਚੀ ਸਿਖਿਆ ਆਪ ਸਿਖਾਇੰਦਾ। ਵਸਣਹਾਰਾ ਸਾਚੇ ਘਰ, ਗ੍ਰਹਿ ਮੰਦਰ ਖੋਜ ਖੁਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਪੁਰਖ ਪੁਰਖ ਅਬਿਨਾਸ਼ਾ, ਆਪੇ ਪਾਏ ਆਪਣੀ ਮੰਡਲ ਰਾਸਾ, ਜਗਤ ਤਮਾਸਾ ਵੇਖ ਵਖਾਇੰਦਾ। ਲੱਖ ਚੁਰਾਸੀ ਖੇਲ ਅਪਾਰਾ, ਸੋ ਪੁਰਖ ਨਿਰੰਜਣ ਆਪ ਕਰਾਇੰਦਾ। ਹਰਿ ਪੁਰਖ ਨਿਰੰਜਣ ਹੋ ਉਜਿਆਰਾ, ਏਕੰਕਾਰਾ ਵੇਖ ਵਖਾਇੰਦਾ। ਆਦਿ ਨਿਰੰਜਣ ਵਸੇ ਠਾਂਡੇ ਦਰ ਸੱਚੇ ਦਰਬਾਰਾ, ਸ੍ਰੀ ਭਗਵਾਨ ਸੋਭਾ ਪਾਇੰਦਾ। ਅਬਿਨਾਸ਼ੀ ਕਰਤਾ ਕਰੇ ਖੇਲ ਅਕਲ ਕਲ ਧਾਰਾ, ਪਾਰਬ੍ਰਹਮ ਆਪਣੀ ਧਾਰ ਆਪ ਬੰਧਾਇੰਦਾ। ਸ਼ਬਦੀ ਸ਼ਬਦ ਕਰ ਪਸਾਰਾ, ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਰਚਨ ਰਚਾਇੰਦਾ। ਨਿਰਗੁਣ ਜੋਤ ਰਵ ਸਸ ਸਤਾਰਾ, ਸੂਰਜ ਚੰਨ ਮੰਡਲ ਮੰਡਪ ਆਪ ਟਿਕਾਇੰਦਾ। ਗਗਨ ਮੰਡਲ ਦਏ ਸਹਾਰਾ, ਆਕਾਸ਼ ਪਰਕਾਸ਼ ਡੇਰਾ ਲਾਇੰਦਾ। ਨਿਰਗੁਣ ਸਰਗੁਣ ਖੇਲ ਕਰਤਾਰਾ, ਕਰਤਾ ਪੁਰਖ ਆਪ ਖਿਲਾਇੰਦਾ। ਵਿਸ਼ਵ ਰੂਪ ਬਣ ਵਰਤਾਰਾ, ਵਾਸਤਕ ਆਪਣੀ ਵਸਤ ਲੱਖ ਚੁਰਾਸੀ ਆਪ ਉਪਜਾਇੰਦਾ। ਬ੍ਰਹਮਾ ਦੇਵੇ ਨਾਮ ਆਧਾਰਾ, ਪਾਰਬ੍ਰਹਮ ਬ੍ਰਹਮ ਵਿਦਿਆ ਆਪ ਪੜ੍ਹਾਇੰਦਾ। ਚਾਰੇ ਵੇਦਾਂ ਬਣ ਲਿਖਾਰਾ, ਚਾਰੇ ਜੁਗਾਂ ਵੰਡ ਵੰਡਾਇੰਦਾ। ਲੱਖ ਚੁਰਾਸੀ ਕਰ ਉਜਿਆਰਾ, ਘਰ ਘਰ ਜੋਤੀ ਦੀਪ ਜਗਾਇੰਦਾ। ਲੇਖਾ ਜਾਣੇ ਧੁਰ ਦਰਬਾਰਾ, ਧੁਰ ਦੀ ਖੇਲ ਆਪ ਖਿਲਾਇੰਦਾ। ਵਰਤੇ ਵਰਤਾਵੇ ਵਿਚ ਸੰਸਾਰਾ, ਮਹਾਸਾਰਥੀ ਰੂਪ ਵਟਾਇੰਦਾ। ਸ਼ੰਕਰ ਦੇਵੇ ਇਕ ਹੁਲਾਰਾ, ਹੁਕਮੀ ਹੁਕਮ ਆਪ ਸੁਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦੀ ਏਕਾ ਹਰਿ, ਜਗਤ ਮਹੱਲਾ ਆਪ ਵਸਾਇੰਦਾ। ਲੱਖ ਚੁਰਾਸੀ ਜਗਤ ਮਹੱਲਾ, ਨਵ ਖੰਡ ਪ੍ਰਿਥਮੀ ਆਪ ਬਣਾਈਆ। ਕਰੇ ਖੇਲ ਇਕ ਇਕੱਲਾ, ਅਲਖ ਅਗੋਚਰ ਅਗੰਮ ਅਥਾਹ ਬੇਪਰਵਾਹ ਸੱਚਾ ਸ਼ਹਿਨਸ਼ਾਹੀਆ। ਨਿਰਗੁਣ ਸਰਗੁਣ ਬਣਿਆ ਰਹੇ ਮਲਾਹ, ਜੁਗ ਜੁਗ ਆਪਣਾ ਵੇਸ ਵਟਾਈਆ। ਸਤਿ ਸਤਿਵਾਦੀ ਲਾਏ ਰਾਹ, ਸਾਚਾ ਮਾਰਗ ਇਕ ਜਣਾਈਆ। ਲੱਖ ਚੁਰਾਸੀ ਗੇੜਾ ਆਪਣੇ ਹੱਥ ਰਖਾ, ਜੁਗ ਚੌਕੜੀ ਆਪ ਭਵਾਈਆ। ਬ੍ਰਹਿਮੰਡ ਖੰਡ ਆਪਣਾ ਖੇੜਾ ਲਏ ਵਸਾ, ਜੇਰਜ ਅੰਡ ਉਤਭੁਜ ਸੇਤਜ ਕਰ ਰੁਸ਼ਨਾਈਆ। ਆਪਣੀ ਵੰਡ ਲਏ ਵੰਡਾ, ਵੰਡਣਹਾਰਾ ਦਿਸ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਪੁਰਖ ਏਕਾ ਹਰਿ, ਨਰ ਨਰਾਇਣ ਸਹਿਜ ਸੁਖਦਾਈਆ। ਨਰ ਨਰਾਇਣ ਹਰਿ ਨਿਰੰਕਾਰਾ, ਨਿਰਗੁਣ ਆਪਣਾ ਖੇਲ ਖਿਲਾਇੰਦਾ। ਲੱਖ ਚੁਰਾਸੀ ਕਰ ਪਸਾਰਾ, ਘਟ ਘਟ ਆਪਣੀ ਜੋਤ ਟਿਕਾਇੰਦਾ। ਸ਼ਬਦ ਅਨਾਦਿ ਸੱਚੀ ਧੁਨਕਾਰਾ, ਅਨਹਦ ਸਾਚਾ ਤਾਲ ਵਜਾਇੰਦਾ। ਸੁਰਤੀ ਸੁਰਤ ਕਰੇ ਵਿਚਾਰਾ, ਅਕਾਲ ਮੂਰਤ ਖੇਲ ਖਿਲਾਇੰਦਾ। ਅਜੂਨੀ ਰਹਿਤ ਵਸੇ ਸਭ ਤੋਂ ਬਾਹਰਾ, ਦਿਸ ਕਿਸੇ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਜੁਗਾਦੀ ਏਕਾ ਹਰਿ, ਜੁਗ ਜੁਗ ਆਪਣਾ ਖੇਲ ਖਿਲਾਇੰਦਾ। ਜੁਗ ਜੁਗ ਖੇਲ ਖਿਲਾਇੰਦਾ, ਕਰਤਾ ਪੁਰਖ ਹਰਿ ਕਰਤਾਰ। ਜੁਗ ਜੁਗ ਵੇਸ ਵਟਾਇੰਦਾ, ਨਿਰਗੁਣ ਸਰਗੁਣ ਲੈ ਅਵਤਾਰ। ਜੁਗ ਜੁਗ ਮਾਰਗ ਲਾਇੰਦਾ, ਲੱਖ ਚੁਰਾਸੀ ਪਾਵੇ ਸਾਰ। ਜੁਗ ਜੁਗ ਸ਼ਬਦ ਨਾਦ ਵਜਾਇੰਦਾ, ਧੁਨ ਨਾਦ ਅਪਰ ਅਪਾਰ। ਜੁਗ ਜੁਗ ਬੋਧ ਅਗਾਧ ਸੁਣਾਇੰਦਾ, ਲੇਖਾ ਜਾਣੇ ਆਪਣਾ ਆਪ ਦੂਜਾ ਸਕੇ ਨਾ ਕੋਇ ਵਿਚਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਜੁਗਾਦੀ ਏਕਾ ਹਰਿ, ਏਕਾ ਖੇਲ ਖਿਲਾਇੰਦਾ। ਜੁਗ ਜੁਗ ਖੇਲ ਖਿਲਾਇਆ, ਸਤਿਜੁਗ ਤ੍ਰੇਤਾ ਦੁਆਪਰ ਆਣ। ਬ੍ਰਹਮਾ ਵਿਸ਼ਨ ਸ਼ਿਵ ਸੇਵ ਲਗਾਇਆ, ਏਕਾ ਦੇਵੇ ਧੁਰ ਫ਼ੁਰਮਾਨ। ਕਲਜੁਗ ਅੰਤਮ ਵੇਖ ਵਖਾਇਆ, ਚੌਥੇ ਜੁਗ ਹੋ ਪਰਧਾਨ। ਚਾਰੋਂ ਕੁੰਟ ਜੀਵ ਜੰਤ ਕੁਰਲਾਇਆ, ਦਹਿ ਦਿਸ਼ਾ ਹੋਏ ਹੈਰਾਨ। ਸਾਂਤਕ ਸਤਿ ਨਾ ਕੋਇ ਵਰਤਾਇਆ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸ੍ਰੀ ਭਗਵਾਨ। ਸ੍ਰੀ ਭਗਵਾਨ ਸਾਚਾ ਮੀਤਾ, ਆਦਿ ਜੁਗਾਦਿ ਸਮਾਇਆ। ਵਸਣਹਾਰਾ ਘਰ ਠਾਂਡੇ ਸੀਤਾ, ਸਚਖੰਡ ਦੁਆਰੇ ਸੋਭਾ ਪਾਇਆ। ਇਕ ਇਕੱਲਾ ਪਤਤ ਪੁਨੀਤਾ, ਪਤਤ ਪਾਪੀ ਲਏ ਤਰਾਇਆ। ਕਲਜੁਗ ਆਪ ਚਲਾਏ ਆਪਣੀ ਰੀਤਾ, ਸਤਿਜੁਗ ਸਾਚਾ ਮਾਰਗ ਲਾਇਆ। ਜਨ ਭਗਤਾਂ ਦੇਵੇ ਨਾਮ ਇਕ ਅਨਡੀਠਾ, ਲਿਖਣ ਪੜ੍ਹਨ ਵਿਚ ਨਾ ਆਇਆ। ਮਿੱਠਾ ਕਰੇ ਕੌੜਾ ਰੀਠਾ, ਦੂਈ ਦਵੈਤੀ ਮੇਟ ਮਿਟਾਇਆ। ਤ੍ਰੈਗੁਣ ਮਾਇਆ ਤੱਤ ਨਾ ਤਪੇ ਅੰਗੀਠਾ, ਕਾਇਆ ਅਗਨ ਨਾ ਰਹੇ ਰਾਇਆ। ਆਪੇ ਹਰਿ ਜੂ ਵਸੇ ਚੀਤਾ, ਗ੍ਰਹਿ ਮੰਦਰ ਹੋਏ ਸਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਕੂੜੀ ਕਿਰਿਆ ਦਏ ਮਿਟਾਇਆ। ਜੁਗ ਜੁਗ ਵੇਸ ਵਟਾਇੰਦਾ, ਪੁਰਖ ਅਬਿਨਾਸ਼ੀ ਬੇਪਰਵਾਹ। ਸਤਿਜੁਗ ਤ੍ਰੇਤਾ ਦੁਆਪਰ ਪਾਰ ਕਰਾਇੰਦਾ, ਕਲਜੁਗ ਅੰਤਮ ਬਣੇ ਮਲਾਹ। ਸ੍ਰਿਸ਼ਟ ਸਬਾਈ ਵੇਖ ਵਖਾਇੰਦਾ, ਨੌਂ ਖੰਡ ਪ੍ਰਿਥਮੀ ਫੇਰਾ ਪਾ। ਸੱਤਾਂ ਦੀਪਾਂ ਆਪ ਉਠਾਇੰਦਾ, ਸ਼ਬਦ ਹਲੂਣਾ ਏਕਾ ਲਾ। ਚਾਰ ਵਰਨਾਂ ਖੋਜ ਖੁਜਾਇੰਦਾ, ਅਠਾਰਾਂ ਬਰਨਾਂ ਪਕੜੇ ਬਾਂਹ। ਸ਼ੱਤ੍ਰੀ ਬ੍ਰਹਿਮਣ ਸ਼ੂਦਰ ਵੈਸ਼ ਆਪ ਸਮਝਾਇੰਦਾ, ਏਕਾ ਬ੍ਰਹਮ ਵਿਦਿਆ ਦਏ ਪੜ੍ਹਾ। ਊਚਾਂ ਨੀਚਾਂ ਰਾਓ ਰੰਕਾਂ ਰਾਜ ਰਾਜਾਨਾਂ ਸ਼ਾਹ ਸੁਲਤਾਨਾਂ ਏਕਾ ਘਰ ਵਖਾਇੰਦਾ, ਦੂਸਰ ਅਵਰ ਨਾ ਕੋਇ ਥਾਂ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਆਪਣਾ ਨਾਉਂ ਲਏ ਪਰਗਟਾ। ਏਕਾ ਨਾਉਂ ਹਰਿ ਨਿਰੰਕਾਰਾ, ਆਪਣਾ ਆਪ ਪਰਗਟਾਈਆ। ਕਲਜੁਗ ਅੰਤਮ ਹੋ ਉਜਿਆਰਾ, ਬੰਕ ਦੁਆਰ ਸੁਹਾਈਆ। ਸਾਕਤ ਨਿੰਦਕ ਕਰੇ ਖੁਆਰਾ, ਗੁਰਮੁਖ ਸਾਚੇ ਲਏ ਜਗਾਈਆ। ਮੇਟ ਮਿਟਾਏ ਧੂਆਂਧਾਰਾ, ਕਲਜੁਗ ਰੈਣ ਅੰਧੇਰੀ ਰਹਿਣ ਨਾ ਪਾਈਆ। ਸਾਚਾ ਚੰਦ ਕਰੇ ਉਜਿਆਰਾ, ਸਤਿਜੁਗ ਸਾਚਾ ਮਾਰਗ ਲਾਈਆ। ਧਰਤ ਧਵਲ ਦਏ ਸਹਾਰਾ, ਧਰਨੀ ਧਵਲ ਆਪ ਵਡਿਆਈਆ। ਚਾਰੋਂ ਕੁੰਟ ਇਕ ਜੈਕਾਰਾ, ਸ੍ਰਿਸ਼ਟ ਸਬਾਈ ਦਏ ਸਮਝਾਈਆ। ਏਕਾ ਗੁਰ ਇਕ ਅਵਤਾਰਾ, ਇਸ਼ਟ ਦੇਵ ਇਕ ਹੋ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਵੇਖਣਹਾਰਾ ਕੂੜੀ ਸ਼ਾਹੀਆ। ਕਲਜੁਗ ਅੰਤਮ ਵੇਖਣਹਾਰਾ, ਨਿਰਗੁਣ ਆਪਣਾ ਖੇਲ ਖਿਲਾਇੰਦਾ। ਨਿਹਕਲੰਕਾ ਲੈ ਅਵਤਾਰਾ, ਲੋਕਮਾਤ ਵੇਸ ਵਟਾਇੰਦਾ। ਸ਼ਬਦ ਡੰਕਾ ਸਚ ਨਗਾਰਾ, ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਆਪ ਵਜਾਇੰਦਾ। ਦੋ ਜਹਾਨਾਂ ਵੇਖੇ ਲੱਗਾ ਅਖਾੜਾ, ਕੋਟਨ ਕੋਟ ਗੋਪੀ ਕਾਹਨ ਆਪ ਨਚਾਇੰਦਾ। ਕਰੇ ਖੇਲ ਅਗੰਮ ਅਪਾਰਾ, ਅਲਖ ਅਗੋਚਰ ਭੇਵ ਨਾ ਆਇੰਦਾ। ਚਾਰ ਵੇਦ ਕਰਨ ਪੁਕਾਰਾ, ਪੁਰਾਨ ਅਠਾਰਾਂ ਸਰਬ ਕੁਰਲਾਇੰਦਾ। ਸ਼ਾਸਤਰ ਸਿਮਰਤ ਰੋਵਨ ਜ਼ਾਰੋ ਜ਼ਾਰਾ, ਹਰਿ ਕਾ ਭੇਵ ਕੋਇ ਨਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਆਪਣਾ ਵੇਸ ਵਟਾਇੰਦਾ। ਕਲਜੁਗ ਅੰਤਮ ਵੇਸ ਵਟਾਇਆ, ਨਿਹਕਲੰਕ ਬਲੀ ਬਲਵਾਨ। ਨਿਰਗੁਣ ਨਿਰਗੁਣ ਜੋਤ ਜਗਾਇਆ, ਜੋਤੀ ਜਾਤਾ ਹਰਿ ਭਗਵਾਨ। ਸਾਚੇ ਮੰਦਰ ਡੇਰਾ ਲਾਇਆ, ਸਾਢੇ ਤਿੰਨ ਹੱਥ ਇਕ ਮਕਾਨ। ਉਚਾ ਟਿੱਲਾ ਪਰਬਤ ਦਏ ਸੁਹਾਇਆ, ਲੇਖਾ ਚੁੱਕੇ ਜ਼ਿਮੀਂ ਅਸਮਾਨ। ਚੌਦਾਂ ਲੋਕਾਂ ਚਰਨਾਂ ਹੇਠ ਦਬਾਇਆ, ਚੌਦਾਂ ਤਬਕਾਂ ਪਾਏ ਆਣ। ਕਲਜੁਗ ਅੰਤਮ ਵੇਖ ਵਖਾਇਆ, ਸ਼ਰਅ ਸ਼ਰੀਅਤ ਵੇਖੇ ਦੋ ਜਹਾਨ। ਸਚ ਅਮਾਮ ਬਣ ਕੇ ਆਇਆ, ਲੇਖਾ ਜਾਣੇ ਅੰਜੀਲ ਕ਼ੁਰਾਨ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਮੇਟੇ ਅੰਤ ਨਿਸ਼ਾਨ। ਕਲਜੁਗ ਅੰਤ ਨਿਸ਼ਾਨ ਮਿਟੌਣਾ, ਲੋਕਮਾਤ ਰਹਿਣ ਨਾ ਪਾਈਆ। ਚੌਥੇ ਜੁਗ ਪੰਧ ਮੁਕੌਣਾ, ਵੇਲਾ ਅੰਤ ਦਏ ਦੁਹਾਈਆ। ਸਤਿਜੁਗ ਸਾਚਾ ਮਾਤ ਧਰੌਣਾ, ਧਰਤ ਧਵਲ ਦਏ ਵਡਿਆਈਆ। ਗੁਰਮੁਖ ਸਾਚੇ ਸੰਗ ਰਲੌਣਾ, ਸਗਲਾ ਸੰਗ ਆਪ ਸਮਝਾਈਆ। ਨਾਮ ਨਿਧਾਨਾ ਝੋਲੀ ਪੌਣਾ, ਵਸਤ ਅਮੋਲਕ ਇਕ ਵਖਾਈਆ। ਧੁਰ ਦੀ ਬਾਣੀ ਬਾਣ ਲਗੌਣਾ, ਅਣਯਾਲਾ ਤੀਰ ਚਲਾਈਆ। ਅੰਮ੍ਰਿਤ ਠੰਡਾ ਪਾਣੀ ਜਲ ਪਿਔਣਾ, ਨਿਝਰ ਝਿਰਨਾ ਆਪ ਝਿਰਾਈਆ। ਸੁਰਤ ਸੁਵਾਣੀ ਸ਼ਬਦ ਹਾਣੀ ਆਪ ਮਿਲੌਣਾ, ਮੇਲ ਮਿਲਾਵਾ ਸਹਿਜ ਸੁਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਕਰੇ ਖੇਲ ਬੇਪਰਵਾਹੀਆ। ਕਲਜੁਗ ਅੰਤਮ ਖੇਲ ਅਪਾਰਾ, ਹਰਿ ਸਾਚਾ ਸਚ ਕਰਾਇੰਦਾ। ਨਿਰਗੁਣ ਸਰਗੁਣ ਲੈ ਅਵਤਾਰਾ, ਨਿਰਗੁਣ ਆਪਣੀ ਕਾਰ ਕਮਾਇੰਦਾ। ਨਾਤਾ ਤੋੜੇ ਕੂੜ ਕੁੜਿਆਰਾ, ਕੂੜੀ ਕਿਰਿਆ ਮੇਟ ਮਿਟਾਇੰਦਾ। ਊਚਾਂ ਨੀਚਾਂ ਕਰੇ ਪਾਰ ਕਿਨਾਰਾ, ਏਕਾ ਰੰਗ ਸਰਬ ਰੰਗਾਇੰਦਾ। ਏਕਾ ਮੰਦਰ ਗੁਰੂਦੁਆਰਾ, ਮਸਜਿਦ ਮਠ ਸ਼ਿਵਦੁਆਲਾ ਇਕ ਵਖਾਇੰਦਾ। ਏਕਾ ਸ਼ਬਦ ਨਾਦ ਧੁਨ ਜੈਕਾਰਾ, ਏਕੰਕਾਰਾ ਏਕਾ ਲਾਇੰਦਾ। ਏਕਾ ਅੰਮ੍ਰਿਤ ਠੰਡਾ ਠਾਰਾ, ਭਰ ਪਿਆਲਾ ਆਪ ਪਿਆਇੰਦਾ। ਏਕਾ ਪੁਰਖ ਏਕਾ ਨਾਰਾ, ਲੱਖ ਚੁਰਾਸੀ ਰੂਪ ਵਟਾਇੰਦਾ। ਏਕਾ ਭਗਤ ਏਕਾ ਭਗਵੰਤ ਏਕਾ ਘਰ ਬਾਰਾ, ਏਕਾ ਮੰਦਰ ਹਰਿ ਵਸਾਇੰਦਾ। ਏਕਾ ਸੰਤ ਸੁਤ ਦੁਲਾਰਾ, ਹਰਿ ਸੱਜਣ ਵੇਖ ਵਖਾਇੰਦਾ। ਏਕਾ ਗੁਰਮੁਖ ਦਏ ਹੁਲਾਰਾ, ਗੁਰ ਗੁਰ ਆਪਣੀ ਗੋਦ ਸੁਹਾਇੰਦਾ। ਏਕਾ ਗੁਰਸਿਖ ਕਰੇ ਪਿਆਰਾ, ਸਚ ਪ੍ਰੀਤੀ ਆਪ ਨਿਭਾਇੰਦਾ। ਏਕਾ ਮੁਰੀਦ ਏਕਾ ਮੁਰਸ਼ਦ ਏਕਾ ਦਰ ਸੱਚਾ ਦਰਬਾਰਾ, ਦਰਗਹਿ ਸਾਚੀ ਆਪ ਸੁਹਾਇੰਦਾ। ਏਕਾ ਖ਼ਾਲਕ ਖ਼ਲਕ ਰੂਪ ਵੇਖੇ ਸਰਬ ਸੰਸਾਰਾ, ਮਖ਼ਲੂਕ ਆਪਣੇ ਰੰਗ ਰੰਗਾਇੰਦਾ। ਏਕਾ ਮੁਕਾਮੇ ਹੱਕ ਬੋਲੇ ਸਾਚਾ ਨਾਅਰਾ, ਪਰਵਰਦਿਗਾਰ ਆਪ ਅਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਹਰਿ ਸਾਚਾ ਖੇਲ ਖਿਲਾਇੰਦਾ। ਕਲਜੁਗ ਅੰਤਮ ਖੇਲ ਖਿਲਾਵਣਾ, ਚਾਰ ਕੁੰਟ ਵਿਚਾਰ। ਨੌਂ ਖੰਡ ਪ੍ਰਿਥਮੀ ਆਪ ਹਿਲਾਵਣਾ, ਦਹਿ ਦਿਸ਼ਾ ਕਰ ਖਵਾਰ। ਸ਼ਾਹ ਸੁਲਤਾਨਾਂ ਖ਼ਾਕ ਮਿਲਾਵਣਾ, ਮਾਨਸ ਜਨਮ ਆਏ ਹਾਰ। ਗੁਰਮੁਖ ਵਿਰਲਾ ਆਪ ਉਠਾਵਣਾ, ਜਿਸ ਜਨ ਬਖ਼ਸ਼ੇ ਚਰਨ ਪਿਆਰ। ਦੂਈ ਦਵੈਤੀ ਪਰਦਾ ਲਾਹਵਣਾ, ਬਜਰ ਕਪਾਟੀ ਖੋਲ੍ਹ ਕਿਵਾੜ। ਸਵਛ ਸਰੂਪੀ ਰੂਪ ਧਰਾਵਣਾ, ਰੂਪ ਅਨੂਪ ਸੱਚੀ ਸਰਕਾਰ। ਸ਼ਾਹੋ ਭੂਪ ਆਪ ਅਖਵਾਵਣਾ, ਸਾਚੇ ਤਖ਼ਤ ਬੈਠ ਆਪ ਨਿਰੰਕਾਰ। ਸੀਸ ਜਗਦੀਸ਼ ਤਾਜ ਸੁਹਾਵਣਾ, ਪੰਚਮ ਮੁਖੀ ਮੁਖ ਵਿਚਾਰ। ਰਾਜ ਜੋਗ ਏਕਾ ਰੰਗ ਰੰਗਾਵਨਾ, ਗ਼ਰੀਬ ਨਿਮਾਣਿਆਂ ਪਾਵੇ ਸਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਤੇਰੀ ਕਿਰਿਆ ਦਏ ਨਿਵਾਰ। ਕਲਜੁਗ ਕਰਿਆ ਪਾਰ ਕਿਨਾਰਾ, ਅੰਤਮ ਪੰਧ ਮੁਕਾਇਆ। ਸਤਿਜੁਗ ਉਪਜਾਏ ਸੁਤ ਦੁਲਾਰਾ, ਪੁਰਖ ਅਬਿਨਾਸ਼ੀ ਲਏ ਪਰਗਟਾਇਆ। ਸਤਿ ਸਤਿ ਵਰਤੇ ਵਿਚ ਸੰਸਾਰਾ, ਸਤਿ ਸਾਂਤਕ ਨਾਲ ਰਲਾਇਆ। ਸਤਿਜੁਗ ਬਣਾਏ ਆਪ ਨਿਰੰਕਾਰਾ, ਨਰ ਹਰਿ ਆਪਣਾ ਖੇਲ ਖਿਲਾਇਆ। ਚਾਰੇ ਵਰਨ ਬਹਾਏ ਇਕ ਦੁਆਰਾ, ਸ਼ੱਤ੍ਰੀ ਬ੍ਰਹਿਮਣ ਸ਼ੂਦਰ ਵੈਸ਼ ਵੰਡ ਨਾ ਕੋਇ ਵੰਡਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਆਪਣਾ ਵੇਸ ਵਟਾਇਆ। ਕਰੇ ਵੇਸ ਅਵੱਲੜਾ, ਕਰੇ ਕਰਾਏ ਪੁਰਖ ਅਗੰਮ। ਸਚਖੰਡ ਦੁਆਰਾ ਏਕਾ ਮਲੜਾ, ਆਦਿ ਜੁਗਾਦੀ ਜਾਣੇ ਆਪਣਾ ਕੰਮ। ਆਪਣੀ ਜੋਤੀ ਆਪੇ ਰਲੜਾ, ਆਪਣਾ ਬੇੜਾ ਰਿਹਾ ਬੰਨ੍ਹ। ਗੁਰਮੁਖਾਂ ਫੜਾਏ ਪਲੜਾ, ਦੇਵੇ ਨਾਮ ਸੱਚਾ ਮਾਲ ਧਨ। ਸਚ ਸੰਦੇਸ਼ ਏਕਾ ਘਲੜਾ, ਲੱਖ ਚੁਰਾਸੀ ਦੇਵੇ ਡੰਨ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਗੁਰਮੁਖ ਸਾਚੇ ਲਏ ਫੜ। ਗੁਰਮੁਖ ਸਾਚਾ ਹਰਿ ਸਤਿਗੁਰ ਫੜਿਆ, ਦਿਸ ਕਿਸੇ ਨਾ ਆਇੰਦਾ। ਡੂੰਘੀ ਕਵਰੀ ਕਾਇਆ ਭਵਰੀ ਆਪੇ ਵੜਿਆ, ਆਪਣਾ ਮੁਖ ਆਪ ਛੁਪਾਇੰਦਾ। ਪਾਰਬ੍ਰਹਮ ਪ੍ਰਭ ਆਪੇ ਵਰਿਆ, ਨਾਰੀ ਕੰਤ ਰੂਪ ਧਰਾਇੰਦਾ। ਅੰਮ੍ਰਿਤ ਆਤਮ ਨੁਹਾਏ ਸਾਚੇ ਸਰਿਆ, ਸਰ ਸਰੋਵਰ ਇਕ ਵਖਾਇੰਦਾ। ਚੁਰਾਸੀ ਲੱਖ ਚੁੱਕੇ ਡਰਿਆ, ਜਮ ਕਾ ਭੌ ਨਾ ਕੋਈ ਜਣਾਇੰਦਾ। ਆਪਣੀ ਵਿਦਿਆ ਆਪੇ ਪੜ੍ਹਿਆ, ਗੁਰਮੁਖਾਂ ਆਪ ਪੜ੍ਹਾਇੰਦਾ। ਆਦਿ ਜੁਗਾਦਿ ਨਾ ਜਨਮੇ ਨਾ ਕਦੇ ਮਰਿਆ, ਜੀਵਣ ਮੁਕਤ ਆਪ ਅਖਵਾਇੰਦਾ। ਜਨ ਭਗਤਾਂ ਕਾਰਜ ਆਪੇ ਕਰਿਆ, ਭਗਤ ਵਛਲ ਆਪ ਅਖਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦੀ ਏਕਾ ਹਰਿ, ਹਰਿਜਨ ਸਾਚੇ ਮੇਲ ਮਿਲਾਇੰਦਾ। ਹਰਿਜਨ ਮੇਲਾ ਸਾਚੇ ਘਰ, ਗੁਰਮਤ ਗੁਰ ਆਪ ਕਰਾਈਆ। ਲੱਖ ਚੁਰਾਸੀ ਵਿਚੋਂ ਲਏ ਫੜ, ਆਪ ਆਪਣਾ ਬੰਧਨ ਪਾਈਆ। ਨਾ ਕੋਈ ਸੀਸ ਨਾ ਕੋਈ ਧੜ, ਪਾਰਬ੍ਰਹਮ ਵਡੀ ਵਡਿਆਈਆ। ਆਪਣੀ ਕਰਨੀ ਕਰਤਾ ਆਪੇ ਕਰ, ਕਰਨਹਾਰ ਖੇਲ ਖਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਹਰਿਜਨ ਸਾਚੇ ਲਏ ਜਗਾਈਆ। ਗੁਰਮੁਖ ਸੱਚਾ ਆਪ ਜਗਾਇਆ, ਪੂਰਬ ਕਰਮ ਵਿਚਾਰ। ਪੂਰਬ ਲਹਿਣਾ ਝੋਲੀ ਪਾਇਆ, ਦੇਵੇ ਦਰਸ ਅਗੰਮ ਅਪਾਰ। ਨੇਤਰ ਨੈਣਾਂ ਹਰਸ ਮਿਟਾਇਆ, ਕਰ ਤਰਸ ਸੱਚੀ ਸਰਕਾਰ। ਅੰਮ੍ਰਿਤ ਮੇਘ ਬਰਸ ਵਖਾਇਆ, ਕਾਇਆ ਹੋਏ ਠੰਡੀ ਠਾਰ। ਅਰਸ਼ ਫ਼ਰਸ਼ ਏਕਾ ਰੰਗ ਰੰਗਾਇਆ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖਾਂ ਕਰੇ ਸਦਾ ਪ੍ਰਿਤਪਾਲ। ਗੁਰਮੁਖਾਂ ਸਦਾ ਪ੍ਰਿਤਪਾਲਦਾ, ਪ੍ਰਿਤਪਾਲਕ ਆਪ ਨਿਰੰਕਾਰਾ। ਜੁਗ ਜੁਗ ਕਰੇ ਖੇਲ ਸ਼ਾਹ ਕੰਗਾਲ ਦਾ, ਨਿਰਗੁਣ ਸਰਗੁਣ ਲਏ ਅਵਤਾਰਾ। ਭਗਤ ਭਗਵੰਤ ਆਪੇ ਭਾਲਦਾ, ਮੰਗਦਾ ਫਿਰੇ ਭਗਤ ਦੁਆਰਾ। ਸੰਤ ਕੰਤ ਆਪ ਸੰਭਾਲਦਾ, ਨਰ ਨਰਾਇਣ ਸੱਚੀ ਸਰਕਾਰਾ। ਗੁਰਮੁਖ ਸਾਚੇ ਗੋਦ ਉਠਾਲਦਾ, ਦੇਵੇ ਸ਼ਬਦੀ ਸਚ ਹੁਲਾਰਾ। ਗੁਰਮੁਖਾਂ ਅੰਮ੍ਰਿਤ ਜਾਮ ਪਿਆਲਦਾ, ਪਿਆਏ ਰਸ ਨਿਝਰ ਧਾਰਾ। ਰਾਹ ਦੱਸੇ ਇਕ ਸੁਖਾਲਦਾ, ਮਿਲੇ ਮੇਲ ਗੁਰ ਅਵਤਾਰਾ। ਲੇਖਾ ਚੁੱਕੇ ਆਵਣ ਜਾਣ ਦਾ, ਨਾਤਾ ਤੁੱਟੇ ਸਰਬ ਸੰਸਾਰਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਗੁਰਮੁਖ ਦੇਵੇ ਇਕ ਆਧਾਰਾ। ਗੁਰਮੁਖ ਇਕ ਉਧਾਰੀਅਨ, ਕਰ ਕਿਰਪਾ ਹਰਿ ਭਗਵੰਤ। ਲੋਕਮਾਤ ਪੈਜ ਸਵਾਰੀਅਨ, ਲੇਖਾ ਚੁੱਕੇ ਜੀਵ ਜੰਤ। ਏਕਾ ਬਖ਼ਸ਼ੇ ਸਚ ਅਟਾਰੀਅਨ, ਆਦਿ ਜੁਗਾਦੀ ਮਹਿਮਾ ਅਗਣਤ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਦੇਵੇ ਸਾਚਾ ਵਰ, ਕਾਇਆ ਚੋਲੀ ਚਾੜ੍ਹੇ ਰੰਗਤ। ਕਾਇਆ ਚੋਲੀ ਰੰਗ ਅਪਾਰਾ , ਗੁਰ ਸਤਿਗੁਰ ਆਪ ਚੜ੍ਹਾਈਆ। ਗੁਰਮੁਖ ਗੁਰਸਿਖ ਗੁਰ ਬੂਝੇ, ਅਵਰ ਕੋਇ ਭੇਵ ਨਾ ਜਾਣੇ ਰਾਈਆ। ਏਕਾ ਦੂਜਾ ਭੌ ਚੂਕੇ, ਤੀਜੇ ਨੈਣ ਕਰੇ ਰੁਸ਼ਨਾਈਆ। ਚੌਥੇ ਪਦ ਆਪਾ ਸੂਝੇ, ਪੰਚਮ ਮੇਲਾ ਸਹਿਜ ਸੁਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਵੇਖੇ ਠਾਂਡੇ ਘਰ, ਘਰ ਠਾਂਡਾ ਇਕ ਸੁਹਾਈਆ। ਠਾਂਡਾ ਘਰ ਗੁਰ ਚਰਨ ਦੁਆਰਾ, ਹਰਿ ਵੱਡਾ ਵਡ ਵਡਿਆਈਆ। ਠਾਕਰ ਸੁਆਮੀ ਬਣੇ ਪ੍ਰੀਤਮ ਪਿਆਰਾ, ਵਿਛੜ ਕਦੇ ਨਾ ਜਾਈਆ। ਕਲਜੁਗ ਅੰਤਮ ਪਾਵੇ ਸਾਰਾ, ਸਗਲਾ ਸੰਗ ਆਪ ਨਿਭਾਈਆ। ਭਵ ਸਾਗਰ ਕਰੇ ਪਾਰ ਕਿਨਾਰਾ, ਮੰਝਧਾਰ ਨਾ ਕੋਈ ਰੁੜ੍ਹਾਈਆ। ਰਸਨਾ ਦੇਵੇ ਨਾਮ ਆਧਾਰਾ, ਸੋ ਪੁਰਖ ਨਿਰੰਜਣ ਇਕ ਜਣਾਈਆ। ਹੰ ਬ੍ਰਹਮ ਖੋਲ੍ਹੇ ਬੰਦ ਕਿਵਾੜਾ, ਪਾਰਬ੍ਰਹਮ ਸੱਚੀ ਸਰਨਾਈਆ। ਸੋਹੰ ਸ਼ਬਦ ਪੰਚਮ ਮੇਟੇ ਝੂਠੀ ਧਾੜਾ, ਕਾਮ ਕਰੋਧ ਲੋਭ ਮੋਹ ਹੰਕਾਰ ਰਹਿਣ ਨਾ ਪਾਈਆ। ਆਸਾ ਤ੍ਰਿਸ਼ਨਾ ਕਰੇ ਖਵਾਰਾ, ਮਾਇਆ ਮਮਤਾ ਮੋਹ ਚੁਕਾਈਆ। ਗ੍ਰਹਿ ਮੰਦਰ ਹੋਏ ਦੀਪ ਉਜਿਆਰਾ, ਘਟ ਘਟ ਜੋਤ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਸੱਜਣ ਏਕਾ ਦਏ ਬੁਝਾਈਆ। ਗੁਰਸਿਖ ਸੱਜਣ ਏਕਾ ਬੂਝਿਆ, ਹਰਿ ਸੱਜਣ ਸੱਚਾ ਮੀਤ। ਗੁਰ ਗੁਰ ਭੇਵ ਚੁਕਾਏ ਗੂਝਿਆ, ਦਰਸ ਦਿਖਾਏ ਇਕ ਅਤੀਤ। ਗੁਰਮੁਖ ਵਿਰਲਾ ਹਰਿ ਚਰਨ ਸਰਨਾਈ ਝੂਜਿਆ, ਹੋਇਆ ਪਤਤ ਪੁਨੀਤ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕ ਸੁਣਾਏ ਸੁਹਾਗੀ ਗੀਤ। ਗੀਤ ਸੁਹਾਗੀ ਹਰਿ ਕਰਤਾਰ, ਸ਼ਬਦੀ ਸ਼ਬਦ ਸੁਣਾਈਆ। ਗੁਰਮੁਖ ਸੱਚੇ ਲਏ ਉਭਾਰ, ਆਪ ਆਪਣੀ ਗੋਦ ਬਹਾਈਆ। ਕਲਜੁਗ ਬੇੜਾ ਕਰੇ ਪਾਰ, ਖੇਵਟ ਖੇਟਾ ਬੇਪਰਵਾਹੀਆ। ਏਥੇ ਓਥੇ ਪਾਵੇ ਸਾਰ, ਦੋ ਜਹਾਨਾਂ ਹੋਏ ਸਹਾਈਆ। ਜਿਸ ਜਨ ਬਖ਼ਸ਼ੇ ਚਰਨ ਪਿਆਰ, ਚਾਤਰਕ ਰੂਪ ਆਪ ਦਰਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਹਰਿਜਨ ਸਾਚੇ ਆਪ ਸਮਝਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੇਵਣਹਾਰਾ ਜੀਵਣ ਦਾਨ, ਜੀਵਣ ਜੁਗਤ ਆਪਣੇ ਹੱਥ ਰਖਾਈਆ।